ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਦੇਸ਼ ਨੂੰ ਮਜ਼ਹਬੀ ਨਫ਼ਰਤ ਤੇ ਮੁੜ ਟੁੱਟਣ ਤੋਂ ਬਚਾਇਆ ਜਾਵੇ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਯਤਨ ਕੀਤਾ ਜਾਵੇ। ਆਪਣੇ ਦੋ ਸਫ਼ਿਆਂ ਦੇ ਪੱਤਰ ਵਿਚ ਗਿਆਨੀ ਕੇਵਲ ਸਿੰਘ ਨੇ ਦੇਸ਼ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਹੁਣ ਤਕ ਦੇਸ਼ ਵਾਸੀਆਂ ਦੇ ਨਾਂ ’ਤੇ ਰਾਜਨੀਤੀ ਹੋ ਰਹੀ ਹੈ। ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਕੇ ਜਾਤ, ਮਜ਼ਹਬ, ਇਲਾਕੇ, ਨਸਲ ਅਤੇ ਰੰਗ-ਭੇਦ ਵਿਚ ਵੰਡ ਕੇ ਆਪੋ ਆਪਣੇ ਧੜਿਆਂ ਵਿਚ ਖਿੱਚਣ ਲਈ ਜ਼ੋਰ-ਅਜ਼ਮਾਈ ਹੋ ਰਹੀ ਹੈ। ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਦੇਸ਼ ਵਿਚ ਮਜ਼ਹਬ ਦੇ ਨਾਂ ’ਤੇ ਭਾਈਚਾਰਕ ਨਫ਼ਰਤ ਦੇ ਕੰਡੇ ਖਿਲਾਰੇ ਜਾ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮੌਜੂਦਾ ਹਾਲਾਤ ਵਿਚ ਦੇਸ਼ ਨੂੰ ਬਚਾਉਣ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅੱਗੇ ਆਊਣ ਦੀ ਅਪੀਲ ਕੀਤੀ ਹੈ।

  ਟੋਰਾਂਟੋ, (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕੋਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ | 80 ਫ਼ੀਸਦੀ ਤੋਂ ਵੱਧ ਕੈਨੇਡਾ ਵਾਸੀ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ 'ਚ ਹਨ | ਕੈਨੇਡਾ ਦੇ ਪੂਰਬ 'ਚ ਪਿ੍ੰਸ ਐਡਵਰਡ ਆਈਲੈਂਡ ਪ੍ਰਾਂਤ ਹੈ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੋਰੋਨਾ ਮੁਕਤ ਸੀ ਪਰ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਦੀ ਅਣਗਹਿਲੀ (ਹਦਾਇਤਾਂ ਅਨੁਸਾਰ ਇਕਾਂਤਵਾਸ ਨਾ ਕਰਨਾ) ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਦੱਸਿਆ ਜਾਂਦਾ ਹੈ | ਭਾਵੇਂ ਕਿ 22 ਮਾਰਚ ਤੋਂ ਜੁਲਾਈ ਦੇ ਅੱਧ ਤੱਕ 10000 ਤੋਂ ਵੱਧ ਅਮਰੀਕੀ ਸੈਲਾਨੀਆਂ ਨੂੰ ਸਰਹੱਦ ਤੋਂ ਮੋੜਿਆ ਜਾ ਚੁੱਕਾ ਹੈ ਪਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਵੀ ਮੰਨਦੇ ਹਨ ਕਿ ਵਿਸ਼ਾਲ ਸਰਹੱਦ ਤੋਂ ਹਰੇਕ ਨੂੰ ਰੋਕਣਾ ਸੰਭਵ ਨਹੀਂ ਹੈ | ਕਮਾਲ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਰਾਹੀਂ ਸੜਕ ਰਸਤੇ ਅਲਾਸਕਾ ਜਾਣ ਵਾਲੇ ਅਮਰੀਕੀਆਂ ਨੂੰ ਰੋਕਿਆ ਨਹੀਂ ਜਾ ਸਕਦਾ | ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਕੈਨੇਡਾ 'ਚ ਦਾਖਲ ਹੋਣ ਸਮੇਂ ਇਕਾਂਤਵਾਸ ਕਰਨ ਦੇ ਕੀਤੇ ਇਕਰਾਰਾਂ ਦੀ ਉਲੰਘਣਾ ਕਰਦੇ ਹਨ | ਵਪਾਰ ਵਾਸਤੇ ਸਰਹੱਦ ਖੁੱਲ੍ਹੀ ਹੈ ਜਿੱਥੋਂ ਹਰੇਕ ਹਫ਼ਤੇ ਪੌਣੇ ਦੋ ਲੱਖ ਤੋਂ ਵੱਧ ਟਰੱਕ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ ਹਨ | ਟਰੱਕ ਡਰਾਈਵਰਾਂ ਤੋਂ ਬਿਨਾਂ ਹਰੇਕ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਹੈ | ਪੁਲਿਸ ਵਲੋਂ ਛਾਪੇ ਮਾਰ ਕੇ ਕੁਝ ਵਿਅਕਤੀਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ ਜਿਵੇਂ ਕਿ ਪਿਛਲੇ ਹਫ਼ਤੇ ਫਲੋਰੀਡਾ ਤੋਂ ਾਟਾਰੀਓ ਆਏ ਬਜ਼ੁਰਗ ਜੋੜੇ ਨੂੰ ਇਕਾਂਤਵਾਸ ਨਾ ਕਰਨ ਕਰਕੇ ਜੁਰਮਾਨਾ ਕੀਤਾ ਗਿਆ ਸੀ | ਅਲਾਸਕਾ ਜਾਂਦੇ ਸਮੇਂ ਅਲਬਰਾਟਾ ਵਿਖੇ ਬੈਂਫ ਨੈਸ਼ਨਲ ਪਾਰਕ 'ਚ ਰੁਕ ਕੇ ਮੌਜ-ਮਸਤੀ ਕਰਨ ਵਾਲੇ ਦਰਜਨਾਂ ਅਮਰੀਕੀਆਂ ਨੂੰ ਵੀ ਜੁਰਮਾਨੇ ਕੀਤੇ ਜਾ ਚੁੱਕੇ ਹਨ |

  ਚੰਡੀਗੜ੍ਹ, 21 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੀ ਸਮਰਥਕ ਵੀਰਪਾਲ ਕੌਰ ਤੇ ਇਕ ਨਿੱਜੀ ਚੈਨਲ ਦੇ ਇਕ ਪੱਤਰਕਾਰ ਤੇ ਚੈਨਲ ਦੇ ਨਿਗਰਾਨ ਸਟਾਫ ਨੰੂ ਫੌਜਦਾਰੀ ਮਾਣਹਾਨੀ ਦਾ ਨੋਟਿਸ ਭੇਜਿਆ ਕਿਉਂਕਿ ਉਨ੍ਹਾਂ ਨੇ ਸੁਖਬੀਰ ਖਿਲਾਫ਼ ਮਾਣਹਾਨੀ ਭਰੀ ਤੇ ਅਪਮਾਨਜਨਕ ਖਬਰ ਪ੍ਰਸਾਰਿਤ ਕੀਤੀ ਸੀ | ਇਸ ਗੱਲ ਦੀ ਜਾਣਕਾਰੀ ਇਥੇ ਇਕ ਵਰਚੁਅਲ ਪ੍ਰੈਸ ਕਾਨਫ਼ਰੰਸ ਵਿਚ ਦਿੰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਫੌਜਦਾਰੀ ਮਾਣਹਾਨੀ ਨੋਟਿਸ ਵਿਚ ਵੀਰਪਾਲ ਕੌਰ ਅਤੇ ਚੈਨਲ ਦੇ ਇਕ ਪੱਤਰਕਾਰ, ਕਾਰਜਕਾਰੀ ਸੰਪਾਦਕ ਤੇ ਪ੍ਰਬੰਧਕੀ ਸੰਪਾਦਕ ਸਮੇਤ ਨਿਗਰਾਨ ਸਟਾਫ ਨੰੂ ਕਿਹਾ ਹੈ ਕਿ ਉਹ ਲਿਖਤੀ ਮੁਆਫੀ ਜੋ ਕਿ ਚੈਨਲ ਵਲੋਂ ਇਹ ਨੋਟਿਸ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ-ਅੰਦਰ ਪ੍ਰਸਾਰਿਤ ਕਰਨ | ਡਾ. ਚੀਮਾ ਨੇ ਕਿਹਾ ਕਿ ਜੇਕਰ ਇਹ ਅਜਿਹਾ ਕਰਨ ਵਿਚ ਅਸਫਲ ਰਹੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਦਾਲਤ ਰਾਹੀਂ ਨਿਆਂ ਲੈਣ ਦੇ ਹੱਦਕਾਰ ਹੋਣਗੇ | ਨੋਟਿਸ ਦੇ ਮੁਤਾਬਕ ਵੀਰਪਾਲ ਕੌਰ ਨੇ 2022 ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਵਿਰੋਧੀਆਂ ਦੇ ਨਾਲ ਰਲ ਕੇ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਅਤੇ ਅਕਾਲੀ ਦਲ ਦੇ ਅਕਸ ਨੰੂ ਵੱਡੀ ਢਾਹ ਲਾਉਣ ਦਾ ਯਤਨ ਕੀਤਾ | ਨੋਟਿਸ ਵਿਚ ਕਿਹਾ ਗਿਆ ਕਿ ਨਿੱਜੀ ਚੈਨਲ ਨੇ ਅਪਮਾਨਜਨਕ, ਨਿਰਾਧਾਰ ਤੇ ਝੂਠੀ ਖਬਰ ਪ੍ਰਸਾਰਿਤ ਕੀਤੀ ਹਾਲਾਂਕਿ ਉਹ ਜਾਣਦੇ ਸਨ ਕਿ ਇਹ ਜਾਣਕਾਰੀ ਬਿਲਕੁਲ ਗਲਤ ਹੈ | ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਨੇ ਵਕੀਲਾਂ ਦੀ ਇਕ ਅੰਦਰੂਨੀ ਕਮੇਟੀ ਸਥਾਪਿਤ ਕੀਤੀ ਹੈ ਜੋ ਸੋਸ਼ਲ ਮੀਡੀਆ ਸਮੇਤ ਮੀਡੀਆ ਦੀ ਨਿਯਮਿਤ ਆਧਾਰ 'ਤੇ ਘੋਖ ਕਰੇਗੀ ਤੇ ਜੋ ਕੋਈ ਵੀ ਪਾਰਟੀ ਅਤੇ ਇਸਦੇ ਆਗੂਆਂ ਦੇ ਖਿਲਾਫ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾਏਗਾ, ਉਸਦੇ ਖਿਲਾਫ ਕੇਸ ਦਾਇਰ ਕਰੇਗੀ | ਹਾਲਾਂਕਿ ਮੌਕੇ 'ਤੇ ਹੀ ਉਕਤ ਇਕ ਨਿੱਜੀ ਚੈਨਲ ਤੇ ਨੁਮਾਇੰਦੇ ਨੇ ਪੱਖ ਰੱਖਦੇ ਹੋਏ ਕਿਹਾ ਕਿ ਮੀਡੀਆ ਹਰ ਪਾਰਟੀ ਅਤੇ ਧਿਰ ਦੀ ਗੱਲ ਰੱਖਣ ਲਈ ਆਜ਼ਾਦ ਹੈ |

  ਟੋਰਾਂਟੋ, (ਹਰਜੀਤ ਸਿੰਘ ਬਾਜਵਾ)- ਕੋਰੋਨਾ ਦਾ ਡਰ ਦੁਨੀਆ ਭਰ 'ਚ ਏਨਾ ਵਧਿਆ ਹੋਇਆ ਹੈ ਕਿ ਅੱਜ-ਕੱਲ੍ਹ ਇੱਥੇ ਕਈ ਵੱਡੇ ਸਟੋਰਾਂ, ਅਦਾਰਿਆਂ, ਫ਼ੈਕਟਰੀਆਂ ਅਤੇ ਹੋਰ ਕਈ ਥਾਵਾਂ 'ਤੇ ਸਰੀਰਕ ਤਾਪ ਚੈੱਕ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਕਿ ਕੋਰੋਨਾ ਜਿਹੀ ਮਹਾਂਮਾਰੀ ਦੇ ਖ਼ਤਰੇ ਨੂੰ ਅਗਾਉਂ ਹੀ ਟਾਲਿਆ ਜਾ ਸਕੇ | ਪਤਾ ਲੱਗਾ ਹੈ ਕਿ ਉਕਤ ਅਦਾਰਿਆਂ, ਫ਼ੈਕਟਰੀਆਂ ਦੇ ਕਰਮਚਾਰੀਆਂ ਨੂੰ ਇਹ ਸਖ਼ਤ ਹਦਾਇਤਾਂ ਦਿੱਤੀਆਂ ਹੁੰਦੀਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਸਰੀਰਕ ਤਾਪ ਚੈੱਕ ਕਰਵਾਏ ਬਗੈਰ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਬਿਨਾਂ ਉਕਤ ਅਦਾਰੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਜੇਕਰ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਹੈ ਜਾਂ ਫਿਰ ਕਿਸੇ ਨੂੰ ਬੁਖ਼ਾਰ, ਖੰਘ ਜਾਂ ਜ਼ੁਕਾਮ ਆਦਿ ਦੀ ਸ਼ਿਕਾਇਤ ਵੇਖਣ ਨੂੰ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ 'ਚ ਜਾਣ ਦੀ ਸਲਾਹ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ |

  ਅੰਮ੍ਰਿਤਸਰ - 267 ਲਾਪਤਾ ਪਾਵਨ ਸਰੂਪ ਮਾਮਲੇ ਵਿਚ ਮੁੱਖ ਸ਼ਿਕਾਇਤਕਰਤਾ ਧਿਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਇਸ ਮਾਮਲੇ ਸਬੰਧੀ ਲੋੜੀਂਦੇ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣਗੇ ਤਾਂ ਜੋ ਇਸ ਮਾਮਲੇ ਵਿਚ ਹੋਣ ਵਾਲੀ ਜਾਂਚ ਵਿਚ ਸਹਾਇਤਾ ਕੀਤੀ ਜਾ ਸਕੇ। ਸੰਗਠਨ ਨੇ ਸ੍ਰੀ ਅਕਾਲ ਤਖ਼ਤ ਵਲੋਂ ਜਾਂਚ ਲਈ ਨਾਮਜ਼ਦ ਕੀਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨਵਿਤਾ ਸਿੰਘ ਬਾਰੇ ਤਸੱਲੀ ਪ੍ਰਗਟਾਈ ਹੈ।
  ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ 267 ਪਾਵਨ ਸਰੂਪ ਘੱਟ ਹੋਣ ਦਾ ਇਹ ਮਾਮਲਾ ਬੀਤੇ ਦਿਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਉਭਾਰਿਆ ਗਿਆ ਸੀ। ਸੰਗਠਨ ਦੇ ਮੁੱਖ ਜਾਂਚਕਰਤਾ ਸਰਬਜੀਤ ਸਿੰਘ ਵੇਰਕਾ ਨੇ ਸ੍ਰੀ ਅਕਾਲ ਤਖ਼ਤ ਵਲੋਂ ਇਸ ਮਾਮਲੇ ਦੀ ਜਾਂਚ ਬਾਹਰੋਂ ਕਰਾਉਣ ਅਤੇ ਇਸ ਦੀ ਜਾਂਚ ਹਾਈਕੋਰਟ ਦੀ ਸਾਬਕਾ ਜੱਜ ਨੂੰ ਦਿੱਤੇ ਜਾਣ ’ਤੇ ਤਸੱਲੀ ਪ੍ਰਗਟਾਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਕਿਸੇ ਅੰਦਰੂਨੀ ਮਾਮਲੇ ਦੀ ਬਾਹਰੋਂ ਜਾਂਚ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਕੋਲ ਕਈ ਪੁਖਤਾ ਸਬੂਤ ਅਤੇ ਦਸਤਾਵੇਜ਼ ਹਨ। ਇਸੇ ਤਰ੍ਹਾਂ ਲਾਪਤਾ ਹੋਏ ਲਗਪਗ 60 ਸਰੂਪਾਂ ਬਾਰੇ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਹੈ। ਇਹ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣਗੇ।
  ਸੰਗਠਨ ਆਗੂ ਨੇ ਇਕ ਮੁੱਦੇ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਾਬਕਾ ਜੱਜ ਨੂੰ ਜਾਂਚ ਵਿਚ ਸਹਿਯੋਗ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਥਾਂ ਆਪਣੀ ਮਰਜ਼ੀ ਦਾ ਅਮਲਾ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤਾਂ ਜੋ ਜਾਂਚ ਨਿਰਪੱਖ ਢੰਗ ਨਾਲ ਹੋ ਸਕੇ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਿਰਫ 267 ਸਰੂਪ ਹੀ ਰਿਕਾਰਡ ਵਿਚੋਂ ਘੱਟ ਨਹੀਂ ਹਨ ਸਗੋਂ ਇਸ ਤੋਂ ਵੀ ਵੱਧ ਸਰੂਪ ਘੱਟ ਹੋ ਸਕਦੇ ਹਨ। ਹੁਣ ਵਾਲੀ ਜਾਂਚ ਵਿਚ ਸਹਿਯੋਗ ਦੇਣ ਲਈ ਤਿਲੰਗਾਨਾ ਹਾਈ ਕੋਰਟ ਦੇ ਵਕੀਲ ਭਾਈ ਈਸ਼ਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਇਕ ਮਹੀਨੇ ਵਿਚ ਮੁਕੰਮਲ ਕਰਨ ਲਈ ਆਖਿਆ ਗਿਆ ਹੈ।
  ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨਵਿਤਾ ਸਿੰਘ ਵਲੋਂ ਜਲਦੀ ਹੀ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਜਸਟਿਸ ਨਵਿਤਾ ਸਿੰਘ ਨੇ ਦਿੱਤੀ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸੂਚਨਾ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਹਾਲੇ ਪੱਤਰ ਨਹੀਂ ਮਿਲਿਆ। ਪੱਤਰ ਮਿਲਣ ਮਗਰੋਂ ਉਹ ਜਾਂਚ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੇ।
  ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਆਖਿਆ ਕਿ ਜਦੋਂ ਤਕ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਇਸ ਮਾਮਲੇ ਵਿਚ ਕਿਸੇ ਨੂੰ ਵੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਖਾਲਸਾ ਨੇ ਆਖਿਆ ਕਿ ਸ੍ਰੀ ਢੀਂਡਸਾ ਇਸ ਮਾਮਲੇ ਨੂੰ ਰਾਜਸੀ ਰੰਗਤ ਦੇ ਰਹੇ ਹਨ ਜਦਕਿ ਇਹ ਬੇਅਦਬੀ ਦਾ ਮਾਮਲਾ ਨਹੀਂ ਸਗੋਂ ਅਣਗਹਿਲੀ ਹੈ।

  ਚੰਡੀਗੜ੍ਹ - ਸਿੱਖ ਵਿਚਾਰ ਮੰਚ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਦੀ ਸ਼ਲਾਂਘਾ ਕੀਤੀ ਹੈ ਕਿ ੱਸਿਖ ਪੰਥ ਅਤੇ ਸਿਖ ਸੰਸਥਾਵਾਂ ਇਕ ਵਾਰ ਫਿਰ ਵੱਡੇ ਸਰਕਾਰੀ ਹਮਲੇ ਦੀ ਮਾਰ ਹੇਠ ਹਨ। ਜਿਵੇਂ ਕੌਮੀ ਖੁਫੀਆ ਏਜੰਸੀ ਸ਼ਰੇਆਮ ਸਿਖ ਬਚਿਆ ਨੂੰ ਚੁਕ ਕੇ ਉਨ੍ਹਾਂ ਨੂੰ ਪੁਲਸੀ ਤਸ਼ਦਦ ਦਾ ਸ਼ਿਕਾਰ ਣਾ ਰਹੀ ਐਨ ਉਸੇ ਤਰ੍ਹਾਂ ਧਾਰਮਿਕ ਕੱਟੜਤਾ ਦੀ ਪੈਰੋਕਾਰ ਆਰ. ਐਸ. ਐਸ. ਦੇ ਪ੍ਰਭਾਵ ਹੇਠਲੀ ਪੰਜਾਬ ਦੀ ਸਰਕਾਰੀ ਅਫਸਰਸ਼ਾਹੀ ਸਾਰੀਆਂ ਸਥਾਪਿਤ ਮਨੁਖੀ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਕੇ ਸਤਿਕਾਰਯੋਗ ਸਿਖ ਸ਼ਖਸ਼ੀਅਤਾਂ ਨੂੰ ਲਗਾਤਾਰ ਜਲੀਲ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਆਪਣੇ ਨੌਕਰਾਂ ਵਾਲਾ ਵਿਹਾਰ ਕਰ ਰਹੀ ਹੈ। ਜਿਵੇਂ ਹਰਦੁਆਰ ਅਤੇ ਜਗਨਨਾਥ ਪੁਰੀ ਵਿਖੇ ਸਿਖਾਂ ਦੇ ਇਤਿਹਾਸਕ ਗੁਰਦਵਾਰੇ ਢਾਹੇ ਗਏ ਹਨ ਐਨ ਇਸੇ ਤਰ੍ਹਾਂ ਪੰਜਾਬ ਅੰਦਰ ਦਹਾਕਿਆਂ ਪੁਰਾਣੇ ਬੜੀ ਮਿਹਨਤ ਨਾਲ ਬਣਾਏ ਗਏ ਸਿਖ ਅਦਾਰਿਆਂ ਉਤੇ ਕਬਜਾ ਕਰਨ ਦੀਆਂ ਸਾਜਿਸ਼ਾਂ ਰਚੀਆ ਜਾ ਰਹੀਆ ਹਨ। ਇਸ ਵੇਲੇ ਵੀਹਵੀਂ ਸਦੀ ਦੇ ਮਹਾਨ ਸੰਤ ਅਤਰ ਸਿੰਘ ਮਸਤੂਆਣਾ ਜੀ ਦੇ ਗੁਰਮਤਿ ਨਿਸ਼ਾਨੇ ਨੂੰ ਮੁਖ ਰਖ ਕੇ ਸੰਗਰੂਰ ਵਿਖੇ ਬਣਿਆ ਲੜਕੀਆਂ ਦਾ ਅਕਾਲ ਡਿਗਰੀ ਕਾਲਜ ਇਨ੍ਹਾਂ ਸਾਜਿਸ਼ਾਂ ਦੀ ਮਾਰ ਹੇਠ ਹੈ। ਜਿਹੜਾ ਕਿ ਕਾਲਜ ਦੀ ਪ੍ਰਾਈਵੇਟ ਮੈਨੇਜਮੈਂਟ ਅਧੀਨ ਬਹੁਤ ਸਫਲਤਾ ਪੂਰਵਕ ਚਲ ਰਿਹਾ ਹੈ।
  ਪਿਛਲੇ ਪੰਜਾਹ ਸਾਲਾਂ ਵਿਚ ਇਲਾਕੇ ਦੀਆਂ 30 ਹਜ਼ਾਰ ਤੋਂ ਵਧੇਰੇ ਪੇਂਡੂ, ਗਰੀਬ ਅਤੇ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਤਾਲੀਮ ਹਾਸਲ ਕਰਵਾਉਣ ਵਾਲੇ ਇਸ ਅਦਾਰੇ ਨੂੰ ਇਸ ਦੀ ਮੈਨੇਜਮੈਂਟ ਕੋਲੋ ਖੋਹ ਕੇ ਅਫਸਰਸ਼ਾਹੇ ਇਸ ਦੀ ਕਰੋੜਾਂ-ਅਰਬਾਂ ਰੁਪਏ ਦੀ ਜਾਇਦਾਦ ਹੜਪਣਾ ਚਾਹੁੰਦੀ ਹੈ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਮੀਨ ਕੌਰ ਸਿਧੂ ਪਤਨੀ ਸ. ਮਨਦੀਪ ਸਿੰਘ ਸਿਧੂ ਐਸ. ਐਸ. ਪੀ. ਪਟਿਆਲਾ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਨੂੰ ਵਾਰ ਵਾਰ ਜਲੀਲ ਕਰ ਰਹੀ ਹੈ। ਧਿਆਨ ਰਹੇ ਕਿ ਇਨ੍ਹਾਂ ਕਮੇਟੀ ਮੈਂਬਰਾਂ ਨੇ ਸਾਰੀ ਉਮਰ ਇਸ ਕਾਲਜ ਨੂੰ ਬਣਾਉਣ ਅਤੇ ਇਸ ਪਧਰ ਉਤੇ ਪਹੁੰਚਾਉਣ ਵਿਚ ਮੁਖ ਭੂਮਿਕਾ ਨਿਭਾਈ ਹੈ। ਇਸ ਕਾਰਣ ਹੀ ਵਿਦਿਆਰਥਣਾਂ, ਸਾਬਕਾ ਵਿਦਿਆਰਥਣਾਂ ਅਤੇ ਇਲਾਕੇ ਵਿਚ ਇਸ ਕਮੇਟੀ ਦਾ ਬਹੁਤ ਸਤਿਕਾਰ ਹੈ। ਇਕ ਪੂਰੀ ਗਿਣੀਮਿਥੀ ਸਾਜਿਸ਼ ਅਧੀਨ ਪੰਜਾਬ ਸਰਕਾਰ ਦੀ ਉਚ ਸਿਖਿਆ ਸਕਤਰ ਨੇ ਕਾਲਜ ਦੀ ਮੈਨੇਜਮੈਂਟ ਭੰਗ ਕਰ ਕੇ ਸੰਗਰੂਰ ਦੇ ਏ. ਡੀ. ਸੀ. ਨੂੰ ਕਾਲਜ ਦੀ ਪ੍ਰਬੰਧਕ ਥਾਪ ਦਿਤਾ। ਅਹੁਦੇ ਦਾ ਇਕ ਵਧੀਕ ਡਿਪਟੀ ਕਮਿਸ਼ਨਰ (ਜਨਤਾ ਦਾ ਨੌਕਰ) ਸੰਗਰੂਰ ਮੈਨੇਜਮੈਂਟ ਕਮੇਟੀ ਨੂੰ ਇੰਝ ਮੁਖਾਤਿਬ ਹੋ ਰਿਹਾ ਹੈ, ਜਿਵੇਂ ਉਹ ਜਰਾਇਮ ਪੇਸ਼ਾ ਮੁਜਰਿਮ ਹੋਣ ਅਤੇ ਇਸ ਦੇ ਹੁਕਮਾਂ ਉਤੇ ਹਾਜਰ ਹੋਣਾ ਉਨ੍ਹਾਂ ਦੀ ਜਿੰਮੇਵਾਰੀ ਹੋਵੇ। ਜਦੋਂ ਕਿ ਇਸ ਦਾ ਸਰਕਾਰੀ ਫਰਜ ਇਹ ਬਣਦਾ ਹੈ ਕਿ ਇਹ ਆਪ ਉਨ੍ਹਾਂ ਬਜੁਰਗਾਂ ਕੋਲ ਹਾਜਰ ਹੋ ਕੇ ਲੋੜੀਂਦੀ ਜਾਣਕਾਰੀ ਹਾਸਲ ਕਰੇ।
  ਸਿਖ ਵਿਚਾਰ ਮੰਚ ਚੰਡੀਗੜ੍ਹ ਨੇ ਕਿਹਾ ਹੈ ਕਿ ਇਸ ਸਬੰਧੀ ਅਸੀਂ ਇਕ ਚਿਠੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਕੇ ਉਨ੍ਹਾਂ ਦਾ ਧਿਆਨ ਇਸ ਧਕੇਸ਼ਾਹੀ ਵੱਲ ਦੁਆਇਆ ਸੀ। ਹੁਣ ਅਸੀਂ ਜਲਦੀ ਤੋਂ ਜਲਦੀ ਮਿਲ ਕੇ ਉਨ੍ਹਾਂ ਦਾ ਧਿਆਨ ਇਸ ਧਕੇਸ਼ਾਹੀ ਵੱਲ ਦੁਆਉਣ ਦਾ ਯਤਨ ਕਰਾਂਗੇ। ਸਿਖ ਵਿਚਾਰ ਮੰਚ ਨੇ ਸਮੂਹ ਪੰਜਾਬ ਹਿਤੈਸ਼ੀਆਂ ਨੂੰ ਸੱਦਾ ਦਿਤਾ ਹੈ ਉਹ ਅਗੇ ਆ ਕੇ ਇਸ ਅਦਾਰੇ ਨੂੰ ਬਚਾਉਣ ਦੇ ਯਤਨ ਕਰਨ ਤਾਂ ਜੋ ਆਰ. ਐਸ. ਐਸ. ਦੀਆਂ ਪੰਜਾਬ ਅਤੇ ਸਿਖ ਮਾਰੂ ਸਾਜਿਸ਼ਾਂ ਨੂੰ ਠਲ ਪਾਈ ਜਾ ਸਕੇ।
  ਸਾਂਝਾ ਬਿਆਨ ਜਾਰੀ ਕਰਨ ਵਾਲੇ ਲੇਖਕ/ਸਾਹਿਤਕਾਰ ਅਜੈਪਾਲ ਸਿੰਘ ਬਰਾੜ, ਲੇਖਕ/ਸਾਹਿਤਕਾਰ ਰਾਜਵਿੰਦਰ ਸਿੰਘ ਰਾਹੀ, ਰਾਜਵਿੰਦਰ ਸਿੰਘ ਬੈਂਸ ਸੀਨੀਅਰ ਵਕੀਲ ਪੰਜਾਬ ਹਰਿਆਣਾ ਹਾਈ ਕੋਰਟ, ਡਾ. ਕੁਲਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਗਲੋਬਲ ਸਿੱਖ ਸੰਸਥਾ, ਜਸਵਿੰਦਰ ਸਿੰਘ ਰਾਜਪੁਰਾ ਯੂਨਾਈਟਿਡ ਅਕਾਲੀ ਦਲ, ਗੁਰਬਚਨ ਸਿੰਘ ਐਡੀਟਰ ਦੇਸ਼ ਪੰਜਾਬ, ਪ੍ਰੋ: ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਸਪਾਲ ਸਿੰਘ ਸੀਨੀਅਰ ਪੱਤਰਕਾਰ, ਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ, ਸੁਖਦੇਵ ਸਿੰਘ ਸਿੱਧੂ ਸੀਨੀਅਰ ਪੱਤਰਕਾਰ, ਖੁਸ਼ਹਾਲ ਸਿੰਘ ਜਨਰਲ ਸੈਕਟਰੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ।

  ਲੰਡਨ - ਬੱਚੇ ਪੈਦਾ (ਪ੍ਰਜਣਨ) ਦਰ 'ਚ ਗਿਰਾਵਟ ਹੋਣ ਕਾਰਨ ਸਦੀ ਦੇ ਅੰਤ ਤੱਕ ਆਬਾਦੀ ਘੱਟ ਸਕਦੀ ਹੈ | ਸਪੇਨ, ਜਪਾਨ ਸਮੇਤ 23 ਦੇਸ਼ਾਂ ਦੀ ਆਬਾਦੀ ਸਾਲ 2100 ਤੱਕ ਅੱਧੀ ਹੋਣ ਦਾ ਖ਼ਦਸ਼ਾ ਹੈ | ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਹੈਲਥ ਮੈਟਰਿਕਸ ਐਾਡ ਇਵੈਲੂਏਸ਼ਨ ਦੀ ਖੋਜ ਅਨੁਸਾਰ ਇਕ ਔਰਤ ਵਲੋਂ ਬੱਚਿਆਂ ਨੂੰ ਜਨਮ ਦੇਣ ਦੀ ਔਸਤ ਸੰਖਿਆ ਘੱਟ ਰਹੀ ਹੈ, ਜੇ ਇਹ ਗਿਣਤੀ 2.1 ਤੋਂ ਘੱਟ ਜਾਂਦੀ ਹੈ ਤਾਂ ਆਬਾਦੀ ਘਟਣੀ ਸ਼ੁਰੂ ਹੋ ਜਾਂਦੀ ਹੈ | 1950 'ਚ ਔਰਤਾਂ ਆਪਣੇ ਜੀਵਨ ਕਾਲ 'ਚ ਔਸਤਨ 4.7 ਬੱਚੇ ਪੈਦਾ ਕਰਦੀਆਂ ਸਨ, ਜਦਕਿ 2017 'ਚ ਇਹ ਦਰ 2.4 ਤੱਕ ਘੱਟ ਗਈ ਹੈ | ਰਿਪੋਰਟ ਅਨੁਸਾਰ ਸੰਨ 2100 ਤੱਕ ਇਹ ਦਰ 1.7 ਤੋਂ ਹੇਠਾਂ ਚੱਲੀ ਜਾਵੇਗੀ | ਜਿਸ ਨਾਲ ਸਦੀ ਦੇ ਅਖੀਰ ਤੱਕ 8.8 ਅਰਬ ਤੱਕ ਗਿਰਾਵਟ ਆਉਣ ਤੋਂ ਪਹਿਲਾਂ 2064 ਤੱਕ ਜਨਸੰਖਿਆ 9.7 ਅਰਬ ਤੱਕ ਰਹਿ ਜਾਵੇਗੀ | ਪ੍ਰੋ: ਕਿ੍ਸਟੋਫਰ ਮਰੇ ਅਨੁਸਾਰ ਇਹ ਵਿਸ਼ਵ ਦੀ ਕੁਦਰਤੀ ਤਬਦੀਲੀ ਕਾਰਨ ਹੈ | ਉਨ੍ਹਾਂ ਕਿਹਾ ਔਰਤ-ਮਰਦ 'ਚ ਪ੍ਰਜਣਨ ਸਮਰੱਥਾ ਦਾ ਇਸ ਦਾ ਕਾਰਨ ਨਹੀਂ ਹਨ | ਇਹ ਜ਼ਿਆਦਾ ਸਿੱਖਿਆ ਅਤੇ ਕੰਮਕਾਜੀ ਔਰਤਾਂ ਜ਼ਿਆਦਾ ਹੋਣ, ਲੋਕਾਂ ਤੱਕ ਗਰਭ ਨਿਰੋਧਕ ਸਾਧਨਾਂ ਦੀ ਜ਼ਿਆਦਾ ਪਹੁੰਚ ਹੋਣਾ ਮੁੱਖ ਕਾਰਨ ਹਨ | ਰਿਪੋਰਟ ਅਨੁਸਾਰ ਜਾਪਾਨ ਦੀ ਆਬਾਦੀ 2017 'ਚ 12.8 ਕਰੋੜ ਤੋਂ ਘੱਟ ਕੇ ਸਦੀ ਦੇ ਅੰਤ ਤੱਕ 5.3 ਕਰੋੜ ਤੋਂ ਘੱਟ ਹੋਣ ਦਾ ਅਨੁਮਾਨ ਹੈ, ਜਦਕਿ 6.1 ਕਰੋੜ ਤੋਂ ਘੱਟ ਕੇ 2.8 ਕਰੋੜ ਤੱਕ ਹੋਣ ਦੀ ਉਮੀਦ ਹੈ | ਸਪੇਨ, ਪੁਰਤਗਾਲ, ਥਾਈਲੈਂਡ ਅਤੇ ਦੱਖਣੀ ਕੋਰੀਆ ਦੀ ਆਬਾਦੀ ਅੱਧੀ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਮੰਨੀ ਗਈ ਹੈ | ਮੌਜੂਦਾ ਸਮੇਂ ਚੀਨ ਦੁਨੀਆ 'ਚ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ, ਜਿਸ ਦੇ 2100 ਤੱਕ ਕਰੀਬ 73.2 ਕਰੋੜ ਤੱਕ ਪਹੁੰਚਣ ਤੋਂ ਚਾਰ ਸਾਲ ਪਹਿਲਾਂ 1.4 ਅਰਬ ਦੇ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ | ਯੂ. ਕੇ. ਦੀ ਜਨਸੰਖਿਆ 2063 'ਚ 7.5 ਕਰੋੜ ਤੱਕ ਪਹੁੰਚਣ ਅਤੇ 2100 ਤੱਕ ਘੱਟ ਕੇ 7.1 ਕਰੋੜ ਤੱਕ 'ਤੇ ਆਉਣ ਦਾ ਅਨੁਮਾਨ ਹੈ | ਅਧਿਐਨ 'ਚ ਦਰਸਾਇਆ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਦੀ ਗਿਣਤੀ 2017 ਦੇ 68.1 ਕਰੋੜ ਤੋਂ ਘੱਟ ਕੇ 2100 ਵਿਚ 40.1 ਕਰੋੜ ਹੋ ਜਾਵੇਗੀ | 80 ਸਾਲ ਦੇ ਬਜ਼ੁਰਗਾਂ ਦੀ ਸੰਖਿਆ 2017 ਦੇ 14.1 ਕਰੋੜ ਤੋਂ ਵੱਧ ਕੇ 2100 'ਚ 86.6 ਕਰੋੜ ਹੋ ਜਾਵੇਗੀ |

  ਨਵੀਂ ਦਿੱਲੀ - ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਬੀਤੇ ਮਹੀਨੇ ਅੱਤਵਾਦੀਆਂ ਵਲੋਂ ਅਗਵਾ ਕੀਤੇ ਗਏ ਸਿੱਖ ਭਾਈਚਾਰੇ ਦੇ ਆਗੂ ਨਿਧਾਨ ਸਿੰਘ ਸੱਚਦੇਵਾ ਨੂੰ ਰਿਹਾਅ ਕਰਵਾ ਲਿਆ ਗਿਆ ਹੈ | ਮੰਤਰਾਲੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀ ਅਫਗਾਨਿਸਤਾਨ ਸਰਕਾਰ ਤੇ ਕਬਾਇਲੀ ਆਗੂਆਂ ਦੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਦੇ ਯਤਨਾ ਸਦਕਾ ਨਿਧਾਨ ਸਿੰਘ ਦੀ ਵਾਪਸੀ ਸੰਭਵ ਹੋ ਸਕੀ | ਅਫਗਾਨਿਸਤਾਨ ਦੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਨੇਤਾ ਸੱਚਦੇਵਾ ਨੂੰ 22 ਜੂਨ ਨੂੰ ਪਕਤੀਆ ਸੂਬੇ ਦੇ ਚਮਕਾਨੀ ਜ਼ਿਲ੍ਹੇ 'ਚੋਂ ਅਗਵਾ ਕਰ ਲਿਆ ਗਿਆ ਸੀ | ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ 'ਚ ਅੱਤਵਾਦੀਆਂ ਵਲੋਂ ਆਪਣੇ ਬਾਹਰੀ ਹਮਾਇਤੀਆਂ ਦੇ ਇਸ਼ਾਰੇ 'ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਤੇ ਅੱਤਿਆਚਾਰ ਕਰਨਾ ਚਿੰਤਾ ਦਾ ਵਿਸ਼ਾ ਹੈ | ਜ਼ਿਕਰਯੋਗ ਹੈ ਕਿ ਭਾਰਤ ਨੇ ਕੁਝ ਚਿਰ ਪਹਿਲਾਂ ਅਫਗਾਨਿਸਤਾਨ 'ਚ ਸੁਰੱਖਿਆ ਖਤਰੇ ਦਾ ਸਾਹਮਣਾ ਕਰ ਰਹੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਸੀ |

  ਸੈਕਰਾਮੈਂਟੋ - ਵਿਸ਼ਵ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ 1 ਕਰੋੜ 40 ਲੱਖ ਦਾ ਅੰਕੜਾ ਪਾਰ ਕਰ ਲਿਆ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਪਿਛਲੇ 100 ਘੰਟਿਆਂ 'ਚ 10 ਲੱਖ ਨਵੇਂ ਕੇਸ ਸਾਹਮਣੇ ਆਏ ਹਨ | ਚੀਨ 'ਚ ਜਨਵਰੀ 2019 ਦੇ ਸ਼ੁਰੂ 'ਚ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਸੀ ਅਤੇ 10 ਲੱਖ ਕੇਸਾਂ ਦੇ ਅੰਕੜੇ ਤੱਕ ਪਹੁੰਚਣ 'ਚ ਤਿੰਨ ਮਹੀਨੇ ਲੱਗੇ ਸਨ ਪਰ 13 ਜੁਲਾਈ ਨੂੰ ਦਰਜ ਕੀਤੇ ਗਏ 1 ਕਰੋੜ 30 ਲੱਖ ਮਾਮਲਿਆਂ ਤੋਂ 1 ਕਰੋੜ 40 ਲੱਖ ਤੱਕ ਪੁੱਜਣ ਲਈ ਲਈ ਸਿਰਫ਼ ਚਾਰ ਦਿਨ ਲੱਗੇ ਹਨ | ਅਮਰੀਕਾ 36 ਲੱਖ ਤੋਂ ਵੱਧ ਪਾਜ਼ੀਟਿਵ ਕੇਸਾਂ ਨਾਲ ਅਜੇ ਵੀ ਕੋਵਿਡ-19 ਮਾਮਲਿਆਂ ਦੀ ਆਪਣੀ ਪਹਿਲੀ ਲਹਿਰ 'ਚ ਰੋਜ਼ਾਨਾ ਖ਼ਤਰੇ ਦੀਆਂ ਛਾਲਾਂ ਮਾਰ ਰਿਹਾ ਹੈ | ਅਮਰੀਕਾ ਨੇ ਵੀਰਵਾਰ ਨੂੰ ਇਕੋ ਦਿਨ 77,000 ਤੋਂ ਵੱਧ ਨਵੇਂ ਮਾਮਲਿਆਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ ਹੈ ਜਦੋਂ ਕਿ ਸਵੀਡਨ 'ਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 77,281 ਕੇਸ ਦਰਜ ਕੀਤੇ ਗਏ ਹਨ | ਬਹੁਤ ਸਾਰੇ ਮਾਮਲਿਆਂ ਦੇ ਬਾਵਜੂਦ, ਦੇਸ਼ 'ਚ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਮਾਸਕ ਪਾਉਣ ਤੋਂ ਬਾਅਦ ਇਕ ਸੱਭਿਆਚਾਰਕ ਪਾੜਾ ਵੀ ਵਧ ਰਿਹਾ ਹੈ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਸਦੇ ਸਾਥੀਆਂ ਨੇ ਮਾਸਕ ਪਹਿਨਣ ਦਾ ਭਰਪੂਰ ਸਮਰਥਨ ਕੀਤਾ ਪਰ ਨਾਲ ਹੀ ਸਾਧਾਰਨ ਆਰਥਿਕ ਸਰਗਰਮੀਆਂ ਅਤੇ ਸਕੂਲ ਮੁੜ ਖੋਲ੍ਹਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ | ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਵਿਆਪੀ ਪੱਧਰ 'ਤੇ ਮਾਮਲਿਆਂ ਦੀ ਗਿਣਤੀ ਹਰ ਸਾਲ ਦਰਜ ਕੀਤੀ ਜਾ ਰਹੀ ਗੰਭੀਰ ਇਨਫਲੂਐਨਜ਼ਾ ਬਿਮਾਰੀਆਂ ਨਾਲੋਂ ਤਿੰਨ ਗੁਣਾ ਹੈ | ਮਹਾਂਮਾਰੀ ਨੇ ਹੁਣ ਤਕ ਤਕਰੀਬਨ 7 ਮਹੀਨਿਆਂ 'ਚ 6 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ, ਜੋ ਵਿਸ਼ਵ ਵਿਆਪੀ ਤੌਰ 'ਤੇ ਰਿਪੋਰਟ ਕੀਤੀ ਗਈ ਸਾਲਾਨਾ ਇਨਫਲੂਐਨਜ਼ਾ ਮੌਤ ਦੇ ਅੰਕੜੇ ਤੋਂ ਵੀ ਵੱਧ ਹੋਣ ਵੱਲ ਜਾ ਰਿਹਾ ਹੈ | ਪਹਿਲੀ ਮੌਤ 10 ਜਨਵਰੀ ਨੂੰ ਚੀਨ ਦੇ ਵੁਹਾਨ 'ਚ ਹੋਈ ਸੀ, ਬਾਅਦ 'ਚ ਮੌਤਾਂ ਦੇ ਮਾਮਲਿਆਂ 'ਚ ਯੂਰਪ ਅਤੇ ਅਮਰੀਕਾ ਵਿਚ ਵਾਧਾ ਹੋਇਆ ਸੀ | ਸਰਕਾਰੀ ਰਿਪੋਰਟਾਂ ਦੇ ਆਧਾਰ 'ਤੇ ਬਣੀ ਸੂਚੀ ਦਰਸਾਉਂਦੀ ਹੈ ਕਿ ਬਿਮਾਰੀ ਅਮਰੀਕਾ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ, ਜਿਹੜੀ ਦੁਨੀਆ ਦੇ ਅੱਧੇ ਤੋਂ ਵੱਧ ਲਾਗਾਂ ਅਤੇ ਇਸ ਦੀਆਂ ਅੱਧ ਮੌਤਾਂ ਲਈ ਜ਼ਿੰਮੇਵਾਰ ਹੈ | ਬ੍ਰਾਜ਼ੀਲ 'ਚ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਸਮੇਤ 20 ਲੱਖ ਤੋਂ ਵੱਧ ਲੋਕਾਂ ਦੇ ਪਾਜ਼ੀਟਿਵ ਟੈਸਟ ਆਏ ਹਨ ਅਤੇ 76,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ | ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਖੋਜ ਹੀ ਦੁਨੀਆ ਲਈ ਕੋਰੋਨਾ ਮਹਾਂਮਾਰੀ ਤੋਂ ਛੁਟਕਾਰੇ ਦੀ ਇਕੋ-ਇਕ ਉਮੀਦ ਹੈ |

  ਜਲੰਧਰ - ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਮਾਮਲੇ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੇ ਬਚਾਅ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅੱਗੇ ਆਏ। ਉਨ੍ਹਾਂ ਆਖਿਆ ਕਿ ਕਾਂਗਰਸੀ ਆਗੂ ਤੇ ਸੁਖਦੇਵ ਸਿੰਘ ਢੀਂਡਸਾ ਕੋਲ ਕੋਈ ਮੁੱਦਾ ਨਹੀਂ ਹੈ। ਇਸ ਲਈ ਜਾਣ-ਬੁੱਝ ਕੇ ਸ੍ਰੀ ਬਾਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਦੀ ਕੋਈ ਭੂਮਿਕਾ ਨਹੀਂ ਹੈ। ਸ੍ਰੀ ਰੋਮਾਣਾ ਨੇ ਆਖਿਆ ਕਿ ਸੁਖਬੀਰ ਬਾਦਲ ’ਤੇ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਦੋਸ਼ ਲਾਉਣ ਵਾਲੀ ਡੇਰੇ ਦੀ ਇਕ ਪੈਰੋਕਾਰ ਵੀ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ। ਉਹ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਵਿਰੁੱਧ ਸਵਾਂਗ ਰਚਣ ਦਾ ਮਾਮਲਾ ਮਈ 2007 ਵਿੱਚ ਦਰਜ ਹੋਇਆ ਸੀ। ਇਸ ਕੇਸ ਵਿੱਚ ਤਕਨੀਕੀ ਖ਼ਾਮੀ ਕਰਕੇ ਪੰਜਾਬ ਪੁਲੀਸ ਨੇ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਵਿਰੁੱਧ ਚੱਲਦੇ ਕੇਸ ਵਿੱਚ ਤਕਨੀਕੀ ਖਾਮੀ ਵੀ ਸ਼ਿਕਾਇਤਕਰਤਾ ਵੱਲੋਂ ਹੀ ਰਹੀ ਸੀ, ਕਿਉਂਕਿ ਸ਼ਿਕਾਇਤਕਰਤਾ ਨੇ ਸਲਾਬਤਪੁਰਾ ਵਿੱਚ ਵਾਪਰੀ ਘਟਨਾ ਦੀ ਜੋ ਤਾਰੀਕ ਦੱਸੀ ਸੀ, ਉਹ ਘਟਨਾ ਉਸ ਤਾਰੀਕ ਨੂੰ ਨਹੀਂ ਸੀ ਵਾਪਰੀ। ਇਸੇ ਲਈ ਸੈਸ਼ਨ ਕੋਰਟ ਨੇ ਪੁਲੀਸ ਵੱਲੋਂ ਖਾਮੀ ਬਾਰੇ ਦਿੱਤੀਆਂ ਦਲੀਲਾਂ ਨੂੰ ਮੰਨ ਲਿਆ ਸੀ ਪਰ ਡੇਰਾ ਮੁਖੀ ਨੂੰ ਅਦਾਲਤ ਨੇ ਡਿਸਚਾਰਜ ਨਹੀਂ ਸੀ ਕੀਤਾ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹਾਈ ਕੋਰਟ ਚਲਾ ਗਿਆ ਸੀ ਤੇ ਹੁਣ ਵੀ ਇਹ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਉਨ੍ਹਾਂ ਨੂੰ ਜਦੋਂ ਪੁੱਛਿਆ ਕਿ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੋਇਆਂ ਇਸ ਸੰਵੇਦਨਸ਼ੀਲ ਕੇਸ ਵਿੱਚ ਤਕਨੀਕੀ ਖਾਮੀਆਂ ਛੱਡਣ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਹ ਖਾਮੀਆਂ ਸ਼ਿਕਾਇਤਕਰਤਾ ਕੋਲੋਂ ਹੀ ਰਹੀਆਂ ਸਨ ਨਾ ਕਿ ਪੰਜਾਬ ਪੁਲੀਸ ਕੋਲੋਂ।
  ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਜਾਣ-ਬੁੱਝ ਕੇ ਬੇਅਦਬੀ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਵੰਬਰ 2015 ਰਾਸ਼ਟਰਪਤੀ ਕੋਲ ਪਹੁੰਚ ਕਰ ਕੇ ਬੇਅਦਬੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਤੇ ਹੁਣ ਕਾਂਗਰਸ ਮੋੜਾ ਕੱਟ ਗਈ ਹੈ।
  ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ’ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ 2017 ਦੀਆਂ ਚੋਣਾਂ ਵੇਲੇ ਆਪਣੇ ਪੁੱਤਰ ਨੂੰ ਡੇਰੇ ਜਾਣ ਤੋਂ ਕਿਉਂ ਨਹੀਂ ਰੋਕਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਆਪਣੇ ਪੁੱਤਰ ਨੂੰ ਪੰਜਾਬ ਮੰਤਰੀ ਮੰਡਲ ’ਚ ਬਣਿਆ ਕਿਉਂ ਰਹਿਣ ਦਿੱਤਾ ਤੇ ਖੁਦ ਰਾਜ ਸਭਾ ਮੈਂਬਰ ਕਿਉਂ ਬਣੇ? ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਤਰਵਿੰਦਰ ਕੌਰ ਖਾਲਸਾ ਨੇ ਜਿਹੜੀ ਸ਼ਿਕਾਇਤ ਦਿੱਤੀ ਹੈ, ਉਸ ਪਿੱਛੇ ਢੀਂਡਸਾ ਦਾ ਹੱਥ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com