ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਦਿੱਲੀ ਕਮੇਟੀ ਦੇ ਦਫਤਰ ਵਿਚ ਬੀਤੇ ਦਿਨ ਹੋਏ ਵਿਵਾਦ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਕੋਲ ਪੁੱਜ ਗਿਆ ਹੈ। ਦਿੱਲੀ ਕਮੇਟੀ ਦੇ ਇਕ ਵਫਦ ਨੇ ਇਸ ਸਬੰਧੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਵਫਦ ਨੇ ਇਸ ਸਬੰਧੀ ਮੰਗ ਪੱਤਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਨੂੰ ਸੌਂਪਿਆ ਹੈ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ 13 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਵਿਖੇ ਦਿੱਲੀ ਕਮੇਟੀ ਦੇ ਦਫਤਰ ਵਿਚ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀਕੇ ਦੇ ਸਮਰਥਕ ਪੁੱਜੇ ਸਨ, ਜਿਨ੍ਹਾਂ ਨੇ ਖ਼ਜ਼ਾਨਚੀ ਸਮੇਤ ਹੋਰ ਕਰਮਚਾਰੀਆਂ ਨਾਲ ਕਥਿਤ ਬਦਸਲੂਕੀ ਕੀਤੀ। ਵਫਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਦਾਰ ਨੇ ਮਾਮਲੇ ਦੀ ਜਾਂਚ ਕਰਾਉਣ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

  ਡੇਰਾ ਬਾਬਾ ਨਾਨਕ - ਪੰਜਾਬ ਦੇ ਕਈ ਭਾਜਪਾ ਆਗੂ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਲਈ ਰਵਾਨਾ ਹੋਏ। ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਸ਼ਰਮਾ ਨੇ ਦੱਸਿਆ, ‘ਭਾਜਪਾ ਦਾ ਵਫ਼ਦ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਜਾ ਰਿਹਾ ਹੈ।’ ਸ੍ਰੀ ਸ਼ਰਮਾ, ਜਿਨ੍ਹਾਂ ਨੇ ਦਸਤਾਰ ਸਜਾਈ ਹੋਈ ਸੀ, ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਕੋਰੀਡੋਰ ਮੁੜ ਖੋਲ੍ਹਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਧੰਨਵਾਦੀ ਹਨ। ਭਾਜਪਾ ਦੇ ਵਫ਼ਦ ਵਿੱਚ ਜੀਵਨ ਗੁਪਤਾ, ਸੁਭਾਸ਼ ਸ਼ਰਮਾ ਅਤੇ ਕੇਡੀ ਭੰਡਾਰੀ ਸ਼ਾਮਲ ਹਨ।

  ਬਟਾਲਾ - ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਐਲਾਨ ਨਾਲ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ | 18 ਨਵੰਬਰ ਨੂੰ ਪਹਿਲਾ 250 ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਸੰਬੰਧੀ ਨਤਮਸਤਕ ਹੋਣ ਪਹੁੰਚੇਗਾ | ਸੈਂਕੜੇ ਸ਼ਰਧਾਲੂ ਰੋਜ਼ਾਨਾ ਬੰਦ ਹੋਣ ਤੋਂ ਬਾਅਦ ਡੇਰਾ ਬਾਬਾ ਨਾਨਕ 'ਚ ਬਣੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਸਥੱਲ 'ਤੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦੂਰਬੀਨ ਰਾਹੀਂ ਦਰਸ਼ਨ ਕਰਦੇ ਰਹੇ ਅਤੇ ਦੁਬਾਰਾ ਲਾਂਘਾ ਖੁੱਲ੍ਹਣ ਦੀ ਅਰਦਾਸ ਕਰਦੇ ਵੀ ਨਜ਼ਰ ਆਉਂਦੇ ਰਹੇ | ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਭਾਵੇਂ ਭਾਰਤ ਸਰਕਾਰ ਵਲੋਂ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਪ੍ਰੰਤੂ ਬੰਦ ਕੀਤੇ ਜਾਣ ਸਬੰਧੀ ਲਏ ਗਏ ਇਸ ਫ਼ੈਸਲੇ ਨਾਲ ਸ਼ਰਧਾਲੂ ਬਹੁਤ ਸਹਿਮਤ ਨਹੀਂ ਸਨ | ਇਹ ਮੁੱਦਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ ਤੇ ਸਿੱਖ ਜਗਤ ਆਪਣੇ ਗੁਰੂ ਘਰ ਜਾਣ ਲਈ ਕੋਰੋਨਾ ਵਾਇਰਸ ਤੋਂ ਬਚਣ ਲਈ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਦੀਆਂ ਪੂਰੀਆਂ ਪਾਬੰਦੀਆਂ ਵਿਚ ਰਹਿ ਕੇ ਵੀ ਜਾਣ ਨੂੰ ਤਿਆਰ ਸੀ | ਹੁਣ ਦੁਬਾਰਾ ਲਾਂਘਾ ਖੁੱਲ੍ਹਣ ਦੀ ਖ਼ਬਰ ਮਿਲਦਿਆਂ ਹੀ ਪੂਰੇ ਸਿੱਖ ਜਗਤ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਸੰਗਤ ਵਲੋਂ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ |
  9 ਨਵੰਬਰ 2019 ਨੂੰ ਖੁੱਲਿ੍ਹਆ ਸੀ ਲਾਂਘਾ
  ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿ੍ਹਆ ਸੀ, ਜਿਸ ਦੇ ਉਦਘਾਟਨੀ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ | ਇਸੇ ਦਿਨ 500 ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚਾ ਸੀ | ਇਸ ਜਥੇ ਵਿਚ ਰਾਜਨੀਤਕ, ਉੱਚ ਅਧਿਕਾਰੀ, ਉਨ੍ਹਾਂ ਦੀਆਂ ਪਤਨੀਆਂ ਸਮੇਤ ਹੋਰ ਪਰਿਵਾਰਕ ਮੈਂਬਰ ਹੀ ਸ਼ਾਮਿਲ ਸਨ | ਭਾਰਤ ਤੇ ਪਾਕਿਸਤਾਨ ਸਰਕਾਰ ਵਲੋਂ ਦੋਵਾਂ ਪਾਸਿਆਂ 'ਤੇ ਚੈੱਕ ਪੋਸਟਾਂ ਅਤੇ ਟਰਮੀਨਲ ਬਣਾਏ ਗਏ ਸਨ | ਡੇਰਾ ਬਾਬਾ ਨਾਨਕ 'ਤੇ ਸਥਿਤ ਭਾਰਤ ਵਲੋਂ ਬਣਾਏ ਟਰਮੀਨਲ ਦੇ ਅੰਦਰ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਯੋਧਿਆਂ ਦੀਆਂ ਅਤਿ ਖ਼ੂਬਸੂਰਤ ਫ਼ੋਟੋਆਂ ਅਤੇ ਬੁੱਤ ਲਗਾਏ ਗਏ | ਸਰਹੱਦ 'ਤੇ ਬਣਿਆ ਇਹ ਖ਼ੂਬਸੂਰਤ ਟਰਮੀਨਲ ਆਧੁਨਿਕ ਇਮਾਰਤੀਕਰਨ ਦਾ ਵਧੀਆ ਨਮੂਨਾ ਹੈ, ਜਿਸ ਨੂੰ ਸ਼ਰਧਾਲੂਆਂ ਦੀਆਂ ਲੋੜਾਂ ਅਨੁਸਾਰ ਬਣਾਇਆ ਗਿਆ ਹੈ |
  4 ਮਹੀਨੇ 6 ਦਿਨ ਹੀ ਖੁੱਲ੍ਹਾ ਰਿਹਾ ਲਾਂਘਾ
  9 ਨਵੰਬਰ 2019 ਤੋਂ ਲੈ ਕੇ 15 ਮਾਰਚ 2020 ਤੱਕ 4 ਮਹੀਨੇ 6 ਦਿਨ ਹੀ ਇਹ ਲਾਂਘਾ ਖੁੱਲ੍ਹ ਸਕਿਆ ਸੀ, ਕਿਉਂਕਿ ਨਾਮੁਰਾਦ ਬਿਮਾਰੀ ਕੋਰੋਨਾ ਨੇ ਪੂਰੀ ਦੁਨੀਆ 'ਚ ਆਪਣਾ ਜਾਲ ਵਿਛਾ ਲਿਆ ਤੇ ਜਦੋਂ ਪੂਰੇ ਸੰਸਾਰ ਦੀ ਹਰ ਤਰ੍ਹਾਂ ਦੀ ਯਾਤਰਾ 'ਤੇ ਪਾਬੰਦੀ ਲੱਗ ਗਈ ਤਾਂ ਉਸ ਸਮੇਂ ਸਿਹਤ ਵਿਭਾਗ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਕਰ ਦਿੱਤਾ | ਪਹਿਲਾਂ ਇਹ ਲਾਂਘਾ 16 ਮਾਰਚ ਤੋਂ 16 ਅਪ੍ਰੈਲ ਤੱਕ ਇਕ ਮਹੀਨੇ ਲਈ ਬੰਦ ਕੀਤਾ ਗਿਆ ਸੀ, ਪ੍ਰੰਤੂ ਕੋਰੋਨਾ ਦੇ ਵਧਦੇ ਕਹਿਰ ਨਾਲ ਇਹ ਹੁਣ ਤੱਕ ਬੰਦ ਰਿਹਾ |

  ਚੰਡੀਗੜ੍ਹ - ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ 17 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਸਬੰਧੀ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਜੈਕਾਰਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੰਗਤ ਨੂੰ ਬੜਾ ਅਣਮੁੱਲਾ ਤੋਹਫ਼ਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੰਗਤ ਦੀ ਮੰਗ ਨੂੰ ਲੈ ਕੇ ਭਾਜਪਾ ਆਗੂਆਂ ਦਾ ਵਫ਼ਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੂੰ ਮਿਲਿਆ ਸੀ ਅਤੇ ਇਸ ਪਵਿੱਤਰ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ ਸੀ |

  ਬੀਜਿੰਗ - ਚੀਨ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ ਅਤੇ ਵਿਸ਼ਵ ਪੱਧਰੀ ਆਮਦਨ ਵਿਚ 60 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਰੱਖਣ ਵਾਲੇ 10 ਦੇਸ਼ਾਂ ਦੀਆਂ ਬੈਲੇਂਸਸ਼ੀਟ 'ਤੇ ਨਜ਼ਰ ਰੱਖਣ ਵਾਲੀ ਕੰਸਲਟੈਂਟ ਮੈਕਿੰਜੀ ਐਂਡ ਕੰਪਨੀ ਦੀ ਰਿਸਰਚ ਸ਼ਾਖਾ ਦੀ ਰਿਪੋਰਟ ਅਨੁਸਾਰ ਪਿਛਲੇ 20 ਸਾਲਾਂ ਵਿਚ ਦੁਨੀਆ ਦੀ ਜਾਇਦਾਦ ਤਿੰਨ ਗੁਣਾ ਵਧੀ ਹੈ | ਇਨ੍ਹਾਂ ਜਾਇਦਾਦਾਂ ਵਿਚ ਚੀਨ ਦੀ ਹਿੱਸੇਦਾਰੀ ਇਕ ਤਿਹਾਈ ਹੈ | ਰਿਪੋਰਟ ਅਨੁਸਾਰ ਸਾਲ 2000 ਵਿਚ ਜਿੱਥੇ ਦੁਨੀਆ ਭਰ ਦੀ ਜਾਇਦਾਦ 156 ਟਿ੍ਲੀਅਨ ਡਾਲਰ ਸੀ | ਉੱਥੇ 2020 ਵਿਚ ਇਹ ਵਧ ਕੇ 514 ਟਿ੍ਲੀਅਨ ਡਾਲਰ ਹੋ ਗਈ | ਚੀਨ ਦੀ ਜਾਇਦਾਦ ਵਿਚ ਜ਼ਬਰਦਸਤ ਇਜਾਫਾ ਹੋਇਆ ਹੈ | ਸਾਲ 2000 ਵਿਚ ਉਸ ਦੀ ਜਾਇਦਾਦ ਕੇਵਲ 7 ਟਿ੍ਲੀਅਨ ਡਾਲਰ ਸੀ ਅਤੇ 2020 ਤੱਕ ਵਧ ਕੇ 120 ਟਿ੍ਲੀਅਨ ਡਾਲਰ ਤੱਕ ਪੁੱਜ ਗਈ ਹੈ | ਦੂਸਰੇ ਪਾਸੇ ਦੂਸਰੇ ਨੰਬਰ 'ਤੇ ਆ ਚੁੱਕੇ ਅਮਰੀਕਾ ਦੀ ਜਾਇਦਾਦ 20 ਸਾਲਾਂ ਵਿਚ ਦੋਗੁਣੀ ਹੋਈ ਹੈ | ਸਾਲ 2020 ਵਿਚ ਅਮਰੀਕੀ ਜਾਇਦਾਦ 90 ਟਿ੍ਲੀਅਨ ਡਾਲਰ ਤੱਕ ਪੁੱਜ ਗਈ | ਰਿਪੋਰਟ ਅਨੁਸਾਰ ਅਮਰੀਕਾ ਵਿਚ ਜਾਇਦਾਦ ਦੇ ਭਾਅ ਵਿਚ ਬਹੁਤ ਜ਼ਿਆਦਾ ਵਾਧਾ ਨਾ ਹੋਣ ਕਾਰਨ ਅਮਰੀਕੀ ਜਾਇਦਾਦ ਚੀਨ ਦੇ ਮੁਕਾਬਲੇ ਘੱਟ ਰਹੀ ਅਤੇ ਉਸ ਨੂੰ ਦੂਸਰੇ ਨੰਬਰ 'ਤੇ ਜਾਣਾ ਪਿਆ | ਰਿਪੋਰਟ ਵਿਚ ਇਹ ਗੱਲ ਵੀ ਕਹੀ ਗਈ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਚੀਨ ਅਤੇ ਅਮਰੀਕਾ ਵਿਚ ਧਨ ਦਾ ਵੱਡਾ ਹਿੱਸਾ ਕੇਵਲ ਕੁਝ ਅਮੀਰ ਲੋਕਾਂ ਤੱਕ ਹੀ ਸੀਮਤ ਹੈ | ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਵਿਚ ਕੇਵਲ 10 ਫੀਸਦੀ ਆਬਾਦੀ ਕੋਲ ਜਾਇਦਾਦ ਦਾ ਦੋ ਤਿਹਾਈ ਹਿੱਸਾ ਹੈ ਅਤੇ ਇਨ੍ਹਾਂ ਦੇ ਸ਼ੇਅਰ ਲਗਾਤਾਰ ਵਧ ਰਹੇ ਹਨ | ਮੈਕਿੰਜੀ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਦਾ 68 ਫੀਸਦੀ ਪੈਸਾ ਰਿਅਲ ਅਸਟੇਟ ਵਿਚ ਲੱਗਿਆ ਹੋਇਆ ਹੈ | ਦੂਜੇ ਪਾਸੇ ਬਾਕੀ ਦੀ ਜਾਇਦਾਦ ਵਿਚ ਬੁਨਿਆਦੀ ਢਾਂਚਾ, ਮਸ਼ੀਨਰੀ ਅਤੇ ਉਪਕਰਨ ਵਰਗੀਆਂ ਚੀਜ਼ਾਂ ਸ਼ਾਮਿਲ ਹਨ |

  ਨਵੀਂ ਦਿੱਲੀ, 16 ਨਵੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੱਲ੍ਹ 17 ਨਵੰਬਰ ਤੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਫ਼ੈਸਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਲਿਆ ਗਿਆ ਹੈ |

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ 101 ਸਾਲਾ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਮੁੱਚੇ ਪੰਥ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਹੋਕਾ ਦਿੱਤਾ ਹੈ। ਉਹ ਅੱਜ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਸਥਾ ਦੇ ਸਥਾਪਨਾ ਦਿਵਸ ਦੀ ਸ਼ਤਾਬਦੀ ਦੇ ਸਮਾਗਮਾਂ ਦੀ ਸੰਪੂਰਨਤਾ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸ ਸਬੰਧ ਵਿੱਚ ਸਵੇਰੇ ਪਹਿਲਾਂ ਸ੍ਰੀ ਅਕਾਲ ਤਖ਼ਤ ਵਿਖੇ ਸਥਾਪਨਾ ਦਿਵਸ ਸਬੰਧੀ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਮਗਰੋਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਮਾਗਮ ਕੀਤਾ ਗਿਆ।
  ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਲਈ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ, ਜਿਸ ਨੇ ਖ਼ੁਦ ਟੈਂਕਾਂ ਤੇ ਤੋਪਾਂ ਨਾਲ ਅਕਾਲ ਤਖ਼ਤ ’ਤੇ ਹਮਲਾ ਕਰਵਾਇਆ ਸੀ। ਉਨ੍ਹਾਂ ਸਿੱਖ ਸੰਗਤ ਨੂੰ ਆਪਣੀਆਂ ਨੁਮਾਇੰਦਾ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਇਕ ਝੰਡੇ ਹੇਠ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਆਖਿਆ ਕਿ ਉਹ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਤੇ ਸਿਧਾਂਤਾਂ ਨਾਲ ਜੋੜਨ। ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਦੋਸ਼ ਲਾਇਆ ਕਿ ਕਾਂਗਰਸ ਤੇ ਹੋਰ ਅਜਿਹੀਆਂ ਧਿਰਾਂ ਸਿੱਖ ਜਥੇਬੰਦੀ ਨੂੰ ਤੋੜਨ ਅਤੇ ਖੋਰਾ ਲਾਉਣ ਦਾ ਯਤਨ ਕਰ ਰਹੀਆਂ ਹਨ, ਜਿਸ ਤੋਂ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਵਿੱਖ ਦੀਆਂ ਤਰਜੀਹਾਂ ਸਪੱਸ਼ਟ ਕੀਤੀਆਂ।

  ਸਿਆਟਲ - ਸਿਆਟਲ ਦੇ ਫੇਸਬੁੱਕ ਦੇ ਉੱਪ-ਦਫ਼ਤਰ ਦੇ ਬਾਹਰ ਵੱਖ-ਵੱਖ ਭਾਰਤੀ ਭਾਈਚਾਰਿਆਂ ਦੇ ਲੋਕਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਇਨ੍ਹਾਂ ਸਾਰੇ ਵਿਖਾਵਾਕਾਰੀਆਂ ਦੀ ਇਕ ਹੀ ਮੰਗ ਸੀ ਕਿ ਫੇਸਬੁੱਕ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਘੱਟ ਗਿਣਤੀ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਦੇ ਦਬਾਅ ਹੇਠ ਦਬਾ ਰਿਹਾ ਹੈ ਅਤੇ ਸਰਕਾਰਾਂ ਦਾ ਝੂਠ ਦੁਨੀਆ ਸਾਹਮਣੇ ਪੇਸ਼ ਕਰ ਰਿਹਾ ਹੈ | ਸਿਆਟਲ ਸਿਟੀ ਕੌਂਸਲ ਮੈਂਬਰ ਕਸਾਮਾ ਸਾਵਨਤ ਨੇ ਕਿਹਾ ਕਿ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੀ ਆਵਾਜ਼ ਨੂੰ ਫੇਸਬੁੱਕ 'ਤੇ ਦਬਾਇਆ ਜਾ ਰਿਹਾ ਹੈ | ਅਗਰ ਉਹ ਕੋਈ ਪੋਸਟ ਪਾਉਂਦੇ ਹਨ ਤਾਂ ਉਸ ਨੂੰ ਹਟਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਵੱਖ-ਵੱਖ ਸਰਕਾਰਾਂ ਦੇ ਦਬਾਅ ਹੇਠ ਹਨ ਅਤੇ ਉਨ੍ਹਾਂ ਨੂੰ ਸਿਰਫ਼ ਆਪਣਾ ਮੁਨਾਫ਼ਾ ਹੀ ਨਜ਼ਰ ਆ ਰਿਹਾ ਹੈ ਅਤੇ ਉਹ ਘੱਟ ਗਿਣਤੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰਾਂ ਦਾ ਸਾਥ ਦੇ ਰਹੇ ਹਨ | ਇਸ ਮੌਕੇ ਮੌਸਮ ਖਰਾਬ ਦੇ ਬਾਵਜੂਦ ਵੱਡੀ ਗਿਣਤੀ 'ਚ ਲੋਕਾਂ ਨੇ ਫੇਸਬੁੱਕ ਦੇ ਮਾਲਕ ਅਤੇ ਕੰਪਨੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕੁਲੀਸ਼ਨ ਆਫ਼ ਸਿਆਟਲ ਇੰਡੀਅਨ-ਅਮੈਰੀਕਨਾਂ ਵਲੋਂ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ 'ਚ ਸਿਆਟਲ ਸਿਟੀ ਕੌਂਸਲ ਮੈਂਬਰ ਕਸਾਮਾ ਸਾਵੰਤ, ਮੁਕਿਲਟੋ ਸਿਟੀ ਕੌਂਸਲ ਮੈਂਬਰ ਰਿਜ਼ ਖਾਨ, ਹੀਰਾ ਸਿੰਘ ਭੁੱਲਰ, ਸਿੱਖ ਬੁੱਧੀਜੀਵੀ ਸਤਪਾਲ ਸਿੰਘ ਪੁਰੇਵਾਲ, ਰਾਘਵ, ਹਸਨ ਖਾਨ, ਅਨਿਲ ਸ਼ਰਮਾ, ਜਗਮੀਤ ਸਿੰਘ ਗਿੱਲ, ਮੁਕੇਸ਼ ਸ਼ਰਮਾ, ਅਨਿਲ ਭੱਟਾਚਾਰੀਆ, ਜੁਗੇਂਦਰ ਸਹੋਤਾ, ਮੁਨੀਸ਼ ਕੁਮਾਰ, ਪਵਨ ਬਾਂਸਲ, ਹਰਦੀਪ ਸਿੰਘ ਸੰਘਾ, ਜਸਮੀਤ ਸਿੰਘ ਗਿੱਲ ਆਦਿ ਹਾਜ਼ਰ ਸਨ | ਇਸ ਸਾਰੇ ਪ੍ਰਦਰਸ਼ਨ ਦੀ ਇਕੋ ਮੰਗ ਸੀ ਕਿ ਫੇਸਬੁੱਕ ਸਭ ਦੀ ਸਾਂਝੀ ਆਵਾਜ਼ ਬਣੇ ਨਾ ਕਿ ਸਰਕਾਰਾਂ ਦੀ ਕਠਪੁਤਲੀ ਬਣੇ |

  ਲੁਧਿਆਣਾ - ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤ ਵਿੱਚ ਸ਼ਰਨ ਲੈਣ ਵਾਲੇ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਸੀਏਏ ਦੇ ਲਾਗੂ ਹੋਣ ਦੀ ਉਡੀਕ ਕੀਤੇ ਬਿਨਾਂ ਭਾਰਤੀ ਨਾਗਰਿਕਤਾ ਮਿਲੇਗੀ। ਉਨ੍ਹਾਂ ਸਮਾਜ ਸੇਵੀ ਅਤੇ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿੱਤਾ ਕਿ ਕਮਿਸ਼ਨ ਕਿਸੇ ਵੀ ਭਾਰਤੀ ਦੇ ਮਨ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਨਹੀਂ ਹੋਣ ਦੇਵੇਗਾ। ਲਾਲਪੁਰਾ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਸ਼ਿਲੌਂਗ ਤੋਂ ਗਰੀਬ ਸਿੱਖਾਂ ਨੂੰ ਹਟਾਉਣ ਖ਼ਿਲਾਫ਼ ਵੀ ਲਿਖਿਆ ਹੈ, ਜਿੱਥੇ ਉਹ ਦੋ ਸਦੀਆਂ ਤੋਂ ਰਹਿ ਰਹੇ ਹਨ। ਦਿੱਲੀ ਦੇ ਲੋਧੀ ਰੋਡ ਸਥਿਤ ਐੱਨਸੀਐੱਮ ਦਫ਼ਤਰ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਸਮੇਂ ਕੁਕਰੇਜਾ ਦੀ ਪਤਨੀ ਹਰਕੀਰਤ ਕੌਰ ਕੁਕਰੇਜਾ ਵੀ ਹਾਜ਼ਰ ਸੀ।

  ਸੰਗਰੂਰ - ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਦਾ ਮਾਮਲਾ ਅੱਜ ਉਸ ਸਮੇਂ ਮੁੜ ਗਰਮਾ ਗਿਆ ਜਦੋਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਹਲਕਾ ਦਿੜ੍ਹਬਾ ਤੋਂ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਾਲਜ ਮੈਨੇਜਮੈਂਟ ਖ਼ਿਲਾਫ ਹੋਈ ਸਰਕਾਰੀ ਜਾਂਚ ਮੀਡੀਆ ਅੱਗੇ ਰੱਖਦਿਆਂ ਪੰਜਾਬ ਸਰਕਾਰ ਤੋਂ ਕਾਲਜ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ, ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪਣ ਅਤੇ ਕਾਲਜ ਮੈਨੇਜਮੈਂਟ ਦੇ ਫੰਡਾਂ ਦੀ ਕਥਿਤ ਦੁਰਵਰਤੋਂ ਲਈ ਜ਼ਿੰਮੇਵਾਰ ਅਹੁਦੇਦਾਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।
  ਚੀਮਾ ਨੇ ਦੋਸ਼ ਲਾਇਆ ਕਿ ਸਰਕਾਰੀ ਗਰਾਂਟਾਂ ਨਾਲ ਚੱਲ ਰਹੇ ਕਾਲਜ ਨੂੰ ਘਾਟੇ ਤੇ ਵਿੱਤੀ ਬੋਝ ਦਾ ਹਵਾਲਾ ਦੇ ਕੇ ਬੀ.ਏ. ਦੇ ਕੋਰਸ ਬੰਦ ਕਰਨ ਦੀ ਗੱਲ ਕੀਤੀ ਗਈ ਜਿਸ ਦਾ ਇਲਾਕੇ ਦੇ ਲੋਕਾਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਸਮੇਂ ਦੌਰਾਨ ਕਾਲਜ ਮੈਨੇਜਮੈਟ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ ਅਤੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ। ਇਸ ਸਬੰਧੀ ਪੰਜਾਬ ਸਰਕਾਰ ਦੇ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਪੰਜਾਬ ਵਲੋਂ 13-7-2018 ਨੂੰ ਇੱਕ ਉਚ ਪੱਧਰੀ ਜਾਂਚ ਕਮੇਟੀ ਬਣਾਈ ਗਈ। ਇਸ ਮੌਕੇ ਸ੍ਰੀ ਚੀਮਾ ਨੇ ਉਚ ਪੱਧਰੀ ਜਾਂਚ ਕਮੇਟੀ ਦੀ ਪੜਤਾਲੀਆ ਰਿਪੋਰਟ ਮੀਡੀਆ ਸਾਹਮਣੇ ਰੱਖਦਿਆਂ ਕਿਹਾ ਕਿ ਜਾਂਚ ਕਮੇਟੀ ਨੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਪੰਜਾਬ ਨੂੰ ਭੇਜੀ ਪੜਤਾਲੀਆ ਰਿਪੋਰਟ ਵਿਚ ਕਿਹਾ ਹੈ ਕਿ ਕਾਲਜ ਮੈਨੇਜਮੈਂਟ ਵਲੋਂ ਰਜਿਸਟ੍ਰੇਸ਼ਨ ਸਮੇਂ ਫਾਈਲ ਕਰਵਾਏ ਐਮ.ਓ.ਏ ਅਤੇ ਰੂਲ ਰੈਗੂਲੇਸ਼ਨ ਵਿਚ ਕੀਤੀਆਂ ਸੋਧਾਂ ਦੇ ਮਤੇ ਪੇਸ਼ ਨਾ ਕੀਤੇ ਜਾਣ, ਉਨ੍ਹਾਂ ਦੀਆਂ ਕਾਪੀਆਂ ਰਜਿਸਟਰਾਰ ਫਰਮਜ਼ ਅਤੇ ਸੁਸਾਇਟੀ ਜਾਂ ਪੰਜਾਬੀ ਯੂਨੀਵਰਸਿਟੀ ਨੂੰ ਨਾ ਭੇਜੇ ਜਾਣ ਕਾਰਨ ਅਤੇ ਨਿਯਮਾਂ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨਾ ਕੀਤੇ ਜਾਣ ਕਾਰਨ ਵਿਚਾਰਨਯੋਗ ਨਹੀਂ ਹਨ।
  ਸ੍ਰੀ ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪੀ ਜਾਵੇ, ਕਾਲਜ ਦਾ ਪ੍ਰਬੰਧ ਸਰਕਾਰ ਆਪਣੇ ਹੱਥਾਂ ਵਿਚ ਲਏ ਕਿਉਂਕਿ ਇਹ ਮਾਮਲਾ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸਿੱਖਿਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਕੋਲ ਵੀ ਉਠਾਉਣਗੇ। ਇਸ ਸਬੰਧ ਵਿਚ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਦਾ ਪੱਖ ਜਾਨਣ ਲਈ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਵਾਰ ਵਾਰ ਕਾਲ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮੋਬਾਈਲ ਬੰਦ ਆ ਰਿਹਾ ਸੀ।
  ਕਾਲਜ ਮੈਨੇਜਮੈਂਟ ਦੇ ਪ੍ਰਧਾਨ ਕਰਨਵੀਰ ਸਿੰਘ ਸਿਬੀਆਂ ਨੇ ਕਿਹਾ ਕਿ ਮੈਨੇਜਮੈਂਟ ਨੇ ਕਈ ਵਾਰ ਡੀਪੀਆਈ ਦਫ਼ਤਰ ਪੰਜਾਬ ਅਤੇ ਸਕੱਤਰ ਉਚੇਰੀ ਸਿੱਖਿਆ ਦਫ਼ਤਰ ਪੰਜਾਬ ਨੂੰ ਅਸਲ ਸ਼ਿਕਾਇਤ ਦੀ ਕਾਪੀ ਦੇਣ ਲਈ ਬੇਨਤੀ ਕੀਤੀ ਹੈ ਜਿਸ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ ਸੀ ਪਰ ਅੱਜ ਤੱਕ ਕਾਲਜ ਮੈਨੇਜਮੈਂਟ ਨੂੰ ਨਾ ਤਾਂ ਸ਼ਿਕਾਇਤ ਕਾਪੀ ਅਤੇ ਨਾ ਹੀ ਜਾਂਚ ਕਮੇਟੀ ਦੀ ਰਿਪੋਰਟ ਮੁਹੱਈਆ ਕਰਵਾਈ ਗਈ ਹੈ। ਕਾਲਜ ਮੈਨੇਜਮੈਂਟ ਨੂੰ ਸ਼ਿਕਾਇਤ ਅਤੇ ਜਾਂਚ ਕਮੇਟੀ ਦੀ ਰਿਪੋਰਟ ਉੱਪਰ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ ਸਗੋਂ ਆਰਟੀਆਈ ਰਾਹੀਂ ਆਮ ਲੋਕਾਂ ਵਿਚ ਜਾਂਚ ਕਮੇਟੀ ਦੀ ਰਿਪੋਰਟ ਨੂੰ ਵੰਡਿਆ ਗਿਆ ਹੈ। ਸ਼ਿਕਾਇਤ ਦੀ ਕਾਪੀ ਅਤੇ ਜਾਂਚ ਕਮੇਟੀ ਦੀ ਰਿਪੋਰਟ ਮਿਲਣ ’ਤੇ ਹੀ ਮੈਨੇਜਮੈਂਟ ਕੋਈ ਟਿੱਪਣੀ ਕਰ ਸਕਦੀ ਹੈ ਅਤੇ ਲੋੜੀਂਦੀ ਕਾਰਵਾਈ ਲਈ ਸਮਰੱਥ ਅਧਿਕਾਰੀ ਕੋਲ ਮਾਮਲਾ ਉਠਾਇਆ ਜਾਵੇਗਾ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com