ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸੰਗਤ ਮੰਡੀ, (ਅਵਤਾਰ ਸਿੰਘ ਚੀਮਾ) -ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਸੰਗਤ ਕੈਂਚੀਆਂ ਵਿਖੇ ਹੋਏ ਸੰਸਥਾ ਦੇ ਸਾਲਾਨਾ ਸਮਾਗਮ ਦੌਰਾਨ ਬੋਲਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ 2003 ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰੇ। ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਸ਼੍ਰੀ ਅਕਾਲ ਸਾਹਿਬ ਤੋਂ ਮੁਆਫ਼ੀ ਦਿਵਾਉਣ ਵਾਲੀ ਅਤੇ ਬੇਅਦਬੀ ਕਾਂਡ ਦੀ ਪੜਤਾਲ ਨੂੰ ਲਮਕਾਉਂਣ ਵਾਲੀ ਸਰਕਾਰ ਤੇ ਵੀ ਸਵਾਲ ਉਠਾਏ ਅਤੇ ਵੋਟਾਂ ਖਾਤਰ ਸੌਦਾ ਸਾਧ ਦੇ ਡੇਰਿਆਂ ਤੇ ਗੇੜੇ ਮਾਰਨ ਵਾਲੇ ਸਿਆਸੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਨੂੰ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਉਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
  ਭਾਈ ਪੰਥਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਅਤੇ 2010 ’ਚ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਤਜਰਬੇ ਤੋਂ ਸਮਝਣ ਦੀ ਲੋੜ ਹੈ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਢੁਕਵਾਂ ਕੈਲੰਡਰ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਹਿੰਦੂ ਮੱਤ ਤੋਂ ਉਧਾਰੀ ਲਈ ਵਹਿਮ ਪ੍ਰਸ਼ਤੀ ਵਾਲੀ ਵੀਚਾਰਧਾਰਾ ਕਿ ਅਵਤਾਰੀ ਪੁਰਸ਼ਾਂ ਦੇ ਦਿਨ ਚੰਦ੍ਰਮਾਂ ਦੀਆਂ ਤਿੱਥਾਂ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੰਗ੍ਰਾਂਦ ਦੇ ਹਿਸਾਬ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਕਾਰਨ ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਕਦੀ ਪਿੱਛੋਂ ਅਤੇ ਕਦੀ ਦੋਵੇਂ ਇਕੱਠੇ ਹੀ ਇੱਕੋ ਦਿਨ ਆ ਜਾਣ ਕਾਰਨ ਭੰਬਲਭੂਸਾ ਪਿਆ ਰਹਿੰਦਾ ਹੈ। ਕਦੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਮਹੀਨੇ ਕਦੀ ਮਾਘ ਮਹੀਨੇ ਕਦੀ ਦਸੰਬਰ ਅਤੇ ਕਦੀ ਜਨਵਰੀ ’ਚ ਆਉਣ ਕਾਰਨ ਕਦੀ ਸਾਲ ’ਚ ਦੋ ਵਾਰ ਅਤੇ ਕਦੀ ਆਉਂਦਾ ਹੀ ਨਹੀਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਹਿੰਦੂ ਮਤ ਦੀਆ ਸਾਡੇ ’ਤੇ ਥੋਪੀਆਂ ਵਦੀਆਂ ਸੁਦੀਆਂ ਤੇ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਤਾਰੀਖਾਂ ਅਨੁਸਾਰ ਸਾਰੇ ਦਿਹਾੜੇ ਮਨਾਏ ਜਾਣ ਤਾਂ ਕੋਈ ਵੀ ਦਿਹਾੜਾ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਨਹੀਂ ਰਹੇਗਾ ਅਤੇ ਹਰ ਦਿਹਾੜਾ 365 ਦਿਨਾਂ ਬਾਅਦ ਹੀ ਆਇਆ ਕਰੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ ਕਦੀ 354/55 ਦਿਨਾਂ ਅਤੇ ਕਦੀ 383/384 ਦਿਨਾਂ ਪਿੱਛੋਂ ਆ ਜਾਣ ਕਾਰਨ ਕੋਈ ਵੀ ਦਿਹਾੜਾ ਸਾਨੂੰ ਹੁਣ ਤੱਕ ਯਾਦ ਨਹੀਂ ਹੋਇਆ।
  ਉਨ੍ਹਾਂ ਕਿਹਾ ਜਿਸ ਆਗੂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ ’ਚ ਗੁਟਕਾ ਫੜ ਸਹੁੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਅਤੇ ਪੰਜਾਬ ’ਚੋ 4 ਹਫਤਿਆਂ ’ਚ ਨਸ਼ਾ ਖਤਮ ਕਰਨ ਦੇ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਨਸ਼ਿਆਂ ਸਬੰਧੀ ਐੱਸ.ਟੀ.ਐੱਫ ਦੀ ਰਿਪੋਰਟ ਖੁਲ੍ਹਵਾਉਣ ਦਾ ਵੀ ਯਤਨ ਨਹੀਂ ਕੀਤਾ ਅਜਿਹੇ ਸਿਆਸੀ ਆਗੂ ਨੂੰ ਵੀ ਸਬਕ ਸਿਖਾਉਣਾ ਜਰੂਰੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਮੌਜੂਦਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਨਸ਼ਿਆਂ ਸਬੰਧੀ ਐੱਸ.ਟੀ.ਐੱਫ ਦੀ ਰਿਪੋਰਟ ਤੁਰੰਤ ਜਨਤਕ ਕਰਕੇ ਉਸ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਇਆ ਜਾ ਸਕੇ।
  ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ ਖਾਲਸਾ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਰਘਬੀਰ ਸਿੰਘ ਖਿਆਲੀਵਾਲਾ,ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਣ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਪਰਗਟ ਸਿੰਘ ਮੁਦਕੀ, ਭਾਈ ਜਗਰੂਪ ਸਿੰਘ ਕਲਿਆਣ, ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

  ਨਵੀਂ ਦਿੱਲੀ - ਕੌਮੀ ਰਾਜਧਾਨੀ ਨਵੀਂ ਦਿੱਲੀ ’ਚ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦਾ ਪਹਿਲਾ ਕੇਸ ਮਿਲਣ ਦੇ ਨਾਲ ਹੀ ਮਹਾਰਾਸ਼ਟਰ ਦੇ ਪੁਣੇ ’ਚ 7 ਤੇ ਰਾਜਸਥਾਨ ਦੇ ਜੈਪੁਰ ’ਚ ਨੌਂ ਨਵੇਂ ਕੇਸ ਮਿਲਣ ਨਾਲ ਦੇਸ਼ ’ਚ ਇਸ ਨਵੇਂ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 21 ਹੋ ਗਈ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਤਨਜ਼ਾਨੀਆ ਤੋਂ ਦਿੱਲੀ ਆਇਆ ਇੱਕ 37 ਸਾਲਾ ਵਿਅਕਤੀ ਓਮੀਕਰੋਨ ਤੋਂ ਪੀੜਤ ਪਾਇਆ ਗਿਆ ਹੈ। ਲੋਕ ਨਾਇਕ ਜੈ ਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਦਾ ਇਸ ਸਮੇਂ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਤੇ ਉਸ ’ਚ ਬਿਮਾਰੀ ਦੇ ਮਾਮੂਲੀ ਲੱਛਣ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, ‘ਹੁਣ ਤੱਕ ਕੋਵਿਡ-19 ਦੇ 17 ਮਰੀਜ਼ ਤੇ ਉਨ੍ਹਾਂ ਦੇ ਸੰਪਰਕ ’ਚ ਆੲੇ ਛੇ ਜਣਿਆਂ ਨੂੰ ਲੋਕ ਨਾਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ 12 ਨਮੂਨਿਆਂ ’ਚੋਂ ਇੱਕ ’ਚ ਓਮੀਕਰੋਨ ਸਰੂਪ ਪਾਇਆ ਗਿਆ ਹੈ।’
  ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਨੇ ਕਿਹਾ, ‘ਮਰੀਜ਼ ਭਾਰਤੀ ਹੈ ਅਤੇ ਉਹ ਤਨਜ਼ਾਨੀਆ ਤੋਂ ਆਇਆ ਹੈ। ਉਸ ਦੇ ਗਲੇ ’ਚ ਸੋਜ਼, ਬੁਖਾਰ ਤੇ ਸਰੀਰ ’ਚ ਦਰਦ ਵਰਗੇ ਲਾਗ ਦੇ ਮਾਮੂਲੀ ਲੱਛਣ ਹਨ ਤੇ ਉਸ ਨੂੰ ਦੋ ਦਸੰਬਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।’ ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਓਮੀਕਰੋਨ ਸਰੂਪ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਅਸਰਦਾਰ ਢੰਗ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਲਾਉਣਾ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੈਨ ਨੇ ਕਿਹਾ ਕਿ ਇਸ ਗੱਲ ਦੀ 99 ਫੀਸਦ ਸੰਭਾਵਨਾ ਹੈ ਕਿ ਮਾਸਕ ਕੋਵਿਡ-19 ਦੇ ਸਾਰੇ ਸਰੂਪਾਂ ਤੋਂ ਲੋਕਾਂ ਦਾ ਬਚਾਅ ਕਰ ਸਕਦਾ ਹੈ। ਬੂਸਟਰ ਖੁਰਾਕ ਸਬੰਧੀ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੇ ਮਾਹਿਰਾਂ ਦੀ ਸਿਫਾਰਸ਼ ਦਾ ਪਾਲਣ ਕਰੇਗੀ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਸੱਤ ਜਣਿਆਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ’ਚ ਨਾਇਜੀਰੀਆ ਤੋਂ ਆਈ ਔਰਤ ਤੇ ਉਸ ਦੀਆਂ ਦੋ ਧੀਆਂ ਸ਼ਾਮਲ ਹਨ। ਉਹ ਆਪਣੇ ਭਰਾ ਨੂੰ ਮਿਲ ਕੇ ਆਈ ਸੀ। ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ ਭਰਾ ਤੇ ਉਸ ਦੀਆਂ ਦੋ ਧੀਆਂ ਵੀ ਓਮੀਕਰੋਨ ਤੋਂ ਪੀੜਤ ਮਿਲੀਆਂ ਹਨ। ਦੂਜੇ ਪਾਸੇ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਫਿਨਲੈਂਡ ਤੋਂ ਪੁਣੇ ਮੁੜੇ ਇੱਕ ਹੋਰ ਵਿਅਕਤੀ ਦੇ ਵੀ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮਹਾਰਾਸ਼ਟਰ ’ਚ ਹੁਣ ਤੱਕ ਅੱਠ ਜਣਿਆਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਉੱਧਰ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਨੌਂ ਲੋਕਾਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਚਾਰ ਜਣੇ ਦੱਖਣੀ ਅਫਰੀਕਾ ਤੋਂ ਮੁੜੇ ਹਨ ਅਤੇ ਪੰਜ ਜਣੇ ਉਨ੍ਹਾਂ ਦੇ ਸੰਪਰਕ ’ਚ ਆਏ ਉਨ੍ਹਾਂ ਦੇ ਰਿਸ਼ਤੇਦਾਰ ਹਨ। ਮੈਡੀਕਲ ਸਕੱਤਰ ਵੈਭਵ ਗਲਾਰੀਆ ਨੇ ਦੱਸਿਆ ਕਿ ਪੀੜਤਾਂ ਦੀ ਜੀਨੋਮ ਸੀਕੁਐਂਸਿੰਗ ਰਾਹੀਂ ਨੌਂ ਜਣਿਆਂ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਦੀ ਭਾਲ ਕਰਕੇ ਉਨ੍ਹਾਂ ਦੇ ਨਮੂਨੇ ਹਾਸਲ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰਨਾਟਕ (2), ਮਹਾਰਾਸ਼ਟਰ (1) ਤੇ ਗੁਜਰਾਤ (1) ’ਚ ਓਮੀਕਰੋਨ ਦੇ ਕੇਸ ਸਾਹਮਣੇ ਆ ਚੁੱਕੇ ਹਨ।
  ਵਾਸ਼ਿੰਗਟਨ - ਅਮਰੀਕਾ ਦੇ ਨਿਊਯਾਰਕ ਵਿਚ ਸ਼ਨਿਚਰਵਾਰ ਨੂੰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ ਵਿਚ ਕਰੋਨਾਵਾਇਰਸ ਦੇ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਉਨ੍ਹਾਂ ਸੂਬਿਆਂ ਦੀ ਗਿਣਤੀ ਵਧ ਗਈ ਹੈ ਜਿੱਥੇ ਓਮੀਕਰੋਨ ਸਰੂਪ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ।
  ਸੂਬੇ ਦੇ ਸਿਹਤ ਕਮਿਸ਼ਨਰ ਮੈਰੀ ਬੈਸੈੱਟ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ, ‘‘ਓਮੀਕਰੋਨ ਸਰੂਪ ਇੱਥੇ ਫੈਲ ਗਿਆ ਹੈ ਅਤੇ ਜਿਵੇਂ ਕਿ ਸੰਭਾਵਨਾ ਸੀ, ਹੁਣ ਕਮਿਊਨਿਟੀ ਵਿਚ ਇਹ ਨਵਾਂ ਸਰੂਪ ਫੈਲਦਾ ਦਿਖ ਰਿਹਾ ਹੈ।’’
  ਅਜਿਹੇ ਸੂਬਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜਿਨ੍ਹਾਂ ਵਿਚ ਕਰੋਨਾ ਦੇ ਇਸ ਨਵੇਂ ਸਰੂਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ਵਿੱਚੋਂ ਨਿਊ ਜਰਸੀ, ਜੌਰਜੀਆ, ਪੈਨਸਿਲਵੇਨੀਆ ਅਤੇ ਮੈਰੀਲੈਂਡ ਵਿਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਇਸ ਸਰੂਪ ਦੇ ਮਾਮਲੇ ਸਾਹਮਣੇ ਆਏ ਸਨ ਜਦਕਿ ਮਿਸੂਰੀ ਵਿਚ ਵੀ ਇਸ ਦਾ ਮਾਮਲਾ ਸਾਹਮਣੇ ਆਇਆ ਹੈ।
  ਇਸ ਤੋਂ ਇਲਾਵਾ ਨੈਬ੍ਰਾਸਕਾ, ਮਿਨੈਸੋਟਾ, ਕੈਲੀਫੋਰਨੀਆ, ਹਵਾਈ, ਕੋਲੋਰਾਡੋ ਅਤੇ ਉਟਾਹ ਵਿਚ ਵੀ ਓਮੀਕਰੋਨ ਸਰੂਪ ਦੇ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਸੂਬੇ ਵਿੱਚੋਂ ਸੱਤ ਮਾਮਲੇ ਨਿਊਯਾਰਕ ਸਿਟੀ ’ਚ ਮਿਲੇ ਹਨ ਜਦਕਿ ਇਕ ਹੋਰ ਮਰੀਜ਼ ਸੂਫੋਲਕ ਕਾਊਂਟੀ ਵਿਚ ਮਿਲਿਆ ਹੈ।
  ਓਮੀਕਰੋਨ ਸਰੂਪ ਦੇ ਮਾਮਲੇ ਅਜਿਹੇ ਸਮੇਂ ਵਿਚ ਸਾਹਮਣੇ ਆ ਰਹੇ ਹਨ ਜਦੋਂ ਸੂਬੇ ਭਰ ਦੇ ਹਸਪਤਾਲਾਂ ’ਤੇ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਰ ਕੇ ਪਹਿਲਾਂ ਤੋਂ ਦਬਾਅ ਹੈ ਅਤੇ ਉਹ ਸਿਹਤ ਅਮਲੇ ਦੀ ਘਾਟ ਨਾਲ ਜੂਝ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਦਾ ਸਬੰਧ ਡੈਲਟਾ ਸਰੂਪ ਨਾਲ ਹੈ। ਸੂਬੇ ਭਰ ਵਿਚ ਹਰ ਰੋਜ਼ ਨਵੇਂ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਪਿਛਲੇ 30 ਦਿਨਾਂ ਵਿਚ ਦੁੱਗਣੀ ਹੋ ਗਈ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਹਸਪਤਾਲਾਂ ਵਿਚ ਗੈਰ-ਜ਼ਰੂਰੀ ਪ੍ਰਕਿਰਿਆਵਾਂ ਨੂੰ ਸੀਮਿਤ ਕਰਨ ਲਈ ਹਾਲ ਹੀ ਵਿਚ ਸਿਹਤ ਵਿਭਾਗ ਨੂੰ ਅਧਿਕਾਰਤ ਕੀਤਾ ਹੈ ਅਤੇ ਸਿਹਤ ਕਾਮਿਆਂ ਦੀ ਘਾਟ ਵਰਗੀਆਂ ਸਮੱਸਿਆਵਾਂ ਤੇ ਲਾਗ ਦੇ ਵਧਦੇ ਮਾਮਲਿਆਂ ਕਰ ਕੇ ਦਬਾਅ ਝੱਲ ਰਹੇ ਸਿਹਤ ਕੇਂਦਰਾਂ ਦੀ ਮਦਦ ਲਈ ਕੌਮੀ ਗਾਰਡ ਟੀਮਾਂ ਨੂੰ ਤਾਇਨਾਤ ਕੀਤਾ ਹੈ। -ਏਪੀ
  ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਨਾਲ ਲੈ ਕੇ ਆਉਣਾ ਜਾਂ ਲਾਗ ਤੋਂ ਉੱਭਰਨ ਦਾ ਸਬੂਤ ਨਾਲ ਲੈ ਕੇ ਆਉਣਾ ਜ਼ਰੂਰੀ ਕਰ ਦਿੱਤਾ ਹੈ। ਇਹ ਨਵਾਂ ਨਿਯਮ 6 ਦਸੰਬਰ ਤੋਂ ਪ੍ਰਭਾਵੀ ਹੋਵੇਗਾ। ਸਿਹਤ ਤੇ ਮਨੁੱਖੀ ਸੇਵਾ ਵਿਭਾਗ ਅਧੀਨ ਆਉਂਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡਸੀ) ਨੇ ਇਹ ਜਾਣਕਾਰੀ ਦਿੱਤੀ। ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂਆਂ ਨੂੰ ਸੂਚਿਤ ਕੀਤਾ, ‘‘ਇਹ ਸੋਧੇ ਹੋਏ ਹੁਕਮ, ਅਮਰੀਕਾ ਆਉਣ ਵਾਲੇ ਜਹਾਜ਼ ਵਿਚ ਸਵਾਰ ਹੋਣ ਵਾਲੇ ਦੋ ਸਾਲ ਜਾਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਦੀ ਜਾਂਚ ਕਰਵਾਉਣੀ ਲਾਜ਼ਮੀ ਬਣਾਉਂਦੇ ਹਨ।’’ ਕਿਸੇ ਵੀ ਦੇਸ਼ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੀਆਂ ਉਡਾਣਾਂ ਲਈ ਜਾਰੀ ਇਸ ਨਵੇਂ ਸੋਧੇ ਹੋਏ ਹੁਕਮ ਮੁਤਾਬਕ ਯਾਤਰੀਆਂ ਨੂੰ ਯਾਤਰਾ ਤੋਂ ਇਕ ਦਿਨ ਪਹਿਲਾਂ ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ ਜਾਂ ਫਿਰ ਉਨ੍ਹਾਂ ਨੂੰ ਯਾਤਰਾ ਤੋਂ 90 ਦਿਨ ਪਹਿਲਾਂ ਕੋਵਿਡ-19 ਤੋਂ ਉੱਭਰਨ ਦਾ ਪ੍ਰਮਾਣ ਦਿਖਾਉਣਾ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹਵਾਈ ਯਾਤਰੀਆਂ ਨੂੰ ਇਕ ਤਸਦੀਕਸ਼ੁਦਾ ਫਾਰਮ ਵਿਚ ਇਹ ਪੁਸ਼ਟੀ ਵੀ ਕਰਨੀ ਹੋਵੇਗੀ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਹੈ।’’

  ਕੋਹਿਮਾ, ਗੁਹਾਟੀ - ਭਾਰਤ ਦੇ ਉੱਤਰ-ਪੂਰਬੀ ਰਾਜ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਕਰੀਬ 14 ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ। ਫ਼ੌਜ ਨੇ ਇਸ ਮਾਮਲੇ ਵਿਚ ਕੋਰਟ ਆਫ਼ ਇਨਕੁਆਰੀ ਬਿਠਾ ਦਿੱਤੀ ਹੈ। ਫ਼ੌਜ ਦਾ ਕਹਿਣਾ ਹੈ ਕਿ ਇਕ ਸੈਨਿਕ ਦੀ ਜਾਨ ਵੀ ਗਈ ਹੈ ਤੇ ਕਈ ਜ਼ਖ਼ਮੀ ਹੋ ਗਏ ਹਨ। ਭਾਰਤੀ ਫ਼ੌਜ ਨੇ ਕਿਹਾ ਕਿ ਇਸ ਘਟਨਾ ਅਤੇ ਮਗਰੋਂ ਜੋ ਵੀ ਹੋਇਆ ਉਸ ’ਤੇ ਉਨ੍ਹਾਂ ਨੂੰ ‘ਬੇਹੱਦ ਅਫ਼ਸੋਸ’ ਹੈ। ਜਾਨਾਂ ਜਾਣ ਦੀ ਜਾਂਚ ਉੱਚ ਪੱਧਰ ਉਤੇ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ 13 ਜਣੇ ਤਾਂ ਮੌਕੇ ’ਤੇ ਹੀ ਮਾਰੇ ਗਏ। ਇਸ ਤੋਂ ਇਲਾਵਾ 11 ਫੱਟੜ ਵੀ ਹਨ। ਹੋਰਾਂ ਨੇ ਗੁਆਂਢੀ ਸੂਬੇ ਅਸਾਮ ਦੇ ਹਸਪਤਾਲਾਂ ਵਿਚ ਵੀ ਦਮ ਤੋੜਿਆ ਹੈ। ਮੁੱਖ ਮੰਤਰੀ ਨੇਫਿਊ ਰੀਓ ਨੇ ਉੱਚ ਪੱਧਰੀ ਜਾਂਚ ਦਾ ਵਾਅਦਾ ਕੀਤਾ ਹੈ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਘਟਨਾ ਓਟਿੰਗ ਤੇ ਟੀਰੂ ਪਿੰਡਾਂ ਵਿਚਾਲੇ ਵਾਪਰੀ ਹੈ ਜਦ ਕੁਝ ਦਿਹਾੜੀਦਾਰ ਮਜ਼ਦੂਰ ਇਕ ਵੈਨ ਵਿਚ ਸ਼ਨਿਚਰਵਾਰ ਸ਼ਾਮ ਘਰ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਵਾਹਨ ’ਤੇ ਕਥਿਤ ਤੌਰ ’ਤੇ ਫ਼ੌਜ ਨੇ ਗੋਲੀ ਚਲਾਈ ਜੋ ਕਿ ਇਲਾਕੇ ਵਿਚ ਖ਼ੁਫੀਆ ਜਾਣਕਾਰੀ ਦੇ ਅਧਾਰ ’ਤੇ ਇਕ ਮੁਹਿੰਮ ਉਤੇ ਸੀ। ਫ਼ੌਜ ਨੂੰ ਜਾਣਕਾਰੀ ਮਿਲੀ ਸੀ ਕਿ ਪਾਬੰਦੀ ਅਧੀਨ ਸੰਗਠਨ ਐਨਐੱਸਸੀਐਨ (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਇਲਾਕੇ ਵਿਚ ਘੁੰਮ ਰਹੇ ਹਨ। ਦਰਅਸਲ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੋਈ ਹਿੰਸਾ ਵਿਚ ਇਕ ਸੈਨਿਕ ਮਾਰਿਆ ਗਿਆ ਹੈ। ਗੋਲੀਬਾਰੀ ਦੀ ਪਹਿਲੀ ਘਟਨਾ ਵਿਚ ਛੇ ਨਾਗਰਿਕ ਮਾਰੇ ਗਏ ਸਨ। ਫ਼ੌਜ ਨੇ ਵੈਨ ਵਿਚ ਸਵਾਰ ਖਾਣ ਦੇ ਵਰਕਰਾਂ ਨੂੰ ਐਨਐੱਸਸੀਐਨ (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਸਮਝ ਲਿਆ ਸੀ। ਸੈਨਾ ਨੂੰ ਇਨ੍ਹਾਂ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਹੀ ਜਾਣਕਾਰੀ ਮਿਲੀ ਸੀ। ਜਦ ਇਹ ਵਰਕਰ ਘਰ ਨਹੀਂ ਪਹੁੰਚੇ ਤਾਂ ਪਿੰਡਾਂ ਦੇ ਨੌਜਵਾਨ ਤੇ ਹੋਰ ਇਨ੍ਹਾਂ ਦੀ ਭਾਲ ਵਿਚ ਨਿਕਲੇ। ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਲਿਆ ਤੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ ਤੇ ਸੈਨਿਕਾਂ ਨੇ ਆਤਮ ਰੱਖਿਆ ਲਈ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ 8 ਨਾਗਰਿਕ ਮਾਰੇ ਗਏ। ਮਾਰੇ ਗਏ 13 ਜਣਿਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਦੱਸਣਯੋਗ ਹੈ ਕਿ ਮੋਨ ਜ਼ਿਲ੍ਹਾ ਮਿਆਂਮਾਰ ਦੀ ਹੱਦ ਨਾਲ ਲੱਗਦਾ ਹੈ ਤੇ ਇਹ ਅਤਿਵਾਦੀ ਧੜਾ ਉੱਥੋਂ ਹੀ ਕਾਰਵਾਈਆਂ ਕਰਦਾ ਹੈ। ਸੂਤਰਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੂੰ ਘਟਨਾ ਬਾਰੇ ਜਾਣੂ ਕਰਾਇਆ ਗਿਆ ਹੈ। ਫ਼ੌਜ ਦੀ 3 ਕੋਰ ਦੇ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ ਮਗਰੋਂ ਕਾਨੂੰਨ ਮੁਤਾਬਕ ਜ਼ਿੰਮੇਵਾਰੀ ਤੈਅ ਕਰ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਵੀ ਘਟਨਾ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਕ ਸੈਨਿਕ ਦੀ ਮਗਰੋਂ ਮੌਤ ਹੋ ਗਈ ਹੈ। ਮੁੱਖ ਮੰਤਰੀ ਰੀਓ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉੱਚ ਪੱਧਰੀ ‘ਸਿਟ’ ਮਾਮਲੇ ਦੀ ਜਾਂਚ ਕਰੇਗੀ। ਘਟਨਾ ’ਤੇ ਰੋਸ ਪ੍ਰਗਟਾਉਂਦਿਆਂ ਪੂਰਬੀ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐਨਪੀਓ) ਨੇ ਖੇਤਰ ਦੇ ਛੇ ਆਦਿਵਾਸੀ ਕਬੀਲਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਚੱਲ ਰਹੇ ‘ਹੌਰਨਬਿਲ ਫੈਸਟੀਵਲ’ ਵਿਚ ਹਿੱਸਾ ਨਾ ਲੈਣ। ਇਹ ਸੂਬੇ ਦਾ ਸਭ ਤੋਂ ਵੱਡਾ ਸੈਰ-ਸਪਾਟੇ ਨਾਲ ਜੁੜਿਆ ਸਮਾਗਮ ਹੈ। ਈਐਨਪੀਓ ਨੇ ਇਨ੍ਹਾਂ ਸਾਰੇ ਕਬੀਲਿਆਂ ਨੂੰ ਕਾਲੇ ਝੰਡੇ ਲਾਉਣ ਲਈ ਕਿਹਾ ਹੈ।
  ਨਾਗਾਲੈਂਡ ’ਚ ਆਮ ਨਾਗਰਿਕਾਂ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਅਸਾਮ ਰਾਈਫ਼ਲਜ਼ ਦੇ ਕੈਂਪ ਦੀ ਤੋੜ-ਭੰਨ ਕੀਤੀ। ਉਨ੍ਹਾਂ ਮੋਨ ਜ਼ਿਲ੍ਹੇ ਵਿਚ ਹੀ ਸਥਿਤ ਕੋਨਯਾਕ ਯੂਨੀਅਨ ਦੇ ਦਫ਼ਤਰ ਨੂੰ ਵੀ ਨੁਕਸਾਨ ਪਹੁੰਚਾਇਆ। ਸੁਰੱਖਿਆ ਬਲਾਂ ਦੀ ਗੋਲੀ ਨਾਲ 13 ਨਾਗਰਿਕਾਂ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸਥਿਤੀ ਬੇਹੱਦ ਤਣਾਅਪੂਰਨ ਹੈ। ਲੋਕ ਇਸ ਘਟਨਾ ਵਿਚ ਸ਼ਾਮਲ ਸੁਰੱਖਿਆ ਕਰਮੀਆਂ ਖ਼ਿਲਾਫ਼ ਤੁਰੰਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਘਟਨਾ ਵਿਚ 11 ਜਣੇ ਫੱਟੜ ਵੀ ਹੋਏ ਹਨ।
  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਹੋਈ ਨਾਗਰਿਕਾਂ ਦੀ ਮੌਤ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ‘ਸੱਚਾ ਜਵਾਬ’ ਦੇਣਾ ਚਾਹੀਦਾ ਹੈ ਕਿ ਗ੍ਰਹਿ ਮੰਤਰਾਲਾ ਆਖਰ ਕੀ ਕਰ ਰਿਹਾ ਹੈ ਜਦ ‘ਸਾਡੀ ਆਪਣੀ ਹੀ ਧਰਤੀ ਉਤੇ ਨਾ ਤਾਂ ਨਾਗਰਿਕ ਤੇ ਨਾ ਹੀ ਸੁਰੱਖਿਆ ਬਲ ਸੁਰੱਖਿਅਤ ਹਨ।’ ਗਾਂਧੀ ਨੇ ਟਵੀਟ ਕੀਤਾ ‘ਇਹ ਬੇਹੱਦ ਦੁਖੀ ਕਰਨ ਵਾਲਾ ਹੈ। ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਮੰਗੀ ਹੈ। ਮਮਤਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

  ਅੰਮ੍ਰਿਤਸਰ - ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖ਼ਤਮ ਕਰਾਉਣ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਇਸ ਸਬੰਧੀ ਇਕ ਹੁਕਮਨਾਮਾ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਬਾਹਰੋਂ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਹੈ। ਪੰਜ ਸਿੰਘਾਂ ਦੇ ਨਾਲ ਇਹ ਹੁਕਮਨਾਮਾ ਜਾਰੀ ਕਰਦਿਆਂ ਉਨ੍ਹਾਂ ਸਿੱਖ ਸੰਗਤ ਨੂੰ ਆਖਿਆ ਕਿ ਜਦੋਂ ਤਕ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਨਹੀਂ ਦਿੰਦੇ ਅਤੇ ਤਨਖ਼ਾਹ ਨਹੀਂ ਲਗਵਾ ਲੈਂਦੇ, ਓਨੀ ਦੇਰ ਤੱਕ ਉਨ੍ਹਾਂ ਨੂੰ ਸਹਿਯੋਗ ਨਾ ਦਿੱਤਾ ਜਾਵੇ। ਉਨ੍ਹਾਂ ਨੂੰ ਕਿਸੇ ਵੀ ਗੁਰਦੁਆਰੇ ਜਾਂ ਸੰਗਤੀ ਇਕੱਠ ਵਿੱਚ ਬੋਲਣ ਨਾ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਕਿਸਮ ਦਾ ਸਹਿਯੋਗ ਅਤੇ ਕੋਈ ਮਾਣ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਇਨਸਾਫ਼ ਲੈਣ ਵਾਸਤੇ ਬਰਗਾੜੀ ਵਿਖੇ ਲਾਏ ਗਏ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਚੁਕਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜ ਸਿੰਘਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਉਹ ਇਸ ਸਿੱਟੇ ਤੇ ਪੁੱਜੇ ਹਨ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਸਾਜ਼ਿਸ਼ ਤਹਿਤ ਇਸ ਮੋਰਚੇ ਨੂੰ ਖ਼ਤਮ ਕਰਵਾਇਆ ਸੀ। ਇਸ ਬਾਰੇ ਸਰਕਾਰ ਦੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ, ਜੋ ਉਸ ਵੇਲੇ ਸਰਕਾਰ ਦੇ ਏਲਚੀ ਬਣ ਕੇ ਆਏ ਸਨ, ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਉਨ੍ਹਾਂ ਆਪਣਾ ਸਪਸ਼ਟੀਕਰਨ ਦੇ ਕੇ ਇਸ ਸਬੰਧੀ ਸਾਰੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਸਬੰਧ ਵਿਚ ਸਾਬਕਾ ਮੁੱਖ ਮੰਤਰੀ ਨੂੰ ਤਿੰਨ ਚਾਰ ਵਾਰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ ਹੈ ਪਰ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਏ ਸਗੋਂ ਇੱਕ ਚਿੱਠੀ ਭੇਜ ਕੇ ਤੱਥਾਂ ਨੂੰ ਹੋਰ ਰੂਪ ਦੇ ਕੇ ਅਕਾਲ ਤਖ਼ਤ ਅਤੇ ਪੰਥ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਸ ਨੂੰ ਆਖ਼ਰੀ ਮੌਕਾ ਦਿੱਤਾ ਸੀ ਪਰ ਉਹ ਅੱਜ ਵੀ ਪੇਸ਼ ਨਹੀਂ ਹੋਇਆ। ਇਸ ਲਈ ਬੇਅਦਬੀ ਮਾਮਲੇ ਵਿਚ ਇਨਸਾਫ ਲੈਣ ਲਈ ਚੱਲ ਰਹੇ ਮੋਰਚੇ ਨੂੰ ਤਾਰਪੀਡੋ ਕਰਨ ਦੇ ਦੋਸ਼ ਹੇਠ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ।
  ਉਨ੍ਹਾਂ ਨੇ ਬੇਅਦਬੀ ਮਾਮਲੇ ਵਿਚ ਸਰਕਾਰੀ ਕਾਰਵਾਈ ਦੀ ਮੱਠੀ ਰਫਤਾਰ ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਕਾਰਵਾਈ ਦੀ ਗਤੀ ਨੂੰ ਤੇਜ਼ ਕਰੇ ਅਤੇ ਆਪਣੇ ਰਹਿੰਦੇ ਕਾਰਜਕਾਲ ਦੌਰਾਨ ਦੋਸ਼ੀਆਂ ਨੂੰ ਸਜ਼ਾ ਦੇ ਮੁਕਾਮ ਤਕ ਪਹੁੰਚਾਏ। ਇਸ ਸਬੰਧ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਸਫ਼ਲ ਰਹਿੰਦੀ ਹੈ ਤਾਂ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਇਨ੍ਹਾਂ ਮੰਤਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਨਾਸਾਜ਼ ਸਿਹਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਉਨ੍ਹਾਂ ਦਾ ਇਲਾਜ ਬਿਹਤਰ ਢੰਗ ਨਾਲ ਕਰਵਾਇਆ ਜਾਵੇ।

   

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਨਾਲ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਗਾਊਂ ਸ਼ਰਤਾਂ ਰੱਖ ਕੇ ਗੱਠਜੋੜ ਕੀਤਾ ਜਾਵੇਗਾ। ਭਾਜਪਾ ਨਾਲ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਆਧਾਰ ਬਣਾ ਕੇ ਗੱਠਜੋੜ ਹੋਵੇਗਾ ਅਤੇ ਇਨ੍ਹਾਂ ਮੰਗਾਂ ਤੇ ਸ਼ਰਤਾਂ ਬਾਰੇ ਭਲਕੇ ਪਾਰਟੀ ਦੀ ਮੀਟਿੰਗ ਵਿਚ ਚਾਰਟਰ ਤਿਆਰ ਹੋਵੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਭਾਜਪਾ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨਾਲ ਗੱਠਜੋੜ ਬਾਰੇ ਗੱਲਬਾਤ ਚੱਲ ਰਹੀ ਹੈ।
  ਸ੍ਰੀ ਢੀਂਡਸਾ ਨੇ ਦੱਸਿਆ ਕਿ ਭਲਕੇ ਦੀ ਮੀਟਿੰਗ ਵਿਚ ਪਾਰਟੀ ਦੇ ਮੋਹਰੀ ਆਗੂਆਂ ਤੋਂ ਭਾਜਪਾ ਨਾਲ ਗੱਠਜੋੜ ਕਰਨ ਬਾਰੇ ਮਸ਼ਵਰਾ ਲਿਆ ਜਾਵੇਗਾ ਅਤੇ ਮੀਟਿੰਗ ’ਚ ਪੰਜਾਬ ਤੇ ਸਿੱਖ ਭਾਈਚਾਰੇ ਦੀਆਂ ਭਖਦੀਆਂ ਮੰਗਾਂ ਬਾਰੇ ਚਰਚਾ ਕੀਤੀ ਜਾਵੇਗੀ ਜਿਸ ਦੇ ਆਧਾਰ ’ਤੇ ਗੱਠਜੋੜ ਦੀ ਵਿਉਂਤ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਮੰਨਣਯੋਗ ਮੰਗਾਂ ਜਾਪਦੀਆਂ ਹੋਣਗੀਆਂ, ਉਨ੍ਹਾਂ ਨੂੰ ਹੀ ਮੁੱਖ ਤੌਰ ’ਤੇ ਭਾਜਪਾ ਅੱਗੇ ਰੱਖਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕਈ ਆਗੂ ਭਾਜਪਾ ਨਾਲ ਗੱਠਜੋੜ ਕਰਨ ਤੋਂ ਝਿਜਕਦੇ ਹਨ ਅਤੇ ਉਨ੍ਹਾਂ ਦੀ ਤਰਜੀਹ ਆਮ ਆਦਮੀ ਪਾਰਟੀ ਹੈ। ਇਸੇ ਕਰਕੇ ਪਾਰਟੀ ਨੇ ਮੁੱਖ ਆਗੂਆਂ ਨੂੰ ਮੀਟਿੰਗ ਵਿਚ ਬੁਲਾਇਆ ਹੈ ਤਾਂ ਜੋ ਭਾਜਪਾ ਨਾਲ ਗੱਠਜੋੜ ਬਾਰੇ ਸਹਿਮਤੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ‘ਆਪ’ ਹੀ ਸੀ ਪਰ ‘ਆਪ’ ਆਗੂ ਉੱਚੇ ਚੜ੍ਹੇ ਹੋਏ ਸਨ।
  ਉਨ੍ਹਾਂ ਕਿਹਾ ਕਿ ਭਲਕੇ ਮੀਟਿੰਗ ਵਿਚ ਸਭ ਦੀ ਰਾਇ ਜਾਣ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਅਗਲੇ ਹਫ਼ਤੇ ਉਨ੍ਹਾਂ ਦੀ ਕੋਈ ਮੀਟਿੰਗ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਤੈਅ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਜਪਾ ਨਾਲ ਹਾਲੇ ਮੁੱਢਲੀ ਗੱਲ ਹੀ ਹੋਈ ਹੈ ਅਤੇ ਗੱਠਜੋੜ ਕਰਨ ਬਾਰੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸੀਟਾਂ ਤੇ ਮੰਗਾਂ ਨੂੰ ਲੈ ਕੇ ਚਰਚਾ ਹੋਣੀ ਹੈ। ਉਸ ਮਗਰੋਂ ਹੀ ਅਖੀਰਲਾ ਫ਼ੈਸਲਾ ਲਿਆ ਜਾਵੇਗਾ।

  ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਖਰੀਦੋ-ਫਰੋਖਤ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਉਨ੍ਹਾਂ ਨੂੰ ਫੋਨ ਕਰਕੇ ਪੈਸਿਆਂ ਅਤੇ ਕੈਬਨਿਟ ਰੈਂਕ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਅਜਿਹੀ ਕਿਸੇ ਵੀ ਪੇਸ਼ਕਸ਼ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ, ‘ਮੈਨੂੰ ਕੋਈ ਖ਼ਰੀਦ ਨਹੀਂ ਸਕਦਾ। ਮੈਂ ਮਿਸ਼ਨ ਉੱਤੇ ਹਾਂ, ਕਮਿਸ਼ਨ ਉੱਤੇ ਨਹੀਂ।’ ਉਨ੍ਹਾਂ ਕਿਹਾ ਕਿ ਭਾਜਪਾ ਨੇ ‘ਆਪ’ ਦੇ ਕੁਝ ਵਿਧਾਇਕਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਾਮਯਾਬ ਨਹੀਂ ਹੋ ਸਕੀ।
  ਸ੍ਰੀ ਮਾਨ ਨੇ ਕਿਹਾ ਕਿ ਉਹ ਆਪਣੇ ਪੈਸੇ ਕਮਾਉਣ ਦੇ ਕੈਰੀਅਰ ਨੂੰ ਛੱਡ ਕੇ ਪੰਜਾਬ ਦੀ ਸੇਵਾ ਵਿੱਚ ਆਏ ਹਨ। ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਹੀ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦਾ ਬੂਟਾ ਪੰਜਾਬ ’ਚ ਲਾਇਆ ਤੇ ਇਸ ਬੂਟੇ ਨੂੰ ਆਪਣੇ ਖ਼ੂਨ-ਪਸੀਨੇ ਨਾਲ ਸਿੰਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਹਾਲੀ ਲਈ ਕੰਮ ਕਰਦੇ ਆਏ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਪੰਜਾਬ ਲਈ ਉਹ ਭਾਜਪਾ ਦੀ ਕੁਰਸੀ ਨੂੰ ਲੱਤ ਮਾਰਦੇ ਹਨ। ਉਨ੍ਹਾਂ ਭਾਜਪਾ ’ਤੇ ਜੋੜ-ਤੋੜ ਕਰਨ, ਡਰਾਉਣ-ਧਮਕਾਉਣ ਅਤੇ ਖ਼ਰੀਦੋ-ਫ਼ਰੋਖ਼ਤ ਦੀ ਖੇਡ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਬੰਗਾਲ, ਗੋਆ, ਮੇਘਾਲਿਆ ਤੇ ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ’ਚ ਜੋੜ-ਤੋੜ ਕਰਕੇ ਹੀ ਸਰਕਾਰਾਂ ਬਣਾਈਆਂ ਸਨ, ਪਰ ਭਾਜਪਾ ਅਤੇ ਕੇਂਦਰ ਸਰਕਾਰ, ਸਰਕਾਰ ਦੀਆਂ ਏਜੰਸੀਆਂ ਨਾ ਤਾਂ ਭਗਵੰਤ ਮਾਨ ਨੂੰ ਖ਼ਰੀਦ ਸਕਦੀਆਂ ਹਨ ਤੇ ਨਾ ਹੀ ਡਰਾ ਸਕਦੀਆਂ ਹਨ।
  ‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ, ਜਿਸ ਦੀ ਅਣਦੇਖੀ ਕਾਰਨ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਕੁਚਲਿਆ ਜਾਂਦਾ ਹੈ। ਭਾਜਪਾ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕਿਸਾਨ ਬੀਬੀਆਂ ਲਈ ਅਪਸ਼ਬਦ ਵਰਤੇ ਜਾਂਦੇ ਹਨ। ਇਸ ਲਈ ਭਾਜਪਾ ‘ਆਪ’ ਦੇ ਕਿਸੇ ਅਹੁਦੇਦਾਰ, ਵਰਕਰ ਨੂੰ ਖ਼ਰੀਦਣ ਦੀ ਕੋਸ਼ਿਸ਼ ਨਾ ਕਰੇ ਅਤੇ ਮਾਨ ਨੂੰ ਖ਼ਰੀਦਣ ਦਾ ਭਰਮ ਵੀ ਮਨ ਵਿੱਚੋਂ ਕੱਢ ਦੇਵੇ। ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਤੋਂ ਨਫ਼ਰਤ ਕਰਦੇ ਹਨ। ਪਹਿਲਾਂ ਹੀ ਪੰਜਾਬ ’ਚ ਭਾਜਪਾ ਦਾ ਆਧਾਰ ਨਹੀਂ ਸੀ, ਸਿਰਫ਼ 2-4 ਵਿਧਾਇਕਾਂ ਜਾਂ ਸੰਸਦ ਮੈਂਬਰਾਂ ਤੱਕ ਸੀਮਤ ਸੀ, ਹੁਣ ਤਾਂ ਭਾਜਪਾ ਦਾ ਕਿਤੇ ਵੀ ਨਾਂ-ਨਿਸ਼ਾਨ ਨਹੀਂ ਲੱਭਦਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਕੋਲ ਆਪਣਾ ਕੁਝ ਵੀ ਨਾ ਹੋਣ ਕਾਰਨ ਇਸ ਦੇ ਆਗੂ ਇੱਧਰ-ਉੱਧਰ ਹੱਥ-ਪੈਰ ਮਾਰ ਰਹੇ ਹਨ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗੇਗਾ।
  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਲੀ ’ਚ ਅਧਿਆਪਕਾਂ ਦੇ ਪੱਖ ’ਚ ਧਰਨਾ ਦੇਣ ਬਾਰੇ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਦਿੱਲੀ ’ਚ ਅਧਿਆਪਕਾਂ ਦੀ ਤਨਖਾਹ 6 ਹਜ਼ਾਰ ਰੁਪਏ ਮਹੀਨਾ ਸੀ। ‘ਆਪ’ ਦੀ ਸਰਕਾਰ ਨੇ ਅੱਜ ਉਹ ਤਨਖਾਹ 36 ਹਜ਼ਾਰ ਰੁਪਏ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਲਈ ਵਿਧਾਨ ਸਭਾ ਨੇ ਪ੍ਰਵਾਨਗੀ ਦੇ ਦਿੱਤੀ ਹੈ ਪਰ ਐੱਲਜੀ ਨੇ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਰਕਾਰ ਕੋਲ ਸਿੱਧੇ ਫ਼ੈਸਲੇ ਲੈਣ ਦਾ ਅਧਿਕਾਰ ਹੋਵੇਗਾ।
  ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਪਾਰਟੀ ’ਚ ਆਪਣੀ ਵੁੱਕਤ ਵਧਾਉਣ ਲਈ ਭਾਜਪਾ ’ਤੇ ਅਜਿਹੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲਾਲਚ ਦੇਣ ਦੇ ਨਾਮ ’ਤੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਅਰਵਿੰਦ ਕੇਜਰੀਵਾਲ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਭਗਵੰਤ ਮਾਨ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਪੂਰੇ ਜ਼ੋਰ ਸ਼ੋਰ ਨਾਲ ਚੋਣ ਲੜੇਗੀ।

  ਚੰਡੀਗੜ੍ਹ - ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ’ਤੇ ਗੁੰਮਰਾਹਕੁਨ ਅਤੇ ਬੇਬੁਨਿਆਦ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਕਾਲੀ ਦਲ ਸਿੱਖ ਮਸਲੇ ਹੱਲ ਕਰਾਉਣ ਦੇ ਸਮਰੱਥ ਨਹੀਂ ਰਿਹਾ। ਭਾਜਪਾ ਵਿੱਚ ਸ਼ਮੂਲੀਅਤ ਨੂੰ ਜਾਇਜ਼ ਠਹਿਰਾਉਂਦਿਆਂ ਸਿਰਸਾ ਨੇ ਕਿਹਾ ਕਿ ਦਲਬਦਲੀ ਦਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਅਤੇ ਹੁਣ ਅਜਿਹਾ ਪਲੈਟਫਾਰਮ ਮਿਲ ਗਿਆ ਹੈ ਜਿਸ ਨਾਲ ਲੰਮੇ ਸਮੇਂ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਵਿਚ ਸਹਾਇਤਾ ਮਿਲੇਗੀ। ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ,‘‘ਜੇਕਰ ਭਾਜਪਾ ਨੇ ਧੱਕਾ ਹੀ ਕਰਨਾ ਹੁੰਦਾ ਤਾਂ ਫਿਰ ਮੈਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਹੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਆਖਦੀ ਨਾ ਕਿ ਵਿਅਕਤੀ ਤੌਰ ’ਤੇ ਸ਼ਾਮਲ ਕਰਵਾਉਂਦੀ।’’ ਉਨ੍ਹਾਂ ਕਿਹਾ ਕਿ ਉਹ ਆਪਣੀ ਇੱਛਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਨ ਦੀ ਸਮਰੱਥਾ ਵਿਚ ਨਹੀਂ ਰਿਹਾ ਕਿਉਂਕਿ ਉਸ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ‘ਮੇਰਾ ਮਕਸਦ ਕੌਮ ਦੀ ਸੇਵਾ ਕਰਨਾ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸੇ ਕੌਮੀ ਪਾਰਟੀ ਦਾ ਮੈਂਬਰ ਹੋਵਾਂ। ਮੈਂ ਦ੍ਰਿੜ੍ਹ ਸੰਕਲਪ ਲਿਆ ਹੋਇਆ ਹੈ ਕਿ ਸਿਰਫ ਸਿੱਖ ਕੌਮ ਦੇ ਮਸਲੇ ਹੱਲ ਕਰਨ ਅਤੇ ਕੌਮ ਦੀਆਂ ਮੰਗਾਂ ਪੂਰੀ ਕਰਵਾਉਣ ’ਤੇ ਧਿਆਨ ਕੇਂਦਰਿਤ ਕਰਾਂਗਾ ਅਤੇ ਕਿਸੇ ਵੱਲੋਂ ਵੀ ਲਗਾਏ ਜਾਣ ਵਾਲੇ ਫਜ਼ੂਲ ਦੇ ਦੋਸ਼ਾਂ ਨਾਲ ਮੇਰਾ ਧਿਆਨ ਭਟਕਣ ਵਾਲਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਇਕ ਖੇਤਰੀ ਪਾਰਟੀ ਵਜੋਂ ਸਿਮਟ ਕੇ ਰਹਿ ਗਿਆ ਹੈ। ਸਿਰਸਾ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਾਹਰ ਵਸਦੇ ਸਿੱਖ ਵੀ ਆਪਣੇ ਮਸਲਿਆਂ ਲਈ ਉਨ੍ਹਾਂ ਵੱਲ ਵੇਖ ਰਹੇ ਹਨ। ‘ਮੇਘਾਲਿਆ, ਮੱਧ ਪ੍ਰਦੇਸ਼ ਅਤੇ ਯੂਪੀ ’ਚ ਕਈ ਮਸਲਿਆਂ ਨੇ ਸਿੱਖਾਂ ਨੂੰ ਘੇਰਿਆ ਹੋਇਆ ਹੈ ਅਤੇ ਉਹ ਸੰਕਟ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਸਲੇ ਭਾਜਪਾ ਵਰਗੇ ਪਲੈਟਫਾਰਮ ’ਤੇ ਕੌਮੀ ਪੱਧਰ ’ਤੇ ਆਵਾਜ਼ ਬੁਲੰਦ ਕਰਕੇ ਹੀ ਹੱਲ ਹੋ ਸਕਦੇ ਹਨ ਅਤੇ ਕੌਮਾਂਤਰੀ ਪੱਧਰ ’ਤੇ ਮਸਲੇ ਹੱਲ ਕਰਨ ਵਿਚ ਵੀ ਸਹਾਇਤਾ ਮਿਲ ਸਕਦੀ ਹੈ।

  ਨਵੀਂ ਦਿੱਲੀ - ਸਾਂਝੇ ਕਿਸਾਨ ਮੋਰਚੇ ਨੇ ਸਰਕਾਰ ਨਾਲ ਐੱਮਐੱਸਪੀ ਤੇ ਹੋਰ ਮੰਗਾਂ ਮਨਵਾਉਣ ਲਈ ਗੱਲਬਾਤ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਮੋਰਚੇ ਦੀ ਅੱਜ ਇੱਥੇ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ਭਾਰਤ ਸਰਕਾਰ ਤੋਂ ਰਸਮੀ ਅਤੇ ਤਸੱਲੀਬਖਸ਼ ਜਵਾਬ ਨਹੀਂ ਮਿਲਦਾ ਉਦੋਂ ਤੱਕ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਮੋਰਚਾ ਦੀ ਅਗਲੀ ਮੀਟਿੰਗ ਹੁਣ 7 ਦਸੰਬਰ ਨੂੰ ਤੈਅ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 702 ਕਿਸਾਨਾਂ ਦੀ ਸੂਚੀ ਵੀ ਭੇਜ ਦਿੱਤੀ ਹੈ।
  ਕਿਸਾਨ ਆਗੂ ਆਸ਼ੋਕ ਧਾਵਲੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਦੀ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ ਨੇ ਰਹਿੰਦੇ ਮਸਲਿਆਂ ਦੇ ਹੱਲ ਲਈ ਭਾਰਤ ਸਰਕਾਰ ਨਾਲ ਗੱਲਬਾਤ ਲਈ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਅਸ਼ੋਕ ਧਾਵਲੇ, ਸ਼ਿਵ ਕੁਮਾਰ ਕੱਕਾਜੀ ਤੇ ਯੁੱਧਵੀਰ ਸਿੰਘ ’ਤੇ ਆਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਰਾਜ ਪੱਧਰੀ ਟੀਮਾਂ ਬਾਰੇ ਵੀ ਫ਼ੈਸਲਾ ਕਰੇਗੀ ਜਿਨ੍ਹਾਂ ਨੂੰ ਉਪਰੋਕਤ ਕੁਝ ਮੁੱਦਿਆਂ ’ਤੇ ਕੁਝ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਪੈ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਨੂੰ ਜਵਾਬ ਦੇਣ ਲਈ ਅਗਲੇ ਦੋ ਦਿਨ ਰੱਖੇ ਗਏ ਹਨ ਤੇ ਇਸ ਅੰਦੋਲਨ ਨੂੰ ਇਸ ਦੇ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ 5 ਮੈਂਬਰੀ ਕਮੇਟੀ ਨਾਲ ਕੰਮ ਕਰਨਗੇ। ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਛੇ ਬਕਾਇਆ ਮੰਗਾਂ ’ਚ ਐੱਮਐੱਸਪੀ ਪ੍ਰਾਪਤ ਕਰਨ ਲਈ ਕਾਨੂੰਨੀ ਅਧਿਕਾਰ, ਬਿਜਲੀ ਸੋਧ ਬਿੱਲ 2020/2021 ਨੂੰ ਵਾਪਸ ਲੈਣਾ, ਦਿੱਲੀ ਏਅਰ ਕੁਆਲਿਟੀ ਰੈਗੂਲੇਸ਼ਨ ਲਈ ਕਮਿਸ਼ਨ ਦੀ ਸਥਾਪਨਾ ਨਾਲ ਸਬੰਧਤ ਕਾਨੂੰਨ ਵਿੱਚ ਧਾਰਾ 15 ਨੂੰ ਹਟਾਉਣਾ ਤੇ ਚੱਲ ਰਹੇ ਸੰਘਰਸ਼ ਦੇ ਹਿੱਸੇ ਵਜੋਂ ਉੱਠੇ 3 ਮੁੱਦੇ ਸ਼ਾਮਲ ਹਨ। ਸ੍ਰੀ ਉਗਰਾਹਾਂ ਨੇ ਛੋਟੀ ਕਮੇਟੀ ਬਣਾਉਣ ਬਾਰੇ ਸਪੱਸ਼ਟ ਕੀਤਾ ਕਿ ਪਹਿਲਾਂ ਵੱਡੇ ਮਸਲੇ ਹਨ ਪਰ ਅਹਿਮ ਮੰਗ ਮੰਨੀ ਗਈ ਹੈ। ਛੋਟੇ ਮਾਮਲਿਆਂ ਲਈ ਹੁਣ ਇਹ ਕਮੇਟੀ ਬਣਾਈ ਗਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਸਮੇਤ ਵੱਖ ਵੱਖ ਰਾਜਾਂ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਉਨ੍ਹਾਂ ਦੇ ਸਮਰਥਕਾਂ ’ਤੇ ਦਰਜ ਕੇਸ ਰੱਦ ਕਰਵਾਉਣਾ, ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਦੇ ਪੀੜਤ ਪਰਿਵਾਰਾਂ ਦਾ ਮੁੜ ਵਸੇਬਾ ਕਰਵਾਉਣਾ, ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਦੀ ਵੰਡ ਤੇ ਲਖੀਮਪੁਰ ਖੀਰੀ ਹਿੰਸਾ ਦੀ ਘਟਨਾ ’ਚ ਇਨਸਾਫ਼ ਲਈ ਅਜੈ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ ਤੇ ਅਹੁਦੇ ਤੋਂ ਬਰਖਾਸਤਗੀ ਉਨ੍ਹਾਂ ਦੀਆਂ ਰਹਿੰਦੀਆਂ ਮੰਗਾਂ ਹਨ। ਉਨ੍ਹਾਂ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਸੀ, ਹੈ ਤੇ ਰਹੇਗਾ।’ ਅੱਜ ਦੀ ਬੈਠਕ ਵਿੱਚ ਮੋਰਚੇ ਦੇ ਹੋਰ ਰਾਜਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਮੌਕੇ ਕਿਸਾਨਾਂ ਦੀ ਜਿੱਤ ਦੇ ਨਾਅਰੇ ਵੀ ਲਾਏ ਗਏ। ਇਸੇ ਤਰ੍ਹਾਂ ਕਿਸਾਨ ਆਗੂ ਕਿਸ਼ਨ ਪਾਲ ਨੇ ਦੱਸਿਆ ਕਿ ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ 702 ਕਿਸਾਨਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ।
  ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਿਰਭੈ ਸਿੰਘ ਢੁੱਡੀਕੇ ਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਸਿਰਫ਼ 10 ਫ਼ੀਸਦੀ ਮੰਗਾਂ ਹੀ ਬਾਕੀ ਰਹਿ ਗਈਆਂ ਹਨ ਜੋ ਅਗਲੇ ਦਿਨਾਂ ਦੌਰਾਨ ਪੂਰੀਆਂ ਹੋ ਜਾਣਗੀਆਂ। ਰੁਲਦੂ ਸਿੰਘ ਨੇ ਕਿਹਾ ਕਿ ਹੁਣ ਮੋਰਚਾ ਸਮਾਪਤੀ ਵੱਲ ਵਧ ਰਿਹਾ ਹੈ ਤੇ ਸਭ ਫ਼ੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ ਬਾਅਦ ਖੇਤੀ ਕਾਨੂੰਨ ਵਾਪਸ ਲੈਣ ਲਈ ਮੰਨੇ ਹਨ ਤੇ ਕਿਸਾਨ ਯੂਨੀਅਨਾਂ ਵੀ ਇੱਕ ਸਾਲ ਬਾਅਦ ਛੋਟੀ ਕਮੇਟੀ ਬਣਾਉਣ ਲਈ ਮੰਨੀਆਂ ਹਨ। ਉਨ੍ਹਾਂ ਕਿਹਾ ਕਿ ਸਾਲ ਭਰ ਅੰਦੋਲਨ ਲੜਿਆ, ਕਈ ਪ੍ਰੇਸ਼ਾਨੀਆਂ ਵੀ ਹੋਈਆਂ ਤੇ ਕਈ ਵਾਰ ਗੁੱਸੇ-ਗਿਲੇ ਵੀ ਹੋਏ ਪਰ ਹੁਣ 10 ਫ਼ੀਸਦੀ ਮਾਮਲੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਮੁਆਵਜ਼ਾ ਦੇਣ ਤੇ ਮਾਮਲੇ ਰੱਦ ਕਰਨ ਲਈ ਰਾਜ਼ੀ ਹਨ। ਨਿਰਭੈ ਸਿੰਘ ਨੇ ਕਿਹਾ ਕਿ ਨਵੀਂ 5 ਮੈਂਬਰੀ ਕਮੇਟੀ ਕੇਂਦਰ ਸਰਕਾਰ ਨਾਲ ਤਾਲਮੇਲ ਕਰੇਗੀ ਤੇ ਪੰਜਾਬ ਦੇ ਪੈਟਰਨ ਉਪਰ ਹੀ ਬਾਕੀ ਰਾਜ ਵੀ ਮੁਆਵਜ਼ੇ ਦੀ ਨੀਤੀ ਬਣਾਉਣਗੇ।
  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਮੋਰਚੇ ਦੇ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਮਗਰੋਂ ਕਿਸਾਨ ਮੋਰਚੇ ਦੇ ਆਗੂਆਂ ਦੀ ਰਾਇ ਹੈ ਕਿ ਜੇਕਰ ਸਰਕਾਰ ਸੰਜੀਦਾ ਢੰਗ ਨਾਲ ਗੱਲਬਾਤ ਕਰਦੀ ਹੈ ਤਾਂ ਮੋਰਚਾ ਖਤਮ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਿਤ ਸ਼ਾਹ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਬਾਕੀ ਮੰਗਾਂ ਪ੍ਰਤੀ ਵੀ ਗੰਭੀਰ ਹੈ। ਯੁੱਧਵੀਰ ਨੇ ਦੱਸਿਆ ਹੈ ਕਿ 7 ਦਸੰਬਰ ਨੂੰ ਸਰਕਾਰ ਅਤੇ ਕਮੇਟੀ ਵਿਚਕਾਰ ਮੀਟਿੰਗ ਹੋਣੀ ਹੈ ਅਤੇ ਸਮਝੌਤਾ ਹੋਣ ’ਤੇ ਮੋਰਚਿਆਂ ਤੋਂ ਵਾਪਸੀ ਹੋ ਸਕਦੀ ਹੈ।

  ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਪਹਿਲਾਂ ਵਿਧਾਇਕ ਅਤੇ ਫੇਰ ਮੁੱਖ ਮੰਤਰੀ ਤੱਕ ਦੀ ਜ਼ਿੰਮੇਵਾਰੀ ਦਿੱਤੀ ਸੀ। ਅਜਿਹੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲ ਸਹੀ ਨਹੀਂ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਵਿੱਚ ਦੋ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਲ 2017 ’ਚ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀਂ ਨਿਕਲੇ ਸਨ ਜੋ ਦਿਨ ਵਿੱਚ ਸਿਰਫ਼ ਦੋ ਘੰਟੇ ਕੰਮ ਕਰਦੇ ਸਨ ਜਦੋਂ ਕਿ ਉਹ ਦਿਨ ਵਿੱਚ ਸਿਰਫ਼ 2 ਘੰਟੇ ਆਰਾਮ ਅਤੇ 22 ਘੰਟੇ ਕੰਮ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਦੇ ਅਜਿਹੇ ਰਵੱਈਏ ਕਰਕੇ ਹੀ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਕਰਕੇ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਮੰਗ ਲਿਆ ਸੀ।
  ਸ੍ਰੀ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਾਂ ਤੋਂ ਹੀ ਭਾਜਪਾ ਨਾਲ ਸਾਂਝ ਸੀ। ਉਨ੍ਹਾਂ ’ਤੇ ਇਸ ਬਾਰੇ ਕਈ ਵਾਰ ਦੋਸ਼ ਵੀ ਲੱਗਦੇ ਰਹੇ ਹਨ। ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਭਾਜਪਾ ਨਾਲ ਮਿਲ ਕੇ ਚੋਣਾਂ ਲੜਨ ਦੇ ਐਲਾਨ ਨੇ ਉਕਤ ਸਾਰੇ ਦੋਸ਼ ਸਾਬਿਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨਾਲ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਗਿਆ ਹੈ ਕਿਉਂਕਿ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ ਕਿ ਕੈਪਟਨ ਨੇ ਪਾਰਟੀ ਨਾਲ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਸਾਰੀ ਸਿਆਸਤ ਸਮਝਦੇ ਹਨ ਅਤੇ ਉਹ ਵੀ ਕੈਪਟਨ ਨਾਲ ਕਦੇ ਨਹੀਂ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਵੀ ਟਿਕਟ ਨਹੀਂ ਦਿੱਤੀ ਸੀ ਜਿਸ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਉਨ੍ਹਾਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਸਨ ਪਰ ਰਾਹੁਲ ਗਾਂਧੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵਿੱਚ ਵੀ ਵੱਡੀ ਤਬਦੀਲੀ ਹੋਈ ਹੈ, ਉਸੇ ਕਰਕੇ ਕਾਂਗਰਸ ਪਾਰਟੀ ਨੇ ਵੱਡੇ ਘਰਾਣੇ ਦੇ ਆਗੂਆਂ ਦੀ ਥਾਂ ਛੋਟੇ ਜਿਹੇ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਪਾਰਟੀ ਸਰਵੇਖਣ ਤੋਂ ਬਾਅਦ ਟਿਕਟਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ।

  ਨਵੀਂ ਦਿੱਲੀ  - ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਰਲ ਕੇ ਲੜ ਸਕਦੀ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਸੰਭਾਵਿਤ ਗੱਠਜੋੜ ਭਾਈਵਾਲਾਂ ਨੂੰ ਲੈ ਕੇ ਉਕਤ ਬਿਆਨ ਦਿੱਤਾ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਇਕ ਸਮਾਗਮ 'ਚ ਬੋਲਦਿਆਂ ਕਿਹਾ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਅਸੀਂ (ਭਾਜਪਾ, ਕੈਪਟਨ ਅਤੇ ਢੀਂਡਸਾ) ਗੱਠਜੋੜ 'ਚ ਚੋਣਾਂ ਲੜੀਂਏ | ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਗ੍ਰਹਿ ਮੰਤਰੀ ਨੇ ਆਪਣੇ ਤੌਰ 'ਤੇ ਪੰਜਾਬ 'ਚ ਗੱਠਜੋੜ ਨੂੰ ਲੈ ਕੇ ਬਿਆਨ ਦਿੱਤਾ ਹੈ | ਇਸ ਤੋਂ ਪਹਿਲਾਂ ਕੈਪਟਨ ਵਲੋਂ ਕਈ ਵਾਰ ਭਾਜਪਾ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਗਏ ਹਨ | ਗ੍ਰਹਿ ਮੰਤਰੀ ਦਾ ਇਹ ਬਿਆਨ 7 ਦਸੰਬਰ ਨੂੰ ਕੈਪਟਨ ਦੀ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਹੋਣ ਵਾਲੀ ਮੀਟਿੰਗ ਤੋਂ ਐਨ ਪਹਿਲਾਂ ਆਇਆ ਹੈ, ਜਿਸ ਤੋਂ ਬਾਅਦ ਇਸ ਮੀਟਿੰਗ ਦੀ ਅਹਿਮੀਅਤ ਹੋਰ ਵਧ ਗਈ ਹੈ | ਗ੍ਰਹਿ ਮੰਤਰੀ ਨੇ ਉਚੇਚੇ ਤੌਰ 'ਤੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਨਿਯਮਾਂ ਦੇ ਪ੍ਰਦਰਸ਼ਨ ਦਾ ਸਵਾਲ ਹੈ ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪੰਜਾਬ ਕੋਲ ਕੋਈ ਬਕਾਇਆ ਮੁੱਦਾ ਨਹੀਂ ਰਿਹਾ | ਗ੍ਰਹਿ ਮੰਤਰੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਦਿਲ ਦਾ ਮੁਜ਼ਾਹਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ (ਮੋਦੀ) ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਲਗਦਾ ਹੈ ਕਿ ਕਾਨੂੰਨ ਉਨ੍ਹਾਂ ਦੇ ਫਾਇਦੇ ਲਈ ਨਹੀਂ ਹਨ ਤਾਂ ਅਸੀਂ ਇਹ ਕਾਨੂੰਨ ਵਾਪਸ ਲੈਂਦੇ ਹਾਂ | ਗ੍ਰਹਿ ਮੰਤਰੀ ਨੇ ਪੰਜਾਬ 'ਚ ਭਾਜਪਾ ਦੀ ਜਿੱਤ ਦੀਆਂ ਸੰਭਾਵਨਾਵਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਚੋਣਾਂ ਕਾਬਲੀਅਤ ਦੇ ਆਧਾਰ 'ਤੇ ਲੜੀਆਂ ਜਾਣਗੀਆਂ | ਗ੍ਰਹਿ ਮੰਤਰੀ ਨੇ ਪੰਜਾਬ ਦੇ ਨਾਲ ਹੋਰ ਰਾਜਾਂ 'ਚ ਵਿਸ਼ੇਸ਼ ਤੌਰ 'ਤੇ ਉੱਤਰ ਪ੍ਰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਕੀਤਾ ਜਾ ਰਹੇ ਗੱਠਜੋੜਾਂ ਦਾ ਭਾਜਪਾ 'ਤੇ ਕੋਈ ਪ੍ਰਭਾਵ ਨਹੀਂ ਪਏਗਾ ਅਤੇ ਭਾਜਪਾ ਬਹੁਮਤ ਨਾਲ ਜਿੱਤੇਗੀ | ਗ੍ਰਹਿ ਮੰਤਰੀ ਨੇ ਅਤੀਤ 'ਚ ਹੋਏ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਏ ਗੱਠਜੋੜ ਦੀ ਮਿਸਾਲ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਇਹ ਪਾਰਟੀਆਂ ਇਕੱਠੀਆਂ ਆਈਆਂ ਸਨ ਪਰ ਹਰ ਵਾਰ ਭਾਜਪਾ ਭਾਰੀ ਬਹੁਮਤ ਨਾਲ ਜੇਤੂ ਰਹੀ ਸੀ | ਗ੍ਰਹਿ ਮੰਤਰੀ ਨੇ ਉੱਤਰ ਪ੍ਰਦੇਸ਼ 'ਚ ਭਾਜਪਾ ਦੀਆਂ ਸੰਭਵਨਾਵਾਂ 'ਤੇ ਬੋਲਦਿਆਂ ਕਿਹਾ ਕਿ ਗੱਠਜੋੜ ਦੇ ਆਧਾਰ 'ਤੇ ਵੋਟਾਂ ਦੀ ਸਮੀਖਿਆ ਕਰਨਾ ਸਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਿਆਸਤ ਭੌਤਿਕ ਵਿਗਿਆਨ ਨਹੀਂ ਸਗੋਂ ਰਸਾਇਣ ਵਿਗਿਆਨ ਹੈ | ਜਦੋਂ ਦੋ ਰਸਾਇਣ (ਸਿਆਸੀ ਪਾਰਟੀਆਂ) ਮਿਲਦੇ ਹਨ ਤਾਂ ਕੁਝ ਨਵਾਂ ਰਸਾਇਣ ਪੈਦਾ ਹੁੰਦਾ ਹੈ | ਅਤੀਤ 'ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਇਕੱਠੇ ਆਏ | ਬਾਅਦ 'ਚ ਤਿੰਨੋਂ ਪਾਰਟੀਆਂ ਇਕੱਠੀਆਂ ਆਈਆਂ | ਦੋਵੇਂ ਵਾਰ ਭਾਜਪਾ ਜਿੱਤੀ | ਉਨ੍ਹਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਤੇ ਕਿਸਾਨ ਪ੍ਰਦਰਸ਼ਨ ਦੇ ਪ੍ਰਭਾਵ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਪਹਿਲਾਂ ਵੀ ਉੱਤਰ ਪ੍ਰਦੇਸ਼ 'ਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਪ੍ਰਭਾਵ ਘੱਟ ਸੀ ਅਤੇ ਹੁਣ ਇਸ ਦਾ ਕੋਈ ਕਾਰਨ ਨਹੀਂ ਹੈ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com