ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਰਗਾੜੀ ਮੋਰਚੇ ਦਾ ਪਹਿਲਾ ਪੜਾਅ ਸਿੱਖ ਕੌਮ ਨੂੰ ਨਿਰਾਸ਼ਤਾ ਦੀ ਡੂੰਘੀ ਖੱਡ ਵਿਚ ਸੁੱਟ ਕੇ ਸਮਾਪਤ ਹੋ ਗਿਆ ਹੈ। ਜਿਵੇਂ ਅਸੀਂ ਪਹਿਲਾ ਹੀ ਖ਼ਦਸ਼ਾ ਜਾਹਰ ਕੀਤਾ ਸੀ ਕਿ ਸਰਕਾਰਾਂ ਨੇ ਮੱਕਾਰ ਹਿੰਦੂਤਵੀ ਤਾਕਤਾਂ ਨਾਲ ਮਿਲ ਕੇ ਸਿੱਖ ਆਗੂਆਂ ਨੂੰ ਆਪਣੇ ਸ਼ੈਤਾਨੀ ਜਾਲ ਵਿਚ ਜਿਹੜਾ ''ਸਾਮ, ਦਾਮ, ਦੰਡ, ਭੇਦ'' ਦੇ ਹਥਿਆਰਾਂ ਨਾਲ ਲੈਸ ਹੈ, ਫ਼ਸਾ ਲੈਣਾ ਹੈ। ਉਹ ਖ਼ਦਸ਼ਾ ਇਕ ਵਾਰ ਫ਼ਿਰ ਸੱਚ ਸਾਬਿਤ ਹੋਇਆ ਹੈ। ਕੈਪਟਨ ਸਰਕਾਰ ਵਲੋਂ ਮੂੰਹ ਜ਼ੁਬਾਨੀ ਵਾਅਦਿਆਂ ਦੇ ਸਹਾਰੇ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਾ ਦਿੱਤਾ ਗਿਆ ਹੈ। ਉਸ ਸਰਕਾਰ ਦੇ ਮੂੰਹ ਜ਼ੁਬਾਨੀ ਲਾਰੇ ਮੰਨ ਲਏ ਗਏ, ਜਿਸ ਦਾ ਮੁਖੀ ਪਵਿੱਤਰ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਚੁੱਕੀਆਂ ਸਹੁੰਆਂ ਤੋਂ ਭੱਜ ਗਿਆ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਡਟਵੀਂ ਵਿਰੋਧਤਾ ਕਰ ਰਿਹਾ ਹੈ।

  ਨਾਭਾ,11 ਦਸੰਬਰ 2018 - ਜੇਲ੍ਹ ਪ੍ਰਸ਼ਾਸਨ ਵੱਲੋਂ ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪੰਜਾਬ ਦੀ ਅਤਿ ਸੁਰੱਖਿਆ ਵਾਲੀ ਨਾਭਾ ਜੇਲ ਵਿੱਚ ਨਜ਼ਰਬੰਦ ਸੁਖਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਹੈ।
  ਸਿੱਖ ਰਿਲੀਫ ਦੇ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਮੀਡੀਆ ਵਿੱਚ ਸੁਖਪ੍ਰੀਤ ਸਿੰਘ ਉੱਤੇ ਲੁੱਟਾਂ ਖੋਹਾਂ ਦੇ ਕੇਸ ਹੋਣ ਦਾ ਝੂਠਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਜਦਕਿ ਪੁਲਿਸ ਵੱਲੋਂ ਉਸ ਉੱਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਇੱਕ ਪਰਚਾ ਦਰਜ ਕੀਤਾ ਗਿਆ ਸੀ।
  ਪੁਲਿਸ ਨੇ ਸੁਖਪ੍ਰੀਤ ਸਿੰਘ ਨੂੰ 16/06/2017 ਨੂੰ ਉਹਨਾਂ ਦੇ ਪਿੰਡ ਕਲਾਨੌਰ ਤੋਂ ਗਿਰਫਤਾਰ ਕੀਤਾ ਸੀ ਅਤੇ ਉਸ ਕੋਲੋਂ ਪੁਲਿਸ ਨੂੰ ਕੁੱਝ ਵੀ ਬਰਾਮਦ ਨਹੀਂ ਹੋਇਆ ਸੀ।
  ਮੋਹਾਲੀ ਪੁਲਿਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਾਂ ਦੇ ਅਧਾਰ 'ਤੇ ਇੱਕ ਬੀਬੀ ਸਮੇਤ 11 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਨਾਭਾ ਜੇਲ ਭੇਜ ਦਿੱਤਾ ਸੀ। ਗ੍ਰਿਫਤਾਰ ਨੌਜਵਾਨਾਂ ਵਿੱਚ ਸੁਖਪ੍ਰੀਤ ਸਿੰਘ ਤੋਂ ਇਲਾਵਾ ਹਰਵਰਿੰਦਰ ਸਿੰਘ ਵਾਸੀ ਪ੍ਰਤਾਪਨਗਰ ਅੰਮ੍ਰਿਤਸਰ, ਅਮ੍ਰਿਤਪਾਲ ਕੌਰ ਵਾਸੀ ਅਕਾਲ ਨਗਰ ਸਲੇਮ ਟਾਬਰੀ ਲੁਧਿਆਣਾ, ਰਣਦੀਪ ਸਿੰਘ ਵਾਸੀ ਜਿੰਦੜ ਗੁਰਦਾਸਪੁਰ ਅਤੇ ਜਰਨੈਲ ਸਿੰਘ, ਮਨਦੀਪ ਸਿੰਘ ਸੰਨੀ, ਸਤਨਾਮ ਸਿੰਘ ਪਿੰਡ ਦੋਦਾ ਮੁਕਤਸਰ ਸਮੇਤ ਕੁਲ 11 ਨੌਜਵਾਨ ਸ਼ਾਮਲ ਹਨ।
  ਪੁਲਿਸ ਨੇ ਉਕਤ ਸਿੱਖਾਂ ਕੋਲੋਂ 32 ਬੋਰ ਦੇ ਦੋ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫਤਾਰ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬਦਲਾ ਲੈਣ ਦਾ ਪ੍ਰਣ ਕੀਤਾ ਸੀ ਅਤੇ ਇਸਦੇ ਨਾਲ ਹੀ ਅੰਮ੍ਰਿਤਸਰ ਦੇ ਇੱਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਸਾਜਿਸ਼ ਵੀ ਰਚੀ ਸੀ। ਇਸ ਤੋਂ ਇਲਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਬਦਲਾ ਲੈਣ ਦੀ ਵੀ ਯੋਜਨਾ ਬਣਾਈ ਸੀ।
  ਐਡਵੋਕੇਟ ਕੁਲਵਿੰਦਰ ਕੌਰ ਦੇ ਦੱਸਣ ਅਨੁਸਾਰ ਪੁਲਸ ਵੱਲੋਂ ਸੁੱਖਪ੍ਰੀਤ ਸਿੰਘ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ ਜਿਸ ਕਰਕੇ ਜੇਲ੍ਹ ਵਿੱਚ ਵੀ ਤਸ਼ੱਦਦ ਕਾਰਨ ਉਹਨਾਂ ਦਾ ਸੱਜਾ ਗੋਡਾ ਨਿਕਲ ਜਾਂਦਾ ਸੀ, ਜਿਸਦਾ ਕਿ ਜਲਦ ਅਪਰੇਸ਼ਨ ਹੋਣਾ ਸੀ। 27/10/2018 ਨੂੰ ਉਨ੍ਹਾਂ ਦਾ ਐੱਮ ਆਈ ਆਰ ਹੋਇਆ ਸੀ ਅਤੇ ਡਾਕਟਰਾਂ ਨੇ ਦੁਬਾਰਾ ਮਹੀਨੇ ਬਾਅਦ ਵਿਖਾਉਣ ਲਈ ਕਿਹਾ ਸੀ ਪਰ ਜੇਲ ਪ੍ਰਸ਼ਾਸਨ ਵੱਲੋਂ ਦੁਬਾਰਾ ਹਸਪਤਾਲ ਨਹੀਂ ਲਿਜਾਇਆ ਗਿਆ।ਓਹਨਾ ਕਿਹਾ ਕਿ ਜੇਲ੍ਹ ਵਿੱਚੋਂ ਸੁੱਖਪ੍ਰੀਤ ਸਿੰਘ ਦੀ ਮੌਤ ਦੀ ਆਈ ਖਬਰ ਬਹੁਤ ਦੁਖਦਾਈ ਹੈ ਤੇ ਇਸ ਖਬਰ ਤੋਂ ਸਮੁੱਚੇ ਸਿੱਖ ਜਗਤ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿੱਖਾਂ ਨਾਲ ਕਿਸ ਤਰ੍ਹਾਂ ਦਾ ਅਣਮਨੁੱਖੀ ਸਲੂਕ ਹੁੰਦਾ ਹੈ ।

  ਜੈਤੋ - ਪਹਿਲੀ ਜੂਨ ਤੋਂ ਬਰਗਾੜੀ ਵਿੱਚ ਚੱਲ ਰਿਹਾ ‘ਇਨਸਾਫ਼ ਮੋਰਚਾ’ ਪੰਜਾਬ ਸਰਕਾਰ ਵੱਲੋਂ ‘ਮੰਗਾਂ ਮੰਨ’ ਲਏ ਜਾਣ ਪਿੱਛੋਂ ਆਪਣੇ ਮੁਕਾਮ ਨੂੰ ਛੂਹ ਗਿਆ। ਸਰਕਾਰ ਦਾ ਸੁਨੇਹਾ ਲੈ ਕੇ ਪਹੁੰਚੇ ਦੋ ਵਜ਼ੀਰਾਂ ਅਤੇ ਮੋਰਚੇ ਨਾਲ ਜੁੜੇ ਆਗੂਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਮੰਗਾਂ ਮੰਨੇ ਜਾਣ ’ਤੇ ਸਹੀ ਪਾਈ। ਇਸ ਮਗਰੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕੀਤਾ।
  ਮੋਰਚਾ ਸਥਾਨ ’ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਾਂ ਮੰਨੇ ਜਾਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ’ਚ ਬਣੀ ‘ਸਿੱਟ’ ਦੀ ਪੜਤਾਲ ਦੇ ਆਧਾਰ ’ਤੇ ਬੇਅਦਬੀ ਨਾਲ ਸਬੰਧਤ 23 ਮੁਲਜ਼ਮ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ਲਈ ਦੋਸ਼ੀ ਬਾਦਲਾਂ ਦੀ ‘ਅਣਪਛਾਤੀ ਪੁਲੀਸ’ ਉਪਰ ਐਫਆਈਆਰ ਦਰਜ ਕਰ ਕੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ’ਚੋਂ ਇੱਕ ਦੀ ਰਿਹਾਈ ਕਰ ਦਿੱਤੀ ਗਈ ਹੈ ਜਦਕਿ ਬਾਕੀਆਂ ਲਈ ਹੋਰਨਾਂ ਰਾਜਾਂ ਨਾਲ ਸੰਪਰਕ ਕਰਨ ਸਮੇਤ ਆਗ਼ਾਮੀ ਵਿਧਾਨ ਸਭਾ ਸੈਸ਼ਨ ਵਿੱਚ ਠੋਸ ਕਾਨੂੰਨੀ ਪ੍ਰਕਿਰਿਆ ਅਮਲ ’ਚ ਲਿਆਂਦੀ ਜਾਵੇਗੀ। ਸ੍ਰੀ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਨੂੰ ‘ਨਰੈਣੂ ਮਹੰਤ’ ਦੱਸਦਿਆਂ ਉਨ੍ਹਾਂ ਵੱਲੋਂ ਭੁੱਲਾਂ ਬਖ਼ਸ਼ਵਾਉਣ ਦੀ ਕਵਾਇਦ ’ਤੇ ਤਨਜ਼ ਕਸੇ।
  ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਐਲਾਨ ਦੀ ਪ੍ਰੋੜ੍ਹਤਾ ਕਰਦਿਆਂ ਬਰਗਾੜੀ ਦਾ ਨਾਮ ‘ਬਰਗਾੜੀ ਸਾਹਿਬ’ ਰੱਖੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਬਾਦਲਾਂ ਨੂੰ ਬੂਟ ਪਾਲਿਸ਼ ਕਰਦੇ ਨਹੀਂ, ਸਗੋਂ ਜੇਲ੍ਹ ’ਚ ਵੇਖਣਾ ਚਾਹੁੰਦੇ ਹਨ। ਵਿਧਾਇਕ ਹਰਿਮੰਦਰ ਸਿੰਘ ਗਿੱਲ ਨੇ ਸ਼ਾਂਤੀ ਅਤੇ ਤਹੱਮਲ ਨਾਲ ਮੋਰਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਬਰਗਾੜੀ ਦੇ ਪਵਿੱਤਰ ਸਥਾਨ ਨੂੰ ਮੱਕਾ ਬਣਾ ਦਿੱਤਾ ਹੈ।
  ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਉਠਾਇਆ ਕਿ ਦੇਸ਼ ’ਚ ਆਮ ਨਾਗਰਿਕਾਂ ਅਤੇ ਪਹੁੰਚ ਵਾਲਿਆਂ ਲਈ ਕਾਨੂੰਨ ਵੱਖੋ-ਵੱਖਰੇ ਕਿਉਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਦੇ ਚੱਕਰਵਿਊਹ ’ਚੋਂ ਨਿਕਲ ਕੇ ਅਗਲੀ ਵਾਰ ਪੰਥਕ ਆਗੂਆਂ ਨੂੰ ਸਿਆਸੀ ਅਤੇ ਧਾਰਮਿਕ ਚੋਣਾਂ ਵਿੱਚ ਸਫ਼ਲ ਬਣਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਾਦਲ ਪਿਉ-ਪੁੱਤਰ ਅਤੇ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਦਬਾਅ ਕਾਰਨ ਹਿੰਦ-ਪਾਕਿ ਸਰਕਾਰਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲੈਣ ਲਈ ਮਜਬੂਰ ਹੋਣ ਪਿਆ। ਭਾਈ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਸਹੌਲੀ, ਬੂਟਾ ਸਿੰਘ ਰਣਸੀਂਹ ਅਤੇ ਬਾਬਾ ਫੌਜਾ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
  ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਝੂਠੀਆਂ ਇਲਜ਼ਾਮ ਤਰਾਸ਼ੀਆਂ ਦਰਮਿਆਨ ਇਨਸਾਫ਼ ਮੋਰਚਾ ਚੜ੍ਹਦੀ ਕਲਾ ’ਚ ਰਹਿ ਕੇ ਸਫ਼ਲ ਹੋਇਆ ਹੈ। ਪ੍ਰਬੰਧਕਾਂ ’ਤੇ ਮਾਇਆ ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ 1.48 ਕਰੋੜ ਰੁਪਏ ਮਿਲੇ ਅਤੇ ਇਨ੍ਹਾਂ ਵਿੱਚੋਂ ਸਾਰੇ ਖ਼ਰਚੇ ਕੱਢ ਕੇ ਬਾਕੀ 22 ਲੱਖ ਰੁਪਏ ਸੰਗਤ ਆਪਣੀ ਇੱਛਾ ਨਾਲ ਜਿੱਥੇ ਮਰਜ਼ੀ ਵਰਤ ਸਕਦੀ ਹੈ। ਜਥੇਦਾਰ ਮੰਡ ਨੇ ਸੰਗਤ ਦੀ ਭਾਵਨਾ ਨੂੰ ਧਿਆਨ ’ਚ ਰੱਖਦਿਆਂ ਮੋਰਚੇ ਨੂੰ ਸਮੇਟਣ ਦੀ ਬਜਾਇ ਐਲਾਨ ਕੀਤਾ,‘‘ਮੋਰਚੇ ਦਾ ਪਹਿਲਾ ਪੜਾਅ ਅੱਜ ਖ਼ਤਮ ਹੋਵੇਗਾ ਅਤੇ ਅਗਲੇ ਪੜਾਅ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ।’’ ਭਲਕੇ ਸੋਮਵਾਰ ਨੂੰ ਮੋਰਚਾ ਸਥਾਨ ’ਤੇ ਸਮਰਥਕਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਮੰਗਲਵਾਰ ਨੂੰ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਵਿਖੇ ਸੰਗਤ ਨਤਮਸਤਕ ਹੋਵੇਗੀ।
  ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵੱਸਣ ਸਿੰਘ ਜ਼ੱਫ਼ਰਵਾਲ, ਅਮਰ ਸਿੰਘ ਚਾਹਲ ਸਮੇਤ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

  ਸੰਗਤ ’ਚ ਘੁਸਰ-ਮੁਸਰ
  ਭਾਸ਼ਨਾਂ ਦੌਰਾਨ ਪੰਡਾਲ ਵਿੱਚ ਬੈਠੀ ਸੰਗਤ ਦਰਮਿਆਨ ਸਮਝੌਤੇ ’ਤੇ ‘ਨਾਰਾਜ਼ਗੀ’ ਜਤਾਉਂਦਿਆਂ ਘੁਸਰ-ਮੁਸਰ ਦਾ ਦੌਰ ਵੀ ਚੱਲਦਾ ਰਿਹਾ। ਇਸ ਸਥਿਤੀ ਨੂੰ ਲੈ ਕੇ ਮੰਚ ਸੰਚਾਲਨ ਕਰ ਰਹੇ ਜਥੇਦਾਰ ਦਾਦੂਵਾਲ ਨੂੰ ਵਾਰ-ਵਾਰ ਅਨੁਸ਼ਾਸਨ ’ਚ ਰਹਿਣ ਦੀਆਂ ਅਪੀਲਾਂ ਕਰਨੀਆਂ ਪਈਆਂ।

  ਚੰਡੀਗੜ੍ਹ - ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫੌਜ ਵੱਲੋਂ ਘੜੀ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ।
  ਅੱਜ ਇਥੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸਪੱਸ਼ਟ ਤੌਰ ’ਤੇ ਆਈਐਸਆਈ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਫ਼ੌਜ ਨੇ ਭਾਰਤ ਖ਼ਿਲਾਫ਼ ਵੱਡੀ ਸਾਜ਼ਿਸ਼ ਘੜੀ ਹੈ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਮੁੱਦੇ ਨੂੰ ਗ਼ੈਰਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸਪੱਸ਼ਟ ਤੌਰ ’ਤੇ ਆਈਐਸਆਈ ਦੀ ਇਸ ਸਾਜ਼ਿਸ਼ ਨੂੰ ਵੇਖਣ ਤੋਂ ਅਸਮਰੱਥ ਹਨ। ਉਨ੍ਹਾਂ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਹੱਥ-ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ।
  ਉਨ੍ਹਾਂ ਪੰਜਾਬ ਕੈਬਨਿਟ ਵਿਚਲੇ ਆਪਣੀ ਸਾਥੀ ਮੰਤਰੀ ਨਵਜੋਤ ਸਿੱਧੂ ਨਾਲ ਸਬੰਧਾਂ ਦੇ ਮੁੱਦੇ ’ਤੇ ਗੈਰਜ਼ਰੂਰੀ ਵਿਵਾਦ ਖੜ੍ਹਾ ਕਰਨ ਲਈ ਅਕਾਲੀਆਂ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ। ਪਾਕਿਸਤਾਨ, ਪੰਜਾਬ ਵਿੱਚ ਅਤਿਵਾਦੀ ਸਰਗਰਮੀਆਂ ਰਾਹੀਂ ਜਾਣਬੁਝ ਕੇ ਲਗਾਤਾਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਇਸ ਅਹਿਮ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਿੱਧੂ ਦਾ ਮੁੱਦਾ ਉਭਾਰ ਰਹੇ ਹਨ।
  ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਥਲ ਸੈਨਾ ਮੁਖੀ(ਬਾਜਵਾ) ’ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਸਰਹੱਦ ਉੱਤੇ ਭਾਰਤੀ ਫ਼ੌਜੀਆਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕੇ ਜਾਣਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਇਤਿਹਾਸ ਗਵਾਹ ਹੈ ਕਿ ਵਜ਼ੀਰੇ ਆਜ਼ਮ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਫੌਜ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਪਸੰਦੀਦਾ’ ਵਿਅਕਤੀ ਹੈ। ਉਨ੍ਹਾਂ ਦੇ ਸਿੱਧੂ ਦੇ ਮਾਪਿਆਂ ਨਾਲ ਵੀ ਨਿੱਘੇ ਸਬੰਧ ਹਨ। ਜਦੋਂ ਇਹ ਕ੍ਰਿਕਟਰ, ਮੰਤਰੀ ਬਣਿਆ ਤਾਂ ਉਨ੍ਹਾਂ ਦੇ ਪਿਤਾ ਕਾਂਗਰਸ ਦੀ ਪਟਿਆਲਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸਨ ਅਤੇ ਉਨ੍ਹਾਂ (ਕੈਪਟਨ) ਦੀ ਮਾਤਾ ਮਹਿੰਦਰ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਸਿੱਧੂ ਵਿਚਕਾਰ ਕਦੀ ਵੀ ਟਕਰਾਅ ਪੈਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਚਲਾਉਂਦੇ ਸਮੇਂ ਵੀ ਉਨ੍ਹਾਂ ਨੂੰ ਸਿੱਧੂ ਨਾਲ ਕਦੇ ਕੋਈ ਸਮੱਸਿਆ ਨਹੀਂ ਆਈ। ਕੈਪਟਨ ਨੇ ਕਿਹਾ ਕਿ ਸਿੱਧੂ ਦੀ ਇੱਕੋ-ਇਕ ਸਮੱਸਿਆ ਹੈ ਕਿ ਉਹ ਕਈ ਵਾਰੀ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ।

  ਨਰਿੰਦਰ ਪਾਲ ਸਿੰਘ
  ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਕੋਰ ਕਮੇਟੀ ਦੀ ਬੈਠਕ ਵਲੋਂ ਲਏ ਇੱਕ ਅਹਿਮ ਫੈਸਲੇ ਅਨੁਸਾਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕਾਰਕੁੰਨ 8 ਦਸੰਬਰ ਤੋਂ 10 ਦਸੰਬਰ ਤੱਕ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀਆਂ ਸੇਵਾਵਾਂ ਨਿਭਾਉਣਗੇ ਜੋ ਕਿ ਗੁਰਬਾਣੀ ਜਾਂ ਗੁਰ-ਸਿਧਾਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਸਿੱਖ ਨੂੰ ਅਕਾਲ ਤਖਤ ਸਾਹਿਬ ਵਲੋਂ ਧਾਰਮਿਕ ਤਨਖਾਹ ਵਜੋਂ ਨਿਭਾਉਣ ਲਈ ਹੁਕਮ ਕੀਤਾ ਜਾਂਦਾ ਹੈ। ਕੋਰ ਕਮੇਟੀ ਵਲੋਂ ਲਏ ਫੈਸਲੇ ਅਨੁਸਾਰ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਾਰਕੁੰਨਾਂ ਵਲੋਂ ਕੀਤੀ ਜਾ ਰਹੀ ਇਸ ਸੇਵਾ ਨੂੰ ਅਕਾਲੀ ਦਲ ਦੇ 10 ਸਾਲਾ ਕਾਰਜਕਾਲ ਦੌਰਾਨ ਜਾਣੇ ਅਨਜਾਣੇ ਵਿੱਚ ਹੋਈਆਂ ਭੁੱਲਾਂ ਜਾਂ ਗਲਤੀਆਂ ਦਾ ਪਸ਼ਚਾਤਾਪ ਦੱਸਿਆ ਜਾ ਰਿਹਾ ਹੈ।
  ਦਲ ਦੇ ਇਸ ਫੈਸਲੇ ਨੂੰ ਤਿੱਖੀ ਨਜਰੇ ਵਾਚ ਰਹੇ ਸਿਆਸੀ ਚਿੰਤਕਾਂ ਨੇ ਸਵਾਲ ਚੁੱਕਿਆ ਹੈ ਕਿ ਅਕਾਲੀ ਦਲ ਦੀ ਨਜਰ ਵਿੱਚ ਉਹ ਕਿਹੜਾ ਐਸਾ ਗੁਨਾਹ ਜਾਂ ਗਲਤੀ ਹੈ ਜੋ 10 ਸਾਲਾਂ ਦੌਰਾਨ ਅਕਾਲੀ ਦਲ ਜਾਂ ਇਸਦੀ ਲੀਡਰਸ਼ਿਪ ਪਾਸੋਂ ਹੋਈ ਤੇ ਖੁਦ ਉਹਨਾਂ ਨੂੰ ਹੀ ਪਤਾ ਨਹੀ ਲੱਗਾ।ਇਨ੍ਹਾਂ ਸਿਆਸੀ ਚਿੰਤਕਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਹ ਜਰੂਰ ਸਾਫ ਕਰ ਦੇਣਾ ਚਾਹੀਦਾ ਸੀ ਕਿ ਆਖਿਰ ਉਹ ਕਿਹੜੀਆਂ ਗਲਤੀਆਂ ਲਈ ਧਾਰਮਿਕ ਪਸ਼ਚਾਤਾਪ ਕਰਨ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਆਪਣੇ ਮੁੱਢਲੇ ਸੰਵਿਧਾਨ (ਜਿਸ ਕਾਰਣ ਉਹ ਅੱਜ ਵੀ ਪੰਥਕ ਹੋਣ ਦਾ ਦਾਅਵਾ ਕਰਦਾ ਹੈ ਅਤੇ ਸ਼੍ਰੋਮਣੀ ਕਮੇਟੀ ,ਦਿੱਲੀ ਕਮੇਟੀ ਵਰਗੀਆਂ ਸਿੱਖ ਧਾਰਮਿਕ ਸੰਸਥਾਵਾਂ ਤੇ ਕਾਬਜ ਹੈ) ਨੂੰ ਤਾਂ ਸਾਲ 1995-96 ਵਿੱਚ ਬਦਲਕੇ ਧਰਮ ਨਿਰਪੱਖ ਪਾਰਟੀ ਹੋਣ ਦਾ ਐਲਾਨ ਕਰ ਦਿੱਤਾ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੇਸ਼ ਅੰਦਰ ਬਾਦਲ ਦਲ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਪਾਸ ਦੋ-ਦੋ ਸੰਵਿਧਾਨ ਹਨ ਤੇ ਇਸੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਤਰੀਕਾਂ ਵੀ ਭੁਗਤ ਰਿਹਾ ਹੈ।
  ਬਾਦਲ ਦਲ ਇਹ ਦਾਅਵੇ ਜਰੂਰ ਕਰਦਾ ਹੈ ਕਿ ਉਸਦਾ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀਆਂ ਸੰਸਥਾਵਾਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਿੱਚ ਕੋਈ ਦਖਲ਼ ਨਹੀ ਹੈ ਪਰ ਇਹ ਸੱਚਾਈ ਜੱਗ ਜਾਹਰ ਹੋ ਚੁੱਕੀ ਹੈ ਕਿ ਪੰਥ ਦੇ ਇਨ੍ਹਾਂ ਅਦਾਰਿਆਂ ਦੇ ਮੈਂਬਰਾਂ ਤੋਂ ਲੈ ਕੇ ਪ੍ਰਧਾਨ ਅਤੇ ਬਾਕੀ ਅਹੁਦੇਦਾਰ ਬਾਦਲਾਂ ਵਲੋਂ ਭੇਜੀ ਪਰਚੀ ਵਿਚੋਂ ਹੀ ਨਿਕਲਦੇ ਹਨ। ਸਿਆਸੀ ਚਿੰਤਕਾਂ ਦਾ ਮੰਨਣਾ ਹੈ ਕਿ ਅਕਾਲੀਦਲ ਵਲੋਂ ਸਾਲ 2007 ਵਿੱਚ ਸੂਬੇ ਦੀ ਸੱਤਾ ਸੰਭਾਲਦਿਆਂ ਹੀ ਵੋਟਾਂ ਖਾਤਿਰ ਜੋ ਸਿਆਸੀ ਸਾਂਝ ਗੁਰੂ ਦੋਖੀ ਡੇਰੇਦਾਰਾਂ ਤੇ ਸਿੱਖ ਦੁਸ਼ਮਣ ਸਿਆਸੀ ਪਾਰਟੀਆਂ ਨਾਲ ਪੀਡੀ ਕੀਤੀ ਗਈ ਉਹ ਸਿੱਖ ਕੌਮ ਦੀ ਨਿਗਾਹ ਵਿੱਚ ਬੱਜਰ ਗਲਤੀਆਂ ਹਨ। ਕਿਉਂਕਿ ਗੁਰੂ ਦੋਖੀ ਡੇਰਾ ਸਿਰਸਾ ਨਾਲ ਦਲ ਵਲੋਂ 2007 ਤੋਂ 2017 ਤੀਕ ਪੁਗਾਈ ਸਾਂਝ ਦਾ ਹੀ ਨਤੀਜਾ ਹੈ ਕਿ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਨਿਰਾਦਰ ਤੇ ਸਰਕਾਰੀ ਸ਼ਹਿ ਤੇ ਸਿੱਖਾਂ ਦੇ ਕਤਲ ਵਰਗੀਆਂ ਦੁਖਦਾਈ ਘਟਨਾਵਾਂ ਵਾਪਰੀਆਂ।
  ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਾਲ 1920 ਵਿੱਚ ਹੋਂਦ ਵਿੱਚ ਆਉਣ ਮੌਕੇ ਪ੍ਰਵਾਨ ਕੀਤੇ ਮੂਲ ਸੰਵਿਧਾਨ ਅਨੁਸਾਰ ਦੂਸਰਿਆਂ ਦੇ ਹੱਕਾਂ ਲਈ ਜੂਝਣ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਸਾਲ 2007 ਦੇ ਸ਼ੁਰੂਆਤ ਵਿੱਚ ਪੂਰੀ ਤਰ੍ਹਾਂ ਬਾਦਲ ਦਲ ਬਣਿਆ ਅਤੇ ਅਜਿਹਾ ਹੁੰਦਿਆਂ ਹੀ ਦਲ ਨੇ ਸਭ ਤੋਂ ਜਿਆਦਾ ਨੁਕਸਾਨ ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ ਅਤੇ ਸਿੱਖ ਤਖਤਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਕੰਮ ਕੀਤਾ।
  ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਤੇ ਡੇਰਾ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਪਾਸੋਂ ਦਿਵਾਈ ਗਈ ਮੁਆਫੀ ਦੇ ਸਿੱਧੇ ਦੋਸ਼, ਪਾਰਟੀ ਦੇ ਸਰਪ੍ਰਸਤ ਅਤੇ ਪ੍ਰਧਾਨ ਉਪਰ ਲੱਗੇ ਹਨ, ਇਸੇ ਹੀ ਮੁਆਫੀ ਤੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਣੇ ਹਾਲਾਤਾਂ ਨਾਲ ਨਿਬੜਦਿਆਂ ਬਾਦਲ ਦਲ ਦੀ ਸਰਕਾਰ ਨੇ ਨਿੱਹਥੇ ਸਿੱਖਾਂ ਨੂੰ ਡਾਂਗਾਂ ਤੇ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ।ਪਰ ਪਾਰਟੀ ਨੇ ਕਦੇ ਇਹ ਗੁਨਾਹ ਮੰਨਿਆ ਨਹੀ।
  ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਜੋ ਸਾਲ 2015 ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ, ਨੇ ਜੋ ਚਿੱਠੀ ਵੇਲੇ ਦੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਮ ਲਿਖੀ ਉਸ ਵਿੱਚ ਸਾਲ 2015 ਦੀਆਂ ਉਪਰੋਕਤ ਘਟਨਾਵਾਂ ਨੂੰ ਪ੍ਰਸ਼ਾਸਨਿਕ ਮਜਬੂਰੀ ਦੱਸਿਆ ਗਿਆ। ਚਿੰਤਕ ਤਾਂ ਇਹ ਵੀ ਦੁਹਰਾ ਰਹੇ ਹਨ ਕਿ ਬੇਅਦਬੀ ਤੇ ਸਿੱਖ ਕਤਲ ਕਾਂਡ ਦੇ ਦੋਸ਼ੀਆਂ ਖਿਲਾਫ ਸਰਕਾਰੀ ਕਾਰਵਾਈ ਵਿੱਚ ਢਿੱਲ ਮੱਠ ਦੇ ਦੋਸ਼ ਤਾਂ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਤੀਕ ਵੀ ਨਕਾਰੇ ਹਨ।ਫਿਰ ਅਜਿਹਾ ਕੀ ਵਾਪਰਿਆ ਕਿ ਅਕਾਲੀ ਦਲ ਨੂੰ ਅਚਨਚੇਤ ਹੀ ਯਾਦ ਆ ਗਿਆ ਕਿ ਉਹ ਆਪਣੇ ਇੱਕ ਦਹਾਕੇ ਦੇ ਰਾਜਭਾਗ ਦੌਰਾਨ ਜਾਣੇ ਅਨਜਾਣੇ ਵਿੱਚ ਕੀਤੀਆਂ ਭੁੱਲਾਂ ਦਾ ਪਸ਼ਚਾਤਾਪ ਕਰਨ ਦੇ ਰਾਹ ਟੁਰ ਪਿਆ।
  ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਗਲਤੀਆਂ ਮਨੁੱਖ ਪਾਸੋਂ ਹੀ ਹੁੰਦੀਆਂ ਹਨ ਪਰ ਹੋਈਆਂ ਗਲਤੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੰੁਦਿਆਂ, ਗਲਤੀਆਂ ਨੂੰ ਯਾਦ ਕਰਾਉਣ ਵਾਲਿਆਂ ਨੂੰ ਜੁਲਮ ਤਸ਼ੱਦਦ ਦਾ ਸ਼ਿਕਾਰ ਬਣਾ ਦੇਣਾ ਤਾਂ ਕੋਈ ਸਾਧਾਰਣ ਭੱੁਲ ਨਹੀ ਹੈ।ਯਾਦ ਦਿਵਾਉਣਾ ਜਰੂਰੀ ਹੈ ਕਿ ਡੇਰਾ ਸਿਰਸਾ ਮੁਖੀ ਦੀ ਗੁਰੂ ਦੋਖੀ ਕਰਤੂਤ ਖਿਲਾਫ ਅਵਾਜ ਬੁਲੰਦ ਕਰਦਿਆਂ, ਇੱਕ ਹੋਰ ਡੇਰੇਦਾਰ ਆਸ਼ੂਤੋਸ਼ ਦੇ ਕੂੜ ਪ੍ਰਚਾਰ ਦਾ ਵਿਰੋਧ ਜਿਤਾਉਂਦਿਆਂ ਅਤੇ ਸਿੱਖ ਸੰਘਰਸ਼ ਦੇ ਅਹਿਮ ਯੋਧੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫੀ ਖਿਲਾਫ ਪੰਜਾਬ ਬੰਦ ਮੌਕੇ ਜੋ ਸਿੱਖ ਨੌਜੁਆਨ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਨੂੰ ਹੁਣ ਤੀਕ ਵੀ ਇਨਸਾਫ ਨਾ ਦੇਣ ਦੋਸ਼ੀ ਬਾਦਲ ਦਲ ਜਰੂਰ ਹੈ।ਕੀ ਬਾਦਲਾਂ ਦੇ ਇਸ ਪਸ਼ਚਾਤਾਪ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਜਾਵੇਗਾ? ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਬਣੀ ਇੱਕ ਸਿੱਖ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਤੇ ਅਕਾਲੀ ਦੀ ਪਰਿਭਾਸ਼ਾ ਤੋਂ ਰਹਿਤ ਕਰਦਿਆਂ ਨਿੱਜੀ ਸੰਸਥਾ ਬਣਾਕੇ ਸਿੱਖ ਕੌਮ ਤੇ ਸੰਸਾਰ ਦੇ ਲੋਕਾਂ ਨਾਲ ਧੋਖਾ ਕਰਨਾ ਬੱਜਰ ਪਾਪ ਨਹੀ ਹੈ? ਜੇਕਰ ਦਲ ਤੇ ਇਸਦੀ ਲੀਡਰਸ਼ਿਪ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਉਸਦੇ ਰਾਜਭਾਗ ਦੌਰਾਨ ਅਣਗਿਣਤ ਭੁੱਲਾਂ ਹੋਈਆਂ ਹਨ ਤਾਂ ਫਿਰ ਪਸ਼ਚਾਤਾਪ ਕਰਨ ਲੱਗਿਆਂ ਅਕਾਲ ਤਖਤ ਸਾਹਿਬ ਵਲੋਂ ਮਿਲਿਆ ਫਖਰ-ਏ-ਕੌਮ ਦਾ ਮਾਣ ਵਾਪਿਸ ਕਿਉਂ ਨਹੀ ? ਇਹ ਸਵਾਲ ਇਸ ਕਰਕੇ ਹੈ ਕਿ ਦਲ ਦੀ ਲੀਡਰਸ਼ਿਪ ਪਾਸੋਂ ਹੋਈਆਂ ਜਿਹੜੀਆਂ ਭੁੱਲਾਂ ਦਾ ਜਿਕਰ ਪਿਛਲੇ ਕਈ ਸਾਲਾਂ ਤੋਂ ਵਾਰ-ਵਾਰ ਹੋ ਰਿਹਾ ਹੈ ਉਨ੍ਹਾਂ ਦੇ ਮੱਦੇ-ਨਜਰ ਇਹ ਅਵਾਜ ਵੀ ਬੁਲੰਦ ਰਹੀ ਹੈ ਕਿ ਪਰਕਾਸ਼ ਸਿੰਘ ਬਾਦਲ ਫਖਰ-ਏ-ਕੌਮ ਹੋਣ ਦਾ ਹੱਕ ਗਵਾ ਬੈਠਾ ਹੈ।
  ਹੁਣ ਸ਼ੁਰੂ ਹੋਣ ਜਾ ਰਹੀ ਦਲ ਦੀ ਪਸ਼ਚਤਾਪ ਸੇਵਾ ਦੇ ਮੱਦੇਨਜਰ ਇਹ ਸਵਾਲ ਵੀ ਅਹਿਮ ਰਹੇਗਾ ਕਿ ਇੱਕ ਫਖਰ-ਏ-ਕੌਮ,ਆਪਣੇ ਕਿਸ ਪਾਪ ਦਾ ਪਸ਼ਚਾਤਾਪ ਕਰ ਰਿਹਾ ਹੈ ਤੇ ਜੇਕਰ ਉਹ ਪਾਪ ਕਰ ਚੁੱਕਾ ਹੈ ਤਾਂ ਫਿਰ ਫਖਰ-ਏ-ਕੌਮ ਕਿਵੇਂ? ਕੀ ਪ੍ਰਕਾਸ਼ ਸਿੰਘ ਬਾਦਲ ਆਪਣੇ ਪਾਸੋਂ ਹੋਈਆਂ ਭੁੱਲਾਂ ਦੇ ਪਸ਼ਚਾਤਾਪ ਵਜੋਂ ਆਪਣੇ ਅਸਰ ਹੇਠਲੇ ਵਾਲੇ ਜਥੇਦਾਰਾਂ ਪਾਸੋਂ ਲਿਆ ਫਖਰ-ਏ-ਕੌਮ ਦਾ ਸਨਮਾਨ ਵਾਪਸ ਮੋੜਨਗੇ?

  ਅੰਮ੍ਰਿਤਸਰ - ਆਪਣੇ ਦਸ ਸਾਲ ਦੇ ਰਾਜ ਦੌਰਾਨ ਹੋਈਆਂ ਭੁੱਲਾਂ-ਚੁੱਕਾਂ ਦੀ ਖ਼ਿਮਾ ਯਾਚਨਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਅਕਾਲ ਤਖ਼ਤ ਦੇ ਨੇੜੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰਵਾਇਆ ਹੈ। ਇਸ ਮੌਕੇ ਬਾਦਲ ਪਰਿਵਾਰ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਵਿਧਾਇਕ, ਸਾਬਕਾ ਮੰਤਰੀ, ਜ਼ਿਲ੍ਹਾ ਪ੍ਰਧਾਨਾਂ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਨੇ ਜੋੜਾ ਘਰ ਵਿਚ ਸੰਗਤਾਂ ਦੇ ਜੋੜੇ ਸਾਫ ਕੀਤੇ, ਲੰਗਰ ਘਰ ਵਿਚ ਸੇਵਾ ਕੀਤੀ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ।
  ਅੱਜ ਪ੍ਰਕਾਸ਼ ਸਿੰਘ ਬਾਦਲ ਦੇ 91ਵੇਂ ਜਨਮ ਦਿਨ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਖ਼ਿਮਾ ਯਾਚਨਾ ਵਾਸਤੇ ਰੱਖੇ ਅਖੰਡ ਪਾਠ ਮੌਕੇ ਆਰੰਭਤਾ ਦੀ ਅਰਦਾਸ ਵਿਚ ਵੀ ਅਰਦਾਸੀਏ ਸਿੰਘ ਵੱਲੋਂ ਪਿਛਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਕੋਲੋਂ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਖ਼ਿਮਾ ਯਾਚਨਾ ਦਾ ਜ਼ਿਕਰ ਕੀਤਾ ਗਿਆ। ਅਰਦਾਸ ਵਿਚ ਖ਼ਿਮਾ ਯਾਚਨਾ ਬਾਰੇ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਿਮਾਣੇ ਸਿੱਖ ਵਜੋਂ ਭੁੱਲਾਂ ਚੁੱਕਾਂ ਬਖਸ਼ਾਉਣ ਵਾਸਤੇ ਹਾਜ਼ਰ ਹੋਏ ਹਨ। ਭੁੱਲਾਂ ਚੁੱਕਾਂ ਕਰਨ ਵਾਲੇ ਸੇਵਕਾਂ ਨੂੰ ਬਖਸ਼ ਕੇ ਆਪਣੇ ਲੜ ਲਾਇਆ ਜਾਵੇ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ ਕਈ ਆਗੂਆਂ ਨੇ ਦਾੜ੍ਹੀ ਵੀ ਖੁੱਲ੍ਹੀ ਛੱਡੀ ਹੋਈ ਸੀ। ਪਾਠ ਦੀ ਆਰੰਭਤਾ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ।
  ਪਾਠ ਦੀ ਆਰੰਭਤਾ ਤੋਂ ਬਾਅਦ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਸਮੁੱਚੀ ਪਾਰਟੀ ਕੋਲੋਂ ਰਾਜਕਾਲ ਦੌਰਾਨ ਫਰਜ਼ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਕਰਨ ਵਾਸਤੇ ਆਏ ਹਨ। ਵਿਰੋਧੀਆਂ ਵਲੋਂ ਇਸ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਬਾਰੇ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਵਿਰੋਧੀਆਂ ਦਾ ਕੰਮ ਸਿਰਫ ਵਿਰੋਧ ਕਰਨਾ ਹੈ, ਜੋ ਮਰਜ਼ੀ ਕੋਈ ਬੋਲੇ ਪਰ ਅੰਤ ਵਿਚ ਜਿੱਤ ਸਚਾਈ ਦੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਅੱਜ ਉਹ ਇਸ ਸਬੰਧ ਵਿਚ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਪਰ ਦੋ ਦਿਨ ਬਾਅਦ ਅਖੰਡ ਪਾਠ ਦੇ ਭੋਗ ਪੈਣ ਮਗਰੋਂ ਉਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਾਬਕਾ ਮੁਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਇਨ੍ਹਾਂ ਸੀਨੀਅਰ ਆਗੂਆਂ ਨੂੰ ਕੁੱਝ ਵੀ ਨਹੀਂ ਕਿਹਾ ਅਤੇ ਨਾ ਹੀ ਕੁੱਝ ਕੀਤਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਆਉਣ ਅਤੇ ਪਹਿਲਾਂ ਵਾਂਗ ਹੀ ਸੇਵਾ ਕਰਨ। ਉਨ੍ਹਾਂ ਨੇ ਅਸਿੱਧੇ ਢੰਗ ਨਾਲ ਪਾਰਟੀ ਤੋਂ ਵੱਖ ਕੀਤੇ ਇਨ੍ਹਾਂ ਆਗੂਆਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਹੋਣ ਲਈ ਆਖਿਆ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਸੰਕੋਚ ਕੀਤਾ। ਜਦੋਂਕਿ ਕੁਝ ਹੋਰ ਆਗੂਆਂ ਵਲੋਂ ਗੱਲਬਾਤ ਦੌਰਾਨ ਰਾਜਕਾਲ ਸਮੇਂ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਖ਼ਿਮਾ ਯਾਚਨਾ ਵਾਸਤੇ ਗੁਰੂ ਘਰ ਨਤਮਸਤਕ ਹੋਣ ਬਾਰੇ ਆਖਿਆ ਹੈ ਪਰ ਕਿਸੇ ਵੀ ਆਗੂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਭੁੱਲਾਂ ਚੁੱਕਾਂ ਵਾਸਤੇ ਖ਼ਿਮਾ ਯਾਚਨਾ ਕੀਤੀ ਜਾ ਰਹੀ ਹੈ।
  ਪਾਠ ਆਰੰਭ ਕਰਾਉਣ ਮਗਰੋਂ ਪ੍ਰਕਾਸ਼ ਸਿੰਘ ਬਾਦਲ ਨੇ ਸੰਕੇਤਕ ਤੌਰ ਉੱਤੇ ਸੰਗਤ ਦੇ ਜੋੜੇ ਝਾੜੇ ਅਤੇ ਲੰਗਰ ਘਰ ਵਿਚ ਸੇਵਾ ਕੀਤੀ ਪਰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਦੋਵਾਂ ਥਾਵਾਂ ਉੱਤੇ ਇੱਕ ਇੱਕ ਘੰਟੇ ਤੋਂ ਵੱਧ ਸਮਾਂ ਸੇਵਾ ਕੀਤੀ। ਉਹ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰਬਾਣੀ ਦਾ ਕੀਰਤਨ ਸੁਣਨ ਵਾਸਤੇ ਵੀ ਹਾਜ਼ਰ ਹੋਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ ਤੇ ਹੋਰ ਪ੍ਰਮੁਖ ਆਗੂ ਵੀ ਹਾਜ਼ਰ ਸਨ।

  ਚੰਡੀਗੜ੍ਹ - ਸਾਬਕਾ ਖ਼ਾਲਿਸਤਾਨੀ ਆਗੂ ਵੱਸਣ ਸਿੰਘ ਜ਼ੱਫਰਵਾਲ ਤੇ ਉਸ ਦੀ ਪਾਰਟੀ ਯੂਨਾਈਟਡ ਅਕਾਲੀ ਦਲ ਦੇ ਹੋਰਨਾਂ ਆਗੂਆਂ ਨਾਲ ‘ਆਪ’ ਦੇ ਬਾਗ਼ੀ ਆਗੂਆਂ ਤੇ ਹੋਰਨਾਂ ਧਿਰਾਂ ਵਲੋਂ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੇ ਗਏ ਇਨਸਾਫ਼ ਮਾਰਚ ਵਿਚ ਸ਼ਿਰਕਤ ਕਰਨ ਨਾਲ ਚਰਚਾ ਛਿੜ ਪਈ ਹੈ। ਜ਼ੱਫਰਵਾਲ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ਧੜੇ ਦੀ ਹਮਾਇਤ ਦਾ ਐਲਾਨ ਕੀਤਾ ਸੀ ਜਿਸ ਨੇ ਪਟਿਆਲਾ ਤੋਂ ਐਮਪੀ ਡਾ. ਧਰਮਵੀਰ ਗਾਂਧੀ ਅਤੇ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਇਨਸਾਫ਼ ਮਾਰਚ ਸ਼ੁਰੂ ਕੀਤਾ ਹੈ। ਇਸ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਜ਼ੱਫਰਵਾਲ ਨੇ ਕਿਹਾ ਕਿ ਉਹ ਹੁਣ ਖ਼ਾਲਿਸਤਾਨ ਜਾਂ ਵੱਖਰੇ ਰਾਜ ਦੀ ਮੰਗ ਨਹੀਂ ਕਰਦੇ। ਉਨ੍ਹਾਂ ਕਿਹਾ, ‘‘ ਖ਼ਾਲਿਸਤਾਨ ਦੀ ਲਹਿਰ ਦੇ ਉਹ ਦਿਨ ਹੁਣ ਨਹੀਂ ਰਹੇ। ਅੱਜ ਦੇ ਪੰਜਾਬ ਦੀ ਇਹ ਮੰਗ ਨਹੀਂ ਹੈ। ਅੱਜ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ, ਬੇਰੁਜ਼ਗਾਰੀ, ਖੇਤੀ ਸੰਕਟ ਤੇ ਲੋਕਾਂ ਤੇ ਸੂਬੇ ਦੀ ਡਿਗਦੀ ਸਿਹਤ ਜਿਹੇ ਮੁੱਦਿਆਂ ਨੇ ਗ੍ਰਸਿਆ ਹੋਇਆ ਹੈ। ਮੈਂ ਇਨਸਾਫ਼ ਮਾਰਚ ਵਿਚ ਇਸ ਲਈ ਸ਼ਾਮਲ ਹੋਇਆ ਹਾਂ ਕਿਉਂਕਿ ਇਸ ਦੇ ਆਗੂ ਇਹ ਮੁੱਦੇ ਉਠਾ ਰਹੇ ਹਨ।’’ ਸ੍ਰੀ ਜ਼ੱਫ਼ਰਵਾਲ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਸਾਰੇ ਕੇਸ 2006-07 ਵਿਚ ਹੀ ਖਤਮ ਹੋ ਗਏ ਸਨ। ਉਨ੍ਹਾਂ ਕਿਹਾ ‘‘ ਮੈਂ ਹੁਣ ਭਾਰਤ ਦੇ ਆਮ ਨਾਗਰਿਕ ਵਾਂਗ ਕਾਨੂੰਨ ਨੂੰ ਮੰਨਦਾ ਹਾਂ। ਪਤਾ ਨਹੀਂ ਕਿਉਂ ਮੇਰੇ ਪਿਛੋਕੜ ਨੂੰ ਵਾਰ ਵਾਰ ਉਛਾਲਿਆ ਜਾਂਦਾ ਹੈ। ਕੀ ਪਿਛਲੇ ਇਕ ਦਹਾਕੇ ਦੌਰਾਨ ਮੈਂ ਕੋਈ ਭੜਕਾਊ ਜਾਂ ਭਾਰਤ ਵਿਰੋਧੀ ਬਿਆਨ ਦਿੱਤਾ ਹੈ?’’ ਕਿਸੇ ਵੇਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੋਹਰੀ ਰਹੇ ਜ਼ੱਫਰਵਾਲ ਅੱਜ ਕੱਲ੍ਹ ਆਪਣੇ ਪਿੰਡ ਵਿਚ ਰਹਿ ਕੇ ਹੋਮੀਓਪੈਥੀ ਦੀ ਪ੍ਰੈਕਟਿਸ ਕਰਦੇ ਹਨ।
  ਆਪ ਦੇ ਬਾਗ਼ੀ ਧੜੇ ਨਾਲ ਸਬੰਧਤ ਵਿਧਾਇਕ ਕੰਵਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਕਿਸੇ ਪਾਰਟੀ ਜਾਂ ਜਥੇਬੰਦੀ ਨੂੰ ਉਚੇਚਾ ਸੱਦਾ ਨਹੀਂ ਦਿੱਤਾ ਪਰ ਜੋ ਕੋਈ ਵੀ ਕਿਸਾਨਾਂ, ਮੁਲਾਜ਼ਮਾਂ , ਬੇਰੁਜ਼ਗਾਰਾਂ ਦੀਆਂ ਮੰਗਾਂ ਤੇ ਬੇਅਦਬੀ ਦੀਆਂ ਘਟਨਾਵਾਂ ਵਿਚ ਪੁਲੀਸ ਗੋਲੀਬਾਰੀ ਦੇ ਕੇਸਾਂ ਵਿਚ ਇਨਸਾਫ਼ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਨ ਉਨ੍ਹਾਂ ਦਾ ਮਾਰਚ ਵਿਚ ਸੁਆਗਤ ਹੈ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਮਾਰਚ ਦੀ ਸ਼ੁਰੂਆਤ ਵੇਲੇ ਕੇਵਲ ਭਾਈ ਮੋਹਕਮ ਸਿੰਘ ਨੇ ਹੀ ਸੰਬੋਧਨ ਕੀਤਾ ਸੀ। ਯੂਨਾਈਟਡ ਅਕਾਲੀ ਦਲ ਦੇ ਤਰਜਮਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪਾਰਟੀ ਖ਼ਾਲਿਸਤਾਨ ਦੀ ਮੰਗ ਦੀ ਹਮਾਇਤ ਨਹੀਂ ਕਰਦੀ। ਸਗੋਂ ਅਸੀਂ ਭਾਰਤੀ ਸੰਵਿਧਾਨ ਤਹਿਤ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਮੁਦਈ ਹਾਂ।

  ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਵੱਲੋਂ ਦਸ ਸਾਲ ਦੇ ਰਾਜ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਵਾਸਤੇ ਰਖਵਾਏ ਗਏ ਅਖੰਡ ਪਾਠ ਨੂੰ ਪਾਰਟੀ ਤੋਂ ਵੱਖ ਹੋਏ ਟਕਸਾਲੀ ਆਗੂਆਂ ਨੇ ਸਿੱਖ ਕੌਮ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਆਖਿਆ ਕਿ ਬਾਦਲ ਪਰਿਵਾਰ ਦਾ ਗੁਨਾਹ ਨਾ ਮੁਆਫ਼ੀ ਯੋਗ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਫਾਰਗ ਕੀਤੇ ਗਏ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਗੁਨਾਹ ਨਾ ਮੁਆਫ਼ੀਯੋਗ ਹਨ ਕਿਉਂਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਨੂੰ ਵੰਗਾਰ ਕੇ ਡੇਰਾ ਸਿਰਸਾ ਦੇ ਮੁਖੀ ਨਾਲ ਸਾਂਝ ਪਾਈ ਸੀ। ਉਨ੍ਹਾਂ ਆਖਿਆ ਕਿ ਅਰਦਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਲੋਂ ਭੁੱਲਾਂ ਹੋਣ ਦਾ ਜ਼ਿਕਰ ਕਰਨਾ ਉਚਿਤ ਨਹੀਂ ਹੈ ਕਿਉਂਕਿ ਗਲਤੀਆਂ ਪਾਰਟੀ ਕੋਲੋਂ ਨਹੀਂ ਸਗੋਂ ਇਕ ਪਰਿਵਾਰ ਕੋਲੋਂ ਹੋਈਆਂ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੀ ਕਾਰਵਾਈ ਨਾਲ ਪਾਰਟੀ ਦੀ ਹੋਰ ਬਦਨਾਮੀ ਨਾ ਕਰਾਉਣ ਅਤੇ ਪ੍ਰਧਾਨਗੀ ਦਾ ਅਹੁਦਾ ਛੱਡ ਕੇ ਪਿੱਛੇ ਹਟ ਜਾਣ।
  ਇਸੇ ਤਰ੍ਹਾਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਆਖਿਆ ਕਿ ਲਾਮ-ਲਸ਼ਕਰ ਲੈ ਕੇ ਮੁਆਫ਼ੀ ਮੰਗਣ ਆਉਣਾ ਨਿਮਾਣੇ ਸਿੱਖ ਵਜੋਂ ਮੁਆਫ਼ੀ ਮੰਗਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਇਹ ਹੁਣ ਮਜਬੂਰੀ ਵਸ ਮੁਆਫ਼ੀ ਮੰਗਣ ਆਏ ਹਨ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਲਈ ਦਿੱਤੇ ਗਏ ਸੱਦੇ ਬਾਰੇ ਸ੍ਰੀ ਸੇਖਵਾਂ ਨੇ ਆਖਿਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਅਹੁਦਿਆਂ ਤੋਂ ਪਿਛਾਂਹ ਹਟਦੇ ਹਨ ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਜਦਕਿ ਸ੍ਰੀ ਬ੍ਰਹਮਪੁਰਾ ਨੇ ਆਖਿਆ ਕਿ ਹੁਣ ਇਸ ਮਾਮਲੇ ਵਿੱਚ ਦੇਰ ਹੋ ਚੁੱਕੀ ਹੈ। ਉਹ 16 ਦਸੰਬਰ ਨੂੰ ਆਪਣੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰਨਗੇ। ਇਸ ਦੌਰਾਨ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਕਾਰਵਾਈ ਬਾਰੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਤੇ ਪੁੱਜ ਕੇ ਅਣਪਛਾਤੇ ਗੁਨਾਹਾਂ ਦਾ ਪਸ਼ਚਾਤਾਪ ਸਿਰਫ ਸਾਖ ਬਹਾਲ ਕਰਨ ਵਾਸਤੇ ਕੀਤੀ ਕਾਰਵਾਈ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਵਿੱਚ ਇਨਸਾਨੀਅਤ ਹੈ ਤਾਂ ਉਹ ਅਕਾਲ ਤਖ਼ਤ ਅੱਗੇ ਆਪਣੇ ਗੁਨਾਹਾਂ ਦੀ ਸੂਚੀ ਸੌਂਪਣ।
  ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਗਲਤੀਆਂ ਅਤੇ ਪਾਪ ਦੋ ਵੱਖ ਵੱਖ ਵਿਸ਼ੇ ਹਨ। ਪਾਪਾਂ ਨੂੰ ਗਲਤੀਆਂ ਕਹਿਣਾ ਉਚਿਤ ਨਹੀਂ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਗਲਤੀਆਂ ਮੰਨੀਆਂ ਹਨ ਤਾਂ ਫਿਰ ਖੁੱਲ ਕੇ ਇਨ੍ਹਾਂ ਗਲਤੀਆਂ ਦਾ ਖੁਲਾਸਾ ਕਰੇ ਅਤੇ ਅਹੁਦੇ ਛੱਡੇ। ਇਸੇ ਤਰ੍ਹਾਂ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਹੁਣ ਜਦੋਂ ਬਾਦਲਾਂ ਨੇ ਗਲਤੀ ਮੰਨ ਲਈ ਹੈ ਤਾਂ ਫਿਰ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ ਕਿਉਂਕਿ ਹੁਣ ਤਕ ਉਹ ਇਹੀ ਕਹਿੰਦੇ ਆਏ ਹਨ ਕਿ ਉਨ੍ਹਾਂ ਕੋਲੋਂ ਕੋਈ ਗਲਤੀ ਨਹੀਂ ਹੋਈ।
  ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਮੁੱਚੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪਹੁੰਚ ਕੇ ਭੁੱਲਾਂ ਬਖ਼ਸ਼ਾਉਣ ਲਈ ਕੀਤੀ ਅਰਦਾਸ ਮਗਰੋਂ ਨਿਮਾਣੇ ਸੇਵਕ ਵਜੋਂ ਸੇਵਾ ਕਰਨਾ ਸ਼ਲਾਘਾਯੋਗ ਹੈ। ਉਹ ਵੀ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਲੀਕੇ ਪ੍ਰੋਗਰਾਮ ’ਚ ਸ਼ਾਮਿਲ ਹੋਣ ਲਈ ਇੱਥੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਤਨ ਪ੍ਰੰਪਰਾਵਾਂ ਤਹਿਤ ਇਕ ਨਿਮਾਣੇ ਸੇਵਕ ਵਜੋਂ ਭੁੱਲ ਬਖਸ਼ਾਉਣ ਨੂੰ ਲੈ ਕੇ ਸੇਵਾ ਨਿਭਾਈ ਹੈ। ਇਸ ਨਾਲ ਅਕਾਲੀ ਦਲ ਦਾ ਮਨੋਬਲ ਉੱਚਾ ਹੋਵੇਗਾ ਅਤੇ ਅਕਾਲੀ ਦਲ ਬਾਰੇ ਗੁਰੂ ਸਾਹਿਬ ਨੂੰ ਪਿੱਠ ਦਿਖਾਉਣ ਦੇ ਕੀਤੇ ਪ੍ਰਚਾਰ ਨੂੰ ਲਗਾਮ ਲੱਗੇਗੀ।

  ਜਲੰਧਰ - ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਕੈਦੀਆਂ ਦੀ ਰਿਹਾਈ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ | ਪੰਜਾਬ ਸਰਕਾਰ ਵਲੋਂ ਪੰਜਾਬ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ ਦੀਆਂ ਜੇਲ੍ਹਾਂ 'ਚ ਬੰਦ 18 ਸਿੱਖ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਬਾਰੇ ਕੇਸ ਤਿਆਰ ਕੀਤੇ ਜਾ ਰਹੇ ਹਨ ਤੇ ਮੁੱਖ ਮੰਤਰੀ ਪੰਜਾਬ ਵਲੋਂ ਨਾਭਾ ਦੀ ਸੁਰੱਖਿਆ ਜੇਲ੍ਹ 'ਚ 22 ਸਾਲ ਤੋਂ ਵੱਧ ਸਜ਼ਾ ਭੁਗਤਣ ਵਾਲੇ ਉਮਰ ਕੈਦੀ ਸ: ਦਿਲਬਾਗ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਅੱਜ ਜਾਰੀ ਕੀਤੇ ਹਨ | ਪਟਿਆਲਾ ਜ਼ਿਲ੍ਹੇ ਦੇ ਥਾਣਾ ਘੱਗਾ ਦੇ ਪਿੰਡ ਅਤਾਣਾ ਦੇ ਦਿਲਬਾਗ ਸਿੰਘ ਨੂੰ ਮਈ 1992 'ਚ ਇਕ ਕਤਲ ਕੇਸ ਦੇ ਸਬੰਧ 'ਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ 2007 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ | ਸ: ਦਿਲਬਾਗ ਸਿੰਘ 22 ਸਾਲ 11 ਮਹੀਨੇ ਤੋਂ ਵੱਧ ਸਮੇਂ ਤੋਂ ਜੇਲ੍ਹ 'ਚ ਬੰਦ ਹੈ | ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਵਲੋਂ ਭੇਜੇ ਕੇਸ ਦੇ ਆਧਾਰ 'ਤੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਮਰ ਕੈਦੀ ਨੂੰ 30 ਹਜ਼ਾਰ ਦੇ ਨਿੱਜੀ ਮੁਚੱਲਕੇ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ | ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਦੇ ਸਿੱਖ ਕੈਦੀਆਂ ਦੀ ਰਿਹਾਈ ਲਈ ਕੇਸ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ |

  ਅੰਮਿ੍ਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸੇ ਮਹੀਨੇ ਆ ਰਹੇ ਸਾਹਿਬਜ਼ਾਦਿਆਂ ਤੇ ਹੋਰ ਮਹਾਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਪੰਦਰਵਾੜੇ ਨੂੰ ਜਿੱਥੇ ਸਿੱਖ ਪੰਥ ਨੂੰ ਸਾਦਗੀ ਨਾਲ ਮਨਾਏ ਜਾਣ ਦੀ ਹਦਾਇਤ ਕੀਤੀ ਹੈ, ਉੱਥੇ ਨਾਲ ਹੀ ਪੰਜਾਬ ਦੀ ਕੈਪਟਨ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਮੁੜ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਦਸੰਬਰ 'ਚ ਕਰਾਈਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਮੁਲਤਵੀ ਕਰਕੇ ਜਨਵਰੀ ਮਹੀਨੇ ਕਰਵਾ ਲਈਆਂ ਜਾਣ | ਉਨ੍ਹਾਂ ਕਿਹਾ ਕਿ ਚੋਣਾਂ ਮੁਲਤਵੀ ਕਰਨ ਸਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਵੀ ਸਰਕਾਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਜੇਕਰ ਸਰਕਾਰ ਨੇ ਫ਼ਿਰ ਵੀ ਆਪਣਾ ਫ਼ੈਸਲਾ ਨਾ ਬਦਲਿਆ ਤਾਂ ਸਿੰਘ ਸਾਹਿਬਾਨ ਤੇ ਸ਼ੋ੍ਰਮਣੀ ਕਮੇਟੀ ਨਾਲ ਵਿਚਾਰ ਕਰਕੇ ਅਹਿਮ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਸ਼ਹੀਦੀ ਪੰਦਰਵਾੜਾ ਸਾਦਗੀ ਤੇ ਸਤਿਕਾਰ ਨਾਲ ਮਨਾਉਣ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com