ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅੰਮਿ੍ਤਸਰ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ 23 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ | ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 21 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਤੇ ਇਸ ਦੇ ਮੱਦੇਨਜ਼ਰ ਪਾਕਿ ਵਿਦੇਸ਼ ਮੰਤਰਾਲੇ ਵਲੋਂ ਭਾਰਤੀ ਸਿੱਖ ਸ਼ਰਧਾਲੂਆਂ ਲਈ 10 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ | ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਤਾਰਿਕ ਵਜ਼ੀਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਤਾਦਾਦ 'ਚ ਸੰਗਤ ਹਾਜ਼ਰੀ ਭਰੇਗੀ ਜਿਸ ਲਈ ਪ੍ਰਬੰਧਕ ਕਮੇਟੀ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ | ਸੰਗਤ ਦੀ ਸੁਰੱਖਿਆ ਹਿਤ ਪੁਲਿਸ ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕਰਦਿਆਂ 21 ਤੋਂ 30 ਨਵੰਬਰ ਤਕ ਯਾਤਰਾ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ 'ਚ ਆਮ ਤੇ ਖ਼ਾਸ ਪਾਕਿਸਤਾਨੀ ਮੁਸਲਿਮ ਨਾਗਰਿਕਾਂ ਦੇ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ | ਤਾਰਿਕ ਵਜ਼ੀਰ ਅਨੁਸਾਰ 21 ਨਵੰਬਰ ਨੂੰ ਭਾਰਤੀ ਸਿੱਖ ਯਾਤਰੂਆਂ ਦੇ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਤੋਂ ਵਾਹਗਾ ਰੇਲਵੇ ਸਟੇਸ਼ਨ ਪਹੁੰਚਣ 'ਤੇ ਉੱਥੋਂ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ | 21 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਤੇ 23 ਨਵੰਬਰ ਨੂੰ ਭੋਗ ਪਾਏ ਜਾਣ ਉਪਰੰਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਉਪਰੰਤ ਯਾਤਰੂਆਂ ਨੂੰ ਪਾਕਿ ਸਥਿਤ ਹੋਰਨਾਂ ਗੁਰੂ ਘਰਾਂ ਦੇ ਵੀ ਦਰਸ਼ਨ ਕਰਵਾਏ ਜਾਣਗੇ | 30 ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਾਪਸ ਭਾਰਤ ਪਰਤੇਗਾ |

     

    ਅੰਮ੍ਰਿਤਸਰ - ਆਖ਼ਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜੋ ਪੈਰੋਲ ’ਤੇ ਆਏ ਹੋਏ ਹਨ, ਨੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਸੁਣਿਆ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਭੁੱਲਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
    ਪ੍ਰੋ. ਭੁੱਲਰ ਲੰਮੇ ਸਮੇਂ ਤੋਂ ਤਿਹਾੜ ਜੇਲ੍ਹ ਵਿਚ ਬੰਦ ਸਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹੈ। ਉਹ ਅੱਜ ਆਪਣੀ ਪਤਨੀ ਨਵਨੀਤ ਕੌਰ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਫੈਡਰੇਸ਼ਨ ਆਗੂ ਪੀਰ ਮੁਹੰਮਦ ਨੇ ਦੱਸਿਆ ਕਿ ਪੈਰੋਲ ‘ਤੇ ਬਾਹਰ ਆਏ ਪ੍ਰੋ. ਭੁੱਲਰ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਪਿੱਠ ’ਚ ਅਕਸਰ ਦਰਦ ਰਹਿੰਦਾ ਹੈ।
    ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਉਸ ਨੇ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸੁਣਿਆ। ਫੈਡਰੇਸ਼ਨ ਆਗੂ ਨੇ ਇਕ ਨਵੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੂਹ ਭਾਈਚਾਰਾ ਸਹਿਯੋਗ ਦੇਵੇ।

    ਚੰਡੀਗੜ੍ਹ - ਆਪਣੀ ਗਰਭਵਤੀ ਧੀ ਦੀ ਹੱਤਿਆ ਦੇ ਕੇਸ ਵਿੱਚ ਪੰਜ ਸਾਲ ਦੀ ਕੈਦ ਨੂੰ ਚੁਣੌਤੀ ਦੇਣ ਵਾਲੀ ਬੀਬੀ ਜਗੀਰ ਕੌਰ ਦੀ ਪਟੀਸ਼ਨ 'ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਆਉਂਦੇ ਦਿਨਾਂ ਵਿੱਚ ਇਸ ਮਾਮਲੇ 'ਤੇ ਫੈਸਲਾ ਸੁਣਾ ਸਕਦੀ ਹੈ। ਬੀਬੀ ਜਗੀਰ ਕੌਰ ਦੀ ਧੀ ਦਾ ਕਤਲ ਸਾਲ 2000 ਵਿੱਚ ਹੋਇਆ ਸੀ। ਮਾਰਚ 2012 ਨੂੰ ਬੀਬੀ ਜਗੀਰ ਕੌਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜ ਸਾਲ ਦੀ ਕੈਦ ਸੁਣਾਈ ਗਈ ਸੀ। ਇਸ ਸਜ਼ਾ ਖ਼ਿਲਾਫ਼ ਸਾਲ 2012 ਵਿੱਚ ਹੀ ਬੀਬੀ ਜਗੀਰ ਕੌਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਦੋਂ ਤੋਂ ਜਗੀਰ ਕੌਰ ਜ਼ਮਾਨਤ 'ਤੇ ਚੱਲ ਰਹੀ ਹੈ।
    ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਦੀ ਧੀ ਦੀ 20 ਅਪ੍ਰੈਲ, 2000 ਨੂੰ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਅਗਲੇ ਦਿਨ ਬੀਬੀ ਦੇ ਜੱਦੀ ਪਿੰਡ 'ਚ ਹਰਪ੍ਰੀਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਕੁਝ ਦਿਨਾਂ ਬਾਅਦ ਬੇਗੋਵਾਲ ਦੇ ਇਕ ਨੌਜਵਾਨ ਨੇ ਦਾਅਵਾ ਕੀਤਾ ਕਿ ਉਹ ਹਰਪ੍ਰੀਤ ਦਾ ਪਤੀ ਹੈ ਅਤੇ ਹਰਪ੍ਰੀਤ ਗਰਭਵਤੀ ਸੀ। 27 ਅਪ੍ਰੈਲ ਨੂੰ ਉਕਤ ਨੌਜਵਾਨ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ। ਹਾਈਕੋਰਟ ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਸਨ। ਪਟਿਆਲਾ ਦੀ ਸੀ. ਬੀ. ਆਈ. ਅਦਾਲਤ ਨੇ ਮਾਰਚ, 2012 'ਚ ਬੀਬੀ ਜਗੀਰ ਕੌਰ ਨੂੰ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਸ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਫਿਲਹਾਲ ਅਦਾਲਤ ਵਲੋਂ ਬੀਬੀ ਦੀ ਸਜ਼ਾ 'ਤੇ ਰੋਕ ਲਾਈ ਹੋਈ ਹੈ।

     

    ਗੁਰਦੁਆਰਾ ਸਾਹਿਬ ਦੀ ਉਸਾਰੀ ਵਾਸਤੇ ਜ਼ਮੀਨ ਲੈਣ ਅਤੇ ਹਾਈਫਾ ਯੁੱਧ ਨੂੰ ਪੰਜਾਬ ਦੀ ਸਕੂਲੀ ਪੜ੍ਹਾਈ ਵਿਚ ਸ਼ਾਮਲ ਕਰਨ ਦੀ ਕੀਤੀ ਮੰਗ

    ਹਾਈਫਾ - ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਦੇ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਧਾਰਮਿਕ ਸਮਾਗਮ ਕਰਵਾਉਣ ਲਈ ਸਥਾਨਕ ਅਥਾਰਿਟੀਆਂ ਕੋਲੋਂ ਪ੍ਰਵਾਨਗੀ ਲੈਣ ਦੇ ਨਾਲ ਗੁਰਦੁਆਰੇ ਦੀ ਇਮਾਰਤ ਲਈ ਜ਼ਮੀਨ ਹਾਸਲ ਕਰਨ ਵਾਸਤੇ ਮਦਦ ਮੰਗੀ ਹੈ।
    ਇਸ ਵਫ਼ਦ ਵਿਚ ਵਰਿੰਦਰ ਜੀਤ ਕੌਰ ਸਿੰਮੀ, ਹਰਿੰਦਰ ਸਿੰਘ ਢਿੱਲੋਂ, ਰਾਣੀ ਗਦੀਸ਼, ਲਾਲ ਗਦੀਸ਼, ਗੁਰਪ੍ਰੀਤ ਪੱਡਾ, ਸ਼ੇਰਲੀ ਰਾਜ ਤੇ ਰਵਿੰਦਰ ਰਾਜ ਸ਼ਾਮਲ ਸਨ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ ਵਿਚਲੇ ਭਾਰਤੀ ਸਫ਼ੀਰ ਪਵਨ ਕਪੂਰ ਨੂੰ ਆਖਣਗੇ। ਕੈਪਟਨ ਨੇ ਵਫ਼ਦ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ। ਉਨ੍ਹਾਂ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ ਤੇ ਇਸ ਬਾਰੇ ਦੂਤਾਵਾਸ ਦੇਖੇਗਾ ਕਿ ਕੀ ਕੀਤਾ ਜਾ ਸਕਦਾ ਹੈ।
    ਇਸ ਮੌਕੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਹਿੱਸੇ ‘ਹਾਈਫਾ ਯੁੱਧ’ ਸਮੇਂ ਭਾਰਤੀ ਸੈਨਿਕਾਂ ਖ਼ਾਸ ਕਰਕੇ ਸਿੱਖਾਂ ਦੇ ਯੋਗਦਾਨ ਬਾਰੇ ਕੈਪਟਨ ਨਾਲ ਗੱਲਬਾਤ ਕੀਤੀ। ਪੰਜਾਬੀ ਭਾਈਚਾਰੇ ਨੇ ਕੈਪਟਨ ਨੂੰ ਹਾਈਫਾ ਯੁੱਧ ਦਾ ਸੰਖੇਪ ਇਤਿਹਾਸ ਸੌਂਪ ਕੇ ਮੰਗ ਕੀਤੀ ਕਿ ਸਿੱਖਾਂ ਦਾ ਮਾਣਮੱਤਾ ਇਤਿਹਾਸ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਇਆ ਜਾਵੇ। ਦੱਸਣਯੋਗ ਹੈ ਕਿ 23 ਸਤੰਬਰ 1918 ਨੂੰ ਭਾਰਤੀ ਫ਼ੌਜੀਆਂ ਨੇ ਜਿਨ੍ਹਾਂ ਵਿਚ ਬਹੁਤ ਗਿਣਤੀ ਵਿਚ ਸਿੱਖ ਸਨ ਕੈਪਟਨ ਅਨੂਪ ਸਿੰਘ ਦੀ ਅਗਵਾਈ ਵਿਚ ਦੁਸ਼ਮਣ ਦੇ ਹਮਲਿਆਂ ਤੋਂ ਹਾਈਫਾ ਸ਼ਹਿਰ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇਜ਼ਰਾਈਲ ਸਰਕਾਰ ਇਸ ਯੁੱਧ ਨੂੰ ਆਪਣੇ ਦੇਸ਼ ਵਿਚ ਬਹਾਦਰੀ ਦੇ ਕਿੱਸੇ ਵਜੋਂ ਪੜ੍ਹਾ ਰਹੀ ਹੈ। ਸਰਕਾਰ ਵੱਲੋਂ ਇਸ ਜੰਗ ਦੀ 100ਵੀਂ ਵਰ੍ਹੇਗੰਢ ਤੇ ਵਿਸ਼ੇਸ਼ ਟਿਕਟ ਵੀ ਜਾਰੀ ਕੀਤੀ ਹੈ।
    ਇਜ਼ਰਾਈਲ ਫੇਰੀ ਦੇ ਆਖ਼ਰੀ ਦਿਨ ਮੁੱਖ ਮੰਤਰੀ ਨੇ ਹੌਫ ਹਾਸ਼ਰੋਨ ਵਿਚ ਅਫਿਕਿਮ ਡੇਅਰੀ ਫਾਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਡੇਅਰੀ ਫਾਰਮਿੰਗ ਦੀ ਗੁਣਵੱਤਾ ਵਧਾਉਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ।

    http://www.sikhspokesman.com/images/2018/09/14/navjeevan-singh-dhaula.jpg

    ਪਿਸ਼ਾਵਰ - ਪਿਸ਼ਾਵਰ ਵਿਚਲੇ ਸਿੱਖਾਂ ਨੂੰ ਮੋਟਰਸਾਈਕਲ ’ਤੇ ਸਫਰ ਦੌਰਾਨ ਹੈਲਮਟ ਪਹਿਨਣ ਤੋਂ ਛੋਟ ਮਿਲ ਗਈ ਹੈ। ਐਕਸਪ੍ਰੈਸ ਟਿ੍ਬਿਊਨ ਦੀ ਰਿਪੋਰਟ ਅਨੁਸਾਰ ਘੱਟ ਗਿਣਤੀ ਫਿਰਕੇ ਦੇ ਇਕ ਮੈਂਬਰ ਨੇ ਖੈਬਰ ਪਖਤੂਨਵਾ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਪਿਸ਼ਾਵਰ ਪੁਲੀਸ ਨੇ ਫਿਰਕੇ ਦੇ ਲੋਕਾਂ ਨੂੰ ਇਹ ਛੋਟ ਦਿੱਤੀ ਹੈ। ਇਹ ਛੋਟ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਦਸਤਾਰ ਬੰਨ੍ਹਦੇ ਹਨ। ਖ਼ੈਬਰ ਪਖਤੂਨਵਾ ਵਿੱਚ 60 ਹਜ਼ਾਰ ਸਿੱਖ ਰਹਿੰਦੇ ਹਨ, ਜਿਨ੍ਹਾਂ ਵਿਚੋਂ 15 ਹਜ਼ਾਰ ਸਿਰਫ ਪਿਸ਼ਾਵਰ ਵਿੱਚ ਰਹਿੰਦੇ ਹਨ। ਪਿਸ਼ਾਵਰ ਦੇ ਐਸਐਸਪੀ ਟਰੈਫਿਕ ਕਾਸ਼ਿਫ ਜੁਲਫੀਕਾਰ ਨੇ ਘੱਟ ਗਿਣਤੀ ਫਿਰਕਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਲਾਹੌਰ ਵਿੱਚ ਵੀ ਹੈਲਮਟ ਨਾ ਪਹਿਨਣ ਵਾਲੇ ਦੁਪਹੀਆ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

    ਭਾਵੇਂ ਕਿ ਸਿੱਖ ਕੌਮ ਲਈ ਹਰ ਦਿਨਾਂ ਹੀ ਪ੍ਰੀਖਿਆ ਦਾ ਦਿਨ ਤੇ ਇਮਤਿਹਾਨ ਦੀ ਘੜ੍ਹੀ ਹੁੰਦਾ ਹੈ, ਕਿਉਂਕਿ ਸਿੱਖ ਇਤਿਹਾਸ ਦਾ ਹਰ ਚੜ੍ਹਦੇ ਸੂਰਜ ਦਾ ਪੰਨਾ, ਨਵੀਂ ਚੁਣੌਤੀ, ਨਵੀਂ ਵੰਗਾਰ, ਨਵਾਂ ਸੁਨੇਹਾ ਲੈ ਕੇ ਖੁੱਲ੍ਹਦਾ ਹੈ, ਜਿਹੜਾ ਕੌਮ ਨੂੰ ਹਰ ਦਿਨ ਪਰਚਾ ਪਾਉਂਦਾ ਹੈ ਕਿ ਉਹ ਆਪਣੇ ਇਤਿਹਾਸ ਦੇ ਮੇਚੇ ਦੀ ਰਹੀ ਵੀ ਹੈ ਕਿ ਨਹੀਂ! ਅੱਜ 'ਕਰਵਾ ਚੌਥ' ਦਾ ਵਰਤ ਹੈ, ਜਿਸ ਨੂੰ ਸੁਹਾਗਣਾਂ ਦਾ ਦਿਨ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਸੁਹਾਗ ਦੀ ਲੰਬੀ ਉਮਰ ਲਈ 'ਵਰਤ' ਰੱਖਦੀਆਂ ਹਨ। ਹਰ ਔਰਤ ਦੀ 'ਸੁਹਾਗਣ' ਰਹਿਣ ਦੀ ਇੱਛਾ ਹੁੰਦੀ ਹੈ, ਅਤੇ ਉਸਦੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਕਿ ਉਸਦਾ ਜੀਵਨ ਸਾਥੀ, ਜੀਵਨ ਭਰ ਸਾਥੀ ਰਹੇ, ਇਸੇ ਕਰਕੇ 'ਸਦਾ ਸੁਹਾਗਣ' ਰਹਿਣ ਅਸੀਸ ਨੂੰ ਸਭ ਤੋਂ ਵੱਡੀ ਅਸੀਸ ਪ੍ਰਵਾਨ ਕੀਤਾ ਜਾਂਦਾ ਹੈ। ਇਸ ਲਈ ਇਸ ਇੱਛਾ ਪੂਰਤੀ ਲਈ ਪਾਖੰਡੀ, ਆਡੰਬਰੀ ਸ਼ਕਤੀਆਂ ਨੇ 'ਕਰਵਾ ਚੌਥ' ਦੀ ਪਿਰਤ ਪਾਈ ਹੈ, ਜਿਸਦਾ ਲਾਹਾ ਧਾਰਮਿਕ ਤੇ ਵਪਾਰਿਕ ਧਿਰਾਂ ਬਾਖ਼ੂਬੀ ਲੈ ਰਹੀਆਂ ਹਨ। ਸਿੱਖ ਧਰਮ, ਜਿਹੜਾ ਦੁਨੀਆ ਦਾ ਸਭ ਤੋਂ ਨਵੀਨ, ਇਨਕਲਾਬੀ, ਵਿਗਿਆਨਕ ਅਤੇ ਸੱਚ ਦਾ ਪਹਿਰੇਦਾਰ ਹੈ, ਉਸਦੇ ਬਾਨੀ ਗੁਰੂ ਸਾਹਿਬਾਨ ਨੇ ਹਰ ਮਨੁੱਖ ਨੂੰ ਪਾਖੰਡਾਂ ਤੇ ਆਡੰਬਰਾਂ ਦੇ ਮੱਕੜ ਜਾਲ ਤੋਂ ਅਜ਼ਾਦ ਕਰਵਾਇਆ। ਗੁਰੂ ਸਾਹਿਬਾਨ ਨੇ ਲੁਟੇਰੇ ਅਖੌਤੀ ਧਾਰਮਿਕ ਪਾਖੰਡੀਆਂ ਵੱਲੋਂ ਲੋਕਾਂ ਨੂੰ ਝੂਠੇ ਭਰਮ ਜਾਲ 'ਚ ਫਸਾ ਕੇ ਆਪਣੀ ਲੁੱਟ ਦਾ ਸ਼ਿਕਾਰ ਬਣਾਏ ਲੋਕਾਂ ਨੂੰ ਅਕਲ ਦੇ ਕੇ, ਇਨ੍ਹਾਂ ਵਹਿਮਾਂ-ਭਰਮਾਂ, ਪਾਖੰਡਾਂ ਤੇ ਆਡੰਬਰਾਂ ਤੋਂ ਅਜ਼ਾਦ ਕਰਵਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸੱਚੇ-ਸੁੱਚੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ।
    ਕਿਰਤ ਕਰਕੇ, ਨਾਮ ਜਪ ਕੇ, ਵੰਡ ਸਕਣ ਵਾਲਾ ਮਨੁੱਖ ਸਭ ਤੋਂ ਉਤਮ ਮਨੁੱਖ ਹੁੰਦਾ ਹੈ। ਦੈਵੀ ਸ਼ਕਤੀਆਂ ਅਜਿਹੇ ਮਨੁੱਖਾਂ ਦਾ ਪਾਣੀ ਭਰਦੀਆਂ ਹਨ। ਇਸ ਲਈ ਅਜਿਹੇ ਮਨੁੱਖ ਹੀ ਜਿਨ੍ਹਾਂ ਦਾ ਕਰਮ ਸੱਚਾ-ਸੁੱਚਾ ਹੈ, ਉਹ ਪ੍ਰਮਾਤਮਾ ਦੇ ਪਿਆਰੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਰਾਖ਼ੀ ਫਿਰ ਉਹ ਖ਼ੁਦ ਕਰਦਾ ਹੈ, ਉਨਾਂ ਲਈ ਕਿਸੇ ਵਰਤ ਦੀ ਸੁਰੱਖਿਆ ਦੀ ਲੋੜ ਨਹੀਂ ਰਹਿੰਦੀ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਹਰ ਸ਼ੋਸ਼ਣ ਤੋਂ ਅਜ਼ਾਦ ਕਰਵਾਉਣ ਲਈ ਗੁਰਬਾਣੀ ਰਾਹੀਂ ਇਨਕਲਾਬੀ ਪ੍ਰੇਰਨਾ ਦਿੱਤੀ ਹੈ। ਧਾਰਮਿਕ ਰਹੁ-ਰੀਤਾਂ ਜਿਹੜੀਆਂ ਬ੍ਰਾਹਮਣਵਾਦੀ ਤਾਕਤਾਂ ਨੇ ਆਪਣੀਆਂ ਤਿਜੌਰੀਆਂ ਭਰਨ ਲਈ ਪ੍ਰਚਲਿਤ ਕੀਤੀਆਂ ਹਨ, ਉਨ੍ਹਾਂ 'ਚ ਸਿਵਾਏ ਪਾਖੰਡ ਜਾਂ ਆਡੰਬਰ ਤੋਂ ਹੋਰ ਕੁਝ ਨਹੀਂ ਹਨ। 'ਕਰਵਾ ਚੌਥ' ਦੇ ਵਰਤ ਨਾਲ ਪਤੀ ਦੀ ਲੰਬੀ ਉਮਰ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਜੇ ਇਹ ਦਾਅਵਾ ਸੱਚੀ-ਮੁੱਚੀ ਸੱਚਾ ਹੁੰਦਾ ਤਾਂ ਕਰਵਾ ਚੌਥ ਰੱਖਣ ਵਾਲੀ ਕੋਈ ਔਰਤ 'ਵਿਧਵਾ' ਨਾਂਹ ਹੁੰਦੀ। ਖੈਰ! ਹਰ ਧਰਮ ਦੀਆਂ ਆਪੋ-ਆਪਣੀਆਂ ਮਾਨਤਾਵਾਂ ਹਨ, ਸਿੱਖ ਧਰਮ 'ਚ ਹਰ ਤਰ੍ਹਾਂ ਦੇ ਕਰਮ ਕਾਂਡ ਦੀ ਮਨਾਹੀ ਹੈ। ਗੁਰੂ ਸਾਹਿਬਾਨ ਨੇ ਕਰਵਾ ਚੌਥ ਦੇ ਵਰਤ ਬਾਰੇ ਬੇਹੱਦ ਸਖ਼ਤ ਸ਼ਬਦਾਵਲੀ 'ਚ ''ਛੋਡਿਹ ਅੰਨ ਕਰਹਿ ਪਾਖੰਡ£ ਨਾ ਸੋਹਾਗਣਿ ਨਾ ਉਹਿ ਰੰਡ£ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਤਾਂ ਇਸ ਤੋਂ ਵਧੇਰੇ ਸਖ਼ਤ ਸ਼ਬਦਾਂ 'ਚ ਇਸ ਵਰਤ ਦੀ ਮਨਾਹੀ ਕੀਤੀ ਹੈ। ਸਿੱਖੀ ਮਨੁੱਖ ਨੂੰ ਸਿੱਧਾ-ਸਾਧੀ ਜੀਵਨ ਜਾਂਚ ਸਿਖਾਉਂਦੀ ਹੈ। ਪ੍ਰੰਤੂ ਇਸਦੇ ਬਾਵਜੂਦ ਅੱਜ ਸਿੱਖ ਮੁੜ ਤੋਂ ਕਰਮਕਾਂਡੀ ਪਾਖੰਡੀ ਤੇ ਆਡੰਬਰੀ ਹੋ ਗਏ ਹਨ। ਟੀ. ਵੀ. ਚੈਨਲ ਨੇ, ਬਹੁਰਾਸ਼ਟਰੀ ਕੰਪਨੀਆਂ ਦੇ ਮਾਲ ਦੀ ਵਿਕਰੀ ਲਈ ਹਰ ਕਰਮਕਾਂਡ ਨੂੰ ਵੱਡਾ ਹੁਲਾਰਾ ਦਿੱਤਾ ਹੈ। ਅੱਜ ਸਿੱਖ ਪਰਿਵਾਰਾਂ 'ਚ ਹਿੰਦੂਵਾਦੀ ਕਰਮਕਾਂਡ ਪੂਰੀ ਤਰ੍ਹਾਂ ਭਾਰੂ ਹੋ ਰਹੇ ਹਨ। ਰੋਜ਼ਾਨਾ ਗੁਰਦੁਆਰੇ ਜਾਣ ਵਾਲੀਆਂ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀਆਂ ਬਹੁਤੀਆਂ ਸਿੱਖ ਬੀਬੀਆਂ ਵੀ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਸ਼ਨੀ ਤੇ ਕਾਲੀ ਮਾਤਾ ਦੇ ਮੰਦਿਰ 'ਚ ਸਿੱਖ ਬੀਬੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।
    ਜੋਤਸ਼ੀਆਂ, ਤਾਂਤਰਿਕਾਂ, ਵਸਤੂ ਸ਼ਾਸਤਰਾਂ ਅਤੇ ਬਾਬਿਆਂ ਤੋਂ ਆਪਣੀ ਮੰਗ ਦੀ ਪੂਰਤੀ ਲਈ ਵਿਸ਼ੇਸ਼ ਸ਼ਬਦ ਲੈਣ ਵਾਲੇ ਸਿੱਖਾਂ ਦੀ ਗਿਣਤੀ 80 ਫ਼ੀਸਦੀ ਟੱਪ ਚੁੱਕੀ ਹੈ। ਜੋਤਸ਼ੀਆਂ ਵੱਲੋਂ ਦੱਸੀ ਨਗ ਵਾਲੀ ਮੁੰਦਰੀ ਤੋਂ ਬਿਨਾਂ ਸ਼ਾਇਦ ਹੀ ਕਿਸੇ ਸਿੱਖ ਦੀ ਉਂਗਲੀ ਖ਼ਾਲੀ ਹੋਵੇ। ਜਨਮ ਪੱਤਰੀਆਂ, ਕੁੰਡਲੀਆਂ, ਮੰਗਲੀਕ ਤੇ ਵਿਆਹ-ਸ਼ਾਦੀਆਂ ਲਈ ਦਿਨ ਤਿਉਹਾਰ ਕਢਾਉਣੇ, ਸਿੱਖਾਂ ਦੇ ਹਿੱਸੇ ਵੀ ਆ ਗਏ ਹਨ। ਸਿੱਖਾਂ ਲਈ ਗੁਰਬਾਣੀ ਸਭ ਤੋਂ ਵੱਡੀ ਟੇਕ ਸੀ, ਪ੍ਰੰਤੂ ਅੱਜ ਉਨ੍ਹਾਂ ਦੀ ਟੇਕ ਬਾਬਿਆਂ, ਜੋਤਸ਼ੀਆਂ ਤੇ ਤਾਂਤਰਿਕਾਂ ਤੱਕ ਸੀਮਤ ਹੋ ਗਈ ਹੈ। ਵਹਿਮ-ਭਰਮ ਮਨੁੱਖ ਨੂੰ ਮਾਨਸਿਕ ਰੂਪ 'ਚ ਕੰਮਜ਼ੋਰ ਕਰਕੇ ਅਖੌਤੀ ਧਾਰਮਿਕ ਆਗੂਆਂ ਦੇ ਗੁਲਾਮ ਬਣਾਉਣ ਲਈ ਘੜ੍ਹੇ ਗਏ ਸਨ, ਪ੍ਰੰਤੂ ਵਿੱਦਿਆ ਦਾ ਚਾਨਣ ਹੋਣ, ਵਿਗਿਆਨ ਦੇ ਚਮਤਕਾਰ ਸਾਹਮਣੇ ਆਉਣ ਅਤੇ ਗੁਰਬਾਣੀ ਦੇ ਹੋਕੇ ਦੇ ਬਾਵਜੂਦ, ਮਨੁੱਖ ਇਸ ਹਨੇਰੇ ਖੂਹ 'ਚ ਡਿੱਗਣ ਲਈ ਤਿਆਰ ਰਹਿੰਦਾ ਹੈ, ਕਿਉਂਕਿ ਉਹ ਮਾਨਸਿਕ ਰੂਪ 'ਚ ਅੰਨ੍ਹੀ ਧਾਰਮਿਕ ਆਸਥਾ ਦਾ ਗੁਲਾਮ ਰਹਿੰਦਾ ਹੈ। ਇਸ ਮਾਨਸਿਕ ਗੁਲਾਮੀ ਦੇ ਧੂੰਦਕਾਰੇ ਤੋਂ ਛੁਟਕਾਰੇ ਲਈ ਗੁਰਬਾਣੀ ਦਾ ਲਿਸ਼ਕਾਰਾ ਤੇ ਚਾਨਣ ਇੱਕੋ ਮਾਤਰ ਚਾਨਣ ਮੁਨਾਰਾ ਹੈ, ਪ੍ਰੰਤੂ ਅੱਜ ਇਸ ਮਾਰਗ ਦੇ ਰਾਂਹੀ ਵੀ ਭਟਕ ਚੁੱਕੇ ਹਨ ਅਤੇ ਉਹ ਅਗਿਆਨੀ, ਪਾਖੰਡੀ, ਲੋਭੀਆਂ ਦੇ ਪਿਛਲੱਗ ਬਣ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਸਾਡੇ ਉਪਰੋਕਤ ਹੋਕੇ ਨੂੰ ਸੁਣਨ ਵਾਲਾ ਹਰ ਸਿੱਖ ਤੇ ਸਿੱਖ ਬੀਬੀ, ਇਸ ਪਾਖੰਡ ਵਿਰੁੱਧ ਉਨ੍ਹਾਂ ਸਿੱਖ ਬੀਬੀਆਂ ਨੂੰ ਇਕ ਵਾਰ ਹਲੂਣਾ ਜ਼ਰੂਰ ਦੇਵੇ, ਜਿਹੜੇ ਟੀ. ਵੀ. ਚੈਨਲ ਦੇ ਕੂੜ ਪ੍ਰਚਾਰ ਅਤੇ ਪਾਖੰਡੀ ਸ਼ਕਤੀਆਂ ਦੇ ਪ੍ਰਭਾਵ ਦਾ ਸ਼ਿਕਾਰ ਹੋ ਕੇ ਗੁਰਬਾਣੀ ਸਿਧਾਂਤਾਂ ਨੂੰ ਪਿੱਠ ਦੇ ਕੇ, 'ਕਰਵਾ ਚੌਥ' ਵਰਗੇ ਆਡੰਬਰ ਦਾ ਭਾਗੀਦਾਰ ਬਣ ਰਿਹਾ ਹੈ। ਗੁਰਬਾਣੀ ਸਿਧਾਤਾਂ ਦੀ ਰੋਸ਼ਨੀ 'ਚ ਮਨੁੱਖ ਨੂੰ ਗਿਆਨਵਾਨ ਬਣਾਉਣ ਲਈ ਹਰ ਪੱਧਰ ਤੇ ਉਪਰਾਲੇ ਜ਼ਰੂਰ ਤੇਜ਼ ਕਰਨੇ ਚਾਹੀਦੇ ਹਨ ਤਾਂ ਕਿ ਘੱਟੋ-ਘੱਟ ਸਿੱਖ ਵਿਹੜਿਆ 'ਚ ਇਨ੍ਹਾਂ ਪਾਖੰਡ ਤੇ ਆਡੰਬਰਾਂ ਲਈ ਕੋਈ ਥਾਂ ਨਾ ਹੋਵੇ ਅਤੇ ਸਿੱਖੀ ਦੇ ਨਿਆਰੇਪਣ ਤੇ ਨਿਰਾਲੇਪਣ ਦਾ ਕਤਲੇਆਮ ਨਾ ਹੋਵੇ। -ਜਸਪਾਲ ਸਿੰਘ ਹੇਰਾਂ

    ਚੰਡੀਗੜ੍ਹ - ਪੰਜਾਬ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਆਈ. ਏ. ਐੱਸ. ਮਹਿਲਾ ਅਧਿਕਾਰੀ ਵੱਲੋਂ ਅਸ਼ਲੀਲ ਸੰਦੇਸ਼ ਭੇਜਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਤੁਹਾਨੂੰ ਦੱਸ ਦੇਈਏ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਕੋਈ ਮੰਤਰੀ ਮਹਿਲਾਵਾਂ ਦੇ ਕੇਸਾਂ 'ਚ ਫਸਿਆ ਹੋਵੇ, ਇਸ ਤੋਂ ਪਹਿਲਾਂ ਵੀ ਪਾਰਟੀਆਂ ਦੇ ਕਈ ਵੱਖ-ਵੱਖ ਆਗੂ ਹਨ, ਜੋ ਦੂਜੀਆਂ ਔਰਤਾਂ ਦੇ ਚੱਕਰਾਂ 'ਚ ਫਸ ਕੇ ਵਾਹ-ਵਾਹੀ ਖੱਟ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਮੰਤਰੀਆਂ ਬਾਰੇ ਦੱਸਣ ਜਾ ਰਹੇ, ਜਿਨ੍ਹਾਂ ਨੇ ਔਰਤਾਂ ਦੇ ਚੱਕਰਾਂ 'ਚ ਫਸ ਕੇ ਸੁਰਖੀਆਂ ਬਟੋਰੀਆਂ ਹਨ।
    ਸੁੱਚਾ ਸਿੰਘ ਲੰਗਾਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਖਿਲਾਫ 29 ਸਤੰਬਰ 2017 ਨੂੰ ਇਕ ਵਿਧਵਾ ਮਹਿਲਾ ਵਲੋਂ ਥਾਣਾ ਸਿਟੀ 'ਚ ਬਿਆਨ ਦਰਜ ਕਰਵਾ ਕੇ ਰੇਪ ਦਾ ਕੇਸ ਦਰਜ ਕਰਵਾਇਆ ਗਿਆ ਸੀ। ਮਹਿਲਾ ਨੇ ਲੰਗਾਹ 'ਤੇ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨਾਲ 2009 ਤੋਂ ਜ਼ਬਰਦਸਤੀ ਕਰਦਾ ਆ ਰਿਹਾ ਹੈ ਅਤੇ ਉਸਨੇ ਧੋਖੇ ਨਾਲ ਉਸ ਮਹਿਲਾ ਦੀ ਪ੍ਰਾਪਰਟੀ ਵੀ ਵੇਚ ਦਿੱਤੀ ਸੀ। ਜਿਸ ਤੋਂ ਬਾਅਦ ਲੰਗਾਹ ਨੇ ਮਾਨਯੋਗ ਸੀ. ਜੇ. ਐੱਮ, ਮੋਹਿਤ ਬਾਂਸਲ ਦੀ ਕੋਰਟ 'ਚ ਆਤਮਸਮਰਪਣ ਕਰ ਦਿੱਤਾ ਸੀ। ਗੁਰਦਾਸਪੁਰ ਕੋਰਟ 'ਚ ਕੇਸ ਚੱਲਣ ਤੋਂ ਬਾਅਦ ਉਕਤ ਮਹਿਲਾ ਨੇ ਆਪਣੇ ਬਿਆਨਾਂ ਤੋਂ ਮੁਕਰ ਗਈ ਸੀ ਜਿਸ ਕਾਰਨ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ ਸੀ।
    ਸ਼ੇਰ ਸਿੰਘ ਘੁਬਾਇਆ : ਫਿਰੋਜ਼ਪੁਰ ਪਾਰਲੀਮੈਂਟ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਐੱਸ. ਐਮ. ਐੱਸ. (ਸੀ. ਡੀ. ਕਾਂਡ) ਨੇ ਸੋਸ਼ਲ ਮੀਡੀਆ 'ਤੇ ਹੜਕੰਪ ਮੱਚ ਗਿਆ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 27 ਜਨਵਰੀ ਨੂੰ ਸ਼ੇਰ ਸਿੰਘ ਘੁਬਾਇਆ ਦਾ ਇਹ ਵੀਡੀਓ ਵਟਸਐੱਪ 'ਤੇ ਵਾਇਰਲ ਹੋਇਆ ਸੀ। ਮੀਡੀਆ ਨੂੰ ਭੇਜੀ ਗਈ ਇਸ ਵੀਡੀਓ 'ਚ ਸ਼ੇਰ ਸਿੰਘ ਘੁਬਾਇਆ ਨੂੰ ਇਕ ਅਣਪਛਾਤੀ ਲੜਕੀ ਨਾਲ ਇਤਰਾਜ਼ਯੋਗ ਹਾਲਤ 'ਚ ਦਿਖਾਇਆ ਗਿਆ ਸੀ। ਹਾਲਾਂਕਿ ਘੁਬਾਇਆ ਨੇ ਇਸ ਕਲਿੱਪ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਅਕਸ ਖਰਾਬ ਕਰਨ ਦੇ ਦੋਸ਼ ਲਗਾਏ ਹਨ।
    ਦੇਵ ਮਾਨ : ਇਤਰਾਜ਼ਯੋਗ ਸੀ. ਡੀ. ਵਾਇਰਲ ਹੋਣ ਤੋਂ ਬਾਅਦ ਪੰਜਾਬ 'ਚ ਵੀ ਕੇਜਰੀਵਾਲ ਦੇ ਕਈ ਨੇਤਾਵਾਂ 'ਤੇ ਸੰਗੀਨ ਦੋਸ਼ ਲੱਗ ਚੁੱਕੇ ਹਨ। ਇਸ ਤਰ੍ਹਾਂ ਦਾ ਹੀ ਦੋਸ਼ 'ਆਪ' ਨੇਤਾ ਦੇਵ ਮਾਨ 'ਤੇ ਕੈਨੇਡਾ ਤੋਂ ਗਾਇਕਾ ਨੇ ਲਗਾਇਆ ਸੀ ਕਿ ਉਸ ਨਾਲ ਦੇਵ ਮਾਨ ਨੇ ਬਦਸਲੂਕੀ ਕੀਤੀ ਸੀ।

    ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਜਥੇਦਾਰ ਦਾ ਐਲਾਨ ਹੋ ਗਿਆ ਹੈ। ਹੁਣ ਸਿੱਖਾਂ ਦੀ ਸਿਰਮੌਰ ਸੰਸਥਾ ਦੀ ਕਮਾਨ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਸੰਭਾਲਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੋਮਵਾਰ ਨੂੰ ਹੋਈ ਅੰਤ੍ਰਿਗ ਕਮੇਟੀ ਦੀ ਬੈਠਕ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਵਜੋਂ ਲਾਇਆ ਗਿਆ ਹੈ, ਇਸ ਦਾ ਮਤਲਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਨਵਾਂ ਤੇ ਪੱਕਾ ਜਥੇਦਾਰ ਦੀ ਭਾਲ ਹਾਲੇ ਖ਼ਤਮ ਨਹੀਂ ਹੋਈ। ਉਹ ਦਮਦਮਾ ਸਾਹਿਬ ਦਾ ਕੰਮਕਾਜ ਵੀ ਦੇਖਦੇ ਰਹਿਣਗੇ। ਜ਼ਿਕਰਯੋਗ ਹੈ ਕਿ 10 ਸਾਲ ਲੰਮਾ ਕਾਰਜਕਾਲ ਭੋਗਣ ਤੋਂ ਬਾਅਦ ਬੀਤੀ 18 ਅਕਤੂਬਰ ਦੇਰ ਰਾਤ ਨੂੰ ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਐਸਜੀਪੀਸੀ ਦੀ ਐਗ਼ਜ਼ੈਕਟਿਵ ਕਮੇਟੀ ਦੀ ਬੈਠਕ ਵਿੱਚ ਆਰਜ਼ੀ ਤੌਰ 'ਤੇ ਗਿਆਨੀ ਹਰਪ੍ਰੀਤ ਸਿੰਘ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕਰਨ 'ਤੇ ਸਹਿਮਤੀ ਬਣੀ ਹੈ।


    Sun, 21 Oct, 2018 63

    ਬੇਅਦਬੀ ਕਾਂਡ ਦੇ ਦੋਸ਼ੀ ਤੇ ਪੰਥ ਦੇ ਗ਼ਦਾਰ ਐਲਾਨਦਿਆਂ ਪੰਥਕ ਅਸੈਂਬਲੀ ਵਲੋਂ ਬਾਦਲ ਪਿਉ ਪੁੱਤਰ ਦੇ ਸਿਆਸੀ ਬਾਈਕਾਟ ਦਾ ਸੱਦਾ

    ਡੇਰਾ ਸਿਰਸਾ ਨਾਲ ਸਬੰਧਤ ਡੇਰੇ ਸੀਲ ਕਰਨ ਦੀ ਸਰਕਾਰ ਪਾਸੋਂ ਮੰਗ
    ਅੰਮ੍ਰਿਤਸਰ 21 ਅਕਤੂਬਰ (ਨਰਿੰਦਰ ਪਾਲ ਸਿੰਘ): ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਦਰਪੇਸ਼ ਵੱਖ ਵੱਖ ਸਿੱਖ ਮਸਲਿਆਂ ਤੇ ਵਿਚਾਰ ਲਰ ਲਈ ਪੰਥਕ ਜਥੇਬੰਦੀਆਂ ਵਲੋਂ ਬੁਲਾਈ ਪੰਥਕ ਅਸੈਂਬਲੀ ਨੇ ਸਰਬਸੰਮਤੀ ਨਾਲ ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ ਕਰਦਿਆਂ,ਇਸ ਵਲੋਂ ਉਠਾਈਆਂ ਮੰਗਾਂ ਦਾ ਭਰਪੂਰ ਸਮਰਥਣ ਕੀਤਾ ਹੈ।ਸਿੱਖ ਕੌਮ ਦੇ ਪੰਜ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਉਪਰ ਪੰਥ ਦੇ ਅਧਿਕਾਰ ਦੀ ਗਲ ਦੁਹਰਾਉਂਦਿਆਂ ਸ਼੍ਰੋਮਣੀ ਕਮੇਟੀ ਵਲੋਂ ੨੨ਅਕਤੂਬਰ ਨੂੰ ਥਾਪੇ ਜਾਣ ਵਾਲੇ ਜਥੇਦਾਰ ਨੂੰ ਅੱਜ ਹੀ ਰੱਦ ਕਰ ਦਿੱਤਾ ਹੈ । ਬੀਤੇ ਕਲ੍ਹ ਪੰਥਕ ਅਸੈਂਬਲੀ ਦੇ ਸ਼ੁਰੂ ਹੋਏ ਦੋ ਰੋਜ਼ਾ ਸ਼ੈਸ਼ਨ ਦੇ ਦੂਸਰੇ ਦਿਨ ਕੋਈ ੭੦ ਦੇ ਕਰੀਬ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ,ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੰਦਿਆਂ ,ਇਨ੍ਹਾਂ ਦੇ ਸਮਾਜਿਕ ਆਰਥਿਕ ਤੇ ਧਾਰਮਿਕ ਬਾਈਕਾਟ ਦਾ ਸੱਦਾ ਦੇਣ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਪਾਸ ਮਤੇ ਰਾਹੀਂ ਪੰਥ ਦੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਬਾਦਲ ਪਿਉ-ਪੁੱਤ ਦਾ ਸਿਆਸੀ ਬਾਈਕਾਟ ਕਰਨ ਅਤੇ ਅਕਾਲੀ ਕਾਰਕੁੰਨਾ ਨੂੰ ਪੰਥ ਵਿਰੋਧੀ ਪਿਉ-ਪੁੱਤ ਦੀ ਕਿਸ਼ਤੀ ਤੋਂ ਉਤਰਨ ਦਾ ਸੱਦਾ ਦਿੱਤਾ ਗਿਆ ਹੈ ।ਪਾਸ ਕੀਤੇ ਬਾਕੀ ਮਤਿਆਂ ਵਿੱਚ ਗੁਰੂ ਨਗਰੀ ਵਿਖੇ ਸ਼ਨੀਵਾਰ ਵਾਲੇ ਦਿਨ ਵਾਪਰੇ ਦੁਖਦਾਈ ਰੇਲ ਹਾਦਸੇ ਵਿੱਚ ਜ਼ਖਮੀ ਅਤੇ ਮਾਰੇ ਗਏ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਗਿਆ।ਪਰਵਾਰਾਂ ਨਾਲ ਹਮਦਰਦੀ ਕਰਦੇ ਹੋਏ ਪੰਥਕ ਅਸੈਂਬਲੀ ਦੇ ਸਾਰੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਨੂੰ ਰਾਹਤ ਅਤੇ ਬਣਦੀ ਡਾਕਟਰੀ ਅਤੇ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇ।
    ਪੰਥਕ ਅਸੈਂਬਲੀ ਇਜਲਾਸ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੀਆਂ ਪੰਥ ਵਿਰੋਧੀ, ਦੇਹਧਾਰੀ ਗੁਰੂਡੰਮ-ਪੱਖੀ ਆਪਹੁਦਰੀਆਂ ਕਾਰਗੁਜਾਰੀਆਂ ਕਾਰਨ ਸਿੱਖ ਜਗਤ ਵੱਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁੱਕਾ ਸੀ ਅਤੇ ਇਸ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਅਸਤੀਫ਼ਾ ਦੇਣ ਦਾ ਵਿਖਾਵਾ ਕਰਨਾ ਕੇਵਲ ਆਪਣੇ ਆਕਾਵਾਂ ਦੇ ਹੁਕਮ ਦੀ ਕੀਤੀ ਗਈ ਤਾਮੀਲ ਹੈ, ਜਿਸ ਦੀ ਖ਼ਾਲਸਾ ਪੰਥ ਲਈ ਜ਼ਰਾ ਜਿੰਨੀ ਵੀ ਬੁੱਕਤ ਨਹੀਂ। ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਨੂੰ ਭਰੋਸੇ 'ਚ ਲਏ ਅਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਧਾਂਤਕ ਰੂਪ ਵਿੱਚ ਪ੍ਰਵਾਨ ਨਹੀਂ ਹੋਵੇਗੀ। ਦੱਸਿਆ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਖ਼ਾਲਸਾ ਪੰਥ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਐਗਜੈਕਟਿਵ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਣ ਵਾਲੀ ਨਿਯੁਕਤੀ ਨੂੰ ਪੰਥਕ ਅਸੈਂਬਲੀ ਦਾ ਇਹ ਹਾਉਸ ਸਰਬ ਸੰਮਤੀ ਨਾਲ ਅਗਾਉਂ ਹੀ ਰੱਦ ਕਰਦਾ ਹੈ।ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਡੇਰਾ ਸਿਰਸਾ ਨੂੰ ਪੁਆੜੇ ਦੀ ਜੜ੍ਹ ਪ੍ਰਵਾਨ ਕਰਦਿਆਂ ਦੱਸਿਆ ਗਿਆ ਹੈ ਕਿ ਸਰਕਾਰੀ ਕਮਿਸ਼ਨਾਂ ਦੀਆਂ ਦੋਨੋ ਰਿਪੋਰਟਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਪੱਸ਼ਟ ਸਾਬਿਤ ਕੀਤਾ ਕਿ ਡੇਰਾ ਸੱਚਾ ਸੌਦਾ ਸਿੱਧੇ ਤੌਰ 'ਤੇ ਪੰਜਾਬ ਅਤੇ ਹਰਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿੰਮੇਵਾਰ ਹੈ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਹੀ ਬੁਰਜ ਜਵਾਹਰ ਸਿੰਘਵਾਲਾ ਅਤੇ ੧੦੦ ਹੋਰ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ, ਇਸ ਲਈ ਸੌਦਾ ਸਰਸਾ ਡੇਰਾ 'ਤੇ ਤੁਰਤ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਸਾਰੇ ਨਾਮ ਚਰਚਾ ਘਰ ਸੀਲ ਕਰ ਦਿੱਤੇ ਜਾਣ। ਭਾਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਹੋਰ ਪਾਪਾਂ ਲਈ ਸਜ਼ਾ ਮਿਲ ਚੁੱਕੀ ਹੈ ਫਿਰ ਵੀ ਉਸ ਨੂੰ ਬੇਅਦਬੀ ਦੇ ਹਾਦਸਿਆਂ ਲਈ ਅਤੇ ਉਸ ਦੀ ਸਾਜਿਸ਼ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
    ਪਾਸ ਕੀਤੇ ਇੱਕ ਹੋਰ ਮਤੇ ਵਿੱਚ ਕਿਹਾ ਗਿਆ ਹੈ ਕਿ ਬਰਗਾੜੀ ਅਤੇ ਬਹਿਬਲ ਕਲਾਂ ਉਸ ਸਾਜ਼ਿਸ਼ ਦੀ ਚਰਨ ਸੀਮਾ ਹੈ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਫ਼ਿਰ ਵਿਰੋਧ ਵਿੱਚ ਪੈਦਾ ਹੋਏ ਪੰਥਕ ਰੋਹ ਨੂੰ ਦਬਾਉਣ ਲਈ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ ਦਹਾਕਿਆਂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਅਤੇ ਸ਼ਬਦ ਗੁਰੂ ਨੂੰ ਚੁਣੌਤੀ ਦਿੰਦੇ ਗੁਰੂਡੰਮ ਨੂੰ ਜਾਣ-ਬੁੱਝ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੈਂਬਲੀ ਦਾ ਇਹ ਮੰਨਣਾ ਹੈ ਕਿ ਅਜਿਹੇ ਸਿੱਖ ਵਿਰੋਧੀ ਡੇਰਿਆਂ ਨੂੰ ਭਾਰਤੀ ਰਾਜ ਅਤੇ ਇਸ ਦੀਆਂ ਏਜੰਸੀਆਂ ਦੀ ਪੂਰੀ ਸਰਪ੍ਰਸਤੀ ਹੈ।ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਪਾਲ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸੇ ਪ੍ਰਕਾਸ ਸਿੰਘ ਬਾਦਲ ਦੇ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੋ ਵਾਰ ਬੇਅਦਬੀ ਹੋਈ। ਪਹਿਲਾਂ ੧੯੭੮ ਵਿੱਚ ਫਿਰ ੨੦੧੫ ਵਿੱਚ ਅਤੇ ਦੋਵੇਂ ਵਾਰ ਹੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕੋਈ ਵਾਰ ਕਾਰਵਾਈ ਨਹੀ ਕੀਤੀ ਗਈ।ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲਾਂ ੧੯੭੮ ਅੰਮ੍ਰਿਤਸਰ, ੧੯੮੧ ਚੰਦੋਕਲਾਂ, ਹਰਿਆਣਾ, ੧੯੮੬ ਨਕੋਦਰ ਅਤੇ ਹੁਣ ੨੦੧੫ ਬਰਗਾੜੀ ਦੇ ਵਿਰੋਧ ਵਿੱਚ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਆਪਣਾ ਰੋਸ ਜ਼ਾਹਿਰ ਕੀਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹਮੇਸ਼ਾ ਗੁਨਾਹਗਾਰਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਸਿੱਖਾਂ ਨੂੰ ਪੰਜਾਬ ਪੁਲੀਸ ਹੱਥੋਂ ਜ਼ਲੀਲ ਕਰਵਾਇਆ ਹੈ।
    ਪੰਥਕ ਅਸੈਂਬਲੀ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਮੂਲ ਰੂਪ ਵਿੱਚ ਭਾਰਤੀ ਰਾਜ ਨੇ ਕੁਫ਼ਰ ਅਤੇ ਘਿਨੌਣੇ ਪਹਿਲੂਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਾਨੂੰਨੀ ਵਿਵਸਥਾ ਦੀ ਸਮੱਸਿਆ ਵਿੱਚ ਘਟਾ ਦਿੱਤਾ ਹੈ ਜਿਸ ਕਾਰਨ ਪੁਲਸ ਅਤੇ ਹੋਰ ਤਾਕਤਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ ।
    ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ ਕਰਦਿਆਂ ਪੰਥਕ ਅਸੈਂਬਲੀ ਨੇ ਕਿਹਾ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀਆਂ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚ ਰਹੀਆਂ ਹਨ ਅਤੇ ਮੋਰਚੇ ਦੀਆਂ ਜਾਇਜ਼ ਮੰਗਾਂ ਨਾਲ ਇੱਕਜੁਟਤਾ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।ਅਸੈਂਬਲੀ ਮੋਰਚੇ ਦੀ ਮੰਗ ਦੀ ਹਮਾਇਤ ਕਰਦੀ ਹੈ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਅਸੈਂਬਲੀ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਮੋਰਚੇ ਵਿਚ ਆਪਣੇ ਹਿੱਸੇਦਾਰੀ ਜਾਰੀ ਰੱਖਣ।
    ਪੰਥਕ ਅਸੈਂਬਲੀ ਨੇ ਐਲਾਨ ਕੀਤਾ ਹੈ ਕਿ ਉਹ ਬੇਅਦਬੀ ਦੇ ਮਾਮਲੇ ਵਿੱਚ ਵਾਈਟ ਪੇਪਰ ਜਾਰੀ ਕਰੇਗੀ। ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦਾ ਹੈ ਕਿ ਨਿਰੰਕਾਰੀ, ਡੇਰਾ ਸਰਸਾ, ਆਸ਼ੂਤੋਸ਼ੀਏ, ਭੰਨਿਆਰੀਏ ਆਦਿ ਨਾਵਾਂ ਹੇਠ ਦੇਹਧਾਰੀ ਗੁਰੂ ਦੰਭ ਨੂੰ ਖ਼ਾਲਸੇ ਦੀ ਪਿੱਤ੍ਰ ਭੂਮੀ ਪੰਜਾਬ ਵਿੱਚ ਭਾਰਤੀ ਸਟੇਟ ਨੀਤੀ ਤਹਿਤ ਮਿਥ ਕੇ ਸਥਾਪਤ ਕੀਤਾ ਹੈ। ਸਰਕਾਰੀ ਸਰਪ੍ਰਸਤੀ ਹੇਠ ਇਸ ਨੂੰ ਪਾਲਿਆ ਗਿਆ। ਸ਼ਬਦ ਗੁਰੂ ਦੇ ਸਿਧਾਂਤ 'ਤੇ ਲਿਖਤੀ ਹਮਲੇ ਕੀਤੇ ਗਏ, ਦਸਮੇਸ਼ ਪਿਤਾ ਜੀ ਦੇ ਸਰੂਪ, ਪੰਜ ਪਿਆਰਿਆਂ ਦੀ ਪੰਥਕ ਸੰਸਥਾ ਅਤੇ ਖੰਡੇ ਦੀ ਪਾਹੁਲ ਦੀ ਜੁਗਤ ਦੇ ਸਵਾਂਗ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਿਥ ਕੇ ਅਪਮਾਨ ਕਰਾਇਆ ਗਿਆ ਹੈ। ਡੇਰਾ ਸੱਚਾ ਸੌਦਾ ਅਤੇ ਇਸਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਸੰਧਰਭ ਵਿੱਚ ਵਾਈਟ ਪੇਪਰ ਪ੍ਰਕਾਸ਼ਤ ਕਰਨ ਦੀ ਫ਼ੈਸਲਾ ਕੀਤਾ ਜਾਂਦਾ ਹੈ ਜਿਸ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਜਲਦੀ ਸਥਾਪਤ ਕੀਤੀ ਜਾਵੇਗੀ।
    ਨਕੋਦਰ ਕਾਂਡ ਵਿੱਚ ਸ਼ਹੀਦੇ ਹੋਏ ਚਾਰ ਨੌਜਵਾਨਾਂ ਪ੍ਰਥਾਏ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ।੨ ਫਰਵਰੀ ੧੯੮੬ ਨੂੰ ਨਕੋਦਰ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿੱਖ ਵਿਰੋਧ ਕਰ ਰਹੇ ਹਨ ਤਾਂ ਚਾਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਸ ਸਮੇਂ ਦੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਜਿਸ ਨੇ ਇੱਕ ਸਾਲ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਸੀ ਜੋ ਅੱਜ ਤਕ ਜਨਤਕ ਨਹੀਂ ਕੀਤੀ ਗਈ। ਪੰਥਕ ਅਸੈਂਬਲੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਅਸੈਂਬਲੀ ਨੇ ਵਕੀਲਾਂ ਦੀ ਇੱਕ ਕਮੇਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਜਾ ਸਕੇ।ਪੰਥਕ ਅਸੈਂਬਲੀ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੀ ਹੈ ਕਿ ਬਹਿਬਲ ਕਲਾਂ ਦੇ ਦੋਨਾਂ ਸ਼ਹੀਦਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਕੀਤੀ ਜਾਵੇ ਅਤੇ ਸਿਰਸਾ ਸਾਧ ਨੂੰ ਮਾਫੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਉਥੋਂ ਉਤਾਰੀ ਜਾਵੇ।ਨਵੰਬਰ ੧੯੮੪ ਕਤਲੇਆਮ ਨੂੰ ਨਸਲਕੂਸ਼ੀ ਦੱਸਦਿਆਂ ਪੰਥਕ ਅਸੈਂਬਲੀ ਨੇ ਕੈਨੇਡਾ, ਅਮਰੀਕਾ ਦੀਆਂ ਸੁਬਾਈ ਸਰਕਾਰਾਂ ਵੱਲੋਂ ਇਸ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਸਵਾਗਤ ਕੀਤਾ। ਪੰਥਕ ਅਸੈਂਬਲੀ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਤਜਵੀਜ ਦਾ ਹਾਂ-ਪੱਖੀ ਜਵਾਬ ਦੇਣ ਦੀ ਮੰਗ ਕੀਤੀ ਹੈ।
    ਉਪਰੋਕਤ ਦਸ ਮਤਿਆਂ ਨੂੰ ਪ੍ਰਵਾਨਗੀ ਦੇ ਨਾਲ ਹੀ ਪੰਥਕ ਅਸੈਂਬਲੀ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ ।ਸਮਾਪਤੀ ਦੀ ਅਰਦਾਸ ਭਾਈ ਅਮਨਦੀਪ ਸਿੰਘ ਹੁਰਾਂ ਨੇ ਕੀਤੀ।ਪੰਥਕ ਅਸੰਬਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜੱਥੇਦਾਰ ਸੁਖਦੇਵ ਸਿੰਘ ਭੌਰ, ਗਿਆਨੀ ਕੇਵਲ ਸਿੰਘ, ਸ. ਜਗਮੋਹਨ ਸਿੰਘ ਲੁਧਿਆਣਾ, ਸ. ਕੰਵਰਪਾਲ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਨਵਕਿਰਨ ਸਿੰਘ ਐਡਵੋਕੇਟ,ਸ. ਜਸਵਿੰਦਰ ਸਿੰਘ ਰਾਜਪੁਰਾ, ਸ. ਹਰਪਾਲ ਸਿੰਘ ਚੀਮਾ (ਪ੍ਰਧਾਨ ਦਲ ਖਾਲਸਾ), ਸ. ਰਜਿੰਦਰ ਸਿੰਘ (ਕਨਵੀਨਰ ਖਾਲਸਾ ਪੰਚਾਇਤ), ਸ. ਖੁਸਕਵਲ ਸਿੰਘ ਨਾਗਪੁਰ, ਸ. ਧੰਨਵੰਤ ਸਿੰਘ, ਸ. ਅਮਰਿੰਦਰ ਸਿੰਘ, ਸ. ਪਰਗਟ ਸਿੰਘ ਭੋਡੀਪੁਰਾ, ਸ. ਕਰਨੈਲ ਸਿੰਘ ਪੀਰਮੁਹੰਮਦ (ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ), ਸ. ਹਰਦੀਪ ਸਿੰਘ ਡਿਬਡਿਬਾ (ਪ੍ਰਤਿਨਿਧ ਰਾਜਸਥਾਨ ਅਤੇ ਉਤਰਾਂਚਲ), ਸ. ਅਮਰਜੀਤ ਸਿੰਘ ਖਡੂਰ ਸਾਹਿਬ, ਸ. ਸਰਬਜੀਤ ਸਿੰਘ ਘੁਮਾਣ, ਸ. ਜਸਪਾਲ ਸਿੰਘ ਸਿੱਧੂ, ਸ. ਖੁਸ਼ਹਾਲ ਸਿੰਘ, ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐਸ., ਸ. ਰਤਨ ਸਿੰਘ ਦੁਬਈ, ਹਰਜੀਤ ਸਿੰਘ ਕਲਕੱਤਾ, ਸ. ਪ੍ਰੀਤਮ ਸਿੰਘ ਸੰਧੂ ਉਤਰਾਖੰਡ, ਸ. ਸੁਰਜੀਤ ਸਿੰਘ ਜੰਮੂ, ਸ. ਗੁਰਵਿੰਦਰ ਸਿੰਘ ਚੱਢਾ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਭਾਈ ਰਾਮ ਸਿੰਘ ਦਮਦਮੀ ਟਕਸਾਲ, ਪ੍ਰਿੰਸੀਪਲ ਜਗਦੀਸ਼ ਸਿੰਘ (ਡਾਇਰੈਕਟਰ ਵਿਦਿਅਕ ਸੰਸਥਾਵਾਂ), ਸ. ਹਰਚਰਨਜੀਤ ਸਿੰਘ ਧਾਮੀ (ਆਗੂ ਦਲ ਖਾਲਸਾ), ਸ. ਬੀਰਦਵਿੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ), ਸ. ਜਗਮੋਹਣ ਸਿੰਘ ਕਸ਼ਮੀਰ, ਸ. ਜਸਪਾਲ ਸਿੰਘ ਹੇਰਾਂ (ਸੰਪਾਦਕ ਪਹਿਰੇਦਾਰ), ਸ. ਸਰਬਜੀਤ ਸਿੰਘ ਧੂੰਦਾ (ਸਿੱਖ ਪ੍ਰਚਾਰਕ), ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ, ਸ. ਰਾਣਾ ਇੰਦਰਜੀਤ ਸਿੰਘ, ਸ. ਰਜਿੰਦਰ ਸਿੰਘ ਚੇਨਈ, ਸ. ਮਲਕੀਤ ਸਿੰਘ ਬੱਲ, ਸ. ਅਮਨਦੀਪ ਸਿੰਘ ਅਸਟ੍ਰੇਲੀਆ, ਸ. ਹਰਵਿੰਦਰ ਸਿੰਘ ਖਾਲਸਾ, ਸ. ਸੁਖਰਾਜ ਸਿੰਘ ਬਹਿਬਲਕਲਾਂ (ਸਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਰਜਿੰਦਰ ਸਿੰਘ ਪੁਰੇਵਾਲ (ਇੰਗਲੈਂਡ), ਸ. ਜਗਜੀਤ ਸਿੰਘ ਗਾਬਾ (ਜਲੰਧਰ), ਸ. ਸਤਜੀਤ ਸਿੰਘ ਅਸਟ੍ਰੇਲੀਆ, ਸ. ਗੁਰਪ੍ਰੀਤ ਸਿੰਘ ਚਂਦਬਾਜਾ, ਸ. ਹਰਵਿੰਦਰ ਸਿੰਘ ਗੁਰਦਾਸਪੁਰ, ਸ. ਸਤਨਾਮ ਸਿੰਘ ਖੰਡਾ, ਭਾਈ ਨਰਾਇਣ ਸਿੰਘ ਜੋੜਾ, ਸ. ਹਿਮੰਤ ਸਿੰਘ ਏਕਨੂਰ, ਸ. ਪਰਮਜੀਤ ਸਿੰਘ ਮੰਡ (ਪ੍ਰਧਾਨ ਸਿੱਖ ਯੂਥ ਆਫ ਪੰਜਾਬ), ਸ. ਜਗਤਾਰ ਸਿੰਘ ਜਾਜਕ, ਸ. ਸੁਖਪ੍ਰੀਤ ਸਿੰਘ ਉਦੋਕੇ, ਸ. ਬਲਵਿੰਦਰ ਸਿੰਘ ਪੱਟੀ, ਸ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਸ. ਗੁਰਪ੍ਰੀਤ ਸਿੰਘ ਚੰਡੀਗੜ, ਬੀਬੀ ਕੁਲਦੀਪ ਕੌਰ ਟੋਹੜਾ, ਬੀਬੀ ਸੰਦੀਪ ਕੌਰ (ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ), ਸ. ਅਜਮੇਰ ਸਿੰਘ (ਸਿੱਖ ਚਿੰਤਕ), ਬੀਬੀ ਕੁਲਵੰਤ ਕੌਰ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਭਾਈ ਪੰਥਪ੍ਰੀਤ ਸਿੰਘ, ਸ. ਧੰਨਰਾਜ ਸਿੰਘ, ਹਰਜਿੰਦਰ ਸਿੰਘ ਮਾਝੀ, ਐਡਵੋਕੇਟ ਅਮਰ ਸਿੰਘ ਚਾਹਲ, ਸ. ਕੁਲਵੰਤ ਸਿੰਘ ਮੁੰਬਈ, ਸ. ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਸ਼੍ਰੋਮਣੀ ਕਮੇਟੀ), ਸ. ਮਹਿੰਦਰ ਸਿੰਘ ਹੁਸੈਨਪੁਰ, ਸ. ਹਰਬੰਸ ਸਿੰਘ ਕਾਲੜਾ, ਸ. ਦਲਜੀਤ ਸਿੰਘ ਵੀ ਸੀ, ਸ. ਰਾਜਵਿੰਦਰ ਸਿੰਘ ਰਾਹੀ, ਸ. ਗੌਰਵਦੀਪ ਸਿੰਘ ਲੁਧਿਆਣਾ, ਸ. ਮਨਧੀਰ ਸਿੰਘ, ਬੀਬੀ ਜੀਵਨਜੋਤ ਕੌਰ, ਸ. ਅਨੂਪ ਸਿੰਘ ਬੈਂਗਲੋਰ, ਸ. ਪਰਮਜੀਤ ਸਿੰਘ ਵਾਸ਼ਿੰਗਟਨ, ਕਰਨਲ ਸੁਖਵਿੰਦਰ ਸਿੰਘ ਸੋਢੀ, ਬੀਬੀ ਨਵਜੋਤ ਕੌਰ ਚੱਬਾ, ਪ੍ਰੋ. ਬਲਵਿੰਦਰਪਾਲ ਸਿੰਘ ਜਲੰਧਰ, ਸ. ਜਸਬੀਰ ਸਿੰਘ ਘੁੰਮਣ ਐਡਵੋਕੇਟ, ਸ. ਜਸਵੰਤ ਸਿੰਘ ਪੁੜੈਣ, ਸ. ਹਰਭਜਨ ਸਿੰਘ ਨਿਸ਼ਕਾਮ (ਦਿੱਲੀ), ਸ. ਸੁਰਿੰਦਰਪਾਲ ਸਿੰਘ ਗੋਲਡੀ, ਸ. ਗੁਰਬਚਨ ਸਿੰਘ ਦੇਸ ਪੰਜਾਬ, ਸ. ਦਲਜੀਤ ਸਿੰਘ, ਸ. ਤਰਸੇਮ ਸਿੰਘ ਦਿੱਲੀ, ਐਡਵੋਕੇਟ ਅੰਗਰੇਜ ਸਿੰਘ ਪੰਨੂ, ਹਰਿਆਣਾ, ਐਸ. ਬੀ. ਐਸ. ਤੁੰਬਕ, ਯੂ. ਕੇ., ਸ. ਮੋਹਨਜੀਤ ਸਿੰਘ ਗੁਜਰਾਤ, ਸ. ਕਮਿੱਕਰ ਸਿੰਘ, ਪਟਨਾ ਸਾਹਿਬ, ਭਾਈ ਈਸ਼ਰ ਸਿੰਘ ਹੈਦਰਾਬਾਦ, ਸ. ਅਮਨਜੀਤ ਸਿੰਘ ਦੁਬਈ, ਸ. ਗੁਰਮੀਤ ਸਿੰਘ ਰਾਂਚੀ, ਸ. ਗੁਰਿੰਦਰ ਸਿੰਘ, ਸ. ਕਿਰਪਾਲ ਸਿੰਘ ਬਠਿੰਡਾ, ਸ. ਪਾਲ ਸਿੰਘ ਫਰਾਂਸ, ਬਲਵਿੰਦਰ ਸਿੰਘ ਮਿਸ਼ਨਰੀ, ਤਰਸੇਮ ਸਿੰਘ ਦਿੱਲੀ ਵੱਡੀ ਗਿਣਤੀ ਵਿਚ ਪੰਥਕ ਆਗੂ ਹਾਜ਼ਰ ਸਨ।

    ਅੰਮ੍ਰਿਤਸਰ - ਬਰਖ਼ਾਸਤ ਕੀਤੇ ਪੰਜ ਪਿਆਰਿਆਂ ਨੇ ਅੱਜ ਨਵੰਬਰ 2015 ’ਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸਮਰਥਨ ਕਰਦਿਆਂ ਆਖਿਆ ਕਿ ਅਕਾਲ ਤਖ਼ਤ ਦਾ ਅਗਲਾ ਜਥੇਦਾਰ ਅਜਿਹਾ ਹੋਣਾ ਚਾਹੀਦਾ ਹੈ, ਜੋ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਹੋਵੇ। ਉਨ੍ਹਾਂ ਅੱਜ ਇੱਥੇ ਅਕਾਲ ਤਖ਼ਤ ’ਤੇ ਇਸ ਮੁੱਦੇ ’ਤੇ ਅਰਦਾਸ ਕੀਤੀ ਹੈ।
    ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਨਵੇਂ ਜਥੇਦਾਰ ਦੇ ਨਾਵਾਂ ਬਾਰੇ ਚਰਚਾ ਚੱਲ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਲਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ। ਭਲਕੇ 22 ਅਕਤੂਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਜਾਂ ਨਾ ਕਰਨ ਸਬੰਧੀ ਫ਼ੈਸਲਾ ਹੋਵੇਗਾ, ਜੇ ਅਸਤੀਫ਼ਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਆਰਜ਼ੀ ਤੌਰ ’ਤੇ ਜਥੇਦਾਰ ਦੀ ਨਿਯੁਕਤੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਕੁਝ ਸਮੇਂ ਵਾਸਤੇ ਕਿਸੇ ਵੀ ਸਿੰਘ ਸਾਹਿਬਾਨ ਨੂੰ ਅਕਾਲ ਤਖ਼ਤ ਦਾ ਵਾਧੂ ਕਾਰਜ-ਭਾਰ ਸੌਂਪ ਸਕਦੀ ਹੈ।
    ਇਸ ਮੁੱਦੇ ਨੂੰ ਲੈ ਕੇ ਅੱਜ ਇੱਥੇ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਸਾਹਮਣੇ ਪਾਠ ਕੀਤਾ ਗਿਆ ਤੇ ਮਗਰੋਂ ਅਰਦਾਸ ਕੀਤੀ ਗਈ। ਪੰਜ ਪਿਆਰਿਆਂ ਵਿਚ ਭਾਈ ਸਤਨਾਮ ਸਿੰਘ ਖ਼ਾਲਸਾ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ ਤੇ ਭਾਈ ਮੰਗਲ ਸਿੰਘ ਸ਼ਾਮਲ ਸਨ। ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਸਿੱਖ ਕੌਮ ਨੂੰ ਅਗਲਾ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਜਗਤਾਰ ਸਿੰਘ ਹਵਾਰਾ, ਜੋ ਇਸ ਵੇਲੇ ਜੇਲ੍ਹ ਵਿਚ ਬੰਦ ਹਨ, ਨੂੰ ਸਿੱਖ ਕੌਮ ਦਾ ਵੱਡਾ ਹਿੱਸਾ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਪ੍ਰਵਾਨ ਕਰ ਚੁੱਕਾ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਉਹੀ ਜਥੇਦਾਰ ਸਿੱਖ ਕੌਮ ਨੂੰ ਪ੍ਰਵਾਨ ਹੋਵੇਗਾ, ਜੋ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗਾ।
    ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਅਸਤੀਫ਼ੇ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਸਿੱਖ ਕੌਮ ਦੇ ਸਿਧਾਂਤਾਂ ਅਤੇ ਤਖ਼ਤ ਦੇ ਗੌਰਵ ਨੂੰ ਢਾਹ ਲਾਈ ਹੈ, ਚੰਗਾ ਹੁੰਦਾ ਕਿ ਜੇ ਉਹ ਤਿੰਨ ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੰਦੇ। ਉਨ੍ਹਾਂ ਦੋਸ਼ ਲਾਇਆ ਕਿ ਰਾਜਸੀ ਸੱਤਾ ਦੇ ਨਸ਼ੇ ਵਿਚ ਹੁਕਮਰਾਨਾਂ ਨੇ ਪੰਚ ਪ੍ਰਧਾਨੀ ਮਰਿਆਦਾ ਨੂੰ ਅਣਡਿੱਠਾ ਕੀਤਾ ਤੇ ਆਵਾਜ਼ ਬੁਲੰਦ ਕਰਨ ਵਾਲੇ ਪੰਜ ਪਿਆਰਿਆਂ ਨੂੰ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਵਾਲੇ ਫ਼ੈਸਲੇ ਵਿਚ ਸ਼ਾਮਲ ਬਾਕੀ ਜਥੇਦਾਰਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com