


ਬਠਿੰਡਾ - ਪੰਜਾਬ 'ਚ ਨਿਕਲਣ ਵਾਲੀਆਂ ਨਵੀਆਂ ਸਰਕਾਰੀ ਨੌਕਰੀਆਂ 'ਤੇ ਮੁੜ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਉਮੀਦਵਾਰ ਕਾਬਜ਼ ਹੋ ਰਹੇ ਹਨ ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ | ਅੱਜ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਲੋਂ ਨਿਯੁਕਤ ਕੀਤੇ ਗਏ ਵੈਟਰਨਰੀ ਇੰਸਪੈਕਟਰਾਂ ਵਿਚ ਵੀ ਪੰਜਾਬ ਤੋਂ ਬਾਹਰੀ ਸੂਬੇ ਹਰਿਆਣਾ ਅਤੇ ਰਾਜਸਥਾਨ ਦੇ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ, ਜਿਨ੍ਹਾਂ ਦੀ ਉਕਤ ਨਿਯੁਕਤੀਆਂ 'ਚ ਹਿਸੇਦਾਰੀ ਲਗਭਗ 53 ਫ਼ੀਸਦੀ ਬਣਦੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਸੂਬੇ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੰਜਾਬ ਦੇ ਪਸ਼ੂ ਧਨ ਨੂੰ ਹੋਰ ਪ੍ਰਫੁੱਲਤ ਕਰਨ ਲਈ ਪਸ਼ੂ ਪਾਲਣ ਵਿਭਾਗ ਵਿਚ ਵੈਟਰਨਰੀ ਇੰਸਪੈਕਟਰਾਂ ਦੀਆਂ 418 ਅਸਾਮੀਆਂ ਦੀ ਭਰਤੀ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਸੀ | ਵੈਟਰਨਰੀ ਇੰਸਪੈਕਟਰ ਦਾ ਇਮਤਿਹਾਨ ਪਾਸ ਕਰਨ ਵਾਲੇ ਪਹਿਲੇ ਗੇਡ ਦੇ 29 ਉਮੀਦਵਾਰਾਂ ਨੂੰ ਪਸ਼ੂ ਪਾਲਣ ਮੰਤਰੀ ਵਲੋਂ ਬੀਤੀ 25 ਅਗਸਤ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ ਜਦਕਿ ਦੂਸਰੇ ਗੇੜ ਦੇ ਇਮਤਿਹਾਨ ਪਾਸ ਕਰਨ ਵਾਲੇ 68 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਪਰ ਤ੍ਰਾਸਦੀ ਇਹ ਹੈ ਕਿ ਇਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿਚ 36 ਉਮੀਦਵਾਰ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਹਨ, ਜਿਨ੍ਹਾਂ ਵਿਚ ਹਰਿਆਣਾ ਦੇ 24 ਅਤੇ ਰਾਜਸਥਾਨ ਦੇ 12 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਦੀ ਉਕਤ ਨੌਕਰੀਆਂ ਵਿਚ ਲਗਭਗ 53 ਫ਼ੀਸਦੀ ਹਿਸੇਦਾਰੀ ਬਣਦੀ ਹੈ, ਜਦਕਿ ਇਸ ਤੋਂ ਪਹਿਲਾਂ ਨਿਯੁਕਤ ਕੀਤੇ ਜਾਣ ਵਾਲਿਆਂ ਦੀ ਗਿਣਤੀ ਵੱਖਰੀ ਹੈ | ਇੱਥੇ ਹੀ ਬੱਸ ਨਹੀਂ ਉਕਤ ਉਮੀਦਵਾਰਾਂ ਸੰਬੰਧੀ ਜਾਰੀ ਕੀਤੀ ਗਈ ਸੂਚੀ ਵਿਚ ਵੀ ਸਭ ਤੋਂ ਪਹਿਲਾਂ ਹਰਿਆਣਾ ਤੇ ਰਾਜਸਥਾਨ ਦੇ ਉਮੀਦਵਾਰਾਂ ਦਾ ਨਾਮ ਗੂੰਜਦਾ ਹੈ ਜਦਕਿ ਪੰਜਾਬ ਦੇ ਉਮੀਦਵਾਰ ਦਾ ਨਾਂਅ 12ਵੇਂ ਨੰਬਰ 'ਤੇ ਬੋਲਦਾ ਹੈ |
ਅੰਮ੍ਰਿਤਸਰ - ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਖ਼ਿਲਾਫ਼ ਚੱਲ ਰਹੇ ਵਿਵਾਦ ਦੇ ਮਾਮਲੇ ਵਿੱਚ ਤਖ਼ਤ ਦੇ ਪੰਜ ਪਿਆਰਿਆਂ ਨੇ ਕੱਲ੍ਹ ਉਨ੍ਹਾਂ ਨੂੰ ਤਨਖ਼ਾਹੀਆ ਐਲਾਨਿਆ ਹੈ। ਜਥੇਦਾਰ ਖ਼ਿਲਾਫ਼ ਦੋਸ਼ ਲਾਉਣ ਵਾਲੇ ਨੂੰ ਵੀ ਤਨਖ਼ਾਹ ਲਾਈ ਗਈ ਹੈ। ਇਸ ਸਬੰਧੀ ਜਾਰੀ ਕੀਤੇ ਹੁਕਮਨਾਮੇ ’ਤੇ ਤਖ਼ਤ ਦੇ ਸੀਨੀਅਰ ਗ੍ਰੰਥੀ ਭਾਈ ਦਲੀਪ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਗੁਰਦਿਆਲ ਸਿੰਘ, ਵਧੀਕ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ, ਗ੍ਰੰਥੀ ਭਾਈ ਸੁਖਦੇਵ ਸਿੰਘ ਅਤੇ ਗ੍ਰੰਥੀ ਪਰਸ਼ੂ ਰਾਮ ਸਿੰਘ ਵੱਲੋਂ ਦਸਤਖ਼ਤ ਕੀਤੇ ਗਏ ਹਨ। ਦੂਜੀ ਧਿਰ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ। ਇਸ ਤਿੰਨ ਦਿਨ ਦੇ ਸਮੇਂ ਦੌਰਾਨ ਉਹ ਰੋਜ਼ਾਨਾ ਇੱਕ ਘੰਟਾ ਜੋੜੇ ਝਾੜਨ ਤੇ ਭਾਂਡੇ ਮਾਂਜਣ ਉਪਰੰਤ ਮੁਆਫ਼ੀ ਲਈ ਅਰਦਾਸ ਕਰਵਾਉਣ।
ਵਾਰਾਨਸੀ - ਵਾਰਾਨਸੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਮਸਜਿਦ ਅੰਦਰ ਕਥਿਤ ਤੌਰ ’ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੌਜੂਦ ਮੂਰਤੀਆਂ ਦੀ ਰੋਜ਼ਾਨਾ ਪੂਜਾ-ਅਰਚਨਾ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਸਵਾਲ ਖੜ੍ਹੇ ਕਰਨ ਵਾਲੀ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਪਟੀਸ਼ਨ ਸੁਣਵਾਈ ਯੋਗ ਹੈ। ਜ਼ਿਲ੍ਹਾ ਜੱਜ ਏ ਕੇ ਵਿਸ਼ਵੇਸ਼ ਨੇ ਹੁਕਮ ਦਿੱਤਾ ਕਿ ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਪੈਂਦੇ ਮਸਜਿਦ ਕੰਪਲੈਕਸ ਦੀਆਂ ਬਾਹਰੀ ਦੀਵਾਰਾਂ ’ਤੇ ਦੇਵੀ-ਦੇਵਤਿਆਂ ਦੀ ਪੂਜਾ ਦੇ ਅਧਿਕਾਰ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਜਾਰੀ ਰਹੇਗੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਲਈ ਨਿਰਧਾਰਤ ਕਰ ਦਿੱਤੀ ਹੈ। ਮੁਸਲਿਮ ਧਿਰ ਵੱਲੋਂ ਪੇਸ਼ ਹੋਏ ਵਕੀਲ ਮਿਰਾਜੂਦੀਨ ਸਿੱਦੀਕੀ ਨੇ ਕਿਹਾ ਕਿ ਉਹ ਫ਼ੈਸਲੇ ਨੂੰ ਅਲਾਹਾਬਾਦ ਹਾਈ ਕੋਰਟ ’ਚ ਚੁਣੌਤੀ ਦੇਣਗੇ। ਜ਼ਿਲ੍ਹਾ ਜੱਜ ਨੇ ਅਦਾਲਤ ’ਚ ਮੌਜੂਦ 32 ਵਿਅਕਤੀਆਂ ਦੀ ਹਾਜ਼ਰੀ ’ਚ 10 ਮਿੰਟਾਂ ਦੇ ਅੰਦਰ 26 ਪੰਨਿਆਂ ਦਾ ਫ਼ੈਸਲਾ ਸੁਣਾ ਦਿੱਤਾ। ਆਪਣੇ ਹੁਕਮ ’ਚ ਜੱਜ ਨੇ ਕਿਹਾ,‘‘ਦਲੀਲਾਂ ਅਤੇ ਕੇਸ ਦੇ ਅਧਿਐਨ ਮਗਰੋਂ ਮੈਂ ਇਸ ਸਿੱਟੇ ’ਤੇ ਪੁੱਜਾ ਹਾਂ ਕਿ ਫਰਿਆਦੀਆਂ ਦੀ ਅਪੀਲ ਪੂਜਾ ਅਸਥਾਨ (ਵਿਸ਼ੇਸ਼ ਪ੍ਰਾਵਧਾਨ) ਐਕਟ, 1991, ਵਕਫ਼ ਐਕਟ, 1995 ਅਤੇ ਯੂਪੀ ਸ੍ਰੀ ਕਾਸ਼ੀ ਵਿਸ਼ਵਨਾਥ ਮੰਦਰ ਐਕਟ, 1983 ਤਹਿਤ ਵਰਜਿਤ ਨਹੀਂ ਹੈ ਅਤੇ ਅੰਜੂਮਨ ਇੰਤਜ਼ਾਮੀਆ ਵੱਲੋਂ ਦਾਖ਼ਲ ਅਰਜ਼ੀ ਰੱਦ ਕਰਨ ਦੇ ਯੋਗ ਹੈ।’’ ਪੰਜ ਮਹਿਲਾਵਾਂ ਨੇ ਮਸਜਿਦ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀ ਰੋਜ਼ਾਨਾ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ। ਅੰਜੁਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੇ ਕਿਹਾ ਹੈ ਕਿ ਗਿਆਨਵਾਪੀ ਮਸਜਿਦ ਵਕਫ਼ ਬੋਰਡ ਦੀ ਪ੍ਰਾਪਰਟੀ ਹੈ ਅਤੇ ਉਸ ਨੇ ਅਰਜ਼ੀ ਦੀ ਵੈਧਤਾ ’ਤੇ ਸਵਾਲ ਉਠਾਏ ਸਨ।
ਜ਼ਿਲ੍ਹਾ ਜੱਜ ਨੇ ਧਾਰਮਿਕ ਤੌਰ ’ਤੇ ਇਸ ਸੰਵੇਦਨਸ਼ੀਲ ਮਾਮਲੇ ’ਤੇ 24 ਅਗਸਤ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਹਿੰਦੂ ਧਿਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਲਤ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਜਿਵੇਂ ਹੀ ਅਦਾਲਤ ਦਾ ਫ਼ੈਸਲਾ ਆਇਆ ਤਾਂ ਬਾਹਰ ਖੜ੍ਹੇ ਕੁਝ ਲੋਕਾਂ ਨੇ ਖੁਸ਼ੀ ’ਚ ਲੱਡੂ ਵੰਡੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 20 ਮਈ ਨੂੰ ਹਿੰਦੂ ਸ਼ਰਧਾਲੂਆਂ ਵੱਲੋਂ ਦਾਖ਼ਲ ਕੇਸ ਵਾਰਾਨਸੀ ਦੇ ਜ਼ਿਲ੍ਹਾ ਜੱਜ ਹਵਾਲੇ ਕਰ ਦਿੱਤਾ ਸੀ। ਉਸ ਸਮੇਂ ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਮੁੱਦੇ ਦੀ ਗੰਭੀਰਤਾ ਅਤੇ ਗੁੰਝਲਾਂ ਨੂੰ ਦੇਖਦਿਆਂ ਇਹ ਬਿਹਤਰ ਹੋਵੇਗਾ ਕਿ ਇਸ ਕੇਸ ਦੀ ਸੁਣਵਾਈ 25 ਤੋਂ 30 ਸਾਲ ਦੇ ਤਜਰਬੇ ਵਾਲਾ ਕੋਈ ਸੀਨੀਅਰ ਜੁਡੀਸ਼ਲ ਅਧਿਕਾਰੀ ਕਰੇ। ਜਸਟਿਸ ਡੀ ਵਾਈ ਚੰਦਰਚੂੜ, ਸੂਰਿਆਕਾਂਤ ਅਤੇ ਪੀ ਐੱਸ ਨਰਸਿਮਹਾ ’ਤੇ ਆਧਾਰਿਤ ਬੈਂਚ ਨੇ ਕਿਹਾ ਸੀ ਕਿ ਉਹ ਸਿਵਲ ਜੱਜ ਦੀ ਯੋਗਤਾ ਨੂੰ ਘੱਟ ਨਹੀਂ ਮੰਨ ਰਹੇ ਹਨ। ਅਦਾਲਤ ਵੱਲੋਂ ਸੰਵੇਦਨਸ਼ੀਲ ਮੁੱਦੇ ’ਤੇ ਫ਼ੈਸਲਾ ਸੁਣਾਏ ਜਾਣ ਨੂੰ ਦੇਖਦਿਆਂ ਵਾਰਾਨਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਦਫ਼ਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ।
ਭਾਜਪਾ ਆਗੂ ਉਮਾ ਭਾਰਤੀ ਨੇ ਵਾਰਾਨਸੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਦੋਵੇਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਦਾ ਅਪਮਾਨ ਨਾ ਕਰਨ। ਉਨ੍ਹਾਂ ਕਿਹਾ ਕਿ ਅਯੁੱਧਿਆ, ਮਥੁਰਾ ਅਤੇ ਕਾਸ਼ੀ ਵਰਗੀਆਂ ਥਾਵਾਂ ਦੇਸ਼ ’ਚ ਏਕਤਾ ਲਿਆਉਣਗੀਆਂ। ਉਧਰ ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਵਰਕਿੰਗ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਸਾਰਿਆਂ ਨੂੰ ਇਹ ਮਾਮਲਾ ਸ਼ਾਂਤਮਈ ਢੰਗ ਨਾਲ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫ਼ੈਸਲੇ ਨਾਲ ਕਿਸੇ ਦੀ ਵੀ ਜਿੱਤ ਜਾਂ ਹਾਰ ਨਹੀਂ ਹੋਈ ਹੈ।
ਏਆਈਐੱਮਆਈਐੱਮ ਦੇ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਗਿਆਨਵਾਪੀ ਮਸਜਿਦ ਕੇਸ ’ਤੇ ਸੁਣਵਾਈ ਜਾਰੀ ਰੱਖਣ ਦੇ ਫ਼ੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਹ ਕੇਸ ਵੀ ਬਾਬਰੀ ਮਸਜਿਦ ਵਾਲੇ ਰਾਹ ’ਤੇ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ’ਚ ਅਸਥਿਰਤਾ ਦਾ ਮਾਹੌਲ ਪੈਦਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਗਿਆਨਵਾਪੀ ਮਸਜਿਦ ਬਾਰੇ ਆਏ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪੂਜਾ ਅਸਥਾਨਾਂ ਬਾਰੇ 1991 ਦੇ ਐਕਟ ਦਾ ਮਕਸਦ ਨਾਕਾਮ ਹੋ ਜਾਵੇਗਾ।
ਮਥੁਰਾ - ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਗਿਆਨਵਾਪੀ ਅਤੇ ਮਥੁਰਾ ਦੀ ਸ਼ਾਹੀ ਮਸਜਿਦ ਈਦਗਾਹ ਤੋਂ ਬਾਅਦ ਹੁਣ ਹਿੰਦੂ ਧਿਰ ਨੇ ਮਥੁਰਾ ਦੀ ਹੀ ਇਕ ਹੋਰ ਮਸਜਿਦ 'ਤੇ ਆਪਣਾ ਦਾਅਵਾ ਜਤਾਇਆ ਹੈ। ਅਦਾਲਤ ਇਸ 'ਤੇ 26 ਅਕਤੂਬਰ ਨੂੰ ਸੁਣਵਾਈ ਕਰੇਗੀ। ਜ਼ਿਲ੍ਹਾ ਸਰਕਾਰੀ ਵਕੀਲ (ਸਿਵਲ ਮਾਮਲੇ) ਸੰਜੇ ਗੌੜ ਨੇ ਦੱਸਿਆ ਕਿ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਖ਼ਜ਼ਾਨਚੀ ਦਿਨੇਸ਼ ਚੰਦਰ ਸ਼ਰਮਾ ਨੇ ਸਿਵਲ ਜੱਜ (ਸੀਨੀਅਰ ਡਵੀਜ਼ਨ) ਜੋਤੀ ਸਿੰਘ ਦੀ ਅਦਾਲਤ ਵਿੱਚ 13.37 ਏਕੜ ਜ਼ਮੀਨ ਦੇ ਘੇਰੇ ਵਿੱਚ ਨਵਾਂ ਦਾਅਵਾ ਪੇਸ਼ ਕੀਤਾ। ਇਸ ਵਿੱਚ ਸ੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਵੱਲੋਂ ਪੂਰਬੀ ਦਿਸ਼ਾ ਵਿੱਚ ਸਥਿਤ ਇੱਕ ਹੋਰ ਮਸਜਿਦ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ਮਸਜਿਦ ਨੂੰ ਮੀਨਾ ਮਸਜਿਦ ਵੀ ਕਿਹਾ ਜਾਂਦਾ ਹੈ।
ਲੰਡਨ - ਮਹਾਰਾਜਾ ਚਾਰਲਸ ਤੀਜੇ ਨੇ ਪਹਿਲੀ ਵਾਰ ਬਰਤਾਨੀਆ ਦੀ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕੀਤਾ | ਹਾਊਸ ਆਫ ਕਾਮਨਜ਼ ਅਤੇ ਹਾਊਸ ਆਫ ਲਾਰਡਜ਼ ਨੂੰ ਸੰਬੋਧਨ ਕਰਦਿਆਂ ਮਹਾਰਾਜਾ ਚਾਰਲਸ ਨੇ ਆਪਣੀ 'ਪਿਆਰੀ ਸਵਰਗੀ ਮਾਂ' ਬਾਰੇ ਗੱਲ ਕੀਤੀ ਅਤੇ ਵਾਅਦਾ ਕੀਤਾ ਕਿ ਉਹ 'ਸੰਵਿਧਾਨਕ ਸ਼ਾਸਨ ਦੇ ਕੀਮਤੀ ਸਿਧਾਂਤਾਂ' ਨੂੰ ਕਾਇਮ ਰੱਖਣ 'ਚ ਉਸ ਦੀ ਪਾਲਣਾ ਕਰਨਗੇ | ਵੈਸਟਮਿਨਸਟਰ ਹਾਲ ਵਿਖੇ ਹਾਊਸ ਆਫ਼ ਕਾਮਨਜ਼ ਅਤੇ ਲਾਰਡਜ਼ ਦੁਆਰਾ ਪੇਸ਼ ਕੀਤੇ ਗਏ ਸੋਗ ਦੇ ਜਵਾਬ 'ਚ ਉਨ੍ਹਾਂ ਦੋਵੇਂ ਸਦਨਾਂ ਦਾ ਧੰਨਵਾਦ ਕਰਦਿਆਂ ਕਿਹਾ ਮਹਾਰਾਣੀ ਸਾਡੇ ਸਾਰਿਆਂ ਲਈ ਸੀ, ਇਸ ਲਈ ਜੋ ਕੀਤਾ, ਉਹ ਦਿਲ ਛੂਹ ਲੈਂਦਾ ਹੈ | ਆਪਣੀ ਮਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਚਾਰਲਸ ਨੇ ਕਿਹਾ, ਜਿਵੇਂ ਕਿ (ਵਿਲੀਅਮ) ਸ਼ੈਕਸਪੀਅਰ ਨੇ ਪਹਿਲੀ ਮਹਾਰਾਣੀ ਐਲਿਜ਼ਾਬੈਥ ਬਾਰੇ ਕਿਹਾ ਸੀ, ਉਹ ਸਾਰੇ ਰਾਜਕੁਮਾਰਾਂ ਲਈ ਇਕ ਖਾਸ ਸੀ | ਉਨ੍ਹਾਂ ਕਿਹਾ ਕਿ ਸੰਸਦ ਸਾਡੇ ਲੋਕਤੰਤਰ ਦਾ ਜਿੰਦਾ ਅਤੇ ਸਾਹ ਲੈਣ ਵਾਲਾ ਸਾਧਨ ਹੈ | ਮੇਰੀ ਪਿਆਰੀ ਸਵਰਗਵਾਸੀ ਮਾਂ ਨਾਲ ਰਿਸ਼ਤੇ ਸਾਡੇ ਚਾਰੇ ਪਾਸੇ ਦਿਖਾਈ ਦਿੰਦੇ ਹਨ, ਸਿਲਵਰ ਜੁਬਲੀ ਤੋਂ ਲੈ ਕੇ ਗੋਲਡਨ ਜੁਬਲੀ ਤੱਕ ਜਸ਼ਨ ਵੇਖੇ ਗਏ ਹਨ | ਉਨ੍ਹਾਂ ਕਿਹਾ ਕਿ ਮੈਂ ਇਹ ਜ਼ਿੰਮੇਵਾਰੀਆਂ ਸੰਭਾਲਦਾ ਹੋਇਆ ਸੰਵਿਧਾਨਕ ਸਰਕਾਰ ਨੂੰ ਬਰਕਰਾਰ ਰੱਖਣ, ਯੂ. ਕੇ. ਅਤੇ ਵਿਸ਼ਵ ਭਰ 'ਚ ਰਾਸ਼ਟਰਮੰਡਲ ਖੇਤਰਾਂ ਅਤੇ ਪ੍ਰਦੇਸ਼ਾਂ ਦੇ ਲੋਕਾਂ ਦੀ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਸਥਾਪਿਤ ਕਰਨ ਲਈ ਕੋਸ਼ਿਸ਼ ਕਰਾਂਗਾ |
ਅੰਮ੍ਰਿਤਸਰ - ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਦਿੱਤਾ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਮੁਲਾਜ਼ਮਾਂ ਤੇ ਮੈਂਬਰ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਨੇ ਕਾਲੇ ਚੋਲੇ ਪਾਏ ਹੋਏ ਹਨ ਅਤੇ ਲੋਹੇ ਦੀਆਂ ਜ਼ੰਜੀਰਾਂ ਪਾਈਆਂ ਹੋਈਆਂ ਹਨ ਜੋ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਦਰਸਾਉਣ ਦਾ ਸੰਕੇਤ ਕਰਦੀਆਂ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਗਵਾਈ ਹੇਠ ਮੈਂਬਰ ਤੇ ਕਰਮਚਾਰੀ ਇੱਥੇ ਗੁਰਦੁਆਰਾ ਸਾਰਾਗੜ੍ਹੀ ਨੇੜੇ ਇਕੱਠੇ ਹੋਏ, ਜਿੱਥੋਂ ਉਹ ਮੋਟਰਸਾਈਕਲ, ਸਕੂਟਰਾਂ ’ਤੇ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਆਖਿਆ ਕਿ ਸਿੱਖ ਬੰਦੀਆਂ ਦੀ ਰਿਹਾਈ ਦੀ ਸਮੁੱਚੀ ਸਿੱਖ ਕੌਮ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਕਈ ਵਾਰ ਪ੍ਰਧਾਨ ਮੰਤਰੀ , ਕੇਂਦਰੀ ਗ੍ਰਹਿ ਮੰਤਰੀ ਤੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਵਾਲੇ ਬੰਦੀਆਂ ਨੂੰ ਹੋਰ ਕਈ ਥਾਵਾਂ ’ਤੇ ਰਿਹਾਅ ਕੀਤਾ ਗਿਆ ਹੈ ਪਰ ਸਿੱਖ ਬੰਦੀਆਂ ਦੇ ਮਾਮਲੇ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ।
ਕੀਵ (ਯੂਕਰੇਨ) - ਯੂਕਰੇਨ ਦੇ ਖ਼ਿਲਾਫ਼ ਪਿਛਲੇ 200 ਦਿਨਾਂ ਤੋਂ ਜਾਰੀ ਯੁੱਧ 'ਚ ਰੂਸ ਦੀ ਹਾਲਤ ਹੁਣ ਪਤਲੀ ਨਜ਼ਰ ਆਉਣ ਲੱਗੀ ਹੈ | ਯੂਕਰੇਨ ਨੇ ਖਾਰਕੀਵ ਦੇ ਕਈ ਇਲਾਕਿਆਂ 'ਚੋਂ ਰੂਸ ਦੇ ਸੈਨਿਕਾਂ ਨੂੰ ਖਦੇੜ ਦਿੱਤਾ ਹੈ ਅਤੇ ਕਈ ਇਲਾਕਿਆਂ 'ਤੇ ਉਨ੍ਹਾਂ ਮੁੜ ਕਬਜ਼ਾ ਕਰ ਲਿਆ ਹੈ | ਯੂਕਰੇਨ ਦੀ ਤਕੜੀ ਜਵਾਬੀ ਕਾਰਵਾਈ ਕਰਕੇ ਰੂਸ ਨੂੰ ਖਾਰਕੀਵ ਦੇ ਕਈ ਇਲਾਕਿਆਂ 'ਚੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਲਈ ਮਜਬੂਰ ਹੋਣਾ ਪਿਆ | ਰੂਸ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੂਰਬੀ ਖਾਰਕੀਵ ਖੇਤਰ ਦੇ ਦੋ ਸਥਾਨਾਂ ਤੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾ ਰਿਹਾ ਹੈ | ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਬਲਾਕਲੀਆ ਅਤੇ ਇੰਜ਼ਯਾਮ ਖੇਤਰਾਂ ਤੋਂ ਪੂਰਬੀ ਦੋਨੇਸਤਕ ਖੇਤਰ 'ਚ ਸੈਨਿਕਾਂ ਨੂੰ ਫਿਰ ਤੋਂ ਇਕੱਠਾ ਕਰੇਗਾ | ਇਸ ਤੋਂ ਪਹਿਲਾਂ ਮਾਰਚ 'ਚ ਰੂਸੀ ਸੈਨਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਵਾਪਸ ਬੁਲਾ ਲਿਆ ਗਿਆ ਸੀ | ਯੂਕਰੇਨ ਦੇ ਖ਼ਿਲਾਫ਼ ਜਾਰੀ ਯੁੱਧ 'ਚ ਇਹ ਫੈਸਲਾ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ | ਰੂਸੀ ਸੈਨਿਕਾਂ ਨੇ ਗੋਲਾ-ਬਰੂਦ ਦੇ ਭੰਡਾਰ ਅਤੇ ਹਥਿਆਰਾਂ ਨੂੰ ਵੀ ਉਥੇ ਹੀ ਛੱਡ ਦਿੱਤਾ ਹੈ | ਯੂਕਰੇਨ ਦੇ ਰਾਸ਼ਟਰਪਤੀ ਨੇ ਵੋਲੋਦੀਮੀਰ ਯੇਲੇਂਸਕੀ ਨੇ ਕਿਹਾ ਕਿ ਰੂਸੀ ਸੈਨਿਕਾਂ ਨੇ ਉਨ੍ਹਾਂ ਦੇ ਦੇਸ਼ ਦੇ ਜਵਾਬੀ ਹਮਲੇ ਤੋਂ ਭੱਜ ਕੇ ਇਕ ਚੰਗਾ ਫ਼ੈਸਲਾ ਲਿਆ ਹੈ | ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਉੱਤਰ-ਪੂਰਬ 'ਚ ਰੂਸੀ ਸੈਨਾ ਦੇ ਖ਼ਿਲਾਫ਼ ਜਵਾਬੀ ਕਾਰਵਾਈ 'ਚ ਕੀਵ ਨੂੰ ਵੱਡੀ ਸਫ਼ਲਤਾ ਮਿਲੀ ਹੈ | ਯੂਕਰੇਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਯੂਕਰੇਨੀ ਸੈਨਿਕਾਂ ਨੇ ਪੂਰਬੀ ਯੂਕਰੇਨ ਦੇ ਕੁਪਿਯਾਂਸਕ ਸ਼ਹਿਰ ਨੂੰ ਫਿਰ ਤੋਂ ਆਪਣੇ ਕਬਜ਼ੇ 'ਚ ਲੈ ਲਿਆ ਹੈ | ਬੁਲਾਰੇ ਨੇ ਇਕ ਤਸਵੀਰ ਟਵੀਟ ਕੀਤੀ ਹੈ, ਜਿਸ 'ਚ ਯੂਕਰੇਨ ਦੀ 92ਵੀਂ ਸੈਪਰੇਟ ਮੈਕੇਨਾਈਜ਼ ਬਟਾਲੀਅਨ ਦੇ ਸੈਨਿਕਾਂ ਨੂੰ ਉਥੇ ਦਿਖਾਇਆ ਗਿਆ ਹੈ |
ਦੋਨੇਸਤਕ ਦੇ ਗਵਰਨਰ ਨੇ ਦੱਸਿਆ ਕਿ ਸਨਿਚਰਵਾਰ-ਐਤਵਾਰ ਦੀ ਦਰਮਿਆਨੀ ਰਾਤ ਪੋਕਰੋਵਸਕ ਕਸਬੇ 'ਤੇ ਰੂਸ ਵਲੋਂ ਮਿਜ਼ਾਈਲਾਂ ਦਾ ਮੀਂਹ ਵਰਾਇਆ ਗਿਆ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ | ਮੋਹਰਲੀ ਕਤਾਰ ਤੋਂ ਲਗਪਗ 40 ਕਿਲੋਮੀਟਰ ਦੂਰ ਉਦਯੋਗਿਕ ਸ਼ਹਿਰ ਨੂੰ ਪਹਿਲਾਂ ਮਈ ਅਤੇ ਜੁਲਾਈ 'ਚ ਵੀ ਦੋ ਵਾਰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਕ ਰਾਤ 'ਚ ਇੰਨੇ ਲੋਕ ਪਹਿਲਾਂ ਕਦੇ ਨਹੀਂ ਮਾਰੇ ਗਏ ਸਨ
ਨਵੀਂ ਦਿੱਲੀ - ਸੰਨ 1984 ਦੀ ਇੱਕ ਜੂਨ ਨੂੰ ਕੀਤੇ ‘ਅਪਰੇਸ਼ਨ ਬਲਿਊ ਸਟਾਰ’ ਬਾਰੇ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਦੀ ਨਵੀਂ ਪੁਸਤਕ ਨੇ ਹਰਿਮੰਦਰ ਸਾਹਿਬ ’ਚ ਫ਼ੌਜ ਦੇ ਦਾਖਲ ਹੋਣ ਪਿਛਲੇ ਕਾਰਨਾਂ ਬਾਰੇ ਫਿਰ ਤੋਂ ਗੰਭੀਰ ਵਿਚਾਰ-ਚਰਚਾ ਛੇੜ ਦਿੱਤੀ ਹੈ। ਘਟਨਾਵਾਂ ਦਾ ਮੁਲਾਂਕਣ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ, ਜੋ ਪੰਜਾਬ ਦੇ ਤਤਕਾਲੀ ਵਿੱਤ ਕਮਿਸ਼ਨਰ ਸਨ, ਤੇ ਸਾਰੀਆਂ ਘਟਨਾਵਾਂ ਦੇ ਚਸ਼ਮਦੀਦ ਵੀ ਹਨ, ਨੇ ਅੱਜ ਅੰਦਰੂਨੀ ਸੁਰੱਖਿਆ ਪ੍ਰਬੰਧਨ ਵਿੱਚ ਫ਼ੌਜ ਤਾਇਨਾਤ ਕਰਨ ਪ੍ਰਤੀ ਚੌਕਸ ਕਰਦਿਆਂ ਕਿਹਾ ਕਿ ਕਿਸੇ ਵੀ ਥਾਂ ਸਥਿਤੀ ਕਾਬੂ ਤੋਂ ਬਾਹਰ ਹੋਣ ਦੀ ਸੂਰਤ ਵਿਚ ਕਾਰਵਾਈ ਦੀ ਯੋਜਨਾ ਤੋਂ ਪਹਿਲਾਂ ਸਾਰੀਆਂ ਧਿਰਾਂ ਵਿਚਕਾਰ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ।
ਪੁਸਤਕ ‘ਟਰਮੌਇਲ ਇਨ ਪੰਜਾਬ: ਬਿਫੋਰ ਐਂਡ ਆਫਟਰ ਬਲਿਊ ਸਟਾਰ, ਐਨ ਇਨਸਾਈਡਰ ਸਟੋਰੀ’ ਦੇ ਰਿਲੀਜ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸ੍ਰੀ ਵੋਹਰਾ ਨੇ ਕਿਹਾ, ‘ਮੈਂ ਇਹ ਗੱਲ ਜ਼ੋਰ ਦੇ ਕੇ ਸਪਸ਼ਟ ਕਰਨੀ ਚਾਹਾਂਗਾ ਕਿ ਅੰਦਰੂਨੀ ਗੜਬੜੀ ਖਿਲਾਫ਼ ਕਾਰਵਾਈ ਫ਼ੌਜ ਦਾ ਕੰਮ ਨਹੀਂ ਹੈ। ਜਦੋਂ ਤੁਸੀਂ ਹਰਿਮੰਦਰ ਸਾਹਿਬ ਵਿਚ ਫ਼ੌਜ ਲੈ ਆਂਦੀ ਤਾਂ ਉਹ ਇਕ ਉਦਾਸ ਦਿਨ ਸੀ। ਨਾਗਰਿਕ ਮਾਮਲਿਆਂ ਵਿੱਚ ਸੈਨਾ ਦੇ ਦਖ਼ਲ ਕਾਰਨ ਫ਼ੌਜ ਲਈ ਵੀ ਇਹ ਦਿਨ ਬਹੁਤ ਮੰਦਭਾਗਾ ਸੀ। ਸੈਨਾ ਆਪਣੇ ਹਿੱਤ ਤੇ ਬਚਾਅ ਲਈ ਹਥਿਆਰਬੰਦ ਬਲ ਵਿਸ਼ੇਸ਼ ਤਾਕਤਾਂ ਐਕਟ ਦੀ ਮੰਗ ਕਰ ਸਕਦੀ ਹੈ ਕਿਉਂਕਿ ਉਹ ਅਜਿਹੇ ਕਾਨੂੰਨ ਤੋਂ ਬਿਨਾਂ ਨਾਗਰਿਕਾਂ ’ਤੇ ਗੋਲੀ ਨਹੀਂ ਚਲਾ ਸਕਦੀ, ਜਿਵੇਂ ਕਿ ਅਸੀਂ ਉੱਤਰ-ਪੂਰਬ ਵਿੱਚ ਦੇਖਿਆ ਹੈ ਅਤੇ ਇਸ ਦੇ ਨਤੀਜੇ ਭੁਗਤਣੇ ਪਏ ਹਨ। ਫ਼ੌਜ ਦੀ ਜ਼ਿੰਮੇਵਾਰੀ ਬਾਹਰੀ ਅਤੇ ਵਿਦੇਸ਼ੀ ਦੁਸ਼ਮਣਾਂ ਦਾ ਟਾਕਰਾ ਕਰਨ ਦੀ ਹੈ।’ ਲੇਖਕ ਵੱਲੋਂ ਪੰਜਾਬ ਵਿਚਲੇ ਸੰਕਟ ਲਈ ਉਸ ਵੇਲੇ ਅਕਾਲੀ ਦਲ ਦੀਆਂ ਦਸ ਮੰਗਾਂ ਨਾ ਮੰਨੇ ਜਾਣ ਦੇ ਹਵਾਲੇ ’ਤੇ ਵੋਹਰਾ ਨੇ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਦੀ ਸਮੱਸਿਆ ਉਦੋਂ ਖੜ੍ਹੀ ਹੋਈ, ‘ਜਦੋਂ ਸਿਆਸੀ ਮੁੱਦਿਆਂ ਨੂੰ ਸਮਝਣ ਵਿਚ ਦਿਲਚਸਪੀ ਲੈਣ ਦੀ ਥਾਂ ਉਦਾਸੀਨਤਾ ਦਿਖਾਈ ਗਈ ਅਤੇ ਇਨ੍ਹਾਂ ਨੂੰ ਨੌਕਰਸ਼ਾਹਾਂ ਜਾਂ ਪੁਲੀਸ ਹਵਾਲੇ ਕਰ ਦਿੱਤਾ ਗਿਆ।’ ਉਨ੍ਹਾਂ ਕਿਹਾ, ‘ਸਿਆਸੀ ਮੁੱਦਿਆਂ ਨੂੰ ਸਮੇਂ ਸਿਰ ਨਾ ਸਮਝ ਸਕਣ ਅਤੇ ਇਨ੍ਹਾਂ ਦਾ ਹੱਲ ਨਾ ਨਿਕਲ ਸਕਣ ਕਾਰਨ ਪੰਜਾਬ ਵਿਚ 1984 ਜਿਹੇ ਹਾਲਾਤ ਪੈਦਾ ਹੋਏ। ਜਦ ਚੀਜ਼ਾਂ ਗਲਤ ਹੁੰਦੀਆਂ ਹਨ ਤਾਂ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾਂਦਾ ਹੈ। ਪੰਜਾਬ ਪੁਲੀਸ ਸਥਿਤੀ ਨੂੰ ਨਹੀਂ ਸੰਭਾਲ ਸਕੀ ਤੇ ਫ਼ੌਜ ਸੱਦਣੀ ਪਈ।’ ਵੋਹਰਾ ਨੇ ਇਸ ਮੌਕੇ ਜਲੰਧਰ ਦੇ ਡੀਆਈਜੀ ਏਐੱਸ ਅਟਵਾਲ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੇਹ ਹਰਿਮੰਦਰ ਸਾਹਿਬ ਦੇ ਦਾਖ਼ਲਾ ਦੁਆਰ ਉਤੇ ਪਈ ਰਹੀ ਜਦਕਿ ਅੰਮ੍ਰਿਤਸਰ ਦਾ ਐੱਸ.ਐੱਸ.ਪੀ. ਮੁੱਖ ਮੰਤਰੀ ਦੀਆਂ ਹਦਾਇਤਾਂ ਉਡੀਕਦਾ ਰਿਹਾ। ਸਾਬਕਾ ਰਾਜਪਾਲ ਨੇ ਇਸ ਮੌਕੇ ਕਿਹਾ ਕਿ ਚੰਗੇ ਪ੍ਰਸ਼ਾਸਨ ਲਈ ਜ਼ਰੂਰੀ ਹੈ ਕਿ ਸਿਵਲ ਤੇ ਪੁਲੀਸ ਤੰਤਰ ਨੂੰ ਬਿਨਾਂ ਦਖ਼ਲ ਕੰਮ ਕਰਨ ਦਿੱਤਾ ਜਾਵੇ। ਇਸ ਤੋਂ ਪਹਿਲਾਂ ਰਮੇਸ਼ ਇੰਦਰ ਸਿੰਘ ਨੇ ਜ਼ਿਕਰ ਕੀਤਾ ਕਿ 1981 ਤੋਂ 1984 ਤੱਕ ਪੰਜਾਬ ਤੇ ਕੇਂਦਰ ਸਰਕਾਰ ਦਰਮਿਆਨ 26 ਮੀਟਿੰਗਾਂ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖੀਆਂ ਗਈਆਂ ਦਸ ਮੰਗਾਂ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਅਤੇ ਇਹ ਹੀ ਬਾਅਦ ਵਿੱਚ ਪੈਦਾ ਹੋਈ ਸਮੱਸਿਆ ਦੀ ਜੜ੍ਹ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੱਸਿਆ ਨੂੰ ਖਾਲਿਸਤਾਨ ਦੀ ਸਮੱਸਿਆ ਸਮਝਣਾ ਸਹੀਂ ਨਹੀਂ ਹੈ। ਇਸ ਕਿਤਾਬ ਉਤੇ ਚਰਚਾ ‘ਦਿ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨਜ਼’ ਦੇ ਪ੍ਰਮੋਦ ਕੁਮਾਰ ਨੇ ਕਰਵਾਈ ਤੇ ਬੁਲਾਰਿਆਂ ਵਿੱਚ ਅਜੈ ਸਾਹਨੀ ਵੀ ਸ਼ਾਮਲ ਸਨ।
ਨਵੀਂ ਦਿੱਲੀ - ਸੀਨੀਅਰ ਅਕਾਲੀ ਆਗੂ ਤੇ ਪ੍ਰਧਾਨ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਵਤਾਰ ਸਿੰਘ ਹਿੱਤ ਦਾ ਅੱਜ ਸਵੇਰੇ ਕਰੀਬ 8 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਬੀਤੇ ਦਿਨਾਂ ਤੋਂ ਢਿੱਲੀ ਚੱਲ ਰਹੀ ਸੀ। ਬਾਦਲ ਪਰਿਵਾਰ ਦੇ ਉਹ ਵਫ਼ਾਦਾਰਾਂ ਵਿੱਚੋਂ ਸਨ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਨਗਰ ਨਿਗਮ ਦੇ ਕੌਂਸਲਰ ਵੀ ਰਹਿ ਚੁੱਕੇ ਸਨ।
ਅੰਮ੍ਰਿਤਸਰ - ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਕਿਰਪਾਨ ਪਾ ਕੇ ਸਫ਼ਰ ਕਰਨ ਤੋਂ ਰੋਕਣ ਦਾ ਮਾਮਲਾ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਪੁੱਜ ਗਿਆ ਹੈ। ਸਿੱਖ ਜਥੇਬੰਦੀ ਪੰਥਕ ਅਸੈਂਬਲੀ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਨੇ ਇਸ ਮਾਮਲੇ ’ਚ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਪੰਥਕ ਤਾਲਮੇਲ ਸੰਗਠਨ ਦੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਪੰਥਕ ਅਸੈਂਬਲੀ ਦੇ ਸੁਖਦੇਵ ਸਿੰਘ ਭੌਰ ਤੇ ਨਵਕਿਰਨ ਸਿੰਘ ਐਡਵੋਕੇਟ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਇਕ ਸ਼ਿਕਾਇਤ ਭੇਜੀ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅੱਠ ਸਤੰਬਰ ਦੀ ਸ਼ਾਮ ਮੈਟਰੋ ਸਟੇਸ਼ਨ ਦਵਾਰਕਾ (ਦਿੱਲੀ) ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਿਰਪਾਨ ਪਾਈ ਹੋਣ ਕਾਰਨ ਮੈਟਰੋ ਵਿੱਚ ਸਫ਼ਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਕਿਰਪਾਨ ਦੇ ਆਕਾਰ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੈਟਰੋ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਸਾਬਕਾ ਜਥੇਦਾਰ ਨੇ ਗਾਤਰੇ ਵਿੱਚ ਇੱਕ ਫੁੱਟ ਦੀ ਕਿਰਪਾਨ ਪਾਈ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਧਰਮ ਨੂੰ ਮੰਨਣ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ। ਧਾਰਾ ਵਿੱਚ ਇਹ ਵਿਆਖਿਆ ਕੀਤੀ ਗਈ ਹੈ ਕਿ ਕਿਰਪਾਨ ਪਾਉਣੀ ਤੇ ਰੱਖਣੀ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੰਵਿਧਾਨ ਦੀ ਧਾਰਾ ਦੀ 25 ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਸਿੱਖ ਆਗੂਆਂ ਨੇ ਮੰਗ ਕੀਤੀ ਕਿ ਅਜਿਹੀ ਪਾਬੰਦੀ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਧਾਰਮਿਕ ਰੀਤੀ ਰਿਵਾਜਾਂ ਦਾ ਪਾਲਣ ਕਰਨ ਦੇ ਹੱਕ ਨੂੰ ਸੁਰੱਖਿਅਤ ਕੀਤਾ ਜਾਵੇ। ਕਰਨ ਦੇ ਨਾਲ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਵਿੱਚ ਕਿਰਪਾਨ ਸਮੇਤ ਮੈਟਰੋ ਵਿਚ ਸਫ਼ਰ ਕਰਨ ਤੋਂ ਰੋਕਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਧਾਰਮਿਕ ਚਿੰਨ੍ਹ ਪਹਿਨਣ ਤੋਂ ਵਰਜਣਾ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਨੂੰ ਮੈਟਰੋ ਸਟੇਸ਼ਨ ’ਤੇ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਘਟਨਾ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।
The Sikh Spokesman Newspaper,
Toronto, Canada.
Published Every Thursday
Email : This email address is being protected from spambots. You need JavaScript enabled to view it.
www.sikhspokesman.com
Canada Tel : 905-497-1216
India : 94632 16267