ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਲੰਡਨ - ਲੰਡਨ ਦੀ ਹਾਈ ਕੋਰਟ ਨੇ ਬਰਤਾਨਵੀ ਸਿੱਖ ਸਮੂਹ ਵਲੋਂ ਅਗਲੀ ਜਨਗਣਨਾ (2021) ਲਈ ਸਿੱਖ ਨਸਲ ਲਈ ਵੱਖਰੀ ਸਹੀ ਵਾਲਾ ਖਾਨਾ ਸ਼ਾਮਲ ਕਰਨ ਵਿੱਚ ਅਸਫ਼ਲ ਰਹੇ ਯੂਕੇ ਕੈਬਨਿਟ ਦਫ਼ਤਰ ਖ਼ਿਲਾਫ਼ ਦਿੱਤੀ ਚੁਣੌਤੀ ਨੂੰ ਰੱਦ ਕੀਤਾ ਹੈ। ਜਸਟਿਸ ਅਖ਼ਲਾਕ ਚੌਧਰੀ ਨੇ ਇਹ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜਨਗਣਨਾ ਦਾ ਮੌਜੂਦਾ ਡਿਜ਼ਾਈਨ ਲੋਕਾਂ ਨੂੰ ਆਪਣੇ-ਆਪ ਦੀ ਸਿੱਖ ਨਸਲ ਵਜੋਂ ਲਿਖਤੀ ਪਛਾਣ ਕਰਨ ਤੋਂ ਨਹੀਂ ਰੋਕੇਗਾ। ਊਨ੍ਹਾਂ ਕਿਹਾ ਕਿ ਭਾਵੇਂ ਨਸਲੀ ਸਮੂਹ ਦੇ ਪ੍ਰਸ਼ਨ ਦੇ ਜਵਾਬ ਵਿੱਚ ਊਹ ਸਿੱਖਾਂ ਲਈ ਵਿਸ਼ੇਸ਼ ਖਾਨੇ ਦੀ ਅਹਿਮੀਅਤ ਨੂੰ ਘੱਟ ਨਹੀਂ ਮੰਨਦੇ ਪ੍ਰੰਤੂ ਜਨਗਣਨਾ ਦੇ ਮੌਜੂਦਾ ਡਿਜ਼ਾਈਨ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਆਪਣੀ ਸ਼ਨਾਖਤ ਸਿੱਖ ਨਸਲ ਵਜੋਂ ਕਰਵਾਊਣਾ ਚਾਹੇ ਤਾਂ ਊਹ ਲਿਖਤੀ ਜਵਾਬ ਵਿੱਚ ਆਪਣੀ ਸ਼ਨਾਖ਼ਤ ਸਿੱਖ ਵਜੋਂ ਭਰ ਸਕਦਾ ਹੈ। ਊਨ੍ਹਾਂ ਕਿਹਾ ਕਿ ਕੌਮੀ ਜਨਗਣਨਾ ਦੇ ਵੱਡੇ ਪੱਧਰ ਦੇ ਪ੍ਰੋਜੈਕਟ ਨੂੰ ਧਿਆਨ ਵਿੱਚ ਰੱਖਦਿਆਂ ਕਾਰਜਕਾਰੀ ਫ਼ੈਸਲਿਆਂ ਬਾਰੇ ਕਿਸੇ ਚੁਣੌਤੀ ਕਾਰਨ ਚੱਲ ਰਹੇ ਕੰਮ ਨੂੰ ਰੋਕਣਾ ਸਹੀ ਨਹੀਂ ਹੋਵੇਗਾ। ਇਹ ਚੁਣੌਤੀ ਸਿੱਖ ਫੈਡਰੇਸ਼ਨ ਯੂਕੇ ਵਲੋਂ ਦਿੱਤੀ ਗਈ ਸੀ।

  ਵੈਨਕੂਵਰ - ਸਰੀ ਸਿਟੀ ਕੌਂਸਲ ਵਲੋਂ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ ਐਲਾਨਿਆ ਗਿਆ ਹੈ। ਮੇਅਰ ਡੱਗ ਮੁਕਲਮ ਨੇ ਇਸ ਸਬੰਧੀ ਪੱਤਰ ਜਨਤਕ ਕੀਤਾ। ਮੇਅਰ ਵਲੋਂ ਕੌਂਸਲਰਾਂ ਦੀ ਸਹਿਮਤੀ ਨਾਲ ਜਾਰੀ ਕੀਤੇ ਪੱਤਰ ਵਿਚ ਕਿਹਾ ਗਿਆ ਹੈ ਕਿ ਨਵੰਬਰ 1984 ਵਿਚ ਭਾਰਤ ਵਿੱਚ ਜਿਵੇਂ ਮਨੁੱਖੀ ਹੱਕਾਂ ਦਾ ਘਾਣ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹ ਬਹੁਤ ਘਿਨਾਉਣਾ ਸੀ ਅਤੇ ਯੂਐੱਨਓ ਚਾਰਟਰ ਦੀ ਮਾਣਹਾਨੀ ਸੀ। ਮੇਅਰ ਨੇ ਕਿਹਾ ਕਿ ਸਰੀ ਤੇ ਆਲੇ-ਦੁਆਲੇ ਦੇ ਖੇਤਰ ਵਿੱਚ ਵਸਦੇ ਵੱਡੀ ਗਿਣਤੀ ਸਿੱਖਾਂ ਦੇ ਦਰਦ ਨੂੰ ਸਮਝਦਿਆਂ ਉਹ ਇਸ ਮਹੀਨੇ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨੇ ਵਜੋਂ ਮਾਨਤਾ ਦੇ ਰਹੇ ਹਨ ਤਾਂ ਜੋ ਨਸਲਕੁਸ਼ੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਯਾਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਹ ਕੋਈ ਅਹਿਸਾਨ ਨਹੀਂ ਕਰ ਰਹੇ ਸਗੋਂ ਭਾਈਚਾਰਕ ਏਕਤਾ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਦਾ ਹੋਕਾ ਦੇਣ ਦਾ ਯਤਨ ਕਰ ਰਹੇ ਹਨ। ਦੱਸਣਯੋਗ ਹੈ ਕਿ ਸਿਟੀ ਕੌਂਸਲ ਨੂੰ ਅਜਿਹੇ ਐਲਾਨ ਲਈ ਰਾਜ਼ੀ ਕਰਨ ਵਿਚ ਕੌਂਸਲਰ ਮਨਦੀਪ ਸਿੰਘ ਨਾਗਰਾ ਨੇ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਸਿੱਖ ਕੌਂਸਲ ਵਲੋਂ ਸੂਬੇ ਵਿਚ ਸਾਲਾਨਾ ਖੂਨਦਾਨ ਕੈਂਪ ਲਾਏ ਜਾ ਰਹੇ ਹਨ। ਕਰੋਨਾਵਾਇਰਸ ਮਹਾਮਾਰੀ ਕਾਰਨ ਇਸ ਵਾਰ ਅਗਾਊਂ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।

  ਚੰਡੀਗੜ੍ਹ - 24 ਅਕਤੂਬਰ ਨੂੰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵਿਵਾਦਗ੍ਰਸਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਦਿਨ ਦੀ ਗੁਪਤ ਪੈਰੋਲ ਦਿੱਤੀ। ਡੇਰਾ ਮੁਖੀ ਬਲਾਤਕਾਰ ਦੇ ਦੋਸ਼ ਵਿਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਕਈ ਵਾਰ ਅਦਾਲਤ ਉਸ ਨੂੰ ਜ਼ਮਾਨਤ ਤੋਂ ਇਨਕਾਰ ਕਰ ਚੁੱਕੀ ਹੈ।
  ਸੂਤਰਾਂ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਉਸ ਦੀ ਪਤਨੀ ਹਰਜੀਤ ਕੌਰ ਦੀ ਅਪੀਲ ’ਤੇ ਇਸ ਅਧਾਰ ’ਤੇ ਪੈਰੋਲ ਦਿੱਤੀ ਗਈ ਕਿ ਉਸ ਦੀ 85 ਸਾਲਾ ਮਾਂ ਨਸੀਬ ਕੌਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਤੇ ਊਸ ਦੀ ਹਾਲਤ ਗੰਭੀਰ ਹੈ। ਡੇਰਾ ਮੁਖੀ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ, ਜੋ ਗੁਰੂਗ੍ਰਾਮ ਵਿੱਚ ਹਸਪਤਾਲ ਵਿੱਚ ਭਰਤੀ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਹੇਠ ਗੁਰੂਗ੍ਰਾਮ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਿਨ ਵੇਲੇ ਰਿਹਾ ਅਤੇ ਸ਼ਾਮ ਨੂੰ ਜੇਲ੍ਹ ਲਿਆਂਦਾ ਗਿਆ। 52 ਸਾਲਾ ਡੇਰਾ ਮੁਖੀ ਇਸ ਸਮੇਂ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਰੋਹਤਕ ਦੀ ਉੱਚ ਸੁਰੱਖਿਆ ਵਾਲੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।

  ਅੰਮ੍ਰਿਤਸਰ - ਸ੍ਰੀ ਦਰਬਬਾਰ ਸਾਹਿਬ ਸਮੂਹ ਵਿਚਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਫ਼ੌਜ ਵੱਲੋਂ ਚੁੱਕਿਆ ਤੇ ਫਿਰ ਵਾਪਸ ਕੀਤਾ ਗਿਆ ਅਮੁੱਲਾ ਖਜ਼ਾਨਾ ਅਤੇ 328 ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਜਵਾਬ ਮੰਗਣ ਲਈ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਅੱਜ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ’ਚ ਧਰਨਾ ਦਿੱਤਾ ਗਿਆ।
  ਸਵੇਰੇ 11 ਵਜੇ ਤੋਂ 3 ਵਜੇ ਤੱਕ 4 ਘੰਟੇ ਚੱਲੇ ਇਸ ਧਰਨੇ ਵਿੱਚ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਵੱਲੋਂ ਜਵਾਬ ਦੇਣ ਲਈ ਕੋਈ ਵੀ ਨਹੀਂ ਪੁੱਜਿਆ। ਧਰਨੇ ਦੀ ਸਪਾਪਤੀ ਕਰਦਿਆਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਹਾਕਮਾਂ ਤੋਂ ਜਵਾਬ ਮਿਲਣ ਤੱਕ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।
  ਇਸ ਤੋਂ ਪਹਿਲਾਂ ਸਵੇਰੇ ਪੰਥਕ ਅਕਾਲੀ ਲਹਿਰ ਦੇ ਝੰਡੇ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਇੱਥੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਕੱਠੇ ਹੋਏ ਅਤੇ ਮਾਰਚ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਜਿੱਥੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ’ਚ ਧਰਨਾ ਦਿੱਤਾ ਗਿਆ। ਧਰਨੇ ਵਿੱਚ ਅਕਾਲੀ ਦਲ ਡੈਮੋਕ੍ਰੇਟਿਕ ਦੇ ਭਾਈ ਮੋਹਕਮ ਸਿੰਘ, ਜਸਬੀਰ ਸਿੰਘ ਘੁੰਮਣ, ਸਤਨਾਮ ਸਿੰਘ ਮਨਾਵਾ, ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ ਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਪਰ ਮੌਕੇ ’ਤੇ ਹਾਜ਼ਰ ਪੁਲੀਸ ਨੇ ਮਾਮਲੇ ’ਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ।
  ਭਾਈ ਰਣਜੀਤ ਸਿੰਘ ਨੇ ਆਖਿਆ ਕਿ ਉਹ ਅੱਜ ਦਸਤਾਵੇਜ਼ੀ ਸਬੂਤ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਜਵਾਬ ਮੰਗਣ ਆਏ ਹਨ। ਉਹ ਸੰਗਤ ਦੇ ਸਵਾਲਾਂ ਦੇ ਜਵਾਬ ਸੰਗਤ ਵਿੱਚ ਆ ਕੇ ਦੇਣ। ਉਨ੍ਹਾਂ ਕਿਹਾ ਭਾਰਤੀ ਫ਼ੌਜ ਦਾ ਦਾਅਵਾ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕਿਆ ਅਮੁੱਲਾ ਖਜ਼ਾਨਾ, ਜਿਸ ਵਿੱਚ 200 ਸਰੂਪ (ਕਈ ਹੱਥ ਲਿਖਤ ਪਾਵਨ ਸਰੂਪਾਂ ਸਮੇਤ) ਤੇ ਗੁਰੂ ਸਾਹਿਬ ਵੇਲੇ ਦੇ 28 ਹੁਕਮਨਾਮੇ ਤੇ ਸਾਖੀਆ ਆਦਿ ਸ਼ਾਮਲ ਹਨ, ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਨ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਵੱਲੋਂ ਵਸੂਲ ਕੀਤੇ ਸਾਮਾਨ ਦੀਆਂ ਰਸੀਦਾਂ ਵੀ ਹਨ। ਹਾਈ ਕੋਰਟ ਵੀ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਅਦਾਲਤ ਵਿੱਚ ਵੀ ਕੋਈ ਜਵਾਬ ਨਹੀਂ ਦਿੱਤਾ ਹੈ।
  ਉਨ੍ਹਾਂ ਦੋਸ਼ ਲਾਇਆ ਕਿ ਹੁਣ ਲਾਪਤਾ ਹੋਏ 328 ਸਰੂਪਾਂ ਬਾਰੇ ਵੀ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹਰ ਸਫ਼ੇ ’ਤੇ ਜਾਂਚ ਟੀਮ ਦੇ ਦਸਤਖ਼ਤ ਹਨ ਪਰ ਸ਼੍ਰੋਮਣੀ ਕਮੇਟੀ ਨੇ ਜੋ ਜਾਂਚ ਟੀਮ ਜਨਤਕ ਕੀਤੀ ਹੈ, ਉਸ ਦੇ ਸਿਰਫ ਆਖਰੀ ਸਫ਼ੇ ’ਤੇ ਹੀ ਦਸਤਖ਼ਤ ਹਨ। ਇਸੇ ਦੌਰਾਨ ਉਨ੍ਹਾਂ ਸੰਗਤ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਨੂੰ ਬਾਦਲਕਿਆਂ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਪਿੰਡਾਂ ’ਚ ਉਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਏ।
  ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਧਰਨੇ ਦੌਰਾਨ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਸੰਗਤ ਨੂੰ ਗੁਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਹੈ। ਉਨ੍ਹਾਂ ਆਖਿਆ ਕਿ ਲਾਪਤਾ ਸਰੂਪ ਮਾਮਲੇ ’ਚ ਅਸਲ ਜਾਂਚ ਰਿਪੋਰਟ ਕੁਝ ਹੋਰ ਹੋਣ ਬਾਰੇ ਲਾਏ ਗਏ ਦੋਸ਼ ਵੀ ਝੂਠੇੇ ਹਨ, ਕਿਉਂਕਿ ਗੱਲਾਂ ਨਾਲ ਰਿਪੋਰਟ ਗਲਤ ਸਾਬਤ ਨਹੀਂ ਕੀਤੀ ਜਾ ਸਕਦੀ।

  ਅੰਮ੍ਰਿਤਸਰ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਗੁਰਦੁਆਰਾ ਕਰਤਾਰਪੁਰ ਦੇ ਪ੍ਰਬੰਧ ਨੂੰ ਲੈ ਕੇ ਭਾਰਤ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਰਾਹੀਂ ਇੱਧਰ (ਭਾਰਤ) ਪੁੱਜੀ ਹੈ।
  ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਅਮੀਰ ਸਿੰਘ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਹੱਥਾਂ ਵਿੱਚ ਲੈ ਲੈਣ ਦੀਆਂ ਖਬਰਾਂ ਗੁਮਰਾਹਕੁਨ ਹਨ। ਇਸ ਸਬੰਧੀ ਭਾਰਤ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
  ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਅੰਦਰੂਨੀ ਪ੍ਰਬੰਧ ਜਿਸ ਵਿੱਚ ਗੁਰਦੁਆਰੇ ਦੀ ਮਰਿਆਦਾ ਤੇ ਹੋਰ ਸ਼ਾਮਲ ਹਨ, ਗੁਰਦੁਆਰਾ ਕਮੇਟੀ ਕਰ ਰਹੀ ਹੈ। ਗੁਰਦੁਆਰਿਆਂ ਦੀ ਸੁਰੱਖਿਆ ਤੇ ਹੋਰ ਬਾਹਰੀ ਪ੍ਰਬੰਧ ਪਹਿਲਾਂ ਵੀ ਸਰਕਾਰ ਵਲੋਂ ਹੀ ਕੀਤੇ ਜਾਂਦੇ ਸਨ ਅਤੇ ਹੁਣ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।
  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਗੁਰਦੁਆਰਾ ਕਰਤਾਰਪੁਰ ਦਾ ਪ੍ਰਬੰਧ ਗ਼ੈਰ ਸਿੱਖ ਸੰਗਠਨ ਇਵੈਕੂਈ ਬੋਰਡ ਨੂੰ ਸੌਂਪਣ ਦਾ ਫ਼ੈਸਲਾ ਤੁਰੰਤ ਬਦਲਣਾ ਚਾਹੀਦਾ ਹੈ। ਕਿਉਂਕਿ ਇਸ ਫ਼ੈਸਲੇ ਨਾਲ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ’ਚ ਰੋਸ ਉਪਜਿਆ ਹੈ। ਇਹ ਰੋਸ ਸ਼ਾਂਤ ਕਰਨ ਲਈ ਪਾਕਿਸਤਾਨ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਅੱਜ ਸਥਾਨਕ ਪੁਤਲੀਘਰ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਵਿਖੇ ਬਣਾਏ ਗਏ ਨਵੇਂ ਲੰਗਰ ਹਾਲ ਦਾ ਉਦਘਾਟਨ ਵੀ ਕੀਤਾ। ਇਸ ਦੌਰਾਨ ਸ੍ਰੀ ਲੌਂਗੋਵਾਲ ਨੇ ਕਿਹਾ ਕਿ ਐੱਸਜੀਪੀਸੀ ਦਾ ਸੌ ਸਾਲਾ ਸਥਾਪਨਾ ਦਿਵਸ 15 ਨਵੰਬਰ ਨੂੰ ਆ ਰਿਹਾ ਹੈ। ਇਸ ਸਬੰਧੀ ਮੁੱਖ ਸਮਾਗਮ 17 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ।

  ਨਵੀਂ ਦਿੱਲੀ - ਭਾਰਤ ’ਚ ਲੰਘੇ ਚੌਵੀ ਘੰਟਿਆਂ ਅੰਦਰ ਕੋਵਿਡ-19 ਦੇ 50,356 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਕਰੋਨਾ ਦੇ ਕੁੱਲ ਮਾਮਲੇ ਵਧ ਕੇ 84,62,080 ਹੋ ਗਏ ਹਨ। ਇਨ੍ਹਾਂ ’ਚੋਂ 78 ਲੱਖ ਤੋਂ ਵੱਧ ਲੋਕਾਂ ਦੇ ਠੀਕ ਹੋਣ ਨਾਲ ਦੇਸ਼ ’ਚ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ 92.41 ਫੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਵੱਲੋਂ ਅੱਜ ਸਵੇਰੇ ਅੱਠ ਜਾਰੀ ਅੰਕੜਿਆਂ ਅਨੁਸਾਰ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਕਾਰਨ 577 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਦੇਸ਼ ’ਚ ਇਹ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1,25,562 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਹੁਣ ਤੱਕ 78,19,886 ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ ਤੇ ਦੇਸ਼ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 1.48 ਫੀਸਦ ਹੋ ਗਈ ਹੈ। ਦੇਸ਼ ’ਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 5,16,632 ਹੈ ਜੋ ਕਿ ਕੁੱਲ ਕੇਸਾਂ ਦਾ 6.11 ਫੀਸਦ ਹਿੱਸਾ ਹੈ।

  ਨਵੀਂ ਦਿੱਲੀ - ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ 1984 ’ਚ ਦਰਬਾਰ ਸਾਹਿਬ ਹਮਲੇ ਦੌਰਾਨ ਕੇਂਦਰੀ ਏਜੰਸੀ ਵੱਲੋਂ ਜ਼ਬਤ ਦਸਤਾਵੇਜ਼ਾਂ ਅਤੇ ਬੇਸ਼ਕੀਮਤੀ ਵਸਤਾਂ ਦੀ ਵਿਸਥਾਰਤ ਜਾਣਕਾਰੀ ਦਾ ਖ਼ੁਲਾਸਾ ਨਾ ਕਰਨ ਦੇ ਕੇਂਦਰ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਸਾਕਾ ਨੀਲਾ ਤਾਰਾ ਦੌਰਾਨ ਫ਼ੌਜੀਆਂ ਸਮੇਤ 576 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਸੂਚਨਾ ਦੇ ਅਧਿਕਾਰ ਤਹਿਤ ਅਰਜ਼ੀਕਾਰ ਗੁਰਵਿੰਦਰ ਸਿੰਘ ਚੱਢਾ ਵੱਲੋਂ ਦਾਖ਼ਲ ਕੀਤੀ ਗਈ ਅਰਜ਼ੀ ’ਚ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਊਨ੍ਹਾਂ ਸਾਰੀਆਂ ਵਸਤਾਂ ਦੀ ਸੂਚੀ ਅਤੇ ਊਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ ਸੀ ਜੋ ਊਸ ਸਮੇਂ ਕਾਰਵਾਈ ਦੌਰਾਨ ਜ਼ਬਤ ਕੀਤੇ ਗਏ ਸਨ। ਅਰਜ਼ੀਕਾਰ ਨੇ ਇਸ ਅਪਰੇਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਅਤੇ ਇਸ ਕਾਰਵਾਈ ਦੌਰਾਨ ਮਾਰੇ ਗਏ ਲੋਕਾਂ ਦੀ ਸੂਚੀ ਵੀ ਮੰਗੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜ਼ਬਤ ਕੀਤੀਆਂ ਗਈਆਂ ਵਸਤਾਂ ਦੀ ਵਿਸਥਾਰਤ ਸੂਚੀ ਅਤੇ ਬਿਊਰੇ ਤੋਂ ਬਿਨਾਂ ਆਰਟੀਆਈ ਦੇ ਜਵਾਬ ’ਚ ਕਿਹਾ,‘‘ਸਾਕਾ ਨੀਲਾ ਤਾਰਾ ਦੌਰਾਨ ਕਰੀਬ ਚਾਰ ਹਜ਼ਾਰ ਦਸਤਾਵੇਜ਼, ਕਿਤਾਬਾਂ, ਫਾਈਲਾਂ, ਸੋਨਾ, ਸੋਨੇ ਦੇ ਗਹਿਣੇ, ਚਾਂਦੀ, ਚਾਂਦੀ ਦੇ ਗਹਿਣੇ, ਬੇਸ਼ਕੀਮਤੀ ਰਤਨ, ਕਰੰਸੀ, ਸਿੱਕੇ ਆਦਿ ਕੇਂਦਰੀ ਏਜੰਸੀ ਨੇ ਜ਼ਬਤ ਕੀਤੇ ਸਨ। ਇਹ ਵਸਤਾਂ ਅਤੇ ਦਸਤਾਵੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੇ ਗਏ ਸਨ।’’ ਮੰਤਰਾਲੇ ਨੇ ਕਿਹਾ ਕਿ ਮੌਜੂਦਾ ਰਿਕਾਰਡ ਮੁਤਾਬਕ ਜੂਨ 1984 ’ਚ ਦਰਬਾਰ ਸਾਹਿਬ ਕੰਪਲੈਕਸ ਅੰਦਰ ਫ਼ੌਜੀ ਕਾਰਵਾਈ ਦੌਰਾਨ 493 ਖਾੜਕੂ/ਆਮ ਨਾਗਰਿਕ ਅਤੇ ਫ਼ੌਜ ਦੇ 83 ਅਧਿਕਾਰੀ ਮਾਰੇ ਗਏ ਸਨ। ਜ਼ਬਤ ਕੀਤੀਆਂ ਗਈਆਂ ਵਸਤਾਂ ਬਾਰੇ ਸਟੀਕ ਜਾਣਕਾਰੀ ਨਾ ਮਿਲਣ ਤੋਂ ਅਸੰਤੁਸ਼ਟ ਚੱਢਾ ਨੇ ਪਹਿਲੀ ਅਪੀਲ ਮੰਤਰਾਲੇ ’ਚ ਸੀਨੀਅਰ ਅਧਿਕਾਰੀ ਕੋਲ ਕੀਤੀ ਸੀ ਜਿਨ੍ਹਾਂ ਸੂਚਨਾ ਦੇ ਅਧਿਕਾਰ ਦੀ ਧਾਰਾ 8, 1(ਏ) ਦਾ ਹਵਾਲਾ ਦਿੰਦਿਆਂ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ। ਇਸ ਧਾਰਾ ਤਹਿਤ ਸਰਕਾਰ ਊਸ ਜਾਣਕਾਰੀ ਨੂੰ ਦੇਣ ਤੋਂ ਇਨਕਾਰ ਕਰ ਸਕਦੀ ਹੈ ਜਿਸ ਨਾਲ ਦੇਸ਼ ਦੀ ਸੁਰੱਖਿਆ, ਖੁਦਮੁਖਤਿਆਰੀ ਅਤੇ ਅਖੰਡਤਾ ’ਤੇ ਅਸਰ ਪੈਣ ਦਾ ਖ਼ਦਸ਼ਾ ਹੋਵੇ। ਇਸ ਤੋਂ ਬਾਅਦ ਅਰਜ਼ੀਕਾਰ ਨੇ ਕੇਂਦਰੀ ਸੂਚਨਾ ਕਮਿਸ਼ਨ ’ਚ ਦੂਜੀ ਅਪੀਲ ਦਾਖ਼ਲ ਕੀਤੀ ਸੀ। ਮੰਤਰਾਲੇ ਨੇ ਕਿਹਾ ਕਿ ਚੱਢਾ ਨੂੰ ਨੁਕਤਿਆਂ ਦੇ ਆਧਾਰ ’ਤੇ ਜਵਾਬ ਦਿੱਤਾ ਗਿਆ ਸੀ ਪਰ ਜਿਹੜਾ ਬਿਊਰਾ ਮੰਗਿਆ ਗਿਆ ਸੀ ਊਹ ਗੁਪਤ ਸੀ ਅਤੇ ਊਸ ਨੂੰ ਜ਼ਾਹਿਰ ਕਰਨ ਨਾਲ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਜਵਾਬ ਨਾਲ ਸਹਿਮਤੀ ਜਤਾਊਂਦਿਆਂ ਸੂਚਨਾ ਕਮਿਸ਼ਨਰ ਵਾਈ ਕੇ ਸਿਨਹਾ ਨੇ ਕਿਹਾ ਕਿ ਚੱਢਾ ਅਜਿਹੀ ਜਾਣਕਾਰੀ ਦੀ ਮੰਗ ਕਰ ਰਹੇ ਹਨ ਜਿਸ ਨੂੰ ਸੂਚਨਾ ਅਧਿਕਾਰ ਐਕਟ, 2005 ਨਹੀਂ ਦਿੱਤਾ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਫ਼ੌਜ ਵੱਲੋਂ ਜ਼ਬਤ ਕੀਤੇ ਗਏ ਅਹਿਮ ਦਸਤਾਵੇਜ਼ ਮੋੜੇ ਜਾਣ। ਪਿਛਲੇ ਸਾਲ ਜੂਨ ’ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਸੀ ਕਿ ਪਵਿੱਤਰ ਗ੍ਰੰਥਾਂ, ਇਤਿਹਾਸਕ ਕਿਤਾਬਾਂ, ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਹਿੱਸਾ ਸਨ, ਨੂੰ ਫ਼ੌਜ ਅਪਰੇਸ਼ਨ ਦੌਰਾਨ ਆਪਣੇ ਨਾਲ ਲੈ ਗਈ ਸੀ। ਕੇਂਦਰ ਵੱਲੋਂ ਇਹ ਦਸਤਾਵੇਜ਼ ਮੋੜੇ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਊਨ੍ਹਾਂ ਕਿਹਾ ਸੀ ਕਿ ਇਤਿਹਾਸਕ ਕਿਤਾਬਾਂ ਦੀਆਂ ਸਿਰਫ਼ ਕੁਝ ਕਾਪੀਆਂ ਹੀ ਮੋੜੀਆਂ ਗਈਆਂ ਸਨ।

  ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੁਣਨ ਲਈ ਹੋ ਰਹੀ ਵੋਟਾਂ ਦੀ ਗਿਣਤੀ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਮੁਕਾਬਲੇ ਵਾਲੇ ਅਹਿਮ ਸੂਬਿਆਂ- ਜੌਰਜੀਆ ਤੇ ਪੈਨਸਿਲਵੇਨੀਆ ਵਿਚ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ਬੇਹੱਦ ਘੱਟ ਫ਼ਰਕ ਵਾਲੇ ਇਤਿਹਾਸਕ ਮੁਕਾਬਲੇ ਵਿਚ ਬਾਇਡਨ ਦੇ ਵਾਈਟ ਹਾਊਸ ਵਿਚ ਦਾਖ਼ਲੇ ਦੇ ਆਸਾਰ ਵਧਦੇ ਜਾ ਰਹੇ ਹਨ। ਜੌਰਜੀਆ ਵਿਚ ਬਾਇਡਨ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਹੈ ਹਾਲਾਂਕਿ ਲੀਡ ਥੋੜ੍ਹੀ ਹੈ। ਜੌਰਜੀਆ ਵਿਚ ਬਾਇਡਨ ਕਰੀਬ ਹਜ਼ਾਰ ਵੋਟਾਂ ਨਾਲ ਅੱਗੇ ਹਨ। ਲੱਖਾਂ ਵੋਟਾਂ ਹਾਲੇ ਵੀ ਗਿਣੀਆਂ ਜਾਣੀਆਂ ਹਨ ਪਰ ਆਖ਼ਰੀ ਨਤੀਜਿਆਂ ਤੋਂ ਪਹਿਲਾਂ ਹੀ ਬਾਇਡਨ ਨੂੰ ਕਰੀਬ 7.3 ਕਰੋੜ ਵੋਟਾਂ ਪੈ ਚੁੱਕੀਆਂ ਹਨ। ਅਮਰੀਕੀ ਸਿਆਸਤ ਦੇ ਇਤਿਹਾਸ ਵਿਚ ਕਿਸੇ ਨੂੰ ਮਿਲੀਆਂ ਇਹ ਸਭ ਤੋਂ ਵੱਧ ਵੋਟਾਂ ਹਨ। ਪੈਨਸਿਲਵੇਨੀਆ ਵਿਚ ਹਾਲੇ ਕਰੀਬ 1,30,000 ਵੋਟਾਂ ਗਿਣਨ ਵਾਲੀਆਂ ਰਹਿੰਦੀਆਂ ਹਨ। ਪੈਨਸਿਲਵੇਨੀਆ ਵਿਚ ਜੇਕਰ ਬਾਇਡਨ ਜਿੱਤ ਜਾਂਦੇ ਹਨ ਤਾਂ ਟਰੰਪ ਲਈ ਕੋਈ ਮੌਕਾ ਨਹੀਂ ਰਹੇਗਾ। ਜ਼ਿਕਰਯੋਗ ਹੈ ਕਿ ਸਾਬਕਾ ਉਪ ਰਾਸ਼ਟਰਪਤੀ ਬੁੱਧਵਾਰ ਤੱਕ ਰਿਪਬਲਿਕਨ ਉਮੀਦਵਾਰ ਟਰੰਪ ਤੋਂ ਜੌਰਜੀਆ ਵਿਚ 50 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਸਨ। ਪੈਨਸਿਲਵੇਨੀਆ ਵਿਚ ਵੀ ਬਾਇਡਨ ਨੇ ਟਰੰਪ ਨੂੰ ਕਰੀਬ ਛੇ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਹੈ। ਵਿਲਮਿੰਗਟਨ ਵਿਚ ਜੋਅ ਬਾਇਡਨ ਦੀ ਰਿਹਾਇਸ਼ ਨੇੜਲੇ ਇਲਾਕੇ ਨੂੰ ‘ਨੋ ਫਲਾਇੰਗ’ ਜ਼ੋਨ ਐਲਾਨ ਦਿੱਤਾ ਗਿਆ ਹੈ। ਇਲਾਕੇ ਉਪਰੋਂ ਜਹਾਜ਼ ਨਹੀਂ ਲੰਘ ਸਕਣਗੇ। ਇਸ ਤੋਂ ਇਲਾਵਾ ਸੀਕ੍ਰੇਟ ਸਰਵਿਸ ਨੇ ਆਪਣੇ ਹੋਰ ਏਜੰਟ ਬਾਇਡਨ ਦੀ ਸੁਰੱਖਿਆ ਲਈ ਡੈਲਾਵੇਅਰ ਭੇਜ ਦਿੱਤੇ ਹਨ। ਜੌਰਜੀਆ ਵਿਚ ਵੋਟਾਂ ਦੀ ਮੁੜ ਗਿਣਤੀ ਦੀ ਸੰਭਾਵਨਾ ਬਣ ਗਈ ਹੈ। ਇਹ ਇਕ ਹੈਰਾਨੀਜਨਕ ਤੱਥ ਹੈ ਕਿਉਂਕਿ ਟਰੰਪ ਫ਼ੈਸਲਾਕੁਨ ਰਾਜਾਂ ਵਿਚ ਬੁੱਧਵਾਰ ਰਾਤ ਤੱਕ 70,000 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਬਾਇਡਨ ਨੇ ਦੋ ਹੋਰ ਸੂਬਿਆਂ- ਐਰੀਜ਼ੋਨਾ ਤੇ ਨੇਵਾਡਾ ਵਿਚ ਵੀ ਬੜ੍ਹਤ ਬਣਾਈ ਹੋਈ ਸੀ। ਜਿੱਤਣ ਲਈ ਦੋਵਾਂ ਵਿਚੋਂ ਇਕ ਉਮੀਦਵਾਰ ਨੂੰ 270 ਇਲੈਕਟੋਰਲ ਕਾਲਜ ਵੋਟਾਂ ਮਿਲਣੀਆਂ ਜ਼ਰੂਰੀ ਹੈ। ਸਾਰੇ ਸੂਬਿਆਂ ਵਿਚ ਕੁੱਲ ਇਲੈਕਟੋਰਲ ਵੋਟਾਂ 538 ਹਨ। ਆਖ਼ਰੀ ਨਤੀਜਿਆਂ ਤੋਂ ਪਹਿਲਾਂ ਬਾਇਡਨ ਹਿੱਸੇ 264 ਤੇ ਟਰੰਪ ਹਿੱਸੇ 214 ਵੋਟਾਂ ਆ ਰਹੀਆਂ ਸਨ। ਟਰੰਪ ਦੇ ਸਮਰਥਕਾਂ ਨੇ ਪੈਨਸਿਲਵੇਨੀਆ, ਮਿਸ਼ੀਗਨ, ਜੌਰਜੀਆ ਤੇ ਨੇਵਾਡਾ ਵਿਚ ਅਦਾਲਤਾਂ ਦਾ ਰੁਖ਼ ਕੀਤਾ ਹੈ ਜਦਕਿ ਵਿਸਕੌਨਸਿਨ ਵਿਚ ਮੁੜ ਗਿਣਤੀ ਦੀ ਮੰਗ ਕੀਤੀ ਗਈ ਹੈ।
  ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਆਲਮੀ ਪੱਧਰ ਦੀ ਰਣਨੀਤਕ ਭਾਈਵਾਲੀ ਨੂੰ ਡੈਮੋਕਰੈਟਿਕ ਤੇ ਰਿਪਬਲਿਕਨ ਧਿਰਾਂ- ਦੋਵਾਂ ਦੀ ਮਜ਼ਬੂਤ ਹਮਾਇਤ ਹਾਸਲ ਹੈ। ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਉਤੇ ਚੋਣ ਨਤੀਜਿਆਂ ਦਾ ਕੋਈ ਅਸਰ ਨਹੀਂ ਹੋਵੇਗਾ।
  ਵੀਰਵਾਰ ਕਈ ਅਮਰੀਕੀ ਟੀਵੀ ਚੈਨਲਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਾਈਟ ਹਾਊਸ ਮੀਡੀਆ ਕਾਨਫ਼ਰੰਸ ਦਾ ਲਾਈਵ ਪ੍ਰਸਾਰਨ ਵਿਚਾਲੇ ਹੀ ਕੱਟ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਚੋਣਾਂ ਵਿਚ ਧੋਖੇ ਬਾਰੇ ਟਰੰਪ ਵੱਲੋਂ ਲਾਏ ਜਾ ਰਹੇ ਦੋਸ਼ ਬਿਨਾਂ ਕਿਸੇ ਸਬੂਤ ਤੋਂ ਹਨ। ਡੈਲਾਵੇਅਰ ਵਿਚ ਬਾਇਡਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਵੋਟ ਪਵਿੱਤਰ ਹੈ। ਇਸ ਰਾਹੀਂ ਲੋਕ ਆਪਣੀ ਇੱਛਾ ਜ਼ਾਹਿਰ ਕਰਦੇ ਹਨ। ਹੋਰ ਕਈ ਚੀਜ਼ ਰਾਸ਼ਟਰਪਤੀ ਨਹੀਂ ਚੁਣ ਸਕਦੀ। ਹਰੇਕ ਬੈਲਟ ਦੀ ਗਿਣਤੀ ਹੋਣੀ ਚਾਹੀਦੀ ਹੈ ਤੇ ਹੋ ਵੀ ਰਹੀ ਹੈ। ਬਾਇਡਨ ਨੇ ਕਿਹਾ ਕਿ ਲੋਕਤੰਤਰ ਕਈ ਵਾਰ ਖ਼ਿਲਾਰੇ ਵਾਲਾ ਹੁੰਦਾ ਹੈ ਤੇ ਧੀਰਜ ਮੰਗਦਾ ਹੈ।

  ਮੋਗਾ -  ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇੱਕ ਕੇਸ ’ਚ ਹਾਈ ਕੋਰਟ ’ਚੋਂ ਮਿਲੀ ਜ਼ਮਾਨਤ ਮਿਲ ਗਈ ਹੈ, ਪਰ ਹੋਰ ਕਤਲ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ। ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਮੂਲ ਰੂਪ ਵਿੱਚ ਪਿੰਡ ਗੱਗੜ ਪੱਤੀ, ਜੰਡਿਆਲਾ (ਜਲੰਧਰ) ਦਾ ਰਹਿਣ ਵਾਲਾ ਹੈ। ਉਹ ਸਾਲ 2017 ਵਿੱਚ ਵਿਆਹ ਕਰਵਾਉਣ ਆਇਆ ਸੀ।
  ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਗੀ ਜੌਹਲ ਨੂੰ ਥਾਣਾ ਬਾਘਾਪੁਰਾਣਾ ਵਿਖੇ 17 ਦਸੰਬਰ 2016 ਨੂੰ ਆਰਮਜ਼ ਅਤੇ ਯੂਏਪੀ ਐਕਟ ਤਹਿਤ ਦਰਜ ਕੇਸ ’ਚ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਹੈ। ਉਹ ਨਿਆਂਇਕ ਹਿਰਾਸਤ ਤਹਿਤ ਕੇਂਦਰੀ ਜੇਲ ਨੰਬਰ 1, ਤਿਹਾੜ ਨਵੀਂ ਦਿੱਲੀ ਵਿੱਚ ਬੰਦ ਹੈ। ਵਕੀਲ ਨੇ ਦੱਸਿਆ ਕਿ 8 ਹੋਰ ਕੇਸ ਪੈਂਡਿੰਗ ਹਨ ਅਤੇ ਇਨ੍ਹਾਂ ਕੇਸਾਂ ’ਚ ਵੀ ਜ਼ਮਾਨਤ ਲਈ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਜਾਵੇਗੀ।
  ਸਟੇਟ ਸਪੈਸ਼ਲ ਸੈੱਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ’ਚ ਹਿੰਦੂ ਜਥੇਬੰਦੀ ਆਗੂਆਂ ਸਣੇ ਮਿਥ ਕੇ ਕੀਤੇ ਗਏ ਕਤਲਾਂ ਦੀਆਂ ਵਾਰਦਾਤਾਂ ’ਚ ਨਾਮਜ਼ਦ ਕਰਨ ਮਗਰੋਂ ਇਹ ਤਫ਼ਤੀਸ਼ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਹੋ ਗਈ ਸੀ। ਜੱਗੀ ਜੌਹਲ ’ਤੇ ਇਨ੍ਹਾਂ ਸਿਆਸੀ ਕਤਲਾਂ ਲਈ ਤੇ ਅਤਿਵਾਦੀ ਸਰਗਰਮੀਆਂ ਕਰਵਾਉਣ ਅਤੇ ਖ਼ਾਲਿਸਤਾਨੀ ਸੰਗਠਨਾਂ ਨੂੰ ਬਦਅਮਨੀ ਫੈਲਾਉਣ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ। ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿੱਚ 26 ਜੂਨ 2017 ਨੂੰ ਦਰਜ ਕੇਸ ’ਚ ਕਰੀਬ ਡੇਢ ਵਰ੍ਹਾ ਪਹਿਲਾਂ ਜੁਲਾਈ, 2019 ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਇੱਕ ਲੜਕੀ ਨਾਲ ਹੋਇਆ ਸੀ।

  ਲਾਹੌਰ - ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਵਲੋਂ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਦਿੱਤੇ ਜਾਣ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਨੂੰ ਕੋਈ ਇਤਰਾਜ਼ ਨਹੀਂ ਹੈ। ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਫੈਸਲੇ ਦੇ ਗਲਤ ਅਰਥ ਕੱਢੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗੁਰਦੁਆਰੇ ਦਾ ਅੰਦਰੂਨੀ ਪ੍ਰਬੰਧ ਗੁਰਦੁਆਰਾ ਕਮੇਟੀ ਕੋਲ ਹੀ ਰਹੇਗਾ ਅਤੇ ਉਨ੍ਹਾਂ ਵੱਲੋਂ ਸਮੁੱਚੀ ਮਰਿਆਦਾ ਦੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਗੁਰਦੁਆਰਾ ਕੰਪਲੈਕਸ ਤੋਂ ਬਾਹਰਲੇ ਪ੍ਰਬੰਧਾਂ ਦੀ ਦੇਖ-ਰੇਖ ਕਰੇਗੀ, ਜਿਸ ਵਿਚ ਗੁਰਦੁਆਰੇ ਦੀ ਇਮਾਰਤ ਦੀ ਸਾਂਭ-ਸੰਭਾਲ, ਸੁਰੱਖਿਆ ਤੇ ਹੋਰ ਪ੍ਰਬੰਧ ਸ਼ਾਮਲ ਹਨ। ਸਤਵੰਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਪਹਿਲਾਂ ਵੀ ਸਿੱਖਾਂ ਅਤੇ ਹਿੰਦੂਆਂ ਦੇ ਧਰਮ ਅਸਥਾਨਾਂ ਦੇ ਪ੍ਰਬੰਧਾਂ ਦੀ ਦੇਖ-ਰੇਖ ਈਟੀਪੀਬੀ ਵੱਲੋਂ ਹੀ ਕੀਤੀ ਜਾਂਦੀ ਹੈ।
  ਭਾਰਤ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸਿੱਖ ਸੰਸਥਾ ਤੋਂ ਲੈ ਕੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਧੀਨ 9 ਮੈਂਬਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਹਵਾਲੇ ਕਰਨ ਦੇ ਫ਼ੈਸਲੇ ਦੀ ਤਿੱਖੇ ਸ਼ਬਦਾਂ ’ਚ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਾਂ ਦੇ ਵਫ਼ਦ ਮਿਲੇ ਹਨ ਜਿਨ੍ਹਾਂ ਗੁਰਦੁਆਰੇ ਦੇ ਪ੍ਰਬੰਧ ਅਤੇ ਰੱਖ-ਰਖਾਅ ਦਾ ਜ਼ਿੰਮਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਤੋਂ ਲੈ ਕੇ ਗ਼ੈਰ ਸਿੱਖ ਸੰਸਥਾ ਹਵਾਲੇ ਕਰਨ ’ਤੇ ਡੂੰਘੀ ਚਿੰਤਾ ਜਤਾਈ ਹੈ। ਸਿੱਖਾਂ ਨੇ ਕਿਹਾ ਹੈ ਕਿ ਇਹ ਫ਼ੈਸਲਾ ਪਾਕਿਸਤਾਨ ’ਚ ਘੱਟ ਗਿਣਤੀ ਸਿੱਖਾਂ ਦੇ ਹੱਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਦੋਵੇਂ ਮੁਲਕਾਂ ਨੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜਨ ਵਾਲੇ ਲਾਂਘੇ ਨੂੰ ਖੋਲ੍ਹਿਆ ਸੀ।
  ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ,‘‘ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪੀਐੱਸਜੀਪੀਸੀ ਤੋਂ ਲੈ ਕੇ ਈਟੀਪੀਬੀ ਅਧੀਨ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਹਵਾਲੇ ਕਰਨ ਦੀਆਂ ਰਿਪੋਰਟਾਂ ਦੇਖੀਆਂ ਹਨ। ਪਾਕਿਸਤਾਨ ਦਾ ਇਹ ਇਕਪਾਸੜ ਫ਼ੈਸਲਾ ਨਿੰਦਣਯੋਗ ਹੈ ਕਿਉਂਕਿ ਇਹ ਕਰਤਾਰਪੁਰ ਸਾਹਿਬ ਲਾਂਘੇ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਖ਼ਿਲਾਫ ਹੈ।’’ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਪਾਕਿਸਤਾਨੀ ਸਰਕਾਰ ਅਤੇ ਉਸ ਦੀ ਲੀਡਰਸ਼ਿਪ ਦੀ ਅਸਲੀਅਤ ਦਾ ਪਰਦਾਫਾਸ਼ ਹੁੰਦਾ ਹੈ ਜੋ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਪੱਖਪਾਤੀ ਫ਼ੈਸਲੇ ਨੂੰ ਵਾਪਸ ਲਵੇ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੀ ਸੰਸਥਾ ਹਵਾਲੇ ਕਰੇ।
  ਉਧਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਗੁਰਦੁਆਰੇ ਦਾ ਪ੍ਰਬੰਧ ਗੈਰ ਸਿੱਖਾਂ ਨੂੰ ਦੇਣ ਨਾਲ ਸਿੱਖ ਜਗਤ ਵਿਚ ਰੋਹ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ।
  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦਾ ਪ੍ਰਬੰਧ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀਐੱਮਯੂ) ਹਵਾਲੇ ਕਰਨ ਦਾ ਮਾਮਲਾ ਚੁੱਕਿਆ। ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਅਧੀਨ ਪੀਐੱਮਯੂ ਬਣਾ ਕੇ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਅਜਿਹੀ ਕਮੇਟੀ ਹਵਾਲੇ ਕੀਤਾ ਹੈ ਜੋ ਗੈਰ ਸਿੱਖ ਹੈ ਅਤੇ ਉਸ ਨੂੰ ਸਿੱਖ ਰਹਿਤ ਮਰਿਆਦਾ ਦੀ ਕੋਈ ਜਾਣਕਾਰੀ ਨਹੀਂ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com