ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ’ਚ ਘਿਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਕਰੀਬ ਤਿੰਨ ਮਹੀਨੇ ਪਹਿਲਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਬਾਦਲ ਧੜੇ ਦੇ 14 ਮੈਂਬਰਾਂ ਨੇ ਆਪਣੇ ਅਸਤੀਫ਼ੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੇ ਹਨ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ’ਤੇ ਸਿਰਸਾ ਨੇ ਕਾਰਜਕਾਰਨੀ ਬੋਰਡ ਦੀ ਬੈਠਕ ਸੱਦੀ ਸੀ। ਦਿੱਲੀ ਕਮੇਟੀ ਦੇ ਕਾਨਫਰੰਸ ਹਾਲ ਵਿਖੇ ਬੈਠਕ ਦੌਰਾਨ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਉਹ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋਣ ਤਕ ਕਮੇਟੀ ਵਿੱਚ ਕੋਈ ਅਹੁਦਾ ਨਹੀਂ ਲੈਣਗੇ। ਉਨ੍ਹਾਂ ਐਲਾਨ ਕੀਤਾ ਕਿ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤੈਅ ਸਮੇਂ ਤੋਂ ਪਹਿਲਾਂ 27-29 ਦਸੰਬਰ ਜਾਂ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਰੀਕ ਨੂੰ ਕਰਵਾਈਆਂ ਜਾਣਗੀਆਂ। ਇਸ ਦੌਰਾਨ ਗੁਰਦੁਆਰਾ ਚੋਣ ਬੋਰਡ ਨੂੰ ਚਿੱਠੀ ਲਿਖ ਦਿੱਤੀ ਗਈ ਹੈ। ਉਂਜ ਮੌਜੂਦਾ ਕਾਰਜਕਾਰਨੀ ਦੀ ਮਿਆਦ 29 ਮਾਰਚ 2019 ਤਕ ਹੈ। ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵਿੱਚ ਤਾਕਤਾਂ ਨੂੰ ਲੈ ਕੇ ਜੀਕੇ ਨਾਲ ਕੋਈ ਟਕਰਾਅ ਨਹੀਂ ਹੈ। ਗਹਿਮਾ-ਗਹਿਮੀ ਦੌਰਾਨ ਗੀਤਾ ਕਾਲੋਨੀ ਤੋਂ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ ਬੈਠਕ ਵਿਚੋਂ ਬਾਈਕਾਟ ਕਰਕੇ ਬਾਹਰ ਚਲੇ ਗਏ ਤੇ ਉਨ੍ਹਾਂ ਬਾਹਰ ਆ ਕੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਸ੍ਰੀ ਸਿਰਸਾ, ਕੁਲਵੰਤ ਸਿੰਘ ਬਾਠ ਤੇ ਹੋਰ ਆਗੂ ਉਨ੍ਹਾਂ ਨੂੰ ਮਨਾ ਕੇ ਮੀਟਿੰਗ ਹਾਲ ਵਿਚ ਲੈ ਗਏ।

  ਬਰਗਾੜੀ - ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਪਿਛਲੇ 190 ਦਿਨਾ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਸਿਖਰਲੇ ਡੰਡੇ ਤੇ ਪੁੱਜ ਚੁੱਕਾ ਹੈ, ਪਿਛਲੇ ਦਿਨਾਂ ਤੋਂ ਸਰਕਾਰ ਵੱਲੋਂ ਮੋਰਚਾ ਸਮਾਪਤ ਕਰਵਾਉਣ ਲਈ ਮੰਗਾਂ ਮੰਨੇ ਜਾਣ ਦੀ ਚੱਲ ਰਹੀ ਚਰਚਾ ਉਸ ਮੌਕੇ ਸਪੱਸ਼ਟ ਰੂਪ ਵਿੱਚ ਸਾਹਮਣੇ ਆਈ ਜਦੋਂ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ,ਓਥੇ ਸਮੂੰਹ ਭਾਈਚਾਰਿਆਂ ਵੱਲੋਂ ਮੋਰਚੇ ਨੂੰ ਹੁਣ ਤੱਕ ਦਿੱਤੇ ਪੂਰਨ ਸਹਿਯੋਗ ਲਈ ਧੰਨਵਾਦ ਕਰਦਿਆਂ ਇਹ ਸੰਕੇਤ ਦਿੱਤਾ ਕਿ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਸਰਕਾਰ ਮੋਰਚੇ ਦੀਆਂ ਮੰਗਾਂ ਮੰਨਣ ਲਈ ਬਰਗਾੜੀ ਪੁੱਜ ਰਹੀ ਹੈ। ਉਨ੍ਹਾਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬੋਲਦਿਆਂ ਕਿਹਾ ਕਿ ਸਰਕਾਰ ਦੀ ਪਿਛਲੇ ਦਿਨਾਂ ਤੋਂ ਜਥੇਦਾਰ ਭਾਈ ਮੰਡ ਨਾਲ ਮੋਰਚੇ ਦੀਆਂ ਮੰਗਾਂ ਸਬੰਧੀ ਗੱਲਬਾਤ ਚੱਲ ਰਹੀ ਹੈ,ਜਿਸਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਕਿਸੇ ਵੀ ਦਿਨ ਮੋਰਚੇ ਵਿੱਚ ਪੁੱਜ ਕੇ ਮੰਗਾਂ ਮੰਨਣ ਦਾ ਐਲਾਨ ਕਰ ਸਕਦੀ ਹੈ।
  ਮੋਰਚੇ ਵਿੱਚ ਪ੍ਰਕਾਸ਼ ਕਰਵਾਏ ਜਾ ਰਹੇ ਸ੍ਰੀ ਆਖੰਡ ਪਾਠ ਸਾਹਿਬ ਤੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਸ਼ਾਇਦ 9ਦਸੰਬਰ ਦਿਨ ਐਤਵਾਰ ਨੂੰ ਪਾਏ ਜਾ ਰਹੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੋਰਚੇ ਦੀ ਸਮਾਪਤੀ ਦੇ ਗੁਰੂ ਦਾ ਸੁਕਰਾਨਾ ਕਰਨ ਵਾਲੇ ਸਮਾਪਤੀ ਦੇ ਭੋਗ ਸਮਾਗਮ ਹੋ ਨਿੱਬੜਨ, ਭਾਵ 9ਦਸੰਬਰ ਨੂੰ ਹੀ ਸਰਕਾਰ ਵੱਲੋਂ ਬਰਗਾੜੀ ਆ ਕੇ ਮੰਗਾਂ ਮੰਨਣ ਦਾ ਐਲਾਨ ਕੀਤਾ ਜਾ ਸਕਦਾ ਹੈ। ਜਥੇਦਾਰ ਦਾਦੂਵਾਲ ਨੇ ਮੋਰਚੇ ਵੱਲੋਂ ਟਕਸਾਲਾ, ਸੰਪਰਦਾਵਾਂ, ਉਦਾਸੀਨ, ਨਿਰਮਲੇ, ਸੰਤ ਸਮਾਜ, ਪੰਥਕ ਜਥੇਬੰਦੀਆਂ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੇਤ ਸਮੂਹ ਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਇੰਨਾ ਦਿਨਾਂ ਵਿੱਚ ਮੋਰਚੇ ਦੇ ਆਖਰੀ ਪੜਾਅ ਤੇ ਵੱਧ ਚੜ ਕੇ ਬਰਗਾੜੀ ਪੁੱਜਣ ਦੀ ਅਪੀਲ ਵੀ ਕੀਤੀ ਹੈ। ਨੌਜਵਾਨ ਸਿੱਖ ਆਗੂ ਭਾਈ ਰਮਨਦੀਪ ਸਿੰਘ ਭੰਗਚਿੜੀ ਨੇ ਨੌਜਵਾਨਾਂ ਦੇ ਵੱਡੇ ਜੱਥੇ ਨਾਲ ਸਮੂਲੀਅਤ ਕਰਨ ਉਪਰੰਤ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਮੰਡ ਦੀ ਦ੍ਰਿੜਤਾ ਅਤੇ ਇਮਾਨਦਾਰੀ ਤੇ ਰੱਤੀ ਭਰ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ, ਸਗੋਂ ਸਮੁੱਚੀਆਂ ਪੰਥਕ ਧਿਰਾਂ ਨੂੰ ਇਸ ਨਾਜਕ ਮੋੜ ਤੇ ਜਥੇਦਾਰ ਮੰਡ ਦਾ ਸੁਹਿਰਦਤਾ ਨਾਲ ਸਾਥ ਦੇਣਾ ਚਾਹੀਦਾ ਹੈ।

  ਓਟਾਵਾ, ਕਨੇਡਾ: ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਬਾਬਤ ਬੀਤੇ ਜਾਰੀ ਹੋਏ “ਨੈਸ਼ਨਲ ਸਕਿਓਟਰੀ ਅਤੇ ਇੰਨਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼” ਦੇ ਲੇਖੇ ਵਿਚ ਕਨੇਡਾ ਰਹਿੰਦੇ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਦੇ ਤੱਥ ਮੁੜ ਉਜਾਗਰ ਹੋਏ ਹਨ। ਜ਼ਿਕਰਯੋਗ ਹੈ ਕਿ ਕਨੇਡਾ ਵਿਚਲਾ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਇਹ ਦੋਸ਼ ਲਾਉਂਦਾ ਆ ਰਿਹਾ ਸੀ ਕਿ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਲਈ ਭਾਰਤ ਸਰਕਾਰ, ਇਸ ਦਾ ਕਨੇਡਾ ਵਿਚਲਾ ਸਫਾਰਤਖਾਨਾ ਤੇ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਕਨੇਡਾ ਚ ਵਧਵੀਂ ਤੇ ਮੰਦਭਾਵੀ ਦਖਲ ਅੰਦਾਜ਼ੀ ਕਰਦੀਆਂ ਆ ਰਹੀਆਂ ਹਨ।
  40 ਪੰਨਿਆਂ ਦੇ ਜਾਰੀ ਹੋਏ ਲੇਖੇ ਵਿਚੋਂ ਬਹੁਤ ਵੱਡਾ ਹਿੱਸਾ ਕਨੇਡਾ ਦੇ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ “ਨੈਸ਼ਨਲ ਸਕਿਓਰਟੀ” ਅਤੇ “ਕੌਮਾਂਤਰੀ ਸਬੰਧਾਂ” ਲਈ ਨੁਕਸਾਨਦੇਹ ਦੱਸਦਿਆ ਹਟਾ ਦਿੱਤਾ ਗਿਆ ਹੈ। ਪੂਰਾ ਲੇਖਾ “****” ਦੇ ਨਿਸ਼ਾਨ ਨਾਲ ਭਰਿਆ ਪਿਆ ਹੈ ਜਿਸ ਦਾ ਭਾਵ ਹੈ ਕਿ ਇਹਨਾਂ “****” ਦੇ ਨਿਸ਼ਾਨ ਵਾਲੇ ਹਿੱਸੇ ਮੂਲ ਲੇਖੇ ਵਿਚੋਂ ਕਨੇਡਾ ਸਰਕਾਰ ਦੇ ਕਹਿਣ ਉੱਤੇ ਬਾਹਰ ਕੱਢ ਦਿੱਤੇ ਗਏ ਹਨ।
  ਭਾਵੇਂ ਕਿ ਇਸ ਲੇਖੇ ਵਿਚੋਂ ਮਹੱਤਵਪੂਰਣ ਜਾਣਕਾਰੀ ਵੱਡੇ ਪੱਧਰ ਉੱਤੇ ਕਨੇਡਾ ਸਰਕਾਰ ਨੇ ਰੋਕ ਲਈ ਹੈ ਪਰ ਫਿਰ ਵੀ ਇਹ ਲੇਖਾ ਸਾਫ ਜ਼ਾਹਰ ਕਰਦਾ ਹੈ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਦੌਰਾਨ ਭਾਰਤੀ ਏਜੰਸੀਆਂ ਤੇ ਖਬਰਖਾਨੇ (ਮੀਡੀਆ) ਵੱਲੋਂ ਮਿੱਥ ਕੇ ਕਨੇਡਾ ਸਰਕਾਰ ਨੂੰ ਠਿੱਠ ਕੀਤਾ ਗਿਆ ਤੇ ਅਖੌਤੀ “ਸਿੱਖ ਕੱਟੜਵਾਦ” ਦੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ।
  ਲੇਖੇ ਵਿਚ ਦੱਸਿਆ ਗਿਆ ਕਿ ਕਿਵੇਂ ਭਾਰਤ ਸਰਕਾਰ ਕਨੇਡਾ ਕੋਲ ਕਨੇਡਾ ਰਹਿੰਦੇ ਸਿੱਖਾਂ ਵਿਰੁਧ ਸ਼ਿਕਾਇਤਾਂ ਕਰਦੀ ਰਹਿੰਦੀ ਹੈ ਤੇ ਤਕਰੀਬਨ ਹਰ ਪੱਧਰ ਦੀ ਦੁਵੱਲੀ ਗੱਲਬਾਤ ਦੌਰਾਨ ਭਾਰਤ ਸਰਕਾਰ ਸਿੱਖਾਂ ਵਿਰੁਧ ‘ਅਤਿਵਾਦ’ ਦਾ ਦੋਸ਼ ਮੜ੍ਹਦੀ ਹੈ।
  ਇਸ ਲੇਖੇ ਵਿਚ ਭਾਰਤੀ ਖਬਰਖਾਨੇ ਵੱਲੋਂ ਮਿੱਥ ਕੇ ਕਨੇਡਾ ਦੇ ਪ੍ਰਧਾਨ ਮੰਤਰੀ ਉੱਤੇ ਅਖੌਤੀ ਸਿੱਖ “ਕੱਟੜਵਾਦੀਆਂ” ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਾਉਣ ਵਾਲੀਆਂ ਖਬਰਾਂ ਦਾ ਖਾਸ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ। ਇਹ ਖਬਰਾਂ ਕਨੇਡਾ ਦੇ ਖਬਰਖਾਨੇ ਵੱਲੋਂ ਵੀ ਬਿਨਾ ਪੜਚੋਲ ਦੇ ਛਾਪੀਆਂ ਜਾਂਦੀਆਂ ਰਹੀਆਂ ਸਨ।
  ਇਸ ਲੇਖੇ ਬਾਰੇ ਟਿੱਪਣੀ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਲੇਖਾ ਕਨੇਡਾ ਦੇ ਚੋਣੇ ਹੋਏ ਨੁਮਾਇੰਦਿਆਂ, ਅਫਸਰਾਂ ਤੇ ਖਬਰਖਾਨੇ ਲਈ ਇਹ ਇਸ਼ਾਰਾ ਹੈ ਕਿ ਉਹ ਭਾਰਤੀ ਖਬਰਖਾਨੇ ਵੱਲੋਂ ਸਿੱਖਾਂ “ਕੱਟੜਵਾਦ” ਦੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪੜਚੋਲਵੀਂ ਨਜ਼ਰ ਨਾਲ ਵੇਖਣ ਦੀ ਡਾਹਡੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤੀ ਖਬਰਖਾਨੇ ਤੇ ਏਜੰਸੀਆਂ ਵੱਲੋਂ ਬੇਬੁਨਿਆਦ ਦੋਸ਼ ਲਾ ਕੇ ਸਿੱਖਾਂ ਦੀ ਸਾਖ ਨੂੰ ਵੱਟਾ ਲਾਉਣ ਦੀਆਂ ਕੋਸ਼ਿਸ਼ਾਂ ਇਕ ਗੰਭਰ ਮਸਲਾ ਹਨ ਅਤੇ ਇਹ ਮਹਿਜ਼ ਇਤਫਾਕ ਨਹੀਂ ਹੈ ਕਿ (ਕਨੇਡੀਅਨ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਹੋਏ ਦੁਸ਼-ਪ੍ਰਚਾਰ ਤੋਂ ਬਾਅਦ ਕਨੇਡਾ ਵਿੱਚ ਸਿੱਖਾਂ ਖਿਲਾਫ ਨਫਰਤ ਭਰੀ ਹਿੰਸਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਤੇ ਭਾਰਤੀ ਖਬਰਖਾਨੇ ਵੱਲੋਂ ਕੱਟੜਵਾਦ ਦੀ ਝੂਠੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਖੂੰਜੇ ਲਾਉਣ ਦੀਆਂ ਕੋਸ਼ਿਸ਼ਾਂ ਕਰਨਾ ਇਕ ਅਤਿ ਗੰਭੀਰ ਮਸਲਾ ਹੈ ਤੇ ਇਸ ਨਾਲ ਜ਼ੋਰਦਾਰ ਤਰੀਕੇ ਨਾਲ ਨਿਜੱਠਣ ਦੀ ਲੋੜ ਹੈ।

  ਚੰਡੀਗੜ੍ਹ - ਅਕਾਲੀ ਦਲ ਦੀ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਧੀ ਨੂੰ ਜਬਰੀ ਕੈਦ ਕਰਨ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। 2012 ਵਿੱਚ ਪਟਿਆਲਾ ਅਦਾਲਤ ਨੇ ਧੀ ਦੇ ਕਤਲ ਮਾਮਲੇ ਵਿੱਚ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਸੀ ਪਰ ਜਬਰੀ ਕੈਦ ਕਰਨ ਅਤੇ ਗਰਭਪਾਤ ਕਰਵਾਉਣ ਦੇ ਮਾਮਲਿਆਂ ਵਿੱਚ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਫੈਸਲੇ ਖਿਲਾਫ ਜਗੀਰ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਅੱਜ ਜਗੀਰ ਕੌਰ ਦੇ ਬਰੀ ਹੋਣ ਤੋਂ ਬਾਅਦ ਇਹ ਸਵਾਲ ਸਦਾ ਲਈ ਦਫਨ ਹੋ ਕੇ ਰਹਿ ਗਿਆ ਹੈ ਕਿ ਜਗੀਰ ਕੌਰ ਦੀ ਧੀ ਦੀ ਭੇਦਭਰੀ ਮੌਤ ਦਾ ਆਖਰ ਸੱਚ ਕੀ ਸੀ ?
  20 ਅਪ੍ਰੈਲ, 2000 ਨੂੰ 19 ਸਾਲਾਂ ਦੀ ਹਰਪ੍ਰੀਤ ਕੌਰ ਉਰਫ਼ ਰੋਜ਼ੀ ਦੀ ਭੇਦ ਭਰੀ ਹਾਲਤ ‘ਚ ਮੌਤ ਹੋ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਬੀਬੀ ਜਗੀਰ ਕੌਰ ਦੇ ਪਿੰਡ ਵਿੱਚ ਰੋਜ਼ੀ ਦਾ ਪੋਸਟ-ਮਾਰਟਮ ਤੋਂ ਬਿਨਾਂ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਿੰਡ ਦੇ ਹੀ ਇੱਕ ਨੌਜਵਾਨ ਕਮਲਜੀਤ ਸਿੰਘ ਨੇ ਹਰਪ੍ਰੀਤ ਕੌਰ (ਰੋਜ਼ੀ) ਨਾਲ ਵਿਆਹੇ ਹੋਣ ਦਾ ਦਾਅਵਾ ਕੀਤਾ ਅਤੇ ਬੀਬੀ ਜਗੀਰ ਕੌਰ ‘ਤੇ ਇਲਜ਼ਾਮ ਲਗਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ।
  ਕਮਲਜੀਤ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿ ਹਰਪ੍ਰੀਤ ਕੌਰ (ਰੋਜ਼ੀ) ਤੇ ਉਸਦਾ ਵਿਆਹ ਹੀ ਰੋਜ਼ੀ ਦੇ ਕਤਲ ਦਾ ਕਾਰਨ ਬਣਿਆ ਹੈ। ਕਮਲਜੀਤ ਨੇ ਇਲਜ਼ਾਮ ਲਾਇਆ ਸੀ ਕਿ ਹਰਪ੍ਰੀਤ ਦੇ ਕਤਲ ਤੋਂ ਇੱਕ ਮਹੀਨਾ ਪਹਿਲਾਂ ਉਸ ਦਾ ਜਬਰਦਸਤੀ ਗਰਭਪਾਤ ਕਰ ਦਿੱਤਾ ਗਿਆ ਸੀ। 2010 ਵਿੱਚ ਕਮਲਜੀਤ ਸਿੰਘ ਅਚਾਨਕ ਗਾਇਬ ਹੋ ਗਿਆ ਅਤੇ ਅਦਾਲਤ ਦੀਆਂ ਸੁਣਵਾਈਆਂ ਤੋਂ ਗ਼ੈਰ-ਹਾਜ਼ਰ ਰਿਹਾ। ਬਾਅਦ ਵਿੱਚ ਉਹ ਆਪਣੇ ਦਾਅਵਿਆਂ ਤੋਂ ਵੀ ਮੁੱਕਰ ਗਿਆ ਸੀ।
  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਦੇ ਇਸ ਮਾਮਲੇ ‘ਚ ਫੇਲ੍ਹ ਹੋਣ ਤੋਂ ਬਾਅਦ ਹੀ ਕੇਸ ਸੀਬੀਆਈ ਨੂੰ ਸੌਂਪਿਆ ਗਿਆ ਸੀ। ਜਗੀਰ ਕੌਰ ਦੇ ਆਪਣੀ ਗਰਭਵਤੀ ਧੀ ਦੇ ਕਤਲ ਦੇ ਮਾਮਲੇ ‘ਚ ਇੱਕ ਦਹਾਕਾ ਪਹਿਲਾਂ ਸੀਬੀਆਈ ਨੇ ਜਗੀਰ ਕੌਰ ਅਤੇ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਸੀਬੀਆਈ ਨੇ ਇਸ ਮਾਮਲੇ ‘ਚ 134 ਲੋਕਾਂ ਨੂੰ ਬਤੌਰ ਗਵਾਹ ਸ਼ਾਮਿਲ ਕੀਤਾ ਸੀ। ਇਸ ਮਾਮਲੇ ‘ਚ ਫਗਵਾੜਾ ਦੇ ਜੋੜੇ ਦਲਵਿੰਦਰ ਕੌਰ ਢੇਸੀ ਅਤੇ ਪਰਮਜੀਤ ਸਿੰਘ ਰਾਏਪੁਰ ਨੂੰ ਜਬਦਰਸਤੀ ਗਰਭਪਾਤ ਕਰਨ, ਕਤਲ ‘ਚ ਸ਼ਾਮਿਲ ਹੋਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ।
  ਇਸ ਤੋਂ ਬਾਅਦ ਬਲਵਿੰਦਰ ਸਿੰਘ ਸੋਹੀ ਨਾਂ ਦੇ ਇੱਕ ਸਰਕਾਰੀ ਡਾਕਟਰ ਦੀ 2008 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜੋ ਇਸ ਮਾਮਲੇ ਵਿੱਚ ਅਹਿਮ ਗਵਾਹ ਸਨ। ਇਸ ਦੌਰਾਨ ਅਦਾਲਤ ਨੇ ਪਰਮਜੀਤ ਸਿੰਘ, ਦਲਵਿੰਦਰ ਕੌਰ ਢੇਸੀ ਅਤੇ ਨਿਸ਼ਾਨ ਸਿੰਘ ਨੂੰ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਰੋਜ਼ੀ ਨੂੰ ਅਗਵਾ ਕਰਨ ਲਈ ਦੋਸ਼ੀ ਠਹਿਰਾਇਆ ਸੀ। ਨਿਸ਼ਾਨ ਸਿੰਘ ਜਗੀਰ ਕੌਰ ਦੇ ਕਰੀਬੀਆਂ ਵਿੱਚੋਂ ਇੱਕ ਸਨ। ਹਰਪ੍ਰੀਤ ਕੌਰ ਦਾ ਜਬਰਦਸਤੀ ਗਰਭਪਾਤ ਕਰਨ ਕਰਕੇ ਦਲਵਿੰਦਰ ਅਤੇ ਪਰਮਜੀਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੋਵਾਂ ਨੂੰ ਪੰਜ ਸਾਲ ਦੀ ਜੇਲ੍ਹ ਹੋਈ ਸੀ। ਦੋ ਹੋਰਨਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ।
  ਕੇਸ ਖਤਮ ਹੋ ਚੁੱਕਿਆ ਹੈ, ਪਰ ਅਹਿਮ ਸਵਾਲ ਗੂੰਜਦੇ ਰਹਿਣਗੇ ਜਿਨਾਂ ਦਾ ਜਵਾਬ ਸ਼ਾਇਦ ਕਦੇ ਨਹੀਂ ਮਿਲ ਸਕੇਗਾ ਕਿ ਹਰਪ੍ਰੀਤ ਕੌਰ ਦੀ ਮੌਤ ਕਿਵੇਂ ਹੋਈ ? 2010 ਤੋਂ ਬਾਅਦ ਰੋਜ਼ੀ ਦਾ ਪਤੀ ਹੋਣ ਦਾ ਦਾਅਵਾ ਕਰਨ ਵਾਲਾ ਕਨਲਜੀਤ ਸਿੰਘ ਆਖਰ ਕਿਉਂ ਮੁੱਕਰ ਗਿਆ ਸੀ ? ਕੀ 2008 ਵਿੱਚ ਕੇਸ ਦੇ ਅਹਿਮ ਗਵਾਹ ਸਰਕਾਰੀ ਡਾਕਟਰ ਬਲਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣਾ ਕੁਦਰਤੀ ਸੀ ?

  ਨਵੀਂ ਦਿੱਲੀ - ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਨਿਗਰਾਨੀ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੇ ਇੱਕ ਮੈਂਬਰ ਸੇਵਾਮੁਕਤ ਆਈਪੀਐੱਸ ਅਫਸਰ ਰਾਜਦੀਪ ਸਿੰਘ ਵੱਲੋਂ ਅਸਮਰੱਥਤਾ ਜ਼ਾਹਿਰ ਕੀਤੇ ਜਾਣ ਕਾਰਨ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਨਿਯੁਕਤ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ।
  ਕੇਂਦਰ ਸਰਕਾਰ ਨੇ ਜਸਟਿਸ ਮਦਨ ਬੀ ਲੋਕੁਰ ਤੇ ਦੀਪਕ ਗੁਪਤਾ ’ਤੇ ਆਧਾਰਤ ਬੈਂਚ ਨੂੰ ਕਿਹਾ ਕਿ ਜੇਕਰ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਬਾਕੀ ਦੋ ਮੈਂਬਰ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਟ ਐੱਸਐੱਨ ਢੀਂਗਰਾ ਤੇ ਮੌਜੂਦਾ ਆਈਪੀਐੱਪ ਅਫਸਰ ਅਭਿਸ਼ੇਕ ਦੁਲਾਰ ਕੇਸਾਂ ਦੀ ਜਾਂਚ
  ਜਾਰੀ ਰੱਖਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਬੈਂਚ ਨੇ ਕਿਹਾ ਕਿ ਕਿਉਂਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਫ਼ੈਸਲਾ 11 ਜਨਵਰੀ ਨੂੰ ਤਿੰਨ ਜੱਜਾਂ ’ਤੇ ਆਧਾਰਤ ਬੈਂਚ ਨੇ ਲਿਆ ਸੀ ਅਤੇ ਉਹ ਦੋ ਜੱਜਾਂ ਦੇ ਰੂਪ ਵਿੱਚ ਇਸ ’ਚ ਸੁਧਾਰ ਨਹੀਂ ਕਰ ਸਕਦੇ। ਇਸ ਦੇ ਨਾਲ ਅਦਾਲਤ ਨੇ ਮਾਮਲੇ ਦੀ ਸੁਣਵਾਈ ਭਲਕ ’ਤੇ ਰੱਖ ਦਿੱਤੀ ਹੈ।
  ਵਧੀਕ ਸੋਲੀਸਿਟਰ ਜਨਰਲ (ਏਐੱਸਜੀ) ਪਿੰਕੀ ਆਨੰਦ ਨੇ ਕੇਂਦਰ ਵੱਲੋਂ ਅਦਾਲਤ ’ਚ ਪੇਸ਼ ਹੁੰਦਿਆਂ ਕਿਹਾ ਕਿ ਅਪੀਲਕਰਤਾ ਦੇ ਵਕੀਲ ਦੇ ਇਸ ਸੁਝਾਅ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਦੋ ਮੈਂਬਰ ਆਪਣਾ ਕੰਮ ਜਾਰੀ ਰੱਖ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿਖਰ ਅਦਾਲਤ ਨੇ 11 ਜਨਵਰੀ ਨੂੰ ਸਾਬਕਾ ਜਸਟਿਸ ਐੱਨਐੱਨ ਢੀਂਗਰਾ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਟੀਮ ਗਠਿਤ ਕੀਤੀ ਸੀ। ਟੀਮ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਉਨ੍ਹਾਂ 186 ਮਾਮਲਿਆਂ ਦੀ ਅਗਲੇਰੀ ਜਾਂਚ ਕਰਨੀ ਸੀ ਜਿਨ੍ਹਾਂ ਨੂੰ ਬੰਦ ਕਰਨ ਲਈ ਪਹਿਲਾਂ ਰਿਪੋਰਟ ਦਾਖਲ ਕੀਤੀ ਗਈ ਸੀ। -ਪੀਟੀਆਈ

  ਚੰਡੀਗੜ੍ਹ - ਹੁਣ ਚੰਡੀਗੜ੍ਹ ਵਿਚ ਦੋ-ਪਹੀਆ ਚਲਾਉਣ ਜਾਂ ਸਵਾਰੀ ਕਰਨ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੈਲਮਟ ਪਾਉਣ ਤੋਂ ਪੱਕੀ ਛੋਟ ਮਿਲ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਅੱਜ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਸਮੇਂ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਸੰਗਠਨਾਂ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਨੇ ਲੰਮਾਂ ਸੰਘਰਸ਼ ਕੀਤਾ ਸੀ। ਪ੍ਰਸ਼ਾਸਨ ਨੇ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਹੈਲਮਟ ਲਾਜ਼ਮੀ ਕਰਨ ਲਈ 6 ਜੁਲਾਈ 2018 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਵਿਚ ਸੋਧ ਕੀਤੀ ਹੈ। ਇਸ ਰਾਹੀਂ ਸਪੱਸ਼ਟ ਕੀਤਾ ਹੈ ਕਿ ਵਹੀਕਲ ਐਕਟ-1988 ਦੀ ਧਾਰਾ 129 ਤਹਿਤ ਸਿੱਖ ਮਹਿਲਾਵਾਂ ਨੂੰ ਦੋ-ਪਹੀਆ ਵਾਹਨ ਚਲਾਉਣ ਜਾਂ ਸਵਾਰੀ ਕਰਨ ਵੇਲੇ ਆਪਣੀ `ਮਰਜ਼ੀ ਨਾਲ ਹੈਲਮਟ ਪਾਉਣ ਜਾਂ ਨਾ ਪਾਉਣ ਦਾ ਅਧਿਕਾਰ (ਆਪਸ਼ਨ) ਦਿੱਤਾ ਜਾਂਦਾ ਹੈ। ਪਹਿਲਾਂ ਇਸ ਧਾਰਾ ਤਹਿਤ ਕੇਵਲ ਮੈਡੀਕਲ ਅਧਾਰ ’ਤੇ ਪੀਐਮਓ ਦੀ ਸਿਫਾਰਿਸ਼ ’ਤੇ ਹੀ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਛੋਟ ਦਿੱਤੀ ਜਾਂਦੀ ਸੀ। ਪ੍ਰਸ਼ਾਸਨ ਵੱਲੋਂ ਜੁਲਾਈ 2018 ਦੌਰਾਨ ਇਸ ਮੁੱਦੇ ਉਪਰ ਆਮ ਲੋਕਾਂ ਦੇ ਇਤਰਾਜ਼ ਮੰਗੇ ਗਏ ਸਨ। ਕਈ ਸਿੱਖ ਸੰਸਥਾਵਾਂ ਵੱਲੋਂ ਇਤਰਾਜ਼ ਦਰਜ ਕਰਵਾਏ ਸਨ ਪਰ ਪ੍ਰਸ਼ਾਸਨ ਨੇ ਬਿਨਾਂ ਸੁਣਵਾਈ ਕੀਤਿਆਂ ਸਿੱਖ ਬੀਬੀਆਂ ਲਈ ਹੈਲਮਟ ਜ਼ਰੂਰੀ ਕਰਨ ਦੀ ਸ਼ਰਤ ਲਾ ਦਿੱਤੀ ਸੀ। ਸਤੰਬਰ ਦੇ ਪਹਿਲੇ ਹਫ਼ਤੇ ’ਚ ਪੁਲੀਸ ਨੇ ਬਿਨਾਂ ਹੈਲਮਟ ਤੋਂ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਮਹਿਲਾਵਾਂ ਦੇ ਚਲਾਣ ਕਟਣੇ ਸ਼ੁਰੂ ਕਰ ਦਿੱੱਤੇ ਸਨ। ਇਸ ਤੋਂ ਬਾਅਦ ਸਿੱਖ ਸੜਕਾਂ ’ਤੇ ਆ ਗਏ ਸਨ ਅਤੇ ਸੈਕਟਰ 33 ਤੇ 34 ਨੂੰ ਵੰਡਦੀ ਸੜਕ ਉਪਰ ਜਾਮ ਲਾ ਕੇ ਭਾਰੀ ਪ੍ਰਦਰਸ਼ਨ ਕੀਤਾ ਸੀ। ਅਕਾਲੀ ਦਲ ਨੇ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਇਆ ਸੀ ਅਤੇ ਕੇਂਦਰ ਤੋਂ ਜਾਰੀ ਹੋਈਆਂ ਹਦਾਇਤਾਂ ਤੋਂ ਬਾਅਦ ਟਰੈਫਿਕ ਪੁਲੀਸ ਨੇ ਬਿਨਾਂ ਹੈਲਮਟ ਤੋਂ ਦੋ- ਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਮਹਿਲਾਵਾਂ ਦੇ ਚਲਾਣ ਕਟਣੇ ਬੰਦ ਕੀਤੇ ਸਨ। ਉਂਜ ਹਾਲੇ ਤਕ ਸਿੱਖ ਬੀਬੀਆਂ ਨੂੰ ਪੱਕੇ ਤੌਰ ’ਤੇ ਹੈਲਮਟ ਤੋਂ ਛੋਟ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ। ਉਧਰ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਨੋਟੀਫਿਕੇਸ਼ਨ ਜਾਰੀ ਹੋਣ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਯੂਟੀ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਹੋਰ ਮੰਗਾਂ ਲਈ ਨਿਰੰਤਰ ਸੰਘਰਸ਼ਸ਼ੀਲ ਰਹੇਗਾ।

  ਸੰਗਤ ਮੰਡੀ,  (ਕਿਰਪਾਲ ਸਿੰਘ ਬਠਿੰਡਾ): ਦੇਸ਼ ਦੀ ਵੰਡ ਸਦਕਾ ਸਿੱਖ ਕੌਮ ਤੋਂ ਵਿਛੋੜੇ ਗਏ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਸਤਾਨ ਦੋਵਾਂ ਸਰਕਾਰਾਂ ਵੱਲੋਂ ਕੀਤੀ ਸ਼ੁਰੂਆਤ ਸ਼ਲਾਘਾਯੋਗ ਹੈ। ਲਾਂਘੇ ਦੀ ਸ਼ੁਰੂਆਤ, ਵੰਡ ਉਪ੍ਰੰਤ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਚੱਲ ਰਹੇ ਟਕਰਾ ਤੇ ਤਣਾਅ ਪੂਰਬਕ ਮਹੌਲ ਨੂੰ ਘਟਾਉਣ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਵਾਲੇ ਮਹੌਲ ’ਚ ਤਬਦੀਲ ਕਰਨ ਅਤੇ ਵਪਾਰ ਦੀਆਂ ਸੰਭਾਵਨਾਵਾਂ ਵਧਣ ਕਾਰਨ ਦੋਵਾਂ ਦੇਸ਼ਾਂ ਦੀ ਤਰੱਕੀ ਦੀ ਵੀ ਸ਼ੁਰੂਆਤ ਸਿੱਧ ਹੋਵੇਗੀ। ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗਰਿਮਤ ਸਮਾਗਮ ਵਿੱਚ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ। ਉਨ੍ਹਾਂ ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਕਾਰਤਮਿਕ ਪਹੁੰਣ ਅਪਨਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਖਾਸ ਕਰਕੇ ਪਾਕਸਤਾਨ ਦੀ ਸਰਕਾਰ ਅਤੇ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਕਰਤਾਰਪੁਰ ਲਾਂਘਾ ਦੇਣ ਲਈ ਪਹਿਲ ਕੀਤੀ ਅਤੇ ਉਦਘਾਟਨੀ ਸਮਾਰੋਹ ਨੂੰ ਸਿਆਸਤ ਤੋਂ ਮੁਕਤ ਰੱਖ ਕੇ ਆਪਸੀ ਪਿਆਰ, ਸਦਭਾਵਨਾ ਅਤੇ ਰੁਹਾਨੀਅਤ ਦਾ ਸੰਦੇਸ਼ ਦਿੱਤਾ।

  ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਬਾਬਾ ਸੇਵਾ ਸਿੰਘ ਰਾਮਪੁਰਖੇੜ੍ਹਾ ਵੱਲੋਂ ਦਿੱਤੀ ਸਲਾਹ ਸ਼ਾਲਾਘਾਯੋਗ ਹੈ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਆਪਣੀਆਂ ਸੰਪ੍ਰਦਾਵਾਂ ਭੰਗ ਕਰਕੇ ਇੱਕ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ ਕਿਉਂਕਿ ਕੌਮ ਵਿੱਚ ਵੰਡੀਆਂ ਪੈਣ ਦਾ ਮੁੱਖ ਕਾਰਨ ਵੱਖ ਵੱਖ ਸੰਪ੍ਰਦਾਵਾਂ ਵੱਲੋਂ ਆਪਣੇ ਡੇਰਿਆਂ ਵਿੱਚ ਲਾਗੂ ਕੀਤੀ ਵੱਖ ਵੱਖ ਰਹਿਤ ਮਰਿਆਦਾ ਹੈ ਜਿਸ ਨੇ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਦੇ ਬਾਟੇ ਅਤੇ ਲੰਗਰ ’ਚ ਜਾਤੀ ਅਧਾਰ ’ਤੇ ਭਾਂਡੇ ਵੰਡ ਕੇ ‘ਇਕਾ ਬਾਣੀ, ਇਕੁ ਗੁਰੁ ; ਇਕੋ ਸਬਦੁ ਵੀਚਾਰਿ ॥’ (ਮ: 3/646) ਅਤੇ ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਮ: 3/1128) ਦੇ ਸਿਧਾਂਤ ਤੋਂ ਥਿੜਕਾ ਕੇ ਕੌਮ ਨੂੰ ਅਨੇਕਾਂ ਸੰਪ੍ਰਦਾਵਾਂ, ਜਥਿਆਂ ਅਤੇ ਜਾਤਾਂ ਪਾਤਾਂ ਵਿੱਚ ਵੰਡ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਸਿੱਖ ਇਤਿਹਾਸ ਵਿਗਾੜਨ ਦਾ ਮੂਲ ਸਰੋਤ ਵੀ ਗੁਰਬਿਲਾਸ ਪਾ:6, ਸੂਰਜ ਪ੍ਰਕਾਸ਼, ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਸਿੱਖ ਇਤਿਹਾਸ (ਹਿੰਦੀ) ਅਤੇ ਇਨ੍ਹਾਂ ਦੇ ਅਧਾਰ ’ਤੇ ਡੇਰੇਦਾਰਾਂ ਵੱਲੋਂ ਸੁਣਾਈਆਂ ਜਾਂਦੀਆਂ ਮਿਥਿਹਾਸਕ ਕਹਾਣੀਆਂ ਹਨ।

  ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਨ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਗੁਰਪ੍ਰੀਤ ਸਿੰਘ ਕਾਲ਼ਾਬੂਲ਼ਾ, ਭਾਈ ਰਣਜੀਤ ਸਿੰਘ ਵਾੜਾ ਦਰਾਕਾ, ਭਾਈ ਅਵਤਾਰ ਸਿੰਘ ਲੋਪੋ, ਭਾਈ ਪਰਗਟ ਸਿੰਘ ਮੁਦਕੀ, ਭਾਈ ਸੁਦਾਗਰ ਸਿੰਘ ਭਦੌੜ, ਭਾਈ ਗੁਰਭਾਗ ਸਿੰਘ ਮਰੂੜ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

  ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰਮਤਿ ਸੇਵਾ ਲਹਿਰ ਦਾ ਤ੍ਰੈਮਾਸਕ ਪੱਤਰ ‘ਗੁਰਮਤਿ ਬਿਬੇਕ’ ਵੱਡੀ ਗਿਣਤੀ ਵਿੱਚ ਬੁੱਕ ਕੀਤਾ ਗਿਆ ਜਿਸ ਵਿੱਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

  ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਰਕਾਰ ’ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਸ.ਆਈ.ਟੀ. ਦੀ ਮਦਦ ਨਹੀਂ ਕੀਤੀ ਜਾ ਰਹੀ। ਬਾਦਲ ਦਲ ਦੇ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਹ ਵੀ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੀ ਲਾਪਰਵਾਹੀ ਕਾਰਨ 63 ਸਿੱਖਾਂ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ।

  ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ 1984 ਦੇ ਕਤਲੇਆਮ ਦੇ ਗਵਾਹਾਂ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਖਰੀਦੇ ਜਾਣ ਦਾ ਖੁਲਾਸਾ ਕਰਨ ਵਾਲੇ ਅਭਿਸ਼ੇਕ ਵਰਮਾ ਦਾ ‘ਲਾਈ ਡਿਟੈਕਟਰ ਟੈਸਟ’ 4 ਤੋਂ 6 ਦਸੰਬਰ ਤਕ ਹੋਣ ਦੀ ਜਾਣਕਾਰੀ ਦਿੱਤੀ।

  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੀ ਲਾਪਰਵਾਹੀ ਕਾਰਨ 63 ਸਿੱਖਾਂ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ

  ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦੀ ਲਾਪਰਵਾਹੀ ਅਤੇ ਲਾਈ ਡਿਟੈਕਟਰ ਟੈਸਟ ਦੀ ਮਸ਼ੀਨ ਖਰਾਬ ਹੋਣ ਦੇ ਹਵਾਲੇ ਦੇਣ ਕਰਕੇ ਵਰਮਾ ਦਾ ਟੈਸਟ ਲਗਭਗ ਡੇਢ ਸਾਲ ਦੀ ਦੇਰੀ ਬਾਅਦ ਹੋਣ ਜਾ ਰਿਹਾ ਹੈ। 4 ਅਤੇ 5 ਦਸੰਬਰ ਨੂੰ ਟੈਸਟ ਸੰਬੰਧੀ ਤਿਆਰੀਆਂ ਮੁਕੱਮਲ ਕਰਨ ਲਈ ਵਰਮਾ ਨੂੰ ਸੱਦਿਆ ਗਿਆ ਹੈ। ਜਦਕਿ 6 ਦਸੰਬਰ ਨੂੰ ਟੈਸਟ ਹੋਵੇਗਾ। ਦਿ.ਸਿ.ਗੁ.ਪ੍ਰ.ਕ. ਪ੍ਰਧਾਨ ਨੇ ਖਬਰਖਾਨੇ (ਮੀਡੀਆ) ਦੀਆਂ ਖਬਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀ ਐਸ.ਆਈ.ਟੀ. ਵੱਲੋਂ ਕਤਲੇਆਮ ਦੇ ਕਈ ਮਾਮਲੇ ’ਚ ਦਿੱਲੀ ਸਰਕਾਰ ਤੋਂ ਰਿਕਾਰਡ ਮੰਗਿਆ ਗਿਆ ਸੀ। ਉਸਨੇ ਕਿਹਾ ਕਿ “ਵਾਰ-ਵਾਰ ਪੱਤਰ ਭੇਜਣ ਦੇ ਬਾਵਜੂਦ ਦਿੱਲੀ ਸਰਕਾਰ ਦਾ ਰਵਇਆ ਮਾਮਲੇ ਦੀ ਟਾਲਮਟੋਲ ਅਤੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਨਜ਼ਰ ਆਉਂਦਾ ਹੈ”। ਜੀ.ਕੇ. ਨੇ ਦੱਸਿਆ ਕਿ 29 ਮਾਰਚ 2017 ਨੂੰ ਐਸ.ਆਈ.ਟੀ. ਦੇ ਚੇਅਰਮੈਨ ਅਨੁਰਾਗ ਵੱਲੋਂ ਇੱਕ ਗੁਪਤ ਪੱਤਰ ਦਿੱਲੀ ਸਰਕਾਰ ਦੇ ਕਾਨੂੰਨੀ ਵਿਭਾਗ ਦੇ ਡਾਈਰੈਕਟਰ ਪੰਕਜ ਸ਼ਾਂਘੀ ਨੂੰ ਭੇਜਿਆ ਗਿਆ ਸੀ ਜਿਸਦੀ ਨਕਲ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲ ਪਟਨਾਇਕ ਅਤੇ ਕੇਂਦਰ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਵੀਣ ਕੁਮਾਰ ਸ੍ਰੀਵਾਸਤਵ ਨੂੰ ਭੇਜੀ ਗਈ ਸੀ। ਇਹ ਕਲਿਆਣਪੁਰੀ ’ਚ ਕਤਲ ਕੀਤੇ ਗਏ 63 ਸਿੱਖਾਂ ਦੇ ਮਾਮਲੇ ਨਾਲ ਸੰਬੰਧਿਤ ਸੀ ਜਿਸ ’ਚ ਦਿੱਲੀ ਸਰਕਾਰ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਸਜਾ ਦੇ ਬਦਲਾਵ ਲਈ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ ਸੀ। 1 ਨਵੰਬਰ 1984 ਨੂੰ ਕਲਿਆਣਪੁਰੀ ਥਾਣੇ ’ਚ ਦਰਜ਼ ਹੋਈ ਇੱਕ ਐਫ.ਆਈ.ਆਰ. ਨੰਬਰ 433/84 ਪੁਲਿਸ ਵੱਲੋਂ 63 ਸਿੱਖਾਂ ਦੇ ਕਤਲ ਦੇ ਮਾਮਲੇ ’ਚ ਦਰਜ਼ ਕੀਤੀ ਗਈ ਸੀ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜਾਂਚ ਦੇ ਬਾਅਦ ਪੁਲਿਸ ਵੱਲੋਂ 17 ਦੋਸ਼ੀਆਂ ਦੇ ਖਿਲਾਫ ਧਾਰਾ 302 ਦੇ ਤਹਿਤ ਦੋਸ਼ ਪੱਤਰ ਵੀ ਦਾਇਰ ਕੀਤਾ ਗਿਆ ਸੀ। ਪਰ ਸੁਣਵਾਈ ਦੌਰਾਨ ਸਿਰਫ 5 ਲੋਕਾਂ ਦੇ ਕਤਲ ਹੋਣ ਦੀ ਗੱਲ ਆਉਣ ਕਾਰਨ ਕੇਸ ’ਚੋਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਦਿੱਲੀ ਸਰਕਾਰ ਵੱਲੋਂ ਇਸ ਮਾਮਲੇ ’ਚ ਉੱਪਰਲੀ ਅਦਾਲਤ ਵਿੱਚ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਐਸ.ਆਈ.ਟੀ. ਮੁਖੀ ਵੱਲੋਂ ਅਪ੍ਰੈਲ 2017 ਨੂੰ ਸਾਰੇ ਕਾਗਜਾਤਾਂ ਦੀ ਨਕਲ ਨਾਲ ਅਪ੍ਰੈਲ 2017 ’ਚ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਨੂੰ ਚਿੱਠੀ ਭੇਜੀ ਗਈ। ਇਸ ਤੋਂ ਬਾਅਦ ਦਿੱਲੀ ਸਰਕਾਰ ਦੇ ਕਾਨੂੰਨੀ ਵਿਭਾਗ ਦੇ ਅਧਿਕਾਰੀ ਜਪਾਨ ਬਾਬੂ ਨੇ ਇਸ ਐਫ.ਆਈ.ਆਰ. ਦਾ ਕੋਈ ਰਿਕਾਰਡ ਆਪਣੇ ਕੋਲ ਨਾ ਹੋਣ ਦੀ ਜਾਣਕਾਰੀ ਭੇਜੀ। ਜਿਸ ’ਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸਦੇ ਵਿਭਾਗ ਤੋਂ ਐਫ.ਆਈ.ਆਰ. ਗੁਮ ਹੋ ਗਈ ਹੈ।

  ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬਾਅਦ ਵਿਚ 9 ਸਤੰਬਰ 2017 ਨੂੰ ਅਨੁਰਾਗ ਨੇ ਕਾਗਜਾਂ ਦੀ ਦੁਬਾਰਾ ਨਕਲ ਭੇਜੀ ਜਿਸਦੇ ਜਵਾਬ ’ਚ ਸਹਾਇਕ ਸਰਕਾਰੀ ਵਕੀਲ ਜਨੁਅਲ ਏਬੇਦੀਨ ਨੇ ਦੱਸਿਆ ਕਿ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਉੱਪਰਲੀ ਅਦਾਲਤ ਕੋਲ ਪਹੁੰਚ ਕਰਨ ਦਾ ਉਸ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ। 12 ਦਸੰਬਰ 2017 ਨੂੰ ਏਬੇਦੀਨ ਨੇ ਗਵਾਹਾਂ ਦੇ ਨਾ ਮਿਲਣ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਇੰਨੇ ਪੁਰਾਣੇ ਮਾਮਲੇ ’ਚ ਹੁਣ ਅਪੀਲ ਦਾਇਰ ਕਰਨ ਦਾ ਸਮਾਂ ਨਿਕਲ ਗਿਆ ਹੈ। ਜਿਸਦੇ ਬਾਅਦ ਜਨਵਰੀ 2018 ਨੂੰ ਐਸ.ਆਈ.ਟੀ. ਨੇ ਫਿਰ ਗ੍ਰਹਿ ਵਿਭਾਗ ਦੇ ਮੁਖ ਸਕੱਤਰ ਨੂੰ ਨਕਲ ਭੇਜਕੇ ਅਗਲੇਰੀ ਜਾਂਚ ਲਈ ਮਦਦ ਮੰਗੀ। ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਕਿ ਐਸ.ਆਈ.ਟੀ. ਇਸ ਮਾਮਲੇ ਦੀ ਜਾਂਚ ਨੂੰ ਅੱਗੇ ਉਦੋਂ ਤੱਕ ਨਹੀਂ ਵਧਾ ਸਕਦੀ ਜਦੋਂ ਤਕ ਦਿੱਲੀ ਸਰਕਾਰ ਦਾ ਕਾਨੂੰਨੀ ਵਿਭਾਗ ਅਪੀਲ ਦਾਇਰ ਨਹੀਂ ਕਰਦਾ।

  ਭਾਜਪਾ ਨਾਲ ਭਾਈਵਾਲੀ ਰੱਖਣ ਵਾਲੇ ਬਾਦਲ ਦਲ ਦੇ ਆਗੂ ਨੇ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਦੇ ਨਾਲ ਆਪਣੀ ਪੁਰਾਣੀ ਯਾਰੀ ਨਿਭਾ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਕਾਂਗਰਸ ਦੀ ਮਦਦ ਨਾਲ ਦਿੱਲੀ ’ਚ 49 ਦਿਨ ਦੀ ਸਰਕਾਰ ਚਲਾਉਣ ਦੇ ਕਾਰਨ ਕਾਂਗਰਸੀ ਆਗੂਆਂ ਦੇ ਪ੍ਰਤੀ ਅਰਵਿੰਦ ਕੇਜਰੀਵਾਲ ਦੇ ਮਨ ’ਚ ਹਮਦਰਦੀ ਹੈ ਤੇ ਇਸੇ ਕਾਰਨ ਉਹ 63 ਸਿੱਖਾਂ ਦੇ ਕਲਤਾਂ ਦੇ ਮਾਮਲੇ ਵਿੱਚ ਕਾਰਵਾਈ ਦੇ ਰਾਹ ਵਿੱਚ ਅੜਿੱਕਾ ਡਾਹ ਰਿਹਾ ਹੈ।

  ਚੰਡੀਗੜ੍ਹ - ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵੱਲੋਂ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪਹਿਲੇ ਸੈਸ਼ਨ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਮੌਜੂਦਾ ‘ਸੰਕਟਗ੍ਰਸਤ’ ਸਿੱਖ ਸਮਾਜ ਵਿਚ ਸਿੱਖ ਬੁੱਧੀਜੀਵੀਆਂ ਦੀ ਭੂਮਿਕਾ ’ਤੇ ਚਰਚਾ ਕੀਤੀ। ਬੁੱਧੀਜੀਵੀਆਂ ਵੱਲੋਂ ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਆਰਥਿਕ, ਸਮਾਜਿਕ ਤੇ ਧਾਰਮਿਕ ਸਮੱਸਿਆਵਾਂ ਲਈ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਮੌਕਾਪ੍ਰਸਤ ਲੀਡਰਸ਼ਿਪ ਵੱਲੋਂ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਲਈ ਅੰਨ੍ਹੇਵਾਹ ਸ਼ਹਿਰੀਕਰਨ ਦੇ ਵਿਕਾਸ ਦਾ ਮਾਡਲ ਚੁਣਨ, ਪੜ੍ਹੀ-ਲਿਖੀ ਨੌਜੁਆਨ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਖਤਮ ਕਰਨ, ਨਿੱਜੀ ਸਿਆਸੀ ਮੁਫਾਦ ਲਈ ਸਿੱਖ ਗੁਰਦੁਆਰਿਆਂ ਦੀ ਦੌਲਤ ਤੇ ਸਾਧਨਾਂ ਦੀ ਕਥਿਤ ਦੁਰਵਰਤੋਂ ਕਰਨ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਸਿਆਸੀਕਰਨ ਕਰਨ, ਸਿੱਖ ਤਖਤਾਂ ’ਤੇ ‘ਆਪਣੇ’ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ, ਸਜ਼ਾ ਭੁਗਤ ਚੁੱਕੇ ਸਿੱਖ ਨੌਜੁਆਨਾਂ ਦੀ ਰਿਹਾਈ ਦੀ ਮੰਗ ਨਾ ਮਨਵਾਉਣ ਸਣੇ ਪੰਜਾਬ ਨੂੰ ਡੂੰਘੇ ਆਰਥਿਕ ਸੰਕਟ ਵਿਚ ਧੱਕਿਆ ਗਿਆ।
  ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰਨ ਵਾਲੇ ਵਿਦੇਸ਼ ਮੰਤਰਾਲੇ ਦੇ ਸਾਬਕਾ ਸਕੱਤਰ ਕੇ ਸੀ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਸਜੀਪੀਸੀ ਅਤੇ ਅਕਾਲ ਤਖ਼ਤ ਸਾਹਿਬ ਜਿਹੀਆਂ ਧਾਰਮਿਕ ਸੰਸਥਾਵਾਂ ਨੂੰ ਸਿਆਸਤ ਦੀ ਗ੍ਰਿਫ਼ਤ ਵਿਚੋਂ ਕੱਢਣਾ ਸਮੇਂ ਦੀ ਮੰਗ ਹੈ। ਸੈਮੀਨਾਰ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ, ਸੇਵਾਮੁਕਤ ਆਈਏਐੱਸ ਅਧਿਕਾਰੀ ਗੁਰਜੀਤ ਸਿੰਘ ਚੀਮਾ, ਇਤਿਹਾਸਕਾਰ ਸੁਮੇਲ ਸਿੰਘ ਸਿੱਧੂ, ਬੀਰ ਦਵਿੰਦਰ ਸਿੰਘ ਤੇ ਹੋਰ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੁੰਜੀਵਤ ਭਾਸ਼ਣ ਵਿਚ ਸੈਮੀਨਾਰ ਦੇ ਕਨਵੀਨਰ ਜਸਪਾਲ ਸਿੰਘ ਸਿੱਧੂ ਨੇ ਭਾਰਤੀ ਸਟੇਟ ਵੱਲੋਂ ਸਿੱਖ ਧਰਮ ਨੂੰ ਸੰਵਿਧਾਨ ਦੀ ਧਾਰਾ 25 (2) ਅਧੀਨ ਹਿੰਦੂ ਧਰਮ ਨਾਲ ਰਲਗੱਡ ਕਰਕੇ ਸਿੱਖ ਧਰਮ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ, ਪਾਣੀਆਂ ਦੀ ਕਾਣੀ ਵੰਡ ਕਰਕੇ ਪੰਜਾਬ ਨੂੰ ਵੱਡੇ ਉਦਯੋਗਾਂ ਤੋਂ ਵਾਂਝਾ ਕਰ ਕੇ ਹਰ ਤਰ੍ਹਾਂ ਦੇ ਵਿਤਕਰੇ ਦਾ ਸ਼ਿਕਾਰ ਕਰਨ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਦਲ ’ਤੇ ਪੰਜਾਬ ਅਤੇ ਸਿੱਖ ਹੱਕਾਂ ਦੀ ਰਾਖੀ ਨਾ ਕਰਨ ਦੇ ਦੋਸ਼ ਲਾਏ।
  ਡਾਕਟਰ ਸਵਰਾਜ ਸਿੰਘ ਨੇ ਆਪਣੇ ਪਰਚੇ ਵਿਚ ਸਿੱਖ ਸਮਾਜ ਵਿਚੋਂ ਸਿੱਖ ਮੂਲਤਾਵਾਂ, ਸਰੂਪ ਤੇ ਸੱਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਲੱਗ ਰਹੇ ਖੋਰੇ ਤੇ ਨੈਤਿਕ ਗਿਰਾਵਟ ਵੱਲ ਸਰੋਤਿਆਂ ਦਾ ਧਿਆਨ ਖਿੱਚਿਆ। ਸੀਨੀਅਰ ਪੱਤਰਕਾਰ ਪੀ ਪੀ ਐੱਸ ਗਿੱਲ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਪੰਜਾਬ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਲੀਡਰਸ਼ਿਪ ’ਤੇ ਸਿੱਖ ਕੌਮ ਦੀਆਂ ਸ਼੍ਰੋਮਣੀ ਕਮੇਟੀਆਂ ਵਰਗੀਆਂ ਸਿਰਮੌਰ ਸੰਸਥਾਵਾਂ ਨੂੰ ਕਥਿਤ ਤੌਰ ’ਤੇ ਤਹਿਸ-ਨਹਿਸ ਕਰਨ ਦੇ ਦੋਸ਼ ਲਾਏ। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਸਿੱਖ ਸਮਾਜ ਨੂੰ ਸਿੱਖ ਬੁੱਧੀਜੀਵੀਆਂ ਵੱਲੋਂ ਸਹੀ ਸੇਧ ਦੇਣ ਦੀ ਨਸੀਹਤ ਦਿੱਤੀ।
  ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਪ੍ਰੋਫੈਸਰ ਕੁਲਵੰਤ ਸਿਘ ਨੇ ਸਿੱਖ ਸਿਆਸਤ, ਧਰਮ ਤੇ ਸਮਾਜ ਵਿਚ ਆਏ ਸਾਰੇ ਵਿਗਾੜਾਂ ਦੀ ਸਹੀ ਨਿਸ਼ਾਨਦੇਹੀ ਕਰਨ ਤੇ ਸਿੱਖ ਸਮਾਜ ਵਿੱਚ ਸੰਸਥਾਗਤ, ਸਮਾਜਿਕ ਤੇ ਧਾਰਮਿਕ ਸੁਧਾਰ ਕਰਨ ਲਈ ਸਿੱਖ ਬੁੱਧੀਜੀਵੀਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਤੇ ਨਿਭਾਉਣ ਲਈ ਕਿਹਾ ਤੇ ਇਸ ਅਨੁਸਾਰ ਮਤਾ ਪਾਸ ਕੀਤਾ ਗਿਆ।

  ਜਲੰਧਰ - ਕਰਤਾਰਪੁਰ ਲਾਂਘੇ ਦਾ ਸਿਆਸੀ ਲਾਹਾ ਲੈਣ ਲਈ ਰਾਜਨੀਤਿਕ ਪਾਰਟੀਆਂ ਵਿਚ ਦੌੜ ਲੱਗੀ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਲਾਂਘੇ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਨ ਨੂੰ ਤਿਆਰ ਨਹੀਂ ਹਨ, ਉਹ ਸਿਰਫ਼ ਆਪਣੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਖ਼ੁਦ ਵੱਲੋਂ ਲਾਂਘੇ ਬਾਰੇ ਕੀਤੇ ਯਤਨਾਂ ਨੂੰ ਬਿਆਨਦੇ ਹਨ, ਪਰ ਆਪਣੀ ਹੀ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਰਹੇ ਕੁਲਦੀਪ ਸਿੰਘ ਵਡਾਲਾ ਦਾ ਨਾਂ ਇਕ ਵਾਰੀ ਵੀ ਉਨ੍ਹਾਂ ਦੀ ਜ਼ੁਬਾਨ ’ਤੇ ਨਹੀਂ ਆਇਆ।
  ਕਰਤਾਰਪੁਰ ਲਾਂਘੇ ਦੇ ਸਮਾਗਮਾਂ ਮੌਕੇ ਉਨ੍ਹਾਂ ਸਿਰੜੀ ਲੋਕਾਂ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ, ਜਿਹੜੇ ਲਾਂਘੇ ਲਈ ਅਰਦਾਸਾਂ ਕਰਦੇ ਰਹੇ। ਕਿਸੇ ਨੂੰ ਚੇਤਾ ਨਹੀਂ ਆਇਆ ਕਿ ਬੀ ਐੱਸ ਗੁਰਾਇਆ ਨੇ 24 ਸਾਲ ਪਹਿਲਾਂ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂਆਂ ਵਿਚ ਦੋਆਬੇ ਦਾ ਥੰਮ੍ਹ ਮੰਨੇ ਜਾਣ ਵਾਲੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ 13 ਅਪਰੈਲ 2001 ਨੂੰ ਪਹਿਲੀ ਅਰਦਾਸ ਕਰ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਲਗਾਤਾਰ ਉਠਾਈ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਲਗਾਤਾਰ 18 ਸਾਲ ਬਿਨਾਂ ਨਾਗਾ ਹਰ ਮੱਸਿਆ ’ਤੇ ਡੇਰਾ ਬਾਬਾ ਨਾਨਕ ਜਾ ਕੇ ਲਾਂਘੇ ਲਈ ਅਰਦਾਸਾਂ ਕਰਦੇ ਰਹੇ। ਜਥੇਦਾਰ ਵਡਾਲਾ ਨੇ ਆਖ਼ਰੀ ਸਾਹਾਂ ਤੱਕ ਲਾਂਘੇ ਲਈ 208 ਅਰਦਾਸਾਂ ਕੀਤੀਆਂ ਸਨ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਿਧਾਇਕ ਪੁੱਤ ਗੁਰਪ੍ਰਤਾਪ ਸਿੰਘ ਵਡਾਲਾ ਨੇ 6 ਅਰਦਾਸਾਂ ਕੀਤੀਆਂ ਹਨ। ਗੁਰਪ੍ਰਤਾਪ ਸਿੰਘ ਵਡਾਲਾ ਦੇ ਮਨ ਵਿਚ ਹਿਰਖ ਜ਼ਰੂਰ ਹੈ ਕਿ ਜੇਕਰ ਬਾਦਲ ਸਾਹਿਬ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਨਾਂ ਲੈ ਦਿੰਦੇ ਤਾਂ ਉਨ੍ਹਾਂ ਅਤੇ ਸੰਗਤਾਂ ਨੂੰ ਤਸੱਲੀ ਮਿਲਣੀ ਸੀ।
  ਜਥੇਦਾਰ ਕੁਲਦੀਪ ਸਿੰਘ ਵਡਾਲਾ ਪਹਿਲੇ ਅਜਿਹੇ ਅਕਾਲੀ ਆਗੂ ਸਨ, ਜਿਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਸ਼ੌਕਤ ਅਜ਼ੀਜ਼ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤਾਂ ਕਰਕੇ ਲਾਂਘੇ ਲਈ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਵੀ 2004 ਵਿਚ ਇਹ ਮੁੱਦਾ ਉਠਾਇਆ ਸੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਰਦਾਸਾਂ ਕਰਨ ਵਿਚ ਸਾਥੀ ਰਹੇ ਜਸਵੀਰ ਸਿੰਘ ਜੱਫਰਵਾਲ ਅਤੇ ਗਿਆਨ ਚੰਦ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਬਾਰੇ ਜਦੋਂ ਪਹਿਲੀ ਅਰਦਾਸ ਕੀਤੀ ਸੀ ਤਾਂ ਲੋਕ ਮਜ਼ਾਕ ਕਰਦੇ ਸਨ ਕਿ ਇਨ੍ਹਾਂ ਦੇ ਕਹਿਣ ’ਤੇ ਲਾਂਘਾ ਭਲਾ ਕਿੱਦਾਂ ਖੁੱਲ੍ਹ ਸਕਦਾ ਹੈ। 18 ਸਾਲ ਪੁਰਾਣੀ ਗੱਲ ਹੁਣ ਜਦੋਂ ਇਹ ਗੱਲ ਸੱਚ ਹੋ ਗਈ ਹੈ ਤਾਂ ਕਿਸੇ ਵੀ ਸਟੇਜ ਤੋਂ ਜਥੇਦਾਰ ਵਡਾਲਾ ਦਾ ਜ਼ਿਕਰ ਨਹੀਂ ਹੋਇਆ। ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਵਿਸਾਖੀ ਮੌਕੇ ਅਪਰੈਲ 2001 ਨੂੰ ਪਹਿਲੀ ਅਰਦਾਸ ਕੀਤੀ ਸੀ ਤਾਂ ਅਨਾਜ ਮੰਡੀ ਵਿਚ ਅਖੰਡ ਪਾਠ ਪ੍ਰਕਾਸ਼ ਕਰਾਇਆ ਗਿਆ ਸੀ। ਤੀਜੀ ਅਰਦਾਸ ਵੇਲੇ ਜਦੋਂ ਸੰਗਤਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਅਰਦਾਸ ਕਰਨ ਜਾ ਰਹੀਆਂ ਸਨ ਤਾਂ ਉਸੇ ਅਨਾਜ ਮੰਡੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਰੱਖਿਆ ਹੋਇਆ ਸੀ, ਪਰ ਉਹ ਲਾਂਘੇ ਦੀ ਅਰਦਾਸ ਵਿਚ ਸ਼ਾਮਲ ਨਹੀਂ ਹੋਏ।
  ਜੂਨ 2008 ਵਿਚ ਵਿਦੇਸ਼ ਮੰਤਰੀ ਹੁੰਦਿਆਂ ਪ੍ਰਣਬ ਮੁਖਰਜੀ ਲਾਂਘੇ ਦੀਆਂ ਸੰਭਾਵਨਾਵਾਂ ਦੇਖਣ ਆਏ ਸਨ ਤਾਂ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਨਾਲ ਚੱਲਣ ਲਈ ਕਿਹਾ ਸੀ। ਜਸਵੀਰ ਸਿੰਘ ਜੱਫਰਵਾਲ ਨੇ ਦੱਸਿਆ ਕਿ ਜਦੋਂ ਉਹ ਡੇਰਾ ਬਾਬਾ ਨਾਨਕ ਪੁੱਜ ਗਏ ਤੇ ਉਥੇ ਰੈਸਟ ਹਾਊਸ ਵਿਚ ਰੁਕੇ ਤਾਂ ਉਥੇ ਕੁਝ ਆਗੂਆਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਕਮਰੇ ਵਿਚ ਬੰਦ ਕਰਕੇ ਬਾਹਰੋਂ ਕੁੰਡੀ ਲਾ ਦਿੱਤੀ ਸੀ ਤਾਂ ਜੋ ਉਹ ਇਸ ਮਾਮਲੇ ਨੂੰ ਨਾ ਉਠਾ ਸਕਣ, ਪਰ ਅਫ਼ਸਰਾਂ ਨੂੰ ਉਦੋਂ ਭਾਜੜ ਪੈ ਗਈ ਜਦੋਂ ਪ੍ਰਣਬ ਮੁਖਰਜੀ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁੱਛਿਆ ਕਿ ਵਡਾਲਾ ਸਾਹਿਬ ਕਿੱਥੇ ਹਨ ?
  ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਲਾਂਘੇ ਦੇ ਸਮਾਗਮਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਤੋਂ ਸੰਸਦ ਮੈਂਬਰ ਬੇਗ਼ਮ ਰਿਫਤ ਕਾਹਲੋਂ ਦੇ ਪਤੀ ਕਰਨਲ ਜਾਵੇਦ ਕਾਹਲੋਂ ਦਾ ਫੋਨ ਆਇਆ ਸੀ ਕਿ ਲਾਂਘਾ ਖੋਲ੍ਹਣ ਦੇ ਨਾਲ ਨਾਲ ਪਾਕਿਸਤਾਨ ਸਰਕਾਰ ਇੱਥੇ ਹੋਰ ਬਹੁਤ ਕੁਝ ਕਰਨ ਦਾ ਸੋਚੀ ਬੈਠੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਕਰਨਲ ਜਾਵੇਦ ਕਾਹਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਦੇ ਜਮਾਤੀ ਹਨ। ਗੁਰਪ੍ਰਤਾਪ ਨੇ ਦੱਸਿਆ ਕਿ 2001 ਵਿਚ ਮਾਝੇ ਦੀਆਂ ਸੰਗਤਾਂ ਵੱਖ ਵੱਖ ਸਮੇਂ ਅਕਾਲੀ ਦਲਾਂ ਦੇ ਆਗੂਆਂ ਕੋਲ ਜਾ ਕੇ ਅਪੀਲ ਕਰ ਰਹੀਆਂ ਸਨ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਦੇ ਮਾਮਲੇ ਨੂੰ ਉਠਾਇਆ ਜਾਵੇ। ਬਹੁਤੇ ਅਕਾਲੀ ਆਗੂਆਂ ਨੇ ਇਨ੍ਹਾਂ ਸੰਗਤਾਂ ਨੂੰ ਆਨੇ-ਬਹਾਨੇ ਜਵਾਬ ਦੇ ਦਿੱਤਾ ਤੇ ਆਖ਼ਰ ਸੰਗਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਕੋਲ ਗਈਆਂ ਤਾਂ ਜਥੇਦਾਰ ਟੌਹੜਾ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਇਹ ਕੰਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਕਰ ਸਕਦੇ ਹਨ। ਇਸ ਮੌਕੇ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੱਖਣੀ ਏਸ਼ੀਆ ਵਿਚ ਸ਼ਾਂਤੀ ਦਾ ਨਵਾਂ ਦੌਰ ਖੁੱਲ੍ਹੇਗਾ। ਪੰਜਾਬ ਦੇ ਖਿੱਤੇ ਦੇ ਲੋਕ ਤੇ ਖ਼ਾਸ ਕਰਕੇ ਕਿਸਾਨੀ ਨੂੰ ਇਸ ਦਾ ਵੱਡਾ ਫਾਇਦਾ ਮਿਲਣ ਦੀ ਸੰਭਾਵਨਾ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com