ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਨਵੀਂ ਬਣੀ ‘ਜਾਗੋ’ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਹੇਠ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਵੱਲੋਂ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਜੀਕੇ ਖ਼ਿਲਾਫ਼ ਸਾਲ 2013 ਤੋਂ 2019 ਦਰਮਿਆਨ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਵਿੱਚ ਸ੍ਰੀ ਜੀਕੇ ਸਮੇਤ ਉਨ੍ਹਾਂ ਦੇ ਤਤਕਾਲੀ ਪੀਏ ਤੇ ਇੱਕ ਹੋਰ ਅਹੁਦੇਦਾਰ ਦੇ ਨਾਂ ਵੀ ਸ਼ਾਮਲ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਪ੍ਰਧਾਨ ਰਹਿੰਦੇ ਹੋਏ ਸ੍ਰੀ ਜੀਕੇ ਨੇ ਦਾਨ ਵਜੋਂ ਮਿਲੇ ਡਾਲਰਾਂ ਸਮੇਤ 50 ਲੱਖ ਅਤੇ 30 ਲੱਖ ਰੁਪਏ ਦੀ ਕਥਿਤ ਹੇਰਾਫੇਰੀ ਕੀਤੀ। ਇਸ ਤੋਂ ਪਹਿਲਾਂ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਪਟਿਆਲਾ ਹਾਊਸ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਕਾਰਕੁਨ ਵੱਲੋਂ ਵੀ ਦਿੱਲੀ ਕਮੇਟੀ ਖ਼ਿਲਾਫ਼ ਸ਼ਿਕਾਇਤ ਮਗਰੋਂ ਕੇਸ ਦਰਜ ਹੋਇਆ ਤੇ ਉਹ ਮਾਮਲਾ ਵੀ ਸ੍ਰੀ ਜੀਕੇ ਦੇ ਕਾਰਜਕਾਲ ਦੌਰਾਨ ਟੈਂਟਾਂ ਦੇ ਪੇਸ਼ ਕੀਤੇ ਗਏ ਬਿੱਲਾਂ ਨਾਲ ਸਬੰਧਤ ਹੈ ਜੋ ਧਾਰਮਿਕ ਸੰਸਥਾ ਦਿੱਲੀ ਕਮੇਟੀ ਖ਼ਿਲਾਫ਼ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਦਰਜ ਹੋਇਆ ਸੀ। ਇਨ੍ਹਾਂ ਕੁੱਲ ਤਿੰਨ ਮੁਕੱਦਮਿਆਂ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ ਗਰਮਾਈ ਹੋਈ ਹੈ।

  - ਭਾਈ ਗੋਬਿੰਦ ਸਿੰਘ ਲੌਂਗੋਵਾਲ
  ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
  ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਇਆਂ ਇਕ ਸਦੀ ਪੂਰੀ ਹੋ ਚੁੱਕੀ ਹੈ। ਇਸ ਦੀ ਸਥਾਪਨਾ 15 ਨਵੰਬਰ 1920 ਨੂੰ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਸੀ। ਵੱਡੀਆਂ ਕੁਰਬਾਨੀਆਂ ਇਸ ਦੀ ਸਥਾਪਨਾ ਪਿੱਛੇ ਸ਼ਕਤੀ ਸੋਮਾ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਅਤੇ ਜੁਗਤਿ ਦੀ ਰੌਸ਼ਨੀ ਵਿਚ ਗੁਰਮਤਿ ਸਿਧਾਂਤਾਂ ਦੀ ਬਹਾਲੀ ਅਤੇ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਬਰਕਰਾਰ ਰੱਖਣ ਵਾਸਤੇ ਖ਼ਾਲਸਾ ਪੰਥ ਨੇ ਆਪਣੀ ਇਸ ਨਿਰਾਲੀ ਪੰਥਕ ਜਥੇਬੰਦੀ ਦੀ ਸਥਾਪਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੌ ਸਾਲਾਂ ਦੇ ਸਫ਼ਰ ਦੌਰਾਨ ਜਿਥੇ ਕਈ ਉਤਰਾਅ-ਚੜਾਅ ਦੇਖੇ ਹਨ, ਉਥੇ ਹੀ ਇਸ ਦੀਆਂ ਪ੍ਰਾਪਤੀਆਂ ਦੀ ਸੂਚੀ ਵੀ ਬਹੁਤ ਵੱਡੀ ਹੈ।

  ਚੰਡੀਗੜ੍ਹ -  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਖੁਦ-ਮੁਖਤਿਆਰ ਧਾਰਮਿਕ ਸੰਸਥਾ ਬਣਾਉਣ ਲਈ ਅਤੇ ਮਿਥੇ ਸਮੇਂ ਤੇ ਚੋਣਾਂ ਕਰਵਾਉਣ ਲਈ ਸਿੱਖ ਪੰਥ ਸਥਾਈ ਗੁਰਦਵਾਰਾ ਕਮਿਸ਼ਨ ਸਥਾਪਤ ਕਰਕੇ ਦਿੱਲੀ ਦਰਬਾਰ ਦੀ ਸਿਆਸੀ ਚੁੰਗਲ ਤੋਂ ਮੁਕਤੀ ਪਾਵੇ।

  ਮੌਜੂਦਾਂ ਗੁਰਦਵਾਰਾ ਐਕਟ ਰਾਹੀਂ ਮਿਲੇ ਅਧਿਕਾਰਾਂ ਦੀ ਦੁਰ ਵਰਤੋਂ ਕਰਦਿਆਂ, ਦਿੱਲੀ ਦੇ ਹਾਕਮ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਦੇ ਵੀ ਸਮੇਂ ਸਿਰ ਕਮੇਟੀ ਦੀ ਚੋਣ ਨਹੀਂ ਕਰਵਾਉਦੇ। ਇਸ ਕਰਕੇ ਚੋਣਾਂ ਕਦੇ 14 ਸਾਲਾਂ ਅਤੇ ਕਦੇ 17 ਸਾਲਾਂ ਬਾਅਦ ਕਰਵਾਈਆਂ ਜਾਂਦੀਆ ਰਹੀਆ। ਕਮੇਟੀ ਚੋਣਾਂ 2011 ਤੋਂ ਬਾਅਦ ਨਹੀਂ ਹੋਈਆਂ। ਐਕਟ ਵਿੱਚ ਕੋਈ ਵੀ ਅਜੇਹੀ ਮੱਦ ਨਹੀਂ ਕਿ ਚੋਣਾਂ ਹਰ ਹਾਲਤ ਵਿੱਚ ਪੰਜਾਂ ਸਾਲਾਂ ਬਾਅਦ ਹੀ ਹੋਣਗੀਆਂ ਅਤੇ ਨਾ ਹੀ ਮਿਆਦ ਖਤਮ ਹੋਣ ਤੇ ਕਮੇਟੀ ਹਾਊਸ ਨੂੰ ਭੰਗ ਕਰਨ ਦੀ ਮਦ ਹੈ।

  ਮੌਜੂਦਾਂ ਗੁਰਦੁਵਾਰਾ ਐਕਟ, ਜਿਹੜਾ ਅੰਗਰੇਜ਼ਾਂ ਨੇ 100 ਸਾਲ ਪਹਿਲਾਂ, ਸਿੱਖ ਧਾਰਮਿਕ ਸੰਸਥਾਵਾਂ ਉੱਤੇ ਕੰਟਰੋਲ ਰੱਖਣ ਥੋਪਿਆ ਸੀ, ਉਹ ਅਜ਼ਾਦੀ ਤੋਂ ਬਾਅਦ ਵੀ ਜਿਉਂ ਦਾ ਤਿਉਂ ਚਲਦਾ ਆ ਰਿਹਾ ਹੈ। ਜਿਸ ਕਰਕੇ, ਦਿਲੀ ਦੇ ਹਾਕਮਾਂ ਕੋਲ ਸਿਰਫ ਚੋਣਾਂ ਕਰਨ ਦਾ ਹੀ ਅਧਿਕਾਰ ਨਹੀਂ ਬਲਕਿ ਉਹਨਾਂ ਕੋਲ ਗੁਰਦਵਾਰਾ ਜੁਡੀਸ਼ਲ ਕਮਿਸ਼ਨ ਨੂੰ ਨਾਮਜਾਦ ਕਰਨ ਦੇ ਵੀ ਅਧਿਕਾਰ ਹਨ, ਜਿਸ ਕੋਲ ਟੈਕਸ ਲਾਉਣ, ਜਾਇਦਾਤ ਦੇ ਝਗੜੇ ਅਤੇ ਸਿੱਖ ਹੋਣ ਦੀ ਪਰਿਭਾਸ਼ਾ ਵਰਗੇ ਨਾਜ਼ੁਕ ਮਸਲਿਆਂ ਉੱਤੇ ਫੈਸਲੇ ਕਰਨ ਦਾ ਅਧਿਕਾਰ ਹੈ। ਇਸ ਤੋਂ ਇਲਾਵਾ, ਭਾਰਤੀ ਸੰਵਿਧਾਨ ਦੀ ਧਾਰਾ 26 ਅਤੇ 27 ਖਾਸ ਕਰਕੇ, ਸਿੱਖਾਂ ਦੇ ਟਰੱਸਟਾਂ ਅਤੇ ਧਾਰਮਿਕ ਅਦਾਰਿਆਂ ਨੂੰ ਸੰਚਾਲਨ ਕਰਨ ਦੇ ਅਧਿਕਾਰ ਰੱਖਦਾ ਹੈ।

  ਅੰਗਰੇਜ਼ਾਂ ਵੱਲੋਂ ਇਕ ਸਦੀ ਪਹਿਲਾ ਲਾਗੂ ਕੀਤੀ ਚੋਣ ਵਿਧੀ ਜਿਸਨੂੰ ‘ਫਸਟ-ਪਾਸਟ-ਦੀ-ਪੋਸਟ’ ਕਹਿੰਦੇ ਹਨ, ਅਜੇ ਨਿਰੰਤਰ ਚਲ ਰਹੀ ਹੈ ਜਿਸ ਰਾਹੀਂ ਛੋਟੇ ਸਿੱਖ ਗੁਰੱਪਾਂ ਨੂੰ ਕਦੇ ਵੀ ਕਮੇਟੀ ਵਿੱਚ ਪ੍ਰਤੀਨਿਧਤਾ ਨਹੀਂ ਮਿਲ ਸਕਦੀ। ਇਸ ਪ੍ਰਣਾਲੀ ਨੂੰ ਦੁਨੀਆਂ ਦੇ ਬਹੁਤੇ ਮੁਲਕਾਂ ਨੇ ਛੱਡ ਦਿੱਤਾ ਹੈ। ਜਿਸ ਕਰਕੇ, ਸਿੱਖ ਵੀ ਇਸ ਨੂੰ ਬਦਲ ਕੇ, ਪਰੋਪੋਰਸ਼ਨਲ ਵਿਧੀ ਲਾਗੂ ਕਰਨ।

  ਪੰਜਾਬੀ ਸੂਬੇ ਦੇ 1966 ਵਿੱਚ ਬਣਨ ਪਿੱਛੋਂ, ਕੇਂਦਰੀ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੂੰ ਅੰਤਰ-ਰਾਜੀ ਕਾਰਪੋਰਸ਼ਨ ਐਲਾਣ ਦਿੱਤਾ। ਪੰਜਾਬ ਸਰਕਾਰ ਤੋਂ ਗੁਰਦਵਾਰਾ ਐਕਟ ਦਾ ਕੰਟਰੋਲ ਖੋਹਕੇ ਕੇਂਦਰੀ ਸਰਕਾਰ ਨੇ ਪਾਰਲੀਮੈਂਟ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਦੇ ਦਿੱਤਾ ਹੈ। ਕਮੇਟੀ ਦੇ 170 ਮੈਂਬਰਾਂ ਵਿੱਚੋਂ ਸਿਰਫ 12 ਮੈਂਬਰਾਂ ਹਰਿਆਣਾਂ ਅਤੇ ਇੱਕ-ਇੱਕ ਮੈਂਬਰ ਹਿਮਾਚਲ ਅਤੇ ਚੰਡੀਗੜ੍ਹ ਵਿੱਚੋਂ ਚੁਣੇ ਜਾਂਦੇ ਹਨ। ਡੇਢ ਸੌ ਤੋਂ ਵੱਧ ਮੈਂਬਰਾਂ ਦੀ ਚੋਣ ਪੰਜਾਬ ਵਿੱਚੋਂ ਹੋਣ ਕਰਕੇ, ਐਕਟ ਪੰਜਾਬ ਸਰਕਾਰ ਅਧੀਨ ਹੀ ਹੋਣਾ ਚਾਹੀਦਾ। ਅਜੀਹੀਆਂ ਅਨੈਕਾਂ ਐਕਟ ਵਿੱਚ ਵਿਰੋਧਾਈਆਂ ਹੋਣ ਕਰਕੇ ਕਮੇਟੀ, ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਅਸਿੱਧਾਂ ਕੰਟਰੋਲ ਦਿੱਲੀ ਦਰਬਾਰ ਕੋਲ ਹੀ ਹੈ। ਇਹਨਾਂ ਸਿੱਖ ਧਾਰਮਿਕ ਅਦਾਰਿਆਂ ਨੂੰ ਮੁਕਤ ਕਰਾਕੇ, ਹੀ ਸਿੱਖ ਧਰਮ ਰਾਸ਼ਟਰਵਾਦੀਆਂ ਤੋਂ ਪੂਰਨ ਅਜ਼ਾਦ ਕਰਵਾਇਆ ਜਾ ਸਕਦਾ ਅਤੇ ਪੰਥਕ ਏਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਡੀ ਸਿੱਖ ਚਿੰਤਕਾਂ ਨੂੰ ਅਪੀਲ ਹੈ ਕਿ ਉਹ ਆਉਦੀਆਂ ਕਮੇਟੀ ਦੀਆਂ ਚੋਣਾਂ ਵਿੱਚ ਗੁਰਦਵਾਰਾ ਐਕਟ ਵਿੱਚ ਵੱਡੀਆਂ ਤਰਮੀਮਾਂ ਕਰਵਾਉਣ ਲਈ ਜਦੋ-ਜਹਿਦ ਕਰਨ ਸਿਰਫ ਕਮੇਟੀ ਵਿੱਚ ਸੱਤਾ ਤਬਦੀਲੀ ਤੱਕ ਮਹਿਦੂਦ ਨਾ ਰਹਿਣ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਸੌ ਸਾਲਾਂ ਦੇ ਇਤਿਹਾਸ ਬਾਰੇ ਟਿੱਪਣੀ ਕਰਦਿਆਂ ਹਵਾਰਾ ਕਮੇਟੀ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਖਾਤਰ ਸਿੱਖ ਸੰਸਥਾ ਦੇ ਸੁਨਹਿਰੀ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਵਲੋਂ ਜਾਰੀ ਇਕ ਬਿਆਨ ਰਾਹੀਂ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਦਿਲਸ਼ੇਰ ਸਿੰਘ, ਬਲਬੀਰ ਸਿੰਘ ਤੇ ਮਹਾਂਵੀਰ ਸਿੰਘ ਸਣੇ ਹੋਰਨਾਂ ਨੇ ਆਖਿਆ ਕਿ ਸਿੱਖ ਸੰਸਥਾ ਦੀ ਸਥਾਪਨਾ ਦਾ ਮੁੱਖ ਮੰਤਵ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ, ਧਰਮ ਪ੍ਰਚਾਰ ਅਤੇ ਸਿੱਖ ਧਾਰਮਿਕ ਸਮੱਸਿਆਵਾਂ ਦਾ ਹੱਲ ਕਰਨਾ ਸੀ, ਪਰ ਸਿੱਖ ਸੰਸਥਾ ਆਪਣੇ ਮੰਤਵ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। 1996 ਵਿਚ ਅਕਾਲੀ ਦਲ ਨੇ ਮੋਗਾ ਕਾਨਫਰੰਸ ਰਾਹੀਂ ਸਿਆਸੀ ਜਥੇਬੰਦੀ ਦਾ ਪੰਥਕ ਚਿਹਰਾ ਬਦਲ ਦਿੱਤਾ ਹੈ। ਸਿੱਟੇ ਵਜੋਂ ਪੰਥ ਦੀ ਪਹਿਰੇਦਾਰੀ ਕਰਨ ਵਾਲੀਆਂ ਜਥੇਬੰਦੀਆਂ ਕੁਝ ਮੁੱਦਿਆਂ ਤਕ ਸੀਮਤ ਹੋ ਕੇ ਰਹਿ ਗਈਆਂ। ਹਵਾਰਾ ਕਮੇਟੀ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁਟ ਹੋਣ ਤਾਂ ਜੋ ਸਿੱਖ ਸੰਸਥਾਵਾਂ ਨੂੰ ਬਾਦਲਾਂ ਤੋੋਂ ਮੁਕਤ ਕਰਾਇਆ ਜਾ ਸਕੇ।

  ਨਵੀਂ ਦਿੱਲੀ - ਦਿੱਲੀ ‘ਚ ਪਾਬੰਦੀ ਦੇ ਬਾਵਜੂਦ ਦੇਰ ਰਾਤ ਪਟਾਕੇ ਚੱਲਦੇ ਰਹੇ। ਲੋਕਾਂ ਨੇ ਸ਼ਰੇਆਮ ਐਨਜੀਟੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਪਟਾਕੇ ਚੱਲਣ ਕਾਰਨ ਕਈ ਇਲਾਕਿਆਂ ‘ਚ ਏਅਰ ਕੁਆਲਿਟੀ ਇਨਡੈਕਸ (AQI) 1000 ਦੇ ਕਰੀਬ ਪਹੁੰਚਿਆ। ਦਿੱਲੀ ਦੇ ਪਾਲਮ ‘ਚ ਖੁੱਲ੍ਹੇਆਮ ਪਟਾਕੇ ਚਲਾਏ ਗਏ। ਆਤਿਸ਼ਬਾਜੀ ਲਗਾਤਾਰ ਹੁੰਦੀ ਰਹੀ। ਜਿਸ ਕਾਰਨ ਸੜਕਾਂ ‘ਤੇ ਪਟਾਕਿਆਂ ਦਾ ਕਚਰਾ ਵੀ ਦੇਖਿਆ ਗਿਆ। ਦਿੱਲੀ ਦੇ ਪਾਂਡਵ ਨਗਰ ‘ਚ ਵੀ ਪਾਬੰਦੀ ਦੇ ਬਾਵਜੂਦ ਪਟਾਕਿਆਂ ਨੂੰ ਅੱਗ ਲਾਈ ਗਈ ਜਿਸ ਕਾਰਨ ਚਾਰੇ ਪਾਸੇ ਧੁੰਦ ਛਾਈ ਰਹੀ।
  ਆਨੰਦ ਵਿਹਾਰ ‘ਚ AQI 451 ਤੋਂ ਵਧ ਕੇ 881, ਦੁਆਰਕਾ ‘ਚ 430 ਤੋਂ ਵਧ ਕੇ 896 ਤੇ ਗਾਜੀਆਬਾਦ ‘ਚ 456 ਤੋਂ ਵਧ ਕੇ 999 ਪਹੁੰਚ ਗਿਆ। ਦੁਆਰਕਾ ‘ਚ 430, ਆਈਟੀਓ ‘ਚ 449, ਚਾਂਦਨੀ ਚੌਕ ‘ਚ 414 ਤੇ ਲੋਧੀ ਰੋਡ ‘ਚ ਏਅੜ ਕੁਆਲਿਟੀ ਇੰਡੈਕਸ 389 ਦਰਜ ਕੀਤਾ ਗਿਆ। ਰਾਤ 12 ਵਜੇ ਦਿੱਲੀ ਦੇ ਆਰਕੇ ਆਸ਼ਰਮ ਤੇ ਮਦਰ ਡੇਅਰੀ ‘ਚ ਵੀ AQI ਲੈਵਲ 999 ਰਿਕਾਰਡ ਕੀਤਾ ਗਿਆ।
  AQI ਪੱਧਰ ਤੋਂ 400 ਤੋਂ ਉਤਾਂਹ ਜਾਵੇ ਤਾਂ ਇਸ ਦਾ ਮਤਲਬ ਸਾਹ ਦੀ ਬਿਮਾਰੀ ਵਾਲਿਆਂ ਲਈ ਬੇਹੱਦ ਖਤਰਨਾਕ ਹੁੰਦਾ ਹੈ। ਕੋਰੋਨਾ ਕਾਲ ‘ਚ ਇਹ ਹੋਰ ਵੀ ਜਿਆਦਾ ਖਤਰਨਾਕ ਹੈ। ਦਿੱਲੀ ਹੀ ਨਹੀਂ ਪੂਰੇ ਐਨਸੀਆਰ ਦੀ ਹੀ ਅਜਿਹੀ ਹਾਲਤ ਹੈ। ਇੰਡੀਆ ਗੇਟ, ਨਹਿਰੂ ਪੈਲੇਸ, ਸਾਊਥ ਐਕਸ, ਨੌਇਡਾ, ਗਾਜੀਆਬਾਦ ਤੇ ਗੁਰੂਗ੍ਰਾਮ ਹਰ ਪਾਸੇ ਰਾਤ ਭਰ ਖੂਬ ਪਟਾਕੇ ਵੱਜੇ ਤੇ ਪੂਰਾ ਇਲਾਕਾ ਧੂੰਆਂ-ਧੂੰਆਂ ਹੋ ਗਿਆ। ਦਿੱਲੀ NCR ‘ਚ 30 ਨਵੰਬਰ ਤਕ ਪਾਟਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ‘ਤੇ ਰੋਕ ਹੈ। ਨਿਯਮ ਤੋੜਨ ਵਾਲਿਆਂ ‘ਤੇ ਇਕ ਲੱਖ ਰੁਪਏ ਤਕ ਜੁਰਮਾਨਾ ਹੈ। ਪਰ ਦੀਵਾਲੀ ‘ਤੇ ਦਿੱਲੀ ਵਾਲਿਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਖੂਬ ਪਟਾਕੇ ਚਲਾਏ।

  ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੇ ਅੱਜ ਦੀਵਾਲੀ ਮੌਕੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰਦੇ ਹੋਏ ਕਾਲੀ ਦੀਵਾਲੀ ਮਨਾਈ।ਮੋਦੀ ਸਰਕਾਰ ਵੱਲੋਂ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਨ ਅਤੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨ ਨੇ ਪਿੰਡਾਂ ਵਿੱਚ ਅਰਥੀ ਫੂਕ ਮੁਜਾਹਰੇ ਕੱਢੇ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਕਿਸਾਨ ਨਾਲ ਮੀਟਿੰਗ ਮਗਰੋਂ ਖੇਤੀਬਾੜੀ ਮੰਤਰੀ ਦਾ ਇਹ ਬਿਆਨ ਗੱਲਬਾਤ ਦੇ ਮਾਹੌਲ ਨੂੰ ਖਰਾਬ ਕਰਨ ਵਾਲਾ ਹੈ।
  ਕਿਸਾਨ ਆਗੂਆਂ ਨੇ ਪਿੰਡ ਪੰਧੇਰ ਕਲਾਂ ਕਸਬਾ ਮਜੀਠਾ , ਅੰਤਰਰਾਜੀ ਬੱਸ ਅੱਡਾ ਅੰਮ੍ਰਿਤਸਰ , ਪਿੰਡ ਚੱਬਾ ਵਿਖੇ ਅੰਮ੍ਰਿਤਸਰ ਹਰੀਕੇ ਮਾਰਗ ਜਾਮ ਕਰਕੇ ਆਪ ਅਗਵਾਈ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ।
  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਸ਼ਨੀਵਾਰ ਨੂੰ ਜੰਡਿਆਲਾ ਗੁਰੂ 'ਚ ਚੱਲ ਰਿਹਾ ਰੇਲ ਰੋਕੋ ਅੰਦੋਲਨ 52 ਵੇਂ ਦਿਨ ਦਾਖਲ ਹੋ ਗਿਆ।ਸ਼ਨੀਵਾਰ ਨੂੰ ਕੇਂਦਰ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੀ ਗੱਲਬਾਤ ਬੇਸਿੱਟਾ ਰਹੀ ਸੀ। ਦਿੱਲੀ ਵਿੱਚ ਗੱਲਬਾਤ ਕਰਨ ਗਏ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਸਾਨੂੰ 3 ਖੇਤੀ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਦੇ ਇੰਨਾਂ ਬੁਰੇ ਪੱਖਾਂ ਦਾ ਪਤਾ ਨਹੀਂ ਸੀ।ਕਿਸਾਨਾਂ ਦਾ ਕਹਿਣਾ ਹੈ ਕਿ ਫੇਰ ਹੁਣ ਕੇਂਦਰੀ ਮੰਤਰੀਆਂ ਨੂੰ ਇੰਨਾਂ ਕਾਨੂੰਨਾਂ ਦੇ ਬੁਰੇ ਪ੍ਰਭਾਵਾਂ ਦਾ ਪਤਾ ਲੱਗਾ ਗਿਆ ਹੈ ਤਾਂ ਹੁਣ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।
  ਕਿਸਾਨ ਆਗੂਆਂ ਨੇ ਕਿਹਾ ਕਿ "ਕੇਂਦਰ ਵੱਲੋਂ ਕਮੇਟੀ ਬਣਾਉਣ ਦੀ ਗੱਲ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।ਸੋ ਪਹਿਲਾਂ ਕਾਨੂੰਨ 1 ਸਾਲ ਲਈ ਮੁਲਤਵੀ ਕਰ ਦੇਣੇ ਚਾਹੀਦੇ ਹਨ ਫਿਰ ਕਮੇਟੀ ਬਣਾਉਣੀ ਚਾਹੀਦੀ ਹੈ।"
  ਪਿੰਡ ਪੱਧਰੀ ਹੋ ਰਹੇ ਅਰਥੀ ਫੂਕ ਮੁਜਾਹਰਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਨ : ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, "ਮੋਦੀ ਸਰਕਾਰ ਵੱਲੋ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਨਾ ਚਲਾ ਕੇ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ।ਕੇਂਦਰ ਦੀ ਇਹ ਸ਼ਰਤ ਕਿ ਪਹਿਲਾਂ ਯਾਤਰੂ ਗੱਡੀਆਂ ਚਲਾਓ ਫਿਰ ਮਾਲ ਗੱਡੀਆਂ ਚੱਲਣਗੀਆਂ।ਇਹ ਸ਼ਰਤ ਬਿਲਕੁਲ ਗੈਰ ਵਾਜਬ ਹੈ।"
  ਮੋਗਾ: ਪੰਜਾਬ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ (Agriculture Laws) ਖਿਲਾਫ ਲਗਾਤਾਰ ਰੋਸ਼ ਨੁਮਾਇਸ਼ ਜਾਰੀ ਹਨ। ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਲਗਾਇਆ ਧਰਨੇ ਨੂੰ 45 ਦਿਨ ਦੇ ਕਰੀਬ ਹੋ ਗਏ ਹਨ। ਜਿਸ ਕਰਕੇ ਕਿਸਾਨਾਂ ਨੇ ਇਸ ਵਾਰ ਦੁਸਹਿਰਾ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਕਈ ਨੇਤਾਵਾਂ ਦੇ ਪੁਤਲੇ ਸਾੜ ਕੇ ਮਨਾਇਆ ਸੀ। ਜਿਸ ਮਗਰੋਂ ਹੁਣ ਕਿਸਾਨਾਂ ਨੇ ਦੀਵਾਲੀ ਮੌਕੇ ਮੋਗਾ ਵਿੱਚ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਇਸ ਮੌਕੇ ਬੂਟੇ ਵੰਡ ਕੇ ਦਿਵਾਲੀ ਮਨਾਈ। ਕਿਸਾਨਾਂ ਦੇ ਇਸ ਧਰਨੇ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਪਹੁੰਚੇ। ਇੱਥੇ ਉਨ੍ਹਾਂ ਕਿਹਾ ਕਿ ਉਹ ਇਸ ਵਾਰ ਘਰਾਂ ‘ਚ ਕਾਲੀ ਦੀਵਾਲੀ ਮਸ਼ਾਲ ਜਲਾਕੇ ਮਨਾਉਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਕਾਨੂੰਨ ਦਾ ਕੋਈ ਹਾਲ ਨਹੀਂ ਕੱਢਦੀ ਉਦੋਂ ਤਦ ਕਿਸਾਨ ਆਪਣਾ ਧਰਨਾ ਇਸੇ ਤਰ੍ਹਾਂ ਜਾਰੀ ਰਖਣਗੇ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੇ ਨੁਮਾਇੰਦੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਅਸੀਂ ਆਪਣਾ ਪੱਖ ਰੱਖਣ ਵਿੱਚ 100 ਫ਼ੀਸਦੀ ਸਫਲ ਰਹੇ। ਇਸ ਦੇ ਨਾਲ ਹੀ 18 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਭਵਨ ‘ਚ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਕਿਸਾਨਾਂ ਵਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਕੇਂਦਰ ਸਰਕਾਰ ਦਾ ਘੇਰਾਓ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾਏਗਾ।

  ਚੰਡੀਗੜ੍ਹ - ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਨਾਲ ਕਿਸਾਨੀ ਅੰਦੋਲਨ ਖ਼ਤਮ ਹੋਣ ਦੇ ਆਸਾਰ ਮੱਧਮ ਪੈ ਗਏ ਹਨ। ਸੂਬੇ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਹਾਲ ਦੀ ਘੜੀ ਬਹਾਲ ਹੋਣ ਦੀ ਸੰਭਾਵਨਾ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਖੇਤੀ ਮੰਤਰੀ ਨਰੇਂਦਰ ਤੋਮਰ ਅਤੇ ਰੇਲਵੇ ਮੰਤਰੀ ਪਿਯੂਸ਼ ਗੋਇਲ ਸਮੇਤ ਕੇਂਦਰ ਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਲੰਮੀ ਮੀਟਿੰਗ ਹੋਈ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਹੋਣ ਦਾ ਦਾਅਵਾ ਕੀਤਾ ਜਦਕਿ ਕਿਸਾਨ ਆਗੂਆਂ ਨੇ ਇਸ ਦੇ ਵਿਰੋਧ ’ਚ ਦਿੱਤੀਆਂ ਦਲੀਲਾਂ ਨਾਲ ਕੇਂਦਰ ਦੇ ਦਾਅਵਿਆਂ ਦੀ ਫੂਕ ਕੱਢੀ। ਮੀਟਿੰਗ ਦੌਰਾਨ ਦੋਹਾਂ ਧਿਰਾਂ ਦਰਮਿਆਨ ਗਰਮਾ-ਗਰਮ ਬਹਿਸ ਵੀ ਹੋਈ ਅਤੇ ਕੇਂਦਰੀ ਮੰਤਰੀਆਂ ਨੇ ਮਾਲ ਗੱਡੀਆਂ ਤੇ ਯਾਤਰੂ ਗੱਡੀਆਂ ਇਕੱਠਿਆਂ ਚਲਾਉਣ ਦੀ ਅੜੀ ਫੜੀ ਰੱਖੀ। ਕਿਸਾਨ ਜਥੇਬੰਦੀਆਂ ਨੇ ਸਿਰਫ ਮਾਲ ਗੱਡੀਆਂ ਨੂੰ ਲਾਂਘਾ ਦੇਣ ਅਤੇ ਯਾਤਰੂ ਗੱਡੀਆਂ ਨੂੰ ਖੁੱਲ੍ਹ ਦੇਣ ਲਈ 18 ਨਵੰਬਰ ਦੀ ਮੀਟਿੰਗ ’ਚ ਮਾਮਲਾ ਵਿਚਾਰਨ ਦੀ ਗੱਲ ਕਹੀ। ਮੀਟਿੰਗ ਦੌਰਾਨ ਨਰੇਂਦਰ ਤੋਮਰ ਵੱਲੋਂ ਹੀ ਖੇਤੀ ਕਾਨੂੰਨਾਂ ਸਬੰਧੀ ਜ਼ਿਆਦਾਤਰ ਪੱਖ ਰੱਖੇ ਗਏ। ਕੇਂਦਰੀ ਮੰਤਰੀ ਨੇ ਕਾਨੂੰਨਾਂ ਨੂੰ ਕਿਸਾਨ ਪੱਖੀ, ਆਮਦਨ ਵਧਾਉਣ ਅਤੇ ਨਵੀਂ ਮੰਡੀ ਮੁਹੱਈਆ ਕਰਾਉਣ ਵਾਲਾ ਕਰਾਰ ਦਿੱਤਾ। ਉਨ੍ਹਾਂ ਦੀਆਂ ਦਲੀਲਾਂ ਰੱਦ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਸਿਰਫ਼ ਤੇ ਸਿਰਫ਼ ਕਾਰਪੋਰੇਟ ਘਰਾਣਿਆਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਨਵੀਂ ਮੰਡੀ ’ਚ ਨਹੀਂ ਜਾ ਸਕਣਗੇ ਜਦਕਿ ਟਰੇਡਰ ਇੱਕ ਮੰਡੀ ਤੋਂ ਅਨਾਜ ਖ਼ਰੀਦ ਕੇ ਦੂਜੀ ਮੰਡੀ ਵਿੱਚ ਵੇਚੇਗਾ। ਕਿਸਾਨਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ‘ਇੱਕ ਮੁਲਕ ਇੱਕ ਮੰਡੀ’ ਦਾ ਰਾਗ ਤਾਂ ਅਲਾਪ ਰਹੀ ਹੈ ਪਰ ਖੇਤੀ ਦੇ ਮਾਮਲੇ ਵਿੱਚ ਦੂਹਰੇ ਮਾਪਦੰਡ ਹਨ। ਏਪੀਐੱਮਸੀ ਵੀ ਕਾਇਮ ਹੈ ਤੇ ਖੁੱਲ੍ਹੀ ਮੰਡੀ ਵੀ। ਕਿਸਾਨਾਂ ਨੇ ਕੰਟਰੈਕਟ ਫਾਰਮਿੰਗ ਐਕਟ ਬਾਰੇ ਕਿਹਾ ਕਿ ਗੰਨੇ ਦੀ ਕਾਸ਼ਤ ਕੰਟਰੈਕਟ ਫਾਰਮਿੰਗ ਤਹਿਤ ਹੁੰਦੀ ਹੈ। ਗੰਨਾ ਮਿੱਲ ਵੱਲੋਂ ਗੰਨੇ ਦੀ ਕਾਸ਼ਤ ਕਰਾਈ ਜਾਂਦੀ ਹੈ। ਸਬੰਧਤ ਗੰਨਾ ਮਿੱਲ ਹੀ ਗੰਨਾ ਖਰੀਦਦੀ ਹੈ ਪਰ ਕਿਸਾਨਾਂ ਨੂੰ ਗੰਨੇ ਦੀ ਫਸਲ ਦੇ ਪੈਸੇ ਲੈਣ ਲਈ ਕਈ-ਕਈ ਸਾਲ ਧੱਕੇ ਖਾਣੇ ਪੈਂਦੇ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜਥੇਬੰਦੀਆਂ ਨੇ ਸਮਰਥਨ ਮੁੱਲ ਅਤੇ ਹੋਰ ਖਦਸ਼ਿਆਂ ਬਾਰੇ ਸਾਰਾ ਪੱਖ ਕੇਂਦਰ ਸਰਕਾਰ ਦੇ ਸਾਹਮਣੇ ਰੱਖ ਦਿੱਤਾ ਹੈ। ਉਂਜ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਕੇਂਦਰੀ ਮੰਤਰੀਆਂ ਨਾਲ ਹੋਈ ਗੱਲ ਨੂੰ ਸੁਖਾਵਾਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਦੇ ਮਾਮਲੇ ’ਤੇ ਕੇਂਦਰ ਦਾ ਵਤੀਰਾ ਨਿੰਦਣਯੋਗ ਹੈ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਯਾਤਰੂ ਗੱਡੀਆਂ ਦੇ ਨਾਲ ਹੀ ਮਾਲ ਗੱਡੀਆਂ ਚਲਾਉਣ ਦੀ ਜ਼ਿਦ ਕਰਨਾ ਲੋਕ ਵਿਰੋਧੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਅੜੀ ਤੋਂ ਜਾਪਦਾ ਹੈ ਕਿ ਸਰਕਾਰ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ 18 ਨਵੰਬਰ ਨੂੰ ਚੰਡੀਗੜ੍ਹ ’ਚ ਮੀਟਿੰਗ ਕਰਕੇ ਸਾਰੇ ਮਾਮਲੇ ’ਤੇ ਵਿਚਾਰ ਕਰਨਗੀਆਂ ਅਤੇ ਭਵਿੱਖ ਦੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਆਪਣੀ ਸਜ਼ਾਵਾਂ ਪੂਰੀ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਵੱਲੋਂ ਬੰਦੀ ਛੋੜ ਦਿਹਾੜੇ ਮੌਕੇ  ਤਿਹਾੜ ਜੇਲ੍ਹ ਦੇ ਬਾਹਰ ਅਰਦਾਸ ਕੀਤੀ ਗਈ। ਬੰਦੀ ਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾਗੋ ਦੇ ਸੂਬਾ ਪ੍ਰਧਾਨ ਚਮਨ ਸਿੰਘ ਸ਼ਾਹਪੁਰਾ ਨੇ ਅਰਦਾਸ ਕੀਤੀ। ਇਸ ਮੌਕੇ ਬੋਲਦੇ ਹੋਏ ਜੀਕੇ ਨੇ ਕਿਹਾ ਕਿ ਜਿਸ ਤਰਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਆਪਣੇ ਨਾਲ ਬੰਦ 52 ਹਿੰਦੂ ਰਾਜਿਆਂ ਨੂੰ ਆਪਣੇ ਆਤਮਿਕ ਅਤੇ ਬੌਧਿਕ ਤਾਕਤ ਨਾਲ ਆਜ਼ਾਦ ਕਰਵਾਇਆ ਸੀ, ਉਸੇ ਤਰਾਂ ਗੁਰੂ ਸਾਹਿਬ ਜੇਲਾਂ ਵਿੱਚ ਬੰਦ ਸਿੱਖਾਂ ਦੀ ਸਹਾਇਤਾ ਕਰਦੇ ਹੋਏ ਉਨ੍ਹਾਂ ਦੀ ਰਿਹਾਈ ਦਾ ਰਸਤਾ ਸਾਫ਼ ਕਰਨ। ਇਸ ਲਈ ਅਸੀਂ ਇੱਥੇ ਅਰਦਾਸ ਕਰਨ ਆਏ ਹਾਂ। ਹਾਲਾਂਕਿ ਇਨ੍ਹਾਂ ਦੇ ਜੇਲਾਂ ਵਿੱਚ ਜਾਣ ਦਾ ਕਾਰਨ ਕੌਮ ਨੂੰ ਲਲਕਾਰਨ ਦੀ 1980-90 ਦੇ ਦਹਾਕੇ ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਗੁਸਤਾਖ਼ੀਆਂ ਜ਼ਿੰਮੇਵਾਰ ਸਨ। ਕਿਉਂਕਿ ਉਸ ਸਮੇਂ ਜੋ ਕੁੱਝ ਇਨ੍ਹਾਂ ਨੇ ਕੀਤਾ, ਉਹ ਘਟਨਾਵਾਂ ਦਾ ਪ੍ਰਤੀਕਰਮ ਸੀ। ਅਸੀਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਜਿੱਥੇ ਸਿੱਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕਰਵਾਉਣ ਵਿੱਚ ਕਾਮਯਾਬ ਰਹੇ ਹਾਂ। ਉੱਥੇ ਹੀ ਕਈ ਬੰਦੀ ਸਿੱਖਾਂ ਨੂੰ ਪੈਰੋਲ ਅਤੇ ਜ਼ਮਾਨਤ ਦਿਵਾਉਣ ਅਤੇ ਰਿਹਾਈ ਕਰਵਾਉਣ ਵਿੱਚ ਵੀ ਕਾਮਯਾਬ ਰਹੇ ਹਾਂ। ਪਰ ਹੁਣ ਵੀ ਕਈ ਸਿੱਖ ਬੰਦ ਹਨ।  ਜੀਕੇ ਨੇ ਕਿਹਾ ਕਿ ਪਿਛਲੇ ਕਈ ਸਾਲ ਤੋਂ ਅਸੀਂ ਹਰ ਸਾਲ ਇੱਥੇ ਅਰਦਾਸ ਕਰਨ ਆ ਰਹੇ ਹਾਂ। ਜਿਸ ਦੇ ਬਾਅਦ ਕਈ ਬੰਦੀ ਸਿੱਖਾਂ ਨੂੰ ਕੈਦ ਤੋਂ ਰਿਆਇਤ ਵੀ ਮਿਲੀ ਹੈ। ਪਰ ਹੁਣੇ ਪੱਕੀ ਰਿਹਾਈ ਹੋਣੀ ਬਾਕੀ ਹੈਂ। ਜੀਕੇ ਨੇ ਅਫ਼ਸੋਸ ਜਤਾਇਆ ਕਿ ਹਾਲਾਤ ਦੇ ਕਾਰਨ ਅਪਰਾਧੀ ਬਣੇ ਸਿੱਖਾਂ ਨੂੰ 25 ਸਾਲ ਬਾਅਦ ਵੀ ਜੇਲਾਂ ਤੋਂ ਰਿਹਾ ਨਹੀਂ ਕੀਤਾ ਜਾ ਰਿਹਾ। ਸਗੋਂ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਹੋਰ ਮਾਮਲਿਆਂ ਵਿੱਚ ਨਾਮਜ਼ਦ ਅਤੇ ਗਿਰਫਤਾਰ ਵਿਖਾਇਆ ਜਾਂਦਾ ਹੈਂ। ਤਾਂ ਕਿ ਇਹਨਾਂ ਦੀ ਰਿਹਾਈ ਨਾ ਹੋ ਸਕੇ। ਕਿਉਂਕਿ ਸਰਕਾਰੀ ਸਿਸਟਮ ਸਿੱਖਾਂ ਉੱਤੇ ਲੱਗਿਆ ਅੱਤਵਾਦੀ ਦਾ ਲੇਬਲ ਹਟਾਉਣ ਨੂੰ ਤਿਆਰ ਨਜ਼ਰ  ਨਹੀਂ ਆਉਂਦਾ। ਇਸ ਮੌਕੇ ਵੱਡੀ ਗਿਣਤੀ ਵਿੱਚ ਜਾਗੋ ਦੇ ਅਹੁਦੇਦਾਰ ਅਤੇ ਅਕਾਲ ਸੇਵਕ ਜਥੇ ਦੇ ਮੈਂਬਰ ਮੌਜੂਦ ਸਨ।

  ਡਾ. ਸਾਲੀਮ ਅਲੀ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਭਾਰਤ ਦੇ ਸਾਰੇ ਪੰਛੀਆਂ ਦੇ ਯੋਜਨਾਬੰਧ ਤਰੀਕੇ ਨਾਲ ਸਰਵੇ ਕੀਤੇ, ਵਰਗੀਕਰਨ ਕੀਤਾ। ਉਹਨਾਂ ਦੁਆਰਾ ਲਿਖੀਆਂ ਕਿਤਾਬਾਂ ਨੇ ਪੰਛੀ ਵਿਗਿਆਨ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ। ਡਾ. ਸਾਲੀਮ ਮੋਇਜੂਦੀਨ ਅਬਦੁਲ ਅਲੀ ਦਾ ਜਨਮ 12 ਨਵੰਬਰ 1896 ਨੂੰ ਬੰਬੇ (ਹੁਣ ਮੁੰਬਈ) ਦੇ ਸੁਲੇਮਣੀ ਬੋਹਰਾ ਮੁਸਿਲਮ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਜਨਾਬ ਮੋਇਜੂਦੀਨ ਅਤੇ ਮਾਤਾ ਦਾ ਨਾਂ ਜੀਨਤ-ੳੱਲ-ਨਿਸ਼ਾ ਸੀ। ਇਹਨਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਹ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟੇ ਅਤੇ ਨੌਵੇਂ ਬੱਚੇ ਸਨ। ਇੱਕ ਸਾਲ ਦੀ ਉਮਰ 'ਚ ਪਿਤਾ ਅਤੇ ਤਿੰਨ ਸਾਲ ਦੀ ਉਮਰ 'ਚ ਮਾਤਾ ਦੇ ਦੇਹਾਂਤ ਤੋਂ ਬਾਅਦ ਡਾ. ਅਲੀ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਔਖੇ ਸਮੇਂ ਇਹਨਾਂ ਦੇ ਸਾਰੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਇਹਨਾਂ ਦੇ ਮਾਮੇ ਅਮਰੂਦੀਨ ਤਇਆਬਜੀ ਅਤੇ ਮਾਮੀ ਹਮੀਦਾ ਬੇਗਮ ਨੇ ਲਈ। ਇਸ ਲਈ ਡਾ. ਅਲੀ ਦਾ ਬਚਪਨ ਮੁੰਬਈ ਦੇ ਖੇਤਵਾੜੀ ਇਲਾਕੇ ਵਿੱਚ ਬੀਤਿਆ। ਇਹਨਾਂ ਨੂੰ ਆਪਣੀ ਪ੍ਰਾਇਮਰੀ ਸਿੱਖਿਆ ਲਈ ਗਿਰਗਾਮ ਦੇ ਬਾਈਬਲ ਮੈਡੀਕਲ ਮਿਸ਼ਨ ਗਰਲਜ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਬਾਅਦ ਵਿੱਚ ਸੇਂਟ ਜ਼ੇਵੀਅਰ ਮੁੰਬਈ ਵਿੱਚ ਦਾਖਲ ਕਰਵਾਇਆ। ਬਚਪਨ ਵਿੱਚ ਡਾ. ਅਲੀ ਦਾ ਪੜ੍ਹਾਈ ਵਿੱਚ ਕੋਈ ਖਾਸ ਲਗਾਓ ਨਹੀਂ ਸੀ। ਛੋਟੀ ਉਮਰ ਵਿੱਚ ਉਹ ਸਿਰ ਦਰਦ ਤੋ ਪੀੜਤ ਹੋਣ ਕਾਰਨ ਅਕਸਰ ਜਮਾਤ ਤੋਂ ਬਾਹਰ ਹੀ ਰਹੇ। ਬਾਹਰ ਰਹਿਣ ਕਰਕੇ ਉਹਨਾਂ ਦਾ ਲਗਾਉ ਕੁਦਰਤ ਨਾਲ ਜਿਆਦਾ ਹੋ ਗਿਆ।
  10 ਸਾਲ ਦੀ ਉਮਰ ਵਿੱਚ ਇੱਕ ਘਟਨਾ ਨੇ ਜ਼ਿੰਦਗੀ ਨੂੰ ਅਜੀਬ ਮੋੜਾ ਦਿੱਤਾ ਅਤੇ ਪੰਛੀ ਵਿਗਿਆਨ ਵਿੱਚ ਦਿਲਚਸਪੀ ਅਤੇ ਜਿਗਿਆਸਾ ਦੀ ਚਿਣਗ ਲਗਾ ਦਿੱਤੀ। ਇਹਨਾਂ ਦੇ ਮਾਮੇ ਨੇ ਇਹਨਾਂ ਨੂੰ ਇੱਕ ਖਿਡੌਣਾ ਬੰਦੂਕ ਲਿਆ ਕੇ ਦਿੱਤੀ ਤਾਂ ਖੇਡਦਿਆਂ-ਖੇਡਦਿਆਂ ਆਪਣੀ ਬੰਦੂਕ ਨਾਲ ਇੱਕ ਪੰਛੀ ਦਾ ਸ਼ਿਕਾਰ ਕੀਤਾ। ਇਹ ਪੰਛੀ ਦੇਖਣ ਨੂੰ ਬੜਾ ਵਚਿੱਤਰ ਸੀ, ਇਸ ਦੀ ਗਰਦਨ ਪੀਲੀ ਸੀ। ਉਸ ਨੇ ਆਪਣੇ ਮਾਮੇ ਨੂੰ ਪੰਛੀ ਦਾ ਨਾਂ ਪੁੱਛਿਆ, ਪਰ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ। ਉਸ ਦਾ ਮਾਮਾ ਉਸ ਦੀ ਦਿਲਚਸਪੀ ਦੇਖ ਕੇ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਦਫਤਰ ਲੈ ਗਿਆ ਜੋ ਉਸ ਸਮੇਂ ਅਪੋਲੋ ਸਟਰੀਟ ਦੇ ਛੋਟੇ ਜਿਹੇ ਕਮਰੇ ਵਿੱਚ ਸੀ। ਉਸ ਦੇ ਮਾਮੇ ਨੇ ਉਸ ਦੀ ਮੁਲਾਕਾਤ ਸੁਸਾਇਟੀ ਦੇ ਆਨਰੇਰੀ ਸੈਕਟਰੀ ਡਿਬਲੂ.ਐਸ.ਮਿਲਾਰਡ, ਜੋ ਪੰਛੀ ਵਿਗਿਆਨੀ ਸਨ, ਨਾਲ ਕਰਵਾਈ। ਮਿਲਾਰਡ ਨੇ ਸਾਲੀਮ ਦੀ ਉਤਸੁਕਤਾ ਨੂੰ ਦੇਖਦੇ ਹੋਏ ਉਸ ਨੂੰ ਵੱਖ-ਵੱਖ ਸਟੋਰ ਕੀਤੇ ਪੰਛੀ ਦਿਖਾਏ। ਇਸ ਨਾਲ ਸਾਲੀਮ ਦੇ ਮਨ ਵਿੱਚ ਪੰਛੀਆਂ ਨੂੰ ਜਾਣਨ ਲਈ ਤਾਂਘ ਹੋਰ ਵੱਧ ਗਈ। ਮਿਲਾਰਡ ਨੇ ਉਸ ਨੂੰ "ਕਾਮਨ ਬਰਡ ਆਫ ਬੰਬੇ" ਕਿਤਾਬ ਵੀ ਭੇਂਟ ਕੀਤੀ ਅਤੇ ਪੰਛੀਆ ਬਾਰੇ ਹੋਰ ਜਾਣਕਾਰੀਆਂ ਦੇਣ ਦਾ ਵਾਅਦਾ ਵੀ ਕੀਤਾ।
  ਰੋਜ਼ੀ-ਰੋਟੀ ਲਈ ਉਹ ਆਪਣੇ ਵੱਡੇ ਭਾਈ ਦੇ ਵਾਲਫ੍ਰੇਮ ਮਾਇੰਨਗ ਕੰਮ ਲਈ ਬਰਮਾ (ਹੁਣ ਮੀਆਮਾਰ) ਚਲੇ ਗਏ। ਪ੍ਰਾਕ੍ਰਿਤੀਵਾਦੀ ਡਾ ਸਾਲੀਮ ਦਾ ਜੀਅ ਮਾਇੰਨਗ 'ਚ ਨਾ ਲੱਗਾ ਅਤੇ ਵਾਪਿਸ ਮੁੰਬਈ ਆ ਗਏ। 1917 ਵਿੱਚ ਸੇਂਟ ਜੇਵੀਅਰ ਕਾਲਜ ਤੋ ਬੀ.ਐਸ.ਸੀ. ਪਾਸ ਕੀਤੀ। 1918 ਵਿੱਚ, 22 ਸਾਲ ਦੀ ਉਮਰ ਵਿੱਚ ਬੇਗਮ ਤਹਮੀਨਾ ਨਾਲ ਨਿਕਾਹ ਕੀਤਾ ਅਤੇ ਨੈਚੁਰਲ ਹਿਸਟਰੀ ਸੁਸਾਇਟੀ ਬੰਬੇ ਵਿੱਚ ਗਾਈਡ ਦਾ ਕੰਮ ਕਰਨਾ ਸ਼ੁਰੂ ਕੀਤਾ। ਹੌਲ਼ੀ-ਹੌਲ਼ੀ ਕੰਮ ਦੀ ਮੁਹਾਰਤ ਹਾਸਲ ਕੀਤੀ। ਇਸ ਦੌਰਾਨ ਪੰਛੀਆਂ ਦੀਆਂ ਖੱਲਾਂ ਉਤਾਰਨ ਅਤੇ ਸੰਭਾਲਣ ਲਈ ਨਵੀਆਂ ਤਕਨੀਕਾਂ ਸਿੱਖਣ ਲਈ ਜਰਮਨੀ ਜਾਣ ਦਾ ਮੌਕਾ ਮਿਲਿਆ। ਜਰਮਨੀ ਦੀ ਬਰਲਿਨ ਯੂਨੀਵਰਸਿਟੀ ਦੇ ਜੂਅਲੋਜੀ ਵਿਭਾਗ ਦੇ ਪ੍ਰੋ. ਇਰਵਿਨ ਸਟਰੇਸਮੈਨ ਕੋਲ ਪੰਛੀ ਵਿਗਿਆਨ ਬਾਰੇ ਨਵੀਆਂ ਤਕਨੀਕਾਂ ਸਿੱਖੀਆਂ। ਇੱਕ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਵਾਪਿਸ ਮੁੰਬਈ ਆਏ ਤਾਂ ਉਹਨਾਂ ਦੀ ਨੌਕਰੀ ਜਾ ਚੁੱਕੀ ਸੀ। ਉਹ ਤੇ ਉਹਨਾਂ ਦੀ ਪਤਨੀ ਮਾਹਿਮ ਦੇ ਛੋਟੇ ਜਿਹੇ ਘਰ ਵਿੱਚ ਰਹਿਣ ਲੱਗੇ। ਉਹਨਾਂ ਦੇ ਘਰ ਵਿੱਚ weaver bird ਦਾ ਆਲ੍ਹਣਾ ਸੀ। 1930 ਵਿੱਚ weaver bird ਤੇ ਰਿਸਰਚ ਪੇਪਰ ਲਿਖਿਆ ਜੋ ਦੁਨੀਆਂ ਵਿੱਚ ਬਹੁਤ ਪੜ੍ਹਿਆ ਗਿਆ। 1941 ਵਿੱਚ “THE BOOK OF INDIAN BIRDS” ਲਿਖੀ ਜੋ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੋਈ। 1947 ਵਿੱਚ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਮੁਖੀ ਬਣੇ ਅਤੇ ਭਰਤਪੁਰ ਪੰਛੀ ਸੈਂਚੁਰੀ (ਕੇਓਲਾਡਿਓ ਨੈਸ਼ਨਲ ਪਾਰਕ) ਬਣਾਉਣ ਅਤੇ ਸਾਈਲੈਂਟ ਵੈਲੀ ਨੂੰ ਰੋਕਣ ਲਈ ਬਹੁਤ ਅਹਿਮ ਰੋਲ ਅਦਾ ਕੀਤਾ। 1939 ਵਿੱਚ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ। 1948 ਵਿੱਚ ਐਸ.ਡਿਲਾਨ ਰਿਪਲੇ ਨਾਲ ਮਿਲ ਕੇ ਇੱਕ ਅੰਤਰ-ਰਾਸ਼ਟਰੀ ਪ੍ਰੋਜੈਕਟ ਸ਼ੁਰੂ ਕੀਤਾ ਅਤੇ 10 ਭਾਗਾਂ ਵਿੱਚ "HANDBOOK OF THE BIRDS OF INDIA AND PAKISTAN” ਲਿਖੇ। ਡਾ. ਸਾਲੀਮ ਦੀ ਸਵੈ-ਜੀਵਨੀ ਦਾ ਨਾਂ "THE FALL OF A SPARROW” ਹੈ।
  ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਨੇ ਇਹਨਾਂ ਨੂੰ 1953 ਵਿੱਚ "ਜੋ ਗੋਬਿੰਦਾ ਲਾਅ ਗੋਲਡ ਮੈਡਲ" ਨਾਲ ਸਨਮਾਨਿਤ ਕੀਤਾ । 1970 ਵਿੱਚ ਨੈਸ਼ਨਲ ਸਾਇੰਸ ਅਕੈਡਮੀ ਨੇ "ਸੁੰਦਰ ਲਾਲ ਹੋਰਾ ਮੈਮੋਰੀਅਲ ਮੈਡਲ" ਨਾਲ ਸਨਮਾਨਿਤ ਕੀਤਾ। 1967 ਵਿੱਚ ਬ੍ਰਿਟਿਸ਼ ਆਰਨੀਥੋਲੋਜਿਸਟ ਯੂਨੀਅਨ ਤੋਂ "ਗੋਲਡ ਮੈਡਲ" ਪ੍ਰਾਪਤ ਕਰਨ ਵਾਲੇ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਬਣੇ। ਡਾ. ਸਾਲੀਮ ਅਲੀ ਨੂੰ ਅਲੀਗੜ ਮੁਸਿਲਮ ਯੂਨੀਵਰਸ‌ਿਟੀ ਨੇ (1958), ਦਿੱਲੀ ਯੂਨੀਵਿਰਸਟੀ ਨੇ (1973) ਅਤੇ ਆਂਧਰਾ ਯੂਨੀਵਰਸ‌ਿਟੀ ਨੇ (1978) ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਵੱਲੋਂ 1958 ਵਿੱਚ ਪਦਮ ਭੂਸ਼ਣ ਅਤੇ 1976 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 1975 ਵਿੱਚ "ਜੇ ਪਾਲ ਗੈਟੀ ਆਵਰਡ ਫਾਰ ਕਨਜ਼ਰਵੇਸ਼ਨ ਲੀਡਰਸ਼ਿੱਪ" ਨਾਲ ਵੀ ਸਨਮਾਨਿਤ ਕੀਤਾ ਗਿਆ। 1985 ਵਿੱਚ ਉਹਨਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।
  ਲੰਬੇ ਸਮੇਂ ਤੋਂ ਪ੍ਰੋਸਟੇਟ ਕੈਂਸਰ ਨਾਲ ਲੜ ਰਹੇ ਡਾ. ਸਾਲੀਮ 27 ਜੁਲਾਈ 1987 ਨੂੰ ਇਸ ਦੁਨੀਆ ਨੂੰ ਅਲਵਿਦਾ ਕਹ‌ਿ ਗਏ। 1990 ਵਿੱਚ ਭਾਰਤ ਸਰਕਾਰ ਵੱਲੋ ਕੋਇਮਬਟੂਰ ਵਿੱਚ ਸਾਲੀਮ ਅਲੀ ਸੈਂਟਰ ਫਾਰ ਆਰਨੀਥੋਲੋਜੀ ਐਂਡ ਨੈਚੂਰਲ ਹਿਸਟਰੀ ਦੀ ਸਥਾਪਨਾ ਕੀਤੀ ਗਈ। ਪਾਂਡੀਚਰੀ ਯੂਨੀਵਰਸਿਟੀ ਨੇ ਸਾਲੀਮ ਅਲ਼ੀ ਸਕੂਲ ਆਫ ਈਕੋਲੋਜੀ ਅਤੇ ਇੰਨਵਾਇਰਮੈਂਟਲ ਸਾਇੰਸਜ ਦੀ ਸਥਾਪਨਾ ਕੀਤੀ। ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਨੇੜੇ ਦੇ ਚੌਂਕ ਦਾ ਨਾਮ "ਡਾ. ਸਾਲੀਮ ਅਲੀ ਚੌਂਕ" ਰੱਖਿਆ। ਇੱਕ ਦੁਰਲੱਭ ਪ੍ਰਜਾਤੀ ਦਾ ਨਾਂ ਵੀ ਡਾ. ਸਾਲੀਮ ਅਲੀ ਦੇ ਨਾ ’ਤੇ ਰੱਖਿਆ ਗਿਆ। ਪੰਛੀ ਵਿਗਿਆਨ ਵਿੱਚ ਡਾ. ਸਾਲੀਮ ਅਲੀ ਦਾ ਕੰਮ ਹਮੇਸਾ ਯਾਦ ਰਹੇਗਾ।
  ਡਾ. ਪਰਮਿੰਦਰ ਸਿੰਘ
  ਮੁੱਖ ਅਧਿਆਪਕ
  ਸਰਕਾਰੀ ਹਾਈ ਸਕੂਲ, ਕਮਾਲਪੁਰ
  E-mail- This email address is being protected from spambots. You need JavaScript enabled to view it.

  ਓਟਾਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਤੇ ਦੁਨੀਆ ਭਰ 'ਚ ਵੱਸਦੇ ਭਾਰਤੀਆਂ ਨੂੰ ਦੀਵਾਲੀਆਂ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਸਬੰਧੀ ਟਰੂਡੋ ਨੇ ਸੰਦੇਸ਼ ਜਾਰੀ ਕੀਤਾ ਅਤੇ ਕਿਹਾ, ''ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਚਾਨਣ ਅਤੇ ਚੰਗਿਆਈ ਹਮੇਸ਼ਾ ਕਾਇਮ ਰਹੇਗੀ। ਇਸ ਆਸ਼ਾਵਾਦੀ ਸੰਦੇਸ਼ ਨੂੰ ਮਨਾਉਣ ਅਤੇ ਇਸ ਮਹੱਤਵਪੂਰਨ ਤਿਉਹਾਰ ਨੂੰ ਦਰਸਾਉਣ ਲਈ ਮੈਂ ਅੱਜ ਦੇਰ ਸ਼ਾਮ ਇਕ ਵਰਚੂਅਲ ਜਸ਼ਨ 'ਚ ਸ਼ਾਮਿਲ ਹੋਇਆ। ਦੀਵਾਲੀ ਦੀਆਂ ਵਧਾਈਆਂ ਸਭ ਨੂੰ!''

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com