ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪਟਿਆਲਾ, 21 ਨਵੰਬਰ
  ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੇ ਮਗਰੋਂ ਨਵੀਂ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਗਲੀ ਵਿਧਾਨ ਸਭਾ ਚੋਣ ਆਪਣੇ ਜੱਦੀ ਹਲਕੇ ਪਟਿਆਲਾ ਤੋਂ ਹੀ ਲੜਨਗੇ। ਕਈ ਟੀਵੀ ਚੈਨਲਾਂ ਨੇ ਕੈਪਟਨ ਦੇ ਹਵਾਲੇ ਨਾਲ ਖ਼ਬਰ ਨਸ਼ਰ ਕੀਤੀ ਹੈ ਕਿ ਪਟਿਆਲਾ ਨਾਲ ਉਨ੍ਹਾਂ ਦੇ ਪਰਿਵਾਰ ਦੀ ਚਾਰ ਸੌ ਸਾਲ ਪੁਰਾਣੀ ਸਾਂਝ ਹੈ ਤੇ ਉਹ ਸਿਰਫ਼ ਨਵਜੋਤ ਸਿੱਧੂ ਕਰ ਕੇ ਮੈਦਾਨ ਨਹੀਂ ਛੱਡਣ ਵਾਲੇ। ਜ਼ਿਕਰਯੋਗ ਹੈ ਕਿ ਅਮਰਿੰਦਰ ਦਾ ਪਰਿਵਾਰ ਇੱਥੋਂ ਬਾਕਾਇਦਾ ਰਾਜਨੀਤਕ ਪਿੜ ਸਰ ਕਰਦਾ ਰਿਹਾ ਹੈ। ਕੈਪਟਨ ਨੇ ਤਿੰਨ ਵਾਰ ਹਾਰ ਵੀ ਝੱਲੀ, ਪਰ
  ਉਹ ਪਟਿਆਲਾ ਤੋਂ 1980 ’ਚ ਵੋਟਾਂ ਦੇ ਵੱਡੇੇ ਫਰਕ ਨਾਲ ਐਮਪੀ ਬਣੇ ਸਨ। ਉਹ ਪਹਿਲੀ ਵਾਰ 1985 ’ਚ ਤਲਵੰਡੀ ਸਾਬੋ ਅਤੇ ਦੂਜੀ ਵਾਰ 1992 ’ਚ ਸਮਾਣਾ ਤੋਂ ਵਿਧਾਇਕ ਬਣੇ ਸਨ। ਸੰਨ 2002, 2007, 2012 ਅਤੇ 2017 ’ਚ ਲਗਾਤਾਰ ਚਾਰ ਵਾਰ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ। ਹਾਲਾਂਕਿ ਐਤਕੀਂ ਹਾਲਾਤ ਵੱਖਰੇ ਹਨ ਤੇ ਚੋਣ ਦ੍ਰਿਸ਼ ਦਿਲਚਸਪ ਹੋ ਗਿਆ ਹੈ। ਕੈਪਟਨ ਦੇ ਕੱਟੜ ਵਿਰੋਧੀ ਹੋ ਨਿੱਬੜੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਪਹਿਲਾਂ ਪਟਿਆਲਾ ਦਿਹਾਤੀ ਤੇ ਫੇਰ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਖੁਦ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੇ ਪੁਰਾਣੇ ਹਲਕੇ ਅੰਮ੍ਰਿਤਸਰ ਤੋਂ ਹੀ ਚੋਣ ਲੜਨਗੇ। ਰਾਜਸੀ ਹਲਕਿਆਂ ’ਚ ਬ੍ਰਹਮ ਮਹਿੰਦਰਾ ਨੂੰ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਰਹੀ ਹੈ। ਪਰ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਐਤਕੀਂ ਉਨ੍ਹਾਂ ਦੇ ਹਲਕੇ ਪਟਿਆਲਾ ਦਿਹਾਤੀ ਤੋਂ ਉਨ੍ਹਾਂ ਦਾ ਬੇਟਾ ਮੋਹਿਤ ਮਹਿੰਦਰਾ ਕਾਂਗਰਸ ਦਾ ਉਮੀਦਵਾਰ ਹੋ ਸਕਦਾ ਹੈ।
  ਚਰਚਾ ਹੈ ਕਿ ਐਤਕੀਂ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੇ ਹਲਕੇ ਪਟਿਆਲਾ ਦਿਹਾਤੀ ਤੋਂ ਉਨ੍ਹਾਂ ਦਾ ਬੇਟਾ ਮੋਹਿਤ ਮਹਿੰਦਰਾ ਕਾਂਗਰਸੀ ਉਮੀਦਵਾਰ ਹੋ ਸਕਦਾ ਹੈ। ਭਾਵੇਂ ਅਜਿਹੇ ਆਸਾਰ ਘੱਟ ਹਨ, ਪਰ ਲੋਕ ਅਟਕਲਾਂ ਲਾ ਰਹੇ ਹਨ ਕਿ ਕਾਂਗਰਸ ਹਾਈਕਮਾਨ ਬ੍ਰਹਮ ਮਹਿੰਦਰਾ ਨੂੰ ਉਨ੍ਹਾਂ ਦੇ ਪੁਰਾਣੇ ਹਲਕੇ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਮੈਦਾਨ ’ਚ ਉਤਾਰ ਸਕਦੀ ਹੈ। ਦੱਸਣਾ ਬਣਦਾ ਹੈ ਕਿ 1984 ਦੀਆਂ ਘਟਨਾਵਾਂ ਮਗਰੋਂ ਹੋਈ 1985 ਦੀ ਚੋਣ ਦੌਰਾਨ ਬਨੂੜ ਤੋਂ ਬਠਿੰਡਾ ਤੱਕ ਕਾਂਗਰਸ ਦੇ ਵਧੇਰੇ ਉਮੀਦਵਾਰ ਹਾਰ ਗਏ ਸਨ, ਪਰ ਪਟਿਆਲਾ ਸ਼ਹਿਰੀ ਹਲਕੇ ਤੋਂ ਬ੍ਰਹਮ ਮਹਿੰਦਰਾ ਜੇਤੂ ਹੋ ਕੇ ਨਿਕਲੇ ਸਨ।
  ਸਮਾਣਾ - ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਕਾਂਗਰਸ ਵਿੱਚ ਰਹਿਣ ਜਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਨਵੀਂ ਪਾਰਟੀ ਵਿੱਚ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਖੜ੍ਹੇ ਹਨ। ਉਹ ਅੱਜ ਸਮਾਣਾ ਵਿੱਚ ਲਾਈਨਜ਼ ਕਲੱਬ ਗੋਲਡ ਵੱਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ।
  ਇਸ ਮੌਕੇ ਪ੍ਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ। ਕਿਸਾਨੀ ਸੰਘਰਸ਼ ਦੌਰਾਨ ਵਿਧਾਨ ਸਭਾ ਵਿਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਲੈ ਕੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਸਿਹਰਾ ਵੀ ਉਨ੍ਹਾਂ ਕੈਪਟਨ ਸਿਰ ਹੀ ਬੰਨ੍ਹਿਆ। ਉਨ੍ਹਾਂ ਦਾਅਵਾ ਕੀਤਾ ਕਿ ਸਮਾਣਾ ਲਈ 27 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ, ਜੋ ਪਿਛਲੇ ਦਿਨੀਂ ਸ਼ੁਰੂ ਹੋਏ ਹਨ, ਉਹ ਉਨ੍ਹਾਂ ਕੈਪਟਨ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਪਾਸ ਕਰਵਾਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਮਾਣਾ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹੇ ਹਨ ਪਰ ਇਸ ਪ੍ਰਾਜੈਕਟ ਦੀ ਸ਼ੁਰੂਆਤ ਸਮੇਂ ਉਨ੍ਹਾਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਗੋਪਾਲ ਕ੍ਰਿਸ਼ਨ ਗਰਗ, ਪਵਨ ਬਾਂਸਲ ਤੇ ਹੋਰ ਹਾਜ਼ਰ ਸਨ।

  ਨਵੀਂ ਦਿੱਲੀ - ਭਾਜਪਾ ਦੇ ਜਨਰਲ ਸਕੱਤਰ ਅਤੇ ਪੰਜਾਬ, ਚੰਡੀਗੜ੍ਹ ਅਤੇ ਉੱਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਕਿ ਹੈ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਮੁੜ ‘ਛੋਟੇ ਭਰਾ’ ਵਜੋਂ ਸਵਾਗਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਉਕਤ ਗੱਲ ਇੱਕ ਇੰਟਰਵਿਊ ਦੌਰਾਨ ਆਖੀ। ਗੌਤਮ ਨੇ ਇੱਕ ਸਵਾਲ, ਕਿ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਦੇ ਪੰਜਾਬ ਦੀ ਸਿਆਸਤ ਅਤੇ ਖਾਸਕਰ ਗੱਠਜੋੜ ’ਤੇ ਕੀ ਪ੍ਰਭਾਵ ਹੋਣਗੇ, ਦੇ ਜਵਾਬ ਵਿੱਚ ਕਿਹਾ, ‘‘ਸਾਡਾ ਸਟੈਂਡ ਸ਼ੁਰੂ ਤੋਂ ਹੀ ਬਹੁਤ ਸਪੱਸ਼ਟ ਹੈ। ਕੋਈ ਵੀ ਰਾਸ਼ਟਰਵਾਦੀ ਪਾਰਟੀ ਭਾਜਪਾ ਨਾਲ ਮਿਲ ਸਕਦੀ ਹੈ। ਉਹ ਸਾਰੇ ਲੋਕ ਜਿਨ੍ਹਾਂ ਦੇ ਬਿਆਨ ਦੇਸ਼ ਵਿੱਚ ਧਾਰਮਿਕ ਵਿਸ਼ਵਾਸਾਂ ਅਤੇ ਸ਼ਾਂਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਭਗਵੀਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ਅਤੇ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ।’’
  ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਦੇ ਦੁਬਾਰਾ ਭਾਜਪਾ ਨਾਲ ਮਿਲਣ ਦੀ ਸੰਭਾਵਨਾ ਸਬੰਧੀ ਦੁਸ਼ਯੰਤ ਗੌਤਮ ਨੇ ਕਿਹਾ, ‘‘ਜੇਕਰ ਅਕਾਲੀ ਦਲ ਤਜ਼ਵੀਜ ਪੇਸ਼ ਕਰਦਾ ਹੈ ਤਾਂ ਭਾਜਪਾ ਦਾ ਸੰਸਦੀ ਬੋਰਡ ਸੱਦਾ ਪ੍ਰਵਾਨ ਕਰੇਗਾ। ਅਸੀਂ ਕਦੇ ਵੀ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ। ਪਹਿਲਾਂ ਉਹ ਸੂਬੇ ਵਿੱਚ ‘ਵੱਡੇ ਭਰਾ’ ਦੇ ਹੈਸੀਅਤ ਵਿੱਚ ਸਨ... ਉਹ ਹੁਣ ਇਸ ਸਮੇਂ ‘ਛੋਟੇ ਭਰਾ’ ਵਾਂਗ ਵਾਪਸ ਆ ਸਕਦੇ ਹਨ।’’
  ਇਹ ਪੁੱਛੇ ਜਾਣ ’ਤੇ ਕਿ ਕੀ ਅਕਾਲੀ ਦਲ ਪੰਜਾਬ ਵਿੱਚ ਐੱਨਡੀਏ ਦੇ ਬੈਨਰ ਹੇਠ ‘ਛੋਟੇ ਭਰਾ’ ਵਜੋਂ ਚੋਣਾਂ ਲੜਨ ਲਈ ਸਹਿਮਤ ਹੋਵੇਗਾ, ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਸੂਬੇ ਵਿੱਚ ਸਿਰਫ 23 ਸੀਟਾਂ ’ਤੇ ਚੋਣ ਲੜਦੀ ਸੀ, ਪਰ ਇਸ ਵਾਰ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ, ‘ਅਸੀਂ ਇਹ ਪਹਿਲਾਂ ਹੀ ਸਾਫ਼ ਕਰ ਚੁੱਕੇ ਹਾਂ ਕਿ ਭਾਜਪਾ ਸਾਰੀਆਂ ਸੀਟਾਂ ’ਤੇ ਪੂਰੀ ਸਮਰੱਥਾ ਨਾਲ ਲੜੇਗੀ ਅਤੇ ਇਸ ਲਈ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ।

  ਅੰਮ੍ਰਿਤਸਰ - ਲੰਮੀ ਹੇਕ ਵਾਲੀ ਗਾਇਕਾ ਵਜੋਂ ਮਕਬੂਲ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਗੁਰਮੀਤ ਬਾਵਾ ਨੂੰ ਸ਼ਨਿਚਰਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ 77 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ 55 ਵਰ੍ਹੇ ਗਾਇਕੀ ਦੇ ਖੇਤਰ ਵਿੱਚ ਯੋਗਦਾਨ ਪਾਇਆ।
  ਇੱਕ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕਰਨ ਵਾਲੀ ਗੁਰਮੀਤ ਬਾਵਾ ਨੇ ਸਰਕਾਰੀ ਨੌਕਰੀ ਛੱਡ ਕੇ ਗਾਇਕੀ ਨੂੰ ਅਪਣਾ ਲਿਆ ਸੀ। ਉਨ੍ਹਾਂ ਦੇ ਪਤੀ ਕਿਰਪਾਲ ਬਾਵਾ, ਜੋ ਕਿ ਖ਼ੁਦ ਵੀ ਗਾਇਕ ਸਨ, ਹੀ ਉਨ੍ਹਾਂ ਨੂੰ ਗਾਇਕੀ ਵਿੱਚ ਲੈ ਕੇ ਆਏ ਸਨ। ਉਨ੍ਹਾਂ 35 ਦੇਸ਼ਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਪੰਜਾਬੀ ਗਾਇਕੀ ਦੀ ਧਾਂਕ ਜਮਾਈ। ਜਾਰਜੀਆ ਵਿੱਚ ਉਹ ਜਦੋਂ ਇੱਕ ਪ੍ਰੋਗਰਾਮ ’ਤੇ ਗਏ ਤਾਂ ਉੱਥੇ ਉਨ੍ਹਾਂ ਜਦੋਂ ਗੀਤ ਛੋਹਿਆ ਤਾਂ ਉਨ੍ਹਾਂ ਦੀ 45 ਸੈਕਿੰਡ ਲੰਬੀ ਹੇਕ ਰਿਕਾਰਡ ਕੀਤੀ ਗਈ, ਜਿਹੜਾ ਦੁਨੀਆ ਦੀ ਸਭ ਤੋਂ ਲੰਮੀ ਹੇਕ ਦਾ ਰਿਕਾਰਡ ਸੀ। ਗੁਰਮੀਤ ਬਾਵਾ ਵੱਲੋਂ ਗਾਇਆ ਮਿਰਜ਼ਾ, ਜੁਗਨੀ, ਕੁਹਾਰੋ ਡੋਲੀ ਨਾ ਚਾਇਓ, ਅਨੇਕਾਂ ਸ਼ਗਨਾਂ ਦੇ ਗੀਤ, ਸੁਹਾਗ, ਘੋੜੀਆਂ, ਟੱਪੇ ਆਦਿ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਉਕਰੇ ਹੋਏ ਹਨ। ਉਨ੍ਹਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਐਵਾਰਡ, ਨੈਸ਼ਨਲ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰਪਤੀ ਐਵਾਰਡ, ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕਾ ਪੁਰਸਕਾਰ, ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਕਲਪਨਾ ਚਾਵਲਾ ਐਵਾਰਡ ਤੇ ਹੋਰ ਅਨੇਕਾਂ ਸਨਮਾਨ ਮਿਲੇ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਗੁਰਮੀਤ ਬਾਵਾ ਬਾਰੇ ਡਾਕੂਮੈਂਟਰੀ ਫ਼ਿਲਮ ‘ਲੰਮੀ ਹੇਕ ਵਾਲੀ ਗਾਇਕਾ-ਗੁਰਮੀਤ ਬਾਵਾ’ ਵੀ ਬਣਾਈ ਸੀ। ਉਨ੍ਹਾਂ ਬਾਰੇ ਇੱਕ ਪੁਸਤਕ ਵੀ ਲਿਖੀ ਗਈ। ਗੁਰਮੀਤ ਬਾਵਾ ਦੇ ਦੇਹਾਂਤ ’ਤੇ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਰਮੇਸ਼ ਯਾਦਵ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਜੱਸ ਨੇ ਦੁੱਖ ਪ੍ਰਗਟ ਕੀਤਾ ਹੈ।

  ਅੰਮ੍ਰਿਤਸਰ - ਇੱਥੇ ਦਰਬਾਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਇਸ ਮੌਕੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਸੁੰਦਰ ਜਲੌਅ ਸਜਾਏ ਗਏ ਅਤੇ ਦੀਪਮਾਲਾ ਕੀਤੀ ਗਈ।
  ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਭਾਈ ਧਰਮਵੀਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਭਾਈ ਸੁਖਵਿੰਦਰ ਸਿੰਘ ਨੇ ਸਰਵਣ ਕਰਵਾਇਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਲਈ ਪ੍ਰੇਰਿਆ।
  ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਕੱਤਰ ਸਿੰਘ, ਤੇਜਿੰਦਰ ਸਿੰਘ ਪੱਡਾ, ਮਲਕੀਤ ਸਿੰਘ ਬਹਿੜਵਾਲ ਸਣੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਈ ਵੀਰ ਸਿੰਘ ਨਿਵਾਸ ਤੋਂ ਪ੍ਰਭਾਤ ਫੇਰੀ ਵੀ ਕੱਢੀ ਗਈ, ਜੋ ਹਰਿਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਾਏ ਗਏ।
  ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਮਗਰੋਂ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ।
  ਤਖ਼ਤ ਦਮਦਮਾ ਸਾਹਿਬ ਵਿੱਚ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਨਤਮਸਤਕ ਹੋਈ। ਇਸ ਦੌਰਾਨ ਅਖੰਡ ਪਾਠ ਦੇ ਭੋਗ ਪਾਉਣ ਮਗਰੋਂ ਕੀਰਤਨ ਕੀਤਾ ਗਿਆ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਅਤੇ ਗੁਰੂ ਸਾਹਿਬ ਦੇ ਫਲਸਫ਼ੇ ’ਤੇ ਚੱਲਣ ਲਈ ਪ੍ਰੇਰਿਆ। ਇਸੇ ਤਰ੍ਹਾਂ ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰਨ ਮਨਾਇਆ ਗਿਆ। ਮਸਤੂਆਣਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਕਾਕਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਚਾਨਣਾ ਪਾਇਆ।

  ਅੰਮ੍ਰਿਤਸਰ - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ 17 ਮੈਂਬਰੀ ਜਥੇ ਨੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਮੱਥਾ ਟੇਕਿਆ। ਇਸ ਮੌਕੇ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਾਗੀ ਜਥੇ ਭੇਜੇ ਜਾਣਗੇ। ਇਸ ਤੋਂ ਇਲਾਵਾ ਲੋੜ ਅਨੁਸਾਰ ਰਸਦਾਂ ਅਤੇ ਹੋਰ ਲੋੜੀਂਦਾ ਸਾਮਾਨ ਵੀ ਪੁੱਜਦਾ ਕੀਤਾ ਜਾਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ ਤੇ ਤਾਰੂ ਸਿੰਘ ਸਣੇ ਹੋਰ ਸਿੱਖ ਆਗੂਆਂ ਨੇ ਜਥੇ ਦਾ ਨਿੱਘਾ ਸਵਾਗਤ ਕੀਤਾ। ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜ ਕੇ ਬੀਬੀ ਜਗੀਰ ਕੌਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟ ਕਰ ਕੇ ਸ਼ਰਧਾ ਪ੍ਰਗਟਾਈ ਅਤੇ ਸਰਬੱਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸੇ ਦੌਰਾਨ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਅਤੇ ਭਾਈ ਗੁਰਕੀਰਤ ਸਿੰਘ ਦੇ ਜਥਿਆਂ ਨੇ ਕੀਰਤਨ ਕੀਤਾ। ਦੇਸ਼ ਪਰਤਣ ਮਗਰੋਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਅਤੇ ਸਰਕਾਰਾਂ ਨੂੰ ਇਸ ਸੰਸਥਾ ਨੂੰ ਬਣਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਭਾਰਤ ਤੇ ਪੰਜਾਬ ਦੀ ਸਰਕਾਰ ’ਤੇ ਗਿਲਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਦੇ ਕਹਿਣ ਅਨੁਸਾਰ 101 ਮੈਂਬਰਾਂ ਦੀ ਪ੍ਰਵਾਨਗੀ ਮੰਗੀ ਸੀ ਪਰ ਦੁੱਖ ਦੀ ਗੱਲ ਹੈ ਕਿ ਸਿਰਫ਼ 20 ਜਣਿਆਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ’ਚੋਂ ਤਿੰਨ ਮੈਂਬਰ ਸੂਚਨਾ ਮਿਲਣ ਵਿਚ ਹੋਈ ਦੇਰ ਕਾਰਨ ਨਹੀਂ ਜਾ ਸਕੇ, ਜਿਸ ਕਰ ਕੇ ਅੱਜ ਸਿਰਫ਼ 17 ਮੈਂਬਰੀ ਵਫ਼ਦ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਹੋ ਕੇ ਪਰਤਿਆ ਹੈ। ਜਥੇ ਵਿੱਚ ਸਾਬਕਾ ਅਕਾਲੀ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਕਿਰਨਜੋਤ ਕੌਰ ਸ਼ਾਮਲ ਸਨ।

  ਨਵੀਂ ਦਿੱਲੀ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਦੌਰੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ’ਤੇ ਭਾਜਪਾ ਨੇ ਕਾਂਗਰਸ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰਾਂ ਹਿੰਦੂਵਾਦੀਆਂ ਵਿੱਚ ਆਈਐੱਸਆਈਐੱਸ ਤੇ ਬੋਕੋ ਹਰਾਮ ਵਰਗੇ ਅਤਿਵਾਦੀ ਗਰੁੱਪਾਂ ਨੂੰ ਦੇਖਦੇ ਹਨ ਜਦੋਂ ਕਿ ਇਮਰਾਨ ਖਾਨ ਨੂੰ ਕਾਂਗਰਸੀ ਆਗੂ ਨਵਜੋਤ ਸਿੱਧੂ ਵੱਲੋਂ ‘ਭਾਈ ਜਾਨ’ ਦਾ ਦਰਜਾ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਦੇ ਕਰਤਾਰਪੁਰ ਸਾਹਿਬ ਪਹੁੰਚਣ ’ਤੇ ਇਮਰਾਨ ਖਾਨ ਤਰਫੋਂ ਆਇਆ ਪਾਕਿਸਤਾਨੀ ਅਧਿਕਾਰੀ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਾ ਹੈ। ਇਸੇ ਦੌਰਾਨ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਾਂਗਰਸੀ ਆਗੂ ਸ੍ਰੀ ਸਿੱਧੂ ਇਮਰਾਨ ਖਾਨ ਨੂੰ ਵੱਡਾ ਭਰਾ ਕਹਿੰਦੇ ਹੋਏ ਉਸ ਨੂੰ ਬਹੁਤ ਪਿਆਰ ਕਰਨ ਦਾ ਸੁਨੇਹਾ ਦੇ ਰਹੇ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਭਾਰਤ ਵਾਸਤੇ ਇਹ ਇਕ ਗੰਭੀਰ ਮੁੱਦਾ ਹੈ ਤੇ ਭਾਜਪਾ ਦੀਆਂ ਵਿਰੋਧੀ ਧਿਰਾਂ ਹਿੰਦੂਵਾਦ ਵਿੱਚ ਅਤਿਵਾਦੀ ਧਿਰਾਂ ਨੂੰ ਦੇਖਦੀਆਂ ਹਨ ਤੇ ਇਮਰਾਨ ਖਾਨ ਨੂੰ ਭਾਈ ਜਾਨ ਦਾ ਦਰਜਾ ਦਿੰਦੀਆਂ ਹਨ।

  ਮੌੜ ਮੰਡੀ - ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਤਰਸਰ ਸਾਹਿਬ (ਮੌੜ) ਵਿੱਚ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਚੋਣ ਗਠਜੋੜ ਨਹੀਂ ਕਰੇਗਾ ਕਿਉਂਕਿ ਮੋਦੀ ਸਰਕਾਰ ਨੇ ਹੀ ਪਿਛਲੇ ਇਕ ਸਾਲ ਤੋਂ ਕਿਸਾਨਾਂ ਨੂੰ ਸੜਕਾਂ ’ਤੇ ਰੋਲਿਆ ਹੈ, ਜਿਸ ਕਾਰਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ। ਸੁਖਬੀਰ ਬਾਦਲ ਅੱਜ ਹਲਕਾ ਮੌੜ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਤਿੱਤਰਸਰ ਸਾਹਿਬ ਵਿੱਚ ਰਖਵਾਏ ਗਏ ਅਖੰਡ ਪਾਠ ਦੇ ਭੋਗ ਸਮੇਂ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਮਦਰਦ ਪਾਰਟੀ ਹੈ।
  ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਹੀਰੋ ਨਹੀਂ ਬਣਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਬਿਨਾ ਨੋਟਿਸ ਤੋਂ ਪਰਮਿਟ ਰੱਦ ਕਰਨ ਦਾ ਨਤੀਜਾ ਅਤੇ ਸਚਾਈ ਛੇਤੀ ਹੀ ਸਭ ਦੇ ਸਾਹਮਣੇ ਹੋਵੇਗੀ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਚੰਨੀ ਸਰਕਾਰ ਨੇ ਬਿਜਲੀ ਯੂਨਿਟ ਦਾ ਰੇਟ 3 ਰੁਪਏ ਘੱਟ ਕਰਨ ਦੇ ਨਾਮ ’ਤੇ ਵੀ ਲੋਕਾਂ ਨੂੰ ਗੁਮਰਾਹ ਹੀ ਕੀਤਾ ਹੈ, ਜਦਕਿ ਇਹ ਰੇਟ ਸਿਰਫ਼ 31 ਮਾਰਚ ਤੱਕ ਘਟਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀਆਂ ਅੰਡਰ ਗਰਾਊਂਡ ਪਾਈਪਾਂ ਪਾ ਕੇ ਦਿੱਤੀਆਂ ਜਾਣਗੀਆਂ।

  ਤਲਵੰਡੀ ਸਾਬੋ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਕੇ ਕੇਂਦਰ ਨੇ ਸਿੱਖ ਕੌਮ ’ਤੇ ਭਵਿੱਖ ਵਿੱਚ ਆਉਣ ਵਾਲੀ ਵੱਡੀ ਬਿਪਤਾ ਟਾਲੀ ਹੈ। ਇੱਥੇ ਆਪਣੀ ਰਿਹਾਇਸ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਦੀ ਹੱਦਾਂ ’ਤੇ ਬੈਠੇ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਸੱਤ ਸੌ ਤੋਂ ਵੱਧ ਕੀਮਤੀ ਜਾਨਾਂ ਚਲੀਆਂ ਗਈਆਂ ਹਨ, ਜਿਨ੍ਹਾਂ ਦਾ ਹਮੇਸ਼ਾ ਅਫ਼ਸੋਸ ਰਹੇਗਾ।
  ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਦੇਸ਼-ਵਿਦੇਸ਼ ਦੇ ਸਿੱਖਾਂ ਦਾ ਵੀ ਹਰ ਪੱਖੋਂ ਵਿਸ਼ੇਸ਼ ਯੋਗਦਾਨ ਰਿਹਾ ਹੈ। ਚਿੰਤਾ ਦਾ ਵਿਸ਼ਾ ਇਹ ਸੀ ਕਿ ਕਿਸਾਨ ਅੰਦੋਲਨ ਵਿੱਚ ਕੁੱਝ ਅਜਿਹੀਆਂ ਧਿਰਾਂ ਸਨ, ਜੋ ਸਿੱਖ ਸੋਚ, ਸਿੱਖ ਫਲਸਫ਼ੇ ਅਤੇ ਸਿੱਖ ਇਤਿਹਾਸ ਨੂੰ ਦਰਕਿਨਾਰ ਕਰ ਰਹੀਆਂ ਸਨ ਤੇ ਕੁੱਝ ਅਜਿਹੀਆਂ ਧਿਰਾਂ ਵੀ ਸਨ, ਜੋ ਕਿਸਾਨੀ ਦੇ ਇਸ ਮਸਲੇ ਨੂੰ ਸਿੱਖਾਂ ਅਤੇ ਭਾਰਤ ਸਰਕਾਰ ਨਾਲ ਜੋੜਨ ਦਾ ਯਤਨ ਕਰ ਰਹੀਆਂ ਸਨ। ਇਸ ਦੇ ਆਉਣ ਵਾਲੇ ਸਮੇਂ ਵਿੱਚ ਵੱਡੇ ਨੁਕਸਾਨ ਝੱਲਣੇ ਪੈ ਸਕਦੇ ਸਨ ਪਰ ਹੁਣ ਇਹ ਚਿੰਤਾ ਟਲ ਗਈ ਹੈ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਕੈਬਨਿਟ ਦਾ ਧੰਨਵਾਦ ਕੀਤਾ।
  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਆੜ ਵਿੱਚ ਕੁੱਝ ਸ਼ਰਾਰਤੀ ਧਿਰਾਂ ਭਾਈਚਾਰਕ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਚਾਹੁੰਦੇ ਹਨ ਕਿ ਭਾਰਤ ਵਿੱਚ ਸਿੱਖ ਚੰਗੀ ਜ਼ਿੰਦਗੀ ਗੁਜ਼ਾਰਦੇ ਰਹਿਣ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਦਾ ਰਿਸ਼ਤਾ ਮਜ਼ਬੂਤ ਸੀ, ਮਜ਼ਬੂਤ ਹੈ ਅਤੇ ਮਜ਼ਬੂਤ ਹੀ ਰਹੇ। ਇਸ ਕਾਰਜ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਅੱਗੇ ਵੀ ਯਤਨਸ਼ੀਲ ਰਹਿਣਗੇ। ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਗੁਰੂ ਨਾਨਕ ਦੇਵ ਦੇ ਅਵਤਾਰ ਦਿਹਾੜੇ ਮੌਕੇ ਅੱਜ ਤਖ਼ਤ ਦਮਦਮਾ ਸਾਹਿਬ ਵਿਖੇ ਰਖਵਾਏ ਗਏ ਅਖੰਡ ਪਾਠਾਂ ਦੇ ਅਰਦਾਸ ਸਮਾਗਮ ਮੌਕੇ ਵੀ ਸ਼ਾਮਲ ਹੋਏ।

  - ਪਰਵਿੰਦਰ ਸਿੰਘ ਢੀਂਡਸਾ
  1857 ਦਾ ਗਦਰ ਚੱਲ ਰਿਹਾ ਸੀ। ਅਜੋਕੇ ਹਰਿਆਣਾ ਦੇ ਕੁਝ ਇਲਾਕੇ ਦਿੱਲੀ ਪ੍ਰਦੇਸ਼ ਅਤੇ ਕੁਝ ਪੱਛਮੀ ਉੱਤਰ ਪ੍ਰਦੇਸ਼ ਦਾ ਹਿੱਸਾ ਸਨ। ਇਹਨਾਂ ਇਲਾਕਿਆਂ ਦੀਆਂ ਰਿਆਸਤਾਂ ਨੇ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਦੇ ਪ੍ਰਭਾਵ ਤਹਿਤ ਅੰਗਰੇਜ਼ਾਂ ਦਾ ਖੁੱਲ੍ਹਾ ਵਿਰੋਧ ਕੀਤਾ ਸੀ। ਪੰਜਾਬ ਦੀਆਂ ਜਿ਼ਆਦਾਤਰ ਰਿਆਸਤਾਂ ਨੇ ਗਦਰ ਦੌਰਾਨ ਅੰਗਰੇਜ਼ਾਂ ਦਾ ਪੱਖ ਪੂਰਿਆ ਸੀ। ਗਦਰ
  ਅਸਫਲ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਕੁਝ ਵੱਡੇ ਰਾਜਨੀਤਕ ਫੇਰਬਦਲ ਕੀਤੇ। ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਅੰਗਰੇਜ਼ ਵਿਰੋਧੀ ਇਲਾਕਿਆਂ ਨੂੰ ਰਾਜਨੀਤਕ ਸਜ਼ਾ ਦੇਣ ਲਈ ਅੰਗਰੇਜ਼ ਪੱਖੀ ਰਿਆਸਤਾਂ ਨਾਲ ਮਿਲਾ ਦਿੱਤਾ ਗਿਆ ਤਾਂ ਜੋ ਰਾਜਨੀਤਕ ਸੰਤੁਲਨ ਬਣਾਇਆ ਜਾ ਸਕੇ। 1858 ਤੋਂ 1947 ਤੱਕ ਇਹਨਾਂ ਇਲਾਕਿਆਂ ਦਾ ਪ੍ਰਬੰਧ ਪੰਜਾਬ ਰਾਜ ਦੇ ਅਧੀਨ ਰਿਹਾ। 15 ਅਗਸਤ 1947 ਨੂੰ ਭਾਰਤ ਨੇ ਸਦੀਆਂ ਪੁਰਾਣੇ ਅੰਗਰੇਜ਼ੀ ਜੂਲੇ ਨੂੰ ਪਰਾਂ ਵਗਾਹ ਮਾਰਿਆ।
  ਅੰਗਰੇਜ਼ੀ ਸਾਮਰਾਜ ਵਿਰੁੱਧ ਸਭ ਤੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਦੋ ਰਾਜਾਂ ਪੰਜਾਬ ਅਤੇ ਬੰਗਾਲ ਵਿਚ ਅੰਗਰੇਜ਼ ਜਾਂਦੇ ਜਾਂਦੇ ਫੁੱਟ ਦਾ ਅਜਿਹਾ ਬੀਜ ਬੀਜ ਗਏ ਜੋ ਅੱਜ ਤੱਕ ਨਾਸੂਰ ਬਣ ਕੇ ਰਿਸ ਰਿਹਾ ਹੈ। ਵੰਡ ਦੇ ਜ਼ਖਮ ਪੰਜਾਬੀ ਲੋਕਾਂ ਦੀ ਮਾਨਸਿਕਤਾ ਵਿਚ ਐਨੇ ਗਹਿਰੇ ਉੱਤਰ ਗਏ ਕਿ ਅੱਜ ਵੀ ਬਹੁਤੇ ਪੰਜਾਬੀ ਲੋਕ ਇਸ ਨੂੰ ਹੱਲਿਆਂ ਵਾਲਾ ਸਾਲ ਕਹਿ ਕੇ ਯਾਦ ਕਰਦੇ ਹਨ।
  ਆਜ਼ਾਦੀ ਤੋਂ ਬਾਅਦ ਪੰਜਾਬ ਦੋ ਹਿੱਸਿਆਂ- ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਵਿਚ ਵੰਡਿਆ ਗਿਆ। ਅਪਰੈਲ 1948 ਵਿਚ ਪੰਜਾਬ ਦੇ ਕੁਝ ਪਹਾੜੀ ਇਲਾਕੇ ਅਲੱਗ ਕਰਕੇ ਹਿਮਾਚਲ ਪ੍ਰਦੇਸ਼ ਬਣਾਇਆ ਗਿਆ ਜੋ ਪ੍ਰਬੰਧ ਦੇ ਪੱਖੋਂ ਚੀਫ ਕਮਿਸ਼ਨਰ ਦੁਆਰਾ ਸ਼ਾਸਿਤ ਹੁੰਦਾ ਸੀ। ਜੁਲਾਈ 1948 ਵਿਚ ਪੰਜਾਬ ਦੀਆਂ ਛੇ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਨਾਂ ਦਾ ਸਟੇਟ ਬਣਾਇਆ ਗਿਆ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਦੇ ਨਾਲ ਹਿਮਾਚਲ ਪ੍ਰਦੇਸ਼ ਗਰੁੱਪ ਸੀ ਦਾ ਰਾਜ ਬਣਾਇਆ ਗਿਆ ਅਤੇ ਪੈਪਸੂ ਬੀ ਗਰੁੱਪ ਵਿਚ ਰੱਖਿਆ ਗਿਆ। 1954 ਵਿਚ ਬਿਲਾਸਪੁਰ ਵੀ ਹਿਮਾਚਲ ਪ੍ਰਦੇਸ਼ ਵਿਚ ਮਿਲਾ ਦਿੱਤਾ ਗਿਆ। 1956 ਵਿਚ ਹਿਮਾਚਲ ਪ੍ਰਦੇਸ਼ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣ ਗਿਆ ਅਤੇ ਪੈਪਸੂ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ।
  ਪੰਜਾਬੀ ਸੂਬੇ ਸੰਬੰਧੀ ਸੁਰਾਂ ਤਾਂ ਆਜ਼ਾਦੀ ਪ੍ਰਾਪਤੀ ਤੋਂ ਤੁਰੰਤ ਬਾਅਦ ਹੀ ਸ਼ੁਰੂ ਹੋ ਗਈਆਂ ਸਨ ਪਰ ਕੇਂਦਰੀ ਕੈਬਨਿਟ ਵਿਚ ਬਲਦੇਵ ਸਿੰਘ ਦੇ ਰੱਖਿਆ ਮੰਤਰੀ ਅਤੇ ਉਸ ਦੇ ਕਾਂਗਰਸ ਪੱਖੀ ਝੁਕਾਅ ਕਰਕੇ ਕੁਝ ਹੱਦ ਤੱਕ ਸਮਤੋਲ ਬਣਿਆ ਰਿਹਾ। ਦੂਜਾ ਇਹ ਵੀ ਕਿ ਦੇਸ਼ ਦੀ ਫਿਰਕੂ ਆਧਾਰ ਉੱਪਰ ਹੋਈ ਵੰਡ ਕਰਕੇ ਕੇਂਦਰ ਸਰਕਾਰ ਐਨੀ ਛੇਤੀ ਇਸ ਨੂੰ ਹੱਥ ਨਹੀਂ ਸੀ ਪਾਉਣਾ ਚਾਹੁੰਦੀ ਕਿਉਂਕਿ ਉਹਨਾਂ ਦਿਨਾਂ ਵਿਚ ਮਾਸਟਰ ਤਾਰਾ ਸਿੰਘ ਦੀ ਸਿਆਸਤ ਵਿਚੋਂ ਪੰਜਾਬੀ ਸੂਬੇ ਦੀ ਥਾਂ ਤੇ ਸਿੱਖ ਹੋਮਲੈਂਡ ਦੀ ਝਲਕ ਵਧੇਰੇ ਦਿਖਾਈ ਦਿੰਦੀ ਸੀ। 1949 ਵਿਚ ਪੰਜਾਬ ਵਿਚ ਕਾਂਗਰਸ ਦੇ ਭੀਮ ਸੈਨ ਸੱਚਰ ਦੀ ਅਗਵਾਈ ਵਾਲੀ ਸਰਕਾਰ ਸੀ। ਪੰਜਾਬੀ ਸੂਬੇ ਨੂੰ ਲੈ ਕੇ ਖੜ੍ਹੇ ਹੋਏ ਸੰਘਰਸ਼ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਸੁਝਾਅ ਪੇਸ਼ ਕੀਤਾ ਜੋ ਵਿਧਾਨ ਸਭਾ ਵਿਚ ਪਾਸ ਹੋਣ ਤੋਂ ਬਾਅਦ ਸੱਚਰ ਫਾਰਮੂਲੇ ਦੇ ਨਾਂ ਨਾਲ ਜਾਣਿਆ ਗਿਆ। ਇਸ ਅਨੁਸਾਰ ਪੰਜਾਬ ਨੂੰ ਦੋ ਇਕਾਈਆਂ ਵਿਚ ਵੰਡ ਦਿੱਤਾ ਗਿਆ ਸੀ। ਇੱਕ ਪਾਸੇ ਹਿੰਦੀ ਬੋਲਦੇ ਇਲਾਕੇ ਸਨ ਤੇ ਦੂਜੇ ਪਾਸੇ ਪੰਜਾਬੀ ਬੋਲਦੇ ਇਲਾਕੇ। ਇਸ ਨਾਲ ਸਗੋਂ ਆਉਣ ਵਾਲੇ ਸਮੇਂ ਵਿਚ ਮੰਗ ਹੋਰ ਜ਼ੋਰ ਫੜਨ ਲੱਗੀ। 1953 ਵਿਚ ਭਾਸ਼ਾ ਦੇ ਆਧਾਰ ਤੇ ਆਂਧਰਾ ਪ੍ਰਦੇਸ਼ ਦੇ ਗਠਨ ਅਤੇ 1956 ਵਿਚ ਰਾਜ ਪੁਨਰਗਠਨ ਕਮਿਸ਼ਨ ਦੁਆਰਾ ਪੂਰੇ ਭਾਰਤ ਦੇ ਰਾਜਾਂ ਦਾ ਭਾਸ਼ਾ ਦੇ ਆਧਾਰ ਤੇ ਪੁਨਰਗਠਨ ਕਰਨਾ ਅਤੇ ਪੰਜਾਬ ਨੂੰ ਇਸ ਤੋਂ ਬਾਹਰ ਰੱਖਣ ਨਾਲ ਪੰਜਾਬੀ ਸੂਬੇ ਦੀ ਮੰਗ ਜਨੂਨ ਬਣ ਗਈ। 1956 ਦੇ ਰਾਜ ਪੁਨਰਗਠਨ ਐਕਟ ਤਹਿਤ ਪੰਜਾਬੀ ਸੂਬੇ ਦੀ ਮੰਗ ਤਾਂ ਨਾ ਮੰਨੀ ਗਈ ਪਰ ਪੈਪਸੂ ਨੂੰ ਪੰਜਾਬ ਵਿਚ ਮਿਲਾ ਕੇ ਪੰਜਾਬ ਦੀਆਂ ਹੱਦਾਂ ਵਿਚ ਤਬਦੀਲੀ ਜ਼ਰੂਰ ਹੋਈ। 1959 ਵਿਚ ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮਰਨ ਵਰਤ ਰੱਖਿਆ ਪਰ ਮਾਸਟਰ ਤਾਰਾ ਸਿੰਘ ਨੇ ਬਿਨਾ ਕਿਸੇ ਪ੍ਰਾਪਤੀ ਦੇ ਸੰਤ ਦਾ ਮਰਨ ਵਰਤ ਤੁੜਵਾ ਦਿੱਤਾ। ਫਿਰ ਮਾਸਟਰ ਤਾਰਾ ਸਿੰਘ ਨੇ ਵੀ ਇਸੇ ਮੰਗ ਲਈ ਮਰਨ ਵਰਤ ਸ਼ੁਰੂ ਕੀਤਾ ਪਰ 48 ਦਿਨਾਂ ਬਾਅਦ ਬਿਨਾ ਕਿਸੇ ਖਾਸ ਪ੍ਰਾਪਤੀ ਦੇ ਇਹ ਵੀ ਖਤਮ ਕਰ ਦਿੱਤਾ ਗਿਆ। 1964 ਦੇ ਅਪਰੈਲ ਮਹੀਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਅਤੇ ਮਈ ਵਿਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਅਸਤੀਫਾ ਦੇਣ ਨਾਲ ਪੰਜਾਬੀ ਸੂਬੇ ਦੇ ਦੋ ਮੁੱਖ ਵਿਰੋਧੀ ਰਾਜਨੀਤਕ ਦ੍ਰਿਸ਼ ਤੋਂ ਪਾਸੇ ਹੋ ਗਏ। 1965 ਵਿਚ ਸੰਤ ਫਤਿਹ ਸਿੰਘ ਨੇ ਐਲਾਨ ਕੀਤਾ ਕਿ ਉਹ 10 ਸਤੰਬਰ ਨੂੰ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਮਰਨ ਵਰਤ ਸ਼ੁਰੂ ਕਰਨਗੇ ਅਤੇ 15 ਦਿਨਾਂ ਵਿਚ ਮੰਗ ਨਾ ਮੰਨਣ ਦੀ ਸੂਰਤ ਵਿਚ 25 ਸਤੰਬਰ ਨੂੰ ਆਤਮਦਾਹ ਕਰ ਲੈਣਗੇ ਪਰ ਇਸ ਦੌਰਾਨ ਭਾਰਤ ਪਾਕਿਸਤਾਨ ਜੰਗ ਸ਼ੁਰੂ
  ਹੋਣ ਕਾਰਨ ਸੰਤ ਫਤਿਹ ਸਿੰਘ ਨੇ ਆਪਣਾ ਮਰਨ ਵਰਤ ਮੁਲਤਵੀ ਕਰ ਦਿੱਤਾ। ਪੰਜਾਬੀਆਂ ਨੇ ਫੌਜ ਵਿਚ ਅਤੇ ਬਾਹਰ ਸੁਰੱਖਿਆ ਬਲਾਂ ਦੀ ਜੀਅ ਜਾਨ ਨਾਲ ਮਦਦ ਕੀਤੀ।
  ਅਖੀਰ 28 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਲੋਕ ਸਭਾ ਵਿਚ ਐਲਾਨ ਕੀਤਾ ਕਿ ਪੰਜਾਬੀ ਸੂਬੇ ਲਈ ਤਿੰਨ ਮੈਂਬਰੀ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਜਾਵੇਗੀ। ਕੇਂਦਰੀ ਮੰਤਰੀ ਇੰਦਰਾ ਗਾਂਧੀ, ਵਾਈਵੀ ਚਵਾਨ ਅਤੇ ਮਹਾਂਵੀਰ ਤਿਆਗੀ ਤੇ ਆਧਾਰਿਤ ਕੈਬਨਿਟ ਕਮੇਟੀ ਬਣਾਈ ਗਈ। ਸੰਤ ਫਤਿਹ ਸਿੰਘ ਦੇ ਸੁਝਾਅ ਤੇ 22 ਮੈਂਬਰਾਂ ਦੀ ਪਾਰਲੀਮਾਨੀ ਕਮੇਟੀ ਵੀ ਬਣਾਈ ਗਈ ਜਿਸ ਵਿਚ 15 ਲੋਕ ਸਭਾ ਸੰਸਦ ਮੈਂਬਰ ਅਤੇ 7 ਰਾਜ ਸਭਾ ਸੰਸਦ ਮੈਂਬਰ ਸ਼ਾਮਲ ਸਨ ਜਿਸਨੇ ਕਿ ਪੰਜਾਬ ਦੇ ਲੋਕਾਂ ਤੋਂ ਪੰਜਾਬੀ ਸੂਬੇ ਦੀ ਮੰਗ ਬਾਰੇ ਸੁਝਾਅ ਮੰਗੇ। ਇਸ ਪਾਰਲੀਮਾਨੀ ਕਮੇਟੀ ਦੇ ਪ੍ਰਧਾਨ ਲੋਕ ਸਭਾ ਸਪੀਕਰ ਸਰਦਾਰ ਹੁਕਮ ਸਿੰਘ ਸਨ। ਕਮੇਟੀ ਨੂੰ ਕੁੱਲ 5000 ਮੈਮੋਰੰਡਮ ਪੰਜਾਬੀ ਸੂਬੇ ਬਾਰੇ ਪ੍ਰਾਪਤ ਹੋਏ ਜਿਹਨਾਂ ਵਿਚੋਂ 4100 ਨਵੇਂ ਸੂਬੇ ਦੇ ਪੱਖ ਵਿਚ ਸਨ ਅਤੇ 900 ਨੇ ਆਪਣਾ ਵਿਰੋਧ ਦਰਜ ਕਰਵਾਇਆ। ਜਲੰਧਰ ਡਿਵੀਜ਼ਨ ਦੇ ਕੁਝ ਆਰੀਆ ਸਮਾਜੀਆਂ ਨੇ ਪੰਜਾਬੀ ਸੂਬੇ ਦੇ ਵਿਰੁੱਧ ਪ੍ਰਚਾਰ ਕੀਤਾ ਪਰ ਅਜੋਕੇ ਹਰਿਆਣਾ ਦੇ ਲੋਕਾਂ ਨੇ ਵੀ 1857 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਵਾਉਣ ਲਈ ਨਵੀਂ ਤਜਵੀਜ਼ ਦਾ ਸਮਰਥਨ ਕੀਤਾ। ਪੰਜਾਬ ਦੇ ਕੁਝ ਪਹਾੜੀ ਇਲਾਕਿਆਂ ਨੂੰ ਹਿਮਾਚਲ ਪ੍ਰਦੇਸ਼ ਨਾਲ ਮਿਲਾਉਣ ਦੀ ਤਜਵੀਜ਼ ਸੀ ਜਿਸ ਨੂੰ ਸਥਾਨਕ ਪ੍ਰਤੀਨਿਧਾਂ ਦੀ ਪ੍ਰਵਾਨਗੀ ਹਾਸਲ ਸੀ। ਉਸ ਸਮੇਂ ਦੀ ਪੰਜਾਬ ਵਿਧਾਨ ਸਭਾ ਦੇ ਵੀ ਸਿਰਫ 7 ਐੱਮਐੱਲਏ ਨੂੰ ਛੱਡ ਕੇ ਬਾਕੀ ਸਭ ਨੇ ਸਮਰਥਨ ਕੀਤਾ। ਲੱਗਭੱਗ ਸਾਰੀਆਂ ਹੀ ਪਾਰਟੀਆਂ ਨੇ ਪੰਜਾਬੀ ਸੂਬੇ ਦੀ ਹਮਾਇਤ ਕੀਤੀ। ਕਮੇਟੀ ਨੇ 15 ਮਾਰਚ 1966 ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਚੇਤੇ ਰਹੇ ਕਿ 11 ਜਨਵਰੀ 1966 ਨੂੰ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਈ ਸੀ। ਇੰਦਰਾ ਗਾਂਧੀ ਨੇ 18 ਮਾਰਚ ਨੂੰ ਰਿਪੋਰਟ ਦੀਆਂ ਸਿਫਾਰਸ਼ਾਂ ਮਨਜ਼ੂਰ ਕਰ ਲਈਆਂ।
  23 ਅਪਰੈਲ 1966 ਨੂੰ ਪੰਜਾਬ ਦੀਆਂ ਹੱਦਾਂ ਨਿਰਧਾਰਿਤ ਕਰਨ ਲਈ ਜਸਟਿਸ ਜੇਸੀ ਸ਼ਾਹ ਦੀ ਪ੍ਰਧਾਨਗੀ ਹੇਠ ਕਮਿਸ਼ਨ ਦਾ ਗਠਨ ਕੀਤਾ ਗਿਆ ਜਿਸ ਨੇ 31 ਮਈ ਨੂੰ ਆਪਣੀ ਰਿਪੋਰਟ ਦਿੱਤੀ। ਇਸ ਰਿਪੋਰਟ ਦੇ ਆਧਾਰ ਤੇ ਪੰਜਾਬ, ਹਰਿਆਣਾ ਦੇ ਨਾਲ ਨਾਲ ਕਾਂਗੜਾ, ਸ਼ਿਮਲਾ ਅਤੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇਣ ਦਾ ਫੈਸਲਾ ਕੀਤਾ। ਇਸ ਦੇ ਆਧਾਰ ਤੇ ਹੀ 18 ਸਤੰਬਰ 1966 ਨੂੰ ਪੰਜਾਬ ਪੁਨਰਗਠਨ ਕਾਨੂੰਨ ਪਾਸ ਕੀਤਾ ਗਿਆ ਅਤੇ ਪਹਿਲੀ ਨਵੰਬਰ 1966 ਨੂੰ ਪੰਜਾਬ ਅਤੇ ਹਰਿਆਣਾ ਨਾਂ ਦੇ ਦੋ ਰਾਜ ਹੋਂਦ ਵਿਚ ਆਏ। ਚੰਡੀਗੜ੍ਹ ਅਤੇ ਆਸ ਪਾਸ ਦੇ ਕੁਝ ਇਲਾਕਿਆਂ ਨੂੰ ਮਿਲਾ ਕੇ ਨਵਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ।
  ਕਿਸੇ ਸਮੇਂ ਦੇ ਰਾਜਨੀਤਕ ਲੋਕਾਂ ਦੀ ਸੋਚ ਵੀ ਕੁਝ ਸੀਮਤਾਈਆਂ ਅਧੀਨ ਹੁੰਦੀ ਹੈ। 1966 ਦਾ ਪੰਜਾਬ ਪੁਨਰਗਠਨ ਕਾਨੂੰਨ ਬੇਸ਼ੱਕ ਚਿਰਾਂ ਤੋਂ ਉਠਾਈ ਜਾ ਰਹੀ ਮੰਗ ਪੰਜਾਬੀ ਸੂਬੇ ਦੀ ਪੂਰਤੀ ਕਰਦਾ ਸੀ ਪਰ ਨਾਲ ਹੀ ਇਸ ਨੇ ਕਈ ਮੁਸ਼ਕਿਲਾਂ ਵੀ ਖੜ੍ਹੀਆਂ ਕਰ ਦਿੱਤੀਆਂ। ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਮਿਲਾ ਕੇ ਨਵਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਜੋ ਦੋਵੇਂ ਨਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਵੀ ਹੈ। ਪੰਜਾਬ ਅਤੇ ਹਰਿਆਣਾ ਸਮੇਂ ਸਮੇਂ ਤੇ ਇਸ ਤੇ ਆਪਣਾ ਪੱਖ ਰੱਖਦੇ ਆਏ ਹਨ। ਰਾਜੀਵ-ਲੌਂਗੋਵਾਲ ਸਮਝੌਤੇ ਦੇ
  ਤਹਿਤ ਇਹ ਇਲਾਕੇ ਪੰਜਾਬ ਨੂੰ ਦੇਣ ਤੇ ਸਹਿਮਤੀ ਵੀ ਬਣੀ ਸੀ ਪਰ ਇਹ ਸਮਝੌਤਾ ਲਾਗੂ ਨਾ ਹੋ ਸਕਿਆ। ਇਸ ਤੋਂ ਇਲਾਵਾ ਇਸ ਕਾਨੂੰਨ ਤਹਿਤ ਪੰਜਾਬ ਦੇ ਪਾਣੀਆਂ ਸੰਬੰਧੀ ਕੁਝ ਅਜਿਹੀਆਂ ਵਿਵਸਥਾਵਾਂ ਕੀਤੀਆਂ ਗਈਆਂ ਸਨ ਜੋ ਅੱਗੇ ਚੱਲ ਕੇ
  ਸਤਲੁਜ-ਯਮੁਨਾ ਲਿੰਕ ਨਹਿਰ ਲਈ ਆਧਾਰ ਬਣੀਆਂ। ਇਹ ਦੋਵੇਂ ਮਸਲੇ ਲਗਾਤਾਰ ਇਸ ਖਿੱਤੇ ਲਈ ਤਣਾਅ ਦਾ ਕਾਰਨ ਰਹੇ ਹਨ ਜੋ ਚੋਣਾਂ ਸਮੇਂ ਅਚਾਨਕ ਸੁਰਖੀਆਂ ਵਿਚ ਆ ਜਾਂਦੇ ਹਨ।
  ਸੰਪਰਕ: 98148-29005

  ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਖਰਾਬ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com