ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਇਸਲਾਮਾਬਾਦ - ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਲਾਂਘੇ ਨੂੰ ਖੋਲ੍ਹਣ ਦੇ ਮੁੱਦੇ ’ਤੇ ਅਜੇ ਦੋਵੇਂ ਮੁਲਕਾਂ ਦਰਮਿਆਨ ਕੋਈ ਰਸਮੀ ਗੱਲਬਾਤ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾਅਵਾ ਕਰਦੇ ਆ ਰਹੇ ਹਨ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਵੱਲੋਂ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ। ਉਨ੍ਹਾਂ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮਿਲ ਕੇ ਬੇਨਤੀ ਕੀਤੀ ਸੀ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਲਈ ਪਾਕਿਸਤਾਨ ਨਾਲ ਗੱਲਬਾਤ ਕਰਨ। ਜਨਾਬ ਫ਼ੈਸਲ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਇਸ ਮਹੀਨੇ ਨਿਊਯਾਰਕ ’ਚ ਹੋਣ ਵਾਲੀ ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਰਮਿਆਨ ਦੁਵੱਲੀ ਗੱਲਬਾਤ ਦੀ ਉਮੀਦ ਕਰ ਰਹੇ ਹਨ।

  ਨਵੀਂ ਦਿੱਲੀ - ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਧਰਮ ਅੰਤਰਜਾਤੀ ਵਿਆਹ ਦੇ ਵਿਰੁੱਧ ਨਹੀਂ ਹੈ ਅਤੇ ਇਹ ਵਿਅਕਤੀ ਅਤੇ ਔਰਤ ਦੇ ਸੁਮੇਲ ਦਾ ਮੁੱਦਾ ਹੈ। ਉਹ ਇਥੇ ਅੰਤਰਜਾਤੀ ਵਿਆਹਾਂ, ਸਿੱਖਿਆ ਅਤੇ ਜਾਤ ਸਬੰਧੀ ਸਵਾਲਾਂ ਦੇ ਜਵਾਬ ਦੇ ਰਹੇ ਸਨ। ਭਾਗਵਤ ਨੇ ਕਿਹਾ ਕਿ ਜੇ ਅੰਤਰਜਾਤੀ ਵਿਆਹਾਂ ਦੀ ਗਿਣਤੀ ਕਰਵਾਈ ਜਾਵੇ ਤਾਂ ਉਸ ਵਿੱਚ ਜ਼ਿਆਦਾਤਰ ਕੇਸ ਉਹ ਮਿਲਣਗੇ ਜਿਨ੍ਹਾਂ ਦਾ ਸਬੰਧ ਸੰਘ ਨਾਲ ਹੈ। ਆਰਐੱਸਐੱਸ ਦੇ ਤਿੰਨ ਦਿਨਾ ਸਮਾਗਮ ਦੇ ਆਖ਼ਰੀ ਦਿਨ ਆਰਐਸਐਸ ਮੁਖੀ ਨੇ ਕਿਹਾ ਕਿ ਭਾਰਤ ਨੂੰ ਨਵੀਂ ਸਿੱਖਿਆ ਨੀਤੀ ਦੀ ਲੋੜ ਹੈ।
  ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਤਬਦੀਲੀ ਗਲਤ ਹੈ। ਸਮਾਗਮ ਦੇ ਆਖ਼ਰੀ ਦਿਨ ਉਨ੍ਹਾਂ ਕਿਹਾ ਕਿ ਸਵੈਮ ਸੇਵਕ ਸੰਘ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਸਵੀਕਾਰ ਨਹੀਂ ਕਰੇਗਾ ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੋਵੇ। ਉਨ੍ਹਾਂ ਕਿਹਾ ਕਿ ਉਹ ਇਸ ਸੂਬੇ ਦੀ ਤਰੱਕੀ ਦੀ ਕਾਮਨਾ ਕਰਦੇ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਥੋਂ ਦੇ ਲੋਕ ਮੁੱਖ ਧਾਰਾ ਵਿੱਚ ਸ਼ਾਮਲ ਹੋਣ। ਸਵਾਲਾਂ ਦਾ ਜਵਾਬ ਦਿੰਦਿਆਂ ਭਾਗਵਤ ਨੇ ਕਿਹਾ ਕਿ ਹਿੰਦੁਤਵ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਹੈ ਅਤੇ ਸੰਸਾਰ ਭਰ ਵਿੱਚ ਇਸ ਦਾ ਪਸਾਰ ਹੋਇਆ ਹੈ, ਲੋਕ ਇਸ ਨੂੰ ਅਪਣਾ ਰਹੇ ਹਨ। ਮਹਿਲਾਵਾਂ ਦੀ ਸੁਰੱਖਿਆ ਅਤੇ ਵਧਦੇ ਬਲਾਤਕਾਰ ਦੇ ਮਾਮਲਿਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਵਾਤਾਵਰਨ ਸਿਰਜਣਾ ਚਾਹੁੰਦੇ ਹਾਂ ਜਿਥੇ ਮਹਿਲਾਵਾਂ ਆਪਣੇ ਆਪ ਨੂੰ ਭੈਅ ਮੁਕਤ ਅਤੇ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਆਦਮੀ ਮਹਿਲਾਵਾਂ ਦੀ ਇੱਜ਼ਤ ਕਰਨਾ ਸਿੱਖਣ।

  ਲੰਬੀ - ਮੰਡੀ ਕਿੱਲਿਆਂਵਾਲੀ ਵਿੱਚ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਣਗਿਣਤ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲੰਬੀ ਪੁਲੀਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ ’ਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿੱਲਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਸਾਬਕਾ ਉਪ ਮੁੱਖ ਮੰਤਰੀ ਖਿਲਾਫ਼ ਕੇਸ ਦਰਜ ਹੋਣ ਵਿੱਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦਾ ਅਹਿਮ ਰੋਲ ਰਿਹਾ।

  ਮੁੰਬਈ - ਹਿੰਦੀ ਫਿਲਮ ‘‘ ਮਨਮਰਜ਼ੀਆਂ’’ ਵਿੱਚ ਅਭਿਸ਼ੇਕ ਬੱਚਨ ਨੂੰ ਸਿੱਖ ਦੇ ਕਿਰਦਾਰ ’ਚ ਸਿਗਰਟ ਪੀਂਦਿਆਂ ਦਿਖਾਏ ਜਾਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਨਿਰਮਾਤਾ ਨੇ ਫਿਲਮ ’ਚੋਂ ਤਿੰਨ ਸੀਨ ਹਟਾਉਣ ਦਾ ਐਲਾਨ ਕੀਤਾ ਹੈ। ਫਿਲਮ ਨਿਰਮਾਤਾਵਾਂ ਨੇ ਸੀਨ ਹਟਾਉਣ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਕੋਲ ਪਹੁੰਚ ਕੀਤੀ ਹੈ। ਸੈਂਸਰ ਬੋਰਡ ਦੀ ਇਕ ਕਾਪੀ ਮੁਤਾਬਕ ਜਿਹੜੇ ਤਿੰਨ ਸੀਨ ਕੱਢੇ ਗਏ ਹਨ ਉਨ੍ਹਾਂ ਵਿੱਚ ਅਭਿਸ਼ੇਕ ਬੱਚਨ ਵੱਲੋਂ ਸਿਗਰਟਨੋਸ਼ੀ ਦਾ 29 ਸੈਂਕਿੰਡ ਦਾ ਸੀਨ, ਇਕ ਗੁਰਦੁਆਰੇ ’ਚ ਤਾਪਸੀ ਪੰਨੂ ਤੇ ਅਭਿਸ਼ੇਕ ਦੇ ਦਾਖ਼ਲ ਹੋਣ ਦਾ ਇਕ ਮਿੰਟ ਦਾ ਸੀਨ ਤੇ ਤਾਪਸੀ ਦੇ ਸਿਗਰਟਨੋਸ਼ੀ ਦਾ 11 ਸੈਕਿੰਡ ਦਾ ਸੀਨ ਸ਼ਾਮਲ ਹਨ। ਫਿਲਮ ਦੀ ਪ੍ਰੋਡਕਸ਼ਨ ਯੂਨਿਟ ਨਾਲ ਜੁੜੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ ‘‘ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਫਿਲਮ ’ਚੋਂ ਤਿੰਨੋ ਸੀਨ ਹਟਾ ਦਿੱਤੇ ਹਨ। ਮਹਾਂਨਗਰਾਂ ਵਿੱਚ ਅੱਜ ਤੋਂ ਹੀ ਇਹ ਤਬਦੀਲੀ ਨਜ਼ਰ ਆ ਜਾਵੇਗੀ ਜਦਕਿ ਵੀਰਵਾਰ-ਸ਼ੁੱਕਰਵਾਰ ਤੱਕ ਸਮੁੱਚੇ ਦੇਸ਼ ਵਿੱਚ ਨਜ਼ਰ ਆਵੇਗੀ।’’ ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਆਖਿਆ ਕਿ ਭਾਈਚਾਰੇ ਦੇ ਮਨ ਨੂੰ ਠੇਸ ਪਹੁੰਚਾਣ ਦਾ ਕਦੇ ਕੋਈ ਇਰਾਦਾ ਨਹੀਂ ਰਿਹਾ ਤੇ ਜੇ ਕਿਸੇ ਦੀ ਭਾਵਨਾ ਨੂੰ ਵਾਕਈ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦਾ ਹੈ ਪਰ ਇਸ ਮੁੱਦੇ ਨੂੰ ਬੇਵਜ੍ਹਾ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਦਾਅਵਾ ਕੀਤਾ ਕਿ ਦ੍ਰਿਸ਼ਾਂ ਦੇ ਫਿਲਮਾਂਕਣ ਵੇਲੇ ਪੂਰੀ ਇਹਤਿਆਤ ਵਰਤੀ ਗਈ ਸੀ ਤੇ ਗ਼ਲਤ ਪੇਸ਼ਕਾਰੀ ਤੋਂ ਬਚਣ ਲਈ ਸਿੱਖ ਭਾਈਚਾਰੇ ਦੇ ਮੈਂਬਰਾਂ ਤੋਂ ਵੀ ਮਾਰਗ ਦਰਸ਼ਨ ਲਿਆ ਗਿਆ ਸੀ।

  ਕਰਾਚੀ - ਪਾਕਿਸਤਾਨ ਵਿੱਚ ਵਸਦੇ ਸਿੱਖਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਰਹੱਦ ਨੂੰ ਖੋਲ੍ਹਿਆ ਜਾਵੇ ਤਾਂ ਜੋ ਭਾਰਤ ਵਿਚਲੇ ਸਿੱਖ ਸ਼ਰਧਾਲੂ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਸੌਖ ਨਾਲ ਦਰਸ਼ਨ ਕਰ ਸਕਣ। ਇਹ ਪ੍ਰਗਟਾਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਭਾਰਤ ਵਿੱਚ ਸਥਿਤ ਡੇਰਾ ਬਾਬਾ ਨਾਨਕ ਸਰੱਹੱਦ ਕਰਤਾਰਪੁਰ ਸਰਹੱਦ ਖੋਲ੍ਹਣ ਦੀ ਮੰਗ ਤੋਂ ਸਿਰਫ ਸਾਢੇ ਚਾਰ ਕਿਲੋਮੀਟਰ ਦੂਰ ਹੈ। ਲੋਕ ਰੋਜ਼ਾਨਾਂ ਦੂਰਬੀਨ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਸਿੱਖ ਕੌਂਸਲ ਦੇ ਆਗੂ ਸਰਦਾਰ ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਜੇ ਸਰਹੱਦ ਖੁੱਲ੍ਹ ਜਾਂਦੀ ਹੈ ਤਾਂ ਭਾਰਤ ਵਿਚਲੇ ਸਿੱਖਾਂ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਵਿੱਚ ਸੌਖ ਹੋ ਜਾਵੇਗੀ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਨੁਸਾਰ ਸ੍ਰੀ ਖਾਲਸਾ ਨੇ ਕਿਹਾ ਕਿ ਕਰਤਾਰਪੁਰ ਸਰਹੱਦ ਖੋਲ੍ਹਣ ਦੀ ਸਿੱਖ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਮਰਾਨ ਖਾਨ ਦੀ ਅਗਵਾਈ ਵਿੱਚ ਪਾਕਿਸਤਾਨ ‘ਚ ਬਣੀ ਨਵੀਂ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਮੌਕੇ ਸਿੱਖ ਸ਼ਰਧਾਲੂਆਂ ਲਈ ਸਰਹੱਦ ਖੋਲ੍ਹਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਜਗਤ ਸਰਕਾਰ ਦੇ ਇਸ ਨੇਕ ਕਾਰਜ ਦਾ ਸਵਾਗਤ ਕਰਦਾ ਹੈ।
  ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਕਰਤਾਰਪੁਰ ਸਰਹੱਦ ਨੂੰ ਜਲਦੀ ਹੀ ਖੋਲ੍ਹ ਦੇਵੇਗੀ ਤਾਂ ਜੋ ਭਾਰਤ ਦੀ ਤਰਫੋ਼ਂ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।

  ਕਰਨੈਲ ਸਿੰਘ
  ਭਾਈ ਕਨ੍ਹੱਈਆ ਜੀ ਦਾ ਜਨਮ 1648ਈ. (ਸੰਮਤ 1705 ਬਿਕਰਮੀ) ਨੂੰ ਪਿਤਾ ਭਾਈ ਨੱਥੂ ਰਾਮ ਖੱਤਰੀ ਅਤੇ ਮਾਤਾ ਸੁੰਦਰੀ ਦੇ ਘਰ ਵਜ਼ੀਰਾਬਾਦ ਲਾਗੇ ਸਿਆਲਕੋਟ (ਪਾਕਿਸਤਾਨ) ਦੇ ਪਿੰਡ ਸੋਦਰਾ ਵਿੱਚ ਹੋਇਆ।
  ਗੁਰੂ ਗੋਬਿੰਦ ਸਿੰਘ ਸਮੇਂ ਭਾਈ ਕਨ੍ਹੱਈਆ ਜੀ ਨੇ ਅਨੰਦਪੁਰ ਦੀਆਂ ਜੰਗਾਂ ਵਿੱਚ ਜ਼ਖ਼ਮੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਮਭਾਵ ਨਾਲ ਜਲ ਪਿਆ ਕੇ ਅਤੇ ਮਲ੍ਹਮ-ਪੱਟੀ ਕਰਕੇ ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ।

  ਪ੍ਰੋ. ਬ੍ਰਹਮਜਗਦੀਸ਼ ਸਿੰਘ
  ਬਾਬਾ ਸ਼ੇਖ਼ ਫ਼ਰੀਦ (1173-1266 ਈ.) ਚਿਸ਼ਤੀ ਸਿਲਸਿਲੇ ਦੇ ਸੂਫ਼ੀ ਫ਼ਕੀਰ ਸਨ। ਪੰਜਾਬ ਦੀ ਸਰਜ਼ਮੀਨ ’ਤੇ ਪੈਦਾ ਹੋਣ ਵਾਲੇ ਉਹ ਪਹਿਲੇ ਸੂਫ਼ੀ ਦਰਵੇਸ਼ ਸਨ। ਉਨ੍ਹਾਂ ਤੋਂ ਪਹਿਲਾਂ ਹਜ਼ਰਤ ਦਾਤਾ ਗੰਜ ਬਖ਼ਸ਼ ਹੁਜਵੀਰੀ, ਹਜ਼ਰਤ ਮੂਈਨੁਦੀਨ ਚਿਸ਼ਤੀ, ਖੁਆਜਾ ਕੁਤਬੁਦੀਨ ਬਖ਼ਤਿਆਰ ਕਾਕੀ ਵਰਗੇ ਮਹਾਨ ਸੂਫ਼ੀ ਵੀ ਪੰਜਾਬ ਵਿੱਚ ਕਾਫ਼ੀ ਸਮਾਂ ਵਿਚਰੇ ਪਰ ਉਨ੍ਹਾਂ ਦਾ ਜਨਮ ਪੰਜਾਬ ਤੋਂ ਬਾਹਰ ਗ਼ਜ਼ਨੀ, ਚਿਸ਼ਤ ਅਤੇ ਫਰਗਾਨਾ ਵਰਗੇ ਨਗਰਾਂ ਵਿੱਚ ਹੋਇਆ ਸੀ। ਫਰੀਦ ਜੀ ਮੁਲਤਾਨ ਦੇ ਨਜ਼ਦੀਕ ਪਿੰਡ ਕੋਠੇਵਾਲ ਵਿੱਚ ਜੰਮੇ-ਪਲੇ।

  ਕੋਟਕਪੂਰਾ - ਬਰਗਾੜੀ ਇਨਸਾਫ਼ ਮੋਰਚੇ ਦੇ ਆਗੂ ਜਥੇਦਾਰ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ‘ਕੈਪਟਨ, ਬਾਦਲਾਂ ਨਾਲ ਦੋਸਤਾਨਾ ਮੈਚ ਬੰਦ ਕਰ ਦੇਣ’, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖ ਸੰਗਤ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਆਖਿਆ ਇੰਜ ਜਾਪ ਰਿਹਾ ਹੈ, ਜਿਵੇਂ ਮੌਜੂਦਾ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਬੇਅਦਬੀ ਦੇ ਮਾਮਲੇ ਵਿੱਚ ਦੋਸਤਾਨਾ ਮੈਚ ਖੇਡ ਰਹੇ ਹੋਣ।
  ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਮਸਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਸੰਗਤ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਇਸ ਮਸਲੇ ਨੂੰ ਰੈਲੀਆਂ ਕਰਕੇ ਰੋਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜਥੇਦਾਰ ਮੰਡ ਨੇ ਸਪਸ਼ਟ ਕੀਤਾ ਕਿ ਬਰਗਾੜੀ ਵਿੱਚ ਇਨਸਾਫ਼ ਮੋਰਚਾ ਉਦੋਂ ਤੱਕ ਸਮਾਪਤ ਨਹੀਂ ਪਵੇਗਾ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਭਾਵੇਂ ਕੋਈ ਏਜੰਸੀ ਕਰੇ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ। ਬੇਅਦਬੀ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਜ਼ਮਾਨਤ ਮਿਲਣ ਬਾਰੇ ਪੰਥਕ ਆਗੂਆਂ ਨੇ ਆਖਿਆ ਇਸ ਮਾਮਲੇ ਵਿੱਚ ਕੈਪਟਨ-ਬਾਦਲ ਦੀ ਦੋਸਤੀ ਤੇ ਕੇਂਦਰ ਸਰਕਾਰ ਕਾਰਨ ਇਹ ਸਭ ਕੁਝ ਹੋਇਆ ਹੈ।
  ਉਨ੍ਹਾਂ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਏਜੰਟ ਨਹੀਂ ਬਲਕਿ ਭਾਰਤੀ ਲੋਕ ਹਨ, ਜੋ ਆਪਣੇ ਗੁਰੂ ਦੀ ਬੇਅਦਬੀ ਸਬੰਧੀ ਇਨਸਾਫ਼ ਲਈ ਬਰਗਾੜੀ ਮੰਡੀ ਵਿੱਚ ਧਰਨੇ ’ਤੇ ਬੈਠੇ ਹਨ।
  ਜਥੇਦਾਰ ਮੰਡ ਨੇ ਕਿਹਾ ਕਿ ਉਨ੍ਹਾਂ ਉਪਰ ਜਿਹੜੇ ਫ਼ੰਡਾਂ ਦੀ ਹੇਰਾ-ਫ਼ੇਰੀ ਦੇ ਦੋਸ਼ ਲਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਠਿੰਡਾ ਵਿੱਚ ਜ਼ਮੀਨ ਬਾਰੇ ਜਿਹੜੀ ਗੱਲ ਉੱਠੀ ਹੈ, ਉਹ ਜ਼ਮੀਨ ਕਈ ਸਾਲ ਪਹਿਲਾਂ ਖ਼ਰੀਦੀ ਸੀ ਪਰ ਉਸ ਦੀ ਰਜਿਸਟਰੀ ਹੁਣ ਕਰਵਾਈ ਕਰਵਾਈ ਹੈ।

  ਗੁਰਪ੍ਰੀਤ ਸਿੰਘ ਮੰਡਿਆਣੀ
  -8872664000

  ਫਰੀਦਕੋਟ ਰੈਲੀ 'ਚ ਸ. ਬਾਦਲ ਵੱਲੋਂ ਪੰਜਾਬੀ ਸੂਬੇ ਦੇ ਜ਼ਿਕਰ ਦਾ ਮਾਮਲਾ
  ਪੰਜਾਬ ਦੇ ਸਭ ਤੋਂ ਬਜੁ਼ਰਗ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਧੂਰਾ ਸੱਚ ਬੋਲ ਕੇ ਅਸਲੀਅਤ ਨੂੰ ਪਲਟਾ ਦਿੰਦੇ ਹਨ। 16 ਸਤੰਬਰ ਨੂੰ ਫਰੀਦਕੋਟ 'ਚ ਰੈਲੀ ਦੌਰਾਨ ਆਪਦੀ ਵਿਰੋਧੀ ਪਾਰਟੀ ਕਾਂਗਰਸ ਦੀ ਭੰਡੀ ਕਰਨ ਖਾਤਰ ਬਾਦਲ ਸਾਹਿਬ ਨੇ ਕਾਂਗਰਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਦੋਸ਼ ਲਾਇਆ ਕਿ ਪੰਜਾਬੀ ਸੂਬੇ ਦੀ ਹੱਕੀ ਮੰਗ ਨੂੰ ਉਹਨਾਂ ਨੇ ਪੂਰੀ ਨਹੀਂ ਹੋਣ ਦਿੱਤਾ। ਇਹ ਗੱਲ ਸਹੀ ਹੈ ਕਿ ਨਹਿਰੂ ਨੇ ਆਪਦੇ ਜਿਊਂਦੇ ਜੀ ਪੰਜਾਬੀਆਂ ਦੀ ਇਹ ਬਿਲਕੁਲ ਵਾਜਬ ਮੰਗ ਨਹੀਂ ਮੰਨੀ ਤੇ ਇਹਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਚਲਾਈ ਗਈ ਜੱਦੋਜਹਿਦ ਤੇ ਬਹੁਤ ਹੀ ਤਸ਼ੱਦਦ ਕੀਤਾ। ਸ. ਬਾਦਲ ਵੱਲੋਂ ਬੋਲਿਆ ਗਿਆ ਇਹ ਅਧੂਰਾ ਸੱਚ ਹੈ।
  ਪੂਰਾ ਸੱਚ ਇਹ ਹੈ ਕਿ ਅੱਜ ਉਹਨਾਂ ਦੀ ਭਾਈਵਾਲ ਪਾਰਟੀ ਭਾਰਟੀ ਜਨਤਾ ਪਾਰਟੀ ਪੰਜਾਬੀ ਸੁੂਬੇ ਦੀ ਮੰਗ ਨੂੰ ਕੁਚਲਣ ਲਈ ਨਹਿਰੂ ਤੋਂ ਵੀ ਦੋ ਰੱਤੀਆਂ ਅਗਾਂਹ ਸੀ। ਪੰਜਾਬੀ ਸੂਬੇ ਦੀ ਮੰਗ ਮੌਕੇ ਭਾਰਤੀ ਜਨਤਾ ਪਾਰਟੀ ਦਾ ਨਓਂ ਜਨਸੰਘ ਸੀ। ਜਨਸੰਘੀਆਂ ਨੇ ਪੰਜਾਬੀ ਸੂਬੇ ਦੇ ਸਿਆਸੀ ਵਿਰੋਧ ਤੋਂ ਵੀ ਅਗਾਂਹ ਜਾ ਕੇ ਇਹਦਾ ਹਿੰਸਕ ਵਿਰੋਧ ਕਰਦੇ ਹੋਏ ਸਿੱਖਾਂ ਅਤੇ ਸਿੱਖੀ ਤੇ ਵੀ ਹਮਲੇ ਕੀਤੇ। ਪੰਜਾਬੀ ਸੂੁਬੇ ਦੀ ਮੰਗ ਨੂੰ ਅੱਧ ਪਚੱਦੀ ਸ਼ਕਲ 'ਚ ਮੰਨਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਿਜਨ (ਖੇਤਰ) ਬਣਾ ਦਿੱਤੇ ਇੰਨਾਂ ਨੂੰ ਹਿੰਦੀ ਰਿਜ਼ਨ ਅਤੇ ਪੰਜਾਬੀ ਰਿਜਨ ਕਿਹਾ ਗਿਆ। ਜਿੱਥੇ ਪੰਜਾਬੀ ਰਿਜਨ ਵਿੱਚ ਪੰਜਾਬੀ ਅਤੇ ਹਿੰਦੀ ਰਿਜ਼ਨ ਵਿੱਚ ਹਿੰਦੀ ਲਾਗੂ ਹੋਈ ਸੀ। ਹਾਲਾਂਕਿ ਇਹ ਮੁਕੰਮਲ ਪੰਜਾਬੀ ਸੂਬੇ ਦੀ ਥਾਂ ਪੰਜਾਬੀਆਂ ਨੂੰ ਇਹ ਇੱਕ ਛੋਟੀ ਜਿਹੀ ਹੀ ਰਿਆਇਤ ਦਿੱਤੀ ਗਈ ਸੀ ਪਰ ਜਨਸੰਘੀਆਂ ਨੂੰ ਪੰਜਾਬੀਆਂ ਨੂੰ ਦਿੱਤੀ ਗਈ ਇਹ ਛੋਟੀ ਜਹੀ ਰਿਆਇਤ ਵੀ ਬਰਦਾਸ਼ਤ ਨਾ ਹੋਈ। ਪੰਜਾਬ ਜਨਸੰਘ ਦੇ ਪ੍ਰਧਾਨ ਲਾਲ ਚੰਦ ਸਭਰਵਾਲ ਨੇ ਆਖਿਆ ਕਿ ਜੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਜਬਰਦਸਤੀ ਕੀਤੀ ਗਈ ਤਾਂ ਸ਼ਹਿਰਾਂ ਦੇ ਗਲੀਆਂ ਬਜਾਰਾਂ 'ਚ ਲੜਾਈ ਹੋਵੇਗੀ। ਇੱਕ ਹੋਰ ਉਘੇ ਜਨਸੰਘੀ ਆਗੂ ਬਲਰਾਮਜੀਦਾਸ ਟੰਡਨ ਨੇ ਰਿਜਨਲ ਫਾਰਮੂਲੇ ਦੇ ਖਿਲਾਫ 27 ਮਾਰਚ 1956 ਤੋਂ 9 ਅਪ੍ਰੈਲ 56 ਤੱਕ ਵਰਤ ਰੱਖਿਆ। ਜਨਸੰਘ ਨੇ ਮਹਾਂ ਪੰਜਾਬ ਵਾਲਿਆਂ ਨਾਲ ਮਿਲ ਅਪ੍ਰੈਲ 1956 ਤੋਂ ਜੂਨ 1956 ਤੱਕ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਰਿਜਨਲ ਫਾਰਮੂਲੇ ਦੇ ਖਿਲਾਫ ਜਲੂਸ ਕੱਢੇ ਜਿੰਨਾਂ 'ਚ ਸਿੱਖਾਂ ਤੇ ਹਮਲੇ ਕਰਦਿਆਂ ਪੁਲਿਸ ਨਾਲ ਝਗੜੇ ਵੀ ਕੀਤ। ਇਹਨਾ੍ਹ ਜਲੂਸਾਂ 'ਚ ਪੰਜਾਬੀ ਸੂਬੇ ਦੇ ਖਿਲਾਫ ਗੰਦੇ ਨਾਹਰੇ ਲਾਏ ਜਾਂਦੇ ਰਹੇ। ਇਹੀ ਬਲਰਾਮਜੀਦਾਸ ਟੰਡਨ, ਪ੍ਰਕਾਸ਼ ਸਿੰਘ ਬਾਦਲ ਦੀ ਵਜਾਰਤ ਵਿੱਚ ਤਿੰਨ ਵਾਰ ਪਹਿਲੇ ਨੰਬਰ ਵਾਲਾ ਵਜੀਰ ਰਿਹਾ।
  ਅਕਾਲੀ ਦਲ ਦੀ ਲੰਮੇ ਜੱਦੋਜਹਿਦ ਤੋਂ ਬਾਅਦ ਜਦੋਂ ਕਾਂਗਰਸ ਵਰਕਿੰਗ ਕਮੇਟੀ ਨੇ 9 ਮਾਰਚ 1966 ਨੂੰ ਪੰਜਾਬੀ ਸੂਬੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ ਤਾਂ ਜਨਸੰਘੀ, ਕਾਂਗਰਸ ਤੇ ਇੰਨੇ ਲੋਹੇ ਲਾਖੇ ਹੋਏ ਕਿ ਕਾਂਗਰਸੀਆਂ , ਸਿੱਖਾਂ ਅਤੇ ਗੁਰਦੁਆਰਿਆਂ ਤੇ ਹਮਲੇ ਸੁ਼ਰੂ ਕਰ ਦਿੱਤੇ। ਜਨਸੰਘ ਦੇ ਜਰਨਲ ਸਕੱਤਰ ਯੱਗ ਦੱਤ ਸ਼ਰਮਾਂ ਨੇ ਪੰਜਾਬੀ ਸੂਬੇ ਦੇ ਖਿਲਾਫ ਮਰਨ ਵਰਤ ਰੱਖ ਲਿਆ। ਇਹੀ ਯੱਗ ਦੱਤ ਸ਼ਰਮਾ 1977 'ਚ ਅਕਾਲੀਆਂ ਦੀ ਸਰਗਰਮ ਹਮਾਇਤ 1977 ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿੱਤਿਆ।
  ਪੰਜਾਬੀ ਸੂਬੇ ਦੀ ਮੰਗ ਮੰਨਣ ਦਾ ਕਾਂਗਰਸ ਨੇ ਅਜੇ ਐਲਾਨ ਹੀ ਕੀਤਾ ਸੀ। ਪਰ ਜਨਸੰਘ ਵੱਲੋਂ ਇਹਦਾ ਏਨਾਂ ਹਿੰਸਕ ਪੱਧਰ ਤੇ ਵਿਰੋਧ ਕੀਤਾ ਗਿਆ ਕਿ ਦਿੱਲੀ ਸਮੇਤ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ 'ਚ ਕਰਫਿਊ ਲਾਉਣਾ ਪਿਆ। ਪੰਜਾਬੀ ਸੂੁਬੇ ਦੀ ਮੰਗ ਮੰਨਣ ਖਾਤਰ ਜਨਸੰਘੀਆਂ ਤੇ ਇਹਦੇ ਹੋਰ ਸਾਥੀਆਂ ਦਾ ਗੁੱਸਾ ਇਸ ਕਦਰ ਭੜਕਿਆ ਸੀ ਕੇ 15 ਮਾਰਚ 1966 ਨੂੰ ਪਾਣੀਪਤ ਵਿੱਚ ਕਾਂਗਰਸੀ ਪ੍ਰਧਾਨ ਦੀਵਾਨ ਚੰਦ ਟੱਕਰ, ਕਰਾਂਤੀ ਕੁਮਾਰ ਅਤੇ ਇੱਕ ਹੋਰ ਜਣੇ ਨੂੰ ਦੁਕਾਨ ਅੰਦਰ ਡੱਕ ਕੇ ਸਾੜ ਮਾਰਿਆ। ਜਨਸੰਘੀਆਂ ਅਤੇ ਉਨਾਂ੍ਹ ਦੇ ਹੋਰ ਸਾਥੀਆਂ ਨਾਲ ਮਚਾਏ ਗਏ ਇਸ ਊਧਮ ਦੇ 6 ਦਿਨਾਂ ਦੌਰਾਨ ਪੰਜਾਬ 'ਚ 9 ਜਾਣੇ ਮਾਰੇ ਗਏ।
  200 ਜਖ਼ਮੀ ਹੋਏ, ਸਿੱਖਾਂ ਦੇ ਘਰਾਂ ਅਤੇ ਗੁਰਦੁਆਰਿਆਂ ਤੇ ਹਮਲੇ ਹੋਏ। ਇਸੇ ਰੌਲੇ ਕਰਕੇ ਜਨਸੰਘ ਦੇ 2528 ਬੰਦੇ ਗ੍ਰਿਫਤਾਰ ਹੋਏ। ਪਾਣੀਪਤ ਦੀ ਘਟਨਾ ਤੋਂ ਬਾਅਦ ਜਨਸੰਘ ਪੰਜਾਬੀ ਸੂਬੇ ਨੂੰ ਕੌੜੇ ਘੁੱਟ ਵਾਂਗੂ ਪੀ ਕੇ ਚੁੱਪ ਕਰ ਗਈ ਅਤੇ ਯੱਗ ਦੱਤ ਸ਼ਰਮਾਂ ਨੇ ਵੀ ਆਪਦਾ ਮਰਨ ਵਰਤ ਛੱਡ ਦਿੱਤਾ। ਸੋ ਇਹ ਅਸਲੀਅਤ ਹੈ ਜਿਹੜੀ ਸ. ਬਾਦਲ ਨੂੰ ਪੂਰਾ ਸੱਚ ਬੋਲਣ ਤੋਂ ਰੋਕਦੀ ਹੈ ਕਿਉਂਕਿ ਇਸੇ ਜਨਸੰਘ ਦੀ ਮੌਜੂਦਾ ਸ਼ਕਲ ਭਾਰਤੀ ਜਨਤਾ ਪਾਰਟੀ ਨਾਲ ਸ. ਬਾਦਲ ਦੀ ਏਨੀ ਨੇੜਤਾ ਹੈ ਕਿ ਇਸ ਪਾਰਟੀ ਨਾਲ ਗੂੜੇ ਸਬੰਧਾਂ ਦਾ ਜਿਹੜਾ ਨਾਓਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਧਰਿਆ ਹੈ ਉਹੋ ਜਿਹਾ ਨਾਓਂ ਅੱਜ ਕਿਸੇ ਪਾਰਟੀ ਦੇ ਦੂਜੀ ਪਾਰਟੀ ਨਾਲ ਸਿਆਸੀ ਸਬੰਧਾ ਦੀ ਪਕਿਆਈ ਦਿਖਾਓਣ ਖਾਤਰ ਕਿਸੇ ਨੇ ਨਹੀਂ ਧਰਿਆ।

  ਨਰਿੰਦਰ ਪਾਲ ਸਿੰਘ
  ਫਰੀਦਕੋਟ ਵਿਖੇ ਸਖਤ ਸੁਰਖਿਆ ਪ੍ਰਬੰਧਾਂ ਹੇਠ ਨੇਪਰੇ ਚਾੜ੍ਹੀ ਗਈ ਬਾਦਲ ਦੀ ਸਿਆਸੀ ਨਾਮ ਚਰਚਾ ਦੀ ਸਫਲਤਾ/ਅਸਫਲਤਾ ਜਾਂ ਲਾਭ/ਹਾਨੀ ਨੂੰ ਵਿਚਾਰੇ ਬਿਨ੍ਹਾਂ ਹੀ ਦਲ ਦੇ ਸੀਨੀਅਰ ਸਿਆਸਤਦਾਨ ਦਾ ਜੋ ਸ਼ੋਸ਼ਾ ਆਮ ਲੋਕਾਂ ਤੇ ਸ਼ੋਸ਼ਲ ਮੀਡੀਆ ਫੇਸ ਬੁੱਕ ਤੇ ਸਭਤੋਂ ਵੱਧ ਮਕਬੂਲ ਹੋਇਆ ਉਹ ਸੀ ਕਿ 'ਜੇ ਮੈਨੂੰ ਜਾਂ ਮੇਰੇ ਪੁਤ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ'। ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਮੁਚੇ ਵਰਤਾਰੇ ਵਿੱਚ ਬਾਦਲਾਂ ਦੀ ਖੋਲੀ ਗਈ ਪੋਲ ਤੋਂ ਬਾਅਦ ਦਲ ਦੀ ਫਰੀਦਕੋਟ ਵਾਲੀ ਪੋਲ ਖੋਲ ਰੈਲੀ ਨੱਕ ਦਾ ਵਕਾਰ ਬਣੀ ਹੋਈ ਸੀ ।ਤੇ ਪੰਜ ਜਿਲ੍ਹਿਆਂ ਦੀ ਪੁਲਿਸ ਦੀ ਸਖਤ ਸੁਰਖਿਆ ਛਤਰੀ ਹੇਠ ਜੋ ਰੈਲੀ ਦਾ ਰੌਲਾ ਪਾਇਆ ਗਿਆ ਉਸ ਵਿਚੱੋਂ ਉਹੀ ਦਹਾਕਿਆਂ ਪੁਰਾਣਾ ਰਾਗ ਸੁਨਣ ਨੂੰ ਮਿਲਿਆ ਉਹ ਕਿਸੇ ਫਿਲਮੀ ਗਾਣੇ 'ਤੂੰ ਨਾ ਮਿਲੀ ਤੋਂ ਮੈਂ ਮਰ ਜਾਉਂਗਾ'।ਫਰਕ ਸਿਰਫ ਇਹੀ ਰਿਹਾ ਕਿ ਫਿਲਮ ਦੇ ਗਾਣੇ ਵਿੱਚ ਕਲਾਕਾਰ ਚੰਦ ਪੈਸਿਆਂ ਖਾਤਿਰ ਕੁਝ ਸਮੇਂ ਦੀ ਸਹੇਲੀ ਮਗਰ ਭੱਜਦਾ ਗਾਉਂਦਾ ਹੈ ਤੇ ਫਰੀਦਕੋਟ ਦੀ ਰੈਲੀ ਵਿੱਚ ਉਨ੍ਹਾਂ ਲੋਕਾਂ ਨੂੰ ਕੀਲਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਆਏ ਹੀ ਇਸੇ ਮਕਸਦ ਲਈ ਸਨ ।
  ਦਲ ਦੀ ਸਟੇਜ ਤੋਂ ਕਿਹੜਾ ਨਵਾਂ ਸੁਨੇਹਾ ਦਿੱਤਾ ਗਿਆ ਉਹ ਸਾਡੀ ਵਿਚਾਰ ਦਾ ਵਿਸ਼ਾ ਨਹੀ ਹੈ ।ਸਗੋਂ ਇਹ ਜਰੂਰ ਇੱਛਾ ਜਾਗੀ ਕਿ ਆਖਿਰ ਉਹ ਪਿਸਤੋਲ ਵਾਲਾ ਬੰਦਾ ਕੌਣ ਸੀ ਜਿਸਨੂੰ ਬਾਦਲਾਂ ਅਨੁਸਾਰ ਪੁਲਿਸ ਨੇ ਫੜਿਆ ਤੇ ਪੁਲਿਸ ਮੁਕਰੀ ਵੀ ।ਬਾਦਲ ਪਿਉ ਪੁੱਤਰ ਨੂੰ ਇਸ ਪਿਸਤੋਲ ਵਾਲੇ ਦਾ ਖੌਫ ਇਸ ਹੱਦ ਤੀਕ ਸਤਾ ਗਿਆ ਕਿ ਮੌਤ ਵੀ ਯਾਦ ਆਈ ਤੇ ਇਸ ਆਣ ਵਾਲੀ ਮੌਤ ਨੂੰ ਕੈਸ਼ ਕਰਨ ਲਈ ਨਵਾਂ ਸ਼ੋਸ਼ਾ ਛੱਡਣਾ ਵੀ ਯਾਦ ਰਿਹਾ।ਲੇਕਿਨ ਸ਼ੋਸ਼ਲ ਮੀਡੀਆ ਤੇ ਵਿਚਰ ਰਹੇ ਜਾਗਰੂਕ ਲੋਕਾਂ ਨੇ ਬਾਦਲਾਂ ਦੀ ਕੁਰਬਾਨੀ ਦਾ ਇਤਿਹਾਸ ਜਰੂਰ ਫਰੋਲ ਕੇ ਰੱਖ ਦਿੱਤਾ।ਸਿੱਖ ਸਿਆਸਤ ਦੇ ਜਾਣਕਾਰ ਤੇ ਵਿਸ਼ੇਸ਼ ਕਰਕੇ ਪਰਕਾਸ਼ ਸਿਘ ਬਾਦਲ ਨੂੰ ਨੇੜਿਓਂ ਜਾਨਣ ਵਾਲੇ ਲੋਕਾਂ ਨੇ ਹੀ ਦੱਸ ਦਿੱਤਾ ਕਿ ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦੀ ਵੰਡ ਖਿਲਾਫ ਪਰਕਾਸ਼ ਸਿੰਘ ਬਾਦਲ 1980 ਤੋਂ ਰੌਲਾ ਪਾ ਰਹੇ ਸਨ ਉਸ ਵੇਲੇ ਵੀ ਵੱਡੇ ਬਾਦਲ ਨੇ ਇਹੀ ਐਲਾਨ ਕੀਤਾ ਸੀ ਕਿ “ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਲਈ ਗੋਲੀਆਂ ਖਾਵਾਂਗੇ”।ਜਿਕਰ ਕਰਨਾ ਬਣਦਾ ਹੈ ਕਿ ਦਲ ਦਾ ਇਹ ਮੋਰਚਾ ਜੋ ਕਪੂਰੀ ਮੋਰਚਾ ਕਰਕੇ ਜਾਣਿਆ ਗਿਆ ਇੱਕ ਫਲਾਪ ਸ਼ੋਅ ਸਾਬਿਤ ਹੋਇਆ ।ਇੰਦਰਾ ਗਾਂਧੀ ਨੇ ਇਸ ਲਿੰਕ ਨਹਿਰ ਦੀ ਖੁਦਾਈ ਦਾ ਕੰਮ ਵੀ ਸ਼ੁਰੂ ਕਰਵਾਇਆ ਪ੍ਰੰਤੂ ਪਰਕਾਸ਼ ਸਿੰਘ ਬਾਦਲ ਗੋਲੀ ਖਾਣ ਲਈ ਕਦੇ ਅੱਗੇ ਨਹੀ ਆਏ । ਪਾਣੀਆਂ ਦੀ ਕਾਣੀ ਵੰਡ ਦਾ ਮੁੱਦਾ 1982 ਵਿੱਚ ਦਲ ਵਲੋਂ ਲਗਾਏ ਧਰਮ ਯੁਧ ਮੋਰਚੇ ਦੀਆਂ ਮੰਗਾਂ ਵਿੱਚ ਵੀ ਸ਼ਾਮਿਲ ਸੀ ।ਦਲ ਦੇ ਤਤਕਾਲੀਨ ਪਰਧਾਨ ਹਰਚੰਦ ਸਿੰਘ ਲੋਂਗੋਵਾਲ ਵਲੋਂ ਦਰਬਾਰ ਸਾਹਿਬ ਦੀ ਰਾਖੀ ਲਈ ਦਿੱਤੇ ਸੱਦੇ 'ਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਖਲੋਕੇ ਸਹੁੰ ਖਾਣ ਵਾਲੇ 80 ਹਜਾਰ ਦੇ ਕਰੀਬ ਮਰਜੀਵੜਿਆਂ ਵਿੱਚ ਸ੍ਰ:ਪਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਸਨ ।ਬਕਾਇਦਾ ਜਿਕਰ ਆਇਆ ਹੈ ਕਿ ਇਸ ਵੇਲੇ ਉਮਰ ਦੇ ਦਸਵੇਂ ਦਹਾਕੇ ਵਿੱਚ ਦਾਖਲ ਹੋ ਚੁੱਕੇ ਪਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ ਵਿੱਚ ਵੀ ਸ਼ਾਮਿਲ ਸਨ ਜੋ ਇਹ ਕਹਿੰਦੇ ਨਹੀ ਸਨ ਥਕਦੇ ਕਿ “ਜੇ ਫੌਜ ਆਈ ਤਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਵੇਗੀ”।ਤੇ ਬਾਦਲ ਇਹ ਮੌਕਾ ਵੀ ਹੱਥੋਂ ਗਵਾ ਬੈਠੇ ।
  ਸ੍ਰ:ਬਾਦਲ ਦਾ ਇਥੋਂ ਤੀਕ ਦਾ 'ਸ਼ਹੀਦੀ ਪਾਣ' ਦਾ ਜਜਬਾ,ਪੰਥ ਪ੍ਰਤੀ ਦਰਦ ਪਾਲਣ ਵਾਲੇ ਲੋਕਾਂ ਨੂੰ ਪੰਥ ਪ੍ਰਸਤੀ ਲਗਦਾ ਸੀ ।ਲੇਕਿਨ ਬਾਦਲ ਸਾਹਿਬ ਨੂੰ ਸ਼ਹਾਦਤ ਨਸੀਬ ਨਾ ਹੋਈ।ਤੇ ਜੋ ਕੁਝ ਅਨਗਿਣਤ ਅਕਾਲੀ ਆਗੂਆਂ,ਵਰਕਰਾਂ ਤੇ ਸਿੱਖ ਨੌਜੁਆਨਾਂ ਦੀ ਸ਼ਹਾਦਤ 'ਚੋਂ ਨਸੀਬ ਹੋਇਆ ਜਾ ਹਾਸਿਲ ਕੀਤਾ ਉਹ ਸੀ ਸੂਬੇ ਦੀ ਰਾਜ ਸੱਤਾ ਤੇ ਕੇਂਦਰ ਦੀ ਸੱਤਾ ਵਿੱਚ ਭਾਈਵਾਲੀ ।ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਬਾਦਲ ਦੀ ਜੂਨ 1984 ਵਿੱਚ ਦਿੱਤੀ ਇੱਕ ਕਾਲ ਤੇ ਹਜਾਰਾਂ ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ ,ਗੋਲੀਆਂ ਖਾਧੀਆਂ ਤੇ ਬਹੁਤਾਤ ਅੱਜ ਰੋਜੀ ਰੋਟੀ ਤੋਂ ਆਤੁਰ ਹੋਏ ਜਿੰਦਗੀ ਦੀਆਂ ਟੱਕਰਾਂ ਖਾਣ ਨੂੰ ਮਜਬੂਰ ਨੇ।ਸਾਲ 2008 ਵਿੱਚ ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਤੋਂ ਬਾਦਲ ਦਲ ਬਣਾ ਦਿਤੀ ਸਿਆਸੀ ਪਾਰਟੀ ਦੀ ਵਾਗਡੋਰ ਵੀ ਆਪਣੇ ਇੱਕਲੋਤੇ ਪੁੱਤਰ ਨੂੰ ਸੌਪ ਦਿੱਤੀ ਤੇ ਫਿਰ ਦਲ ਦੇ ਸੀਨੀਅਰ ਤੇ ਹਮ ਉਮਰ ਸਿਆਸਤਦਾਨਾਂ ਨੂੰ ਦਰਕਿਨਾਰ ਕਰਕੇ ਸੱਤਾ,ਪਾਰਟੀ ਤੇ ਸ੍ਰੋਮਣੀ ਕਮੇਟੀ ਆਪਣੇ ਪ੍ਰੀਵਾਰ ਤੀਕ ਸੀਮਤ ਕਰ ਲਈ।ਸਾਲ 2014 ਵਿੱਚ ਅਚਨਚੇਤ ਹੀ ਹਰਿਆਣਾ ਦੇ ਸਿੱਖਾਂ ਨੇ ਬਗਾਵਤ ਦਾ ਬਿਗਲ ਫੂਕਦਿਆਂ ਜਦੋਂ ਵੱਖਰੀ ਹਰਿਆਣਾ ਗੁ:ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਤਾਂ 'ਬਾਦਲ ਦਲ ਦੀ ਕੋਰ ਕਮੇਟੀ ਵਿੱਚ ਪਰਕਾਸ਼ ਸਿੰਘ ਬਾਦਲ ਫੁੱਟ ਫੁੱਟ ਕੇ ਰੋਏ ।ਐਲਾਨ ਕੀਤਾ ਕਿ 'ਜੇਕਰ ਸ਼੍ਰੋਮਣੀ ਕਮੇਟੀ ਦੀ ਵੰਡ ਨਾ ਰੁਕੀ ਤਾਂ ਉਹ ਅਕਾਲ ਤਖਤ ਸਾਹਿਬ ਤੇ ਜਾਕੇ ਸ਼ਹੀਦ ਹੋ ਜਾਣਗੇ'। ਲੇਕਿਨ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਵੰਡ ਨੂੰ ਰੋਕਣ ਦੀ ਜਦਦੋਂ ਅਸਲੀਅਤ ਸਾਹਮਣੇ ਆਈ ਤਾਂ ਪਤਾ ਲੱਗਾ ਹਰਿਆਣਾ ਤੋਂ ਹਰਭਜਨ ਸਿੰਘ ਨਾਮੀ ਜਿਸ ਕਮੇਟੀ ਮੈਂਬਰ ਨੇ ਨਿੱਜੀ ਤੌਰ ਤੇ ਵੱਖਰੀ ਹਰਿਆਣਾ ਕਮੇਟੀ ਖਿਲਾਫ ਕੇਸ ਦਾਇਰ ਕੀਤਾ ਸੀ ।
  ਉਸਦੇ 7 ਲੱਖ ਰੁਪਏ ਦੇ ਅਦਾਲਤੀ ਖਰਚਿਆਂ ਦੀ ਅਦਾਇਗੀ ਪਰਕਾਸ਼ ਸਿੰਘ ਬਾਦਲ ਦੇ ਪ੍ਰਬੰਧ ਹੇਠਲ਼ੀ ਸ਼੍ਰੋਮਣੀ ਕਮੇਟੀ ਨੇ ਕੀਤੀ ।ਸਿਆਸ ਜੀਵਨ ਦੇ 37 ਸਾਲਾਂ ਬਾਅਦ ਫਰੀਦਕੋਟ ਦੀ ਰੈਲੀ ਸਟੇਜ ਤੇ ਵੇਖਿਆ ਗਿਆ ਕਿ ਪਰਕਾਸ਼ ਸਿੰਘ ਬਾਦਲ ਨੂੰ ਮੁੜ ਮਰਨ ਦੀ ਯਾਦ ਆ ਗਈ ।ਲੇਨਿ ਇਸ ਵਾਰ ਮੌਤ ਲਈ ਉਪਜੀ ਲਾਲਸਾ ਪੰਥ ਲਈ ਨਹੀ ਪਾਰਟੀ ਲਈ ਨਹੀ ਬਲਕਿ ਦੇਸ਼ ਸੀ ਅਮਨ ਸ਼ਾਂਤੀ ਖਾਤਿਰ ਸੀ ।ਲੇਕਿਨ ਇਸ ਵਾਰ ਬਾਦਲ ਨੇ ਇੱਕਲੇ ਹੀ ਨਹੀ ਬਲਕਿ ਆਪਣੇ ਪੁਤਰ ਦੇ ਵੀ ਮਰਨ ਦੀ ਗਲ ਕਰ ਦਿੱਤੀ ਭਾਵ ਪੰਥ ਖਾਤਿਰ ਤਾਂ ਬਾਦਲ ਸਾਹਿਬ ਇੱਕਲੇ ਹੀ ਮਰਨ ਲਈ ਤਿਆਰ ਰਹੇ ਤੇ ਹੁਣ ਦੇਸ਼ ਖਾਤਿਰ ਦੋਂਨੋ ਕੁਰਬਾਨ ਹੋ ਸਕਦੇ ਹਨ।ਜਿਉਂ ਹੀ ਰੈਲੀ ਖਤਮ ਹੋਈ ਤਾਂ ਸਟੇਜ ਦੇ ਚੌਗਿਰਦੇ ਘੇਰਾ ਪਾਈ ਖੜੇ ਕੇਂਦਰੀ ਸੁੱਰਖਿਆ ਫੋਰਸਾਂ,ਪੰਜਾਬ ਪੁਲਿਸ ਕਮਾਂਡੋਂ ਤੇ ਵਰਦੀ ਧਾਰੀ ਪੁਲਿਸ ਉਨ੍ਹਾਂ ਨੂੰ ਹਿਫਾਜਤ ਸਹਿਤ ਅਗਲੇਰੀ ਮੰਜਿਲ ਵੱਲ ਲਿਜਾਣ ਲਈ ਤਿਆਰ ਸੀ ।ਕੁਝ ਮਿੰਟ ਪਹਿਲਾਂ ਹੀ ਮਰਨ ਦੀ ਗਲ ਕਰਨ ਵਾਲੇ ਬਾਦਲ ਪਿਉ ਪੁੱਤਰ ,ਵੱਖ ਵੱਖ ਬੁਲੇਟ ਪਰੂਫ ਤੇ ਬਾਕੀ ਦਰਜਨਾਂ ਦਰਜਨਾਂ ਗੱਡੀਆਂ ਦੇ ਘੇਰੇ ਵਿੱਚ ਰੈਲੀ ਵਰਕਰਾਂ ਨੂੰ ਬਾਏ ਬਾਏ ਕਰ ਰਹੇ ਸਨ ।ਸੱਤਾ ਖਾਤਿਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਪਰਕਾਸ਼ ਸਿੰਘ ਬਾਦਲ ਦਾ ਇਹ ਚੌਥਾ ਸ਼ੋਸ਼ਾ ਸੀ ਤੇ ਸੁਖਬੀਰ ਸਿੰਘ ਬਾਦਲ ਦਾ ਪਹਿਲਾ ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com