ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 61,408 ਹੋਰ ਵਿਅਕਤੀਆਂ ਦੇ ਕਰੋਨਾਵਾਇਰਸ ਦੀ ਜੱਦ ਵਿੱਚ ਆਉਣ ਨਾਲ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 31 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸ ਦੌਰਾਨ 23,38,035 ਮਰੀਜ਼ ਇਸ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ ਤੇ ਰਿਕਵਰੀ ਦਰ 75 ਫੀਸਦ ਤੋਂ ਵੱਧ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਸਵੇਰੇ ਅੱਠ ਵਜੇ ਤਕ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 31,06,348 ਜਦੋਂਕਿ 836 ਹੋਰ ਮੌਤਾਂ ਨਾਲ ਮੌਤਾਂ ਦਾ ਕੁੱਲ ਅੰਕੜਾ 57,542 ਨੂੰ ਅੱਪੜ ਗਿਆ ਹੈ। ਮੌਤ ਦਰ ਘੱਟ ਕੇ 1.85 ਫੀਸਦ ਤੇ ਸਿਹਤਯਾਬ ਹੋਣ ਵਾਲਿਆਂ ਦਰ ਵਧ ਕੇ 75.27 ਫੀਸਦ ਹੋ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 7,10,771 ਹੈ, ਜੋ ਕਿ ਕੁੱਲ ਕੇਸ ਲੋਡ ਦਾ 22.88 ਫੀਸਦ ਬਣਦਾ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਨੇ ਐਤਵਾਰ ਤਕ 3,59,02,137 ਨਮੂਨਿਆਂ ਦੀ ਜਾਂਚ ਕਰ ਲੈਣ ਦਾ ਦਾਅਵਾ ਕੀਤਾ ਹੈ।

  ਲੰਡਨ - ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਯ ਦਲੀਪ ਸਿੰਘ ਦਾ ਇਥੇ ਬਣਿਆ ਮਹਿਲ ਵਿਕਣ ਲਈ ਤਿਆਰ ਹੈ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਮਹਾਰਾਜਾ ਸੀ। ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ ’ਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 ’ਚ ਲੰਡਨ ’ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ। ਕਈ ਸਾਲਾਂ ਬਾਅਦ ਉਸ ਨੇ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਲੇਡੀ ਐਨ ਕੋਵੈਂਟਰੀ ਨਾਲ ਵਿਆਹ ਕਰਵਾਇਆ ਸੀ ਜਿਸ ਮਗਰੋਂ ਬ੍ਰਿਟਿਸ਼ ਅਧਿਕਾਰੀਆਂ ਨੇ ਦੱਖਣ-ਪੱਛਮ ਕੇਨਸਿੰਗਟਨ ਦੇ ਦਿ ਲਿਟਿਲ ਬੋਲਟਨਜ਼ ਇਲਾਕੇ ’ਚ ਉਸ ਨੂੰ ਲੀਜ਼ ’ਤੇ ਮਹਿਲ ਦੇ ਦਿੱਤਾ ਸੀ। ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ। 1868 ’ਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਈਸਟ ਇੰਡੀਆ ਕੰਪਨੀ ਨੇ ਖ਼ਰੀਦ ਲਿਆ ਸੀ। ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚ ਦੇ ਬਦਲੇ ’ਚ ਲੀਜ਼ ’ਤੇ ਦੇ ਦਿੱਤਾ ਸੀ। ਸ਼ਾਹੀ ਪਰਿਵਾਰ ਕੋਲ ਵਿੰਬਲਡਨ ਅਤੇ ਰੋਇਹੈਂਪਟਨ ’ਚ ਵੀ ਸੰਪਤੀਆਂ ਸਨ। ਉਨ੍ਹਾਂ ਕੋਲ ਪੂਰਬੀ ਇੰਗਲੈਂਡ ਦੇ ਸਫੋਲਕ ’ਚ 17 ਹਜ਼ਾਰ ਏਕੜ ਰਕਬੇ ’ਚ ਮਹਿਲ ਐਲਵੇਡਨ ਹਾਲ ਵੀ ਸੀ।

  ਅੰਮ੍ਰਿਤਸਰ - 24 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖਤ ਤੇ ਹੋਣ ਵਾਲੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਵਿਚਾਰਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਲਈ ਬਣੀ ਪੰਜ ਮੈਂਬਰੀ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਹੈ। ਇਹ ਜਾਂਚ ਟੀਮ ਪਿਛਲੇ ਵਰ੍ਹੇ ਅਕਤੂਬਰ 2019 ਵਿਚ ਬਣਾਈ ਗਈ ਸੀ, ਜਿਸ ਵਿਚ ਪੰਜ ਸਿੱਖ ਵਿਦਵਾਨ ਸ਼ਾਮਲ ਕੀਤੇ ਗਏ ਸਨ। ਇਸ ਕਮੇਟੀ ਵਲੋਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਵੀ ਤਿੰਨ ਮੀਟਿੰਗਾਂ ਆਨ ਲਾਈਨ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਕਾਤ ਵਾਸਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸੱਦਿਆ ਗਿਆ ਸੀ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਉਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ ਪਰ ਉਹ ਕਿਸੇ ਵੀ ਮੀਟਿੰਗ ਵਿਚ ਨਹੀਂ ਪੁੱਜਾ ਹੈ।
  ਪੰਜ ਮੈਂਬਰੀ ਕਮੇਟੀ ਵਲੋਂ ਦਿੱਤੀ ਗਈ ਜਾਂਚ ਰਿਪੋਰਟ ਵਿਚ ਇਨ੍ਹਾਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਪ੍ਰਚਾਰਕ ਨੂੰ ਭੇਜੇ ਗਏ ਸੱਦਾ ਪੱਤਰ ਅਤੇ ਉਸ ਵਲੋਂ ਮੀਟਿੰਗ ਲਈ ਕੋਈ ਹੁੰਗਾਰਾ ਨਾ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਕਮੇਟੀ ਵਲੋਂ ਇਹ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਭਲਕੇ 24 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਇਹ ਮਾਮਲਾ ਵਿਚਾਰੇ ਜਾਣ ਦੀ ਵੱਡੀ ਸੰਭਾਵਨਾ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿਚ ਸਿੱਖ ਪ੍ਰਚਾਰਕ ਖਿਲਾਫ ਪੰਥਕ ਰਵਾਇਤਾਂ ਮੁਤਾਬਕ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ 267 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ, ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ, ਚੀਫ ਖਾਲਸਾ ਦੀਵਾਨ ਦੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਅਤੇ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਆਪਣੇ ਪੱਧਰ ’ਤੇ ਮਾਫੀ ਦਿੱਤੇ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਲੰਘੇ 24 ਘੰਟਿਆਂ ਦੌਰਾਨ 45 ਮੌਤਾਂ ਹੋ ਗਈਆਂ ਹਨ। ਸੂਬੇ ਦੇ ਤਿੰਨ ਵੱਡੇ ਸ਼ਹਿਰਾਂ- ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਕਰੋਨਾ ਨਾਲ ਮੌਤਾਂ ਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ। ਸਿਹਤ ਵਿਭਾਗ ਮੁਤਾਬਕ ਲੁਧਿਆਣਾ ਵਿੱਚ ਸਭ ਤੋਂ ਵੱਧ 15 ਮੌਤਾਂ, ਜਲੰਧਰ ਵਿੱਚ 8, ਸੰਗਰੂਰ ਵਿੱਚ 5, ਮੁਹਾਲੀ ਵਿੱਚ 3, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਵਿੱਚ 2-2, ਬਠਿੰਡਾ, ਮਾਨਸਾ, ਫਰੀਦਕੋਟ, ਮੋਗਾ, ਨਵਾਂਸ਼ਹਿਰ, ਗੁਰਦਾਸਪੁਰ, ਤਰਨਤਾਰਨ ਅਤੇ ਰੋਪੜ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 1320 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 360, ਪਟਿਆਲਾ ਵਿੱਚ 177, ਮੁਹਾਲੀ ਵਿੱਚ 164, ਕਪੂਰਥਲਾ ਵਿੱਚ 74, ਮੁਕਤਸਰ ਵਿੱਚ 68, ਅੰਮ੍ਰਿਤਸਰ ਵਿੱਚ 92, ਸੰਗਰੂਰ ਵਿੱਚ 47, ਜਲੰਧਰ ਵਿੱਚ 46, ਪਠਾਨਕੋਟ ਵਿੱਚ 42, ਹੁਸ਼ਿਆਰਪੁਰ ਵਿੱਚ 34, ਫਤਿਹਗੜ੍ਹ ਸਾਹਿਬ ਵਿੱਚ 30, ਗੁਰਦਾਸਪੁਰ ਵਿੱਚ 26, ਰੋਪੜ ਵਿੱਚ 29, ਤਰਨਤਾਰਨ ਵਿੱਚ 27, ਫਰੀਦਕੋਟ ਵਿੱਚ 25, ਮੋਗਾ ਵਿੱਚ 25, ਮਾਨਸਾ ਵਿੱਚ 19, ਨਵਾਂਸ਼ਹਿਰ ਵਿੱਚ 13, ਫਾਜ਼ਿਲਕਾ ਵਿੱਚ 10, ਬਰਨਾਲਾ ਵਿੱਚ 6, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ 3-3 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ 336 ਵਿਅਕਤੀਆਂ ਨੂੰ ਇਸ ਸਮੇਂ ਆਕਸੀਜ਼ਨ ਤੇ 49 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਲੰਘੇ 24 ਘੰਟਿਆਂ ਦੌਰਾਨ 22,110 ਸੈਂਪਲ ਲਏ ਹਨ।

  ਸ੍ਰੀਨਗਰ - ਜੰਮੂ ਤੇ ਕਸ਼ਮੀਰ ਵਿਚ ਮੁੱਖਧਾਰਾ ਦੀਆਂ ਛੇ ਸਿਆਸੀ ਪਾਰਟੀਆਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਰਾਜ ਵਿਚ ‘ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ।’ ਕਸ਼ਮੀਰ ਵਿਚ ਸਿਆਸੀ ਧਿਰਾਂ ਨੇ ਅੱਜ ਇੱਕਮਤ ਹੁੰਦਿਆਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਮੁੜ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜ ਅਗਸਤ, 2019 ਤੋਂ ਪਹਿਲਾਂ ਵਾਲਾ ਦਰਜਾ ਮੁੜ ਬਹਾਲ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਵਿਚ ‘ਦੂਰਅੰਦੇਸ਼ੀ ਦੀ ਘਾਟ’ ਸੀ ਤੇ ਇਹ ‘ਨਿਰੋਲ ਗ਼ੈਰਸੰਵਿਧਾਨਕ’ ਫ਼ੈਸਲਾ ਹੈ। ਪਾਰਟੀਆਂ ਨੇ ਦੁਹਰਾਇਆ ਕਿ ਉਹ ‘ਗੁਪਕਾਰ ਮਤੇ’ ਲਈ ਪਾਬੰਦ ਹਨ। ਇਹ ਮਤਾ 4 ਅਗਸਤ, 2019 ਨੂੰ ਐਨਸੀ ਪ੍ਰਧਾਨ ਫਾਰੂਕ ਅਬਦੁੱਲਾ ਦੀ ਗੁਪਕਾਰ ਸਥਿਤ ਰਿਹਾਇਸ਼ ਉਤੇ ਹੋਈ ਸਰਬ-ਪਾਰਟੀ ਮੀਟਿੰਗ ਮਗਰੋਂ ਪਾਸ ਕੀਤਾ ਗਿਆ ਸੀ। ਸਿਆਸੀ ਧਿਰਾਂ ਨੇ ਕਿਹਾ ਸੀ ਕਿ ਉਹ ਕਸ਼ਮੀਰ ਦੀ ਪਛਾਣ, ਖ਼ੁਦਮੁਖਤਿਆਰੀ ਤੇ ਵਿਸ਼ੇਸ਼ ਦਰਜੇ ਦੀ ਰਾਖੀ ਲਈ ਇਕਜੁੱਟ ਹਨ। ਧਾਰਾ 35-ਏ ਅਤੇ 370 ਹਟਾਉਣੀ ਗ਼ੈਰ-ਸੰਵਿਧਾਨਕ ਹੋਵੇਗੀ। 2019 ਵਿਚ ਪਾਸ ਮਤੇ ’ਚ ਸੂਬੇ ਨੂੰ ਤਿੰਨ ਹਿੱਸਿਆਂ ’ਚ ਵੰਡੇ ਜਾਣ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੇ ਹਿੱਤਾਂ ਖ਼ਿਲਾਫ਼ ਦੱਸਿਆ ਗਿਆ ਸੀ। ਨਵਾਂ ਮਤਾ ਪਾ ਕੇ ਜਾਰੀ ਕੀਤੇ ਗਏ ਬਿਆਨ ਨੂੰ ‘ਗੁਪਕਾਰ ਐਲਾਨਨਾਮਾ-ਦੋ’ ਦਾ ਨਾਂ ਦਿੱਤਾ ਗਿਆ ਹੈ। ਸਾਂਝੇ ਬਿਆਨ ਉਤੇ ਐੱਨਸੀ ਪ੍ਰਧਾਨ ਫ਼ਾਰੂਕ ਅਬਦੁੱਲਾ ਤੋਂ ਇਲਾਵਾ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਜੀ.ਏ. ਮੀਰ, ਸੀਪੀਐਮ ਆਗੂ ਐਮ.ਵਾਈ. ਤਰੀਗਾਮੀ, ਪੀਪਲਜ਼ ਕਾਨਫ਼ਰੰਸ ਦੇ ਸੱਜਾਦ ਲੋਨ ਅਤੇ ਅਵਾਮੀ ਨੈਸ਼ਨਲ ਕਾਨਫਰੰਸ ਦੇ ਆਗੂ ਮੁਜ਼ੱਫਰ ਸ਼ਾਹ ਦੇ ਹਸਤਾਖ਼ਰ ਹਨ। ਸਿਆਸੀ ਧਿਰਾਂ ਨੇ ਕਿਹਾ ਹੈ ਕਿ ਚਾਰ ਅਗਸਤ, 2019 ਦੀ ਗੁਪਕਾਰ ਬੈਠਕ ਮਗਰੋਂ ਉਨ੍ਹਾਂ ਦਾ ਇਕ-ਦੂਜੇ ਨਾਲ ਮੁੱਢਲੇ ਪੱਧਰ ਦਾ ਸੰਵਾਦ ਵੀ ਨਹੀਂ ਹੋ ਸਕਿਆ। ਇਸ ਲਈ ਸਾਰੀਆਂ ਸਿਆਸੀ ਧਿਰਾਂ ਦਾ ਸਾਂਝਾ ਮਤਾ ਲਿਆਉਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮਾਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪਰਖ਼ਣ ਵਾਲਾ ਹੈ, ਸ਼ਾਂਤੀ ਪਸੰਦ ਲੋਕ ਮਨਾਂ ਵਿਚ ਦਰਦ ਸਮੋਈ ਬੈਠੇ ਹਨ। ਸਿਆਸੀ ਧਿਰਾਂ ਵਿਚਾਲੇ ਇਸ ਗੱਲ ਲਈ ਸਹਿਮਤੀ ਬਣੀ ਕਿ ਆਪਣੇ ਹੱਕਾਂ ਵਾਸਤੇ ਲੜਨ ਲਈ ਸਾਂਝਾ ਮੰਚ ਹੀ ਪ੍ਰਭਾਵੀ ਰਾਹ ਹੈ। ਮਤੇ ਰਾਹੀਂ ਪਾਰਟੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਸਿਆਸੀ ਗਤੀਵਿਧੀਆਂ ਦਾ ਮੰਤਵ ਜੰਮੂ ਕਸ਼ਮੀਰ ਦਾ ਪੰਜ ਅਗਸਤ, 2019 ਤੋਂ ਪਹਿਲਾਂ ਵਾਲਾ ਦਰਜਾ ਬਹਾਲ ਕਰਵਾਉਣਾ ਹੋਵੇਗਾ। ਜੰਮੂ ਕਸ਼ਮੀਰ ਦੀਆਂ ਪਾਰਟੀਆਂ ਨੇ ਧਾਰਾ 370 ਹਟਾਉਣ ਦਾ ਵਿਰੋਧ ਕਰਨ ਵਾਲੇ ਭਾਰਤ ਦੇ ਲੋਕਾਂ, ਸਿਆਸੀ ਧਿਰਾਂ, ਬੁੱਧੀਜੀਵੀਆਂ ਅਤੇ ਹੋਰ ਨਾਗਰਿਕ ਸੰਗਠਨਾਂ ਦਾ ਧੰਨਵਾਦ ਕੀਤਾ। ਕੰਟਰੋਲ ਰੇਖਾ ਅਤੇ ਅਸਲ ਕੰਟਰੋਲ ਰੇਖਾ ਦਾ ਮਤੇ ਵਿਚ ਜ਼ਿਕਰ ਕਰਦਿਆਂ ਪਾਰਟੀਆਂ ਨੇ ਕਿਹਾ ਕਿ ਉਹ ਉਪ-ਮਹਾਦੀਪ ਖੇਤਰ ਦੇ ਆਗੂਆਂ ਨੂੰ ਵੱਧ ਰਹੇ ਟਕਰਾਅ ਦਾ ਨੋਟਿਸ ਲੈਣ ਦੀ ਅਪੀਲ ਕਰਦੇ ਹਨ ਤਾਂ ਕਿ ਖਿੱਤੇ ਵਿਚ ਸ਼ਾਂਤੀ ਕਾਇਮ ਕੀਤੀ ਜਾ ਸਕੇ।

  ਮੋਗਾ -ਇਥੇ ਤਾਲਾਬੰਦੀ ਦੌਰਾਨ ਫ਼ਲਾਈਓਵਰ ’ਤੇ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ ਗਿਆ ਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ। ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਝੰਡਾ ਕਬਜ਼ੇ ’ਚ ਲੈ ਲਿਆ। ਸੂਬੇ ’ਚ ਤਾਲਾਬੰਦੀ ਕਾਰਨ ਪੁਲੀਸ ਹਰ ਥਾਂ ਤਾਇਨਾਤ ਹੋਣ ਦਾ ਦਾਅਵਾ ਕੀਤਾ ਜਾ ਰਿਹੈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਪੰਜਾਬ ਵਿਚ ਅਤਿਵਾਦ ਸੁਰਜੀਤ ਕਰਨ ਦੇ ਯਤਨ ਕਰ ਰਹੇ ਹਨ। ਉਹ ਨੌਜਵਾਨਾਂ ਭੜਾਕੇ ਡਾਲਰਾਂ ਦਾ ਲਾਲਚ ਵੀ ਦੇ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਬਹਿਕਾਵੇ ’ਚ ਨਾ ਆਉਣ। ਇਥੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣਾ ਸਰਕਾਰ ਨੂੰ ਸਿੱਧੀ ਚਣੌਤੀ ਹੈ।

  ਜਨੇਵਾ -  ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਬੇਸਬਰੀ ਨਾਲ ਇਸਦੇ ਵਿਰੁੱਧ ਟੀਕੇ ਦੀ ਉਡੀਕ ਕਰ ਰਹੀ ਹੈ। ਹਾਲਾਂਕਿ ਕੋਰੋਨਾ ਟੀਕਾ ਕਈ ਦੇਸ਼ਾਂ ਵਿੱਚ ਅੰਤਮ ਪੜਾਅ ਦੀਆਂ ਅਜ਼ਮਾਇਸ਼ਾਂ ਵਿੱਚੋਂ ਲੰਘ ਰਿਹਾ ਹੈ, ਪਰ ਰੂਸ ਨੇ ਆਪਣੇ ਪਹਿਲੇ ਸਮੂਹ ਦਾ ਉਤਪਾਦਨ ਵੀ ਸ਼ੁਰੂ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਲੋਕਾਂ ਦੇ ਮਨਾਂ ਵਿੱਚ ਇਹ ਪ੍ਰਸ਼ਨ ਹੈ ਕਿ ਇਹ ਟੀਕਾ ਪਹਿਲਾਂ ਕਿਸ ਨੂੰ ਮਿਲੇਗਾ? ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕੋਰੋਨਾ ਦੇ ਵਿਰੁੱਧ ਸਾਰੇ ਦੇਸ਼ਾਂ ਨੂੰ ਖਤਰੇ ਨੂੰ ਬਰਾਬਰ ਘਟਾਉਣ ਲਈ ਟੀਕੇ ਵੰਡਣ ਦੀ ਤਜਵੀਜ਼ ਪੇਸ਼ ਕੀਤੀ ਹੈ, ਚੇਤਾਵਨੀ ਦਿੱਤੀ ਹੈ ਕਿ ਅਮੀਰ ਦੇਸ਼ਾਂ ਦੇ ਹਰ ਕੋਨੇ ਤੱਕ ਸੀਮਤ ਸਪਲਾਈ ਮਹਾਂਮਾਰੀ ਖਤਮ ਕਰਨ ਦੀ ਕੋਸ਼ਿਸ਼ ਵਿੱਚ ਇੱਕ ਰੁਕਾਵਟ ਬਣੇਗੀ। ਡਬਲਯੂਐਚਓ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਟੀਕੇ ਦੀ ਵੰਡ ਪਹਿਲਾਂ ਸਾਰੇ ਦੇਸ਼ਾਂ ਨੂੰ ਅਨੁਪਾਤ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਉਨ੍ਹਾਂ ਦੀ ਆਬਾਦੀ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਬਹੁਤ ਵੱਡੇ ਪੈਮਾਨੇ ‘ਤੇ ਕੋਰੋਨਾ ਟੀਕੇ ਦੀ ਸੀਮਤ ਮਾਤਰਾ ਉਤਪਾਦਨ ਤੋਂ ਪਹਿਲਾਂ ਉਪਲਬਧ ਹੋਵੇਗੀ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਸ਼ੁਰੂਆਤ ਵਿੱਚ ਇਸਦੇ ਅਲਾਟਮੈਂਟ ਦੇ ਸੰਬੰਧ ਵਿੱਚ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ।ਜੂਨ ਮਹੀਨੇ ਵਿੱਚ ਡਬਲਯੂਐਚਓ ਨੇ ਕੋਰੋਨਾ ਵਾਇਰਸ ਟੀਕੇ ਦੇ ‘ਰਣਨੀਤਕ ਅਲਾਟਮੈਂਟ’ ਲਈ ਇੱਕ ਆਰਜ਼ੀ ਯੋਜਨਾ ਲਿਆਂਦੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਟੀਕਾ ਪਹਿਲਾਂ ਸਿਹਤ ਕਰਮਚਾਰੀਆਂ, 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਮੋਟਾਪਾ ਜਾਂ ਗੰਭੀਰ ਸਾਹ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਦੇਣਾ ਚਾਹੀਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਟੇਡਰੋਸ ਅਧਨੋਮ ਘੇਬਰੇਸ ਨੇ ਕਿਹਾ ਕਿ ਕੋਵਿਡ -19 ਸਪੈਨਿਸ਼ ਫਲੂ ਥੋੜੇ ਸਮੇਂ ਵਿੱਚ ਖ਼ਤਮ ਹੋ ਜਾਵੇਗਾ। ਡਬਲਯੂਐਚਓ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਜਿਨੇਵਾ ‘ਚ ਸੰਗਠਨ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਉਮੀਦ ਹੈ ਕਿ 2 ਸਾਲਾਂ ਤੋਂ ਵੀ ਘੱਟ ਸਮੇਂ ‘ਚ ਦੁਨੀਆ ਤੋਂ ਕੋਰੋਨਾ ਵਾਇਰਸ ਦਾ ਖਾਤਮਾ ਹੋ ਜਾਵੇਗਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਨੂੰ 1918 ਦੇ ਮਹਾਂਮਾਰੀ ਨਾਲੋਂ ਘੱਟ ਸਮੇਂ ਵਿੱਚ ਖਤਮ ਕੀਤਾ ਜਾਣਾ ਚਾਹੀਦਾ ਹੈ। ਪੰਜ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ, ਜਿਨ੍ਹਾਂ ‘ਚੋਂ 3 ਇਸ ਵੇਲੇ ਕਲੀਨਿਕਲ ਅਜ਼ਮਾਇਸ਼ਾਂ ਕਰ ਰਹੀਆਂ ਹਨ, ਨੂੰ ਕੋਵਿਡ -19 ਟੀਕੇ ਲਈ ਤਿੰਨ ਦਿਨਾਂ ਦੇ ਅੰਦਰ ਅੰਦਰ ਇੱਕ ਰੋਡਮੈਪ ਮੁਹੱਈਆ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਦਾ ਟੀਕਾ ਮਨਜ਼ੂਰ ਹੋਣ ‘ਤੇ ਉਨ੍ਹਾਂ ਨੂੰ ਵੱਡੇ ਪੱਧਰ’ ਤੇ ਕਿਵੇਂ ਉਤਪਾਦਨ ਕਰਨਗੇ ਅਤੇ ਉਹ ਉਸ ਦੀ ਕਿ ਕੀਮਤ ਚਾਹੁੰਦੇ ਹਨ। ਭਾਰਤ ਨੇ ਹਾਲੇ ਤੱਕ ਕਿਸੇ ਵੀ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨਾਲ ਪ੍ਰੀ-ਪ੍ਰੋਡਕਸ਼ਨ ਸੌਦੇ ‘ਤੇ ਹਸਤਾਖਰ ਨਹੀਂ ਕੀਤੇ ਹਨ, ਜੋ ਕਿ ਕਲੀਨਿਕ ਟਰਾਇਲ ਤੋਂ ਬਾਅਦ ਸਫਲਤਾਪੂਰਵਕ ਦੌੜ ਵਿੱਚ ਹਨ।

  ਚੰਡੀਗੜ੍ਹ - ਸੂਬੇ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਕੇਸਾਂ ਨਾਲ ਨਜਿੱਠਣ ਲਈ ‘ ਜੰਗੀ ਪੱਧਰ ਦੀਆਂ ਤਿਆਰੀਆਂ’ ਦੀ ਮੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਤਰ੍ਹਾਂ ਦੇ ਐਮਰਜੈਂਸੀ ਉਪਾਆਂ ਦੇ ਹੁਕਮ ਦਿੱਤੇ। ਇਨ੍ਹਾਂ ਵਿੱਚ ਸੂਬੇ ਦੇ ਸਾਰੇ 167 ਸ਼ਹਿਰਾਂ ਅਤੇ ਕਸਬਿਆਂ ਵਿੱਚ ਹਫਤਾਵਾਰੀ ਲੌਕਡਾਉੂਨ ਵਧਾਉਣ ਦੇ ਨਾਲ ਨਾਲ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਵਧਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 31 ਅਗਸਤ ਤੱਕ ਸੂਬੇ ਵਿੱਚ ਵਿਆਹਾਂ ਅਤੇ ਅੰਤਿਮ ਸੰਸਕਾਰ ਨੂੰ ਛੱਡ ਕੇ ਹਰ ਤਰ੍ਹਾਂ ਦੇ ਇਕੱਠਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਮਹੀਨੇ ਦੇ ਅੰਤ ਤਕ 50 ਫੀਸਦੀ ਸਮਰੱਥਾ ਨਾਲ ਹੀ ਚੱਲਣਗੇ। ਊਨ੍ਹਾਂ ਇਹ ਹੁਕਮ ਉੱਚ ਅਧਿਕਾਰੀਆਂ ਨਾਲ ਕੋਵਿਡ ਦੇ ਵੱਧ ਰਹੇ ਕੇਸਾਂ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ ਬਾਅਦ ਦਿੱਤੇ।
  ਇਸ ਦੇ ਨਾਲ ਹੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਸੀਮਤ ਰੱਖਣ ਅਤੇ ਆਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
  ਪੰਜ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸ.ਏ.ਐਸ.ਨਗਰ (ਮੁਹਾਲੀ) ਵਿੱਚ ਬੱਸਾਂ ਅਤੇ ਹੋਰ ਜਨਤਕ ਆਵਾਜਾਈ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਅਤੇ ਪ੍ਰਾਈਵੇਟ ਚਾਰ ਪਹੀਆ ਵਾਹਨਾਂ ਵਿੱਚ ਤਿੰਨ ਤੋਂ ਵਧ ਸਵਾਰੀਆਂ ਬਿਠਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਨ੍ਹਾਂ ਪੰਜ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹਦਾਇਤ ਕੀਤੀ ਹੈ ਕਿ ਭੀੜ ਨੂੰ ਰੋਕਣ ਲਈ ਰੋਜ਼ਾਨਾ ਸਿਰਫ 50% ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਹੀ ਆਗਿਆ ਦਿੱਤੀ ਜਾਵੇ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਕੁਲ ਸਰਗਰਮ ਕੇਸ ਸੂਬੇ ਦਾ 80 ਫੀਸਦੀ ਹਨ।
  ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵਿਆਹਾਂ ਅਤੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਸਬੰਧ ਵਿਚ ਨਿਯਮਾਂ ਦੀ ਪਾਲਣਾ ਨੂੰ ਸਖਤੀ ਨਾਲ ਲਾਗੂ ਕਰਨ ਅਤੇ 31 ਅਗਸਤ ਤੱਕ ਰਾਜਨੀਤਕ ਇਕੱਠਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਦੇ ਹੁਕਮ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਡੀਜੀਪੀ ਨੂੰ ਸਾਰੇ ਰਾਜਨੀਤਿਕ ਵਿਰੋਧ ਪ੍ਰਦਰਸ਼ਨਾਂ ਅਤੇ ਇਕੱਠਾਂ ਨੂੰ ਰੋਕਣ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੀ ਇਸ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ।
  ਉਨ੍ਹਾਂ ਕਿਹਾ ‘ਹੁਣ ਬਹੁਤ ਹੋ ਗਿਆ’ ,‘‘ ਸਾਨੂੰ ਸੂਬੇ ਦੀ ਆਰਥਿਕ ਗਤੀਵਿਧੀ ਨੂੰ ਪ੍ਰਭਾਵਿਤ ਕੀਤੇ ਬਿਨਾਂ ਸਖ਼ਤ ਹੋਣ ਦੀ ਲੋੜ ਹੈ। ’’ ਸੂਬੇ ਵਿਚ ਹੁਣ ਤਕ ਕਰੋਨਾ ਕਾਰਨ ਹੋਈਆਂ 920 ਮੌਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ , ‘‘ ਹਰ ਮੌਤ ਮੈਨੂੰ ਦੁਖੀ ਕਰਦੀ ਹੈ ਅਤੇ ਆਉਣ ਵਾਲੇ ਹਫ਼ਤਿਆਂ ਦਾ ਅਨੁਮਾਨ ਬਹੁਤ ਗੰਭੀਰ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਐਮਰਜੈਂਸੀ ਦੇ ਹਾਲਾਤ ਹਨ ਜਿਸ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

  ਜਲੰਧਰ - ਇੰਗਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਵਿੱਚੋਂ ਤਿੰਨ ਸਾਲ ਪਹਿਲਾਂ ਪੰਜਾਬ ਪੁਲੀਸ ਨੇ ਉਦੋਂ ਚੁੱਕ ਲਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਖਰੀਦੋ-ਫਰੋਖਤ ਕਰਨ ਲਈ ਆਇਆ ਹੋਇਆ ਸੀ। ਜੌਹਲ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਘਰ ਦੇ ਬਾਹਰ 10 ਡਾਊਨਿੰਗ ਸਟਰੀਟ ਲੰਡਨ ਵਿਖੇ ਸਿੱਖ ਸੰਗਤਾਂ ਨੇ ਵਿਖਾਵਾ ਕੀਤਾ। ਜੱਗੀ ਜੌਹਲ ਜਲੰਧਰ ਦੇ ਕਸਬਾ ਜੰਡਿਆਲਾ ਮੰਜਕੀ ਦਾ ਰਹਿਣ ਵਾਲਾ ਹੈ ਤੇ ਅਕਤੂਬਰ 2017 ਵਿੱਚ ਉਹ ਵਿਆਹ ਕਰਵਾਉਣ ਲਈ ਭਾਰਤ ਆਇਆ ਹੋਇਆ ਸੀ ਤੇ ਵਿਆਹ ਤੋਂ ਹਫਤੇ ਬਾਅਦ ਹੀ ਪੰਜਾਬ ਪੁਲੀਸ ਨੇ ਉਸ ਨੂੰ ਚੁੱਕ ਲਿਆ। ਇੰਗਲੈਂਡ ਦੇ 100 ਦੇ ਕਰੀਬ ਐਮਪੀਜ਼ ਨੇ ਉਸ ਦੀ ਰਿਹਾਈ ਲਈ ਅਵਾਜ਼ ਵੀ ਉਠਾਈ ਸੀ। ਜੱਗੀ ਜੌਹਲ 'ਤੇ 10 ਦੇ ਕਰੀਬ ਕੇਸ ਪਾਏ ਹੋਏ ਹਨ ਤੇ ਕਈਆਂ ਵਿੱਚੋਂ ਤਾਂ ਉਹ ਬਰੀ ਵੀ ਹੋ ਗਿਆ ਹੈ। ਵਿਖਾਵਾ ਕਰ ਰਹੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਅਪੀਲ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਬਾਅ ਪਾ ਕੇ ਜੌਹਲ ਦੀ ਰਿਹਾਈ ਯਾਕੀਨੀ ਬਣਾਉਣ।
  ਸ ਮੌਕੇ ਮੁਜਾਹਰੇ ਨੂੰ ਜਗਤਾਰ ਸਿੰਘ ਜੱਗੀ ਜੌਹਲ ਦੇ ਭਰਾ ਭਾਈ ਗੁਰਪ੍ਰੀਤ ਸਿੰਘ ਜੌਹਲ, ਫੈਡਰੇਸ਼ਨ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਮਸ਼ੇਰ ਸਿੰਘ, ਸਿੱਖ ਯੂਥ ਯੂਕੇ ਦੇ ਭਾਈ ਦੀਪਾ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਾਜਮਨਵਿੰਦਰ ਸਿੰਘ ਕੰਗ, ਭਾਈ ਅਵਤਾਰ ਸਿੰਘ ਖੰਡਾ, ਭਾਈ ਅਵਤਾਰ ਸਿੰਘ ਲਿੱਧੜ ਡਰਬੀ ਸਮੇਤ ਸਿੱਖ ਬੀਬੀਆਂ ਨੇ ਸੰਬੋਧਨ ਕੀਤਾ।

  ਅੰਮ੍ਰਿਤਸਰ- ਸਤਲੁਜ-ਯੁਮਨਾ ਲਿੰਕ ਨਹਿਰ ਦੀ ਉਸਾਰੀ ਨੂੰ ਨਾਮੁਮਕਿਨ ਦੱਸਦਿਆਂ ਦਲ ਖਾਲਸਾ ਨੇ ਆਖਿਆ ਕਿ ਪੰਜਾਬ ਕੋਲ ਗ਼ੈਰ-ਰਾਇਪੇਰੀਅਨ ਸੂਬਿਆਂ ਨੂੰ ਦੇਣ ਲਈ ਦਰਿਆਈ ਪਾਣੀ ਦੀ ਇਕ ਵੀ ਵਾਧੂ ਬੂੰਦ ਨਹੀਂ ਹੈ। ਜਥੇਬੰਦੀ ਨੇ ਕਿਹਾ ਕਿ ਮਸਲਾ ਪਾਣੀਆਂ ਦੀ ਵੰਡ ਦਾ ਨਹੀਂ, ਸਗੋਂ ਪਾਣੀਆਂ ਦੀ ਮਾਲਕੀ ਦਾ ਹੈ ਅਤੇ ਪੰਜਾਬ ਸੂਬਾ ਬਿਆਸ, ਸਤਲੁਜ ਅਤੇ ਰਾਵੀ ਦੇ ਪਾਣੀਆਂ ਦਾ ਮਾਲਕੀ ਹੱਕ ਰੱਖਦਾ ਹੈ।

  ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਜਾਰੀ ਰੱਖਣ ਲਈ ਹੀ ਕੇਂਦਰ ਸਰਕਾਰ ਨੇ ਗ਼ੈਰ-ਰਿਪੇਰੀਅਨ ਸਿਧਾਂਤ ਅਤੇ ਨਿਯਮ ਦੇ ਉਲਟ ਜਾ ਕੇ ਸਤਲੁਜ-ਯੁਮਨਾ ਲਿੰਕ ਨਹਿਰ ਬਣਾਊਣ ਦਾ ਫ਼ੈਸਲਾ ਲਿਆ ਸੀ, ਜੋ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦਾ ਮੁੱਦਾ ਜਾਣਬੁੱਝ ਕੇ ਵਾਰ-ਵਾਰ ਉਭਾਰਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਤਾਇਆ ਜਾ ਸਕੇ। ਊਨ੍ਹਾਂ ਆਖਿਆ ਕਿ ਜੇ ਕੇਂਦਰ ਨੇ ਐੱਸਵਾਈਐੱਲ ਨਹਿਰ ਮੁੜ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਲੋਕ ਬਗ਼ਾਵਤ ਕਰਨਗੇ। ਪਾਣੀਆਂ ਦੀ ਰਾਖੀ ਕਰਦਿਆਂ ਪਹਿਲਾਂ ਵੀ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਜੇਲ੍ਹਾਂ ਕੱਟੀਆਂ ਹਨ।

  ਉਨ੍ਹਾਂ ਨੇ ਮੁੱਖ ਮੰਤਰੀ ਦੀ ਉਸ ਮੰਗ ਨਾਲ ਅਸਹਿਮਤੀ ਪ੍ਰਗਟਾਈ ਕਿ ਪਾਣੀਆਂ ਦਾ ਮੁਲਾਂਕਣ ਕਰਨ ਲਈ ਨਵਾਂ ਟ੍ਰਿਬਿਊਨਲ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਮਸਲਾ ਲਮਕਾਉਣ ਦੀ ਨੀਤੀ ਛੱਡ ਕੇ ਪਾਣੀਆਂ ਦੇ ਵਿਵਾਦ ਨੂੰ ਰਿਪੇਰੀਅਨ ਸਿਧਾਂਤ ਅਤੇ ਕਾਨੂੰਨ ਦੀ ਰੌਸ਼ਨੀ ਵਿਚ ਨਿਬੇੜਨ ਲਈ ਯਤਨ ਕੀਤੇ ਜਾਣ। ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਪ੍ਰਗਟਾਏ ਖ਼ਦਸ਼ਿਆਂ ਦੀ ਪ੍ਰੋੜਤਾ ਕੀਤੀ ਕਿ ਐੱਸਵਾਈਐੱਲ ਦਾ ਮੁੱਦਾ ਪੰਜਾਬ ਅੰਦਰ ਹਥਿਆਰਬੰਦ ਬਗ਼ਾਵਤ ਨੂੰ ਜਨਮ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ 34.08 ਐੱਮ.ਏ.ਐੱਫ ਪਾਣੀ ਹੈ, ਜਿਸ ਵਿਚੋਂ ਹਰਿਆਣਾ 7.8, ਰਾਜਸਥਾਨ 10.5, ਦਿੱਲੀ 0.2, ਜੰਮੂ-ਕਸ਼ਮੀਰ 0.7 ਫ਼ੀਸਦ ਲੈ ਰਿਹਾ ਹੈ ਤੇ ਪੰਜਾਬ ਕੋਲ 15.6 ਐੱਮਏਐੱਫ ਪਾਣੀ ਹੀ ਬਾਕੀ ਬਚਦਾ ਹੈ। ਉਨ੍ਹਾਂ ਕਿਹਾ ਕਿ ਹਕੂਮਤੀ ਜ਼ੋਰ-ਜਬਰ ਨਾਲ ਪੰਜਾਬ ਦਾ 50 ਫ਼ੀਸਦ ਪਾਣੀ ਗ਼ੈਰ-ਦਰਿਆਈ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com