ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅੰਮ੍ਰਿਤਸਰ - ਕੈਨੇਡਾ ਸਰਕਾਰ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਐਂਡਰਿਊ ਸ਼ੀਅਰ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕੈਨੇਡਾ ਦੇ ਅਰਥਚਾਰੇ ਦੇ ਵਿਕਾਸ ਵਿਚ ਸਿੱਖਾਂ ਵੱਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਹ ਇਥੇ ਆਪਣੀ ਪਤਨੀ ਸਮੇਤ ਮੱਥਾ ਟੇਕਣ ਪੁੱਜੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸਿੱਖ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵਸ ਰਹੇ ਹਨ ਅਤੇ ਉਨ੍ਹਾਂ ਨੇ ਕੈਨੇਡਾ ਦੇ ਅਰਥਚਾਰੇ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਮਿਲਵਰਤਣ ਵਾਲਾ ਭਾਈਚਾਰਾ ਹੈ। ਸਿੱਖ ਭਾਈਚਾਰੇ ਵੱਲੋਂ ਕੈਨੇਡਾ ਵਿਚ ਛੋਟੇ ਤੇ ਵੱਡੇ ਪੱਧਰ ਦੇ ਬਿਜ਼ਨਸ ਸਥਾਪਤ ਕੀਤੇ ਹਨ, ਜਿਸ ਨਾਲ ਉਥੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਛੋਟੇ ਪੱਧਰ ਦੇ ਵਪਾਰ ’ਤੇ ਟੈਕਸ ਦੀ ਮਜ਼ਬੂਤ ਜਕੜ ਹੈ ਪਰ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਈ ਤਾਂ ਇਸ ਸਬੰਧੀ ਨਿਯਮਾਂ ਵਿਚ ਕੁਝ ਛੋਟ ਦਿੱਤੀ ਜਾਵੇਗੀ ਤਾਂ ਜੋ ਅਜਿਹੇ ਛੋਟੇ ਵਪਾਰ ਹੋਰ ਪ੍ਰਫੁਲਿਤ ਹੋ ਸਕਣ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਟੈਕਸੀ ਬਿਜ਼ਨਸ ਦਾ ਵੀ ਜ਼ਿਕਰ ਕੀਤਾ। ਪ੍ਰਵਾਸੀ ਨਿਯਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਵੇਲੇ ਵਿਸ਼ਵ ਭਰ ਤੋਂ ਵਿਦਿਆਰਥੀ ਕੈਨੇਡਾ ਵਿਚ ਪੜ੍ਹਨ ਲਈ ਆ ਰਹੇ ਹਨ। ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਇਸ ਸਬੰਧੀ ਇਮੀਗਰੇਸ਼ਨ ਨਿਯਮਾਂ ਨੂੰ ਹੋਰ ਸੁਖਾਲਾ ਬਣਾਇਆ ਜਾਵੇਗਾ ਤਾਂ ਜੋ ਕੈਨੇਡਾ ਵਿਚ ਪੜ੍ਹਾਈ ਲਈ ਆਉਣ ਵਾਲਿਆਂ ਵਾਸਤੇ ਵਧੇਰੇ ਮੌਕੇ ਪੈਦਾ ਹੋ ਸਕਣ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਹ ਗਰਮਖਿਆਲੀਆਂ ਦੀਆਂ ਗਤੀਵਿਧੀਆਂ ਨਾਲ ਸਹਿਮਤ ਨਹੀਂ ਹਨ ਅਤੇ ਉਹ ਇਕਜੁਟ ਭਾਰਤ ਦੇ ਹੱਕ ਵਿਚ ਹਨ।
    ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਜ਼ਿਲ ਸ਼ੀਰ ਅਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ੍ਰੀ ਬੌਬ ਸਰੋਆ ਤੋਂ ਇਲਾਵਾ ਰਮੋਨਾ ਸਿੰਘ, ਬੌਬ ਦੋਸਾਂਝ ਅਤੇ ਬਿਕਰਮਜੀਤ ਸਿੰਘ ਚੱਕਾ ਅੱਲਾ ਬਖ਼ਸ਼ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਲੰਗਰ ਘਰ ਵਿਚ ਵੀ ਗਏ। ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਜੀ ਆਇਆਂ ਕਿਹਾ ਤੇ ਸਿੱਖ ਕੌਮ ਵੱਲੋਂ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਕੈਨੇਡੀਅਨ ਆਗੂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆ ਦਾ ਖ਼ੂਬਸੂਰਤ ਅਸਥਾਨ ਦੱਸਿਆ ਅਤੇ ਕਿਹਾ ਕਿ ਇਥੋਂ ਸਰਬ-ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਵਾਗਤ ਦਾ ਵੀ ਧੰਨਵਾਦ ਕੀਤਾ। ਉਹ ਪਿੰਗਲਵਾੜੇ ਦਾ ਦੌਰਾ ਕਰਨ ਲਈ ਵੀ ਗਏ।

    ਬਰਗਾੜੀ/ਕੋਟਕਪੂਰਾ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦਿਆਂ ਸੰਗਤਾਂ ਦਾ ਰੋਸ ਮਾਰਚ ਅੱਜ ਬਰਗਾੜੀ ਪਹੁੰਚਿਆ। ਪੰਡਾਲ ਵਾਲੀ ਥਾਂ ’ਤੇ ਲੋਕਾਂ ਨੂੰ ਖੜ੍ਹ ਕੇ ਬੁਲਾਰਿਆਂ ਨੂੰ ਸੁਣਨਾ ਪਿਆ। ਸਰਕਾਰੀ ਏਜੰਸੀਆਂ ਵੱਲੋਂ ਲਾਏ ਗਏ ਅੰਦਾਜ਼ੇ ਨਾਲੋਂ ਵੱਧ ਇਕੱਠ ਹੋਇਆ। ਕੋਟਕਪੂਰਾ ਤੋਂ ਬਰਗਾੜੀ ਤਕ ਰੋਸ ਮਾਰਚ ਕਾਰਨ ਹਾਈਵੇਅ ਜਾਮ ਰਿਹਾ। ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਾਂਡ ਰਚਾਉਣ ਵਾਲੇ ਦੋਸ਼ੀ ਫੜੇ ਨਹੀਂ ਜਾਂਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਅਕਾਲ ਤਖ਼ਤ ਸਾਹਿਬ ਆਜ਼ਾਦ ਨਹੀਂ ਹੁੰਦੇ, ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਪਹਿਲਾਂ ਤੋਂ ਉਲਟ ਅੱਜ ਭਾਈ ਮੰਡ ਦੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸੁਰ ਤਿੱਖੀ ਰਹੀ। ਉਹ ਪ੍ਰਧਾਨ ਮੰਤਰੀ ਅਤੇ ਬਾਦਲਾਂ ’ਤੇ ਵੀ ਰੱਜ ਕੇ ਵਰ੍ਹੇ। ਉਨ੍ਹਾਂ ਸਿੱਖਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਗਰਦਾਨਣ ਵਾਲਿਆਂ ਨੂੰ ਪੰਥ ਵਿਰੋਧੀ ਕਰਾਰ ਦਿੱਤਾ। ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ ਗੋਲੀ ਕਾਂਡ ਵਾਲੇ ਦਿਨ 14 ਅਕਤੂਬਰ ਨੂੰ ਮੁੜ ਬਰਗਾੜੀ ’ਚ ਜੁੜਨ ਦਾ ਮਤਾ ਪੇਸ਼ ਕਰ ਕੇ ਪ੍ਰਵਾਨਗੀ ਮੰਗੀ ਤਾਂ ਇਕੱਠ ਨੇ ਉਸ ’ਤੇ ਮੋਹਰ ਲਗਾ ਦਿੱਤੀ। ਸ੍ਰੀ ਖਹਿਰਾ ਨੇ ਪੰਜਾਬ ਸਰਕਾਰ ਨੂੰ ਬਾਦਲ ਪਿਉ-ਪੁੱਤ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਬਹਿਬਲ ਕਾਂਡ ਦੇ ਦੋਸ਼ੀਆਂ ਉਪਰ 15 ਦਿਨਾਂ ਦੇ ਅੰਦਰ-ਅੰਦਰ ਮੁਕੱਦਮਾ ਦਰਜ ਕਰਨ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਹੋਰ ਵੱਡਾ ਪ੍ਰੋਗਰਾਮ ਉਲੀਕ ਕੇ ਰੋਸ ਜਤਾਇਆ ਜਾਵੇਗਾ।
    ਭਾਈ ਮੰਡ ਨੇ ਸਮੁੱਚੇ ਖਾਲਸਾ ਪੰਥ ਨੂੰ ਫੁੱਟ ਛੱਡ ਕੇ ਕੇਸਰੀ ਨਿਸ਼ਾਨ ਹੇਠ ਇਕੱਠੇ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇੰਜ ਹੋਣ ਨਾਲ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀਆਂ ਹੋਣਗੀਆਂ। ਅੱਜ ਦੇ ਰੋਸ ਮਾਰਚ ਨੂੰ ਸਫ਼ਲ ਕਰਨ ਲਈ ਪਿਛਲੇ ਦਿਨਾਂ ਤੋਂ ਸਰਗਰਮ ਰਹੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਨਾਲ ਪੈਰ-ਪੈਰ ’ਤੇ ਵਧੀਕੀਆਂ ਹੋਣ ਦੇ ਦੋਸ਼ ਲਾਉਣ ਸਮੇਤ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਤਬਾਹ ਹੋਏ ਵਪਾਰ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਵੀ ਛੋਹਿਆ। ਉਨ੍ਹਾਂ ਬੇਅਦਬੀ ਘਟਨਾਵਾਂ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਹੁਣ ਸੁਖਬੀਰ ਬਾਦਲ ਨੂੰ ਇਨਸਾਫ਼ ਮੰਗਣ ਵਾਲੇ ਪਾਕਿਸਤਾਨੀ ਏਜੰਟ ਨਜ਼ਰ ਆਉਂਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਸ਼ਿਕੰਜੇ ਵਿੱਚੋਂ ਮੁਕਤ ਕਰਾਉਣ ਲਈ ਸਿੱਖ ਕੌਮ ਨੂੰ ਇੱਕਜੁਟ ਹੋਣ ਦਾ ਸੁਨੇਹਾ ਦਿੱਤਾ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੇਅਦਬੀ ਘਟਨਾਵਾਂ ਲਈ ਅਕਾਲੀਆਂ ਨੂੰ ਦੋਸ਼ੀ ਦੱਸਦਿਆਂ ਕੈਪਟਨ ਸਰਕਾਰ ’ਤੇ ਦੋਸ਼ੀਆਂ ਨੂੰ ਖੰਭਾਂ ਹੇਠ ਲੁਕੋਣ ਦੇ ਇਲਜ਼ਾਮ ਲਾਏ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨਾਲ ਕਦਮ-ਕਦਮ ’ਤੇ ਹੁੰਦੀ ਧੱਕੇਸ਼ਾਹੀ ਲਈ ਸਮੇਂ ਦੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਨਿਆਂ ਪ੍ਰਾਪਤੀ ਤੱਕ ਬਰਗਾੜੀ ਦੇ ਮੋਰਚੇ ਨੂੰ ਜਾਰੀ ਰੱਖਣ ਦੀ ਗੱਲ ਦੁਹਰਾਈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਹਿੰਦੂ-ਸਿੱਖਾਂ ਵਿਚਾਲੇ ਨਫ਼ਰਤ ਦੇ ਬੀਜ ਬੋਅ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਤਾਕ ਵਿੱਚ ਲੱਗੀਆਂ ਤਾਕਤਾਂ ਤੋਂ ਚੌਕਸ ਹੋਣ ਦਾ ਸੁਨੇਹਾ ਦਿੱਤਾ। ਉਨ੍ਹਾਂ ਵੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਾਉਣ ਲਈ ਸਿੱਖ ਕੌਮ ਨੂੰ ਏਕੇ ਦੀ ਅਪੀਲ ਕੀਤੀ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਹਕੂਮਤ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ’ਤੇ ਅਫ਼ਸੋਸ ਜ਼ਾਹਿਰ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੀਤਾ ਗਿਆ।

    ਪਟਿਆਲਾ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਖਾਲਸਾ ਪੰਥ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਅਤੇ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਥੇ ‘ਜਬਰ ਵਿਰੋਧੀ’ ਰੈਲੀ ’ਚ ਲੋਕਾਂ ਦੇ ਜੁਟਾਏ ਗਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉੱਤੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਲਾਏ ਜਾ ਰਹੇ ਸਾਰੇ ਝੂਠ ਦੋਸ਼ ਕਾਂਗਰਸ ਪਾਰਟੀ ਦੀ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਲਈ ਰਚੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਅਸਲੀ ਮੰਤਵ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿਟ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਧਾਮਾਂ ਉੱਤੇ ਕਬਜ਼ੇ ਕਰਨ ਦੀ ਆਪਣੀ ਨੀਯਤ ਬਾਰੇ ਜਨਤਕ ਤੌਰ ’ਤੇ ਐਲਾਨ ਕਰਕੇ ਬਿੱਲੀ ਨੂੰ ਥੈਲੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਦੇ ਖੁਲਾਸੇ ਨਾਲ ਸਾਬਤ ਹੋ ਗਿਆ ਹੈ ਕਿ ਕੁੱਝ ਅਖੌਤੀ ਸਿੱਖ ਜਥੇਬੰਦੀਆਂ ਸਿੱਖ-ਵਿਰੋਧੀ ਕਾਂਗਰਸ ਪਾਰਟੀ ਨਾਲ ਰਲੀਆਂ ਹੋਈਆਂ ਹਨ। ਰੈਲੀ ’ਚ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਸਿਰਮੌਰ ਪੰਥਕ ਜਥੇਬੰਦੀ ਸਿੱਧ ਕਰਨ ਦੀ ਪੂਰੀ ਵਾਹ ਲਾਈ ਗਈ। ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਕਾਂਗਰਸ ਵੱਲੋਂ ਪੈਦਾ ਕੀਤੇ ਗਏ ਹਾਲਾਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਹੁਣ ਲੜਾਈ ਖਾਸਲਾ ਪੰਥ ਅਤੇ ਕਾਂਗਰਸ ਤੇ ‘ਕਾਂਗਰਸ ਪੰਥ’ ਵਿਚਕਾਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਗੁਰਧਾਮਾਂ ’ਤੇ ਕਬਜ਼ੇ ਕਰਨ ਤੋਂ ਰੋਕਣ ਲਈ ਪੰਥ ਨੂੰ ਅੱਗੇ ਆਉਣਾ ਪੈਣਾ ਹੈ। ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਭ ਤੋਂ ਵੱਡਾ ਵਿਸ਼ਵਾਸ਼ਘਾਤ ਕੀਤਾ ਗਿਆ ਹੈ। ਗੁੱਸੇ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕੈਪਟਨ ਨੂੰ ‘ਹਿਟਲਰ’ ਵੀ ਆਖ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਸਲੀ ਦੈਂਤ ਉਹ ਸਨ, ਜਿਨ੍ਹਾਂ ਨੇ ਬਰਗਾੜੀ ਵਿਖੇ ਬੇਅਦਬੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਭ ਤੋਂ ਵੱਧ ਦੁੱਖ ਅਕਾਲੀ ਦਲ ਨੂੰ ਪਹੁੰਚਾਇਆ ਸੀ ਅਤੇ ਕਾਂਗਰਸ ਨੇ ਇਸ ਘਟਨਾ ਦਾ ਇਸਤੇਮਾਲ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ। ‘ਕਾਂਗਰਸ ਨੇ ਅਜਿਹੇ ਲੋਕਾਂ ਨਾਲ ਜੁੰਡਲੀ ਬਣਾਈ ਹੋਈ ਹੈ, ਜਿਹੜੇ ਧਰਮ ਦੇ ਨਾਂ ਉੱਤੇ ਪੈਸੇ ਇਕੱਠੇ ਕਰਨ ਲਈ ਪੰਥ ਦਾ ਇਸਤੇਮਾਲ ਕਰ ਰਹੇ ਹਨ।’ ਆਮ ਆਦਮੀ ਪਾਰਟੀ ਆਗੂ ਸੁਖਪਾਲ ਖਹਿਰਾ ਬਾਰੇ ਉਨ੍ਹਾਂ ਕਿਹਾ ਕਿ ਉਸ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਕੋਈ ਸਤਿਕਾਰ ਨਹੀਂ ਹੈ, ਉਹ ਸਿਰਫ ਪੈਸੇ ਕਮਾਉਣ ਦੇ ਲਾਲਚ ਵਿਚ ਅੱਜ ਬਰਗਾੜੀ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ’ਚ ਰੈਲੀ ਕਰਨ ਬਾਰੇ ਸੁਖਬੀਰ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਡੇਢ ਸਾਲ ਮਗਰੋਂ ਕੈਪਟਨ ਨੂੰ ਲੰਬੀ ਆਉਣ ਦਾ ਸਮਾਂ ਮਿਲ ਗਿਆ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸਮੇਤ ਕਾਂਗਰਸੀ ਆਗੂ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਰੋਣਾ ਰੋ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਨੂੰ 32 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਬਾਰੇ ਸਵਾਲ ਕੀਤਾ। ਇਸ ਮੌਕੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਹਰਪਾਲ ਜੁਨੇਜਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਰੱਖੜਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ।

    ਲੰਬੀ - ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਬਾਦਲਾਂ ਦੇ ਗੜ੍ਹ ਲੰਬੀ ਤੋਂ ਬਿਗਲ ਵਜਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਰੈਲੀ ’ਚ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਕਾਂਗਰਸ ਨੂੰ ਜਿਤਾ ਕੇ ਪਾਰਟੀ ਨੂੰ ਕੌਮੀ ਪੱਧਰ ’ਤੇ ਦੇਸ਼ ਸੇਵਾ ਦਾ ਮੌਕਾ ਦੇਣ ਦਾ ਸੱਦਾ ਦਿੱਤਾ। ਭਾਰੀ ਇਕੱਠ ਵਾਲੀ ਰੈਲੀ ’ਚ ਭਾਵੇਂ ਨਵਾਂ ਕੋਈ ਐਲਾਨ ਨਹੀਂ ਹੋਇਆ ਪਰ ਕੈਪਟਨ ਨੇ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਕਰਜ਼ਿਆਂ ਸਬੰਧੀ ਆਪਣੀ ਸਰਕਾਰ ਦੀ ਡੇਢ ਸਾਲਾ ਕਾਰਗੁਜ਼ਾਰੀ ਸਬੰਧੀ ਰਿਪੋਰਟ ਕਾਰਡ ਜ਼ਰੂਰ ਪੇਸ਼ ਕੀਤਾ। ਰੈਲੀ ’ਚ ਕਾਂਗਰਸ ਲੀਡਰਸ਼ਿਪ ਨੇ ਬਾਦਲਾਂ ਉਪਰ ਪੰਥਕ ਅਤੇ ਸਿਆਸੀ ਮਸਲਿਆਂ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਕੈਪਟਨ ਨੇ ਲੋਕਸਭਾ ਚੋਣਾਂ ਲਈ ਪੰਜਾਬ ਕਾਂਗਰਸ ਦਾ ਮਿਸ਼ਨ-13 ਪੋਸਟਰ ਵੀ ਜਾਰੀ ਕੀਤਾ।
    ਜ਼ਿਕਰਯੋਗ ਹੈ ਕਿ ਰੈਲੀ ਵਿੱਚੋਂ ਕਾਂਗਰਸੀ ਆਗੂ ਮਹੇਸ਼ਇੰਦਰ ਸਿੰੰਘ ਬਾਦਲ ਦੀ ਗੈਰ-ਹਾਜ਼ਰੀ ਵਰਕਰਾਂ ਅਤੇ ਸਿਆਸੀ ਹਲਕਿਆਂ ਨੂੰ ਰੜਕਦੀ ਰਹੀ। ਮਹੇਸ਼ਇੰਦਰ ਸਿੰਘ ਬਾਦਲ ਲੰਬੀ ਹਲਕੇ ’ਚ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਸਵੀਂ ਟੱਕਰ ਦੇ ਚੁੱਕੇ ਹਨ।
    ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਦੇ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਵਾਪਰੀਆਂ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਕੋਰਾ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਸੁੱਤੇ ਹੋਏ ਸਨ ਜਦਕਿ ਤਤਕਾਲੀ ਡੀਜੀਪੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਬਾਦਲ ਦੇ ਇਸ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਨੇ ਉਸ ਰਾਤ 2 ਵਜੇ ਬਾਦਲ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਆਈਜੀ ਨਾਲ 22 ਵਾਰ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਪਿਉ-ਪੁੱਤ ਨੂੰ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਬਾਰੇ ਕੁਝ ਵੀ ਪਤਾ ਨਾ ਹੋਣਾ ਸ਼ਰਮਨਾਕ ਗੱਲ ਹੈ। ਅਕਾਲੀਆਂ ਨੂੰ ਰਗੜੇ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ 18 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਕਾਲੀਆਂ ਦਾ 10 ਸਾਲ ਦਾ ਸ਼ਾਸਨ ਕੁਸ਼ਾਸਨ ਸੀ। ਉਨ੍ਹਾਂ ਬਾਦਲ ਵੱਲੋਂ ਬੇਅਦਬੀ ਤੇ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਲਈ ਬਣਾਏ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ’ਤੇ ਆੜੇ ਹੱਥੀਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਬਾਦਲਾਂ ਜਾਂ ਕਿਸੇ ਹੋਰ ਖ਼ਿਲਾਫ ਸਿਆਸੀ ਬਦਲਾਖੋਰੀ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਨ੍ਹਾਂ ਐਲਾਨ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿੱਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਜ਼ੇ ’ਚ ਡੁੱਬੇ ਕਿਸਾਨਾਂ ਦੀ ਸਾਰ ਨਾ ਲੈਣ ’ਤੇ ਸਖ਼ਤ ਆਲੋਚਨਾ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ 10.25 ਲੱਖ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦੇ ਨਾਲ 337214 ਕਿਸਾਨਾਂ ਨੂੰ 2179 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ। ਇਸ ਸਾਲ ਦੇ ਅੰਤ ਤੱਕ ਸਮੁੱਚੇ 10.5 ਲੱਖ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਕੀਮ ਦਾ ਲਾਭ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਪਿਛਲੇ ਸੀਜ਼ਨ ਨਾਲੋਂ ਅਨਾਜ ਦੀ ਖ਼ਰੀਦ 36 ਫੀਸਦੀ ਵੱਧ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ 3,93,320 ਨੌਜਵਾਨਾਂ ਨੂੰ ਨੌਕਰੀਆਂ/ਸਵੈ-ਰੋਜ਼ਗਾਰ ਦੇ ਮੌਕੇ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਨਿੱਜੀ ਆਰਥਿਕ ਏਜੰਡੇ ਦੀ ਕੀਮਤ ’ਤੇ ਟਰਾਂਸਪੋਰਟ, ਮੀਡੀਆ, ਰੇਤਾ ਅਤੇ ਬੱਜਰੀ ਦੇ ਕਾਰੋਬਾਰ ਦੀ ਅਜਾਰੇਦਾਰੀ ਬਣਾ ਕੇ ਸੂਬੇ ਦੀ ਆਰਥਿਕਤਾ ਤਬਾਹ ਕਰ ਦਿੱਤੀ। ਉਨ੍ਹਾਂ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’, ਪੰਜ ਲੱਖ ਰੁਪਏ ਦੀ ਸਿਹਤ ਬੀਮਾ ਸਕੀਮ ਅਤੇ 1500 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਐਲਾਨ ਵੀ ਕੀਤਾ।

    ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ) - ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਤੋਂ ਸਾਲ 2010 ਵਿੱਚ ਉਤਾਰੇ ਗਏ ਦਰਵਾਜੇ ਸੋਮ ਨਾਥ ਮੰਦਰ ਦੇ ਹਨ। ਗਿਆਨੀ ਜਗਤਾਰ ਸਿੰਘ ਨੇ ਇਹ ਗਲ ਬੀਤੇ ਕਲ੍ਹ ਇਥੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਕਾਰ ਸੇਵਾ ਰਾਹੀਂ ਤਿਆਰ ਕਰਵਾਈ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਨਵੀਂ ਜੋੜੀ ਨੂੰ ਸ਼ਸ਼ੋਭਿਤ ਕਰਨ ਮੌਕੇ ਕਹੀ ਹੈ। ਜਿਉਂ ਹੀ ਕਾਰਸੇਵਾ ਵਾਲੇ ਸਿੰਘਾਂ ਅਤੇ ਸਿੱਖ ਸੰਗਤਾਂ ਵਲੋਂ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਨਵੀਂ ਜੋੜੀ ਲਗਾਏ ਜਾਣ ਬਾਅਦ ਸੰਗਤਾਂ ਨੂੰ ਸੰਬੋਧਨ ਕਰਨ ਦਾ ਮੌਕਾ ਆਇਆ ਤਾਂ ਪ੍ਰਬੰਧਕਾਂ ਵਲੋਂ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਣ ਨਾਤੇ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੂੰ ਸਮਾਂ ਦਿੱਤਾ ਗਿਆ।
    ਆਪਣੇ ਸੰਬੋਧਨ ਵਿੱਚ ਗਿਆਨੀ ਜੀ ਨੇ ਸਭ ਤੋਂ ਪਹਿਲਾਂ ਨਵੇਂ ਦਰਵਾਜੇ ਲਗਾਏ ਜਾਣ ਦੀ ਖੁਸ਼ੀ ਵਿੱਚ ਸੰਗਤਾਂ ਨੂੰ ਵਧਾਈ ਦਿੱਤੀ ਤੇ ਫਿਰ ਉਤਾਰੇ ਹੋਏ ਪੁਰਾਤਨ ਦਰਵਾਜਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਦਰਵਾਜੇ ਮਹਿਮੂਦ ਗਜਨਵੀ ਵਲੋਂ ਅਮਰ ਨਾਥ ਮੰਦਰ ਤੋ ਲੁੱਟੇ ਗਏ ਸਨ ਜੋ ਉਸ ਵੇਲੇ ਸਿੰਘਾਂ ਨੇ ਖੋਹ ਕੇ ਇਸ ਅਸਥਾਨ ’ਤੇ ਸਥਾਪਿਤ ਕਰ ਦਿੱਤੇ। ਗਿਆਨੀ ਜੀ ਦੇ ਐਨਾ ਕਹਿਣ ਦੀ ਦੇਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਸਕੱਤਰ ਸਾਹਿਬਾਨ ਵੀ ਮੱਥੇ ਤੇ ਹੱਥ ਮਾਰਦੇ ਵੇਖੇ ਗਏ। ਕਿਉਂਕਿ ਗਿਆਨੀ ਜੀ ਨੇ ਅਮਰ ਨਾਥ ਮੰਦਰ ਦਾ ਜਿਕਰ ਕੀਤਾ ਸੀ ਇਸ ਲਈ ਇੱਕ ਚੈਨਲ ਵਲੋਂ ਸੋਧ ਲਈ ਗਿਆਨੀ ਜੀ ਨਾਲ ਰਾਬਤਾ ਬਣਾਇਆ ਗਿਆ।
    ਗਿਆਨੀ ਜੀ ਨੇ ਅਮਰਨਾਥ ਮੰਦਰ ਦੀ ਜਗ੍ਹਾ ਸ਼ਬਦ ਸੋਮਨਾਥ ਮੰਦਰ ਦੀ ਸੋਧ ਕਰ ਦਿੱਤੀ ਤੇ ਸਿੱਖਾਂ ਵਲੋਂ ਇਹ ਦਰਵਾਜੇ ਮਹਿਮੂਦ ਗਜ਼ਨਵੀਂ ਪਾਸੋਂ ਖੋਹਣ ਦੀ ਗਲ ਵੀ ਦੁਹਰਾ ਦਿੱਤੀ।
    ਜਦੋਂ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੂੰ ਇਹ ਦੱਸਿਆ ਕਿ ਸ਼੍ਰੋਮਣੀ ਕਮੇਟੀ ਇਹ ਪ੍ਰਵਾਨ ਨਹੀ ਕਰਦੀ ਕਿ ਦਰਸ਼ਨੀ ਡਿਊੜੀ ਦੇ ਪੁਰਾਤਨ ਦਰਵਾਜੇ ਸੋਮਨਾਥ ਮੰਦਰ ਦੇ ਹਨ। ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਵਿੱਚ ਦਰਜ ਹੈ ਕਿ ਪੁਰਾਤਨ ਦਰਵਾਜਿਆਂ ਦੀ ਜੋੜੀ ਸ਼ੇਰੇ ਪੰਜਾਬ ਦੇ ਰਾਜ ਭਾਗ ਮੌਕੇ ਤਿਆਰ ਕਰਵਾਕੇ ਲਗਾਈ ਗਈ ਸੀ, ਤਾਂ ਗਿਆਨੀ ਜੀ ਨੇ ਕਿਹਾ ‘ਸ਼੍ਰੋਮਣੀ ਕਮੇਟੀ ਦੇ ਮੰਨਣ/ਨਾ ਮੰਨਣ ਨਾਲ ਕੀ ਫਰਕ ਪੈਂਦਾ। ਜੋ ਇਤਿਹਾਸ ਹੈ ਉਹ ਇਤਿਹਾਸ ਰਹੇਗਾ। ਜੇ ਯਕੀਨ ਨਹੀ ਤਾਂ ਪ੍ਰਧਾਨ ਮੰਤਰੀ ਮੁਰਾਰ ਜੀ ਦੇਸਾਈ ਦੀ ਦਰਬਾਰ ਸਾਹਿਬ ਫੇਰੀ ਮੌਕੇ ਦੇਸਾਈ ਤੇ ਜਥੇਦਾਰ ਟੋਹੜਾ ਦੀ ਉਸ ਵਾਰਤਾ ਨੂੰ ਯਾਦ ਕਰੋ, ਜਦੋਂ ਦੇਸਾਈ ਨੇ ਕਿਹਾ ਕਿ ਇਹ ਦਰਵਾਜੇ ਤਾਂ ਸੋਮਨਾਥ ਮੰਦਰ ਦੇ ਹਨ ਤਾਂ ਜਥੇਦਾਰ ਟੋਹੜਾ ਨੇ ਕਿਹਾ ਸੀ ‘ਜਿਸ ਤਰ੍ਹਾਂ ਅਸੀਂ ਲਿਆਂਦੇ ਸੀ ਤੁਸੀਂ ਵੀ ਉਸੇ ਤਰ੍ਹਾਂ ਲੈ ਜਾਵੋ ਫਿਰ’।

    ਲੈਸਟਰ (ਇੰਗਲੈਂਡ)  -ਇੰਗਲੈਂਡ ਦੇ ਗੁਰੂ ਘਰਾਂ 'ਚੋਂ ਧਾਰਮਿਕ ਸਰਗਰਮੀਆਂ 'ਚ ਸਭ ਤੋਂ ਮੋਹਰੀ ਰਹਿਣ ਵਾਲੇ ਅਤੇ ਵੱਡੇ ਪੁਰਾਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਲੈਸਟਰ ਦੀ ਪ੍ਰਬੰਧਕ ਕਮੇਟੀ ਦੀਆਂ 30 ਸਤੰਬਰ ਨੂੰ ਹੋਈਆਂ ਚੋਣਾਂ 'ਚ 'ਸ਼ੇਰ ਗਰੁੱਪ' ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕਰਨ ਵਾਲੇ 'ਤੀਰ ਗਰੁੱਪ' ਦੇ ਅਤੇ ਜਲੰਧਰ ਜ਼ਿਲ੍ਹੇ ਦੇ ਹਲਕਾ ਨਕੋਦਰ ਅਧੀਨ ਆਉਂਦੇ ਪਿੰਡ ਕੰਗ ਸਾਹਿਬ ਰਾਏ ਦੇ ਜੰਮਪਲ ਨੌਜਵਾਨ ਰਾਜਾ ਸਿੰਘ ਕੰਗ ਇੰਗਲੈਂਡ ਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ ਨਾਲੋਂ ਸਭ ਤੋਂ ਛੋਟੀ ਉਮਰ ਦੇ ਕਮੇਟੀ ਪ੍ਰਧਾਨ ਬਣੇ ਹਨ | ਪਿਛਲੇ ਸਮੇਂ ਤੋਂ ਇੰਗਲੈਂਡ 'ਚ ਰਹਿ ਰਹੇ ਪਿੰਡ ਕੰਗ ਸਾਹਿਬ ਰਾਏ ਦੇ ਸ: ਮੰਗਲ ਸਿੰਘ ਅਤੇ ਮਾਤਾ ਤਰਸੇਮ ਕੌਰ ਦੇ ਸਪੁੱਤਰ ਰਾਜਾ ਸਿੰਘ ਕੰਗ ਵਲੋਂ ਸਖ਼ਤ ਮਿਹਨਤ ਕਰਕੇ ਥੋੜ੍ਹੇ ਸਮੇਂ 'ਚ ਹੀ ਹੋਂਦ 'ਚ ਲਿਆਂਦੇ ਗਏ 'ਤੀਰ ਗਰੁੱਪ' ਨੇ ਗੁਰੂ ਘਰ ਦਾ 34 ਸਾਲਾਂ ਤੋਂ ਪ੍ਰਬੰਧ ਚਲਾ ਰਹੇ 'ਸ਼ੇਰ ਗਰੁੱਪ' ਨੂੰ ਵੱਡੇ ਫ਼ਰਕ ਨਾਲ ਹਰਾ ਕੇ 34 ਸਾਲ ਬਾਅਦ ਗੁਰੂ ਘਰ ਦੇ ਪ੍ਰਬੰਧ 'ਚ ਤਬਦੀਲੀ ਲਿਆਂਦੀ ਹੈ | ਇਸ ਸਬੰਧ 'ਚ ਅੱਜ ਗੁਰੂ ਘਰ 'ਚ 'ਤੀਰ ਗਰੁੱਪ' ਦੀ ਨਵੀਂ ਬਣੀ ਪ੍ਰਬੰਧਕ ਕਮੇਟੀ ਦੇ ਪਹਿਲੇ ਦੀਵਾਨ ਮੌਕੇ ਗੁਰੂ ਘਰ ਦੇ ਨਵੇਂ ਪ੍ਰਧਾਨ ਰਾਜਾ ਸਿੰਘ ਕੰਗ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ 21 ਅਕਤੂਬਰ, ਦਿਨ ਐਤਵਾਰ ਨੂੰ ਗੁਰੂ ਘਰ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲਈ ਧਾਰਮਿਕ ਸਮਾਗਮ ਕਰਨ ਲਈ ਉਲੀਕੇ ਗਏ ਪ੍ਰੋਗਰਾਮ 'ਚ ਇੰਗਲੈਂਡ ਦੀਆਂ ਸਮੂਹ ਸੰਗਤਾਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ |

    ਅੰਮਿ੍ਤਸਰ - ਸ਼ੋ੍ਰਮਣੀ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਰੱਖੀ ਇਕੱਤਰਤਾ 'ਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵੱਲੋਂ ਪੰਥ ਪ੍ਰੋ: ਦਰਸ਼ਨ ਸਿੰਘ ਨੂੰ ਲਿਖਤੀ ਸੱਦਾ ਪੱਤਰ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੀ ਕਾਫ਼ੀ ਚਰਚਾ ਹੋ ਰਹੀ ਹੈ | ਵੇਰਵਿਆਂ ਅਨੁਸਾਰ 550 ਸਾਲਾ ਸ਼ਤਾਬਦੀ ਸਮਾਗਮਾਂ ਲਈ ਵਿਚਾਰਾਂ ਕਰਨ ਹਿਤ ਸ਼ੋ੍ਰਮਣੀ ਕਮੇਟੀ ਵੱਲੋਂ 10 ਤੇ 11 ਅਕਤੂਬਰ ਨੰੂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੰਥਕ ਆਗੂਆਂ ਦੀ ਇਕੱਤਰਤਾ ਬੁਲਾਈ ਗਈ ਹੈ, ਜਿਸ ਲਈ ਭਾਈ ਲੌਾਗੋਵਾਲ ਦੇ ਦਸਤਖ਼ਤਾਂ ਹੇਠ ਸਿੱਖ ਪੰਥ 'ਚੋਂ ਦਸੰਬਰ 2009 ਵਿਚ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ ਵੀ ਬੀਤੀ 1 ਅਕਤੂਬਰ ਨੂੰ ਬਾਕਾਇਦਾ ਸੱਦਾ ਪੱਤਰ ਭੇਜਿਆ ਗਿਆ ਹੈ | ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਸੰਪਰਕ ਕੀਤੇ ਜਾਣ 'ਤੇ ਕਿਹਾ ਕਿ ਇਹ ਕਲੈਰੀਕਲ ਗ਼ਲਤੀ ਸੀ |

    ਅੰਮ੍ਰਿਤਸਰ - ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ’ਚ ਅੱਜ ਨਵੇਂ ਤਿਆਰ ਕੀਤੇ ਗਏ ਵੱਡ ਆਕਾਰੀ ਦਰਵਾਜ਼ੇ ਗੁਰਮਤਿ ਰਵਾਇਤਾਂ ਮੁਤਾਬਕ ਸਥਾਪਤ ਕਰ ਦਿੱਤੇ ਗਏ ਹਨ, ਜਦਕਿ ਇੱਥੋਂ ਉਤਾਰੇ ਗਏ ਲਗਪਗ 200 ਸਾਲ ਪੁਰਾਣੇ ਦਰਵਾਜ਼ੇ ਹੁਣ ਸੰਭਾਲ ਕੇ ਸੰਗਤ ਦੇ ਦਰਸ਼ਨਾਂ ਲਈ ਰੱਖੇ ਜਾਣਗੇ।
    ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਸਮਾਗਮ ਕਰਵਾਇਆ ਜਿਸ ਤਹਿਤ ਪਹਿਲਾਂ ਅਕਾਲ ਤਖ਼ਤ ਦੇ ਸਾਹਮਣੇ ਗੁਰਮਤਿ ਸਮਾਗਮ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮਗਰੋਂ ਸੰਗਤ ਦੇ ਸਹਿਯੋਗ ਨਾਲ ਦਰਸ਼ਨੀ ਡਿਉਢੀ ’ਚ ਇਹ ਨਵੇਂ ਦਰਵਾਜ਼ੇ ਸਥਾਪਤ ਕੀਤੇ ਗਏ। ਇਹ ਦਰਵਾਜ਼ੇ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਕੋਲੋਂ ਕਾਰ ਸੇਵਾ ਰਾਹੀਂ ਤਿਆਰ ਕਰਾਏ ਗਏ ਹਨ। ਇਹ ਦਰਵਾਜ਼ੇ ਇੱਥੋਂ ਉਤਾਰੇ ਗਏ ਪੁਰਾਤਨ ਦਰਵਾਜ਼ਿਆਂ ਦੀ ਹੂਬਹੂ ਨਕਲ ਹੈ। ਇਨ੍ਹਾਂ ਨੂੰ ਤਿਆਰ ਕਰਨ ਲਈ ਕਾਲੀ ਟਾਹਲੀ ਦੀ ਲੱਕੜ ਵਰਤੀ ਗਈ ਹੈ। ਦਰਵਾਜ਼ੇ ਦੇ ਇੱਕ ਪਾਸੇ ਚਾਂਦੀ ਦੀ ਪਰਤ ਲਾਈ ਗਈ ਹੈ ਤੇ ਇਸ ਲਈ ਤਕਰੀਬਨ 60 ਕਿਲੋ ਚਾਂਦੀ ਵਰਤੀ ਗਈ ਹੈ। ਦਰਵਾਜ਼ੇ ਦੇ ਦੂਜੇ ਪਾਸੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ, ਜਿਸ ਵਾਸਤੇ ਸਮੁੰਦਰੀ ਸਿੱਪੀ ਵਰਤੀ ਗਈ ਹੈ। ਪੁਰਾਤਨ ਦਰਵਾਜ਼ਿਆਂ ’ਚ ਸਿੱਪੀ ਦੀ ਥਾਂ ਤੇ ਹਾਥੀ ਦੰਦ ਦੀ ਵਰਤੋਂ ਕੀਤੀ ਹੋਈ ਸੀ। ਦਰਵਾਜ਼ੇ ’ਤੇ ਮੀਨਾਕਾਰੀ ਵਾਸਤੇ ਆਗਰਾ ਅਤੇ ਅੰਮ੍ਰਿਤਸਰ ਦੇ ਕਾਰੀਗਰਾਂ ਨੇ ਕੰਮ ਕੀਤਾ ਹੈ। ਦਰਵਾਜ਼ਿਆਂ ਦੀ ਉਚਾਈ 118 ਇੰਚ (9 ਫੁੱਟ 10 ਇੰਚ) ਅਤੇ ਚੌੜਾਈ 110 ਇੰਚ (9 ਫੁੱਟ 2 ਇੰਚ) ਹੈ।
    ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਦਰਵਾਜ਼ੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਤਿਆਰ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਇੱਥੋਂ ਹਟਾਏ ਗਏ ਪੁਰਾਣੇ ਦਰਵਾਜ਼ੇ ਸੰਭਾਲ ਕੇ ਰੱਖੇ ਜਾਣਗੇ। ਇਹ ਦਰਵਾਜ਼ੇ ਇਤਿਹਾਸ ਦਾ ਹਿੱਸਾ ਹਨ ਅਤੇ ਇਹ ਸੰਗਤ ਦੇ ਦਰਸ਼ਨਾਂ ਵਾਸਤੇ ਰੱਖੇ ਜਾਣਗੇ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਕਾਰ ਸੇਵਾ ਸੰਪਰਦਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ
    ਪੁਰਾਤਨ ਦਰਵਾਜ਼ਿਆਂ ਦੀ ਲੱਕੜ ਖਸਤਾ ਹਾਲਤ ਵਿੱਚ ਹੋ ਗਈ ਸੀ ਅਤੇ ਉਨ੍ਹਾਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਨੇ 2008 ਵਿੱਚ ਪਹਿਲਾਂ ਇਨ੍ਹਾਂ ਦਰਵਾਜ਼ਿਆਂ ਦੀ ਮੁਰੰਮਤ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਹਾਲਤ ਖਸਤਾ ਹੋਣ ਕਾਰਨ ਮੁੜ ਫ਼ੈਸਲਾ ਬਦਲ ਕੇ ਨਵੇਂ ਦਰਵਾਜ਼ੇ ਤਿਆਰ ਕੀਤੇ ਗਏ।

    ਸੰਗਰੂਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਉਤੇ ਜੁੱਤੀ ਸੁੱਟਣ ਅਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਪੰਜ ਸਿੱਖ ਕਾਰਕੁਨਾਂ ’ਤੇ ਪੁਲੀਸ ਨੇ ਇਰਾਦਾ ਕਤਲ ਦਾ ਕੇਸ ਪਾ ਦਿੱਤਾ ਹੈ, ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਨ ਉਪਰੰਤ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਵੱਖ ਵੱਖ ਸਿੱਖ ਸੰਗਠਨਾਂ ਨੇ ਇਸ ਗ੍ਰਿਫ਼ਤਾਰੀ ਉਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਗਰਦਾਨਿਆ ਹੈ।
    ਦੱਸਣਯੋਗ ਹੈ ਕਿ ਬੀਤੇ ਦਿਨ 4 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਕੁੱਝ ਸਿੱਖ ਸੰਗਠਨਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਸੀ ਜਦੋਂ ਉਹ ਪਟਿਆਲਾ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਕੇ ਮੁੜ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਇਸ ਕਾਰਵਾਈ ਨੂੰ ਜਾਨਲੇਵਾ ਹਮਲਾ ਕਰਾਰ ਦਿੱਤਾ ਸੀ। ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਦੇ ਬਿਆਨਾਂ ਉਤੇ ਲਗਪਗ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲੀਸ ਦੀ ਇਸ ਕਾਰਵਾਈ ਤੋਂ ਸ਼੍ਰੋਮਣੀ ਅਕਾਲੀ ਦਲ ਸੰਤੁਸ਼ਟ ਨਹੀਂ ਸੀ ਅਤੇ ਧਾਰਾ 307 ਦੀ ਮੰਗ ਕਰ ਰਿਹਾ ਸੀ, ਜਿਸ ਉੱਤੇ ਕਾਰਵਾਈ ਕਰਦਿਆਂ ਪੁਲੀਸ ਨੇ ਅੱਜ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਸੀ। ਪੁਲੀਸ ਨੇ ਸੁਖਵਿੰਦਰ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਗੁਰਜੀਤ ਸਿੰਘ ਆਦਿ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
    ਪੁਲੀਸ ਮੁਖੀ ਸੰਦੀਪ ਗਰਗ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਤੋਂ ਬਾਅਦ ਧਾਰਾ 307 ਦਾ ਵਾਧਾ ਕਰਦਿਆਂ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ 20 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ ਹੈ ਅਤੇ ਹੋਰਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

    ਅਜਨਾਲਾ - ਡੇਰਾ ਮੁਖੀ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੀ ਗਈ ਮੁਆਫ਼ੀ ਦਾ ਫ਼ੈਸਲਾ ਬਿਲਕੁਲ ਗ਼ਲਤ ਸੀ, ਜਿਸ ਕਾਰਨ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਸਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਤੇ ਸਾਬਕਾ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਨੇ ਪੰਜਾਬ ਦੀ ਰਾਜਨੀਤੀ 'ਚ ਨਿੱਤ ਦਿਨ ਬਦਲ ਰਹੇ ਘਟਨਾਕ੍ਰਮ ਸਬੰਧੀ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੇ ਬਰਗਾੜੀ ਵਿਖੇ ਗੋਲੀਕਾਂਡ ਦੀ ਵਾਪਰੀ ਘਟਨਾ ਵੀ ਨਿੰਦਣਯੋਗ ਹੈ ਤੇ ਇਨ੍ਹਾਂ ਘਟਨਾਵਾਂ ਲਈ ਦੋਸ਼ੀ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਭਾਵੇਂ ਕਿ ਉਹ ਕੋਈ ਵੀ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵੀ ਪਾਰਟੀ ਨਾਲ ਸਬੰਧਿਤ ਸਿਆਸੀ ਆਗੂ ਹੀ ਕਿਉਂ ਨਾ ਹੋਵੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਮਹਿਸੂਸ ਕਰਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਅਕਾਲੀ ਸਰਕਾਰ ਵੇਲੇ ਨਹੀਂ ਵਾਪਰਨੀਆਂ ਚਾਹੀਦੀਆਂ ਸਨ ਤੇ ਨਾ ਹੀ ਸਮੁੱਚੀ ਸਿੱਖ ਸੰਗਤ ਤੇ ਸੱਚੇ ਅਕਾਲੀ ਵਰਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸਹਾਰ ਸਕਦੇ ਹਨ | ਡਾ: ਅਜਨਾਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਹੀ ਅਕਾਲੀ ਦਲ ਦੀ ਹਾਰ ਦਾ ਵੱਡਾ ਕਾਰਨ ਸਨ | 7 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਟਿਆਲਾ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਸਬੰਧੀ ਪੁੱਛੇ ਜਾਣ 'ਤੇ ਡਾ: ਰਤਨ ਸਿੰਘ ਅਜਨਾਲਾ ਨੇ ਸਿਹਤ ਢਿੱਲੀ ਹੋਣ ਦਾ ਹਵਾਲਾ ਦਿੰਦਿਆਂ ਪਟਿਆਲਾ ਰੈਲੀ ਵਿਚ ਸ਼ਾਮਿਲ ਹੋਣ ਤੋਂ ਉਨ੍ਹਾਂ ਕੋਰੀ ਨਾਂਹ ਕਰਦਿਆਂ ਕਿਹਾ ਕਿ ਉਹ ਇਸ 'ਚ ਸ਼ਾਮਿਲ ਨਹੀਂ ਹੋਣਗੇ | ਡਾ: ਰਤਨ ਸਿੰਘ ਅਜਨਾਲਾ ਵਲੋਂ ਪਾਰਟੀ ਨਾਲ ਬਗ਼ਾਵਤ ਕਰ ਦੇਣ ਦੀਆਂ ਆਈਆਂ ਖ਼ਬਰਾਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਬਰਾਂ ਵਿਚ ਕੋਈ ਸੱਚਾਈ ਨਹੀਂ ਅਤੇ ਮੈਂ ਪਾਰਟੀ ਦਾ ਇਕ ਵਫਾਦਾਰ ਸਿਪਾਹੀ ਹਾਂ ਤੇ ਰਹਾਂਗਾ | ਉਨ੍ਹਾਂ ਕਿਹਾ ਕਿ ਮੇਰੇ ਆਖ਼ਰੀ ਸਾਹ ਵੀ ਸ਼੍ਰੋਮਣੀ ਅਕਾਲੀ ਦਲ ਅੰਦਰ ਹੀ ਨਿਕਲਣਗੇ | ਪਾਰਟੀ ਪ੍ਰਧਾਨ ਬਦਲਣ ਸਬੰਧੀ ਗੱਲ ਕਰਦਿਆਂ ਡਾ: ਅਜਨਾਲਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪਾਰਟੀ ਅੰਦਰ ਜੋ ਹੋਇਆ ਹੈ ਉਸ ਦਾ ਨਿਰੀਖਣ ਕਰਨਾ ਚਾਹੀਦਾ ਹੈ ਤੇ ਜੇਕਰ ਕਿਸੇ ਵਲੋਂ ਵੀ ਕੋਈ ਗ਼ਲਤੀ ਕੀਤੀ ਗਈ ਹੈ ਤਾਂ ਉਸ ਿਖ਼ਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਪਿਛਲੇ ਦਿਨੀਂ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਅਤੇ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਵਲੋਂ ਅੰਮਿ੍ਤਸਰ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਅੱਜ ਇਕ ਵਾਰ ਫਿਰ ਸਾਬਕਾ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਵਲੋਂ ਮੀਡੀਆ ਦੇ ਰੂਬਰੂ ਹੁੰਦਿਆਂ ਭਾਵੇਂ ਕਿ ਇਹ ਸਪੱਸ਼ਟ ਕੀਤਾ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਪਰ ਪਿਛਲੇ ਲੰਬੇ ਸਮੇਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਡਾ: ਰਤਨ ਸਿੰਘ ਅਜਨਾਲਾ ਦੇ ਅੱਜ ਮੁੜ ਮੀਡੀਆ ਵਿਚ ਆਉਣ ਨਾਲ ਪੰਜਾਬ ਦੀ ਸਿਆਸਤ ਇਕ ਵਾਰ ਮੁੜ ਗਰਮਾ ਗਈ ਹੈ ਅਤੇ ਸਿਆਸੀ ਮਾਹਰਾਂ ਵਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਦਰ ਸਭ ਕੁਝ ਅੱਛਾ ਨਹੀਂ ਹੈ |

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com