ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ 30 ਨਵੰਬਰ ਤੋਂ ਜਨੇਵਾ ਵਿੱਚ ਹੋਣ ਵਾਲੀ ਮੰਤਰੀ ਪੱਧਰੀ ਮੀਟਿੰਗ ਕਰੋਨਾਵਾਇਰਸ ਮਹਾਮਾਰੀ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇਹ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਸ ਦੇ ਮੱਦੇਨਜ਼ਰ ਮੀਟਿੰਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਬਲਿਊਟੀਓ ਵੱਲੋਂ ਜਾਰੀ ਬਿਆਨ ਵਿੱਚ 12ਵੀਂ ਮੰਤਰੀ ਪੱਧਰੀ ਮੀਟਿੰਗ ਦੀਆਂ ਨਵੀਆਂ ਤਰੀਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

  ਲੰਡਨ - ਬਰਤਾਨੀਆ ਦੀ ਪੁਲਿਸ ਵਲੋਂ ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਦੇ ਦਫ਼ਤਰ 'ਤੇ ਮਾਰੇ ਗਏ ਛਾਪੇ ਦੌਰਾਨ ਖ਼ਾਲਿਸਤਾਨ ਨੂੰ ਲੈ ਕੇ ਕਰਵਾਏ 'ਰੈਫਰੰਡਮ' ਦੌਰਾਨ ਜਾਅਲੀ ਵੋਟਿੰਗ ਹੋਣ ਦਾ ਖੁਲਾਸਾ ਹੋਇਆ ਹੈ | ਯੂ.ਕੇ. ਦੀ ਮੈਟਰੋਪੋਲੀਟਨ ਪੁਲਿਸ ਵਲੋਂ ਹੰਸੋਲੋ ਦੀ 365 ਬਾਠ ਰੋਡ 'ਤੇ ਸਾਡਾ ਸੁਪਰ ਸਟੋਰ ਦੀ ਪਹਿਲੀ ਮੰਜਿਲ 'ਤੇ ਐਸ.ਐਫ.ਜੇ. ਦੇ ਦਫ਼ਤਰ 'ਚ ਕੀਤੀ ਛਾਪੇਮਾਰੀ ਦੌਰਾਨ ਇਲੈਕਟ੍ਰੋਨਿਕ ਉਪਕਰਨਾਂ ਤੇ ਦਸਤਵੇਜ਼ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਤੋਂ ਖੁਲਾਸਾ ਹੋਇਆ ਕਿ ਇਨ੍ਹਾਂ ਦੇ ਜ਼ਰੀਏ ਜਾਅਲੀ ਵੋਟਿੰਗ ਕਰਵਾਈ ਗਈ, ਜਦੋਂਕਿ 'ਰੈਫਰੰਡਮ' ਵਿਚ ਅਸਲ 'ਚ ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ | ਮੈਟਰੋਪੋਲੀਟਨ ਪੁਲਿਸ ਨੂੰ ਸਿੱਖਸ ਫਾਰ ਜਸਟਿਸ ਦੇ ਦਫ਼ਤਰ 'ਚ ਗੈਰ-ਕਾਨੂੰਨੀ ਗਤੀਵਿਧੀਆਂ ਚੱਲਣ ਦੀ ਖ਼ਬਰ ਮਿਲੀ ਸੀ | ਇਹੀ ਨਹੀਂ ਪੁਲਿਸ ਨੇ ਇਸ ਸੰਗਠਨ ਨਾਲ ਜੁੜੇ ਇਕ ਅਜਿਹੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ, ਜਿਸ ਦੇ ਖੁੱਲ੍ਹੇ ਤੌਰ 'ਤੇ ਪਾਕਿਸਤਾਨ ਨਾਲ ਸੰਬੰਧ ਰਹੇ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਰੈਫਰੰਡਮ' ਵਿਚ ਖ਼ਾਲਿਸਤਾਨ ਪੱਖੀ ਸਮੂਹਾਂ ਦੇ ਲੋਕਾਂ ਨੇ ਹਿੱਸਾ ਲਿਆ ਸੀ, ਜਦੋਂਕਿ ਹੋਰਨਾਂ ਨੂੰ ਕਿਸੇ ਹੋਰ ਬਹਾਨੇ ਵਰਗਲਾ ਕੇ ਵੋਟਿੰਗ ਕਰਵਾਈ ਗਈ | ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਸਿੱਖ ਭਾਈਚਾਰੇ ਦਾ ਭਾਰਤ 'ਚ ਚਲ ਰਹੇ ਕਿਸਾਨ ਅੰਦੋਲਨ ਨਾਲ ਡੂੰਘਾ ਲਗਾਅ ਤੇ ਹਮਦਰਦੀ ਹੈ | ਖ਼ਾਲਿਸਤਾਨੀ ਸੰਗਠਨ ਨੇ ਇਸ ਦਾ ਫਾਇਦਾ ਉਠਾਇਆ ਤੇ ਲੋਕਾਂ ਨੂੰ ਕਿਹਾ ਕਿ ਜੋ ਵੋਟਿੰਗ ਕਰਵਾਈ ਜਾ ਰਹੀ ਹੈ, ਉਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ |
  ਲੰਡਨ -ਬਰਤਾਨੀਆ 'ਚ ਸਿੱਖ ਫਾਰ ਜਸਟਿਸ (ਐਸ.ਐਫ.ਜੇ.) ਦੇ ਦਫਤਰ 'ਚ ਛਾਪੇਮਾਰੀ ਦੇ ਚਰਚੇ ਹਨ | ਉਕਤ ਛਾਪੇਮਾਰੀ ਨੂੰ ਪੰਜਾਬ/ਖ਼ਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਨਾਲ ਜੋੜ ਕੇ ਵੇਖਿਆ ਦਾ ਰਿਹਾ ਹੈ | ਇਸ ਦੇ ਸੰਬੰਧ 'ਚ ਉਕਤ ਜਾਇਦਾਦ ਦੇ ਮਾਲਿਕ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਫਰਜ਼ੀ ਖ਼ਬਰ ਹੈ, ਜਦਕਿ ਅਜਿਹੀ ਕੋਈ ਛਾਪੇਮਾਰੀ ਨਹੀਂ ਹੋਈ | ਉਨ੍ਹਾਂ ਇਹ ਵੀ ਕਿਹਾ ਕਿ ਉਕਤ ਜਾਇਦਾਦ 'ਚ ਸਿੱਖ ਫਾਰ ਜਸਟਿਸ ਦਾ ਕੋਈ ਵੀ ਦਫ਼ਤਰ ਨਹੀਂ ਹੈ | ਉਨ੍ਹਾਂ ਕਿਹਾ ਇਸ ਥਾਂ 'ਤੇ ਕੇਸਰੀ ਲਹਿਰ ਦਾ ਦਫਤਰ ਰਿਹਾ ਹੈ, ਜਿਸ ਵਲੋਂ ਭਾਰਤ 'ਚ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਸੀ, ਜਿਸ ਦੇ ਚਲਦਿਆਂ ਬਰਤਾਨੀਆ ਦੀ ਸੰਸਦ 'ਚ ਇਕ ਸਾਰਥਕ ਬਹਿਸ ਹੋਈ ਸੀ |

  ਨਵੀਂ ਦਿੱਲੀ - ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਬਾਰੇ ਕਮੇਟੀ ਨੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਵਿਰੁੱਧ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਲਈ ਤਲਬ ਕੀਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੇ ਪੈਨਲ ਨੇ ਕਿਹਾ ਕਿ ਕਮੇਟੀ ਨੂੰ ਕੰਗਨਾ ਵੱਲੋਂ ਇੰਸਟਾਗ੍ਰਾਮ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ। ਸ਼ਿਕਾਇਤਕਰਤਾਵਾਂ ਅਨੁਸਾਰ ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ’ਚ ‘ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਅਤੇ ‘ਸਮਾਜ ਵਿੱਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਪ੍ਰਵਿਰਤੀ’ ਦਾ ਹਵਾਲਾ ਦਿੱਤਾ ਗਿਆ ਹੈ। ਕਮੇਟੀ ਅਨੁਸਾਰ ਸ਼ਿਕਾਇਤਾਂ ਵਿੱਚ ਕਿਹਾ ਗਿਆ ਹੈ ਕਿ ਅਦਾਕਾਰਾ ਨੇ ਕਥਿਤ ਤੌਰ ’ਤੇ ਸਿੱਖ ਭਾਈਚਾਰੇ ਨੂੰ ਖਾਲਿਸਤਾਨੀ-ਅਤਿਵਾਦੀ ਕਿਹਾ ਹੈ, ਜਿਸ ਨਾਲ ਭਾਈਚਾਰੇ ਦਾ ਅਪਮਾਨ ਹੋਇਆ ਹੈ। ਅਦਾਕਾਰ ਨੂੰ 6 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ‘ਆਪ’ ਵੱਲੋਂ ਜਾਰੀ ਇੱਕ ਬਿਆਨ ’ਚ ਲਿਖਿਆ ਗਿਆ ਹੈ, ‘ਇਨ੍ਹਾਂ ਸਾਰੇ ਮੁੱਦਿਆਂ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਦੇਖਦੇ ਹੋਏ ਵਿਧਾਇਕ ਰਾਘਵ ਚੱਢਾ ਦੀ ਪ੍ਰਧਾਨਗੀ ਹੇਠਲੀ ਸ਼ਾਂਤੀ ਅਤੇ ਸਦਭਾਵਨਾ ਬਾਰੇ ਕਮੇਟੀ ਨੇ ਮੌਜੂਦਾ ਮੁੱਦੇ ’ਤੇ ਵਧੇਰੇ ਵਿਆਪਕ ਅਤੇ ਇਕਸਾਰ ਤਰੀਕੇ ਨਾਲ ਵਿਚਾਰ ਕਰਨ ਲਈ ਕੰਗਨਾ ਰਣੌਤ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਕੀਤਾ ਹੈ। ਸਿੱਖ ਭਾਈਚਾਰੇ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਭਾਸ਼ਾ ਵਰਤਣ ਦੇ ਦੋਸ਼ ਹੇਠ ਮੰਗਲਵਾਰ ਨੂੰ ਮੁੰਬਈ ਵਿੱਚ ਕੰਗਨਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ।

  ਨਵੀਂ ਦਿੱਲੀ - ਕੇਂਦਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੱਖਣੀ ਅਫਰੀਕਾ, ਹਾਂਗਕਾਂਗ ਤੇ ਬੋਤਸਵਾਨਾ, ਜਿਥੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ, ਤੋਂ ਆਉਣ-ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਖ਼ਤ ਜਾਂਚ ਕਰਨ ਦੇ ਨਾਲ-ਨਾਲ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰਨ ਦੀ ਹਦਾਇਤ ਜਾਰੀ ਕੀਤੀ ਹੈ | ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰ/ਪ੍ਰਮੁੱਖ ਸਕੱਤਰ/ਸਕੱਤਰ (ਸਿਹਤ) ਨੂੰ ਲਿਖੇ ਪੱਤਰ 'ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪਾਜ਼ੀਟਿਵ ਆਉਣ ਵਾਲੇ ਯਾਤਰੀਆਂ ਦੇ ਨਮੂਨੇ ਤੁਰੰਤ ਸੰਬੰਧਿਤ ਜੀਨੋਮ ਸੀਕਵੈਂਸਿੰਗ ਲੈਬਾਰਟਰੀਆਂ 'ਚ ਭੇਜੇ ਜਾਣ | ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (ਐਨ.ਸੀ.ਡੀ.ਸੀ.) ਵਲੋਂ ਜਾਰੀ ਰਿਪੋਰਟ ਅਨੁਸਾਰ ਬੋਤਸਵਾਨਾ (3 ਮਾਮਲੇ), ਦੱਖਣੀ ਅਫਰੀਕਾ (6 ਮਾਮਲੇ) ਅਤੇ ਹਾਂਗਕਾਂਗ (ਇਕ ਮਾਮਲਾ) ਵਿਚ ਕੋਵਿਡ-19 ਦੇ ਨਵੇਂ ਰੂਪ ਬੀ.1.1529 ਦੇ ਕਈ ਮਾਮਲੇ ਸਾਹਮਣੇ ਆਏ ਹਨ | ਰਿਪੋਰਟ ਅਨੁਸਾਰ ਕੋਰੋਨਾ ਦਾ ਨਵਾਂ ਰੂਪ ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਬਹੁਤ ਜਲਦ ਆਪਣਾ ਸ਼ਿਕਾਰ ਬਣਾਉਂਦਾ ਹੈ |

  ਓਟਾਵਾ - ਕੈਂਪੇਨ 2000 ਵਲੋਂ ਜਾਰੀ ਇਕ ਸਾਲਾਨਾ ਰਿਪੋਰਟ ਅਨੁਸਾਰ ਕੈਨੇਡਾ ਦੇ 13 ਲੱਖ ਤੋਂ ਵੱਧ ਜਾਂ 17.7 ਫੀਸਦੀ ਬੱਚੇ ਗਰੀਬੀ ਵਿਚ ਜਾਣ ਲਈ ਮਜ਼ਬੂਰ ਹਨ | ਇਹ ਉਨ੍ਹਾਂ ਬੱਚਿਆਂ ਦੀ ਇਕ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਕੋਲ ਪਹਿਨਣ ਲਈ ਕੱਪੜੇ ਨਹੀਂ ਹਨ ਅਤੇ ਮਾਤਾ-ਪਿਤਾ ਵਲੋਂ ਲੰਬੇ ਸਮੇਂ ਤੱਕ ਕੰਮ ਨਾ ਕਰਨ ਕਾਰਨ ਭੋਜਨ ਲਈ ਵੀ ਤਰਸ ਰਹੇ ਹਨ | 2019 ਤੋਂ ਮੌਜੂਦ ਇਨ੍ਹਾਂ ਅੰਕੜਿਆਂ ਦਾ ਉਪਯੋਗ ਕਰਦੇ ਹੋਏ, ਬੁੱਧਵਾਰ ਨੂੰ ਜਾਰੀ ਕੀਤੀ ਗਈ ਕੈਂਪੇਨ 2000 ਰਿਪੋਰਟ ਆਮਦਨ, ਸਿਹਤ, ਸਮਾਜਿਕ ਅਸਮਾਨਤਾਵਾਂ ਅਤੇ ਬੱਚਿਆਂ, ਅਤੇ ਪਰਿਵਾਰਕ ਗਰੀਬੀ ਦੇ ਡੂੰਘੇ ਪੱਧਰ ਦੀ ਇਕ ਸਪੱਸ਼ਟ ਤਸਵੀਰ ਪੇਸ਼ ਕਰ ਰਹੀ ਹੈ | ਜਾਣਕਾਰੀ ਅਨੁਸਾਰ ਇਹ ਡਾਟਾ ਦਿਖਾਉਂਦਾ ਹੈ ਕਿ ਗਰੀਬਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ ਅਤੇ ਕੈਨੇਡਾ ਦੇ ਕੁਝ ਹਿੱਸਿਆਂ ਵਿਚ ਗਰੀਬਾਂ ਵਿਚ ਵਾਧਾ ਦੇਣ ਨੂੰ ਮਿਲਿਆ ਹੈ | ਅਸਲ ਵਿਚ ਬੱਚੇ ਗਹਿਰੀ ਗਰੀਬੀ ਵਿਚ ਜੀਅ ਰਹੇ ਹਨ | ਕੈਨੇਡਾ ਵਿਚ ਸਭ ਤੋਂ ਵੱਧ ਬਾਲ ਗਰੀਬੀ ਦਰ ਨੁਨਾਵੁਤ ਖੇਤਰ ਵਿਚ 34.4 ਫੀਸਦੀ ਹੈ | ਮੈਨੀਟੋਬਾ ਸੂਬੇ ਵਿਚ 28.4 ਫੀਸਦੀ ਦੀ ਦਰ ਨਾਲ ਕਿਸੇ ਵੀ ਸੂਬੇ ਵਿਚ ਸਭ ਤੋਂ ਵੱਧ ਹੈ | ਰਿਪੋਰਟ ਸਭ ਤੋਂ ਹਾਲ ਹੀ ਵਿਚ ਮੌਜੂਦ ਟੈਕਸ ਡਾਟਾ 'ਤੇ ਅਧਾਰਿਤ ਹੈ ਜੋ 2019 ਤੋਂ ਇਕਤਰ ਕੀਤਾ ਗਿਆ ਹੈ |

  ਮੋਗਾ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਗਾ ਫੇਰੀ ਦੌਰਾਨ ਉਨ੍ਹਾਂ ਦੀ ਮੌਜੂਦਗੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਟੇਜ ਤੋਂ ਨਸ਼ਿਆਂ ਅਤੇ ਬੇਅਦਬੀ ਮੁੱਦੇ ’ਤੇ ਆਪਣੀ ਹੀ ਸਰਕਾਰ ਨੂੰ ਘੇਰ ਲਿਆ। ਮੋਗਾ ’ਚ ਮੁੱਖ ਮੰਤਰੀ ਨੇ ਜੱਸਾ ਸਿੰਘ ਰਾਮਗੜ੍ਹੀਆ ਤੇ ਮਹਾਰਾਜ ਅਗਰਸੈਨ ਦੇ ਬੁੱਤ ਲੋਕ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਬਾਦਲਾਂ ਅਤੇ ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੇ ਸੰਬੋਧਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਖੁੱਲ੍ਹੇਆਮ ਘੁੰਮ ਰਹੇ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਨਸ਼ਿਆਂ ਦੀ ਰਿਪੋਰਟ ਜਨਤਕ ਨਾ ਕੀਤੀ ਗਈ ਤਾਂ ਉਹ ਮਰਨ ਵਰਤ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਮਾਵਾਂ ਦੇ ਪੁੱਤਰ ਤੇ ਭੈਣਾਂ ਦੇ ਭਰਾ ਮੌਤ ਦੇ ਮੂੰਹ ਵਿੱਚ ਚਲੇ ਗਏ। ਨਸ਼ਿਆਂ ਕਾਰਨ ਸੂਬੇ ਦੀ ਜਵਾਨੀ ਬਰਬਾਦ ਹੋ ਗਈ ਹੈ ਅਤੇ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ।
  ਇਸ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਸੂਬੇ ’ਚ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪਰਿਵਾਰ ਉਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੂੰ ਆਪਣੇ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਬਾਦਲਾਂ ਦੀ ਕਥਿਤ ਮਾਲਕੀ ਵਾਲੇ ਕੇਬਲ ਮਾਫੀਏ ਖਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਰੀ ਨਾਲ ਲਿਆ ਗਿਆ ਫੈਸਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਕੇਬਲ, ਰੇਤ ਅਤੇ ਟਰਾਂਸਪੋਰਟ ਮਾਫੀਆ ਤੇ ਹੋਰ ਅਜਿਹੇ ਕਾਰੋਬਾਰ ਬਾਦਲਾਂ ਦੇ ਮਾੜੇ ਸ਼ਾਸਨ ਦੌਰਾਨ ਵਧੇ-ਫੁਲੇ ਸਨ। ਉਨ੍ਹਾਂ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿੱਖਾ ਹਮਲਾ ਕੀਤਾ ਅਤੇ ਕੇਜਰੀਵਾਲ ਨੂੰ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ ਦੱਸਿਆ ਜਿਸ ਨੂੰ ਪੰਜਾਬ ਬਾਰੇ ਬੁਨਿਆਦੀ ਸਮਝ ਵੀ ਨਹੀਂ ਹੈ। ਸੂਬੇ ਦੀਆਂ ਦੋ ਰਵਾਇਤੀ ਖੇਡਾਂ ‘ਗੁੱਲੀ ਡੰਡਾ’ ਅਤੇ ‘ਬਾਂਦਰ ਕਿੱਲੇ’ ਵਿਚਲਾ ਫਰਕ ਦੱਸਣ ਲਈ ਆਖਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਦਾ ਪੰਜਾਬ ਨੂੰ ਲੁੱਟਣ ਦਾ ਖੁਆਬ ਕਦੇ ਵੀ ਹਕੀਕਤ ਵਿਚ ਨਹੀਂ ਬਦਲੇਗਾ। ‘ਦਿੱਲੀ ਮਾਡਲ ਦਾ ਕੋਈ ਵਜੂਦ ਨਹੀਂ ਹੈ ਜਦਕਿ ਕਾਂਗਰਸ ਦੇ ਪੰਜਾਬ ਮਾਡਲ ਨਾਲ ਲੋਕਾਂ ਨੂੰ ਬਿਹਤਰ ਸ਼ਾਸਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬੀਆਂ ਨੇ ਨਾ ਤਾਂ ਕਦੇ ਸੂਬੇ ਦੀ ਸੱਤਾ ਬਾਹਰੀ ਵਿਅਕਤੀ ਦੇ ਹੱਥ ਵਿਚ ਸੌਂਪੀ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਹੋਣ ਦੇਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਲਈ ਵੱਖ-ਵੱਖ ਪਾਰਟੀਆਂ ਦੇ ਧਨਾਢ ਸਿਆਸਤਦਾਨਾਂ ਦਾ ਆਪਸ ਵਿਚ ਨਾਪਾਕ ਗੱਠਜੋੜ ਬਣਿਆ ਹੋਇਆ ਸੀ ਜਿਸ ਵਿੱਚੋਂ ਆਮ ਵਿਅਕਤੀ ਪੂਰੀ ਤਰ੍ਹਾਂ ਮਨਫੀ ਸੀ। ਉਨ੍ਹਾਂ ਕਿਹਾ ਕਿ ਧਨਾਢ ਟੋਲੇ ਦੇ ਮੈਂਬਰਾਂ ਨੇ ਆਪਣੇ ਸੌੜੇ ਹਿੱਤਾਂ ਅਤੇ ਸੂਬੇ ਦੀ ਲੁੱਟ-ਖਸੁੱਟ ਕਰਨ ਲਈ ਗੂੜ੍ਹੀਆਂ ਸਾਝਾਂ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਦੁਰਭਾਵਨਾ ਨਾਲ ਅਜਿਹਾ ਕਰ ਰਹੇ ਸਨ ਤਾਂ ਜੋ ਸੱਤਾ ਦਾ ਨਿੱਘ ਮਾਣਿਆ ਜਾ ਸਕੇ ਜਦਕਿ ਹਰੇਕ ਪੰਜ ਸਾਲਾਂ ਬਾਅਦ ਸ਼ਾਸਕ ਤਾਂ ਬਦਲਦਾ ਸੀ ਪਰ ਸੱਤਾ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਰਹਿੰਦੀ ਸੀ ਅਤੇ ਹੁਣ ਇਹ ਗੱਠਜੋੜ ਟੁੱਟ ਚੁੱਕਾ ਹੈ। ਸਥਾਨਕ ਅਨਾਜ ਮੰਡੀ ’ਚ ਮੁੱਖ ਮੰਤਰੀ ਚੰਨੀ ਜਦੋਂ ਬੋਲਣ ਲੱਗੇ ਤਾਂ ਇੱਕ ਕਾਂਗਰਸ ਆਗੂ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹੈ ਉਸ ਦੀ ਵੀ ਗੱਲ ਸੁਣੀ ਜਾਵੇ। ਚੰਨੀ ਨੇ ਆਪਣਾ ਭਾਸ਼ਣ ਰੋਕਦੇ ਹੋਏ ਕਿਹਾ ਕਿ ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਉਨ੍ਹਾਂ ਦੇ ਇਸ਼ਾਰੇ ਉੱਤੇ ਸੁਰੱਖਿਆ ਮੁਲਾਜ਼ਮਾਂ ਨੇ ਨਾਰਾਜ਼ ਕਾਂਗਰਸੀ ਨੂੰ ਪਾਸੇ ਹਟਾ ਦਿੱਤਾ।
  ਗੁਰੂਹਰਸਹਾਏ -ਸਥਾਨਕ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਗ੍ਰਹਿ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ, ਪੀਣ ਦੇ ਪਾਣੀ ਦੇ ਬਿੱਲਾਂ ਵਿਚ ਰਿਆਇਤ, ਡੀਜ਼ਲ-ਪੈਟਰੋਲ ਦੇ ਰੇਟਾਂ ਵਿਚ ਕਮੀ ਵਰਗੇ ਫ਼ੈਸਲਿਆਂ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸੈਕਟਰ ਦੀ ਮਜ਼ਬੂਤੀ ਉਨ੍ਹਾਂ ਦਾ ਅਗਲਾ ਟੀਚਾ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪੰਜੇ ਕੇ ਉਤਾੜ ਨੂੰ ਸਬ-ਤਹਿਸੀਲ ਬਣਾਉਣ, ਹਲਕੇ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣ ਤੇ ਇੱਥੇ ਆਈਟੀਆਈ ਕਾਲਜ ਖੋਲ੍ਹਣ ਦਾ ਐਲਾਣ ਕੀਤਾ। ਉਨ੍ਹਾਂ ਸਬ-ਡਿਵੀਜ਼ਨ ਗੁਰੂਹਰਸਹਾਏ ਦੀ ਬਣਨ ਵਾਲੀ ਨਵੀਂ ਇਮਾਰਤ ਦਾ ਵੀ ਨੀਂਹ ਪੱਥਰ ਵੀ ਰੱਖਿਆ।
  ਬਾਘਾ ਪੁਰਾਣਾ - ਇੱਥੇ ਮੁੱਖ ਅਨਾਜ ਮੰਡੀ ਵਿਖੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋੜਵੰਦ ਲੋਕਾਂ ਤੱਕ ਸਹੂਲਤਾਂ ਪੁੱਜਦੀਆਂ ਕਰਨਾ ਕਾਂਗਰਸ ਸਰਕਾਰ ਦੀ ਮੁੱਖ ਪਹਿਲ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਦਲ ਪਰਿਵਾਰ ਉੱਪਰ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਕੇਬਲ ਮਾਫੀਆ, ਡਰੱਗ ਮਾਫੀਆ, ਰੇਤ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਸਮੇਤ ਹੋਰ ਕਈ ਹੋਰ ਮਾਫ਼ੀਏ ਬਾਦਲਾਂ ਦੇ ਰਾਜ ਭਾਗ ਦੀ ਦੇਣ ਹਨ। ਕੇਜਰੀਵਾਲ ਉੱਪਰ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਤੋਂ ਆ ਕੇ ਇੱਥੇ ਪੰਜਾਬ ਉੱਪਰ ਆਪਣਾ ਰਾਜ ਭਾਗ ਕਾਇਮ ਕਰਨਾ ਚਾਹੁੰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਪੰਜਾਬ ਦੇ ਲੋਕ ਆਪਣੀ ਮਾਤਭੂਮੀ ਉੱਪਰ ਕਿਸੇ ਬਾਹਰਲੇ ਵਿਅਕਤੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਦੇ। ਇਸ ਮੌਕੇ ‘ਆਪ’ ਦੇ ਰਾਏਕੋਟ ਹਲਕੇ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ।

  ਪਟਿਆਲਾ - ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਨਿਗਮ ਦੀ ਮੀਟਿੰਗ ਦੌਰਾਨ ਨਿਰਧਾਰਤ ਨਿਯਮਾਂ ਤਹਿਤ ਬਹੁਮੱਤ ਨਾ ਸਾਬਤ ਕਰ ਸਕਣ ਕਾਰਨ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕੇਸ ਹੁਣ ਅਗਲੇਰੀ ਕਾਰਵਾਈ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਨੂੰ ਭੇਜ ਦਿੱਤਾ ਗਿਆ ਹੈ। ਅੱਜ ਦੇ ਇਸ ਫ਼ੈਸਲੇ ’ਤੇ ਮੁਕੰਮਲ ਮੋਹਰ ਉਥੋਂ ਹੀ ਲੱਗੇਗੀ। ਇਸ ਦੌਰਾਨ ਹੀ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਵੀ ਚੁਣਿਆ ਗਿਆ ਹੈ। ਇਸ ਕਾਰਵਾਈ ਨੂੰ ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਬਿੱਟੂ ਕੈਪਟਨ ਖੇਮੇ ਦੇ ਹਮਾਇਤੀ ਹਨ। ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਵੀ ਬਿੱਟੂ ਦੇ ਕੈਪਟਨ ਖੇਮੇ ਨਾਲ ਖੜ੍ਹਨ ਕਰਕੇ ਹੀ ਵਿਰੋਧੀ ਧੜੇ ਨੇ ਉਸ ਵਿਰੁੱਧ ਅੱਜ ਦੀ ਕਾਰਵਾਈ ਅਮਲ ’ਚ ਲਿਆਂਦੀ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਵਿਧਾਨ ਸਭਾ ਹਲਕਿਆਂ ’ਤੇ ਆਧਾਰਤ ‘ਨਗਰ ਨਿਗਮ ਪਟਿਆਲਾ’ ਦੇ ਕੁੱਲ 60 ਕੌਂਸਲਰ ’ਚੋਂ 59 ਕਾਂਗਰਸੀ ਅਤੇ ਇਕ ਅਕਾਲੀ ਦਲ ਤੋਂ ਹੈ। ਤਿੰਨ ਹਲਕਿਆਂ ਦੇ ਵਿਧਾਇਕ ਵੀ ਹਾਊਸ ਦੇ ਵੋਟਰ ਮੈਂਬਰ ਹੁੰਦੇ ਹਨ। ਪਿਛਲੇ ਦਿਨੀਂ 40 ਦੇ ਕਰੀਬ ਕੌਂਸਲਰਾਂ ਵੱਲੋਂ ਬਹੁਮੱਤ ਸਾਬਤ ਕਰਨ ਲਈ ਜਾਰੀ ਕੀਤੇ ਗਏ ਨੋਟਿਸ ਤਹਿਤ ਹੀ ਮੇਅਰ ਵੱਲੋਂ ਅੱਜ ਦੀ ਇਹ ਮੀਟਿੰਗ ਸੱਦੀ ਗਈ ਸੀ ਜਿਸ ਦੌਰਾਨ ਤਿੰਨਾਂ ਵਿਧਾਇਕਾਂ ਕੈਪਟਨ ਅਮਰਿੰਦਰ ਸਿੰਘ (ਪਟਿਆਲਾ ਸ਼ਹਿਰੀ), ਬ੍ਰਹਮ ਮਹਿੰਦਰਾ (ਪਟਿਆਲਾ ਸ਼ਹਿਰੀ) ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ (ਸਨੌਰ) ਸਮੇਤ ਕੁੱਲ 62 ਵੋਟਰ ਮੈਂਬਰਾਂ ਨੇ ਸ਼ਿਰਕਤ ਕੀਤੀ। ਇਕ ਕੌਂਸਲਰ ਗ਼ੈਰ-ਹਾਜ਼ਿਰ ਰਿਹਾ, ਉਥੇ ਹੀ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਾਂਗਰਸ ਖ਼ਿਲਾਫ਼ ਰੋਸ ਵਜੋਂ ਰੋਸ ਵਜੋਂ ਵੋਟ ਨਹੀਂ ਪਾਈ। ਇਸ ਤਰ੍ਹਾਂ ਬਾਕੀ 61 ਵਿਚੋਂ ਬਿੱਟੂ ਨੇ 25 ਵੋਟਾਂ ਹਾਸਲ ਕੀਤੀਆਂ ਜਦਕਿ ਬਹੁਮੱਤ ਸਾਬਤ ਕਰਨ ਲਈ 31 ਵੋਟਾਂ ਲੋੜੀਂਦੀਆਂ ਸਨ ਜਿਸ ਕਰਕੇ ਹੀ ਮੇਅਰ ਨੂੰ ਮੁਅੱਤਲ ਕੀਤਾ ਗਿਆ ਹੈ। ਉੱਧਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਅੱਤਲੀ ਦਾ ਇਹ ਕੇਸ ਅਗਲੇਰੀ ਕਾਰਵਾਈ ਲਈ ਵਿਭਾਗ ਦੇ ਮੁੱਖ ਦਫਤਰ ਨੂੰ ਭੇਜ ਦਿੱਤਾ ਹੈ। ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਹਨ। ਇਸ ਕਰਕੇ ਉਨ੍ਹਾਂ ਨੂੰ ਕਾਰਜਕਾਰੀ ਮੇਅਰ ਚੁਣਿਆ ਗਿਆ ਹੈ।
  ਮੀਟਿੰਗ ਹਾਲ ’ਚ ਆਪਣੇ ਹਮਾਇਤੀਆਂ ਦੀ ਮੀਟਿੰਗ ਕਰਦਿਆਂ ਦੀ ਵੀਡੀਓ ਵਾਇਰਲ ਕਰਕੇ ਸੰਜੀਵ ਬਿੱਟੂ ਨੇ ਮੁਅੱਤਲੀ ਦੀ ਕਾਰਵਾਈ ਨੂੰ ਨਕਾਰ ਦਿੱਤਾ। ਉਸ ਨੇ ਤਰਕ ਦਿੱਤਾ ਕਿ ਬਹੁਮੱਤ ਸਾਬਤ ਕਰਨ ਲਈ ਉਸ ਨੂੰ 31 ਨਹੀਂ ਬਲਕਿ 21 ਮੈਂਬਰਾਂ ਦੀ ਲੋੜ ਸੀ ਤੇ ਉਸ ਨੂੰ 25 ਮੈਂਬਰਾਂ ਦਾ ਸਮਰਥਨ ਹਾਸਲ ਹੈ। ਇਸ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਸਮੇਤ ਇਹ ਸਮੂਹ 25 ਮੈਂਬਰ ਹਾਜ਼ਰ ਸਨ। ਵਿਰੋਧੀ ਧੜੇ ’ਤੇ ਜਮਹੂਰੀਅਤ ਦਾ ਕਤਲ ਕਰਨ ਦੇ ਦੋਸ਼ ਲਾਉਂਦਿਆਂ ਬਿੱਟੂ ਨੇ ਕਿਹਾ ਕਿ ਅਜਿਹਾ ਤਾਣਾਬਾਣਾ ਬ੍ਰਹਮ ਮਹਿੰਦਰਾ ਵੱਲੋਂ ਆਪਣੇ ਪੁੱਤ ਨੂੰ ਵਿਧਾਇਕ ਬਣਾਉਣ ਲਈ ਬੁਣਿਆ ਜਾ ਰਿਹਾ ਹੈ।
  ਉਸ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਹੀ ਸੀਨੀਅਰ ਡਿਪਟੀ ਮੇਅਰ ਨੂੰ ਮੇਅਰ ਵਾਲੀ ਕੁਰਸੀ ’ਤੇ ਬਿਠਾ ਕੇ ਮਰਿਆਦਾ ਦਾ ਉਲੰਘਣ ਕੀਤਾ ਗਿਆ ਹੈ। ਸੰਜੀਵ ਬਿੱਟੂ ਨੇ ਇੱਕ ਹੋਰ ਵੀਡੀਓ ਵੀ ਵਾਇਰਲ ਕੀਤੀ ਜਿਸ ਵਿਚ ਮੀਟਿੰੰਗ ਲਈ ਨਿਗਮ ਦਫਤਰ ’ਚ ਪ੍ਰਵੇਸ਼ ਕਰਨ ਮੌਕੇ ਹੀ ਕੁਝ ਵਿਅਕਤੀਆਂ ਵੱਲੋਂ ਦੋ ਕੌਂਸਲਰਾਂ ਨੂੰ ਚੁੱਕ ਕੇ ਲਿਜਾਇਆ ਜਾ ਰਿਹਾ ਹੈ। ਬਿੱਟੂ ਨੇ ਦਾਅਵਾ ਕੀਤਾ ਕਿ ਇਹ ਕੰਮ ਸਿਵਲ ਕੱਪੜਿਆਂ ’ਚ ਪੁਲੀਸ ਮੁਲਾਜ਼ਮਾਂ ਨੇ ਕੀਤਾ ਹੈ। ਬਿੱਟੂ ਨੇ ਮੀਟਿੰੰਗ ਸ਼ੁਰੂ ਹੋਣ ਤੋਂ ਪਹਿਲਾਂ ਪੁਲੀਸ ਵੱਲੋਂ ਉਸ ਦਾ ਮੋਬਾਈਲ ਫੋਨ ਖੋਹਣ ਦੀ ਕਾਰਵਾਈ ਨੂੰ ਵੀ ਨਿਯਮਾਂ ਅਤੇ ਮਰਿਆਦਾ ਦਾ ਉਲੰਘਣ ਕਰਾਰ ਦਿੱਤਾ।

  ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਤਿੰਨ ਸ਼ਖ਼ਸੀਅਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਕੁਲਦੀਪ ਸਿੰਘ ਵਡਾਲਾ, ਬਾਬਾ ਰਾਮ ਸਿੰਘ ਨਾਨਕਸਰ ਸੀਂਘੜਾ (ਕਰਨਾਲ) ਅਤੇ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੀਆਂ ਤਸਵੀਰਾਂ ਸਥਾਪਤ ਕੀਤੀਆਂ ਗਈਆਂ। ਅਰਦਾਸ ਉਪਰੰਤ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਕੌਮ ਦਾ ਇਤਿਹਾਸ ਸਮੋਈ ਬੈਠਾ ਹੈ ਅਤੇ ਇਥੇ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਨੇ ਪੰਥ ਲਈ ਵੱਡੀਆਂ ਸੇਵਾਵਾਂ ਦਿੱਤੀਆਂ ਹੋਣ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਵਿੱਚ ਹੀ ਜਥੇਦਾਰ ਕੁਲਦੀਪ ਸਿੰਘ ਵਡਾਲਾ, ਬਾਬਾ ਰਾਮ ਸਿੰਘ ਅਤੇ ਬਾਬਾ ਦੀਦਾਰ ਸਿੰਘ ਵਾਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਜਿਥੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਉਥੇ ਹੀ ਉਹ ਸ੍ਰੀ ਕਰਤਾਰਪੁਰ ਦੇ ਲਾਂਘੇ ਲਈ 18 ਸਾਲ ਯਤਨਸ਼ੀਲ ਰਹੇ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਨਾਨਕਸਰ ਅਤੇ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲੇ ਸਿੱਖੀ ਨੂੰ ਪ੍ਰਣਾਏ ਹੋਏ ਮਹਾਪੁਰਖ ਸਨ। ਇਸ ਮੌਕੇ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸਥਾਪਤ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ।

  ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ | ਇਸ 'ਚ ਮੋਰਚੇ ਨੇ ਪ੍ਰਧਾਨ ਮੰਤਰੀ ਦੇ ਐਲਾਨ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੁਵੱਲਾ ਹੱਲ ਲੱਭਣ ਦੀ ਬਜਾਏ ਇਕ ਤਰਫਾ ਐਲਾਨ ਕਰਨ ਦਾ ਰਸਤਾ ਚੁਣਿਆ | ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਰਾਹੀਂ ਕਿਹਾ ਕਿ ਇਨ੍ਹਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਹੀ ਸਾਡੀ ਇਕਮਾਤਰ ਮੰਗ ਨਹੀਂ ਹੈ, ਸਗੋਂ ਸਰਕਾਰ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਹੁਣ ਤੱਕ ਹੋਈ ਗੱਲਬਾਤ ਵਿਚ ਤਿੰਨ ਹੋਰ ਮੰਗਾਂ ਰੱਖੀਆਂ ਸਨ | ਜਿਨ੍ਹਾਂ ਵਿਚ ਖੇਤੀ ਦੀ ਪੂਰਨ ਲਾਗਤ 'ਤੇ ਆਧਾਰਿਤ ਘੱਟੋ-ਘੱਟ ਸਮਰਥਨ ਮੁੱਲ ਨੂੰ ਸਾਰੀ ਖੇਤ ਉਪਜ ਤੋਂ ਉੱਪਰ ਸਾਰੇ ਕਿਸਾਨਾਂ ਦਾ ਕਾਨੂੰਨੀ ਹੱਕ ਬਣਾ ਦਿੱਤਾ ਜਾਵੇ ਤਾਂ ਕਿ ਦੇਸ਼ ਦੇ ਹਰ ਕਿਸਾਨ ਨੂੰ ਆਪਣੀ ਪੂਰੀ ਲਾਗਤ 'ਤੇ ਸਰਕਾਰ ਵਲੋਂ ਐਲਾਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਾਰੰਟੀ ਹੋ ਸਕੇ | (ਖੁਦ ਤੁਹਾਡੀ ਅਗਵਾਈ ਵਿਚ ਬਣੀ ਕਮੇਟੀ ਨੇ 2011 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਨੂੰ ਇਹ ਸਿਫਾਰਸ਼ ਦਿੱਤੀ ਸੀ ਅਤੇ ਤੁਹਾਡੀ ਸਰਕਾਰ ਨੇ ਸੰਸਦ ਵਿਚ ਇਸ ਬਾਰੇ ਐਲਾਨ ਵੀ ਕੀਤਾ ਸੀ) | ਇਸ ਤੋਂ ਇਲਾਵਾ ਸਰਕਾਰ ਵਲੋਂ ਪਾਸ ਬਿਜਲੀ ਸੋਧ ਬਿੱਲ 2020/2021 ਦਾ ਡ੍ਰਾਫਟ ਵਾਪਸ ਲਿਆ ਜਾਵੇ (ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇਸ ਨੂੰ ਵਾਪਸ ਲਿਆ ਜਾਵੇਗਾ ਪਰ ਬਾਅਦ ਵਿਚ ਵਾਅਦਾ ਖਿਲਾਫੀ ਕਰਦੇ ਹੋਏ ਇਸ ਨੂੰ ਸੰਸਦ ਦੀ ਕਾਰਜ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ) | ਰਾਸ਼ਟਰੀ ਰਾਜਧਾਨੀ ਖੇਤਰ ਅਤੇ ਇਸ ਨਾਲ ਜੁੜੇ ਖੇਤਰਾਂ ਵਿਚ ਹਵਾ ਗੁਣਵਤਾ ਪ੍ਰਬੰਧਨ ਲਈ ਕਮਿਸ਼ਨ ਐਕਟ 2021 ਵਿਚ ਕਿਸਾਨਾਂ ਨੂੰ ਸਜ਼ਾ ਦੇਣ ਦੀ ਵਿਵਸਥਾ ਹਟਾਈ ਜਾਵੇ (ਇਸ ਸਾਲ ਸਰਕਾਰ ਨੇ ਕੁਝ ਕਿਸਾਨ ਵਿਰੋਧੀ ਵਿਵਸਥਾ ਤਾਂ ਹਟਾ ਦਿੱਤੀ ਪਰ ਸੈਕਸ਼ਨ 15 ਦੇ ਜ਼ਰੀਏ ਫਿਰ ਕਿਸਾਨ ਨੂੰ ਸਜ਼ਾ ਦੀ ਗੁੰਜਾਇਸ਼ ਬਣਾ ਦਿੱਤੀ ਗਈ ਹੈ) | ਮੋਰਚੇ ਨੇ ਕਿਹਾ ਕਿ ਤੁਹਾਡੇ ਸੰਬੋਧਨ ਵਿਚ ਇਨ੍ਹਾਂ ਵੱਡੀਆਂ ਮੰਗਾਂ 'ਤੇ ਠੋਸ ਐਲਾਨ ਨਾ ਹੋਣ ਕਾਰਨ ਕਿਸਾਨਾਂ ਨੂੰ ਨਿਰਾਸ਼ਾ ਹੋਈ ਹੈ | ਨਾਲ ਹੀ ਕਿਸਾਨਾਂ ਨੇ ਉਮੀਦ ਲਗਾਈ ਸੀ ਕਿ ਇਸ ਇਤਿਹਾਸਕ ਅੰਦੋਲਨ ਨਾਲ ਨਾ ਸਿਰਫ਼ ਤਿੰਨ ਕਾਨੂੰਨ ਰੱਦ ਹੋਣਗੇ ਸਗੋਂ ਉਸ ਨੂੰ ਆਪਣੀ ਮਿਹਨਤ ਦੇ ਮੁੱਲ ਦੀ ਕਾਨੂੰਨੀ ਗਾਰੰਟੀ ਵੀ ਮਿਲੇਗੀ | ਮੋਰਚੇ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਇਸ ਇਤਿਹਾਸਕ ਅੰਦੋਲਨ ਦੌਰਾਨ ਕੁਝ ਹੋਰ ਮੁੱਦੇ ਵੀ ਉੱਠੇ ਹਨ ਜਿਨ੍ਹਾਂ ਦਾ ਤੁਰੰਤ ਨਿਪਟਾਰਾ ਕਰਨਾ ਜ਼ਰੂਰੀ ਹੈ | ਜਿਸ ਵਿਚ ਦਿੱਲੀ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਹੋਰ ਅਨੇਕਾਂ ਰਾਜਾਂ ਵਿਚ ਹਜ਼ਾਰਾਂ ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ (ਜੂਨ 2020 ਤੋਂ ਹੁਣ ਤੱਕ) ਸੈਂਕੜਿਆਂ ਕੇਸਾਂ ਵਿਚ ਫਸਾਇਆ ਗਿਆ ਹੈ | ਇਨ੍ਹਾਂ ਕੇਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ | ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਮੁੱਖ ਸਾਜਿਸ਼ਕਰਤਾ ਅਤੇ ਸੈਕਸ਼ਨ 120ਬੀ ਦਾ ਮੁਲਜ਼ਮ ਅਜੇ ਮਿਸ਼ਰਾ ਅੱਜ ਵੀ ਖੱਲ੍ਹੇਆਮ ਘੁੰਮ ਰਿਹਾ ਹੈ ਅਤੇ ਤੁਹਾਡੇ ਮੰਤਰੀ ਮੰਡਲ ਵਿਚ ਮੰਤਰੀ ਹੈ | ਉਹ ਤੁਹਾਡੇ ਅਤੇ ਤੁਹਾਡੇ ਮੰਤਰੀਆਂ ਨਾਲ ਮੰਚ ਸਾਂਝਾ ਕਰ ਰਿਹਾ ਹੈ | ਉਸ ਨੂੰ ਬਰਖ਼ਾਸਤ ਅਤੇ ਗਿ੍ਫ਼ਤਾਰ ਕੀਤਾ ਜਾਵੇ | ਮੋਰਚੇ ਨੇ ਇਹ ਵੀ ਕਿਹਾ ਕਿ ਇਸ ਅੰਦੋਲਨ ਦੌਰਾਨ ਹੁਣ ਤੱਕ ਲਗਪਗ 700 ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ | ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਮੁੜ ਵਸੇਬੇ ਦੀ ਵਿਵਸਥਾ ਕੀਤਾ ਜਾਵੇ | ਜਾਨ ਗਵਾਉਣ ਵਾਲੇ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਸਿੰਘੂ ਬਾਰਡਰ 'ਤੇ ਜ਼ਮੀਨ ਦਿੱਤੀ ਜਾਵੇ | ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਹੁਣ ਘਰ ਵਾਪਸ ਜਾਣ ਦੀ ਅਪੀਲ ਕੀਤੀ ਹੈ ਅਤੇ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਸਾਨੂੰ ਸੜਕਾਂ 'ਤੇ ਬੈਠਣ ਦਾ ਸ਼ੌਂਕ ਨਹੀਂ | ਅਸੀਂ ਵੀ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਨ੍ਹਾਂ ਬਾਕੀ ਮੁੱਦਿਆਂ ਦਾ ਨਿਪਟਾਰਾ ਕਰ ਕੇ ਆਪਣੇ ਘਰ, ਪਰਿਵਾਰ ਅਤੇ ਖੇਤੀਬਾੜੀ ਵਿਚ ਵਾਪਸ ਪਰਤ ਜਾਈਏ | ਜੇਕਰ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਸਰਕਾਰ ਉਪਰੋਕਤ ਸਾਰੇ 6 ਮੁੁੱਦਿਆਂ 'ਤੇ ਬਿਨਾਂ ਦੇਰੀ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਸ਼ੁਰੂ ਕਰੇ ਅਤੇ ਉਦੋਂ ਤੱਕ ਸੰਯੁਕਤ ਕਿਸਾਨ ਮੋਰਚਾ ਆਪਣੇ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਇਸ ਅੰਦੋਲਨ ਨੂੰ ਜਾਰੀ ਰੱਖੇਗਾ |

  ਬੀ.ਐਨ. ਗੋਸਵਾਮੀ -
  -
  ਮੇਰਾ ਖ਼ਿਆਲ ਹੈ ਕਿ ਕਿਸੇ ਮੁਲਕ ਦੀਆਂ ਪ੍ਰਾਚੀਨ ਯਾਦਗਾਰਾਂ ਦੀ ਘੋਖ, ਉਨ੍ਹਾਂ ਦੇ ਵਰਣਨ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਅਜਿਹਾ ਕੰਮ ਹੈ ਜਿਸ ਨੂੰ ਸੰਸਾਰ ਦੇ ਹਰੇਕ ਸੱਭਿਅਕ ਮੁਲਕ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ ਤੇ ਅਜਿਹਾ ਕੀਤਾ ਵੀ ਜਾਂਦਾ ਹੈ। ਹਿੰਦੋਸਤਾਨ ਨੇ ਇਸ ਦਿਸ਼ਾ ਵਿਚ ਕੁੱਲ ਮਿਲਾ ਕੇ ਦੁਨੀਆਂ ਦੇ ਹੋਰ ਕਿਸੇ ਵੀ ਮੁਲਕ ਨਾਲੋਂ ਘੱਟ ਕੰਮ ਕੀਤਾ ਹੈ... ਮੇਰੀ ਇਹ ਠੋਸ ਰਾਇ ਹੈ ਕਿ ਇੰਨੀ ਲਾਜ਼ਮੀ ਅਤੇ ਦਿਲਚਸਪ ਜ਼ਿੰਮੇਵਾਰੀ ਨਿਭਾਉਣ ਲਈ ਹਿੰਦੋਸਤਾਨ ਸਰਕਾਰ ਤਹਿਤ ਇਕ ਢਾਂਚਾ ਕਾਇਮ ਕਰਨ ਵਾਸਤੇ ਫ਼ੌਰੀ ਕਦਮ ਚੁੱਕੇ ਜਾਣ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com