ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੇ ਕਤਲ ਦੀ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਨੂੰਨ ਦੇ ਰਾਜ ਦੀ ਨਾਕਾਤੀ ਦਾ ਸਿੱਟਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਘਟਨਾ ਦੇ ਵੱਖ ਵੱਖ ਪਹਿਲੂਆਂ ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਸਿੱਖ ਕੌਮ ਦੀ ਸਹੀ ਤਸਵੀਰ ਦੁਨੀਆ ਸਾਹਮਣੇ ਲਿਆਂਦੀ ਜਾ ਸਕੇ।
  ਸਿੰਘੂ ਘਟਨਾ ਬਾਰੇ ਅੱਜ ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲੀਸ ਇਸ ਨੂੰ ਸਿਰਫ ਅਮਨ ਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਵੇ, ਸਗੋਂ ਇਸ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਤੇ ਭਾਵਨਾਤਮਕ ਗੰਭੀਰਤਾ ਨੂੰ ਵੀ ਧਿਆਨ ਵਿੱਚ ਰੱਖੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ-ਛੇ ਸਾਲਾਂ ਦੌਰਾਨ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 400 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਕਾਨੂੰਨ ਕਿਸੇ ਇਕ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਦੇ ਸਕਿਆ।
  ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸਿੱਖਾਂ ਨੂੰ ਇਨਸਾਫ਼ ਦੇਣ ਵਿੱਚ ਭਾਰਤੀ ਨਿਆ ਪ੍ਰਬੰਧ ਦੀ ਨਾਕਾਮੀ ਕਾਰਨ ਹੀ ਸਿੰਘੂ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਕੋਲੋਂ ਜਾਂਚ ਹੋਣੀ ਚਾਹੀਦੀ ਹੈ, ਜੋ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰੇ।
  ਉਨ੍ਹਾਂ ਮੀਡੀਆ ਨੂੰ ਵੀ ਕਿਹਾ ਕਿ ਸਿੰਘੂ ਘਟਨਾ ਦੇ ਅਧੂਰੇ ਪੱਖ ਦਿਖਾ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਮੀਡੀਆ ਨੂੰ ਹਰੇਕ ਪੱਖ ਨੂੰ ਪੇਸ਼ ਕਰਕੇ ਇਸ ਦਾ ਸਿੱਟਾ ਕੱਢਣ ਦਾ ਫ਼ੈਸਲਾ ਪਾਠਕਾਂ ’ਤੇ ਛੱਡਣਾ ਚਾਹੀਦਾ ਹੈ।
  ਦਲ ਖ਼ਾਲਸਾ ਨੇ ਕਿਹਾ ਕਿ ਸਿੰਘੂ ਘਟਨਾ ਇੱਕ ਨਿਰੋਲ ਬੇਅਦਬੀ ਦਾ ਮਾਮਲਾ ਹੈ ਅਤੇ ਇਸ ਨੂੰ ਜਾਤੀਵਾਦ ਦੀ ਰੰਗਤ ਦੇਣਾ ਗਲਤ ਹੈ। ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੀਤੇ ਦਿਨ ਬਸਪਾ ਆਗੂ ਮਾਇਆਵਤੀ ਵੱਲੋਂ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਕਿ ਮਰਨ ਵਾਲਾ ਇੱਕ ਦਲਿਤ ਹੈ ਅਤੇ ਉਸ ਦੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦਿੱਤੇ ਜਾਣ, ਸਿਆਸਤ ਤੋਂ ਪ੍ਰੇਰਿਤ ਮੰਗ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਿਜੈ ਸਾਂਪਲਾ ਅਤੇ ਦਿੱਲੀ ਸਥਿਤ ਪੰਦਰਾਂ ਦਲਿਤ ਜਥੇਬੰਦੀਆਂ ਵੱਲੋਂ ਇਸ ਨੂੰ ਜਾਤੀਵਾਦ ਦੀ ਰੰਗਤ ਦੇਣਾ ਇੱਕ ਸ਼ਰਾਰਤ ਹੈ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਕਿਸਾਨੀ ਮਸਲੇ ਨਾਲ ਸਬੰਧਤ ਘਟਨਾ ਹੈ ਅਤੇ ਨਾ ਹੀ ਇਸ ਦਾ ਸਬੰਧ ਜਾਤ-ਪਾਤ ਨਾਲ ਹੈ, ਸਗੋਂ ਇਹ ਇੱਕ ਨਿਰੋਲ ਧਾਰਮਿਕ ਮਸਲਾ ਹੈ ਅਤੇ ਇਸ ਨੂੰ ਦਲਿਤ ਬਨਾਮ ਸਿੱਖ ਦੀ ਰੰਗਤ ਦੇਣਾ ਬਿਲਕੁਲ ਗਲਤ ਹੈ। ਇਸ ਦੇ ਨਤੀਜੇ ਪੰਜਾਬ ਲਈ ਨੁਕਸਾਨਦੇਹ ਹੋ ਸਕਦੇ ਹਨ।

  ਨਵੀਂ ਦਿੱਲੀ - ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਬੀਤੀ ਰਾਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਨਿਹੰਗਾਂ ਨਾਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਬਿੰਦਪ੍ਰੀਤ ਸਿੰਘ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 6 ਦਿਨ ਦੇ ਪੁਲੀਸ ਰਿਮਾਂਡ ਉਪਰ ਭੇਜ ਦਿੱਤਾ। ਇਸ ਕਤਲ ਕਾਂਡ ਵਿੱਚ ਪਹਿਲਾਂ ਹੀ ਰਿਮਾਂਡ ਉਪਰ ਚੱਲ ਰਹੇ ਸਰਬਜੀਤ ਸਿੰਘ ਦੇ ਨਾਲ ਹੀ ਤਿੰਨੋਂ ਮੁਲਜ਼ਮਾਂ ਨੂੰ 6 ਦਿਨ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਘਟਨਾ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ ਹਨ। ਖਰਖੌਦਾ (ਸੋਨੀਪਤ) ਦੇ ਏਐੱਸਪੀ ਮਯੰਕ ਗੁਪਤਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜੋ ਸੋਸ਼ਲ ਮੀਡੀਆ ’ਤੇ ਘਟਨਾ ਬਾਰੇ ਨਸ਼ਰ ਹੋ ਰਹੇ ਵੱਖ ਵੱਖ ਵੀਡੀਓਜ਼ ਦੀ ਜਾਂਚ ਕਰੇਗੀ। ਦੂਜੀ ਸਿਟ ਡੀਐੱਸਪੀ ਵੀਰੇਂਦਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਹੈ ਜੋ ਕਾਂਡ ਦੀ ਮੁਕੰਮਲ ਜਾਂਚ ਕਰਕੇ ਰਿਪੋਰਟ ਤਿਆਰ ਕਰੇਗੀ।
  ਇਸ ਤੋਂ ਪਹਿਲਾਂ ਪੁਲੀਸ ਨੇ ਜੂਨੀਅਰ ਡਿਵੀਜ਼ਨਲ ਜੱਜ ਕਿਮੀ ਸਿੰਗਲਾ ਤੋਂ ਮੁਲਜ਼ਮਾਂ ਨੂੰ 14 ਦਿਨ ਦੀ ਹਿਰਾਸਤ ਮੰਗੀ ਸੀ। ਪੁਲੀਸ ਨੇ ਕਿਹਾ ਕਿ ਉਹ ਹੋਰ ਮੁਲਜ਼ਮਾਂ ਦੀ ਪਛਾਣ ਲਈ ਉਨ੍ਹਾਂ ਨੂੰ ਆਪਣੇ ਨਾਲ ਪੰਜਾਬ ਲੈ ਕੇ ਜਾਣਾ ਚਾਹੁੰਦੀ ਹੈ। ਸਰਬਜੀਤ ਸਿੰਘ ਪਹਿਲਾਂ ਹੀ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਹਰਿਆਣਾ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਹੱਤਿਆ ਸਮੇਂ ਵਰਤੇ ਗਏ ਹਥਿਆਰ ਅਤੇ ਖੂਨ ਨਾਲ ਰੰਗੇ ਹੋਏ ਕੱਪੜੇ ਅਜੇ ਤੱਕ ਬਰਾਮਦ ਨਹੀਂ ਹੋਏ ਹਨ ਜਿਸ ਲਈ ਮੁਲਜ਼ਮਾਂ ਨੂੰ ਅਪਰਾਧ ਵਾਲੀ ਥਾਂ ’ਤੇ ਲਿਜਾਣਾ ਪਵੇਗਾ। ਬੀਤੀ ਸ਼ਾਮ ਦੋ ਹੋਰ ਨਿਹੰਗਾਂ ਗੋਵਿੰਦ ਪ੍ਰੀਤ ਅਤੇ ਭਗਵੰਤ ਸਿੰਘ ਨੇ ਕੁੰਡਲੀ ਵਿੱਚ ਆਤਮ ਸਮਰਪਣ ਕੀਤਾ ਸੀ ਜਦਕਿ ਨਾਰਾਇਣ ਸਿੰਘ ਨੇ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।
  ਅੰਮ੍ਰਿਤਸਰ - ਸਿੰਘੂ ਬਾਰਡਰ ’ਤੇ ਇਕ ਵਿਅਕਤੀ ਨੂੰ ਕਤਲ ਕੀਤੇ ਜਾਣ ਦੇ ਦੋਸ਼ ਹੇਠ ਨਿਹੰਗ ਸਿੰਘ ਨਾਰਾਇਣ ਸਿੰਘ ਨੂੰ ਅਗਲੇਰੀ ਜਾਂਚ ਲਈ ਹਰਿਆਣਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਬੀਤੀ ਰਾਤ ਇਥੇ ਪੁੱਜੇ ਸਨ ਅਤੇ ਨਾਰਾਇਣ ਸਿੰਘ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਸੀ। ਪੁਲੀਸ ਟੀਮ ਉਸ ਨੂੰ ਸੋਨੀਪਤ ਲੈ ਗਈ ਹੈ, ਜਿਥੇ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
  ਸਿੰਘੂ ਬਾਰਡਰ ਮਾਮਲੇ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ,‘ਨਿਹੰਗਾਂ ਦਾ ਕਹਿਣਾ ਹੈ ਕਿ ਇਹ ਧਾਰਮਿਕ ਮਸਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਅੰਦੋਲਨ ਨਾਲ ਨਹੀਂ ਜੋੜਨਾ ਚਾਹੀਦਾ।’ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਨਿਹੰਗਾਂ ਨਾਲ ਗੱਲ ਕਰ ਰਹੇ ਹਨ ਕਿ ਉਹ ਕਿਸਾਨ ਅੰਦੋਲਨ ’ਚੋਂ ਚਲੇ ਜਾਣ ਅਤੇ ਉਨ੍ਹਾਂ ਦੀ ਇੱਥੇ ਫ਼ਿਲਹਾਲ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ਖ਼ਰਾਬ ਕਰ ਸਕਦੀ ਹੈ ਅਤੇ ਸਾਰੇ ਵਾਪਰੇ ਕਾਂਡ ਦੀ ਸਾਜ਼ਿਸ਼ ਕੇਂਦਰ ਸਰਕਾਰ ਦੀ ਸੀ।

  ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੀ ਸਹਿਮਤੀ ਤੋਂ ਬਾਅਦ ਪੰਜਾਬ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਇਸ ਤਜਵੀਜ਼ ਲਈ ਸਹਿਮਤੀ ਕਿਉਂ ਦਿੱਤੀ। ਉਹ ਅੱਜ ਇੱਥੇ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਇਤਿਹਾਸਕ ਰਾਮ ਤੀਰਥ ਮੰਦਰ ਵਿਖੇ ਨਤਸਮਤਕ ਹੋਣ ਲਈ ਆਏ ਸਨ।

  ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਚਾਈ ਹੈ ਕਿ ਮੁੱਖ ਮੰਤਰੀ 5 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ ਜਿਸ ਮਗਰੋਂ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦਾ ਫ਼ੈਸਲਾ ਹੋਇਆ ਹੈ। ਇਸ ਫੈਸਲੇ ਤਹਿਤ ਸੂਬੇ ਦੇ 10 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ ਵਧ ਗਿਆ ਹੈ। ਉਨ੍ਹਾਂ ਨੂੰ ਤਲਾਸ਼ੀ ਲੈਣ, ਬਰਾਮਦਗੀ ਅਤੇ ਗ੍ਰਿਫਤਾਰੀਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਮੁੱਖ ਮੰਤਰੀ ਨੇ ਹੁਣ ਤੱਕ ਕਿਸੇ ਠੋਸ ਕਾਰਵਾਈ ਨਾਲ ਇਸ ਫੈਸਲੇ ਪ੍ਰਤੀ ਕੋਈ ਪ੍ਰਤੀਕਰਮ ਨਹੀਂ ਦਿੱਤਾ।

  ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਦੀ ਸਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਇਸ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ’ਤੇ ਦੋਆਬਾ ਇਲਾਕੇ ਵਿੱਚ ਭਗਵਾਨ ਵਾਲਮੀਕ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਇਹ ਯੂਨੀਵਰਸਿਟੀ ਪਹਿਲਾਂ ਐਲਾਨੀ ਡਾ. ਬੀ ਆਰ ਅੰਬੇਡਕਰ ਯੂਨੀਵਰਸਿਟੀ ਤੋਂ ਵੱਖਰੀ ਹੋਵੇਗੀ। ਉਨ੍ਹਾਂ ਨੇ ਵਿਰਾਸਤੀ ਥਾਵਾਂ ਤੇ ਅਹਿਮ ਧਾਰਮਿਕ ਸਥਾਨਾਂ ਦੇ ਰੱਖ ਰਖਾਅ ਵਾਸਤੇ ਵਿਸ਼ੇਸ਼ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਆਪਣੀਆਂ ਹੋਰ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਲੋਕਾਂ ਸਾਹਮਣੇ ਉਹ ਬਲੂ ਪ੍ਰਿੰਟ ਰੱਖਣ ਜਿਸ ਵਿੱਚ 2017 ਵਿੱਚ ਕੀਤੇ ਵਾਅਦੇ ਪੂਰੇ ਕਰਨ ਦੀ ਠੋਸ ਯੋਜਨਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਸਮੇਤ ਹਰ ਵਰਗ ਨਾਲ ਕੀਤੇ ਵਾਅਦੇ ਕਰਨ ਵਿਚ ਅਸਫਲ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਅਨਿਲ ਜੋਸ਼ੀ ਨੇ ਵੀ ਸੰਬੋਧਨ ਕੀਤਾ। ਉਨਾਂ ਦੇ ਨਾਲ ਹੋਰ ਅਕਾਲੀ ਆਗੂ ਅਤੇ ਵਾਲਮੀਕ ਸਮਾਜ ਦੀਆਂ ਵੱਖ ਵੱਖ ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰ ਸਨ।
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਰਕਰਾਂ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ-ਬਸਪਾ ਗੱਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਗਾਉਣ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ। ਉਹ ਯੂਥ ਵਿੰਗ ਦੇ ਸੀਨੀਅਰ ਆਗੂ ਮਨਸਿਮਰਨ ਸਿੰਘ ਦੇ ਵਿਸ਼ਵਕਰਮਾ ਕਲੋਨੀ ਸਥਿਤ ਗ੍ਰਹਿ ਵਿੱਚ ਯੂਥ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਰੌਸ਼ਨ ਭਵਿੱਖ ਲਈ ਅਕਾਲੀ ਲੀਡਰਸ਼ਿਪ ਇਨ੍ਹਾਂ ਨੌਜਵਾਨਾਂ ਦੀ ਮਾਰਗਦਰਸ਼ਕ ਬਣੇਗੀ। ਉਨ੍ਹਾਂ ਮਨਸਿਮਰਨ ਸਿੰਘ ਨੂੰ ਥਾਪੜਾ ਦਿੱਤਾ ਕਿ ਉਹ ਆਪਣੇ ਸਾਥੀਆਂ ਦੀ ਟੀਮ ਬਣਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤਾਂ ਜੋ 2022 ਵਿੱਚ ਅਕਾਲੀ ਦਲ-ਬਸਪਾ ਦੀ ਸਰਕਾਰ ਬਣ ਸਕੇ। ਇਸ ਮੌਕੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ, ਐਡਵੋਕੇਟ ਹਰੀਸ਼ ਰਾਏ ਢਾਂਡਾ, ਗੁਰਿੰਦਰਪਾਲ ਸਿੰਘ ਪੱਪੂ, ਅਜੀਤ ਸਿੰਘ ਛਾਬੜਾ, ਹਰਪ੍ਰੀਤ ਸਿੰਘ ਡੰਗ, ਡਾ. ਸੁਖਦੇਵ ਸਿੰਘ, ਚਰਨਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਗਰੇਵਾਲ, ਅਖਿਲ ਸਿੰਘ, ਹਰਦੀਪ ਸਿੰਘ, ਚਰਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।

  ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਥੇ ਦਸਹਿਰੇ ਮੌਕੇ ਐਲਾਨ ਕੀਤਾ ਕਿ ਸੂਬੇ ਵਿਚ ਮੁੜ ਅਕਾਲੀ ਸਰਕਾਰ ਆਉਣ ’ਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇਗਾ ਤੇ ਅੰਮ੍ਰਿਤਸਰ ਸ਼ਹਿਰ ਨੂੰ ਵਿਸ਼ਵ ਦਾ ਵੱਡਾ ਸੈਰ ਸਪਾਟੇ ਵਾਲਾ ਸ਼ਹਿਰ ਬਣਾਇਆ ਜਾਵੇਗਾ। ਉਹ ਅੱਜ ਸ਼ਾਮ ਇਥੇ ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਕਰਵਾਏ ਦਸਹਿਰਾ ਸਮਾਗਮ ਵਿਚ ਸ਼ਾਮਲ ਹੋਣ ਪੁੱਜੇ ਸਨ।
  ਰਣਜੀਤ ਐਵੀਨਿਊ ਦੇ ਮੈਦਾਨ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਪੰਜਾਬ ਵਾਸੀਆਂ ਨਾਲ ਦੋ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਜੇ ਅਕਾਲੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਸਰਕਾਰ ਦਾ ਤਰਜੀਹੀ ਕੰਮ ਸੂਬੇ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਹੋਵੇਗਾ। ਉਹ ਕਿਸੇ ਵੀ ਸੂਰਤ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਟੁੱਟਣ ਨਹੀਂ ਦੇਣਗੇ ਅਤੇ ਇਸ ਦੀ ਕਾਇਮੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਸਰਕਾਰ ਆਉਣ ’ਤੇ ਅੰਮ੍ਰਿਤਸਰ ਸ਼ਹਿਰ ਨੂੰ ਵਿਸ਼ਵ ਦਾ ਨੰਬਰ ਇਕ ਸੈਰ ਸਪਾਟਾ ਸਥਾਨ ਬਣਾਇਆ ਜਾਵੇਗਾ ਜਿਥੇ ਪੁਰਾਤਨ ਚਾਰਦੀਵਾਰੀ ਵਾਲੇ ਸ਼ਹਿਰ ਨੂੰ ਹੈਰੀਟੇਜ ਸਟਰੀਟ ਵਾਂਗ ਨਵਾਂ ਰੂਪ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਇਥੇ ਸ਼ਹਿਰ ਦਾ ਵੱਡਾ ਵਿਕਾਸ ਕੀਤਾ ਗਿਆ ਸੀ ਪਰ ਕਾਂਗਰਸ ਸਰਕਾਰ ਵੇਲੇ ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ ਸਗੋਂ ਜੋ ਕੰਮ ਕਰਵਾਏ ਗਏ ਸਨ, ਉਨ੍ਹਾਂ ਦੀ ਵੀ ਸਾਂਭ ਸੰਭਾਲ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਸਹਿਰਾ ਰੇਲ ਹਾਦਸੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵੇਲੇ ਵੀ ਜੇਕਰ ਅੱਜ ਵਾਂਗ ਠੀਕ ਪ੍ਰਬੰਧ ਕੀਤੇ ਹੁੰਦੇ ਤਾਂ ਹਾਦਸਾ ਟਲ ਸਕਦਾ ਸੀ। ਅਨਿਲ ਜੋਸ਼ੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਅਤੇ ਗੁਰਦੁਆਰੇ ਵੱਲ ਮੂੰਹ ਕਰਕੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਜੋ ਉਹ ਪੂਰੇ ਕਰਨੇ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਜੇ ਸੂਬੇ ਵਿਚ ਅਕਾਲੀ ਸਰਕਾਰ ਆਈ ਤਾਂ ਲੋਕਾਂ ਨਾਲ ਕੀਤੇ ਵਾਅਦੇ ਪਹਿਲਾਂ ਵਾਂਗ ਹੀ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੁਸਹਿਰੇ ਦੇ ਇਤਿਹਾਸ ’ਤੇ ਵੀ ਚਾਨਣਾ ਪਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਵੱਡੀ ਗਿਣਤੀ ਵਿਚ ਜੋਸ਼ੀ ਸਮਰਥਕ ਹਾਜ਼ਰ ਸਨ। ਸ੍ਰੀ ਬਾਦਲ ਨੇ ਬਟਨ ਦਬਾ ਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ। ਸ੍ਰੀ ਬਾਦਲ ਅਤੇ ਮਜੀਠੀਆ ਸਮੇਤ ਹੋਰਨਾਂ ਨੇ ਜੈ ਸ੍ਰੀ ਰਾਮ ਦੇ ਨਾਅਰੇ ਵੀ ਲਾਏ।

  ਪੋਰਟ ਬਲੇਅਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਤੇ ਇਸ ਦੇ ਆਜ਼ਾਦੀ ਸੰਘਰਸ਼ ਲਈ ਵੀਡੀ ਸਾਵਰਕਰ ਦੀ ਪ੍ਰਤੀਬੱਧਤਾ ’ਤੇ ਸ਼ੱਕ ਕਰਨ ਵਾਲੇ ਲੋਕਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਏ ਦੀ ਦੇਸ਼ ਭਗਤੀ ਤੇ ਬਹਾਦਰੀ ’ਤੇ ਸਵਾਲ ਨਹੀਂ ਚੁੱਕੇ ਜਾ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ‘ਥੋੜੀ ਸ਼ਰਮ’ ਕਰਨੀ ਚਾਹੀਦੀ ਹੈ। ਗ੍ਰਹਿ ਮੰਤਰੀ ਦੀ ਇਹ ਟਿੱਪਣੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਹਾਲ ਹੀ ’ਚ ਦਿੱਤੇ ਉਸ ਬਿਆਨ ਮਗਰੋਂ ਬਣੇ ਵਿਵਾਦ ਦੀ ਪਿੱਠਭੂਮੀ ’ਚ ਆਈ ਹੈ ਜਿਸ ਉਨ੍ਹਾਂ ਕਿਹਾ ਸੀ ਕਿ ਹਿੰਦੂ ਵਿਚਾਰਕ ਵੀਡੀ ਸਾਵਰਕਰ ਨੇ ਮਹਾਤਮਾ ਗਾਂਧੀ ਦੀ ਸਲਾਹ ’ਤੇ ਅਗਰੇਜ਼ਾਂ ਸਾਹਮਣੇ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੇ ਤਿੰਨ ਰੋਜ਼ਾ ਦੌਰੇ ’ਤੇ ਪੋਰਟ ਬਲੇਅਰ ਆਏ ਹੋਏ ਹਨ।
  ਸ਼ਾਹ ਨੇ ਇੱਥੇ ਕੌਮੀ ਸਮਾਰਕ ਸੈਲੂਲਰ ਜੇਲ੍ਹ ’ਚ ਸਾਵਰਕਰ ਦੀ ਤਸਵੀਰ ’ਤੇ ਹਾਰ ਪਾਉਣ ਮਗਰੋਂ ਕਿਹਾ, ‘ਇਸ ਜੇਲ੍ਹ ’ਚ ਤੇਲ ਕੱਢਣ ਲਈ ਕੋਹਲੂ ਦੇ ਬੈਲ ਵਾਂਗ ਪਸੀਨਾ ਵਹਾਉਣ ਵਾਲੇ ਤੇ ਉਮਰ ਕੈਦ ਦੀਆਂ ਦੋ ਸਜ਼ਾਵਾਂ ਪਾਉਣ ਵਾਲੇ ਵਿਅਕਤੀ ਦੀ ਜ਼ਿੰਦਗੀ ’ਤੇ ਤੁਸੀਂ ਕਿਵੇਂ ਸ਼ੱਕ ਕਰ ਸਕਦੇ ਹੋ। ਸ਼ਰਮ ਕਰੋ।’ ਸ਼ਾਹ ਨੇ ਕਿਹਾ ਕਿ ਸਾਵਰਕਰ ਕੋਲ ਉਹ ਸਭ ਕੁਝ ਸੀ ਜੋ ਉਸ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਚਾਹੀਦਾ ਸੀ ਪਰ ਉਨ੍ਹਾਂ ਔਖਾ ਰਾਹ ਚੁਣਿਆ ਜੋ ਮਾਤ-ਭੂਮੀ ਲਈ ਉਸ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਭਾਰਤ ਦੀ ਆਜ਼ਾਦੀ ਦੇ 75 ਸਾਲਾ ਜਸ਼ਨ ਤਹਿਤ ਸਰਕਾਰ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਮਨਾ ਰਹੀ ਹੈ ਅਤੇ ਇਸੇ ਤਹਿਤ ਇੱਥੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਇਸ ਸੈਲੂਲਰ ਜੇਲ੍ਹ ਤੋਂ ਵੱਡਾ ਤੀਰਥ ਕੋਈ ਨਹੀਂ ਹੋ ਸਕਦਾ। ਇਹ ਥਾਂ ਇੱਕ ‘ਮਹਾਤੀਰਥ’ ਹੈ ਜਿੱਥੇ ਸਾਵਰਕਰ ਨੇ 10 ਸਾਲ ਤੱਕ ਅਣਮਨੁੱਖੀ ਤਸੀਹੇ ਝੱਲੇ ਪਰ ਆਪਣਾ ਹੌਸਲਾ ਤੇ ਬਹਾਦਰੀ ਨਹੀਂ ਗੁਆਈ।’ ਉਨ੍ਹਾਂ ਕਿਹਾ ਕਿ ਸਾਵਰਕਰ ਨੂੰ ਕਿਸੇ ਸਰਕਾਰ ਨੇ ਨਹੀਂ ਬਲਕਿ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦੀ ਭਾਵਨਾ ਤੇ ਹੌਸਲੇ ਕਾਰਨ ‘ਵੀਰ’ ਨਾਂ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਰਤ ਦੇ 130 ਕਰੋੜ ਲੋਕਾਂ ਵੱਲੋਂ ਉਨ੍ਹਾਂ ਨੂੰ ਪਿਆਰ ਨਾਲ ਦਿੱਤਾ ਗਿਆ ਇਹ ਖਿਤਾਬ ਖੋਹਿਆ ਨਹੀਂ ਜਾ ਸਕਦਾ।’ ਸ਼ਾਹ ਨੇ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਦੇ ਸਮਾਰਕ ’ਤੇ ਫੁੱਲ ਵੀ ਚੜ੍ਹਾਏ। ਉਨ੍ਹਾਂ ਕਿਹਾ ਅੱਜ ਦੇ ਭਾਰਤ ’ਚ ਜ਼ਿਆਦਾਤਰ ਲੋਕ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਹਨ ਅਤੇ ਇਸ ਲਈ ਉਨ੍ਹਾਂ ਨੂੰ ‘ਦੇਸ਼ ਲਈ ਮਰ ਮਿਟਣ ਦਾ ਮੌਕਾ’ ਨਹੀਂ ਮਿਲਿਆ। ਉਨ੍ਹਾਂ ਕਿਹਾ, ‘ਮੈਂ ਅੱਜ ਦੇ ਨੌਜਵਾਨਾਂ ਨੂੰ ਇਸ ਮਹਾਨ ਮੁਲਕ ਲਈ ਜਿਊਣ ਦੀ ਅਪੀਲ ਕਰਦਾ ਹਾਂ।’ -ਪੀਟੀਆਈ
  ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਅਤਿਵਾਦੀ ਡਰ ਦਾ ਮਾਹੌਲ ਬਣਾਉਣ ਲਈ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਰਹੱਦਾਂ ’ਤੇ ਫ਼ੌਜ ਦੀ ਤਿਆਰੀ ਹਰ ਤਰ੍ਹਾਂ ਨਾਲ ਅਤੇ ਹਰ ਸਮੇਂ ਮਜ਼ਬੂਤ ਬਣਾਈ ਰੱਖਣ ਦੀ ਲੋੜ ਹੈ। ਇਥੋਂ ਦੇ ਰੇਸ਼ਮਬਾਗ ਮੈਦਾਨ ’ਚ ਵਿਜੈਦਸ਼ਮੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਅਗਲੇ 50 ਵਰ੍ਹਿਆਂ ਨੂੰ ਧਿਆਨ ’ਚ ਰਖਦਿਆਂ ਕੌਮੀ ਆਬਾਦੀ ਨੀਤੀ ਦੀ ਸਮੀਖਿਆ ਅਤੇ ਉਸ ਦੀ ਨਵੇਂ ਸਿਰੇ ਤੋਂ ਤਿਆਰੀ ਕਰਨ ਦੀ ਵਕਾਲਤ ਕੀਤੀ। ਸੰਘ ਮੁਖੀ ਨੇ ਓਟੀਟੀ ਪਲੇਟਫਾਰਮ ’ਤੇ ਉਪਲੱਬਧ ਸਮੱਗਰੀ ’ਤੇ ਵੀ ਚਿੰਤਾ ਜ਼ਾਹਿਰ ਕੀਤੀ। ਕ੍ਰਿਪਟੋਕਰੰਸੀ ’ਤੇ ਫਿਕਰ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਬਿਟਕੁਆਇਨ ਜਿਹੀਆਂ ਗੁਪਤ, ਬੇਕਾਬੂ ਮੁਦਰਾਵਾਂ ’ਚ ਸਾਰੇ ਮੁਲਕਾਂ ਦਾ ਅਰਥਚਾਰਾ ਅਸਥਿਰ ਕਰਨ ਅਤੇ ਗੰਭੀਰ ਚੁਣੌਤੀਆਂ ਖੜ੍ਹੀਆਂ ਕਰਨ ਦੀ ਸਮਰੱਥਾ ਹੈ। ਜੰਮੂ ਕਸ਼ਮੀਰ ਦੇ ਹੁਣੇ ਜਿਹੇ ਕੀਤੇ ਗਏ ਦੌਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਹੋਣ ਮਗਰੋਂ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ਪਰ ਇਕ ਕਦਮ ਅੱਗੇ ਵਧਾਉਂਦਿਆਂ ਮੁਲਕ ਦੇ ਬਾਕੀ ਹਿੱਸਿਆਂ ’ਚ ਇਸ ਦੇ ਭਾਵਨਾਤਮਕ ਏਕੇ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਹੈ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਾ ਜ਼ਿਕਰ ਕਰਦਿਆਂ ਭਾਗਵਤ ਨੇ ਕਿਹਾ ਕਿ ਉਨ੍ਹਾਂ ਦੀ ਆਦਤ ਇਸਲਾਮ ਦੇ ਨਾਮ ’ਤੇ ਭਾਵੁਕ ਕੱਟੜਤਾ, ਜ਼ੁਲਮ ਅਤੇ ਅਤਿਵਾਦ ਫੈਲਾਉਣਾ ਹੈ ਅਤੇ ਉਨ੍ਹਾਂ ਦੇ ਮਨਸ਼ੇ ’ਤੇ ਸ਼ੱਕ ਜ਼ਾਹਿਰ ਕਰਨ ਲਈ ਇਹ ਗੱਲਾਂ ਬਥੇਰੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਚੀਨ, ਪਾਕਿਸਤਾਨ ਅਤੇ ਤੁਰਕੀ ਤਾਲਿਬਾਨ ਨਾਲ ਇਕ ‘ਅਪਵਿੱਤਰ ਗੱਠਜੋੜ’ ’ਚ ਸ਼ਾਮਲ ਹੋ ਗੲੇ ਹਨ। ਮੰਦਰਾਂ ਦੇ ਪ੍ਰਬੰਧਨ ਦੇ ਵਿਸ਼ੇ ’ਤੇ ਭਾਗਵਤ ਨੇ ਕਿਹਾ ਕਿ ਸਰਕਾਰ ਤਹਿਤ ਕੰਮ ਕਰ ਰਹੇ ਕੁਝ ਮੰਦਰਾਂ ਦਾ ਪ੍ਰਬੰਧਨ ਠੀਕ ਹੈ। ‘ਜਿਥੇ ਕੰਮ ਠੀਕ ਨਾਲ ਨਹੀਂ ਹੋ ਰਹੇ ਹਨ, ਉਥੇ ਲੁੱਟ ਮਚੀ ਹੋਈ ਹੈ। ਕੁਝ ਮੰਦਰਾਂ ’ਚ ਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਹੈ। ਮੰਦਰਾਂ ਦੀ ਚੱਲ ਅਤੇ ਅਚੱਲ ਸੰਪਤੀਆਂ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ।’ ਭਾਗਵਤ ਨੇ ਕਿਹਾ ਕਿ ਹਿੰਦੂ ਮੰਦਰਾਂ ਦੀ ਸੰਪਤੀ ਦੀ ਵਰਤੋਂ ਗੈਰ ਹਿੰਦੂਆਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦੀਆਂ ਹਿੰਦੂ ਭਗਵਾਨਾਂ ’ਚ ਕੋਈ ਆਸਥਾ ਨਹੀਂ ਹੈ। ਹਿੰਦੂਆਂ ਨੂੰ ਵੀ ਇਸ ਦੀ ਲੋੜ ਹੈ ਪਰ ਉਨ੍ਹਾਂ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ।

  ਨਵੀਂ ਦਿੱਲੀ - ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ’ਤੇ ਤਰਨ ਤਾਰਨ ਦੇ ਵਿਅਕਤੀ ਦੀ ਹੱਤਿਆ ਦੀ ਨਿੰਦਾ ਕਰਦਿਆਂ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਘਟਨਾ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਮੋਰਚੇ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਧਾਰਮਿਕ ਰੰਗਤ ਵੀ ਦਿੱਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਲੋਕਤੰਤਰੀ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਅੰਦੋਲਨ ’ਚ ਕਿਸੇ ਕਿਸਮ ਦੀ ਵੀ ਹਿੰਸਾ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ,‘‘ਸਾਨੂੰ ਸਾਰਿਆਂ ਨੂੰ ਘਟਨਾ ਦਾ ਬਹੁਤ ਅਫ਼ਸੋਸ ਹੈ। ਸੰਯੁਕਤ ਕਿਸਾਨ ਮੋਰਚਾ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਿਹਾ ਹੈ। ਇਹ ਹੱਤਿਆ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਘਟਨਾ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਡੱਲੇਵਾਲ ਨੇ ਕਿਹਾ ਕਿ ਮਾਰਿਆ ਗਿਆ ਵਿਅਕਤੀ ਲਖਬੀਰ ਸਿੰਘ ਨਿਹੰਗ ਸਿੰਘਾਂ ਨਾਲ ਰਹਿ ਰਿਹਾ ਸੀ ਅਤੇ ਉਸ ਨੇ ‘ਸਰਬਲੋਹ ਗ੍ਰੰਥ’ ਕਥਿਤ ਤੌਰ ’ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਕਿਸੇ ਵੀ ਧਰਮ ਦੇ ਅਨਾਦਰ ਦੀ ਨਿਖੇਧੀ ਕਰਦਾ ਹੈ ਅਤੇ ਉਹ ਇਸ ਦੇ ਪ੍ਰਤੀਕਰਮ ’ਚ ਕੀਤੀ ਗਈ ਹੱਤਿਆ ਦੀ ਨਿੰਦਾ ਕਰਦੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਕਿ ਇਹ ਘਟਨਾ ਨਿਹੰਗ ਸਿੰਘਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਦਾ ਕਿਸਾਨ ਅੰਦੋਲਨ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਕ ਹੋਰ ਕਿਸਾਨ ਆਗੂ ਕੁਲਵੰਤ ਸਿੰਘ ਨੇ ਦੋਸ਼ ਲਾਇਆ ਕਿ ਇਸ ਘਟਨਾ ਪਿੱਛੇ ਕੇਂਦਰੀ ਏਜੰਸੀਆਂ ਦਾ ਹੱਥ ਹੈ। ਇਕ ਵੀਡੀਓ ਸੁਨੇਹੇ ’ਚ ਯੋਗੇਂਦਰ ਯਾਦਵ ਨੇ ਵੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੱਭਿਅਕ ਸਮਾਜ ’ਚ ਅਜਿਹੀਆਂ ਘਟਨਾਵਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਪਿਛਲੇ 2-3 ਦਿਨਾਂ ਤੋਂ ਨਿਹੰਗ ਸਿੰਘਾਂ ਨਾਲ ਰਹਿ ਰਿਹਾ ਸੀ ਅਤੇ ਬੀਤੀ ਰਾਤ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਬੇਅਦਬੀ ਦੇ ਦੋਸ਼ ਵੀ ਲੱਗੇ ਸਨ। ਉਨ੍ਹਾਂ ਕਿਹਾ ਕਿ ਇਹ ਕੋਈ ਧਾਰਮਿਕ ਨਹੀਂ ਸਗੋਂ ਕਿਸਾਨਾਂ ਦਾ ਅੰਦੋਲਨ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂਆਂ ਨੇ ਨਿਹੰਗ ਸਿੰਘਾਂ ਨੂੰ ਉਥੋਂ ਕਈ ਵਾਰ ਜਾਣ ਲਈ ਆਖਿਆ ਸੀ ਪਰ ਇਸ ਦੇ ਬਾਵਜੂਦ ਉਹ ਪ੍ਰਦਰਸ਼ਨ ਵਾਲੀ ਥਾਂ ’ਤੇ ਡਟੇ ਹੋਏ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਇਹ ਕਤਲ ਬਹੁਤ ਹੀ ਘਿਨੌਣਾ ਕਾਰਾ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ਜਾਂਚ ਨਿਰਪੱਖ ਕੀਤੀ ਜਾਵੇ ਤੇ ਜੇਕਰ ਕੋਈ ਸਾਜ਼ਿਸ਼ ਹੈ ਤਾਂ ਉਹ ਵੀ ਨਸ਼ਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਾਰਾ ਹੈ। ਹੋਰ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦਰਸ਼ਨ ਨੱਤ ਨੇ ਵੀ ਇਸ ਕਤਲੇਆਮ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।

  ਚੰਡੀਗੜ੍ਹ - ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੰਘ ਸਿੱਧੂ ਆਪਣਾ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋ ਗੲੇ ਹਨ ਜਿਸ ਨਾਲ ਪਿਛਲੇ 18 ਦਿਨ ਤੋਂ ਪੰਜਾਬ ਕਾਂਗਰਸ ’ਚ ਚੱਲ ਰਿਹਾ ਰੇੜਕਾ ਅੱਜ ਖਤਮ ਹੋ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਅੱਜ ਦੇਰ ਸ਼ਾਮ ਕਰੀਬ ਸਵਾ ਅੱਠ ਵਜੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਆਗੂ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਕਰੀਬ ਸਵਾ ਘੰਟਾ ਚੱਲੀ ਮੀਟਿੰਗ ਵਿੱਚ ਨਵਜੋਤ ਸਿੱਧੂ ਨੇ 18 ਨੁਕਾਤੀ ਏਜੰਡੇ ਦੀ ਮਸਲਾ ਰੱਖਿਆ ਜਿਸ ’ਤੇ ਹਾਈ ਕਮਾਂਡ ਵੱਲੋਂ ਅਮਲ ਕਰਨ ਭਰੋਸਾ ਦਿਵਾਇਆ ਗਿਆ। ਮੀਟਿੰਗ ਮਗਰੋਂ ਨਵਜੋਤ ਸਿੱਧੂ ਨੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਆਪਣੇ ਸਰੋਕਾਰ ਰਾਹੁਲ ਗਾਂਧੀ ਨਾਲ ਸਾਂਝੇ ਕੀਤੇ ਹਨ ਅਤੇ ਹੁਣ ਉਹ ਸਭ ਨਜਿੱਠੇ ਗਏ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਦੇ ਸਰੋਕਾਰਾਂ ਦਾ ਖਿਆਲ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ (ਸਿੱਧੂ) ਬਤੌਰ ਪ੍ਰਧਾਨ ਆਪਣੀ ਡਿਊਟੀ ਸ਼ੁਰੂ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ 28 ਸਤੰਬਰ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਜਿਸ ਪਿੱਛੇ ਉਨ੍ਹਾਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਤਬਾਦਲਿਆਂ ਤੋਂ ਇਲਾਵਾ ਕੈਬਨਿਟ ਵਿਚ ਦਾਗੀ ਮੰਤਰੀਆਂ ਦੀ ਸ਼ਮੂਲੀਅਤ ਦਾ ਮਾਮਲਾ ਵੀ ਉਠਾਇਆ ਸੀ।

  ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵੱਲੋਂ ਪੰਜਾਬ ਨੂੰ ਪਿਛਲੇ ਦਰਵਾਜ਼ੇ ਰਾਹੀਂ ਬੀਐੱਸਐੱਫ ਵਰਗੇ ਕੇਂਦਰੀ ਸੁਰੱਖਿਆ ਬਲਾਂ ਹਵਾਲੇ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਬਦਲਣ ਦੇ ਯਤਨ ਵਿਰੁੱਧ ਇਕਜੁੱਟ ਹੋ ਕੇ ਹੰਭਲਾ ਮਾਰਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਇਸ ਕਦਮ ਨਾਲ ਪਹਿਲਾਂ ਹੀ ਖਤਰੇ ਵਿਚ ਪਿਆ ਦੇਸ਼ ਦਾ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ।
  ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਉਨ੍ਹਾਂ ਸੌੜੇ ਹਿੱਤਾਂ ਲਈ ਆਪਸੀ ਲੜਾਈ ਬੰਦ ਨਾ ਕੀਤੀ ਤਾਂ ਫਿਰ ਕੇਂਦਰ ਸਰਕਾਰ ਉਨ੍ਹਾਂ ਦੀ ਕਮਜ਼ੋਰੀ ਦਾ ਲਾਹਾ ਲਵੇਗੀ। ਸ੍ਰੀ ਬਾਦਲ ਨੇ ਕਿਹਾ ਕਿ ਇਹ ਮੰਨਣ ਦਾ ਵੀ ਮਜ਼ਬੂਤ ਆਧਾਰ ਮੌਜੂਦ ਹੈ ਕਿ ਕੇਂਦਰ ਸਰਕਾਰ ਸ਼ਾਇਦ ਸੂਬੇ ਤੋਂ ਦਰਿਆਈ ਪਾਣੀਆਂ ’ਤੇ ਇਸ ਦਾ ਬਣਦਾ ਹੱਕ ਖੋਹਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੰਭਵ ਹੈ ਕਿ ਉਹ ਇਸ ਨਵੇਂ ਕਦਮ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਵੀ ਯਤਨ ਕਰੇਗੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਸਿਆਸੀ ਲਾਹਾ ਨਹੀਂ ਚਾਹੁੰਦਾ ਤੇ ਉਹ ਹੋਰ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਸਾਂਝੀ ਲੜਾਈ ਵਿਚ ਸਹਿਯੋਗ ਦੀ ਅਪੀਲ ਕਰਦੇ ਹਨ। ਤਕਰੀਬਨ ਅੱਧੇ ਪੰਜਾਬ ਨੂੰ ਬੀਐੱਸਐੱਫ ਅਧੀਨ ਲਿਆਉਣ ਨੂੰ ਖ਼ਤਰਨਾਕ ਕਾਰਵਾਈ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਉਹ ਦੌਰ ਸ਼ੁਰੂ ਹੋ ਜਾਵੇਗਾ ਜਦੋਂ ਪੰਜਾਬ ਨੂੰ ਗੜਬੜੀ ਵਾਲਾ ਇਲਾਕਾ ਐਲਾਨਿਆ ਗਿਆ ਸੀ। ਸ੍ਰੀ ਬਾਦਲ ਨੇ ਕਿਹਾ ਕਿ ਕੇਂਦਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਰਾਮ ਤੀਰਥ ਸਥਾਨ ਆਦਿ ਵਿੱਚ ਦਾਖਲ ਹੋਣ ਲਈ ਆਪ ਮੁਹਾਰੀ ਸ਼ਕਤੀਆਂ ਵੀ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸੰਵਿਧਾਨ ਵਿਚ ਦਿੱਤੀ ਗਾਰੰਟੀ ਅਨੁਸਾਰ ਆਪਣੇ ਮਾਣ ਸਤਿਕਾਰ ਤੇ ਆਜ਼ਾਦੀ ਦੀ ਸੁਰੱਖਿਆ ਲਈ ਲੜਨਾ ਚਾਹੀਦਾ ਹੈ।
  ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਚੁਣੀ ਹੋਈ ਸਰਕਾਰ ਰਾਹੀਂ ਆਪਣਾ ਰਾਜ ਚਲਾਉਣ ਦੇ ਹੱਕ ਤੋਂ ਵਾਂਝਾ ਨਾ ਕੀਤਾ ਜਾਵੇ।

  ਜੈਤੋ - ਪਿੰਡ ਬਹਿਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿੱਚ 14 ਅਕਤੂਬਰ, 2015 ਨੂੰ ਵਾਪਰੇ ‘ਬਹਿਬਲ ਗੋਲੀ ਕਾਂਡ’ ਸਬੰਧੀ ਬਰਸੀ ਸਮਾਗਮ ਕੀਤਾ ਗਿਆ। ਇੱਥੇ ਪਹੁੰਚੇ ਜ਼ਿਆਦਾਤਰ ਪੰਥਕ ਆਗੂਆਂ ਨੇ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀ ‘ਬੇਗਾਨਗੀ’ ਦਾ ਮੁੱਦਾ ਉਭਾਰਿਆ।

  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਦਸ ਸਾਲ ਬੀਤ ਗਏ ਹਨ ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਚੋਣਾਂ ਕਰਵਾਉਣ ਦੇ ਮੁੱਦੇ ਨੂੰ ਤਰਜੀਹੀ ਢੰਗ ਨਾਲ ਨਹੀਂ ਉਠਾਇਆ। ਇਸੇ ਦੌਰਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਹਕੂਮਤਾਂ ’ਤੇ ਡੇਰਾ ਸਿਰਸਾ ਮੁਖੀ ਅਤੇ ਬਾਦਲਾਂ ਨੂੰ ਬਚਾਉਣ ਲਈ ਉਨ੍ਹਾਂ ਦਾ ਸਾਥ ਦੇਣ ਦਾ ਦੋਸ਼ ਲਾਇਆ। ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ ਨੇ ਕਿਹਾ ਕਿ ਗੁਰਜੀਤ ਸਿੰਘ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੀ ਅੱਜ ਛੇਵੀਂ ਬਰਸੀ ’ਤੇ ਖਾਲਸਾ ਰਾਜ ਲਈ ਸੰਘਰਸ਼ ਦਾ ਅਹਿਦ ਕਰਨਾ ਚਾਹੀਦਾ ਹੈ।

  ਬਹਿਬਲ ਕਲਾਂ ਗੋਲੀ ਕਾਂਡ ’ਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਕਰਨ ਸੁਖਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਛੇ ਸਾਲਾਂ ਤੋਂ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਜੇਕਰ ਕੋਈ ਰਾਜਨੀਤਕ ਬਹਿਬਲ ਕਲਾਂ ਗੋਲੀ ਕਾਂਡ ਜਾਂ ਕੋਟਕਪੂਰਾ ਕਾਂਡ ਦੇ ਨਾਂ ’ਤੇ ਵੋਟਾਂ ਮੰਗੇਗਾ ਜਾਂ ਰਾਜਨੀਤੀ ਕਰੇਗਾ ਤਾਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮਾਸਟਰ ਬਲਦੇਵ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

  ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲਾਂ ਬਾਦਲ ਅਤੇ ਫਿਰ ਕੈਪਟਨ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ। ਇੱਥੋਂ ਤੱਕ ਕਿ ਕੈਪਟਨ ਨੇ ਆਪਣੀ ਦੋਸਤੀ ਬਾਦਲ ਪਰਿਵਾਰ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮਾਮਲੇ ਦੀ ਸੰਜੀਦਗੀ ਨਾਲ ਪੈਰਵੀ ਕਰੇ ਤਾਂ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਨੂੰ ਪਹਿਲਾਂ ਉਮੀਦ ਸੀ ਕਿ ਉਹ ਉਸ ਦੀ ਮਦਦ ਕਰੇਗੀ ਪਰ ਜਿਵੇਂ ਹੀ ਹੁਣ ਕਾਂਗਰਸ ਨੇ ਮੁਲਜ਼ਮਾਂ ਦੇ ਵਕੀਲ ਨੂੰ ਹੀ ਐਡਵੋਕੇਟ ਜਨਰਲ ਲਾ ਦਿੱਤਾ ਹੈ, ਇਸ ਤੋਂ ਇਹ ਉਮੀਦ ਖਤਮ ਹੋ ਗਈ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਰਕਾਰ ਉਸ ਦੀ ਅਪੀਲ ਨੂੰ ਹੀ ਰੱਦ ਕਰਵਾ ਸਕਦੀ ਹੈ।

  ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਂਝੀ ਤੇ ਕੋਟਕਪੂਰਾ ਹਲਕੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਹੇਠ ਅੱਜ ਦਾ ਦਿਨ ਸਥਾਨਕ ਬੱਤੀਆਂ ਵਾਲੇ ਚੌਕ ਵਿੱਚ ‘ਲਾਹਣਤ ਦਿਹਾੜੇ’ ਵਜੋਂ ਮਨਾਇਆ ਗਿਆ। ਲੋਕਾਂ ਨੇ ‘ਲਾਹਣਤ ਪੱਤਰ’ ਵੀ ਜਾਰੀ ਕੀਤਾ, ਜੋ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਕੋਲ ਭੇਜਿਆ ਜਾਵੇਗਾ। 18 ਅਕਤੂਬਰ ਨੂੰ ਇੱਕ ਵਫ਼ਦ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲ ਕੇ ਇਹ ਪੱਤਰ ਸੌਂਪੇਗਾ।

  ਅੰਮ੍ਰਿਤਸਰ - ਕੇਂਦਰ ਸਰਕਾਰ ਵੱਲੋਂ ਸਰਹੱਦੀ ਖੇਤਰ ਵਿੱਚ 50 ਕਿਲੋਮੀਟਰ ਤੱਕ ਦਾ ਇਲਾਕਾ ਬੀਐੱਸਐੱਫ ਦੀ ਨਿਗਰਾਨੀ ਹੇਠ ਦੇਣ ਦੇ ਫੈ਼ਸਲੇ ਦਾ ਵਿਰੋਧ ਸੂਬਾ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਇਸ ਫੈ਼ਸਲੇ ਨੂੰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਇਕ ਸਾਜ਼ਿਸ਼ ਵਜੋਂ ਦੇਖ ਰਹੀਆਂ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਜੋ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਵੀ ਆਗੂ ਹਨ, ਨੇ ਖਦਸ਼ਾ ਪ੍ਰਗਟਾਇਆ ਕਿ ਇਸ ਫੈ਼ਸਲੇ ਨਾਲ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫੈ਼ਸਲੇ ਨਾਲ ਸਰਹੱਦੀ ਜ਼ਿਲ੍ਹਿਆਂ ਸਮੇਤ ਪੰਜਾਬ ਦਾ ਇਕ ਵੱਡਾ ਹਿੱਸਾ ਸਿੱਧਾ ਕੇਂਦਰ ਅਧੀਨ ਆ ਜਾਵੇਗਾ ਤੇ ਕਿਸਾਨ ਆਗੂਆਂ ਨੂੰ ਨਾਜਾਇਜ਼ ਕੇਸਾਂ ਵਿੱਚ ਫਸਾ ਕੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਤਿੰਦਰ ਸਿੰਘ ਛੀਨਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਤੇ ਆਰਐੱਸਐੱਸ ਇਸ ਫੈਸਲੇ ਰਾਹੀਂ ਕੇਂਦਰੀਕਰਨ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫੈ਼ਸਲੇ ਦੀ ਵਰਤੋਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਵਾਸਤੇ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਰਹੱਦੀ ਖੇਤਰਾਂ ’ਚ 15 ਕਿਲੋਮੀਟਰ ਦੇ ਘੇਰੇ ਵਿੱਚ ਬੀਐੱਸਐੱਫ ਦੀ ਨਿਗਰਾਨੀ ਹੈ ਤੇ ਇਸ ਦੇ ਬਾਵਜੂਦ ਤਸਕਰੀ ਹੋ ਰਹੀ ਹੈ ਤੇ ਇਹ ਘੇਰਾ 50 ਕਿਲੋਮੀਟਰ ਕਰਨ ਨਾਲ ਇਹ ਤਸਕਰੀ ਨਹੀਂ ਰੁਕਣ ਲੱਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇੇ ਕਿਹਾ ਕਿ ਇਸ ਫੈ਼ਸਲੇ ਨਾਲ ਪੰਜਾਬ ਦੇ ਮੁਢਲੇ ਹੱਕਾਂ ’ਤੇ ਡਾਕਾ ਮਾਰਿਆ ਗਿਆ ਹੈ।

  ਜਲੰਧਰ- ਵਿਦਿਆਰਥੀ ਜਥੇਬੰਦੀਆਂ, ਖੱਬੀਆਂ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਬੀਐੱਸਐੱਫ ਨੂੰ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਕਾਰਵਾਈ ਕਰਨ ਤੇ ਮੁਲਜ਼ਮਾਂ ਦੀ ਤਲਾਸ਼ੀ ਲੈਣ ਦੇ ਦਿੱਤੇ ਅਧਿਕਾਰਾਂ ਦਾ ਪੰਜਾਬ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ। ਜਥੇਬੰਦੀਆਂ ਨੇ ਕੇਂਦਰ ਦੇ ਇਸ ਫੈ਼ਸਲੇ ਨੂੰ ਸੰਘੀ ਢਾਂਚੇ ’ਤੇ ਹਮਲਾ ਦੱਸਿਆ ਹੈ। ਭਾਰਤੀ ਕਮਿਊਨਿਸਟ ਪਾਰਟੀ (ਐੱਮਐੱਲ) ਨਿਊ ਡੈਮੋਕਰੇਸੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕੇਂਦਰੀ ਏਜੰਸੀਆਂ ਦਾ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਖੋਰਾ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ-ਭਾਜਪਾ ਸਰਕਾਰ ਨੇ ਧਾਰਾ 370, 35-ਏ ਖਤਮ ਕਰਕੇ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜੰਮੂ-ਕਸ਼ਮੀਰ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਤੇ ਇਸ ਨੂੰ ਸਿੱਧੇ ਤੌਰ ’ਤੇ ਆਪਣੇ ਕੰਟਰੋਲ ਹੇਠ ਲੈ ਲਿਆ।

  ਭੁਲੱਥ - ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਤੇ ਹੋਰ ਸੂਬਿਆਂ ਵਿੱਚ ਬੀਐੱਸਐੱਫ ਦੇ ਅਧਿਕਾਰ ਖੇਤਰ ਨੂੰ ਵਧਾ ਦੇਣਾ ਸੰਘੀ ਢਾਂਚੇ ਨੂੰ ਮੋਦੀ ਸਰਕਾਰ ਦੀ ਸਾਜ਼ਿਸ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਪੁਲੀਸ, ਬੀਐੱਸਐੱਫ ਜਾਂ ਕੇਂਦਰੀ ਬਲਾਂ ਨਾਲੋਂ ਸਥਾਨਕ ਤਸਕਰਾਂ ਜਾਂ ਮਾੜੇ ਅਨਸਰਾਂ ਬਾਰੇ ਜ਼ਿਆਦਾ ਜਾਣਕਾਰੀ ਰੱਖਦੀ ਹੈ। ਇਸ ਤਰ੍ਹਾਂ ਦੇ ਅਧਿਕਾਰ ਕੇਂਦਰੀ ਬਲਾਂ ਨੂੰ ਮਿਲਣ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ਲੈਣਾ ਚਾਹੀਦਾ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਹਰ ਪੱਧਰ ’ਤੇ ਇਸ ਦਾ ਵਿਰੋਧ ਕੀਤਾ ਜਾਵੇਗਾ।

  ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦੀ ਅਧਿਕਾਰ ਸੀਮਾ ਵਧਾਉਣ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਰੋਪੜ, ਸੰਗਰੂਰ, ਮਲੇਰਕੋਟਲਾ, ਗੁਰਦਾਸਪੁਰ, ਫਾਜ਼ਿਲਕਾ ਤੇ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਜਨਰਲ ਸਕੱਤਰ ਅਮਨਦੀਪ ਸਿੰਘ ਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੰਜਾਬ, ਅਸਾਮ ਤੇ ਪੱਛਮੀ ਬੰਗਾਲ ਵਿੱਚ ਬੀਐੱਸਐੱਫ ਦੀ ਸੀਮਾ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤੀ ਗਈ ਹੈ। ਇਸ ਫੈ਼ਸਲੇ ਨਾਲ ਸੂਬੇ ਦੇ ਅਧਿਕਾਰ ਖਤਮ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਪੰਜਾਬ ਦਾ ਲਗਪਗ ਅੱਧਾ ਖੇਤਰ ਸਿੱਧੇ-ਅਸਿੱਧੇ ਰੂਪ ਵਿੱਚ ਕੇਂਦਰ ਅਧੀਨ ਚਲਾ ਜਾਵੇਗਾ। ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਆਰਐੱਸਐੱਸ ਦੇ ‘ਇਕ ਦੇਸ਼, ਇਕ ਪੁਲੀਸ’ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ ਤੇ ਮੁਲਕ ਦੇ ਸੰਘੀ ਢਾਂਚੇ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ।

  ਚੰਡੀਗੜ੍ਹ -  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਬੀਐੱਸਐੱਫ ਨੂੰ ਵਾਧੂ ਸ਼ਕਤੀਆਂ ਦੇਣ ਨੂੰ ਸੂਬੇ ਦੇ ਅਧਿਕਾਰਾਂ ਉੱਤੇ ਡਾਕਾ ਕਰਾਰ ਦਿੱਤਾ ਹੈ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਦੇ ਨਾਂ ’ਤੇ ਸੂਬੇ ਦੇ ਅਧਿਕਾਰਾਂ ਨੂੰ ਖੋਹਣਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ ’ਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਸੂਬਿਆਂ ਦੇ ਅਧਿਕਾਰ ਖੋਹਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹੀਆਂ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਸੂਬਿਆਂ ਦੇ ਅਧਿਕਾਰਾਂ ਦੀ ਰੱਖਿਆ ਤੇ ਸੰਘੀ ਢਾਂਚੇ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ ਗਿਆ ਸੀ। ਇਨ੍ਹਾਂ ਕਾਨੂੰਨਾਂ ਰਾਹੀਂ ਵੀ ਕੇਂਦਰ ਸਰਕਾਰ ਨੇ ਟੇਢੇ ਢੰਗ ਨਾਲ ਸੂਬਿਆਂ ਦੇ ਅਧਿਕਾਰਾਂ ਉੱਤੇ ਸਿੱਧਾ ਡਾਕਾ ਮਾਰਿਆ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com