ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐਸ.ਏ.ਐਸ. ਨਗਰ - ਸੁਪਰੀਮ ਕੋਰਟ ਨੇ ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਅਤੇ ਕਥਿਤ ਤੌਰ ’ਤੇ ਕਤਲ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਆਪਣਾ ਫੈਸਲਾ ਰਾਖ਼ਵਾਂ ਰੱਖ ਲਿਆ ਹੈ। ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ 302, 364 ਸਮੇਤ ਹੋਰਨਾਂ ਸਖ਼ਤ ਧਰਾਵਾਂ ਤਹਿਤ ਦਰਜ ਅਪਰਾਧਿਕ ਕੇਸ ਰੱਦ ਕਰਨ ਅਤੇ ਪੱਕੀ ਜ਼ਮਾਨਤ ਬਾਰੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਜਸਟਿਸ ਅਸ਼ੋਕ ਭੂਸਣ ਨੇ ਸਾਬਕਾ ਡੀਜੀਪੀ ਦੇ ਵਕੀਲ ਸਿਧਾਰਥ ਲੂਥਰਾ ਅਤੇ ਪੰਜਾਬ ਸਰਕਾਰ ਦੇ ਵਕੀਲ ਮੁਕੁਲ ਰੋਹਤਗੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੈਣੀ ਨੂੰ ਪਹਿਲਾਂ ਦਿੱਤੀ ਆਰਜ਼ੀ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਸਾਬਕਾ ਡੀਜੀਪੀ ਨੇ ਆਪਣੇ ਵਕੀਲ ਰਾਹੀਂ ਸੁਪਰੀਮ ਕੋਰਟ ਵਿੱਚ ਦੋ ਵੱਖੋ-ਵੱਖ ਪਟੀਸ਼ਨਾਂ ਦਾਇਰ ਕਰਕੇ ਉਸ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਅਪਰਾਧਕ ਕੇਸ ਨੂੰ ਮੁੱਢੋਂ ਰੱਦ ਕਰਨ ਅਤੇ ਪੱਕੀ ਜ਼ਮਾਨਤ ਦੇਣ ਦੀ ਗੁਹਾਰ ਲਗਾਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ 29 ਸਾਲ ਬਾਅਦ ਦਰਜ ਕੀਤਾ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਇਸ ਤੋਂ ਪਹਿਲਾਂ ਪੀੜਤ ਪਰਿਵਾਰ ਦੀ ਸ਼ਿਕਾਇਤ ਅਤੇ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ ਵੀ ਅਪਰਾਧਿਕ ਕੇਸ ਦਰਜ ਕੀਤਾ ਸੀ ਪਰ ਕੇਸ ਦੀ ਸੁਣਵਾਈ ਦੌਰਾਨ ਸੀਬੀਆਈ ਉਸ ਦੇ ਖ਼ਿਲਾਫ਼ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਕਾਰਨ ਸੁਪਰੀਮ ਕੋਰਟ ਨੇ ਕੌਮੀ ਜਾਂਚ ਏਜੰਸੀ ਵੱਲੋਂ ਉਸ ਦੇ ਖ਼ਿਲਾਫ਼ ਦਰਜ ਐਫ਼ਆਈਆਈ ਨੂੰ ਰੱਦ ਕਰ ਦਿੱਤਾ ਸੀ ਪਰ ਹੁਣ ਕਾਫ਼ੀ ਅਰਸੇ ਬਾਅਦ ਮੁਹਾਲੀ ਪੁਲੀਸ ਨੇ ਪੁਰਾਣੇ ਦੋਸ਼ਾਂ ਤਹਿਤ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਖ਼ਿਲਾਫ਼ ਦਰਜ ਕੇਸ ਨੂੰ ਮੁੱਢੋਂ ਰੱਦ ਕੀਤਾ ਜਾਵੇ। ਉੱਧਰ, ਸਰਕਾਰੀ ਵਕੀਲ ਅਦਾਲਤ ਵਿੱਚ ਪਹਿਲਾਂ ਹੀ ਇਹ ਦਾਅਵਾ ਕਰ ਚੁੱਕੇ ਹਨ ਕਿ ਇਸ ਮਾਮਲੇ ਵਿਚ ਸੈਣੀ ਖ਼ਿਲਾਫ਼ ਸਰਕਾਰ ਅਤੇ ਪੰਜਾਬ ਪੁਲੀਸ ਕੋਲ ਠੋਸ ਸਬੂਤ ਹਨ। ਲਿਹਾਜ਼ਾ ਉਸ ਨੂੰ ਕੋਈ ਰਾਹਤ ਨਾ ਦਿੱਤੀ ਜਾਵੇ। ਇਸ ਤੋਂ ਪਹਿਲਾਂ ਸੈਣੀ ਨੇ ਕੇਸ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ ਪਰ ਹਾਈ ਕੋਰਟ ਨੇ ਉਸ ਦੀ ਇਹ ਅਪੀਲ ਸਿਰੇ ਤੋਂ ਖ਼ਾਰਜ ਕਰ ਦਿੱਤੀ ਸੀ। ਜਿਸ ਕਾਰਨ ਸੈਣੀ ਨੇ ਰਾਹਤ ਲੈਣ ਲਈ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਗਿਆ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਅਤੇ ਸ਼ਿਕਾਇਤ ਕਰਤਾ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਦੇ ਮੁੱਖ ਸਮਾਗਮ ਮੌਕੇ ਸਾਬਕਾ ਸੰਸਦ ਮੈਂਬਰ, ਸਿੱਖ ਵਿਦਵਾਨ ਅਤੇ ਸਿਆਸਤਦਾਨ ਜਗਮੀਤ ਸਿੰਘ ਬਰਾੜ ਨੇ ਸ੍ਰੀ ਅਕਾਲ ਤਖ਼ਤ ’ਤੇ ਪ੍ਰਣ ਲਿਆ ਹੈ ਕਿ ਉਹ ਭਵਿੱਖ ਵਿੱਚ ਆਪਣੇ ਨਾਂ ਨਾਲ ਆਪਣਾ ਗੋਤ (ਬਰਾੜ) ਨਹੀਂ ਲਿਖਣਗੇ। ਉਹ ਆਪਣੇ ਆਧਾਰ ਕਾਰਡ ’ਤੇ ਵੀ ਇਸ ਦਾ ਜ਼ਿਕਰ ਨਹੀਂ ਕਰਨਗੇ।
  ਜਗਮੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਸਬੰਧੀ ਪੱਤਰ ਵੀ ਸੌਂਪਿਆ। ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਸੌ ਸਾਲ ਪਹਿਲਾਂ ਸਿੱਖ ਕੌਮ ਦੇ ਆਗੂਆਂ ਨੇ ਜਾਤ-ਪਾਤ ਦੇ ਖ਼ਿਲਾਫ਼ ਇਤਿਹਾਸਕ ਫ਼ੈਸਲਾ ਲਿਆ ਸੀ, ਜੋ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਅਤੇ ਅਮਲ ਦਾ ਸਾਰਅੰਸ਼ ਸੀ। ਉਸੇ ਸਿੱਖ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਉਹ ਆਪਣੇ ਨਾਂ ਨਾਲ ‘ਬਰਾੜ’, ਜੋ ਕਿ ਜਾਤੀ ਸੂਚਕ ਸ਼ਬਦ ਹੈ, ਭਵਿੱਖ ਵਿੱਚ ਨਹੀਂ ਜੋੜਨਗੇ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਵੀ ਹਾਜ਼ਰ ਸਨ।
  ਉਨ੍ਹਾਂ ਵੱਲੋਂ ਕੀਤੇ ਇਸ ਫ਼ੈਸਲੇ ਦੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਚ ਤੋਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਨਾਂ ਪਿੱਛੇ ਗੋਤ ਲਾਉਣ ਦਾ ਸਿੱਖ ਧਰਮ ਵਿਚ ਕੋਈ ਰੁਝਾਨ ਨਹੀਂ ਹੈ। ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਜਗਮੀਤ ਸਿੰਘ ਤੋਂ ਪ੍ਰੇਰਣਾ ਲੈਣ ਲਈ ਆਖਿਆ।

  ਚੰਡੀਗੜ੍ਹ - ਪੰਜਾਬ ਵਿਚ ਕਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਬੰਦ ਕੀਤੀਆਂ ਗਈਆਂ ਯੂਨੀਵਰਸਿਟੀਆਂ ਅਤੇ ਕਾਲਜ ਅੱਜ ਕਰੀਬ ਅੱਠ ਮਹੀਨਿਆਂ ਮਗਰੋਂ ਮੁੜ ਤੋਂ ਖੁੱਲ੍ਹ ਗਏ ਹਨ। ਰਿਪੋਰਟਾਂ ਮੁਤਾਬਕ ਅੱਜ ਪਹਿਲੇ ਦਿਨ ਵਿਦਿਆਰਥੀਆਂ ਨੇ ਕੋਈ ਖਾਸ ਹੁੰਗਾਰਾ ਨਹੀਂ ਭਰਿਆ ਪਰ ਆਉਣ ਵਾਲੇ ਦਿਨਾਂ ’ਚ ਊਨ੍ਹਾਂ ਦੀ ਗਿਣਤੀ ਵਧਣ ਦੇ ਆਸਾਰ ਹਨ। ਰਾਜ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਤੋਂ ਬਾਅਦ 16 ਨਵੰਬਰ ਤੋਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣ ਸਬੰਧੀ ਪੱਤਰ ਜਾਰੀ ਕੀਤਾ ਸੀ। ਪੰਜਾਬ ਸਰਕਾਰ ਨੇ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਉਚੇਰੀ ਸਿੱਖਿਆ ਦੇ ਅਦਾਰੇ ਖੋਲ੍ਹਣ ਸਬੰਧੀ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪੂਰਨ ਤੌਰ ’ਤੇ ਪਾਲਣਾ ਕੀਤੀ ਜਾਵੇ। ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਅਨੁਸਾਰ ਸਾਰੇ ਸਟਾਫ ਦਾ ਆਰਟੀ-ਪੀਸੀਆਰ ਕੋਵਿਡ ਟੈਸਟ ਕਰਵਾਊਣ ਲਈ ਕਿਹਾ ਗਿਆ ਸੀ। ਉਚੇਰੀ ਸਿੱਖਿਆ ਦੇ ਅਦਾਰਿਆਂ ਨੂੰ ਕਿਹਾ ਗਿਆ ਸੀ ਕਿ ਉਹ ਕੈਂਪਸ ਖੋਲ੍ਹਣ ਲਈ ਫੇਜ਼ ਵਾਈਜ਼ ਰੋਸਟਰ ਬਣਾਉਣਗੇ ਅਤੇ ਸਾਰੇ ਵਿਭਾਗਾਂ ਦਾ ਰੋਸਟਰ ਅਤੇ ਵਿਦਿਆਰਥੀਆਂ ਦੇ ਵੱਖੋ ਵੱਖਰੇ ਬੈਚ ਬਣਾਉਣਗੇ। ਪਹਿਲੇ ਫੇਜ਼ ਵਿਚ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਹੀ ਨਿੱਜੀ ਤੌਰ ’ਤੇ ਕਲਾਸਾਂ ਲਾਊਣ ਲਈ ਬੁਲਾਇਆ ਜਾਵੇਗਾ ਅਤੇ ਬਾਕੀ ਕਲਾਸਾਂ ਲਈ ਆਨਲਾਈਨ ਵਿਧੀ ਹੀ ਅਪਣਾਈ ਜਾਵੇਗੀ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕਿਸੇ ਵੀ ਦਿਨ 50 ਫੀਸਦੀ ਤੋਂ ਵੱਧ ਵਿਦਿਆਰਥੀ ਨਾ ਬੁਲਾਏ ਜਾਣ। ਜਿੱਥੋਂ ਤੱਕ ਸੰਭਵ ਹੈ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਆਨਲਈਨ ਹੀ ਊਪਲੱਬਧ ਕਰਵਾਈ ਜਾਵੇ। ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਅਦਾਰਿਆਂ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਜਗ੍ਹਾ ਉਪਲੱਬਧ ਹੈ, ਉਹ 50 ਫੀਸਦੀ ਵਿਦਿਆਰਥੀਆਂ ਨੂੰ ਨਿੱਜੀ ਤੌਰ ’ਤੇ ਬੁਲਾ ਸਕਦੇ ਹਨ। ਅਦਾਰੇ ਦਿਨ ਵਿਚ ਪੜ੍ਹਾਈ ਦੇ ਘੰਟੇ ਲੋੜ ਅਨੁਸਾਰ ਵਧਾ ਸਕਦੇ ਹਨ। ਵਿਦਿਆਰਥੀ ਅਤੇ ਸਟਾਫ ਕੋਵਾ ਅਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਗੇ, ਜਿਸ ਨੂੰ ਉਹ ਨਿਰੰਤਰ ਅਪਡੇਟ ਕਰਦੇ ਰਹਿਣਗੇ। ਇਨ੍ਹਾਂ ਤੋਂ ਇਲਾਵਾ ਅਦਾਰੇ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਟਾਸਕ ਫੋਰਸ ਦਾ ਗਠਨ ਕਰਨਗੇ। ਅਦਾਰਿਆਂ ਦੀ ਸਾਫ-ਸਫਾਈ ਅਤੇ ਸੈਨੀਟੇਸ਼ਨ ਯਕੀਨੀ ਬਣਾਇਆ ਜਾਵੇਗਾ, ਆਉਣ-ਜਾਣ ਵਾਲੇ ਹਰ ਇੱਕ ਵਿਅਕਤੀ ਦਾ ਰਿਕਾਰਡ ਰੱਖਿਆ ਜਾਵੇਗਾ, ਸੈਨੇਟਾਈਜ਼ਰ, ਥਰਮਲ ਸਕੈਨਰ ਆਦਿ ਦਾ ਲੋੜੀਂਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਹੋਸਟਲ ਵਿਚ ਸਮਰੱਥਾ ਤੋਂ ਅੱਧੇ ਵਿਦਿਆਰਥੀ ਹੀ ਰਹਿ ਸਕਣਗੇ।

  ਐਡਮਿੰਟਨ - ਕੋਰੋਨਾ ਦੇ ਵਧ ਰਹੇ ਲਗਾਤਾਰ ਕੇਸਾਂ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਸਿਹਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਹੋ ਸਕੇ ਤਾਂ ਉਹ ਦੇਸ਼ ਤੋਂ ਬਾਹਰ ਕਿਸੇ ਵੀ ਹੋਰ ਦੇਸ਼ ਨਾ ਜਾਣ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ | ਉਨ੍ਹਾਂ ਨਾਲ ਹੀ ਕਿਹਾ ਕਿ ਜੋ ਵੀ ਕਿਸੇ ਦੇਸ਼ ਜਾਂਦਾ ਹੈ ਤਾਂ ਉਸ ਦੀ ਵਾਪਸੀ ਤੈਅ ਸਮੇਂ 'ਤੇ ਹੋਣੀ ਹੁਣ ਮੁਸ਼ਕਿਲ ਹੋ ਸਕਦੀ ਕਿਉਂਕਿ ਜੇਕਰ ਦੇਸ਼ ਅੰਦਰ ਇਹ ਬਿਮਾਰੀ ਲਗਾਤਾਰ ਵਧਦੀ ਹੈ ਤਾਂ ਹਰ ਇਕ ਦੀ ਵਾਪਸੀ ਉਸ ਰਾਜ ਦੇ ਹਾਲਾਤ 'ਤੇ ਨਿਰਭਰ ਹੋਵੇਗੀ | ਇਸ ਲਈ ਵਾਪਸ ਆਉਣ ਵਾਲਾ ਵਿਅਕਤੀ ਸੋਚ ਸਮਝ ਕੇ ਹੀ ਜਾ ਸਕਦਾ ਹੈ | ਉਨ੍ਹਾਂ ਵੱਡੀ ਉਮਰ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਮੁਲਕ ਛੱਡ ਕੇ ਕਿਸੇ ਵੀ ਹੋਰ ਦੇਸ਼ ਵਿਚ ਜਾਣ ਤੋਂ ਗੁਰੇਜ਼ ਕਰਨ ਤੇ ਕੈਨੇਡਾ ਸਰਕਾਰ ਤੁਹਾਡੀ ਤੇ ਮਾਲ ਦੀ ਜ਼ਿੰਮੇਵਾਰ ਹੈ | ਜ਼ਿਕਰਯੋਗ ਹੈ ਕਿ 15 ਨਵੰਬਰ ਦੀ ਸ਼ਾਮ ਨੂੰ ਆਈ ਰਿਪੋਰਟ ਵਿਚ 907 ਨਵੇਂ ਕੇਸ ਆਏ ਹਨ ਤੇ ਪ੍ਰਧਾਨ ਮੰਤਰੀ ਤੇ ਸਿਹਤ ਮੰਤਰੀ ਨੇ ਕਿਹਾ ਕਿ ਓਂਟਾਰੀਓ ਵਾਂਗ ਅਲਬਰਟਾ ਨੂੰ ਤਾਲਾਬੰਦੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਹੋਰ ਨਵੇਂ ਕੇਸਾਂ 'ਚ ਵਾਧਾ ਨਾ ਹੋ ਸਕੇ |

  ਫਤਹਿਗੜ੍ਹ ਸਾਹਿਬ -  ਫ਼ਤਹਿਗੜ੍ਹ ਸਾਹਿਬ ਵਿਚ ਅਕਾਲੀ ਦਲ ਯੂਨਾਈਟਿਡ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਆ ਰਹੀਆਂ ਸੰਭਾਵਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਪੰਥਕ ਮੋਰਚਾ ਬਣਾ ਕੇ ਪੂਰੀ ਸ਼ਕਤੀ ਨਾਲ ਲੜਨ ਦਾ ਐਲਾਨ ਕੀਤਾ ਗਿਆ।ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਕਿਸਾਨ ਸੰਘਰਸ਼ ਦੀ ਬਿਨਾਂ ਸ਼ਰਤ ਹਮਾਇਤ ਜਾਰੀ ਰੱਖੀ ਜਾਵੇਗੀ। ਪਾਰਟੀ ਵਰਕਰ 26-27 ਨਵੰਬਰ ਦੇ ਦਿੱਲੀ ਧਰਨਿਆਂ ‘ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਪੰਥਕ ਮੋਰਚਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਪੰਥਕ ਸੇਵਾ ਲਹਿਰ ਸਣੇ ਹੋਰ ਧਾਰਮਿਕ ਜਥੇਬੰਦੀਆਂ ਅਤੇ ਦਲਿਤ ਜਥੇਬੰਦੀਆਂ ਨਾਲ ਗੱਲਬਾਤ ਹੋ ਚੁੱਕੀ ਹੈ। ਇਸ ਬਾਰੇ ਆਉਣ ਵਾਲੇ ਦਿਨਾਂ ’ਚ ਐਲਾਨ ਕਰ ਦਿੱਤਾ ਜਾਵੇਗਾ।
  ਉਨ੍ਹਾਂ ਦੋਸ਼ ਲਾਏ ਕਿ ਬਾਦਲ ਸਰਕਾਰ ਵੱਲੋਂ ਕਾਰਪੋਰੇਟ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ਵਿੱਚ ਅਰਬਾਂ ਰੁਪਏ ਦਾ ਘਪਲਾ ਹੋਇਆ ਹੈ। ਊਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਚਾਰ ਦਸੰਬਰ ਨੂੰ ਯੂਨਾਈਟਿਡ ਅਕਾਲੀ ਦਲ ਪਟਿਆਲਾ ਵਿਚ ਧਰਨਾ ਦੇਵੇਗਾ। ਉਨ੍ਹਾਂ ਦੋਸ਼ ਲਾਏ ਕਿ ਸੁਖਬੀਰ ਬਾਦਲ ਵੱਲੋਂ ਪੰਜਾਬ ਵਿੱਚ ਪੈਦੇ ਕੀਤੇ ਮਾਫੀਆ ਕੈਪਟਨ ਸਰਕਾਰ ਵਿੱਚ ਵੀ ਸਰਕਾਰੀ ਸਰਪ੍ਰਸਤੀ ਅਧੀਨ ਪ੍ਰਫੁੱਲਿਤ ਹੋ ਰਹੇ ਹਨ।
  ਇਸ ਮੌਕੇ ਬਹਾਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ, ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ, ਬਾਬਾ ਚਮਕੌਰ ਸਿੰਘ ਭਾਈਰੂਪਾ, ਜਸਵਿੰਦਰ ਸਿੰਘ ਘੋਲੀਆ, ਪ੍ਰਿੰਸੀਪਲ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ, ਹਰਵਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਸਤਵੰਤ ਸਿੰਘ ਮਾਣਕ ਤੇ ਅਸ਼ੋਕ ਕੁਮਾਰ ਮੌਂਗਾ ਆਦਿ ਵੀ ਮੌਜੂਦ ਸਨ।

  ਨਿਊਯਾਰਕ - ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਇਕ ਤਰ੍ਹਾਂ ਨਾਲ ਪੱਛਮ ਦੀ ਭਾਰਤ ਬਾਰੇ ਬਣੀ ਊਸ ਧਾਰਨਾ ਦੀ ਹੀ ਵਿਆਪਕ ਤਸਵੀਰ ਪੇਸ਼ ਕੀਤੀ ਗਈ ਹੈ ਜਿਸ ਮੁਤਾਬਕ ਇਥੇ ਹਿੰਸਾ ਅਤੇ ਸਿਆਸਤ; ਧਰਮ, ਜਾਤ-ਪਾਤ ਤੇ ਪਰਿਵਾਰਵਾਦ ਦੁਆਲੇ ਘੁੰਮਦੀ ਹੈ। ਊਨ੍ਹਾਂ ਲਿਖਿਆ ਹੈ ਕਿ ਲੱਖਾਂ ਲੋਕ ਗੰਦਗੀ ਅਤੇ ਝੁੱਗੀ-ਝੌਂਪੜੀਆਂ ’ਚ ਰਹਿੰਦੇ ਹਨ ਜਦਕਿ ਵੱਡੇ ਕਾਰੋਬਾਰੀ ਰਾਜਿਆਂ ਤੇ ਮੁਗਲਾਂ ਵਰਗਾ ਆਲੀਸ਼ਾਨ ਜੀਵਨ ਬਤੀਤ ਕਰ ਰਹੇ ਹਨ।
  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਊਨ੍ਹਾਂ ਕਿਹਾ ਹੈ ਕਿ ਊਹ ਸਭ ਤੋਂ ਤਾਕਤਵਰ ਸਿਆਸਤਦਾਨ ਬਣ ਕੇ ਊਭਰੀ ਜਿਸ ਨੇ ਘੱਟ ਗਿਣਤੀ ਫਿਰਕੇ ਦੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ। ਊਨ੍ਹਾਂ ਮੁਤਾਬਕ ਪਾਕਿਸਤਾਨ ਪ੍ਰਤੀ ਹਮਲਾਵਰ ਰੁਖ ਅਪਣਾ ਕੇ ਭਾਰਤ ਅੰਦਰ ਤੇਜ਼ੀ ਨਾਲ ਕੌਮੀ ਏਕਤਾ ਪੈਦਾ ਕੀਤੇ ਜਾਣ ਦੇ ਯਤਨ ਕੀਤੇ ਜਾਂਦੇ ਹਨ। ‘ਬਹੁਤੇ ਭਾਰਤੀ ਇਸ ਗੱਲ ’ਤੇ ਮਾਣ ਮਹਿਸੂਸ ਕਰਦੇ ਹਨ ਕਿ ਊਨ੍ਹਾਂ ਦੇ ਮੁਲਕ ਨੇ ਪਾਕਿਸਤਾਨ ਨਾਲ ਟਾਕਰੇ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ ਹਨ ਪਰ ਊਹ ਇਸ ਤੱਥ ਤੋਂ ਨਾਵਾਕਫ ਹਨ ਕਿ ਇਕ ਗਲਤੀ ਨਾਲ ਖ਼ਿੱਤੇ ਦਾ ਵਜੂਦ ਖ਼ਤਮ ਹੋਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ।’
  ਊਨ੍ਹਾਂ ਕਿਤਾਬ ਅੰਦਰ ਆਧੁਨਿਕ ਭਾਰਤ ਦੀ ਸਫ਼ਲ ਕਹਾਣੀ, ਸਰਕਾਰਾਂ ’ਚ ਵਾਰ-ਵਾਰ ਤਬਦੀਲੀ, ਸਿਆਸੀ ਪਾਰਟੀਆਂ ਅੰਦਰ ਕੁੜੱਤਣ, ਹਥਿਆਰਬੰਦ ਵੱਖਵਾਦੀ ਮੁਹਿੰਮਾਂ ਅਤੇ ਘੁਟਾਲਿਆਂ ਨੂੰ ਵੀ ਥਾਂ ਦਿੱਤੀ ਹੈ। ਊਨ੍ਹਾਂ ਲਿਖਿਆ ਕਿ 1990ਵਿਆਂ ’ਚ ਮੰਡੀ ਆਧਾਰਿਤ ਅਰਥਚਾਰੇ ਵੱਲ ਧਿਆਨ ਕੇਂਦਰਤ ਕਰਨ ਨਾਲ ਕਈ ਭਾਰਤੀ ਕਾਰੋਬਾਰੀ ਊੱਭਰੇ ਜਿਸ ਨਾਲ ਵਿਕਾਸ ਦਰ ’ਚ ਵਾਧਾ ਹੋਇਆ। ਅਰਥਚਾਰੇ ’ਚ ਹੁਲਾਰੇ ਨਾਲ ਮੱਧ ਵਰਗ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਸੁਧਾਰਾਂ ਨੇ ਲੱਖਾਂ ਲੋਕਾਂ ਨੂੰ ਗਰੀਬੀ ’ਚੋਂ ਕੱਢਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਓਬਾਮਾ ਨੇ ਲਿਖਿਆ ਹੈ ਕਿ ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੀਆ ਗਾਂਧੀ ਨੇ ਬਜ਼ੁਰਗ ਸਿੱਖ ਵਿਅਕਤੀ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਕਿਊਂਕਿ ਊਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਸੀ ਅਤੇ ਊਹ ਰਾਹੁਲ ਗਾਂਧੀ ਲਈ ਕੋਈ ਖ਼ਤਰਾ ਨਹੀਂ ਖੜ੍ਹਾ ਕਰ ਸਕਦੇ ਸਨ ਜਿਸ ਨੂੰ ਕਾਂਗਰਸ ਪਾਰਟੀ ਦੀ ਕਮਾਨ ਸੌਂਪਣ ਲਈ ਤਿਆਰ ਕੀਤਾ ਜਾ ਰਿਹਾ ਹੈ। ਊਹ ਮਨਮੋਹਨ ਸਿੰਘ ਤੋਂ ਪ੍ਰਭਾਵਿਤ ਦਿਖੇ ਜਿਨ੍ਹਾਂ ਨੂੰ ਊਨ੍ਹਾਂ ਅਕਲਮੰਦ, ਸੂਝਵਾਨ ਅਤੇ ਹੱਦ ਤੋਂ ਵੱਧ ਇਮਾਨਦਾਰ ਗਰਦਾਨਿਆ। ‘ਸਫ਼ੈਦ ਦਾਹੜੀ ਅਤੇ ਦਸਤਾਰ ਸਜਾਊਣ ਵਾਲਾ ਬੇਹਿਸਾਬ ਅਕਲਮੰਦ ਅਤੇ ਸ਼ਾਲੀਨ ਵਿਅਕਤੀ ਪੱਛਮ ਦੀ ਨਜ਼ਰ ’ਚ ਪਵਿੱਤਰ ਵਿਅਕਤੀ ਹੈ।’ ਓਬਾਮਾ ਨੇ 2010 ’ਚ ਜਦੋਂ ਰਾਤ ਦੇ ਭੋਜਨ ਸਮੇਂ ਇਕੱਲਿਆਂ ਗੱਲਬਾਤ ਕੀਤੀ ਸੀ ਤਾਂ ਮਨਮੋਹਨ ਸਿੰਘ ਨੇ ਭਾਜਪਾ ਦੇ ਊਭਾਰ ਦਾ ਖ਼ਦਸ਼ਾ ਜਤਾਇਆ ਸੀ ਅਤੇ ਓਬਾਮਾ ਨੇ ਲਿਖਿਆ ਹੈ ਕਿ ਊਹ ਵੀ ਹੈਰਾਨ ਸਨ ਕਿ ਜਦੋਂ ਮਨਮੋਹਨ ਸਿੰਘ ਅਹੁਦੇ ਤੋਂ ਲਾਂਭੇ ਹੋਣਗੇ ਤਾਂ ਮੁਲਕ ਦਾ ਕੀ ਬਣੇਗਾ। ਸੋਨੀਆ ਗਾਂਧੀ ਬਾਰੇ ਊਨ੍ਹਾਂ ਲਿਖਿਆ ਹੈ ਕਿ ਰਵਾਇਤੀ ਸਾੜੀ ’ਚ ਸੱਜੀ-ਫੱਬੀ ਊਹ ਰਾਜਸੀ ਹਸਤੀ ਦਾ ਅਹਿਸਾਸ ਕਰਵਾ ਰਹੀ ਸੀ। ਡਿਨਰ ਦੌਰਾਨ ਸੋਨੀਆ ਨੀਤੀਗਤ ਮਾਮਲਿਆਂ ’ਤੇ ਮਨਮੋਹਨ ਸਿੰਘ ਤੋਂ ਊਲਟ ਵਿਚਾਰ ਪ੍ਰਗਟਾ ਰਹੀ ਸੀ ਪਰ ਊਸ ਨੇ ਸਾਰੀ ਗੱਲਬਾਤ ਆਪਣੇ ਪੁੱਤਰ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ।
  ਰਾਹੁਲ ਬਾਰੇ ਓਬਾਮਾ ਨੇ ਕਿਹਾ ਕਿ ਊਸ ਨੇ ਅਗਾਂਹਵਧੂ ਸਿਆਸਤ ਬਾਰੇ ਗੱਲਬਾਤ ਕੀਤੀ ਅਤੇ ਕਈ ਵਾਰ 2008 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵੇਰਵਿਆਂ ਬਾਰੇ ਪੜਤਾਲ ਕੀਤੀ ਪਰ ਊਹ ਥੋੜ੍ਹਾ ਘਬਾਇਆ ਅਤੇ ਅਯੋਗ ਨਜ਼ਰ ਆਇਆ ਜਿਸ ’ਚ ਜਨੂੰਨ ਦੀ ਕਮੀ ਸੀ। ਓਬਾਮਾ ਨੇ ਕਾਲਜ ’ਚ ਭਾਰਤੀ ਅਤੇ ਪਾਕਿਸਤਾਨੀ ਦੋਸਤਾਂ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਊਸ ਨੂੰ ਦਾਲ ਅਤੇ ਕੀਮਾ ਬਣਾਊਣਾ ਸਿਖਾਇਆ ਅਤੇ ਬੌਲੀਵੁੱਡ ਫਿਲਮਾਂ ਦਿਖਾਈਆਂ। ਊਨ੍ਹਾਂ ਇੰਡੋਨੇਸ਼ੀਆ ’ਚ ਰਹਿੰਦਿਆਂ ਮਹਾਭਾਰਤ ਅਤੇ ਰਮਾਇਣ ਸੁਣਨ ਦਾ ਜ਼ਿਕਰ ਵੀ ਕੀਤਾ ਹੈ।

  ਹਰੀਕੇ ਪੱਤਣ - ਲੋਕ ਇਨਸਾਫ਼ ਪਾਰਟੀ ਵਲੋਂ ਪਾਣੀਆਂ ਦੀ ਕੀਮਤ ਵਸੂਲੀ ਲਈ 'ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ' ਤਹਿਤ ਹਰੀਕੇ ਪੱਤਣ ਤੋਂ ਚੰਡੀਗੜ੍ਹ ਤੱਕ ਚਾਰ ਰੋਜ਼ਾ ਪੰਜਾਬ ਅਧਿਕਾਰ ਯਾਤਰਾ ਸਤਲੁਜ-ਬਿਆਸ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਸ਼ੁਰੂ ਕੀਤੀ ਗਈ। ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਹਰੀਕੇ ਹੈੱਡ ਵਰਕਸ 'ਤੇ ਪੁੱਜੇ ਅਤੇ ਰਾਜਸਥਾਨ ਫੀਡਰ ਨਹਿਰ ਵਿਚੋਂ ਪਾਣੀ ਹੱਥਾਂ ਵਿਚ ਲੈ ਕੇ ਸਹੁੰ ਚੁੱਕੀ ਕਿ ਅਸੀਂ ਪੰਜਾਬ ਦੇ ਸੰਵਿਧਾਨਿਕ ਹੱਕਾਂ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਤੇ ਪਾਣੀਆਂ ਦੀ ਕੀਮਤ ਵਸੂਲੀ ਲਈ ਲੜਾਈ ਆਖਰੀ ਦਮ ਤੱਕ ਲੜਾਂਗੇ। ਇਸ ਮੌਕੇ ਸਮਾਗਮ ਦੌਰਾਨ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੁਨੀਆ ਅੰਦਰ ਕੁਦਰਤੀ ਖਜ਼ਾਨਾ ਕੋਲਾ, ਕੱਚਾ ਲੋਹਾ, ਤੇਲ, ਮਾਰਬਲ ਜਾਂ ਇਮਾਰਤੀ ਲੱਕੜ ਕਦੇ ਵੀ ਮੁਫ਼ਤ ਨਹੀਂ, ਫਿਰ ਸਾਡਾ ਪਾਣੀ ਦੂਜੇ ਰਾਜਾਂ ਨੂੰ ਮੁਫ਼ਤ ਕਿਉਂ ਦਿੱਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਵਲੋਂ ਪਾਣੀਆਂ ਦੀ ਕੀਮਤ ਵਸੂਲੀ ਲਈ 16 ਨਵੰਬਰ 2016 ਨੂੰ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਗਿਆ ਸੀ ਫ਼ਿਰ ਵੀ ਪਾਣੀ ਦੀ ਕੀਮਤ ਵਸੂਲੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਇਕੱਲੇ ਰਾਜਸਥਾਨ ਵੱਲ ਪਾਣੀ ਦਾ ਬਕਾਇਆ 16 ਲੱਖ ਕਰੋੜ ਤੋਂ ਵੀ ਵੱਧ ਹੈ, ਜਿਸ ਨਾਲ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ ਉੱਤਰ ਸਕਦਾ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਿਮਾਚਲ ਦਾ ਪਾਣੀ ਯਮੁਨਾ ਜ਼ਰੀਏ ਦਿੱਲੀ ਵਰਤ ਰਹੀ ਹੈ, ਉਸ ਪਾਣੀ ਦਾ ਦਿੱਲੀ 21 ਕਰੋੜ ਰੁਪਏ ਹਿਮਾਚਲ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਧਿਕਾਰ ਯਾਤਰਾ 16, 17, 18, 19 ਨਵੰਬਰ ਨੂੰ ਵੱਖ-ਵੱਖ ਪੜਾਅ ਕਰਦੀ ਹੋਈ ਚੰਡੀਗੜ੍ਹ ਪਹੁੰਚੇਗੀ ਅਤੇ 21 ਲੱਖ ਲੋਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਤਹਿਤ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਅੰਦਰ ਕੇਸ ਦਾਇਰ ਕਰਾਂਗੇ ਕਿ ਜਾਂ ਪਾਣੀ ਦੀ ਕੀਮਤ ਵਸੂਲ ਕਰੋ ਜਾਂ ਪਾਣੀ ਦੇਣਾ ਕਰੋ ਬੰਦ। ਇਸ ਮੌਕੇ ਜਸਬੀਰ ਸਿੰਘ ਭੁੱਲਰ ਪ੍ਰਧਾਨ ਫਿਰੋਜ਼ਪੁਰ, ਰਣਧੀਰ ਸਿੰਘ ਸਿਬਿਆ, ਰਾਜਪਾਲ ਸੋਨੀ ਫਿਰੋਜ਼ਪੁਰ, ਅਮਰੀਕ ਸਿੰਘ ਵਰਪਾਲ, ਬਲਦੇਵ ਸਿੰਘ ਜਥੇਬੰਦਕ ਸਕੱਤਰ, ਜਗਜੋਤ ਸਿੰਘ ਖਾਲਸਾ, ਸੁਖਦੇਵ ਸਿੰਘ ਚੱਕ ਕਿਸਾਨ ਵਿੰਗ, ਜਰਨੈਲ ਸਿੰਘ ਨੰਗਲ, ਹਰਪ੍ਰਭਮਹਿਲ ਸਿੰਘ ਨਵਾਂ ਸ਼ਹਿਰ, ਪ੍ਰਕਾਸ਼ ਸਿੰਘ ਮਾਹਲ, ਚਰਨਦੀਪ ਸਿੰਘ ਭਿੰਡਰ, ਅਰਜਨ ਸਿੰਘ ਚੀਮਾ ਆਦਿ ਹਾਜ਼ਰ ਸਨ।

  ਜਲੰਧਰ - ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ ਸ਼ਤਾਬਦੀ ਸਮਾਗਮ ਵਿਚ ਸਿੱਖ ਬੁੱਧੀਜੀਵੀਆਂ ਨੇ ਕਮੇਟੀ ਦੀ ਦਸ਼ਾ ਤੇ ਦਿਸ਼ਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਿਆਸਤ ਤੋਂ ਮੁਕਤ ਕਰਨ ਦੀ ਜ਼ਰੂਰਤ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਧਾਰਮਿਕ ਹਿਤਾਂ ਦੀ ਥਾਂ ਸਵਾਰਥੀ ਹਿਤ ਪ੍ਰਧਾਨ ਹੋ ਗਏ ਹਨ ਤੇ ਤਿਆਗ ਤੇ ਸੇਵਾ ਭਾਵਨਾ ਦੀ ਥਾਂ ਸਿੱਖ ਸੰਸਥਾਵਾਂ ਨੂੰ ਸਿਆਸੀ ਹਿਤਾਂ ਦੇ ਵਾਧੇ ਲਈ ਵਰਤਾਅ ਦਾ ਰੁਝਾਨ ਪ੍ਰਮੁੱਖਤਾ ਹਾਸਲ ਕਰ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਹੋ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਸਿਆਸਤ ਵਿਚ ਜੋ ਮਰਜ਼ੀ ਕਰਦੇ ਰਹੋ ਪਰ ਧਾਰਮਿਕ ਖੇਤਰ ਵਿਚ ਸਾਰੇ ਸਿੱਖਾਂ ਨੂੰ ਮੁੱਖ ਧਾਰਾ 'ਚ ਸ਼ਾਮਿਲ ਕਰਨਾ ਜ਼ਰੂਰੀ ਹੈ। ਉਨ੍ਹਾਂ ਸੁਝਾਅ ਰੂਪੀ ਇਹ ਗੱਲ ਵੀ ਆਖੀ ਕਿ ਮੌਜੂਦਾ ਮੁਹਿੰਮ ਸਿਆਸੀ ਬਦਲਾਅ ਲਈ ਨਹੀਂ ਸਗੋਂ ਪ੍ਰਬੰਧਕੀ ਸੁਧਾਰਾਂ ਲਈ ਹੋਣੀ ਚਾਹੀਦੀ ਹੈ। ਉੱਘੇ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਗੁਰਦੁਆਰਾ ਲਹਿਰ ਦੇ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਸੰਗਤ ਲਈ ਗੁਰੂ ਸਥਾਨ ਸਭ ਤੋਂ ਪਹਿਲੇ ਸਥਾਨ ਉੱਪਰ ਸੀ। ਮਹੰਤਾਂ ਨਾਲ ਸਿੱਖਾਂ ਦਾ ਝਗੜਾ ਇਸ ਗੱਲ ਤੋਂ ਹੋਇਆ ਸੀ ਕਿ ਉਹ ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦਾਂ ਸਮਝਣ ਲੱਗ ਪਏ ਸਨ। ਸਮਾਂ ਪੈਣ ਨਾਲ ਸਾਡੇ ਗੁਰਦੁਆਰਾ ਪ੍ਰਬੰਧ ਵਿਚ ਤਿਆਗ ਤੇ ਸੇਵਾ ਦੀ ਭਾਵਨਾ ਬੇਹੱਦ ਸੀਮਤ ਹੋ ਗਈ ਹੈ। ਉਨ੍ਹਾਂ ਕਈ ਉਦਾਹਰਨਾਂ ਦੇ ਕੇ ਦੱਸਿਆ ਕਿ ਜਦ ਵੱਡੇ ਬੰਦਿਆਂ ਨੇ ਸੇਵਾ ਲਈ ਆਪਣੇ ਅਹੁੱਦੇ ਤਿਆਗੇ ਪਰ ਅੱਜ ਸ਼੍ਰੋਮਣੀ ਕਮੇਟੀ ਅੰਦਰ ਅਫ਼ਸਰਸ਼ਾਹੀ ਰੁਝਾਨ ਭਾਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ 'ਚ ਆਗੂ ਧਾਰਮਿਕ ਤੇ ਸਿਆਸੀ ਸਰਗਰਮੀਆਂ 'ਚ ਫ਼ਰਕ ਰੱਖ ਕੇ ਚੱਲਦੇ ਸਨ ਪਰ ਹੁਣ ਤਾਕਤ ਹਾਸਲ ਕਰਨ ਲਈ ਆਗੂ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸ਼ੋਮਣੀ ਕਮੇਟੀ ਦੀਆਂ ਘਾਟਾਂ-ਕਮਜ਼ੋਰੀਆਂ ਨੂੰ ਜਾਂਚਣ ਤੇ ਅੱਗੇ ਦਾ ਪ੍ਰੋਗਰਾਮ ਤੈਅ ਕਰਨ ਲਈ ਕਮਿਸ਼ਨ ਸਥਾਪਤ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਰਹੇ ਡਾ. ਬਲਕਾਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧ ਦੀ ਨੈਤਿਕਤਾ ਹੈ ਤੇ ਬਹੁਤੀਆਂ ਖਾਮੀਆਂ ਇਸੇ ਕਰਕੇ ਆਈਆਂ ਹਨ ਕਿ ਸਿਆਸਤ ਭਾਰੂ ਹੋਣ ਨਾਲ ਨੈਤਿਕਤਾ ਹੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰ ਆਗੂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਰਾਹੀਂ ਆਪਣੀ ਸਿਆਸਤ ਅੱਗੇ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ 'ਚ ਆਏ ਨਿਘਾਰ ਲਈ ਕਿਸੇ ਇਕ ਧੜੇ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਫਿਰ ਇਕ ਧੜੇ ਵਿਰੁੱਧ ਬੋਲਣ ਨਾਲ ਅਸਲਾ ਹੋਲ ਨਹੀਂ ਹੋਣਾ, ਸਗੋਂ ਪੰਥਕ ਏਕਤਾ ਦਾ ਪ੍ਰੋਗਰਾਮ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਖਲਾਅ ਬਣਿਆ ਹੋਇਆ ਹੈ ਤੇ ਇਸ ਖਲਾਅ ਨੂੰ ਭਰਨ ਲਈ ਢੀਂਡਸਾ ਵਲੋਂ ਆਰੰਭਿਆ ਯਤਨ ਬੜਾ ਸਾਰਥਕ ਹੈ। ਸਿੱਖ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਬਾਰੇ ਇਤਿਹਾਸਕ ਹਵਾਲੇ ਦੇ ਕੇ ਇਸ ਦੇ ਪ੍ਰਬੰਧ 'ਚ ਵੱਡੇ ਸੁਧਾਰਾਂ ਦਾ ਸੱਦਾ ਦਿੱਤਾ। ਸੁਖਦੇਵ ਸਿੰਘ ਢੀਂਡਸਾ ਨੇ ਸਭ ਤੋਂ ਅਖੀਰ ਵਿਚ ਆਏ ਪੰਥਕ ਹਮਾਇਤੀਆਂ ਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਅੰਦਰ ਜਮਹੂਰੀਅਤ ਤੇ ਧਰਮ ਦੇ ਕੁੰਡੇ ਲਈ ਯਤਨਸ਼ੀਲ ਰਹਿਣਗੇ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲਾ ਆਗੂ ਫਿਰ ਸਿਆਸੀ ਜਾਂ ਸੰਵਿਧਾਨਕ ਅਹੁਦੇ ਦਾ ਦਾਅਵੇਦਾਰ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਉਹ ਸੰਤ ਭਿੰਡਰਾਂਵਾਲੇ, ਸੰਤ ਲੌਂਗੋਵਾਲ, ਸਿੱਖ ਫੈੱਡਰੇਸ਼ਨ ਦੇ ਵੱਖ-ਵੱਖ ਗਰੁੱਪਾਂ 'ਚ ਕੰਮ ਕਰਦੇ ਰਹੇ ਨਕਾਰੇ ਗਏ ਆਗੂਆਂ ਨਾਲ ਸੰਪਰਕ ਵਧ ਰਹੇ ਹਨ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਪਹਿਲਾਂ ਵੀ ਬਾਦਲ ਅਕਾਲੀ ਦਲ ਤੋਂ ਵੱਖ ਹੋ ਕੇ ਲੜਨ ਵਾਲੇ ਆਗੂ ਦੇ ਹਸ਼ਰ ਬਾਰੇ ਦਿੱਤੇ ਜਾ ਰਹੇ ਮੇਹਣਿਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗਾਇਬ ਹੋਣ ਵਰਗੀਆਂ ਗੱਲਾਂ ਨਹੀਂ ਸਨ ਹੋਈਆਂ। ਹੁਣ ਗੁਰੂ ਦੀ ਬੇਅਦਬੀ ਤੋਂ ਬਾਅਦ ਪਾਣੀ ਸਿਰਾਂ ਤੋਂ ਲੰਘ ਗਿਆ ਹੈ। ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਵਲੋਂ ਸੈਮੀਨਾਰ ਵਿਚ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿਚ ਆਪਾ ਧਾਪੀ ਦੇ ਮਾਹੌਲ 'ਚ ਪੰਥ ਦਰਦੀ ਸਿੱਖਾਂ ਨੂੰ ਸਿਰ ਜੋੜ ਕੇ ਬੈਠਣ ਤੇ ਸੰਵਾਦ ਰਚਾਉਣ ਉੱਪਰ ਜ਼ੋਰ ਦਿੱਤਾ ਗਿਆ। ਮੰਚ ਦੀ ਕਾਰਵਾਈ ਗੁਰਚਰਨ ਸਿੰਘ ਚੰਨੀ ਨੇ ਨਿਭਾਈ। ਇਸ ਮੌਕੇ ਢੀਂਡਸਾ ਨੇ ਸਾਬਕਾ ਐੱਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਦੇਸ ਰਾਜ ਧੁੱਗਾ ਤੇ ਭਾਈ ਮੋਹਕਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸੈਮੀਨਾਰ ਵਿਚ ਤੇਜਿੰਦਰਪਾਲ ਸਿੰਘ ਸੰਧੂ, ਅਨੂਪਿੰਦਰ ਕੌਰ ਸੰਧੂ, ਬੀਬੀ ਹਰਜੀਤ ਕੌਰ ਤਲਵੰਡੀ, ਸਿਮਰਜੀਤ ਕੌਰ ਸਿੱਧੂ, ਗੁਰਸ਼ੇਰ ਸਿੰਘ ਸ਼ੇਰਗਿੱਲ, ਰਾਜਬੀਰ ਸਿੰਘ ਐਡਵੋਕੇਟ, ਪ੍ਰਿੰ: ਇੰਦਰਜੀਤ ਸਿੰਘ, ਪ੍ਰੋ. ਜੇ.ਪੀ. ਸਿੰਘ, ਜਸਵੀਰ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ, ਮਾਸਟਰ ਜੌਹਰ ਸਿੰਘ, ਸਤਨਾਮ ਸਿੰਘ ਮਨਾਵਾਂ, ਮਨਜੀਤ ਸਿੰਘ ਮਨਾਵਾਂ, ਸਤਵਿੰਦਰ ਸਿੰਘ ਢੱਟ, ਪਰਮਜੀਤ ਸਿੰਘ ਰਾਏਪੁਰ, ਅਮਰਜੀਤ ਸਿੰਘ ਅਮਰੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਗਾਲ, ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ, ਟੀ.ਪੀ.ਐਸ. ਸੰਧੂ ਪਟਿਆਲਾ, ਸਤਵਿੰਦਰ ਸਿੰਘ ਧੱਟ, ਬੀਬੀ ਇੰਦਰਜੀਤ ਕੌਰ, ਬੀਬੀ ਟੀ.ਪੀ.ਐਸ. ਸੰਧੂ, ਰਾਜਿੰਦਰ ਸਿੰਘ ਕਾਂਝਲਾ, ਅਮਰਪਾਲ ਸਿੰਘ ਖੇੜਾ, ਸਰੂਪ ਸਿੰਘ ਢੇਸੀ ਤੇ ਜਗਜੀਤ ਸਿੰਘ ਗਾਬਾ ਆਦਿ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

  ਅੰਮ੍ਰਿਤਸਰ - ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਆਖਿਆ ਕਿ ਉਹ ਕਿਸਾਨ ਅੰਦੋਲਨ ਦੇ ਹੱਕ ਵਿਚ ਢਾਲ ਬਣ ਕੇ ਅੱਗੇ ਆਵੇ। ਬੰਦੀ ਛੋੜ ਦਿਵਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਗੁਰੂ ਘਰ ਵਿਚ ਨਤਮਸਤਕ ਹੋਈ।
  ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਨਾਂ ਦਿੱਤੇ ਆਪਣੇ ਸੰਦੇਸ਼ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂਆਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਪੱਧਰ ’ਤੇ ਆਵਾਜ਼ ਉਠਾਈ ਅਤੇ ਲੋੜ ਪੈਣ ’ਤੇ ਸ਼ਹਾਦਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਕਿਸਾਨ, ਬਜ਼ੁਰਗ, ਬੱਚੇ, ਬੀਬੀਆਂ ਤੇ ਨੌਜਵਾਨ ਸੰਘਰਸ਼ ਕਰ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਰਤਮਾਨ ਹੁਕਮਰਾਨ ਸਰਮਾਏਦਾਰ ਧਿਰ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ, ਇਸ ਲਈ ਖ਼ਾਲਸਾ ਪੰਥ ਕਿਸਾਨ ਅੰਦੋਲਨ ਦੇ ਹੱਕ ਵਿਚ ਢਾਲ ਬਣ ਕੇ ਅੱਗੇ ਆਵੇ। ਉਨ੍ਹਾਂ ਕਰੋਨਾਵਾਇਰਸ ਮਹਾਮਾਰੀ ਦੌਰਾਨ ਸਿੱਖ ਕੌਮ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਗੁਰਮਤਿ ਦੀ ਰੌਸ਼ਨੀ ਵਿੱਚ ਕਰੇ। ਉਨ੍ਹਾਂ ਘੱਟ ਗਿਣਤੀਆਂ, ਅਨੁਸੂਚਿਤ ਵਰਗਾਂ, ਆਦਿਵਾਸੀਆਂ ਸਣੇ ਹਰ ਆਮ ਨਾਗਰਿਕ ਦੇ ਅਧਿਕਾਰ ਖੋਹਣ ’ਤੇ ਫ਼ਿਕਰ ਦਾ ਪ੍ਰਗਟਾਵਾ ਕੀਤਾ।
  ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਆਦਿ ਨੇ ਵੀ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਪ੍ਰਦਾਵਾਂ ਦੇ ਨੁਮਾਇੰਦਿਆਂ ਨੂੰ ਸਿਰੋਪਾਓ ਨਾਲ ਸਨਮਾਨਿਆ ਗਿਆ।
  ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੀ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣ ਲਈ ਪੁੱਜੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਘੰਟਾ ਘਰ ਪਲਾਜ਼ਾ ਵਿੱਚ ਹੀ ਰੋਕ ਲਿਆ। ਭਾਈ ਮੰਡ ਨੇ ਇਸ ਮੌਕੇ ਮੀਡੀਆ ਰਾਹੀਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿਚ ਵਿਗਾੜ ਨੂੰ ਖ਼ਤਮ ਕਰਨ, ਸੰਸਥਾਵਾਂ ਨੂੰ ਆਜ਼ਾਦ ਕਰਾਉਣ ਅਤੇ ਧੜੇਬੰਦੀਆਂ ਖ਼ਤਮ ਕਰਨ ਲਈ ਸੁਧਾਰ ਲਹਿਰ ਆਰੰਭਣ ਦਾ ਸੱਦਾ ਦਿੱਤਾ। ਊਨ੍ਹਾਂ ਕਿਸਾਨਾਂ ਲਈ ਅਰਦਾਸ ਕਰਦਿਆਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ।

  ਅੰਮ੍ਰਿਤਸਰ - ਸਿੱਖ ਜਥੇਬੰਦੀਆਂ ਵੱਲੋਂ ਬਣਾਏ ਪੰਥਕ ਏਕਤਾ ਮੋਰਚੇ ਦੇ ਆਗੂਆਂ ਨੇ ਅੱਜ ਅਕਾਲ ਤਖ਼ਤ ’ਚ ਅਰਦਾਸ ਕੀਤੀ ਹੈ। ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਪੰਥਕ ਏਕਤਾ ਮੋਰਚੇ ਵੱਲੋਂ 27 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਸਮੇਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਕਸੂਰਵਾਰਾਂ ਖ਼ਿਲਾਫ਼ ਪੁਲੀਸ ਕੇਸ ਤੇ ਲਾਪਤਾ ਸਰੂਪਾਂ ਦਾ ਪਤਾ ਦੱਸਣ ਦੀ ਮੰਗ ਕੀਤੀ ਜਾਵੇਗੀ। ਅਰਦਾਸ ਵਿਚ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਸਣੇ ਤਰਲੋਚਨ ਸਿੰਘ ਸੋਹਲ, ਮਨਜੀਤ ਸਿੰਘ ਝਬਾਲ ਤੇ ਹੋਰ ਸ਼ਾਮਲ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com