ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐਸ.ਏ.ਐਸ. ਨਗਰ (ਮੁਹਾਲੀ) - ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਸਿਆਸੀ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਨਾਲ ਮਿਲ ਕੇ ਐੱਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਉਹ ਇੱਥੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਕਾਰਕੁਨਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
  ਸ੍ਰੀ ਢੀਂਡਸਾ ਨੇ ਆਖਿਆ ਕਿ ਉਹ ਵਫ਼ਾਦਾਰ ਵਰਕਰਾਂ ਦੇ ਪ੍ਰਧਾਨ ਹਨ ਜਦੋਂਕਿ ਸੁਖਬੀਰ ਬਾਦਲ ਵਪਾਰੀਆਂ ਦੇ ਅਕਾਲੀ ਦਲ ਦੇ ਪ੍ਰਧਾਨ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਰਕਰਾਂ ’ਤੇ ਜਬਰੀ ਕੋਈ ਫੈਸਲਾ ਨਹੀਂ ਥੋਪਣਗੇ ਸਗੋਂ ਸਾਰੇ ਫੈਸਲੇ ਵਰਕਰਾਂ ਦੀ ਸਲਾਹ ਨਾਲ ਕੀਤੇ ਜਾਣਗੇ। ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾ ਕੇ ਕਸੂਰਵਾਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸੀਨੀਅਰ ਅਕਾਲੀ ਅਤੇ ਕਾਂਗਰਸੀ ਆਗੂ ਅਸਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਵਿਰਕ ਅਤੇ ਅਮਨਦੀਪ ਸਿੰਘ ਆਬਿਆਨਾ ਜਥੇਦਾਰ ਸੁਰਿੰਦਰ ਸਿੰਘ ਕਲੇਰ, ਮੀਤ ਪ੍ਰਧਾਨ ਜਥੇਦਾਰ ਕਰਮ ਸਿੰਘ, ਸਰਕਲ ਸ਼ਹਿਰੀ ਪ੍ਰਧਾਨ ਡਾ. ਮੇਜਰ ਸਿੰਘ, ਸਰਕਲ ਪ੍ਰਧਾਨ ਸੰਤੋਖ ਸਿੰਘ, ਸਰਕਲ ਦਿਹਾਤੀ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਆਗੂ ਜਸਵਿੰਦਰ ਸਿੰਘ ਵਿਰਕ ਆਦਿ ਹਾਜ਼ਰ ਸਨ।

  ਬਟਾਲਾ - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੁਸ਼ਾਕ ਦੇਣ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੋਂ ਛੇਕਿਆ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਰਾਮ ਰਹੀਮ ਨੂੰ 2007 ਵਿਚ ਪੁਸ਼ਾਕ ਪਾ ਕੇ ਦਸਵੇਂ ਪਾਤਸ਼ਾਹ ਦਾ ਸਵਾਂਗ ਰਚਾਉਣ ’ਤੇ ਪੰਥ ਤੋਂ ਛੇਕਿਆ ਜਾ ਸਕਦਾ ਹੈ ਤਾਂ ਸੁਖਬੀਰ ਬਾਦਲ ਨੂੰ ਕਿਉਂ ਨਹੀਂ ਛੇਕਿਆ ਜਾ ਸਕਦਾ। ਜਥੇਦਾਰ ਸੇਖਵਾਂ ਨੇ ਬਾਦਲ ਪਰਿਵਾਰ ’ਤੇ ਇਲਜ਼ਾਮ ਲਾਉਂਦਿਆਂ ਆਖਿਆ ਕਿ ਉਨ੍ਹਾਂ ਦੇ ਡੇਰਾ ਸਿਰਸਾ ਮੁਖੀ ਨਾਲ ਸਬੰਧਾਂ ਦਾ ਖ਼ੁਲਾਸਾ ਡੇਰੇ ਦੀ ਪੈਰੋਕਾਰ ਬੀਬੀ ਵੀਰਪਾਲ ਕੌਰ ਦੁਆਰਾ ਕੀਤੀਆਂ ਗੱਲਾਂ ਤੋਂ ਹੁੰਦਾ ਹੈ, ਜਿਸ ਨੇ ਸੁਖਬੀਰ ਬਾਦਲ ਦੁਆਰਾ ਖ਼ੁਦ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੀ ਗੱਲ ਆਖੀ ਸੀ।

  ਕੀਰਤਪੁਰ ਸਾਹਿਬ - ਅੱਜ ਇਥੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਿੰਦੁਸਤਾਨ ਦੀ ਹਕੂਮਤ ਵੀ ਮੁਗ਼ਲ ਹਕੂਮਤ ਵਾਂਗ ਹੀ ਭਾਰਤ ਦੇਸ਼ ਅੰਦਰ ਘੱਟਗਿਣਤੀਆਂ ਨੂੰ ਖਤਮ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਬੇਸ਼ੱਕ ਭਾਰਤ ਦੀ ਸਰਕਾਰ ਸਿੱਧੇ ਤੌਰ ’ਤੇ ਕੁਝ ਨਹੀਂ ਆਖ ਰਹੀ ਹੈ ਪਰ ਅੰਦਰਖਾਤੇ ਘੱਟ ਗਿਣਤੀਆਂ ਨੂੰ ਦਬਾਉਣ ਦੀਆਂ ਅਤੇ ਦੇਸ਼ ਅੰਦਰ ਗ਼ੈਰਹਿੰਦੂਆਂ ਨੂੰ ਨਾ ਰਹਿਣ ਦੇਣ ਦੀਆਂ ਨੀਤੀਆਂ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ, ਸਿੱਖਾਂ ਨਾਲ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਦਕਿ ਦਲਿਤ ਵੀ ਇਸ ਕਹਿਰ ਤੋਂ ਨਹੀਂ ਬਚ ਸਕਣਗੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਮਾਨਸਿਕ ਤੇ ਸਰੀਰਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ ਪਰ ਦਲਿਤਾਂ ਅਤੇ ਸਿੱਖਾਂ ਨਾਲ ਇਹੋ ਕੁਝ ਹੋ ਰਿਹੈ ਹੈ। ਸਾਡੇ ਧਾਰਮਿਕ ਸਥਾਨ ਖਤਰੇ 'ਚ ਹਨ, 1-2 ਧਾਰਮਿਕ ਸਥਾਨ ਢਾਹ ਵੀ ਦਿੱਤੇ ਗਏ ਹਨ ਤੇ ਇਹ ਸਭ ਕੁਝ ਧਾਰਮਿਕ ਕੱਟੜਵਾਦ ਹੀ ਹੈ। ਸਾਡੀਆਂ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਸੰਸਥਾਵਾਂ ਦੇ ਅੰਦਰ ਬੈਠ ਕੇ ਅਤੇ ਬਾਹਰ ਬੈਠ ਕੇ ਖਤਮ ਕੀਤਾ ਜਾ ਰਿਹਾ ਹੈ। ਸਾਨੂੰ ਅੰਦਰ ਬੈਠੀਆਂ ਕਾਲੀਆਂ ਭੇਡਾਂ ਅਤੇ ਬਾਹਰ ਬੈਠ ਕੇ ਨੁਕਸਾਨ ਕਰ ਰਹੇ ਲੋਕਾਂ ਦੌਰਾਨ ਗੰਢਤੁੱਪ ਦਾ ਸ਼ੱਕ ਹੈ। ਇਸ ਲਈ ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣਾ ਚਾਹੀਦਾ ਹੈ।
  ਜਥੇਦਾਰ ਨੇ ਅਸਿੱਧੇ ਢੰਗ ਦੇ ਨਾਲ ਦੇਸ਼ ਦੀ ਹਕੂਮਤ ਨੂੰ ਤਾਕੀਦ ਕੀਤੀ ਕਿ ਧਾਰਮਿਕ ਕੱਟੜਤਾ ਨੇ ਵੱਡੀਆਂ-ਵੱਡੀਆਂ ਹਕੂਮਤਾਂ ਨੂੰ ਨਿਗਲਿਆ ਹੈ। ਧਾਰਮਿਕ ਕੱਟੜਤਾ ਵਾਲਾ ਬੇਸ਼ੱਕ ਸੱਤਾ ਹਾਸਲ ਕਰਨ 'ਚ ਕਾਮਯਾਬ ਹੋ ਗਿਐ ਪਰ ਕੱਟੜਤਾ ਵਾਲਾ ਰਾਜ ਸਦੀਵੀ ਨਹੀਂ। ਸੋਸ਼ਲ ਮੀਡੀਆ ਨੂੰ ਘਾਤਕ ਬਿਮਾਰੀ ਕਰਾਰ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਅੱਜ ਹਰ ਕੋਈ ਡਾਕਟਰ, ਇੰਜਨੀਅਰ, ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਲੇਖਕ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਰਾਹੀਂ ਅੱਜ ਜਵਾਨੀ ਬਰਬਾਦੀ ਵੱਲ ਜਾ ਰਹੀ ਹੈ।ਜਥੇਦਾਰ ਨੇ ਕੌਮ ਦੇ ਧੜੇਬੰਦੀਆਂ 'ਚ ਵੰਡੇ ਬੁੱਧੀਜੀਵੀਆਂ ਨੂੰ ਵਿਦਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੁਝਾਅ ਭੇਜਣ ਕਿ ਕਿਸ ਤਰ੍ਹਾਂ ਜਵਾਨੀ ਨੂੰ ਇਸ ਤੋਂ ਬਚਾਇਆ ਜਾ ਸਕਦਾ ਹੈ।

  ਚੰਡੀਗੜ੍ਹ: ਡੇਰਾ ਸਿਰਸਾ ਵੱਲੋਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਖੁਲਾਸਾ ਕਰਨ ਮਗਰੋਂ ਸਿਆਸਤ ਗਰਮਾ ਗਈ ਹੈ। ਵਿਰੋਧੀ ਧਿਰਾਂ ਪੰਥਕ ਪਾਰਟੀ ਨੂੰ ਘੇਰਨ ਲੱਗੀਆਂ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਤੁਮ ਮੁਝੇ ਵੋਟ ਕਰੋ, ਮੈਂ ਤੁਮੇ ਮਾਫ਼ ਕਰੂੰਗਾ' ਨੀਤੀ ਅਪਣਾਈ ਸੀ। ਇਸ ਦਾ ਖੁਲਾਸਾ ਹੁਣ ਡੇਰਾ ਪ੍ਰਬੰਧਕਾਂ ਨੇ ਖੁਦ ਹੀ ਕਰ ਦਿੱਤਾ ਹੈ।
  ਦਰਅਸਲ ਸੋਮਵਾਰ ਨੂੰ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ ਵਿੱਚ ਇਸ ਲਈ ਫਸਾਇਆ ਜਾ ਰਿਹਾ ਹੈ ਕਿਉਂਕਿ ਡੇਰੇ ਵੱਲੋਂ ਚੋਣਾਂ ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ ਸੀ। ਬੇਸ਼ੱਕ ਡੇਰਾ ਪ੍ਰਬੰਧਕਾਂ ਨੇ ਇਹ ਦਾਅਵਾ ਆਪਣੇ ਬਚਾਅ ਵਿੱਚ ਕੀਤਾ ਪਰ ਹੁਣ ਇਹ ਵਿਰੋਧੀਆਂ ਦੇ ਹੱਥ ਵੱਡਾ ਮੁੱਦਾ ਲੱਗ ਗਿਆ ਹੈ।
  ਵਿਰੋਧੀ ਧਿਰਾਂ ਪਹਿਲਾਂ ਹੀ ਇਲਜ਼ਾਮ ਲਾ ਰਹੀਆਂ ਹਨ ਕਿ ਅਕਾਲੀ ਦਲ ਨੇ ਡੇਰੇ ਦੀਆਂ ਵੋਟਾਂ ਲੈਣ ਲਈ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੁਆਈ ਸੀ। ਇਸ ਮਗਰੋਂ ਹੀ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਤੇ ਡੇਰੇ ਦਾ ਪੈਰੋਕਾਰਾਂ ਨਾਲ ਟਕਰਾਅ ਵਧ ਗਿਆ।
  ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਇਹ ਆਖਣਾ ਕਿ 2017 ਵਿੱਚ ਅਕਾਲੀ ਦਲ ਨੂੰ ਵੋਟਾਂ ਪਾਈਆਂ ਸੀ ਤੇ ਇਸ ਲਈ ਕਾਂਗਰਸ ਹੁਣ ਤੰਗ ਕਰ ਰਹੀ, ਕਾਫੀ ਵੱਡਾ ਮੁੱਦਾ ਹੈ। ਡੇਰੇ ਨੇ ਪਹਿਲੀ ਵਾਰ ਮੰਨਿਆ ਹੈ ਕਿ ਅਕਾਲੀ ਦਲ ਦੀ ਹਮਾਇਤ ਕੀਤੀ ਸੀ। ਇਹ ਇੱਕ ਕਿਸਮ ਦਾ ਹਲਫ਼ੀਆ ਬਿਆਨ ਹੈ।
  ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ਡੇਰਾ ਪ੍ਰੇਮੀਆਂ ਦਾ ਮਨੋਰਥ ਜਾਹਰ ਹੋ ਗਿਆ ਹੈ। ਡੇਰੇ ਦੇ ਦਾਅਵੇ ਮਗਰੋਂ ਇਹ ਸਾਬਤ ਹੋ ਗਿਆ ਹੈ ਕਿ ਸੁਖਬੀਰ ਦੀ ਨੀਤੀ ਸਾਫ ਹੈ ਕਿ ਤੁਮ ਮੁਝੇ ਵੋਟ ਕਰੋ, ਮੈਂ ਤੁਮੇ ਮਾਫ਼ ਕਰੂੰਗਾ। ਹੁਣ ਸੱਚ ਸਾਹਮਣੇ ਆਉਣ ਮਗਰੋਂ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਡੇਰਾ ਨਾਲ ਸੌਦੇਬਾਜ਼ੀ ਕੀਤੀ ਸੀ ਕਿ ਪੰਜਾਬ ਵਿੱਚ ਫਿਲਮ MSG2 ਰਿਲੀਜ਼ ਕੀਤੀ ਜਾਵੇਗੀ। ਰਾਮ ਰਹੀਮ ਨੂੰ ਮੁਆਫੀ ਦਿੱਤੀ ਜਾਵੇਗੀ।
  ਜਾਖੜ ਨੇ ਕਿਹਾ ਕਿ ਇਹ ਸਭ ਡੇਰਾ ਸਿਰਸਾ ਤੋਂ ਵੋਟਾਂ ਲੈਣ ਲਈ ਸੈਟਿੰਗ ਕੀਤੀ ਗਈ ਸੀ। ਹੁਣ ਸਭ ਸਪਸ਼ਟ ਹੈ ਕਿ ਸੁਖਬੀਰ ਬਾਦਲ ਪੰਥ ਦਾ ਦੋਸ਼ੀ ਹੈ। ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

  ਕੀਰਤਪੁਰ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਹੁਣ ਲੰਬੀ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਵੱਲੋਂ ਲਈ ਗਈ 31 ਦਸੰਬਰ ਤੱਕ ਦੀ ਛੁੱਟੀ ਦਾ ਅਸਲ ਕਾਰਨ ਅਜੇ ਤੱਕ ਭੇਤ ਬਣਿਆ ਹੋਇਆ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦਾ ਕੰਮ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੀ ਏ ਦੀ ਸੇਵਾ ਨਿਭਾਅ ਰਹੇ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਆਹਲੀ ਨੂੰ ਸੌਂਪਿਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੁੱਖ ਸਕੱਤਰ ਡਾ. ਰੂਪ ਸਿੰਘ ਲੰਬੀ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਦੀ ਥਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬਾ ਸਮਾਂ ਮੁੱਖ ਸਕੱਤਰ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਚੁੱਕੇ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਲਗਾਉਣ ਦੀਆਂ ਕਿਆਸਅਰਾਈਆਂ ਤੋਂ ਇਨਕਾਰ ਕਰਦੇ ਹੋਏ ਭਾਈ ਲੌਂਗੋਵਾਲ ਨੇ ਕਿਹਾ ਕਿ ਹੁਣ ਮੁੱਖ ਸਕੱਤਰ ਦਾ ਕੰਮਕਾਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਆਹਲੀ ਵੇਖਣਗੇ।

  ਸਮਾਣਾ - ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ  ਇੱਥੇ ਦਾਅਵਾ ਕੀਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤਾਂ ’ਤੇ ਪਹਿਰਾ ਦਿੰਦੇ ਹੋਏ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਮਾਣ-ਸਤਿਕਾਰ ਬਹਾਲ ਕਰਨਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਕੰਪਨੀ ਬਣਾ ਕੇ ਰੱਖ ਦਿੱਤਾ ਹੈ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿੱਤੀ ਹਾਲਤ ਵੀ ਹੱਦੋਂ ਵੱਧ ਪਤਲੀ ਹੋ ਗਈ ਹੈ। ਸੁਖਦੇਵ ਸਿੰਘ ਢੀਂਡਸਾ ਸਮਾਣਾ ਦੇ ਪਿੰਡ ਫਤਹਿਮਾਜਰੀ ਵਿੱਚ ਸਾਬਕਾ ਡੀਐੱਸਪੀ ਨਾਹਰ ਸਿੰਘ ਤੇ ਉਨ੍ਹਾਂ ਦੇ ਸਾਥੀ ਕੁਲਵਿੰਦਰ ਸਿੰਘ ਜੋਗੀ ਨੂੰ ਪਾਰਟੀ ’ਚ ਸ਼ਾਮਲ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਰੱਖੜਾ ਤੇ ਤਜਿੰਦਰਪਾਲ ਸਿੰਘ ਸੰਧੂ ਵੀ ਹਾਜ਼ਰ ਸਨ।

  ਸ੍ਰੀ ਢੀਂਡਸਾ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਉਸ ਨੇ ਤਾਨਾਸ਼ਾਹੀ ਚਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਕੰਪਨੀ ਬਣਾ ਕੇ ਰੱਖ ਦਿੱਤਾ ਹੈ ਤੇ ਸਾਰੇ ਸਿਧਾਂਤਾਂ ਨੂੰ ਭੁੱਲ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਮਾੜੀ ਵਿੱਤੀ ਹਾਲਤ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੀ ‘ਬੀ’ ਟੀਮ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਿੱਤ ਨਵੇਂ ਘਪਲਿਆਂ ਨੇ ਕਮੇਟੀ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ, ਪਰ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ’ਚ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾਵੇਗਾ। ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਕਈ ਵੱਡੇ ਆਗੂ ਉਨ੍ਹਾਂ ਨਾਲ ਆਉਣਗੇ ਤੇ ਬਾਦਲ ਐਂਡ ਕੰਪਨੀ ਖੇਰੂੰ ਖੇਰੂੰ ਹੋ ਕੇ ਰਹਿ ਜਾਵੇਗੀ, ਜਿਸ ਤੋਂ ਬਾਅਦ ਸਭ ਨੂੰ ਪਤਾ ਲੱਗ ਜਾਵੇਗਾ ਕਿ ਅਸਲ ਅਕਾਲੀ ਦਲ ਕਿਹੜਾ ਹੈ।
  ਸ੍ਰੀ ਢੀਂਡਸਾ ਨੇ ਕਿਹਾ ਕਿ 2022 ’ਚ ਹੋਣ ਵਾਲੀਆਂ ਚੋਣਾਂ ’ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਕੇ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਇਨ੍ਹਾਂ ਦੋਵੇਂ ਲੋਟੂ ਪਾਰਟੀਆਂ ਤੋਂ ਰਾਹਤ ਮਿਲ ਸਕੇ। ਬੇਅਦਬੀ ਮਾਮਲੇ ’ਚ ਸਿਟ ਵੱਲੋਂ ਕੀਤੀਆਂ ਗਈਆਂ ਨਾਮਜ਼ਦਗੀਆਂ ਤੇ ਗ੍ਰਿਫ਼ਤਾਰੀਆਂ ਬਾਰੇ ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਜਾਂਚ ਸ਼ੁਰੂ ਤਾਂ ਕੀਤੀ ਗਈ ਹੈ ਪਰ ਤਸੱਲੀ ਉਸ ਸਮੇਂ ਹੋਵੇਗੀ ਜਦੋਂ ਇਹ ਜਾਂਚ ਕਿਸੇ ਸਿਰੇ ਲੱਗੇਗੀ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਡੀਐੱਸਪੀ ਨਾਹਰ ਸਿੰਘ ਨੇ ਕਿਹਾ ਕਿ ਉਹ ਪਾਰਟੀ ’ਚ ਦਿਨ-ਰਾਤ ਇੱਕ ਕਰਕੇ ਮਿਹਨਤ ਕਰਨਗੇ।

  ਚੰਡੀਗੜ੍ਹ - ਡੇਰਾ ਸਿਰਸਾ ਨੇ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ’ਤੇ ਦੋਸ਼ ਲਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰੇ ਨੂੰ ਬਿਨਾਂ ਠੋਸ ਕਾਰਨ ਦੇ ਬਦਨਾਮ ਕੀਤਾ ਜਾ ਰਿਹਾ ਹੈ।
  ਡੇਰਾ ਸ਼ਰਧਾਲੂਆਂ ਦੇ ਐਡਵੋਕੇਟ ਵਿਵੇਕ ਕੁਮਾਰ, ਐਡਵੋਕੇਟ ਕੇਵਲ ਸਿੰਘ ਬਰਾੜ ਤੇ ਪੰਜਾਬ ਰਾਜ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ’ਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਜਾਂਚ ਕਰ ਰਹੀ ਹੈ, ਜਿਸ ਦਾ ਫ਼ੈਸਲਾ ਸੀਬੀਆਈ ਅਦਾਲਤ ’ਚ ਵਿਚਾਰ ਅਧੀਨ ਹੈ। ਸੀਬੀਆਈ ਆਪਣੀ ਕਲੋਜ਼ਰ ਰਿਪੋਰਟ ’ਚ ਮੁਲਜ਼ਮ ਸਾਰੇ ਡੇਰਾ ਸ਼ਰਧਾਲੂਆਂ ਨੂੰ ਬੇਗੁਨਾਹ ਕਰਾਰ ਦੇ ਚੁੱਕੀ ਹੈ ਪਰ ਪੰਜਾਬ ਪੁਲੀਸ ਦੀ ਸਿਟ ਨੂੰ ਇਸ ਮਾਮਲੇ ’ਚ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
  ਇਸ ਮੌਕੇ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਸਵਾਲ ਉਠਾਇਆ ਕਿ ਜਦੋਂ ਤੱਕ ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ ਤਦ ਤੱਕ ਕੋਈ ਹੋਰ ਏਜੰਸੀ ਬਰਾਬਰ ਜਾਂਚ ਨਹੀਂ ਕਰ ਸਕਦੀ। ਪੰਜਾਬ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਆਖਿਆ ਕਿ ਸਿਟ ਵੱਲੋਂ ਬਿਨਾਂ ਅਦਾਲਤ ਦੀ ਆਗਿਆ ਦੇ ਅਚਾਨਕ ਬੇਅਦਬੀ ਮਾਮਲਿਆਂ ਦੀ ਜਾਂਚ ਕਰਨਾ, ਪਹਿਲਾਂ ਹੀ ਜ਼ਮਾਨਤ ਲੈ ਚੁੱਕੇ ਦੋ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰਨਾ ਅਤੇ 5 ਸਾਲਾਂ ਬਾਅਦ ਅਚਾਨਕ ਡੇਰਾ ਮੁਖੀ ਦਾ ਨਾਂ ਮਾਮਲੇ ’ਚ ਜੋੜਨਾ ਕਈ ਸਵਾਲ ਖੜ੍ਹੇ ਕਰਦਾ ਹੈ।

  ਚੰਡੀਗੜ੍ਹ - ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿਚ 2 ਅਤੇ ਜਲੰਧਰ ਵਿੱਚ ਕਰੋਨਾਵਾਇਰਸ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਮਰਨ ਵਾਲੇ ਵਿਅਕਤੀਆਂ ਦਾ ਅੰਕੜਾ 204 ਤੱਕ ਅੱਪੜ ਗਿਆ ਹੈ।
  ਪੰਜਾਬ ਵਿੱਚ ਸੱਜਰੇ ਮਾਮਲਿਆਂ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਵਾਧਾ ਹੋਇਆ ਹੈ। ਸਿਹਤ ਵਿਭਾਗ ਮੁਤਾਬਕ 357 ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ 8178 ਤੱਕ ਪਹੁੰਚ ਗਈ ਹੈ। ਪਟਿਆਲਾ ਵਿੱਚ ਸਭ ਤੋਂ ਵਧੇਰੇ ਮਾਮਲੇ ਰਿਕਾਰਡ ਕੀਤੇ ਗਏ। ਇਸ ਜ਼ਿਲ੍ਹੇ ਵਿੱਚ 88, ਲੁਧਿਆਣਾ ਵਿੱਚ 65, ਜਲੰਧਰ ਵਿੱਚ 53, ਅੰਮ੍ਰਿਤਸਰ ਵਿੱਚ 25, ਮੁਹਾਲੀ ਵਿੱਚ 26, ਫਤਿਹਗੜ੍ਹ ਸਾਹਿਬ ਵਿੱਚ 20, ਨਵਾਂਸ਼ਹਿਰ ਵਿੱਚ 11, ਪਠਾਨਕੋਟ ਅਤੇ ਬਠਿੰਡਾ ਵਿੱਚ 9-9, ਫਿਰੋਜ਼ਪੁਰ ਅਤੇ ਮੋਗਾ ਵਿੱਚ 8-8, ਮੁਕਤਸਰ ਵਿੱਚ 7, ਸੰਗਰੂਰ ਵਿੱਚ 6, ਹੁਸ਼ਿਆਰਪੁਰ ਵਿੱਚ 5, ਫਰੀਦਕੋਟ ਤੇ ਰੋਪੜ ਵਿੱਚ 4-4, ਕਪੂਰਥਲਾ ਅਤੇ ਫਾਜ਼ਿਲਕਾ ਵਿੱਚ 3-3, ਬਰਨਾਲਾ ਵਿੱਚ 2 ਅਤੇ ਗੁਰਦਾਸਪੁਰ ਵਿੱਚ 1 ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੇ ਲੁਧਿਆਣਾ, ਪਟਿਆਲਾ, ਮੁਹਾਲੀ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਪਿਛਲੇ ਦਿਨਾਂ ਦੌਰਾਨ ਤੇਜ਼ੀ ਨਾਲ ਵਧੀ ਹੈ। ਲੁਧਿਆਣਾ ਇਸ ਸਮੇਂ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਹੈ ਜਿੱਥੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1441, ਜਲੰਧਰ ਵਿੱਚ 1276, ਅੰਮ੍ਰਿਤਸਰ ਵਿੱਚ 1087 ਅਤੇ ਪਟਿਆਲਾ ਵਿੱਚ 672 ਹੈ। ਹੁਣ ਤੱਕ ਅੰਮ੍ਰਿਤਸਰ ਵਿੱਚ 55, ਲੁਧਿਆਣਾ ਵਿੱਚ 31, ਜਲੰਧਰ ਵਿੱਚ 28, ਸੰਗਰੂਰ ਵਿੱਚ 19 ਅਤੇ ਪਟਿਆਲਾ ਵਿੱਚ 12 ਵਿਅਕਤੀਆਂ ਦੀ ਜਾਨ ਕਰੋਨਾ ਨੇ ਲੈ ਲਈ ਹੈ।

  ਨਵੀਂ ਦਿੱਲੀ - ਭਾਰਤ ਵਿਚ ਕੋਵਿਡ-19 ਦੇ 28,498 ਨਵੇਂ ਕੇਸਾਂ ਤੋਂ ਬਾਅਦ ਮੰਗਲਵਾਰ ਨੂੰ ਦੇਸ਼ ਵਿਚ ਲਾਗ ਦੇ ਮਾਮਲੇ 9 ਲੱਖ ਨੂੰ ਪਾਰ ਕਰ ਗਏ। ਸਿਰਫ ਤਿੰਨ ਦਿਨਾਂ ਵਿਚ ਹੀ ਕੇਸ ਅੱਠ ਤੋਂ ਨੌਂ ਲੱਖ ਨੂੰ ਪਾਰ ਕਰ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਮੰਗਲਵਾਰ ਸਵੇਰੇ ਅੱਠ ਵਜੇ ਅੱਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਹੁਣ ਕਰੋਨਾਵਾਇਰਸ ਦੇ 9,06,752 ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਚੌਵੀ ਘੰਟਿਆਂ ਵਿੱਚ 553 ਮੌਤਾਂ ਨਾਲ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਹੁਣ ਵਧ ਕੇ 23,727 ਹੋ ਗਈ ਹੈ.

  ਵਾਸ਼ਿੰਗਟਨ - ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਵੱਲੋਂ ਪੰਜਾਬ ਦੇ ਵਿਕਾਸ, ਖ਼ਾਸ ਕਰ ਕੇ ਸਿੱਖਿਆ ਤੇ ਵਾਤਾਵਰਨ ਦੇ ਖੇਤਰਾਂ ਵਿੱਚ ਕੰਮ ਕਰਨ ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਥੇ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉੱਘੇ ਸਿੱਖ ਅਮਰੀਕੀ ਕਾਰੋਬਾਰੀ ਗੈਰੀ ਗਰੇਵਾਲ ਨੇ ਪਿਛਲੇ ਹਫ਼ਤੇ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨਾਲ ਹੋਈ ਭਾਈਚਾਰੇ ਦੀ ਪਹਿਲੀ ਡਿਜੀਟਲ ਮੀਟਿੰਗ ਤੋਂ ਬਾਅਦ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਵਿੱਚ ਰਹਿੰਦੇ ਸਿੱਖ ਪੰਜਾਬ ਦੇ ਵਿਕਾਸ ਵਿੱਚ ਨਿਵੇਸ਼ ਕਰਨ ਦੇ ਇੱਛੁਕ ਹਨ। ਸ੍ਰੀ ਸੰਧੂ ਨਾਲ ਹੋਈ ਇਸ ਡਿਜੀਟਲ ਮੀਟਿੰਗ ਵਿੱਚ ਦੇਸ਼ ਭਰ ਤੋਂ 100 ਦੇ ਕਰੀਬ ਉੱਘੇ ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਭਾਈਚਾਰੇ ਨਾਲ ਸੰਪਰਕ ਕਰਨ ਦੇ ਉਪਰਾਲਿਆਂ ਤਹਿਤ ਕੀਤੀ ਗਈ ਸੀ।
  ਇਸ ਦੌਰਾਨ ਸ੍ਰੀ ਗਰੇਵਾਲ ਨੇ ਕਿਹਾ, ‘‘ਸ੍ਰੀ ਸੰਧੂ ਨੇ ਸਾਨੂੰ ਹੋਰ ਚੰਗੇ ਕੰਮ ਕਰਨ ਲਈ ਪ੍ਰੇਰਿਆ। ਰੱਬ ਦੀ ਇੱਥੇ ਸਾਡੇ ’ਤੇ ਪੂਰੀ ਮਿਹਰ ਹੈ ਤਾਂ ਸਾਨੂੰ ਉਸ ਨੂੰ ਹੋਰਨਾਂ ਨਾਲ ਸਾਂਝੀ ਕਰਨਾ ਚਾਹੀਦਾ ਹੈ, ਵਿਦਿਆਰਥੀਆਂ ਨੂੰ ਵਜ਼ੀਫਿਆਂ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਇਸ ਦੌਰਾਨ ਕਾਫੀ ਵਿਚਾਰ-ਚਰਚਾ ਹੋਈ।’’ ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਸਬੰਧੀ ਵੀ ਭਾਈਚਾਰੇ ਦੇ ਕਈ ਮੈਂਬਰਾਂ ਨੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ। ਈਕੋਸਿੱਖ ਦੇ ਪ੍ਰਧਾਨ ਅਤੇ ਕੌਮੀ ਸਿੱਖ ਮੁਹਿੰਮ ਦੇ ਸਹਿ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀ ਤੇ ਸਿੱਖ ਭਾਈਚਾਰਾ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਰਾਜ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਯਤਨਸ਼ੀਲ ਹੈ।
  ਇਸ ਮੌਕੇ ਉੱਘੇ ਅਮਰੀਕੀ ਸਿੱਖ ਸੁਰਜੀਤ ਸਿੱਧੂ, ਕੁਲਦੀਪ ਸਿੰਘ ਪਾਬਲਾ, ਸਿੱਖ ਫਾਊਂਡੇਸ਼ਨ ਦੇ ਟਰੱਸਟੀ ਤੇ ਕੂਪਰਟੀਨੋ ਦੇ ਫਾਈਨ ਆਰਟਸ ਕਮਿਸ਼ਨਰ ਸੋਨੀਆ ਧਾਮੀ ਆਦਿ ਆਗੂਆਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com