ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਰੂਪਨਗਰ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਾਂਗਰਸ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਥਾਪ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ 1984 ਦੇ ਸਿੱਖ ਵਿਰੋਧੀ ਦੰਗਿਆ ਵਿੱਚ ਕਮਲ ਨਾਥ ਦੀ ਭੂਮਿਕਾ ਜੱਗ ਜਾਹਰ ਹੈ ਅਤੇ ਉਨ੍ਹਾਂ ਦੇ ਮੁੱਖ ਮੰਤਰੀ ਬਨਣ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਪਾਕਿਸਤਾਨ ਦੀ ਚਾਲ ਵਾਲੀ ਦਿੱਤੀ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ `ਕਿ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੇ ਸਿੱਖ ਸੰਗਤਾਂ ਦੇ ਮਨਾਂ ’ਤੇ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਹਾਂ-ਪੱਖੀ ਮਾਹੌਲ ਸਿਰਜਿਆ ਜਾ ਚੁੱਕਾ ਹੈ ਤਾਂ ਕੈਪਟਨ ਦੁਆਰਾ ਅਜਿਹਾ ਬਿਆਨ ਦੇਣਾ ਮੰਦਾਭਾਗਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਆਕਾਲੀ ਦਲ ਕੁਰਬਾਨੀਆਂ ਅਤੇ ਬਲਿਦਾਨਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਲਈ ਆਕਾਲੀ ਦਲ ਦੇ ਵਰਕਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਕਰੇ ਬਿਨਾਂ 1966 ਵਿੱਚ ਪੰਜਾਬੀ ਸੂਬੇ ਦੀ ਹੋਂਦ ਕਾਇਮ ਕਰਵਾਈ ਸੀ।

  ਨਵੀਂ ਦਿੱਲੀ - ਸੀਪੀਆਈਐਮ ਨੇ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਮੇਘਾਲਿਆ ਹਾਈ ਕੋਰਟ ਦੇ ਜਸਟਿਸ ਸੁਦੀਪ ਰੰਜਨ ਸੇਨ ਨੂੰ ਨਿਆਇਕ ਫ਼ਰਜ਼ਾਂ ਤੋਂ ਲਾਂਭੇ ਕਰਨ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਆਪਣੇ ਇਕ ਹਾਲੀਆ ਫ਼ੈਸਲੇ ਵਿਚ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਖਿਲਾਫ਼ ਟੀਕਾ ਟਿੱਪਣੀਆਂ ਕੀਤੀਆਂ ਸਨ। ਜਸਟਿਸ ਸੇਨ ਨੇ 12 ਦਸਬੰਰ ਨੂੰ ਸੁਣਾਏ ਫੈਸਲੇ ਵਿਚ ਆਖਿਆ ਸੀ ਕਿ ਭਾਰਤ ਨੂੰ 1947 ਦੀ ਵੰਡ ਵੇਲੇ ਹੀ ਹਿੰਦੂ ਰਾਸ਼ਟਰ ਐਲਾਨ ਦੇਣਾ ਚਾਹੀਦਾ ਸੀ। ਖੱਬੀ ਪਾਰਟੀ ਨੇ ਆਖਿਆ ਕਿ ਜਸਟਿਸ ਸੇਨ ਖਿਲਾਫ਼ ਸੰਸਦ ਵਿਚ ਮਹਾਂਦੋਸ਼ ਦੀ ਕਾਰਵਾਈ ਚਲਾਉਣ ਲਈ ਹੋਰਨਾਂ ਪਾਰਟੀਆਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਸੀਪੀਆਈਐਮ ਨੇ ਦੋਸ਼ ਲਾਇਆ ਕਿ ਜਸਟਿਸ ਸੇਨ ਨੇ ਹਿੰਦੂ ਰਾਸ਼ਟਰ ਬਾਰੇ ਆਰਐਸਐਸ ਦੀ ਵਿਚਾਰਧਾਰਾ ਪ੍ਰਤੀ ਆਪਣਾ ਸਿਆਸੀ ਅਕੀਦਾ ਜ਼ਾਹਰ ਕੀਤਾ ਹੈ ਤੇ ਇੰਜ ਜੱਜ ਦੇ ਅਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਹੱਕ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਜੱਜ ਨੇ ਨਾਗਰਿਕਤਾ ਕਾਨੂੰਨ ’ਚ ਸੋਧ ਬਾਰੇ ਇਕ ਸਿਆਸੀ ਬਿਆਨ ਦਿੱਤਾ ਹੈ।

  ਨਰਿੰਦਰ ਪਾਲ ਸਿੰਘ, 98553-13236 *

  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਸੰਘਰਸ਼ 1ਜੂਨ 2018 ਨੂੰ ਬਰਗਾੜੀ ਤੋਂ ਸ਼ੁਰੂ ਹੋਇਆ, ਉਹ ਪਹਿਲਾ ਸੰਘਰਸ਼ ਸੀ ਜੋ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰਾਂ ਦੁਆਰਾ ਆਰੰਭਿਆ ਗਿਆ।ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਉਪਰੰਤ ਇਹ ਪਹਿਲਾ ਸਿੱਖ ਸੰਘਰਸ਼ ਮੰਨਿਆ ਜਾਵੇਗਾ ਜੋ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਸਹਿਯੋਗ ਪ੍ਰਾਪਤ ਕਰ ਸਕਿਆ।ਅਜੇਹਾ ਇਸ ਕਰਕੇ ਸੰਭਵ ਹੋ ਸਕਿਆ ਕਿ ਕੌਮ ਨੂੰ ਇਹ ਮਾਣ ਸੀ ਕਿ ਜਿਹੜੇ ਜਥੇਦਾਰ ਹੁਣ ਉਸ ਦੀਆਂ ਖਾਹਿਸ਼ਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਹਨ ਕਿਸੇ ਇੱਕ ਸ਼ਖਸ਼ ਦੀ ਜੇਬ ਵਿੱਚੋਂ ਨਹੀ ਨਿਕਲੇ ।ਬਰਗਾੜੀ ਇਨਸਾਫ ਮੋਰਚੇ ਦੀ ਆਰੰਭਤਾ ਦੇ ਚਸ਼ਮਦੀਦ ਇਹ ਸਾਖੀ ਭਰਨਗੇ ਕਿ 1ਜੂਨ 2018 ਵਾਲੇ ਦਿਨ ,ਜਦੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥਕ ਇੱਕਠ ਮੁਹਰੇ ਇਹ ਸ਼ਬਦ ਕਹੇ ਸਨ ਕਿ ‘ਕੌਮ ਦਾ ਜਥੇਦਾਰ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਹੈ ਕਿ ਮੈਂ ਕੌਮ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵਾਂ।ਜੇ ਕੁਰਬਾਨੀ ਦੀ ਵੀ ਲੋੜ ਪਈ ਤਾਂ ਪਹਿਲੀ ਕੁਰਬਾਨੀ ਮੈਂ ਦੇਵਾਂਗਾ’।ਜਥੇਦਾਰ ਧਿਆਨ ਸਿੰਘ ਮੰਡ ਦੇ ਇਸ ਐਲਾਨ ਉਪਰੰਤ ਹਾਜਰ ਸੰਗਤਾਂ ਵਿਚ ਕਿਸੇ ਦੇ ਚਿਹਰੇ ਤੇ ਕੋਈ ਹੈਰਾਨੀ,ਕੋਈ ਚਿੰਤਾ ਜਾਂ ਨਿਰਾਸ਼ਾ ਨਹੀ ਵੇਖੀ ਗਈ ਬਲਕਿ ਕੌਮੀ ਤੇ ਖਾਲਸਈ ਨਾਅਰਿਆਂ ਦਾ ਉਹੀ ਜੈਕਾਰ,ਕੌਮੀ ਚਾਅ ਤੇ ਖੁਸ਼ੀ ਵੇਖੀ ਗਈ ਜੋ 10 ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਪੰਥਕ ਧਿਰਾਂ ਵਲੋਂ ਕਰਵਾਏ ਸਰਬੱਤ ਖਾਲਸਾ ਮੌਕੇ,ਕੌਮ ਦੀ ਅਗਵਾਈ ਨਵੇਂ ਜਥੇਦਾਰਾਂ ਨੂੰ ਥਾਪੇ ਜਾਣ ਦੇ ਐਲਾਨ ਮੌਕੇ ਸਾਹਮਣੇ ਆਈ।
  ਅਸੀਂ ਇਹ ਜਿਕਰ 11ਨਵੰਬਰ ਦੀ ਅਖਬਾਰ ਤੋਂ ਇਲਾਵਾ ਅਨਗਿਣਤ ਵਾਰ ਕਰ ਚੁੱਕੇ ਹਾਂ ਤੇ ਰੋਜ਼ਾਨਾ ਪਹਿਰੇਦਾਰ ਵਲੋਂ ਦੁਹਰਾਉਣਾ ਵੀ ਚਾਹੁੰਦੇ ਹਾਂ ਕਿ ਜੋ ਸੰਗਤੀ ਇਕੱਠ ਚੱਬਾ ਦੀ ਇਤਿਹਾਸਕ ਧਰਤੀ ਤੇ ਹੋਇਆ।ਜੋ ਉਤਸ਼ਾਹ ਤੇ ਜੋਸ਼ ਸਿੱਖ ਸੰਗਤ ਨੇ ਖਾਲਸਾ ਸਿਰਜਣਾ ਦਿਹਾੜੇ ਅਤੇ ਬੰਦੀ ਛੋੜ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਬੁਲਾਏ ਗਏ ਦੋ ਵੱਖ ਵੱਖ ਸਰਬੱਤ ਖਾਲਸਾ ਜਾਂ ਕੌਮੀ ਜਥੇਦਾਰਾਂ ਵਲੋਂ ਵੱਖ ਵੱਖ ਸਮੇਂ ਬਰਗਾੜੀ ਇਨਸਾਫ ਮੋਰਚੇ ਦੇ ਮੰਚ ਤੋਂ ਦਿੱਤੇ ਸੱਦੇ ਸੱਦਿਆਂ ਨੂੰ ਸਫਲ ਕਰਨ ਲਈ ਵਿਖਾਇਆ,ਉਹ ਕਿਸੇ ਇੱਕ ਸ਼ਖਸ਼ ,ਜਥੇਬੰਦੀ ਜਾਂ ਆਗੂ ਕਰਕੇ ਨਹੀ ਬਲਕਿ ਕੌਮ ਦੇ ਅੰਦਰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦਰਦ ਦੇ ਮੱਦੇ ਨਜਰ ਹੈ।ਅੱਜ ਵੀ ਜੇਕਰ ਬਰਗਾੜੀ ਮੋਰਚੇ ਦੀ ਕੋਈ ਪ੍ਰਾਪਤੀ ਗਿਨਣੀ ਹੋਵੇ ਤਾਂ ਉਸਤੋਂ ਪਹਿਲਾਂ ਕੌਮ ਵਲੋਂ ਅਪ੍ਰੈਲ 2017 ਵਿੱਚ ਸਿੱਖ ਕੌਮ ਵਲੋਂ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੌਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਬਾਦਲਕਿਆਂ ਨੂੰ ਸੂਬੇ ਦੀ ਸੱਤਾ ਤੋਂ ਬਾਹਰ ਕਰਨਾ ਵਿਚਾਰਨਾ ਬਣਦਾ ਹੈ।ਵਿਚਾਰਨਾ ਬਣਦਾ ਹੈ ਕਿ ਜਾਗਰੂਕ ਕੌਮ ਨੇ ਨਾਂ ਤਾਂ ਕੌਮੀ ਸਿਧਾਤਾਂ,ਤਖਤਾਂ ਦੀ ਮਾਣ ਮਰਿਆਦਾ ਤੇ ਸਤਿਕਾਰ ਢਾਹ ਲਾਣ ਵਾਲੇ ਸਰਕਾਰੀ ਜਥੇਦਾਰਾਂ ਨੂੰ ਅਜੇ ਤੀਕ ਮੁਆਫ ਕੀਤਾ ਹੈ ਤੇ ਨਾ ਹੀ ਉਨਾਂ ਬਾਦਲ ਦਲੀਆਂ ਨੂੰ ਜਿਨਾਂ ਨੇ ਜਥੇਦਾਰਾਂ ਪਾਸੋਂ ਇਹ ਘਿਨਾਉਣਾ ਪਾਪ ਕਰਵਾਇਆ।ਬਰਗਾੜੀ ਮੋਰਚੇ ਦੀਆਂ ਪ੍ਰਾਪਤੀਆਂ ਤੇ ਅਸਫਲਤਾਵਾਂ ,ਇੱਕ ਲੰਬਾ ਚੌੜਾ ਤੇ ਚਿੰਤਨ ਦਾ ਵਿਸ਼ਾ ਹੈ ਜਿਸ ਬਾਰੇ ਫਿਲਹਾਲ ਕੁਝ ਕਹਿਣਾ ਸਹੀ ਨਹੀ ਹੋੋਵੇਗਾ।ਬਰਗਾੜੀ ਮੋਰਚੇ ਦੇ ਮੁੱਖ ਸੂਤਰਧਾਰ ਜਥੇਦਾਰ ਧਿਆਨ ਸਿੰਘ ਮੰਡ ਦੇ ਆਪਣੇ ਸ਼ਬਦਾਂ ਵਿੱਚ ‘ਮੋਰਚਾ ਸਮਾਪਤ ਨਹੀ ਹੋਇਆ।ਇੱਕ ਪੜਾਅ ਤੋਂ ਦੂਸਰੇ ਪੜਾਅ ਵੱਲ ਵਧਿਆ ਹੈ’।ਅਸੀਂ ਉਨਾਂ ਵਲੋਂ ਅਗਾਮੀ ਦਿਨਾਂ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮ ਦੀ ਉਡੀਕ ਵੀ ਕਰਾਂਗੇ ਤੇ ਕਰਨੀ ਵੀ ਚਾਹੀਦੀ ਹੈ ।
  ਲ਼ੇਕਿਨ ਸਭਤੋਂ ਅਹਿਮ ਮੁੱਦਾ ਜੋ ਕੌਮ ਦੇ ਸਾਹਮਣੇ ਆਇਆ ਹੈ ਉਹ ਬੇਹੱਦ ਚਿੰਤਾਜਨਕ ਹੈ ਕਿ ਜਿਹੜੇ ਜਥੇਦਾਰਾਂ ਨੂੰ ਕੌਮ ਨੇ ਸੁਚੱਜੀ ਅਗਵਾਈ ਦੀ ਜਿੰਮੇਵਾਰੀ ਸੌਪੀ ਤੇ ਉਹ ਖੁਦ ਬਾਰ ਬਾਰ ਕੌਮੀ ਏਕਤਾ ਦਾ ਸੁਨੇਹਾ ਦਿੰਦੇ ਰਹੇ,ਉਹ ਖੁੱਦ ਹੀ ਏਕਤਾ ਤੋਂ ਦੂਰ ਹਨ।ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀ ਹਨ ਕਿ ਜਥੇਦਾਰੀਆਂ ਸੰਭਾਲਣ ਉਪਰੰਤ ਇਨਾਂ ਜਥੇਦਾਰਾਂ ਵਲੋਂ ਲਏ ਫੈਸਲਿਆਂ ਤੇ ਕੌਮ ਨੇ ਕੋਈ ਇਤਰਾਜ ਨਹੀ ਜਿਤਾਇਆ ।ਲੇਕਿਨ ਇਹ ਜਥੇਦਾਰ,ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਭੇਜੇ ਸੁਨੇਹਿਆਂ ਤੇ ਸੰਦੇਸ਼ਾਂ ਤੇ ਭੀ ਕਿੰਤੂ ਪ੍ਰੰਤੂ ਜਰੂਰ ਕਰਦੇ ਰਹੇ,ਇਹ ਪਹਿਲੂ ਕਦਾਚਿਤ ਅਣਗੋਲਿਆ ਨਹੀ ਕੀਤਾ ਜਾ ਸਕਦਾ।ਲੇਕਿਨ ਇਸਦੇ ਬਾਵਜੂਦ ਸਿੱਖ ਕੌਮ ਨੇ ਸਰਬੱਤ ਖਾਲਸਾ ਜਥੇਦਾਰਾਂ ਵਿੱਚ ਵਿਸ਼ਵਾਸ਼ ਜਾਰੀ ਰੱਖਿਆ ਤੇ ਉਹ ਵਿਸ਼ਵਾਸ਼ ਬਰਗਾੜੀ ਇਨਸਾਫ ਮੋਰਚੇ ਦੇ ਪਹਿਲੇ ਦਿਨ (1ਜੂਨ2018)ਤੋਂ 192 ਵੇਂ ਦਿਨ (9 ਦਸੰਬਰ 2018)ਤੀਕ ਬਰਕਰਾਰ ਰਿਹਾ।ਜਿਹੜੇ ਜਾਗਰੂਕ ਸਿੱਖ 1ਜੂਨ ਤੋਂ ਲੈਕੇ 191 ਵੇਂ ਦਿਨ ਤੀਕ ਬਰਗਾੜੀ ਇਨਸਾਫ ਮੋਰਚੇ ਦੇ ਸਮੁਚੇ ਸਮਾਗਮਾਂ ਦੀ ਵਿਉਂਤਬੰਦੀ ਦੇ ਗਵਾਹ ਹਨ ਉਹ ਇਹ ਜਰੂਰ ਤਸਦੀਕ ਕਰਨਗੇ ਕਿ ਹਰ ਦਿਨ ਸਮਾਪਤੀ ਦਾ ਭਾਸ਼ਣ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਿੰਦੇ ਰਹੇ ਹਨ।ਉਨਾਂ ਦੇ ਹਰ ਵਿਚਾਰ ਵਿੱਚ ਇਹ ਸਪਸ਼ਟ ਰਹਿੰਦਾ ਸੀ ਕਿ ਇਹ ਇਨਸਾਫ ਮੋਰਚਾ ਸਾਰੇ ਹੀ ਸਰਬੱਤ ਖਾਲਸਾ ਜਥੇਦਾਰ ਸਾਹਿਬਾਨ ਦੇ ਸਾਂਝੇ ਯਤਨਾਂ ਸਦਕਾ ਅੱਗੇ ਵਧ ਰਿਹਾ ਹੈ।1ਜੂਨ ਵਾਲੇ ਦਿਨ ਉਨਾਂ ਦੀ ਮੰਚ ਤੋਂ ਬਾਰ ਬਾਰ ਅਵਾਜ ਗੂੰਜਦੀ ਰਹੀ ਕਿ ‘ਜਥੇਦਾਰ ਧਿਆਨ ਸਿੰਘ ਮੰਡ ਅੱਜ ਕੋਈ ਅਹਿਮ ਫੈਸਲਾ ਸੁਨਾਉਣਗੇ,ਜਥੇਦਾਰ ਮੰਡ ਕੋਈ ਪ੍ਰੋਗਰਾਮ ਦੇਣਗੇ’।
  ਜਿਕਰ ਕਰਨਾ ਜਰੂਰੀ ਹੈ ਕਿ ਇਨਾਂ 191 ਦਿਨਾਂ ਵਿੱਚ ਜਥੇਦਾਰ ਮੰਡ ਲਈ ਕਦੇ ਵੀ ਕਿਸੇ ਵੀ ਬੁਲਾਰੇ ਜਾਂ ਜਥੇਦਾਰ ਸਾਹਿਬ ਨੇ ਸ਼ਬਦ ‘ਡਿਕਟੇਟਰ’ਨਹੀ ਵਰਤਿਆ।ਲੇਕਿਨ ਜਥੇਦਾਰ ਮੰਡ ਲਈ ਸ਼ਬਦ ‘ਡਿਕਟੇਟਰ’ ਦੀ ਵਰਤੋਂ ਕੀਤੀ ਗਈ ਜਥੇਦਾਰ ਦਾਦੂਵਾਲ ਵਲੋਂ ਤੇ ਉਹ ਵੀ 192 ਵੇਂ ਦਿਨ ਜਦੋਂ ਮੋਰਚੇ ਦੇ ਇੱਕ ਪੜਾਅ ਦੀ ਸਮਾਪਤੀ ਦਾ ਐਲਾਨ ਹੋਣਾ ਸੀ।ਇਹ ਤਲਖ ਹਕੀਕਤ ਵੀ ਝੁਠਲਾਈ ਨਹੀ ਜਾ ਸਕਦੀ ਕਿ ਬਰਗਾੜੀ ਇਨਸਾਫ ਮੋਰਚਾ ਦੇ ਪ੍ਰਬੰਧ ਅਤੇ ਲਏ ਜਾਣ ਵਾਲੇ ਫੈਸਲਿਆਂ ਪ੍ਰਤੀ ਰਾਏ ਦੇਣ ਲਈ ਇੱਕ ਕਮੇਟੀ ਵੀ ਬਣੀ ਹੋਈ ਸੀ।ਇੱਕ ਪਾਸੇ ਸਿੱਖ ਕੌਮ ਪਿਛਲੇ 37 ਮਹੀਨਿਆਂ ਤੋਂ ਸਰਬੱਤ ਖਾਲਸਾ ਜਥੇਦਾਰਾਂ ਪਾਸੋਂ ਆਸ ਲਾਈ ਬੈਠੀ ਹੈ ਕਿ ਉਹ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਿੱਚ ਕੌਮ ਦੀ ਅਗਵਾਈ ਕਰਨਗੇ ਤੇ ਦੂਸਰੇ ਪਾਸੇ ਇੱਕ ਜਥੇਦਾਰ ਸਾਹਿਬ ਇਹ ਕਹਿ ਰਹੇ ਹਨ ਕਿ ਦੂਸਰੇ ਜਥੇਦਾਰ ਨੇ ਉਨਾਂ ਨਾਲ ਮੋਰਚੇ ਦੀ ਸਮਾਪਤੀ ਲਈ ਸਲਾਹ ਹੀ ਨਹੀ ਕੀਤੀ ।ਸਾਡੀ ਚਿੰਤਾ ਦਾ ਵਿਸ਼ਾ ਸਿਰਫ ਇਹੀ ਹੈ ਕਿ ਇਨਸਾਫ ਮੋਰਚੇ ਦਾ ਜੇ ਪਹਿਲਾ ਪੜਾਅ ਸਮਾਪਤ ਹੋਇਆ ਜਾਂ ਕਰ ਦਿੱਤਾ ਗਿਆ ਤਾਂ ਕੀ ਸਰਬੱਤ ਖਾਲਸਾ ਜਥੇਦਾਰਾਂ ਦੀ ਕੌਮ ਪ੍ਰਤੀ ਜਵਾਬਦੇਹੀ ਖਤਮ ਹੋ ਗਈ ਹੈ?

  ਲੁਧਿਆਣਾ - ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖ਼ਤ ’ਤੇ ਭੁੱਲਾਂ ਬਖਸ਼ਾਉਣ ਲਈ ਅਰਦਾਸ ਕਰਕੇ ਕੋਈ ਗ਼ਲਤੀ ਨਹੀਂ ਕੀਤੀ ਅਤੇ ਨਾ ਹੀ ਮਰਿਆਦਾ ਭੰਗ ਕੀਤੀ ਹੈ।
  ਉਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਸਮੇਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਹਰ ਸਿੱਖ ਨੂੰ ਹੱਕ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਾ ਕੇ ਭੁੱਲਾਂ ਦੀ ਮੁਆਫ਼ੀ ਦੀ ਅਰਦਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਮਗਰੋਂ ਭੁੱਲਾਂ ਬਖ਼ਸ਼ਾਉਣ ਦੀ ਅਰਦਾਸ ਗੁਰਮਤਿ ਮਰਿਆਦਾ ਤੇ ਪ੍ਰੰਪਰਾ ਅਨੁਸਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਜ਼ਿੰਦਗੀ ਵਿਚ ਹੋਈਆਂ ਭੁੱਲਾਂ ਦੀ ਅਰਦਾਸ ਕਰਦਾ ਰਹੇ।
  ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਵੱਲੋਂ ਦਿੱਤਾ ‘ਫਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਲਈ ਅਜੇ ਕਿਸੇ ਵੀ ਜਥੇਬੰਦੀ ਜਾਂ ਵਿਅਕਤੀ ਨੇ ਅਕਾਲ ਤਖ਼ਤ ਨੂੰ ਨਹੀਂ ਕਿਹਾ ਅਤੇ ਨਾ ਹੀ ਕੋਈ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਐਵਾਰਡ ਵਾਪਸ ਲੈਣ ਸਬੰਧੀ ਅਕਾਲ ਤਖ਼ਤ ਸਾਹਿਬ ਅੱਗੇ ਕੋਈ ਗੱਲ ਆਵੇਗੀ ਤਾਂ ਸਿੰਘ ਸਾਹਿਬਾਨ ਉਸ ਬਾਰੇ ਸੋਚ-ਵਿਚਾਰ ਕਰਨਗੇ। ਕਰਤਾਰਪੁਰ ਲਾਂਘੇ ਬਾਰੇ ਕੁਝ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਸਬੰਧੀ ਉਨ੍ਹਾਂ ਕਿਹਾ ਕਿ ਕਰੋੜਾਂ ਸਿੱਖਾਂ ਦੀਆਂ ਅਰਦਾਸਾਂ ਮਗਰੋਂ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਬਖਸ਼ਿਸ਼ ਹੋਈ ਹੈ, ਪਰ ਦੁੱਖ ਹੈ ਕਿ ਇਸ ਮਹੱਤਵਪੂਰਨ ਅਤੇ ਸੰਜੀਦਾ ਮੁੱਦੇ ’ਤੇ ਕੁਝ ਲੋਕ ਸਿਆਸਤ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਪ੍ਰਿਤਪਾਲ ਸਿੰਘ, ਬੀਬੀ ਸੁਰਜੀਤ ਕੌਰ ਭਾਟੀਆ, ਜਨਰਲ ਸਕੱਤਰ ਅਵਤਾਰ ਸਿੰਘ, ਕੁਲਦੀਪ ਸਿੰਘ ਦੂਆ, ਗੁਰਪ੍ਰੀਤ ਸਿੰਘ ਵਿੰਕਲ ਤੇ ਚਰਨਜੀਤ ਸਿੰਘ ਪੰਨੂ ਹਾਜ਼ਰ ਸਨ।

  ਚੰਡੀਗੜ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵਰਦਿਆਂ ਕਿਹਾ ਕਿ- ‘ਸਿੱਖ ਕੌਮ ਦੇ ਹਿਤਾਂ ਖ਼ਿਲਾਫ਼ ਤਾਂ ਖ਼ੁਦ ਬਾਦਲ ਹੀ ਭੁਗਤਦੇ ਰਹੇ ਹਨ ਪਰ ਹੁਣ ਉਹ ਬਿਨਾ ਸੋਚੇ-ਸਮਝੇ ਇਲਜ਼ਾਮ ਮੇਰੇ ਤੇ ਲਾ ਰਹੇ ਹਨ। ਚੇਤੇ ਰਹੇ ਕਿ ਸ੍ਰੀ ਬਾਦਲ ਨੇ ਦੋਸ਼ ਲਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਸਾਹਿਬ ਲਾਂਘਾ ਖੋਲੇ ਜਾਣ ਦੀ ਪ੍ਰਕਿਰਿਆ ਨੂੰ ਸਾਬੋਤਾਜ ਕਰਨ ਦਾ ਜਤਨ ਕਰ ਰਹੇ ਹਨ।
  ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਚ ਅੱਗੇ ਕਿਹਾ ਹੈ ਕਿ ਸ੍ਰੀ ਬਾਦਲ ਨੇ ਹੁਣ ਜਿਹੜਾ ਬਿਆਨ ਦਿੱਤਾ ਹੈ, ਇਹ ਉਨਾਂ ਦੀ ਧਰਮ ਨੂੰ ਆਪਣੇ ਹਿਸਾਬ ਨਾਲ ਵਰਤਣ ਦੀ ਆਦਤ ਦੇ ਬਿਲਕੁਲ ਅਨੁਸਾਰ ਹੀ ਹੈ। ਉਲਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਨੇ ਹੁਣ ਇੱਕ ਵਾਰ ਫਿਰ ਪੰਜਾਬ ਦੀ ਜਨਤਾ ਨੂੰ ਆਪਣੇ ਬੇਬੁਨਿਆਦ ਦੋਸ਼ਾਂ ਨਾਲ ਗੁੰਮਰਾਹ ਕਰਨ ਦਾ ਜਤਨ ਕੀਤਾ ਹੈ। ਇਹ ਇੰਦਰਾ ਗਾਂਧੀ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਦੀ ਕਾਂਗਰਸ ਲੀਡਰਸ਼ਿਪ ਹੀ ਸੀ, ਜਿਸ ਨੇ ਸਦਾ ਕਰਤਾਪੁਰ ਸਾਹਿਬ ਲਾਂਘਾ ਖੁਲਵਾਉਣ ਦੇ ਸਿਰ-ਤੋੜ ਜਤਨ ਕੀਤੇ ਸਨ ਤੇ ਉਹ ਖ਼ੁਦ ਵੀ ਪਾਕਿਸਤਾਨ ਨਾਲ ਪਹਿਲਾਂ ਇਹੋ ਮੁੱਦਾ ਉਠਾ ਚੁੱਕੇ ਹਨ। ਇਸ ਤੋਂ ਇਲਾਵਾ ਉਨਾਂ ਭਾਰਤ ਦੀ ਕੇਂਦਰ ਸਰਕਾਰ ਕੋਲ ਵੀ ਬਹੁਤ ਵਾਰ ਇਹ ਲਾਂਘਾ ਖੁਲਵਾਏ ਜਾਣ ਦੀ ਗੱਲ ਕੀਤੀ ਹੈ।
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਹ ਖ਼ੁਦ ਇਹ ਲਾਂਘਾ ਖੋਲਣ ਦੇ ਹੱਕ ਵਿੰਚ ਰਹੇ ਹਨ ਕਿਉਂਕਿ ਉਸ ਗੁਰੂ ਘਰ ਨਾਲ ਉਨਾਂ ਦੇ ਆਪਣੇ ਪਰਿਵਾਰ ਤੇ ਇਤਿਹਾਸਕ ਸਬੰਧ ਰਹੇ ਹਨ। ਉਨਾਂ ਕਿਹਾ ਕਿ ਇਨਾਂ ਹਾਲਾਤ ਵਿੱਚ ਇਹ ‘ਮੂਰਖਾਨਾ ਬਿਆਨ ਹੈ ਕਿ ਮੈਂ ਕਰਤਾਰਪੁਰ ਸਾਹਿਬ ਲਾਂਘਾ ਖੋਲੇ ਜਾਣ ਦੇ ਵਿਰੁੱਧ ਹਾਂ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਪੂਰੀਆਂ ਹੋਣ ਦੇ ਰਾਹ ਵਿੱਚ ਅੜਿੱਕਾ ਬਣ ਰਿਹਾ ਹਾਂ।
  ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਨੂੰ ਇਸ ਤੱਥ ਤੇ ਮਾਣ ਹੈ ਕਿ ਉਨਾਂ ਦੀ ਕਮਾਂਡ ਹੇਠ ਪੰਜਾਬ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਵੀ ਕੀਤਾ ਸੀ। ਇਸ ਦੇ ਬਾਵਜੂਦ ਇਹ ਵੀ ਇੱਕ ਸੱਚਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਬਾਰਡਰ ਇਸ ਤਰੀਕੇ ਖੁੱਲਣ ਨਾਲ ਕੁਝ ਸੁਰੱਖਿਆ ਚੁਣੌਤੀਆਂ ਵੀ ਸਾਹਮਣੇ ਆ ਸਕਦੀਆਂ ਹਨ ਤੇ ਉਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹਾ ਵਿਚਾਰ ਵੀ ਇਸ ਲਈ ਮਨ ਚ ਆਉਂਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਪਾਕਿਸਤਾਨ ਸਰਕਾਰ ਤੇ ਉਸ ਦੀਆਂ ਏਜੰਸੀਆਂ ਭਾਰਤ ਲਈ ਖ਼ਤਰਾ ਬਣਦੀਆਂ ਰਹੀਆਂ ਹਨ।
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਅਸੀਂ ਪਾਕਿਸਤਾਨੀ ਖ਼ਤਰੇ ਦੀ ਕੌੜੀ ਸੱਚਾਈ ਤੋਂ ਅੱਖਾਂ ਮੀਟ ਲਵਾਂਗੇ, ਤਾਂ ਉਹ ਠੀਕ ਨਹੀਂ ਹੋਵੇਗਾ। ‘ਪਰ ਹੁਣ ਸ੍ਰੀ ਬਾਦਲ ਨੇ ਇੱਕ ਵਾਰ ਇਹ ਦਰਸਾ ਦਿੱਤਾ ਹੈ ਕਿ ਉਨਾਂ ਨੂੰ ਪੰਜਾਬ ਦੀ ਜਨਤਾ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ ਤੇ ਉਨਾਂ ਨੂੰ ਸਿਰਫ਼ ਆਪਣੇ ਸਿਆਸੀ ਲਾਹਿਆਂ ਦੀ ਪਈ ਹੋਈ ਹੈ ਕਿ ਕਿਵੇਂ ਨਾ ਕਿਵੇਂ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲੇ ਜਾਣ ਤੋਂ ਕੋਈ ਨਾ ਕੋਈ ਸਿਆਸੀ ਲਾਹਾ ਲੈ ਹੀ ਲੈਣ। ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਇਸ ਮੁੱਦੇ ਤੇ ਆਪਣੇ ਸਿਰ ਸਿਹਰਾ ਬੰਨਣ ਦੇ ਜਤਨ ਕਰਦਾ ਰਿਹਾ ਹੈ।
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਮੇਰਾ ਵੀ ਸੁਫ਼ਨਾ ਰਿਹਾ ਹੈ ਪਰ ਫਿਰ ਵੀ ਮੈਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀਆਂ ਤਾਕਤਾਂ ਤੋਂ ਦਰਪੇਸ਼ ਖ਼ਤਰੇ ਨੂੰ ਅੱਖੋਂ ਪ੍ਰੋਖੇ ਨਹੀਂ ਕਰ ਸਕਦਾ।
  ਮੁੱਖ ਮੰਤਰੀ ਨੇ ਇਹ ਆਸ ਵੀ ਪ੍ਰਗਟਾਈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨੀ ਫ਼ੌਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਇਹ ਲਾਂਘਾ ਖੋਲਣ ਦੇ ਇੰਤਜ਼ਾਮ ਜ਼ਰੂਰ ਕਰ ਦੇਵੇ। ਪੰਜਾਬ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਬਹੁਤ ਛੇਤੀ ਕੇਂਦਰ ਸਰਕਾਰ ਨਾਲ ਮਿਲ ਕੇ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਏਗੀ, ਜਿੱਥੇ ਦੁਨੀਆ ਭਰ ਦੇ ਲੱਖਾਂ ਸ਼ਰਧਾਲੂਆਂ ਨੂੰ ਸੌਖ ਹੋ ਸਕੇਗੀ।

  ਚੰਡੀਗੜ੍ਹ - ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦੇ ਸੇਵਾਕਾਲ ਵਿੱਚ ਇੱਕ ਮਹੀਨੇ ਦਾ ਹੋਰ ਵਾਧਾ ਹੋ ਗਿਆ ਹੈ। ਸੂਤਰਾਂ ਮੁਤਾਬਕ ਸ੍ਰੀ ਅਰੋੜਾ ਹੁਣ 31 ਜਨਵਰੀ ਤੱਕ ਡੀਜੀਪੀ ਬਣੇ ਰਹਿਣਗੇ। ਉਨ੍ਹਾਂ ਦੀ 30 ਸਤੰਬਰ ਨੂੰ ਸੇਵਾਮੁਕਤੀ ਤੋਂ ਬਾਅਦ ਕੇਂਦਰ ਸਰਕਾਰ ਨੇ 31 ਦਸੰਬਰ ਤੱਕ ਸੇਵਾਕਾਲ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਵਿੱਚ ਸਿਖਰਲੀ ਅਦਾਲਤ ਦੇ ਫ਼ੈਸਲੇ ਸਬੰਧੀ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ’ਚ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਹੀ ਸੂਬਾਈ ਕਾਡਰ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਪੈਨਲ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਐਕਟ ’ਚ ਵੀ ਸੋਧ ਕਰ ਲਈ ਸੀ ਤੇ ਅਦਾਲਤ ਵਿੱਚ ਕੇਸ ਵੀ ਦਾਇਰ ਕਰ ਦਿੱਤਾ ਸੀ। ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ 8 ਜਨਵਰੀ ਨੂੰ ਹੋਣੀ ਹੈ। ਇਸ ਲਈ ਅਦਾਲਤ ਨੇ ਵੀ ਇੱਕ ਮਹੀਨੇ ਦੇ ਸੇਵਾਕਾਲ ਵਾਧੇ ’ਤੇ ਮੋਹਰ ਲਾ ਦਿੱਤੀ ਹੈ। ਸ੍ਰੀ ਸੁਰੇਸ਼ ਅਰੋੜਾ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਅਕਤੂਬਰ 2015 ਵਿੱਚ ਡੀਜੀਪੀ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ। ਸੱਤਾ ਤਬਦੀਲੀ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਸ ਅਹੁਦੇ ’ਤੇ ਕਾਇਮ ਰੱਖਿਆ ਹਾਲਾਂਕਿ ਕਾਂਗਰਸ ਪਾਰਟੀ ਦਾ ਵੱਡਾ ਧੜਾ ਸੁਰੇਸ਼ ਅਰੋੜਾ ਨੂੰ ਇਸ ਅਹੁਦੇ ਤੋਂ ਚਲਦਾ ਕਰਨ ਲਈ ਬੜੀ ਦੇਰ ਤੋਂ ਸਰਗਰਮ ਹੈ।

  ਅੰਮ੍ਰਿਤਸਰ - ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫ਼ੈਸਲੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰਾਂ ਵਿਚਾਲੇ ਉਸ ਵੇਲੇ ਮਤਭੇਦ ਸਾਹਮਣੇ ਆਏ, ਜਦੋਂ ਭਾਈ ਧਿਆਨ ਸਿੰਘ ਮੰਡ ਤੇ ਹੋਰਾਂ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ, ਜਦੋਂਕਿ ਦੂਜੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਖਰੇ ਤੌਰ ’ਤੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਭਾਈ ਮੰਡ ਨੇ ਮੋਰਚੇ ਦੇ ਦੂਜੇ ਪੜਾਅ ਦੀ ਰੂਪ-ਰੇਖਾ ਉਲੀਕਣ ਲਈ 20 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਸੱਦ ਲਈ ਹੈ, ਜਿਸ ਮਗਰੋਂ ਸੰਘਰਸ਼ ਨੂੰ ਸੱਥਾਂ ਤੇ ਗਲੀਆਂ ਵਿਚ ਲਿਜਾਇਆ ਜਾਵੇਗਾ। ਦੇਰ ਸ਼ਾਮ ਵੱਖਰੇ ਤੌਰ ’ਤੇ ਪੁੱਜੇ ਭਾਈ ਦਾਦੂਵਾਲ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫ਼ੈਸਲੇ ’ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਆਪਸੀ ਸਹਿਮਤੀ ਨਾਲ ਨਹੀਂ ਕੀਤਾ ਗਿਆ, ਸਗੋਂ ਫ਼ੈਸਲਾ ਲੈਣ ਵਿਚ ਕਾਹਲੀ ਕੀਤੀ ਗਈ ਹੈ। ਇਹ ਮੋਰਚਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਚੱਲਣਾ ਚਾਹੀਦਾ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਭਾਈ ਮੰਡ ਦੇ ਇਸ ਫ਼ੈਸਲੇ ਨੂੰ ਆਪੇ ਲਿਆ ਨਾਦਰਸ਼ਾਹੀ ਫ਼ੈਸਲਾ ਕਰਾਰ ਦਿੱਤਾ ਤੇ ਆਖਿਆ ਕਿ ਉਹ ਹੁਣ ਭਾਈ ਮੰਡ ਨਾਲ ਸੰਘਰਸ਼ ਵਿਚ ਸ਼ਾਮਲ ਨਹੀਂ ਹੋਣਗੇ ਤੇ 20 ਦਸੰਬਰ ਨੂੰ ਸੱਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਵੀ ਮੁੜ ਵਿਚਾਰ ਕਰਨਗੇ। ਦੂਜੇ ਪਾਸੇ ਮੁਤਵਾਜ਼ੀ ਜਥੇਦਾਰ ਭਾਈ ਮੰਡ ਨੂੰ ਇਸ ਸਬੰਧੀ ਪੁੱਛਣ ’ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਈ ਦਾਦੂਵਾਲ ਸਮੇਤ ਭਾਈ ਅਮਰੀਕ ਸਿੰਘ ਅਜਨਾਲਾ ਤੇ ਜਗਤਾਰ ਸਿੰਘ ਹਵਾਰਾ ਉਨ੍ਹਾਂ ਦੇ ਨਾਲ ਹਨ।
  ਆਪਣੇ ਸਮਰਥਕਾਂ ਨਾਲ ਹਰਿਮੰਦਰ ਸਾਹਿਬ ਪੁੱਜੇ ਭਾਈ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਵਾਹਨ ਦੂਰ ਪਾਰਕਿੰਗ ਵਿਚ ਖੜ੍ਹੇ ਕੀਤੇ ਤੇ ਪੈਦਲ ਚਲਦੇ ਹੋਏ ਗੁਰੂ ਘਰ ਪੁੱਜੇ। ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਵਿਖੇ ਮੱਥਾ ਟੇਕਣ ਤੇ ਅਰਦਾਸ ਕਰਨ ਮਗਰੋਂ ਉਨ੍ਹਾਂ ਨੇ ਲੰਗਰ ਘਰ ਵਿਚ ਸੰਗਤ ਦੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਭਾਈ ਮੰਡ ਨੇ ਬਰਗਾੜੀ ਮੋਰਚੇ ਨੂੰ ਸਫਲ ਅਤੇ ਸ਼ਾਂਤਮਈ ਮੋਰਚਾ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮੋਰਚੇ ਦੇ ਪ੍ਰਭਾਵ ਕਾਰਨ ਹੀ ਦੋਵੇਂ ਬਾਦਲਾਂ, ਅਦਾਕਾਰ ਅਕਸ਼ੈ ਕੁਮਾਰ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਕੋਲੋਂ ਪੁੱਛਗਿੱਛ ਹੋਈ ਹੈ। ਉਨ੍ਹਾਂ ਆਖਿਆ ਕਿ ਅਜੇ ਸੰਘਰਸ਼ ਖਤਮ ਨਹੀਂ ਹੋਇਆ ਤੇ ਮੋਰਚਾ ਵੀ ਚੱਲਦਾ ਹੈ। ਅਕਾਲੀਆਂ ਵੱਲੋਂ ਭੁੱਲਾਂ ਚੁੱਕਾਂ ਦੀ ਕੀਤੀ ਖਿਮਾ ਯਾਚਨਾ ਵਾਸਤੇ ਕਰਵਾਏ ਅਖੰਡ ਪਾਠ ਅਤੇ ਕੀਤੀ ਸੇਵਾ ਨੂੰ ਡਰਾਮਾ ਦੱਸਦਿਆਂ ਮੁਤਵਾਜ਼ੀ ਜਥੇਦਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਕਾਰ ਨੂੰ ਢਾਹ ਲਾਈ ਹੈ। ਕਰਤਾਰਪੁਰ ਲਾਂਘੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਉਨ੍ਹਾਂ ਮੰਦਭਾਗਾ ਦੱਸਿਆ। ਇਸ ਦੌਰਾਨ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਚੌਕਸੀ ਵਜੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
  ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਗੁਰਬਾਣੀ ਦਾ ਕੀਰਤਨ ਸੁਣਨ ਲਈ ਰਾਗੀ ਜਥੇ ਦੇ ਪਿੱਛੇ ਬੈਠਣਾ ਚਾਹੁੰਦੇ ਸਨ, ਪਰ ਉਥੇ ਤਾਇਨਾਤ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਹ ਕਾਫ਼ਲਾ ਜਦੋਂ ਹਰਿਮੰਦਰ ਸਾਹਿਬ ਪੁੱਜਾ ਤਾਂ ਪ੍ਰਵੇਸ਼ ਦੁਆਰ ਪਲਾਜ਼ੇ ਵਿਚ ਲਾਲ ਗਲੀਚਾ ਵਿਛਿਆ ਹੋਇਆ ਸੀ, ਜਿਸ ਨੂੰ ਦੇਖ ਕੇ ਕਈ ਆਗੂਆਂ ਵੱਲੋਂ ਟਿੱਪਣੀ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਨੇ ਮੁਤਵਾਜ਼ੀ ਜਥੇਦਾਰ ਦਾ ‘ਰੈੱਡ ਕਾਰਪੈੱਟ’ ਨਾਲ ਸਵਾਗਤ ਕੀਤਾ ਹੈ।
  ਭਾਈ ਅਜਨਾਲਾ ਨੇ ਵੀ ਅਸਹਿਮਤੀ ਪ੍ਰਗਟਾਈ
  ਤੀਜੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਭਾਈ ਧਿਆਨ ਸਿੰਘ ਮੰਡ ਦੀ ਸੋਚ ਨਾਲ ਅਸਹਿਮਤੀ ਪ੍ਰਗਟਾਈ ਹੈ। ਉਹ ਪਹਿਲਾਂ ਹੀ ਆਪਣੇ ਆਪ ਨੂੰ ਮੋਰਚੇ ਤੋਂ ਵੱਖ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਮੋਰਚਾ ਲਾਉਣ ਨਾਲ ਸਹਿਮਤ ਸਨ ਤੇ ਜਦੋਂ ਮੋਰਚਾ ਸ਼ੁਰੂ ਕੀਤਾ ਸੀ ਤਾਂ ਕੁਝ ਦਿਨ ਬਾਅਦ ਹੀ ਸਰਕਾਰ ਦੇ ਨੁਮਾਇੰਦੇ ਗੱਲਬਾਤ ਲਈ ਪੁੱਜ ਗਏ ਸਨ, ਪਰ ਭਾਈ ਮੰਡ ਨੇ ਜਾਣ ਬੱਝ ਕੇ ਮਾਮਲਾ ਲਟਕਾਈ ਰੱਖਿਆ।

  ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਵਿਚ ਰੋੜੇ ਅਟਕਾਉਣ ਤੋਂ ਵਰਜਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੀ ਚਿੰਤਾ ਕਰਨ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਉੱਤੇ ਛੱਡ ਦੇਣੀ ਚਾਹੀਦੀ ਹੈ ਤੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਕੀਤੇ ਉਪਰਾਲੇ ਦਾ ਸਮਰਥਨ ਕਰਨਾ ਚਾਹੀਦਾ ਹੈ।
  ਸ੍ਰੀ ਬਾਦਲ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦਾ ਨਾਮ ਲਏ ਬਿਨਾਂ ਕਿਹਾ ਕਿ ਇਸ ਪਵਿੱਤਰ ਟੀਚੇ ਦੀ ਪ੍ਰਾਪਤੀ ਲਈ ਜਿਸ ਨੇ ਵੀ ਭੂਮਿਕਾ ਨਿਭਾਈ ਹੈ, ਉਹ ਬੇਸ਼ੱਕ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜਿਹਾ ਕੁਝ ਕਹਿਣ ਜਾਂ ਕਰਨ ਤੋਂ ਗੁਰੇਜ਼ ਕਰਨ, ਜਿਸ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਵਿਚ ਰੁਕਾਵਟ ਪੈ ਸਕਦੀ ਹੋਵੇ। ਸ੍ਰੀ ਬਾਦਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਭਾਰਤ ਸਰਕਾਰ ਵੱਲੋਂ ਕੀਤਾ ਉਪਰਾਲਾ ਅਤੇ ਪਾਕਿਸਤਾਨ ਦਾ ਹੁੰਗਾਰਾ ਸਮੁੱਚੇ ਖ਼ਾਲਸਾ ਪੰਥ ਦੀ ਸਾਂਝੀ ਪ੍ਰਾਪਤੀ ਹਨ, ਜਿਹੜੀ ਨਿੱਜੀ ਜਾਂ ਪਾਰਟੀ ਦੀਆਂ ਵਲਗਣਾਂ ਤੋਂ ਪਰ੍ਹੇ ਦੀ ਗੱਲ ਹੈ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਅਜਿਹਾ ਕੁਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ, ਜਿਸ ਨਾਲ ਇਸ ਪ੍ਰਾਪਤੀ ਦੇ ਰਾਹ ਵਿਚ ਅੜਿੱਕਾ ਖੜ੍ਹਾ ਹੋ ਸਕਦਾ ਹੋਵੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੀਤੀਆਂ ਟਿੱਪਣੀਆਂ ਬਹੁਤ ਮੰਦਭਾਗੀਆਂ ਸਨ। ਉਨ੍ਹਾਂ ਦੀ ਬਿਆਨਬਾਜ਼ੀ ਸਿੱਖਾਂ ਦੇ ਜਜ਼ਬਾਤ ਖ਼ਿਲਾਫ਼ ਹੈ। ਸ੍ਰੀ ਬਾਦਲ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿੱਖ ਭਾਈਚਾਰੇ ਦੇ ਇਸ ਪਵਿੱਤਰ ਟੀਚੇ ਦੇ ਰਾਹ ਵਿਚ ਰੋੜੇ ਨਾ ਅਟਕਾਉਣ।’’ ਉਨ੍ਹਾਂ ਕਿਹਾ ਕਿ ਇਹ ਲਾਂਘਾ ਸਿੱਖਾਂ ਦੀ ਰੋਜ਼ਾਨਾ ਅਰਦਾਸ ਅਤੇ ਮਾਸਟਰ ਤਾਰਾ ਸਿੰਘ ਵੱਲੋਂ ਸ਼ੁਰੂ ਕੀਤੇ ਲੰਮੇ ਸੰਘਰਸ਼ ਦਾ ਨਤੀਜਾ ਹੈ, ਜਿਸ ਵਿਚ ਸਿੱਖ ਕੌਮ ਦੇ ਵੱਡੇ ਆਗੂਆਂ ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ ਤੇ ਕੁਲਦੀਪ ਸਿੰਘ ਵਡਾਲਾ ਨੇ ਯੋਗਦਾਨ ਪਾਇਆ ਹੈ।

  ਚੰਡੀਗੜ੍ਹ - ਪੰਜਾਬ ਵਜ਼ਾਰਤ ਦੀ ਮੀਟਿੰਗ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਕੈਬਨਿਟ ਮੀਟਿੰਗ ਮੌਕੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ (ਟੈਂਪਰੇਰੀ ਰਿਲੀਜ਼) ਐਕਟ, 1962 ਦੇ ਸੈਕਸ਼ਨ 3 ਦੇ ਸਬ ਸੈਕਸ਼ਨ 2 ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨਾਲ ਜੇਲ੍ਹਾਂ ਵਿੱਚ ਚੰਗੇ ਵਿਹਾਰ ਵਾਲੇ ਕੈਦੀਆਂ ਦੀ ਪੈਰੋਲ ਤਿੰਨ ਹਫ਼ਤਿਆਂ ਤੋਂ ਵਧਾ ਕੇ ਚਾਰ ਹਫ਼ਤੇ ਅਤੇ ਇਕ ਸਾਲ ਵਿੱਚ ਪੈਰੋਲ 12 ਹਫ਼ਤਿਆਂ ਤੋਂ ਵਧਾ ਕੇ 16 ਹਫ਼ਤੇ ਕਰ ਦਿੱਤੀ ਗਈ ਹੈ। ਇਸ ਸਬੰਧੀ ਬਿੱਲ ਪੰਜਾਬ ਵਿਧਾਨ ਸਭਾ ਦੇ 13 ਦਸੰਬਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ।
  ਵਜ਼ਾਰਤ ਨੇ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ (ਸੋਧ) ਆਰਡੀਨੈਂਸ-2018 ਨੂੰ ਵੀ ਸੈਸ਼ਨ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਆਰਡੀਨੈਂਸ ਨੂੰ ਐਕਟ ਦੇ ਰੂਪ ਵਿੱਚ ਤਬਦੀਲ ਕਰਨ ਲਈ ਵਿਧਾਨ ਸਭਾ ਦੇ ਇਜਲਾਸ ਵਿੱਚ ਪੇਸ਼ ਕੀਤਾ ਜਾਵੇਗਾ। ਕੈਬਨਿਟ ਨੇ ਸ਼ਿਲਾਂਗ ਹਿੰਸਾ ਮਾਮਲੇ ਵਿਚ ਸਿੱਖ ਭਾਈਚਾਰੇ ਦੀ ਜਾਇਦਾਦ ਦੇ ਹੋਏ ਨੁਕਸਾਨ ਬਦਲੇ 60 ਲੱਖ ਰੁਪਏ ਦੀ ਮਦਦ ਦੇਣ ’ਤੇ ਵੀ ਮੋਹਰ ਲਾ ਦਿੱਤੀ ਹੈ। ਇਸ ਤਹਿਤ ਖਾਲਸਾ ਮਿਡਲ ਸਕੂਲ ਬੜਾ ਬਾਜ਼ਾਰ ਦੇ ਨਿਰਮਾਣ ਲਈ ਰਾਸ਼ੀ ਦਿੱਤੀ ਜਾਵੇਗੀ ਕਿਉਂਕਿ ਪੁਰਾਣੀ ਇਮਾਰਤ ਅਸੁਰੱਖਿਅਤ ਐਲਾਨੀ ਗਈ ਹੈ। ਇਸ ਤੋਂ ਇਲਾਵਾ ਹੋਰ ਕਈ ਪੀੜਤਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ ਗਈ ਹੈ।
  ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚੋਂ ਤਿੰਨ ਸੂਬਿਆਂ ’ਚ ਕਾਂਗਰਸ ਪਾਰਟੀ ਦੇ ਮੋਹਰੀ ਰਹਿਣ ਨਾਲ ਪਾਰਟੀ ਆਗੂਆਂ ਦੀਆਂ ਵਾਛਾਂ ਖਿੜ ਗਈਆਂ ਹਨ। ਕਾਂਗਰਸੀ ਆਗੂ ਆਸਵੰਦ ਹਨ ਕਿ ਇਹ ਨਤੀਜੇ ਫ਼ੈਸਲਾਕੁਨ ਹੋਣਗੇ ਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਸਰਕਾਰ ਨੂੰ ਚੱਲਦਾ ਕਰਨਾ ਹੁਣ ਸੌਖਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਤੇ ਲੱਗੀ ਮੋਹਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਦੇ ਅੰਤ ਦਾ ਮੁੱਢ ਬੱਝ ਗਿਆ ਹੈ ਤੇ ‘ਮੋਦੀ ਦਾ ਜਾਦੂ’ ਹੁਣ ਨਹੀਂ ਚੱਲੇਗਾ।
  ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਤਾਜ਼ਾ ਕਾਰਗੁਜ਼ਾਰੀ ਤੋਂ ਦੇਸ਼ ਵਿੱਚ ਪਾਰਟੀ ਦੇ ਉਭਾਰ ਦਾ ਪ੍ਰਗਟਾਵਾ ਹੁੰਦਾ ਹੈ ਤੇ ਨਤੀਜੇ ਤਬਦੀਲੀ ਦੇ ਸੂਚਕ ਹਨ। ਉਨ੍ਹਾਂ ਕਿਹਾ ਕਿ ਨਤੀਜੇ ਵੱਡਾ ਸਬੂਤ ਹਨ ਕਿ ਦੇਸ਼ ਦੇ ਲੋਕ ਮੋਦੀ ਸਰਕਾਰ ਦੀਆਂ ਫੁੱਟਪਾਊ ਅਤੇ ਬੇਢੰਗੀਆਂ ਆਰਥਿਕ ਤੇ ਵਿਕਾਸ ਨੀਤੀਆਂ ਤੋਂ ਅੱਕ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਮੋਹਰੀ ਰਹਿਣ ਨਾਲ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਮੁੜ ਸੁਰਜੀਤ ਹੋ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਰਾਜਿੰਦਰ ਕੌਰ ਭੱਠਲ ਅਤੇ ਹੋਰ ਪਾਰਟੀ ਆਗੂਆਂ ਨੇ ਵੀ ਇਸ ਜਿੱਤ ਨੂੰ ਤਬਦੀਲੀ ਦਾ ਸੰਕੇਤ ਕਰਾਰ ਦਿੱਤਾ। ਸਿਆਸੀ ਮਾਹਿਰਾਂ ਮੁਤਾਬਕ ਇਸ ਤਬਦੀਲੀ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪਾਰਟੀ ਦੇ ਜਥੇਬੰਦਕ ਤਾਣੇ-ਬਾਣੇ ’ਤੇ ਪਕੜ ਮਜ਼ਬੂਤ ਹੋਵੇਗੀ । ਆਉਣ ਵਾਲੇ ਦਿਨਾਂ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਵੀ ਤਬਦੀਲੀ ਦੇ ਆਸਾਰ ਬਣ ਰਹੇ ਹਨ। ਦੱਸਣਯੋਗ ਹੈ ਿਕ ਇਹ ਪਹਿਲੀ ਵਾਰ ਹੈ ਿਕ ਪੰਜਾਬ ਵਜ਼ਾਰਤ ਦੀ ਮੀਿਟੰਗ ਦੀ ਤਸਵੀਰ ਜਾਰੀ ਨਹੀਂ ਕੀਤੀ ਗਈ।

  ਨਵੀਂ ਦਿੱਲੀ - ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਰੁਝਾਨਾਂ ਅਨੁਸਾਰ ਕਾਂਗਰਸ ਨੇ ਭਾਜਪਾ ਤੋਂ ਰਾਜਸਥਾਨ ਅਤੇ ਛੱਤੀਸ਼ਗੜ ਖੋਹ ਲਏ ਹਨ। ਜਦੋਂ ਕਿ ਮੱਧ ਪ੍ਰਦੇਸ਼ ਵਿਚ ਬਰਾਬਰ ਦੀ ਟੱਕਰ ਚੱਲ ਰਹੀ ਹੈ। ਪ੍ਰੰਤੂ ਕਾਂਗਰਸ ਭਾਜਪਾ ਤੋਂ ਅੱਗੇ ਹੈ। ਤੇਲੰਗਾਨਾ ’ਚ ਸਾਬਕਾ ਮੁੱਖ ਮੰਤਰੀ ਚੰਦਰ ਸ਼ੇਖਰ ਰਾਵ ਦੀ ਪਾਰਟੀ ਟੀ.ਆਰ.ਐਸ. ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਮਿਜੋਰਾਮ ’ਚ ਐਮ.ਐਨ.ਐਫ. ਨੇ ਕਾਂਗਰਸ ਨੂੰ ਬੁਰੀ ਤਰਾਂ ਹਾਰ ਦਾ ਝਟਕਾ ਦਿੱਤਾ ਹੈ। ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਵਿਚ ਨਿਰਾਸ਼ਤਾਂ ਦੀ ਲਹਿਰ ਦਿਖਾਈ ਦੇ ਰਹੀ ਹੈ। ਜਦੋਂ ਕਿ ਕਾਂਗਰਸ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ। ਹੁਣ ਜਦੋਂ ਕਿ ਲੋਕ ਸਭਾ ਚੋਣਾਂ ਪੰਜ ਮਹੀਨੇ ਦੂਰ ਹਨ ਉਦੋ ਭਾਜਪਾ ਦੇ ਪ੍ਰਭਾਵ ਵਾਲੇ ਮੰਨੇ ਜਾਂਦੇ ਸੂਬਿਆਂ ’ਚ ਭਾਜਪਾ ਦਾ ਹੋਇਆ ਬੋਰੀ ਬਿਸਤਰਾ ਗੋਲ ਕੀ ਪ੍ਰਭਾਵ ਦੇਵੇਗਾ ਇਹ ਦੇਖਣ ਵਾਲੀ ਗੱਲ ਹੈ। ਦੇਸ਼ ਦੇ ਅਰਥ ਸ਼ਾਸ਼ਤਰੀ ਅੰਦਾਜਾ ਲਗਾ ਰਹੇ ਹਨ ਕਿ ਇਸ ਹਾਰ ਨੂੰ ਵੇਖਦਿਆਂ ਮੋਦੀ ਕੋਈ ਵੱਡਾ ਫੈਸਲਾ ਵੀ ਲੈ ਸਕਦੇ ਹਨ। ਦੂਜੇ ਪਾਸੇ ਰਾਜਨੀਤਿਕ ਮਾਹਰ ਭਾਜਪਾ ਵਲੋਂ ਹਿੰਦੂਤਵੀ ਪੱਤਾ ਖੇਡਣ ਦਾ ਸ਼ੱਕ ਪ੍ਰਗਟਾ ਰਹੇ ਹਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com