ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਜਦੋਂ ਕਦੇ ਬਾਦਲ ਪਰਿਵਾਰ ਦੀ ਸਿਆਸਤ ਨੂੰ ਖਤਰਾ ਹੁੰਦਾ ਹੈ ਤਾਂ ਉਸ ਵੇਲੇ ਪੰਥ ਨੂੰ ਖਤਰੇ ਦਾ ਨਾਹਰਾ ਲਗਾਇਆ ਜਾਂਦਾ ਹੈ। ਸ.ਬਾਦਲ ਆਪਣੇ ਪੰਥਕ ਵਿਰੋਧੀਆਂ ਨੂੰ ਕਾਂਗਰਸ ਦੀ ਬੀ ਟੀਮ ਆਖਕੇ ਬਦਨਾਮ ਕਰਦੇ ਹਨ ਅਤੇ ਕਾਂਗਰਸ ਨੂੰ ਸਿੱਖ ਵਿਰੋਧੀ ਜਮਾਤ ਕਹਿਕੇ ਸਿਖਾਂ ਦੇ ਜਜਬਾਤਾਂ ਦਾ ਲਾਹਾ ਲੈਂਦੇ ਹਨ। ਕਾਂਗਰਸ ਉੱਤੇ ਪੰਜਾਬ ਨਾਲ ਧੱਕੇ,ਵਿਤਕਰੇ ਕਰਨ ਤੋਂ ਇਲਾਵਾ ਮੁਖ ਤੌਰ ਉੱਤੇ ਦਰਬਾਰ ਸਾਹਿਬ ਦੇ ਹਮਲੇ ਅਤੇ ਭਾਰਤ ਵਿਚ ਸਿਖਾਂ ਦੀ ਨਵੰਬਰ 1984 ਵਿਚ ਹੋਈ ਨਸਲਕੁਸ਼ੀ ਦੇ ਮੁੱਦੇ ਨੂੰ ਉਭਾਰਦੇ ਹਨ। ਪਰ ਸਿਆਣੇ ਆਖਦੇ ਹਨ ''ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋ''। ਅੱਜ ਸ.ਬਾਦਲ ਦੇ ਪਾਪਾਂ ਦਾ ਘੜਾ ਨੱਕੋ ਨੱਕ ਭਰ ਗਿਆ ਹੈ ਅਤੇ ਹੁਣ ਜਦੋਂ ਇਹ ਕੰਢਿਆਂ ਦੇ ਉੱਤੋਂ ਦੀ ਵਹਿ ਤੁਰਿਆ ਹੈ ਤਾਂ ਸ.ਬਾਦਲ ਨੂੰ ਕਿਸੇ ਪਾਸੇ ਢੋਈ ਨਜਰ ਨਹੀਂ ਆ ਰਹੀ।

    ਜਗਤਾਰ ਸਿੰਘ
    ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਪੰਜਾਬ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਆਏ ਭੂਚਾਲ ਨੇ ਪੰਜ ਵਾਰੀ ਮੁੱਖ ਮੰਤਰੀ ਰਹੇ ਫ਼ਖ਼ਰ-ਏ-ਕੌਮ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵੱਕਾਰ ਅਤੇ ਸਿਆਸੀ ਵਿਰਾਸਤ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਇਹ ਸੰਕਟ ਬਹੁ-ਪਰਤੀ ਹੈ ਕਿਉਂਕਿ ਇਸ ਨੇ ਉਸ ਦੇ ਪੁੱਤਰ ਅਤੇ ਸਿਆਸੀ ਵਾਰਸ ਸੁਖਬੀਰ ਸਿੰਘ ਬਾਦਲ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ, ਜਿਹੜਾ ਪਿਛਲੇ ਸਮੇਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਆਗੂ ਵਜੋਂ ਉਭਰਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਭਾਵੇਂ ਪਹਿਲੀ ਵਾਰੀ ਉਸ ਦੇ ਕੰਮ ਕਰਨ ਦੇ ਤਾਨਾਸ਼ਾਹੀ ਢੰਗ ਉੱਤੇ ਇਤਰਾਜ਼ ਪ੍ਰਗਟਾਇਆ ਹੈ, ਫਿਰ ਵੀ ਅਜੇ ਉਸ ਦੇ ਸਿਆਸੀ ਭਵਿੱਖ ਬਾਰੇ ਕੋਈ ਟਿੱਪਣੀ ਕਰਨੀ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।

    ਨਵੀਂ ਦਿੱਲੀ - ਹਿੰਦੀ ਫਿਲਮ ‘ਮਨਮਰਜ਼ੀਆਂ’ ਦੇ ਇਕ ਸੀਨ ਕਾਰਨ ਸਿੱਖ ਭਾਵਨਾਵਾਂ ਨੂੰ ਸੱਟ ਲੱਗਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਬਾਰੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਤੇ ਸੈਂਸਰ ਬੋਰਡ ਦੇ ਮੁੱਖੀ ਨੂੰ ਪੱਤਰ ਲਿਖ ਕੇ ਸੈਂਸਰ ਬੋਰਡ ’ਚ ਇੱਕ ਸਿੱਖ ਮੈਂਬਰ ਦੀ ਨਿਯੁਕਤੀ ਪੱਕੇ ਤੌਰ ’ਤੇ ਕਰਨ ਦੀ ਮੰਗ ਕੀਤੀ ਹੈ।
    ਫਿਲਮ ‘ਮਨਮਰਜ਼ੀਆਂ’ ਵਿੱਚ ਅਭਿਸ਼ੇਕ ਬੱਚਨ ਨੂੰ ਸਿੱਖ ਪਹਿਰਾਵੇ ਵਿੱਚ ਦਿਖਾਇਆ ਗਿਆ ਹੈ। ਦਸਤਾਰ ਉਤਾਰਨ ਤੋਂ ਬਾਅਦ ਉਸ ਦਾ ਸਿਗਰਟ ਪੀਣਾ ਅਤੇ ਅਨੰਦ ਕਾਰਜ ਸਿੱਖ ਰਹਿਤ ਮਰਿਆਦਾ ਨਾਲ ਕਰਨ ’ਤੇ ਸਿੱਖਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰੀ ਜੀਕੇ ਨੇ ਆਪਣੇ ਪੱਤਰ ’ਚ ਕਿਹਾ ਹੈ ਕਿ ਸੈਂਸਰ ਬੋਰਡ ਕਈ ਸਾਲਾਂ ਤੋਂ ਸਿੱਖ ਵਿਚਾਰਧਾਰਾ ਵਿਰੋਧੀ ਫਿਲਮਾਂ ਨੂੰ ਪ੍ਰਦਰਸ਼ਨ ਕਰਨ ਦੀ ਮਨਜੂਰੀ ਦੇ ਰਿਹਾ ਹੈ। ਇਨ੍ਹਾਂ ’ਚ ਮਨਮਰਜ਼ੀਆਂ, ਢਿਸ਼ੂੰਮ, ਸੰਤਾ-ਬੰਤਾ ਅਤੇ ਨਾਨਕਸ਼ਾਹ ਫ਼ਕੀਰ ਵਰਗੀਆਂ ਵਿਵਾਦਿਤ ਫਿਲਮਾਂ ਨੂੰ ਸੈਂਸਰ ਬੋਰਡ ਵੱਲੋਂ ਪਾਸ ਕਰਨਾ ਸਿਨੇਮਾਟੋਗਰਾਫ ਐਕਟ ਦੀ ਉਲੰਘਣਾ ਹੈ। ਸੈਂਸਰ ਬੋਰਡ ਲਈ ਫਿਲਮ ਪਾਸ ਕੀਤੇ ਜਾਣ ਵੇਲੇ ਇਸ ਗੱਲ ਨੂੰ ਧਿਆਨ ਵਿੱਚ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ ਕਿ ਫਿਲਮ ਸਮਾਜ ਪ੍ਰਤੀ ਜਵਾਬਦੇਹ ਅਤੇ ਸਮਾਜ ਦੀਆਂ ਭਾਵਨਾਵਾਂ ਨੂੰ ਬੌਧਿਕ ਪੱਧਰ ’ਤੇ ਕਾਇਮ ਰੱਖਣ ਦੇ ਸਮਰੱਥ ਹੋਵੇ। ਉਨ੍ਹਾਂ ਸਰਕਾਰ ਤੋਂ ਸਿੱਖ ਪਰੰਪਰਾਵਾਂ ਦੇ ਉਲਟ ਦਿਖਾਏ ਗਏ ਦ੍ਰਿਸ਼ ਜਾਂ ਸੀਨ ਨੂੰ ਫਿਲਮ ’ਚੋਂ ਕੱਟਣ ਦੀ ਮੰਗ ਕਰਦੇ ਹੋਏ ਫਿਲਮ ਦੇ ਪ੍ਰਸਾਰਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ’ਚੋਂ ਗੈਰਜ਼ਰੂਰੀ ਸੀਨਾਂ ਨੂੰ ਕੱਟਣ ਤੋਂ ਬਾਅਦ ਸੈਂਸਰ ਬੋਰਡ ਦੇ ਖੇਤਰੀ ਅਧਿਕਾਰੀ ਨੂੰ ਫਿਲਮ ਸਿੱਖ ਧਰਮ ਦੀ ਜਾਣਕਾਰੀ ਰੱਖਣ ਵਾਲੇ ਵਿਦਿਵਾਨਾਂ ਨੂੰ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਫਿਲਮ ਨੂੰ ਮੁੜ ਪ੍ਰਸਾਰਿਤ ਕਰਨ ਦਾ ਪ੍ਰਮਾਣ ਪੱਤਰ ਦੇਣਾ ਚਾਹੀਦਾ ਹੈ। ਉਨ੍ਹਾਂ ਸਿਨੇਮਾ ਹਾਲਾਂ ਦੇ ਨਾਲ ਫਿਲਮ ਦਿਖਾਉਣ ਦੇ ਬਾਕੀ ਮਾਧਿਅਮਾਂ ’ਤੇ ਵੀ ਰੋਕ ਲਾਉਣ ਦੀ ਮੰਗ ਕਰਦਿਆਂ ਸੈਂਸਰ ਬੋਰਡ ’ਚ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਨੁਮਾਇੰਦੇ ਵਜੋਂ ਇਕ ਸਿੱਖ ਮੈਂਬਰ ਨੂੰ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ ਹੈ।

    ਪਟਿਆਲਾ - ਆਮ ਆਦਮੀ ਪਾਰਟੀ ਦੇ ਬਾਗ਼ੀ ਐਮਪੀ ਡਾ. ਧਰਮਵੀਰ ਗਾਂਧੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਪਟਿਆਲਾ ਤੋਂ ਐਮਪੀ ਦੀ ਚੋਣ ਵੀ ਲੜਨਗੇ। ਇਹ ਦਾਅਵਾ ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀ ਗਾਂਧੀ ਕੁਝ ਕੁ ਸ਼ਰਤਾਂ ਤਹਿਤ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਧਰ ਡਾ. ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਪਰ ਉਹ ਪੰਜਾਬ ਵਿੱਚ ਕਾਂਗਰਸ ਨਾਲ ਸਮਝੌਤਾ ਕਰਨ ਦੇ ਖ਼ਿਲਾਫ਼ ਹਨ। ਇਸ ਦੌਰਾਨ ਡਾ. ਗਾਂਧੀ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਲਈ ਮੰਗੀ ਜਾ ਰਹੀ ਖ਼ੁਦਮੁਖ਼ਤਾਰੀ ਨੂੰ ਮਾਮੂਲੀ ਦੱਸਦਿਆਂ ਕਿਹਾ ਕਿ ਉਹ ਸਿਰਫ਼ ਪੰਜਾਬ ਲਈ ਨਹੀਂ ਸਗੋਂ ਭਾਰਤ ਦੇ ਸਾਰੇ ਰਾਜਾਂ ਲਈ ਖ਼ੁਦਮੁਖ਼ਤਾਰੀ ਮੰਗ ਰਹੇ ਹਨ।
    ਜਾਣਕਾਰੀ ਅਨੁਸਾਰ ‘ਆਪ’ ਆਗੂ ਸੰਜੇ ਸਿੰਘ ਨੇ ਬੀਤੀ ਰਾਤ ਡਾ. ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਲਗਪਗ ਡੇਢ ਘੰਟਾ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਮੁਲਕ ਦੇ ਸਿਆਸੀ ਮਸਲਿਆਂ ਸਮੇਤ ਪੰਜਾਬ ਵਿੱਚ ‘ਆਪ’ ਦੀ ਮਾੜੀ ਹਾਲਤ ਬਾਰੇ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸੰਜੇ ਸਿੰਘ ਨੇ ਡਾ. ਗਾਂਧੀ ਨੂੰ ਕਿਹਾ ਕਿ ਉਹ ਪਾਰਟੀ ਵਿੱਚ ਆਉਣ ਤੇ ਆਪਣੀਆਂ ਸ਼ਰਤਾਂ ਕੁਝ ਨਰਮ ਕਰਦੇ ਹੋਏ ਪਾਰਟੀ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਡਾ. ਗਾਂਧੀ ਨੂੰ ਪਟਿਆਲਾ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਲਈ ਵੀ ਬੇਨਤੀ ਕੀਤੀ। ਡਾ. ਗਾਂਧੀ ਨੇ ਸੰਜੇ ਸਿੰਘ ਨਾਲ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ‘ਆਪ’ ਆਗੂ ਨੇ ਉਨ੍ਹਾਂ ਨੂੰ ਆਪਣੀਆਂ ਕੁਝ ਸ਼ਰਤਾਂ ਨਰਮ ਕਰਕੇ ਪਾਰਟੀ ਵਿੱਚ ਧੜੱਲੇ ਨਾਲ ਕੰਮ ਕਰਨ ਲਈ ਕਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਏਨੀ ਹੈ ਕਿ ਸਾਰੇ ਰਾਜਾਂ ਦੀ ਮੌਲਿਕਤਾ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਜਾਵੇ। ਇਸ ਬਾਰੇ ਸੰਜੇ ਸਿੰਘ ਨੇ ਵੀ ਹਾਮੀ ਭਰੀ ਹੈ, ਪਰ ਉਨ੍ਹਾਂ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

    ਅੰਮ੍ਰਿਤਸਰ - ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਕਰਨ ਦਾ ਫ਼ੈਸਲਾ ਕੀਤਾ ਹੈ, ਜਿੱਥੋਂ ਪਾਕਿਸਤਾਨ ਵਿਚਲਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਿਖਾਈ ਦਿੰਦਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਮੁੜ ਪੇਸ਼ਕਸ਼ ਕੀਤੀ ਹੈ ਕਿ ਜੇਕਰ ਦੋਵਾਂ ਸਰਕਾਰਾਂ ਵਿਚਾਲੇ ਲਾਂਘੇ ਸਬੰਧੀ ਸਹਿਮਤੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਲਾਂਘੇ ਦੀ ਉਸਾਰੀ, ਰਾਵੀ ਦਰਿਆ ’ਤੇ ਪੁਲ ਦੀ ਉਸਾਰੀ ਅਤੇ ਹੋਰ ਸਾਫ਼-ਸਫ਼ਾਈ ਦੀ ਸੇਵਾ ਕਰੇਗੀ।
    ਅੱਜ ਇੱਥੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਹੋਰ ਆਗੂਆਂ ਵਿਚਾਲੇ ਮੀਟਿੰਗ ਹੋਈ ਹੈ। ਇਨ੍ਹਾਂ ਸਿੱਖ ਆਗੂਆਂ ਨੇ ਗੁਰਦੁਆਰਾ ਡੇਰਾ ਬਾਬਾ ਨਾਨਕ ਨੇੜੇ ਬਣੇ ਦਰਸ਼ਨ ਸਥਲ ਦਾ ਦੌਰਾ ਵੀ ਕੀਤਾ ਹੈ। ਇਸ ਸਬੰਧੀ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਵਰ੍ਹੇ ਤੋਂ ਸ਼ੁਰੂ ਕੀਤੇ ਜਾਣਗੇ, ਜਿਸ ਦੀ ਸ਼ੁਰੂਆਤ 10 ਅਤੇ 11 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਹੋਵੇਗੀ। ਇਸ ਮੌਕੇ ਗੁਰਦੁਆਰੇ ’ਤੇ ਦੀਪਮਾਲਾ ਕੀਤੀ ਜਾਵੇਗੀ ਅਤੇ ਦਰਸ਼ਨ ਸਥਲ ਨੇੜੇ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਦੂਜੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਵੀ ਇਸੇ ਤਰ੍ਹਾਂ ਦੀਪਮਾਲਾ ਹੋਵੇ ਤਾਂ ਜੋ ਦੋਵੇਂ ਮੁਲਕਾਂ ਦੇ ਲੋਕ ਦੂਰੋਂ ਹੀ ਰਾਤ ਸਮੇਂ ਲੇਜ਼ਰ ਸ਼ੋਅ ਅਤੇ ਦੀਪਮਾਲਾ ਦਾ ਨਜ਼ਾਰਾ ਦੇਖ ਸਕਣ। ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 23 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸਮਾਗਮ ਹੋਵੇਗਾ। ਉਸ ਤੋਂ ਪਹਿਲਾਂ 12 ਅਕਤੂਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ ਜਾਵੇਗਾ ਅਤੇ ਸਾਲ ਭਰ ਚੱਲਣ ਵਾਲੇ ਸਮਾਗਮ ਉਲੀਕੇ ਜਾਣਗੇ।
    ਭਾਈ ਲੌਂਗੋਵਾਲ ਨੇ ਖ਼ੁਲਾਸਾ ਕੀਤਾ ਕਿ ਇਸੇ ਸਬੰਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜ ਨਗਰ ਕੀਰਤਨ ਵੀ ਸਜਾਏ ਜਾਣਗੇ, ਜਿਸ ਤਹਿਤ 1 ਅਕਤੂਬਰ ਨੂੰ ਉਤਰ ਪ੍ਰਦੇਸ਼ ਦੇ ਗੁਰਦੁਆਰਾ ਕੌੜੀ ਘਾਟ, 23 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਗੁਰਦੁਆਰਾ ਮੱਟਾਂ ਸਾਹਿਬ, 23 ਮਾਰਚ ਨੂੰ ਕਰਨਾਟਕ ਦੇ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਪੁੱਜਣਗੇ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸਹਿਮਤੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਲਾਂਘਾ ਤਿਆਰ ਕਰਨ, ਪੁਲ ਦੀ ਉਸਾਰੀ ਤੇ ਹੋਰ ਲੋੜੀਂਦੇ ਕੰਮਾਂ ਦੀ ਸੇਵਾ ਨਿਭਾਉਣ ਨੂੰ ਤਿਆਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਪਾਕਿਸਤਾਨ ਵੀ ਭੇਜਿਆ ਜਾਵੇਗਾ।
    ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਖੁਲਾਸਾ ਕੀਤਾ ਕਿ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਗੁਰਦੁਆਰਾ ਕਰਤਾਰਪੁਰ ਲਾਂਘੇ ਵਾਸਤੇ ਪਾਕਿਸਤਾਨ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ ਪਰ ਹੁਣ ਤੱਕ ਉਸ ਦਾ ਕੋਈ ਹੁੰਗਾਰਾ ਨਹੀਂ ਆਇਆ। ਪਾਕਿਸਤਾਨ ਵੱਲੋਂ ਹੁੰਗਾਰਾ ਮਿਲਣ ਮਗਰੋਂ ਹੀ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਲਖਬੀਰ ਸਿੰਘ, ਸੱਜਣ ਸਿੰਘ, ਅਜਾਇਬ ਸਿੰਘ ਅਭਿਆਸੀ, ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਸਕੱਤਰ ਮਨਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ ਹਾਜ਼ਰ ਸਨ।

    ਗੁਰਸ਼ਰਨ ਸਿੰਘ ਕਸੇਲ
    ਹਰ ਧਰਮ ਦੇ ਲੋਕਾਂ ਨੇ ਸਮਾਜ ਨੂੰ ਅਤੇ ਇਨਸਾਨ ਦੇ ਜੀਵਨ ਨੂੰ ਚੰਗਾ ਬਣਾਉਣ ਲਈ ਕੁਝ ਅਸੂਲ (ਨਿਯਮ) ਬਣਾਏ ਹੋਏ ਹਨ । ਜਿਹੜੇ ਉਹਨਾ ਅਸੂਲਾਂ ਨੂੰ ਮੰਨਦੇ ਹਨ, ਸਮਾਜ ਉਹਨਾਂ ਨੂੰ ਚੰਗਾ ਸਮਝਦਾ ਹੈ । ਪਰ ਕਈ ਸ਼ੈਤਾਨ ਬਿਰਤੀ ਵਾਲੇ ਲੋਕ ਵੀ ਹੁੰਦੇ ਹਨ, ਜਿਹਨਾ ਦੀ ਸੋਚ ਚੰਗੀ ਤਾਂ ਨਹੀਂ ਹੁੰਦੀ ਪਰ ਉਹ ਲੋਕਾਈ ਨੂੰ ਠਗਣ ਲਈ ਆਪਣੇ ਪਹਿਰਾਵੇ ਅਤੇ ਬੋਲਚਾਲ ਤੋਂ ਉਹਨਾ ਮਨੁੱਖਾਂ ਵਰਗੇ ਬਣ ਕੇ ਲੋਕਾਂ ਸਾਹਮਣੇ ਆਉਂਦੇ ਹਨ, ਜਿਹਨਾ ਦਾ ਲੋਕਾਂ ਵਿਚ ਬਹੁਤ ਸਤਿਕਾਰ ਹੁੰਦਾ ਹੈ । ਲੋਕ ਉਹਨਾ ਦਾ ਬਾਹਰੀ ਪੈਰਾਵਾ ਅਤੇ ਮੂੰਹ ਤੋਂ ਸਤਿਕਾਰ ਵਾਲੇ ਇਨਸਾਨਾਂ ਵਰਗੇ ਬੋਲ ਸੁਣ ਕੇ ਉਹਨਾ ਨੂੰ ਵੀ ਸੱਚੇ ਸੁੱਚੇ ਇਨਸਾਨ ਸਮਝਣ ਦਾ ਧੋਖਾ ਖਾ ਲੈਂਦੇ ਹਨ ।

    ਅੰਮ੍ਰਿਤਸਰ - ਨਿਹੰਗ ਸਿੰਘ ਜਥੇਬੰਦੀਆਂ ਸਮੇਤ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਂ ਮੰਗ ਪੱਤਰ ਦਿੱਤਾ, ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਫਾਰਗ਼ ਕਰਨ ਦੀ ਮੰਗ ਕੀਤੀ। ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ।
    ਸਿੱਖ ਜਥੇਬੰਦੀਆਂ ਅੱਜ ਇਸ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦੇਣ ਆਈਆਂ ਸਨ, ਪਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸਿੱਖ ਸੰਸਥਾ ਖ਼ਿਲਾਫ਼ ਧਰਨਾ ਦੇਣ ਦਾ ਫ਼ੈਸਲਾ ਰੱਦ ਕਰ ਦਿੱਤਾ ਅਤੇ ਆਪਣੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਮੰਗ ਪੱਤਰ ਦਿੱਤਾ ਹੈ, ਜਿਸ ਨੂੰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਨੇ ਸੂਚਨਾ ਕੇਂਦਰ ਦੇ ਬਾਹਰ ਪ੍ਰਾਪਤ ਕੀਤਾ। ਮੰਗ ਪੱਤਰ ਦੇਣ ਵਾਲਿਆਂ ਵਿੱਚ ਨਿਹੰਗ ਜਥੇਬੰਦੀ ਤਰਨਾ ਦਲ ਮਿਸਲ ਸ਼ਹੀਦਾਂ ਬਾਜ ਸਿੰਘ ਦੇ ਮੁਖੀ ਬਾਬਾ ਨਰੈਣ ਸਿੰਘ, ਅਕਾਲ ਖ਼ਾਲਸਾ ਦਲ ਦੇ ਬਲਬੀਰ ਸਿੰਘ, ਰਣਜੀਤ ਸਿੰਘ, ਧਰਮ ਸਿੰਘ, ਸੁਧਾਰ ਕਮੇਟੀ ਪੰਜਾਬ ਦੇ ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਕਲਗੀਧਰ ਵੈੱਲਫੇਅਰ ਸੇਵਕ ਸੁਸਾਇਟੀ ਦੇ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਰਨੇਕ ਸਿੰਘ ਤੇ ਹੋਰ ਸ਼ਾਮਲ ਸਨ। ਇਸ ਤੋਂ ਪਹਿਲਾਂ ਇਹ ਸਿੱਖ ਆਗੂ ਇੱਥੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਕੱਠੇ ਹੋਏ ਅਤੇ ਅਰਦਾਸ ਕਰਨ ਮਗਰੋਂ ਹਰਿਮੰਦਰ ਸਾਹਿਬ ਮਾਰਚ ਕਰਦੇ ਹੋਏ ਪੁੱਜੇ। ਮੰਗ ਪੱਤਰ ਪ੍ਰਾਪਤ ਕਰਨ ਮਗਰੋਂ ਵਧੀਕ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਨੇ ਆਖਿਆ ਕਿ ਇਹ ਮੰਗ ਪੱਤਰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਗਲੀ ਕਾਰਵਾਈ ਲਈ ਸੌਂਪ ਦੇਣਗੇ।

    ਵੈਨਕੂਵਰ - ਕੈਨੇਡਾ ਦੀ ਤੀਜੀ ਵੱਡੀ ਪਾਰਟੀ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਦਾ ਨਾਮ ਬਰਨਬੀ ਲੋਕ ਸਭਾ ਉਪ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਅੱਜ ਰਸਮੀ ਤੌਰ ’ਤੇ ਐਲਾਨ ਦਿੱਤਾ ਗਿਆ ਹੈ। ਇਹ ਸੀਟ ਇਸੇ ਪਾਰਟੀ ਦੇ ਮੈਂਬਰ ਕੈਨੇਡੀ ਸਟੀਵਰਟ ਵੱਲੋਂ ਵੈਨਕੂਵਰ ਤੋਂ ਮੇਅਰ ਦੀ ਚੋਣ ਲੜਨ ਲਈ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਹੈ। ਇਸ ਤੋਂ ਪਹਿਲਾਂ ਜਗਮੀਤ ਸਿੰਘ ਓਂਟਾਰੀਓ ਸੂਬੇ ਤੋਂ ਵਿਧਾਇਕ ਸਨ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਰਹੇ। ਪਾਰਟੀ ਸਮਰਥਕਾਂ ਵੱਲੋਂ ਅੱਜ ਰਸਮੀ ਤੌਰ ’ਤੇ ਉਮੀਦਵਾਰ ਵਜੋਂ ਉਨ੍ਹਾਂ ਦੀ ਚੋਣ ਕੀਤੀ ਗਈ। ਇਸ ਮੌਕੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

    ਫ਼ਰੀਦਕੋਟ  - ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਰੋਕਣ ਲਈ ਸਿੱਖ ਜਥੇਬੰਦੀਆਂ ਦਿਨ ਚੱੜਦੇ ਹੀ ਫਰੀਦਕੋਟ-ਕੋਟਕਪੂਰਾ ਰੋਡ 'ਤੇ ਸਥਿਤ ਮਾਈ ਗੋਦੜੀ ਸਾਹਿਬ ਕੋਲ ਇਕੱਠੀਆਂ ਹੋਣੀਆਂ ਜਿਓ ਹੀ ਸੁਰੂ ਹੋਈਆਂ ਤਾਂ ਪੁਲਿਸ ਪ੍ਰਸ਼ਾਸਨ ਨੇ ਮਹਿਲਾ ਪੁਲਿਸ ਮੁਲਾਜਮਾਂ ਸਮੇਤ ਰਾਹ ਰੋਕਣ ਲਈ ਬੈਰੀਕੈਡ ਲਗਾ ਦਿੱਤਾ, ਅਕਾਲੀਆਂ ਦੀ ਰੈਲੀ ਰੋਕਣ ਲਈ ਅੱਗੇ ਵਧ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਸ਼ਹਿਰ ਦੇ ਬਾਹਰ ਹੀ ਰੋਕ ਦਿੱਤਾ, ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਤਕਰੀਬਨ 10 ਹਜ਼ਾਰ ਪੁਲਿਸ ਮੁਲਾਜ਼ਮ ਫ਼ਰੀਦਕੋਟ ਵਿੱਚ ਤਾਇਨਾਤ ਕੀਤੇ ਗਏ, ਹਾਲਾਂਕਿ ਜਥੇਬੰਦੀਆਂ ਕੋਟਕਪੂਰਾ ਰੋਡ 'ਤੇ ਲਗਾਏ ਗਏ ਬੈਰੀਕੇਡ ਨੂੰ ਤੋੜ ਕੇ ਅੱਗੇ ਵਧ ਗਈਆਂ ਪਰ ਸ਼ਹਿਰ ਅੰਦਰ ਵੜਨ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਕਰੀਬ ਦੋਂ ਘੰਟੇ ਪੁਲਿਸ ਅਤੇ ਜਥੇਬੰਦੀਆਂ ਵਿਚਾਲੇ ਕੋਟਕਪੂਰਾ ਰੋਡ 'ਤੇ ਤਿੱਖੀ ਬਹਿਸਬਾਜੀ ਚੱਲਦੀ ਰਹੀ, ਜਿਸ ਤੋਂ ਬਾਅਦ ਭੱੜਕੀਆਂ ਸਿੱਖ ਜਥੇਬੰਦੀਆਂ ਬਾਦਲ ਦਲ ਵੱਲ ਕੀਤੀ ਜਾ ਰਹੀ ਰੈਲੀ ਦਾ ਵਿਰੋਧ ਕਰਨ ਲਈ ਅੱਗੇ ਵੱਧੀਆਂ ਤਾਂ ਪੁਲਿਸ ਪ੍ਰਸ਼ਾਸਨ ਨੇ ਜਥੇਬੰਦੀਆਂ ਸਮੇਤ ਨੌਜਵਾਨਾਂ ਨੂੰ ਜੁਬਲੀ ਸਨਿਮੇ ਚੌਕ ਵਿਖੇ ਰੋਕਣ ਦੀ ਕੋਸਿਸ਼ ਕੀਤੀ ਪ੍ਰੰਤੂ ਜਥੇਬੰਦੀਆਂ ਦੇ ਆਗੂ ਹੱਥ ਨਾ ਆਏ ਅਤੇ ਨੌਜਵਾਨ ਗਰਮਜੋਸ਼ੀ ਨਾਲ ਸੜਕਾਂ ਤੇ ਬਾਦਲ ਸਰਕਾਰ ਵਿਰੋਧ ਨਾਅਰੇ ਲਾਉਂਦੇ ਅੱਗੇ ਵੱਧੇ ਫਿਰ ਪੁਲਿਸ ਪ੍ਰਸ਼ਾਸਨ ਨੇ ਕੋਤਵਾਲੀ ਚੌਕ ਵਿਖੇ ਭਾਰੀ ਪੁਲਿਸ ਬਲ ਸਮੇਤ ਜਥੇਬੰਦੀਆਂ ਨੂੰ ਰੋਕਣਾ ਚਾਹਿਆ ਤਾਂ ਹਲਕੀ ਝੜਪ ਨੌਜਵਾਨ ਨਾਲ ਹੋਈ, ਜਿੱਥੇ ਪੁਲਿਸ ਨੇ 7 ਦੇ ਕਰੀਬ ਨੌਜਵਾਨਾਂ ਨੂੰ ਫੜ ਕੇ ਥਾਣੇ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਲੋਹੇ ਲਾਖੇ ਹੋਏ ਜਥੇਬੰਦੀਆਂ ਦੇ ਆਗੁਆਂ ਨੇ ਤਰੁੰਤ ਰਿਹਾਈ ਦੀ ਮੰਗ ਕਰਦਿਆਂ ਕੋਤਵਾਲੀ ਚੌਕ ਨੂੰ ਘੇਰਾ ਪਾ ਕੇ ਥਾਣੇ ਮੂਹਰੇ ਧਰਨਾ ਲਗਾ ਦਿੱਤਾ ਅਤੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ, ਪੁਲਿਸ ਪ੍ਰਸ਼ਾਸਨ ਨੇ ਨੌਜਵਾਨਾਂ ਦੀ ਰਿਹਾਈ ਬੱਦਲੇ ਵਾਪਸ ਜਾਣ ਦੀ ਜਿਓ ਹੀ ਮੰਗ ਰੱਖੀ ਤਾਂ ਭੱੜਕੇ ਨੌਜਵਾਨ ਅਕਾਲੀ ਦਲ ਦੀ ਰੈਲੀ ਵੱਲ ਵੱਧਣ ਲਈ ਰੇਲਵੇ ਸਟੇਸ਼ਨ ਵਾਲੇ ਰੋਡ ਨੂੰ ਭੱਜ ਨਿੱਕਲੇ, ਪੁਲਿਸ ਨੇ ਪਿੱਛਾ ਕਰਦਿਆਂ ਨੌਜਵਾਨਾਂ ਨੂੰ ਰੋਕਣ ਲਈ ਬਥੇਰੇ ਹਾੜੇ ਕੱਢੇ ਪਰ ਜਥੇਬੰਦੀਆਂ ਰੈਲੀ ਦਾ ਵਿਰੋਧ ਕਰਨ 'ਤੇ ਅੜੀਆਂ ਰਹੀਆਂ, ਜਿਸ ਤੋਂ ਬਾਅਦ ਕੋਤਵਾਲੀ ਅੰਦਰ ਡੱਕੇ ਨੌਜਵਾਨ ਦੀ ਰਿਹਾਈ ਉਪਰੰਤ ਫਿਰ ਪੰਥਕ ਜਥੇਬੰਦੀਆਂ ਸਮੇਤ ਨੌਜਵਾਨ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰਨ ਲਈ ਸੜਕੋ ਸੜਕੀ ਭੱਜ ਨਿੱਕਲੇ, ਪਿੱਛੇ ਪਿੱਛੇ ਪੁਲਿਸ ਨੌਜਵਾਨਾਂ ਨੂੰ ਰੋਕਣ ਲਈ ਭੱਜਦੀ ਰਹੀ, ਪਰ ਨੌਜਵਾਨ ਪੁਲਿਸ ਦੇ ਹੱਥ ਨਾ ਆਏ ਅਤੇ ਰੈਲੀ ਵਾਲੀ ਥਾਂ 'ਤੇ ਜਾ ਕੇ ਬਾਦਲ ਸਰਕਾਰ ਵਿਰੋਧ ਨਾਅਰੇ ਲਾਏ।
    ਉਕਤ ਮੌਕੇ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰ ਰਹੀਆਂ ਪੰਥਕ ਜਥੇਬੰਦੀਆਂ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਭਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਰਣਜੀਤ ਸਿੰਘ ਵਾਂਦਰ, ਭਾਈ ਦਲੇਰ ਸਿੰਘ ਡੋਡ, ਕੁਲਦੀਪ ਸਿੰਘ ਖਾਲਸਾ, ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਜਸਕਰਨ ਸਿੰਘ, ਭਾਈ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ ਅਤੇ ਬਾਬਾ ਕੁਲਵਿੰਦਰ ਸਿੰਘ ਡੱਗੋ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਜਾਣਬੁੱਝ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਰੈਲੀਆਂ ਕਰ ਰਿਹਾ ਹੈ ਕਿਉਂਕਿ ਚੰਗਾ ਭਲਾ ਅਕਾਲੀ ਦਲ ਨੂੰ ਪਤਾ ਕਿ ਪੰਥਕ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਪ੍ਰੰਤੂ ਆਪਣੀ ਹੈਂਕੜ ਨਾ ਛੱਡ ਕੇ ਸਾਡੇ ਜਖਮਾਂ ਦੇ ਲੂਣ ਭੂੰਕਣ ਲਈ ਬਾਦਲ ਦਲ ਰੈਲੀ ਕਰ ਰਿਹਾ ਹੈ,ਜਿਸ ਦਾ ਸ਼ਾਮਮਈ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਪ੍ਰਸ਼ਾਸਨ ਨੇ ਪੰਜ ਥਾਂ ਸ਼ਹਿਰ ਭਰ 'ਚ ਬੈਰੀਕੇਡ ਕਰਕੇ ਜਥੇਬੰਦੀਆਂ ਨੂੰ ਰੋਕਣ ਦੀ ਕੋਸਿਸ਼ ਕੀਤੀ ਅਤੇ ਕੁਝ ਕੁ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਪ੍ਰੰਤੂ ਫਿਰ ਵੀ ਜਥੇਬੰਦੀਆਂ ਦੇ ਨੌਜਵਾਨਾਂ ਨੇ ਰੈਲੀ ਸਥਾਨ ਤੇ ਪਹੁੰਚ ਕੇ ਕੀਤੇ ਕੌਲ ਨੂੰ ਪੂਰਾ ਕਰ ਵਿਖਾਇਆ। ਦੱਸਣਯੌਗ ਹੈ ਕਿ ਦਿਨ ਚੱੜਦੇ ਹੀ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਭਰ ੱਚ ਅਣਐਲਾਨੀ ਐਮਰਜੈਸ਼ੀ ਲਗਾ ਰੱਖੀ ਹੋਣ ਦੇ ਬਾਵਜੂਦ ਸਿੱਖ ਜਥੇਬੰਦੀਆਂ ਦੇ ਵੱਡੀ ਗਿਣਤੀ 'ਚ ਪੁੱਜੇ ਨੌਜਵਾਨਾਂ ਨੇ ਬਾਦਲ ਦਲ ਮੁਰਦਾਬਾਦ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜੇ ਕਾਂਗਰਸ ਸਰਕਾਰ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ, ਸਾਰਾ ਦਿਨ ਪੰਥਕ ਨੌਜਵਾਨਾਂ ਨੂੰ ਰੋਕਣ 'ਚ ਲੱਗੀ ਪੁਲਿਸ ਨੌਜਵਾਨਾਂ ਨੂੰ ਰੈਲੀ 'ਚ ਜਾਣ ਤੋਂ ਰੋਕਣ ਲਈ ਸੜਕੋ ਸੜਕੀ ਭੱਜਦੀ ਰਹੀ, ਪਰ ਸਿੰਘ ਹੱਥ ਨਾ ਆਏ ਅਤੇ ਗਰਮਜੋਸ਼ੀ ਨਾਲ ਅਕਾਲੀਆਂ ਦਾ ਡੱਟਵਾਂ ਵਿਰੋਧ ਕਰਦੇ ਰਹੇ,ਬੇਸ਼ੱਕ ਕੁਝ ਕੁ ਨੌਜਵਾਨਾ ਨੇ ਖਾਲਿਸਤਾਨ ਦੇ ਨਾਅਰੇ ਵੀ ਲਾਏ ਅਤੇ ਅਕਾਲੀਆਂ ਦੀਆਂ ਗੱਡੀਆਂ ਉੱਪਰ ਲੱਗੇ ਸਟੀਕਰ ਵੀ ਉਤਾਰੇ ਪਰ ਕੀਤੇ ਵੀ ਕੋਈ ਅਣਸੁਖਾਵੀ ਘਟਨਾ ਨਹੀ ਵਾਪਰੀ ।
    ਪੁਲਿਸ ਪ੍ਰਸ਼ਾਸਨ ਨੇ ਐਂਬੂਲੈਂਸ ਨੂੰ ਵੀ ਹਸਪਤਾਲ ਜਾਣ ਤੋਂ ਡੱਕਿਆ : ਫਰੀਦਕੋਟ-ਕੋਟਕਪੂਰਾ ਰੋਡ 'ਤੇ ਉਸ ਵੇਲੇ ਮਹੌਲ ਤਨਾਵਪੂਰਨ ਬਣ ਗਿਆ ਜਦੋਂ ਇੱਕ ਬੱਚੇ ਨੂੰ ਇਲਾਜ ਲਈ ਐਂਬੂਲੈਂਸ ਦੇ ਜਰੀਏ ਜਿਸ ਦੇ ਆਕਸੀਜਨ ਲੱਗੀ ਹੋਣ 'ਤੇ ਫਰੀਦਕੋਟ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਬੈਰੀਕੈਡ ਖੋਲਣ ਤੋਂ ਮਨਾ ਕਰ ਦਿੱਤਾ, ਜਿਸ ਤੋਂ ਸਿੱਖ ਜਥੇਬੰਦੀਆਂ ਭੱੜਕ ਪਈਆਂ ਅਤੇ ਐਬੂਲੈਂਸ ਨੂੰ ਜਾਣ ਦੇਣ ਦੀ ਮੰਗ ਕਰਨ ਲੱਗੀਆਂ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਰਸਤਾ ਖੋਲਣ ਤੋਂ ਸਾਫ ਮਨਾ ਕਰ ਦਿੱਤਾ, ਜਿਸਤੋਂ ਬਾਅਦ ਪੰਥਕ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਮਹੌਲ ਤਣਾਵਪੂਰਨ ਬਣ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਬੈਰੀਕੈਡ ਤੋੜ ਕੇ ਜਥੇਬੰਦੀਆਂ ਸ਼ਹਿਰ ਅੰਦਰ ਦਾਖਲ ਹੋ ਗਈਆਂ ਅਤੇ ਐਬੂਲੈਸ ਚਾਲਕ ਵਾਪਸ ਐਬੂਲੈਸ ਮੋੜ ਕੇ ਲੈ ਗਿਆ ।
    ਪੁਲਿਸ ਪ੍ਰਸ਼ਾਸਨ ਨੇ ਕੈਮਰਿਆਂ ਦੀ ਜਰੀਏ ਕੀਤੀ ਰਿਕਾਰਡ : ਪੰਥਕ ਜਥੇਬੰਦੀਆਂ ਵੱਲੋਂ ਬਾਦਲ ਦਲ ਦੀ ਰੈਲੀ ਦਾ ਵਿਰੋਧ ਜਿਓ ਹੀ ਸੁਰੂ ਕੀਤਾ ਗਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਮਹਿਲਾ ਪੁਲਿਸ ਮੁਲਾਜਮਾਂ ਸਮੇਤ ਪੁਲਿਸ ਦੇ ਹੋਰਨਾ ਮੁਲਾਜਮਾਂ ਦੇ ਜਰੀਏ ਕੈਮਰਿਆਂ ਨਾਲ ਰਿਕਾਡਿੰਗ ਸੁਰੂ ਕਰ ਦਿੱਤਾ ਅਤੇ ਹਰ ਇਕ ਸਬੋਧਨ ਕਰਨ ਵਾਲੇ ਵਿਅਕਤੀ ਦੀ ਸੁਰੂ ਤੋਂ ਲੈ ਕੇ ਸ਼ਾਮ ਤੱਕ ਰਿਕਾਡਡਿੰਗ ਦਾ ਕੰਮ ਜਾਰੀ ਰੱਖਿਆ,ਬੇਸ਼ੱਕ ਜਥੇਬੰਦੀਆਂ ਨੇ ਇਸ ਗੱਲ ਦਾ ਵੀ ਵਿਰੋਧ ਕੀਤਾ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਰਿਕਾਡਡਿੰਗ ਕਰਨ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਦੇ ਸਮਰੱਥਕ 'ਚ ਆਏ ਲੋਕਾਂ ਦੀ ਵੀ ਵੀਡੀਓ ਬਣਾ ਕੇ ਡਰਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਇਸ ਸਭ ਦੇ ਬਾਵਜੂਦ ਗਰਮਜੋਸ਼ੀ ਨਾਲ ਪੰਥਕ ਜਥੇਬੰਦੀਆਂ ਨੇ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।
    ਸੋਸਲ ਮੀਡੀਆਂ ਦੇ ਵੀਡੀਓ ਪਾਉਣ ਵਾਲਿਆਂ ਦਾ ਆਇਆ ਹੜ੍ਹ : ਜਿਓ ਹੀ ਪੁਲਿਸ ਪ੍ਰਸ਼ਾਸਨ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਸਵੇਰੇ ਤੋਂ ਤਣਾਵਪੂਰਨ ਬਣੇ ਮਹੌਲ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਬਹੁਤੇ ਨੌਜਵਾਨ ਸੋਸਲ ਮੀਡੀਆਂ 'ਤੇ ਲੋਕਾਂ ਨਾਲ ਪਲ ਪਲ ਦੀ ਜਾਣਕਾਰੀ ਸਾਂਝੀ ਕਰਨ ਲਈ ਸਾਰਾ ਦਿਨ ਮੋਬਾਇਲ ਤੇ ਅਪਡੇਟ ਰਹੇ ਅਤੇ ਪ੍ਰਦਰਸ਼ਨ ਕਰ ਰਹੀਆਂ ਜਥੇੰਬੰਦੀਆਂ ਦੇ ਵੀ ਬਹੁਤੇ ਆਗੂ ਆਪੋ ਆਪਣੇ ਮੋਬਾਇਲ 'ਤੇ ਸਾਰੀ ਜਾਣਕਾਰੀ ਬੋਲ ਕੇ ਸਾਝੀ ਕਰਦੇ ਹੋਏ ਵਿਖਾਈ ਦਿੱਤੇ,ਬੇਸ਼ੱਕ ਵੱਖ ਵੱਖ ਚੈਨਲਾ ਅਤੇ ਵੈਬ ਚੈਨਲਾ ਸਮੇਤ ਅਖਬਾਰਾਂ ਦੇ ਪੱਤਰਕਾਰ ਕਵਰੇਜ ਕਰਨ ਲਈ ਪੁੱਜੇ ਹੋਏ ਸਨ ਪ੍ਰੰਤੂ ਲੋਕ ਆਪ ਹੀ ਫੋਟੋਆਂ ਖਿੱਚ ਖਿੱਚ ਕੇ ਸਾਰੀ ਜਾਣਕਾਰੀ ਅਪਡੇਟ ਨਾਲੋ ਨਾਲ ਕਰ ਰਹੇ ਸਨ, ਸੈਲਫੀਆਂ ਲੈਣ ਵਾਲੇ ਨੌਜਵਾਨ ਦੀ ਵੱਡੀ ਤਦਾਦ ਵਿੱਚ ਪੁੱਜੇ ਹੋਏ ਸਨ ਜੋ ਪੰਥਕ ਜਥੇਬੰਦੀਆਂ ਦੇ ਆਗੂਆਂ ਸਮੇਤ ਨੌਜਵਾਨਾਂ ਨਾਲ ਸੈਲਫੀਆਂ ਲੈਂਦੇ ਦਿਖਾਈ ਦਿੱਤੇ, ਨਿੱਕੀ ਨਿੱਕੀ ਗੱਲ ਨੂੰ ਵਧਾ ਚੜਕੇ ਸੋਸਲ ਮੀਡੀਆਂ ਤੇ ਪਾਉਣ ਵਾਲਿਆਂ ਦਾ ਸਾਰਾ ਦਿਨ ਤਾਤਾਂ ਲੱਗ ਰਿਹਾ, ਕੁਝ ਕੁ ਨੌਜਵਾਨਾ ਨੇ ਖਾਲਿਸਤਾਨ ਦੇ ਜਿਓ ਹੀ ਨਾਅਰੇ ਲਾਉਣੇ ਸੁਰੂ ਕੀਤੇ ਤਾਂ ਸੋਸਲ ਮੀਡੀਆਂ ਤੇ ਫੋਟੋਆਂ ਅਪਲੋਡ ਕਰਨ ਵਾਲਿਆਂ ਨੇ ਇਕੋ ਗੱਲ ਨੂੰ ਵਧਾ ਚੜ ਕੇ ਪੇਸ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।
    ਕੀ ਕਹਿੰਦੇ ਨੇ ਪੁਲਿਸ ਅਧਿਕਾਰੀ : ਅਜਿਹੇ ਪ੍ਰਬੰਧਾਂ 'ਤੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਬਹਾਲ ਰੱਖਿਆ ਗਿਆ ਹੈ।,ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਤੋਂ ਫ਼ਰੀਦਕੋਟ ਤਕ ਪੂਰੇ ਸੁਰੱਖਿਆ ਘੇਰੇ ਵਿੱਚ ਲਿਆਂਦਾ ਗਿਆ, ਆਈ ਜੀ ਛੀਨਾ ਨੇ ਕਿਹਾ ਕਿ ਜੇਕਰ ਕੋਈ ਵੀ ਪ੍ਰਦਰਸ਼ਨਕਾਰੀ ਕਾਨੂੰਨ ਹੱਥ ਵਿੱਚ ਲਵੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ,ਜ਼ਿਕਰਯੋਗ ਹੈ ਕਿ ਪੁਲਿਸ ਨੇ ਫ਼ਰੀਦਕੋਟ ਪ੍ਰਸ਼ਾਸਨ ਨੂੰ ਧਾਰਾ 144 ਲਾਉਣ ਦੀ ਸਿਫਾਰਸ਼ ਪਹਿਲਾਂ ਹੀ ਕਰ ਦਿੱਤੀ ਗਈ ਸੀ।

    ਨਰਿੰਦਰ ਪਾਲ ਸਿੰਘ
    ਗੁਰ ਸਿਧਾਂਤਾਂ ਤੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣ ਦੇ ਦੋਸ਼ਾਂ ਵਿੱਚ ਘਿਰੇ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਸਮਾਂ ਆਣ ਤੇ ਹਰ ਸਵਾਲ ਦਾ ਤੱਥਾਂ ਸਹਿਤ ਜਵਾਬ ਦੇਣਗੇ ।ਅਕਤੂਬਰ 2009 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਿਲਗੋਭਾ ਬਨਾਉਣ ਦੀ ਕੋਸ਼ਿਸ਼ਾਂ ਦੀ ਸ਼ੁਰੂਆਤ ਕਰਨ ਤੋਂ ਲੈਕੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ ਤੋਂ ਇਲਾਵਾ ਬਾਦਲਾਂ ਦੇ ਰਾਜਭਾਗ ਦੌਰਾਨ ਸਰਕਾਰੀ ਤੰਤਰ ਵਲੋਂ ਅੰਜ਼ਾਮ ਦਿੱਤੇ ਗਏ ਸਿੱਖਾਂ ਦੇ ਕਤਲੇਆਮ ਸਬੰਧੀ ਚੁੱਪ ਰਹਿਣ ਵਾਲੇ ਗਿਆਨੀ ਗੁਰਬਚਨ ਸਿੰਘ ,ਆਖਿਰ ਕਿਹੜੀ ਅਜੇਹੀ ਗਿੱਦੜ ਸਿੰਗੀ ਲੈਕੇ ਸਾਹਮਣੇ ਆ ਰਹੇ ਹਨ ਕਿ ਉਹ ਖੁਦ ਨੂੰ ਲੱਗੇ ਦੋਸ਼ਾਂ ਤੋਂ ਪਾਕਿ ਦਾਮਨ ਬਰੀ ਕਰ ਲੈਣਗੇ?ਆਪਣੇ ਹਰ ਸੰਗਤੀ ਸੰਬੋਧਨ ਦੌਰਾਨ ਕੌਮੀ ਏਕਤਾ ਤੇ ਇਕਜੁਟਤਾ ਦੀ ਖਾਹਿਸ਼ ਪ੍ਰਗਟਾਉਣ ਤੇ ਸੰਦੇਸ਼ ਦੇਣ ਵਾਲੇ ਗਿਆਨੀ ਜੀ ਕੀ ਇਸ ਦੋਸ਼ ਤੋਂ ਵੀ ਮੁਕਤ ਹੋ ਜਾਣਗੇ ਕਿ ਉਹ ਜਿਹੜੇ ਦੋਸ਼ਾਂ ਦਾ ਜਵਾਬ ਦੇਣ ਲਈ ਤਤਪਰ ਨਜਰ ਆਏ ਹਨ ਉਹ ਉਨ੍ਹਾਂ ਦੇ ਆਪਣੇ ਪ੍ਰੀਵਾਰ ਨਾਲ ਸਬੰਧਤ ਹਨ?ਇਹ ਚਰਚਾ ਪੰਥਕ ਹਲਕਿਆਂ ਵਿੱਚ ਆਮ ਸੁਣੀ ਜਾ ਰਹੀ ਹੈ।ਚਰਚਾ ਤਾਂ ਇਹ ਵੀ ਹੈ ਗਿਆਨੀ ਗੁਰਬਚਨ ਸਿੰਘ ਦਰਪੇਸ਼ ਸਵਾਲਾਂ ਤੇ ਖੁਦ ਉਪਰ ਉਠ ਰਹੀਆਂ ਉਂਗਲਾਂ ਦਾ ਜਵਾਬ ਵੀ ਆਪਣੇ ਸਿਆਸੀ ਮਾਲਕਾਂ ਨੂੰ ਖੁਸ਼ ਕਰਨ ਲਈ ਦੇ ਰਹੇ ਹਨ।ਜਿਥੋਂ ਤੀਕ ਸਾਲ 2009 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸੋਧਾਂ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਬਨਾਉਣ ਦੀਆਂ ਕੋਸ਼ਿਸ਼ਾਂ ਦਾ ਹੈ।
    ਗਿਆਨੀ ਗੁਰਬਚਨ ਸਿੰਘ ਇਨ੍ਹਾਂ ਕੋਸ਼ਿਸ਼ਾਂ ਤੋਂ ਉਦੋਂ ਤੀਕ ਇਨਕਾਰ ਕਰਦੇ ਰਹੇ ਹਨ ਜਦ ਤੀਕ ਜਨਵਰੀ 2010 ਵਿੱਚ ਸਭ ਕੁਝ ਸਾਹਮਣੇ ਨਹੀ ਆ ਗਿਆ ਤੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਮਨਾਉਣ ਦੇ ਮੁੱਦੇ ਤੇ ਵੀ ਕੌਮ ਪੂਰੀ ਤਰ੍ਹਾਂ ਦੋ ਫਾੜ ਨਹੀ ਹੋ ਗਈ ।ਇਨ੍ਹਾਂ ਦੋਸ਼ਾਂ ਤੋਂ ਵੀ ਗਿਆਨੀ ਗੁਰਬਚਨ ਸਿੰਘ ਹਰਗਿਜ਼ ਦੋਸ਼ ਮੁਕਤ ਨਹੀ ਹੋ ਸਕਣਗੇ ਕਿ ਉਨ੍ਹਾਂ ਨੇ ਭਾਈ ਜਸਪਾਲ ਸਿੰਘ ਸਿਧਵਾਂ ਚੌੜ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਲਈ ਪੀੜਤ ਪ੍ਰੀਵਾਰ ਨੂੰ ਇਨਸਾਫ ਦਾ ਯਕੀਨ ਦਿਵਾਇਆ ਸੀ ਜੋ 6 ਸਾਲ ਬੀਤ ਜਾਣ ਤੇ ਵੀ ਕਿਧਰੇ ਨਜਰ ਨਹੀਂ ਆ ਰਿਹਾ।ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਨੂੰ ਲੈਕੇ ਗਿਆਨੀ ਜੀ ਨੂੰ ਸਵਾਲ ਕਰਨ ਵਾਲਾ ਕੋਈ ਹੋਰ ਨਹੀ ਬਲਕਿ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਸੀ ।ਜਿਨ੍ਹਾਂ ਦੇ ਜਵਾਬ ਗਿਆਨੀ ਗੁਰਬਚਨ ਸਿੰਘ ਨੇ ਤਿੰਨ ਸਾਲਾਂ ਦੌਰਾਨ ਕਦੇ ਦੇਣੇ ਜਰੂਰੀ ਨਹੀ ਸਮਝੇ ।ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਮਾਮਲੇ ਵਿੱਚ ਵੀ ਖਾਮੋਸ਼ ਰਹੇ ਹਨ ।ਇਨਸਾਫ ਮੰਗ ਕਾਰਣ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖਾਂ ਦੇ ਪਰੀਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਹਿੰਮਤ ਗਿਆਨੀ ਗੁਰਬਚਨ ਸਿੰਘ ਅੱਜ ਤੀਕ ਵੀ ਨਹੀ ਜੁਟਾ ਸਕੇ ।ਜਿਕਰ ਕਰਨਾ ਬਣਦਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੇ 28 ਅਗਸਤ ਨੂੰ ਹੋਈ ਬਹਿਸ ਦੌਰਾਨ ਹੀ ਗਿਆਨੀ ਗੁਰਬਚਨ ਸਿੰਘ ਦੇ ਪੁਤਰ ਦੇ ਕਾਰੋਬਾਰ ਬਾਰੇ ਦੋਸ਼ ਇਕ ਵਿਧਾਇਕ ਨੇ ਲਾਏ ਸਨ ।ਜਿਨ੍ਹਾਂ ਨੂੰ ਆਮ ਸਿੱਖਾਂ ਨੇ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਪ੍ਰੰਤੂ 18-19 ਦਿਨ ਬੀਤ ਜਾਣ ਤੇ ਵੀ ਕਿਸੇ ਨੂੰ ਕੋਈ ਜਵਾਬ ਨਹੀ ਦਿਤਾ ਗਿਆ ।ਹਾਂ ਇਹ ਜਰੂਰ ਹੈ ਕਿ ਗਿਆਨੀ ਜੀ ਨੇ ਇਸ ਸਮੇਂ ਦੌਰਾਨ ਸੂਬੇ ਤੋਂ ਬਾਹਰਲੀਆਂ ਕੁਝ ਧਾਰਮਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ ਹੈ।ਉਨ੍ਹਾਂ ਦੀ ਗੈਰ ਹਾਜਰੀ ਵਿੱਚ ਹੀ ਬਾਦਲ ਦਲ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਸਾਬਕਾ ਮੁਖ ਮੰਤਰੀ ਲਈ ਸ਼ਬਦ ਬਾਦਸ਼ਾਹ ਦਰਵੇਸ਼ ਦੀ ਵਰਤੋਂ ਕਰਨ ਦਾ ਮਾਮਲਾ ਸਾਮਣੇ ਆਇਆ।ਤੇ ਫਿਰ ਉਹ ਵੀ ਸਮਾਂ ਆਇਆ ਜਦੋਂ ਸ੍ਰ:ਭੂੰਦੜ ਅਕਾਲ ਤਖਤ ਸਾਹਿਬ ਦੀ ਬਜਾਏ ਤਖਤ ਦਮਦਮਾ ਸਾਹਿਬ ਪੇਸ਼ ਹੋਏ ਤੇ ਬਣਦੀ ਤਨਖਾਹ ਲਵਾਕੇ ਸੁਰਖਰੂ ਹੋ ਗਏ ।
    ਹੁਣ ਗਿਆਨੀ ਗੁਰਬਚਨ ਸਿੰਘ ਕਹਿ ਰਹੇ ਹਨ ਕਿ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿੱਚ ਵਿਚਾਰਿਆ ਜਾਵੇਗਾ। ਹਕੀਕਤ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਭੂੰਦੜ ਦੀ ਤਲਵੰਡੀ ਸਾਬੋ ਤਖਤ ਤੇ ਪੇਸ਼ੀ ਲਈ ਅੱਗੇ ਆਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਬਾਦਲ ਦਲ ਆਗੂ ਹੀ ਦੋਸ਼ ਲਾ ਰਹੇ ਹਨ ਕਿ ਜਦੋਂ ਅਕਾਲ ਤਖਤ ਤੇ ਕੋਈ ਸੁਨਣ ਵਾਲਾ ਹੀ ਨਹੀ ਸੀ ਤਾਂ ਉਹ ਕੀ ਕਰਦੇ ?ਦਲ ਨੂੰ ਦਰਪੇਸ਼ ਮੁਸ਼ਕਿਲਾਂ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇ ਨਜਰ ਉਹ ਆਪਣੇ ਸੀਨੀਅਰ ਆਗੂ ਉਪਰ ਲਗ ਰਹੇ ਦੋਸ਼ਾਂ ਨੂੰ ਧੋਣ ਲਈ ਯਤਨ ਨਾ ਕਰਦੇ ?ਸਭਤੋਂ ਅਹਿਮ ਸਵਾਲ ਹੈ ਕਿ ਗਿਆਨੀ ਜੀ ਦੀ ਗੈਰ ਹਾਜਰੀ ਕਾਰਨ ਜੋ ਪ੍ਰੰਪਰਾ (ਕੌਮੀ ਮਸਲਿਆਂ ਦੇ ਹੱਲ )ਅਕਾਲ ਤਖਤ ਦੀ ਬਜਾਏ ਤਖਤ ਦਮਦਮਾ ਸਾਹਿਬ ਉਪਰ ਵਿਚਾਰੇ ਜਾਣ ਦੀ ਸ਼ੁਰੂ ਹੋਈ ਹੈ ਉਸ ਦਾ ਜਵਾਬ ਵੀ ਦੇ ਸਕਣਗੇ ? ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਗਿਆਨੀ ਜੀ ਉਪਰ ਆਪਣੇ ਸਿਆਸੀ ਮਾਲਕਾਂ ਦੀ ਇੱਛਾ ਪੂਰਤੀ ਲਈ ਕੀਤੇ ਫੈਸਲਿਆਂ ਦੇ ਦੋਸ਼ ਹਮੇਸ਼ਾ ਲਗਦੇ ਰਹੇ ਤੇ ਉਹ ਦਰਪੇਸ਼ ਕੌਮੀ ਮਸਲਿਆਂ ਪ੍ਰਤੀ ਜਵਾਬ ਦੇਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਤੇ ਚਲਦੇ ਰਹੇ ਹਨ ।ਆਉਣ ਵਾਲੇ ਦਿਨ੍ਹਾਂ ਵਿੱਚ ਗਿਆਨੀ ਗੁਰਬਚਨ ਸਿੰਘ ਆਪਣੇ ਉਪਰ ਲਗ ਰਹੇ ਕਿਹੜੇ ਕਿਹੜੇ ਦੋਸ਼ਾਂ ਦਾ ਜਵਾਬ ਸੰਗਤ ਸਾਹਮਣੇ ਰੱਖਣਗੇ ,ਇਹ ਤਾਂ ਸਮਾਂ ਹੀ ਦਸਣਗੇ ਲੇਕਿਨ ਇਹ ਜਰੂਰ ਮੰਨਿਆ ਜਾਵੇਗਾ ਕਿ ਗਿਆਨੀ ਗੁਰਬਚਨ ਸਿੰਘ ਉਸ ਵੇਲੇ ਹੀ ਬੋਲੇ ਜਦੋਂ ਉਂਗਲਾਂ ਉਨ੍ਹਾਂ ਦੇ ਪ੍ਰੀਵਾਰ ਵੱਲ ਉਠੀਆਂ ਹਨ?

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com