ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਵੱਡੀ ਗਿਣਤੀ ’ਚ ਸੰਗਤ ਪਹੁੰਚਣ ਕਾਰਨ ਸਾਰਾ ਦਿਨ ਉਥੇ ਰੌਣਕ ਬਣੀ ਰਹੀ ਹੈ। ਗੁਰਪੁਰਬ ਦੇ ਸਬੰਧ ਵਿਚ ਇੱਥੇ ਕੀਰਤਨ ਦਰਬਾਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਸਬੰਧ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਪੰਡਾਲ ਬਣਾਇਆ ਗਿਆ ਹੈ। ਗੁਰਦੁਆਰੇ ਦੀ ਇਮਾਰਤ ਨੂੰ ਅੰਦਰ ਅਤੇ ਬਾਹਰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸੇ ਤਰ੍ਹਾਂ ਪੰਡਾਲ ਵੀ ਫੁੱਲਾਂ ਨਾਲ ਸਜਾਇਆ ਗਿਆ ਹੈ। ਇਮਾਰਤ ’ਤੇ ਸੁੰਦਰ ਦੀਪਮਾਲਾ ਵੀ ਕੀਤੀ ਗਈ ਹੈ। ਅੱਜ ਸਜੇ ਦੀਵਾਨ ਵਿਚ ਭਾਰਤ ਤੋਂ ਗਈ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਹੈ।
  ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬੀਤੇ ਦਿਨ ਤੋਂ ਰੱਖੇ ਅਖੰਡ ਪਾਠ ਦੇ ਭੋਗ ਭਲਕੇ 19 ਨਵੰਬਰ ਨੂੰ ਪੈਣਗੇ। ਇਸ ਸਬੰਧੀ ਵਿਸ਼ੇਸ਼ ਸਮਾਗਮ ਵੀ ਹੋਵੇਗਾ, ਜਿਸ ਵਿਚ ਭਾਰਤ ਸਮੇਤ ਹੋਰ ਮੁਲਕਾਂ ਤੋਂ ਆਏ ਸ਼ਰਧਾਲੂ ਸ਼ਾਮਲ ਹੋਣਗੇ। ਭਾਰਤ ਤੋਂ ਲਗਪਗ 2500 ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸਰਹੱਦ ਰਸਤੇ ਬੀਤੇ ਦਿਨ ਪਾਕਿਸਤਾਨ ਗਿਆ ਸੀ ਪਰ ਵਾਹਗਾ ਸਰਹੱਦ ’ਤੇ ਜਾਂਚ ਪ੍ਰਕਿਰਿਆ ਮੁਕੰਮਲ ਹੋਣ ਵਿਚ ਲੱਗੀ ਦੇਰ ਕਾਰਨ ਯਾਤਰੂ ਦੇਰ ਸ਼ਾਮ ਗੁਰਦੁਆਰਾ ਨਨਕਾਣਾ ਸਾਹਿਬ ਪੁੱਜੇ ਸਨ। ਵਾਹਗਾ ਸਰਹੱਦ ’ਤੇ ਦੇਰ ਹੋਣ ਕਾਰਨ ਪੀਐੱਸਜੀਪੀਸੀ ਅਤੇ ਔਕਾਫ ਬੋਰਡ ਵੱਲੋਂ ਉਥੇ ਹੀ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਭਾਰਤ ਤੋਂ ਗਿਆ ਇਹ ਜਥਾ 26 ਨਵੰਬਰ ਨੂੰ ਵਾਪਸ ਆਵੇਗਾ।

  ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰਕਾਰ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਬਾਰੇ ਆਪਣੀ ਸਰਕਾਰ ਦੇ ਪੈਰ ਪਿੱਛੇ ਖਿੱਚ ਲਏ। ਉਨ੍ਹਾਂ ਦੇਸ਼ ਤੋਂ ‘ਮੁਆਫੀ’ ਮੰਗਦਿਆਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨਾਲ ਸਬੰਧਤ ਮੁੱਦਿਆਂ ਦੀ ਘੋਖ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੌਮ ਦੇ ਨਾਂ ਸੰਦੇਸ਼ ਵਿੱਚ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਸੰਵਿਧਾਨਕ ਪ੍ਰਕਿਰਿਆ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਦੌਰਾਨ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ, '‘ਅੱਜ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦੇ ਹੋਏ ਮੈਂ ਸੱਚੇ ਮਨ ਕਹਿਣਾ ਚਾਹੁੰਦਾ ਹਾਂ ਕਿ ਸ਼ਾਇਦ ਸਾਡੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਹੋਵੇਗੀ, ਜਿਸ ਕਾਰਨ ਦੀਵੇ ਦੇ ਪ੍ਰਕਾਸ਼ ਵਰਗੇ ਸੱਚ ਨੂੰ ਅਸੀਂ ਕੁਝ ਕਿਸਾਨ ਭਰਾਵਾਂ ਨੂੰ ਸਮਝਾ ਨਹੀਂ ਸਕੇ। ਮੇਰੀ ਅਪੀਲ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਘਰਾਂ ਨੂੰ ਪਰਤ ਜਾਣ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ, ਖਾਸ ਤੌਰ 'ਤੇ ਛੋਟੇ ਕਿਸਾਨਾਂ, ਖੇਤੀਬਾੜੀ ਖੇਤਰ ਦੇ ਹਿੱਤ ਅਤੇ ਪਿੰਡ ਅਤੇ ਗਰੀਬਾਂ ਦੇ ਸੁਨਹਿਰੇ ਭਵਿੱਖ ਲਈ ਪੂਰੀ ਸਚਾਈ ਤੇ ਨੇਕ ਇਰਾਦੇ ਨਾਲ ਤਿੰਨੋਂ ਕਾਨੂੰਨ ਲਿਆਂਦੇ ਸਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਕਿਸਾਨਾਂ ਨੂੰ ਮਨਾ ਨਹੀਂ ਸਕਿਆ।
  ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਹ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਸਮਾਂ ਨਹੀਂ ਹੈ। ਅੱਜ ਮੈਂ ਤੁਹਾਨੂੰ ਪੂਰੇ ਦੇਸ਼ ਨੂੰ ਇਹ ਦੱਸਣ ਆਇਆ ਹਾਂ ਕਿ ਅਸੀਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਅਸੀਂ ਇਨ੍ਹਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ (ਰੱਦ ਕਰਨ) ਦੀ ਸੰਵਿਧਾਨਕ ਪ੍ਰਕਿਰਿਆ ਨੂੰ ਪੂਰਾ ਕਰਾਂਗੇ। ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ, ‘'ਹੁਣ ਤੁਸੀਂ ਆਪਣੇ ਘਰਾਂ ਨੂੰ ਪਰਤ ਜਾਓ। ਆਪਣੇ ਖੇਤਾਂ ਵਿੱਚ ਵਾਪਸ ਜਾਓ। ਆਪਣੇ ਪਰਿਵਾਰ ਕੋਲ ਵਾਪਸ ਜਾਓ। ਆਓ ਇੱਕ ਨਵੀਂ ਸ਼ੁਰੂਆਤ ਕਰੀਏ। ਆਓ ਨਵੇਂ ਸਿਰੇ ਤੋਂ ਅੱਗੇ ਵਧੀਏ।’

  ਅੰਮ੍ਰਿਤਸਰ - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਵਾਗਤ ਕੀਤਾ ਗਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਵਿੱਚ ਆਖਿਆ ਕਿ ਇਹ ਖੇਤੀ ਕਾਨੂੰਨ ਵਾਪਸ ਲੈਣ ਨਾਲ ਉਨ੍ਹਾਂ ਦੀ ਇਕ ਵੱਡੀ ਚਿੰਤਾ ਖ਼ਤਮ ਹੋਈ ਹੈ ਕਿਉਂਕਿ ਇਸ ਦੇ ਓਹਲੇ ਕੁਝ ਤਾਕਤਾਂ ਆਪਸੀ ਭਾਈਚਾਰਕ ਸਾਂਝ ਨੂੰ ਖੋਰਾ ਲਾਉਣ ਦਾ ਯਤਨ ਕਰ ਰਹੀਆਂ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸੰਘਰਸ਼ ਵਿੱਚ ਕਈ ਕੀਮਤੀ ਜਾਨਾਂ ਗਈਆਂ ਹਨ ਅਤੇ ਕਿਸਾਨਾਂ ਨੂੰ ਤਸ਼ੱਦਦ ਵੀ ਝੱਲਣਾ ਪਿਆ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰਾ ਸ਼ੁਰੂ ਤੋਂ ਹੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਸੀ। ਉਨ੍ਹਾਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਇਸ ਫੈਸਲੇ ਨਾਲ ਆਪਣੇ ਘਰਾਂ ਨੂੰ ਪਰਤ ਸਕਣਗੇ।
  ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਵਿਖੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸਤਾਰਾਂ ਮੈਂਬਰੀ ਵਫ਼ਦ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਰਵਾਨਾ ਹੋ ਗਿਆ। ਉਨ੍ਹਾਂ ਦੇ ਨਾਲ ਸਾਬਕਾ ਅਕਾਲੀ ਮੰਤਰੀ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਦੋ ਰਾਗੀ ਜਥੇ ਗਏ ਹਨ। ਉਹ ਆਪਣੇ ਨਾਲ ਲੰਗਰ ਲਈ ਰਸਦ, ਧਾਰਮਿਕ ਸਾਹਿਤ ਅਤੇ ਹੋਰ ਸਾਮਾਨ ਲੈ ਕੇ ਗਏ ਹਨ, ਜੋ ਗੁਰਦੁਆਰਾ ਕਰਤਾਰਪੁਰ ਵਿਖੇ ਭੇਟ ਕੀਤਾ ਜਾਵੇਗਾ।

  ਨਵੀਂ ਦਿੱਲੀ - ਸੰਵਿਧਾਨ ਅਤੇ ਕਾਨੂੰਨੀ ਮਾਹਿਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਵਿਚ ਬਿੱਲ ਲਿਆਉਣਾ ਹੋਵੇਗਾ। ਸਾਬਕਾ ਕੇਂਦਰੀ ਕਾਨੂੰਨ ਸਕੱਤਰ ਪੀਕੇ ਮਲਹੋਤਰਾ ਨੇ ਕਿਹਾ, ‘'ਕਿਸੇ ਕਾਨੂੰਨ ਨੂੰ ਰੱਦ ਕਰਨ ਦੀ ਸੰਸਦ ਦੀ ਸ਼ਕਤੀ ਸੰਵਿਧਾਨ ਦੇ ਤਹਿਤ ਕਾਨੂੰਨ ਨੂੰ ਲਾਗੂ ਕਰਨ ਦੇ ਬਰਾਬਰ ਹੈ। ਸਰਕਾਰ ਨੂੰ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਲਿਆਉਣਾ ਹੋਵੇਗਾ।’ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀਡੀਟੀ ਆਚਾਰੀਆ ਨੇ ਕਿਹਾ, ‘ਇਸ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਸਰਕਾਰ ਇਕ ਬਿੱਲ ਰਾਹੀਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ।’

  ਦੇਸ਼ ਭਰ ਦੀਆਂ ਕਰੀਬ 40 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਮੂਹ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਸਕੇਐੱਮ ਸਾਰੇ ਘਟਨਾਕ੍ਰਮ ਦੀ ਨਜ਼ਰਸਾਨੀ ਕਰੇਗਾ ਅਤੇ ਜਲਦੀ ਹੀ ਮੀਟਿੰਗ ਕਰਕੇ ਅਗਲੇ ਫੈਸਲਿਆਂ ਦਾ ਐਲਾਨ ਕਰੇਗਾ। ਮੋਰਚੇ ਨੇ ਬਿਆਨ ਵਿੱਚ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਅਸੀਂ ਸੰਸਦੀ ਪ੍ਰਕਿਰਿਆ ਰਾਹੀਂ ਇਸ ਐਲਾਨ ਦੇ ਲਾਗੂ ਹੋਣ ਦੀ ਉਡੀਕ ਕਰਾਂਗੇ। ਕਿਸਾਨਾਂ ਦਾ ਅੰਦੋਲਨ ਸਿਰਫ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਨਹੀਂ ਹੈ, ਬਲਕਿ ਸਾਰੇ ਖੇਤੀਬਾੜੀ ਉਤਪਾਦਾਂ ਦੀਆਂ ਲਾਹੇਵੰਦ ਕੀਮਤਾਂ ਦੀ ਕਾਨੂੰਨੀ ਗਾਰੰਟੀ ਲਈ ਵੀ ਹੈ। ਕਿਸਾਨਾਂ ਦੀ ਇਹ ਅਹਿਮ ਮੰਗ ਹਾਲੇ ਪੂਰੀ ਨਹੀਂ ਹੋਈ।’

  ਗੁਰੂਗ੍ਰਾਮ - ਸੰਯੁਕਤ ਹਿੰਦੂ ਸੰਘਰਸ਼ ਕਮੇਟੀ ਸਮੇਤ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਦੁਰਗਾ ਵਾਹਿਨੀ ਦੁਆਰਾ ਮੁਸਲਮਾਨਾਂ ਦੇ ਖੁੱਲ੍ਹੇ 'ਚ ਨਮਾਜ਼ ਪੜ੍ਹਨ 'ਤੇ ਇਤਰਾਜ਼ ਕਰਨ ਦੇ ਕੁਝ ਦਿਨ ਬਾਅਦ ਸ਼ਹਿਰ ਦੀ ਗੁਰਦੁਆਰਾ ਸੰਸਥਾ ਨੇ ਮੁਸਲਮਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ | ਗੁਰੂਗ੍ਰਾਮ 'ਚ ਸਦਰ ਬਾਜ਼ਾਰ ਦੀ ਗੁਰਦੁਆਰਾ ਸੰਸਥਾ ਨੇ ਮੁਸਲਮਾਨਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਗੁਰਦੁਆਰਾ ਸਾਹਿਬ 'ਚ ਪੜ੍ਹਨ ਦੀ ਪੇਸ਼ਕਸ਼ ਕੀਤੀ ਹੈ | ਸਦਰ ਬਾਜ਼ਾਰ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸਿੱਧੂ ਨੇ ਏ.ਐਨ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੁਰੂ ਘਰ ਹੈ, ਜੋ ਬਿਨਾਂ ਕਿਸੇ ਪੱਖਪਾਤ ਦੇ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੈ | ਇਥੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਮੁਸਲਮਾਨਾਂ ਲਈ ਖੁੱਲ੍ਹੀ ਹੈ, ਜੋ ਜੁੰਮੇ ਦੀ ਨਮਾਜ਼ ਪੜ੍ਹਨਾ ਚਾਹੁੰਦੇ ਹਨ |

  ਡੇਰਾ ਬਾਬਾ ਨਾਨਕ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਮੰਤਰੀ ਮੰਡਲ ਅਤੇ ਪਰਿਵਾਰਕ ਮੈਂਬਰਾਂ ਸਮੇਤ 30 ਲੋਕਾਂ ਨਾਲ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਸ਼ਾਮ ਨੂੰ ਪਰਤੇ ਮੁੱਖ ਮੰਤਰੀ ਚੰਨੀ ਨੇ ਲਾਂਘੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਅਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ| ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਇਮਰਾਨ ਖਾਨ ਦਾ ਵੀ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ|
  ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਣ ਨੂੰ ਇਤਿਹਾਸਕ ਪਲ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਬਹੁਤ ਖੁਸ਼ਨੁਮਾ ਮੌਕਾ ਹੈ ਕਿਉਂਕਿ ਇਹ ਲਾਂਘਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਿੱਖ ਸੰਗਤ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਅਤੇ ਹੁਣ ਉਹ ਬਿਨਾਂ ਕਿਸੇ ਰੁਕਾਵਟ ਤੋਂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਹਰ ਕੋਈ ਆਸਾਨੀ ਨਾਲ ਕਰਤਾਰਪੁਰ ਲਾਂਘੇ ਤੱਕ ਪਹੁੰਚ ਸਕੇ| ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਦੋਵਾਂ ਮੁਲਕਾਂ ਵਿਚਾਲੇ ਬੰਦ ਪਿਆ ਵਪਾਰ ਵੀ ਮੁੜ ਸ਼ੁਰੂ ਕੀਤਾ ਜਾਵੇ ਤਾਂ ਜੋ ਆਪਸੀ ਸਾਂਝ ਹੋਰ ਮਜ਼ਬੂਤ ਹੋ ਸਕੇ| ਉਨ੍ਹਾਂ ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਦਰਸ਼ਨਾਂ ਲਈ ਜਾਣ ਵਾਸਤੇ ਸ਼ਰਤਾਂ ਵਿੱਚ ਛੋਟ ਮਿਲਣੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੰਗਤਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਨੂੰ ਯਾਦਗਾਰੀ ਦੱਸਿਆ।
  ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਹੈ ਕਿ ਉਹ ਦੂਜੀ ਵਾਰ ਕਰਤਾਰਪੁਰ ਸਾਹਿਬ ਆਪਣੇ ਪਰਿਵਾਰ ਸਮੇਤ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਮਨਜ਼ੂਰੀ ਤਹਿਤ ਪੰਜਾਬ ਸਰਕਾਰ ਦੇ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਉਂਦੇ ਦਿਨੀਂ ਪੜਾਅ ਵਾਰ ਕਰਤਾਰਪੁਰ ਸਾਹਿਬ ਜਾਣਗੇ| ਇਸ ਤੋਂ ਪਹਿਲਾਂ ਦਿਨੇ ਜ਼ੀਰੋ ਲਾਈਨ ’ਤੇ ਲੈਂਡ ਪੋਰਟ ਆਫ ਅਥਾਰਟੀ ਦੇ ਉੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦਾ ਨਿੱਘਾ ਸਵਾਗਤ ਕੀਤਾ।
  ਇਸ ਮੌਕੇ ਮੁੱਖ ਮੰਤਰੀ ਨਾਲ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਮਹਿੰਦਰ ਸਿੰਘ ਕੇਪੀ, ਹਰਪ੍ਰਤਾਪ ਸਿੰਘ ਅਜਨਾਲਾ, ਬਰਿੰਦਰਮੀਤ ਸਿੰਘ ਪਾਹੜਾ ਵੀ ਸਨ।
  ਗੁਰ ਪੁਰਬ ਦੀ ਪੂਰਬਲੀ ਸ਼ਾਮ ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਇਕ ਮਹਾਨ ਅਧਿਆਤਮਕ ਦੂਤ ਸਨ ਜਿਨ੍ਹਾਂ ਪ੍ਰਮਾਤਮਾ ਪ੍ਰਤੀ ਸ਼ਰਧਾ ਤੇ ਸਮਰਪਣ ਦੇ ਫਲਸਫੇ ਅਤੇ ਪਾਸਾਰ ਰਾਹੀਂ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ। ਗੁਰੂ ਸਾਹਿਬ ਦੀਆਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀਆਂ ਸਿੱਖਿਆਵਾਂ ਅੱਜ ਵੀ ਸਾਰਥਕ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਗੁਰੂ ਨਾਨਕ ਦੇਵ ਵੱਲੋਂ ਸੇਵਾ ਅਤੇ ਨਿਮਰਤਾ ਦੇ ਦਿਖਾਏ ਮਾਰਗ ਉਤੇ ਚੱਲਣ ਅਤੇ ਗੁਰੂ ਸਾਹਿਬ ਦੇ ਮਹਾਨ ਵਿਰਸੇ ਮੁਤਾਬਕ ਸ਼ਾਂਤਮਈ, ਖੁਸ਼ਹਾਲ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ।

  ਡੇਰਾ ਬਾਬਾ ਨਾਨਕ - ਪੰਜਾਬ ਭਾਜਪਾ ਦਾ 21 ਮੈਂਬਰੀ ਜਥਾ ਅੱਜ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਇਆ| ਅਸ਼ਵਨੀ ਸ਼ਰਮਾ ਨੇ ਅੱਜ ਕੇਸਰੀ ਦਸਤਾਰ ਸਜਾਈ ਹੋਈ ਸੀ| ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਅਤੇ ਸਾਰੇ ਭਾਜਪਾ ਆਗੂਆਂ ਨੂੰ ਬਹੁਤ ਖੁਸ਼ੀ ਹੈ| ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੇ ਦੇਸ਼ ਤੇ ਪੰਜਾਬ ਚ ਅਮਨ-ਸ਼ਾਂਤੀ ਬਣੇ ਰਹਿਣ ਦੀ ਅਰਦਾਸ ਕੀਤੀ ਹੈ| ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਗੁਰੂ ਨਾਨਕ ਦੇਵ ਨੇ ਕਰਤਾਰਪੁਰ ਸਾਹਿਬ ’ਚ ਲੰਬਾ ਸਮਾਂ ਖੇਤੀ ਕੀਤੀ ਸੀ ਅਤੇ ਅੱਜ ਪੰਜਾਬ ਦਾ ਕਿਸਾਨ ਦੁਖੀ ਹੈ ਤਾਂ ਕੀ ਤੁਸੀਂ ਕਿਸਾਨਾਂ ਦੇ ਭਲੇ ਲਈ ਅਰਦਾਸ ਕੀਤੀ ਤਾਂ ਅਸ਼ਵਨੀ ਸ਼ਰਮਾ ਇਸ ਸਵਾਲ ਨੂੰ ਟਾਲਦੇ ਦਿਖਾਈ ਦਿੱਤੇ| ਉਨ੍ਹਾਂ ਕਿਹਾ ਕਿ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ| ਉਨ੍ਹਾਂ ਕਿਹਾ ਕਿ ਉਹ ਅੱਜ ਸਿਆਸਤ ਕਰਕੇ ਨਹੀਂ ਸ਼ਰਧਾ ਕਰਕੇ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਹਨ| ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਵਾਰ ਫਿਰ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ| ਨਵਜੋਤ ਸਿੱਧੂ ਬਾਰੇ ਉਨ੍ਹਾਂ ਕਿਹਾ ਬਾਬਾ ਨਾਨਕ ਜੀ ਜਿਸ ਨੂੰ ਬੁਲਾਉਣਗੇ, ਉਹ ਹੀ ਕਰਤਾਰਪੁਰ ਸਾਹਿਬ ਜਾਵੇਗਾ| ਭਾਜਪਾ ਦੇ ਕਿਸਾਨ ਵਿੰਗ ਦੇ ਆਗੂ ਮਨਦੀਪ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਤਾਂ ਖੁਸ਼ੀ ਹੋਈ ਹੈ ਪਰ ਉਥੋਂ ਦੇ ਪ੍ਰਬੰਧਾਂ ਨੂੰ ਲੈ ਕੇ ਕਾਫੀ ਦੁਖੀ ਹੋਏ ਹਨ| ਉਨ੍ਹਾਂ ਕਿਹਾ ਕਿ ਉੱਥੇ ਲੋਕ ਚੱਪਲਾਂ ਪਾ ਕੇ ਹੀ ਦਰਬਾਰ ਦੇ ਬਾਹਰ ਘੁੰਮਦੇ ਵੇਖੇ ਗਏ| ਭਾਜਪਾ ਆਗੂ ਤੀਕਸ਼ਣ ਸੂਦ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਅਨੋਖਾ ਆਨੰਦ ਮਿਲਿਆ ਹੈ|

  ਅੰਮ੍ਰਿਤਸਰ / ਲਾਹੌਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਪਗ 20 ਮਹੀਨਿਆਂ ਮਗਰੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ’ਤੇ ਅੱਜ 28 ਭਾਰਤੀ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਪਾਕਿਸਤਾਨ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪੁੱਜ ਗਿਆ ਹੈ। ਕਰੋਨਾ ਮਹਾਮਾਰੀ ਕਾਰਨ ਮਾਰਚ 2020 ਨੂੰ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ| ਇਸੇ ਤਰ੍ਹਾਂ 2500 ਤੋਂ ਵੱਧ ਸਿੱਖ ਸ਼ਰਧਾਲੂ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਇਹ ਜਾਣਕਾਰੀ ਦਿੱਤੀ। ਹਾਸ਼ਮੀ ਨੇ ਕਿਹਾ ਕਿ ਪਾਕਿਸਤਾਨ ਨੇ 2890 ਭਾਰਤੀ ਸਿੱਖਾਂ ਨੂੰ ਵੀਜ਼ੇ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚੋਂ 2500 ਤੋਂ ਵੱਧ ਇੱਥੇ ਪੁੱਜੇ ਹਨ।
  ਕਰੋਨਾ ਮਹਾਮਾਰੀ ਕਾਰਨ ਮਾਰਚ 2020 ਨੂੰ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ| 552ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਤੋਂ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਦੇਰ ਸ਼ਾਮ ਗੁਰਦੁਆਰਾ ਨਨਕਾਣਾ ਸਾਹਿਬ ਪੁੱਜ ਗਿਆ ਹੈ, ਜਿਥੇ ਅੱਜ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅਖੰਡ ਪਾਠ ਆਰੰਭ ਕੀਤੇ ਗਏ ਹਨ। ਇਨ੍ਹਾਂ ਦੇ ਭੋਗ ਗੁਰਪੁਰਬ ਵਾਲੇ ਦਿਨ 19 ਨਵੰਬਰ ਨੂੰ ਪੈਣਗੇ। ਗੁ: ਨਨਕਾਣਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਸੁੰਦਰ ਦੀਪਮਾਲਾ ਕੀਤੀ ਗਈ ਹੈ।
  ਇਸ ਤੋਂ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਜਥੇ ਦਾ ਔਕਾਫ ਬੋਰਡ ਦੇ ਅਧਿਕਾਰੀਆਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਆਗੂਆਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ। ਜਥੇ ਦੇ ਸਵਾਗਤ ਮੌਕੇ ਪੀਐਸਜੀਪੀਸੀ ਦੇ ਪ੍ਰਧਾਨ ਅਮੀਰ ਸਿੰਘ ਸਮੇਤ ਹੋਰ ਅਹੁਦੇਦਾਰ ਤੇ ਮੈਂਬਰਾਂ ਤੋਂ ਇਲਾਵਾ ਔਕਾਫ ਬੋਰਡ ਦੇ ਅਧਿਕਾਰੀ ਹਾਜ਼ਰ ਸਨ। ਅਮੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਸਿੱਖ ਆਵਾਮ ਵੱਲੋਂ ਭਾਰਤ ਸਰਕਾਰ ਤੋਂ ਇਹ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ, ਜੋ ਅੱਜ ਪੂਰੀ ਹੋ ਗਈ ਹੈ। ਔਕਾਫ ਬੋਰਡ ਦੇ ਅਧਿਕਾਰੀਆਂ ਨੇ ਵੀ ਸ਼ਰਧਾਲੂਆਂ ਨੂੰ ਖੁਸ਼ਆਮਦੀਦ ਕਹੀ। ਉਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੀ ਵਜ਼ਾਰਤ ਨਾਲ ਭਲਕੇ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ।
  ਮੀਟ ਦੀਆਂ ਦੁਕਾਨਾਂ ਬੰਦ ਕਰਵਾਉਣ ਦੀ ਅਪੀਲ: ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਹਰਭਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਔਕਾਫ਼ ਬੋਰਡ ਪਾਕਿਸਤਾਨ ਦੇ ਚੇਅਰਮੈਨ ਨੂੰ ਇੱਕ ਪੱਤਰ ਭੇਜ ਕੇ ਪ੍ਰਕਾਸ਼ ਪੁਰਬ ਮੌਕੇ ਇੱਕ ਮੀਲ ਇਲਾਕੇ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ।
  ਕੇਂਦਰ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਤੋਂ ਬਾਅਦ ਯਾਤਰਾ ਨਾਲ ਸੰਬੰਧਿਤ ਅਧਿਕਾਰਤ ਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ | ਕੋਰੋਨਾ ਮਹਾਂਮਾਰੀ ਕਾਰਨ ਬੀਤੇ ਸਾਲ ਕੀਤੀ ਤਾਲਾਬੰਦੀ ਤੋਂ ਪਹਿਲਾਂ ਇਸ ਲਾਂਘੇ ਰਾਹੀਂ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਨਿਯਮ ਹੁਣ ਵੀ ਲਾਗੂ ਹਨ | ਪ੍ਰਕਾਸ਼ ਪੁਰਬ 'ਚ ਸਿਰਫ਼ 2 ਦਿਨ ਬਾਕੀ ਹਨ ਅਤੇ ਸਾਈਟ 'ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਕਰਕੇ ਯਾਤਰਾ 'ਤੇ ਜਾਣ ਵਾਲੇ ਆਮ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ ਕਿ ਕੀ ਉਹ 19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ ਜਾਂ ਨਹੀਂ? ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 18 ਨਵੰਬਰ ਨੂੰ ਆਪਣੀ ਪੂਰੀ ਕੈਬਨਿਟ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਦੇ ਕੀਤੇ ਐਲਾਨ ਬਾਰੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ: ਆਮਿਰ ਅਹਿਮਦ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਭਾਰਤ ਸਰਕਾਰ ਵਲੋਂ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਨਾਲ ਕੌਣ ਅਤੇ ਕਿੰਨੇ ਵੀ. ਆਈ. ਪੀ. ਕਰਤਾਰਪੁਰ ਸਾਹਿਬ ਜਾ ਸਕਣਗੇ, ਇਸ ਦਾ ਫ਼ੈਸਲਾ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਵਲੋਂ ਲਿਆ ਜਾਵੇਗਾ | ਇਸ ਤੋਂ ਇਲਾਵਾ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਐਲਾਨ ਤੋਂ ਬਾਅਦ ਪਾਕਿ ਸਰਕਾਰ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਅਨੁਸਾਰ ਲਾਂਘੇ ਰਾਹੀਂ ਇਕ ਦਿਨ 'ਚ ਭਾਰਤ ਤੋਂ 300 ਸ਼ਰਧਾਲੂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ |

  ਵੈਨਕੂਵਰ - ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਡਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਹੜ੍ਹਾਂ ਕਾਰਨ ਕਈ ਜਾਨਾਂ ਗਈਆਂ ਹਨ। ਸ਼ਨੀਵਾਰ ਅਤੇ ਸੋਮਵਾਰ ਦਰਮਿਆਨ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਹਿੱਸੇ ਅਤੇ ਸੂਬੇ ਦੇ ਅੰਦਰੂਨੀ ਹਿੱਸੇ ਵਿੱਚ ਪ੍ਰਮੁੱਖ ਸੜਕਾਂ ਹੜ੍ਹਾਂ ਵਿੱਚ ਡੁੱਬ ਗਈਆਂ। ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁੱਟ ਗਿਆ ਹੈ।

  ਚੰਡੀਗੜ੍ਹ - ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ‘ਪੰਜਾਬ ਮਿਸ਼ਨ’ ਤੋਂ ਦੂਰੀ ਬਣਾ ਲਈ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਮੁੱਚੀ ਕਿਸਾਨੀ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਲੜ ਰਹੀ ਹੈ। ਇਸ ਹਾਲਤ ਵਿੱਚ ਕਿਸਾਨ ਜਥੇਬੰਦੀਆਂ ਸਿਆਸੀ ਧਿਰਾਂ ਨੂੰ ਰਾਜਨੀਤਕ ਗਤੀਵਿਧੀਆਂ ਕਰਨ ਤੋਂ ਵਰਜ ਰਹੀਆਂ ਹਨ ਤਾਂ ਜੋ ਕਿਸਾਨੀ ਅੰਦੋਲਨ ਪ੍ਰਭਾਵਿਤ ਨਾ ਹੋਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਚੋਣ ਸਰਗਰਮੀਆਂ ਵਿੱਢੀਆਂ ਜਾਣ ਕਿਉਂਕਿ ਪਿੰਡਾਂ ਵਿੱਚ ਲੋਕ ਸਿਆਸੀ ਆਗੂਆਂ ਦੀ ਮੁਖਾਲਫ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਜੇਕਰ ਕੋਈ ਕਿਸਾਨ ਆਗੂ ਵੀ ਸਿਆਸੀ ਗਤੀਵਿਧੀਆਂ ’ਚ ਸ਼ਾਮਲ ਹੁੰਦਾ ਹੈ ਤਾਂ ਉਸ ਨਾਲ ਵੀ ਹੋਰਨਾਂ ਸਿਆਸੀ ਧਿਰਾਂ ਵਾਲਾ ਹੀ ਸਲੂਕ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਦੇ ‘ਪੰਜਾਬ ਮਿਸ਼ਨ’ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਕੋਈ ਸਬੰਧ ਨਹੀਂ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com