ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    - ਪ੍ਰੋ. ਬਲਵਿੰਦਰ ਪਾਲ ਸਿੰਘ
    ਪੱਤਰਕਾਰ ਜਤਿੰਦਰ ਪਨੂੰ ਨਵਾਂ ਜਮਾਨਾ ਕੇਪੀ ਐਸ ਗਿੱਲ ਦੇ ਖਾਸ ਮਿੱਤਰ ਰਹਿ ਚੁੱਕੇ ਹਨ ਜੋ ਉਸ ਕਾਰਨ ਸਰਕਾਰੀ ਸਹੂਲਤਾਂ ਮਾਣਦੇ ਰਹੇ। ਉਹਨਾਂ ਦੀ ਬੋਲੀ ਵਿਚ ਹੀ ਸੁਣੋ ,ਉਹ ਕਿੰਨੀ ਸਾਜਿਸ਼ੀ ਬੋਲੀ, ਮਕਾਰੀ ਢੰਗ ਵਿਚ ਪੰਜਾਬ ਸੰਤਾਪ ਤੇ ਪੰਜਾਬ ਮਸਲੇ ਬਾਰੇ ਕਹਿੰਦੇ ਹਨ ਕਿ ਸਮੇਂ ਦਾ ਸੱਚ ਕਦੀ ਵੀ ਸਾਰਾ ਬਾਹਰ ਨਹੀਂ ਆ ਸਕਣਾ। ਜਿੱਥੇ ਮੁਕਾਬਲੇ ਹੁੰਦੇ ਸਨ, ਉੱਥੇ ਪੁਲਿਸ ਵਾਲੇ ਜਾਂ ਮਰਨ ਵਾਲੇ ਹੁੰਦੇ ਸਨ। ਦੋਵਾਂ ਧਿਰਾਂ ਵਿੱਚੋਂ ਕਿਹੜੀ ਥਾਂ ਕੌਣ ਸੱਚਾ ਸੀ, ਇਹ ਨਿਖੇੜਾ ਨਹੀਂ ਹੋ ਸਕਣਾ। ਸਿਰਫ ਇੱਕ ਪੈਮਾਨਾ ਹੋ ਸਕਦਾ ਹੈ ਕਿ ਜਿਹੜਾ ਬੰਦਾ ਮਾਰਿਆ ਗਿਆ, ਉਸ ਦਾ ਪਿਛਲਾ ਕਿਰਦਾਰ ਕੀ ਸੀ? ਰਹੀ ਗੱਲ ਪੁਲਿਸ ਦੇ ਆਮ ਲੋਕਾਂ ਨਾਲ ਮਾੜੇ ਵਿਹਾਰ ਅਤੇ ਵਧੀਕੀਆਂ ਦੀ, ਇਸ ਨੂੰ ਮੈਂ ਰੱਦ ਨਹੀਂ ਕਰਦਾ ਤੇ ਜਿੱਥੇ ਕਿਤੇ ਲੜਾਈ ਦਾ ਇਹ ਰੰਗ ਬਣ ਜਾਵੇ, ਏਦਾਂ ਹੁੰਦਾ ਹੀ ਹੈ। ਜਿੱਥੇ ਕਾਤਲ ਬੇਰਹਿਮ ਹੋਵੇ, ਉੱਥੇ ਵੀ ਪੁਲਿਸ ਤੋਂ ਬੰਧੇਜ ਅਤੇ ਡਿਸਿਪਲਿਨ ਵਿੱਚ ਰਹਿਣ ਦੀ ਆਸ ਰੱਖਣੀ ਚਾਹੀਦੀ ਹੈ।
    ਪੰਨੂੰ ਦੇ ਕਹਿਣ ਦਾ ਭਾਵ ਹੈ ਕਿ ਜੋ ਪੰਜਾਬ ਸੰਤਾਪ ਸਮੇਂ ਪੁਲੀਸ ਨੇ ਕਨੂੰਨ ਤੋ ਬਾਹਰ ਜਾਕੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਉਹ ਸਭ ਠੀਕ ਸੀ।ਕੀ ਕਿਸੇ ਪੱਤਰਕਾਰ ਨੂੰ ਕਨੂੰਨ ਤੋਂ ਬਾਹਰ ਜਾਕੇ ਅਜਿਹੇ ਨਿਰਣੇ ਅਦਾਲਤ ਵਾਂਗ ਸੁਣਾਉਣ ਦਾ ਹਕ ਹੈ
    ਹੁਣ ਪੰਨੂ ਸਾਬ ਤੋਂ ਪੁਛੋ ਉਸ ਸਮੇ ਕੇਪੀ ਗਿਲ ਦਾ ਕਿਰਦਾਰ ਕੀ ਰਿਹਾ ਹੈ।ਉਸਦੇ ਰਾਜ ਵਿਚ ਜਸਵੰਤ ਸਿੰਘ ਖਾਲੜਾ ਇਸ ਲਈ ਸ਼ਹੀਦ ਕਰ ਦਿਤਾ ਕਿ ਉਸਨੇ ਕੇਪੀ ਗਿਲ ਦੇ ਵਲੋਂ ਕਰਵਾਏ ਸਰਕਾਰੀ ਤੌਰ ਤੇ ਬਣਾਈਆਂ ਲਾਵਾਰਸ ਲਾਸ਼ਾਂ ਦੇ ਰੂਪ ਵਿਚ ਪਰਦਾਫਾਸ਼ ਕਰ ਦਿਤਾ।ਖਾਲੜਾ ਨੂੰ ਵੀ ਲਾਵਾਰਸ ਲਾਸ਼ ਬਣਾ ਦਿਤਾ।ਆਖਿਰ ਜਿਸ ਪਤਰਕਾਰ ਨੇ ਪੰਜਾਬ ਦੇ ਰੱਤ ਦਾ ਅਨੰਦ ਲਿਆ ਹੋਵੇ ਤੇ ਖਬਰਾਂ ਸੰਪਾਦਕੀ ਰੱਤ ਵਹਾਉਣ ਵਾਲੇ ਕੇਪੀ ਗਿਲ ਦੇ ਹਕ ਵਿਚ ਲਿਖੀਆਂ ਹੋਣ ਉਸ ਨੂੰ ਇਨਸਾਨੀਅਤ ਦਾ ਮੁਜਰਮ ਕਿਹਾ ਜਾ ਸਕਦਾ। ਉਸ ਦੀ ਕਲਮ ਨਿਸਚਿਤ ਹੈ ਕੁਫਰ ਤੋਲੇਗੀ। ਪਰ ਸੁਪਰੀਮ ਕੋਰਟ ਨੇ ਨਿਤਾਰਾ ਕਰ ਦਿਤਾ 25 ਹਜ਼ਾਰ ਲਾਸ਼ਾਂ ਬਾਰੇ ਦੋਸ਼ੀ ਕੋਣ ਪਰ ਪੰਨੂੰ ਜੀ ਨੂੰ ਸਮਝ ਨਹੀ ਪੈ ਸਕਦੀ ਕਿੳਕਿ ਇਹ ਕੇਪੀ ਗਿਲ ਨਾਲ ਯਾਰੀ ਨਿਭਾਉਣ ਦਾ ਮਸਲਾ ਸੀ
    ।ਪੰਜਾਬ ਦੇ ਖੂਨ ਵਿਚ ਭਿਜੀਆਂ ਕਲਮਾਂ ਦੀ ਇਬਾਰਤ ਪੀਲੀ ਪਤਰਕਾਰੀ ਹਨ ਸੁਹਜਮਈ ਬਿਰਤਾਂਤ ਨਹੀਂ ਹਨ ਜਿਥੋ ਪਾਪ ਦੀ ਜੰਝ ਨੂੰ ਗੁਰੂ ਨਾਨਕ ਦੀ ਕਲਮ ਸ਼ਬਦ ਰਾਹੀਂ ਲਲਕਾਰਿਆ ਜਾਵੇ।ਅਜਿਹੇ ਇਕ ਪੰਨੂੰ ਨਹੀਂ ਅਨੇਕਾਂ ਪੰਨੂ ਹਨ ਜਿਹਨਾਂ ਪੰਜਾਬ ਨਾਲ ਵਫਾ ਨਹੀ ਨਿਭਾਈ ਪੰਜਾਬ ਦੇ ਡੁਲਦੇ ਲਹੂ ਦਾ ਵਪਾਰ ਕਰਦੇ ਰਹੇ।ਇਹ ਕਿਹੋ ਜਿਹੇ ਰਾਸ਼ਟਰ ਵਾਦ ਹੈ।ਰਾਸ਼ਟਰਵਾਦ ਦੀ ਪਰਿਭਾਸ਼ਾ ਨਾ ਮਾਰਕਸ ਦੀ ਡਿਕਸ਼ਨਰੀ ਵਿਚ ਮਿਲਦੀ ਹੈ ਨਾ ਲੈਨਿਨ ਦੀ।ਵੈਸੇ ਪੰਨੂੰ ਸਾਹਿਬ ਬੇਸ਼ਕ ਪੰਜਾਬ ਦੇ ਇਤਿਹਾਸ ਦੇ ਦੋਸ਼ੀ ਹੋਣ ਪਰ ਆਪਣੀ ਮਕਾਰ ਤਾਰੀਖ ਨੂੰ ਛੁਪਾਉਣ ਵਿਚ ਅਤਿਅੰਤ ਮਾਹਿਰ ਹਨ।ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਪੰਜਾਬ ਦਾ ਮਸਲਾ ਹਿੰਦੂ ਸਿਖ ਤਣਾਅ ਨਹੀ ਸੀ ਜੋ ਇਹਨਾਂ ਕਾਮਰੇਡਾਂ ਨੇ ਕੇਪੀ ਗਿਲ ,ਬੇਅੰਤ, ਇੰਦਰਾ,ਰਾਜੀਵ ਦੀ ਭਗਤੀ ਵਿਚ ਪੇਸ਼ ਕੀਤਾ।ਪੰਜਾਬ ਦਾ ਮਸਲਾ ਪੰਜਾਬ ਦੇ ਹਕਾਂ ਦੀ ਦਾਸਤਾਨ ਸੀ ਜਿਸ ਦੀ ਰਾਖੀ ਸਿਖ ਪੰਥ ਨੇ ਲਹੂ ਡੋਲਕੇ ਕੀਤੀ।ਅਜ ਪੰਜਾਬ ਨੂੰ ਖੇਤੀ ਤੇ ਸਨਅਤ ਵਜੋ ਉਜਾੜਿਆ ,ਰਾਜਧਾਨੀ ਤੇ ਸਾਡੇ ਪਾਣੀ ਤੇ ਪੰਜਾਬ ਬੋਲਦੇ ਇਲਾਕੇ ਖੋਹ ਲਏ।ਕੇਂਦਰ ਸਰਕਾਰ ਨੇ ਹੁਣ ਤਕ ਪੰਜਾਬ ਨੂੰ ਇਸ ਕਣਕ-ਚਾਵਲ ਪੈਦਾ ਕਰਨ ਦੇ ਚੱਕਰ ਵਿਚੋਂ ਬਾਹਰ ਨਹੀਂ ਨਿਕਲਣ ਦਿਤਾ, ਤਾਂ ਜੋ ਪੰਜਾਬ ਵਿਚੋਂ ਸਸਤੇ ਭਾਅ ਕਣਕ ਖਰੀਦੀ ਜਾ ਸਕੇ ਅਤੇ ਇਸ ਤਰ੍ਹਾਂ ਪੰਜਾਬ ਦੀ ਆਰਥਿਕ ਲੁਟ ਕਾਇਮ ਰਹਿ ਸਕੇ। ਇਸ ਨਾਲ ਬੇਰੁਜ਼ਗਾਰੀ ਵਧ ਰਹੀ ਹੈ। ਇਸ ਕਮੀ ਨੂੰ ਉਦਯੋਗ ਲਾ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ, ਪਰ ਕੇਂਦਰ ਸਰਕਾਰ ਪੰਜਾਬ ਵਿਚ ਸਨਅਤਾਂ ਵਿਕਸਿਤ ਹੋਣ ਨਹੀਂ ਦੇਂਦੀ। ਕਿਉਕਿ ਹਰ ਵਡਾ ਨਵਾਂ ਕਾਰਖਾਨਾ ਲਾਉਣ ਲਈ ਕੇਂਦਰ ਸਰਕਾਰ ਪਾਸੋਂ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਕੇਂਦਰ ਸਰਕਾਰ ਆਪਣੀ ਲਾਈਸੈਂਸਿਗ ਪਾਲਿਸੀ ਪੰਜਾਬ ਵਿਚ ਸਨਅਤਾਂ ਦੇ ਅਗੋਂ ਵਿਕਾਸ ਕਰਨ ਦੇ ਰਾਹ ਵਿਚ ਰੁਕਾਵਟ ਖੜੀ ਕਰਨ ਲਈ ਵਰਤਦੀ ਰਹੀ ਹੈ। ਕੀ ਇਹ ਭਗਵੇ ਕਾਮਰੇਡ ਪਤਰਕਾਰ ,ਸਿਆਸਤਦਾਨ ਇਸ ਧਕੇ ਵਿਰੁਧ ਬੋਲੇ।ਇਸ ਬਾਰੇ ਭਗਵੇਂ ਕਾਮਰੇਡ ਚੁਪ ਰਹੇ।ਪਨੂੰ ਸਾਬ ਦੀ ਇਸ ਤੋ ਵੱਖਰੀ ਦਾਸਤਾਨ ਨਹੀਂ ਹੈ।ਸਾਡੇ ਪੰਜਾਬ ਨਾਲ ਧਕਾ ਕਿਉਂ ਹੋਇਆ।ਕੀ ਅਸੀਂ ਇਸ ਦੇਸ ਦਾ ਹਿਸਾ ਨਹੀਂ।

    ਸ੍ਰੀ ਆਨੰਦਪੁਰ ਸਾਹਿਬ - ਇੱਥੇ ਸਿੱਖ ਜਥੇਬੰਦੀਆਂ ਨੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨਾਲ ਮੁਲਾਕਾਤ ਕੀਤੀ ਤੇ ਕਵੀ ਸੁਰਜੀਤ ਗੱਗ ’ਤੇ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ। ਇਸ ਮਗਰੋਂ ਸੁਰਜੀਤ ਗੱਗ ਖ਼ਿਲਾਫ਼ ਥਾਣਾ ਆਨੰਦਪੁਰ ਸਾਹਿਬ ਵਿਖੇ ਧਾਰਾ 295-ਏ ਤਹਿਤ ਕੇਸ ਦਰਜ ਹੋ ਗਿਆ ਹੈ। ਉਧਰ, ਗੱਗ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
    ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਵੀ ਸੁਰਜੀਤ ਗੱਗ ਸਿੱਖ ਧਰਮ ਖ਼ਿਲਾਫ਼, ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਤੇ ਹੋਰ ਧਰਮਾਂ ਖ਼ਿਲਾਫ਼ ਆਪਣੀਆਂ ਕਵਿਤਾਵਾਂ ਲਿਖ ਕੇ ਫੇਸਬੁਕ ਤੇ ਹੋਰ ਸੋਸ਼ਲ ਸਾਈਟਾਂ ’ਤੇ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ, ਜਿਸ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪੁਲੀਸ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਹੌਲ ਖ਼ਰਾਬ ਕਰਨ ਵੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਗੱਗ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਗੱਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਸੂਤਰਾਂ ਅਨੁਸਾਰ ਸੁਰਜੀਤ ਗੱਗ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਸੰਭਵ ਹੈ।
    ਦੂਜੇ ਪਾਸੇ, ਸੁਰਜੀਤ ਗੱਗ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਯਾਦਵ ਸਿੰਘ ਯਾਦੀ ਵਾਸੀ ਪਿੰਡ ਝਿੰਜੜੀ ਤੇ ਇਕ ਅਣਪਛਾਤੇ ਖ਼ਿਲਾਫ਼ ਆਈਪੀਸੀ ਦੀ ਧਾਰਾ 341,323, 34 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ, ਸੰਦੀਪ ਸਿੰਘ ਕਲੌਤਾ, ਬਾਬਾ ਸਰਬਜੀਤ ਸਿੰਘ, ਸੁਰਿੰਦਰ ਕੌਰ, ਐਡਵੋਕੇਟ ਹਰਦੇਵ ਸਿੰਘ, ਜਸਵੀਰ ਸਿੰਘ ਤੇ ਮਨਜਿੰਦਰ ਸਿੰਘ ਬਰਾੜ ਹਾਜ਼ਰ ਸਨ।

    - ਡਾ. ਧਰਮ ਸਿੰਘ
    ਭਾਈ ਵੀਰ ਸਿੰਘ ਦੇ ਕਈ ਸਮਕਾਲੀ ਸਾਹਿਤਕਾਰ ਹੋਏ ਹਨ, ਜਿਨ੍ਹਾਂ ਨੂੰ ਭਾਈ ਜੀ ਦਾ ਪਰਛਾਵਾਂ ਮਾਤਰ ਰਹਿਣ ਜਾਂ ਕਹਿਣ ਦਾ ਸੰਤਾਪ ਭੋਗਣਾ ਪਿਆ ਹੈ। ਇਨ੍ਹਾਂ ਵਿਚੋਂ ਇਕ ਭਾਈ ਮੋਹਨ ਸਿੰਘ ਵੈਦ ਸਨ। ਉਨ੍ਹਾਂ ਨੇ ਪੰਜਾਬੀ ਨੂੰ ਦੋ ਸੌ ਤੋਂ ਉੱਪਰ ਪੁਸਤਕਾਂ, ਨਾਵਲ, ਟ੍ਰੈਕਟ, ਅਨੁਵਾਦ ਅਤੇ ਕਹਾਣੀਆਂ ਦੇ ਰੂਪ ਵਿਚ ਦਿੱਤੀਆਂ। ਆਪਣੇ ਵਿਚਾਰਾਂ ਦੇ ਪ੍ਰਸਾਰ, ਪ੍ਰਚਾਰ ਲਈ ਉਨ੍ਹਾਂ ਨੇ ‘ਦੁੱਖ ਨਿਵਾਰਨ’ ਰਸਾਲਾ ਵੀ ਜਾਰੀ ਕੀਤਾ ਅਤੇ ਪੱਤਰਕਾਰੀ ਵਿਚ ਬਣਦਾ ਯੋਗਦਾਨ ਵੀ ਦਿੱਤਾ।
    ਵੈਦ ਰਚਿਤ ਨਾਵਲਾਂ ਵਿਚ ‘ਸੁਸ਼ੀਲ ਨੂੰਹ’, ‘ਇਕ ਸਿੱਖ ਘਰਾਣਾ’, ‘ਸ੍ਰੇਸ਼ਠ ਕੁਲਾਂ ਦੀ ਚਾਲ’, ‘ਸੁਖੀ ਪ੍ਰੀਵਾਰ’, ‘ਕੁਲਵੰਤ ਕੌਰ’, ‘ਸੁਘੜ ਨੂੰਹ ਤੇ ਲੜਾਕੀ ਸੱਸ’, ‘ਸੁਖਦੇਵ ਕੌਰ’, ‘ਦੰਪਤੀ ਪਿਆਰ’, ‘ਕਲਹਿਣੀ ਦਿਉਰਾਨੀ’, ‘ਸੁਸ਼ੀਲ ਵਿਧਵਾ’ ਆਦਿ ਪ੍ਰਸਿੱਧ ਹਨ।

    ਚੰਡੀਗੜ੍ਹ  -ਫਰੀਦਕੋਟ ਦੇ ਬਰਗਾੜੀ ਤੇ ਕੋਟਕਪੁਰਾ ਵਿਖੇ 14 ਅਕਤੂਬਰ 2015 ਨੂੰ ਵਾਪਰੇ ਗੋਲੀਕਾਂਡ ਦੇ 3 ਸਾਲ ਪੂਰੇ ਹੋਣ 'ਤੇ ਰੱਖੇ ਜਾ ਰਹੇ ਸਮਾਗਮਾਂ ਤੇ ਬਰਗਾੜੀ ਮੋਰਚੇ ਵਲੋਂ ਇਕ ਅੰਦੋਲਨ ਦਾ ਰੂਪ ਲੈਣ ਤੋਂ ਸਰਕਾਰ ਕਾਫ਼ੀ ਚਿੰਤਤ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਬਰਗਾੜੀ ਤੋਂ ਧਰਨਾ ਖ਼ਤਮ ਕਰਵਾਉਣ ਲਈ ਮਗਰਲੇ ਦਿਨਾਂ ਦੌਰਾਨ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬੇਸਿੱਟਾ ਰਹਿਣ 'ਤੇ ਮੋਰਚਾ ਲੀਡਰਾਂ ਦਾ ਰੁਖ ਲਗਾਤਾਰ ਸਖ਼ਤ ਹੋਣਾ ਸਰਕਾਰ ਲਈ ਹੈਰਾਨੀ ਤੇ ਪ੍ਰੇਸ਼ਾਨੀ ਦਾ ਮੁੱਦਾ ਬਣਿਆ ਹੋਇਆ ਹੈ। ਕੱਲ੍ਹ 2 ਅਕਤੂਬਰ ਨੂੰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਪੁਰਾਣੇ ਪ੍ਰਧਾਨ ਤੇ ਧੜੇ, ਸੰਤ ਸਮਾਜ ਤੇ ਬਹੁਤ ਸਾਰੀਆਂ ਦੂਜੀਆਂ ਪੰਥਕ ਜਥੇਬੰਦੀਆਂ ਤੇ ਆਗੂ, ਬਰਗਾੜੀ ਵਿਖੇ ਰੱਖੀ ਮੀਟਿੰਗ ਵਿਚ ਪੁੱਜ ਰਹੇ ਹਨ, ਜਿਸ 'ਚ 14 ਅਕਤੂਬਰ ਦੇ ਸਮਾਗਮਾਂ ਦੀ ਰੂਪ-ਰੇਖਾ 'ਤੇ ਵਿਚਾਰ ਕੀਤਾ ਜਾਣਾ ਹੈ। 7 ਅਕਤੂਬਰ ਨੂੰ ਜਦੋਂ ਕਾਂਗਰਸ ਵਲੋਂ ਲੰਬੀ ਹਲਕੇ ਵਿਚ ਕਿੱਲਿਆਂਵਾਲੀ ਤੇ ਅਕਾਲੀ ਦਲ ਵਲੋਂ ਪਟਿਆਲਾ ਵਿਖੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਉਸੇ ਦਿਨ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਬਣਾਏ ਗਏ ਬਰਗਾੜੀ ਇਨਸਾਫ਼ ਮੋਰਚਾ ਦੀ ਅਗਵਾਈ ਵਿਚ ਕੋਟਕਪੁਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਲਈ ਬਣਾਈ ਗਈ 7 ਮੈਂਬਰੀ ਕਮੇਟੀ ਵਿਚ ਅਕਾਲੀ ਦਲ (ਮਾਨ) ਦੇ ਜਨਰਲ ਸਕੱਤਰ ਜਸਕਰਨ ਸਿੰਘ, ਸੰਯੁਕਤ ਅਕਾਲੀ ਦਲ ਦੇ ਗੁਰਦੀਪ ਸਿੰਘ, 'ਆਪ' ਦੇ ਸੰਸਦ ਮੈਂਬਰ ਧਰਮਵੀਰ ਸਿੰਘ ਗਾਂਧੀ ਤੇ ਬੀਰਦਵਿੰਦਰ ਸਿੰਘ ਸਮੇਤ ਕਈ ਹੋਰ ਆਗੂ ਸ਼ਾਮਿਲ ਹਨ। 11 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਬਰਗਾੜੀ ਘਟਨਾ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ 'ਤੇ ਲੱਗੀ ਰੋਕ 'ਤੇ ਅੱਗੋਂ ਸੁਣਵਾਈ ਹੋਣੀ ਹੈ ਤੇ ਇਸ ਕੇਸ ਵਿਚ ਕੁਝ ਪੰਥਕ ਧਿਰਾਂ ਤੇ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਪਰਿਵਾਰ ਵੀ ਪਾਰਟੀ ਬਣਨਾ ਚਾਹੁੰਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਜਾਂਚ 'ਤੇ ਰੋਕ ਨਹੀਂ ਲਗਾਈ ਜਾ ਸਕਦੀ।
    ਬਰਗਾੜੀ ਮੋਰਚੇ ਵਲੋਂ 14 ਅਕਤੂਬਰ ਨੂੰ ਗੋਲੀਕਾਂਡ ਦੀ ਤੀਜੀ ਵਰ੍ਹੇਗੰਢ 'ਤੇ ਰੱਖੇ ਜਾ ਰਹੇ ਵਿਸ਼ੇਸ਼ ਪ੍ਰੋਗਰਾਮਾਂ ਲਈ ਸ੍ਰੀ ਅਖੰਡ ਪਾਠ ਸਾਹਿਬ 12 ਅਕਤੂਬਰ ਨੂੰ ਆਰੰਭ ਹੋਣਗੇ ਤੇ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਵਲੋਂ 14 ਅਕਤੂਬਰ ਦੇ ਸ਼ਹੀਦੀ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਰਕਾਰ ਨੂੰ ਅਜਿਹੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਬਰਗਾੜੀ ਮੋਰਚੇ ਵਲੋਂ ਇਸ ਵੱਡੇ ਇਕੱਠ ਨੂੰ ਸਰਬੱਤ ਖ਼ਾਲਸੇ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ ਤੇ ਕੁਝ ਅਹਿਮ ਪੰਥਕ ਮੁੱਦਿਆਂ 'ਤੇ ਮਤੇ ਪਾਸ ਕੀਤੇ ਜਾ ਸਕਦੇ ਹਨ। ਸਰਕਾਰ ਨੂੰ ਹਾਲਾਂਕਿ ਇਨ੍ਹਾਂ ਸਾਰੇ ਸਮਾਗਮਾਂ ਨੂੰ ਲੈ ਕੇ ਕਿਸੇ ਗੜਬੜ ਦਾ ਖ਼ਦਸ਼ਾ ਨਹੀਂ, ਪਰ ਸਰਕਾਰੀ ਏਜੰਸੀਆਂ ਨੂੰ ਸਮੁੱਚੀ ਸਥਿਤੀ 'ਤੇ ਕਰੜੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਤੇ ਰਾਜ ਸਰਕਾਰ ਲੋੜ ਅਨੁਸਾਰ ਇਨ੍ਹਾਂ ਸਮਾਗਮਾਂ ਕਾਰਨ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਵੀ ਲੈ ਸਕਦੀ ਹੈ। ਚਰਚਾ ਇਹ ਵੀ ਹੈ ਕਿ ਬਰਗਾੜੀ ਮੋਰਚਾ ਵਲੋਂ 14 ਅਕਤੂਬਰ ਨੂੰ ਸੂਬੇ ਭਰ ਵਿਚ ਸਿੱਖ ਸੰਗਤਾਂ ਨੂੰ ਰੋਸ ਧਰਨੇ ਆਦਿ ਦੇਣ ਦੀ ਵੀ ਅਪੀਲ ਕੀਤੀ ਜਾ ਸਕਦੀ ਹੈ, ਜਿਸ ਕਾਰਨ ਬਰਗਾੜੀ ਦਾ ਇਹ ਮੋਰਚਾ ਸਮੁੱਚੇ ਸੂਬੇ ਵਿਚ ਵੀ ਫੈਲ ਸਕਦਾ ਹੈ।

    ਜਲੰਧਰ - ਸਵ. ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭੋਗਪੁਰ ਥਾਣੇ ਨਾਲ ਸਬੰਧਿਤ ਇਕ ਕੇਸ 'ਚ ਬੁੜੈਲ ਜੇਲ੍ਹ ਤੋਂ ਲਿਆ ਕੇ ਜਲੰਧਰ ਦੀ ਅਦਾਲਤ 'ਚ ਕੇ ਪੇਸ਼ ਕੀਤਾ ਗਿਆ | ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਵੀਨ ਭਾਰਦਵਾਜ ਦੀ ਅਦਾਲਤ ਨੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਭੋਗਪੁਰ ਥਾਣੇ ਨਾਲ ਸਬੰਧਿਤ ਗੈਰ-ਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਕੇਸ 'ਚ ਅਗਲੀ ਸੁਣਵਾਈ ਲਈ 22 ਅਕਤੂਬਰ ਦੀ ਤਰੀਕ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਤਾਰਾ ਦੇ ਵਕੀਲ ਕੇ.ਐਸ. ਹੁੰਦਲ ਨੇ ਦੱਸਿਆ ਕਿ ਅੱਜ ਇਸ ਕੇਸ 'ਚ ਭਾਈ ਤਾਰਾ ਿਖ਼ਲਾਫ਼ ਦੋਸ਼ ਤੈਅ ਕੀਤੇ ਜਾਣੇ ਸੀ ਪਰ ਕੇਸ ਸਬੰਧੀ ਪੁਰਾਣੀ ਫਾਈਲ ਨਾ ਹੋਣ ਕਰਕੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਤੈਅ ਕੀਤੀ ਹੈ | ਹੁੰਦਲ ਨੇ ਦੱਸਿਆ ਕਿ ਭਾਈ ਤਾਰਾ ਿਖ਼ਲਾਫ਼ 28 ਸਤੰਬਰ 2009 ਨੂੰ ਥਾਣਾ ਭੋਗਪੁਰ ਵਿਖੇ ਗੈਰ-ਕਾਨੂੰਨੀ ਕਾਰਵਾਈਆਂ 'ਚ ਸ਼ਾਮਿਲ ਹੋਣ ਸਬੰਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਸੇ ਕੇਸ 'ਚ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਤੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ | ਭਾਈ ਜਗਤਾਰ ਸਿੰਘ ਤਾਰਾ ਦੀ ਜਲੰਧਰ ਪੇਸ਼ੀ ਨੂੰ ਲੈ ਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ |

    ਸੂਰਬੀਰ ਅਤੇ ਦਲੇਰ ਮਰਦ, ਕੌਮਾਂ ਅਤੇ ਦੇਸ਼ਾਂ ਦੀ ਜਿੰਦ-ਜਾਨ ਹੋਇਆ ਕਰਦੇ ਹਨ। ਉਨ੍ਹਾਂ ਦੇ ਅੰਦਰ ਪੈਦਾ ਹੋਇਆ ਦੇਸ਼ ਪਿਆਰ ਇਕ ਅਜਿਹੀ ਭਾਵਨਾ ਭਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮੌਤ ਦਾ ਭੈਅ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਉਹ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਲੋਕਾਂ ਦਾ ਪਰਉਪਕਾਰ ਕਰਦੇ ਅਨੰਦਮਈ ਜੀਵਨ ਬਸਰ ਕਰਦੇ ਹਨ। ਉਹ ਦੁੱਖ-ਸੁੱਖ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਵਲ ਵਧਦੇ ਜਾਂਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਪੰਜ ਭੂਤਕ ਸਰੀਰਕ ਸਦਾ ਨਹੀਂ ਰਹਿਣਾ ਇਸ ਲਈ ਉਹ ਨਿਰਭੈਤਾ ਨਾਲ ਜੀਵਨ ਜਿਊਂਦੇ ਹਨ।
    ਜਥੇਦਾਰ ਤੇਜਾ ਸਿੰਘ ਭੁੱਚਰ ਉਨ੍ਹਾਂ ਸੂਰਬੀਰ ਯੋਧਿਆਂ ਵਿਚੋਂ ਇਕ ਹਨ ਜਿਨ੍ਹਾਂ ਦਾ ਜਨਮ 28 ਅਕਤੂਬਰ 1887 ਈ: ਨੂੰ ਆਪਣੇ ਨਾਨਕੇ ਪਿੰਡ ਭਾਈ ਫੇਰੂ, ਜ਼ਿਲ੍ਹਾ ਲਾਹੌਰ ਵਿਚ ਹੋਇਆ।

    ਸ੍ਰੀ ਆਨੰਦਪੁਰ ਸਾਹਿਬ - ਇੱਥੇ 30 ਸਤੰਬਰ ਦੇਰ ਸ਼ਾਮ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਅਖੌਤੀ ਕਵੀ ਸੁਰਜੀਤ ਗੱਗ ’ਤੇ ਦੋ ਨੌਜੁਆਨਾਂ ਨੇ ਹਮਲਾ ਕਰ ਦਿੱਤਾ। ਗੱਗ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਨਾਇਕਾਂ ਬਾਰੇ ਅਨੇਕਾਂ ਊਲ-ਜਲੂਲ ਕਵਿਤਾਵਾਂ ਲਿਖੀਆਂ ਹਨ। ਖੱਬੇ ਪੱਖੀ ਧਿਰਾਂ ਅਤੇ ਤਰਕਸੀਲਾਂ ਦੇ ਥਾਪੜੇ ਨਾਲ ਪੁੱਠੀਆਂ-ਸਿੱਧੀਆਂ ਕਵਿਤਾਵਾਂ ਲਿਖਣ ਵਾਲੇ ਬਦਨਾਮ ਕਵੀ ਸੁਰਜੀਤ ਗੱਗ ਨੂੰ ਸਿੱਖ ਜਥੇਬੰਦੀਆਂ ਨੇ ਅਨੇਕਾਂ ਵਾਰ ਅਜਿਹਾ ਕਰਨ ਤੋਂ ਰੋਕਿਆ ਸੀ
    ਘਟਨਾ ਵੇਲੇ ਗੱਗ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ’ਤੇ ਸਥਿਤ ਚਰਨਗੰਗਾ ਪੁਲ ਦੇ ਨਜ਼ਦੀਕ ਮੀਟ ਦੀ ਦੁਕਾਨ ’ਤੇ ਖੜ੍ਹਾ ਸੀ। ਹਮਲੇ ਦੌਰਾਨ ਸੁਰਜੀਤ ਗੱਗ ਦੇ ਮੱਥੇ ’ਤੇ ਸੱਟ ਲੱਗੀ ਹੈ ਤੇ ਉਸ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।
    ਐੱਸਐੱਚਓ ਸਤੀਸ਼ ਕੁਮਾਰ ਤੇ ਜਾਂਚ ਅਧਿਕਾਰੀ ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਸੁਰਜੀਤ ਗੱਗ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਹ ਪੁਲ ’ਤੇ ਖੜ੍ਹਾ ਸੀ ਕਿ ਪਿੰਡ ਦੇ ਇੱਕ ਨੌਜੁਆਨ ਅਤੇ ਉਸ ਦੇ ਸਾਥੀ ਮੋਟਰਸਾਈਕਲ ’ਤੇ ਆਏ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਭੱਜ ਕੇ ਬੱਸ ਅੱਡੇ ’ਤੇ ਪੁੱਜਿਆ, ਪਰ ਉਹ ਨੌਜਵਾਨ ਉੱਥੇ ਵੀ ਆ ਗਏ। ਇਸ ਦੌਰਾਨ ਗੱਗ ਦੇ ਸਿਰ ’ਤੇ ਸੱਟ ਲੱਗ ਗਈ। ਉਹ ਜ਼ਖ਼ਮੀ ਹਾਲਤ ਵਿਚ ਇੱਥੇ ਪੁਲੀਸ ਚੌਕੀ ’ਚ ਪੁੱਜਿਆ। ਪੁਲੀਸ ਨੇ ਉਸ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਗੱਗ ਦੇ ਬਿਆਨਾਂ ਦੇ ਆਧਾਰ ਅਤੇ ਮੈਡੀਕਲ ਦੀ ਰਿਪੋਰਟ ਅਨੁਸਾਰ ਨੌਜੁਆਨਾਂ ਖ਼ਿਲਾਫ਼ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੁਰਜੀਤ ਗੱਗ ਵੱਲੋਂ ਆਪਣੀ ਗੱਗਬਾਣੀ ਨਾਮ ਦੀ ਰਚਨਾ ’ਚ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਟਿੱਪਣੀਆਂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਹੋਇਆ ਸੀ ਤੇ ਉਹ ਜੇਲ੍ਹ ਵਿੱਚ ਵੀ ਜਾ ਚੁੱਕਾ ਹੈ।

    ਲੰਬੀ - ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਰਨਾਲ ਦੇ ਪਿੰਡ ਡਾਚਰ ’ਚ ਗੁਰਦੁਆਰੇ ’ਚ ਮੱਥਾ ਟੇਕਣ ਤੋਂ ਨਾਂਹ ਕਰਨ ਸਬੰਧੀ ਪੁੱਛੇ ਜਾਣ ’ਤੇ ਆਖਿਆ ਕਿ ‘ਹਰ ਗੱਲ ਦਾ ਜਵਾਬ ਮੈਂ ਦੇਵਾਂ, ਇਹ ਜ਼ਰੂਰੀ ਨਹੀਂ।’
    ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇਣ ਬਾਅਦ ਮੰਨ-ਮਨੌਤੀ ਦੀਆਂ ਕੋਸ਼ਿਸ਼ਾਂ ਵਿਚਕਾਰ ਬਾਦਲ ਨੇ ਉਨ੍ਹਾਂ ਨੂੰ ਆਪਣਾ ਭਰਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਸ੍ਰੀ ਢੀਂਡਸਾ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚੋਂ ਵਿੱਚੋਂ ਹਨ ਜਿਨ੍ਹਾਂ ਲੰਮਾ ਸਮਾਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਦਾ ਵੀ ਬਿਆਨ ਆਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਢੀਂਡਸਾ ਅੱਜ-ਕੱਲ੍ਹ ਬਿਮਾਰ ਹਨ ਤੇ ਉਹ ਛੇਤੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਅਕਾਲੀ ਦਲ ਦੀ ਪਟਿਆਲਾ ਰੈਲੀ ਬਾਰੇ ਪੁੱਛੇ ਜਾਣ ’ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ‘ਉਡੀਕ ਕਰੋ। ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਹੈ।’ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਪ੍ਰਤੀ ਵਰਤੇ ਸ਼ਬਦਾਂ ਪ੍ਰਤੀ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਬਾਦਲ ਸਾਹਿਬ ਲਈ ਬਹੁਤ ਸਤਿਕਾਰ ਹੈ ਪਰ ਉਹ ਆਪਣੀ ਸਿਹਤ ਕਰਕੇ ਫੈਸਲਾ ਨਹੀਂ ਬਦਲਣਗੇ। ਉਨ੍ਹਾਂ ਦੇ ਅਸਤੀਫ਼ੇ ਨੂੰ ਪਾਰਟੀ ਅੰਦਰ ਚੱਲ ਰਹੇ ਮੱਤਭੇਦਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

    ਨਿਊਯਾਰਕ - ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ਕੇਰਲਾ ਦੇ ਸ਼ਬਰੀ ਮਾਲ਼ਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਤੋਂ ਪਾਬੰਦੀ ਹਟਾਉਣਾ, ਮਾਨਵ-ਬਰਾਬਰੀ ਦੇ ਝੰਡਾ ਬਰਦਾਰ ਗੁਰਮਤਿ ਮਾਰਗ ਦੇ ਪਾਂਧੀਆਂ ਤੇ ਮਾਨਵ-ਹਿਤਕਾਰੀ ਲੋਕਾਂ ਲਈ ਇੱਕ ਖੁਸ਼ਖ਼ਬਰੀ ਹੈ, ਕਿਉਂਕਿ ਇਸ ਫੈਸਲੇ 'ਤੇ ਅਧਾਰਿਤ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਹੰਤ-ਕਾਲ ਦੀ ਉਸ ਬਿਪਰਵਾਦੀ ਰਵਾਇਤ ਨੂੰ ਵੀ ਹਟਾਉਣ ਦਾ ਰਾਹ ਵੀ ਖੁੱਲ੍ਹ ਗਿਆ ਹੈ, ਜਿਸ ਮੁਤਾਬਿਕ ਔਰਤਾਂ ਲਈ ਪਾਲਕੀ ਨੂੰ ਮੋਢਾ ਦੇਣ ਤੇ ਕੀਰਤਨ ਕਰਨ ਦੀ ਪਾਬੰਦੀ ਹੈ । ਪਰ, ਪੰਜਾਬ ਸਰਕਾਰ ਵੱਲੋਂ ਨੈਣਾ ਦੇਵੀ ਮੰਦਰ ਨੂੰ ਰੋਪ-ਵੇ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਣ ਦੀ ਪ੍ਰਵਾਨਗੀ ਦੇਣਾ ਸਿੱਖ ਜਗਤ ਲਈ ਅਤਿਅੰਤ ਚਿੰਤਾ-ਜਨਕ ਹੈ, ਕਿਉਂਕਿ ਨੈਣਾ ਦੇਵੀ ਦੇ ਪੂਜਾਰੀਆਂ ਤੇ ਸ੍ਰੀ ਅਨੰਦਪੁਰ ਦੇ ਵਾਸੀ ਵਾਸੀ ਖ਼ਾਲਸੇ ਦੇ ਸਿਧਾਂਤ ਤੇ ਹੋਰ ਰਵਾਇਤਾਂ ਆਪਸ ਵਿੱਚ ਇੱਕ ਦੂਜੇ ਨਾਲ ਮੇਲ ਨਹੀਂ ਖਾਦੀਆਂ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ, ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਪੈਸ਼-ਨੋਟ ਰਾਹੀ ਪ੍ਰਗਟ ਕੀਤੇ ਹਨ ।
    ਉਨ੍ਹਾ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਫੈਸਲੇ ਦਾ ਪਿਛੋਕੜ ਤਾਂ ਭਾਵੇਂ ਬਾਦਲ ਸਰਕਾਰ ਨਾਲ ਜੁੜਿਆ ਹੋਇਆ ਹੈ, ਜਿਸ ਨੇ ਭਾਰਤੀ ਜਨਤਾ ਪਾਰਟੀ ਦੀ ਪਤਨੀ ਬਣ ਕੇ ਆਪਣੇ ਉਸ ਭਗਵੇਂ ਪਤੀ-ਦੇਵ ਦੀ ਸਲਾਹ ਪ੍ਰਵਾਨ ਕਰ ਲਈ ਸੀ, ਜਿਹੜਾ ਸਿੱਖੀ ਦਾ ਭਗਵਾਂਕਰਨ ਕਰਕੇ ਉਸ ਨੂੰ ਹਿੰਦੂ-ਮਤ ਦੇ ਖ਼ਾਰੇ ਸਮੁੰਦਰ ਵਿੱਚ ਗ਼ਰਕ ਕਰਨ ਲਈ ਦਿਨ ਰਾਤ ਯਤਨਸ਼ੀਲ ਹੈ । ਇਸ ਲਈ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਫੈਸਲਾ ਲਾਗੂ ਨਾ ਕਰੇ ਅਤੇ ਉਸ ਦੀ ਥਾਂ ਕਰਤਾਰਪੁਰੀ ਲਾਂਘਾ ਪ੍ਰਵਾਨ ਕਰਵਾ ਕੇ ਦਰਿਆ ਦਾ ਪੁਲ ਬਣਨ ਤਕ ਰੋਪ-ਵੇ ਨਾਲ ਇਤਿਹਾਸਕ ਗੁਰਅਸਥਾਨ 'ਡੇਰਾ ਬਾਬਾ ਨਾਨਕ' ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੋੜ ਦਿੱਤਾ ਜਾਵੇ । ਖ਼ਾਲਸਾ ਪੰਥ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਨੰਗਲ ਜਾਂ ਕਿਸੇ ਹੋਰ ਜਗ੍ਹਾ ਤੋਂ ਨੈਣਾ-ਦੇਵੀ ਮੰਦਰ ਨੂੰ ਰੋਪ-ਵੇਅ ਨਾਲ ਜੋੜਿਆ ਜਾਂਦਾ ਹੈ । ਪਰ, ਜੇ ਕੈਪਟਨ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਬਰਗਾੜੀ ਮੋਰਚੇ ਦੇ ਕਮਾਂਡਰਾਂ ਸਹਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦੇਣਗੀਆਂ । ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਰੋਪ-ਵੇਅ ਨੂੰ ਕਿਸੇ ਕੀਮਤ ਤੇ ਨਹੀਂ ਬਣਨ ਦੇਵੇਗਾ, ਕਿਉਂਕਿ ਇਹ ਤਾਂ ਸਿੱਖੀ ਦੇ ਕੇਸਗੜ੍ਹ ਨੂੰ ਨੈਣਾਦੇਵੀ ਦੇ ਮੰਦਰ ਤੁਲ ਪ੍ਰਗਟਾਉਂਦਿਆਂ ਸਿੱਖੀ ਦਾ ਭਗਵੇਕਰਨ ਦੀ ਚਾਣਕੀਆ ਚਾਲ ਹੈ ।

    ਬਰਨਾਲਾ,  (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ: ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਬਾਦਲ ਦਲ ਵਿੱਚ ਭੂਚਾਲ ਜਿਹਾ ਆ ਗਿਆ ਹੈ। ਭਾਵੇਂ ਮਾਝੇ ਦੇ ਅਕਾਲੀਆਂ ਸ੍ਰ: ਢੀਂਡਸਾ ਵਾਂਗੂੰ ਹੌਸਲਾ ਤਾਂ ਨਹੀਂ ਦਿਖਾ ਸਕੇ, ਪਰ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਪਾਰਟੀ ਵੱਡੀ-ਬੰਦੇ ਛੋਟੇ, ਅਸੀਂ ਅਕਾਲੀ ਦਲ ਨਾਲ ਹਾਂ ਸੁਖਬੀਰ ਬਾਦਲ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਅਤੇ ਹੋਰ ਕਈ ਤਰ੍ਹਾਂ ਦੇ ਦਿੱਤੇ ਸੰਕੇਤਾਂ ਨਾਲ ਬਾਦਲ ਪਰਵਾਰ ਨੂੰ ਸ਼ੀਸ਼ਾ ਜਰੂਰ ਦਿਖਾ ਦਿੱਤਾ ਹੈ ਕਿ ਹੁਣ ਸਮਾਂ ਬਦਲ ਚੁੱਕਿਆ ਹੈ। ਇਸ ਚਣੌਤੀ ਨੂੰ ਬਾਦਲ ਪਰਵਾਰ ਕਿਵੇਂ ਲੈਂਦਾ ਹੈ ਅਤੇ ਇਹਨਾਂ ਹਾਲਾਤਾਂ ਦਾ ਕਿਵੇਂ ਸਾਹਮਣਾ ਕਰਦਾ ਹੈ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਸ੍ਰ: ਢੀਂਡਸਾ ਵੱਲੋਂ ਲਏ ਗਏ ਸਟੈਂਡ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
    ਇੱਕ ਚਰਚਾ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਣ ਦੀਆਂ ਤਿਆਰੀਆਂ ਦਾ ਸ੍ਰ: ਢੀਂਡਸਾ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਉਸ ਸਮੇਂ ਪ੍ਰਧਾਨਗੀ ਬਦਲਣ ਵਾਲੀ ਗੱਲ ਰੁਕ ਗਈ ਸੀ, ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਤੇ ਪੇਸ਼ ਕੀਤੀ ਰਿਪੋਰਟ ਦੀ ਵਿਧਾਨ ਸਭਾ ਵਿੱਚ ਹੋਈ ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੌਂਪਣ ਦੀ ਗੱਲ ਚੱਲ ਰਹੀ ਹੈ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਫਿਰੋਜਪੁਰ ਰੈਲੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਦੀ ਪੂਰੀ ਸੰਭਾਵਨਾ ਸੀ, ਪਰ ਸ੍ਰ: ਭੂੰਦੜ ਵੱਲੋਂ ਇਸ ਰੈਲੀ ਦੌਰਾਨ ਸ੍ਰ: ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹੇ ਜਾਣ ਤੋਂ ਬਾਅਦ ਉਠੇ ਵਿਵਾਦ ਕਾਰਨ ਇਹ ਐਲਾਨ ਵਿਚੇ ਹੀ ਰੁਕ ਗਿਆ।
    ਸ੍ਰ: ਬਾਦਲ ੂਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ 'ਤੇ ਸ੍ਰਾਂ ਭੂੰਦੜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ 'ਤੇ ਪੇਸ ਹੋਕੇ ਤਨਖਾਹ ਲਗਵਾ ਕੇ ਭੁੱਲ ਬਖਸਾਉਣ ਤੋਂ ਬਾਅਦ ਹੁਣ ਦੁਬਾਰ ਸ੍ਰ: ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਸੀ ਤਾਂ ਸ੍ਰ: ਢੀਂਡਸਾ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਇਸ ਦਾ ਵਿਰੋਧ ਕੀਤਾ ਗਿਆ ਅਤੇ ਫੇਰ ਵਾਹ ਨਾ ਚੱਲਦੀ ਦੇਖ ਸ੍ਰ: ਢੀਂਡਸਾ ਵੱਲੋਂ ਆਪਣੇ ਸਾਰੇ ਆਹੁਦਿਆਂ ਤੋਂ ਅਸਤੀਫੇ ਦੇ ਦਿੱਤਾ ਗਿਆ ਹੈ। ਇਸ ਤੋਂ ਸ੍ਰ: ਢੀਂਡਸਾ ਖੁੱਲੇ ਰੂਪ ਵਿੱਚ ਆਖ ਚੁੱਕੇ ਹਨ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਛੁੱਟੀ ਹੋ ਜਾਣੀ ਚਾਹੀਦੀ ਹੈ, ਪਰ ਪਾਰਟੀ ਅੰਦਰ ਜਿਸ ਤਰਾਂ ਸ੍ਰ: ਢੀਂਡਸਾ ਦੀ ਆਵਾਜ਼ ਨੂੰ ਅਣਸੁਣਿਆਂ ਕੀਤਾ ਜਾ ਰਿਹਾ ਸੀ, ਉਹ ਵੀ ਅਸਤੀਫੇ ਦੇ ਕਾਰਨਾਂ ਵਿੱਚ ਸਾਮਲ ਹੈ। ਦੂਸਰੀ ਚਰਚਾ ਅਨੁਸਾਰ ਸੰਗਰੂਰ ਲੋਕ ਸਭਾ ਸੀਟ ਤੋਂ ਸ੍ਰ: ਢੀਂਡਸਾ ਦੇ ਵਾਰ ਵਾਰ ਹਾਰਨ ਕਰਕੇ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਗਰੂਰ ਸੀਟ ਭਾਜਪਾ ਲਈ ਛੱਡਣ ਦਾ ਮਨ ਬਣਾ ਲਿਆ ਅਤੇ ਭਾਜਪਾ ਦੇ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੇ ਆਪਣੀਆਂ ਸਰਗਰਮੀਆਂ ਵਿੱਢਦਿਆਂ ਆਪਣੇ ਸਮਰਥਕਾਂ ਨੂੰ ਭਾਜਪਾ ਵਿੱਚ ਜਿੰਮੇਵਾਰੀਆਂ ਸੌਂਪਣੀਆਂ ਸੁਰੂ ਕਰ ਦਿੱਤੀਆਂ ਹਨ। ਜਿਹਨਾਂ ਵਿੱਚ ਹਾਲ ਹੀ ਵਿੱਚ ਆਪਣੇ ਇੱਕ ਖਾਸਮਖਾਸ ਨੂੰ ਭਾਜਪਾ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਹੈ।
    ਸਿਆਸੀ ਮਾਹਿਰਾਂ ਵੱਲੋਂ ਕਿਆਫੇ ਲਗਾਏ ਜਾ ਰਹੇ ਹਨ ਕਿ ਇਸ ਤਰ੍ਹਾਂ ਦੀ ਕਵਾਇਦ ਨੂੰ ਦੇਖਦਿਆਂ ਹੀ ਸ੍ਰ: ਢੀਂਡਸਾ ਨੇ ਅਸਤੀਫਾ ਦਿੱਤਾ ਹੈ। ਇਥੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਪੰਥ ਅੰਦਰ ਬਾਦਲ ਪਰਵਾਰ ਦੇ ਵਧ ਰਹੇ ਵਿਰੋਧ ਅਤੇ ਬਰਗਾੜੀ ਮੋਰਚੇ ਨੂੰ ਦਿਨੋਂ ਦਿਨ ਮਿਲ ਰਹੇ ਭਰਵੇਂ ਸਮਰਥਨ ਨੂੰ ਦੇਖਦਿਆਂ ਟਕਸਾਲੀ ਅਕਾਲੀ ਆਗੂਆਂ ਵੱਲੋਂ ਸਮੇਂ ਦੀ ਨਿਜਾਕਤ ਨੂੰ ਪਛਾਣਦਿਆਂ ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਦੇ ਗਲਬੇ ਤੋਂ ਮੁਕਤ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਦੇ ਯਤਨਾਂ ਵਿੱਢਦਿਆਂ ਕੋਈ ਨਵੀਂ ਰਣਨੀਤੀ ਤਹਿਤ ਹੀ ਬਾਦਲ ਪਰਵਾਰ ਖਿਲਾਫ ਉਠੀ ਬਗਾਵਤ ਨੂੰ ਤੇਜ਼ ਕਰਨ ਲਈ ਸ੍ਰ: ਢੀਂਡਸਾ ਨੇ ਇਹ ਫੈਸਲਾ ਲਿਆ ਹੋਵੇ। ਭਾਵੇਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਚਰਚਾਵਾਂ ਹੋ ਰਹੀਆਂ ਹਨ, ਪਰ ਕਾਰਨ ਕੁਝ ਵੀ ਹੋਵੇ, ਸ੍ਰ: ਢੀਂਡਸਾ ਵੱਲੋਂ ਲਏ ਗਏ ਫੈਸਲੇ ਨਾਲ ਬਾਦਲ ਦਲ ਦੀਆਂ ਨੀਂਹਾਂ ਹਿੱਲ ਗਈਆਂ ਅਤੇ ਆਉਂਦੇ ਦਿਨਾਂ ਵਿੱਚ ਹੋਰ ਧਮਾਕੇ ਹੋਣ ਦੀਆਂ ਪੂਰੀਆਂ ਸੰਭਾਵਨਾਂਵਾਂ ਪੈਦਾ ਹੋ ਗਈਆਂ ਹਨ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com