ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕਾਂ ਤੇ ਮੰਤਰੀਆਂ ਨੇ ਅੱਜ ਕੇਂਦਰ ਸਰਕਾਰ ਵਿਰੁੱਧ ਜੰਤਰ ਮੰਤਰ ’ਤੇ ਧਰਨਾ ਦੇ ਕੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਘੇਰਿਆ। ਇੱਥੋਂ ਦੇ ਪੰਜਾਬ ਭਵਨ ਤੋਂ ਵਿਧਾਇਕ ਤੇ ਮੰਤਰੀ ਪੈਦਲ ਮਾਰਚ ਕਰਦੇ ਹੋਏ ਜੰਤਰ ਮੰਤਰ ਪੁੱਜੇ ਤੇ ਧਰਨੇ ’ਤੇ ਬੈਠ ਗਏ।
  ਕੈਪਟਨ ਅਮਰਿੰਦਰ ਸਿੰਘ ਕੁੱਝ ਸੰਸਦ ਮੈਂਬਰਾਂ ਨਾਲ ਰਾਜਘਾਟ ਪੁੱਜੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ’ਤੇ ਫੁੱਲ ਭੇਟ ਕੀਤੇ ਤੇ ਮਗਰੋਂ ਆ ਕੇ ਧਰਨੇ ’ਤੇ ਬੈਠ ਗਏ। 'ਆਪ' ਤੇ ਅਕਾਲੀ ਵਿਧਾਇਕਾਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਨੇ ਵੀ ਧਰਨੇ ਵਿੱਚ ਸ਼ਿਰਕਤ ਕੀਤੀ।
  ਇਸ ਮੌਕੇ ਸੰਬੋਧਨ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਇਥੇ ਹਾਲਾਤ ਛੇਤੀ ਬਦਲ ਜਾਂਦੇ ਹਨ ਤੇ ਸਰਕਾਰ 1980-1995 ਵਾਲੇ ਕਾਲੇ ਦੌਰ ਦੇ ਹਾਲਾਤ ਬਣਾਉਣ ਵਲ ਪੰਜਾਬ ਨੂੰ ਨਾ ਧੱਕੇ। ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ’ਤੇ ਤਾਨਾਸ਼ਾਹੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਘਾਟ ਨਹੀਂ ਜਾਣ ਦਿੱਤਾ ਗਿਆ।
  ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਜਾਪਦਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਾ ਹੋ ਕੇ ਕਿਸੇ ਬਾਹਰਲੇ ਮੁਲਕ ਦਾ ਹਿੱਸਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਹੈ। ਬੁਲਾਰਿਆਂ ਨੇ ਇਸ ਮੌਕੇ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਮਾਲ ਗੱਡੀਆਂ ਚਲਾਉਣ ਦੀ ਮੰਗ ਕੀਤੀ।

  ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਗਏ ਵੱਖ-ਵੱਖ ਨੋਟਿਸਾਂ ਦੇ ਸਮੇਂ ’ਤੇ ਸਵਾਲ ਉਠਾਏ ਹਨ। ਜੰਤਰ-ਮੰਤਰ ’ਤੇ ਦਿੱਤੇ ਗਏ ਧਰਨੇ ਦੌਰਾਨ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ, ਖੁਦ ਨੂੰ (ਕੈਪਟਨ) ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਆਮਦਨ ਕਰ ਵਿਭਾਗ ਪਾਸੋਂ ਨੋਟਿਸ ਪ੍ਰਾਪਤ ਹੋਏ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀਆਂ ਦੋ ਪੋਤਰੀਆਂ, ਜਿਨ੍ਹਾਂ ਵਿੱਚੋਂ ਇਕ ਕਾਨੂੰਨ ਦੀ ਵਿਦਿਆਰਥਣ ਹੈ ਤੇ ਦੂਜੀ ਦੀ ਮੰਗਣੀ ਹੋਣ ਵਾਲੀ ਹੈ, ਅਤੇ ਅੱਲ੍ਹੜ ਉਮਰ ਦੇ ਪੋਤਰੇ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ ਤੇ ਉਨ੍ਹਾਂ ਨੂੰ ਵੀ ਨੋਟਿਸ ਪ੍ਰਾਪਤ ਹੋਏ ਹਨ। ਕੈਪਟਨ ਨੇ ਕਿਹਾ ਕਿ ਨੋਟਿਸ ਜਾਰੀ ਕਰਨ ਦਾ ਸਮਾਂ ਸ਼ੱਕੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਖੇਤੀ ਸੋਧ ਬਿੱਲ ਪਾਸ ਕੀਤੇ ਗਏ ਹਨ ਜਿਸ ਮਗਰੋਂ ਕੇਂਦਰੀ ਏਜੰਸੀਆਂ ਨੇ ਇਹ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਬੱਚਿਆਂ ਨੂੰ ‘ਆਈਟੀ’ ਵੱਲੋਂ ਨੋਟਿਸ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨ ਦੇ ਇਕ-ਦੋ ਦਿਨ ਹੀ ਬਾਅਦ ਜਾਰੀ ਕੀਤੇ ਗਏ ਹਨ।

  ਅੰਮ੍ਰਿਤਸਰ - 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨਵੰਬਰ 1984 ਕਤਲੇਆਮ ਵਿਚ ਮਾਰੇ ਗਏ ਸਮੂਹ ਸਿੱਖਾਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ ਪਾਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਝੰਡਾ ਬੁੰਗਾ ਵਿਖੇ ਪਾਏ ਗਏ ਅਖੰਡ ਪਾਠ ਦੇ ਭੋਗ ਮਗਰੋਂ ਗੁਰਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ।
  ਉਪਰੰਤ ਸੁਸਾਇਟੀ ਦੇ ਕਾਰਕੁਨਾਂ ਨੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਤੋਂ ਗੁਰਦਾਸ ਹਾਲ ਤਕ ਰੋਸ ਮਾਰਚ ਕੀਤਾ ਤੇ ਕਤਲੇਆਮ ਦੇ ਦੋਸ਼ੀਆਂ ਦਾ ਪੁਤਲਾ ਸਾੜਿਆ। ਇਸ ਮੌਕੇ ਸੁਰਜੀਤ ਸਿੰਘ ਨੇ ਆਖਿਆ ਕਿ 36 ਸਾਲ ਬੀਤਣ ਮਗਰੋਂ ਵੀ ਪੀੜਤਾਂ ਨੂੰ ਨਿਆਂ ਨਹੀਂ ਮਿਲਿਆ ਹੈ। ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋਈ। ਇਸ ਮੌਕੇ ਸੋਨੀਆ ਗਾਂਧੀ ਤੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।

  ਸਹਿਦੇਵ ਕਲੇਰ

  --

  ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਟਹਿਲ ਸਿੰਘ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਿਜ਼ਾਮਪੁਰ ਵਿੱਚ 1875 ਨੂੰ ਮਾਤਾ ਰੁਕਮਣ ਕੌਰ ਅਤੇ ਭਾਈ ਚੰਦਾ ਸਿੰਘ ਦੇ ਘਰ ਹੋਇਆ। 19ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਅੰਗਰੇਜ਼ਾਂ ਨੇ ਪੱਛਮੀ ਪੰਜਾਬ ਦੇ ਬੇਆਬਾਦ ਇਲਾਕਿਆਂ ਨੂੰ ਆਬਾਦ ਕੀਤਾ ਤਾਂ ਇਨ੍ਹਾਂ ਦਾ ਪਰਿਵਾਰ ਪਿੰਡ ਦੇ ਹੋਰ ਲੋਕਾਂ ਨਾਲ ਜ਼ਿਲ੍ਹਾ ਸ਼ੇਖੂਪੁਰ ਚਲੇ ਗਿਆ। ਇੱਥੇ ਇਨ੍ਹਾਂ ਨੇ ਆਪਣਾ ਪਿੰਡ ਆਪਣੇ ਇਕ ਵੱਡੇਰੇ ਦੇਵਾ ਸਿੰਘ ਦੇ ਨਾਂ ’ਤੇ ਵਸਾਇਆ ਅਤੇ ਇਸ ਦਾ ਨਾਂ ਨਿਜ਼ਾਮ ਪੁਰ ਦੇਵਾ ਸਿੰਘ ਵਾਲਾ ਰੱਖਿਆ।
  ਪੂਰਬੀ ਪੰਜਾਬ ਤੋਂ ਪਰਵਾਸ ਕਰਕੇ ਪੱਛਮੀ ਪੰਜਾਬ ਆਏ ਪੰਜਾਬੀ ਜਦੋਂ ਚੰਗੀ ਤਰ੍ਹਾਂ ਵਸ ਗਏ ਤਾਂ ਹੋਰ ਕਮਾਈ ਦੀ ਤਾਂਘ ਵਿਚ

  ਚੰਡੀਗੜ੍ਹ - ਛੱਤੀ ਸਾਲ ਪਹਿਲਾਂ, ਦਿੱਲੀ ਅਤੇ ਹੋਰ ਸ਼ਹਿਰਾਂ/ਕਸਬਿਆਂ ਵਿੱਚ ਸਿੱਖ ਕਤਲੇਆਮ ਵਿੱਚੋਂ ਹੀ ਭਾਰਤੀ ਲੋਕਤੰਤਰ ਬਹੁਗਿਣਤੀ ਰਾਜਤੰਤਰ ਬਣਕੇ ਨਿਕਲਿਆ ਜਿਹੜਾ ਹੁਣ ਹਿੰਦੂਤਵੀ ਫਾਸ਼ੀਵਾਦ ਦਾ ਰੂਪ ਧਾਰਨ ਕਰ ਚੁੱਕਿਆ ਹੈ। ਭਾਰਤੀ ਸਟੇਟ ਵੱਲੋਂ ਸਿੱਖਾਂ ਉੱਤੇ 1984 ਵਿੱਚ ਦੋ ਅਸਹਿ ਅਤੇ ਅਣਕਿਆਸੇ ਮਾਰੂ ਹਮਲੇ ਹੋਏ। ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜ ਦਾ ਜੂਨ ਵਿੱਚ ਹਮਲਾ ਅਤੇ ਦੂਜਾ, ਚਾਰ ਮਹੀਨਿਆਂ ਬਾਅਦ, ਇੰਦਰਾ ਗਾਂਧੀ ਦੇ ਕਤਲ ਪਿੱਛੋਂ ਨਵੰਬਰ ਵਿੱਚ ਸਿੱਖਾਂ ਦੀ ਵੱਡੇ ਪੱਧਰ ਉੱਤੇ ਨਸਲਕੁਸ਼ੀ ਜਿਹੜੀ ਜਰਮਨੀ ਵਿੱਚ ਹੋਏ ਯਹੂਦੀਆਂ ਦੇ ਮਹਾਨਾਸ਼, ਅਰਮੀਨੀਆ, ਰਵਾਡਾ ਦੀਆਂ ਨਸਲਕੁਸ਼ੀ ਅਤੇ ਬੋਸਨੀਆ ਦੇ ਮੁਸਲਮਾਨਾਂ ਦੇ ਕਤਲੇਆਮਾ ਤੋਂ ਘੱਟ ਨਹੀਂ ਸੀ। ਸਿੱਖਾਂ ਨੂੰ ਘਰਾਂ, ਬਜ਼ਾਰਾਂ, ਬੱਸ-ਗੱਡੀਆਂ ਵਿੱਚੋਂ ਕੱਢਕੇ ਕੋਹ-ਕੋਹ ਕੇ ਮਾਰਿਆ ਗਿਆ, ਜ਼ਿੰਦਾ ਜਲਾਇਆ ਗਿਆ। ਉਹਨਾਂ ਦੀਆਂ ਔਰਤਾਂ ਦੀ ਸ਼ਰੇਆਮ ਬੇਪਤੀ ਕੀਤੀ, ਉਹਨਾਂ ਦੇ ਘਰ/ਜਾਇਦਾਦਾਂ ਅਤੇ ਗੁਰਦਵਾਰਿਆਂ ਅਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ ਗਿਆ। ਤਕਰੀਬਨ, 5000 ਸਿੱਖਾਂ ਨੂੰ ਜਾਨ ਤੋਂ ਹੱਥ ਧੋਣੇ ਪਏ।
  ਉਹਨਾਂ 1984 ਦੀਆਂ ਦੁਖਦਾਈ ਘਟਨਾਵਾਂ ਪਿਛੇ ਭਾਰਤੀ ਸਿਆਸੀ ਜਮਾਤ ਆਰ.ਐਸ.ਐਸ ਅਤੇ ਹਿੰਦੂਤਵੀ ਤੱਤਾਂ ਦੀ ਜ਼ਾਹਰਾ ਇੱਕਜੁਟਤਾ ਸੀ। ਜਿਹੜੀ ਦਸਬੰਰ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਤਿੰਨ-ਚੁਥਾਈ ਸੀਟਾਂ ਜਿੱਤਣ ਦੇ ਰੂਪ ਵਿੱਚ ਭਰਪੂਰ ਸਾਹਮਣੇ ਆਈ/ਚੌਰਾਸੀ ਨੇ ਸਿੱਖਾਂ ਦੇ ਅਮੀਰ ਵਰਗ ਨੂੰ ਡੂੰਘੀ ਰਾਸ਼ਟਰਵਾਦੀ ਨੀਂਦ ਤੋਂ ਜਗਾ ਦਿੱਤਾ ਜਿਸ ਕਰਕੇ, ਸਿੱਖ ਭਾਈਚਾਰੇ ਨੂੰ 1947 ਵਿੱਚ ਮੁਸਲਮਾਨਾਂ ਵਿਰੁੱਧ ਵਿੱਢੀ ਮੁਹਿੰਮ ਦਾ ਦੁਬਾਰਾ ਮੁਲਾਂਕਣ ਕਰਨਾ ਪਿਆ ਅਤੇ ਹਿੰਦੂਤਵ ਦੇ ਮੰਨੂਵਾਦੀ, ਕੱਟੜਵਾਦੀ ਅਤੇ ਆਪਣੇ ਆਪ ਤੱਕ ਸੀਮਤ (exclusive) ਖਾਸੇ ਦੀ ਸਮਝ ਪਈ। ਇਹ ਸਮਝ ਹੋਰ ਵੀ ਪੁਖਤਾ ਹੋ ਗਈ ਜਦੋਂ ਦਰਜਨ ਸਰਕਾਰੀ ਕਮਿਸ਼ਨਾਂ/ਕਮੇਟੀਆਂ ਦੀ ਪੁਣਛਾਣ ਪਿੱਛੋਂ ਵੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੀ ਅਤੇ ਕਾਂਗਰਸ ਅਤੇ ਭਾਜਪਾ ਸਰਕਾਰਾਂ ਆਪਣੀ ਲੋਕਤੰਤਰ ਨਿਜ਼ਾਮ ਵਾਲੀ ਜ਼ਿੰਮੇਵਾਰੀ ਤੋਂ ਭੱਜ ਗਈਆਂ। ਇਉਂ ਸਿੱਖਾਂ ਦੀ ਇਨਸਾਫ ਮਿਲਣ ਦੀ ਆਸ ਵੀ ਹੌਲੀ-ਹੌਲੀ ਦਮ ਤੋੜ ਗਈ।
  ਸਿੱਖਾਂ ਨਾਲ ਵਾਪਰੇ ਚੌਰਾਸੀ ਵਿੱਚੋਂ ਮਜ਼ਬੂਤ ਹੋ ਕੇ ਨਿਕਲੀਆਂ ਹਿੰਦੂਤਵ ਤਾਕਤਾਂ ਨੇ ਆਪਣਾ ਰੰਗ ਗੁਜਰਾਤ ਵਿੱਚ ਮੁਸਲਮਾਨਾਂ ਦੇ 2002 ਦੇ ਕਤਲੇਆਮ ਵਿੱਚ ਦਿਖਾਇਆ। ਹਿੰਦੂਤਵ ਸਿਆਸਤ ਨੂੰ ਤਕੜਾ ਕਰਨ ਲਈ ਕੁਝ ਮਹੀਨੇ ਪਹਿਲਾਂ ਦਿੱਲੀ ਵਿੱਚ ਦੰਗੇ ਵੀ ਹੋਏ ਅਤੇ ਮੁਸਲਮਾਨਾਂ ਦੀ ‘ਲਿਚਿੰਗ’ ਦੀਆਂ ਘਟਨਾਵਾਂ ਵੀ ਗਾਹੇ ਬਗਾਹੇ ਜਾਰੀ ਹਨ।
  ਹੁਣ ਭਾਰਤ ਦਾ ਜਮਹੂਰੀ ਢਾਂਚਾ ਬਹੁਗਿਣਤੀ ਰਾਜਤੰਤਰ ਦੀ ਪੂਰੀ ਲਪੇਟ ਵਿੱਚ ਆ ਗਿਆ ਹੈ ਅਤੇ ਹਿੰਦੂਤਵੀ ਤਾਕਤਾਂ ਦੇਸ਼ ਨੂੰ ਰਸਮੀ ਤੌਰ ਤੇ ‘ਹਿੰਦੂ ਰਾਸ਼ਟਰ’ ਐਲਾਨਣ ਲਈ ਬਜ਼ਿਦ ਹਨ। ਜੇ ਇਤਿਹਾਸਕ ਪਰਿਪੇਖ ਵਿੱਚ, ਸਿੱਖ ਨਸਲਕੁਸ਼ੀ ਨੂੰ ਵਾਚੀਏ ਤਾਂ ਸਪੱਸ਼ਟ ਹੈ ਕਿ ਅੰਗਰੇਜ਼ਾਂ ਤੋਂ ਰਾਜਸੱਤਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਹਾਕਮਾਂ ਨੇ ਦੇਸ਼ ਨੂੰ ਬਹੁਗਿਣਤੀ ਫਿਰਕੇ ਆਧਾਰਤ ‘ਨੇਸ਼ਨ-ਸਟੇਟ’ ਖੜ੍ਹੀ ਕਰਨ ਵੱਲ ਸਿਆਸਤ ਨੂੰ ਮੋੜਾ ਦੇ ਦਿੱਤਾ। ਇਸੇ ਕਰਕੇ, ਸਿੱਖਾਂ ਵੱਲੋਂ ਵੱਖਰੀ ਸਿਆਸੀ ਹਸਤੀ ਖੜ੍ਹੀ ਕਰਨ ਅਤੇ ਰਾਜ ਸੱਤਾ ਵਿੱਚ ਆਪਣਾ ਬਣਦਾ ਹਿੱਸਾ ਪ੍ਰਾਪਤ ਕਰਨ ਦੀਆਂ ਸਾਰੀਆਂ ਕੋਸ਼ਿਸ਼ ਨੂੰ ਦਿੱਲੀ ਨੇ ਭਾਰੀ ਬੂਟਾਂ ਥੱਲੇ ਦਰੜ ਕੇ ਵਰਤਾਈ।
  ਨਵੰਬਰ ਦਾ ਪਹਿਲਾ ਹਫਤਾ ਸਿੱਖਾਂ ਲਈ ਆਤਮ-ਚਿੰਤਨ ਦਾ ਦਿਹਾੜਾ ਹੈ। ਸਿੱਖ ਭਾਈਚਾਰਾ ਆਪਣੀ ਪਹਿਚਾਣ, ਸਭਿਆਚਾਰ ਅਤੇ ਰਹਿਣ-ਸਹਿਣ ਨੂੰ ਗੁਰੂ ਆਸ਼ੇ ਮੁਤਾਬਕ ਚਲਾਉਂਦਾ ਹੋਇਆਂ ਕਿਵੇਂ ਆਪਣੀ ਬਣਦੀ ਰਾਜਸੱਤਾ ਵਿਚਲੀ ਹਿੱਸੇਦਾਰੀ ਪ੍ਰਾਪਤ ਕਰ ਸਕਦਾ ਹੈ। ਸਪੱਸ਼ਟ ਹੈ ਕਿ ਸਿੱਖ ਜੀਵਨ-ਜਾਚ ਨੂੰ ਕਾਇਮ ਰੱਖਣ ਲਈ ਸਾਨੂੰ ਜਾਤ-ਪਾਤ ਦੇ ਛੁਪੇ ਹੋਏ ਕੋਹੜ ਨੂੰ ਦੂਰ ਕਰਕੇ ਇਖਲਾਕੀ ਬੁਲੰਦੀ ਅਤੇ ਸਮਾਜਕ ਬਰਾਬਰੀ ਸਮਾਜ ਖੜ੍ਹਾ ਕਰਕੇ ਹੀ ਮਨੂੰਵਾਦੀ ਅਤੇ ਅਨੈਤਿਕ ਤਾਨਾਸ਼ਾਹੀ ਤਾਕਤਾਂ ਦਾ ਮੁਕਾਬਲਾ ਕਰ ਸਕਦੇ ਹਾਂ।
  ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਡਾ. ਪਿਆਰੇ ਲਾਲ ਗਰਗ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਰਾਜਵਿੰਦਰ ਸਿੰਘ ਰਾਹੀ ਆਦਿ ਨੇ ਦਸਤਖਤ ਕੀਤੇ ਹਨ।

  ਅੰਮ੍ਰਿਤਸਰ - 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦੋਸ਼ੀ ਕਰਾਰ ਦਿੱਤੇ ਕਰਮਚਾਰੀਆਂ ਵਿੱਚੋਂ 3 ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕਰ ਕੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਇਹ ਕੇਸ ਪਬਲੀਕੇਸ਼ਨ ਵਿਭਾਗ ਦੇ ਮੀਤ ਸਕੱਤਰ ਗੁਰਬਚਨ ਸਿੰਘ, ਬਾਜ ਸਿੰਘ ਅਤੇ ਦਲਬੀਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਪੰਜ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ ਅਤੇ ਪੰਜ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਸੀ। ਫਾਰਗ ਕੀਤੇ ਗਏ ਕਰਮਚਾਰੀਆਂ ਵਿੱਚ ਕੇਸ ਦਾਇਰ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਹਨ। ਇਸ ਸਬੰਧੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਆਦਿ ਨੂੰ ਮਿਲੇ ਅਤੇ ਲਾਏ ਦੋਸ਼ਾਂ ਨੂੰ ਰੱਦ ਕਰਦੇ ਦਸਤਾਵੇਜ਼ ਪੇਸ਼ ਕੀਤੇ ਪਰ ਭਰੋਸਾ ਦੇਣ ਮਗਰੋਂ ਵੀ ਉਨ੍ਹਾਂ ਦੇ ਹੱਕ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਮਜਬੂਰਨ ਉਨ੍ਹਾਂ ਨੂੰ ਨਿਆਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਸ਼ੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਅਤੇ ਜਾਂਚ ਕਮੇਟੀ ਨੂੰ ਵੀ ਧਿਰ ਬਣਾਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਸਬੰਧੀ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਅਪੀਲ ਕੀਤੀ ਗਈ ਹੈ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪੱਖ ਜ਼ਰੂਰ ਸੁਣਿਆ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਹੁਣ ਤਕ ਅਦਾਲਤ ਵੱਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਮੰਗਿਆ ਗਿਆ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਈ ਹੋਈ ਹੈ, ਜਿਸ ਵਿੱਚ ਲੋੜ ਮੁਤਾਬਕ ਹੋਰ ਵੀ ਮਾਹਿਰ ਸ਼ਾਮਲ ਕੀਤੇ ਜਾ ਸਕਦੇ ਹਨ।

  ਨਵੀਂ ਦਿੱਲੀ - ਭਾਰਤ ਸਰਕਾਰ ਨੇ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੀਆਂ 12 ਵੈਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਕੁੱਝ ਪਾਬੰਦੀਸ਼ੁਦਾ ਵੈੱਬਸਾਈਟਾਂ ਵਿੱਚੋਂ ਕੁੱਝ ਨੂੰ ਗੈਰਕਾਨੂੰਨੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਵੱਲੋਂ ਸਿੱਧੇ ਤੌਰ ’ਤੇ ਚਲਾਇਆ ਜਾਂਦਾ ਸੀ। ਵੈੱਬਸਾਈਟਾਂ ਵਿਚ ਖਾਲਿਸਤਾਨ ਪੱਖੀ ਸਮੱਗਰੀ ਸੀ। ਸੂਤਰ ਮੁਤਾਬਕ,“ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਆਈਟੀ ਐਕਟ ਦੀ ਧਾਰਾ 69 ਏ ਤਹਿਤ 12 ਵੈੱਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮੰਤਰਾਲੇ ਨੂੰ ਭਾਰਤ ਵਿੱਚ ਸਾਈਬਰਸਪੇਸ 'ਤੇ ਨਜ਼ਰ ਰੱਖਣ ਦਾ ਅਧਿਕਾਰ ਹੈ। ਜਿਨ੍ਹਾਂ ਵੈੱਬਸਾਈਟਾਂ ’ਤੇ ਪਾਬੰਦੀ ਲਗਾਈ ਗਈ ਹੈ ਊਨ੍ਹਾਂ ਵਿੱਚ 'ਐੱਸਐੱਫਜ਼ੈਡ 4 ਫਾਰਮਰਜ਼', 'ਪੀਬੀਟੀਮ', 'ਸੇਵਾ 413', 'ਪੀਬੀ 4 ਯੂ', 'ਸਾਡਾ ਪਿੰਡ' ਸ਼ਾਮਲਾ ਹਨ। ਇਨ੍ਹਾਂ ’ਚੋਂ ਕੁੱਝ ਪਾਬੰਦੀਸ਼ੁਦਾ ਸਾਈਟਾਂ ਨੂੰ ਸਰਚ ਕਰਨ ’ਤੇ ਇਹ ਸੰਦੇਸ਼ ਆ ਰਿਹਾ ਹੈ, "ਯੂਆਰਐੱਲ ਦੀ ਬੇਨਤੀ ਕੀਤੀ"' ਤੇ ਉਸ ’ਤੇ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਤਹਿਤ ਪਾਬੰਦੀ ਲਗਾਈ ਗਈ ਹੈ। ਵਧੇਰੇ ਜਾਣਕਾਰੀ ਲਈ ਪ੍ਰਬੰਧਕ ਨਾਲ ਸੰਪਰਕ ਕਰੋ।” ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਦੇਸ਼ ਵਿਰੋਧੀ ਗਤੀਵਿਧੀਆਂ ਲਈ ਐੱਸਐੱਫਜੇ ’ਤੇ ਪਾਬੰਦੀ ਲਗਾ ਦਿੱਤੀ ਸੀ। ਜੁਲਾਈ ਵਿੱਚ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਦੇ ਸਮਰਥਨ ਲਈ ‘ਐੱਸਐੱਫਜੇ’ ਨਾਲ ਜੁੜੀਆਂ 40 ਵੈੱਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਸੀ।

  ਲੁਧਿਆਣਾ - ਟਿੱਬਾ ਰੋਡ ਦੀ ਗਰੇਵਾਲ ਕਲੋਨੀ ਪ੍ਰੇਮ ਵਿਹਾਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਨੂੰ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸੂਚਨਾ ਦੇਣ ਵਾਲਾ ਹੀ ਮੁਲਜ਼ਮ ਨਿਕਲਿਆ ਹੈ। ਮੁਲਜ਼ਮ ਇੱਕ ਲੋਕਲ ਅਖ਼ਬਾਰ ਦਾ ਪੱਤਰਕਾਰ ਹੈ ਅਤੇ ਉਸ ਨੇ ਪੱਤਰਕਾਰੀ ਵਿੱਚ ਪ੍ਰਸਿੱਧੀ ਹਾਸਲ ਕਰਨ ਅਤੇ ਅਖ਼ਬਾਰ ਨੂੰ ਸਭ ਤੋਂ ਪਹਿਲਾਂ ਖ਼ਬਰ ਦੇਣ ਦੇ ਚੱਕਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
  ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੁਹੱਲੇ ਦੇ ਨੌਜਵਾਨ ਸੇਵਾ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਦੋ ਨੌਜਵਾਨ ਮੋਟਰਸਾਈਕਲ ’ਤੇ ਜਾਂਦੇ ਦੇਖੇ, ਜੋ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰ ਫ਼ਰਾਰ ਹੋ ਗਏ ਹਨ। ਸੂਚਨਾ ਮਿਲਦਿਆਂ ਹੀ ਜੁਆਇੰਟ ਪੁਲੀਸ ਕਮਿਸ਼ਨਰ ਕੰਵਰਦੀਪ ਕੌਰ ਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਤਫ਼ਤੀਸ਼ ਕਰਨ ’ਤੇ ਖੇਤਾਂ ਕੋਲੋਂ ਸੈਂਚੀ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਮਿਲੇ। ਪੁਲੀਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਪਰ ਫੁਟੇਜ ਵਿੱਚ ਕਿਤੇ ਵੀ ਕੋਈ ਮੋਟਰਸਾਈਕਲ ਸਵਾਰ ਨਜ਼ਰ ਨਹੀਂ ਆਇਆ। ਇਸ ਮਗਰੋਂ ਪੁਲੀਸ ਨੂੰ ਸੇਵਾ ਸਿੰਘ ’ਤੇ ਸ਼ੱਕ ਹੋਇਆ। ਜਦੋਂ ਜ਼ਿੰਮੇਵਾਰ ਲੋਕਾਂ ਦੇ ਸਾਹਮਣੇ ਸੇਵਾ ਸਿੰਘ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਪੁਲੀਸ ਵੱਲੋਂ ਸੂਬੇ ਦੀ ਫੋਰੈਂਸਿਕ ਟੀਮ ਨੂੰ ਵੀ ਲੁਧਿਆਣੇ ਬੁਲਾਇਆ ਗਿਆ ਤੇ ਸੇਵਾ ਸਿੰਘ ਦੇ ਘਰੋਂ ਸੈਂਚੀ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਬਰਾਮਦ ਕੀਤੇ ਗਏ।

  - ਅਵਤਾਰ ਸਿੰਘ ਮਿਸ਼ਨਰੀ (5104325827)
  ਦੀਵਾਲੀ ਨਾਲ ਸਬੰਧਤ ਦੀਵੇ, ਤੇਲ ਅਤੇ ਲਛਮੀ ਪੂਜਾ-ਦੀਪ ਸੰਸਕ੍ਰਿਤ, ਦੀਪਕ ਹਿੰਦੀ, ਦੀਵਾ, ਦਿਵਾਲੀ ਪੰਜਾਬੀ, ਲਛਮੀ ਅਤੇ ਪੂਜਾ ਸੰਸਕ੍ਰਿਤ ਦੇ ਸ਼ਬਦ ਹਨ। ਹਿੰਦੀ ਵਿੱਚ ਦੀਪਾਵਲੀ ਅਤੇ ਪੰਜਾਬੀ ਵਿੱਚ ਦੀਵਾਲੀ ਕਿਹਾ ਜਾਂਦਾ ਹੈ। ਲਛਮੀ ਧੰਨ ਦੌਲਤ ਅਤੇ ਪੂਜਾ ਪੂਜਨ ਨੂੰ ਕਹਿੰਦੇ ਹਨ। ਦੀਵੇ ਓਦੋਂ ਤੋਂ ਹੀ ਜਗਾਏ ਜਾ ਰਹੇ ਹਨ ਜਦੋਂ ਤੋਂ ਤੇਲ ਜਾਂ ਘਿਓ ਹੋਂਦ ਵਿੱਚ ਆਏ ਨੇ ਕਿਉਂਕਿ-ਬਿਨ ਤੇਲ ਦੀਵਾ ਕਿਉਂ ਜਲੇ॥(੨੫) ਚਾਰ ਬੱਤੀਆਂ ਵਾਲੇ ਦੀਵੇ ਨੂੰ ਚਰਾਗ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਵੀ ਚਰਾਗ ਦਾ ਜਿਕਰ ਹੈ-ਬਲਿਓ ਚਰਾਗੁ ਅੰਧਿਆਰ ਮਹਿ..॥(੧੩੮੭) ਚਰਾਗ ਰੋਸ਼ਨੀ ਅਤੇ ਅੰਧਿਆਰ ਹਨੇਰੇ ਦਾ ਪ੍ਰਤੀਕ ਹੈ। ਅੰਧਕਾਰ ਅਤੇ ਚਰਾਗ ਦੀਵੇ ਵੀ ਕਈ ਪ੍ਰਕਾਰ ਦੇ ਹਨ।

  ਨਵੀਂ ਦਿੱਲੀ  , (ਮਨਪ੍ਰੀਤ ਸਿੰਘ ਖਾਲਸਾ) :- "ਹਿੰਦੂਤਵ ਹੁਕਮਰਾਨ ਅਤੇ ਉਨ੍ਹਾਂ ਨਾਲ ਸੰਬੰਧਤ ਸੋਚ ਵਾਲੇ ਵਿਦਵਾਨ 1857 ਵਿਚ ਹੋਏ ਗਦਰ ਦੇ ਦੌਰਾਨ ਬੰਗਾਲ ਇਨਫੈਟਰੀ ਦੇ ਮਾਰੇ ਗਏ 282 ਸਿਪਾਹੀਆਂ ਦੇ ਉਨ੍ਹਾਂ ਪਿੰਜਰਾਂ ਜਿਨ੍ਹਾਂ ਨੂੰ ਅੰਮ੍ਰਿਤਸਰ ਜਿ਼ਲ੍ਹੇ ਦੇ ਅਜਨਾਲਾ ਦੇ ਇਕ ਖੂਹ ਵਿਚ ਦੱਬਿਆ ਗਿਆ ਸੀ, ਉਨ੍ਹਾਂ ਬਾਰੇ ਤਾਂ ਵੱਡੇ ਪੱਧਰ ਤੇ ਖੋਜ਼ ਕੀਤੀ ਜਾ ਰਹੀ ਹੈ ਕਿ ਉਹ ਮਾਰੇ ਗਏ ਫ਼ੌਜੀ ਕਿਸ ਸੂਬੇ, ਕਿਸ ਪਰਿਵਾਰ ਆਦਿ ਨਾਲ ਸੰਬੰਧਤ ਸਨ । 163 ਸਾਲ ਪੁਰਾਣੀ ਵਾਪਰੀ ਘਟਨਾਂ ਦੀ ਤਾਂ ਛਾਣਬੀਨ ਹੋ ਰਹੀ ਹੈ, ਲੇਕਿਨ ਜੋ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੁਕਮਰਾਨਾਂ ਵੱਲੋਂ ਬਲਿਊ ਸਟਾਰ ਦਾ ਫ਼ੌਜੀ ਹਮਲਾ ਅਤੇ 36 ਹੋਰ ਗੁਰੂਘਰਾਂ ਉਤੇ ਹਮਲੇ ਕਰਕੇ ਸਾਡੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ, ਬਾਬਾ ਠਾਹਰਾ ਸਿੰਘ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਅਤੇ ਹੋਰ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਸੰਬੰਧੀ ਸਿੱਖ ਕੌਮ ਵੱਲੋਂ ਪੂਰੀ ਜਾਣਕਾਰੀ ਮੰਗਣ ਉਪਰੰਤ ਵੀ ਕੁਝ ਵੀ ਨਹੀਂ ਦੱਸਿਆ ਗਿਆ ਕਿ ਉਪਰੋਕਤ ਸਿੱਖ ਸਖਸ਼ੀਅਤਾਂ ਦੇ ਸੰਸਕਾਰ ਕਿਥੇ ਕੀਤੇ ਗਏ, ਉਨ੍ਹਾਂ ਦੇ ਫੁੱਲ ਕਦੋਂ ਅਤੇ ਕਿਸਨੇ ਚੁਣੇ ਅਤੇ ਜਲ ਪ੍ਰਵਾਹ ਕੀਤੇ, ਉਨ੍ਹਾਂ ਦੇ ਭੋਗ ਕਿਸ ਸਥਾਨ ਤੇ ਪਾਏ ਗਏ ਅਤੇ ਇਹ ਸਿੱਖ ਰਵਾਇਤਾ ਨਾਲ ਸੰਬੰਧਤ ਰਸਮਾਂ ਕਿਸਨੇ ਪੂਰੀਆਂ ਕੀਤੀਆ ?"
  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅੰਗਰੇਜ਼ੀ ਦੇ ਅਖ਼ਬਾਰਾਂ ਵਿਚ ਪ੍ਰਕਾਸਿ਼ਤ ਹੋਏ ਉਸ ਬਿਆਨ ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨਾਂ ਵੱਲੋਂ 1857 ਦੇ ਗਦਰ ਸਮੇਂ ਬੰਗਾਲ ਇਨਫੈਟਰੀ ਦੇ 282 ਸਿਪਾਹੀਆਂ ਦੇ ਪਿੰਜਰ ਇਕ ਅਜਨਾਲਾ ਦੇ ਖੂਹ ਵਿਚੋਂ ਲੱਭਣ ਦੀ ਗੱਲ ਉਤੇ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ 282 ਉਹ ਸਿਪਾਹੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲਕੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦਰਬਾਰ ਵਿਰੁੱਧ ਲੜੇ ਸਨ ਅਤੇ ਸਾਡੇ ਖ਼ਾਲਸਾ ਰਾਜ ਨੂੰ ਤਬਾਹ ਕੀਤਾ ਸੀ । 1857 ਦੇ ਗ਼ਦਰ ਵਿਚ ਸਿੱਖਾਂ ਤੇ ਪੰਜਾਬ ਦੇ ਮੁਸਲਮਾਨਾਂ ਨੇ ਹਿੱਸਾ ਨਹੀਂ ਲਿਆ । ਬਲਕਿ ਇਹ ਜੋ ਗਦਰ ਸੀ, ਇਸ ਉਤੇ ਕਾਬੂ ਪਾਇਆ ਸੀ । ਕਿਉਂਕਿ ਇਨ੍ਹਾਂ ਪੂਰਬੀ ਸਿਪਾਹੀਆ ਨੇ ਸਾਡਾ ਸਿੱਖ ਰਾਜ ਅੰਗਰੇਜ਼ਾਂ ਨਾਲ ਮਿਲਕੇ ਖ਼ਤਮ ਕਰਵਾਇਆ ਸੀ। ਜਦੋਂਕਿ 1984 ਵਿਚ ਉਪਰੋਕਤ ਸਾਡੀਆਂ ਸਿੱਖ ਮਹਾਨ ਸਖਸ਼ੀਅਤਾਂ ਅਤੇ ਹਜ਼ਾਰਾਂ ਹੀ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਿੰਨ ਮੁਲਕਾਂ ਦੀਆਂ ਰੂਸ, ਬਰਤਾਨੀਆ, ਇੰਡੀਆਂ ਦੀਆਂ ਫੌ਼ਜਾਂ ਨਾਲ ਆਖਰੀ ਸਵਾਸਾਂ ਤੱਕ ਮੁਕਾਬਲਾ ਕਰਦੇ ਹੋਏ ਅਤੇ ਸਿੱਖ ਕੌਮ ਦੇ ਗੁਰਧਾਮਾਂ, ਅਣਖ਼-ਗੈਰਤ ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋਏ ਸਨ । ਅਸੀਂ ਇਨ੍ਹਾਂ ਸਿੱਖਾਂ ਦੇ ਸੰਬੰਧ ਵਿਚ ਸੈਂਟਰ ਦੀ ਸਰਕਾਰ ਨੂੰ ਲਿਖਤੀ ਰੂਪ ਵਿਚ ਅਤੇ ਆਰ.ਟੀ.ਆਈ. ਦੇ ਅਧਿਕਾਰ ਰਾਹੀ ਪੂਰੀ ਜਾਣਕਾਰੀ ਮੰਗੀ ਸੀ ਕਿ ਸਾਡੇ ਇਨ੍ਹਾਂ ਸ਼ਹੀਦਾਂ ਨੂੰ ਕਦੋਂ ਅਤੇ ਕਿਥੇ ਸੰਸਕਾਰ ਕੀਤੇ ਗਏ ਹਨ, ਕਿਥੇ ਇਨ੍ਹਾਂ ਦੇ ਫੁੱਲ ਪਾਏ ਗਏ ਹਨ, ਕਿਥੇ ਇਨ੍ਹਾਂ ਦੇ ਭੋਗ ਪਾਏ ਗਏ ਹਨ, ਕੀ ਸਿੱਖ ਰਵਾਇਤਾ ਅਨੁਸਾਰ ਇਨ੍ਹਾਂ ਦੀਆਂ ਰਸਮਾਂ ਪੂਰੀਆਂ ਕੀਤੀਆ ਗਈਆ ਹਨ ਜਾਂ ਨਹੀਂ ? ਸਾਨੂੰ ਕੋਈ ਜਾਣਕਾਰੀ ਅੱਜ ਤੱਕ ਹੁਕਮਰਾਨਾਂ ਵੱਲੋਂ ਨਹੀਂ ਦਿੱਤੀ ਗਈ। ਜੇਕਰ ਹਿੰਦੂਤਵ ਹੁਕਮਰਾਨ ਆਪਣੇ ਨਾਲ ਸੰਬੰਧਤ ਸਿਪਾਹੀਆ ਦੀ ਜਾਣਕਾਰੀ ਅਤੇ ਛਾਣਬੀਨ ਕਰ ਸਕਦੇ ਹਨ, ਤਾਂ ਸਿੱਖਾਂ ਦੀਆਂ ਭਾਵਨਾਵਾਂ ਵੀ ਤਾਂ ਉਸੇ ਤਰ੍ਹਾਂ ਦੀਆਂ ਹਨ । ਸਾਡੇ ਵਰਗੇ ਸਿੱਖਾਂ ਦੇ ਦਿਲਾਂ ਨੂੰ ਚੀਰਕੇ ਦੇਖੋ, ਉਨ੍ਹਾਂ ਵਿਚ ਵੀ ਆਪਣੀ ਕੌਮ ਪ੍ਰਤੀ ਦਰਦ ਅਤੇ ਭਾਵਨਾਵਾਂ ਇਨਸਾਨੀਅਤ ਪੱਖੀ ਮੌਜੂਦ ਹਨ । ਸਾਨੂੰ ਵੀ ਸਾਡੇ ਨਾਇਕਾਂ ਅਤੇ ਸ਼ਹੀਦਾਂ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਜਾਵੇ ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com