ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਟੋਰਾਂਟੋ - ਕੈਨੇਡਾ ’ਚ ਜਸਟਿਨ ਟਰੂਡੋ ਦੀ ਦੁਬਾਰਾ ਸਰਕਾਰ ਬਣੇਗੀ ਪਰ ਇਹ ਘੱਟਗਿਣਤੀ ਹੋਵੇਗੀ,ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ। ਸੰਸਦੀ ਚੋਣਾਂ ’ਚ ਲਿਬਰਲ ਪਾਰਟੀ ਨੂੰ ਕੁੱਲ 338 ਵਿਚੋਂ 156 ਸੀਟਾਂ ਮਿਲੀਆਂ ਹਨ| ਚੋਣਾਂ ਦਾ ਨਤੀਜਾ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਹੈ| ਸਾਲ 2019 ਵਿਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਮਿਲੀਆਂ ਸਨ| ਹਾਊਸ ਆਫ਼ ਕਾਮਨਜ਼ ਵਿਚ ਬਹੁਮਤ ਲਈ 170 ਸੀਟਾਂ ਦੀ ਲੋੜ ਹੈ। ਟਰੁਡੋ ਬਹੁਮਤ ਤੋਂ 14 ਸੀਟਾਂ ਪਛੜ ਗਏ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਮੁੜ ਕਿੰਗ ਮੇਕਰ ਬਣੇਗੀ। ਇਸ ਪਾਰਟੀ ਨੇ ਇਸ ਵਾਰ ਆਪਣੀਆਂ ਸੀਟਾਂ 24 ਤੋਂ ਵਧਾ ਕੇ 27 ਕਰ ਲਈਆਂ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਤੇ ਪਿਛਲੀ ਵਾਰ ਵੀ ਐਨੀਆਂ ਹੀ ਸੀਟਾਂ ਜਿੱਤੀਆਂ ਸਨ।

  ਟੋਰਾਂਟੋ - ਕੈਨੇਡਾ ਸੰਸਦ ਚੋਣਾਂ ਵਿੱਚ 17 ਇੰਡੋ-ਕੈਨੇਡੀਅਨਾਂ ਨੂੰ ਜਿੱਤ ਮਿਲੀ ਹੈ।17 ਇੰਡੋ-ਕੈਨੇਡੀਅਨ ਜੇਤੂਆਂ ਵਿੱਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਨੀਤਾ ਆਨੰਦ ਸ਼ਾਮਲ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ ਗਿੱਲ ਨੂੰ ਹਰਾ ਕੇ ਮੁੜ ਜਿੱਤ ਪ੍ਰਾਪਤ ਕੀਤੀ। ਚੱਗ ਨੇ ਆਪਣੀ ਵਾਟਰਲੂ ਸੀਟ ਵੀ ਬਰਕਰਾਰ ਰੱਖੀ ਤੇ ਆਨੰਦ ਨੇ ਓਕਵਿਲੇ ਸੀਟ ਹੱਥੋਂ ਨਹੀਂ ਜਾਣ ਦਿੱਤੀ।
  ਐੱਨਡੀਪੀ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਬਰਨਬੀ ਸਾਊਥ ਸੀਟ ਆਪਣੇ ਕੋਲ ਰੱਖੀ। ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਵਾਰ ਲਿਬਰਲ ਪਾਰਟੀ ਦੇ ਐੱਮਪੀ ਸੁਖ ਧਾਲੀਵਾਲ ਨੇ ਐੱਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ।
  ਦੋ ਵਾਰ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਐੱਨਡੀਪੀ ਦੀ ਸੋਨੀਆ ਅੰਧੀ ਨੂੰ ਹਰਾ ਕੇ ਸਰੀ ਸੈਂਟਰ ਸੀਟ ਜਿੱਤੀ। ਕਿਊਬੈਕ ਵਿੱਚ ਇੰਡੋ-ਕੈਨੇਡੀਅਨ ਅੰਜੂ ਢਿੱਲੋਂ ਨੇ ਆਪਣੀ ਡੋਰਵਾਲ-ਲੈਚਿਨ-ਲਾਸਲੇ ਸੀਟ ਬਰਕਰਾਰ ਰੱਖੀ। ਉੱਪਲ ਕੰਜ਼ਰਵੇਟਿਵ ਪਾਰਟੀ ਲਈ ਐਡਮੰਟਨ ਮਿੱਲ ਵੁਡਸ ਸੀਟ ਤੋਂ ਮੁੜ ਜਿੱਤ ਗਏ। ਓਂਟਾਰੀਓ ਵਿੱਚ ਬਰੈਂਪਟਨ ਵਿੱਚੋਂ ਚਾਰ ਮੌਜੂਦਾ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਕਮਲ ਖੇੜਾ ਜਿੱਤ ਗਏ।
  ਇਸ ਸਾਰੇ ਲਿਬਰਲ ਪਾਰਟੀ ਨਾਲ ਸਬੰਧਤ ਹਨ। ਚੰਦਰ ਆਰੀਆ ਨੇ ਵੀ ਓਂਟਾਰੀਓ ਵਿੱਚ ਨੇਪੀਅਨ ਸੀਟ ਬਰਕਰਾਰ ਰੱਖੀ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿੱਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿੱਚੋਂ ਹੋਣਗੇ।
  ਇਸ ਜ਼ਿਲ੍ਹੇ ਦੇ ਕਸਬੇ ਮਲਸੀਆ ਦੇ ਨਰਿੰਦਰ ਸਿੰਘ ਸਿੱਧੂ ਦਾ ਪੁੱਤਰ ਮਨਿੰਦਰ ਸਿੱਧੂ ਬਰੈਂਪਟਨ ਈਸਟ ਤੋਂ ਦੂਜੀ ਵਾਰ ਐੱਮਪੀ ਬਣਿਆ ਹੈ। ਮਲਸੀਆ ਪਿੰਡ ਦੇ ਲੋਕਾਂ ਨੇ ਇਸ ਨੂੰ ਬਹੁਤ ਮਾਣ ਵਾਲੀ ਗੱਲ ਦੱਸਿਆ ਹੈ ਤੇ ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਅਲਬਰਟਾ ਸੂਬੇ ਦੇ ਸੰਸਦੀ ਹਲਕੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਉਮੀਦਵਾਰ ਜਾਰਜ ਚਾਹਲ ਜਿੱਤ ਗਿਆ ਹੈ। ਕੈਲਗਰੀ ਫੋਰੈਸਟ ਲਾਊਨ ਤੋਂ ਕੰਜ਼ਰਵੇਟਿਵ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ।

  ਫ਼ਰੀਦਕੋਟ - ਅਕਤੂਬਰ 2015 'ਚ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਸਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ਮਾਮਲਿਆਂ 'ਚ ਨਾਮਜ਼ਦ ਡੇਰਾ ਸਿਰਸਾ ਦੇ ਤਿੰਨ ਕੌਮੀ ਕਮੇਟੀ ਮੈਂਬਰ ਹਰਸ਼ ਧੁਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਨੂੰ ਅੱਜ ਫ਼ਰੀਦਕੋਟ ਦੀ ਜੁਡੀਸ਼ੀਅਲ ਮੈਜਿਸਟਰੇਟ ਤਰਜਨੀ ਵਲੋਂ ਭਗੌੜਾ ਐਲਾਨ ਦਿੱਤਾ ਗਿਆ ਹੈ | ਇਨ੍ਹਾਂ ਤਿੰਨੇ ਕੌਮੀ ਕਮੇਟੀ ਮੈਂਬਰਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਗਲੀਆਂ 'ਚ ਅੰਗ (ਪੰਨੇ) ਖਿਲਾਰਨ ਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਸਾਜਿਸ਼ ਰਚਣ ਦਾ ਦੋਸ਼ ਹੈ | ਅਦਾਲਤ ਨੇ ਇਨ੍ਹਾਂ ਤਿੰਨੇ ਕਮੇਟੀ ਮੈਂਬਰਾਂ ਨੂੰ ਭਗੌੜਾ ਐਲਾਨਣ ਤੋਂ ਬਾਅਦ ਐਸ.ਐਚ.ਓ. ਬਾਜਾਖਾਨਾ ਨੂੰ ਆਦੇਸ਼ ਦਿੱਤੇ ਹਨ ਕਿ ਭਗੌੜੇ ਐਲਾਨੇ ਗਏ ਕਮੇਟੀ ਮੈਂਬਰਾਂ ਦੀ ਜਾਇਦਾਦ ਸ਼ਨਾਖਤ ਕੀਤੀ ਜਾਵੇ ਤੇ ਇਸ ਦੀ ਸੂਚੀ 11 ਅਕਤੂਬਰ ਤੱਕ ਅਦਾਲਤ ਸਾਹਮਣੇ ਪੇਸ਼ ਕੀਤੀ ਜਾਵੇ ਤਾਂ ਜੋ ਡੇਰਾ ਕਮੇਟੀ ਮੈਂਬਰਾਂ ਦੀ ਜਾਇਦਾਦ ਨੂੰ ਕੁਰਕ ਕੀਤਾ ਜਾ ਸਕੇ | ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਤਿੰਨੇ ਮੈਂਬਰਾਂ ਦੀ ਗਿ੍ਫ਼ਤਾਰੀ ਲਈ ਪੰਜਾਬ ਅਤੇ ਬਾਹਰਲੇ ਸੂਬਿਆਂ 'ਚ ਵੱਡੀ ਪੱਧਰ 'ਤੇ ਛਾਪੇਮਾਰੀ ਕੀਤੀ ਗਈ ਹੈ, ਪ੍ਰੰਤੂ ਇਹ ਮੁਲਜ਼ਮ ਪੁਲਿਸ ਦੀ ਗਿ੍ਫ਼ਤ 'ਚ ਨਹੀਂ ਆ ਸਕੇ | ਅਦਾਲਤ ਨੇ ਭਗੌੜੇ ਐਲਾਨੇ ਗਏ ਡੇਰਾ ਪ੍ਰੇਮੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ | ਵਿਸ਼ੇਸ਼ ਜਾਂਚ ਟੀਮ ਹੁਣ ਡੇਰਾ ਪ੍ਰੇਮੀਆਂ ਦੀ ਜਾਇਦਾਦ ਦੀ ਸ਼ਨਾਖਤ ਕਰਨ 'ਚ ਰੁੱਝ ਗਈ ਹੈ |

  ਚੰਡੀਗੜ੍ਹ - ਚਮਕੌਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਭਵਨ ਪਹੁੰਚ ਕੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਵੀ ਸਹੁੰ ਚੁੱਕੀ ਹੈ ਜੋ ਕਿ ਉਪ ਮੁੱਖ ਮੰਤਰੀ ਹੋ ਸਕਦੇ ਹਨ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਣੇ ਹੋਰ ਵਿਧਾਇਕ ਵੀ ਹਾਜ਼ਰ ਸਨ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਹਨ। ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ਵਿੱਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਸਨ। ਉਹ ਚਮਕੌਰ ਸਾਹਿਬ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ। ਸਹੁੰ ਚੁੱਕ ਖ਼ਤਮ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਰਾਜ ਭਵਨ ਪਹੁੰਚ ਗਏ ਜਿਨ੍ਹਾਂ ਚੰਨੀ ਸਣੇ ਸਹੁੰ ਚੁੱਕਣ ਵਾਲੇ ਤਿੰਨੋਂ ਆਗੂਆਂ ਨੂੰ ਵਧਾਈ ਦਿੱਤੀ।
  ਪੰਜਾਬ ਵਿਚ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਅੱਜ ਇਸ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਣ ਕਰ ਕੇ ਕਾਂਗਰਸ ਕਾਫੀ ਘਬਰਾਈ ਹੋਈ ਹੈ, ਇਸ ਵਾਸਤੇ ਉਸ ਨੇ ਅਜਿਹਾ ਕੀਤਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਪੰਜਾਬ ਵਿਚ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣਾ ਚੋਣ ਸਟੰਟ ਹੈ, ਇਸ ਤੋਂ ਬਿਨਾ ਕੁਝ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਕਾਂਗਰਸ ਵੱਲੋਂ ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਗੈਰ-ਦਲਿਤ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਦਾ ਹੁਣ ਤੱਕ ਦਲਿਤਾਂ ’ਤੇ ਪੂਰਾ ਭਰੋਸਾ ਨਹੀਂ ਹੋ ਸਕਿਆ ਹੈ ਪਰ ਇਨ੍ਹਾਂ ਦੇ ਇਸ ਦੋਹਰੇ ਚਰਿੱਤਰ ਤੇ ਚਿਹਰੇ ਤੋਂ ਉੱਥੋਂ ਦੇ ਦਲਿਤ ਵਰਗ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਹੈ।’’

  ਚੰਡੀਗੜ੍ਹ - ਚਮਕੌਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦੇ ਨਾਂ ’ਤੇ ਮੋਹਰ ਪਾਰਟੀ ਹਾਈ ਕਮਾਨ ਨੇ ਲਗਾ ਦਿੱਤੀ ਹੈ। 48 ਸਾਲਾ ਸ੍ਰੀ ਚੰਨੀ ਰੰਧਾਵਾ ਕੈਪਟਨ ਸਰਕਾਰ ਵਿੱਚ ਤਕਨੀਤੀ ਸਿੱਖਿਆ ਮੰਤਰੀ ਸਨ। ਉਹ ਤੀਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਦਾ ਨਾਮ ਚਰਚਾ ਵਿੱਚ ਨਹੀਂ ਸੀ ਤੇ ਸ਼ਾਮ ਤੱਕ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਚੱਲ ਰਿਹਾ ਸੀ।
  ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਦਾ ਮੁੱਖ ਮੰਤਰੀ ਨੂੰ ਸਿੱਖ ਹੋਣਾ ਚਾਹੀਦਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਕੋਈ ਵਿਵਾਦ ਨਹੀਂ ਹੈ ਅਤੇ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ।

  ਕਰਤਾਰਪੁਰ ਸਾਹਿਬ - ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਐੱਮਡੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਢਾਈ ਕਿਲੋ ਸ਼ੁੱਧ ਸੋਨੇ ਅਤੇ ਹੀਰਿਆਂ ਦੀ ਜੜੀ ਪੌਣੇ ਦੋ ਕਰੋੜ ਦੀ ਕੀਮਤ ਵਾਲੀ ਕਲਗੀ ਸੱਚਖੰਡ ਹਜ਼ੂਰ ਸਾਹਿਬ ਨੂੰ ਭੇਟ ਕੀਤੀ ਜਾ ਰਹੀ ਹੈ। ਇਸ ਕਲਗੀ ਨੂੰ ਗੁਜਰਾਤ, ਰਾਜਸਥਾਨ ਅਤੇ ਦਿੱਲੀ ਦੇ ਕਾਰੀਗਰਾਂ ਨੇ ਸਾਲ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਡਾ. ਸਮਰਾ ਤਖ਼ਤ ਪਟਨਾ ਸਾਹਿਬ ਵਿੱਚ ਇੱਕ ਕਰੋੜ ਅਠਾਈ ਲੱਖ ਦੀ ਕੀਮਤ ਵਾਲੀ ਸ਼ੁੱਧ ਸੋਨੇ ਤੇ ਹੀਰਿਆਂ ਨਾਲ ਤਿਆਰ ਕੀਤੀ ਕਲਗੀ ਭੇਟ ਕਰ ਚੁੱਕੇ ਹਨ।

  ਅੰਮ੍ਰਿਤਸਰ - ਅਕਾਲੀ ਦਲ (ਅ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜਲਦੀ ਕਰਵਾਉਣ ਦੀ ਮੰਗ ਲਈ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਨੇੜੇ ਰੋਸ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਜੇ 28 ਨਵੰਬਰ ਤੱਕ ਚੋਣਾਂ ਦਾ ਐਲਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
  ਰੈਲੀ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਹਰਬੀਰ ਸਿੰਘ ਸੰਧੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰ ਪਾਲ ਸਿੰਘ, ਕਰਨੈਲ ਸਿੰਘ ਨਾਗੋਕੇ, ਹਰਪਾਲ ਸਿੰਘ ਬਲੈਰ ਤੇ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਤੇ ਬਾਦਲਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ। ਇਮਾਨ ਸਿੰੰਘ ਮਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਸਿੱਖ ਗੁਰਦੁਆਰਾ ਐਕਟ ਦੀ ਧਾਰਾ 51 ਨੂੰ ਤਬਦੀਲ ਕਰਨ, ਬਰਗਾੜੀ ਮਾਮਲੇ ਤੇ 328 ਸਰੂਪਾਂ ਦੇ ਮਾਮਲੇ ਵਿਚ ਇਨਸਾਫ ਲੈਣ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਬਾਰੇ ਵਿਚਾਰ-ਚਰਚਾ ਕਰਨ ਲਈ 28 ਨਵੰਬਰ ਨੂੰ ਚੱਬਾ ’ਚ ਇਕੱਠ ਕੀਤਾ ਜਾਵੇਗਾ।

  ਸੈਕਰਾਮੈਂਟੋ - ਅਮਰੀਕਾ ਦੇ ਰੱਖਿਆ ਵਿਭਾਗ ਨੇ ਮੰਨਿਆ ਹੈ ਕਿ ਪਿਛਲੇ ਮਹੀਨੇ ਕਾਬੁਲ ਵਿਚ ਕੀਤਾ ਡਰੋਨ ਹਮਲਾ ਇਕ ਭਿਆਨਕ ਗਲਤੀ ਸੀ, ਜਿਸ ਵਿਚ ਕੋਈ ਵੀ ਅੱਤਵਾਦੀ ਨਹੀਂ ਮਰਿਆ, ਜਦ ਕਿ 7 ਬੱਚਿਆਂ ਸਮੇਤ 10 ਨਿਰਦੋਸ਼ ਲੋਕ ਮਾਰੇ ਗਏ ਸਨ | ਸ਼ੁਰੂ ਵਿਚ ਅਮਰੀਕਾ ਨੇ ਇਸ ਹਮਲੇ ਵਿਚ ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਸੀ ਤੇ ਇਸ ਹਮਲੇ ਨੂੰ ਉਚਿੱਤ ਠਹਿਰਾਇਆ ਸੀ | ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਫਰੈਂਕ ਮਕੈਨਜੀ ਨੇ ਕਿਹਾ ਹੈ ਕਿ ਸਾਡੀ ਜਾਂਚ ਹੁਣ ਮੁਕੰਮਲ ਹੋਈ ਹੈ ਤੇ ਅਸੀਂ ਇਸ ਸਿੱਟੇ ਉਪਰ ਪੁੱਜੇ ਹਾਂ ਕਿ ਇਹ ਹਮਲਾ ਦੁਖਦਾਈ ਗਲਤੀ ਸੀ | ਮਕੈਨਜੀ ਨੇ ਕਿਹਾ ਕਿ ਅਮਰੀਕੀ ਫ਼ੌਜੀਆਂ ਨੇ ਇਕ ਚਿੱਟੇ ਰੰਗ ਦੀ ਟੋਇਟਾ ਕੋਰੋਲਾ ਦਾ ਲਗਾਤਾਰ 8 ਘੰਟੇ ਪਿੱਛਾ ਕੀਤਾ ਤੇ ਉਹ ਇਸ ਸਿੱਟੇ ਉਪਰ ਪੁੱਜੇ ਕਿ ਇਹ ਟੋਇਟਾ ਕੋਰੋਲਾ ਸਾਡੇ ਲਈ ਖਤਰਾ ਹੈ | ਸਾਨੂੰ 60 ਤੋਂ ਵਧ ਖੁਫੀਆ ਸੂਚਨਾਵਾਂ ਮਿਲੀਆਂ ਸਨ, ਜਿਨ੍ਹਾਂ ਵਿਚ ਸੰਕੇਤ ਦਿੱਤਾ ਗਿਆ ਸੀ ਕਿ ਹਮਲਾ ਹੋਣ ਵਾਲਾ ਹੈ | ਇਸ ਉਪਰੰਤ 6 ਰੀਪਰ ਡਰੋਨ ਨੇ ਟੋਇਟਾ ਕੋਰੋਲਾ ਦਾ ਪਿੱਛਾ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ | ਇਹ ਹਮਲਾ ਪਿਛਲੇ ਮਹੀਨੇ 29 ਅਗਸਤ ਨੂੰ ਉਸ ਵੇਲੇ ਕੀਤਾ ਗਿਆ ਸੀ ਜਦੋਂ ਅਫ਼ਗਾਨਿਸਤਾਨ ਵਿਚੋਂ ਅਮਰੀਕੀਆਂ ਤੇ ਹੋਰ ਲੋਕਾਂ ਨੂੰ ਕੱਢਣ ਲਈ ਅਫਰਾ-ਤਫਰੀ ਦਾ ਮਾਹੌਲ ਬਣਿਆ ਹੋਇਆ ਸੀ | ਅਮਰੀਕੀ ਫੌਜ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ ਵਿਚ ਕਈ ਫਿਦਾਇਨ ਮਾਰੇ ਗਏ ਹਨ ਜੋ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉਪਰ ਹਮਲਾ ਕਰਨ ਦੀ ਤਾਕ ਵਿਚ ਸਨ | ਇਹ ਵੀ ਦਾਅਵਾ ਕੀਤਾ ਸੀ ਕਿ ਜਿਸ ਗੱਡੀ ਵਿਚ ਫਿਦਾਇਨ ਸਵਾਰ ਸਨ ਉਹ ਧਮਾਕਾਖੇਜ਼ ਸਮੱਗਰੀ ਨਾਲ ਭਰੀ ਪਈ ਸੀ | ਇਸ ਦਾਅਵੇ ਦੇ ਤੁਰੰਤ ਬਾਅਦ ਅਮਰੀਕੀ ਫ਼ੌਜ ਦੇ ਹਮਲੇ ਵਿਚ ਇਕ ਪਰਿਵਾਰ ਦੇ ਕਈ ਮੈਂਬਰਾਂ ਦੇ ਮਾਰੇ ਜਾਣ ਦੀ ਰਿਪੋਰਟ ਸਾਹਮਣੇ ਆਈ ਸੀ, ਜਿਸ 'ਤੇ ਪੈਂਟਾਗਨ ਨੇ ਵੀ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ |

  ਬਰੈਂਪਟਨ - ਵੀਹ ਸਤੰਬਰ ਨੂੰ ਕੈਨੇਡਾ ਵਿਚ ਹੋ ਰਹੀਆਂ ਸੰਸਦ ਦੀਆਂ ਮੱਧਕਾਲੀ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ 16 ਦੇ ਕਰੀਬ ਸਰਵੇਖਣ ਏਜੰਸੀਆਂ ਅਨੁਸਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਨੂੰ ਹੋਰਨਾਂ ਤੋਂ ਅੱਗੇ ਦਿਖਾਇਆ ਜਾ ਰਿਹਾ ਹੈ ਪਰ ਸਰਵੇਖਣ ਇਸ ਪਾਰਟੀ ਨੂੰ ਵੀ ਬਹੁਮਤ ਤੋਂ 10 ਸੀਟਾਂ ’ਤੇ ਹੇਠਾਂ ਖੜ੍ਹੀ ਦਿਖਾ ਰਹੇ ਹਨ, ਭਾਵ ਜੇ ਲਿਬਰਲ ਘੱਟਗਿਣਤੀ ਸਰਕਾਰ ਕੋਲ 157 ਸੀਟਾਂ ਸਨ ਤੇ ਉਹ ਵੱਧ ਕੇ 161 ਹੋ ਸਕਦੀਆਂ ਹਨ। ਪਾਰਲੀਮੈਂਟ ਦੀਆਂ ਕੁੱਲ ਸੀਟਾਂ 338 ਹਨ ,ਜਿਨ੍ਹਾਂ ਵਿੱਚੋਂ ਬਹੁਮਤ ਲਈ 171 ਸੀਟਾਂ ਦੀ ਲੋੜ ਹੈ। ਇਸ ਦੇ ਮੁਕਾਬਲੇ ’ਤੇ ਚੱਲ ਰਹੀ ਕੰਜ਼ਰਵੇਟਿਵ ਪਾਰਟੀ ਵੀ ਪਿਛਲੀ ਟਰਮ ਨਾਲੋਂ ਕਾਫ਼ੀ ਮਜ਼ਬੂਤ ਦੱਸੀ ਜਾ ਰਹੀ ਹੈ। ਲਿਬਰਲ ਪਾਰਟੀ ਇਸ ਵਾਰ 337 ਸੀਟਾਂ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਦਾ ਇਕ ਉਮੀਦਵਾਰ ਰਾਜ ਸੈਣੀ ਕਿਚਨਰ ਸੀਟ ਤੋਂ ਪਿੱਛੇ ਹਟ ਗਿਆ ਹੈ, ਹੁਣ ਉੱਥੇ ਮੁਕਾਬਲਾ ਕੰਜ਼ਰਵੇਟਿਵ ਤੇ ਐੱਨਡੀਪੀ ਵਿਚਕਾਰ ਹੋ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ 336 ਉਮੀਦਵਾਰ ਮੈਦਾਨ ਵਿੱਚ ਹਨ। ਇਸ ਪਾਰਟੀ ਦੇ 2 ਉਮੀਦਵਾਰ ਚੋਣ ਮੈਦਾਨ ਛੱਡ ਗਏ ਹਨ। ਹਾਲ ਹੀ ਵਿੱਚ ਆਏ ਸਰਵੇਖਣ ਅਨੁਸਾਰ ਲਿਬਰਲ ਪਾਰਟੀ 34 ਫੀਸਦੀ, ਕੰਜ਼ਰਵੇਟਿਵ 30 ਫੀਸਦੀ, ਐੱਨਡੀਪੀ 18 ਫੀਸਦੀ, ਪੀਪਲਜ਼ ਪਾਰਟੀ 8 ਫੀਸਦੀ, ਕਿਊਬਕ ਬਲਾਕ ਪਾਰਟੀ 6 ਫੀਸਦ ਉਤੇ ਖੜ੍ਹੀ ਦਿਖਾਈ ਗਈ ਹੈ। ਸੋ ਇਨ੍ਹਾਂ ਸਰਵੇਖਣਾਂ ਅਨੁਸਾਰ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ, ਪੀਪਲਜ਼ ਪਾਰਟੀ, ਕਿਊਬਕ ਬਲਾਕ ਪਾਰਟੀ ਅੱਗੇ ਪਿੱਛੇ ਦਿਖਾਏ ਜਾ ਰਹੇ ਹਨ। ਬਰੈਂਪਟਨ ਅਤੇ ਮਿਸੀਸਾਗਾ ਜੋ ਕਿ ਪੰਜਾਬੀਆਂ ਦੇ ਗੜ੍ਹ ਹਨ, ਦੀਆਂ 11 ਸੀਟਾਂ ਲਈ ਚੋਣ ਸਰਵੇਖਣ ਲਿਬਰਲ ਪਾਰਟੀ ਨੂੰ 48.7 ਫੀਸਦੀ, ਕੰਜ਼ਰਵੇਟਿਵ ਨੂੰ 32.7 ਫੀਸਦੀ, ਐੱਨਡੀਪੀ ਨੂੰ 21.5 ਫੀਸਦੀ ਵੋਟਾਂ ਦੇ ਰਹੇ ਹਨ।
  ਭਾਰਤੀ ਮੂਲ ਦੇ 49 ਉਮੀਦਵਾਰ ਮੈਦਾਨ ’ਚ ਹਨ। 16 ਉਮੀਦਵਾਰ ਕੰਜ਼ਰਵੇਟਿਵ, 15 ਟਰੂਡੋ ਦੀ ਲਿਬਰਲ ਪਾਰਟੀ, 12 ਜਗਮੀਤ ਸਿੰਘ ਦੀ ਐਨਡੀਪੀ ਤੇ ਛੇ ਜਣੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਪਿਛਲੀਆਂ ਚੋਣਾਂ ਵਿਚ 19 ਪੰਜਾਬੀ ਸੰਸਦ ਮੈਂਬਰ ਬਣੇ ਸਨ। ਇਨ੍ਹਾਂ ਵਿਚੋਂ ਚਾਰ ਕੈਬਨਿਟ ਮੰਤਰੀ ਬਣ ਗਏ ਸਨ। ਤਿੰਨ ਕੈਬਨਿਟ ਮੰਤਰੀ ਹਰਜੀਤ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਵੀ ਚੋਣ ਲੜ ਰਹੇ ਹਨ। ਟੋਰਾਂਟੋ ਤੇ ਵੈਨਕੂਵਰ ਵਿਚ ਕਈ ਥਾਈਂ ਮੁਕਾਬਲਾ ਪੰਜਾਬੀਆਂ ਵਿਚਾਲੇ ਹੀ ਹੈ।

  ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਥੇ ਰਾਜ ਭਵਨ ਵਿੱਚ ਰਾਜਪਾਲ ਬਨਵਾਰੀ ਨਾਲ ਪਰੋਹਿਤ ਨਾਲ ਮੁਲਾਕਾਤ ਕਰਕੇ ਅਤੇ ਆਪਣਾ ਤੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਉਨ੍ਹਾਂ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਕੈਪਟਨ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਮਰਥਕ ਵਿਧਾਇਕਾਂ ਨਾਲ ਮੀਟਿੰਗ ਵਿੱਚ ਅਸਤੀਫਾ ਦੇਣ ਬਾਰੇ ਫੈਸਲਾ ਲਿਆ। ਇਥੇ ਪੰਜਾਬ ਦੇ ਰਾਜਪਾਲ ਨੂੰ ਅਸਤੀਫਾ ਦੇਣ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੇਇੱਜ਼ਤ ਕੀਤਾ ਗਿਆ ਹੈ, ਜਿਸ ਕਰਕੇ ਅਸਤੀਫ਼ਾ ਦਿੱਤਾ ਹੈ। ਹੁਣ ਹਾਈ ਕਮਾਨ ਨੂੰ ਜਿਹੜਾ ਚੰਗਾ ਲੱਗੇ ਉਸ ਨੂੰ ਮੁੱਖ ਮੰਤਰੀ ਬਣਾ ਦੇਵੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਰਾਜਨੀਤੀ ਬਾਰੇ ਉਨ੍ਹਾਂ ਕੋਲ ਕਈ ਰਾਹ ਹਨ ਤੇ ਸਮਾਂ ਆਉਣ ’ਤੇ ਇਸ ਬਾਰੇ ਫ਼ੈਸਲਾ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹੀ ਅਸਤੀਫ਼ਾ ਦੇੇਣ ਦਾ ਫ਼ੈਸਲਾ ਕਰ ਲਿਆ ਸੀ ਤੇ ਇਸ ਬਾਰੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਣਕਾਰੀ ਦੇ ਦਿੱਤੀ ਸੀ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com