ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਖ਼ਿਲਾਫ਼ ਬੁੱਧੀਜੀਵੀਆਂ, ਵਕੀਲਾਂ, ਵਿਦਿਆਰਥੀ ਜਥੇਬੰਦੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ-17 ਵਿੱਚ ਮੋਮਬੱਤੀ ਮਾਰਚ ਕੀਤਾ। ਇਸ ਮੌਕੇ ਬੁੱਧੀਜੀਵੀਆਂ ਨੇ ਯੂਪੀ ਵਿੱਚ ਹੋਈ ਘਿਨੌਣੀ ਘਟਨਾ ਦੀ ਨਿੰਦਾ ਕਰਦਿਆਂ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਪੀੜਤਾ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
  ਇਸ ਮੌਕੇ ਪ੍ਰੋਫੈਸਰ ਮਨਜੀਤ ਸਿੰਘ, ਡਾ. ਪਿਆਰੇ ਲਾਲ ਗਰਗ, ਐਡਵੋਕੇਟ ਰਾਜੀਵ ਗੋਦਾਰਾ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਪ੍ਰੋ. ਸੁਖਦੇਵ ਸਿੰਘ ਸਿਰਸਾ, ਕਾਮਰੇਡ ਇੰਦਰਜੀਤ ਸਿੰਘ, ਵਿਦਿਆਰਥੀ ਆਗੂ ਕਨੂ ਪ੍ਰਿਆ, ਅਮਨ ਅਤੇ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਫੈਸਰ ਮਨਜੀਤ ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਯੂਪੀ ਪੁਲੀਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪੁਲੀਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕਰੇ ਤੇ ਕਾਨੂੰਨ ਦੇ ਘੇਰੇ ਵਿਚ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸੂਬੇ ਵਿੱਚ ਅਪਰਾਧਕ ਗਤੀਵਿਧੀਆਂ ’ਤੇ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਜਦਕਿ ਇਸ ਦੇ ਉਲਟ ਯੂਪੀ ਵਿੱਚ ਅਪਰਾਧਕ ਗਤੀਵਿਧੀਆਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਯੋਗੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
  ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਿੰਦੂਵਾਦੀ ਨੀਤੀਆਂ ਕਾਰਨ ਅਦਾਲਤਾਂ ਦਾ ਸਤਿਕਾਰ ਪਹਿਲਾਂ ਦੀ ਖ਼ਤਮ ਹੋ ਚੁੱਕਾ ਹੈ ਜਦਕਿ ਹੁਣ ਦੇਸ਼ ਵਿੱਚੋਂ ਕਾਨੂੰਨ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਪੀੜਤਾ ਦਾ ਕਾਹਲੀ ’ਚ ‘ਜਬਰੀ ਸਸਕਾਰ’ ਕੀਤੇ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਾਥਰਸ ਵਿੱਚ ਹੋਈ ਘਟਨਾ ਦੀ ਫਾਸਟ ਟਰੈਕ ਅਦਾਲਤ ਵਿੱਚ ਸੁਣਵਾਈ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਵਿਦਿਆਰਥੀ ਆਗੂ ਅਮਨ ਨੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਨਿਰਭਯਾ ਨਾਲ ਹੋਏ ਜਬਰ-ਜਨਾਹ ਅਤੇ ਹੁਣ ਹਾਥਰਸ ਵਿੱਚ ਹੋਈ ਘਟਨਾ ਤੋਂ ਸਾਬਿਤ ਹੋ ਗਿਆ ਹੈ ਕਿ ਭਾਰਤ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਅਮਨ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿਰੋਧੀ ਫ਼ੈਸਲੇ ਲੈਣ ਦੀ ਥਾਂ ਅਪਰਾਧਕ ਗਤੀਵਿਧੀਆਂ ’ਤੇ ਨੱਥ ਪਾਉਣ ਅਤੇ ਦੇਸ਼ ਨੂੰ ਵਿਕਾਸ ਦੀ ਰਾਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਚੰਡੀਗੜ੍ਹ ਅਤੇ ਹੋਰਨਾਂ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਦੇਸ਼ ਭਰ ਵਿੱਚ ਮੋਮਬੱਤੀ ਮਾਰਚ ਕੀਤੇ ਗਏ।

  ਅੰਮ੍ਰਿਤਸਰ - ਮਹਾਮਾਰੀ ਦਾ ਅਸਰ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ’ਤੇ ਵੀ ਪਿਆ ਹੈ। ਸਿੱਖ ਸੰਸਥਾ ਦਾ ਵਿੱਤੀ ਵਰ੍ਹੇ 2020-2021 ਲਈ ਲਗਭਗ 9 ਅਰਬ 81 ਕਰੋੜ 94 ਲੱਖ 80,500 ਰੁਪਏ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ। ਇਸ ਵਿਚ ਪਿਛਲੇ ਵਰ੍ਹੇ ਨਾਲੋਂ 18.51 ਫ਼ੀਸਦ ਕਟੌਤੀ ਕੀਤੀ ਗਈ ਹੈ। ਪਿਛਲੇ ਵਰ੍ਹੇ ਲਗਭਗ 12 ਅਰਬ 5 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਕਮੇਟੀ ਦੇ ਜਨਰਲ ਇਜਲਾਸ ਵਿਚ ਸੇਵਾ ਸਿੰਘ ਸੇਖਵਾਂ, ਕਰਨੈਲ ਸਿੰਘ ਪੰਜੌਲੀ, ਬੀਬੀ ਕਿਰਨਜੋਤ ਕੌਰ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਸੰਬੋਧਨ ਕਰਨ ਤੋਂ ਰੋਕਣ ਉਤੇ ਇਸ ਦੌਰਾਨ ਰੌਲਾ-ਰੱਪਾ ਵੀ ਪਿਆ। ਇਨ੍ਹਾਂ ਮੈਂਬਰਾਂ ਨੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਸਾਲਾਨਾ ਬਜਟ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਨਰਲ ਬੋਰਡ ਫੰਡ ਲਈ 57 ਕਰੋੜ ਰੁਪਏ, ਟਰੱਸਟ ਫੰਡ ਲਈ 37 ਕਰੋੜ 61 ਲੱਖ, ਵਿਦਿਆ ਫੰਡ ਲਈ 28 ਕਰੋੜ 44 ਲੱਖ, ਧਰਮ ਪ੍ਰਚਾਰ ਕਮੇਟੀ ਲਈ 58 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2 ਅਰਬ 15 ਕਰੋੜ ਰੁਪਏ, ਸੈਕਸ਼ਨ 85 ਦੇ ਗੁਰਦੁਆਰਿਆਂ ਲਈ 5 ਅਰਬ 77 ਕਰੋੜ ਰੁਪਏ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਾਸਤੇ 87 ਲੱਖ 80,500 ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਵਿਚ ਆ ਰਹੀਆਂ ਸ਼ਤਾਬਦੀਆਂ ਵਾਸਤੇ 3 ਕਰੋੜ 45 ਲੱਖ 70 ਹਜ਼ਾਰ ਰੁਪਏ ਰੱਖੇ ਗਏ ਹਨ। ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼ਤਾਬਦੀਆਂ, ਅੰਮ੍ਰਿਤਧਾਰੀ ਬੱਚਿਆਂ, ਕੁਦਰਤੀ ਆਫ਼ਤਾਂ, ਵਾਤਾਵਰਨ ਦੀ ਸ਼ੁੱਧਤਾ, ਕੁਦਰਤੀ ਖੇਤੀ ਅਤੇ ਵਿਦਿਅਕ ਅਦਾਰਿਆਂ ਨੂੰ ਵਧੇਰੇ ਪ੍ਰਫੁੱਲਤ ਕਰਨ ਸਣੇ ਕਈ ਹੋਰ ਭਲਾਈ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸ੍ਰੀ ਧਾਮੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਸ਼ਰਧਾਲੂਆਂ ਦੀ ਆਮਦ ਘਟ ਗਈ ਹੈ, ਜਿਸ ਦਾ ਅਸਰ ਗੋਲਕ ’ਤੇ ਹੋਇਆ ਹੈ। ਇਸ ਕਾਰਨ ਕਈ ਤਰ੍ਹਾਂ ਦੀ ਕਟੌਤੀ ਵੀ ਕੀਤੀ ਗਈ ਹੈ। ਸ੍ਰੀ ਲੌਂਗੋਵਾਲ ਨੇ ਵਿਛੜੇ ਆਗੂਆਂ ਲਈ ਸ਼ੋਕ ਮਤਿਆਂ ਤੋਂ ਇਲਾਵਾ 11 ਮਤੇ ਪੜ੍ਹੇ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿਚੋਂ ਬਾਹਰ ਕੀਤੇ ਜਾਣ ਦਾ ਨਿੰਦਾ ਮਤਾ ਪਾਸ ਕਰਦਿਆਂ ਭਾਰਤ ਸਰਕਾਰ ਕੋਲੋਂ ਭਾਸ਼ਾ ਬਿੱਲ ਵਿਚ ਪੰਜਾਬੀ ਨੂੰ ਮੁੜ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਚੰਡੀਗੜ੍ਹ ਵਿਚ ਵੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ’ਤੇ ਚਿੰਤਾ ਪ੍ਰਗਟ ਕਰਦਿਆਂ ਉਪਰਾਲੇ ਕਰਨ ਦੀ ਮੰਗ ਕੀਤੀ ਗਈ ਹੈ। ਕਮੇਟੀ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਹੈ। ਇਸ ਮੌਕੇ ਪਾਕਿਸਤਾਨ ਵਿਚ ਗੁਰਦੁਆਰਿਆਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਦੀ ਸਖ਼ਤ ਨਿੰਦਾ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਅਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਕਮੇਟੀ ਮੈਂਬਰਾਂ ਦਾ ਸਾਲਾਨਾ ਅਖ਼ਤਿਆਰੀ ਫੰਡ ਜੋ ਬੰਦ ਕਰ ਦਿੱਤਾ ਗਿਆ ਸੀ, ਨੂੰ ਮੁੜ ਸ਼ੁਰੂ ਕਰਦਿਆਂ ਦੋ ਲੱਖ ਰੁਪਏ ਪ੍ਰਤੀ ਮੈਂਬਰ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

  ਫ਼ਰੀਦਕੋਟ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ’ਚ ਅੱਜ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ, ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ, ਕਾਰੋਬਾਰੀ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਮੁਲਜ਼ਮ ਵਜੋਂ ਨਾਮਜ਼ਦ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ 14 ਅਕਤੂਬਰ 2015 ਸਵੇਰੇ ਬਹਿਬਲ ਕਲਾਂ ਵਿੱਚ ਗਿਆ ਸੀ ਤੇ ਜਿੱਥੇ ਸਿੱਖ ਸੰਗਤਾਂ ਬੇਅਦਬੀ ਖ਼ਿਲਾਫ਼ ਸ਼ਾਂਤਮਈ ਧਰਨੇ ’ਤੇ ਬੈਠੀਆਂ ਸਨ। ਪੜਤਾਲ ਰਿਪੋਰਟ ਅਨੁਸਾਰ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਕਥਿਤ ਤੌਰ ’ਤੇ ਕੁਝ ਪੁਲੀਸ ਅਧਿਕਾਰੀਆਂ ਤੇ ਸਿਆਸੀ ਆਗੂਆਂ ਨਾਲ ਸਾਜਬਾਜ ਹੋ ਕੇ ਸ਼ਾਂਤਮਈ ਧਰਨੇ ’ਤੇ ਜਬਰ ਢਾਹੁਣਾ ਸ਼ੁਰੂ ਕਰ ਦਿੱਤਾ। ਇੱਥੇ ਚੱਲੀ ਪੁਲੀਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 32 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਦੋ ਸਿੱਖ ਨੌਜਵਾਨਾਂ ਦੇ ਕਤਲ ਨੂੰ ਕਥਿਤ ਤੌਰ ’ਤੇ ਜਾਇਜ਼ ਠਹਿਰਾਉਣ ਲਈ ਧਰਨਾਕਾਰੀਆਂ ’ਤੇ ਹੀ ਇਰਾਦਾ ਕਤਲ ਤੇ ਪੁਲੀਸ ’ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਦਿੱਤਾ। ਜਾਂਚ ਟੀਮ ਨੇ ਪੜਤਾਲ ’ਚ ਦਾਅਵਾ ਕੀਤਾ ਹੈ ਕਿ ਪੁਲੀਸ ਦੀ ਜਿਪਸੀ ’ਚ ਗੋਲੀਆਂ ਧਰਨਾਕਾਰੀਆਂ ਵੱਲੋਂ ਨਹੀਂ ਮਾਰੀਆਂ ਗਈਆਂ ਸਨ ਬਲਕਿ ਪੁਲੀਸ ਅਧਿਕਾਰੀਆਂ ਨੇ ਖੁਦ ਨੂੰ ਬਚਾਉਣ ਲਈ ਜਿਪਸੀ ਵਿੱਚ ਖੁਦ ਗੋਲੀਆਂ ਮਾਰ ਕੇ ਝੂਠੀ ਗਵਾਹੀ ਤਿਆਰ ਕੀਤੀ। ਥਾਣਾ ਬਾਜਾਖਾਨਾ ਦੇ ਐੱਸਐੱਚਓ ਇਕਬਾਲ ਹੁਸੈਨ ਨੇ ਕਿਹਾ ਕਿ ਪੜਤਾਲ ਦੇ ਆਧਾਰ ’ਤੇ ਥਾਣੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਂਚ ਟੀਮ ਦੀ ਇਸ ਕਾਰਵਾਈ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਉਮਰਾਨੰਗਲ ਨੇ ਅਗਾਉਂ ਜ਼ਮਾਨਤ ਲੈਣ ਲਈ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਹਾਲ ਦੀ ਘੜੀ ਗ੍ਰਿਫ਼ਤਾਰ ਨਹੀਂ ਕਰ ਸਕਦੀ ਕਿਉਂਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਇੱਕ ਹਫ਼ਤੇ ਲਈ ਨੋਟਿਸ ਦੇਣਾ ਲਾਜ਼ਮੀ ਹੈ।

  ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟ ਉਮੀਦਵਾਰ ਜੋਅ ਬਾਇਡਨ ਦੀ ਚੋਣ ਮੁਹਿੰਮ ’ਚ ਹੁਣ ਸਿੱਖ ਭਾਈਚਾਰੇ ਨੂੰ ਖਿੱਚਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਇਸ ਰਾਹੀਂ ਘੱਟ ਗਿਣਤੀ ਅਮਰੀਕੀ ਸਿੱਖ ਭਾਈਚਾਰੇ ਅੱਗੇ ਬਣੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਅਹਿਦ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਨੂੰ ਪਛਾਣ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਅਮਰੀਕਾ ਵਿਚ ਕਰਨਾ ਪਿਆ ਹੈ। ਬਾਇਡਨ ਦੇ ਹਮਾਇਤੀਆਂ ਵੱਲੋਂ ‘ਸਿੱਖ ਅਮੈਰੀਕਨ ਫਾਰ ਬਾਇਡਨ’ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਤਵ ਸਕੂਲਾਂ ਵਿਚ ਅਮਰੀਕੀ ਸਿੱਖ ਨੌਜਵਾਨਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਿੱਖਾਂ ਨੂੰ ਕੌਮੀ ਔਸਤ ਨਾਲੋਂ ਦੁੱਗਣੀ ਦਰ ਉਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ 2017 ਤੋਂ ਬਾਅਦ ਅਜਿਹੇ ਮਾਮਲੇ ਵਧੇ ਹਨ। ਬਾਇਡਨ ਦੀ ਟੀਮ ਵੱਲੋਂ ਨਸਲਵਾਦ, ਸਭਿਆਚਾਰਕ ਪੱਖਪਾਤ ਜਿਹੇ ਮੁੱਦਿਆਂ ’ਤੇ ਕੰਮ ਕਰਨ ਦਾ ਭਰੋਸਾ ਸਿੱਖਾਂ ਨੂੰ ਦਿਵਾਇਆ ਜਾ ਰਿਹਾ ਹੈ। ‘ਸਿੱਖ ਅਮੈਰੀਕਨ ਨੈਸ਼ਨਲ ਲੀਡਰਸ਼ਿਪ ਕੌਂਸਲ’ ਦੀ ਮੈਂਬਰ ਤੇ ਉੱਘੀ ਨਾਗਰਿਕ ਹੱਕ ਕਾਰਕੁਨ ਕਿਰਨ ਕੌਰ ਗਿੱਲ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਖਪਾਤ ਤੇ ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਬਲਕਿ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਕੌਂਸਲ ਜੋਅ ਬਾਇਡਨ ਦੀ ਹਮਾਇਤ ਕਰ ਰਹੀ ਹੈ। ਇਕ ਹੋਰ ਕਾਰਕੁਨ ਵੈਲੈਰੀ ਕੌਰ ਨੇ ਕਿਹਾ ਕਿ ਸਿੱਖ ਧਰਮ ਸਨਮਾਨ, ਬਰਾਬਰੀ ਤੇ ਨਿਆਂ ਦੀ ਹਾਮੀ ਭਰਦਾ ਹੈ। ਬਾਇਡਨ ਆਪਣੀ ਚੋਣ ਮੁਹਿੰਮ ਵਿਚ ਇਨ੍ਹਾਂ ਹੀ ਪੱਖਾਂ ਉਤੇ ਧਿਆਨ ਕੇਂਦਰਤ ਕਰ ਰਹੇ ਹਨ। 

  ਚੰਡੀਗੜ੍ਹ - ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਤੋਂ ਪ੍ਰਭਾਵਿਤ 46 ਹੋਰਨਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਿਛਲੇ ਇੱਕ ਦਿਨ ਦੌਰਾਨ 1271 ਵਿਅਕਤੀ ਇਸ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਹਨ। ਇਸੇ ਤਰ੍ਹਾਂ 2033 ਵਿਅਕਤੀ ਇੱਕ ਦਿਨ ’ਚ ਸਿਹਤਯਾਬ ਵੀ ਹੋਏ ਹਨ। ਮੌਤਾਂ ਦੇ ਮਾਮਲੇ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਜਲੰਧਰ ਵਿੱਚ 8, ਮੁਹਾਲੀ ਵਿੱਚ 6, ਹੁਸ਼ਿਆਰਪੁਰ ਤੇ ਲੁਧਿਆਣਾ ਵਿੱਚ 6-6, ਗੁਰਦਾਸਪੁਰ ਵਿੱਚ 5, ਅੰਮ੍ਰਿਤਸਰ ਵਿੱਚ 4, ਕਪੂਰਥਲਾ, ਪਠਾਨਕੋਟ, ਤਰਨਤਾਰਨ ਵਿੱਚ 2-2, ਫਤਿਹਗੜ੍ਹ ਸਾਹਿਬ, ਬਠਿੰਡਾ, ਮਾਨਸਾ ਤੇ ਸੰਗਰੂਰ ਵਿੱਚ 1-1 ਵਿਅਕਤੀ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਵਿੱਚ 180, ਲੁਧਿਆਣਾ ਵਿੱਚ 138, ਮੁਹਾਲੀ ਵਿੱਚ 127, ਜਲੰਧਰ ਵਿੱਚ 101, ਗੁਰਦਾਸਪੁਰ ਵਿੱਚ 88, ਪਠਾਨਕੋਟ ਵਿੱਚ 79, ਪਟਿਆਲਾ ਵਿੱਚ 76, ਹੁਸ਼ਿਆਪੁਰ ਵਿੱਚ 72, ਬਠਿੰਡਾ ਵਿੱਚ 62, ਕਪੂਰਥਲਾ ਵਿੱਚ 49, ਫਰੀਦਕੋਟ 37, ਰੋਪੜ ਵਿੱਚ 36, ਨਵਾਂਸ਼ਹਿਰ ਵਿਚ 33, ਮੋਗਾ ਵਿੱਚ 30, ਸੰਗਰੂਰ ਵਿੱਚ 27, ਫਿਰੋਜ਼ਪੁਰ ਵਿੱਚ 19, ਮਾਨਸਾ ਵਿੱਚ 22, ਬਰਨਾਲਾ, ਤਰਨਤਾਰਨ, ਬਠਿੰਡਾ, ਫਾਜ਼ਿਲਕਾ ਤੇ ਮੁਕਤਸਰ ਵਿੱਚ 18-18, ਫਤਿਹਗੜ੍ਹ ਸਾਹਿਬ 23, ਕੇਸ ਸਾਹਮਣੇ ਆਏ ਹਨ।

  ਅੰਮ੍ਰਿਤਸਰ  - ਆਮ ਆਦਮੀ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਾ ਅਤੇ ਤਖ਼ਤ ਸਾਹਿਬਾਨ ਦੀ ਸਿਆਸੀ ਹਿੱਤਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ। ਇਸ ਸਬੰਧੀ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੁੰਦਾ ਸੀ, ਪਰ ਹੁਣ ਇਹ ਸਿਰਫ਼ ਇਕ ਪਰਿਵਾਰ ਦੀ ਕੰਪਨੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਉਹ ਪਹਿਲਾਂ ਵਕਾਲਤ ਕਰਦੇ ਰਹੇ ਹਨ ਤੇ ਹੁਣ ਜਦੋਂ ਲੋਕਾਂ ਨੇ ਭਾਰੀ ਰੋਸ ਪ੍ਰਗਟਾਇਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਇਸੇ ਲਈ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਭ ਲੈ ਕੇ ਸਿਆਸੀ ਤਾਕਤ ਹਾਸਲ ਕਰਨਾ ਚਾਹੁੰਦੇ ਹਨ। ਇਸ ਸਬੰਧ ਵਿਚ ਇਕ ਅਕਤੂਬਰ ਤੋਂ ਤਿੰਨਾਂ ਤਖ਼ਤਾਂ ਤੋਂ ਆਪਣੀ ਸਿਆਸੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਗੁਰੂ ਘਰ ਸਮੂਹ ਪੰਥ ਅਤੇ ਸੰਗਤ ਦੇ ਸਹਿਯੋਗ ਨਾਲ ਚੱਲਦੇ ਹਨ, ਪਰ ਅਕਾਲੀ ਦਲ ਵੱਲੋਂ ਇਨ੍ਹਾਂ ਪ੍ਰਬੰਧਾਂ ਅਤੇ ਸੋਮਿਆਂ ਦੀ ਨਿੱਜੀ ਸਿਆਸਤ ਵਾਸਤੇ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਗੁਰਮਰਿਆਦਾ ਖ਼ਿਲਾਫ਼ ਹੈ। ਉਨ੍ਹਾਂ ਮੰਗ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਦੀ ਨਿੱਜੀ ਹਿੱਤਾਂ ਲਈ ਵਰਤੋਂ ਕਰਨ ’ਤੇ ਰੋਕ ਲਾਈ ਜਾਵੇ।

  ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ੩੨੮ ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ੧੬ ਦੋਸ਼ੀਆਂ ਉੱਤੇ ਪਰਚਾ ਦਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਲਾਇਆ ਮੋਰਚਾ ੧੫ਵੇਂ ਦਿਨ ਵੀ ਜਾਰੀ ਰਿਹਾ। ਅੱਜ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਮੌਕੇ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ ਝਬਾਲ, ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਲਖਬੀਰ ਸਿੰਘ ਮਹਾਲਮ, ਭਾਈ ਤਰਲੋਚਨ ਸਿੰਘ ਸੋਹਲ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ, ਦਲ ਪੰਥ ਅਰਬਾਂ ਖਰਬਾਂ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨਿਹੰਗ, ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਨਰੈਣ ਸਿੰਘ ਨਿਹੰਗ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ ਅਤੇ ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਮੁਖੀ ਭਾਈ ਪ੍ਰਦੀਪ ਸਿੰਘ ਇਆਲੀ ਅਤੇ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਜਬਰਦਸਤ ਵਿਰੋਧ ਕੀਤਾ। ਨੌਜਵਾਨਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ ਜਿਨ੍ਹਾਂ ਉੱਤੇ ਲਿਖਿਆਂ ਸੀ ਕਿ "ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਸ਼ਰਮ ਕਰੋ, ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ੍ਹ ਵੀ ਮੋਏ, ੩੨੮ ਸਰੂਪ ਲਾਪਤਾ ਕਰਨ ਵਾਲੇ ੧੬ ਦੋਸ਼ੀ ਅਧਿਕਾਰੀਆਂ ਉੱਤੇ ਪਰਚਾ ਦਰਜ ਕਰੋ, ਕਿੱਥੇ ਹਨ ੩੨੮ ਪਾਵਨ ਸਰੂਪ, ਸ਼੍ਰੋਮਣੀ ਕਮੇਟੀ ਗਲਤ ਹੱਥਾਂ ਵਿੱਚ ਆਦਿ। ਦੋਹਾਂ ਧਿਰਾਂ ਵਿੱਚ ਟਕਰਾਅ ਵਾਲੀ ਸਥਿਤੀ ਨਾ ਬਣੇ ਇਸ ਕਰਕੇ ਦਫ਼ਤਰ ਦੇ ਅੰਦਰ-ਬਾਹਰ ਭਾਰੀ ਪੁਲਿਸ ਫ਼ੋਰਸ ਤਾਇਨਾਤ ਸੀ। ਸ਼੍ਰੋਮਣੀ ਕਮੇਟੀ ਨੇ ਟਾਸਕ ਫ਼ੋਰਸ ਵੀ ਵੱਡੀ ਗਿਣਤੀ ਵਿੱਚ ਲਾਈ ਹੋਈ ਸੀ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਸਤੀਫ਼ਾ ਦੇਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਹਲੂਣਿਆ ਕਿ ਦੋਸ਼ੀਆਂ 'ਤੇ ਪਰਚਾ ਦਰਜ ਕਰਵਾਉਣ ਲਈ ਇਜਲਾਸ 'ਚ ਆਵਾਜ਼ ਬੁਲੰਦ ਕਰੋ ਜਿਸ ਮਗਰੋਂ ੧੫ ਕਮੇਟੀ ਮੈਂਬਰਾਂ ਨੇ ਮੋਰਚੇ ਦਾ ਸਮਰਥਨ ਕੀਤਾ ਅਤੇ ਕਈ ਇਜਲਾਸ ਦਾ ਬਾਈਕਾਟ ਕਰਕੇ ਬਾਹਰ ਆ ਗਏ। ਸਾਰਾ ਦਿਨ ਮਾਹੌਲ ਤਣਾਅ-ਪੂਰਨ ਬਣਿਆ ਰਿਹਾ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਤਕ ਦੋਸ਼ੀਆਂ ਉੱਤੇ ਪਰਚੇ ਨਹੀਂ ਦਰਜ ਹੁੰਦੇ, ਇਹ ਮੋਰਚਾ ਜਾਰੀ ਰਹੇਗਾ। ਇਸ ਮੌਕੇ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ, ਗਿਆਨੀ ਦਿਲਬਾਗ ਸਿੰਘ ਵਲਟੋਹਾ ਝਾੜ ਸਾਹਿਬ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਜਗਜੀਤ ਸਿੰਘ ਖੋਸਾ, ਬਾਬਾ ਸ਼ਿੰਦਰ ਸਿੰਘ ਸਭਰਾਵਾਂ, ਢਾਡੀ ਫ਼ੌਜਾ ਸਿੰਘ ਸਾਗਰ, ਭਾਈ ਬਲਦੇਵ ਸਿੰਘ, ਭਾਈ ਮਲਕੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।

  ਪਿਹੋਵਾ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਪੀਸੀ) ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਰੋਜ਼ਾਨਾ ਵਧ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ’ਤੇ ਹੁਣ ਸਿੱਖ ਜਥੇਬੰਦੀਆਂ ਚੁੱਪ ਨਹੀਂ ਰਹਿਣਗੀਆਂ। ਧਾਰਮਿਕ ਮਾਮਲਿਆਂ ਵਿੱਚ ਸਿਆਸੀ ਦਖ਼ਲਅੰਦਜ਼ੀ ਕਾਰਨ ਅਜਿਹੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜੇਕਰ ਸਮੇਂ ਰਹਿੰਦੇ ਰਾਜਨੀਤੀ ਨੇ ਧਰਮ ਵਿੱਚ ਦਖ਼ਲ ਬੰਦ ਨਹੀਂ ਕੀਤਾ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ।
  ਜਥੇਦਾਰ ਦਾਦੂਵਾਲ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿੱਚ ਸਵਾਗਤ ਸਮਾਗਮ ਦੌਰਾਨ ਕਿਹਾ ਕਿ ਪਿਛਲੀ ਕਮੇਟੀ ਨੇ ਸਿਰਫ਼ ਅਹੁਦੇ ਭਰਨ ਦਾ ਕੰਮ ਕੀਤਾ ਸੀ ਜਦਕਿ ਜ਼ਮੀਨੀ ਪੱਧਰ ’ਤੇ ਗੁਰੂ ਘਰਾਂ ਨੂੰ ਚਲਾਉਣ ਲਈ ਕੋਈ ਕੰਮ ਨਹੀਂ ਕੀਤਾ ਗਿਆ।
  ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇੱਕ ਸਾਲ ਦੇ ਅੰਦਰ ਸਾਰੇ ਗੁਰਦੁਆਰਿਆਂ ਅੰਦਰ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਨੂੰ ਪੂਰਾ ਕੀਤਾ ਜਾਵੇ। ਇਸ ਤਹਿਤ ਕਮੇਟੀ ਦੇ ਅਧੀਨ ਆਉਣ ਵਾਲੇ ਗੁਰਦੁਆਰਿਆਂ ਵਿੱਚ ਸੀਸੀਟੀਵੀ ਕੈਮਰੇ ਅਤੇ ਵਾਈ-ਫਾਈ ਲਾਏ ਜਾਣਗੇ, ਜਿਸ ਨਾਲ ਬੇਅਦਬੀ ਜਿਹੀ ਘਟਨਾਵਾਂ ’ਤੇ ਰੋਕ ਲਾਈ ਜਾ ਸਕੇਗੀ।
  ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਣਾ ਇੱਕ ਵੱਡੀ ਲਾਪ੍ਰਵਾਹੀ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਅਤੇ ਇਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਐੱਸਜੀਪੀਸੀ ਪ੍ਰਧਾਨ ਦੇ ਘਰ ਦੇ ਬਾਹਰ ਧਰਨਾ ਲਾ ਕੇ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ’ਤੇ ਪੰਜਾਬ ਤੋਂ ਹਰਿਆਣੇ ਵਿੱਚ ਆ ਕੇ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹਨ, ਉਹ ਇਸ ਗੱਲੋਂ ਅਣਜਾਣ ਹਨ ਕਿ ਉਨ੍ਹਾਂ ਦੀ ਕਰਮ ਭੂਮੀ ਸਿਰਸਾ ਹੈ ਅਤੇ ਉਹ ਦੋ ਦਹਾਕਿਆਂ ਤੋਂ ਸਿਰਸਾ ਵਿੱਚ ਸੇਵਾ ਕਰ ਰਹੇ ਹਨ ਤੇ ਅੱਗੇ ਵੀ ਇਥੇ ਹੀ ਸੇਵਾ ਨਿਭਾਉਂਦੇ ਰਹਿਣਗੇ।
  ਇਸ ਮੌਕੇ ਕੁਲਵੰਤ ਸਿੰਘ, ਸੁਖਦੇਵ ਸਿੰਘ ਵਿਰਕ, ਸ਼ੇਰ ਸਿੰਘ, ਗਿਆਨੀ ਤੇਜ਼ਪਾਲ ਸਿੰਘ, ਗਿਆਨੀ ਵਰਿਆਮ ਸਿੰਘ, ਪ੍ਰੀਤਮ ਸਿੰਘ ਮੱਲੀ, ਡਾ. ਜਸਵਿੰਦਰ ਸਿੰਘ, ਹਰਦੇਵ ਸਿੰਘ ਰਾਖੜਾ, ਕ੍ਰਿਪਾਲ ਸਿੰਘ ਬੇਦੀ ਆਦਿ ਮੌਜੂਦ ਸਨ।

  ਐੱਸਏਐੱਸ ਨਗਰ - ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਆਖਰਕਾਰ ਸੋਮਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮਟੌਰ ਥਾਣੇ ਵਿੱਚ ਪਹੁੰਚ ਗਏ। ਮੁਹਾਲੀ ਪੁਲੀਸ ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀਂ ਦੂਜਾ ਨੋਟਿਸ ਜਾਰੀ ਕੀਤਾ ਗਿਆ ਸੀ। ਸਾਬਕਾ ਡੀਜੀਪੀ ਅੱਜ ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਪਹੁੰਚੇ। ਉਹ ਸਿੱਧਾ ਥਾਣਾ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਕੁਰਸੀ ’ਤੇ ਬੈਠ ਗਏ।
  ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ’ਚੋਂ ਆਰਜ਼ੀ ਜ਼ਮਾਨਤ ਮਿਲਣ ਦੇ ਬਾਵਜੂਦ ਸਾਬਕਾ ਡੀਜੀਪੀ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਾਲਾ ਵਟਦੇ ਆ ਰਹੇ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟਿਸ਼ ਪਾਰਲੀਆਂਮੈਂਟ ਅੰਦਰ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਹਿੰਦੁਸਤਾਨ ਅੰਦਰ ਕਿਸਾਨ ਵਿਰੋਧੀ ਪਾਸ ਕੀਤੇ ਗਏ ਤਿੰਨ ਬਿਲਾਂ ਖਿਲਾਫ ਸਖਤ ਨੌਟਿਸ ਲੈਦੇਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਇਨ੍ਹਾਂ ਬਿਲਾਂ ਨੂੰ ਸੰਸਦ ਅੰਦਰ ਪਾਰਿਤ ਕਰਣ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਕੋਲੋਂ ਸਲਾਹ ਕਰਨੀ ਚਾਹੀਦੀ ਸੀ ਨਾ ਕਿ ਅਪਨੀ ਮਨਮਰਜੀ ਕਰਦਿਆਂ ਜਿਹੜਾ ਮਰਜੀ ਬਿਲ ਧੱਕੇ ਨਾਲ ਪੇਸ਼ ਕਰਕੇ ਪਾਰਿਤ ਕਰਨਾ । ਉਨ੍ਹਾਂ ਟੇਲੀਫੌਨ ਤੇ ਗਲਬਾਤ ਕਰਦਿਆਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਇਸ ਬਿਲ ਅੰਦਰ ਐਮਐਸਪੀ ਨਾਲ ਕੋਈ ਛੇੜਛਾੜ ਨਹੀ ਹੈ ਪਰ ਜਾਰੀ ਕੀਤੇ ਗਏ ਬਿਲ ਅੰਦਰ ਐਮਐਸਪੀ ਬਾਰੇ ਕੋਈ ਵੀ ਜਿਕਰ ਨਹੀ ਹੈ ।
  ਉਨ੍ਹਾਂ ਕਿਹਾ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪਰ ਉੱਥੇ ਕਿਸਾਨਾਂ ਦੇ ਹਾਲਾਤ ਠੀਕ ਨਹੀ ਹਨ, ਕਰਜੇ ਹੇਠ ਆ ਕੇ ਉਹ ਖੁਦਕੁਸ਼ੀਆਂ ਕਰ ਰਹੇ ਹਨ । ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਚੰਗੀ ਫਸਲ ਲਈ ਕਿਸਾਨਾਂ ਨੂੰ ਵਧੀਆ ਬੀਜ ਅਤੇ ਹੋਰ ਸਮਾਨ ਦੇਣ ਲਈ ਰਾਜ ਸਰਕਾਰਾਂ ਨਾਲ ਸਹਿਯੋਗ ਕਰੇ । ਜਦੋਂ ਕਿਸਾਨ ਚੰਗੀ ਫਸਲ ਦੀ ਪੈਦਾਵਰ ਕਰੇਗਾ ਤਦ ਹੀ ਦੇਸ਼ ਅੰਦਰ ਫੈਲੀ ਹਈ ਭੁਖਮਰੀ ਤੇ ਕਾਬੂ ਪਾਇਆ ਜਾ ਸਕਦਾ ਹੈ । ਪਰ ਸਰਕਾਰ ਤਾਂ ਉਨ੍ਹਾਂ ਦੇ ਉਲਟ ਚਲ ਰਹੀ ਹੈ ਪੈਦਾਵਰ ਕਿਸਾਨ ਕਰੇ ਤੇ ਉਸਦੀ ਕਮਾਈ ਵੱਡੇ ਸਰਮਾਏਦਾਰ ਕਰਨ ਇਹ ਕਿੱਥੋਂ ਦਾ ਇੰਸਾਫ ਹੈ..? ਇਸ ਮਾਮਲੇ ਅੰਦਰ ਕਿਸਾਨ ਜੋ ਵਿਰੋਧ ਕਰ ਰਹੇ ਹਨ ਇਹ ਉਨ੍ਹਾਂ ਦਾ ਹਕ ਬਣਦਾ ਹੈ ਕਿ ਕਿਸਾਨੀ ਕਿੱਤੇ ਖਿਲਾਫ ਹੋ ਰਹੇ ਧੱਕੇ ਲਈ ਉਹ ਅਪਣੀ ਅਵਾਜ ਚੁੱਕਣ । ਉਨ੍ਹਾਂ ਸਲਾਹ ਦਿੱਤੀ ਕਿ ਪੁਰੇ ਦੇਸ਼ ਦੇ ਕਿਸਾਨਾਂ ਨੂੰ ਇਕ ਚੰਗੀ ਲੀਡਰਸ਼ਿਪ ਅਧੀਨ ਇਕ ਜੱਥੇਬੰਦੀ ਕਾਇਮ ਕਰਕੇ ਇਸ ਮਸਲੇ ਨੂੰ ਵੱਡੇ ਪੱਧਰ ਤੇ ਚੁੱਕ ਕੇ ਇਸ ਕਿਸਾਨ ਵਿਰੋਧੀ ਬਿੱਲ ਨੂੰ ਵਾਪਿਸ ਕਰਵਾਉਣ ਲਈ ਰਣਨੀਤੀ ਉਲੀਕੀ ਜਾਏ । ਉਨ੍ਹਾਂ ਕਿਹਾ ਕਿ ਇਸ ਮਾਮਲੇ ਅੰਦਰ ਅਸੀ ਕਿਸਾਨਾਂ ਦੇ ਨਾਲ ਹਾਂ ਤੇ ਉਨ੍ਹਾਂ ਖਿਲਾਫ ਹੋ ਰਹੇ ਧੱਕੇ ਖਿਲਾਫ ਜੋ ਮਦਦ ਹੋਵੇਗੀ ਅਸੀ ਕਰਾਗੇਂ ।
  ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਅਤੇ ਐਨਡੀਏ ਨਾਲ ਅਕਾਲੀ ਦਲ ਦੇ ਤੋੜ ਵਿਛੋੜੇ ਬਾਰੇ ਕਿਹਾ ਕਿ ਇਸ ਬਾਰੇ ਹਾਲੇ ਕੂਝ ਵੀ ਕਹਿਣਾ ਠੀਕ ਨਹੀ ਆਣ ਵਾਲਾ ਸਮਾਂ ਹੀ ਦਸੇਗਾ ਕਿ ਇਹ ਫੈਸਲਾ ਕਿਸਾਨਾਂ ਦੇ ਹੱਕ ਵਿਚ ਲਿਆ ਗਿਆ ਹੈ ਜਾਂ ਅਪਣੀ ਗਿਰ ਰਹੀ ਸਾਖ ਨੂੰ ਬਚਾਉਣ ਲਈ ਮਜਬੂਰੀ ਵਿਚ ਲਿਆ ਗਿਆ ਹੈ ।
  ਜਿਕਰਯੋਗ ਹੈ ਕਿ ਨਵਾਂ ਬਿੱਲ ਛੋਟੇ ਕਿਸਾਨਾਂ ਦੀ ਲੁਟ ਖਸੁਟ ਦਾ ਮੌਕਾ ਦਿੰਦਾਂ ਹੈ । ਕਿਸਾਨ ਮੰਡੀ ਅੰਦਰ ਜਾਂ ਆਢਤੀ ਨੂੰ ਹੀ ਅਪਣੀ ਫਸਲ ਵੇਚ ਕੇ ਸੁੱਖ ਦਾ ਸਾਹ ਲੈਦਾਂ ਹੈ । ਹੁਣ ਇਹ ਨਿਯਮ ਲਾਗੂ ਹੋਣ ਤੇ ਹਰ ਜਗ੍ਹਾ ਤੇ ਸਰਮਾਏਦਾਰਾਂ ਦਾ ਕਬਜਾ ਹੋ ਜਾਏਗਾ ਜਿਸ ਅੰਦਰ ਛੋਟਾ ਕਿਸਾਨ ਮਾਰਿਆ ਜਾ ਸਕਦਾ ਹੈ ਕਿਉਕਿਂ ਦੇਸ਼ ਵਿੱਚ 86.21 ਪ੍ਰਤੀਸ਼ਤ ਕਿਸਾਨਾਂ ਕੋਲ 5 ਏਕੜ ਤੋਂ ਵੀ ਘੱਟ ਖੇਤੀ ਦੀ ਜਗ੍ਹਾ ਹੈ, ਕੀ ਅਜਿਹਾ ਕਿਸਾਨ ਕਾਰਪੋਰੇਟ ਠੇਕੇ ਦੇ ਵਿਰੁੱਧ ਅਦਾਲਤੀ ਮੁਕੱਦਮਾ ਲੜ ਸਕਦਾ ਹੈ.? ਜਿਹੜਾ ਕਿਸਾਨ ਪੇਟ ਭਰਨ ਲਈ ਲੜ ਰਿਹਾ ਹੈ, ਫਸਲਾਂ ਦੇ ਮੁੱਲ ਲਈ ਲੜ ਰਿਹਾ ਹੈ, ਕੀ ਉਹ ਵਕੀਲ ਦੀ ਫੀਸ ਵੀ ਅਦਾ ਕਰ ਸਕਦਾ ਹੈ?
  ਗੁਜਰਾਤ ਦੀ ਮਿਸਾਲ ਦਾ ਇਕ ਹਵਾਲਾ ਦੇਖੋ ਕਿ ਕਿਸ ਤਰ੍ਹਾਂ ਮੌਜੂਦਾ ਹਲਾਤਾਂ ਵਿੱਚ ਠੇਕੇਦਾਰੀ ਖੇਤੀ ਇੱਕ ਹਥਿਆਰ ਬਣ ਗਈ ਹੈ ਜਿਸ ਨਾਲ ਕਿਸਾਨਾਂ ਦੀ ਲੁੱਟ-ਖਸੁੱਟ ਅਤੇ ਲੁੱਟ ਨੂੰ ਹਵਾ ਦਿੱਤੀ ਜਾ ਸਕਦੀ ਹੈ। ਗੁਜਰਾਤ ਵਿੱਚ, ਪੈਪਸੀਕੋ ਕੰਪਨੀ ਨੇ ਕਈ ਕਿਸਾਨਾਂ ਉਪਰ ਅਪਣੇ ਚਿਪਸ (ਲੇਅਸ) ਵਿੱਚ ਲਗਣ ਵਾਲੇ ਆਲੂ ਉਗਾਉਣ ਵਿਰੁੱਧ ਮੁਕੱਦਮਾ ਕੀਤਾ ਹੋਇਆ ਹੈ ਅਤੇ ਠੇਕਿਆਂ ਵਿੱਚ ਬੱਝੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਫਸਾਇਆ ਜਾਵੇਗਾ । ਦੇਸ਼ ਦੇ ਪ੍ਰਧਾਨ ਮੰਤਰੀ ਖ਼ੁਦ ਉਨ੍ਹਾਂ ਕਿਸਾਨਾਂ ਦੀ ਰੱਖਿਆ ਨਹੀਂ ਕਰ ਸਕਦੇ । ਸੋਚਣ ਵਾਲੀ ਗਲ ਹੈ ਕਿ ਪੂਰੇ ਦੇਸ਼ ਵਿੱਚ 1 ਏਕੜ ਅਤੇ 2 ਏਕੜ ਰਕਬੇ ਵਾਲੇ ਇੱਕ ਕਿਸਾਨ ਨਾਲ ਅਜਿਹਾ ਹੀ ਵਾਪਰਦਾ ਹੈ, ਤਾਂ ਸਰਕਾਰ ਉਸਨੂੰ ਕਿਹੜੀ ਸੁਰੱਖਿਆ ਦੇਵੇਗੀ..?

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com