ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਠਿੰਡਾ - ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਬਦਲਿਆ ਜਾਣਾ ਤੈਅ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਅੰਦਰੀ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਧਰ ਗਿਆਨੀ ਗੁਰਬਚਨ ਸਿੰਘ ਨੇ ਵੀ ਅਹੁਦਾ ਛੱਡਣ ਦੀ ਤਿਆਰੀ ਵਿੱਢ ਦਿੱਤੀ ਹੈ ਅਤੇ ਅੰਦਰਖਾਤੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਲੀਡਰਸ਼ਿਪ ਕੋਲ ਕਰ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸੇਮੰਦ ਜਥੇਦਾਰ ਲੱਭਣ ਵਿਚ ਕੁੱਝ ਮੁਸ਼ਕਲਾਂ ਆ ਰਹੀਆਂ ਹਨ। ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਕਈ ਨਾਮ ਜਥੇਦਾਰ ਦੇ ਅਹੁਦੇ ਲਈ ਸੁਝਾਏ ਵੀ ਗਏ ਹਨ ਪ੍ਰੰਤੂ ਹਾਲੇ ਬਾਦਲ ਪਰਿਵਾਰ ਨੂੰ ਕੋਈ ਢੁਕਵਾਂ ਨਾਮ ਫਿੱਟ ਨਹੀਂ ਬੈਠ ਰਿਹਾ ਹੈ। ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾਣੀ ਹੈ ਪ੍ਰੰਤੂ ਬਾਦਲ ਪਰਿਵਾਰ ਨਵੇਂ ਜਥੇਦਾਰ ਦੀ ਤਲਾਸ਼ ਵਿਚ ਜੁਟਿਆ ਹੋਇਆ ਹੈ। ਸੂਤਰਾਂ ਅਨੁਸਾਰ ਕਈ ਗਰਮ ਸੁਰ ਵਾਲੇ ਨਾਮ ਵੀ ਸਾਹਮਣੇ ਆਏ ਸਨ ਪ੍ਰੰਤੂ ਉਨ੍ਹਾਂ ਤੋਂ ਬਾਦਲ ਪਰਿਵਾਰ ਤ੍ਰਭਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ‘ਤੇ ਲੱਗੀ ਸਿਆਸੀ ਸੱਟ ਮਗਰੋਂ ਬਾਦਲ ਪਰਿਵਾਰ ਹੁਣ ਅਜਿਹੀ ਸ਼ਖ਼ਸੀਅਤ ਦੀ ਤਲਾਸ਼ ਵਿੱਚ ਹੈ ਜਿਸ ਨਾਲ ਪੁਰਾਣੇ ਦਾਗ਼ ਵੀ ਧੋਤੇ ਜਾ ਸਕਣ। ਏਦਾਂ ਦੇ ਸ਼ਖ਼ਸੀਅਤ ’ਤੇ ਵੀ ਨਜ਼ਰ ਮਾਰੀ ਜਾ ਰਹੀ ਹੈ ਜੋ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਵੀ ਪ੍ਰਵਾਨਿਤ ਹੋਵੇ। ਅਹਿਮ ਸੂਤਰ ਦੱਸਦੇ ਹਨ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿਚ ਕਾਮਯਾਬੀ ਮਿਲੀ ਤਾਂ ਐਤਕੀਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਵਾਂ ਜਥੇਦਾਰ ਦੇਵੇਗਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਸਭ ਤੋਂ ਵੱਧ ਉਦੋਂ ਵਿਵਾਦਾਂ ਵਿਚ ਆਏ ਜਦੋਂ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇ ਦਿੱਤੀ ਸੀ। ਉਨ੍ਹਾਂ ’ਤੇ ਸਭ ਤੋਂ ਵੱਧ ਇਲਜ਼ਾਮ ਇਹੋ ਹਨ ਕਿ ਉਨ੍ਹਾਂ ਨੇ ਸਿਆਸੀ ਦਬਾਅ ਹੇਠ ਕੰਮ ਕੀਤਾ ਅਤੇ ਅਕਾਲ ਤਖ਼ਤ ਦੀ ਮਰਿਆਦਾ ਦਾ ਵੀ ਖ਼ਿਆਲ ਨਹੀਂ ਕੀਤਾ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਸੀ ਕਿ ਏਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਅਗਰ ਜਥੇਦਾਰ ਅਸਤੀਫ਼ੇ ਸਬੰਧੀ ਕੋਈ ਗੱਲ ਰੱਖਣਗੇ ਤਾਂ ਉਸ ’ਤੇ ਵਿਚਾਰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਲੌਂਗੋਵਾਲ ਨੇ ਬੀਤੇ ਕੱਲ੍ਹ ਹੀ ਜਥੇਦਾਰ ਨੂੰ ਨਾ ਤਬਦੀਲ ਕੀਤੇ ਜਾਣ ਬਾਰੇ ਆਖਿਆ ਸੀ।
    ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਹੈ ਜਿਸ ਕਰਕੇ ਉਹ ਖ਼ੁਦ ਹੀ ਜਥੇਦਾਰੀ ਦੀ ਸੇਵਾ ਤੋਂ ਮੁਕਤ ਹੋਣਾ ਚਾਹੁੰਦੇ ਹਨ।

    ਬਰਨਾਲਾ, (ਜਗਸੀਰ ਸਿੰਘ ਸੰਧੂ) - ਪਾਕਿਸਤਾਨ ਵਿੱਚ ਹੁਣ ਸਿੱਖਾਂ ਨੂੰ ਨੌਕਰੀਆਂ 'ਚ 10 ਫੀਸਦੀ ਰਿਜਵੇਸ਼ਨ ਮਿਲੇਗੀ। ਇਹ ਐਲਾਨ ਪਾਕਿਸਤਾਨ ਓਕਾਫ਼ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਨ ਨੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਵਿਸੇਸ਼ ਤੌਰ 'ਤੇ ਸਿਰਕਤ ਕਰਨ ਆਏ ਤਾਰਿਕ ਵਜ਼ੀਰ ਖਾਨ ਨੇ ਕਿਹਾ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਉਕਾਫ਼ ਬੋਰਡ ਅੰਦਰ ਦਿੱਤੀਆਂ ਜਾਂਦੀਆਂ ਨੌਕਰੀਆਂ ਵਿੱਚ ਪਾਕਿਸਤਾਨ ਦੇ ਸਿੱਖਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਓਕਾਫ ਬੋਰਡ ਵੱਲੋਂ ਇਸ ਦੀ ਸਰਕਾਰ ਨੂੰ ਲਿਖਤੀ ਸਿਫਾਰਿਸ਼ ਵੀ ਕਰ ਦਿੱਤੀ ਗਈ ਹੈ।
    ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਿਫ਼ਾਰਿਸ਼ਾਂ ਜਲਦ ਹੀ ਲਾਗੂ ਜਾਣਗੀਆਂ । ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਇਸ ਮੌਕੇ ਇੱਕਤਰ ਹੋਈਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਓਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਨ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਜਿਹੜੇ ਵੀ ਸਿੱਖ ਪੜ੍ਹੇ ਲਿਖੇ ਹੋਣਗੇ, ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਪਾਕਿਸਤਾਨ ਸਰਕਾਰ ਅਤੇ ਓਕਾਫ ਬੋਰਡ ਪੂਰੀ ਤਰਾਂ ਵਚਨਬੱਧ ਹਨ। ਵਰਨਣਯੋਗ ਹੈ ਕਿ ਜਿਥੇ ਇੱਕ ਪਾਸੇ ਭਾਰਤ ਅੰਦਰ ਸਿੱਖ ਧਰਮ ਦੀ ਹੋਂਦ 'ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਭਾਰਤ ਦੇ ਕੱਟੜ ਦੁਸ਼ਮਣ ਸਮਝੇ ਜਾਂਦੇ ਮੁਲਕ ਪਾਕਿਸਤਾਨ ਵਿੱਚ ਸਰਕਾਰੀ ਨੌਕਰੀਆਂ ਅੰਦਰ ਸਿੱਖਾਂ ਨੂੰ ਵਿਸੇਸ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ।
    ਇਥੇ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਇੱਕ ਮਾਮਲੇ ਵਿੱਚ ਇਥੋਂ ਤੱਕ ਸਵਾਲ ਕਰ ਦਿੱਤਾ ਸੀ ਕਿ, ਕੀ ਸਿੱਖਾਂ ਲਈ ਦਸਤਾਰ ਜਰੂਰੀ ਹੈ? ਕੀ ਦਸਤਾਰ ਸਿੱਖੀ ਦਾ ਹਿੱਸਾ ਹੈ ਜਾਂ ਨਹੀਂ ? ਜਿਸ ਨੂੰ ਲੈਕੇ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਵੀ ਇਸ 'ਤੇ ਨਾਰਾਜ਼ਗੀ ਜਾਹਰ ਕਰਦਿਆਂ ਇਸ ਨੂੰ ਸਿੱਖੀ ਦੀ ਹੋਂਦ 'ਤੇ ਹੀ ਸਵਾਲ ਖੜ੍ਹਾ ਕਰਨਾ ਕਰਾਰ ਦਿੱਤਾ ਗਿਆ ਸੀ । ਅਜਿਹੇ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਅੰਦਰ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦੀ ਖ਼ਬਰ ਸਿੱਖ ਭਾਈਚਾਰੇ ਲਈ ਠੰਡੀ ਹਵਾ ਦੇ ਕਿਸੇ ਬੁੱਲੇ ਤੋਂ ਘੱਟ ਨਹੀਂ ਹੈ।

    ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਚ.ਐਸ. ਫੂਲਕਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਭੇਜ ਦਿੱਤਾ ਹੈ ਤੇ ਇਸ ਦੀ ਕਾਪੀ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਭੇਜੇ ਜਾਣ ਦਾ ਦਾਅਵਾ ਕੀਤਾ ਹੈ। ਵਿਧਾਨ ਸਭਾ ਦੀ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਨੇ ਅਸਤੀਫਾ ਈ-ਮੇਲ ਰਾਹੀਂ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਆਪ ਵਿਧਾਇਕ ਵੱਲੋਂ ਤਿੰਨ ਸਫਿਆਂ ਦਾ ਅਸਤੀਫਾ ਭੇਜਦਿਆਂ ਕਾਂਗਰਸ ਸਰਕਾਰ ਖਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਅਤੇ ਪੁਲੀਸ ਗੋਲੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸਰਕਾਰ ’ਤੇ ਜ਼ੋਰ ਪਾਉਣ ਲਈ ਅਸਤੀਫਾ ਦੇ ਰਿਹਾ ਹਾਂ। ਵਿਧਾਨ ਸਭਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਫੂਲਕਾ ਦਾ ਅਸਤੀਫਾ ਵਿਧਾਨ ਸਭਾ ਵੱਲੋਂ ਨਿਰਧਾਰਤ ਮਾਪਦੰਡਾਂ ਮੁਤਾਬਕ ਨਹੀਂ ਦਿੱਤਾ ਗਿਆ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਸਤੀਫਾ ਸਪੀਕਰ ਨੂੰ ਮਿਲ ਕੇ ਹੀ ਦਿੱਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਸਪੀਕਰ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਆਮ ਤੌਰ ’ਤੇ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ। ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਸ੍ਰੀ ਫੂਲਕਾ ਦਾ ਅਸਤੀਫਾ ਤਾਂ ਮਿਲ ਗਿਆ ਹੈ ਪਰ ਇਸ ਦੀ ਪੜਤਾਲ ਕਰਾਂਗਾ ਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
    ਐਚ.ਐਸ. ਫੂਲਕਾ ਨੇ ਪੰਜਾਬ ਵਿਧਾਨ ਸਭਾ ਬੇਅਦਬੀ ਮਾਮਲੇ ਦੀ ਪੜਤਾਲੀਆ ਰਿਪੋਰਟ ’ਤੇ 28 ਅਗਸਤ ਨੂੰ ਹੋਈ ਬਹਿਸ ਤੋਂ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ‘ਆਪ’ ਵਿਧਾਇਕ ਵੱਲੋਂ ਅਸਤੀਫਾ ਦੇਣ ਦਾ ਮਾਮਲਾ ਇਸ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਪੰਜਾਬ ਪੁਲੀਸ ਦੇ ਕੁਝ ਅਫ਼ਸਰਾਂ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀਆਂ ਪੜਤਾਲੀਆ ਰਿਪੋਰਟਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਸੀ। ਲੰਘੇ ਦਿਨਾਂ ਦੌਰਾਨ 7 ਅਕਤੂਬਰ ਨੂੰ ਬਰਗਾੜੀ ਵਿੱਚ ਹੋਏ ਭਾਰੀ ਇਕੱਠ ਤੋਂ ਬਾਅਦ ਸ੍ਰੀ ਫੂਲਕਾ ਨੇ ਅਸਤੀਫਾ ਦੇਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ‘ਆਪ’ ਵਿਧਾਇਕ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਾਰਟੀ ਹਾਈ ਕਮਾਨ ਦੇ ਦਬਾਅ ਅਧੀਨ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਦੀ ਝਾਕ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਨੂੰ ਬਹੁਮਤ ਹੋਣ ਕਾਰਨ ਹਾਕਮ ਪਾਰਟੀ ਨਾਜਾਇਜ਼ ਫਾਇਦਾ ਉਠਾ ਰਹੀ ਹੈ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਜੇ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਚੋਣ ਕਮਿਸ਼ਨ ਛੇ ਮਹੀਨਿਆਂ ਦੇ ਅੰਦਰ -ਅੰਦਰ ਚੋਣ ਕਰਾਉਣ ਲਈ ਵਿਧਾਨਕ ਤੌਰ ’ਤੇ ਪਾਬੰਦ ਹੋਵੇਗਾ। ਇਸ ਤਰ੍ਹਾਂ ਆਗਾਮੀ ਲੋਕ ਸਭਾ ਚੋਣਾਂ ਦੇ ਨਾਲ ਹੀ ਦਾਖਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਹੋ ਸਕਦੀ ਹੈ।

    ਫ਼ਰੀਦਕੋਟ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਪਿੰਡ ਬਰਗਾੜੀ ਵਿੱਚ ਪੰਥਕ ਧਿਰਾਂ ਵੱਲੋਂ ਪਹਿਲੀ ਜੂਨ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ ’ਤੇ 14 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਇਕੱਠ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਫ਼ਰੀਦਕੋਟ ਦਾ ਦੌਰਾ ਕੀਤਾ। ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਆਈਟੀ ਦੇ ਚੇਅਰਮੈਨ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ, ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਅਤੇ ਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਮਿੱਥੇ ਸਮੇਂ ਵਿੱਚ ਨਿਰਪੱਖ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਐੱਸਆਈਟੀ ਨੇ ਸਿਟੀ ਕੋਟਕਪੂਰਾ ਅਤੇ ਬਾਜਾਖਾਨਾ ਥਾਣਿਆਂ ਦੇ ਉਨ੍ਹਾਂ ਸਾਰੇ ਥਾਣਾ ਮੁਖੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਦੀ ਤਾਇਨਾਤੀ 2015 ਤੋਂ ਲੈ ਕੇ 2018 ਤੱਕ ਇਨ੍ਹਾਂ ਥਾਣਿਆਂ ਵਿੱਚ ਹੋਈ ਹੈ। ਕਿਉਂਕਿ ਸਾਰੀਆਂ ਘਟਨਾਵਾਂ ਥਾਣਾ ਬਾਜਾਖਾਨਾ ਅਤੇ ਸਿਟੀ ਕੋਟਕਪੂਰਾ ਅਧੀਨ ਹੀ ਵਾਪਰੀਆਂ ਸਨ। ਜਾਣਕਾਰੀ ਅਨੁਸਾਰ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਨੂੰ ਆਗਾਮੀ 14 ਅਕਤੂਬਰ ਨੂੰ ਤਿੰਨ ਸਾਲ ਪੂਰੇ ਹੋ ਰਹੇ ਹਨ। ਇਸ ਦਿਨ ਬਰਗਾੜੀ ਵਿੱਚ ਪੰਥਕ ਧਿਰਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਤੋਂ ਪੰਜਾਬ ਸਰਕਾਰ ਕਾਫ਼ੀ ਚਿੰਤਤ ਹੈ। 7 ਅਕਤੂਬਰ ਦੇ ਰੋਸ ਮਾਰਚ ਵਿੱਚ ਹੋਏ ਰਿਕਾਰਡ ਤੋੜ ਇਕੱਠ ਨੇ ਸਰਕਾਰ ਦੀ ਨੀਂਦ ਉਡਾਈ ਹੋਈ ਹੈ। ਸਰਕਾਰ ਨੂੰ ਖਦਸ਼ਾ ਹੈ ਕਿ 14 ਅਕਤੂਬਰ ਨੂੰ ਬਰਗਾੜੀ ਵਿੱਚ ਫਿਰ ਵੱਡਾ ਇਕੱਠ ਹੋਵੇਗਾ, ਇਸੇ ਕਰਕੇ ਇਸ ਇਕੱਠ ਤੋਂ ਪਹਿਲਾਂ ਐੱਸਆਈਟੀ ਨੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਬਲਜੀਤ ਸਿੰਘ ਦਾਦੂਵਾਲਾ ਨੇ ਕਿਹਾ ਕਿ ਕਮਿਸ਼ਨ ਅਤੇ ਐੱਸਆਈਟੀ ਸਰਕਾਰ ਨੇ ਕਿਹਾ ਕਿ 14 ਅਕਤੂਬਰ ਨੂੰ ਬਰਗਾੜੀ ਵਿੱਚ ਵਿਸ਼ਾਲ ਇਕੱਠ ਹੋਵੇਗਾ ਅਤੇ ਇਨਸਾਫ਼ ਮਿਲਣ ਤੱਕ ਇਹ ਮੋਰਚਾ ਜਾਰੀ ਰੱਖਿਆ ਜਾਵੇਗਾ।

    ਬਠਿੰਡਾ - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇੱਥੇ ਆਖਿਆ ਕਿ ਬਰਗਾੜੀ ਵਿਚ ਲੱਗਾ ਧਰਨਾ ਸਰਕਾਰੀ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਖਾਤਰ ਏਦਾਂ ਕੀਤਾ ਜਾ ਰਿਹਾ ਹੈ। ਬੇਅਦਬੀ ਦੇ ਮਾਮਲੇ ਹੁਣ ਕਾਂਗਰਸ ਦੇ ਰਾਜ ਦੌਰਾਨ ਵੀ ਆਏ ਹਨ ਪਰ ਹੁਣ ਕਾਂਗਰਸ ਖ਼ਿਲਾਫ਼ ਕਿਉਂ ਧਰਨਾ ਨਹੀਂ ਲੱਗ ਰਿਹਾ। ਉਨ੍ਹਾਂ ਆਖਿਆ ਕਿ ਵਿਰੋਧੀ ਭੰਡੀ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਅਤੇ ਇਹ ਲੋਕ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨਵੇਂ ਟੈਕਸ ਵੀ ਲਾ ਰਹੀ ਹੈ ਅਤੇ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਵੀ ਪਾ ਰਹੀ ਹੈ।
    ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਲੋਕ ਸਭਾ ਚੋਣਾਂ ਲੜਨ ਲਈ ਤਿਆਰ ਹੈ ਤੇ ਪਾਰਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਇਹ ਚੋਣਾਂ ਭਾਜਪਾ ਨਾਲ ਰਲ ਕੇ ਲੜੀਆਂ ਜਾਣਗੀਆਂ। ਬੀਬੀ ਬਾਦਲ ਨੇ ਦੁਹਰਾਇਆ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ ਤੇ ਪਾਰਟੀ ਵਰਕਰਾਂ ਦੇ ਸਾਥ ਨਾਲ ਮੁੜ ਜਿੱਤ ਹਾਸਲ ਕਰਨਗੇ।
    ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਨਾਲ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ, ਭਾਵੇਂ ਸ੍ਰੀ ਕੇਜਰੀਵਾਲ ਤੇ ਕੈਪਟਨ ਇਕੱਠੇ ਚੋਣ ਮੈਦਾਨ ਵਿਚ ਪਾਰਟੀ ਖ਼ਿਲਾਫ਼ ਉਤਰ ਆਉਣ। ਉਨ੍ਹਾਂ ‘ਆਪ’ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਿਆ। ਹਰਸਿਮਰਤ ਕੌਰ ਬਾਦਲ ਨੇ ਅੱਜ ਮਾਨਸਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੰਡੀਗੜ੍ਹ ’ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ, ਜਿਸ ਕਰਕੇ ਹੋਰ ਸਿਆਸੀ ਪਾਰਟੀਆਂ ਨੂੰ ਚੰਡੀਗੜ੍ਹ ਦੇ ਮੁੱਦੇ ’ਤੇ ਰਾਜਨੀਤੀ ਨਹੀਂ ਕਰਨ ਦਿੱਤੀ ਜਾਵੇਗੀ।
    ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਹਰ ਆਗੂ ਤੇ ਵਰਕਰ ਨੂੰ ਆਪਣਾ ਸੁਝਾਅ ਦੇਣ ਦਾ ਹੱਕ ਹੈ ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਜਾਣ-ਬੁੱਝ ਕੇ ਪਾਰਟੀ ਦੀ ਫੁੱਟ ਨਾਲ ਜੋੜ ਕੇ ਪਰੋਸਿਆ ਜਾਣ ਲੱਗਿਆ ਹੈ। ਬੀਬੀ ਬਾਦਲ ਨੇ ਏਸ਼ਿਆਈ ਖੇਡਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਸਵਰਨ ਸਿੰਘ ਵਿਰਕ, ਸੁਖਮੀਤ ਸਿੰਘ ਕਿਸ਼ਨਗੜ੍ਹ ਫਰਵਾਹੀ ਤੇ ਸ਼ਗਨਦੀਪ ਸਿੰਘ ਦਾ ਸਨਮਾਨ ਕੀਤਾ ਗਿਆ।

    ਫ਼ਤਹਿਗੜ੍ਹ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਚੰਡੀਗੜ੍ਹ ਵਿਚਲੇ ਯੂਟੀ ਪ੍ਰਸ਼ਾਸਕ ਵੱਲੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਸ਼ਰਤ ਨੂੰ ਹਟਾਏ ਜਾਣ ਦੀ ਨਿਖੇਧੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚੋਂ ਪੰਜਾਬੀ ਭਾਸ਼ਾ ਨੂੰ ਇੱਕ ਸਾਜਿਸ਼ ਤਹਿਤ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ ਜੂਨੀਅਰ ਬੇਸਿਕ ਟੀਚਰ (ਜੇਬੀਟੀ) ਦੀ ਭਰਤੀ ਲਈ ਰੱਖੀਆਂ ਯੋਗਤਾਵਾਂ ਵਿੱਚੋਂ ਪੰਜਾਬੀ ਲਾਜ਼ਮੀ ਦੀ ਸ਼ਰਤ ਨੂੰ ਹਟਾ ਦਿੱਤਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ ਨਾਲ ਵੱਡਾ ਧੱਕਾ ਕੀਤਾ ਸੀ, ਜਦਕਿ ਚੰਡੀਗੜ੍ਹ ਤੇ ਪੰਜਾਬ ਦਾ ਅਧਿਕਾਰ ਹੈ, ਕਿਉਂਕਿ ਚੰਡੀਗੜ੍ਹ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 1966 ਦੇ ਪੁਨਰਗਠਨ ਐਕਟ ਵਿੱਚ ਫ਼ੈਸਲਾ ਹੋਇਆ ਸੀ ਕਿ ਜਿੰਨਾ ਚਿਰ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾਂਦਾ ਤਦ ਤੱਕ ਚੰਡੀਗੜ੍ਹ ਵਿੱਚ 60 ਫ਼ੀਸਦੀ ਮੁਲਾਜ਼ਮ ਪੰਜਾਬ ਤੇ 40 ਫ਼ੀਸਦ ਹਰਿਆਣਾ ਤੋਂ ਲੈਣੇ ਨਿਸ਼ਚਿਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਸਬੰਧੀ, ਚੰਡੀਗੜ੍ਹ ਸਥਿਤ ਹੈੱਡ ਆਫ਼ਿਸ, ਹਾਈਕੋਰਟ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਲਈ ਸੰਘਰਸ਼ ਕਰਦਾ ਆ ਰਿਹਾ ਹੈ।

    ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੈਦਾ ਹੋਏ ਅੰਦਰੂਨੀ ਸੰਕਟ ਵਿਚ ਅੱਜ ਉਸ ਵੇਲੇ ਹੋਰ ਵਾਧਾ ਹੋ ਗਿਆ ਜਦੋਂ ਮਾਝੇ ਦੇ ਇਕ ਹੋਰ ਟਕਸਾਲੀ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਵੀ ਪਾਰਟੀ ਦੀਆਂ ਨੀਤੀਆਂ ’ਤੇ ਕਿੰਤੂ-ਪ੍ਰੰਤੂ ਕਰਦਿਆਂ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣਾ ਪਾਰਟੀ ਲਈ ਆਤਮਘਾਤੀ ਫੈਸਲਾ ਕਰਾਰ ਦਿੱਤਾ। ਉਨ੍ਹਾਂ ਨੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਮੁਆਫ਼ੀ ਮੰਗਣ ਦਾ ਸੁਝਾਅ ਦਿੱਤਾ ਹੈ।
    ਭਾਈ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਪਾਰਟੀ ਦੇ ਮੀਤ ਪ੍ਰਧਾਨ ਤੇ ਪੇਡਾ ਦੇ ਚੇਅਰਮੈਨ ਦੇ ਅਹੁਦੇ ’ਤੇ ਰਹਿ ਚੁੱਕੇ ਹਨ। ਉਹ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸਵਰਗੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਬੇਟੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਵਰਗੀ ਭਾਈ ਅਮਰੀਕ ਸਿੰਘ ਦੇ ਭਰਾ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਉਸ ਵੇਲੇ ਦੀ ਸਰਕਾਰ ਨੇ ਇਸ ਘਟਨਾ ਕ੍ਰਮ ਦੀ ਜੜ੍ਹ ਨੂੰ ਲੱਭ ਲਿਆ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੁੰਦੇ ਤੇ ਸਪੱਸ਼ਟੀਕਰਨ ਦੇਣ ਦੀ ਲੋੜ ਨਾ ਪੈਂਦੀ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਤਿਆਗ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੀ ਸੀ, ਜੋ ਪਾਰਟੀ ਲਈ ਆਤਮਘਾਤੀ ਫੈਸਲਾ ਸਾਬਤ ਹੋਇਆ ਹੈ। ਇਸ ਫੈਸਲੇ ਨਾਲ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਢਾਹ ਲੱਗੀ ਹੈ। ਉਨ੍ਹਾਂ ਆਖਿਆ ਕਿ ਪਾਰਟੀ ਦੀ ਲੀਡਰਸ਼ਿਪ ਵਿਚ ਬਦਲਾਅ ਬਾਰੇ ਸਮੂਹ ਸੀਨੀਅਰ ਆਗੂਆਂ ਨੂੰ ਮਿਲ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਪਾਰਟੀ ਵਿਚ ਰਹਿ ਕੇ ਅਜਿਹੀ ਨੀਤੀ ਦਾ ਵਿਰੋਧ ਕਰਨਗੇ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਹਟਾਉਣ ਦਾ ਸਮਰਥਨ ਕੀਤਾ ਹੈ। ਬਾਅਦ ਦੁਪਹਿਰ ਤਿੰਨ ਵਜੇ ਭਾਈ ਮਨਜੀਤ ਸਿੰਘ ਨੇ ਆਪਣੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 14 ਅਕਤੂਬਰ ਨੂੰ ਬਰਗਾੜੀ ਵਿਖੇ ਹੋਣ ਵਾਲੇ ਸ਼ਹੀਦੀ ਸੰਮੇਲਨ ਵਿਚ ਸ਼ਾਮਲ ਹੋਣਗੇ।

    ਦੇਸੀ ਘਿਉ ਦੇ ਇਸ ਉਪਾਅ ਨਾਲ ਕੁੱਝ ਹੀ ਦਿਨਾਂ ਵਿਚ ਪਾਓ ਡਾਰਕ ਸਰਕਲਸ ਤੋਂ ਛੁਟਕਾਰਾ : ਅੱਜ-ਕੱਲ ਦੀ ਤਣਾਵ ਭਰੀ ਜਿੰਦਗੀ ਦੇ ਬਹੁਤ ਸਾਰੇ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ |ਇੱਕ ਪਾਸੇ ਜਿੱਥੇ ਇਹ ਤਣਾਵ ਕਈ ਸਾਰੀਆਂ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ ,ਉੱਥੇ ਤਣਾਵ ਅਤੇ ਨਿਯਮਿਤ ਦਿਨ ਚਾਰਿਆ ਦਾ ਅਸਰ ਚਿਹਰੇ ਉੱਪਰ ਵੀ ਸਾਫ਼ ਨਜਰ ਆਉਂਦਾ ਹੈ |

    ਚੰਡੀਗੜ੍ਹ - ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜ ਗਏ ਹਨ। ਭਾਵੇਂ ਕਿ ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਦੇ ਵਿਸ਼ੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਟੀਸ਼ਨ ’ਚ ਸ੍ਰੀ ਸੈਣੀ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਪੰਜਾਬ ਪੁਲੀਸ ਕੋਲੋਂ ਨਾ ਕਰਵਾਈ ਜਾਵੇ।
    ਇਸ ਸਬੰਧੀ ਹਾਈ ਕੋਰਟ, ਪੰਜਾਬ ਸਰਕਾਰ ਅਤੇ ਹੋਰ ਸਬੰਧਤ ਧਿਰਾਂ ਨੂੰ ਹਦਾਇਤਾਂ ਦੇਵੇ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸ੍ਰੀ ਸੈਣੀ ਨੇ ਆਪਣੇ ਵਿਰੁੱਧ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ ਤੇ ਉਹ ਸੀਬੀਆਈ ਵੀ ਹੋ ਸਕਦੀ ਹੈ। ਪਟੀਸ਼ਨ ਜਸਟਿਸ ਗੁਰਵਿੰਦਰ ਸਿੰਘ ਗਿੱਲ ਦੀ ਅਦਾਲਤ ਵਿੱਚ ਸੁਣਵਾਈ ਲਈ ਲੱਗੀ ਹੈ ਤੇ ਇਸ ਉੱਤੇ ਵੀਰਵਾਰ ਸਵੇਰੇ ਸੁਣਵਾਈ ਹੋਵੇਗੀ।
    ਜ਼ਿਕਰਯੋਗ ਹੈ ਕਿ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦਾ ਨਾਂਅ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੇਸ਼ ਕੀਤੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ। ਤਿੰਨ ਸਾਲ ਪਹਿਲਾਂ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸ਼ਾਂਤਮਈ ਸਿੱਖਾਂ ਉੱਤੇ ਕੋਟਕਪੂਰਾ ਵਿੱਚ ਗੋਲੀ ਚਲਾ ਦਿੱਤੀ ਸੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਸ ਦੇ ਲਈ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ਲਈ ਸੈਣੀ ਤੋਂ ਇਲਾਵਾ ਕਮਿਸ਼ਨ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਾਹਲ ਅਤੇ ਤਿੰਨ ਐੱਸਐੱਸਪੀਜ਼ ਐੱਸ ਐੱਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਦੇ ਨਾਲ ਦੋ ਗੰਨਮੈਨਾਂ ਨੂੰ ਵੀ ਦੋਸ਼ੀ ਮੰਨਿਆ ਹੈ। ਸੈਣੀ ਤੋਂ ਪਹਿਲਾਂ ਕਈ ਪੁਲੀਸ ਅਧਿਕਾਰੀ ਹਾਈ ਕੋਰਟ ਦਾ ਰੁਖ ਕਰਕੇ ਉਨ੍ਹਾਂ ਨੂੰ ਜਸਟਿਸ ਰਣਜੀਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਜ਼ਾ ਨਾ ਦੇਣ ਦੀ ਮੰਗ ਕੀਤੀ ਗਈ ਹੈ।

    ਬਠਿੰਡਾ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਜੁੱਤੀ ਵਗਾਹ ਕੇ ਮਾਰਨ ਵਾਲੇ ਗੁਰਬਚਨ ਸਿੰਘ ਨੂੰ ਮਲੋਟ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਸੈਂਬਲੀ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਜਲਸਾ ਕਰ ਰਹੇ ਸਨ ਤਾਂ ਉਦੋਂ ਗੁਰਬਚਨ ਸਿੰਘ ਨੇ ਬੇਅਦਬੀ ਦੇ ਰੋਸ ਵਜੋਂ ਬਾਦਲ ਵੱਲ ਜੁੱਤੀ ਮਾਰੀ ਸੀ। ਉਸ ਮਗਰੋਂ ਫ਼ੌਰੀ ਬਾਦਲ ਆਪਣਾ ਚੋਣ ਪ੍ਰਚਾਰ ਖ਼ਤਮ ਕਰਕੇ ਘਰ ਪਰਤ ਗਏ ਸਨ। ਘਟਨਾ ਵਿੱਚ ਬਾਦਲ ਦੀ ਐਨਕ ਵੀ ਨੁਕਸਾਨੀ ਗਈ ਸੀ। ਮੁਕਤਸਰ ਪੁਲੀਸ ਦੇ ਥਾਣਾ ਕਬਰਵਾਲਾ ਵਿਚ ਪੁਲੀਸ ਨੇ ਗੁਰਬਚਨ ਸਿੰਘ ਖ਼ਿਲਾਫ਼ ਧਾਰਾ 353, 355, 186 ਤਹਿਤ ਕੇਸ ਦਰਜ ਕੀਤਾ ਸੀ। ਪੁਲੀਸ ਨੇ ਫ਼ੌਰੀ ਗੁਰਬਚਨ ਸਿੰਘ ਨੂੰ ਕਾਬੂ ਕਰ ਲਿਆ ਸੀ। ਦੱਸਣਯੋਗ ਹੈ ਕਿ ਗੁਰਬਚਨ ਸਿੰਘ ਮੌਜੂਦਾ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਭਰਾ ਹਨ ਤੇ ਖੇਤੀਬਾੜੀ ਕਰਦਾ ਹਨ। ਇਸ ਮਾਮਲੇ ਵਿੱਚ ਥਾਣਾ ਕਬਰਵਾਲਾ ਦੇ ਤਤਕਾਲੀ ਥਾਣਾ ਮੁਖੀ ਇੰਸਪੈਕਟਰ ਕੁਲਦੀਪ ਚੰਦ ਨੇ ਆਪਣੀ ਗਵਾਹੀ ਕਲਮਬੰਦ ਕਰਾਈ ਸੀ। ਦੂਜੇ ਪਾਸੀ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਸੰਪਰਕ ਨਹੀਂ ਹੋ ਸਕਿਆ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com