ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮਿ੍ਤਸਰ - 328 ਲਾਪਤਾ ਪਾਵਨ ਸਰੂਪ ਮਾਮਲੇ 'ਚ ਡਾ: ਈਸ਼ਰ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ 'ਚ ਦੋਸ਼ੀ ਪਾਏ ਗਏ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੂੰ ਸਜ਼ਾਵਾਂ ਦੇਣ ਦਾ ਮਾਮਲਾ ਇਕ ਵਾਰ ਫਿਰ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਕੋਲ ਹੀ ਵਾਪਸ ਪੁੱਜ ਜਾਣ ਦੀ ਸੂਚਨਾ ਮਿਲੀ ਹੈ¢ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੂੰ ਬੀਤੀ 23 ਅਕਤੂਬਰ ਨੂੰ ਮੋੜਵਾਂ ਪੱਤਰ ਲਿਖ ਕੇ ਲਾਪਤਾ ਪਾਵਨ ਸਰੂਪ ਮਾਮਲੇ 'ਚ ਦੋਸ਼ੀ ਪਾਏ ਗਏ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦੇ ਅਦਾਲਤ 'ਚ ਜਾਣ ਅਤੇ ਉਨ੍ਹਾਂ ਖ਼ਿਲਾਫ਼ ਤਜਰਬੇਕਾਰ ਵਕੀਲਾਂ ਰਾਹੀਂ ਪੁਖ਼ਤਾ ਢੰਗ ਨਾਲ ਕੇਸ ਲੜਨ ਤੇ ਇਨ੍ਹਾਂ ਕੇਸਾਂ ਦੀ ਨਿਰੰਤਰ ਪੈਰਵਾਈ ਲਈ ਇਕ ਸਬ ਕਮੇਟੀ ਬਣਾਏ ਜਾਣ ਦਾ ਆਦੇਸ਼ ਦਿੱਤਾ ਗਿਆ ਹੈ¢ ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਹੋਈ ਇਕੱਤਰਤਾ 'ਚ ਇਕ ਮਤਾ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜਿਆ ਗਿਆ ਸੀ, ਜਿਸ 'ਚ ਦੋਸ਼ੀ ਪਾਏ ਗਏ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਰਵਾਇਤਾਂ ਅਨੁਸਾਰ ਮਿਸਾਲੀ ਸਜ਼ਾਵਾਂ ਦੇਣ ਦੀ ਅਪੀਲ ਕੀਤੀ ਗਈ ਸੀ¢ ਮਿਲੀ ਜਾਣਕਾਰੀ ਅਨੁਸਾਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੋਚ ਵਿਚਾਰ ਤੋਂ ਬਾਅਦ ਇਹ ਮਾਮਲਾ ਕੇਵਲ ਧਾਰਮਿਕ ਮਰਯਾਦਾ ਨਾਲ ਜੁੜਿਆ ਨਾ ਹੋਣ ਕਰਕੇ ਮੁੜ ਸ਼੍ਰੋਮਣੀ ਕਮੇਟੀ ਵੱਲ ਹੀ ਮੋੜ ਦਿੱਤਾ ਗਿਆ ਹੈ, ਜਿਸ 'ਚ ਹਦਾਇਤ ਕੀਤੀ ਗਈ ਹੈ ਕਿ ਦੋਸ਼ੀ ਪਾਏ ਗਏ ਕਰਮਚਾਰੀ ਜੇਕਰ ਦੁਨਿਆਵੀ ਅਦਾਲਤ 'ਚ ਜਾਂਦੇ ਹਨ ਜਾਂ ਗਏ ਹਨ ਤਾਂ ਉੱਥੇ ਤਜਰਬੇਕਾਰ ਵਕੀਲਾਂ ਰਾਹੀਂ ਪੁਖ਼ਤਾ ਢੰਗ ਨਾਲ ਕੇਸ ਲੜਨ ਅਤੇ ਇਨ੍ਹਾਂ ਕੇਸਾਂ ਦੀ ਨਿਰੰਤਰ ਪੈਰਵਾਈ ਲਈ ਇਕ ਸਬ ਕਮੇਟੀ ਬਣਾਈ ਜਾਵੇ, ਜਿਸ 'ਚ ਕੁਝ ਮੈਂਬਰ ਸਿੱਖ ਜਥੇਬੰਦੀਆਂ ਦੇ ਵੀ ਸ਼ਾਮਿਲ ਹੋਣ |

  ਨਵੀਂ ਦਿੱਲੀ - ਜਰਮਨੀ 'ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ 'ਤੇ ਅੰਕੜੇ ਇਕੱਠੇ ਕਰਨ ਦਾ ਮਾਮਲਾ ਉਸ ਵੇਲੇ ਸੋਸ਼ਲ ਮੀਡੀਆ 'ਤੇ ਭਖ ਗਿਆ ਜਦੋਂ ਕੁਝ ਸਰਗਰਮ ਕਾਰਕੁਨਾਂ ਵਲੋਂ ਇਕ ਧਰਮ ਵਿਸ਼ੇਸ਼ ਨੂੰ ਆਧਾਰ ਬਣਾ ਕੇ ਚਲਾਈ ਇਸ ਕਵਾਇਦ ਦੀ ਨੁਕਤਾਚੀਨੀ ਕੀਤੀ ਗਈ। ਸਿੱਖ ਭਾਈਚਾਰੇ 'ਚ ਉਸ ਦੇ ਖ਼ਦਸ਼ੇ ਨੂੰ ਉਨ੍ਹਾਂ ਖ਼ਿਲਾਫ਼ ਬਣਾਈ ਕਾਲੀ ਸੂਚੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਕਵਾਇਦ ਸਿਰਫ਼ ਜਰਮਨੀ 'ਚ ਨਹੀਂ ਸਗੋਂ ਵਿਸ਼ਵ ਭਰ 'ਚ ਚਲਾਈ ਜਾ ਰਹੀ ਹੈ। ਸਾਰੇ ਭਾਰਤੀ ਦੂਤਘਰਾਂ ਅਤੇ ਕੌਂਸਲਾਂ ਨੂੰ ਉਨ੍ਹਾਂ ਦੇ ਇਲਾਕਿਆਂ ਦੇ ਸਿੱਖਾਂ ਦੀ ਸੂਚੀ ਬਣਾਉਣ ਨੂੰ ਕਿਹਾ ਹੈ। ਉਨ੍ਹਾਂ ਦੇਸ਼ਾਂ 'ਚ ਵਿਸ਼ੇਸ਼ ਤੌਰ 'ਤੇ ਜਿੱਥੇ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ। ਵਿਦੇਸ਼ ਮੰਤਰਾਲੇ ਮੁਤਾਬਿਕ ਇਸ ਸੂਚੀ ਦਾ ਮਕਸਦ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਕਰਨਾ ਹੈ। ਕੌਂਸਲ ਵਲੋਂ ਭੇਜੀ ਈ-ਮੇਲ 'ਚ ਕਿਹਾ ਗਿਆ ਕਿ ਮੰਤਰਾਲਾ ਜਰਮਨੀ 'ਚ ਰਹਿ ਰਹੇ ਸਿੱਖ ਭਾਈਚਾਰੇ ਦੇ ਅੰਕੜੇ ਇਕੱਠੇ ਕਰ ਰਿਹਾ ਹੈ। ਕੌਂਸਲ ਨੇ ਸਬੰਧਿਤ ਸੰਸਥਾ ਨੂੰ ਉਨ੍ਹਾਂ ਦੇ ਇਲਾਕੇ 'ਚ ਰਹਿ ਰਹੇ ਸਿੱਖਾਂ ਦੇ ਨਾਂਅ ਅਤੇ ਪਤੇ ਦੀ ਸੂਚੀ ਬਣਾਉਣ ਨੂੰ ਕਿਹਾ ਜੋ ਕਿ ਅੱਗੇ ਮੰਤਰਾਲੇ ਨੂੰ ਭੇਜੀ ਜਾ ਸਕੇ। 19 ਅਕਤੂਬਰ ਨੂੰ ਈ-ਮੇਲ 'ਚ ਇਸ ਸੂਚੀ ਨੂੰ ਉੱਚ ਤਰਜੀਹ 'ਤੇ ਰੱਖਦਿਆਂ ਇਸ ਦਾ ਜਵਾਬ ਦੇਣ ਨੂੰ ਕਿਹਾ ਗਿਆ। ਸੋਸ਼ਲ ਮੀਡੀਆ 'ਤੇ ਇਹ ਮਾਮਲਾ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਯੂਰਪ 'ਚ ਰਹਿਣ ਵਾਲੀ, ਪੇਸ਼ੇ ਤੋਂ ਵਕੀਲ ਅਤੇ ਸਮਾਜਿਕ ਕਾਰਕੁਨ ਡਾ: ਰਿਤੁਮਬਰਾ ਮਾਨਵੀ ਨੇ ਇਸ ਈ-ਮੇਲ 'ਤੇ ਸਵਾਲ ਉਠਾਏ ਜਿਸ ਈ-ਮੇਲ ਦੇ ਪੁਸ਼ਟ ਹੋਣ ਬਾਰੇ ਹੈਮਬਰਗ ਦੇ ਕੌਂਸਲ ਜਨਰਲ ਮਦਨ ਲਾਲ ਰੋਜ਼ਰ ਨੇ ਵੀ ਤਸਦੀਕ ਕੀਤੀ। ਰਿਤੁਮਬਰਾ ਨੇ ਲੜੀਵਾਰ ਟਵੀਟਾਂ ਰਾਹੀਂ ਬਿਨਾਂ ਸਬੰਧਿਤ ਲੋਕਾਂ ਦੀ ਇਜਾਜ਼ਤ ਦੇ, ਉਨ੍ਹਾਂ ਨਾਲ ਸਬੰਧਿਤ ਅੰਕੜੇ ਇਕੱਠੇ ਕਰਨ ਬਾਰੇ ਸਵਾਲ ਉਠਾਏ। ਉਸ ਨੇ ਇਹ ਵੀ ਪੁੱਛਿਆ ਕਿ ਇਨ੍ਹਾਂ ਅੰਕੜਿਆਂ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਵੇਗੀ ਅਤੇ ਅਜਿਹੇ ਅੰਕੜਿਆਂ ਦੀ ਸੁਰੱਖਿਆ ਸਬੰਧੀ ਕਿਹੜੇ ਨੇਮ ਅਪਣਾਏ ਜਾ ਰਹੇ ਹਨ? ਉਨ੍ਹਾਂ ਨੇ ਨਾਗਰਿਕਤਾ ਦੀ ਨਿੱਜਤਾ ਦੇ ਅਧਿਕਾਰ ਨੂੰ ਸੰਵਿਧਾਨਕ ਅਧਿਕਾਰ ਕਰਾਰ ਦਿੰਦਿਆਂ 2017 'ਚ ਸੁਪਰੀਮ ਕੋਰਟ ਵਲੋਂ ਦਿੱਤੇ ਫ਼ੈਸਲੇ ਦਾ ਵੀ ਹਵਾਲਾ ਦਿੱਤਾ। ਆਪਣੇ ਟਵੀਟਾਂ 'ਚ ਡਾਟਾ ਲੀਕ ਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਉਠਾਉਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਯੂਰਪ 'ਚ ਤਕਰੀਬਨ ਇਕ ਦਹਾਕੇ ਤੋਂ ਰਹਿਣ ਕਾਰਨ ਉਹ ਇਸ ਤੱਥ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹੈ ਕਿ ਬਿਨਾਂ ਇਜਾਜ਼ਤ 'ਤੇ ਅਜਿਹੇ ਡਾਟਾ ਇਕੱਠਾ ਕਰਨਾ ਜੀ.ਡੀ.ਪੀ.ਆਰ. ਦੀ ਉਲੰਘਣਾ ਹੈ। ਵੀਟਾਂ 'ਤੇ ਪ੍ਰਤੀਕਰਮ ਕਰਦਿਆਂ ਇਕ ਯੂਜ਼ਰ ਨੇ 'ਅਜੀਤ' ਸਮੇਤ ਕੁਝ ਮੀਡੀਆ ਅਤੇ ਪੱਤਰਕਾਰਾਂ ਨੂੰ ਟੈਗ ਕਰਦਿਆਂ ਇਸ ਮਾਮਲੇ ਦੀ ਘੋਖ ਕਰਨ ਦੀ ਵੀ ਅਪੀਲ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ 'ਚ ਇਸ ਸੂਚੀ ਨੂੰ ਸਿੱਖਾਂ ਦੀ ਬਣਾਈ ਕਾਲੀ ਸੂਚੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਿਰਫ਼ ਹਮਬਰਗ 'ਚ ਭਾਰਤੀ ਕੌਂਸਲ ਵਲੋਂ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਦੂਤਘਰਾਂ ਅਤੇ ਕੌਂਸਲਾਂ ਵਲੋਂ ਇਹ ਕਵਾਇਦ ਕੀਤੀ ਜਾ ਰਹੀ ਹੈ।

   

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):  ਬਰਤਾਨੀਆ ਅੰਦਰ ਸਿੱਖ ਕੌਮ ਦੀ ਸਭ ਤੋਂ ਵਡੀ ਜਥੇਬੰਦੀ ਸਿੱਖ ਫੇਡਰੇਸ਼ਨ ਯੂਕੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ, ਸਿੱਖਾਂ ਵਲੋਂ ਮਾਮਲੇ ਦੀ ਤਹਿਕੀਕਾਤ ਅਤੇ ਮਾਮਲੇ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਬਣਦੀ ਸਜ਼ਾ ਦੇਣ ਲਈ ਲਗਾਏ ਗਏ ਧਰਨੇ ਉਪਰੰਤ ਧਰਨੇ ਤੇ ਹੋਈ ਝੜਪ ਵਿਚ ਲਹੂਲੁਹਾਨ ਹੋਏ ਨਿਰਦੋਸ਼ ਸਿੱਖਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਅੰਨੇਵਾਹ ਕੀਤੀ ਕੁੱਟਮਾਰ ਦਾ ਗੰਭੀਰ ਨੋਟਿਸ ਲੈਂਦਿਆਂ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੀ ਚਿਠੀ ਵਿਚ ਕਿਹਾ ਕਿ ਪਿਛਲੇ ਕੁਝ ਸਮੇਂ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਦੀ ਬੇਅਦਬੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਜਿਸ ਨਾਲ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ । ਇਹ ਬੇਅਦਬੀਆਂ ਰਾਜਨੀਤਕ ਲੋਕਾਂ ਦੀ ਸ਼ਹਿ ਪ੍ਰਾਪਤ ਸਿੱਖ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਧਰਨੇ ਰੋਸ ਮੁਜ਼ਾਹਿਰੇ ਕਰਨ ਅਤੇ ਸਿੱਖਾਂ ਦੀਆ ਸ਼ਹਾਦਤਾਂ ਦੇ ਬਾਵਜੂਦ ਵੀ ਬੇਅਦਬੀ ਦੀਆਂ ਘਟਨਾਵਾਂ ਰੁਕੀਆਂ ਨਹੀਂ।

  ਅਜਿਹੇ ਸਮੇਂ ਚ ਪੂਰੇ ਸੰਸਾਰ ਚ ਵਸਦੇ ਸਮੂਹ ਸਿੱਖ ਜਗਤ ਦੀਆਂ ਨਜ਼ਰਾਂ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਤੇ ਟਿਕੀਆਂ ਹਨ ਜੋ ਕਿ ਸਾਰੇ ਸੰਸਾਰ ਚ ਸਿੱਖਾਂ ਦੀ ਪ੍ਰਤਿਨਿਧਤਾ ਕਰਦੀ ਰਹੀ ਹੈ । ਪਰ ਹੁਣ ਇਸ ਤੋਂ ਵੀ ਵਧੇਰੇ ਦੁਖਦਾਈ ਘਟਨਾ ਜੋ ਕਿ ਖ਼ੁਦ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਗੁੰਮ ਹੋਣਾ ਸ਼੍ਰੋਮਣੀ ਕਮੇਟੀ ਦੀ ਕਾਰਜੁਗਾਰੀ ਤੇ ਸਵਾਲੀਆ ਚਿੰਨ੍ਹ ਹੈ।
  ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਉਹ ਸੰਸਥਾ ਹੈ ਜਿੱਥੋਂ ਸੰਸਾਰ ਭਰ ਚ ਵਸਦੇ ਸਿੱਖਾਂ ਨੂੰ ਧਾਰਮਿਕ ਸੇਧ ਮਿਲਣੀ ਸੀ ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਅੱਜ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਹੀ ਮੋਰਚਾ ਲਾਉਣਾ ਪੈ ਰਿਹਾ ਹੈ। ਸਿੱਖਾਂ ਦੀ ਮੁੱਖੀ ਸੰਸਥਾ ਵਜੋ ਜਾਣੀ ਜਾਂਦੀ ਸ੍ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਸੰਸਾਰ ਭਰ ਦੇ ਗੁਰੂਦਵਾਰਿਆਂ ਦੀ ਦੇਖ-ਰੇਖ ਕਰਨ ਦੀ ਹੈ। ਪਰ ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਸਿੱਖਾਂ ਦੀ ਮਾਰ ਕੁੱਟ ਕਰਨ ਦੀ ਕਾਰਵਾਈ ਨੇ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ ਯਾਦ ਤਾਜਾ ਕਰਵਾ ਦਿੱਤੀ ਹੈ । ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਇਸੇ ਘਟਨਾ ਦੇ ਪ੍ਰਤਿਕਰਮ ਵਜੋ ਸਿੱਖ ਇਹ ਸੋਚਣ ਤੇ ਮਜਬੂਰ ਹੋ ਗਏ ਹਨ ਜਿਸ ਤਰੀਕੇ ਨਨਕਾਣਾ ਸਾਹਿਬ ਦਾ ਪਾਵਨ ਅਸਥਾਨ ਸਿੱਖਾਂ ਨੇ ਨਰੈਣੂ ਮਹੰਤ ਕੋਲੋਂ ਅਜ਼ਾਦ ਕਰਵਾਇਆ ਸੀ ਹੁਣ ਸ਼੍ਰੋਮਣੀ ਕਮੇਟੀ ਕੋਲੋਂ ਸਿੱਖ ਗਰੂਦਵਾਰਿਆਂ ਨੂੰ ਅਜ਼ਾਦ ਕਰਵਾਉਣ ਦਾ ਸਮਾਂ ਆ ਗਿਆ ਹੈ ।
  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਦੀ ਬੇਅਦਬੀ ਇਕ ਬਹੁਤ ਹੀ ਗੰਭੀਰ ਤੇ ਅਪਰਾਧਿਕ ਮਾਮਲਾ ਲੈ ਕਿਉਂਕਿ 29 ਮਾਰਚ 2000 ਇੰਡੀਅਨ ਸੁਪਰੀਮ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਜਿੰਦਾ ਗੁਰੂ (Juristic Person) ਵਜੋਂ ਮਾਨਤਾ ਦਿੱਤੀ ਗਈ ਹੈ।
  ਅਸੀਂ ਚਾਹੁੰਦੇ ਹਾਂ ਕਿ ਵਿਸ਼ੇਸ਼ ਜਾਂਚ ਟੀਮਾਂ ਬਣਾ ਕੇ ਇਸ ਮਾਮਲੇ ਦੀ ਤਹਿ ਤੱਕ ਛਾਣਬੀਣ ਕਰਕੇ ਮੁਜਰਮਾਂ ਨੂੰ ਕਾਨੂੰਨੀ ਤੌਰ ਤੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ।
  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਸਾਰੇ ਇਤਿਹਾਸਿਕ ਦਸਤਾਵੇਜ਼ ਜੋ ਭਾਰਤੀ ਹਕੂਮਤ ਵੱਲੋਂ ਸਾਕਾ ਨੀਲਾ ਤਾਰਾ ਸਮੇਂ ਭਾਰਤੀ ਫੌਜ ਵੱਲੋਂ ਚੁੱਕੇ ਗਏ ਉਹ ਸਾਰੇ ਵਾਪਿਸ ਸਿੱਖ ਰੈਫਰੈਂਸ ਲਾਇਬ੍ਰੇਰੀ ਚ ਸੁਸ਼ੋਭਿਤ ਕੀਤੇ ਜਾਣ।

  ਸਾਰੇ ਹੀ ਇਤਹਾਸਿਕ ਦਸਤਾਵੇਜ਼ ਤੇ ਪੁਰਾਤਨ ਹੱਥ ਲਿਖਤ ਸਰੂਪਾਂ ਅਤੇ ਗੁਰੂ ਸਾਹਿਬਾਨਾਂ ਦੇ ਦਸਤਖ਼ਤਾਂ ਵਾਲੇ ਹੁਕਮਨਾਮਿਆਂ ਦਾ ਰੀਕਾਰਡ ਸ੍ਰੀ ਅਕਾਲ ਤਖਤ ਸਾਹਿਬ ਜਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕੋਲ ਹੋਵੇ ਤੇ ਵਿਦੇਸ਼ਾਂ ਚ ਵਸਦੇ ਸਿੱਖਾਂ ਨੂੰ ਵੀ ਇਹ ਰੀਕਾਰਡ ਦਿੱਤੇ ਜਾਣ।
  ਅਜੋਕੇ ਸਮੇਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਾਰੇ ਪੁਰਾਤਨ ਇਤਿਹਾਸਿਕ ਸ੍ਰੋਤਾਂ ਨੂੰ ਆਨਲਾਈਨ ਮੁਹੱਈਆ ਕਰਵਾਇਆ ਜਾਵੇ ।
  ਪਿਛਲੇ ਦੋ ਤਿੰਨ ਹਫ਼ਤਿਆਂ ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ । ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ । ਅੱਜ ਦੇਸ਼ ਵਿਦੇਸ਼ ਚ ਵਸਦਾ ਹਰੇਕ ਸਿੱਖ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜੁਗਗਾਰੀ ਵੱਲ ਦੇਖ ਰਿਹਾ ਹੈ ਜੋ ਸਿਆਸੀ ਧਿਰਾਂ ਦੇ ਦਬਾਅ ਕਾਰਨ ਗੁਰਮਤਿ ਦੇ ਸਿਧਾਂਤ ਤੋਂ ਖਿਸਕ ਰਹੀ ਹੈ । ਅਸੀਂ ਜਿੱਥੇ ਬੇਅਦਬੀ ਦੀਆ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੋਣ ਦੇ ਨਾਤੇ ਆਪ ਜੀ ਨੂੰ ਸਾਰੇ ਫ਼ੈਸਲੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਚ ਲੈਣੇ ਚਾਹੀਦੇ ਹਨ ।
  ਸ੍ਰੀ ਅਕਾਲ ਤਖਤ ਸਾਹਿਬ ਜੀ ਸਿੱਖਾਂ ਦੀ ਸਰਬਉਚ ਅਦਾਲਤ ਹੈ । ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੁਸੀਂ ਸਾਰੇ ਸੰਸਾਰ ਚ ਵਸਦੇ ਸਿੱਖਾਂ ਦੀਆਂ ਮੁਸ਼ਕਿਲਾ ਦਾ ਹੱਲ ਕਰਨਾ ਹੈ ਇਹ ਆਪ ਜੀ ਦੀ ਜ਼ੁੰਮੇਵਾਰੀ ਬਣਦੀ ਹੈ । ਅਜੋਕੇ ਹਾਲਾਤਾਂ ਚ ਹੋ ਸਕਦਾ ਹੈ ਕੋਈ ਵੀ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿਦੇਸ਼ਾਂ ਦੀ ਧਰਤੀ ਤੇ ਆਉਣ ਤਾਂ ਉਹਨਾ ਨੂੰ ਸਿੱਖਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
  ਸਿੱਖ ਫੈਡਰੇਸ਼ਨ ਯੂਕੇ ਚਾਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਵੱਲ ਝਾਤ ਮਾਰਨੀ ਚਾਹੀਦੀ ਹੈ ਤੇ ਅਕਾਲੀ ਫੂਲਾ ਸਿੰਘ ਜੀ ਦੇ ਫ਼ੈਸਲਿਆਂ ਨੂੰ ਮੱਦੇਨਜਰ ਰੱਖਦੇ ਹੋਏ ਬਾਦਲ ਪੱਖੀ ਸ਼੍ਰੋਮਣੀ ਕਮੇਟੀ ਦੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਸਿਆਸੀ ਧਿਰਾਂ ਦੇ ਦਬਾਅ ਤੋਂ ਮੁਕਤ ਹੋ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ।

   

  ਐੱਸਏਐੱਸ ਨਗਰ (ਮੁਹਾਲੀ) - ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਸੋਮਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਆਪਣੇ ਵਕੀਲ ਨਾਲ ਮਟੌਰ ਥਾਣੇ ਵਿੱਚ ਪਹੁੰਚੇ। ਪਿਛਲੇ ਦਿਨੀਂ ਮਟੌਰ ਥਾਣੇ ਦੇ ਐੱਸਐੱਚਓ ਨੇ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਆਪਣੀ ਇਨੋਵਾ ਗੱਡੀ ਥਾਣੇ ਦੇ ਬਾਹਰ ਖੜ੍ਹੀ ਕੀਤੀ ਅਤੇ ਪੈਦਲ ਚੱਲ ਕੇ ਅੰਦਰ ਗਏ। ਊਹ ਸਿੱਧਾ ਥਾਣਾ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਕੁਰਸੀ ’ਤੇ ਬੈਠ ਗਏ। ਥਾਣੇ ਦੇ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ’ਤੇ ਸੈਣੀ ਰੋਹਬ ਝਾੜਦੇ ਵੀ ਨਜ਼ਰ ਆਏ। ਉਸ ਦੇ ਵਕੀਲ ਨੂੰ ਥਾਣਾ ਮੁਖੀ ਦੇ ਦਫ਼ਤਰ ਵਿੱਚ ਨਹੀਂ ਜਾਣ ਦਿੱਤਾ ਗਿਆ।

  ਮੁਹਾਲੀ ਦੇ ਐੱਸਪੀ (ਡੀ) ਅਤੇ ਸਿੱਟ ਮੁਖੀ ਹਰਮਨਦੀਪ ਸਿੰਘ ਹਾਂਸ, ਡੀਐੱਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਲਗਾਤਾਰ ਢਾਈ ਘੰਟੇ ਤੱਕ ਪੁੱਛ-ਗਿੱਛ ਕੀਤੀ। ਸੂਤਰਾਂ ਅਨੁਸਾਰ ਥਾਣੇ ਵਿੱਚ ਸੈਣੀ ਕੋਲੋਂ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਜਾਣ ਅਤੇ ਬਾਅਦ ਵਿੱਚ ਉਸ ਨੂੰ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਸਮੇਤ ਹੋਰ ਵੱਖ-ਵੱਖ ਪਹਿਲੂਆਂ ਨਾਲ ਸਬੰਧਤ ਲਗਭਗ 100 ਸਵਾਲ ਪੁੱਛੇ ਗਏ। ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਦੋਂ ਉਨ੍ਹਾਂ (ਸੈਣੀ) ’ਤੇ ਬੰਬ ਧਮਾਕਾ ਹੋਇਆ ਸੀ ਤਾਂ ਕੀ ਉਸ ਵਿੱਚ ਮੁਲਤਾਨੀ ਦਾ ਹੱਥ ਸੀ? ਮੁਲਤਾਨੀ ਦੇ ਪੁਲੀਸ ਹਿਰਾਸਤ ’ਚੋਂ ਫਰਾਰ ਹੋਣ ਅਤੇ ਉਸ ਨੂੰ ਲੱਭਣ ਬਾਰੇ ਕੀਤੇ ਗਏ ਯਤਨਾਂ ਆਦਿ ਸਬੰਧੀ ਸਵਾਲ ਵੀ ਪੁੱਛੇ ਗਏ। ਸੂਤਰਾਂ ਮੁਤਾਬਕ ਸੈਣੀ ਨੇ ਪੁਲੀਸ ਦੇ ਕਿਸੇ ਵੀ ਸਵਾਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੱਤਾ। ਸਿੱਟ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਬਕਾ ਡੀਜੀਪੀ ਨੇ ਕਿਸੇ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਹੈ ਬਲਕਿ ਊਹ ਗੋਲ-ਮੋਲ ਜਵਾਬ ਦਿੰਦੇ ਰਹੇ।

  ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਮੁਹਾਲੀ ਪੁਲੀਸ ਵੱਲੋਂ ਉਸ ਨੂੰ ਚਾਰ ਵਾਰ ਨੋਟਿਸ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ ਪ੍ਰੰਤੂ ਹੁਣ ਤੱਕ ਉਹ ਸਿਰਫ਼ ਦੋ ਵਾਰ ਹੀ ਥਾਣੇ ਪਹੁੰਚੇ ਹਨ।

  ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਪੁੱਛ-ਗਿੱਛ ਤੋਂ ਬਾਅਦ ਥਾਣੇ ’ਚੋਂ ਬਾਹਰ ਆਉਣ ਸਮੇਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਢੁੱਕਵਾਂ ਸਮਾਂ ਆਉਣ ’ਤੇ ਉਹ ਜ਼ਰੂਰ ਆਪਣੀ ਗੱਲ ਰਖਣਗੇ। ਜਦੋਂ ਉਨ੍ਹਾਂ ਤੋਂ ਕੇਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਚੁੱਪ ਵੱਟਦੇ ਹੋਏ ਸਿੱਧਾ ਆਪਣੀ ਕਾਰ ਵਿੱਚ ਬੈਠ ਕੇ ਚਲੇ ਗਏ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ ਲਾਇਆ ਕਿ ਕੁਝ ਪੰਥ ਵਿਰੋਧੀ ਤਾਕਤਾਂ ਦੀ ਸ਼ਹਿ ’ਤੇ ਕੁਝ ਲੋਕ ਇਸ ਸੰਸਥਾ ਨੂੰ ਢਾਹ ਲਾਉਣ ਦਾ ਯਤਨ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਸਬੰਧੀ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ ਹੈ।
  ਇਸ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਪੇਸ਼ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸੌ ਸਾਲਾ ਸਥਾਪਨਾ ਦਿਵਸ ਜੋ ਇਸ ਸਾਲ 15 ਨਵੰਬਰ ਨੂੰ ਆ ਰਿਹਾ ਹੈ, ਸਬੰਧੀ ਵਿਸ਼ੇਸ਼ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਕੌਮ ਨੇ ਲੰਮਾ ਸੰਘਰਸ਼ ਲੜਿਆ, ਜਿਸ ਨੂੰ ਸੰਗਤਾਂ ਤੱਕ ਲਿਜਾਣ ਲਈ ਵਿਸ਼ੇਸ਼ ਦਸਤਾਵੇਜ਼ ਤਿਆਰ ਕੀਤੇ ਜਾਣਗੇ। ਵਿਸ਼ੇਸ਼ ਸੋਵੀਨਰ ਵੀ ਪ੍ਰਕਾਸ਼ਤ ਹੋਵੇਗਾ, ਜਿਸ ਵਿਚ ਕੌਮ ਦੇ ਵੱਡੇ ਵਿਦਵਾਨਾਂ ਪਾਸੋਂ ਮੌਲਿਕ ਲੇਖ ਲਿਖਵਾ ਕੇ ਸ਼ਾਮਲ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਕ ਚਿੱਤਰਕਲਾ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਅਗਲੇ ਸਾਲ ਆ ਰਹੇ ਸਾਕਾ ਨਨਕਾਣਾ ਸਾਹਿਬ ਦੇ ਸੌ ਸਾਲਾ ਨੂੰ ਵੀ ਵਿਸ਼ੇਸ਼ ਤੌਰ ’ਤੇ ਮਨਾਇਆ ਜਾਵੇਗਾ।
  ਖਾਲੜਾ ਮਿਸ਼ਨ ਅਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਗੁਆਚੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਤਿਕਾਰ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਹੋਏ ਝਗੜੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਸ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਭਾਈ ਸਤਵੰਤ ਸਿੰਘ ਮਾਣਕ, ਗੁਰਜੀਤ ਸਿੰਘ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਵਾਇਆ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਨਾਲ ਰਲ ਕੇ ਲਾਪਤਾ ਕਰਵਾਏ।

  ਨਵੀਂ ਦਿੱਲੀ - ਕੇਂਦਰ ਨੇ ਮਹੱਤਵਪੂਰਨ ਕਦਮ ਪੁੱਟਦਿਆਂ ਜੰਮੂ-ਕਸ਼ਮੀਰ ਲਈ ਨਵੇਂ ਜ਼ਮੀਨੀ ਕਾਨੂੰਨਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਗਜ਼ਟ ਨੋਟੀਫਿਕੇਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਇਸ ਤਹਿਤ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਵਿਚ ਕਿਸੇ ਵੀ ਭਾਰਤੀ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ ਹੋ ਗਿਆ ਹੈ। ਗ੍ਰਹਿ ਮੰਤਰਾਲੇ ਮੁਤਾਬਕ ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ।

  ਫ਼ਰੀਦਕੋਟ - ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰ ਕੇ ਉਸ ਦੀ ਬੇਅਦਬੀ ਕਰਨ ਦੇ ਮਾਮਲੇ ਦੀ ਇੱਥੇ ਇਲਾਕਾ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਕੌਮੀ ਕਾਰਜਕਾਰੀ ਕਮੇਟੀ ਦੇ ਤਿੰਨ ਮੈਂਬਰਾਂ ਹਰੀਸ਼ ਧੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬੱਤਰਾ ਦੀ ਗ੍ਰਿਫ਼ਤਾਰੀ ਲਈ ਅਦਾਲਤ ਨੂੰ ਇੱਕ ਵਾਰ ਫਿਰ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ। ਅਦਾਲਤ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਜਾਂਚ ਟੀਮ ਨੂੰ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਨੂੰ 20 ਨਵੰਬਰ ਤੱਕ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਤਿੰਨਾਂ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਲਈ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਛਾਪੇ ਮਾਰੇ ਜਾ ਰਹੇ ਹਨ ਪਰ ਮੁਲਜ਼ਮ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਆਏ। ਮੁੱਖ ਮਾਮਲੇ ਦੀ ਸੁਣਵਾਈ ਅਦਾਲਤ ਨੇ ਪਹਿਲੀ ਦਸੰਬਰ ਤੱਕ ਮੁਲਤਵੀ ਕਰ ਦਿੱਤੀ। ਅੱਜ ਸੁਣਵਾਈ ਦੌਰਾਨ ਕੋਈ ਵੀ ਡੇਰਾ ਪ੍ਰੇਮੀ ਅਦਾਲਤ ਵਿੱਚ ਹਾਜ਼ਰ ਨਹੀਂ ਸੀ। ਇਸ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। 6 ਜੁਲਾਈ ਨੂੰ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ’ਤੇ ਬੇਅਦਬੀ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ। ਡੇਰੇ ਦੇ ਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਵੀ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਉਸ ਦਾ ਨਾਭਾ ਜੇਲ੍ਹ ਵਿੱਚ ਅਦਾਲਤੀ ਹਿਰਾਸਤ ’ਚ ਕਤਲ ਹੋ ਗਿਆ ਸੀ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) -ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਅੱਜ ਹੋਈ ਮੀਟਿੰਗ ਦੇ ਇਕ ਮਤੇ ਅਨੁਸਾਰ ਹੁਣ 5 ਨਵੰਬਰ ਨੂੰ ਸਾਰੇ ਦੇਸ਼ ਭਰ ਵਿਚ 4 ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ। ਜਿਸਦਾ ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਿਸ ਦੇ ਤਹਿਤ ਪੂਰੇ ਦੇਸ਼ 'ਚ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆ ਵਲੋਂ 26-27 ਨਵੰਬਰ ਨੂੰ ਦਿੱਲੀ ਚੱਲੋ ਮੁਹਿੰਮ ਸ਼ੁਰੂ ਹੋਵੇਗੀ। ਇਸ ਦੌਰਾਨ ਦੇਸ਼ ਦੀ ਰਾਜਧਾਨੀ ਵਿਚ ਵੱਡਾ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਦਿਨ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਅਜ ਗੁਰੂਘਰ ਵਿਖੇ ਹੋਈ ਮੀਟਿੰਗ ਅੰਦਰ ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿਸਾ ਲਿਆ ਸੀ ।
  ਇਸ ਮੀਟਿੰਗ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰਨਾਂ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ ਸਨ। ਮੀਟਿੰਗ ਅੰਦਰ ਰੇਲਵੇ ਵਲੋਂ ਪੰਜਾਬ ਵਿਚ ਮਾਲ ਗੱਡੀ ਨਾ ਚਲਾਣ ਦੀ ਸਖ਼ਤ ਨਿਖੇਧੀ ਕੀਤੀ ਗਈ ।

  ਨਾਗਪੁਰ - ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਇਕ ‘ਹਿੰਦੂ ਰਾਸ਼ਟਰ’ ਹੈ ਤੇ ਹਿੰਦੂਤਵ ਮੁਲਕ ਦੀ ਸ਼ਖ਼ਸੀਅਤ ਦਾ ਸਾਰ-ਤੱਤ ਹੈ। ਆਰਐੱਸਐੱਸ ਦੀ ਸਾਲਾਨਾ ‘ਵਿਜੈਦਸ਼ਮੀ ਰੈਲੀ’ ਮੌਕੇ ਉਨ੍ਹਾਂ ਕਿਹਾ ਕਿ ਜਦ ਸੰਘ ਕਹਿੰਦਾ ਹੈ ਕਿ ਹਿੰਦੁਸਤਾਨ ਇਕ ‘ਹਿੰਦੂ ਰਾਸ਼ਟਰ’ ਹੈ, ਇਸ ਦੇ ਮਨ ਵਿਚ ਕੋਈ ਸਿਆਸੀ ਜਾਂ ਤਾਕਤ ’ਤੇ ਕੇਂਦਰਤ ਸੰਕਲਪ ਨਹੀਂ ਹੁੰਦਾ। ਭਾਗਵਤ ਨੇ ਕਿਹਾ ਕਿ ਅਸੀਂ ਸਿੱਧੇ ਤੌਰ ’ਤੇ ਮੁਲਕ ਦੀ ਸ਼ਖ਼ਸੀਅਤ ਨੂੰ ਹਿੰਦੂ ਇਸ ਲਈ ਗਰਦਾਨ ਰਹੇ ਹਾਂ ਕਿਉਂਕਿ ਸਾਡੀਆਂ ਸਾਰੀਆਂ ਸਭਿਆਚਾਰਕ ਤੇ ਸਮਾਜੀ ਰਵਾਇਤਾਂ ਇਸ ਦੇ ਸਿਧਾਂਤਾਂ ਤੋਂ ਹੀ ਸੇਧ ਲੈਂਦੀਆਂ ਹਨ। ਆਰਐੱਸਐੱਸ ਮੁਖੀ ਨੇ ਕਿਹਾ ਕਿ ਹਿੰਦੂਤਵ ਸ਼ਬਦ ਨੂੰ ‘ਤੋੜ-ਮਰੋੜ’ ਲਿਆ ਗਿਆ ਹੈ। ਇਸ ਨਾਲ ਕਰਮਕਾਂਡ (ਵਿਧੀ-ਵਿਧਾਨ) ਸੰਕੇਤਕ ਤੌਰ ’ਤੇ ਜੋੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘ ਇਸ ਸ਼ਬਦ ਦੀ ਵਰਤੋਂ ਮੌਕੇ ਇਸ ਗਲਤਫ਼ਹਿਮੀ ਵੱਲ ਸੰਕੇਤ ਨਹੀਂ ਕਰਦਾ। ਭਾਗਵਤ ਨੇ ਕਿਹਾ ‘ਸਾਡੇ ਲਈ, ਇਹ ਉਹ ਸ਼ਬਦ ਹੈ ਜਿਸ ਰਾਹੀਂ ਪਛਾਣ ਨੂੰ ਦਰਸਾਇਆ ਗਿਆ ਹੈ, ਇਸ ਦੇ ਨਾਲ ਹੀ ਰੂਹਾਨੀਅਤ ਨਾਲ ਜੁੜੀਆਂ ਰਵਾਇਤਾਂ ਹਨ ਜਿਨ੍ਹਾਂ ਦੀ ਨਿਰੰਤਰਤਾ ਨੂੰ ਪ੍ਰਗਟ ਕੀਤਾ ਜਾਂਦਾ ਹੈ ਅਤੇ ਭਾਰਤ ਦੀ ਧਰਤੀ ’ਚ ਪੈਦਾ ਹੋਈਆਂ ਸਮੁੱਚੀਆਂ ਕਦਰਾਂ-ਕੀਮਤਾਂ ਦਾ ਸਰਮਾਇਆ ਵੀ ਹੈ ਜਿਸ ਨੂੰ ਪ੍ਰਤੱਖ ਕੀਤਾ ਗਿਆ ਹੈ।’ ਇਸ ਲਈ ਸੰਘ ਮੰਨਦਾ ਹੈ ਕਿ ਇਹ ਸ਼ਬਦ ਭਾਰਤ ਦੀ ਸਾਰੀ 130 ਕਰੋੜ ਦੀ ਆਬਾਦੀ ’ਤੇ ਲਾਗੂ ਹੁੰਦਾ ਹੈ। ਉਨ੍ਹਾਂ ਸਾਰਿਆਂ ’ਤੇ ਜੋ ਖ਼ੁਦ ਨੂੰ ਭਾਰਤਵਰਸ਼ ਦੇ ਧੀਆਂ ਤੇ ਪੁੱਤਰ ਮੰਨਦੇ ਹਨ। ਭਾਗਵਤ ਨੇ ਕਿਹਾ ਕਿ ਉਹ ਸਾਰੇ ਜੋ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ ਉਤੇ ਮਾਣ ਕਰਦੇ ਹਨ, ਉਨ੍ਹਾਂ ਸਾਰਿਆਂ ਉਤੇ ਹਿੰਦੂਤਵ ਸ਼ਬਦ ਢੁੱਕਦਾ ਹੈ। ਆਰਐੱਸਐੱਸ ਮੁਖੀ ਨੇ ਕਿਹਾ ਕਿ ਇਸ ਸ਼ਬਦ ਦੇ ਅਸਲ ਮਤਲਬ ਤੋਂ ਅਣਜਾਣ ਰਹਿਣ ਨਾਲ ਦੇਸ਼ ਤੇ ਸਮਾਜ ਨੂੰ ਏਕੇ ਵਿਚ ਬੰਨ੍ਹਣ ਵਾਲੇ ਧਾਗੇ ਕਮਜ਼ੋਰ ਪੈਂਦੇ ਹਨ ਕਿਉਂਕਿ ਦੇਸ਼-ਸਮਾਜ ਨੂੰ ਵੰਡਣ ਵਾਲੇ ਪਹਿਲਾਂ ਇਸੇ ਸ਼ਬਦ ਨੂੰ ਨਿਸ਼ਾਨਾ ਬਣਾ ਕੇ ਫ਼ਿਰਕਿਆਂ ’ਚ ਤਕਰਾਰ ਖੜ੍ਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਭਿੰਨਤਾ ਨੂੰ ਹਿੰਦੂ ਦਰਸ਼ਨ ਸ਼ਾਸਤਰ ਵਿਚ ਸਵੀਕਾਰ ਕਰ ਕੇ ਸਨਮਾਨ ਦਿੱਤਾ ਗਿਆ ਹੈ। ਆਨਲਾਈਨ ਪ੍ਰਸਾਰਿਤ ਭਾਸ਼ਣ ਵਿਚ ਭਾਗਵਤ ਨੇ ਕਿਹਾ ‘ਹਿੰਦੂ ਕਿਸੇ ਡੇਰੇ ਜਾਂ ਪੰਥ ਦਾ ਨਾਂ ਨਹੀਂ ਹੈ, ਨਾ ਇਹ ਕਿਸੇ ਸੂਬਾਈ ਦਾਇਰੇ ਵਿਚ ਬੱਝਿਆ ਹੈ, ਨਾ ਇਹ ਕਿਸੇ ਇਕ ਜਾਤੀ ਜਾਂ ਖ਼ਾਸ ਭਾਸ਼ਾ ਬੋਲਣ ਵਾਲੇ ਦਾ ਹੱਕ ਹੈ।’ ਮੋਹਨ ਭਾਗਵਤ ਨੇ ਕਿਹਾ ‘ਕਿਸੇ ਨੂੰ ਇਸ ਸ਼ਬਦ ਨੂੰ ਸਵੀਕਾਰਨ ਵਿਚ ਇਤਰਾਜ਼ ਹੋ ਸਕਦਾ ਹੈ ਪਰ ਜੇ ਉਨ੍ਹਾਂ ਦੇ ਮਨ ਵਿਚ ਵਿਸ਼ਾ-ਵਸਤੂ ਇਸ ਨਾਲ ਮੇਲ ਖਾਂਦਾ ਹੈ ਤਾਂ ਉਨ੍ਹਾਂ ਵੱਲੋਂ ਕਿਸੇ ਹੋਰ ਸ਼ਬਦ ਦੀ ਵਰਤੋਂ ਉਤੇ ਅਸੀਂ ਇਤਰਾਜ਼ ਨਹੀਂ ਕਰਾਂਗੇ।’ ਉਨ੍ਹਾਂ ਕਿਹਾ ਕਿ ਹਿੰਦੂ ਹੋਣ ਦਾ ਮਤਲਬ ਆਪਣਾ ਵਿਸ਼ਵਾਸ, ਭਾਸ਼ਾ, ਧਰਤੀ ਜਾਂ ਕੋਈ ਹੋਰ ਪਛਾਣ ਤਿਆਗਣਾ ਨਹੀਂ ਹੈ। ਇਹ ਸਿਰਫ਼ ਸਬਉੱਚਤਾ ਦੀ ਤਲਾਸ਼ ਤਿਆਗਣ ’ਤੇ ਜ਼ੋਰ ਪਾਉਂਦਾ ਹੈ। ਭਾਗਵਤ ਨੇ ਕਿਹਾ ਕਿ ਨਫ਼ਰਤ ਫੈਲਾਉਣ ਤੇ ਗੁਮਰਾਹ ਕਰਨ ਵਾਲੀਆਂ ਸਵਾਰਥੀ ਤਾਕਤਾਂ ਤੋਂ ਬਚਣ ਦੀ ਲੋੜ ਹੈ ਜੋ ਕੱਟੜਵਾਦ ਤੇ ਵੱਖਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ।

  ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਆਲ ਇੰਡੀਆ ਹਿੰਦੂ ਮਹਾਂਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਵਿਜੇ ਦਸ਼ਮੀ ‘ਤੇ ਹਥਿਆਰ ਦੀ ਪੂਜਾ ਕਰਨ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਜੇ ਦਸ਼ਮੀ ਹੈ ਤੇ ਇਸ ਦਿਨ ਹਰ ਹਿੰਦੂ ਨੂੰ ਇੱਕ ਪ੍ਰਣ ਲੈਣਾ ਚਾਹੀਦਾ ਹੈ ਕਿ ਜੇ ਉਹ 100 ਰੁਪਏ ਕਮਾਉਂਦਾ ਹੈ, ਤਾਂ ਉਸ ਨੂੰ 20 ਰੁਪਏ ਦੇ ਹਥਿਆਰ ਖਰੀਦਣੇ ਚਾਹੀਦੇ ਹਨ।
  ਹਿੰਦੂ ਮਹਾਂ ਸਭਾ ਦੇ ਕੌਮੀ ਉਪ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਕਿਹਾ ਕਿ ਸਾਰੇ ਹਿੰਦੂ ਦੇਵੀ ਦੇਵਤਿਆਂ ਕੋਲ ਹਥਿਆਰ ਹਨ। ਅਜਿਹੀ ਸਥਿਤੀ ਵਿੱਚ, ਹਰ ਹਿੰਦੂ ਨੂੰ ਸਵੈ-ਰੱਖਿਆ ਲਈ ਇੱਕ ਹਥਿਆਰ ਰੱਖਣਾ ਚਾਹੀਦਾ ਹੈ। ਫਿਰ ਭਾਵੇਂ ਇਹ ਤ੍ਰਿਸ਼ੂਲ, ਗਦਾ, ਡੰਡੇ ਹੀ ਹੋਣ। ਹਿੰਦੂ ਮਹਾਂਸਭਾ ਨੇ ਇਸ ਮੌਕੇ ਆਪਣੇ ਵਰਕਰਾਂ ਨੂੰ ਹਥਿਆਰ ਵੰਡਣ ਦਾ ਚਿੰਨ੍ਹ ਸਨਮਾਨ ਵਜੋਂ ਦਿੱਤਾ। ਇਸ ਦੇ ਨਾਲ ਹੀ ਮਹਾਂਸਭਾ ਦੇ ਸੂਬਾ ਬੁਲਾਰੇ ਅਭਿਸ਼ੇਕ ਅਗਰਵਾਲ ਨੇ ਕਿਹਾ ਕਿ ਸੁਰੱਖਿਆ ਲਈ ਹਥਿਆਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧਰਮ ਗ੍ਰੰਥਾਂ ਦੀ ਰਾਖੀ ਲਈ ਹਥਿਆਰ ਉਠਾਉਣੇ ਜ਼ਰੂਰੀ ਹਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com