ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐੱਸਏਐੱਸ ਨਗਰ (ਮੁਹਾਲੀ) - ਪੰਜਾਬ ਲੋਕ ਹਿੱਤ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਹੱਥ ਮਿਲਾਉਂਦਿਆਂ ਸੰਯੁਕਤ ਦਲ ਨਾਲ ਸਿਆਸੀ ਗੱਠਜੋੜ ਕਰਨ ਦਾ ਐਲਾਨ ਕੀਤਾ। ਸ੍ਰੀ ਬੀਰਮੀ ਲੁਧਿਆਣਾ ਵਿੱਚ ਚਾਰ ਵਾਰ ਵਿਧਾਇਕ ਦੀ ਚੋਣ ਜਿੱਤੇ ਹਨ ਅਤੇ ਜੇਲ੍ਹ ਮੰਤਰੀ ਵੀ ਰਹਿ ਚੁੱਕੇ ਹਨ। ਅੱਜ ਇੱਥੋਂ ਦੇ ਫੇਜ਼-11 ਸਥਿਤ ਗੋਲਫ਼ ਰੇਂਜ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਆਉਂਦੇ ਦੋ ਹਫ਼ਤਿਆਂ ਤੱਕ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਹਮਖ਼ਿਆਲੀ ਪਾਰਟੀਆਂ ਦਾ ਸਪੱਸ਼ਟ ਰੂਪ ਵਿੱਚ ਤੀਜਾ ਬਦਲ ਨਜ਼ਰ ਆਵੇਗਾ। ਸ੍ਰੀ ਢੀਂਡਸਾ ਨੇ ਦੱਸਿਆ ਕਿ 35 ਓਬੀਸੀ ਵਿੰਗਾਂ ਸਮੇਤ ਬੀਰਮੀ ਵੱਲੋਂ ਬਿਨਾਂ ਸ਼ਰਤ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਹਾਮੀ ਭਰਨਾ ਨਾਲ ਤੀਜੇ ਬਦਲ ਦਾ ਮੁੱਢ ਬੰਨ੍ਹਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣਾਂ ਲੜਨ ਬਾਰੇ ਪੁੱਛੇ ਜਾਣ ’ਤੇ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੀ ਕਦੇ ਵੀ ਕੈਪਟਨ ਨਾਲ ਗੱਲ ਨਹੀਂ ਹੋਈ। ਭਾਜਪਾ ਨਾਲ ਹੱਥ ਮਿਲਾਉਣ ਬਾਰੇ ਸ੍ਰੀ ਢੀਂਡਸਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ ਅਤੇ ਜੇ ਮੋਦੀ ਸਰਕਾਰ ਕਾਨੂੰਨ ਰੱਦ ਕਰਦੀ ਹੈ ਤਾਂ ਇਸ ਬਾਰੇ ਵਿਚਾਰਿਆ ਜਾਵੇਗਾ। ਢੀਂਡਸਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਪੁਲੀਸ ਹਿਰਾਸਤ ਦੌਰਾਨ ਕੜਾ ਲਾਹੁਣ ਬਾਰੇ ਕਹਿਣ ਬਹੁਤ ਨਿੰਦਣਯੋਗ ਕਾਰਵਾਈ ਹੈ।
  ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਗੱਦਾਰ ਪਾਰਟੀ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਚੰਨੀ ਨੂੰ ਆਪਣੀ ਇਸ ਵੱਡੀ ਭੁੱਲ ਲਈ 20 ਨਵੰਬਰ ਤੱਕ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਚੰਨੀ ਨੇ ਜਨਤਕ ਮੁਆਫ਼ੀ ਨਾ ਮੰਗੀ ਤਾਂ ਪਾਰਟੀ ਵੱਲੋਂ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ, ਇਸ ਲਈ ਪੂਰੀ ਪਾਰਟੀ ਨੂੰ ਗੱਦਾਰ ਕਹਿਣ ਦੀ ਥਾਂ ਇਕ ਵਿਸ਼ੇਸ਼ ਪਰਿਵਾਰ ਬਾਰੇ ਇਹ ਸ਼ਬਦ ਬੋਲੇ ਜਾਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਨੂੰ ਪੱਤਰ ਵੀ ਲਿਖ ਰਹੇ ਹਨ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਅਤੇ ਢਾਡੀਆਂ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੁੰਦਾ ਜਾਪ ਰਿਹਾ ਹੈ। ਇਕ ਦਿਨ ਦੀ ਭੁੱਖ ਹੜਤਾਲ ਖਤਮ ਕਰਨ ਮਗਰੋਂ ਢਾਡੀਆਂ ਨੇ 24 ਨਵੰਬਰ ਤੋਂ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੈ।
  ਆਪਣੀਆਂ ਮੰਗਾਂ ਸਬੰਧੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਝੰਡੇ ਹੇਠ ਢਾਡੀਆਂ ਵੱਲੋਂ ਇੱਥੇ ਵਿਰਾਸਤੀ ਮਾਰਗ ਵਿੱਚ ਸ਼੍ਰੋਮਣੀ ਕਮੇਟੀ ਖ਼ਿਲਾਫ਼ ਰੋਸ ਵਜੋਂ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਸੀ ਜਿਸ ਵਿੱਚ 11 ਢਾਡੀ ਭੁੱਖ ਹੜਤਾਲ ’ਤੇ ਬੈਠੇ ਸਨ। ਇਹ ਭੁੱਖ ਹੜਤਾਲ ਅੱਜ ਦੁਪਹਿਰ ਸਮੇਂ ਸਮਾਪਤ ਕਰਨ ਤੋਂ ਬਾਅਦ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐੱਮਏ ਨੇ 24 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਦੀ ਸੋਧ ਨਹੀਂ ਕੀਤੀ ਜਾਂਦੀ, ਇਹ ਸੰਘਰਸ਼ ਜਾਰੀ ਰਹੇਗਾ। ਇੱਕ ਰੋਜ਼ਾ ਹੜਤਾਲ ਦੌਰਾਨ ਢਾਡੀਆਂ ਵੱਲੋਂ ਦੀਵਾਨ ਵੀ ਲਾਇਆ ਗਿਆ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਕੰਧਾਂ ’ਤੇ ਬੈਨਰ ਲਾਏ ਹੋਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਖ਼ਿਲਾਫ਼ ਵੀ ਰੋਹ ਪ੍ਰਗਟਾਇਆ ਗਿਆ।
  ਢਾਡੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਬੰਦ ਕੀਤੀ ਭੇਟਾ ਸ਼ੁਰੂ ਕੀਤੀ ਜਾਵੇ ਅਤੇ ਢਾਡੀ ਦਰਬਾਰ ਦਾ ਘੱਟ ਕੀਤਾ ਸਮਾਂ ਮੁੜ ਵਧਾਇਆ ਜਾਵੇ। ਸ੍ਰੀ ਅਕਾਲ ਤਖ਼ਤ ਵੱਲੋਂ ਜਿਨ੍ਹਾਂ ਛੇ ਢਾਡੀ ਜਥਿਆਂ ’ਤੇ ਰੋਕ ਲਾਈ ਹੈ, ਉਸ ਨੂੰ ਹਟਾਇਆ ਜਾਵੇ। ਇਸ ਤੋਂ ਇਲਾਵਾ ਕੁਝ ਹੋਰ ਮੰਗਾਂ ਵੀ ਸ਼ਾਮਲ ਹਨ।

  ਅੰਮਿ੍ਤਸਰ - ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 19 ਨਵੰਬਰ ਨੂੰ ਮਨਾਏ ਜਾ ਰਹੇ 552ਵੇਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਲਗਪਗ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਘਾਪੁਰ ਆਦਿ ਤੋਂ ਸੰਗਤ ਨੇ ਪਹੁੰਚਣਾ ਵੀ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਸੰਗਤ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਰੰਗ ਬਰੰਗੀਆਂ ਲਾਈਟਾਂ ਅਤੇ ਦੀਵਾਨ ਹਾਲ ਸਮੇਤ ਹੋਰਨਾਂ ਭਵਨਾਂ ਨੂੰ ਮਹਿਕਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਸਭ ਪ੍ਰਵੇਸ਼ ਰਸਤਿਆਂ 'ਤੇ ਬਨਾਵਟੀ ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ ਅਤੇ ਗੁਰਮੁਖੀ 'ਚ ਲਿਖੇ ਨਵੇਂ ਹੋਰਡਿੰਗ ਵੀ ਲਗਾਏ ਗਏ ਹਨ | ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਵੇਸ਼ ਰਸਤੇ ਅਤੇ ਡਿਉਢੀਆਂ ਨੂੰ ਦਿੱਲਖਿੱਚ ਰੂਪ ਦਿੱਤਾ ਗਿਆ ਹੈ ਤੇ ਕਈ ਨਵੇਂ ਭਵਨ ਉਸਾਰੇ ਗਏ ਹਨ | ਇਸ ਮੌਕੇ ਗੁਰਦੁਆਰਾ ਸਾਹਿਬ 'ਚ ਸਰੋਵਰ ਦੇ ਪਿਛਲੇ ਪਾਸੇ ਸ਼ਹੀਦੀ ਗੈਲਰੀ ਵੀ ਉਸਾਰੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਗੁਰਪੁਰਬ ਮੌਕੇ ਭਾਰਤੀ ਸਿੱਖ ਯਾਤਰੂਆਂ ਸਮੇਤ ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ, ਸਿੰਧ, ਪੰਜਾਬ, ਬਲੋਚਿਸਤਾਨ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦੇ ਸਭ ਪ੍ਰਬੰਧ ਕੋਵਿਡ-19 ਸਿਹਤ ਸੁਰੱਖਿਆ ਨਿਯਮਾਂ ਅਧੀਨ ਕੀਤੇ ਜਾ ਰਹੇ ਹਨ | ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਪਾਕਿਸਤਾਨ ਦੇ ਮੁਸਲਿਮ ਸ਼ਰਧਾਲੂ ਸੱਯਦ ਜ਼ਮੀਲ ਅੱਬਾਸ ਸ਼ਾਹ ਵਲੋਂ ਲਗਪਗ ਦੋ ਕਿੱਲੋਮੀਟਰ ਲੰਬਾ ਲਾਲ ਕਾਲੀਨ ਵੀ ਵਿਛਾਇਆ ਜਾਵੇਗਾ ਤੇ ਤਿੰਨ ਦਿਨਾਂ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ |

  ਫਰੀਦਕੋਟ  - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਹੋਈ ਪੁੱਛ-ਪੜਤਾਲ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬੇਅਦਬੀ ਦੀ ਸਾਜ਼ਿਸ਼ ਡੇਰਾ ਸੱਚਾ ਸੌਦਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਰਚੀ ਗਈ ਸੀ ਅਤੇ ਇਹ ਸਾਜ਼ਿਸ਼ ਰਚਣ ਸਮੇਂ ਡੇਰਾ ਮੁਖੀ ਵੀ ਉੱਥੇ ਮੌਜੂਦ ਸੀ। ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀਆਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਡੇਰਾ ਮੁਖੀ ਤੋਂ ਸੁਨਾਰੀਆ ਜੇਲ੍ਹ ਵਿੱਚ ਪੁੱਛ-ਪੜਤਾਲ ਕੀਤੀ ਗਈ ਸੀ ਪਰੰਤੂ ਉਸ ਨੇ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ ਅਤੇ ਅਸਲੀਅਤ ਛਿਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਬੇਅਦਬੀ ਕਾਂਡ ਵਿੱਚ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਲਾਜ਼ਮੀ ਹੈ। ਜਾਂਚ ਟੀਮ ਨੇ ਡੇਰਾ ਮੁਖੀ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦੀ ਮੰਗ ਕਰਦਿਆਂ ਉਸ ਦੇ ਪ੍ਰੋਡਕਸ਼ਨ ਵਾਰੰਟਾਂ ਵਾਲੇ ਹੁਕਮ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਜਾਂਚ ਟੀਮ ਦੀ ਰਿਪੋਰਟ ਆਉਣ ਮਗਰੋਂ ਇਸ ਮਾਮਲੇ ਦੀ ਸੁਣਵਾਈ 17 ਦਸੰਬਰ ਲਈ ਨਿਸ਼ਚਿਤ ਕੀਤੀ ਹੈ। ਉਸ ਦਿਨ ਇਸ ਮਾਮਲੇ ਵਿੱਚ ਦੁਬਾਰਾ ਸੁਣਵਾਈ ਹੋਵੇਗੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਨੂੰ ਡੇਰਾ ਮੁਖੀ ਦੀ ਪੁੱਛ-ਪੜਤਾਲ ਤੋਂ ਬਾਅਦ ਅਹਿਮ ਸੁਰਾਗ ਮਿਲੇ ਹਨ ਅਤੇ ਉਨ੍ਹਾਂ ਬੇਅਦਬੀ ਕਾਂਡ ਦੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੁਝ ਅਹਿਮ ਵਿਅਕਤੀਆਂ ਤੋਂ ਵੀ ਬੇਅਦਬੀ ਕਾਂਡ ਬਾਰੇ ਪੁੱਛ-ਪੜਤਾਲ ਸੰਭਵ ਹੈ।
  ਬਹਿਬਲ ਗੋਲੀ ਕਾਂਡ ਮਾਮਲੇ ਦੀ ਅੱਜ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਸੁਣਵਾਈ ਹੋਈ ਜਿੱਥੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਸਾਰੇ ਮੁਲਜ਼ਮ ਹਾਜ਼ਰ ਸਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਰੱਖੀ ਹੈ। ਉਸ ਦਿਨ ਮੁਲਜ਼ਮਾਂ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਉਪਰ ਬਹਿਸ ਹੋਵੇਗੀ। ਇਸੇ ਦਰਮਿਆਨ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਫੋਰੈਂਸਿਕ ਜਾਂਚ ਰਿਪੋਰਟ ਦੀ ਨਕਲ ਡੇਰਾ ਪ੍ਰੇਮੀਆਂ ਨੂੰ ਨਹੀਂ ਦਿੱਤੀ ਜਾ ਸਕੀ। ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 3 ਦਸੰਬਰ ਨੂੰ ਹੋਵੇਗੀ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਘੜਨ ਦੀ ਗੱਲ ਕਰਦਿਆਂ ਬੇਅਦਬੀ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਾਉਣ ਦੀ ਮੰਗ ਕੀਤੀ ਹੈ। ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 22 ਅਕਤੂਬਰ ਨੂੰ ਸਵੇਰੇ 11.30 ਵਜੇ ਤੋਂ ਦੁਪਹਿਰ 1.30 ਵਜੇ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿੱਚ ਗੁਪਤ ਮੀਟਿੰਗ ਕਰਕੇ ਸਾਜ਼ਿਸ਼ ਰਚੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸੀਨੀਅਰ ਪੁਲੀਸ ਅਧਿਕਾਰੀ ਤੇ ਸੇਵਾ ਮੁਕਤ ਪੁਲੀਸ ਅਧਿਕਾਰੀ ਆਰਐੱਸ ਖੱਟੜਾ, ਸੁਲੱਖਣ ਸਿੰਘ ਤੋਂ ਇਲਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਜ਼ੀਰਾ ਵੀ ਸ਼ਾਮਲ ਸਨ। ਗਰੇਵਾਲ ਨੇ ਦੱਸਿਆ ਕਿ ਕਾਂਗਰਸ ਸਰਕਾਰ ਸੱਤਾ ਵਿਰੋਧੀ ਲਹਿਰ ਨੁੂੰ ਖਤਮ ਕਰਨ ਦੇ ਮਕਸਦ ਨਾਲ ਸਿਆਸੀ ਵਿਰੋਧੀਆਂ ਤੇ ਖਾਸ ਤੌਰ ’ਤੇ ਬਾਦਲ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਲੋਕਾਂ ਦਾ ਧਿਆਨ ਪਾਸੇ ਕਰਨਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਆਈਜੀ ਆਰਐੱਸ ਖੱਟੜਾ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਕਿ ਉਹ ਬਾਦਲ ਪਰਿਵਾਰ ਖ਼ਿਲਾਫ਼ ਝੂਠੇ ਗਵਾਹ ਤਿਆਰ ਕਰਨ। ਉਨ੍ਹਾਂ ਕਿਹਾ ਕਿ ਖੱਟੜਾ ਨਾਲ ਵਾਅਦਾ ਕੀਤਾ ਗਿਆ ਹੈ ਕਿ ਉਸ ਨੂੰ ਸੰਵਿਧਾਨਕ ਅਹੁਦਾ ਦਿੱਤਾ ਜਾਵੇਗਾ ਤੇ ਉਸ ਦੇ ਪੁੱਤਰ ਨੂੰ ਪਟਿਆਲਾ ਜਾਂ ਮਾਲਵਾ ਖ਼ਿੱਤੇ ਵਿਚੋਂ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾਵੇਗੀ।
  ਗਰੇਵਾਲ ਨੇ ਕਿਹਾ ਕਿ ਇਸ ਸੌਦੇ ਵਜੋਂ ਕਾਂਗਰਸੀ ਵਰਕਰ ਰਾਜਿੰਦਰ ਕੌਰ ਮੀਮਸਾ ਨੂੰ ਅਕਾਲੀ ਦਲ ਪ੍ਰਧਾਨ ਦੇ ਖ਼ਿਲਾਫ਼ ਝੂਠੇ ਗਵਾਹ ਵਜੋਂ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਹੈ। ਸਾਜ਼ਿਸ਼ ਤਹਿਤ ਰਾਜਿੰਦਰ ਕੌਰ ਇੱਕ ਪ੍ਰੈੱਸ ਕਾਨਫਰੰਸ ਕਰੇਗੀ ਅਤੇ ਡੀਜੀਪੀ ਨੂੰ ਫੋਨ ਕਰ ਕੇ ਪੁੱਛੇਗੀ ਕਿ ਉਸ ਦੀ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਜਾ ਰਹੀ। ਫਿਰ ਪੂਰੀ ਸਾਜ਼ਿਸ਼ ਤਹਿਤ ਗੱਲ ਅੱਗੇ ਵਧਾਏਗੀ। ਚੰਦੂਮਾਜਰਾ ਤੇ ਡਾ. ਚੀਮਾ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ’ਚ ਢੁਕਵੀਂ ਕਾਰਵਾਈ ਕਰਨ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਰਾਜਪਾਲ ਨਾਲ ਮੁਲਾਕਾਤ ਵੀ ਕਰਨਗੇ। ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਰਾਜ ਭਵਨ ਦੇ ਉਸ ਹਿੱਸੇ ਦੀ 22 ਅਕਤੂਬਰ ਦੀ ਸੀਸੀਟੀਵੀ ਫੁਟੇਜ ਦੇਣ ਜਿੱਥੇ ਮੀਟਿੰਗ ਹੋਈ ਸੀ। ਉਨ੍ਹਾਂ ਐੱਸਆਈਟੀ ਦੀ ਗੁਪਤ ਮੀਟਿੰਗ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਹੁਣ ਚੰਨੀ ਸਰਕਾਰ ਕੇਂਦਰ ਦੇ ਹੱਥਾਂ ਵਿਚ ਖੇਡ ਰਹੀ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਫੋਨ ਟੈਪ ਕਰਨ ਤੱਕ ਗਈ ਹੈ। ਉਹ ਸੰਸਦ ਦੇ ਆਉਂਦੇ ਸੈਸ਼ਨ ਦੌਰਾਨ ਇਸ ਮਾਮਲੇ ਵਿੱਚ ਵਿਸ਼ੇਸ਼ ਅਧਿਕਾਰ ਮਤਾ ਵੀ ਪੇਸ਼ ਕਰਨਗੇ।

  ਜਲੰਧਰ - ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ 2007 ’ਚ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਕੇਸ ਨੂੰ ਮੁੜ ਖੋਲ੍ਹਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖੀ ਹੈ। ਜਥੇਬੰਦੀ ਦੇ ਆਗੂਆਂ ਸੁਖਦੇਵ ਸਿੰਘ ਫਗਵਾੜਾ ਅਤੇ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਹੁੰਦਿਆਂ ਡੇਰਾ ਮੁਖੀ ਨੂੰ ਜਿਸ ਤਰ੍ਹਾਂ ਰਾਹਤ ਦਿੱਤੀ ਗਈ ਸੀ, ਉਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਨ੍ਹਾਂ ਆਗਆਂ ਨੇ ਕਿਹਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੌਦਾ ਸਾਧ ਵਿਰੁੱਧ ਦਰਜ ਐੱਫਆਈਆਰ ਰੱਦ ਕਰਨ ਲਈ ਪੰਜਾਬ ਪੁਲੀਸ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ 19 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਲਾਂਘਾ ਮੁੜ ਸ਼ੁਰੂ ਕੀਤਾ ਜਾਵੇ। ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਆਰਜ਼ੀ ਤੌਰ ’ਤੇ ਬੰਦ ਕੀਤੇ ਇਸ ਲਾਂਘੇ ਨੂੰ ਹਾਲਾਤ ਸੁਖਾਵੇਂ ਹੋਣ ’ਤੇ ਵੀ ਨਾ ਖੋਲ੍ਹੇ ਜਾਣ ਕਾਰਨ ਸੰਗਤ ਵਿੱਚ ਨਿਰਾਸ਼ਾ ਹੈ। ਇਸੇ ਦੌਰਾਨ ਉਨ੍ਹਾਂ ਯੂਪੀ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਦੀ ਛੁੱਟੀ ਰੱਦ ਕਰਕੇ ਇਸ ਦੀ ਥਾਂ ਛੱਠ ਪੂਜਾ ਦੀ ਛੁੱਟੀ ਲਾਗੂ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।

  ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਅੱਜ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਪੰਜਾਬੀ ਭਾਸ਼ਾ ਨਾਲ ਸਬੰਧਤ ਦੋ ਅਹਿਮ ਬਿੱਲ ‘ਪੰਜਾਬੀ ਤੇ ਹੋਰ ਭਾਸ਼ਾਵਾਂ ਸਿੱਖਿਆ (ਸੋਧ) ਬਿੱਲ, 2021’ ਤੇ ‘ਪੰਜਾਬ ਰਾਜ ਭਾਸ਼ਾ (ਸੋਧ) ਬਿੱਲ-2021’ ਪੇਸ਼ ਕੀਤੇ ਜੋ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ| ਸੂਬਾ ਭਰ ਦੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਸਖਤੀ ਨਾਲ ਲਾਗੂ ਕਰਨ ਲਈ ਬਿੱਲ ਪਾਸ ਕੀਤਾ ਗਿਆ| ਅੱਜ ਆਖਰੀ ਦਿਨ ਵਿਧਾਨ ਸਭਾ ਵਿਚ ਕੁੱਲ 15 ਬਿੱਲ ਪਾਸ ਕੀਤੇ ਗਏ ਹਨ|

  ਐਸ.ਏ.ਐਸ. ਨਗਰ - ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਖਹਿਰਾ ਨੂੰ ਅੱਜ ਉਕਤ ਮਾਮਲੇ ਵਿੱਚ ਪੁੱਛ-ਪੜਤਾਲ ਲਈ ਈਡੀ ਦੇ ਸੈਕਟਰ-18 ਸਥਿਤ ਦਫ਼ਤਰ ਵਿੱਚ ਸੱਦਿਆ ਗਿਆ ਸੀ ਜਿੱਥੇ ਮੁੱਢਲੀ ਪੁੱਛ ਪੜਤਾਲ ਤੋਂ ਬਾਅਦ ਕਾਂਗਰਸ ਆਗੂ ਦੀ ਗ੍ਰਿਫ਼ਤਾਰੀ ਪਾ ਲਈ ਗਈ।
  ਈਡੀ ਦੀ ਟੀਮ ਵੱਲੋਂ ਵੀਰਵਾਰ ਨੂੰ ਦੇਰ ਸ਼ਾਮ ਸੁਖਪਾਲ ਸਿੰਘ ਖਹਿਰਾ ਨੂੰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਖੁੱਲਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਈਡੀ ਨੂੰ ਇਕ ਿਦਨ ਦਾ ਰਿਮਾਂਡ ਮਿਲ ਗਿਆ ਹੈ। ਈਡੀ ਦੇ ਵਕੀਲ ਨੇ ਮੁਹਾਲੀ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦੇ 14 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਖਹਿਰਾ ਨੂੰ ਮਨੀ ਲਾਂਡਰਿੰਗ ਦੇ ਪੁਰਾਣੇ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਮੁਲਜ਼ਮ ਖਹਿਰਾ ਉਸ ਖ਼ਿਲਾਫ਼ ਲੱਗੇ ਗੰਭੀਰ ਦੋਸ਼ਾਂ ਬਾਰੇ ਈਡੀ ਦੀ ਜਾਂਚ ’ਚ ਸਹਿਯੋਗ ਨਹੀਂ ਦੇ ਰਹੇ ਹਨ। ਉਧਰ ਬਚਾਅ ਪੱਖ ਦੇ ਵਕੀਲਾਂ ਨੇ ਈਡੀ ਦੀ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੁਝ ਸਮੇਂ ਲਈ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਇਸ ਤੋਂ ਪਹਿਲਾਂ ਜਾਂਚ ਟੀਮ ਵੱਲੋਂ ਸਰਕਾਰੀ ਜਨਰਲ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-16 ’ਚ ਕਾਂਗਰਸ ਆਗੂ ਦਾ ਮੈਡੀਕਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਈਡੀ ਵੱਲੋਂ ਸਾਲ 2015 ਵਿੱਚ ਫਾਜ਼ਿਲਕਾ ’ਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਗੁਰਦੇਵ ਸਿੰਘ ਸਮੇਤ ਹੋਰਨਾਂ ’ਤੇ ਪਰਚਾ ਦਰਜ ਕੀਤਾ ਗਿਆ ਸੀ। ਯੂਕੇ ਅਤੇ ਪਾਕਿਸਤਾਨ ਤੋਂ ਹੈਰੋਇਨ ਸਪਲਾਈ ਕਰਨ ਦੀ ਗੱਲ ਕਹੀ ਸੀ। ਬਾਅਦ ਵਿੱਚ ਈਡੀ ਵੱਲੋਂ ਇਸ ਬਹੁ-ਚਰਚਿਤ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਨਾਮਜ਼ਦ ਕਰ ਲਿਆ ਗਿਆ ਸੀ।
  ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਈਡੀ ਵੱਲੋਂ ਸਾਜ਼ਿਸ਼ ਤਹਿਤ ਉਸ ਨੂੰ ਮਨੀ ਲਾਂਡਰਿੰਗ ਦੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਉਸ ਦੇ ਪਿੱਛੇ ਪਈ ਹੋਈ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਲੀਡਰਸ਼ਿਪ ਆਪਣੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਲਈ ਈਡੀ ਨੂੰ ਆਪਣੇ ਨਿੱਜੀ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਅਤੇ ਜਲਦੀ ਹੀ ਸੱਚਾਈ ਲੋਕਾਂ ਸਾਹਮਣੇ ਆ ਜਾਵੇਗੀ।

  ਬਲੀਆ - ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਦੇਸ਼ ਦੀ ਵੰਡ ਲਈ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਦੋਸ਼ੀ ਠਹਿਰਾਇਆ ਹੈ। ਇਕ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਜੇਕਰ ਮੁਹੰਮਦ ਅਲੀ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੁੰਦਾ ਤਾਂ ਮੁਲਕ ਦੀ ਵੰਡ ਨਹੀਂ ਹੋਣੀ ਸੀ। ਆਪਣੇ ਬਿਆਨ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੁੰਦਾ ਤਾਂ ਭਾਰਤ ਇਕ ਵੱਡਾ ਮੁਲਕ ਹੁੰਦਾ ਅਤੇ ਇੰਨੀਆਂ ਸਮੱਸਿਆਵਾਂ ਪੈਦਾ ਨਹੀਂ ਹੋਣੀਆਂ ਸਨ। ਉਨ੍ਹਾਂ ਖ਼ਬਰ ਏਜੰਸੀ ਨੂੰ ਕਿਹਾ,‘‘ਭਾਰਤ ਦੀ ਵੰਡ ਲਈ ਜਿਨਾਹ ਨਹੀਂ ਸਗੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਜ਼ਿੰਮੇਵਾਰ ਹੈ। ਵਿਵਾਦ ਦਾ ਮਾਹੌਲ ਸੰਘ ਵੱਲੋਂ ਹੀ ਪੈਦਾ ਕੀਤਾ ਗਿਆ ਸੀ।’’ ਰਾਜਭਰ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਗੋਵਿੰਦ ਵੱਲਭ ਪੰਤ ਜਿਹੇ ਆਗੂਆਂ ਨੇ ਵੀ ਜਿਨਾਹ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਮੁਲਕ ਦੀ ਆਜ਼ਾਦੀ ’ਚ ਆਪਣਾ ਯੋਗਦਾਨ ਪਾਇਆ ਸੀ। ‘ਜਿਨਾਹ ਮੁਲਕ ਲਈ ਲੜਿਆ ਸੀ। ਉਸ ਨੂੰ ਆਜ਼ਾਦੀ ਮਗਰੋਂ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ।’ ਰਾਜਭਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਕਿਸਤਾਨ ਦੇ ਬਾਨੀ ਜਿਨਾਹ ਦੀ ਤੁਲਨਾ ਸੁਤੰਤਰਤਾ ਸੰਗਰਾਮੀਆਂ ਮਹਾਤਮਾ ਗਾਂਧੀ, ਵੱਲਭਭਾਈ ਪਟੇਲ ਅਤੇ ਜਵਾਹਰਲਾਲ ਨਹਿਰੂ ਨਾਲ ਕੀਤੀ ਸੀ। ਹਰਦੋਈ ’ਚ ਇਕ ਰੈਲੀ ਦੌਰਾਨ ਯਾਦਵ ਨੇ ਕਿਹਾ ਸੀ,‘‘ਸਰਦਾਰ ਪਟੇਲ, ਰਾਸ਼ਟਰਪਿਤਾ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਅਤੇ ਜਿਨਾਹ ਇਕੋ ਵਿਦਿਅਕ ਅਦਾਰੇ ’ਚੋਂ ਪੜ੍ਹੇ ਸਨ ਅਤੇ ਉਹ ਬੈਰਿਸਟਰ ਬਣੇ। ਉਨ੍ਹਾਂ ਮੁਲਕ ਨੂੰ ਆਜ਼ਾਦੀ ਦਿਵਾਉਣ ’ਚ ਸਹਾਇਤਾ ਕੀਤੀ ਅਤੇ ਕਦੇ ਵੀ ਕਿਸੇ ਵੀ ਸੰਘਰਸ਼ ਤੋਂ ਪਾਸਾ ਨਹੀਂ ਵੱਟਿਆ ਸੀ।’’ ਜ਼ਿਕਰਯੋਗ ਹੈ ਕਿ ਰਾਜਭਰ ਨੇ 2017 ਦੀਆਂ ਯੂਪੀ ਚੋਣਾਂ ਭਾਜਪਾ ਨਾਲ ਮਿਲ ਕੇ ਲੜੀਆਂ ਸਨ ਅਤੇ ਉਹ ਸੂਬੇ ’ਚ ਮੰਤਰੀ ਵੀ ਰਹੇ ਪਰ ਹੁਣ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਬਣਾ ਲਿਆ ਹੈ। ਮਊ ਤੋਂ ਵਿਧਾਇਕ ਅਤੇ ਮਾਫੀਆ ਤੋਂ ਸਿਆਸਤਦਾਨ ਬਣੇ ਮੁਖਤਾਰ ਅਨਸਾਰੀ ਨਾਲ ਬਾਂਦਾ ਜੇਲ੍ਹ ’ਚ ਕੀਤੀ ਗਈ ਮੁਲਾਕਾਤ ਬਾਰੇ ਸਵਾਲ ਪੁੱਛਣ ’ਤੇ ਰਾਜਭਰ ਨੇ ਦੋਸ਼ ਲਾਇਆ ਕਿ ਭਾਜਪਾ ਆਗੂਆਂ ਨੇ ਹੀ ਉਸ ਨੂੰ ਜਿਤਾਉਣ ’ਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੈ।
  ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਅਖਿਲੇਸ਼ ਯਾਦਵ ਅਤੇ ਉਸ ਦੇ ਚਾਚੇ ਸ਼ਿਵਪਾਲ ਸਿੰਘ ਯਾਦਵ ਵਿਚਕਾਰ ਏਕਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸ਼ਿਵਪਾਲ ਯਾਦਵ ਆਪਣੀ ਪਾਰਟੀ ਦਾ ਰਲੇਵਾਂ ਸਮਾਜਵਾਦੀ ਪਾਰਟੀ ਨਾਲ ਕਰਨ ਲਈ ਤਿਆਰ ਹੋ ਜਾਣਗੇ ਤਾਂ ਫਿਰ ਕੋਈ ਸਮੱਸਿਆ ਨਹੀਂ ਰਹੇਗੀ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com