ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਚੁੱਪੀ ਤੋੜਦਿਆਂ ਪਹਿਲੀ ਵਾਰ ਬੇਅਦਬੀ ਦੇ ਗੋਲ਼ੀਕਾਂਡ ਮਾਮਲਿਆਂ ਬਾਰੇ ਆਪਣਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਤੇ ਕਿਤੇ ਵੀ ਗੋਲ਼ੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਬੇਹੱਦ ਨੀਵੇਂ ਪੱਧਰ ਦੀ ਤੇ ਇਤਰਾਜ਼ਯੋਗ ਸ਼ਬਦਾਵਲੀ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ।
  ਮੁੱਖ ਮੰਤਰੀ ਕੈਪਟਨ ਵੱਲੋ ਉਹਾਂ ਨੂੰ ਬੁਜ਼ਦਿਲ, ਬਦਮਾਸ਼, ਝੂਠਾ ਤੇ ਬੇਭਰੋਸੇਯੋਗ ਕਹਿਣ ਬਾਰੇ ਬਾਦਲ ਨੇ ਕਿਹਾ ਕਿ ਸੀਐਮ ਵੱਲੋਂ ਵਰਤੇ ਗੈਰ ਇਖ਼ਲਾਕੀ ਤੇ ਤਹਿਜ਼ੀਬ ਤੋ ਸੱਖਣੇ ਸ਼ਬਦਾਂ ਦੀ ਵਰਤੋਂ ਨਾਲ ਹਰ ਸੂਝਵਾਨ ਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪੁੱਜੀ ਹੈ ਪਰ ਉਹ ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਤੇ ਮੌਕਾ ਪ੍ਰਸਤ ਵਿਅਕਤੀ ਇਹੀ ਆਸ ਰੱਖ ਸਕਦੇ ਸੀ।
  ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਅਕਤੂਬਰ 2015 ਵਿੱਚ ਪੁਲਿਸ ਵੱਲੋ ਗੋਲੀ ਚਲਾਉਣ ਸਬੰਧੀ ਬਾਦਲ ਨੇ ਕਿਹਾ ਇਸ ਘਟਨਾ ਦੌਰਾਨ ਉਨ੍ਹਾਂ ਦੇ ਮਨ ’ਤੇ ਭਾਰੀ ਬੋਝ ਤੇ ਤਣਾਅ ਸੀ। ਅੱਧੀ ਰਾਤ ਤੋ ਬਾਅਦ ਤਕ ਵੀ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਮੁਖੀ ਨਾਲ ਸੰਪਰਕ ਵਿੱਚ ਰਹੇ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਦੀ ਸਰਕਾਰ ਨੇ ਮਾਹੌਲ ਸ਼ਾਂਤ ਰੱਖਣ ਤੇ ਵੱਖ-ਵੱਖ ਭਾਈਚਾਰਿਆਂ ’ਚ ਆਪਸੀ ਤਣਾਅ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤਾ ਸੀ। ਉਨ੍ਹਾਂ ਗੱਲਬਾਤ ਨਾਲ ਸਥਿਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਸਨ ਤੇ ਕਦੀ ਗੋਲ਼ੀ ਚਲਾਉਣ ਬਾਰੇ ਗੱਲ ਨਹੀਂ ਹੋਈ। ਉਸ ਸਮੇਂ ਵੱਖ-ਵੱਖ ਸੰਗਠਨਾਂ ਤੇ ਪਾਰਟੀਆਂ ਦੀ ਮੰਗ ’ਤੇ ਉਨ੍ਹਾਂ ਦੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤੇ ਸੀ।
  ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਉਨ੍ਹਾਂ ਜੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ ਪਰ ਨਵੀਂ ਸਰਕਾਰ ਨੇ ਉਨ੍ਹਾਂ ਦੀ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਸਾਜਿਸ਼ ਕਰਦਿਆਂ ਕੋਟਕਪੂਰਾ ਤੇ ਬਹਿਬਲ ਕਲਾਂ ਸਬੰਧੀ ਜਾਂਚ ਲਈ ਇਕ ਹੋਰ ਕਮਿਸ਼ਨ ਬਣਾ ਦਿੱਤਾ, ਜਿਸ ਦਾ ਸਿੱਧਾ ਮਤਲਬ ਇਸ ਸਾਰੇ ਘਟਨਾਕ੍ਰਮ ’ਚ ਬਾਦਲ ਸਰਕਾਰ ਤੇ ਅਕਾਲੀ ਦਲ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰਨਾ ਸੀ।
  ਜਾਰੀ ਬਿਆਨ ਵਿੱਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ, ਉਹ ਪਾਰਟੀ ਬੇਅਦਬੀ ਦੇ ਪਾਪ ਦੀ ਭਾਗੀ ਹੈ ਜੋ ਕਿ 1984 ਵਿੱਚ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਹਰਮਿੰਦਰ ਸਾਹਿਬ ’ਤੇ ਹਮਲੇ ਰਾਹੀਂ ਕੀਤੀ ਗਈ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨਾਲ ਖਿਲਵਾੜ ਨਾ ਕਰਨ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਬਤੌਰ ਮੁੱਖ ਮੰਤਰੀ ਜੋ ਕੁਝ ਵੀ ਕੀਤਾ, ਉਹ ਪੰਜਾਬ ਦੀ ਸ਼ਾਂਤੀ, ਅਮਨ ਤੇ ਸਭ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਹੀ ਕੀਤਾ।
  ਬਾਦਲ ਨੇ ਕਿਹਾ ਜੋ ਲੋਕ ਵਿਧਾਨ ਸਭਾ ਵਿੱਚ ਸਿੱਖੀ ਦੇ ਚੈਂਪੀਅਨ ਦਾ ਢਕੌਚ ਕਰ ਰਹੇ ਸਨ, ਉਹ 72 ਘੰਟਿਆਂ ਅੰਦਰ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਹਨ। ਉਹ ਤਾਂ ਆਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੂ ਨੂੰ ਵੀ “ਇੰਦਰਾ ਜੀ” ਕਹਿ ਕੇ ਸਤਿਕਾਰ ਨਾਲ ਬਲਾਉਂਦੇ ਰਹੇ ਤੇ ਉਨ੍ਹਾਂ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਦਿੱਤੀ ਸੀ।

  ਲਖਨਊ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦਿੱਤੀ ਜਾਵੇਗੀ। ਹਾਲ ਹੀ ਵਿੱਚ ਲੰਡਨ ਵਿੱਚ ਹੋਈ ‘ਰੈਫਰੰਡਮ 2020 ਰੈਲੀ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਯੂਕੇ ਵਿੱਚ 10 ਲੱਖ ਤੋਂ ਵੱਧ ਸਿੱਖ ਵਸਦੇ ਹਨ ਜਦਕਿ ਰੈਲੀ ਵਿੱਚ 1500 ਤੋਂ 2000 ਲੋਕ ਹੀ ਸ਼ਾਮਲ ਹੋਏ ਸਨ ਜਦਕਿ ਭਾਰਤ ਤੋਂ ਕਿਸੇ ਵੀ ਸਿੱਖ ਨੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਇਲਾਵਾ ਇਸ ਰੈਲੀ ਵਿੱਚ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਵੀ ਜ਼ਾਹਿਰ ਹੋ ਗਿਆ।
  ਉਨ੍ਹਾਂ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀਆਂ ਹਾਲ ਹੀ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੇ ਮੱਦੇਨਜ਼ਰ ਭਰੋਸਾ ਦਿਵਾਇਆ ਕਿ ਜਮਹੂਰੀ ਅਧਿਕਾਰਾਂ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪ੍ਰੈਸ਼ਰ ਕੁੱਕਰ ਦੀ ਸੀਟੀ ਬੰਦ ਕਰਨ ਦੀ ਕੋੋਸ਼ਿਸ਼ ਨਹੀ ਕੀਤੀ ਜਾਵੇਗੀ।
  ਉਨ੍ਹਾਂ ਇੱਥੇ ਇਕ ਸਮਾਗਮ ਵਿੱਚ ਆਖਿਆ ‘‘ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪ੍ਰੈਸ਼ਰ ਕੁੱਕਰ ਦੀ ਭਾਫ਼ ਬੰਦ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਵੇਗੀ। ਲੋਕਤੰਤਰ ਵਿੱਚ ਸਾਰਿਆਂ ਨੂੰ ਬੋਲਣ ਤੇ ਕੁਝ ਵੀ ਬੋਲਣ ਦੀ ਆਜ਼ਾਦੀ ਹੈ ਪਰ ਦੇਸ਼ ਨੂੰ ਅਸਥਿਰ ਕਰਨ ਜਾਂ ਹਿੰਸਾ ਫੈਲਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾਵੇਗੀ।’’ ਉਹ ਸੁਪਰੀਮ ਕੋਰਟ ਵੱਲੋਂ ਕੀਤੀ ਇਸ ਟਿੱਪਣੀ ਬਾਰੇ ਪ੍ਰਤੀਕਿਰਿਆ ਦੇ ਰਹੇ ਸਨ ਕਿ ‘ਵਿਰੋਧ ਲੋਕਤੰਤਰ ਦਾ ਸੇਫਟੀ ਵਾਲਵ ਹੈ। ਜੇ ਤੁਸੀਂ ਸੇਫਟੀ ਵਾਲਵ ਬੰਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਪ੍ਰੈਸ਼ਰ ਕੁੱਕਰ ਫਟ ਜਾਵੇਗਾ।’ ਇਕ ਸਮਾਗਮ ਵਿੱਚ ਹਿੱਸਾ ਲੈਂਦਿਆਂ ਗ੍ਰਹਿ ਮੰਤਰੀ ਨੇ ਕਿਹਾ ‘‘ ਸਾਡੀ ਸਰਕਾਰ ਜਮਹੂਰੀ ਕਦਰਾਂ ਕੀਮਤਾਂ ਪ੍ਰਤੀ ਵਚਨਬੱਧ ਹੈ। ਫੜੇ ਗਏ ਵਿਅਕਤੀਆਂ ਦਾ ਰਿਕਾਰਡ ਦੇਖੋ। 2012 ਵਿੱਚ ਵੀ ਇਨ੍ਹਾਂ ’ਚੋਂ ਕਈ ਜਣੇ ਫੜੇ ਗਏ ਸਨ ਤੇ ਉਸ ਵੇਲੇ ਵੀ ਇਹੋ ਜਿਹੇ ਹੀ ਦੋਸ਼ ਲੱਗੇ ਸਨ। ਆਪਣੀ ਕਿਸੇ ਵਿਚਾਰਧਾਰਾ ਦੀ ਆੜ ਹੇਠ ਕਿਸੇ ਵੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਈ ਵੀ ਕੋਸ਼ਿਸ਼, ਹਿੰਸਾ ਫੈਲਾਉਣੀ ਜਾਂ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਕਰਨੀ ਅਜਿਹਾ ਅਪਰਾਧ ਹੈ ਜਿਸ ਤੋਂ ਵੱਡਾ ਅਪਰਾਧ ਹੋਰ ਕੋਈ ਨਹੀਂ ਹੋ ਸਕਦਾ।’’ ਉਨ੍ਹਾਂ ਕਿਹਾ ਕਿ ਸਰਕਾਰ ਨਕਸਲਵਾਦ ਦੀ ਰੋਕਥਾਮ ਵਿੱਚ ਸਫ਼ਲ ਹੋ ਰਹੀ ਹੈ ਤੇ ਇਨ੍ਹਾਂ ਦੇ ਪ੍ਰਭਾਵ ਹੇਠਲੇ ਜ਼ਿਲਿਆਂ ਦੀ ਸੰਖਿਆ ਘਟ ਰਹੀ ਹੈ। ਉਨ੍ਹਾਂ ਕਿਹਾ ‘‘ ਹੁਣ ਨਕਸਲੀ ਵੱਖ ਵੱਖ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਉਹ ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਤੇ ਆਪਣੀ ਵਿਚਾਰਧਾਰਾ ਜ਼ਰੀਏ ਲੋਕਾਂ ਨੂੰ ਪ੍ਰਭਾਵਤ ਕਰ ਰਹੇ ਹਨ। ਉਹ ਸ਼ਹਿਰੀ ਖੇਤਰਾਂ ਵਿੱਚ ਹਿੰਸਾ ਫੈਲਾਉਣੀ ਚਾਹੁੰਦੇ ਹਨ। ਮੈਨੂੰ ਮੇਰੀਆਂ ਏਜੰਸੀਆਂ ਤੋਂ ਇਹ ਇਤਲਾਹ ਮਿਲੀ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ਮੁੱਦਾ ਇਕ ਲੰਮੇ ਸਮੇਂ ਦਾ ਮਸਲਾ ਹੈ ਜਿਸ ਨੂੰ ਸੁਲਝਾਉਣ ਵਿੱਚ ਸਮਾਂ ਲੱਗੇਗਾ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਕਿ ਕ੍ਰਿਕਟ ਦੀ ਤਰ੍ਹਾਂ ਰਾਜਨੀਤੀ ਦੇ ਖੇਤਰ ਵਿੱਚ ਉਹ ਸਫ਼ਲ ਪਾਰੀ ਖੇਡਣਗੇ।

  ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਅੱਜ ਧਮਕੀ ਦਿੱਤੀ ਹੈ ਕਿ ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਦਿਨਾਂ ਵਿਚ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਲਜ਼ਮ ਨਾਮਜ਼ਦ ਨਾ ਕੀਤਾ ਗਿਆ ਤਾਂ ਉਹ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਗੇ।
  ਉਨ੍ਹਾਂ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਇਸ ਮੰਗ ਨੂੰ ਉਠਾਉਣ ਵਾਲੇ 5 ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿੱਤਾ ਕਿ 15 ਦਿਨਾਂ ਦੌਰਾਨ ਕੈਬਨਿਟ ਮੀਟਿੰਗ ਵਿਚ ਸ੍ਰੀ ਬਾਦਲ, ਸ੍ਰੀ ਸੈਣੀ ਅਤੇ ਰਾਮ ਰਹੀਮ ਨੂੰ ਇਨ੍ਹਾਂ ਮਾਮਲਿਆਂ ਵਿਚ ਮੁਲਜ਼ਮ ਨਾਮਜ਼ਦ ਕਰਵਾਉਣ ਦਾ ਫ਼ੈਸਲਾ ਕਰਵਾਇਆ ਜਾਵੇ ਅਤੇ ਜੇ ਉਹ ਆਪਣਾ ਵਾਅਦਾ ਨਹੀਂ ਪੁਗਾ ਸਕਦੇ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ। ਉਨ੍ਹਾਂ ਵਿਧਾਨ ਸਭਾ ਵਿਚ ਬੜੇ ਜ਼ੋਰ ਨਾਲ ਇਹੋ ਮੰਗ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ ਤੇ ਰਾਜਾ ਵੜਿੰਗ ਨੂੰ ਵੀ ਆਪਣੇ ਮੁੱਖ ਮੰਤਰੀ ਕੋਲੋਂ 15 ਦਿਨਾਂ ਵਿਚ ਇਹ ਮੰਗ ਨਾ ਮਨਵਾਉਣ ਦੀ ਸੂਰਤ ਵਿੱਚ ਅਸਤੀਫੇ ਦੇਣ ਲਈ ਕਿਹਾ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਉਹ ਸਿਆਸੀ ਰੋਟੀਆਂ ਸੇਕਣ ਲਈ ਹੋਰਾਂ ਦੇ ਅਸਤੀਫੇ ਮੰਗਣ ਦੇ ਆਦੀ ਨਹੀਂ ਹਨ ਅਤੇ ਇਕ ਨਿਮਾਣੇ ਸਿੱਖ ਵਜੋਂ ਖ਼ੁਦ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਤੋਂ ਬਾਅਦ ਹੀ ਮੰਤਰੀਆਂ ਤੇ ਵਿਧਾਇਕਾਂ ਤੋਂ ਅਸਤੀਫ਼ੇ ਮੰਗ ਰਹੇ ਹਨ। ਸ੍ਰੀ ਫੂਲਕਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਲੜਾਈ ਲੜਣ ਲਈ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਇਹ ਅਹੁਦੇ ਉਨ੍ਹਾਂ ਦੇ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਅੱਗੇ ਕੁਝ ਵੀ ਨਹੀਂ ਹਨ। ਉਹ ਇਸ ਮਾਮਲੇ ਵਿਚ ਮੂਕ ਦਰਸ਼ਕ ਬਣ ਕੇ ਜਿਥੇ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੁੰਦੇ ਉਥੇ ਆਪਣੀ ਪੀੜ੍ਹੀ ਨੂੰ ਵੀ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਪਣੇ ਗੁਰੂ ਦੇ ਕਾਰਜ ਲਈ ਪਾਰਟੀ ਕੋਲੋਂ ਅਸਤੀਫਾ ਦੇਣ ਲਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੇ ਕਿਸੇ ਵੀ ਆਗੂ ਅੱਗੇ ਅਜਿਹੀ ਬੰਦਸ਼ ਨਹੀਂ ਲਾਉਂਦੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦਾਖਾ ਹਲਕੇ ਦੀ ਸੰਗਤ ਪੂਰੀ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਉਨ੍ਹਾਂ ਅਸਤੀਫਾ ਦੇਣ ਦਾ ਐਲਾਨ ਕਰਨ ਦਾ ਫੈਸਲਾ ਲਿਆ ਹੈ।
  ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਵਿਧਾਨ ਸਭਾ ਵਿਚ ਬੇਅਦਬੀਆਂ ਅਤੇ ਗੋਲੀ ਕਾਂਡਾਂ ਉਪਰ 8 ਘੰਟੇ ਹੋਈ ਇਤਿਹਾਸਕ ਬਹਿਸ ਕਰਨ ਦੇ ਬਾਵਜੂਦ ਇਸ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਸਪਸ਼ਟ ਕੀਤਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਪਿੱਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ ਅਤੇ ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਾਜ਼ਿਸ਼ ਘੜਣ ਦੇ ਦੋਸ਼ ਹੇਠ ਮੁਲਜ਼ਮ ਨਾਮਜ਼ਦ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਬਿਨਾਂ ਚਿਤਾਵਨੀ ਦਿੱਤਿਆਂ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਵਿਚ ਸ੍ਰੀ ਬਾਦਲ ਅਤੇ ਸ੍ਰੀ ਸੈਣੀ ਨੂੰ ਮੁਲਜ਼ਮ ਨਾਮਜ਼ਦ ਕੀਤਾ ਜਾਵੇ ਅਤੇ ਹਕੀਕੀ ਤੌਰ ’ਤੇ ਇਹ ਮਾਮਲਾ ਪੰਜਾਬ ਪੁਲੀਸ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚ ਇਹ ਸੰਕੇਤ ਦਿੱਤੇ ਹਨ ਕਿ ਗੋਲੀ ਚਲਾਉਣ ਦੇ ਹੁਕਮ ਚੰਡੀਗੜ੍ਹ ਤੋਂ ਹੀ ਦਿੱਤੇ ਗਏ ਸਨ ਪਰ ਸਰਕਾਰ ਛੋਟੇ ਪੁਲੀਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਕੇ ਵੱਡਿਆਂ ਨੂੰ ਬਚਾਉਣ ਦੀ ਤਾਕ ਵਿਚ ਹੈ।

  ਅੰਮ੍ਰਿਤਸਰ - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਵਿਧਾਨ ਸਭਾ ਵਿੱਚ ਬਹਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਰੋਸ ਵਿਖਾਵੇ ਲਗਾਤਾਰ ਜਾਰੀ ਹਨ, ਜਿਸ ਤਹਿਤ ਅੱਜ ਸ਼ਾਮ ਇੱਥੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ’ਤੇ ਰੋਸ ਵਿਖਾਵਾ ਕਰਦਿਆਂ ਬਾਦਲਾਂ, ਬਿਕਰਮ ਸਿੰਘ ਮਜੀਠੀਆ ਤੇ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦੇ ਪੁਤਲੇ ਫੂਕੇ ਗਏ।
  ਰੋਸ ਵਿਖਾਵਾ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਹਿੰਮਤੇ ਖ਼ਾਲਸਾ, ਲੋਕ ਇਨਸਾਫ਼ ਪਾਰਟੀ ਤੇ ਹੋਰ ਪਾਰਟੀਆਂ ਸ਼ਾਮਲ ਸਨ। ਇਸ ਮੌਕੇ ਅਕਾਲੀ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ। ਬੁਲਾਰਿਆਂ ਵਿੱਚ ਸ਼ਾਮਲ ਬਲਵੰਤ ਸਿੰਘ ਗੋਪਾਲਾ, ਰਣਜੀਤ ਸਿੰਘ ਦਮਦਮੀ ਟਕਸਾਲ, ਪੰਜਾਬ ਸਿੰਘ ਸੁਲਤਾਨਵਿੰਡ, ਭੁਪਿੰਦਰ ਸਿੰਘ, ਸਤਨਾਮ ਸਿੰਘ, ਜਗਜੋਤ ਸਿੰਘ ਰਾਜਾਸਾਂਸੀ, ਦਲ ਖ਼ਾਲਸਾ ਦੇ ਸਰਬਜੀਤ ਸਿੰਘ ਘੁਮਾਣ ਆਦਿ ਨੇ ਸਾਂਝੇ ਤੌਰ ’ਤੇ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਦੇ ਆਗੂ ਬੇਅਦਬੀ ਘਟਨਾਵਾਂ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਸ਼ਹਿ ’ਤੇ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਦੁਖਦਾਈ ਕਾਂਡ ਵਾਪਰੇ। ਉਨ੍ਹਾਂ ਕਿਹਾ ਕਿ ਇਸ ਕਾਂਡ ਵਿੱਚ ਡੇਰਾ ਸਿਰਸਾ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ।
  ਵਿਖਾਵਾਕਾਰੀਆਂ ਨੇ ਹਾਲ ਗੇਟ ਤੋਂ ਭੰਡਾਰੀ ਪੁਲ ਤੱਕ ਰੋਸ ਮਾਰਚ ਵੀ ਕੀਤਾ। ਰੋਸ ਵਿਖਾਵੇ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸਾਬਕਾ ਪੁਲੀਸ ਆਗੂ ਸੁਮੇਧ ਸੈਣੀ ਦੇ ਪੁਤਲੇ ਫੂਕੇ ਗਏ।

  ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੀ ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਝੰਡਾ ਚੁੱਕ ਲਿਆ ਹੈ। ਅੱਜ ‘ਆਪ’ ਦੇ ਮਾਝਾ ਜ਼ੋਨ ਦੇ ਕਨਵੀਨਰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹਾਲ ਗੇਟ ਵਿੱਚ ਰੋਸ ਵਿਖਾਵਾ ਕੀਤਾ ਗਿਆ ਹੈ। ਵਿਖਾਵਾਕਾਰੀਆਂ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਮੌਕੇ ਅਕਾਲੀ ਆਗੂਆਂ ਦੇ ਪੁਤਲੇ ਵੀ ਫੂਕੇ ਗਏ ਤੇ ਨਾਅਰੇਬਾਜ਼ੀ ਵੀ ਕੀਤੀ ਗਈ।

  ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਬੇਅਦਬੀ ਮਾਮਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਉਠੀ ਗੁੱਸੇ ਦੀ ਲਹਿਰ ਵਧ ਰਹੀ ਹੈ। ਕੋਟਕਪੂਰੇ ਦੇ ਪਿੰਡ ਭਾਣਾ ਵਿੱਚ ਪਿੰਡ ਵਾਸੀਆਂ ਨੇ ਅਕਾਲੀ ਦਲ ਦੇ ਜਨਤਕ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।
  ਪਿੰਡ ਦੇ ਵਸਨੀਕ ਗੁਰਸੇਵਕ ਸਿੰਘ ਨੇ ਗੁਰਦੁਆਰੇ ਦੇ ਸਪੀਕਰ ਤੋਂ ਐਲਾਨ ਕਰਦਿਆਂ ਆਖਿਆ ਕਿ ਤਿੰਨ ਸਾਲ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਸੀ, ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੀ ਪੁਲੀਸ ਦੀ ਗੋਲੀ ਨਾਲ ਮੌਤ ਹੋ ਗਈ ਸੀ। ਇਸ ਘਟਨਾ ਦੀ ਜਾਂਚ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਿੱਧੇ ਤੌਰ ’ਤੇ ਡੇਰਾ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦੀ ਸ਼ਮੂਲੀਅਤ ਸਾਹਮਣੇ ਆਉਣ ਨਾਲ ਸਿੱਖਾਂ ਨੂੰ ਬਹੁਤ ਧੱਕਾ ਲੱਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਅਕਾਲੀ ਦਲ ਦੇ ਕਿਸੇ ਵੀ ਆਗੂ ਦੇ ਦਾਖ਼ਲ ਦੀ ਸਖ਼ਤ ਮਨਾਹੀ ਹੈ ਤੇ ਪਿੰਡ ਦਾ ਕੋਈ ਵਿਅਕਤੀ ਅਕਾਲੀ ਦਲ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਨਹੀਂ ਕਰੇਗਾ। ਉਧਰ, ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਘਰ ਪਹਿਲੀ ਸਤੰਬਰ ਨੂੰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਸਬੰਧੀ ਮਨਤਾਰ ਬਰਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਅਕਾਲੀ ਦਲ, ਫ਼ਰੀਦਕੋਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੇਰਾ ਸਿਰਸਾ ਤੇ ਸੁਨੀਲ ਜਾਖੜ ਦਾ ਪੁਤਲਾ ਫੂਕੇਗਾ। ਉਧਰ, ਸੁਖਪਾਲ ਖਹਿਰਾ ਧੜੇ ਵੱਲੋਂ ਇੱਥੇ ਬੱਤੀਆਂ ਵਾਲੇ ਚੌਕ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮਨਤਾਰ ਸਿੰਘ ਬਰਾੜ ਤੇ ਡੇਰਾ ਸਿਰਸਾ ਮੁਖੀ ਦਾ ਪੁਤਲੇ ਫੂਕੇ ਜਾਣਗੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

  ਜਸਵਿੰਦਰ ਸਿੰਘ ਰੁਪਾਲ
  ਨ੍ਹੇਰੇ ਲਈ ਚਾਨਣ,ਅੰਨ੍ਹੇ ਲਈ ਲਾਠੀ,ਮਾਰਗ ਭੁੱਲਿਆਂ ਤਾਈਂ ਦਿਖਾਏ ਬਾਣੀ ।
  ਕੰਧ ਕੂੜ ਦੀ ਜ਼ਰਾ ਨਾ ਰਹਿਣ ਦੇਵੇ,ਸਿਰਫ਼ ਸੱਚ ਦੀ ਸੋਝੀ ਕਰਾਏ ਬਾਣੀ ।
  ਪਾਣੀ ਜਿਵੇਂ ਹੈ ਤਨ ਨੂੰ ਸਾਫ਼ ਕਰਦਾ,ਮੈਲ੍ਹ ਮਨ ਦੀ ਉਵੇਂ ਗਵਾਏ ਬਾਣੀ ।
  ਭਰਮ ਅਤੇ ਅਗਿਆਨਤਾ ਕੱਢ ਕੇ ਤੇ,ਉਂਗਲ ਗਿਆਨ ਦੀ ਸਾਨੂੰ ਫੜਾਏ ਬਾਣੀ ।

  ਅੰਮ੍ਰਿਤਸਰ , (ਨਰਿੰਦਰ ਪਾਲ ਸਿੰਘ) - ਸਿੱਖ ਜੁਆਨੀ ਦੀ ਨਸਲਕੁਸੀ ਦੇ ਦੋਸ਼ੀ ਬੇਅੰਤ ਸਿਹੁੰ ਨੂੰ ਸੋਧਾ ਲਾਉਂਦਿਆਂ ਅਦੁੱਤੀ ਸ਼ਹਾਦਤ ਪਾਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 23ਵਾਂ ਸ਼ਹੀਦੀ ਦਿਹਾੜਾ ਅੱਜ 13ਅਪ੍ਰੈਲ 1978 ਦੇ 13 ਸ਼ਹੀਦ ਸਿੰਘਾਂ ਦੇ ਯਾਦਗਾਰੀ ਅਸਥਾਨ ਵਿਖੇ ਮਨਾਇਆ ਗਿਆ। ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਦਮਦਮੀ ਟਕਸਾਲ ਮਹਿਤਾ ਦੇ ਸਾਂਝੇ ਉਪਰਾਲੇ ਨਾਲ ਸਥਾਨਕ ਰੇਲਵੇ ਕਲੌਨੀ ਸਥਿਤ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਵਿਖੇ ਪੰਥਕ ਰਾਗੀ ਜਥਾ ਬੀਬੀ ਅਮਨਦੀਪ ਕੌਰ ਮਜੀਠਾ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।ਉਪਰੰਤ ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਕਰੀਬੀ ਜਾਣੇ ਜਾਂਦੇ ਬਾਪੂ ਗੁਰਚਰਨ ਸਿੰਘ ਪਟਿਆਲਾ ਤੋਂ ਇਲਾਵਾ ਅਕਾਲ ਫੈਡਰਸ਼ਨ ਦੇ ਭਾਈ ਨਰੈਣ ਸਿੰਘ ਚੌੜਾ,ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ,ਦਮਦਮੀ ਟਕਸਾਲ ਜਥਾ ਸੰਗਰਾਵਾਂ ਵਲੋਂ ਗਿਆਨੀ ਗੁਰਦੀਪ ਸਿੰਘ,ਸ਼੍ਰੋਮਣੀ ਕਮੇਟੀ ਦੇ ਕਾਰਜਕਾਰਣੀ ਮੈਂਬਰ ਭਗਵੰਤ ਸਿੰਘ ਸਿਆਲਕਾ,ਪੰਥਕ ਮੈਗਜੀਨ ਵੰਗਾਰ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਅਕਾਲ ਖਾਲਸਾ ਦਲ ਦੇ ਸੁਰਿੰਦਰ ਸਿੰਘ ਤਾਲਿਬ ਪੁਰਾ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁਹੰਮਦ,ਜਥੇਦਾਰ ਬਲਦੇਵ ਸਿੰਘ ਸਿਰਸਾ,ਭਾਈ ਪਰਮਜੀਤ ਸਿੰਘ ਅਕਾਲੀ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਭਾਈ ਬਲਵੰ ਤਸਿੰਘ ਗੋਪਾਲਾ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਬੁਲਾਰਿਆਂ ਨੇ ਜੋਰ ਦਿੱਤਾ ਕਿ ਮੌਜੂਦਾ ਹਾਲਾਤਾਂ ਵਿੱਚ ਜਦੋਂ ਹਰ ਪਾਸਿਉਂ ਸਿੱਖ ਅਤੇ ਸਿੱਖੀ ਤੇ ਹਮਲੇ ਜਾਰੀ ਹਨ ਤਾਂ ਕੌਮ ਦੇ ਦੁਆਲੇ ਕੌਮੀ ਏਕਤਾ ਤੇ ਇਤਫਾਕ ਦੀ ਮਜਬੂਤ ਵਾੜ ਉਸਾਰਨੀ ਸਮੇਂ ਦੀ ਜਰੂਰਤ ਹੈ।
  ਇਹ ਵੀ ਮਹਿਸੂਸ ਕੀਤਾ ਕਿ ਕੌਮੀ ਸੰਘਰਸ਼ ਲਈ ਜੂਝਦਿਆਂ ਹਰ ਆਗੂ ਤੇ ਜਥੇਬੰਦੀ ਨੂੰ ਗੁਰਮਤਿ ਦੀ ਭੈਅ ਭਾਵਨੀ ਵਿੱਚ ਵਿਚਰਦਿਆਂ ਦਰਪੇਸ਼ ਮਸਲਿਆਂ ਨੂੰ ਹਵਾ ਵਿੱਚ ਉਛਾਲਣ ਦੀ ਬਜਾਏ ਮਿਲ ਬੈਠ ਕੇ ਹਲ ਕਰਨ ਦੀ ਪਹਿਲ ਕਰਨੀ ਜਰੂਰੀ ਹੈ।ਇਸ ਮੌਕੇ ਭਾਈ ਦਿਲਾਵਰ ਸਿੰਘ ਬੱਬਰ ਦੇ ਭਰਾਤਾ ਭਾਈ ਚਮਕੌਰ ਸਿੰਘ ਨੁੰ ਗੁਰੂ ਬਖਸ਼ਿਸ਼ ਸਿਰੋਪਾਉ ਅਤੇ ਸ੍ਰੀ ਸਾਹਿਬ ,ਭਾਈ ਬੱਬਰ ਦੀ ਭੈਣ ਗੁਰਪ੍ਰੀਤ ਕੌਰ ਤੇ ਭਰਜਾਈ ਚਰਨਜੀਤ ਕੌਰ ਨੂੰ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।ਸਟੇਜ ਸਕੱਤਰ ਦੀ ਜਿੰੇਵਾਰੀ ਪ੍ਰਿੰ:ਬਲਜਿੰਦਰ ਸਿੰਘ ਨੇ ਨਿਭਾਈ ਅਤੇ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀਨੇ ਪੁਜੀਆਂ ਸੰਗਤਾਂ ਤੇ ਪੰਥਕ ਸ਼ਖਸ਼ੀਅਤਾਂ ਦਾ ਧਨਵਾਦਿ ਕੀਤਾ।ਇਸ ਮੌਕੇ ਭਾਈ ਦਿਲਬਾਗ ਸਿੰਘ,ਭਾਈ ਮਨਜੀਤ ਸਿੰਘ ਠੇਕੇਦਾਰ,ਮਹਾਂਬੀਰ ਸਿੰਘ ਸੁਲਤਾਨ ਵਿੰਡ,ਬਲਬੀਰ ਸਿੰਘ ਕਠਿਆਲੀ, ਅਮਰੀਕ ਸਿੰਘ ਨੰਗਲ,ਬਲਵਿੰਦਰ ਸਿੰਘ ਕਾਲਾ, ,ਕੁਲਵਿੰਦਰ ਸਿੰਘ ਖਾਨਪੁਰੀਆ ਸਮਤੇ ਵੱਡੀ ਗਿਣਤੀ ਸੰਗਤਾਂ ਹਾਜਰ ਸਨ।

  ਚੰਡੀਗੜ੍ਹ -  ਬਾਦਲ ਦਲ ਦੇ 'ਨਿਆਣੀ ਮੱਤ' ਪ੍ਰਧਾਨ ਦੇ ਫੈਸਲਿਆਂ 'ਤੇ ਟਕਸਾਲੀ ਆਗੂਆਂ ਨੇ ਸਵਾਲ ਚੁੱਕੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਇੰਨੇ ਸੀਨੀਅਰ ਲੀਡਰਾਂ ਨੇ ਪਾਰਟੀ ਪ੍ਰਧਾਨ ਦੇ ਫੈਸਲੇ 'ਤੇ ਉਂਗਲ ਚੁੱਕੀ ਹੋਵੇ। ਬੇਅਦਬੀ ਕਾਂਡਾਂ ਉੱਪਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਵਿੱਚ ਬਹਿਸ ਤੋਂ ਕਿਨਾਰਾ ਕਰਨ ਦੇ ਫੈਸਲੇ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਗ਼ਲਤ ਠਹਿਰਾ ਦਿੱਤਾ ਹੈ। ਸੀਨੀਅਰ ਅਕਾਲੀ ਆਗੂਆਂ ਨੇ ਬੀਤੇ ਕੱਲ੍ਹ ਹੋਈ ਪਾਰਟੀ ਦੀ ਕੋਰ ਕਮੇਟੀ ਬੈਠਕ ਵਿੱਚ ਵੀ ਰਿਪੋਰਟ 'ਤੇ ਬਹਿਸ ਦੌਰਾਨ ਵਾਕਆਊਟ ਕਰਨ 'ਤੇ ਸਵਾਲ ਚੁੱਕੇ ਸਨ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਵੀ ਉਨ੍ਹਾਂ ਸਰਕਾਰ 'ਤੇ ਵਾਰ ਕਰਨ ਤੋਂ ਇਲਾਵਾ ਪਾਰਟੀ ਦੀ ਵਿਗੜਦੀ ਸਾਖ਼ 'ਤੇ ਵੀ ਚਿੰਤਾ ਜ਼ਾਹਰ ਕੀਤੀ। ਸੀਨੀਅਰ ਅਕਾਲੀ ਲੀਡਰ ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੇ ਕੱਲ੍ਹ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤੇ ਜਾਣ ਦੀ ਅਲੋਚਨਾ ਕੀਤੀ। ਟਕਸਾਲੀ ਲੀਡਰਾਂ ਨੇ ਨੌਜਵਾਨ ਅਕਾਲੀਆਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸਹਾਇਤਾ ਨਾਲ ਕਾਂਗਰਸ ਨੂੰ ਪੰਥਕ ਬਣਨ ਤੇ ਅਕਾਲੀ ਦਲ ਨੂੰ ਐਂਟੀ ਪੰਥਕ ਵਜੋਂ ਪੇਸ਼ ਕੀਤੇ ਜਾਣ ਵਿੱਚ ਸਫਲਤਾ ਮਿਲਣ ਦੇ ਰਾਜ਼ ਨੂੰ ਵੀ ਸਮਝਾਇਆ।
  ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਤੋਤਾ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਾਰਟੀ ਨੂੰ ਵਿਧਾਨ ਸਭਾ ਵਿੱਚ 14 ਮਿੰਟਾਂ ਦਾ ਸਮਾਂ ਮਿਲਿਆ, ਜਿਸ ਤੋਂ ਅੱਕ ਕੇ ਉਹ ਵਾਕਆਊਟ ਕਰ ਗਏ ਪਰ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਪਾਰਟੀ ਵਿਧਾਇਕਾਂ ਨੂੰ ਸਦਨ ਵਿੱਚ ਰਹਿਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕਾਂ ਨੂੰ ਸਦਨ ਵਿੱਚ ਰੁਕ ਕੇ ਪਾਰਟੀ ਤੇ ਆਪਣੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨਿਆਂ ਤੋਂ ਬਚਾਉਣਾ ਚਾਹੀਦਾ ਸੀ। ਇੰਨਾ ਹੀ ਨਹੀਂ ਤੋਤਾ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸਦਨ ਵਿੱਚ ਹੀ ਰੁਕਣ ਸਬੰਧੀ ਮੈਸੇਜ ਵੀ ਭੇਜਿਆ ਸੀ ਪਰ ਉਹ ਬੇਅਸਰ ਰਿਹਾ। ਉੱਧਰ, ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਬੈਠਕ ਵਿੱਚ ਸੀਨੀਅਰ ਲੀਡਰਾਂ ਦੇ ਸੁਝਾਵਾਂ 'ਤੇ ਗ਼ੌਰ ਕੀਤੀ ਗਈ। ਹਾਲਾਂਕਿ, ਢੀਂਡਸਾ ਨੇ ਮੰਨਿਆ ਕਿ ਕਾਂਗਰਸ ਸਦਨ ਵਿੱਚ ਲੰਮੀ ਬਹਿਸ ਦੌਰਾਨ ਰਣਜੀਤ ਸਿੰਘ ਕਮਿਸ਼ਨ ਦੀ ਦੁਰਵਰਤੋਂ ਕਰਕੇ ਕਾਂਗਰਸ, ਅਕਾਲੀ ਦਲ ਨੂੰ ਪੰਥ ਵਿਰੋਧੀ ਸਾਬਤ ਕਰਨ ਵਿੱਚ ਕਾਮਯਾਬ ਹੋਈ ਹੈ।
  ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਟਕਸਾਲੀ ਆਗੂਆਂ ਨੇ ਪ੍ਰਧਾਨ ਸੁਖਬੀਰ ਬਾਦਲ ਤੇ ਮੋਹਰੀ ਬਿਕਰਮ ਮਜੀਠੀਆ ਦੀ ਕਾਰਜਸ਼ੈਲੀ ਵਿਰੁੱਧ ਸਵਾਲ ਚੁੱਕੇ ਹਨ। ਸਮੇਂ-ਸਮੇਂ 'ਤੇ ਨੌਜਵਾਨ ਆਗੂਆਂ ਦੀਆਂ ਗਤੀਵਿਧੀਆਂ ਕਾਰਨ ਪੰਥਕ ਵੋਟ ਬੈਂਕ ਨੂੰ ਖੋਰਾ ਲੱਗਣ ਸਬੰਧੀ ਸੁਚੇਤ ਵੀ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ ਨੂੰ ਅਣਗੌਲਿਆਂ ਕਰਨ ਦਾ ਨਤੀਜਾ ਅਕਾਲੀ ਲੀਡਰਾਂ ਦਾ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਿਰੋਧ ਤੇ ਅਕਾਲੀਆਂ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਅਕਾਲੀਆਂ ਦੇ ਪੱਖ ਵਿੱਚ ਹੋਏ ਸਿਆਸੀ ਮਾਹੌਲ ਨੂੰ ਵਿਧਾਨ ਸਭਾ ਵਿੱਚ ਵਾਕਆਉਟ ਕਰਕੇ ਗੁਆਉਣ ਵਜੋਂ ਸਾਹਮਣੇ ਆਏ। ਇਸ ਵਾਰ ਸੀਨੀਅਰ ਆਗੂਆਂ ਦਾ ਇਸ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਸਾਫ਼ ਹੋਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੀ ਸਿਆਸਤ-ਸ਼ੈਲੀ ਨੂੰ ਇਨ੍ਹਾਂ ਯੂਥ ਅਕਾਲੀਆਂ ਨੇ ਗੰਭੀਰਤਾ ਨਹੀਂ ਲਿਆ, ਜਿਸ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਰਹੇ ਹਨ।

  ਸੰਗਰੂਰ - ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਸਰਕਾਰ ਨੂੰ 40 ਦਿਨਾਂ ਦਾ ਅਲਟੀਮੇਟਮ ਦਿੱਤਾ ਜਾਵੇਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਬਾਜਾਖਾਨਾ ਪੁਲੀਸ ਥਾਣੇ ’ਚ ਦਰਜ ਕੀਤੇ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਬ ਵਿੱਚ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਪਹਿਲੀ ਸਤੰਬਰ ਨੂੰ ਪੰਜਾਬ ਭਰ ਵਿੱਚ ਪੰਥ ਦੇ ‘ਗੱਦਾਰਾਂ’ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਰੋਸ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ੍ਰੀ ਖਹਿਰਾ ਨੇ ਇਥੇ ਪਾਰਟੀ ਵਾਲੰਟੀਅਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ’ਤੇ ਬਹਿਸ ਦੌਰਾਨ ਵਿਧਾਨ ਸਭਾ ਵਿੱਚ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਮੁੱਖ ਮੰਤਰੀ ਵੱਲੋਂ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਕਦਰ ਨਹੀਂ ਪਾਈ ਅਤੇ ਬਾਦਲਾਂ ਨੂੰ ਬਚਾਉਣ ਲਈ ਮਾਮਲੇ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਪੰਜਾਬ ਦੀ ਬਾਦਲਾਂ ਨਾਲ ਕਥਿਤ ਮਿਲੀਭੁਗਤ ਹੈ।
  ਉਨ੍ਹਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂ ਤਾਂ ਪੰਥ ਦੇ ਕਥਿਤ ‘ਗੱਦਾਰ’ ਸਾਬਤ ਹੋ ਗਏ ਹਨ। ਇਸ ਲਈ ਉਨ੍ਹਾਂ ਦਾ ਖਹਿੜਾ ਛੱਡ ਦੇਣ, ਕਿਉਂਕਿ ਜਿਹੜੇ ਅਕਾਲੀ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਹੋ ਸਕੇ, ਉਹ ਕਿਸੇ ਦੇ ਨਹੀਂ ਹੋ ਸਕਦੇ।
  ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਤੇ ਉਸਦੇ ਸਾਥੀ ਵਿਧਾਇਕਾਂ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਬੀੜਾ ਚੁੱਕਿਆ ਹੈ, ਕਿਉਂਕਿ ਪਾਰਟੀ ਕਿਸੇ ਇੱਕ ਵਿਅਕਤੀ ਦੀ ਨਹੀਂ ਹੈ। ਖਹਿਰਾ ਨੇ ਹੋਰ ਪਾਰਟੀ ਵਿਧਾਇਕਾਂ ਨੂੰ ਵੀ ਆਪਣੀ ਜ਼ਮੀਰ ਦੀ ਅਵਾਜ਼ ਸੁਣਨ ਦੀ ਅਪੀਲ ਕੀਤੀ। ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਸ੍ਰੀ ਖਹਿਰਾ ਦੀ ਅਗਵਾਈ ਹੇਠ ਸੰਗਰੂਰ ’ਚ 16 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ।
  ਆਮ ਆਦਮੀ ਪਾਰਟੀ (ਆਪ) ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਇਥੇ ਪਾਰਟੀ ਤੋਂ ਨਾਰਾਜ਼ ਆਗੂਆਂ ਤੇ ਵਾਲੰਟੀਅਰਾਂ ਨਾਲ ਕੀਤੀ ਮੀਟਿੰਗ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ। ਇਸ ਦੌਰਾਨ ਦੋਵੇਂ ਧੜਿਆਂ ਦੇ ਸਮਰਥਕਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਦੇ ਹੱਕ ਤੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ ਪਰ ਸੰਸਦ ਮੈਂਬਰ ਭਗਵੰਤ ਮਾਨ ਦੇ ਸਮਰਥਕ ਅੱਧੀ ਦਰਜਨ ਵਾਲੰਟੀਅਰਾਂ ਨੂੰ ਮੀਟਿੰਗ ’ਚੋਂ ਬਾਹਰ ਕੱਢ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਅੱਜ ਇਥੇ ਪਾਰਟੀ ਤੋਂ ਨਾਰਾਜ਼ ਵਾਲੰਟੀਅਰਾਂ ਨਾਲ ਮੀਟਿੰਗ ਕਰਨ ਪੁੱਜੇ ਸਨ। ਸੰਸਦ ਮੈਂਬਰ ਭਗਵੰਤ ਮਾਨ ਦੇ ਸਮਰਥਕ ਕਰੀਬ ਅੱਧੀ ਦਰਜਨ ਵਾਲੰਟੀਅਰ ਮੀਟਿੰਗ ’ਚ ਵੱਖ-ਵੱਖ ਥਾਵਾਂ ’ਤੇ ਬੈਠੇ ਸਨ। ਇਸੇ ਦੌਰਾਨ ਪਾਰਟੀ ਦੇ ਫਾਊਂਡਰ ਮੈਂਬਰ ਇੰਦਰਪਾਲ ਸਿੰਘ ਖਾਲਸਾ ਦੀ ਮੰਗ ’ਤੇ ਸ੍ਰੀ ਖਹਿਰਾ ਵੱਲੋਂ ਉਨ੍ਹਾਂ ਨੂੰ ਮੰਚ ਤੋਂ ਬੋਲਣ ਦਾ ਮੌਕਾ ਦੇ ਦਿੱਤਾ। ਜਦੋਂ ਇੰਦਰਪਾਲ ਸਿੰਘ ਖਾਲਸਾ ਮੰਚ ਤੋਂ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸੋਹਲੇ ਗਾਉਣ ਲੱਗੇ ਤਾਂ ਮੀਟਿੰਗ ’ਚ ਹਾਜ਼ਰ ਵਾਲੰਟੀਅਰਾਂ ਨੇ ਵਿਰੋਧ ਕਰਦਿਆਂ ਉਸ ਨੂੰ ਬੋਲਣ ਤੋਂ ਰੋਕ ਦਿੱਤਾ। ਇਸੇ ਦੌਰਾਨ ਮੀਟਿੰਗ ’ਚ ਹਾਜ਼ਰ ਇੰਦਰਪਾਲ ਦੇ ਚਾਰ/ਪੰਜ ਹੋਰ ਸਾਥੀ ਖੜ੍ਹੇ ਹੋ ਗਏ ਅਤੇ ਸ੍ਰੀ ਖਹਿਰਾ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਇੰਦਰਪਾਲ ਸਿੰਘ ਖਾਲਸਾ ਨੇ ਜਿਥੇ ਖਹਿਰਾ ਦੀ ਇਸ ਮੀਟਿੰਗ ਖ਼ਿਲਾਫ਼ ਦਸ ਸਵਾਲਾਂ ਵਾਲੇ ਪਰਚੇ ਵੰਡੇ ਉਥੇ ਖਹਿਰਾ ’ਤੇ ਵਲੰਟੀਅਰਾਂ ’ਚ ਵੰਡੀਆਂ ਪਾਉਣ ਦਾ ਦੋਸ਼ ਲਾਇਆ। ਉਧਰ ਸ੍ਰੀ ਖਹਿਰਾ ਨੇ ਕਿਹਾ ਕਿ ਇਹ ਸਭ ਭਗਵੰੰਤ ਮਾਨ ਦੇ ਇਸ਼ਾਰੇ ’ਤੇ ਹੋਇਆ ਹੈ।

  ਲਖਵੀਰ ਸਿੰਘ ਚੀਮਾ
  94655-22575
  ਪੀੜਤ ਲੋਕਾਂ ਨੂੰ ¦ਗਰ, ਕੱਪੜਾ, ਮੈਡੀਕਲ ਸਮੇਤ ਹਰ ਪ੍ਰਕਾਰ ਦੀਆਂ ਕਰਵਾਈਆਂ ਜਾ ਰਹੀਆਂ ਹਨ ਸਹੂਲਤਾਂ ਪ੍ਰਦਾਨ
  ਸ਼੍ਰੋਮਣੀ ਕਮੇਟੀ, ਖਾਲਸਾ ਏਡ, ਯੂਨਾਇਟਿਡ ਸਿੱਖਜ਼, ਅਕਾਲ ਚੈਨਲ ਯੂਕੇ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ
  ਸਿੱਖ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਉਪਰ ਚੱਲਦਿਆਂ ਗੁਰੂ ਦੇ ਸਿੱਖ ਹਮੇਸ਼ਾ ਲੋੜਵੰਦਾਂ, ਨਿਆਸਰਿਆਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦਾ ਹੈ, ਜਿਸਦਾ ਪਤਾ ਸਿੱਖ ਇਤਿਹਾਸ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਦਰਸਾਏ ਇਸ ਮਾਰਗ ਉਪਰ ਗੁਰੂ ਦੇ ਸਿੱਖ ਹੁਣ ਵੀ ਚੱਲ ਰਹੇ ਹਨ ਅਤੇ ਲਗਾਤਾਰ ਮਾਨਵਤਾ ਦੀ ਸੇਵਾ ਲਈ ਤੱਤਤਰ ਹਨ। ਮੌਜੂਦਾ ਸਮੇਂ ਵਿੱਚ ਭਾਂਵੇਂ ਬੰਬਬਾਰੀ ਦਾ ਇਲਾਕਾ ਸੀਰੀਆ ਹੋਵੇ, ਭਾਵੇਂ ਬਰਮਾ ਤੋਂ ਉਜਾੜੇ ਮੁਸਲਮਾਨ ਹੋਣ, ਭਾਂਵੇਂ ਸ਼ਿਲਾਂਗ ਵਿੱਚ ਵੱਸਦੇ ਸਿੱਖਾਂ ਦੇ ਉਜਾੜੇ ਦੀ ਗੱਲ ਹੋਵੇ, ਜੰਮੂ ਦੇ ਹੜ ਤੋਂ ਹਰ ਜਗ•ਾ ਗੁਰੂ ਦੇ ਸਿੱਖ ਪੀੜਤ ਲੋਕਾਂ ਲਈ ਜਾਤ-ਪਾਤ, ਧਰਮ, ਰੰਗ ਰੂਪ ਦੇ ਭੇਦਭਾਵ ਤੋਂ ਉਪਰ ਉਠ ਕੇ ਰੱਬ ਦਾ ਰੂਪ ਬਣਕੇ ਹਾਜ਼ਰ ਹੋ ਰਹੇ ਹਨ। ਪਿਛੇ ਕੁੱਝ ਦਿਨ ਪਹਿਲਾਂ ਹੀ ਕੇਰਲਾ ਵਿੱਚ ਆਏ ਹੜ•ਾਂ ਕਾਰਨ ਉਥੋਂ ਦੇ ਲੋਕਾਂ ਦੀ ਮੱਦਦ ਲਈ ਗੁਰੂ ਦੀਆਂ ਫ਼ੌਜਾਂ ਤੇ ਤੁਰੰਤ ਐਕਸ਼ਨ ਵਿੱਚ ਆਉਂਦਿਆਂ ਕੇਰਲਾ ਵਾਸੀਆਂ ਲਈ ਕੇਰਲਾ ਵਿੱਚ ਜਾ ਡੇਰੇ ਲਾਏ ਹਨ। ਕੇਰਲਾ ਵਿੱਚ ਇਸ ਸਮੇਂ ਸਿੱਖਾਂ ਦੀ ਨੁਮਾਇੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੂਰੀ ਦੁਨੀਆਂ ਵਿੱਚ ਸਿੱਖਾਂ ਦਾ ਨਾਮ ਉਚਾ ਕਰਨ ਵਾਲੀਆਂ ਖਾਲਸਾ ਏਡ ਤੇ ਯੂਨਾਇਟਿਡ ਸਿੱਖਜ਼, ਅਕਾਲ ਚੈਨਲ ਯੂਕੇ, ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਦਿੱਲੀ ਤੋਂ ਇਲਾਵਾ ਹੋਰ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਕੇਰਲਾ ਨਿਵਾਸੀਆਂ ਲਈ ਕੇਰਲਾ ਵਿਖੇ ਜਾ ਕੇ ਰਾਹਤ ਕਾਰਜ਼ ਸ਼ੁਰੂ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਤਹਿਤ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜਿੱਲਾ, ਭਗਵੰਤ ਸਿੰਘ ਸ਼ਿਆਲਕਾ ਐਸਜੀਪੀਸੀ ਮੈਂਬਰ, ਸਕੱਤਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਰਾਹਤ ਕਾਰਜ਼ ਸ਼ੁਰੂ ਕਰਦਿਆਂ ਮੈਡੀਕਲ ਸਹਾਇਤਾ ਪ੍ਰਦਾਨ ਕਰਵਾਈ ਜਾ ਰਹੀ ਹੈ। ਅੰਤਰਰਾਸ਼ਟਰੀ ਪੱਧਰ ਤੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ‘ਖਾਲਸਾ ਏਡ’ ਵੱਲੋਂ ਸੰਸਥਾ ਸੰਚਾਲਕ ਰਵਿੰਦਰ ਸਿੰਘ ਰਵੀ ਦੀ ਅਗਵਾਈ ਵਿੱਚ ਅਮਰਪ੍ਰੀਤ ਸਿੰਘ ਖਾਲਸਾ ਡਾਇਰੈਕਟਰ ਏਸ਼ੀਆ ਪੈਸੀਫਿੱਕ, ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ¦ਗਰ, ਮੈਡੀਕਲ ਸਹੂਲਤ, ਕੱਪੜਾ, ਹਰ ਪ੍ਰਕਾਰ ਦੀਆਂ ਲੋਂੜੀਦੀਆਂ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀਆਂ ਹਨ। ਇਸਤੋਂ ਇਲਾਵਾ ਜਿਵੇਂ ਜਿਵੇਂ ਹੜ•ਾਂ ਦਾ ਪ੍ਰਭਾਵ ਘਟ ਰਿਹਾ ਹੈ, ਉਵੇਂ ਉਵੇਂ ਖਾਲਸਾ ਏਡ ਵੱਲੋਂ ਕੇਰਲਾ ਦੇ ਧਾਰਮਿਕ ਸਥਾਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ‘ਅਕਾਲ ਚੈਨਲ’ ਯੂਕੇ ਵੱਲੋਂ ਅਮਰੀਕ ਸਿੰਘ ਕੂੰਨਰ ਦੇ ਨਿਰਦੇਸ਼ਾਂ ਤਹਿਤ ਤੇਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਭੂਈ ਸਮੇਤ ਟੀਮ ਕੇਰਲਾ ਨਿਵਾਸੀਆਂ ਲਈ ¦ਗਰ, ਕੱਪੜਾ, ਮੈਡੀਕਲ ਸੇਵਾਵਾਂ, ਘਰੇਲੂ ਵਸਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ•ਾਂ ਅੰਤਰਰਾਸ਼ਟਰੀ ਸੰਸਥਾ ‘ਯੂਨਾਇਟਿਡ ਸਿੱਖਜ਼’ ਵੱਲੋਂ ਵੀ ਆਪਣੀ ਟੀਮ ਸਮੇਤ ਕੇਰਲਾ ਦੇ ਹੜ• ਪੀੜਤ ਲੋਕਾਂ ਲਈ ¦ਗਰ, ਕੱਪੜਾ, ਮੈਡੀਕਲ ਸਹੂਲਤਾਂ ਲਈ ਸੇਵਾ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਦਿੱਲੀ ਵੱਲੋਂ ਬੀਬੀ ਅਮਰਜੀਤ ਕੌਰ ਪਿੰਕੀ ਦੇ ਯਤਨਾਂ ਸਦਕਾ ਰਾਗੀ ਰਵਨੀਤ ਸਿੰਘ ਦੀ ਅਗਵਾਈ ਵਿੱਚ ¦ਗਰ ਦੇ ਸੇਵਾ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਆਪਣੇ ਪੱਧਰ ਤੇ ਕੇਰਲਾ ਨਿਵਾਸੀਆਂ ਲਈ ਮੱਦਦ ਕੀਤੀ ਜਾ ਰਹੀ ਹੈ।

  ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀ ਪਿੱਠ ਥਾਪੜ ਕੇ ਪ੍ਰਧਾਨ ਲੌਂਗੋਵਾਲ ਨੇ ਪੰਥ ਵਿਰੋਧੀ ਕਾਰਵਾਈ ਨੂੰ ਦਿੱਤਾ ਅੰਜਾਮ : ਭਾਈ ਮਾਝੀ
  ਭਦੌੜ/ਸਹਿਣਾ, (ਲੱਖਾ ਸਿੰਘ/ਅਵਤਾਰ ਸਿੰਘ ਚੀਮਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਸ਼ਹੀਦ ਕੀਤੇ ਸਿੰਘਾਂ ਦੇ ਦੋਸ਼ੀਆਂ ਸੰਬੰਧੀ ਕੈਪਟਨ ਸਰਕਾਰ ਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਰਿਪੋਰਟ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਜਾਂਚ ਵਿੱਚ ਬਾਦਲ ਪਰਿਵਾਰ ਨੂੰ ਦੋਸ਼ੀ ਐਲਾਣਿਆ ਗਿਆ ਹੈ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਅਜੇ ਵੀ ਬਾਦਲ ਪਰਿਵਾਰ ਦੀ ਪਿੱਠ ਥਾਪੜ ਰਿਹਾ ਹੈ, ਜਦਕਿ ਉਸਦਾ ਫ਼ਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਤੇ ਸ਼ਹੀਦ ਸਿੰਘਾਂ ਦੇ ਕਾਤਲਾਂ ਖਿਲਾਫ਼ ਸਖ਼ਤ ਕਾਰਵਾਈ ਲਈ ਅੱਗੇ ਆਉਂਦਾ, ਜਿਸ ਕਾਰਨ ਸਮੂਹ ਸਿੱਖ ਸੰਗਤ ਵਿੱਚ ਸ੍ਰੋਮਣੀ ਕਮੇਟੀ ਪ੍ਰਧਾਨ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਰੋਸ ਦੇ ਚੱਲਦਿਆਂ ‘ਦਰਬਾਰ ਏ ਖਾਲਸਾ’ ਜੱਥੇਬੰਦੀ ਵੱਲੋਂ 3 ਸਤੰਬਰ ਨੂੰ ਸ਼੍ਰੋਮਣ ਕਮੇਟੀ ਪ੍ਰਧਾਨ ਨੂੰ ‘ਸ਼ਰਮ ਪੱਤਰ’ ਦਿੱਤਾ ਜਾਵੇਗਾ। ਇਹ ਵਿਚਾਰ ਪੰਥ ਪ੍ਰਸਿੱਧ ਕਥਾਵਾਚਕ ਅਤੇ ਮੁੱਖ ਸੇਵਾਦਾਰ ‘ਦਰਬਾਰ ਏ ਖਾਲਸਾ’ ਭਾਈ ਹਰਜਿੰਦਰ ਸਿੰਘ ਮਾਝੀ ਨੇ ਪ੍ਰਚਾਰਕ ਸਿੰਘਾਂ ਨਾਲ ਬੈਠਕ ਦੌਰਾਨ ਸਾਂਝੇ ਕੀਤੇ। ਭਾਈ ਮਾਝੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ, ਜਿਸਦਾ ਫ਼ਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੇਸ ਦੀ ਪੈਰਵਾਈ ਕਰਦੀ, ਪ੍ਰੰਤੂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਉਨ੍ਹਾਂ ਹੱਥਾਂ ਵਿੱਚ ਹੈ, ਜਿਨ੍ਹਾਂ ਨੇ ਵੋਟਾਂ ਲਈ ਗੰਦੀ ਰਾਜਨੀਤੀ ਕਰਦਿਆਂ ਖ਼ੁਦ ਸੌਦਾ ਸਾਧ ਨਾਲ ਮਿਲ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ। ਭਾਈ ਮਾਝੀ ਨੇ ਕਿਹਾ ਕਿ ਭਾਂਵੇਂ ਸ਼੍ਰੋਮਣੀ ਕਮੇਟੀ ਪੰਥ ਵਿਰੋਧੀਆਂ ਦੇ ਹੱਥਾਂ ਵਿੱਚ ਹੈ, ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਆਪਣੇ ਅਹੁਦੇ ਦਾ ਖਿਆਲ ਰੱਖ ਕੇ ਰਣਜੀਤ ਸਿੰਘ ਕਮਿਸ਼ਨ ਵੱਲੋਂ ਦੋਸ਼ੀ ਐਲਾਨੇ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਸੀ, ਪ੍ਰੰਤੂ ਪ੍ਰਧਾਨ ਲੌਂਗੋਵਾਲ ਨੇ ਜਾਂਚ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਰੱਦ ਕਰਕੇ ਇੱਕ ਪੰਥ ਵਿਰੋਧੀ ਕਾਰਜ ਕੀਤਾ ਹੈ, ਜਿਸ ਕਰਕੇ ਸਮੁੂਹ ਸੰਗਤਾਂ ਕਮੇਟੀ ਪ੍ਰਧਾਨ ਖਿਲਾਫ਼ ਰੋਸ ਵਿੱਚ ਹਨ ਅਤੇ ਇਸੇ ਰੋਸ ਦੇ ਚੱਲਦਿਆਂ ਦਰਬਾਰ ਏ ਖਾਲਸਾ ਜੱਥੇਬੰਦੀ ਨੇ ਪ੍ਰਧਾਨ ਲੌਂਗੋਵਾਲ ਦੀ ਇਸ ਕਾਰਵਾਈ ਲਈ ਉਨ੍ਹਾਂ ਨੂੰ ‘ਸ਼ਰਮ ਪੱਤਰ’ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 3 ਸਤੰਬਰ ਨੂੰ ਪਿੰਡ ਦੀਨਾ ਦੇ ਗੁਰਦੁਆਰਾ ਜਫ਼ਰਨਾਮਾ ਸਾਹਿਬ ਤੋਂ ਕਾਫ਼ਿਲਾ ਰਵਾਨਾ ਹੋਵੇਗਾ ਅਤੇ ਦੁਪਹਿਰ 12 ਵਜੇ ਕਮੇਟੀ ਪ੍ਰਧਾਨ ਨੂੰ ਅੰਮ੍ਰਿਤਸਰ ਵਿਖੇ ‘ਸ਼ਰਮ ਪੱਤਰ’ ਸੌਂਪਿਆ ਜਾਵੇਗਾ, ਜਿਸ ਵਿੱਚ ਸੰਗਤਾਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਸ ਸਮੇਂ ਪ੍ਰਚਾਰਕ ਭਾਈ ਹਰਜੀਤ ਸਿੰਘ ਢਿਪਾਲੀ, ਜਸਵੀਰ ਸਿੰਘ ਚੀਮਾ, ਹਰਵਿੰਦਰ ਸਿੰਘ ਵਜੀਦਕੇ, ਬਲਜੀਤ ਸਿੰਘ ਸ਼ੇਰਪੁਰ, ਹਰਬੰਸ ਸਿੰਘ ਜਲਾਲ, ਡਾ.ਰਾਜਵਿੰਦਰ ਸਿੰਘ ਰੌਂਤਾ, ਚਮਕੌਰ ਸਿੰਘ ਬੱਲਰਾਂ, ਕਰਤਾਰ ਸਿੰਘ ਸਾਹੋਕੇ, ਜਤਿੰਦਰ ਸਿੰਘ ਭੋਡੀਪੁਰਾ, ਜਰਨੈਲ ਸਿੰਘ ਧਿੰਗੜ, ਜਗਤਾਰ ਸਿੰਘ ਮਾਨ ਭਦੌੜ, ਕੁਲਦੀਪ ਸਿੰਘ ਮਧੇਕੇ ਰਾਜਦੀਪ ਸਿੰਘ ਟਾਹਲੀਆਂ, ਅਨੋਖ ਸਿੰਘ ਸੇਲਬਰਾਹ, ਜਗਤਾਰ ਸਿੰਘ ਜੰਗੀਆਣਾ, ਗੁਰਜੰਟ ਸਿੰਘ ਮਾਨ ਭਦੌੜ, ਸੁਖਚੈਨ ਸਿੰਘ ਚੈਨਾ ਭਦੌੜ ਵੀ ਹਾਜ਼ਰ ਸਨ।

   

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com