ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮੋਗਾ -  ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇੱਕ ਕੇਸ ’ਚ ਹਾਈ ਕੋਰਟ ’ਚੋਂ ਮਿਲੀ ਜ਼ਮਾਨਤ ਮਿਲ ਗਈ ਹੈ, ਪਰ ਹੋਰ ਕਤਲ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ। ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਮੂਲ ਰੂਪ ਵਿੱਚ ਪਿੰਡ ਗੱਗੜ ਪੱਤੀ, ਜੰਡਿਆਲਾ (ਜਲੰਧਰ) ਦਾ ਰਹਿਣ ਵਾਲਾ ਹੈ। ਉਹ ਸਾਲ 2017 ਵਿੱਚ ਵਿਆਹ ਕਰਵਾਉਣ ਆਇਆ ਸੀ।
  ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜੱਗੀ ਜੌਹਲ ਨੂੰ ਥਾਣਾ ਬਾਘਾਪੁਰਾਣਾ ਵਿਖੇ 17 ਦਸੰਬਰ 2016 ਨੂੰ ਆਰਮਜ਼ ਅਤੇ ਯੂਏਪੀ ਐਕਟ ਤਹਿਤ ਦਰਜ ਕੇਸ ’ਚ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਹੈ। ਉਹ ਨਿਆਂਇਕ ਹਿਰਾਸਤ ਤਹਿਤ ਕੇਂਦਰੀ ਜੇਲ ਨੰਬਰ 1, ਤਿਹਾੜ ਨਵੀਂ ਦਿੱਲੀ ਵਿੱਚ ਬੰਦ ਹੈ। ਵਕੀਲ ਨੇ ਦੱਸਿਆ ਕਿ 8 ਹੋਰ ਕੇਸ ਪੈਂਡਿੰਗ ਹਨ ਅਤੇ ਇਨ੍ਹਾਂ ਕੇਸਾਂ ’ਚ ਵੀ ਜ਼ਮਾਨਤ ਲਈ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਜਾਵੇਗੀ।
  ਸਟੇਟ ਸਪੈਸ਼ਲ ਸੈੱਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ’ਚ ਹਿੰਦੂ ਜਥੇਬੰਦੀ ਆਗੂਆਂ ਸਣੇ ਮਿਥ ਕੇ ਕੀਤੇ ਗਏ ਕਤਲਾਂ ਦੀਆਂ ਵਾਰਦਾਤਾਂ ’ਚ ਨਾਮਜ਼ਦ ਕਰਨ ਮਗਰੋਂ ਇਹ ਤਫ਼ਤੀਸ਼ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਹੋ ਗਈ ਸੀ। ਜੱਗੀ ਜੌਹਲ ’ਤੇ ਇਨ੍ਹਾਂ ਸਿਆਸੀ ਕਤਲਾਂ ਲਈ ਤੇ ਅਤਿਵਾਦੀ ਸਰਗਰਮੀਆਂ ਕਰਵਾਉਣ ਅਤੇ ਖ਼ਾਲਿਸਤਾਨੀ ਸੰਗਠਨਾਂ ਨੂੰ ਬਦਅਮਨੀ ਫੈਲਾਉਣ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ। ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿੱਚ 26 ਜੂਨ 2017 ਨੂੰ ਦਰਜ ਕੇਸ ’ਚ ਕਰੀਬ ਡੇਢ ਵਰ੍ਹਾ ਪਹਿਲਾਂ ਜੁਲਾਈ, 2019 ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਇੱਕ ਲੜਕੀ ਨਾਲ ਹੋਇਆ ਸੀ।

  ਲਾਹੌਰ - ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਵਲੋਂ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਦਿੱਤੇ ਜਾਣ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਨੂੰ ਕੋਈ ਇਤਰਾਜ਼ ਨਹੀਂ ਹੈ। ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਫੈਸਲੇ ਦੇ ਗਲਤ ਅਰਥ ਕੱਢੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗੁਰਦੁਆਰੇ ਦਾ ਅੰਦਰੂਨੀ ਪ੍ਰਬੰਧ ਗੁਰਦੁਆਰਾ ਕਮੇਟੀ ਕੋਲ ਹੀ ਰਹੇਗਾ ਅਤੇ ਉਨ੍ਹਾਂ ਵੱਲੋਂ ਸਮੁੱਚੀ ਮਰਿਆਦਾ ਦੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਗੁਰਦੁਆਰਾ ਕੰਪਲੈਕਸ ਤੋਂ ਬਾਹਰਲੇ ਪ੍ਰਬੰਧਾਂ ਦੀ ਦੇਖ-ਰੇਖ ਕਰੇਗੀ, ਜਿਸ ਵਿਚ ਗੁਰਦੁਆਰੇ ਦੀ ਇਮਾਰਤ ਦੀ ਸਾਂਭ-ਸੰਭਾਲ, ਸੁਰੱਖਿਆ ਤੇ ਹੋਰ ਪ੍ਰਬੰਧ ਸ਼ਾਮਲ ਹਨ। ਸਤਵੰਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਪਹਿਲਾਂ ਵੀ ਸਿੱਖਾਂ ਅਤੇ ਹਿੰਦੂਆਂ ਦੇ ਧਰਮ ਅਸਥਾਨਾਂ ਦੇ ਪ੍ਰਬੰਧਾਂ ਦੀ ਦੇਖ-ਰੇਖ ਈਟੀਪੀਬੀ ਵੱਲੋਂ ਹੀ ਕੀਤੀ ਜਾਂਦੀ ਹੈ।
  ਭਾਰਤ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧ ਸਿੱਖ ਸੰਸਥਾ ਤੋਂ ਲੈ ਕੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਧੀਨ 9 ਮੈਂਬਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਹਵਾਲੇ ਕਰਨ ਦੇ ਫ਼ੈਸਲੇ ਦੀ ਤਿੱਖੇ ਸ਼ਬਦਾਂ ’ਚ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਾਂ ਦੇ ਵਫ਼ਦ ਮਿਲੇ ਹਨ ਜਿਨ੍ਹਾਂ ਗੁਰਦੁਆਰੇ ਦੇ ਪ੍ਰਬੰਧ ਅਤੇ ਰੱਖ-ਰਖਾਅ ਦਾ ਜ਼ਿੰਮਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਤੋਂ ਲੈ ਕੇ ਗ਼ੈਰ ਸਿੱਖ ਸੰਸਥਾ ਹਵਾਲੇ ਕਰਨ ’ਤੇ ਡੂੰਘੀ ਚਿੰਤਾ ਜਤਾਈ ਹੈ। ਸਿੱਖਾਂ ਨੇ ਕਿਹਾ ਹੈ ਕਿ ਇਹ ਫ਼ੈਸਲਾ ਪਾਕਿਸਤਾਨ ’ਚ ਘੱਟ ਗਿਣਤੀ ਸਿੱਖਾਂ ਦੇ ਹੱਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਦੋਵੇਂ ਮੁਲਕਾਂ ਨੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜਨ ਵਾਲੇ ਲਾਂਘੇ ਨੂੰ ਖੋਲ੍ਹਿਆ ਸੀ।
  ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ,‘‘ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪੀਐੱਸਜੀਪੀਸੀ ਤੋਂ ਲੈ ਕੇ ਈਟੀਪੀਬੀ ਅਧੀਨ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਹਵਾਲੇ ਕਰਨ ਦੀਆਂ ਰਿਪੋਰਟਾਂ ਦੇਖੀਆਂ ਹਨ। ਪਾਕਿਸਤਾਨ ਦਾ ਇਹ ਇਕਪਾਸੜ ਫ਼ੈਸਲਾ ਨਿੰਦਣਯੋਗ ਹੈ ਕਿਉਂਕਿ ਇਹ ਕਰਤਾਰਪੁਰ ਸਾਹਿਬ ਲਾਂਘੇ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਖ਼ਿਲਾਫ ਹੈ।’’ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਪਾਕਿਸਤਾਨੀ ਸਰਕਾਰ ਅਤੇ ਉਸ ਦੀ ਲੀਡਰਸ਼ਿਪ ਦੀ ਅਸਲੀਅਤ ਦਾ ਪਰਦਾਫਾਸ਼ ਹੁੰਦਾ ਹੈ ਜੋ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਪੱਖਪਾਤੀ ਫ਼ੈਸਲੇ ਨੂੰ ਵਾਪਸ ਲਵੇ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੀ ਸੰਸਥਾ ਹਵਾਲੇ ਕਰੇ।
  ਉਧਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਗੁਰਦੁਆਰੇ ਦਾ ਪ੍ਰਬੰਧ ਗੈਰ ਸਿੱਖਾਂ ਨੂੰ ਦੇਣ ਨਾਲ ਸਿੱਖ ਜਗਤ ਵਿਚ ਰੋਹ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ।
  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦਾ ਪ੍ਰਬੰਧ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀਐੱਮਯੂ) ਹਵਾਲੇ ਕਰਨ ਦਾ ਮਾਮਲਾ ਚੁੱਕਿਆ। ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਅਧੀਨ ਪੀਐੱਮਯੂ ਬਣਾ ਕੇ ਪਾਕਿਸਤਾਨ ਸਰਕਾਰ ਨੇ ਗੁਰਦੁਆਰੇ ਦਾ ਪ੍ਰਬੰਧ ਅਜਿਹੀ ਕਮੇਟੀ ਹਵਾਲੇ ਕੀਤਾ ਹੈ ਜੋ ਗੈਰ ਸਿੱਖ ਹੈ ਅਤੇ ਉਸ ਨੂੰ ਸਿੱਖ ਰਹਿਤ ਮਰਿਆਦਾ ਦੀ ਕੋਈ ਜਾਣਕਾਰੀ ਨਹੀਂ ਹੈ।

   

  ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ) - ਦੂਸਰੀ ਤਾਲਾਬੰਦੀ ਤੇ ਧਾਰਮਿਕ ਅਸਥਾਨਾਂ ਤੋਂ ਸੇਵਾਵਾਂ ਬੰਦ ਕਰਨ ਅਤੇ ਧਾਰਮਿਕ ਭਾਈਚਾਰੇ ਨਾਲ ਵਿਚਾਰ ਵਟਾਂਦਰੇ ਦੀ ਘਾਟ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਸਿਹਤ ਸਕੱਤਰ ਨੂੰ ਹਾਊਸ ਆਫ ਕਾਮਨਜ ਚ ਚੁਣੌਤੀ ਦਿੱਤੀ ਗਈ ਹੈ । ਵਿਰੋਧੀ ਪਾਰਟੀ ਦੇ ਨੇਤਾ ਕੀਅਰ ਸਟਰਾਮਰ ਨੇ ਕਿਹਾ ਮੈਂ ਸ਼ਰਧਾ (ਵਿਸ਼ਵਾਸ਼) ਦੇ ਸਵਾਲ ਵੱਲ ਆਵਾਂ ਜੋ ਕਿ ਪਹਿਲਾਂ ਹੀ ਉਠਾਇਆ ਜਾ ਚੁੱਕਾ ਹੈ । ਉਸਨੇ ਕਿਹਾ ਕਿ ਨਵੇਂ ਨਿਯਮਾਂ ਦਾ ਧਾਰਮਿਕ ਵਿਸ਼ਵਾਸ਼ ਰੱਖਣ ਵਾਲੇ ਭਾਈਚਾਰੇ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਤੇ ਗੰਭੀਰ ਪ੍ਰਭਾਵ ਪਵੇਗਾ। ਧਾਰਮਿਕ ਵਿਸ਼ਵਾਸ਼ ਰੱਖਣ ਵਾਲ਼ਿਆਂ ਨਾਲ ਵਿਚਾਰ ਵਟਾਂਦਰੇ ਦੀ ਅਸਲ ਚ ਘਾਟ ਰਹੀ ਹੈ ਅਤੇ ਸਰਕਾਰ ਧਾਰਮਿਕ ਅਸਥਾਨਾਂ ਨੂੰ ਚਲਾਉਣ ਵਾਲ਼ਿਆਂ ਨਾਲ ਤੁਰੰਤ ਗੱਲ-ਬਾਤ ਕਰਕੇ ਇਸ ਪਾਸੇ ਧਿਆਨ ਦੇ ਸਕਦੀ ਹੈ ।
  ਕੰਜ਼ਰਵੇਟਿਵ ਬੈਕ ਬੈਂਚ 1922 ਕਮੇਟੀ ਦੇ ਚੇਅਰਮੈਨ ਸਰ ਗਰਾਹਮਬਰੈਡੀ ਜਿਨ੍ਹਾਂ ਨੇ ਦੂਸਰੀ ਤਾਲਾਬੰਦੀ ਦੇ ਨਿਯਮਾਂ ਦੇ ਵਿਰੁੱਧ ਵੋਟ ਪਾਈ ਨੇ ਸਵਾਲ ਉਠਾਇਆ ਕਿ ਕੀ ਸਰਕਾਰ ਕੋਲ ਜਨਤਕ ਰੂਪ ਚ ਕੀਤੀ ਜਾਂਦੀ ਪੂਜਾ ਤੇ ਪਾਬੰਦੀ ਲਾਉਣ ਦਾ ਕੋਈ ਹੱਕ ਹੈ.?
  ਸਾਬਕਾ ਪ੍ਰਧਾਨ ਮੰਤਰੀ ਟਰੀਸਾ ਮੇਅ ਨੇ ਜਿੱਥੇ ਸਰਕਾਰ ਦੇ ਜਨਤਕ ਪੂਜਾ ਨੂੰ ਗ਼ੈਰ ਕਾਨੂੰਨੀ ਕਰਾਰ ਦੇਣ ਵਾਲੇ ਕਾਨੂੰਨ ਜਿਸਦੇ ਨਤੀਜੇ ਅਜੇ ਅਣਜਾਣੇ ਹਨ ਦੇ ਹੱਕ ਚ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਉੱਥੇ ਉਸਨੇ ਸਰਕਾਰ ਤੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਕੋਵਿਡ 19 ਦੇ ਅੰਕੜਿਆਂ ਦੀ ਵਰਤੋ ਆਪਣੀ ਨੀਤੀ ਬਣਾਉਣ ਲਈ ਕਰ ਰਹੀ ਹੈ ਜਦੋਂ ਕਿ ਸਰਕਾਰ ਨੂੰ ਇਹ ਅੰਕੜਿਆਂ ਨੂੰ ਧਿਆਨ ਚ ਰੱਖ ਕੇ ਨੀਤੀ ਬਣਾਉਣੀ ਚਾਹੀਦੀ ਹੈ।
  ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਇਸ ਵਿਰੋਧ ਦਾ ਉੱਤਰ ਦਿੰਦਿਆਂ ਕਿਹਾ ਕਿ ਧਾਰਮਿਕ ਅਸਥਾਨਾਂ ਤੇ ਨਿੱਜੀ ਅਰਦਾਸ ਤੋਂ ਜ਼ਿਆਦਾ ਆਗਿਆ ਨਹੀਂ ਦਿੱਤੀ ਜਾ ਸਕਦੀ। ਉਸਨੇ ਇਹ ਵੀ ਕਿਹਾ ਕਿ ਸਰਕਾਰ ਇਹਨਾ ਪਾਬੰਦੀਆਂ ਨੂੰ ਐਵੇਂ ਲਾਗੂ ਨਹੀਂ ਕਰ ਰਹੀ ਪਰ ਇਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਹੱਤਵਪੂਰਨ ਹੈ।
  ਉਸਨੇ ਕਿਹਾ ਕਿ ਅਸੀਂ ਧਾਰਮਿਕ ਵਿਸ਼ਵਾਸ਼ ਰੱਖਣ ਵਾਲੇ ਮੁਖੀਆਂ ਅਤੇ ਧਾਰਮਿਕ ਅਸਥਾਨਾਂ ਤੇ ਕੰਮ ਕਰਨ ਵਾਲ਼ਿਆਂ ਨਾਲ ਲਗਾਤਾਰ ਨੇੜਲੇ ਸੰਬੰਧ ਬਣਾ ਕੇ ਰੱਖਾਂਗੇ ਜਿਵੇਂ ਕਿ ਇਸ ਮਹਾਂਮਾਰੀ ਦੇ ਦੌਰ ਚ ਅਸੀਂ ਪਹਿਲਾਂ ਕੀਤਾ ਹੈ।
  ਭਾਵੇਂ ਕਿ ਡਾਊਨਿੰਗ ਸਟ੍ਰੀਟ ਨੇ ਸੰਕੇਤ ਦਿੱਤਾ ਹੈ ਕਿ ਧਾਰਮਿਕ ਸੇਵਾਵਾਂ ਬੰਦ ਕਰਨ ਦੇ ਫ਼ੈਸਲੇ ਨੂੰ ਪਬਲਿਸ਼ ਨਹੀਂ ਕੀਤਾ ਜਾਵੇਗਾ।
  ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ ਟਾਸਕ ਫੋਰਸ ਦਾ ਫੈਸਲਾ ਜੋ ਕਿ ਸਿੱਖਾਂ ਦੇ ਧਾਰਮਿਕ ਵਿਸ਼ਵਾਸ਼ ਦੇ ਅਧਾਰ ਦੇ ਨਹੀਂ ਲਿਆ ਗਿਆ, ਬਿਲਕੁਲ ਗਲਤ ਹੈ।
  ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਸਰਕਾਰ ਨੇ ਜਾਣ ਬੁੱਝ ਕੇ ਆਰਕ ਬਿਸ਼ਪ ਆਫ ਕੈਂਟਰਬਰੀ ਅਤੇ ਚੀਫ਼ ਰਾਬੀ ਨਾਲ ਬੈਠਣ ਲਈ ਉਹ ਸਿੱਖ ਬੈਰਿਸਟਰ ਚੁਣਿਆਂ ਜਿਸਦਾ ਨਾਂ ਤਾਂ ਸਿੱਖ ਗੁਰੂਦਵਾਰਿਆਂ ਨਾਲ ਕੋਈ ਸੰਬੰਧ ਹੈ ਤੇ ਨਾ ਹੀ ਉਹ ਸਿੱਖ ਧਰਮ ਦਾ ਅਭਿਆਸੀ ਹੈ ।
  ਸਿੱਖ ਭਾਈਚਾਰੇ ਦੇ ਦਬਾਅ ਕਾਰਨ ਉਸਨੂੰ ਪਹਿਲੇ ਹਫ਼ਤੇ ਚ ਹੀ ਅਸਤੀਫ਼ਾ ਦੇਣਾ ਪਿਆ ਪਰ ਸਰਕਾਰ ਅੱਜ ਪੂਰੇ 5 ਮਹੀਨੇ ਬਾਦ ਵੀ ਉਸ ਲਈ ਬਜ਼ਿਦ ਹੈ ਤੇ ਸਰਕਾਰੀ ਤੌਰ ਤੇ ਉਸਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਲਗਾਇਆ ਗਿਆ ।
  ਸਿੱਖ ਸੰਸਥਾਵਾਂ ਜੋ ਕਿ ਲੰਬੇ ਸਮੇਂ ਤੋਂ ਸਰਕਾਰ ਨਾਲ ਕੰਮ ਕਰਦੀਆਂ ਆ ਰਹੀਆਂ ਹਨ ਤੇ ਗੁਰੂਦਵਾਰਿਆਂ ਨਾਲ ਵੀ ਰਲ ਕੇ ਚਲ ਰਹੀਆਂ ਹਨ ਨੂੰ ਜਾਣਬੁੱਝ ਕੇ ਹਾਸ਼ੀਏ ਤੇ ਰੱਖਿਆ ਗਿਆ ਹੈ ਕਿਉਂਕਿ ਉਹ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਸਕਦੀਆਂ ਹਨ । ਇਹਨਾਂ ਸੰਸਥਾਵਾਂ ਨੂੰ ਵਿਸ਼ਵਾਸ਼ ਮੰਤਰੀ ਨਾਲ ਗੱਲ-ਬਾਤ ਕਰਨ ਲਈ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ।
  ਪ੍ਰਧਾਨ ਮੰਤਰੀ ਦੀ ਟਿਪੱਣੀ ਜਿਸ ਵਿਚ ਉਸਨੇ ਕਿਹਾ ਕਿ ਸਭ ਤੋਂ ਵਧੀਆ ਤੇ ਅਸਲੀਅਤ ਚ ਇਹ ਹੈ ਕਿ ਜੋ ਉਪਾਅ ਅਸੀਂ ਹੁਣ ਕੀਤੇ ਹਨ, ਸੰਭਾਵਨਾ ਹੈ ਕਿ ਦਸੰਬਰ ਮਹੀਨੇ ਕ੍ਰਿਸਮਸ ਤੱਕ ਸਾਰਿਆਂ ਨੂੰ ਜਨਤਕ ਤੌਰ ਤੇ ਪੂਜਾ ਕਰਨ ਦੀ ਤੇ ਜਸ਼ਨ ਮਨਾਉਣ ਦੀ ਖੁੱਲ੍ਹ ਮਿਲ ਸਕਦੀ ਹੈ। ਇਸ ਤੋ ਲਗਦਾ ਹੈ ਉਸਨੂੰ ਇਹ ਹੋਸ਼ ਨਹੀਂ ਹੈ ਇਸਦਾ ਦੂਜੇ ਧਰਮਾਂ ਚ ਵਿਸ਼ਵਾਸ਼ ਰੱਖਣ ਵਾਲ਼ਿਆਂ ਤੇ ਕੀ ਅਸਰ ਪਵੇਗਾ।
  ਇਸ ਦੂਜੀ ਤਾਲਾਬੰਦੀ ਦੇ ਦੌਰਾਨ ਸਿੱਖ ਕੈਲੰਡਰ ਅਨੁਸਾਰ ਸਾਡੇ ਦੋ ਬਹੁਤ ਹੀ ਮਹੱਤਵ ਪੂਰਨ ਦਿਹਾੜੇ ਆ ਰਹੇ ਹਨ। 14 ਨਵੰਬਰ ਨੂੰ ਬੰਦੀ ਛੋੜ ਦਿਵਸ ਤੇ ਦੂਸਰਾ 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ । ਸਿੱਖ ਭਾਈਚਾਰੇ ਦੀਆਂ ਜ਼ਰੂਰਤਾਂ ਤੇ ਚਿੰਤਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।

  ਵਾਸ਼ਿੰਗਟਨ - ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਊਮੀਦਵਾਰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਊਨ੍ਹਾਂ ਦੇ ਡੈਮੋਕ੍ਰੇਟਿਕ ਵਿਰੋਧੀ ਜੋਅ ਬਾਇਡਨ ਵਿਚਾਲੇ ਸਖ਼ਤ ਮੁਕਾਬਲੇ ਦੇ ਸਪੱਸ਼ਟ ਜੇਤੂ ਬਾਰੇ ਜਾਣਨ ਲਈ ਅਜੇ ਅਮਰੀਕੀਆਂ ਨੂੰ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕੁਝ ਸੂਬਿਆਂ ਦੇ ਅੰਤਿਮ ਨਤੀਜੇ ਆਊਣੇ ਅਜੇ ਬਾਕੀ ਹਨ। ਇਨ੍ਹਾਂ ਸੂਬਿਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਕਾਰਨ ਡਾਕ ਰਾਹੀਂ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ।
  ਅਮਰੀਕੀ ਮੀਡੀਆ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਦੋ ਦਿਨ ਬਾਅਦ ਬਾਇਡਨ 264 ਚੁਣਾਵੀ ਵੋਟਾਂ ਨਾਲ 270 ਦੇ ਕ੍ਰਿਸ਼ਮਈ ਅੰਕੜੇ ਦੇ ਕਰੀਬ ਪਹੁੰਚ ਗਏ ਹਨ ਜਦਕਿ ਟਰੰਪ ਨੇ ਅਜੇ ਤੱਕ 214 ਵੋਟਾਂ ਪ੍ਰਾਪਤ ਕੀਤੀਆਂ ਹਨ। ਚਾਰ ਸੂਬਿਆਂ -ਜੌਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ ਵਿੱਚ ਨਤੀਜੇ ਐਲਾਨੇ ਜਾਣੇ ਅਜੇ ਬਾਕੀ ਹਨ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸਣਯੋਗ ਹੈ ਕਿ ਅਮਰੀਕਾ ਦੀਆਂ ਚੋਣਾਂ ਵਿੱਚ ਵੋਟਰ ਇੱਕ ਕੌਮੀ ਪੱਧਰ ਦੇ ਮੁਕਾਬਲੇ ਦੀ ਬਜਾਏ ਸੂਬਾ-ਪੱਧਰ ’ਤੇ ਮੁਕਾਬਲਿਆਂ ਦਾ ਫ਼ੈਸਲਾ ਕਰਦੇ ਹਨ। ਅਮਰੀਕਾ ਦੇ ਹਰੇਕ ਸੂਬੇ ਨੂੰ ਵਸੋਂ ਦੇ ਹਿਸਾਬ ਨਾਲ ਚੁਣਾਵੀ ਹਲਕੇ ਦੀਆਂ ਵੋਟਾਂ ਮਿਲਦੀਆਂ ਹਨ, ਜਿਸ ਨਾਲ ਦੇਸ਼ ਭਰ ਦੀਆਂ ਕੁੱੱਲ ਚੁਣਾਵੀ ਵੋਟਾਂ ਦੀ ਗਿਣਤੀ 538 ਹੁੰਦੀ ਹਨ। ਜਿੱਤਣ ਲਈ 270 ਵੋਟਾਂ ਲਾਜ਼ਮੀ ਹਨ। ਇਸ ਕ੍ਰਿਸ਼ਮਈ ਅੰਕੜੇ ਤੱਕ ਪੁੱਜਣ ਲਈ ਟਰੰਪ ਨੂੰ ਫਸਵੀਂ ਟੱਕਰ ਵਾਲੇ ਚਾਰੇ ਸੂਬਿਆਂ- ਜੌਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ ਵਿੱਚ ਚੋਣਾਂ ਜਿੱਤਣੀਆਂ ਪੈਣਗੀਆਂ। ਜੌਰਜੀਆ ਵਿੱਚ ਹਾਲੇ ਤੱਕ ਕਰੀਬ 90,375 ਵੋਟਾਂ ਦੀ ਗਿਣਤੀ ਬਾਕੀ ਹੈ। ਸੂਬੇ ਦੀਆਂ 16 ਚੁਣਾਵੀ ਵੋਟਾਂ ਹਨ। ਕੁੱਲ 20 ਚੁਣਾਵੀ ਵੋਟਾਂ ਵਾਲੇ ਸੂਬੇ ਪੈਨਸਿਲਵੇਨੀਆ ਵਿੱਚ ਅਜੇ 7,63,000 ਵੋਟਾਂ ਦੀ ਗਿਣਤੀ ਬਾਕੀ ਹੈ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਜਨਰਲ ਇਜਲਾਸ ਦੀ ਇਕੱਤਰਤਾ 27 ਨਵੰਬਰ ਨੂੰ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇੇਗੀ। ਇਹ ਫੈਸਲਾ ਅੱਜ ਇਥੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਦੌਰਾਨ ਇਕ ਮਤਾ ਪਾਸ ਕਰਕੇ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗ਼ੈਰ ਸਿੱਖ ਸੰਸਥਾ ਹਵਾਲੇ ਕਰਨ ਦਾ ਵਿਰੋਧ ਕਰਦਿਆਂ ਉਸ ਨੂੰ ਇਹ ਫੈਸਲਾ ਵਿਚਾਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ 328 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਦੇ ਮਾਮਲੇ ਵਿਚ ਉੱਚ ਪੱਧਰੀ ਸਮੀਖਿਆ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।
  ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਮੀਡੀਆ ਨੂੰ ਦੱਸਿਆ ਕਿ 27 ਨਵੰਬਰ ਨੂੰ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਦਾ ਪ੍ਰਬੰਧ ਪ੍ਰੋਜੈਕਟ ਮੈਨੇਜਮੈਂਟ ਕੰਪਨੀ ਨੂੰ ਦੇਣ ਦੀ ਸਖ਼ਤ ਨਿੰਦਾ ਕਰਦਿਆਂ ਅੰਤ੍ਰਿੰਗ ਕਮੇਟੀ ਨੇ ਨਿੰਦਾ ਮਤਾ ਪਾਸ ਕੀਤਾ ਜੋ ਪਾਕਿਸਤਾਨ ਸਰਕਾਰ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਚਿਰੋਕਣੀ ਮੰਗ ਮਗਰੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ ਅਤੇ ਹੁਣ ਇਸ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਪ੍ਰੋਜੈਕਟ ਮੈਨੇਜਮੈਂਟ ਕੰਪਨੀ ਨੂੰ ਸੌਂਪਣਾ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਕੋਲ ਹੀ ਹੋਣਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ’ਤੇ ਰੋਸ ਜਤਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਰਾਹੀਂ ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਨੂੰ ਇਕ ਪੱਤਰ ਵੀ ਸੌਂਪਿਆ ਗਿਆ ਹੈ।
  328 ਪਾਵਨ ਸਰੂਪਾਂ ਦੇ ਮਾਮਲੇ ਵਿਚ ਹੋਈ ਜਾਂਚ ਤੋਂ ਬਾਅਦ ਪੈਦਾ ਹੋਈਆਂ ਪ੍ਰਸਿਥਤੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਸਮੁੱਚੇ ਮਾਮਲੇ ’ਤੇ ਨਜ਼ਰਸਾਨੀ ਕਰਨ ਲਈ ਉਚ ਪੱਧਰੀ ਸਮੀਖਿਆ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਲੋੜ ਮੁਤਾਬਕ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਮਾਮਲੇ ਵਿਚ ਸੰਸਥਾ ਦਾ ਆਡਿਟ ਕਰਦੀ ਐੱਸ ਐੱਸ ਕੋਹਲੀ ਐਂਡ ਕੰਪਨੀ ਕੋਲੋਂ ਵੀ ਰਕਮ ਵਸੂਲੀ ਲਈ ਲੀਗਲ ਨੋਟਿਸ ਭੇਜਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਵੱਲੋਂ ਇਸ ਕੰਪਨੀ ਕੋਲੋਂ 70 ਫੀਸਦੀ ਮਿਹਨਤਾਨੇ ਦੀ ਰਕਮ ਵਸੂਲਣ ਦੇ ਆਦੇਸ਼ ਕੀਤੇ ਗਏ ਸਨ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਲੌਂਗੋਵਾਲ ਨੇ ਆਖਿਆ ਕਿ ਪਾਵਨ ਸਰੂਪਾਂ ਦੇ ਮਾਮਲੇ ਦੀ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਅਦਾਲਤ ਵਿਚ ਵੀ ਦ੍ਰਿੜ੍ਹਤਾ ਨਾਲ ਪੈਰਵੀ ਕੀਤੀ ਜਾਵੇਗੀ।
  ਸ਼੍ਰੋਮਣੀ ਕਮੇਟੀ ਸਥਾਪਨਾ ਦੀ ਸ਼ਤਾਬਦੀ ਬਾਰੇ ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਵਿਖੇ ਅਖੰਡ ਪਾਠ ਸ਼ੁਰੂ ਹੋਵੇਗਾ ਅਤੇ 17 ਨਵੰਬਰ ਨੂੰ ਮੰਜੀ ਸਾਹਿਬ ਦੀਵਾਨ ਹਾਲ ’ਚ ਭੋਗ ਪਾਏ ਜਾਣਗੇ। ਇਸ ਮੌਕੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ 13 ਤੋਂ 17 ਨਵੰਬਰ ਤਕ ਚਿੱਤਰਕਲਾ ਪ੍ਰਦਰਸ਼ਨੀ ਵੀ ਲਾਈ ਜਾਵੇਗੀ।

  ਅੰਮ੍ਰਿਤਸਰ - ਸਿੱਖ ਜਥੇਬੰਦੀ ਸਿਖ ਸਦਭਾਵਨਾ ਦਲ ਅਤੇ ਅਕਾਲ ਬੁੰਗਾ ਦੇ ਕਾਰਕੁਨਾਂ ਵੱਲੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਨ ਮਗਰੋਂ ਵਿਰਾਸਤੀ ਮਾਰਗ ’ਤੇ ਰੋਸ ਮਾਰਚ ਕਰਨ ਮਗਰੋਂ ਧਰਨਾ ਲਾ ਦਿੱਤਾ ਗਿਆ। ਜਥੇਬੰਦੀਆਂ ਵੱਲੋਂ ਲਾਪਤਾ ਸਰੂਪਾਂ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ
  ਇਸ ਤੋਂ ਪਹਿਲਾਂ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਤੇ ਅਕਾਲ ਬੁੰਗਾ ਦੇ ਮੁਖੀ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ। ਭਾਈ ਵਡਾਲਾ ਨੇ ਆਖਿਆ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਪੰਥਕ ਹੋਕਾ ਦੇਣ ਲਈ ਸਿੱਖ ਸਦਭਾਵਨਾ ਦਲ ਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਭਾਨਾ ਵੱਲੋਂ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਨਹੀਂ ਹੁੰਦੇ, ਇਹ ਧਰਨਾ ਜਾਰੀ ਰਹੇਗਾ।
  ਹਵਾਰਾ ਕਮੇਟੀ ਨੇ ਇਥੇ ਖਿੰਡਰੀ ਹੋਈ ਸਿੱਖ ਸ਼ਕਤੀ ਨੂੰ ਅਪੀਲ ਕੀਤੀ ਹੈ ਕਿ ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ਸ੍ਰੀ ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣ ਲਈ ਸਾਂਝਾ ਫਰੰਟ ਬਣਾਇਆ ਜਾਵੇ। ਕਮੇਟੀ ਆਗੂ ਪ੍ਰੋ. ਬਲਜਿੰਦਰ ਸਿੰਘ, ਅਮਰ ਸਿੰਘ ਚਾਹਲ, ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ ਆਦਿ ਨੇ ਦੋਸ਼ ਲਾਇਆ ਕਿ ਕਾਬਜ਼ ਧਿਰ ਨੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਗੁਰਮਤਿ ਸਿਧਾਂਤ ਅਤੇ ਕੌਮੀ ਵੱਕਾਰ ਪੱਖੋਂ ਵੱਡੀ ਢਾਹ ਲਾਈ ਹੈ। ਕਾਬਜ਼ ਧਿਰ ਦੇ ਪੰਥ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਨ ਲਈ ਵੱਖ-ਵੱਖ ਜਥੇਬੰਦੀਆਂ ਨੂੰ ਵੱਖੋ-ਵੱਖਰੇ ਸੰਘਰਸ਼ ਦੀ ਥਾਂ ਸਾਂਝਾ ਫਰੰਟ ਬਣਾਉਣ ਦੀ ਲੋੜ ਹੈ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਨ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਮੁੜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਤੇ 9 ਮੈਂਬਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ, ਜੋ ਕਿ ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ ਅਧੀਨ ਬਣਾਇਆ ਗਿਆ ਹੈ, ਨੂੰ ਭੰਗ ਕਰੇ। ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਕੋਲ ਚੁੱਕਣ ਦੀ ਅਪੀਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਥਿਤੀ ਪਹਿਲਾਂ ਵਰਗੀ ਬਹਾਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੀਐੱਸਜੀਪੀਸੀ ਹਵਾਲੇ ਕਰਨ ਦੀ ਹਦਾਇਤ ਦੇਣ।

  ਸੈਕਰਾਮੈਂਟੋ - ਅਮਰੀਕਾ ਦੀਆਂ ਚੋਣਾਂ 'ਚ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹਾਲਾਂਕਿ ਕੁਝ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ | ਲੈਥਰੋਪ, ਕੈਲੀਫੋਰਨੀਆ ਸ਼ਹਿਰ 'ਚ ਪੰਜਵੀਂ ਵਾਰ ਮੇਅਰ ਲਈ ਖੜੇ੍ਹ ਸੁਖਮਿੰਦਰ ਸਿੰਘ ਧਾਲੀਵਾਲ ਬਿਨਾਂ ਮੁਕਾਬਲਾ ਚੁਣੇ ਗਏ | ਧਾਲੀਵਾਲ ਬੰਗਾ ਨੇੜਲੇ ਪਿੰਡ ਲੰਗੇਰੀ ਦੇ ਵਸਨੀਕ ਹਨ ਉਨ੍ਹਾਂ ਦਾ ਸਥਾਨਕ ਪੰਜਾਬੀ ਭਾਈਚਾਰੇ 'ਚ ਕਾਫੀ ਰਸੂਖ ਹੈ | ਐਲਕ ਗਰੋਵ ਤੋਂ ਮੇਅਰ ਦੀ ਚੋਣ ਲਈ ਲੜੀ ਸਿੱਖ ਭਾਈਚਾਰੇ ਨਾਲ ਸਬੰਧਿਤ ਤੇ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਬੌਬੀ ਸਿੰਘ ਚੋਣ 'ਚ ਦੋ ਵਾਰ ਪਹਿਲਾਂ ਜਿੱਤੇ ਸਟੀਵ ਲੀ ਨੂੰ ਹਰਾ ਕੇ ਜਿੱਤੀ | ਇਸੇ ਤਰ੍ਹਾਂ ਹੀ ਬਜ਼ੁਰਗ ਸਿੱਖ ਆਗੂ ਸ. ਦੀਦਾਰ ਸਿੰਘ ਬੈਂਸ ਦੇ ਪੁੱਤਰ ਕਰਮਦੀਪ ਸਿੰਘ ਬੈਂਸ ਜੋ ਯੂਬਾ ਸਿਟੀ ਡਿਸਟਿਕ 4 ਤੋਂ ਕਾਊਾਟੀ ਸੁਪਰਵਾਈਜ਼ਰ ਦੀ ਚੋਣ 'ਚੋਂ ਆਪਣੇ ਵਿਰੋਧੀ ਤੇ ਪੰਜਾਬੀ ਭਾਈਚਾਰੇ ਦੇ ਹੀ ਤੇਜ਼ ਮਾਨ ਨੂੰ ਹਰਾ ਕੇ ਜਿੱਤੇ | ਇਥੇ ਹੀ ਡਿਸਟਿਕ 5 ਤੋਂ ਪੰਜਾਬੀ ਭਾਈਚਾਰੇ 'ਚ ਸਤਿਕਾਰੇ ਜਾਂਦੇ ਸਰਬ ਥਿਆੜਾ ਆਪਣੇ ਵਿਰੋਧੀ ਮੈਟ ਕੋਨੈਂਟ ਤੋਂ ਚੋਣ ਹਾਰ ਗਏ | ਐਲਕ ਗਰੋਵ ਤੋਂ ਕੌਸਲ ਮੈਂਬਰ ਦੀ ਚੋਣ ਲੜ ਰਹੇ ਅਮਰਦੀਪ ਸਿੰਘ ਵੀ ਚੋਣ ਹਾਰ ਗਏ | ਸੀਰੀਸ ਸ਼ਹਿਰ ਤੋਂ ਕੌਸਲ ਮੈਂਬਰ ਵਜੋਂ ਚੋਣ ਮਹਿੰਦਰ ਸਿੰਘ ਕੰਡਾ ਵੀ ਚੋਣ ਹਾਰ ਗਏ |

  ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ। 90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ ਖੇਤਰਫਲ 21327 ਕਿਲੋਮੀਟਰ ਹੈ। ਇਸ ਪ੍ਰਾਂਤ ਵਿਚ ਕੇਵਲ ਇਕੋ ਸ਼ਹਿਰ ਇਮਫਾਲ ਹੈ ਜੋ ਕਿ ਇਸ ਦੀ ਰਾਜਧਾਨੀ ਵੀ ਹੈ। ਮੁਖ ਕਿੱਤਾ ਹੈਂਡਲੂਮ ਹੈ। ਲਗਭਗ 5 ਲੱਖ ਕਾਰੀਗਰ ਇਸ ਕਿਤੇ ਨਾਲ ਜੁੜੇ ਹੋਏ ਹਨ।
  ਮਨੀਪੁਰ ਦਾ ਜ਼ਿਕਰ ਸਦੀਆਂ ਤੋਂ ਹੁੰਦਾ ਆਇਆ ਹੈ। ਕਈ ਰਾਜਿਆਂ ਨੇ ਇਸ ਉ¤ਤੇ ਰਾਜ ਕੀਤਾ। ਆਖਿਰ ਵਿਚ ਸੰਨ 1947 ਵਿਚ ਇਹ ਪ੍ਰਾਂਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। 1949 ਵਿਚ ਇਹ ਪ੍ਰਾਂਤ ਭਾਰਤ ਦਾ ਹਿੱਸਾਜ ਬਣ ਗਿਆ। 1956 ਵਿਚ ਇਹ ਭਾਰਤ ਵਿਚ ਯੂ.ਟੀ ਬਣਿਆ ਅਤੇ 1972 ਵਿਚ ਪੂਰਾ ਪ੍ਰਾਂਤ ਬਣਿਆ। ਹੁਣ ਬਕਾਇਦਾ ਅਸੈਂਬਲੀ, ਮੁੱਖ ਮੰਤਰੀ, ਕੈਬਨਿਟ ਅਤੇ ਹਾਈਕੋਰਟ ਆਦਿ ਹਨ।
  ਮਨੀਪੁਰ ਅਤੇ ਬਰਮਾ ਦੀ ਹਦ ਉ¤ਤੇ ਇਕ ਬਹੁਤ ਖੁਬਸੂਰਤ ਪ੍ਰਬੋਧ ਵੈਲੀ ਹੈ ਇਹ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ। ਲੱਖਾਂ ਲੋਕਾਂ ਦੀ ਜਿੰਦ ਜਾਨ ਹੈ। ਕਈ ਸ਼ਹਿਰ ਇਸ ਨੂੰ ਪੂਰਬ ਦਾ ਕਸ਼ਮੀਰ ਮੰਨਦੇ ਹਨ। ਇਸ ਵੈਲੀ ਦਾ ਖੇਤਰਫਲ 7000 ਸ. ਮੀਲ ਹੈ। ਸ਼ੁਰੂ ਤੋਂ ਹੀ ਇਹ ਵੈਲੀ ਮਨੀਪੁਰ ਦਾ ਹਿੱਸਾ ਹੈ। ਟੀਕ ਲੱਕੜੀ ਦਾ ਘਰ ਹੈ।
  13 ਜਨਵਰੀ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਇਹ ਵੈਲੀ ਬਿਨੀ ਕਿਸੀ ਸ਼ਰਤ ਜਾਂ ਅਧਾਰ ਤੋਂ ਬਰਮਾ ਨੂੰ ਤੋਹਫ਼ੇ ਵਜੋਂ ਦੇ ਦਿੱਤੀ। ਮਨੀਪੁਰ ਸਿੱਧਾ ਕੇਂਦਰ ਸਰਕਾਰ ਅਧੀਨ ਸੀ। ਇਸ ਫ਼ੈਸਲੇ ਬਾਰੇ ਨਹਿਰੂ ਜੀ ਨੇ ਮਨੀਪੁਰ ਦੇ ਲੋਕਾਂ ਨੂੰ ਵਿਸ਼ਵਾਸ਼ ਵਿਚ ਨਹੀਂ ਲਿਆ। ਲੋਕ ਸਭਾ ਤੋਂ ਮਨਜ਼ੂਰੀ ਨਹੀਂ ਲਈ। ਦੇਸ਼ ਦਾ ਕਾਨੂੰਨ ਇਸ ਤਰ•ਾਂ ਤੋਹਫਾ ਦੇਣ ਦੀ ਆਗਿਆ ਨਹੀਂ ਦਿੰਦਾ। ਇਥੋਂ ਤਕ ਕਿ ਕੋਈ ਵੀ ਵਿਅਕਤੀ ਆਪਣੀ ਨਿਜੀ ਜਾਇਦਾਦ ਕਿਸੇ ਦੂਜੇ ਮੁਲਕ ਨੂੰ ਨਹੀਂ ਦੇ ਸਕਦਾ।
  ਪ੍ਰੰਤੂ ਦੁਖ ਦੀ ਗਲ ਇਹ ਹੈ ਕਿ ਉਸ ਸਮੇਂ ਦੇ ਨੇਤਾਵਾਂ ਨੇ ਵਿਰੋਧੀ ਧਿਰ ਨੇ ਕੋਈ ਆਵਾਜ਼ ਨਹੀਂ ਉਠਾਈ ਨਾ ਹੀ ਕਿਸੇ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਨਹੀਂ ਦਿੱਤੀ, ਪਰ ਨਹਿਰੂ ਦੇ ਹੁਕਮ ਨੂੰ ਆਖਰੀ ਹੁਕਮ ਮੰਨ ਲਿਆ।
  ਇਕ ਪਾਸੇ ਤਾਂ ਕਾਬੋ ਵੈਲੀ ਦਾਨ ਦਿੱਤੀ ਗਈ ਦੂਜੇ ਪਾਸੇ ਕਸ਼ਮੀਰ ਵੈਲੀ ਦਾ ਮਸਲਾ ਅਜੇ ਤੱਕ ਚੱਲ ਰਿਹਾ ਹੈ। ਇਸ ਤਰ•ਾਂ ਇਹ ਪੰ: ਨਹਿਰੂ ਦੀ ਇਤਿਹਾਸਕ ਭੁੱਲ ਸੀ।

  ਮਹਿੰਦਰ ਸਿੰਘ ਵਾਲੀਆ
  ਜਿਲ•ਾ ਸਿੱਖਿਆ ਅਫ਼ਸਰ (ਸੇਵਾ ਮੁਕਤ)
  ਬਰਮਿੰਗਟਨ (ਕੈਨੇਡਾ)
  647-856-4280

  ਚੰਡੀਗੜ੍ਹ - ਰੇਲਵੇ ਵਲੋਂ ਮਾਲ ਸਪਲਾਈ ਕਰਨ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਜਾਣ ਦੇ ਨਤੀਜੇ ਵਜੋਂ ਕੋਲੇ ਦਾ ਸਟਾਕ ਖ਼ਤਮ ਹੋਣ ਕਰਕੇ ਪੰਜਾਬ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪਿਆ | ਸੂਬੇ ਦੇ ਆਖ਼ਰੀ ਪਾਵਰ ਪਲਾਂਟ ਜੀ.ਵੀ.ਕੇ. ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ | ਸਰਕਾਰੀ ਬੁਲਾਰੇ ਅਨੁਸਾਰ ਮੌਜੂਦਾ ਸਮੇਂ ਸੂਬੇ 'ਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ | ਦੂਜੇ ਪਾਸੇ ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂਕਿ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ | ਮੌਜੂਦਾ ਸਮੇਂ ਹੋਰ ਏ.ਪੀ. ਲੋਡ (ਲਗਭਗ 300 ਮੈਗਾਵਾਟ) ਘੱਟ ਹੈ | ਬੁਲਾਰੇ ਨੇ ਦੱਸਿਆ ਕਿ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕਾਮ ਕੋਲ ਕੋਈ ਵੀ ਉਤਪਾਦਨ ਨਿਯੰਤਰਣ ਨਹੀਂ ਬਚਿਆ ਅਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਪਰਿਵਰਤਨਸ਼ੀਲ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿਚ ਵਾਧਾ ਹੋ ਸਕਦਾ ਹੈ | ਜਿਸ ਦੇ ਨਤੀਜੇ ਵਜੋਂ ਬਿਜਲੀ ਖ਼ਰੀਦ ਦੀ ਲਾਗਤ ਵਿਚ ਵੀ ਵਾਧਾ ਹੋਇਆ ਹੈ | ਅੱਜ ਜੀ.ਵੀ.ਕੇ. ਦਾ ਇੱਕ ਯੂਨਿਟ ਜੋ ਦੁਪਹਿਰ ਕਰੀਬ 12 ਵਜੇ ਕੰਮ ਕਰ ਰਿਹਾ ਸੀ, ਸ਼ਾਮ 5 ਵਜੇ ਕੋਲੇ ਦਾ ਭੰਡਾਰ ਪੂਰੀ ਤਰ੍ਹਾਂ ਖ਼ਤਮ ਹੋਣ ਕਾਰਨ ਬੰਦ ਹੋ ਗਿਆ | ਹੋਰ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਐਨ.ਪੀ.ਐਲ. ਅਤੇ ਟੀ.ਐਸ.ਪੀ.ਐਲ. ਵਿਚ ਪਹਿਲਾਂ ਹੀ ਕੋਲਾ ਖ਼ਤਮ ਹੋ ਚੁੱਕਾ ਹੈ | ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਸਟੇਸ਼ਨ ਵੀ ਬੰਦ ਹੋ ਗਏ ਹਨ |ਬਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਰਮਲ ਪਲਾਂਟ ਵਿਚ ਕੋਲੇ ਦੀ ਕਮੀ ਹੋਣ ਕਾਰਨ ਇਕ ਯੂਨਿਟ ਪਹਿਲਾਂ ਹੀ ਬੰਦ ਹੋ ਗਿਆ ਸੀ ਅਤੇ ਹੁਣ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com