ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਵੋਟਾਂ ਲਈ ਸੌਦਾ ਸਾਧ ਡੇਰੇ ਦਾ ਸਹਾਰਾ ਲੈਣਾ ਨੈਤਿਕ ਤੌਰ ‘ਤੇ ਗਲਤ ਹੈ। ਸੌਦਾ ਸਾਧ ਘਿਨੌਣੇ ਅਪਰਾਧਾਂ ‘ਚ ਜੇਲ੍ਹ ‘ਚ ਬੰਦ ਹੈ। ਸੱਤਾ ਲਈ ਅਪਰਾਧੀ ਦੇ ਧੜੇ ਕੋਲ ਵੋਟ ਮੰਗਣ ਜਾਣਾ ਗਲਤ ਹੈ।ਚੋਣਾਂ ਦਾ ਦੌਰਾ ਸ਼ੁਰੂ ਹੋਣ ਨਾਲ ਡੇਰਿਆਂ ਵਿੱਚ ਸਰਗਰਮੀ ਵੱਧਣ ਲੱਗੀਆਂ ਹਨ। ਇਸ ਮਾਹੌਲ ਵਿੱਚ ਖਾਸ ਕਰਕੇ ਸੌਦਾ ਸਾਧ ਚਰਚਾ ਘਰਾਂ ਵਿੱਚ ਇਕੱਠ ਹੋਣ ਲੱਗੇ ਹਨ। ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਇੰਨਾਂ ਸੌਦਾ ਸਾਧ ਚਰਚਾ ਘਰਾਂ ਵਿੱਚ ਕਾਂਗਰਸੀ ਆਗੂਆਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਉਂਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿਆਸਤਦਾਨਾਂ ਦੀ ਸੌਦਾ ਸਾਧ ਡੇਰੇ ‘ਚ ਹਾਜ਼ਰੀ ‘ਤੇ ਜਥੇਦਾਰ ਨੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਹੈ ਕਿ ਜੇਲ੍ਹ ਵਿੱਚ ਬੰਦ ਅਪਰਾਧੀ ਦੇ ਧੜੇ ਕੋਲ ਵੋਟਾਂ ਲਈ ਜਾਣਾ ਸਰਾਸਰ ਗਲਤ ਹੈ।ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਵੋਟਾਂ ਲਈ ਸੌਦਾ ਸਾਧ ਦਾ ਸਹਾਰਾ ਲੈਣਾ ਨੈਤਿਕ ਤੌਰ ‘ਤੇ ਗਲਤ ਹੈ। ਸੌਦਾ ਸਾਧ ਘਿਨੌਣੇ ਅਪਰਾਧਾਂ ‘ਚ ਜੇਲ੍ਹ ‘ਚ ਬੰਦ ਹੈ। ਸੱਤਾ ਲਈ ਅਪਰਾਧੀ ਦੇ ਧੜੇ ਕੋਲ ਵੋਟ ਮੰਗਣ ਜਾਣਾ ਗਲਤ ਹੈ। ਸੌਦਾ ਸਾਧ ਡੇਰੇ ਅਤੇ ਸੌਦਾ ਸਾਧ ਚਰਚਾ ‘ਚ ਕਈ ਸਿਆਸਤਦਾਨ ਪਹੁੰਚ ਰਹੇ ਹਨ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਸੌਦਾ ਸਾਧ ਚਰਚਾ ਚ ਪਹੁੰਚੇ ਸਨ।ਇਸ ਮਾਮਲੇ ਵਿਚ ਪਰਸੋਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਗੁਰੂ ਨਾਮ ਲੇਵਾ ਸ਼ਰਧਾਲੂ ਸੌਦਾ ਸਾਧ ਜਾਂ ਇਸਦੇ ਸ਼ਰਧਾਲੂਆਂ ਨਾਲ ਕੋਈ ਵਾਹ ਵਾਸਤਾ ਨਹੀਂ ਰੱਖੇਗਾ ਪਰ ਇਸਦੇ ਬਾਵਜੂਦ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਫਾਜ਼ਿਲਾ ਤੋਂ ਦਵਿੰਦਰ ਸਿੰਘ ਘੁਬਾਇਆ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਡੇਰੇ ਵੱਲੋਂ ਆਯੋਜਿਤ ‘ ਸੌਦਾ ਸਾਧ ਚਰਚਾ’ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ।

  ਅੰਮ੍ਰਿਤਸਰ - ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ (86) ਦਾ ਸਵੇਰੇ ਦੇਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਠੀਕ ਨਹੀਂ ਸਨ, ਜਿਨ੍ਹਾਂ ਦਾ ਸਸਕਾਰ ਭਲਕੇ 4 ਦਸੰਬਰ ਨੂੰ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਉਹ ਹੋਟਲ ਤੇ ਟਰਾਂਸਪੋਰਟ ਨਾਲ ਸਬੰਧਤ ਕਾਰੋਬਾਰੀ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਨੂੰ ਇਸ ਵਰ੍ਹੇ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਲੀਨ ਚਿੱਟ ਮਿਲੀ ਸੀ ਅਤੇ ਉਨ੍ਹਾਂ ’ਤੇ ਲਾਈ ਗਈ ਰੋਕ ਹਟਾ ਦਿੱਤੀ ਗਈ ਸੀ। ਦਸੰਬਰ 2017 ਵਿਚ ਉਹ ਇਕ ਇਤਰਾਜ਼ਯੋਗ ਵੀਡੀਓ ਦੇ ਕਾਰਨ ਵਿਵਾਦ ਵਿਚ ਫਸ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਚੀਫ ਖਾਲਸਾ ਦੀਵਾਨ ਤੋਂ ਮੁਅੱਤਲ ਕਰ ਦਿੱਤਾ ਸੀ।

  ਚੰਡੀਗੜ੍ਹ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ| ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਕਾਂਗਰਸ ’ਚ ਸ਼ਮੂਲੀਅਤ ਮਗਰੋਂ ਚਰਚੇ ਸ਼ੁਰੂ ਹੋਏ ਹਨ ਕਿ ਕਾਂਗਰਸ ਪਾਰਟੀ ਸਿੱਧੂ ਮੂਸੇਵਾਲਾ ਨੂੰ ਹਲਕਾ ਮਾਨਸਾ ਤੋਂ ਪਾਰਟੀ ਉਮੀਦਵਾਰ ਬਣਾ ਸਕਦੀ ਹੈ| ਨੌਜਵਾਨਾਂ ਵਿਚ ਸਿੱਧੂ ਮੂਸੇਵਾਲਾ ਦੀ ਹਰਮਨਪਿਆਰਤਾ ਦਾ ਕਾਂਗਰਸ ਸਿਆਸੀ ਲਾਹਾ ਚੁੱਕਣਾ ਚਾਹੁੰਦੀ ਹੈ| ਇਸ ਤੋਂ ਪਹਿਲਾਂ ਇੱਥੇ ਪੰਜਾਬ ਭਵਨ ’ਚ ਹੋਏ ਸੰਖੇਪ ਸਮਾਗਮ ’ਚ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿਚ ਸ਼ਮੂਲੀਅਤ ਹੋਈ| ਇਸ ਮੌਕੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ| ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਵਾਗਤ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਾਂਗਰਸ ’ਚ ਸ਼ਾਮਿਲ ਹੋਣਾ ਪੰਜਾਬ ਵਿਚ ਨਵੀਂ ਕ੍ਰਾਂਤੀ ਦਾ ਸੰਕੇਤ ਹੈ ਜਿਸ ਨਾਲ ਨਵਾਂ ਪੰਜਾਬ ਸਿਰਜਣ ’ਚ ਮਦਦ ਮਿਲੇਗੀ| ਚੰਨੀ ਨੇ ਕਿਹਾ ਕਿ ਹੁਣ ਕਾਂਗਰਸ ਤਰਫੋਂ ਪੰਜਾਬ ’ਚ ਸਿੱਧੂ ਮੂਸੇਵਾਲਾ ਦਾ ਬੰਬੀਹਾ ਬੋਲੇਗਾ|
  ਚੰਨੀ ਨੇ ਕਿਹਾ ਸਿੱਧੂ ਮੂਸੇਵਾਲਾ ਸਾਧਾਰਨ ਪਰਿਵਾਰਕ ਪਿਛੋਕੜ ਤੋਂ ਹਨ ਕਿਉਂ ਜੋ ਉਨ੍ਹਾਂ ਦੇ ਪਿਤਾ ਭੋਲਾ ਸਿੰਘ ਸਾਬਕਾ ਫ਼ੌਜੀ ਹਨ ਜਦਕਿ ਮਾਤਾ ਚਰਨ ਕੌਰ ਪਿੰਡ ਦੇ ਸਰਪੰਚ ਹਨ| ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਨੇ ਦੁਨੀਆ ਭਰ ਵਿਚ ਪ੍ਰਸਿੱਧੀ ਖੱਟੀ ਹੈ ਤੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ| ਇਸ ਮੌਕੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਸਿਸਟਮ ’ਚ ਬਦਲਾਅ ਲਈ ਸਿਆਸਤ ਵਿਚ ਆਏ ਹਨ ਅਤੇ ਉਨ੍ਹਾਂ ਨੇ ਗਾਇਕੀ ਦੀ ਤਰ੍ਹਾਂ ਸਿਆਸੀ ਖੇਤਰ ਵਿਚ ਵੀ ਲੋਕਾਂ ਤੋਂ ਸਹਿਯੋਗ ਮੰਗਿਆ| ਉਨ੍ਹਾਂ ਸਾਫ਼ ਕੀਤਾ ਕਿ ਉਹ ਰੁਤਬੇ ਖਾਤਰ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ ਬਲਕਿ ਇਹ ਆਮ ਲੋਕਾਂ ਦੀ ਸਿਆਸੀ ਪਾਰਟੀ ਹੈ ਜਿਸ ਤੋਂ ਪ੍ਰਭਾਵਿਤ ਹੋਏ ਹਨ। ਅੱਜ ਮੂਸੇਵਾਲਾ ਦਾ ਸ਼ਮੂਲੀਅਤ ਸਮਾਗਮ ਪੰਜਾਬ ਭਵਨ ਵਿਚ ਹੋਣ ’ਤੇ ਵੀ ਵਿਰੋਧੀਆਂ ਨੇ ਉਂਗਲ ਉਠਾਈ ਹੈ| ਵਿਰੋਧੀ ਆਖਦੇ ਹਨ ਕਿ ਨਿਰੋਲ ਸਿਆਸੀ ਸਮਾਗਮ ਨੂੰ ਸਰਕਾਰੀ ਰੰਗ ਵਿਚ ਰੰਗਿਆ ਗਿਆ ਹੈ| ਅੱਜ ਸਿੱਧੂ ਮੂਸੇਵਾਲਾ ਨੂੰ ਮੁੱਖ ਕੁਰਸੀ ’ਤੇ ਬਿਠਾ ਕੇ ਮਾਣ-ਸਨਮਾਨ ਦੇਣ ਲਈ ਪੂਰੀ ਵਾਹ ਲਾਈ ਗਈ| ਇਸ ਮੌਕੇ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਅਰੁਣਾ ਚੌਧਰੀ, ਰਾਜ ਕੁਮਾਰ ਵੇਰਕਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਮਹਿੰਦਰ ਸਿੰਘ ਕੇਪੀ ਤੋਂ ਇਲਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ ਅਤੇ ਪਿਰਮਲ ਸਿੰਘ ਹਾਜ਼ਰ ਸਨ|
  ਸਿੱਧੂ ਮੂਸੇਵਾਲਾ ਨਾਲ ਜੁੜੇ ਵਿਵਾਦ ਅੱਜ ਉੱਠ ਖੜ੍ਹੇ ਹੋਏ। ਸਿੱਧੂ ਮੂਸੇਵਾਲਾ ਵੱਲੋਂ ਆਪਣੀ ਗਾਇਕੀ ’ਚ ਹਥਿਆਰਾਂ ਤੇ ਨਸ਼ਿਆਂ ਨੂੰ ਉਭਾਰੇ ਜਾਣ ਨੂੰ ਲੈ ਕੇ ਅੱਜ ਜਦੋਂ ਹੀ ਮੀਡੀਆ ਨੇ ਸੁਆਲ ਕੀਤੇ ਤਾਂ ਮੂਸੇਵਾਲਾ ਨੇ ਕੋਈ ਜੁਆਬ ਨਹੀਂ ਦਿੱਤਾ। ਸਿੱਧੂ ਮੁੂਸੇਵਾਲਾ ’ਤੇ ਬਰਨਾਲਾ ਤੇ ਮੁਹਾਲੀ ਵਿਚ ਦੋ ਪੁਲੀਸ ਕੇਸ ਵੀ ਦਰਜ ਹਨ। ਅੱਜ ਨਵਜੋਤ ਸਿੱਧੂ ਇਸ ਮਾਮਲੇ ’ਤੇ ਸਿੱਧੂ ਮੂਸੇਵਾਲਾ ਦੀ ਪਿੱਠ ’ਤੇ ਡੱਟ ਗਏ। ਨਵਜੋਤ ਸਿੱਧੂ ਨੇ ਕਿਹਾ ਕਿ ਕੇਸ ਦਰਜ ਹੋਣ ਨਾਲ ਕੋਈ ਵਿਅਕਤੀ ਦੋਸ਼ੀ ਨਹੀਂ ਬਣ ਜਾਂਦਾ ਹੈ। ਬਹੁਤ ਲੋਕ ਹਨ ਜਿਨ੍ਹਾਂ ’ਤੇ ਕੇਸ ਦਰਜ ਹਨ।
  ਪੰਜਾਬ ਕਾਂਗਰਸ ’ਚ ਸ਼ਮੂਲੀਅਤ ਮਗਰੋਂ ਅੱਜ ਸਿੱਧੂ ਮੂਸੇਵਾਲਾ ਨੇ ਦਿੱਲੀ ਵਿਚ ਸ਼ਾਮ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ| ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਹਾਜ਼ਰ ਸਨ| ਵੇਰਵਿਆਂ ਮੁਤਾਬਕ ਰਾਹੁਲ ਗਾਂਧੀ ਨੇ ਮੂਸੇਵਾਲਾ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਅਤੇ ਅਗਾਮੀ ਪੰਜਾਬ ਚੋਣਾਂ ਵਿਚ ਮੂਸੇਵਾਲਾ ਦੀ ਭੂਮਿਕਾ ਨੂੰ ਲੈ ਚਰਚਾ ਵੀ ਹੋਈ।

  ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਪੈਰ ਜਮਾਉਣ ਲਈ ਸਿੱਖ ਚਿਹਰੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ, ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ, ਉਦਯੋਗਪਤੀ ਹਰਚਰਨ ਸਿੰਘ ਰਣੌਤਾ ਅਤੇ ‘ਆਪ’ ਆਗੂ ਗੁਰਪ੍ਰੀਤ ਸਿੰਘ ਭੱਟੀ ਆਦਿ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਦਿੱਲੀ ਵਿਚ ਇਨ੍ਹਾਂ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਆਮਦ ਨਾਲ ਪੰਜਾਬ ਵਿਚ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਦੱਸਣਯੋਗ ਹੈ ਕਿ ਜਲੰਧਰ ਕੈਂਟ ਤੋਂ ਚੋਣ ਲੜਨ ਵਾਲੇ ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ ਨਾਲ ਉਦੋਂ ਤੋਂ ਨਾਰਾਜ਼ ਚੱਲੇ ਆ ਰਹੇ ਸਨ ਜਦੋਂ ਤੋਂ ਅਕਾਲੀ ਦਲ ਨੇ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨਿਆ ਹੈ। ਮੱਕੜ ਨੇ ਕਿਹਾ ਕਿ ਉਹ ਜਲਦੀ ਹੀ ਜਲੰਧਰ ਕੈਂਟ ਵਿਚ ਵੱਡਾ ਸਮਾਗਮ ਕਰਕੇ ਆਪਣੇ ਸਾਥੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਨਗੇ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਕਰਕੇ ਭਾਜਪਾ ਪੰਜਾਬ ’ਚੋਂ ਪੂਰੀ ਤਰ੍ਹਾਂ ਉੱਖੜ ਚੁੱਕੀ ਸੀ। ਮਨਜਿੰਦਰ ਸਿੰਘ ਸਿਰਸਾ ਦੀ ਸ਼ਮੂਲੀਅਤ ਮਗਰੋਂ ਭਾਜਪਾ ਨੇ ਪੰਜਾਬ ਵਿਚ ਆਪਣੀ ਸਰਗਰਮੀ ਇਕਦਮ ਤੇਜ਼ ਕਰ ਦਿੱਤੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਾਬਕਾ ਡੀਜੀਪੀ ਵਿਰਕ ਦੀ ਸ਼ਮੂਲੀਅਤ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਸ਼ਟਰਵਾਦੀ ਲੋਕ ਭਾਜਪਾ ਨਾਲ ਜੁੜ ਰਹੇ ਹਨ। ਭਾਜਪਾ ਦੀ ਇਸ ਸਰਗਰਮੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਦਰੋ-ਅੰਦਰੀ ਕਾਫ਼ੀ ਖ਼ੌਫ਼ ਵਿਚ ਜਾਪ ਰਿਹਾ ਹੈ। ਸੂਤਰਾਂ ਮੁਤਾਬਕ ਗਜੇਂਦਰ ਸ਼ੇਖਾਵਤ ਦੇ 7 ਦਸੰਬਰ ਨੂੰ ਚੰਡੀਗੜ੍ਹ ਆਉਣ ਦੀ ਸੰਭਾਵਨਾ ਹੈ ਅਤੇ ਉਸੇ ਦਿਨ ਵੱਡੀ ਗਿਣਤੀ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦਾ ਪ੍ਰੋਗਰਾਮ ਹੈ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਅਤੇ ਖ਼ਾਸ ਕਰਕੇ ਟਕਸਾਲੀ ਪਰਿਵਾਰਾਂ ’ਤੇ ਨਿਗ੍ਹਾ ਟਿਕਾ ਰੱਖੀ ਹੈ, ਜਿਨ੍ਹਾਂ ਨੂੰ ਪਾਰਟੀ ਦੇ ਸਿੱਖ ਚਿਹਰਿਆਂ ਵਜੋਂ ਚੋਣ ਮੈਦਾਨ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਭਾਜਪਾ ਸਿੱਖ ਭਾਈਚਾਰੇ ਵਿਚ ਬਣੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਭਾਜਪਾ ਨਾਲੋਂ ਵੀ ਕਾਹਲੇ ਦਿਖ ਰਹੇ ਹਨ ਅਤੇ ਭਾਜਪਾ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਕਾਂਗਰਸ ਦੀ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਅੱਜ ਦਿੱਲੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਧਰ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਵਿਚ ਮੀਟਿੰਗਾਂ ਦਾ ਜ਼ਿਲ੍ਹਾ ਵਾਈਜ਼ ਅਤੇ ਹਲਕਾ ਵਾਈਜ਼ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
  ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਏ ਇੱਕ ਟਕਸਾਲੀ ਤੇ ਸੀਨੀਅਰ ਆਗੂ ਨੇ ਦੋ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ। ਇਹ ਸੀਨੀਅਰ ਆਗੂ ਹੁਣ ਉਹ 6 ਦਸੰਬਰ ਨੂੰ ਮੁੜ ਦਿੱਲੀ ਮੀਟਿੰਗ ਲਈ ਜਾ ਰਿਹਾ ਹੈ। ਇਸ ਦੌਰਾਨ ਭਾਜਪਾ ਵੱਲੋਂ ਟੌਹੜਾ ਪਰਿਵਾਰ ਨਾਲ ਰਾਬਤਾ ਕੀਤੇ ਜਾਣ ਦੀਆਂ ਵੀ ਕਨਸੋਆਂ ਹਨ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਭਾਜਪਾ ਨੇ ਕਾਂਗਰਸ ਅਤੇ ‘ਆਪ’ ਦੇ ਕੁਝ ਆਗੂਆਂ ਦੇ ਸੰਪਰਕ ਵਿੱਚ ਹੋਣ ਦਾ ਵੀ ਦਾਅਵਾ ਕੀਤਾ ਹੈ
  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਤੋਂ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ ਅਤੇ ਬਾਕੀ ਖੇਤੀ ਅੰਦੋਲਨ ਦੇ ਮੁਕੰਮਲ ਰੂਪ ਵਿਚ ਖਤਮ ਹੋਣ ਮਗਰੋਂ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕਈ ਆਗੂ ਪਾਰਟੀ ਵਿਚ ਆਉਂਦੇ ਅਤੇ ਜਾਂਦੇ ਹਨ ਕਿਉਂਕਿ ਹੁਣ ਸਿਆਸਤ ਵਿਚ ਸਿਧਾਂਤਾਂ ਲਈ ਕੋਈ ਥਾਂ ਨਹੀਂ ਰਹੀ ਹੈ। ਚੰਦੂਮਾਜਰਾ ਨੇ ਭਾਜਪਾ ਵੱਲ ਜਾਣ ਦਾ ਖੰਡਨ ਕੀਤਾ ਹੈ।

  ਜਲੰਧਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਯਤਨਾਂ ਵਿੱਚ ਲੱਗੀ ਹੋਈ ਹੈ, ਜਿਸ ਵਿੱਚ ਉਸ ਨੂੰ ਕਿਸੇ ਵੀ ਕੀਮਤ ’ਤੇ ਸਫ਼ਲਤਾ ਨਹੀਂ ਮਿਲੇਗੀ। ਉਹ ਅੱਜ ਨਕੋਦਰ ਤੇ ਸ਼ਾਹਕੋਟ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਦੋ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੋਆਬੇ ਵਿੱਚ ਅਕਾਲੀ ਦਲ-ਬਸਪਾ ਗੱਠਜੋੜ ਦੇ ਹੱਕ ਵਿੱਚ ਰੈਲੀਆਂ ਕਰ ਰਹੇ ਹਨ।
  ਪਾਰਟੀ ਦੇ ਉਮੀਦਵਾਰਾਂ ਗੁਰਪ੍ਰਤਾਪ ਸਿੰਘ ਵਡਾਲਾ ਤੇ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕਿਉਂਕਿ ਇਹ ਪਾਰਟੀ ਸਦਾ ਭਾਰਤ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮੋਹਰੀ ਰਹੀ ਹੈ। ਸੁਖਬੀਰ ਬਾਦਲ ਨੇ ਇਸ ਮੌਕੇ ਐਲਾਨ ਕੀਤਾ ਕਿ ਜਿਹੜੇ ਨੀਲੇ ਕਾਰਡ ਕਾਂਗਰਸ ਸਰਕਾਰ ਨੇ ਕੱਟ ਦਿੱਤੇ ਹਨ, ਉਹ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਇੱਕ ਮਹੀਨੇ ਦੇ ਅੰਦਰ ਬਹਾਲ ਕੀਤੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਦੇ ਜ਼ਮੀਨ ਦੇ ਸਾਰੇ ਟੁਕੜਿਆਂ ਦੇ ਇੰਤਕਾਲ ਵੀ ਇੱਕ ਸਾਲ ਦੇ ਅੰਦਰ ਕੀਤੇ ਜਾਣਗੇ। ਜਿਹੜੇ ਕਿਸਾਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਸਤਲੁਜ ਦਰਿਆ ’ਤੇ ਬੰਨ੍ਹ ਬਣਾਇਆ ਜਾਵੇਗਾ ਅਤੇ ਇਲਾਕੇ ਵਿੱਚ ਸਰਗਰਮ ਨਸ਼ੇ ਦੇ ਤਸਕਰਾਂ ਤੇ ਰੇਤ ਮਾਫੀਆ ਨੂੰ ਖਤਮ ਕੀਤਾ ਜਾਵੇਗਾ।
  ਇਸੇ ਦੌਰਾਨ ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਨੂੰ ਯਾਦ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਵਾਰ ਸ਼ਾਹਕੋਟ ਤੋਂ ਜਿੱਤ ਪ੍ਰਾਪਤ ਕਰਕੇ ਪਾਰਟੀ ਨੂੰ ਬੇਹੱਦ ਮਜ਼ਬੂਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ 2017 ਵਿਚ ਲੋਕਾਂ ਨਾਲ ਝੂਠੇ ਵਾਅਦੇ ਅਤੇ ਫੋਕੇ ਲਾਰਿਆਂ ਨਾਲ ਬਣਨ ਵਾਲੀ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਇਕ ਵੀ ਵਾਅਦਾ ਪੂਰਾ ਨਾ ਕਰਕੇ ਨਾਜਾਇਜ਼ ਕਬਜ਼ਿਆਂ, ਝੂਠੇ ਪਰਚੇ ਤੇ ਰੇਤਾ ਵੇਚਣ ਵਾਲਿਆਂ ਦੀ ਸਰਕਾਰ ਬਣਨ ਦਾ ਮਾਣ ਹਾਸਲ ਕਰ ਲਿਆ ਹੈ।
  ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਾਂਝੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਤੋਂ ਨਾਰਾਜ਼ ਅਕਾਲੀ ਵਰਕਰਾਂ ਨੇ ਰੈਲੀ ਤੋਂ ਦੂਰੀ ਬਣਾਈ ਰੱਖੀ। ਜ਼ਿਕਰਯੋਗ ਹੈ ਕਿ ਪਿੰਡ ਢੰਡੋਵਾਲ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਚੱਠਾ, ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਚੱਠਾ, ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੀਏ ਰਹੇ ਜਰਨੈਲ ਸਿੰਘ ਬਾਊੁਪੁਰ ਤੇ ਕਈ ਹੋਰ ਵਰਕਰ ਬਚਿੱਤਰ ਸਿੰਘ ਸਿੰਘ ਕੋਹਾੜ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਨਾਰਾਜ਼ ਅਕਾਲੀ ਵਰਕਰਾਂ ਨੇ ਵੀਰਵਾਰ ਨੂੰ ਢੰਡੋਵਾਲ ਵਿੱਚ ਮੀਟਿੰਗ ਕਰਕੇ ਹਲਕੇ ਦੀ ਟਿਕਟ ’ਤੇ ਦੁਬਾਰਾ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਸੀ ਤੇ ਵੀਰਵਾਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕਈ ਵਰਕਰ ਅੱਜ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ।
   ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਪਿੰਡ ਕਿੱਲੀ ਚਾਹਲਾਂ ਵਿੱਚ 14 ਦਸੰਬਰ ਨੂੰ ਹੋਣ ਵਾਲੀ ਸਿਆਸੀ ਰੈਲੀ ਦੀਆਂ ਤਿਆਰੀਆਂ ਦਾ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਇਜ਼ਾ ਲਿਆ। ਇਸ ਮੌਕੇ ਸੁਖਬੀਰ ਬਾਦਲ ਨੇ ਚਾਰ ਜ਼ਿਲ੍ਹਿਆਂ ਦੇ 29 ਵਿਧਾਨ ਸਭਾ ਹਲਕਿਆਂ ਤੋਂ ਹਲਕਾ ਇੰਚਾਰਜਾਂ, ਡੈਲੀਗੇਟਾਂ, ਜ਼ਿਲ੍ਹਾ ਪ੍ਰਧਾਨਾਂ ਤੇ ਵਰਕਰਾਂ ਨੂੰ ਕਮਰਕੱਸੇ ਕਰ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਵਰਕਰਾਂ ਨੂੰ ਇਸ ਰੈਲੀ ਵਿੱਚ 5 ਲੱਖ ਦਾ ਇਕੱਠ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੂਰੇ ਦੁਆਬੇ ’ਚ ਅਕਾਲੀ-ਬਸਪਾ ਗੱਠਜੋੜ ਦੀ ਚੜ੍ਹਤ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਪਾਰਟੀ ਵੱਲੋਂ 1996 ’ਚ ਪਾਰਟੀ ਦੀ 75ਵੀਂ ਵਰ੍ਹੇਗੰਢ, 2006 ਤੇ ਸਾਲ 2011 ਦੀਆਂ ਵੱਡੀਆਂ ਰੈਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਨੇ ਜਦੋਂ ਵੀ ਜ਼ਿਲ੍ਹਾ ਮੋਗਾ ਦੀ ਧਰਤੀ ਤੋਂ ਚੋਣ ਜੰਗ ਦੀ ਸ਼ੁਰੂਆਤ ਕੀਤੀ ਹੈ ਤਾਂ ਉਨ੍ਹਾਂ ਨੂੰ ਸਫ਼ਲਤਾ ਮਿਲੀ ਹੈ।

   

  ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਦੇ ਐਲਾਨ ਤੋਂ ਕੁਝ ਮਿੰਟਾਂ ਬਾਅਦ ਹੀ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਦਾ ਵੀਡੀਓ ਟਵੀਟ ਕੀਤਾ ਹੈ।
  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੁੱਧਵਾਰ ਨੂੰ ਕੇਂਦਰੀ ਮੰਤਰੀਆਂ ਧਰਮਿੰਦਰ ਪ੍ਰਧਾਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿਚ ਭਾਜਪਾ ’ਚ ਸ਼ਾਮਲ ਹੋਏ। ਸ਼ੇਖਾਵਤ ਜੋ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਇੰਚਾਰਜ ਹਨ, ਨੇ ਕਿਹਾ ਕਿ ਸਿਰਸਾ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਯਕੀਨੀ ਤੌਰ ’ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਦਦਗਾਰ ਸਾਬਿਤ ਹੋਵੇਗਾ। ਸਿਰਸਾ ਕੌਮੀ ਰਾਜਧਾਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰਮੁੱਖ ਚਿਹਰਾ ਰਹੇ ਹਨ ਅਤੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਵੱਡੇ ਸਮਰਥਕ ਸਨ। ਸੰਸਦ ਨੇ ਹਾਲ ਹੀ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਇੱਕ ਬਿੱਲ ਪਾਸ ਕੀਤਾ ਹੈ ਜਿਸ ਨੂੰ ਭਾਜਪਾ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਸਿੱਖ ਹਨ, ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ ਹੈ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਿਰਸਾ ਦੇ ਸ਼ਾਮਲ ਹੋਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਸਿਰਸਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੈ। ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹੋਏ ਇੱਕ ਟਵੀਟ ਵਿੱਚ ਕਿਹਾ, ‘‘ਮੇਰੇ ਨਾਲ ਕੰਮ ਕਰਨ ਵਾਲੇ ਸਾਰੇ ਅਹੁਦੇਦਾਰਾਂ, ਮੈਂਬਰਾਂ, ਸਟਾਫ਼ ਤੇ ਲੋਕਾਂ ਦਾ ਧੰਨਵਾਦ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ। ਆਪਣੇ ਭਾਈਚਾਰੇ, ਮਨੁੱਖਤਾ ਤੇ ਦੇਸ਼ ਦੀ ਸੇਵਾ ਕਰਨ ਲਈ ਮੇਰੀ ਉਹੀ ਵਚਨਬੱਧਤਾ ਬਰਕਰਾਰ ਹੈ।’’ ਸਿਰਸਾ ਨੇ ਭਾਜਪਾ ਦੀ ਟਿਕਟ ’ਤੇ ਰਾਜੌਰੀ ਗਾਰਡਨ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਜਿੱਤੀਆਂ ਸਨ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ ਕੁਝ ਹਾਸਲ ਕਰਨ ਦਾ ਯਤਨ ਕਰਾਰ ਦਿੱਤਾ ਜੋ ਕਿ ਉਹ ਸਿੱਖ ਕੌਮ ਕੋਲੋਂ ਆਪਣੀ ਮਰਜ਼ੀ ਨਾਲ ਹਾਸਲ ਨਹੀਂ ਕਰ ਸਕੀਆਂ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਕੌਮ ਖ਼ਿਲਾਫ਼ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾ ਰਹੇ ਹਨ। ਤਾਕਤ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਦਰਜ ਕਰ ਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ’ਤੇ ਇਕ ਹੋਰ ਸਿੱਧਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਇਹ ਚੁਣੌਤੀ ਪ੍ਰਵਾਨ ਹੈ ਅਤੇ ਪੰਥ ਸਿੱਧਾ ਹੋ ਕੇ ਇਸ ਦਾ ਮੁਕਾਬਲਾ ਕਰੇਗਾ। ਸ੍ਰੀ ਚੀਮਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ, ਜਥੇਦਾਰ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਕਾਲਕਾ ਸਾਹਿਬ ਤੇ ਹੋਰ ਮੈਂਬਰ ਸਿੱਖ ਰਵਾਇਤਾਂ ’ਤੇ ਡਟੇ ਰਹੇ ਅਤੇ ਜਬਰ ਦਾ ਟਾਕਰਾ ਕੀਤਾ ਪਰ ਸਿਰਸਾ ਦਬਾਅ ਹੇਠ ਆ ਗਏ ਅਤੇ ਸਿੱਖ ਪੰਥ ਤੇ ਇਸ ਦੀ ਭਾਵਨਾ ਨਾਲ ਗੱਦਾਰੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਅਤੇ ਫਿਰ ਇੰਦਰਾ ਗਾਂਧੀ ਤੇ ਹੋਰ ਕਾਂਗਰਸ ਸਰਕਾਰਾਂ ਨੇ ਸਾਬੋਤਾਜ ਕਰ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਹਿ-ਢੇਰੀ ਕਰਨ ਦਾ ਯਤਨ ਕੀਤਾ।

  ਅੰਮ੍ਰਿਤਸਰ - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਹਵਾਰਾ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ੍ਰੀ ਅਕਾਲ ਤਖਤ ’ਤੇ ਅਰਦਾਸ ਕੀਤੀ ਗਈ। ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਕਿਸੇ ਸਾਜ਼ਿਸ਼ ਤਹਿਤ ਉਨ੍ਹਾਂ ਦਾ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ। ਸਿੱਖ ਜਥੇਬੰਦੀਆਂ ਨੇ ਇਹ ਮਾਮਲਾ ਕੌਮੀ ਮਨੁੱਖੀ ਅਧਿਕਾਰ ਸੰਗਠਨ, ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਦਿੱਲੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਰੱਖਣ ਦਾ ਫ਼ੈਸਲਾ ਕੀਤਾ ਹੈ।
  ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਹਵਾਰਾ ਨੂੰ ਸੈੱਲ ਘਟ ਜਾਣ ਕਾਰਨ 27 ਨਵੰਬਰ ਨੂੰ ਦਿੱਲੀ ਦੇ ਦੀਨ ਦਿਆਲ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਪਿਛਲੇ ਚਾਰ ਦਿਨਾਂ ਤੋਂ ਤਸੱਲੀਬਖ਼ਸ਼ ਇਲਾਜ ਨਾ ਹੋਣ ਕਾਰਨ ਸੈੱਲ ਘਟ ਕੇ ਚਾਲੀ ਹਜ਼ਾਰ ਰਹਿ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਇਲਾਜ ਕਿਸੇ ਸਾਜ਼ਿਸ਼ ਹੇਠ ਠੀਕ ਢੰਗ ਨਾਲ ਨਹੀਂ ਕਰਵਾਇਆ ਜਾ ਰਿਹਾ। ਪਿਛਲੇ ਚਾਰ ਦਿਨਾਂ ਦੌਰਾਨ ਉਸ ਨਾਲ ਸਿਰਫ ਪੰਜ ਮਿੰਟ ਦੀ ਮੁਲਾਕਾਤ ਕਰਨ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਜਥੇਦਾਰ ਹਵਾਰਾ ਨੂੰ ਜਨਰਲ ਵਾਰਡ ਤੋਂ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਹੈ। ਸਿੱਖ ਆਗੂਆਂ ਨੇ ਮੰਗ ਕੀਤੀ ਕਿ ਜਥੇਦਾਰ ਹਵਾਰਾ ਦਾ ਇਲਾਜ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇ।

  ਨਵੀਂ ਦਿੱਲੀ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ੁਬਾਨੀ ਵੋਟ ਨਾਲ ਪਾਸ ਖੇਤੀ ਕਾਨੂੰਨ ਵਾਪਸੀ ਬਿੱਲ 2021 ’ਤੇ  ਰਸਮੀ ਮੋਹਰ ਲਾ ਦਿੱਤੀ ਹੈ। ਰਾਸ਼ਟਰਪਤੀ ਦੀ ਪ੍ਰਵਾਨਗੀ ਮਗਰੋਂ ਤਿੰਨੋ ਖੇਤੀ ਕਾਨੂੰਨ ਮੁਕੰਮਲ ਰੂਪ ਵਿੱਚ ਰੱਦ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਨਾਂ ਆਪਣੇ ਸੰਬੋਧਨ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 40 ਤੋਂ ਵੱਧ ਕਿਸਾਨ ਯੂਨੀਅਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਲਾਏ ਮੋਰਚਿਆਂ ’ਚ ਸ਼ਾਂਤਮਈ ਅੰਦੋਲਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ’ਤੇ ਕਿਸਾਨਾਂ ’ਚ ਵੰਡੀਆਂ ਪਾਉਣ ਦਾ ਦੋਸ਼ ਲਾਇਆ ਹੈ। ਮੋਰਚੇ ਨੇ ਸਾਫ਼ ਕਰ ਦਿੱਤਾ ਕਿ ਕਿਸਾਨ ਯੂਨੀਅਨਾਂ ਪੂਰੀ ਤਰ੍ਹਾਂ ਇਕਜੁੱਟ ਹਨ। ਮੋਰਚੇ ਨੇ ਕਿਹਾ ਕਿ ਕਿਸਾਨ ਯੂਨੀਅਨਾਂ ’ਚ ਵੰਡੀਆਂ ਪੈਣ ਤੇ ਦਿੱਲੀ ’ਚ ਲੱਗੇ ਮੋਰਚੇ ਛੱਡਣ ਦੀਆਂ ਖ਼ਬਰਾਂ ਝੂਠੀਆਂ ਤੇ ਬੇਬੁਨਿਆਦ ਹਨ ਤੇ ਇਨ੍ਹਾਂ ’ਤੇ ਯਕੀਨ ਨਾ ਕੀਤਾ ਜਾਵੇ। ਮੋਰਚੇ ਨੇ ਇਕ ਬਿਆਨ ਵਿੱਚ ਅਜੇ ਤੱਕ ਮੁੜ ਗੱਲਬਾਤ ਸ਼ੁਰੂ ਨਾ ਕਰਨ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਬਕਾਇਆ ਮੰਗਾਂ ਬਾਰੇ ਯਾਦ ਦਿਵਾਉਣ ਲਈ ਭੇਜੇ ਪੱਤਰ ਦਾ ਰਸਮੀ ਜਵਾਬ ਨਾ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੰਡਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਉਹ ਐੱਮਐੱਸਪੀ ਦੀ ਗਾਰੰਟੀ, ਸ਼ਹੀਦ ਕਿਸਾਨਾਂ ਲਈ ਮੁਆਵਜ਼ਾ, ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਸਮੇਤ ਆਪਣੀਆਂ ਹੋਰ ਮੰਗਾਂ ਲਈ ਇੱਕਜੁੱਟ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਸਰਕਾਰ ਤੋਂ ਸਾਰੇ ਲੋੜੀਂਦੇ ਵੇਰਵਿਆਂ ਨਾਲ ਰਸਮੀ ਗੱਲਬਾਤ ਦੀ ਉਡੀਕ ਹੈ। ਮੋਰਚੇ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਕਿ ਸਰਕਾਰ ਮੁਜ਼ਾਹਰਾਕਾਰੀ ਕਿਸਾਨਾਂ ਦੀਆਂ ਸ਼ਹਾਦਤਾਂ ਦਾ ਇਹ ਕਹਿ ਕੇ ਅਪਮਾਨ ਕਰ ਰਹੀ ਹੈ ਕਿ ਉਸ ਕੋਲ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਕੋਈ ਰਿਕਾਰਡ ਨਹੀਂ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਸੀ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਕੋਲ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਅੰਕੜੇ ਨਹੀਂ ਹਨ। ਮੋਰਚੇ ਨੇ ਖੇਤੀ ਮੰਤਰੀ ਵੱਲੋਂ ਸੰਸਦ ਵਿੱਚ ਦਿੱਤੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਸਾਨ ਅੰਦੋਨਲ ਦੌਰਾਨ ਸ਼ਹੀਦ ਹੋਏ 689 ਤੋਂ ਵੱਧ ਕਿਸਾਨਾਂ ਦੇ ਵਾਰਸਾਂ ਲਈ ਮੁਆਵਜ਼ੇ ਅਤੇ ਮੁੜ-ਵਸੇਬੇ ਦੀ ਆਪਣੀ ਮੰਗ ਨੂੰ ਦੁਹਰਾਇਆ ਹੈ। ਮੋਰਚੇ ਨੇ ਸਾਫ਼ ਕੀਤਾ ਕਿ ਦਿੱਲੀ ਦੇ ਆਸ-ਪਾਸ ਮੋਰਚਾ ਪਹਿਲਾਂ ਵਾਂਗ ਹੀ ਜਾਰੀ ਹੈ ਅਤੇ ਅਸਲ ਵਿੱਚ ਹੋਰ ਵੀ ਟਰੈਕਟਰ-ਟਰਾਲੀਆਂ ਧਰਨੇ ਵਾਲੀਆਂ ਥਾਵਾਂ ’ਤੇ ਪਹੁੰਚ ਰਹੀਆਂ ਹਨ। ਮੋਰਚਾ ਸਾਰੇ ਕਿਸਾਨਾਂ ਅਤੇ ਪੱਤਰਕਾਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਕਿਸਾਨਾਂ ਵੱਲੋਂ ਮੋਰਚੇ ਛੱਡਣ ਬਾਰੇ ਫੈਲਾਈਆਂ ਜਾ ਰਹੀਆਂ ਝੂਠੀਆਂ ਗੱਲਾਂ ’ਤੇ ਵਿਸ਼ਵਾਸ ਨਾ ਕਰਨ। ਮੋਰਚੇ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਵਿੱਚ ਦੁਫਾੜ ਦੀਆਂ ਖ਼ਬਰਾਂ ਵੀ ਬੇਬੁਨਿਆਦ ਹਨ।
  ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੂਬੇ ਦੇ ਕਿਸਾਨ ਆਗੂਆਂ ਵਿਚਾਲੇ ਕੋਈ ਮੀਟਿੰਗ ਨਹੀਂ ਹੋਈ ਹੈ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਹੋਰਨਾਂ ਯੂਨੀਅਨਾਂ ਵਾਂਗ ਸ਼ਾਮਲ ਹੋਣਗੀਆਂ ਅਤੇ ਉਸ ਦਿਨ ਇੱਕ ਸਮੂਹਿਕ ਫੈਸਲਾ ਹੋਵੇਗਾ।

  ਨਵੀਂ ਦਿੱਲੀ - ਯੂਥ ਕਾਂਗਰਸੀ ਆਗੂ ਪਰਮਿੰਦਰ ਸਿੰਘ ਬਰਾੜ ਵੀ ਭਾਜਪਾ 'ਚ ਸ਼ਾਮਿਲ ਹੋ ਗਏ | ਸ: ਸਿਰਸਾ ਦੇ ਨਾਲ ਹੀ ਭਾਜਪਾ 'ਚ ਸ਼ਾਮਿਲ ਹੋਏ ਪਰਮਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਿੱਖਾਂ ਤੇ ਪੰਜਾਬ ਦੇ ਮਸਲੇ ਪ੍ਰਤੀ ਭਾਜਪਾ ਦੇ ਹਾਂ ਪੱਖੀ ਹੁੰਗਾਰੇ ਕਾਰਨ ਹੀ ਉਹ ਭਾਜਪਾ 'ਚ ਸ਼ਾਮਿਲ ਹੋਏ ਹਨ | ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਰਹਿ ਚੁੱਕੇ ਪਰਮਿਦੰਰ ਸਿੰਘ ਬਰਾੜ ਕੁਝ ਦਿਨ ਪਹਿਲਾਂ ਕਾਂਗਰਸ 'ਚ ਸ਼ਾਮਿਲ ਹੋ ਗਏ ਸਨ ਪਰ ਉਥੋਂ ਵੀ ਛੇਤੀ ਹੀ ਮੋਹ ਭੰਗ ਹੋ ਗਿਆ ਤੇ ਅੱਜ ਉਨ੍ਹਾਂ ਨੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਦੀ ਗੱਲ ਆਖਦੇ ਹੋਏ ਭਾਜਪਾ ਦਾ ਪੱਲਾ ਫੜ ਲਿਆ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com