ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਫ਼ਰੀਦਕੋਟ/ਜੈਤੋ - ਜੂਨ-2015 ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਸੱਤ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਾਂਚ ਕਰ ਰਹੀ ਵਿਸ਼ੇਸ਼ ਟੀਮ ਦੀ ਅਗਵਾਈ ਡੀਆਈਜੀ ਰਣਬੀਰ ਸਿੰਘ ਖੱਟੜਾ ਕਰ ਰਹੇ ਹਨ ਤੇ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਡੇਰਾ ਪ੍ਰੇਮੀਆਂ ਵੱਲੋਂ ਹੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ਡਿਊਟੀ ਮੈਜਿਸਟਰੇਟ ਨੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਉਰਫ਼ ਸਨੀ ਦੀ ਗ੍ਰਿਫ਼ਤਾਰੀ ਨੂੰ ਗ਼ੈਰਕਾਨੂੰਨੀ ਐਲਾਨ ਦਿੱਤਾ। ਸੂਤਰਾਂ ਅਨੁਸਾਰ ਸੁਖਜਿੰਦਰ ਸਿੰਘ ਸਨੀ ਅਤੇ ਸ਼ਕਤੀ ਸਿੰਘ ਨੂੰ ਸੀ.ਬੀ.ਆਈ ਵੱਲੋਂ ਇਸੇ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ ਮੁਹਾਲੀ ਦੀ ਅਦਾਲਤ ਨੇ 7 ਸਤੰਬਰ 2018 ਨੂੰ ਇਨ੍ਹਾਂ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਸੇ ਮੁਕੱਦਮੇ ਵਿੱਚ ਮੁਲਜ਼ਮ ਨੂੰ ਦੁਬਾਰਾ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਦੋਵਾਂ ਨੂੰ ਪੁਲੀਸ ਹਿਰਾਸਤ ਵਿੱਚੋਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ। ਜਦਕਿ ਬਾਕੀ ਦੇ ਪੰਜ ਗ੍ਰਿਫ਼ਤਾਰ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਦੋ ਦਿਨ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਡੀ.ਆਈ.ਜੀ. ਖੱਟੜਾ ਨੇ ਅਦਾਲਤ ਵਿਚ ਸੁਣਵਾਈ ਤੋਂ ਪਹਿਲਾਂ ਦੱਸਿਆ ਕਿ ਟੀਮ ਵੱਲੋਂ ਗ੍ਰਿਫ਼ਤਾਰ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਰਣਦੀਪ ਸਿੰਘ ਉਰਫ਼ ਨੀਲਾ, ਰਣਜੀਤ ਸਿੰਘ ਉਰਫ਼ ਭੋਲਾ, ਬਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਸਾਰੇ ਫ਼ਰੀਦਕੋਟ ਜ਼ਿਲ੍ਹੇ ਦੇ ਵਸਨੀਕ ਹਨ। ਡੀ.ਆਈ.ਜੀ. ਨੇ ਦਾਅਵਾ ਕੀਤਾ ਕਿ ਸੁਖਜਿੰਦਰ ਸਿੰਘ ਉਰਫ਼ ਸਨੀ ਅਤੇ ਰਣਦੀਪ ਸਿੰਘ ਉਰਫ਼ ਨੀਲਾ ਨੇ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਸੀ ਅਤੇ ਬਾਕੀ ਮੁਲਜ਼ਮ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਜਾਣਕਾਰੀ ਅਨੁਸਾਰ ਸਿੱਖ ਸੰਗਤ ਡੇਰਾ ਮੁਖੀ ਦੀ ਫ਼ਿਲਮ ਐੱਮ.ਐੱਸ.ਜੀ-2 ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਦਾ ਵਿਰੋਧ ਕਰ ਰਹੀ ਸੀ ਕਿਉਂਕਿ ਉਸ ਨੇ ਸਿੱਖਾਂ ਦੇ ਦਸਵੇਂ ਗੁਰੂ ਦਾ ਸਵਾਂਗ ਰਚਿਆ ਸੀ। ਇਸੇ ਰੰਜਿਸ਼ ਤਹਿਤ ਸਿੱਖਾਂ ਦੇ ਧਾਰਮਿਕ ਗ੍ਰੰਥ ਨੂੰ ਚੋਰੀ ਕੀਤਾ ਗਿਆ। ਜਾਂਚ ਟੀਮ ਨੇ ਅਦਾਲਤ ਵਿਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਅਤੇ ਇਸ ਦੇ ਅੰਗ ਗਲੀਆਂ ਵਿੱਚ ਖਿਲਾਰਨ, ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਉਣ ਦੇ ਤਿੰਨਾਂ ਮਾਮਲਿਆਂ ਦੀ ਪੜਤਾਲ ਸਰਗਰਮੀ ਨਾਲ ਸ਼ੁਰੂ ਹੋ ਗਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਹੀ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਵਾਪਰਿਆ ਸੀ। ਸੂਤਰਾਂ ਅਨੁਸਾਰ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮਈ 2007 ਵਿਚ ਸਲਾਬਤਪੁਰਾ ਡੇਰੇ ’ਚ ਡੇਰਾ ਮੁਖੀ ਵੱਲੋਂ ਜਾਮ-ਏ-ਇੰਸਾਂ ਪਿਲਾਏ ਜਾਣ ਦਾ ਪ੍ਰੋਗਰਾਮ ਵੀ ਡੇਰੇ ਦੀ ਕਮੇਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ। ਸਿੱਖ ਪ੍ਰਚਾਰਕਾਂ ਵੱਲੋਂ ਡੇਰਾਵਾਦ ਖ਼ਿਲਾਫ਼ ਕੀਤੇ ਜਾਂਦੇ ਪ੍ਰਚਾਰ ਨੂੰ ਨਾ-ਪਸੰਦ ਕਰਨ ਵਾਲਿਆਂ ਵੱਲੋਂ ਰਚੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਖ਼ਤਮ ਕਰਨ ਦੀ ‘ਸਾਜ਼ਿਸ਼’ ਵੀ ਨਾਕਾਮ ਹੋ ਗਈ ਸੀ।

  ਪਟਿਆਲਾ - ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 9 ਸਿੱਖਾਂ ਨੂੰ ‘ਅਤਿਵਾਦੀ’ ਕਰਾਰ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਇਹ ਕਾਰਵਾਈ ਸਿੱਖਾਂ ਦਾ ਕੌਮਾਂਤਰੀ ਪੱਧਰ ’ਤੇ ਅਕਸ ਖਰਾਬ ਕਰਨ ਦੀ ਸਾਜ਼ਿਸ਼ ਤਹਿਤ ਕੀਤੀ ਹੈ। ਇਥੇ ਪਟਿਆਲਾ ਮੀਡੀਆ ਕਲੱਬ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਪ੍ਰਸਿਧੀ ਤੋਂ ਘਬਰਾਈ ਭਾਰਤ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ ਐਕਟ 1967 ਦੀ ਵਰਤੋਂ ਕਰਦਿਆਂ 9 ਸਿੱਖਾਂ ਨੂੰ ‘ਅਤਿਵਾਦੀ’ ਐਲਾਨ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਉਨ੍ਹਾਂ ਦਾ ਲੋਕਤੰਤਰੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਰਤ ਸਰਕਾਰ ਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਖਾਲਿਸਤਾਨੀਆਂ ਦੀ ਆਵਾਜ਼ ਦਬਾਉਣ ਵਾਸਤੇ ਵੱਖ ਵੱਖ ਕੇਸ ਦਰਜ ਕੀਤੇ ਜਾਂਦੇ ਰਹੇ ਹਨ, ਜੋ ਸਾਰੇ ਹੀ ਅਦਾਲਤਾਂ ਵਿੱਚ ਗਲਤ ਸਾਬਤ ਹੋਏ ਹਨ। ਸਿਮਰਨਜੀਤ ਸਿੰਘ ਮਾਨ ’ਤੇ ਵੀ ਦਰਜਨਾਂ ਅਜਿਹੇ ਕੇਸ ਥੋਪੇ ਗਏ ਸਨ, ਜਿਹੜੇ ਇੱਕ-ਇੱਕ ਕਰਕੇ ਗਲਤ ਸਾਬਿਤ ਹੋਏ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਾਜ਼ਾ ਕਾਰਵਾਈ ਸਿੱਖਾਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਦੁਨੀਆਂ ਦੀ ਨਜ਼ਰ ਵਿੱਚ ‘ਅਤਿਵਾਦ’ ਦੀ ਸਿਆਹੀ ਨਾਲ ਲਿਬੇੜਨ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਪਹਿਲੀ ਯੂਪੀਏ ਸਰਕਾਰ ਵੇਲੇ ਵੀ ਜਿਹੜੇ ਸੰਗਠਨ ਅਤਿਵਾਦੀ ਕਰਾਰ ਦਿੱਤੇ ਗਏ, ਉਹ ਸਾਰੇ ਹੀ ਘੱਟ ਗਿਣਤੀਆਂ ਨਾਲ ਸੰਬੰਧਤ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਹਿਲਾਂ ਕਸ਼ਮੀਰੀਆਂ ਕੋਲੋਂ ਜਬਰੀ ਉਨ੍ਹਾਂ ਦੇ ਹੱਕ ਖੋਹੇ ਗਏ, ਫਿਰ ਮੁਸਲਿਮ ਭਾਈਚਾਰੇ ’ਤੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰ ਕੇ ਕੁਹਾੜਾ ਚਲਾਇਆ ਗਿਆ ਤੇ ਹੁਣ ਸਿੱਖ ਮੋਦੀ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੀ ਹੋਂਦ ਖਤਰੇ ਵਿੱਚ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਬਦ ਤੋਂ ਬਦਤਰ ਹੋਣਗੇ। ਉਨ੍ਹਾਂ ਪੰਜਾਬ ਪੁਲੀਸ ਵੱਲੋਂ ਰੈਫਰੰਡਮ-2020 ਦੀ ਆੜ ਹੇਠ ਸਿੱਖ ਨੌਜਵਾਨਾਂ ਦੀ ਥਾਣਿਆਂ ਵਿੱਚ ਸੱਦ ਕੇ ਕੀਤੀ ਜਾ ਰਹੀ ਖੱਜਲ-ਖੁਆਰੀ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖਾਲਿਤਸਾਨ ਬਾਰੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਰੈਫਰੰਡਮ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿੱਚ ਰੈਫਰੰਡਮ 2020 ਦੀਆਂ ਵੋਟਾਂ ਪੁਆਈਆਂ ਗਈਆਂ ਤਾਂ ਉਹ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ ਪਾਉਣਗੇ।

  ਦੁਬਈ - 110 ਦਿਨਾਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਵਿਚਲੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਮੁੜ ਦੁਬਾਰਾ ਖੁੱਲ੍ਹ ਗਿਆ ਹੈ। ਗਲਫ ਨਿਊਜ਼ ਨੇ ਦੱਸਿਆ ਕਿ ਦੇਸ਼ ਭਰ ਵਿਚ ਮਸਜਿਦਾਂ ਅਤੇ ਦੁਬਈ ਦਾ ਇਕਲੌਤਾ ਹਿੰਦੂ ਮੰਦਰ ਕਰੋਨਾ ਕਾਰਨ ਮਾਰਚ ਦੇ ਅੱਧ ਤੋਂ ਬੰਦ ਹੋਣ ਤੋਂ ਬਾਅਦ ਪਿਛਲੇ ਹਫਤੇ ਦੁਬਾਰਾ ਖੋਲ੍ਹੇ ਗਏ ਸਨ ਤੇ ਸ਼ਨਿਚਰਵਾਰ ਨੂੰ ਗੁਰਦੁਆਰਾ ਵੀ ਖੋਲ੍ਹ ਦਿੱਤਾ ਗਿਆ ਹੈ। ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਗੁਰਦੁਆਰਾ ਮੁੜ ਖੋਲ੍ਹਿਆ ਗਿਆ। ਗੁਰਦੁਆਰਾ ਖੋਲ੍ਹਣ ਤੇ ਇਸ ਵਿੱਚ ਆਉਣ ਵਾਲੀ ਸੰਗਤ ਲਈ ਸ਼ਰਤਾਂ ਰੱਖੀਆਂ ਗਈਆਂ ਹਨ।

  ਅੰਮਿ੍ਤਸਰ - ਲੰਘੇ ਦਿਨ ਪਾਕਿਸਤਾਨ 'ਚ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਕਾਬਾਦ ਦੇ ਨਜ਼ਦੀਕ ਰੇਲਵੇ ਫਾਟਕ 'ਤੇ ਹੋਏ ਰੇਲ ਗੱਡੀ ਸ਼ਾਹ ਹੁਸੈਨ ਐਕਸਪ੍ਰੈੱਸ-43 ਅਤੇ ਮਿੰਨੀ ਬੱਸ ਵਿਚਾਲੇ ਹੋਏ ਅਫ਼ਸੋਸਨਾਕ ਹਾਦਸੇ 'ਚ ਮਾਰੇ ਗਏ 20 ਸਿੱਖਾਂ ਦੇ ਅੱਜ ਅਟਕ ਸ਼ਹਿਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਅੰਤਿਮ ਸੰਸਕਾਰ ਕੀਤੇ ਗਏ | 'ਅਜੀਤ' ਨਾਲ ਇਸ ਬਾਰੇ 'ਚ ਸ੍ਰੀ ਨਨਕਾਣਾ ਸਾਹਿਬ ਤੋਂ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ, ਮਨਿੰਦਰ ਸਿੰਘ ਅਤੇ ਪਿਸ਼ਾਵਰ ਤੋਂ ਪਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾਂ 'ਚ ਸ਼ਾਮਿਲ ਕਾਕਾ ਸਿੰਘ, ਪੂਰਨ ਕ”ੌਰ, ਜੈ ਸਿੰਘ, ਭੁਪਿੰਦਰ ਸਿੰਘ, ਦਲਜੀਤ ਕੌਰ ਪਤਨੀ ਭੁਪਿੰਦਰ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਕੌਰ, ਬਲਬੀਰ ਸਿੰਘ, ਮਿਹਨਤ ਕੌਰ, ਹਰਮੀਤ ਸਿੰਘ, ਅਲਜੀਤ ਸਿੰਘ, ਅਮਰੀਕ ਸਿੰਘ, ਸਤਪਾਲ ਕੌਰ, ਰਵਿੰਦਰ ਸਿੰਘ, ਮਹਾਨ ਕੌਰ, ਜੈ ਕੌਰ, ਦਲਜੀਤ ਕੌਰ ਪਤਨੀ ਜਗਮੋਹਨ ਸਿੰਘ, ਤਜਿੰਦਰ ਸਿੰਘ ਅਤੇ ਰਣਜੀਤ ਕੌਰ ਦੀਆਂ ਮਿ੍ਤਕ ਦੇਹਾਂ ਲਾਹੌਰ ਲਿਜਾਉਣ ਉਪਰੰਤ ਪਾਕਿ ਫ਼ੌਜ ਵਲੋਂ ਸੀ-130 ਜਹਾਜ਼ ਰਾਹੀਂ ਰਾਤ ਲਗਪਗ 3.30 ਵਜੇ ਪਿਸ਼ਾਵਰ ਪਹੁੰਚਾਈਆਂ ਗਈਆਂ | ਜਿਨ੍ਹਾਂ ਦਾ ਅੱਜ ਸਵੇਰੇ ਅਟਕ ਸ਼ਹਿਰ ਵਿਚਲੇ ਸ਼ਮਸ਼ਾਨ-ਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ | ਜਦਕਿ ਮਿ੍ਤਕਾਂ 'ਚ ਸ਼ਾਮਿਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ ਦੇ ਭਰਾ ਕਲਿਆਣ ਸਿੰਘ ਦੀ ਪੁੱਤਰੀ ਹਰਜਸਲੀਨ ਕੌਰ ਦਾ ਅੰਤਿਮ ਸੰਸਕਾਰ ਸਵੇਰੇ 8 ਵਜੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਮਸ਼ਾਨ-ਘਾਟ 'ਚ ਕੀਤਾ ਗਿਆ | ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਲੋਕਾਂ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਬਿਸ਼ਨ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਐਮ. ਪੀ. ਏ. ਮਹਿੰਦਰਪਾਲ ਸਿੰਘ ਅਤੇ ਕੇਅਰ ਟੈਕਰ ਗੁਰਦੁਆਰਾ ਡੇਰਾ ਸਾਹਿਬ ਅਜ਼ਹਰ ਅੱਬਾਸ ਸ਼ਾਹ ਵੀ ਹਾਜ਼ਰ ਸਨ |

   

  ਨਵੀਂ ਦਿੱਲੀ . (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਪਟਿਆਲਾ ਹਾਉਸ ਵਿਖੇ ਐਨਆਈਏ ਅਦਾਲਤ ਅੰਦਰ ਅਜ ਜਗਤਾਰ ਸਿੰਘ ਜੱਗੀ ਜੌਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਪਹਾੜ ਸਿੰਘ ਸਣੇ ਹੋਰ ਸਾਰੇ ਖਾੜਕੂਆਂ ਨੂੰ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਵਿਚ ਐਫਆਈਆਰ ਨੰ 18,22,23,25,26,27 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਖਾੜਕੂ ਸਿੰਘਾਂ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਪੇਸ਼ ਕੀਤਾ ਗਿਆ । ਜਗਤਾਰ ਸਿੰਘ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ ਤਿਹਾੜ ਜੇਲ੍ਹ ਅਤੇ ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ, ਅਮਨਿੰਦਰ ਸਿੰਘ, ਪਹਾੜ ਸਿੰਘ, ਮਨਪ੍ਰੀਤ, ਰਵੀ ਕਾਲਾ ਮੰਡੌਲੀ ਜੇਲ੍ਹ ਅੰਦਰ ਬੰਦ ਹਨ ।
  ਵੀਡਿਓ ਕਾਨਫ੍ਰੇਸਿੰਗ ਰਾਹੀ ਚਲੇ ਮਾਮਲੇ ਅੰਦਰ ਅਜ ਕਰੋਨਾ ਵਾਇਰਸ ਕਰਕੇ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਤੇ ਮਾਮਲੇ ਨੂੰ 28 ਅਗਸਤ ਲਈ ਮੁੱਕਰਰ ਕਰ ਦਿੱਤਾ ਗਿਆ ।
  ਅਦਾਲਤ ਵਿਚ ਖਾੜਕੂ ਸਿੰਘਾਂ ਵਲੋਂ ਵੀਡਿਓ ਲਿੰਕ ਰਾਹੀ ਵਕੀਲ ਸ. ਪਰਮਜੀਤ ਸਿੰਘ, ਜਸਪਾਲ ਸਿੰਘ ਮੰਝਪੁਰ ਅਤੇ ਕੁਲਸ਼੍ਰੇਸ਼ਥਾ ਬੰਨਕਿਮ ਹਾਜਿਰ ਹੋਏ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ ।

  ਸ਼ੇਖ਼ੂਪੁਰਾ - ਪਾਕਿਸਤਾਨ ‘ਚ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਖਾਬਾਦ (ਪੁਰਾਣਾ ਨਾਂਅ ਚੂਹੜਕਾਨਾ) ਦੇ ਨਜ਼ਦੀਕ ਹੋਈ ਇਕ ਅਫ਼ਸੋਸਨਾਕ ਦੁਰਘਟਨਾ ‘ਚ ਘੱਟੋ-ਘੱਟ 20 ਪਾਕਿਸਤਾਨੀ ਸਿੱਖਾਂ ਦੀ ਮੌਕੇ ‘ਤੇ ਮੌਤ ਹੋ ਗਈ।.
  ਪਾਕਿਸਤਾਨ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਰੇਲ ਹਾਦਸੇ ‘ਚ 20 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਇਨ੍ਹਾਂ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਸ਼ਾਹ ਹੁਸੈਨ ਟ੍ਰੇਨ ਦੀ ਲਪੇਟ ‘ਚ ਆ ਗਈ। ਇਹ ਟ੍ਰੇਨ ਕਰਾਚੀ ਤੋਂ ਲਾਹੌਰ ਆ ਰਹੀ ਸੀ। ਫਾਰੁਖਾਬਾਦ ਰੇਲਵੇ ਸਟੇਸ਼ਨ ਨੇੜੇ ਇਹ ਹਾਦਸਾ ਵਾਪਰ ਗਿਆ।
  ਫਿਲਹਾਲ ਰੇਲਵੇ ਪੁਲਿਸ ਤੇ ਰੈਸਕਿਉ ਟੀਮ ਬਚਾਅ ਕਾਰਜ ‘ਚ ਲੱਗੀ ਹੈ। ਲਾਸ਼ਾਂ ਨੂੰ ਕੁਝ ਲੋਕਲ ਨਾਗਰਿਕਾਂ ਦੀ ਮਦਦ ਨਾਲ ਵਾਹਨ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਸਿੱਖ ਸ਼ਰਧਾਲੂ ਗੁਰੂਦੁਆਰਾ ਸੱਚਾ ਸੌਦਾ ਮੱਥਾ ਟੇਕਣ ਜਾ ਰਹੇ ਸਨ। ਰੇਲਵੇ ਕਰੋਸਿੰਗ ਨੂੰ ਪਾਰ ਕਰਨ ਲੱਗੇ ਸ਼ਰਧਾਲੂਆਂ ਦੀ ਵੈਨ ਟ੍ਰੇਨ ਨਾਲ ਟੱਕਰ ਖਾ ਗਈ ਤੇ ਵੈਨ ਦੀਆਂ ਧੱਜੀਆਂ ਉੱਡ ਗਈਆਂ।
  ਦੋ ਦਰਜਨ ਦੇ ਕਰੀਬ ਸ਼ਰਧਾਲੂਆਂ ਦੀ ਮੌਤ ਹੋ ਜਾਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਮਾਨਵ ਰਹਿਤ ਫਾਟਕ 'ਤੇ ਇਹ ਹਾਦਸਾ ਵਾਪਰਿਆ ਹੈ। ਇਹ ਇੱਕ ਵੱਡੀ ਅਣਗਹਿਲੀ ਕਾਰਨ ਹੋਇਆ ਹੈ, ਜਿਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਦਾ ਜਾਨੀ ਨੁਕਸਾਨ ਹੋਣਾ ਬੇਹੱਦ ਦੁਖਦਾਈ ਹੈ, ਜਿਸ 'ਤੇ ਸ਼੍ਰੋਮਣੀ ਕਮੇਟੀ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਉਨ੍ਹਾਂ ਚਲਾਣਾ ਕਰ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ।

  ਅੰਮ੍ਰਿਤਸਰ - ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ (ਪਟਿਆਲਾ) ਦੇ ਪ੍ਰਸ਼ਾਸਨ ਵੱਲੋਂ ਜੇਲ੍ਹ 'ਚ ਕੈਦ ਬੰਦੀ ਸਿੰਘਾਂ ਨੂੰ ਤੰਗ ਪਰੇਸ਼ਾਨ ਕਰਨ 'ਤੇ ਬੰਦੀ ਸਿੰਘ 30 ਜੂਨ ਤੋਂ ਜੇਲ੍ਹ ਵਿਚ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਗਈ ਕਿ ਜੇਲ੍ਹ ਪ੍ਰਸ਼ਾਸਨ ਨੂੰ ਤਾੜਨਾ ਕਰਕੇ ਬੰਦੀ ਸਿੰਘਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਕੇ ਭੁੱਖ ਹੜਤਾਲ ਖ਼ਤਮ ਕਰਵਾਈ ਜਾਵੇ।ਅਕਾਲ ਤਖ਼ਤ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਜੇਕਰ ਭੁੱਖ ਹੜਤਾਲ ਤੇ ਬੈਠੇ ਸਿੰਘਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।

  ਮੈਕਸੀਕੋ - ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ ਦਿਨ ਬ ਦਿਨ ਵਧ ਰਿਹਾ ਹੈ। ਅਜਿਹੇ 'ਚ ਦੁਨੀਆਂ ਭਰ 'ਚ ਦੋ ਲੱਖ ਤੋਂ ਵੀ ਜ਼ਿਆਦਾ ਨਵੇਂ ਕੇਸ ਦਰਜ ਕੀਤੇ ਗਏ। ਵਰਲਡੋਮੀਟਰ ਮੁਤਾਬਕ ਪਿਛਲੇ 24 ਘੰਟਿਆਂ 'ਚ ਦੁਨੀਆਂ ਭਰ 'ਚ 02,05,162 ਮਾਮਲੇ ਸਾਹਮਣੇ ਆਏ। ਜੋ ਕਿ ਹੁਣ ਤਕ ਇਕ ਦਿਨ ਦੀ ਸਭ ਤੋਂ ਵੱਡੀ ਸੰਖਿਆ ਹੈ। ਹੁਣ ਤਕ ਪੂਰੀ ਦੁਨੀਆਂ 'ਚ ਕੋਰੋਨਾ ਨਾਲ 01,09,70,000 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਸ ਦੌਰਾਨ ਹੀ ਮਰਨ ਵਾਲਿਆਂ ਦੀ ਗਿਣਤੀ 05,23,000 ਹੋ ਗਈ ਹੈ।
  ਅਮਰੀਕਾ ਅਜੇ ਵੀ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਇੱਥੇ ਹੁਣ ਤਕ 28.33 ਲੱਖ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਬ੍ਰਾਜ਼ੀਲ 'ਚ ਵੀ ਆਏ ਦਿਨ ਅਮਰੀਕਾ ਦੇ ਬਰਾਬਰ ਕੇਸ ਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਪਿਛਲੇ 24 ਘੰਟਿਆਂ 'ਚ ਬ੍ਰਾਜ਼ੀਲ 'ਚ 47,984 ਨਵੇਂ ਕੇਸ ਦਰਜ ਕੀਤੇ ਗਏ ਅਤੇ 1277 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਡ ਲੋਕਾਂ ਦੀ ਸੰਖਿਆ ਦੁਨੀਆਂ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।
  ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਪੇਰੂ ਚਿੱਲੀ, ਇਟਲੀ, ਇਰਾਨ, ਮੈਕਸੀਕੋ, ਪਾਕਿਸਤਾਨ ਅਤੇ ਟਰਕੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੋ ਲੱਖ ਤੋਂ ਪਾਰ ਹੋ ਚੁੱਕੀ ਹੈ। ਭਾਰਤ ਦੁਨੀਆਂ 'ਚ ਸਭ ਤੋਂ ਜ਼ਿਆਦਾ ਕੇਸਾਂ ਦੇ ਮਸਲੇ 'ਚ ਚੌਥੇ ਨੰਬਰ 'ਤੇ ਹੈ ਅਤੇ ਮੌਤਾਂ ਦੀ ਸੂਚੀ 'ਚ ਭਾਰਤ ਦਾ ਅੱਠਵਾਂ ਨੰਬਰ ਹੈ।

  ਚੰਡੀਗੜ੍ਹ -  ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਬਲਵੰਤ ਸਿੰਘ ਮੁਲਤਾਨੀ ਲਾਪਤਾ ਹੋਣ ਦਾ ਕੇਸ ਹੁਣ ਰਜਨੀਸ਼ ਗਰਗ ਦੀ ਅਦਾਲਤ 'ਚ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹੀ ਇਸ ਸਬੰਧੀ ਅਰਜ਼ੀ ਦਾਖਲ ਕਰ ਕੇ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਇਸ ਕੇਸ ਨੂੰ ਕਿਸੇ ਹੋਰ ਅਦਾਲਤ 'ਚ ਤਬਦੀਲ ਕੀਤਾ ਜਾਵੇ।
  ਦੱਸ ਦਈਏ ਕਿ ਪੰਜਾਬ ਦੇ ਸਾਬਕਾ ਆਈਏਐਸ ਦੇ ਪੁੱਤਰ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਕੇਸ ਚੱਲ ਰਿਹਾ ਹੈ।
  ਪਿਛਲੇ ਸਮੇਂ ਪੀੜਤ ਪਰਿਵਾਰ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਦਾ ਕੇਸ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਨੇ ਸਰਕਾਰੀ ਵਕੀਲ ਸੰਜੀਵ ਬੱਤਰਾ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਸੁਮੇਧ ਸੈਣੀ ਤੇ ਹੋਰਨਾਂ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕੀਤੀ ਜਾਵੇ।

  ਕਪੂਰਥਲਾ - ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਤਹਿਤ ਅੱਤਵਾਦੀ ਘੋਸ਼ਿਤ ਕਰਨ ਤੋਂ ਬਾਅਦ ਪੁਲਿਸ ਨੇ ਇਟਲੀ ਤੋਂ ਭਾਰਤ ਆਏ ਭੁਲੱਥ ਦੇ ਪਿੰਡ ਅਕਾਲਾ ਦੇ ਵਾਸੀ ਜੋ ਸਿੱਖ ਫ਼ਾਰ ਜਸਟਿਸ ਦਾ ਸਰਗਰਮ ਮੈਂਬਰ ਹੈ, ਵਿਰੁੱਧ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀ ਧਾਰਾ 10 (ਏ) ਅਤੇ (ਬੀ), 11, 13 (1) ਅਤੇ 17 ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਸਿਆ ਜਾਂਦਾ ਹੈ ਕਿ ਜੋਗਿੰਦਰ ਸਿੰਘ ਗੋਗਾ ਸਿੱਖ ਫ਼ਾਰ ਜਸਟਿਸ ਦਾ ਪ੍ਰਮੁੱਖ ਅਤੇ ਸਰਗਰਮ ਮੈਂਬਰ ਹੈ, ਜਿਸ ਨੂੰ ਐਮ.ਐਚ.ਏ. (ਜੀ.ਓ.ਆਈ.) ਨੇ ਪਿਛਲੇ ਸਾਲ 10 ਜੁਲਾਈ ਨੂੰ ਗੈਰ ਸੰਗਠਨ ਐਲਾਨਿਆ ਸੀ ਤੇ ਜੋਗਿੰਦਰ ਸਿੰਘ ਗੋਗਾ, ਗੁਰਪਤਵੰਤ ਸਿੰਘ ਪਨੂੰ ਨਾਲ ਨਿਰੰਤਰ ਸੰਪਰਕ ਵਿਚ ਸੀ ਤੇ ਸਿੱਖ ਫ਼ਾਰ ਜਸਟਿਸ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਵਿਚ ਵੀ ਉਹ ਅਹਿਮ ਭੂਮਿਕਾ ਅਦਾ ਕਰਦਾ ਸੀ | ਪੁਲਿਸ ਸੂਤਰਾਂ ਨੇ ਦੱਸਿਆ ਕਿ ਜੋਗਿੰਦਰ ਸਿੰਘ ਨਵੰਬਰ 2019 ਵਿਚ ਜਨੇਵਾ ਸਵਿਟਜ਼ਰਲੈਂਡ ਗਿਆ, ਜਿੱਥੇ ਉਸ ਨੇ ਸਿੱਖ ਫ਼ਾਰ ਜਸਟਿਸ ਵਲੋਂ ਕਰਵਾਏ ਗਏ ਭਾਰਤ ਵਿਰੋਧੀ ਸੰਮੇਲਨ ਵਿਚ ਭਾਗ ਲਿਆ ਸੀ ਤੇ ਪੁਲਿਸ ਵਲੋਂ ਉਸ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਸ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇੱਥੇ ਵਰਨਣਯੋਗ ਹੈ ਕਿ ਦਲਿਤ ਸੁਰੱਖਿਆ ਸੈਨਾ ਨੇ ਐਸ.ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਗੁਰਪਤਵੰਤ ਸਿੰਘ ਪਨੂੰ ਤੇ ਜੋਗਿੰਦਰ ਸਿੰਘ ਉਰਫ਼ ਗੋਗਾ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਪੁਲਿਸ ਵਲੋਂ ਗੁਰਪਤਵੰਤ ਸਿੰਘ ਪਨੂੰ ਤੇ ਉਸ ਦੇ ਸਾਥੀਆਂ ਵਿਰੁੱਧ ਪੁਲਿਸ ਕਮਿਸ਼ਨਰ ਅੰਮਿ੍ਤਸਰ ਵਿਚ ਵੀ ਕੇਸ ਦਰਜ ਕੀਤਾ ਜਾ ਚੁੱਕਾ ਹੈ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com