ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

   

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):  ਬ੍ਰਿਟਿਸ਼ ਪਾਰਲੀਆਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਕੀਰ ਸਟਾਰਰ ਐਮ.ਪੀ. ਸਿੱਖ ਕੌਮ ਬੰਦੀ ਛੌੜ ਦਿਵਸ ਅਤੇ ਦੇਸ਼ਵਾਸੀਆਂ ਨੂੰ ਦਿਵਾਲੀ ਦੀ ਵਧਾਈਆਂ ਦਿੱਤੀਆਂ । ਉਨ੍ਹਾਂ ਨੇ ਜਾਰੀ ਕੀਤੇ ਅਪਣੇ ਲੈਟਰ ਹੈਡ ਤੇ ਲਿਖਿਆ ਕਿ ਸਾਰੇ ਯੂਕੇ ਅਤੇ ਪੂਰੇ ਦੇਸ਼ ਵਿੱਚ ਤੁਹਾਡੇ ਵਲੋਂ ਇਕੱਠੇ ਹੋ ਕੇ ਬੰਦੀ ਛੋੜ ਅਤੇ ਦੀਵਾਲੀ ਦਿਵਸ ਮਨਾਉਣ ਲਈ, ਦਿਲੋਂ ਸ਼ੁੱਭਕਾਮਨਾਵਾਂ ਭੇਜਣਾ ਚਾਹੁੰਦਾ ਹਾਂ । ਇਸ ਦਿਨ, ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਨਾਲ 52 ਕੈਦੀ ਰਾਜਿਆਂ ਦੇ ਨਾਲ ਰਿਹਾਈ ਪ੍ਰਾਪਤ ਕਰਕੇ ਵਾਪਸ ਪਰਤੇ ਸਨ ਉਨ੍ਹਾਂ ਦੀ ਯਾਦ ਵਿਚ ਸਿੱਖ ਕੌਮ ਇਸ ਦਾ ਪੁਰਬ ਮਨਾਉਂਦੀ ਹੈ । ਝੂਠ ਉੱਤੇ ਧਾਰਮਿਕਤਾ, ਬੁਰਾਈ ਉੱਤੇ ਚੰਗਆਈ, ਹਨੇਰੇ ਉੱਤੇ ਚਾਨਣ ਅਤੇ ਗਿਆਨ ਵੱਧ ਅਗਿਆਨਤਾ, ਸਾਨੂੰ ਉਸ ਉਮੀਦ ਦੀ ਯਾਦ ਦਿਵਾਉਂਦੀ ਹੈ ਜੋ ਦੀਵਾਲੀ ਲਿਆਉਂਦੀ ਹੈ, ਇਹ ਇਸ ਲਈ ਵੀ ਵਿਸ਼ੇਸ਼ ਮਹੱਤਵਪੂਰਨ ਦਿਹਾੜਾ ਹੈ ।
  ਉਨ੍ਹਾਂ ਲਿਖਿਆ ਕਿ ਦੁਨਿਆ ਅੰਦਰ ਫੈਲੀ ਮਹਾਮਾਰੀ ਦੌਰਾਨ ਸਿੱਖ ਕੌਮ ਵਲੋਂ ਪਾਏ ਗਏ ਵੱਡੇ ਯੋਗਦਾਨ ਜੋ ਕਿ ਜਰੂਰਤਮੰਦਾਂ ਲਈ ਮਦਦ ਜਾਂ ਐਨਐਚਐਸ ਲਈ ਮੁਹਰਲੀ ਕਤਾਰ ਵਿਚ ਕੰੰਮ ਕਰਨ ਵਾਲੇ ਸਨ, ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਸਿੱਖ ਕੌਮ ਦਾ ਬੇਇਨਸਾਫੀ ਦੇ ਵਿਰੁੱਧ ਖੜੇ ਹੋਣ ਦਾ ਬਹੁਤ ਵਧੀਆ ਇਤਿਹਾਸ ਹੈ ਅਤੇ ਇਨ੍ਹਾਂ ਕਦਰਾਂ ਕੀਮਤਾਂ ਦੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ ।
  ਉਨ੍ਹਾਂ ਲਿਖਿਆ ਕਿ ਕੋਰੋਨਾ ਕਰਕੇ ਲਗੀਆ ਮੌਜੂਦਾ ਪਾਬੰਦੀਆਂ ਦੇ ਕਾਰਨ, ਇਸ ਸਾਲ ਦੇ ਜਸ਼ਨ ਬਹੁਤ ਵੱਖਰੇ ਹੋਣਗੇ ਜਿਸ ਕਰਕੇ ਤੁਹਾਡੇ ਵਿਚੋਂ ਬਹੁਤ ਸਾਰੇ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਇਸ ਦਿਹਾੜੇ ਨੂੰ ਯਾਦ ਕਰਨ ਲਈ ਗੁਰੂਦੁਆਰੇ ਨਹੀਂ ਜਾ ਸਕਣਗੇ ਇਸ ਕਰਕੇ ਉਨ੍ਹਾਂ ਲੋਕਾਂ ਲਈ ਅਵਿਸ਼ਵਾਸ਼ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਉਹ ਅਪਣੇ ਪੁਰਬ ਨੂੰ ਵਿਅਕਤੀਗਤ ਰੂਪ ਵਿੱਚ ਨਹੀਂ ਮਨਾ ਸਕਦੇ ਹਨ । ਹਾਲਾਂਕਿ, ਸਾਨੂੰ ਭਵਿੱਖ ਦੀ ਉਮੀਦ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ 1619 ਵਿਚ ਵੀ ਹਾਲਾਤ ਇਦਾਂ ਦੇ ਬਣ ਗਏ ਸਨ । ਗੁਰੂ ਨਾਲ ਮਿਲਾਪ ਹੋਣ ਲਈ ਸਬਰ ਨਾਲ ਉਡੀਕ ਕਰੋ, ਜਦੋਂ ਤੁਸੀਂ ਘਰ ਵਿਚ ਆਪਣੇ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹੋ, ਯਾਦ ਰੱਖੋ ਕਿ ਰੌਸ਼ਨੀ ਹਮੇਸ਼ਾ ਸੰਸਾਰ ਦੇ ਹਨੇਰੇ ਨੂੰ ਦੂਰ ਕਰੇਗੀ, ਅਤੇ ਅਜ ਮੁਸ਼ਕਲ ਸਮਾਂ ਹੈ ਤੇ ਉਹ ਸਮਾਂ ਵੀ ਆਵੇਗਾ ਜੋ ਬਹੁਤ ਸਾਰੀਆਂ ਖੁਸ਼ੀਆਂ ਅਤੇ ਜਸ਼ਨਾਂ ਵਿਚ ਬਦਲਿਆ ਜਾਵੇਗਾ । ਅੰਤ ਵਿਚ ਉਨ੍ਹਾਂ ਨੇ ਲੇਬਰ ਪਾਰਟੀ ਦੇ ਸਮੂਹ ਨੇਤਾ, ਮੈਂਬਰਾਂ ਦੀ ਤਰਫੋਂ ਸਮੂਹ ਸਿੱਖ ਜਗਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ "ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।

  ਸਿਆਟਲ,  (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ, ਜਿਨ੍ਹਾਂ ਨੇ ਅਜੇ 20 ਜਨਵਰੀ ਨੂੰ ਨਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣੀ ਹੈ, ਉਹ ਜਦੋਂ ਵੀ ਭਾਰਤ ਦੌਰੇ 'ਤੇ ਜਾਣਗੇ, ਦਰਬਾਰ ਸਾਹਿਬ ਅੰਮਿ੍ਤਸਰ ਜ਼ਰੂਰ ਨਤਮਸਤਕ ਹੋਣਗੇ | ਇਹ ਦਾਅਵਾ ਅਮਰੀਕਾ ਦੇ ਪ੍ਰਸਿੱਧ ਸਿੱਖ ਹੋਟਲ ਕਾਰੋਬਾਰੀ ਸੰਤ ਸਿੰਘ ਛੱਤਵਾਲ ਨੇ ਇਕ ਨਿੱਜੀ ਟੀ.ਵੀ. ਨਾਲ ਇੰਟਰਵਿਊ ਦੌਰਾਨ ਕੀਤਾ | ਸੰਤ ਸਿੰਘ ਛੱਤਵਾਲ, ਜੋ ਸ਼ੁਰੂ ਤੋਂ ਪੱਕੇ ਡੈਮੋਕ੍ਰੇਟਸ ਹਨ ਤੇ ਉਨ੍ਹਾਂ ਦੀ ਦੋਸਤੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਬਰਾਕ ਓਬਾਮਾ ਨਾਲ ਜੱਗ ਜ਼ਾਹਰ ਰਹੀ ਹੈ | ਕਲਿੰਟਨ ਦੇ ਸਮੇਂ ਤੋਂ ਹੀ ਜੋ ਬਾਈਡਨ ਜਦੋਂ ਸੈਨੇਟਰ ਸਨ, ਉਸ ਸਮੇਂ ਤੋਂ ਹੀ ਉਹ ਛੱਤਵਾਲ ਦੇ ਖ਼ਾਸ ਦੋਸਤਾਂ 'ਚ ਰਹੇ ਹਨ | ਇਥੇ ਇਹ ਵੀ ਜ਼ਿਕਰਯੋਗ ਹੈ ਜਦੋਂ ਭਾਰਤ ਵਿਚ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਭਾਰਤ ਤੇ ਅਮਰੀਕਾ ਵਿਚਕਾਰ ਪ੍ਰਮਾਣੂ ਸਮਝੌਤੇ ਵਿਚ ਛੱਤਵਾਲ ਦਾ ਇਕ ਅਹਿਮ ਯੋਗਦਾਨ ਸੀ ਤੇ ਡਾ: ਮਨਮੋਹਨ ਸਿੰਘ ਨੇ ਛੱਤਵਾਲ ਦੀ ਖ਼ਾਸ ਜ਼ਿੰਮੇਵਾਰੀ ਇਸ ਡੀਲ ਲਈ ਲਗਾਈ ਸੀ | ਇਹ ਖ਼ੁਲਾਸੇ ਛੱਤਵਾਲ ਨੇ ਇੰਟਰਵਿਊ ਦੌਰਾਨ ਕੀਤੇ | ਉਨ੍ਹਾਂ ਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਵੀ ਗੂੜੇ ਸਬੰਧ ਰਹੇ ਹਨ | ਛੱਤਵਾਲ, ਜਿਹੜੇ ਕੇ ਹਮੇਸ਼ਾ ਡੈਮੋਕ੍ਰੇਟ ਰਾਸ਼ਟਰਪਤੀ ਉਮੀਦਵਾਰ ਲਈ ਭਾਰੀ ਫੰਡ ਇਕੱਠਾ ਕਰਵਾ ਕੇ ਦਿੰਦੇ ਰਹੇ ਹਨ ਤੇ ਹਿਲੇਰੀ ਕਲਿੰਟਨ ਵੇਲੇ ਉਹ ਫੰਡ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਵੀ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਮੈਂ ਬਾਈਡਨ ਤੋਂ ਪਹਿਲਾਂ ਬਰਾਕ ਓਬਾਮਾ ਨੂੰ ਵੀ ਦਰਬਾਰ ਸਾਹਿਬ ਲੈ ਕੇ ਜਾ ਰਿਹਾ ਸੀ ਪਰ ਭਾਰਤ ਦੌਰੇ ਸਮੇਂ ਕਈ ਸੁਰੱਖਿਆ ਕਾਰਨਾਂ ਕਰਕੇ ਅਸੀਂ ਜਾ ਨਹੀਂ ਸਕੇ ਪਰ ਹੁਣ ਬਾਈਡਨ ਨਾਲ ਫੇਰ ਵਾਅਦਾ ਕੀਤਾ ਹੈ ਕਿ ਉਹ ਜਦੋਂ ਵੀ ਭਾਰਤ ਦੌਰੇ 'ਤੇ ਜਾਣਗੇ ਤਾਂ ਦਰਬਾਰ ਸਾਹਿਬ ਜ਼ਰੂਰ ਜਾਣਗੇ | ਉਨ੍ਹਾਂ ਕਿਹਾ ਕਿ ਬਾਈਡਨ ਨੂੰ ਸਿੱਖ ਧਰਮ ਬਾਰੇ ਪੂਰਾ ਗਿਆਨ ਹੈ ਤੇ ਉਹ ਸਿੱਖਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ | ਛੱਤਵਾਲ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਸਿੱਖਾਂ ਬਾਰੇ ਕੀ ਮੰਗ ਕਰਦੇ ਹੋ ਤਾਂ ਉਨ੍ਹਾਂ ਕਿਹਾ ਮੈਂ ਕੋਈ ਮੰਗ ਨਹੀਂ ਕਰਦਾ | ਮੈਂ ਸਿਰਫ਼ ਇਹ ਚਾਹੁੰਦਾ ਹੈ ਕਿ ਪੱਗ ਵਾਲੇ ਸਰਦਾਰ ਅਮਰੀਕਾ ਦੀ ਸਰਗਰਮ ਸਿਆਸਤ ਵਿਚ ਆਉਣ ਤੇ ਉਹ ਕਾਂਗਰਸ 'ਚ ਸੈਨੇਟ ਵਿਚ ਤੇ ਉਪ-ਰਾਸ਼ਟਰਪਤੀ ਤੇ ਅਖੀਰ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣ, ਇਹ ਉਨ੍ਹਾਂ ਦਾ ਸੁਪਨਾ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਖ਼ੁਦ ਕੋਈ ਅਹੁਦਾ ਨਹੀਂ ਲੈਣਗੇ | ਉਨ੍ਹਾਂ ਕਿਹਾ ਕਿ ਡਾ: ਮਨਮੋਹਨ ਸਿੰਘ ਨੇ ਸਰਦਾਰਾਂ ਦੀ ਪੱਗ ਦੀ ਪਛਾਣ ਸਾਰੀ ਦੁਨੀਆ ਵਿਚ ਕਰਵਾਈ ਹੈ | ਉਨ੍ਹਾਂ ਜੋ ਬਾਈਡਨ ਨੂੰ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਬਣਨ 'ਤੇ ਵਧਾਈ ਵੀ ਦਿੱਤੀ |

  ਅੰਮ੍ਰਿਤਸਰ - ਕਰੋਨਾ ਮਹਾਮਾਰੀ ਅਤੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ 14 ਅਕਤੂਬਰ ਨੂੰ ਬੰਦੀ ਛੋੜ ਦਿਵਸ/ਦੀਵਾਲੀ ਦੀ ਰਾਤ ਦਰਬਾਰ ਸਾਹਿਬ ਵਿਖੇ ਸੰਕੇਤਕ ਆਤਿਸ਼ਬਾਜ਼ੀ ਕੀਤੀ ਜਾਵੇਗੀ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਤੋਂ ਇਲਾਵਾ ਦੋ ਮੁਤਵਾਜ਼ੀ ਜਥੇਦਾਰਾਂ ਵੱਲੋਂ ਵੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
  ਦੱਸਣਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਮੁਕਾਬਲੇ ਵੀ ਕਰਵਾਏ ਜਾਂਦੇ ਰਹੇ ਹਨ ਪਰ ਸੋਨੇ ਦੇ ਪੱਤਰਿਆਂ ਅਤੇ ਸੰਗਮਰਮਰ ’ਤੇ ਪ੍ਰਦੂਸ਼ਣ ਦੇ ਮਾੜੇ ਅਸਰ ਕਾਰਨ ਸਿੱਖ ਸੰਸਥਾ ਵੱਲੋਂ ਇਸ ਰੁਝਾਨ ਨੂੰ ਹੌਲੀ-ਹੌਲੀ ਠੱਲ੍ਹ ਪਾਉਣ ਵੱਲ ਕਦਮ ਪੁੱਟੇ ਜਾ ਰਹੇ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਦੀ ਰਾਤ ਦਰਬਾਰ ਸਾਹਿਬ ਵਿੱਚ ਆਤਿਸ਼ਬਾਜ਼ੀ ਕੁਝ ਕੁ ਮਿੰਟਾਂ ਲਈ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰਾਤ ਦਰਬਾਰ ਸਾਹਿਬ ਦੀ ਮੁੱਖ ਇਮਾਰਤ, ਪਰਿਕਰਮਾ ਸਮੇਤ ਹੋਰ ਇਮਾਰਤਾਂ ’ਤੇ ਦੀਪਮਾਲਾ ਕੀਤੀ ਜਾਵੇਗੀ ਅਤੇ ਘਿਉ ਦੇ ਦੀਵੇ ਵੀ ਬਾਲੇ ਜਾਣਗੇ। ਸ੍ਰੀ ਗੁਰੂ ਰਾਮਦਾਰ ਲੰਗਰ ਘਰ ਵਿੱਚ ਸੰਗਤ ਵਾਸਤੇ ਵਿਸ਼ੇਸ਼ ਪਕਵਾਨ ਤਿਆਰ ਹੋਣਗੇ।
  ਬੰਦੀ ਛੋੜ ਦਿਵਸ ਮੌਕੇ ਇਸ ਵਾਰ ਤਿੰਨ ਜਥੇਦਾਰਾਂ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਰਵਾਇਤ ਮੁਤਾਬਕ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਦਰਸ਼ਨੀ ਢਿਉਡੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਪਰ ਨਵੰਬਰ 2015 ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਸੰਦੇਸ਼ ਜਾਰੀ ਕੀਤਾ ਜਾ ਰਿਹਾ ਹੈ। ਸਰਬੱਤ ਖਾਲਸਾ ਪ੍ਰਬੰਧਕਾਂ ਵਿੱਚ ਸ਼ਾਮਲ ਸਿੱਖ ਆਗੂ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਭਾਈ ਧਿਆਨ ਸਿੰਘ ਮੰਡ ਵੱਲੋਂ ਬੰਦੀ ਛੋੜ ਦਿਵਸ ਮੌਕੇ 14 ਨਵੰਬਰ ਦੀ ਸ਼ਾਮ ਨੂੰ ਇੱਥੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਵੇਗਾ। ਇਸੇ ਤਰ੍ਹਾਂ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪਿਆ ਗਿਆ ਸੀ, ਦਾ ਸੰਦੇਸ਼ ਹਵਾਰਾ ਕਮੇਟੀ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।

  ਦੀਵਾਲੀ ਮੌਸਮੀ ਤਿਉਹਾਰ ਹੈ,ਰੋਸ਼ਨੀਆਂ ਦਾ। ਬਾਅਦ ਵਿੱਚ ਚਾਹੇ ਇਸ ਨਾਲ ਧਾਰਮਿਕ ਘਟਨਾਵਲੀਆਂ ਜੋੜ ਕੇ ਇਸ ਨੂੰ ਧਾਰਮਿਕ ਤਿਉਹਾਰ ਬਣਾਉਣ ਦੀ ਸਫਲ ਕੋਸ਼ਿਸ਼ ਹੋਈ।ਵੈਸਾਖੀ ਵਾਂਗ ਦੀਵਾਲੀ ਵੀ ਹਿੰਦ ਦੇ ਸਿੰਧ ਤੋਂ ਕੰਨਿਆ ਕੁਮਾਰੀ ਤੱਕ ਮਨਾਇਆ ਜਾਣ ਵਾਲਾ ਤਿਉਹਾਰ ਹੈ।ਗੁਰੂ ਕਾਲ ਤੋਂ ਹੀ ਵੈਸਾਖੀ ਦੇ ਨਾਲ ਦੀਵਾਲੀ ਦੀ ਵੱਡੀ ਇੱਕਰਤਰਤਾ ਸ਼ੁਰੂ ਹੋਣ ਦਾ ਜ਼ਿਕਰ ਮਿਲਦਾ ਹੈ । ਮਿਸਲ ਕਾਲ ਵਿੱਚ ਇਹ ਦੋਨੋਂ ਇਕੱਠ ਸਰਬਤ ਖਾਲਸੇ ਦੇ ਰੂਪ ਵਿੱਚ ਹੋਣ ਲੱਗੇ , ਜਿਸ ਵਿੱਚ ਪੰਥਕ ਜੱਥੇਦਾਰ ਗੁਰੂ ਦੀ ਹਜ਼ੂਰੀ 'ਚ ਕੌਮ ਦੀ ਚੜ੍ਹਦੀਕਲਾ ਲਈ ਗੁਰਮਤੇ ਸੋਧਦੇ। ਇਹਨਾਂ ਇਕੱਠਾ ਦੀ ਬਦੌਲਤ ਕੌਮ ਰਾਜ ਭਾਗ ਦੀ ਮਾਲਕ ਬਣੀ। ਸਮੇਂ ਨੇ ਪੁੱਠਾ ਗੇੜ ਖਾਧਾ ਤੇ ਦੀਵਾਲੀ ਦਾ ਸਰਬਤ ਖਾਲਸਾ ਵਿਸਾਰ ਕੇ ਕੌਮ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਜਾਣ ਲੱਗੀ, ਲਕੋਕਤੀ ਬਣ ਗਈ, ਦਾਲ ਰੋਟੀ ਘਰ ਦੀ ,ਦੀਵਾਲੀ ਅੰਬਰਸਰ ਦੀ, ..ਸ਼੍ਰੋਮਣੀ ਕਮੇਟੀ ਨੇ ਪੰਥਕ ਰਵਾਇਤ ਦਾ ਘਾਣ ਕਰਦਿਆਂ ਇਸ ਵਿੱਚ ਪੂਰਾ ਯੋਗਦਾਨ ਪਾਇਆ ।ਜੱਥੇਦਾਰ ਤੇ ਉਂਝ ਹੀ ਬੱਸ ਮਿੱਟੀ ਦੇ ਮਾਧੋ ਨੇ , ਸਪੀਕਰਾਂ ਤੇ ਬੋਲਣ ਵਾਲੇ ,ਇਹਨਾਂ ਨੇ ਕਦੇ ਵੀ ਕੌਮ ਨੂੰ ਸੁਚੇਤ ਨਹੀਂ ਕੀਤਾ ਕਿ ਦਰਬਾਰ ਸਾਹਿਬ ਦੀਵਾਲੀ ਨਹੀਂ ਮਨਾਈ ਜਾਣੀ ਚਾਹੀਦੀ , ਸਗੋਂ ਸਰਬੱਤ ਖਾਲਸੇ ਦੇ 'ਕੱਠ ਮੁੜ ਸ਼ੁਰੂ ਕਰ ਕੌਮ ਦੇ ਸਭ ਧੜੇ ਇਕੱਠੇ ਕਰ ਕੋਈ ਠੋਸ ਕਾਰਜਾਂ ਲਈ ਗੁਰਮਤੇ ਸੋਧ ਕੇ , ਕੌਮ ਦੀ ਚੜ੍ਹਦੀ ਕਲਾ ਲਈ ਉਦਮ ਕਰਨਾ ਚਾਹੀਦਾ ਹੈ ।
  - ਬਲਦੀਪ ਸਿੰਘ ਰਾਮੂੰਵਾਲੀਆ

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ): - ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਬੀਤੇ ਦਿਨ ਇਕ ਵਰਚੁਅਲ ਮੀਟਿੰਗ ਹੋਈ ਜਿਸ ਵਿਚ ਬ੍ਰਿਟਿਸ਼ ਸੰਸਦ ਮੈਂਬਰਾਂ ਸਮੇਤ ਬਹੁਤ ਸਾਰੀ ਸੰਸਥਾਵਾਂ ਦੇ ਮੈਂਬਰਾ ਅਤੇ ਕਾਰਕੁਨਾਂ ਨੇ ਹਿੱਸਾ ਲਿਆ ਸੀ । ਐਸ.ਐਨ.ਪੀ. ਦੇ ਸੰਸਦ ਮੈਂਬਰ ਮਾਰਟਿਨ ਡੌਕਰਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਜਿਸ ਵਿਚ 24 ਸੰਸਦ ਮੈਂਬਰਾਂ ਨੇ ਸਿੱਧੇ ਤੌਰ 'ਤੇ ਹਿੱਸਾ ਲਿਆ ਜਾਂ ਸਟਾਫ ਨੂੰ ਭੇਜਿਆ ਸੀ ਅਤੇ 16 ਸੰਸਦ ਮੈਂਬਰਾਂ ਨੇ ਲਾਬੀ ਦੌਰਾਨ ਗੱਲ ਕੀਤੀ ਅਤੇ ਸੁਣੀ ਸੀ । ਮੀਟਿੰਗ ਵਿਚ ਹਾਜਿਰੀ ਨਾ ਭਰ ਸਕਣ ਕਰਕੇ 50 ਤੋਂ ਵੱਧ ਸੰਸਦ ਮੈਂਬਰਾਂ ਨੇ ਮੁਆਫੀ ਵੀ ਭੇਜੀ ਪਰ ਉਨ੍ਹਾਂ ਵਿਚੋਂ ਕੁਝ ਨੇ ਜੱਗੀ ਦੇ ਮਾਮਲੇ ਦਾ ਅਪਡੇਟ ਰੱਖਿਆ ਜਾਣਾ ਚਾਹਿਆ ਜੋ ਵਿਦੇਸ਼ ਸਕੱਤਰ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ।
  ਸ਼ੈਡੋ ਵਿਦੇਸ਼ ਮੰਤਰੀ ਅਤੇ ਭਾਰਤ ਨਾਲ ਸਬੰਧਾਂ ਲਈ ਜ਼ਿੰਮੇਵਾਰ ਐਬਰਾਵੋਨ ਲਈ ਸੰਸਦ ਮੈਂਬਰ ਸਟੀਫਨ ਕਿਨੋਕ ਵੀ ਇਲਫੋਰਡ ਦੇ ਲੇਬਰ ਸੰਸਦ ਮੈਂਬਰ ਸੈਮ ਟੈਰੀ ਦੇ ਨਾਲ ਬੈਠਕ ਵਿਚ ਸ਼ਾਮਲ ਹੋਏ। ਦੋਵਾਂ ਨੇ ਜਗਤਾਰ ਲਈ ਆਪਣੀਆਂ ਚਿੰਤਾਵਾਂ ਅਤੇ ਐਫ.ਸੀ.ਡੀ.ਓ ਦੀ ਅਸਮਰਥਾ 'ਤੇ ਟਿੱਪਣੀ ਕੀਤੀ ।ਸੰਸਦ ਮੈਂਬਰ ਮਾਰਟਿਨ ਡੌਕਰਟੀ ਬ੍ਰਿਟਿਸ਼ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਉਪ ਚੇਅਰ ਅਤੇ ਜਗਤਾਰ ਦੇ ਸੰਸਦ ਮੈਂਬਰ ਵਜੋਂ ਦੋ ਚਿੱਠੀਆਂ ਦਾਖਲ ਕਰਨਗੇ । ਜਿਨ੍ਹਾਂ ਵਿਚੋਂ ਇਕ ਪੱਤਰ ਗ੍ਰਹਿ ਸਕੱਤਰ ਨੂੰ ਗ੍ਰਹਿ ਦਫ਼ਤਰ ਦੇ ਇਕ ਇਮੀਗ੍ਰੇਸ਼ਨ ਜੱਜ ਵਿਰੁੱਧ ਅਪੀਲ ਕਰਨ ਦੇ ਦੁਖਦਾਇਕ ਫੈਸਲੇ ਨਾਲ ਸਬੰਧਤ ਹੈ ਜਿਸ ਵਿਚ ਜਗਤਾਰ ਦੀ ਪਤਨੀ ਨੂੰ ਯੂਕੇ ਵਿਚ ਰਹਿਣ ਦੀ ਆਗਿਆ ਦੇਣ ਦੇ ਵਿਰੋਧ ਵਿਚ ਅਪੀਲ ਦਾਖਿਲ ਕੀਤੀ ਗਈ ਹੈ । ਦੂਜਾ ਪੱਤਰ ਵਿਦੇਸ਼ ਸਕੱਤਰ ਨੂੰ ਬੇਨਤੀ ਕਰੇਗਾ ਕਿ ਉਹ ਮਾਰਟਿਨ ਅਤੇ ਜਗਤਾਰ ਦੇ ਪਰਿਵਾਰ ਨੂੰ ਏਐਸਏਪੀ ਨਾਲ ਮਿਲੇ । ਪੱਤਰ ਵਿੱਚ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਵਿਦੇਸ਼ ਸਕੱਤਰ ਏਪੀਪੀਜੀ ਨਾਲ ਮੁਲਾਕਾਤ ਕਰਨ, ਕਿਉਂਕਿ ਕਈ ਸੰਸਦ ਮੈਂਬਰਾਂ ਵੱਲੋਂ ਜਗਤਾਰ ਦੇ ਕੇਸ ਨੂੰ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਨਾ ਨਿਪਟਾਰੇ ਜਾਣ ਤੇ ਹਲਕੇਦਾਰਾਂ ਵੱਲੋਂ ਚਿੰਤਾ ਪੈਦਾ ਕੀਤੀ ਗਈ ਹੈ।
  ਸੰਸਦੀ ਪ੍ਰੋਟੋਕੋਲ ਕਾਰਨ ਚੋਣ ਹਲਕੇ ਦੇ ਸੰਸਦ ਮੈਂਬਰ ਸਾਂਝੇ ਪੱਤਰਾਂ 'ਤੇ ਦਸਤਖਤ ਕਰਨ ਤੋਂ ਅਸਮਰੱਥ ਹਨ, ਜਿਵੇਂ ਕਿ ਸਰਕਾਰ ਦਾ ਹਿੱਸਾ ਬਣਨਾ ਜਾਂ ਪਰਛਾਵੇਂ ਮੋਰਚੇ ਦੇ ਬੈਂਚ' ਤੇ ਵੱਖਰੇ ਤੌਰ 'ਤੇ ਲਿਖਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
  ਬੀਤੇ ਦਿਨ ਹੋਈ ਵਰਚੁਅਲ ਮੀਟਿੰਗ ਵਿਚ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ, ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਬੁਲਾਰੇ ਭਾਈ ਦੁਬਿੰਦਰਜੀਤ ਸਿੰਘ, ਐਮਪੀ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਪ੍ਰੀਤ ਕੌਰ ਗਿਲ, ਮਨੁੱਖੀ ਅਧਿਕਾਰ ਦੇ ਕਾਰਕੁਨ ਜ਼ੀਮਿਨਾ ਵੇਨਗੋਏਚਾ, ਕਾਨੂੰਨੀ ਸਲਾਹਕਾਰ ਚਾਰਲੀ ਲਾਉਡਨ, ਜੱਗੀ ਜੌਹਲ ਦੇ ਭਰਾਤਾ ਗੁਰਪ੍ਰੀਤ ਸਿੰਘ ਜੌਹਲ ਅਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਸਣੇ ਬਹੁਤ ਸਾਰੇ ਮੈਬਰ ਹਾਜਿਰ ਸਨ ।

   

  ਪਿਛਲੇ ਦਿਨੀ ਬਿਹਾਰ ਚੋਣਾਂ ਦੇ ਨਤੀਜੇ ਲੋਕਾਂ ਖਾਸ ਕਰਕੇ ਪੰਜਾਬੀਆਂ ਦੀਆਂ ਇੱਛਾਵਾਂ ਦੇ ਉਲਟ ਆਏ। ਬਹੁਤ ਸਾਰੇ ਮਾਮਲਿਆਂ 'ਚ ਪੰਜਾਬੀ ਖਾਸ ਕਰਕੇ . . . . ਆਪਣੀ ਬਹੁਤ ਸਤੱਹੀ ਪੱਧਰ ਦੀ ਸੋਚ ਦਾ ਪ੍ਰਗਟਾਵਾ ਕਰਦੇ ਹਨ। ਬਿਹਾਰ ਮਾਮਲੇ 'ਚ ਵੀ ਅਜਿਹਾ ਹੋ ਰਿਹਾ ਹੈ। ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਸਾਰਾ ਸੋਸਲ ਮੀਡੀਆ ਈ. ਵੀ. ਐਮ. 'ਚ ਘਟਾਲਿਆਂ ਦੇ ਚਰਚਿਆਂ ਨਾਲ ਭਰਿਆ ਪਿਆ ਹੈ। ਅਸੀਂ ਇਹ ਨਹੀਂ ਆਹਦੇ ਕਿ ਹਕੂਮਤ ਭਲੀਮਾਣਸ ਹੈ ਜਾਂ ਇੱਥੇ ਲੋਕਤੰਤਰ ਹੈ ਜਾਂ ਬਦਮਾਸ਼ੀ ਨਹੀਂ ਕੀਤੀ ਜਾ ਰਹੀ। ਇਹ ਸਭ ਕੁਝ ਸੀ, ਹੈ ਤੇ ਅਜੇ ਰਹੇਗਾ ਪਰ ਪੰਜਾਬੀ ਇਹ ਕਿਵੇਂ ਭੁੱਲ ਗਏ ਪਿਛਲੇ ਸਾਲਾਂ 'ਚ ਮੋਦੀ ਹਕੂਮਤ (ਮੋਦੀ ਹਕੂਮਤ ਨਹੀਂ ਅਸਲ 'ਚ ਕੱਟੜਪੰਥੀ ਸੰਘ) ਵੱਲੋਂ ਕਸ਼ਮੀਰ ਨਾਲ ਸਬੰਧਤ ਧਾਰਾ 370 ਰੱਦ ਕਰਨ, ਤੀਹਰਾ ਤਲਾਕ ਖ਼ਤਮ ਕਰਨ, ਨਾਗਰਿਕਤਾ ਬਿੱਲ ਆਦਿ ਅਜਿਹੇ ਇੱਕ ਤਰਫ਼ਾ, ਘੱਟ ਗਿਣਤੀ ਵਿਰੋਧੀ ਫ਼ੈਸਲਿਆਂ ਨੇ ਹਿੰਦੂਤਵ ਦੀ ਕਤਾਰਬੰਦੀ ਨੂੰ ਹੋਰ ਡੂੰਘਾ ਤੇ ਚੋੜਾ ਕੀਤਾ, ਬਹੁਤ ਜਿਆਦਾ ਆਰਥਿਕ ਮੰਦੀ, ਛੋਟੇ ਮੋਟੇ ਵਪਾਰ ਤਬਾਹ ਤੇ ਆਰਥਿਕ ਮਾਰੂ ਨੀਤੀਆਂ ਦੇ ਬਾਵਜੂਦ ਬਹ-ਗਿਣਤੀ ਕੌਮ ਨੂੰ ਰਾਸ਼ਟਰਵਾਦ ਦੀ ਚਾਟ ਪਵਾ ਕੇ ਚੰਗੀ ਤਰ•ਾਂ ਖਿੱਚ ਲਿਆ ਗਿਆ। ਇਸ 'ਪ੍ਰਾਪਤੀਆਂ' ਨੂੰ ਪੂਰੀ ਯੋਜਨਬੰਦ ਤਰੀਕੇ ਨਾਲ ਵੱਡੀ ਪੱਧਰ 'ਤੇ ਪ੍ਰਚਾਰ ਕੇ ਲੋਕਾਂ ਦੀ ਜਹਿਨੀਅਤ ਦਾ ਇੱਕ ਹਿੱਸਾ ਬਣਾ ਦਿੱਤਾ। (ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਮਗਰ ਲਾਏ ਵੱਡ ਅਕਾਰੀ ਬੋਰਡਾਂ 'ਤੇ ਵੀ ਇਹਨਾਂ 'ਪ੍ਰਾਪਤੀਆਂ' ਦਾ ਜ਼ਿਕਰ ਹੈ)
  ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਸ ਵਰਤਾਰੇ ਨੂੰ ਪੰਜਾਬ ਨਾਲ ਜੋ ਕੁਝ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ, ਉਸ ਸੰਦਰਭ 'ਚ ਵੀ ਵੇਖਣ। ਜੂਨ 1984 ਦੇ ਦਰਬਾਰ ਸਾਹਿਬ ਹਮਲਾ ਤੋਂ ਬਾਅਦ ਹਿੰਦੂਤਵੀ ਰਾਸ਼ਟਰਵਾਦ ਦੇ ਏਜੰਟੇ ਨੇ ਕਾਂਗਰਸ ਨੂੰ ਐਨ ਸਿਖਰ 'ਤੇ ਖੜਾ ਕਰ ਦਿੱਤਾ ਗਿਆ, ਫਿਰ ਇੰਦਰਾ ਦੇ ਕਤਲ ਤੇ ਸਿੱਖ ਨਸਲਕੁਸ਼ੀ ਤੋਂ ਬਾਅਦ ਕਾਂਗਰਸ ਦਾ ਗਰਾਫ਼ ਹੋਰ ਉਤਾਂਹ ਵੱਲ ਗਿਆ। ਦੇਖ ਸਕਦੇ ਹੋ ਕਿ 1984 ਤੋਂ 1994 ਤੱਕ ਜਿਵੇਂ ਜਿਵੇਂ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਪੰਜਾਬ ਨੂੰ ਕੁੱਟਿਆ, ਸਿੱਖਾਂ 'ਤੇ ਬੇਤਸਾਹਾ ਤਸੱਦਦ ਕੀਤਾ, ਓਵੇਂ ਓਵੇਂ ਕਾਂਗਰਸ ਮਜਬੂਤੀ ਵੱਲ ਵੱਧਦੀ ਗਈ, ਅਸਲ 'ਚ ਉਹ ਕਾਂਗਰਸ ਨਹੀਂ ਸੀ ਸਗੋਂ ਹੁਣ ਵਾਲਾ ਸੰਘੀ ਘਾਤਕ ਵਰਤਾਰਾ ਹੀ ਸੀ, ਲੋਕਤੰਤਰ ਦੇ ਮੌਖੱਟੇ ਹੇਠ ਕਾਂਗਰਸ ਦਿੱਸਦਾ ਚਿੰਨ ਸੀ।
  ਹੁਣ ਪੰਜਾਬੀ ਕਹਿ ਸਕਦੇ ਨੇ ਕਿ ਮੋਦੀ ਅਸਲ 'ਚ ਸੰਘੀ ਹਕੂਮਤ ਤਾਂ ਹਿੰਦੂਤਵ ਰਾਸ਼ਟਰਵਾਦ ਦੀ ਖੱਟੀ ਖਾ ਰਹੇ ਨੇ, ਤੇ ਬਿਲਕੁੱਲ ਇਹ ਵੀ ਇਸੇ ਤਰ•ਾਂ ਹੀ ਹੈ ਜਿਵੇਂ ਬਾਦਲ ਲਾਣਾ ਜਾਂ ਬਾਦਲ ਦਲ ਸਿੱਖਾਂ ਨੂੰ ਗੁੰਮਰਾਹ ਕਰਕੇ 'ਪੰਥ' ਦੀ ਖੱਟੀ ਖਾ ਰਿਹਾ ਹੈ। ਛਾਤਰ ਬਾਦਲ 1984 ਦੇ ਸਿੱਖਾਂ ਵਿਰੁੱਧ ਭਿਆਨਕ ਹਿੰਦੂਤਵੀ ਹਕੂਮਤ ਦੀ ਜੰਗ ਨੂੰ ਉਹ ਕਾਂਗਰਸ ਦੀ ਦੇਣ ਕਹਿਕੇ ਰਾਜ ਕਰਦਾ ਆ ਰਿਹਾ ਹੈ।
  ਇਹ ਮਸਲਾ ਵਾਲਾ ਵੱਧ ਤਾਂ ਟੇਡਾ ਨਹੀਂ ਸਗੋਂ ਕੁਝ ਕੁ ਟੇਡਾ ਜਰੂਰ ਹੈ ਕਿ ਮੋਦੀ ਦੇ ਹਿੰਦੂਤਵੀ ਰਾਜ 'ਚ ਬਹੁ-ਗਿਣਤੀਆਂ ਦੀ ਸੋਸਲ ਸਕਿਊਰਟੀ ਜਰੂਰ ਹੈ ਜੋ ਕਿ ਬਾਦਲ ਦਲ ਦੇ ਅਖੌਤੀ ਪੰਥਕ ਰਾਜ 'ਚ ਸਿੱਖਾਂ ਦੀ ਨਹੀਂ। ਬਾਦਲ ਦਲ ਦੇ ਅਖੌਤੀ ਪੰਥਕ ਰਾਜ 'ਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ 'ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਿੱਖਾਂ 'ਤੇ ਗੋਲੀਆਂ ਚਲਾ ਕੇ ਦੋ ਸਿੱਖ ਸ਼ਹੀਦ ਕੀਤੇ ਜਾ ਸਕਦੇ ਹਾਂ ਪਰ ਜੇ ਹਿੰਦੂ ਗੁੰਡਾਗਰਦੀ ਨਾਲ ਵੀ ਰੋਸ ਪ੍ਰਗਟ ਕਰਦੇ ਨੇ ਉਹਨਾਂ 'ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਨਹੀਂ ਆਉਦੀ।
  ਇਸੇ ਕਰਕੇ ਪੰਜਾਬੀਓ ਇਹ ਇਕੱਲਾ ਈ. ਵੀ. ਐਮ. ਮਸ਼ੀਨਾਂ ਦਾ ਨਹੀਂ ਸਗੋਂ ਹਿੰਦੂਤਵੀ ਨੀਤੀਆਂ ਕਾਰਣ ਇੱਕ ਵੱਡਾ ਵਰਗ ਅਜੇ ਵੀ ਮੋਦੀ ਹਕੂਮਤ ਨਾਲ ਹੈ।
  ਵੱਧ ਘੱਟ ਲਈ ਮਾਫ਼ੀ। ਆਮੀਨ
  ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ

  ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਜੋਅ ਬਾਇਡਨ ਨੇ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਰ ਨਾ ਕਬੂੁਲਣਾ ‘ਸ਼ਰਮਨਾਕ’ ਹੈ। ਇਸ ਨਾਲ ‘ਰਾਸ਼ਟਰਪਤੀ ਦੀ ਵਿਰਾਸਤ ਵਿਚ ਕੋਈ ਚੰਗਾ ਵਾਧਾ ਨਹੀਂ ਹੋਵੇਗਾ।’ ਬਾਇਡਨ ਨੇ ਕਿਹਾ ਕਿ ਉਹ ਵਾਈਟ ਹਾਊਸ ਲਈ ਤਿਆਰੀ ਕਰ ਰਹੇ ਹਨ ਤੇ ਨਵੀਂ ਭੂਮਿਕਾ ਵਿਚ ਵਿਸ਼ਵ ਦੇ ਆਗੂਆਂ ਨਾਲ ਗੱਲਬਾਤ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਤਿੰਨ ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਾਰ ਕਬੂਲਣ ਤੋਂ ਨਾਂਹ ਕਰ ਦਿੱਤੀ ਸੀ ਤੇ ਕਈ ਸੂਬਿਆਂ ਵਿਚ ਉਹ ਕਾਨੂੰਨੀ ਲੜਾਈ ਲੜ ਰਹੇ ਹਨ। ਹਾਲਾਂਕਿ ਚੋਣ ਪ੍ਰਕਿਰਿਆ ਵਿਚ ਹਾਲੇ ਤੱਕ ਕਿਸੇ ਧੋਖਾਧੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਬਾਇਡਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਸੱਤਾ ਦਾ ਤਬਾਦਲਾ ਸ਼ੁਰੂ ਕਰਨ ਤੋਂ ਇਨਕਾਰ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਨ੍ਹਾਂ ਦਾ ਸਟਾਫ਼ ਇਸ ਲਈ ਕੰਮ ਕਰ ਰਿਹਾ ਹੈ। 20 ਜਨਵਰੀ ਨੂੰ ਉਹ ਸੱਤਾ ਸੰਭਾਲ ਲੈਣਗੇ। ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਵੀ ਕਿਹਾ ਕਿ ਅਮਰੀਕੀਆਂ ਨੇ ਬਾਇਡਨ ਨੂੰ ਸਪੱਸ਼ਟ ਤੌਰ ’ਤੇ ਚੁਣਿਆ ਹੈ। ਫ਼ੈਸਲਾਕੁਨ ਰੂਪ ਵਿਚ ਉਨ੍ਹਾਂ ਨੂੰ ਟਰੰਪ ਨਾਲੋਂ ਵੱਧ ਅਤੇ ਅਮਰੀਕੀ ਚੋਣਾਂ ਦੇ ਇਤਿਹਾਸ ਵਿਚ ਵੀ ਸਭ ਤੋਂ ਵੱਧ ਵੋਟਾਂ ਪਈਆਂ ਹਨ। ਜੋਅ ਬਾਇਡਨ ਦੀਆਂ ਏਜੰਸੀ ਸਮੀਖਿਆ ਟੀਮਾਂ ਵਿਚ ਕਰੀਬ 20 ਭਾਰਤੀ-ਅਮਰੀਕੀ ਸ਼ਾਮਲ ਹਨ। ਇਨ੍ਹਾਂ ਵਿਚ ਤਿੰਨ ਜਣੇ ਟੀਮਾਂ ਦੀ ਅਗਵਾਈ ਕਰਨਗੇ। ਇਹ ਟੀਮਾਂ ਮੌਜੂਦਾ ਪ੍ਰਸ਼ਾਸਨ ਦੀਆਂ ਸੰਘੀ ਏਜੰਸੀਆਂ ਦੇ ਕੰਮਕਾਜ ਦੀ ਸਮੀਖਿਆ ਕਰਨਗੀਆਂ ਤੇ ਸੁਖਾਲੇ ਸੱਤਾ ਤਬਾਦਲੇ ਵਿਚ ਮਦਦ ਕਰਨਗੀਆਂ। ਸਟੈਨਫੋਰਡ ’ਵਰਸਿਟੀ ਦੇ ਅਰੁਣ ਮਜੂਮਦਾਰ ਊਰਜਾ ਵਿਭਾਗ ਵਾਲੀ ਟੀਮ, ਰਾਹੁਲ ਗੁਪਤਾ ਕੌਮੀ ਡਰੱਗ ਕੰਟਰੋਲ ਦਫ਼ਤਰ ਵਾਲੀ ਟੀਮ ਤੇ ਕਿਰਨ ਅਹੂਜਾ ਪਰਸੋਨਲ ਪ੍ਰਬੰਧਨ ਵਾਲੀ ਟੀਮ ਦੀ ਅਗਵਾਈ ਕਰਨਗੇ। ਪੈਵ ਸਿੰਘ ਤੇ ਦਿਲਪ੍ਰੀਤ ਸਿੱਧੂ ਨੂੰ ਸੁਰੱਖਿਆ ਕੌਂਸਲ, ਭਵਿਆ ਸਿੰਘ ਨੂੰ ਨਾਸਾ, ਅਨੀਸ਼ ਚੋਪੜਾ ਨੂੰ ਡਾਕ ਸੇਵਾ ਵਾਲੀ ਟੀਮ ਦਾ ਮੈਂਬਰ ਬਣਾਇਆ ਗਿਆ ਹੈ।

  ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮੁਲਕ ਗੰਭੀਰ ਮੰਦੀ (ਰੀਸੈਸ਼ਨ) ਦੇ ਦੌਰ ’ਚ ਦਾਖ਼ਲ ਹੋ ਗਿਆ ਹੈ ਅਤੇ ਜੁਲਾਈ ਤੋਂ ਸਤੰਬਰ ਦੇ ਵਕਫ਼ੇ ਦੌਰਾਨ ਜੀਡੀਪੀ ਦਾ ਘਟਣਾ ਇਸ ਦਾ ਸਬੂਤ ਹੈ। ਆਰਬੀਆਈ ਦੇ ਆਰਥਿਕ ਸਰਗਰਮੀ ਸੂਚਕ ਅੰਕ ਦੇ ਅੰਦਾਜ਼ੇ ਮੁਤਾਬਕ ਭਾਰਤ ਦੀ ਜੀਡੀਪੀ ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ’ਚ ਨਕਾਰਾਤਮਕ ਸੀ ਅਤੇ ਜੀਡੀਪੀ 8.6 ਫ਼ੀਸਦੀ ਤੱਕ ਘਟੀ। ਰਿਪੋਰਟ ’ਚ ਕਿਹਾ ਗਿਆ,‘‘ਭਾਰਤ ਇਤਿਹਾਸ ’ਚ ਪਹਿਲੀ ਵਾਰ 2020-21 ਦੇ ਪਹਿਲੇ ਅੱਧ ’ਚ ਗੰਭੀਰ ਮੰਦੀ ਦਾ ਸ਼ਿਕਾਰ ਹੋ ਗਿਆ। ਵਿੱਤੀ ਵਰ੍ਹੇ ਦੀ ਲਗਾਤਾਰ ਦੂਜੀ ਤਿਮਾਹੀ ’ਚ ਜੀਡੀਪੀ ਦੇ ਹੋਰ ਡਿੱਗਣ ਦੇ ਆਸਾਰ ਬਣੇ।’’ ਵਿਕਾਸ ਦਰ ’ਚ ਵਾਧਾ ਕਾਰੋਬਾਰੀ ਗਤੀਵਿਧੀਆਂ ਦੇ ਹੌਲੀ-ਹੌਲੀ ਆਮ ਵਾਂਗ ਹੋਣ ਕਾਰਨ ਦਰਜ ਹੋ ਰਿਹਾ ਹੈ ਅਤੇ ਅਰਥਚਾਰੇ ’ਚ ਮੰਦੀ ਥੋੜ੍ਹੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਕਾਰਨ ਜਦੋਂ ਆਲਮੀ ਆਰਥਿਕਤਾ ’ਤੇ ਬੁਰਾ ਅਸਰ ਪੈ ਰਿਹਾ ਹੈ ਤਾਂ ਅਕਤੂਬਰ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਅਰਥਚਾਰੇ ’ਚ ਸੁਧਾਰ ਹੋ ਰਿਹਾ ਹੈ ਅਤੇ ਖਪਤਕਾਰਾਂ ਤੇ ਕਾਰੋਬਾਰੀਆਂ ਦਾ ਭਰੋਸਾ ਮੁੜ ਕਾਇਮ ਹੋ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020-21 ਦੇ ਪਹਿਲੇ ਅੱਧ ’ਚ ਭਾਰਤੀ ਅਰਥਚਾਰੇ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਕਾਸ ਦੇ ਕਈ ਨਵੇਂ ਰਾਹ ਖੁੱਲ੍ਹ ਰਹੇ ਹਨ ਅਤੇ ਤਿਉਹਾਰੀ ਮੌਸਮ ਦੌਰਾਨ ਕੋਵਿਡ-19 ਦੀ ਜਕੜ ’ਚੋਂ ਨਿਕਲ ਕੇ ਆਰਥਿਕ ਸਰਗਰਮੀਆਂ ਤੇਜ਼ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਕਰ ਅਕਤੂਬਰ ’ਚ ਪੇਸ਼ ਕੀਤੀ ਗਈ ਆਰਥਿਕ ਨੀਤੀ ਰਿਪੋਰਟ ’ਚ ਕੀਤਾ ਗਿਆ ਹੈ।
  ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੇ ਜੀਡੀਪੀ ਅਨੁਮਾਨ ’ਚ ਸੋਧ ਕਰਦਿਆਂ ਪਹਿਲਾਂ ਦੇ ਮੁਕਾਬਲੇ ਹਾਲਾਤ ’ਚ ਸੁਧਾਰ ਦੀ ਉਮੀਦ ਜਤਾਈ ਹੈ। ਮੂਡੀਜ਼ ਨੇ 2020 ’ਚ ਭਾਰਤੀ ਅਰਥਚਾਰੇ ’ਚ 8.9 ਫ਼ੀਸਦ ਦੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ ਜਦਕਿ ਇਸ ਤੋਂ ਪਹਿਲਾਂ ਉਸ ਨੇ 9.6 ਫ਼ੀਸਦ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਸੀ। ਮੂਡੀਜ਼ ਨੇ ਕਿਹਾ ਕਿ ਲੰਬੇ ਅਤੇ ਸਖ਼ਤ ਲੌਕਡਾਊਨ ਤੋਂ ਬਾਅਦ ਦੇਸ਼ ਦਾ ਅਰਥਚਾਰਾ ਮੁੜ ਲੀਹਾਂ ’ਤੇ ਆ ਗਿਆ ਹੈ ਪਰ ਇਹ ਸੁਧਾਰ ਖਿੰਡਿਆ ਹੋਇਆ ਹੈ। ਰਿਪੋਰਟ ’ਚ ਏਜੰਸੀ ਨੇ 2021 ਲਈ ਵੀ ਮੁਲਕ ਦੀ ਆਰਥਿਕ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ 8.6 ਫ਼ੀਸਦ ਕੀਤਾ ਹੈ। ਪਹਿਲਾਂ ਇਹ 8.1 ਫ਼ੀਸਦ ਸੀ।

  ਡਾ. ਕਿਰਨਦੀਪ ਕੌਰ
  ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ। ਔਰਤਾਂ ਦੀ ਪੜ੍ਹਾਈ ਵੱਲ ਮਹਾਰਾਜਾ ਦਾ ਬਹੁਤ ਧਿਆਨ ਸੀ। ਹਰੇਕ ਪਿੰਡ ਵਿੱਚ ਔਰਤਾਂ ਤੱਕ ‘ਕੈਦਾ’ ਪਹੁੰਚਾਇਆ ਜਾਂਦਾ। ਜੇ ਕੋਈ ਨੰਬਰਦਾਰ ਕੁਤਾਹੀ ਕਰਦਾ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ। ਸਿੱਖ ਰਾਜ ਵਿੱਚ ਤਕਰੀਬਨ ਸਾਰੀਆਂ ਔਰਤਾਂ ਨੂੰ ਮੁੱਢਲੀ ਵਿੱਦਿਆ ਬਾਰੇ ਜਾਣਕਾਰੀ ਸੀ। ਰਾਜ ਵਿੱਚ ਬੇਸ਼ਕ ਫਾਰਸੀ ਸਰਕਾਰੀ ਭਾਸ਼ਾ ਸੀ ਪਰ ਆਮ ਗੱਲਬਾਤ ਪੰਜਾਬੀ ਵਿੱਚ ਹੀ ਹੁੰਦੀ ਸੀ। ਜੀ. ਡਬਲਿਊ ਲੈਟਨਰ ਅਨੁਸਾਰ ਲਾਹੌਰ ਦੇ ਸਕੂਲਾਂ ਵਿੱਚ ਭਾਸ਼ਾਵਾਂ, ਸਹਿਤ, ਵਿਆਕਰਨ, ਹਿਸਾਬ, ਕਾਨੂੰਨ, ਜੀਊਮੈਟਰੀ, ਦਾਰਸ਼ਨਿਕਤਾ ਆਦਿ ਵਿਸ਼ੇ ਪੜ੍ਹਾਏ ਜਾਂਦੇ ਸਨ। ਮਹਾਰਾਜਾ ਕੋਲ ਅੰਗਰੇਜ਼, ਅਮਰੀਕਨ, ਰੂਸੀ, ਫਰਾਂਸਿਸੀ, ਇਟਲੀ ਅਤੇ ਹੋਰ ਕਈ ਦੇਸ਼ਾਂ ਦੇ ਫੌਜੀ ਅਫਸਰ ਨੌਕਰੀ ਕਰਦੇ ਸਨ। ਮਹਾਰਾਜਾ ਨੇ ਕੰਵਰ ਸ਼ੇਰ ਸਿੰਘ ਦੇ ਬੇਟੇ ਪ੍ਰਿੰਸ ਪਰਤਾਪ ਸਿੰਘ ਨੂੰ ਅੰਗਰੇਜ਼ੀ ਵਿੱਦਿਆ ਦੇਣ ਲਈ ਯਤਨ ਕੀਤੇ, ਜਿਸ ਬਾਰੇ W.G. Osborne B ਨੇ ਆਪਣੀ ਪੁਸਤਕ ‘Ranjit Singh: The Lion of the Punjab’ ਵਿੱਚ ਬਹੁਤ ਤਾਰੀਫ ਕੀਤੀ। ਪਰਤਾਪ ਸਿੰਘ ਦੀ ਲਿਆਕਤ, ਯੋਗਤਾ ਉਸ ਨੂੰ ਅਮੀਰ ਅੰਗਰੇਜ਼ਾਂ ਦੇ ਬੱਚਿਆਂ ਨਾਲੋਂ ਵੀ ਕਈ ਗੁਣਾਂ ਵੱਧ ਲੱਗੀ। ਇਕ ਵਾਰ ਪਰਤਾਪ ਸਿੰਘ ਨੇ ਐਮਿਲੀ ਈਡਨ ਨੂੰ ਅੰਗਰੇਜ਼ੀ ਵਿੱਚ ਖ਼ਤ ਲਿਖਿਆ ਸੀ, ਜਿਸ ਦਾ ਉੱਤਰ ਉਸ ਨੇ ਫਾਰਸੀ ਵਿੱਚ ਦਸਤਖਤ ਕਰਕੇ ਭੇਜਿਆ। ਜੌਹਾਨ ਮਾਰਟਿਨ ਹੋਨਿੰਗ ਬਰਗਰ (1795-1869) ਜੋ ਕਿੱਤੇ ਵਜੋਂ ਡਾਕਟਰ ਸੀ, ਨੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਉਦਯੋਗ, ਫੌਜੀ ਸਿਖਲਾਈ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵਿਦਿਆ ਬਾਰੇ ਬਹੁਤ ਤਾਰੀਫ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਧਿਆਨ ਸਿੰਘ ਦੇ ਬੇਟੇ ਹੀਰਾ ਸਿੰਘ (1816-1844) ਨੂੰ ਵੀ ਅੰਗਰੇਜ਼ੀ ਵਿੱਦਿਆ ਦੇਣ ਲਈ ਖਾਸ ਪ੍ਰਬੰਧ ਕੀਤਾ। ਮਹਾਰਾਜਾ ਚਾਹੁੰਦਾ ਸੀ ਕਿ ਉਸ ਦੇ ਦਰਬਾਰੀ ਜਾਂ ਨਜ਼ਦੀਕੀ ਚੰਗੀ ਤਰ੍ਹਾਂ ਅੰਗਰੇਜ਼ਾਂ ਨਾਲ ਗੱਲ ਕਰ ਸਕਣ ਅਤੇ ਉਸ ਨੂੰ ਠੀਕ ਰਿਪੋਰਟ ਦੇ ਸਕਣ। ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਅੰਗਰੇਜ਼ੀ ਸਕੂਲ ਸ਼ੁਰੂ ਕਰਨਾ ਚਾਹੁੰਦਾ ਸੀ ਅਤੇ ਜੇ.ਸੀ. ਲੌਰੀ ਨੂੰ ਛੇ ਮਹੀਨੇ ਲਈ ਲਾਹੌਰ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਦਿਆ ਦੇਣ ਦਾ ਸੱਦਾ ਦਿੱਤਾ। ਲੌਰੀ ਲੁਧਿਆਣੇ ਤੋਂ ਲਾਹੌਰ ਪਹੁੰਚਿਆ ਅਤੇ ਉਸ ਨਾਲ ਫਕੀਰ ਨੂਰ-ਉਦ-ਦੀਨ ਨੇ ਅੰਗਰੇਜ਼ੀ ਭਾਸ਼ਾ ਅਤੇ ਹੋਰ ਵਿਸ਼ਿਆਂ ਬਾਰੇ ਗੱਲਬਾਤ ਕੀਤੀ। ਮਹਾਰਾਜਾ ਨਾਲ ਮਿਲਣੀ ਹੋਈ ਅਤੇ ਉਹ ਤਕਰੀਬਨ ਇਕ ਮਹੀਨੇ ਲਾਹੌਰ ਰਿਹਾ। ਉਸ ਨੂੰ ਬਹੁਤ ਤੋਹਫੇ ਦੇ ਕੇ ਰਵਾਨਾ ਕੀਤਾ ਪਰ ਮਹਾਰਾਜਾ ਬਾਈਬਲ ਪੜ੍ਹਾਏ ਜਾਣ ’ਤੇ ਸਹਿਮਤ ਨਹੀਂ ਸੀ ਕਿਉਂਕਿ ਉਸ ਨੂੰ ਇਸ ਦੀ ਵਿਰੋਧਤਾ ਦਾ ਅੰਦੇਸ਼ਾ ਸੀ। ਸਿੱਖ ਰਾਜ ਸਮੇਂ ਬਹੁਤ ਸਾਰੇ ਵਿਦਵਾਨ ਅੰਗਰੇਜ਼ੀ ਭਾਸ਼ਾ ਦੇ ਚੰਗੇ ਜਾਣੂ ਸਨ।

  ਸੁਰਿੰਦਰ ਕੋਛੜ ਅੰਮਿ੍ਤਸਰ - ਲਾਹੌਰ ਦੇ ਵਿਸ਼ਵ ਪ੍ਰਸਿੱਧ ਸ਼ਾਹੀ ਕਿਲ੍ਹੇ ਦੇ ਅੰਦਰ 17ਵੀਂ ਸਦੀ ਦੀ ਪੁਰਾਣੀ ਮੋਤੀ ਮਸਜਿਦ ਦੀ ਖੁਦਾਈ ਦੌਰਾਨ ਉਸ ਹੇਠੋਂ ਸਿੱਖ ਰਾਜ ਸਮੇਂ ਦਾ ਤੋਸ਼ਾਖਾਨਾ ਮਿਲਿਆ ਹੈ | ਦੱਸਿਆ ਜਾ ਰਿਹਾ ਹੈ ਕਿਲ੍ਹੇ ਅੰਦਰ ਮੌਜੂਦ ਉਕਤ ਮਸਜਿਦ 'ਚ ਵਾਲਡ ਸਿਟੀ ਲਾਹੌਰ ਅਥਾਰਿਟੀ ਦੁਆਰਾ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ | ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਗੁਰਦੁਆਰਾ ਡੇਹਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਹੈ | ਦੱਸਣਯੋਗ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਦੇ ਉਕਤ ਸ਼ਾਹੀ ਕਿਲ੍ਹੇ 'ਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ ਸੀ | ਉਨ੍ਹਾਂ ਦੇ ਬਾਅਦ ਸ਼ਾਹ ਜਹਾਨ ਨੇ ਵੀ ਇਸ ਮਸਜਿਦ ਦੇ ਕੁਝ ਹਿੱਸੇ ਦੀ ਉਸਾਰੀ ਕਰਵਾਈ | ਮਹਾਰਾਜਾ ਰਣਜੀਤ ਸਿੰਘ ਵਲੋਂ ਲਾਹੌਰ 'ਤੇ ਆਪਣਾ ਅਧਿਕਾਰ ਕਾਇਮ ਕਰਨ ਤੋਂ ਬਾਅਦ ਉਨ੍ਹਾਂ ਸ਼ਾਹੀ ਕਿਲ੍ਹੇ 'ਚ ਕਈ ਨਿਰਮਾਣ ਕਾਰਜ ਕਰਵਾਏ ਅਤੇ ਕਈ ਨਵੇਂ ਸਮਾਰਕਾਂ ਦੀ ਉਸਾਰੀ ਕਰਵਾਈ | ਉਸੇ ਦੌਰਾਨ ਉਕਤ ਮਸਜਿਦ ਨੂੰ ਮੰਦਰ ਦਾ ਰੂਪ ਦੇ ਦਿੱਤਾ ਗਿਆ | ਸ਼ੇਰ-ਏ-ਪੰਜਾਬ ਨੇ ਮੋਤੀ ਮੰਦਰ 'ਚ ਤਬਦੀਲ ਕੀਤੀ ਮੋਤੀ ਮਸਜਿਦ ਨੂੰ ਸਿੱਖ ਰਾਜ ਦੇ ਖਜ਼ਾਨਾ ਸਥਾਨ ਭਾਵ ਤੋਸ਼ਾਖਾਨਾ ਵਜੋਂ ਚੁਣਿਆ | ਦੱਸਿਆ ਜਾ ਰਿਹਾ ਹੈ ਕਿ ਸੰਨ 1849 'ਚ ਜਦੋਂ ਸ਼ਾਹੀ ਕਿਲ੍ਹਾ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਗਿਆ ਤਾਂ ਮੋਤੀ ਮਸਜਿਦ ਬਨਾਮ ਮੋਤੀ ਮੰਦਰ ਦੇ ਪਾਸ ਕੀਤੀ ਖੁਦਾਈ 'ਚ ਉਨ੍ਹਾਂ ਨੂੰ ਕਈ ਕੀਮਤੀ ਮੋਤੀ, ਹੀਰੇ ਅਤੇ ਗਹਿਣੇ ਮਿਲੇ ਸਨ | ਵਾਲਡ ਸਿਟੀ ਲਾਹੌਰ ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਸਜਿਦ ਦੇ ਬਰਾਂਮਦੇ 'ਚ ਜਿਸ ਜਗ੍ਹਾ ਤੋਂ ਸਿੱਖ ਰਾਜ ਦਾ ਉਕਤ ਤੋਸ਼ਾਖਾਨਾ ਮਿਲਿਆ ਹੈ, ਉੱਥੇ ਕਈ ਕਮਰੇ ਬਣੇ ਹੋਏ ਹਨ | ਨਾਨਕਸ਼ਾਹੀ ਇੱਟਾਂ ਨਾਲ ਬਣੇ ਇਨ੍ਹਾਂ ਕਮਰਿਆਂ ਦੀਆਂ ਦੀਵਾਰਾਂ ਚਾਰ ਫੁੱਟ ਤੋਂ ਵੀ ਵਧੇਰੇ ਚੌੜੀਆਂ ਹਨ | ਇਨ੍ਹਾਂ ਕਮਰਿਆਂ ਦੇ ਉਪਰ ਪੱਕਾ ਫ਼ਰਸ਼ ਪਿਆ ਹੋਣ ਕਰਕੇ ਅਜੇ ਤੱਕ ਇਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ | ਅਧਿਕਾਰੀਆਂ ਅਨੁਸਾਰ ਫਿਲਹਾਲ ਆਮ ਯਾਤਰੂਆਂ ਦੇ ਉੱਥੇ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉੱਥੇ ਖੁਦਾਈ ਕਰਨ 'ਤੇ ਤੋਸ਼ਾਖਾਨਾ ਨਾਲ ਸਬੰਧਤ ਕਈ ਹੋਰ ਨਵੀਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com