ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਕੇਂਦਰ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਤੋਂ ਕਈ ਨਵੇਂ ਸ਼ੰਕੇ ਵੀ ਖੜ੍ਹੇ ਹੋ ਗਏ ਹਨ। ਕੇਂਦਰੀ ਰੇਲ ਮੰਤਰਾਲੇ ਨੇ 23 ਅਕਤੂਬਰ ਦੀ ਰਾਤ ਕਰੀਬ 10.30 ਵਜੇ ਸਮੁੱਚੇ ਦੇਸ਼ ’ਚ ਉੱਚ ਰੇਲ ਅਧਿਕਾਰੀਆਂ ਨੂੰ ਜ਼ੁਬਾਨੀ ਸੁਨੇਹੇ ਲਾਏ ਹਨ। ਰੇਲ ਮੰਤਰਾਲੇ ਦੇ ਸਪੱਸ਼ਟ ਆਦੇਸ਼ ਹਨ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇ। ਜੋ ਮਾਲ ਗੱਡੀਆਂ ਇਸ ਵੇਲੇ ਪੰਜਾਬ ਵਿੱਚ ਹਨ, ਉਨ੍ਹਾਂ ਨੂੰ ਵਾਪਸ ਬੁਲਾਏ ਜਾਣ ਲਈ ਆਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ 40 ਦੇ ਕਰੀਬ ਮਾਲ ਗੱਡੀਆਂ ਖੜ੍ਹੀਆਂ ਹਨ ਜਿਨ੍ਹਾਂ ’ਚੋਂ 20 ਗੱਡੀਆਂ ਅੱਜ ਵਾਪਸ ਬੁਲਾ ਲਈਆਂ ਗਈਆਂ ਹਨ। ਸੂਤਰ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲੈ ਕੇ ਪੰਜਾਬ ਨੂੰ ਤਾੜਿਆ ਹੈ ਜਿਸ ਨਾਲ ਖਾਦ, ਕੋਲਾ ਅਤੇ ਅਨਾਜ ਦੀ ਢੋਆ-ਢੁਆਈ ਪ੍ਰਭਾਵਿਤ ਹੋਵੇਗੀ। ਜਾਣਕਾਰੀ ਅਨੁਸਾਰ ਨੰਗਲ ਦੇ ਇੱਕ ਪ੍ਰਾਈਵੇਟ ਸਨਅਤਕਾਰ ਨੇ ਗੁਜਰਾਤ ਤੋਂ ਲੂਣ ਮੰਗਾਇਆ ਸੀ ਜਿਸ ਦੀ ਸਪਲਾਈ ਵਾਲਾ ਰੈਕ 20 ਦਿਨਾਂ ਤੋਂ ਦੂਸਰੇ ਰਾਜ ਵਿਚ ਖੜ੍ਹਾ ਸੀ। ਅਖੀਰ ਇਹ ਰੈਕ ਅੰਬਾਲਾ ਮੰਗਵਾ ਕੇ ਸਪਲਾਈ ਸੜਕੀ ਰਸਤੇ ਪੰਜਾਬ ਆਈ। ਸੂਤਰ ਦੱਸਦੇ ਹਨ ਕਿ ਜਦੋਂ ਤੀਹ ਕਿਸਾਨ ਧਿਰਾਂ ਨੇ ਰੇਲ ਮਾਰਗਾਂ ਤੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਫ਼ੈਸਲਾ ਲਿਆ, ਉਦੋਂ ਤੱਕ ਕੇਂਦਰ ਇਸ ਤਰ੍ਹਾਂ ਦੇ ਰੌਂਅ ਵਿਚ ਨਹੀਂ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁੜ ਕਿਸਾਨ ਧਿਰ ਨੇ ਬਣਾਂਵਾਲੀ ਥਰਮਲ ਅਤੇ ਰਾਜਪੁਰਾ ਥਰਮਲ ਦੇ ਨੇੜੇ ਰੇਲ ਮਾਰਗ ਜਾਮ ਕਰ ਦਿੱਤਾ, ਉਸ ਮਗਰੋਂ ਕੇਂਦਰ ਸਰਕਾਰ ਨੇ ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਪੰਜਾਬ ਲਈ ਬਾਹਰਲੇ ਸੂਬਿਆਂ ਵਿੱਚ ਕਰੀਬ 60 ਮਾਲ ਗੱਡੀਆਂ ਲੋਡ ਖੜ੍ਹੀਆਂ ਹਨ। ਇਸ ਫ਼ੈਸਲੇ ਨਾਲ ਖਾਦ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਅੱਜ ਤੋਂ ਪੰਜਾਬ ’ਚ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ।
  ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚੋਂ ਰੇਲਵੇ ਨੂੰ ਮਾਲ ਗੱਡੀਆਂ ਰਾਹੀਂ ਪ੍ਰਤੀ ਮਹੀਨਾ 480 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ ਜੋ ਹੁਣ ਘੱਟ ਕੇ 40 ਕਰੋੜ ਰੁਪਏ ਰਹਿ ਗਈ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਨੇ ਮਨ ਬਣਾ ਲਿਆ ਹੈ ਕਿ ਰੇਲਵੇ ਦਾ ਘਾਟਾ ਝੱਲ ਲਿਆ ਜਾਵੇ ਅਤੇ ਨਵੀਂ ਸਪਲਾਈ ਦੇਣੀ ਬੰਦ ਕਰ ਦਿੱਤੀ ਜਾਵੇ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਗੱਲਬਾਤ ਦਾ ਕੋਈ ਨਵਾਂ ਸੱਦਾ ਨਹੀਂ ਦਿੱਤਾ ਗਿਆ ਹੈ।
  ਉੱਤਰੀ ਰੇਲਵੇ ਅੰਬਾਲਾ ਦੇ ਡੀਆਰਐੱਮ ਜੀਐੱਮ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਲਿਖਤੀ ਆਦੇਸ਼ ਨਹੀਂ ਹੈ ਅਤੇ ਪੰਜਾਬ ਵਿਚ ਰੋਜ਼ਾਨਾ ਕਦੇ ਕਿਤੇ ਤੇ ਕਦੇ ਕਿਸੇ ਰੇਲ ਮਾਰਗ ਦੇ ਜਾਮ ਹੋਣ ਨਾਲ ਅਨਿਸ਼ਚਤਤਾ ਜ਼ਰੂਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਚਨਚੇਤੀ ਹੀ ਰੇਲ ਮਾਰਗ ਰੋਕਣ ਕਰਕੇ ਪੰਜਾਬ ਤੋਂ ਬਾਹਰ ਖੜ੍ਹੀਆਂ ਲੋਡਿਡ ਮਾਲ ਗੱਡੀਆਂ ਭੇਜਣ ਦੀ ਮੁਸ਼ਕਲ ਹੈ।

  ਪਟਿਆਲਾ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦਾ ਰੁਖ਼ ਦਿੱਲੀ ਵੱਲ ਕਰਨ ਦੀ ਅਪੀਲ ਦੁਹਰਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਕੇਂਦਰ ਸਰਕਾਰ ਨਾਲ ਹੈ, ਜਿਸ ਕਰਕੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਆਪਣੇ ਸੰਘਰਸ਼ ਦਾ ਮੋੜਾ ਦਿੱਲੀ ਵੱਲ ਨੂੰ ਕੱਟਣ ਦੀ ਲੋੜ ਹੈ। ਊਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਸੰਘਰਸ਼ ਦਾ ਕੇਂਦਰ ਬਿੰਦੂ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗ ਰਹੀ ਹੈ। ਕਿਸਾਨਾਂ ਨੇ ਭਾਵੇਂ ਮਾਲ ਗੱਡੀਆਂ ਲਈ ਰਾਹ ਛੱਡ ਦਿੱਤੇ ਹਨ, ਪਰ ਸਪਲਾਈ ਨਾ ਆਊਣ ਕਾਰਨ ਪੰਜਾਬ ਸਰਕਾਰ ਕੋਲ਼ ਸਿਰਫ਼ 26 ਅਕਤੂਬਰ ਤਕ ਦਾ ਹੀ ਕੋਲੇ ਦਾ ਭੰਡਾਰ ਬਚਿਆ ਹੈ। ਮੁੱਖ ਮੰਤਰੀ ਦਾ ਤਰਕ ਹੈ ਕਿ ਭਾਵੇਂ ਕੌਮੀ ਗਰਿੱਡ ਤੋਂ ਵੀ ਬਿਜਲੀ ਖਰੀਦਣ ਦਾ ਪ੍ਰਬੰਧ ਹੈ ਅਤੇ ਲੋੜ ਪੈਣ ’ਤੇ ਮਹਿੰਗੇ ਭਾਅ ਬਿਜਲੀ ਖਰੀਦੀ ਵੀ ਜਾ ਸਕਦੀ ਹੈ, ਪਰ ਬਿਜਲੀ ਦੀ ਖਰੀਦ ਸਬੰਧੀ ਕੇਂਦਰ ਤੋਂ ਮਿਲਦੇ ਫੰਡ ਵੀ ਢੁਕਵੇਂ ਰੂਪ ਵਿਚ ਨਾ ਹੋਣ ਕਾਰਨ ਬਿਜਲੀ ਸਬੰਧੀ ਸਮੱਸਿਆ ਪੈਦਾ ਹੋ ਸਕਦੀ ਹੈ। ਪੰਜਾਬ ਕੋਲ ਯੂਰੀਆ ਵੀ ਸਿਰਫ਼ 10 ਫ਼ੀਸਦੀ ਹੀ ਬਚਿਆ ਹੈ। ਹੋਰਨਾਂ ਸੂਬਿਆਂ ਵਿਚ ਖੇਤੀਬਾੜੀ ਕਾਨੂੰਨਾਂ ਸਬੰਧੀ ਮਤਿਆਂ ਦੀ ਸਥਿਤੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ 11 ਸੂਬਿਆਂ ਵਿਚ ਗ਼ੈਰ ਭਾਜਪਾ ਸਰਕਾਰਾਂ ਹਨ ਅਤੇ 4 ਸੂਬਿਆਂ ਵਿਚ ਕਾਂਗਰਸ ਸੱਤਾ ਵਿਚ ਹੈ। ਕਾਂਗਰਸ ਦੀ ਅਗਵਾਈ ਵਾਲੇ ਸਾਰੇ ਸੂਬਿਆਂ ਵੱਲੋਂ ਕੇਂਦਰੀ ਕਾਨੂੰਨਾਂ ਖਿਲ਼ਾਫ਼ ਅਜਿਹੇ ਮਤੇ ਲਿਆਂਦੇ ਜਾਣਗੇ ਅਤੇ ਉਮੀਦ ਹੈ ਕਿ ਬਾਕੀ ਗ਼ੈਰ-ਭਾਜਪਾ ਵਾਲੇ ਸੂਬਿਆਂ ਵੱਲੋਂ ਅਜਿਹੀ ਕਾਰਵਾਈ ਕੀਤੀ ਜਾਵੇਗੀ।
  ਮੁੱਖ ਮੰਤਰੀ ਨੇ ਖੇਤੀ ਵਿਰੋਧੀ ਕਾਨੂੰਨ ਬਣਨ ਪਿੱਛੇ ਅਕਾਲੀਆਂ ਦੀ ਭਾਗੀਦਾਰੀ ਹੋਣ ਦੇ ਦੋਸ਼ ਲਾਊਂਦਿਆਂ ਕਿਹਾ ਕਿ ਇਸ ਮੁੱਦੇ ’ਤੇ ਪੰਜਾਬ ਸਰਕਾਰ ਕਿਸਾਨਾਂ ਦੀ ਪਿੱਠ ’ਤੇ ਹੈ। ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਦਰਕਿਨਾਰ ਕੀਤੇ ਹੋਣ ਸਬੰਧੀ ਊਨ੍ਹਾਂ ਕਿਹਾ, “ਕੌਣ ਕਹਿੰਦੈ ਨਵਜੋਤ ਸਿੱਧੂ ਦਰਕਿਨਾਰ ਹਨ?”
  ਸੂਤਰਾਂ ਅਨੁਸਾਰ ਕਿਸਾਨਾਂ ਨੇ ਆਪਣੇ ਸੰਘਰਸ਼ ਦਾ ਮੁੱਖ ਕੇਂਦਰ ਬਿੰਦੂ ਕੇਂਦਰ ਸਰਕਾਰ ਨੂੰ ਬਣਾਊਣ ਦੀ ਰਣਨੀਤੀ ਉਲੀਕਣ ਲਈ 26 ਅਕਤੂਬਰ ਨੂੰ ਦਿੱਲੀ ’ਚ ਮੀਟਿੰਗ ਸੱਦ ਲਈ ਹੈ, ਜਿਸ ਦੌਰਾਨ ਕਿਸਾਨ ਸੰਘਰਸ਼ ਨੂੰ ਪੰਜਾਬ ਤੋਂ ਦਿੱਲੀ ਵੱੱਲ ਮੋੜਾ ਕੱਟਣ ਦੀ ਸਹਿਮਤੀ ਬਣਨ ਦੀ ਸੰਭਾਵਨਾ ਹੈ।
  ਦੱਸਣਯੋਗ ਹੈ ਕਿ ਖੇਤੀ ਸਬੰਧੀ ਵਸਤਾਂ ਲਈ ਭਾਵੇਂ ਕਿਸਾਨਾਂ ਨੇ ਪੰਜਾਬ ਭਰ ਵਿਚ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਲਏ ਹਨ ਪਰ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਜਪੁਰਾ ਅਤੇ ਬਣਾਂਵਾਲਾ ਸਥਿਤ ਪ੍ਰਾਈਵੇਟ ਭਾਈਵਾਲ਼ੀ ਵਾਲੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਰੋਕਣ ਵਾਸਤੇ ਇਨ੍ਹਾਂ ਦੋਵਾਂ ਪਲਾਂਟਾਂ ਨੂੰ ਜਾਂਦੇ ਰੇਲ ਮਾਰਗਾਂ ’ਤੇ ਧਰਨੇ ਲਾਏ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਮੁੁੱਚੀ ਰੇਲਵੇ ਆਵਾਜਾਈ ਦੀ ਬਹਾਲੀ ਲਈ ਸ਼ਰਤ ਰੱਖਦਿਆਂ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਵੀ ਰੋਕ ਦਿੱਤੀਆਂ ਹਨ।

  ਅੰਮ੍ਰਿਤਸਰ - 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਗੇਟ ਨੂੰ ਤਾਲਾ ਲਾਉਣ ਤੋਂ ਬਾਅਦ ਦੋਵੇਂ ਧਿਰਾਂ ਭਿੜ ਗਈਆਂ ਜਿਸ ਮਗਰੋਂ ਕਈ ਵਿਅਕਤੀ ਜ਼ਖ਼ਮੀ ਹੋ ਗਏ। ਹਾਲਾਤ ਉਸ ਸਮੇਂ ਵਿਗੜੇ ਜਦੋਂ ਸੁਖਜੀਤ ਸਿੰਘ ਖੋਸਾ ਤੇ ਉਸ ਦੇ ਕੁਝ ਸਾਥੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਦੂਜੇ ਛੋਟੇ ਗੇਟ ਸਾਹਮਣੇ ਖੁਦ ਧਰਨਾ ’ਤੇ ਬੈਠ ਗਏ। ਰੋਟੀ ਦੇ ਸਮੇਂ ਜਦੋਂ ਸ਼੍ਰੋਮਣੀ ਕਮੇਟੀ ਕਰਮਚਾਰੀ ਦਫ਼ਤਰ ਤੋਂ ਬਾਹਰ ਜਾ ਰਹੇ ਸਨ ਤਾਂ ਉਸ ਵੇਲੇ ਹੋਈ ਤਕਰਾਰ ਤੋਂ ਬਾਅਦ ਇਹ ਮਾਮਲਾ ਹਿੰਸਕ ਰੂਪ ਲੈ ਗਿਆ, ਜਿਸ ਵਿਚ ਕਿਰਪਾਨਾਂ ਤੇ ਡਾਂਗਾਂ ਵੀ ਚਲੀਆਂ ਅਤੇ ਕਈ ਵਿਅਕਤੀਆਂ ਦੀਆਂ ਦਸਤਾਰਾਂ ਦੀ ਬੇਅਦਬੀ ਵੀ ਹੋਈ। ਧਰਨਾਕਾਰੀਆਂ ਵਿਚ ਸ਼ਾਮਲ ਇਕ ਔਰਤ ਦੀ ਵੀ ਮਾਰਕੁੱਟ ਕੀਤੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਧਰਨੇ ਵਾਲੀ ਥਾਂ ਖਾਲੀ ਕਰਵਾ ਲਈ ਹੈ।

  ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਤੇ ਹੋਰਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਸਿੱਖ ਧਰਨਾਕਾਰੀਆਂ ਵਿਚੋਂ ਕੁਝ ਨੇ ਸ਼੍ਰੋਮਣੀ ਕਮੇਟੀ ਦੇ ਗੇਟ ਨੂੰ ਤਾਲਾ ਲਾ ਕੇ ਕੰਮਕਾਜ ਵਿਚ ਵਿਘਨ ਪਾਉਣ ਦਾ ਯਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਦੁਪਹਿਰ ਵੇਲੇ ਜਦੋਂ ਕਰਮਚਾਰੀ ਭੋਜਨ ਲਈ ਬਾਹਰ ਨਿਕਲੇ ਤਾਂ ਕੁਝ ਧਰਨਾਕਾਰੀਆਂ ਨੇ ਤਕਰਾਰ ਮਗਰੋਂ ਸ਼੍ਰੋਮਣੀ ਕਮੇਟੀ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹੋਰ ਕਰਮਚਾਰੀ ਅਤੇ ਟਾਸਕ ਫੋਰਸ ਪੁੱਜ ਗਈ, ਜਿਨ੍ਹਾਂ ਹਮਲਾ ਕਰਨ ਵਾਲਿਆਂ ਕੋਲੋਂ ਕਿਰਪਾਨਾਂ ਆਦਿ ਖੋਹ ਲਈਆਂ। ਉਨ੍ਹਾਂ ਦੱਸਿਆ ਕਿ ਹਮਲੇ ਵਿਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਿਜੈ ਸਿੰਘ ਅਤੇ ਇਕ ਕਰਮਚਾਰੀ ਸਰਬਜੀਤ ਸਿੰਘ ਜ਼ਖ਼ਮੀ ਹੋਏ ਹਨ। ਕੁਝ ਹੋਰ ਕਰਮਚਾਰੀਆਂ ਨੂੰ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਰਾਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਸਮੇਂ ਵੀ ਇਨ੍ਹਾਂ ਸਿੱਖ ਕਾਰਕੁਨਾਂ ਨੇ ਉਥੇ ਦਾਖ਼ਲ ਹੋ ਕੇ ਮਰਿਆਦਾ ਵਿਚ ਦਖ਼ਲਅੰਦਾਜ਼ੀ ਕਰਦਿਆਂ ਬੇਅਦਬੀ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ’ਤੇ ਇਕ ਪੱਤਰ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ ਸੱਦਣ ਅਤੇ ਮਰਿਆਦਾ ਅਨੁਸਾਰ ਕਾਰਵਾਈ ਕਰਨ।

  ਦੂਜੇ ਪਾਸੇ ਧਰਨਾਕਾਰੀਆਂ ਵਿਚ ਸ਼ਾਮਲ ਸਿੱਖ ਕਾਰਕੁਨਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਹੋਰਨਾਂ ਵਲੋਂ ਡਾਂਗਾਂ ਤੇ ਕਿਰਪਾਨਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੁਖਜੀਤ ਸਿੰਘ ਖੋਸਾ, ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਾਲੀ, ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਆਦਿ ਸਮੇਤ ਹੋਰ ਕਈ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਮਾਰਕੁੱਟ ਕਰਦੇ ਹੋਏ ਦਫ਼ਤਰ ਕੰਪਲੈਕਸ ਅੰਦਰ ਲੈ ਗਏ। ਬੰਦੀ ਬਣਾ ਕੇ ਰੱਖੇ ਗਏ ਕੁਝ ਕਾਰਕੁਨਾਂ ਨੂੰ ਦੇਰ ਸ਼ਾਮ ਪੁਲੀਸ ਆਪਣੇ ਨਾਲ ਲੈ ਗਈ। ਇਸ ਦੌਰਾਨ ਸਿਖ ਕਾਰਕੁਨਾਂ ਦੇ ਸਮਰਥਕਾਂ ਵਲੋਂ ਸ਼੍ਰੋਮਣੀ ਕਮੇਟੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਆਖਿਆ ਕਿ ਹਿੰਸਕ ਘਟਨਾ ਵਿਚ ਦੋਵਾਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਪੁਲੀਸ ਲੋੜੀਂਦੀ ਕਾਰਵਾਈ ਕਰ ਰਹੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਲਾਅ ਐਂਡ ਆਰਡਰ) ਜਗਮੋਹਨ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਸ਼੍ਰੋਮਣੀ ਕਮੇਟੀ ਵਲੋਂ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਸ਼ਿਕਾਇਤ ਕੀਤੀ ਗਈ ਹੈ।

  ਇਸ ਦੌਰਾਨ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਆਦਿ ਨੇ ਹਿੰਸਕ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਾਉਣ ਤੋਂ ਕੰਨੀ ਕਤਰਾਉਣ ਕਾਰਨ ਇਹ ਸਥਿਤੀ ਬਣੀ ਹੈ। ਉਨ੍ਹਾਂ ਮੀਡੀਆ ਕਰਮੀਆਂ ਨਾਲ ਕੀਤੀ ਮਾਰਕੁੱਟ ਅਤੇ ਬਦਸਲੂਕੀ ਦੀ ਵੀ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਇਹ ਧਰਨਾਕਾਰੀ ਪਿਛਲੇ ਲਗਪਗ 40 ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਧਰਨਾ ਦੇ ਕੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਪੁਲੀਸ ਕਾਰਵਾਈ ਕੀਤੀ ਜਾਵੇ ਅਤੇ ਲਾਪਤਾ ਸਰੂਪਾਂ ਬਾਰੇ ਦੱਸਿਆ ਜਾਵੇ। ਸਿੱਖ ਕਾਰਕੁਨਾਂ ਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਕੰਪਲੈਕਸ ਦੇ ਗੇਟ ਨੂੰ ਤਾਲਾ ਲਾ ਦਿੱਤਾ ਸੀ, ਜੋ ਦੋ-ਤਿੰਨ ਬਾਅਦ ਖੋਲ੍ਹਿਆ ਗਿਆ ਸੀ।

   

  ਘਟਨਾ ਦੀ ਕਵਰੇਜ ਕਰ ਰਹੇ ਕੁਝ ਮੀਡੀਆ ਕਰਮੀਆਂ ਦੀ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਮਾਰਕੁੱਟ ਕੀਤੀ ਗਈ ਹੈ। ਇਸ ਸਬੰਧ ਵਿਚ ਮੀਡੀਆ ਯੂਨੀਅਨ ਵਲੋਂ ਪੁਲੀਸ ਕੋਲ ਸ਼੍ਰੋਮਣੀ ਕਮੇਟੀ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ।

  ਕੁਝ ਵਿਅਕਤੀਆਂ ਨੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਦੀ ਗੱਡੀ ’ਤੇ ਹਮਲਾ ਕਰ ਕੇ ਉਸ ਦੀ ਭੰਨਤੋੜ ਕੀਤੀ ਅਤੇ ਡਰਾਈਵਰ ਅੰਮਿ੍ਰਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਊਨ੍ਹਾਂ ਦੱਸਿਆ ਕਿ ਉਹ ਦੇਰ ਸ਼ਾਮ ਘਰ ਤੋਂ ਸ਼੍ਰੋਮਣੀ ਕਮੇਟੀ ਦਫ਼ਤਰ ਵੱਲ ਨੂੰ ਜਾ ਰਹੇ ਸਨ ਤਾਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਕੁਝ ਸਿੱਖ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਅਤੇ ਭੰਨ ਤੋੜ ਕੀਤੀ। ਡਰਾਈਵਰ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

  ਅੰਮ੍ਰਿਤਸਰ - 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਵਿਚਾਰ ਦਿੱਤੇ ਜਾਣ ਕਾਰਨ ਇਸ ਵੇਲੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਸਤੇ ਵੀ ਦੁਚਿੱਤੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਇਸ ਵੇਲੇ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ’ਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ, ਜਿਸ ਵਿਚ ਕੁਝ ਜਥੇਬੰਦੀਆਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਅਕਾਲ ਤਖ਼ਤ ਤੋਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੀ ਦਲੀਲ ਹੈ ਕਿ ਅਦਾਲਤਾਂ ਵਿੱਚੋਂ ਇਸ ਮਾਮਲੇ ਦਾ ਇਨਸਾਫ਼ ਨਹੀਂ ਮਿਲੇਗਾ ਸਗੋਂ ਇਸ ਮਾਮਲੇ ਵਿਚ ਸਿੱਖ ਜਗਤ ਦੀ ਹੋਰ ਹੇਠੀ ਹੋਵੇਗੀ। ਦੂਜੇ ਪਾਸੇ, ਕੁਝ ਜਥੇਬੰਦੀਆਂ ਦੀ ਦਲੀਲ ਹੈ ਕਿ ਇਹ ਮਾਮਲਾ ਗਬਨ ਦਾ ਹੈ ਅਤੇ ਇਹ ਧਾਰਮਿਕ ਅਵੱਗਿਆ ਦਾ ਮਾਮਲਾ ਨਹੀਂ ਹੈ। ਇਸ ਲਈ ਇਸ ਮਾਮਲੇ ਵਿਚ ਅਕਾਲ ਤਖ਼ਤ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ ਸਗੋਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਪੁਲੀਸ ਨੂੰ ਸੌਂਪ ਦੇਵੇ। ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਪੁਲੀਸ ਦੀ ਦਖ਼ਲਅੰਦਾਜ਼ੀ ਨਹੀਂ ਚਾਹੁੰਦੀ, ਉਸ ਨੇ ਧਰਮ ਪ੍ਰਚਾਰ ਕਮੇਟੀ ਰਾਹੀਂ ਇੱਕ ਮਤਾ ਪਾਸ ਕਰ ਕੇ ਅਕਾਲ ਤਖ਼ਤ ’ਤੇ ਭੇਜ ਦਿੱਤਾ ਹੈ। ਇਸ ਰਾਹੀਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਅਕਾਲ ਤਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
  ਹੁਣ ਇਸੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਬਰਤਰਫ਼ ਕੀਤੇ ਕਰਮਚਾਰੀਆਂ ਨੇ ਅਦਾਲਤ ਦਾ ਵੀ ਰੁਖ਼ ਕਰ ਲਿਆ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੇਂ ਕੋਈ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ ਪਰ ਉਹ ਇਸ ਮਾਮਲੇ ਵਿਚ ਦੁਚਿੱਤੀ ਵਾਲੀ ਸਥਿਤੀ ਵਿਚ ਹਨ। ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼ੁਰੂ ਤੋਂ ਵੀ ਸਥਿਤੀ ਸੰਵੇਦਨਸ਼ੀਲ ਬਣੀ ਰਹੀ ਹੈ। ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਸ਼ੁਰੂ ਕੀਤੀ ਜਾਂਚ ’ਤੇ ਸਿੱਖ ਜਥੇਬੰਦੀਆਂ ਨੇ ਬੇਭਰੋਸਗੀ ਪ੍ਰਗਟਾਈ। ਫਿਰ ਸ਼੍ਰੋਮਣੀ ਕਮੇਟੀ ਨੇ ਜਾਂਚ ਅਕਾਲ ਤਖ਼ਤ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ। ਅਕਾਲ ਤਖ਼ਤ ਵੱਲੋਂ ਜਾਂਚ ਵਾਸਤੇ ਹਾਈ ਕੋਰਟ ਦੀ ਸੇਵਾਮੁਕਤ ਜੱਜ ਨਵਿਤਾ ਸਿੰਘ ਦੀ ਚੋਣ ਕੀਤੀ ਗਈ ਪਰ ਉਹ ਜਾਂਚ ਵਿਚਾਲੇ ਹੀ ਛੱਡ ਗਏ। ਜਾਂਚ ਦੀ ਜ਼ਿੰਮੇਵਾਰੀ ਤੇਲੰਗਾਨਾ ਹਾਈ ਕੋਰਟ ਦੇ ਸਿੱਖ ਵਕੀਲ ਈਸ਼ਰ ਸਿੰਘ ਨੂੰ ਸੌਂਪੀ ਗਈ, ਉਸ ਵੇਲੇ ਵੀ ਕਈਆਂ ਵਲੋਂ ਇਤਰਾਜ਼ ਕੀਤੇ ਗਏ। ਹੁਣ ਜਦੋਂ ਜਾਂਚ ਰਿਪੋਰਟ ਜਾਰੀ ਹੋਈ ਤਾਂ ਇਸ ਵਿੱਚ ਦਸੇ ਦੋਸ਼ੀਆਂ ਖ਼ਿਲਾਫ਼ ਸਜ਼ਾ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚਾਲੇ ਸਹਿਮਤੀ ਨਹੀਂ ਬਣ ਰਹੀ ਹੈ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਕਦੋਂ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਨਾਲ ਸੌਦਾ ਕਰਕੇ ਅਜਿਹੇ ਬਿੱਲ ਪਾਸ ਕਰ ਦਿੱਤੇ ਹਨ, ਜਿਨ੍ਹਾਂ ਦਾ ਮਕਸਦ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਸਾਬੋਤਾਜ ਕਰਨਾ ਅਤੇ ਰੇਲ ਰੋਕੋ ਅੰਦੋਲਨ ਖਤਮ ਕਰਵਾਉਣਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚਾਰ ਸਵਾਲ ਪੁੱਛੇ ਹਨ। ਉਨ੍ਹਾਂ ਪੁੱਛਿਆ ਕਿ ਕੀ ਪੰਜਾਬ ਸਰਕਾਰ ਨੇ ਕੇਂਦਰੀ ਖੇਤੀਬਾੜੀ ਮੰਡੀਕਰਨ ਕਾਨੂੰਨ ਰੱਦ ਕਰ ਦਿੱਤੇ ਹਨ?, ਦੂਜਾ, ਕੀ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਿੱਲਾਂ ਵਿੱਚ ਐੱਮਐੱਸਪੀ ਨੂੰ ਕਿਸਾਨਾਂ ਲਈ ਕਾਨੂੰਨੀ ਹੱਕ ਬਣਾ ਦਿੱਤਾ ਹੈੈੈ? ਤੀਜਾ, ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਕਦੋਂ ਤੋਂ ਲਾਗੂ ਹੋਣਗੇੇ? ਅਤੇ ਚੌਥਾ ਸਵਾਲ ਕਿ ਕੀ ਉਨ੍ਹਾਂ ਨੇ ਐੱਮਐੱਸਪੀ ਅਧੀਨ ਆਉਂਦੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਦੇ ਦਿੱਤੀ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ 15 ਦਿਨਾਂ ਵਿੱਚ ਸਵਾਲਾਂ ਦੇ ਜਵਾਬ ਦੇਣ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਨਾਲ ਰਲ ਕੇ ਲੋਕਾਂ ਨਾਲ ਚਾਲ ਖੇਡ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ’ਚ ਪਾਸ ਬਿੱਲਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣਾ ਸਿਆਸੀ ਆਧਾਰ ਗੁਆ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣੇ ਪ੍ਰਤੀ ਕਿਸਾਨੀ ਭਾਈਚਾਰੇ ਦੇ ਗੁੱਸੇ ਨੂੰ ਸਪੱਸ਼ਟ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਹ ਕੇਂਦਰ ਦੇ ਕਾਨੂੰਨਾਂ ਅਤੇ ਸੂਬੇ ਦੇ ਬਿੱਲਾਂ ਵਿਚਾਲੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਅੱਗੇ ਦੋ ਗੱਲਾਂ ਸਪੱਸ਼ਟ ਕਰਨੀਆਂ ਚਾਹੀਦੀਆਂ। ਪਹਿਲੀ ਇਹ ਕਿ ਜੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਸਨ ਤਾਂ ਉਨ੍ਹਾਂ ਨੇ ਕੇਂਦਰੀ ਕਾਨੂੰਨਾਂ ਦੀ ਹਮਾਇਤ ਕਿਉਂ ਕੀਤੀ ਸੀ। ਦੂਜਾ ਜੇ ਸੂਬੇ ਦੇ ਬਿੱਲ ਫਾਲਤੂ ਲੱਗਦੇ ਹਨ ਤਾਂ ਇਨ੍ਹਾਂ ਦੀ ਵਿਧਾਨ ਸਭਾ ਵਿੱਚ ਹਮਾਇਤ ਕਿਉਂ ਕੀਤੀ।

  ਡਾ. ਕੁਲਦੀਪ ਸਿੰਘ
  --
  “ਅਰਬਪਤੀ ਜੋ ਨਵੇਂ ਉੱਦਮੀਆਂ ਦਾ ਖ਼ਿਤਾਬ ਲੈ ਚੁੱਕੇ ਹਨ, ਹੁਣ ਵੱਖ ਵੱਖ ਪੈਦਾਵਾਰ ਦੇ ਖੇਤਰਾਂ ਵਿਚ ਸਿਫ਼ਤੀ ਤਬਦੀਲੀ ਲਈ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਦੀ ਬਾਂਹ ਮਰੋੜ ਕੇ ਹੋਰ ਸਰਮਾਏ ਦੇ ਇਕੱਤਰੀਕਰਨ ਲਈ ਬਿਨਾ ਰੋਕ ਟੋਕ ਅਗਾਂਹ ਵਧ ਰਹੇ ਹਨ। ਨਵੀਆਂ ਤਕਨੀਕਾਂ ਰਾਹੀਂ ਆਰਥਿਕਤਾ ਵਿਚ ਵੱਡੀ ਤਬਦੀਲੀ ਲਈ ਨਵੇਂ ਰਸਤੇ ਕਰੋਨਾ ਦੌਰ ਵਿਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਗਏ ਜਿਨ੍ਹਾਂ ਨੂੰ ਨਵੀਂ ਪਹਿਲਕਦਮੀ ਕਿਹਾ ਜਾ ਰਿਹਾ ਹੈ। ਹਕੀਕਤ ਵਿਚ ਇਹ ਵੱਖਰੇ ਕਿਸਮ ਨਾਲ ਦੁਨੀਆ ਦੇ ਹਰ ਕੋਨੇ ਵਿਚ ਤਬਾਹੀ ਨੂੰ ਜਨਮ ਦੇਵੇਗੀ ਜਿਹੜੀ ਮਾਨਵੀ ਆਰਥਿਕ ਇਤਿਹਾਸ ਵਿਚ ਪਹਿਲ ਕਦੀ ਨਹੀਂ ਵਾਪਰੀ।” ਇਹ ਵਿਚਾਰ ਆਸਟਰੀਆ ਦੇ ਪ੍ਰਸਿੱਧ ਆਰਥਿਕ ਮਾਹਿਰ ਜੋਸਫ਼ ਸ਼ੂਮਪੇਟਰ ਨੇ ਅਰਬਪਤੀਆਂ ਦੌਲਤ ਵਿਚ ਹੋਏ ਵਾਧੇ ਬਾਰੇ ਸਵਿਟਜ਼ਰਲੈਂਡ ਦੀ ਸੰਸਥਾ ਪੀਡਬਲਯੂਸੀ ਅਤੇ ਯੂਬੀਐੱਸ ਦੀ ਤਾਜ਼ਾ ਰਿਪੋਰਟ ਤੂਫ਼ਾਨਾਂ ਵਿਚ ਸਵਾਰੀ ਕਰਦੇ ਅਰਬਪਤੀ ਘਰਾਣਿਆਂ ਵਿਚ ਦਰਜ ਕੀਤੇ ਹਨ।
  ਦੁਨੀਆ ਦੇ ਹਰ ਕੋਨੇ ਤੇ ਕਰੋਨਾ ਸੰਕਟ ਨੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਕਰ ਦਿੱਤਾ। ਇਉਂ ਇਤਿਹਾਸ ਵਿਚ ਕਦੀ ਵੀ ਨਹੀਂ ਵਾਪਰਿਆ ਕਿ ਲੋਕ ਤਰਾਸਦੀਆਂ ਵਿਚੋਂ ਗੁਜ਼ਰ ਰਹੇ ਹੋਣ ਅਤੇ ਹਕੂਮਤਾਂ ਅਰਬਪਤੀਆਂ ਨਾਲ ਮਿਲ ਕੇ ਕਾਰਪੋਰੇਟ ਘਰਾਣਿਆਂ ਲਈ ਨਵੀਂ ਜ਼ਮੀਨ ਤਿਆਰ ਕਰਨ ਵਿਚ ਇਕਮਿਕ ਹੋ ਜਾਣ ਪਰ ਇਹ ਸਭ ਕੁਝ ਫਰਵਰੀ 2020 ਤੋਂ ਬੜੀ ਤੇਜ਼ੀ ਨਾਲ ਵਾਪਰ ਰਿਹਾ ਹੈ। ਅਰਬਪਤੀ ਬੜੇ ਹੀ ਚਾਅ ਨਾਲ ਅਗਾਂਹ ਵਧ ਰਹੇ ਹਨ, ਵੱਖ ਵੱਖ ਨਵੇਂ ਖੇਤਰਾਂ ਵਿਚੋਂ ਸਰਮਾਇਆ ਇਕੱਤਰ ਕਰਨ ਦੀ ਪ੍ਰਤੀਕਿਰਿਆ ਲਈ ਮਸਨੂਈ ਗਿਆਨ (artificial intelligence) ਤੋਂ ਲੈ ਕੇ ਨੈਨੋ ਤਕਨਾਲੋਜੀ ਤੱਕ ਦੀ ਹਰ ਖੇਤਰ ਵਿਚ ਪ੍ਰਭੂਸੱਤਾ ਬਹਾਲ ਕਰ ਕੇ ਨਵੀਂ ਦੌਲਤ ਪੈਦਾ ਕਰਨ ਦੀਆਂ ਸੰਭਾਵਨਾਵਾਂ ਹਕੀਕਤ ਵਿਚ ਬਦਲੀਆਂ ਜਾ ਰਹੀਆਂ ਹਨ। ਨਵੇਂ ਵਿਗਿਆਨੀਆਂ, ਤਕਨਾਲੋਜੀ ਮਾਹਿਰਾਂ ਤੇ ਸਮਾਜਿਕ ਉੱਦਮੀਆਂ ਨੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀਆਂ ਖਵਾਹਿਸ਼ਾਂ ਦੀ ਪੂਰਤੀ ਲਈ ਆਪਣੀਆਂ ਸੇਵਾਵਾਂ ਸਮਰਪਿਤ ਕਰ ਦਿੱਤੀਆਂ ਹਨ। ਇਟਲੀ ਦੇ ਇਕ ਅਰਬਪਤੀ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਕਰੋਨਾ ਸੰਕਟ ਦਾ ਸਮਾਂ ਤਾਂ ਸਾਡੇ ਲਈ ਇੰਜ ਆਇਆ, ਜਿਵੇਂ ਕਿਸੇ ਪੁਰਾਣੀ ਆਰਥਿਕਤਾ ਦੀ ਦੀਵਾਰ ਢਾਹ ਕੇ ਨਵੀਂ ਦੀਵਾਰ ਉਸਾਰਨ ਲਈ ਸਾਨੂੰ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੋਵੇ ਜਿਸ ਵਿਚ ਰਾਜ ਦੀ ਸਾਡੇ ਕਾਰਜਾਂ ਵਿਚ ਘੱਟ ਦਖ਼ਲਅੰਦਾਜ਼ੀ ਅਤੇ ਪੁਰਾਤਨ ਕਾਇਦੇ ਕਾਨੂੰਨਾਂ ਦੀ ਸਰਦਾਰੀ ਦਾ ਖ਼ਾਤਮਾ ਸ਼ਾਮਲ ਹਨ।
  ਅਰਬਪਤੀਆਂ ਦੇ ਸਰਮਾਏ ਸੰਬੰਧੀ ਇਹ ਰਿਪੋਰਟ 31 ਜੁਲਾਈ 2020 ਤੱਕ ਦੇ ਅੰਕੜੇ ਪੇਸ਼ ਕਰਦੀ ਹੈ ਕਿ 7 ਅਪਰੈਲ 2020 ਤੱਕ ਅਰਬਪਤੀਆਂ ਦੀ ਗਿਣਤੀ 2058 ਸੀ ਜਿਹੜੀ 31 ਜੁਲਾਈ 2020 ਤੱਕ ਵਧ ਕੇ 2189 ਹੋ ਗਈ। ਜਦੋਂ ਲੋਕ ਕਰੋਨਾ ਦੀ ਮਾਰ ਹੇਠ ਸਨ ਤਾਂ ਨਵੇਂ 131 ਹੋਰ ਅਰਬਪਤੀ ਬਣ ਗਏ। ਇਹ ਰਿਪੋਰਟ ਦੁਨੀਆ ਦੀਆਂ 43 ਵੱਖ ਵੱਖ ਮਾਰਕੀਟਾਂ ਵਿਚੋਂ ਇਕੱਤਰ ਅੰਕੜਿਆਂ ਉੱਪਰ ਆਧਾਰਿਤ ਹੈ ਜਿਨ੍ਹਾਂ ’ਚ 98% ਵਿਸ਼ਵ ਪੱਧਰੀ ਅਰਬਪਤੀਆਂ ਦੀ ਧਨ-ਦੌਲਤ ਹੈ। ਰਿਪੋਰਟ ’ਚ ਦਰਜ ਕੀਤਾ ਕਿ ਕਾਰਪੋਰੇਟ ਘਰਾਣਿਆਂ ਲਈ ਇਹ ਇੱਕ ਤਰ੍ਹਾਂ ਦਾ ਆਰਥਿਕ ਇਨਕਲਾਬ ਹੈ ਜੋ ਉਨ੍ਹਾਂ ਦੇ ਵਪਾਰ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜ ਕੇ ਲਿਆਂਦਾ ਗਿਆ; ਦੂਸਰੇ ਪਾਸੇ ਕਰੋੜਾਂ ਲੋਕਾਂ ਲਈ ਇਹ ਤਬਾਹੀ ਦਾ ਰੂਪ ਹੈ ਜੋ ਨਵੀਆਂ ਤਰਾਸਦੀਆਂ ਦੇ ਸਨਮੁੱਖ ਖੜ੍ਹੇ ਹੋ ਗਏ ਹਨ।
  ਜਦੋਂ ਫਰਵਰੀ 2020 ’ਚ ਕਰੋਨਾ ਦਾ ਕਹਿਰ ਸ਼ੁਰੂ ਹੁੰਦਾ ਹੈ, ਸੰਸਾਰ ਆਰਥਿਕਤਾ ਦੇ ਕਈ ਖੇਤਰ ਪ੍ਰਭਾਵਿਤ ਹੁੰਦੇ ਹਨ: ਅਰਬਪਤੀਆਂ ਦੀ ਧਨ-ਦੌਲਤ ਫਰਵਰੀ ਤੇ ਮਾਰਚ 2020 ਵਿਚ 6.6 ਪ੍ਰਤੀਸ਼ਤ ਹੇਠਾਂ ਡਿੱਗ ਪੈਂਦੀ ਹੈ ਪਰ ਅਪਰੈਲ ਤੋਂ ਜੁਲਾਈ 2020 ਤੱਕ ਇਹ ਬੜੀ ਤੇਜ਼ੀ ਨਾਲ ਵਧ ਕੇ 10.2 ਟ੍ਰਿਲੀਅਨ ਤੱਕ ਪਹੁੰਚ ਜਾਂਦੀ ਹੈ। ਵਾਧੇ ਦੀ ਇਹ ਦਰ 19.1 ਪ੍ਰਤੀਸ਼ਤ ਹੈ। ਰਿਪੋਰਟ ਅਨੁਸਾਰ (ਅਪਰੈਲ 2020 ਤੋਂ 31 ਜੁਲਾਈ 2020 ਤੱਕ) ਤਕਨਾਲੋਜੀ ਦੇ ਖੇਤਰ ਵਿਚ 41.1 ਪ੍ਰਤੀਸ਼ਤ, ਸਿਹਤ ਸੇਵਾਵਾਂ ਦੀ ਸਨਅਤ ਵਿਚ 36.3%, ਆਧੁਨਿਕ ਸਨਅਤ ਵਿਚ 44.4%, ਰੀਅਲ ਅਸਟੇਟ ਵਿਚ 12.9%, ਵਿੱਤੀ ਖੇਤਰ ਵਿਚ 12.8%, ਮਨਪ੍ਰਚਾਵਾ ਤੇ ਮੀਡੀਆ ਖੇਤਰ ਵਿਚ 20.4% ਤੱਕ ਦਾ ਵਾਧਾ ਸੀ। ਇਨ੍ਹਾਂ ਖੇਤਰਾਂ ਵਿਚ ਹੀ ਇਨ੍ਹਾਂ ਅਰਬਪਤੀਆਂ ਦਾ ਵੱਡਾ ਸਰਮਾਇਆ ਲੱਗਿਆ ਹੋਇਆ ਹੈ। ਇਨ੍ਹਾਂ ਖੇਤਰਾਂ ਵਿਚ ਵੱਡੀਆਂ ਤਬਦੀਲੀਆਂ ਤੇ ਸੁਧਾਰਾਂ ਲਈ ਸਰਕਾਰਾਂ ਨੂੰ ਕਾਰਜ ਕਰਨ ਦੇ ਰਸਤੇ ਤੋਰ ਦਿੱਤਾ ਹੈ।
  ਇਨ੍ਹਾਂ ਅਰਬਪਤੀਆਂ ਵਿਚੋਂ 209 ਅਰਬਪਤੀਆਂ ਨੇ ਮੰਨਿਆ ਕਿ ਮਾਰਚ ਤੋਂ ਜੂਨ 2010 ਤੱਕ 7.2 ਬਿਲੀਅਨ ਡਾਲਰ ਦਾਨ ਵਜੋਂ (ਜਿਹੜੀ ਅਰਬਪਤੀਆਂ ਦੀ ਕੁੱਲ ਧਨ-ਦੌਲਤ ਦਾ 0.00001 ਪ੍ਰਤੀਸ਼ਤ ਬਣਦਾ ਹੈ) ਸਰਕਾਰਾਂ/ਲੋਕਾਂ ਦੀ ਮਦਦ ਲਈ ਖ਼ਰਚੇ ਹਨ ਜਿਨ੍ਹਾਂ ਵਿਚ ਪੀਪੀਈ ਕਿੱਟਾਂ ਤੋਂ ਲੈ ਕੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸਾਂ, ਪੜ੍ਹਨ-ਪੜ੍ਹਾਉਣ ਦੇ ਖੇਤਰ ਤਕਨਾਲੋਜੀ ਨਾਲ ਸੰਬੰਧਤ ਤਕਨੀਕਾਂ ਸ਼ਾਮਲ ਹਨ। ਸਰਕਾਰਾਂ ਤੱਤ ਰੂਪ ਵਿਚ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ ਤੇ ਜਿਉ ਰਹੀਆਂ ਹਨ, ਅਰਬਪਤੀਆਂ ਲਈ ਹੁਣ ‘ਦਾਨੀ ਸੱਜਣ’ ਦਾ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ ਹੈ।
  ਅਰਬਪਤੀਆਂ ਵਿਚੋਂ ਪਹਿਲੇ ਦਸਾਂ ਵਿਚ ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ (3 ਸਤੰਬਰ 2020 ਦੇ ਅੰਕੜਿਆਂ ਅਨੁਸਾਰ) ਅੱਠਵੇਂ ਸਥਾਨ ਤੇ ਹੈ ਜਿਸ ਕੋਲ 81.9 ਬਿਲੀਅਨ ਡਾਲਰ ਧਨ-ਦੌਲਤ ਹੈ। ਸਭ ਤੋਂ ਵੱਧ ਸਰਮਾਇਆ ਐਮਾਜ਼ੋਨ ਦੇ ਮਾਲਕ ਜੈੱਫ਼ ਬੇਜ਼ੌਸ ਦਾ 207 ਬਿਲੀਅਨ ਡਾਲਰ ਹੈ। ਦੂਸਰੇ ਨੰਬਰ ਤੇ ਤਕਨਾਲੋਜੀ ਦੇ ਖੇਤਰ ਵਾਲਾ ਬਿਲ ਗੇਟਸ 127 ਬਿਲੀਅਨ ਡਾਲਰ ਦਾ ਮਾਲਕ ਹੈ ਅਤੇ ਤੀਸਰੇ ਸਥਾਨ ਤੇ ਸੋਸ਼ਲ ਮੀਡੀਆ ਨਾਲ ਸੰਬੰਧਤ ਫੇਸ ਬੁੱਕ ਆਦਿ ਦਾ ਮਾਲਕ ਮਾਰਕ ਜ਼ੁਕਰਬਰਗ ਹੈ ਜਿਸ ਦਾ ਕੁੱਲ ਅਸਾਸਾ 114 ਬਿਲੀਅਨ ਡਾਲਰ ਹੈ। ਅਰਬਪਤੀ ਅਡਾਨੀ ਦਾ 91ਵਾਂ ਸਥਾਨ ਹੈ। ਰਿਪੋਰਟ ਵਿਚ ਯੂਬੀਐੱਸ ਸੰਸਾਰ ਪੱਧਰੀ ਧਨ-ਦੌਲਤ ਪ੍ਰਬੰਧਨ ਦੇ ਕੋਆਰਡੀਨੇਟਰ ਜੋਸਫ ਸਟੈਡਲਰ ਦਾ ਕਹਿਣਾ ਹੈ, “ਅਰਬਪਤੀ ਕਰੋਨਾ ਸੰਕਟ ਵਿਚ ਸਿਰੇ ਦੀਆਂ ਮੌਜਾਂ ਮਾਣ ਰਹੇ ਸੀ, ਉਹ ਕਰੋਨਾ ਸੰਕਟ ਤੇ ਸਵਾਰੀ ਕਰ ਕੇ ਧਨ-ਦੌਲਤ ਦੀਆਂ ਟੀਸੀਆਂ ਛੂਹਣ ਵਿਚ ਗ਼ਲਤਾਨ ਸਨ, ਦੂਸਰੇ ਪਾਸੇ ਕਰੋੜਾਂ ਲੋਕ ਬੇਰੁਜ਼ਗਾਰੀ, ਸਿਹਤ ਸਹੂਲਤਾਂ ਤੋਂ ਵਾਂਝੇ, ਬੇਘਰ ਹੋਏ, ਮੌਤ ਦੇ ਸਾਏ ਹੇਠ ਹਨ ਅਤੇ ਹਕੂਮਤਾਂ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਹੀਆਂ।”
  ਜਦੋਂ ਸਾਡੇ ਸਮਿਆਂ ਵਿਚ ਮਾਨਵਤਾ ਸਾਹਮਣੇ ਵੱਡੀ ਤਰਾਸਦੀ ਵਾਪਰ ਰਹੀ ਸੀ ਤਾਂ ਇਹ ਅਰਬਪਤੀ ਧਨ-ਦੌਲਤ ਇਕੱਤਰ ਕਰਨ ਲਈ ਨਵੀਂ ਲੁੱਟ ਦੇ ਰਾਹ ਪੱਧਰੇ ਕਰ ਰਹੇ ਸਨ। ਕੌਮਾਂਤਰੀ ਫੈਡਰੇਸ਼ਨ ਆਫ਼ ਰੈੱਡ ਕਰਾਸ ਨੇ ਵੀ ਅਜਿਹੀ ਹਾਲਤ ਸੰਬੰਧੀ ਕਿਹਾ ਹੈ, “ਇੱਕ ਮਿਲੀਅਨ ਵਿਅਕਤੀਗਤ ਤਰਾਸਦੀਆਂ ਦੇ ਨਾਲ ਨਾਲ ਅਣਗਿਣਤ ਦਿਲ ਕੰਬਾਊ ਘਟਨਾ ਵਾਪਰੀਆਂ ਹਨ। ਤੱਤ ਰੂਪ ਵਿਚ ਇਹ ਮਾਨਵੀ ਤਬਾਹੀ ਦਹਾਕਿਆਂ ਤੱਕ ਲੋਕਾਂ ਉੱਪਰ ਅਸਰ ਪਾਵੇਗੀ।” ਸ਼ਹਿਰਾਂ ਤੇ ਪਿੰਡਾਂ ਵਿਚ ਲੋਕਾਂ ਨੂੰ ਖੁੱਲ੍ਹੀ ਜੇਲ੍ਹ ਵਿਚ ਤਬਦੀਲ ਕਰ ਕੇ ਅਰਬਪਤੀ ਆਪਣੀ ਲੁੱਟ ਤੇਜ਼ ਕਰ ਰਹੇ ਸਨ ਅਤੇ ਨਵੇਂ ਖੇਤਰਾਂ ਵਿਚ ਲੁੱਟ ਕਿਸ ਤਰ੍ਹਾਂ ਵਧਾਉਣੀ ਹੈ, ਇਸ ਲਈ ਰਾਹ ਪੱਧਰੇ ਕੀਤੇ ਜਾ ਰਹੇ ਸਨ। ਜਿਵੇਂ ਮੋਦੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ-2020 ਤੋਂ ਲੈ ਕੇ ਕਿਰਤ ਕਾਨੂੰਨਾਂ ਵਿਚ ਸੁਧਾਰ, ਤੇ ਹੁਣ ਖੇਤੀ ਸੁਧਾਰਾਂ ਦੇ ਨਾਂ ਹੇਠ ਕਾਰਪੋਰੇਟ ਘਰਾਣਿਆਂ ਲਈ ਖੁੱਲ੍ਹੀ ਲੁੱਟ ਲਈ ਰਸਤੇ ਖੇਤੀ ਕਾਨੂੰਨ ਬਣਾਏ ਹਨ। ਦੇਸ਼ ਨੂੰ ਖੁੱਲ੍ਹੀ ਮੰਡੀ ਵਿਚ ਬਦਲ ਦਿੱਤਾ ਗਿਆ ਹੈ।
  ਅਜੋਕੀ ਦੁਨੀਆ ਵਿਚ ਅਰਬਪਤੀਆਂ ਨੇ ਆਪਣੇ ਮੁਨਾਫ਼ੇ ਲਈ ਸੰਸਾਰ ਪੂੰਜੀਵਾਦ ਦੀ ਚਾਲ ਤੇ ਢਾਲ ਕਰੋਨਾ ਸੰਕਟ ਨੂੰ ਵਰਤ ਕੇ ਦੇਸ਼ ਦੇ ਹੋਰ ਕੋਨੇ ਵਿਚ ਸਥਾਪਤ ਕਰ ਦਿੱਤੀ ਹੈ। ਇਸ ਦਾ ਬਦਲ ਤਲਾਸ਼ਣ ਲਈ ਕਈ ਮਹੀਨੇ ਤੇ ਵਰ੍ਹੇ ਲੱਗਣਗੇ ਕਿ ਕਿਸ ਤਰ੍ਹਾਂ ਦੇ ਨਾਅਰੇ ਤੇ ਸੰਘਰਸ਼ਾਂ ਦੀ ਰੂਪ ਰੇਖਾ ਹੋਵੇ ਤਾਂ ਕਿ ਲੁੱਟ ਤੋਂ ਛੁਟਕਾਰਾ ਪਾਇਆ ਜਾ ਸਕੇ। ਇਕ ਬਦਲ ਵਜੋਂ ਲੱਖਾਂ ਲੋਕਾਂ ਵਿਚ ਸਮਾਜਿਕ, ਆਰਥਿਕ ਤੇ ਸਿਆਸੀ ਖੇਤਰ ਵਿਚ ਉਬਾਲੇ ਖਾ ਰਹੇ ਸਵਾਲਾਂ ਦੇ ਜੁਆਬ ਤਲਾਸ਼ੇ ਜਾਣ। ਜਿਹੜਾ ਵੀ ਆਗੂ, ਬੁੱਧੀਜੀਵੀ ਅਤੇ ਲੜਾਈ ਵਿਚ ਕਾਰਜਸ਼ੀਲ ਕਰਿੰਦਾ ਇਨ੍ਹਾਂ ਸਵਾਲਾਂ ਨੂੰ ਸੰਬੋਧਤ ਹੋਏ ਬਿਨਾ, ਪਾਸਾ ਵੱਟਦਾ ਹੈ ਅਤੇ ਹਾਲਾਤ ਵਿਚੋਂ ਉਪਜੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰਦਾ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਕਾਰਪੋਰੇਟ ਘਰਾਣਿਆਂ ਦੀ ਧਿਰ ਬਣ ਰਿਹਾ ਹੈ ਤੇ ਹਕੀਕਤ ਵਿਚ ਲੁੱਟ ਤੋਂ ਨਿਜਾਤ ਨਹੀਂ ਚਾਹੁੰਦਾ। ਇਸ ਕਰ ਕੇ ਸਮੇਂ ਦੀ ਲੋੜ ਹੈ ਕਿ ਇੱਕਜੁੱਟ ਹੋ ਕੇ ਬਦਲਵੇਂ ਅਤੇ ਲੁੱਟ ਤੋਂ ਰਹਿਤ ਸਮਾਜ ਦੀ ਸੋਚ ਵੱਲ ਅਗਾਂਹ ਵਧਣ ਤੇ ਵਧਾਉਣ ਲਈ ਕਾਰਜਸ਼ੀਲ ਹੋਇਆ ਜਾਵੇ।

  ਸ੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ, ਜਿਨ੍ਹਾਂ ਨੂੰ ਕਰੀਬ 14 ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਕਈ ਦੋਸ਼ ਲਾਏ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਜੰਮੂ ਕਸ਼ਮੀਰ ਦਾ ਝੰਡਾ ਆਪਣੇ ਹੱਥ ਵਿੱਚ ਦਿਖਾਉਂਦਿਆਂ ਕਿਹਾ ਕਿ ਇਹ ਮੇਰਾ ਝੰਡਾ ਹੈ। ਜਦੋਂ ਇਹ ਝੰਡਾ ਵਾਪਸ ਆਵੇਗਾ, ਉਦੋਂ ਅਸੀਂ ਤਿਰੰਗਾ ਵੀ ਲਹਿਰਾਵਾਂਗੇ। ਜਦੋਂ ਤੱਕ ਸਾਨੂੰ ਆਪਣਾ ਝੰਡਾ ਵਾਪਸ ਨਹੀਂ ਮਿਲ ਜਾਂਦਾ ਅਸੀਂ ਕੋਈ ਵੀ ਝੰਡਾ ਨਹੀਂ ਲਹਿਰਾਵਾਂਗੇ। ਸਾਡਾ ਝੰਡਾ ਹੀ ਤਿਰੰਗੇ ਨਾਲ ਸਾਡੇ ਸੰਬੰਧ ਸਥਾਪਤ ਕਰਦਾ ਹੈ।
  ਪ੍ਰੈਸ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਤੋਂ ਵੀ ਵਿੱਤੀ ਤੌਰ 'ਤੇ ਪਛੜ ਚੁੱਕੇ ਹਨ। ਰੁਜ਼ਗਾਰ ਦਾ ਮਸਲਾ ਹੋਵੇ ਜਾਂ ਹੋਰ ਕੁਝ ਇਹ ਸਰਕਾਰ ਹਰ ਫਰੰਟ 'ਤੇ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਕੋਲ ਕੋਈ ਕੰਮ ਨਹੀਂ ਹੈ, ਜਿਸ ਨੂੰ ਵਿਖਾ ਕੇ ਵੋਟਾਂ ਮੰਗ ਸਕੇ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਹੁਣ ਜੰਮੂ ਕਸ਼ਮੀਰ ਵਿੱਚ ਜ਼ਮੀਨ ਖਰੀਦੀ ਜਾ ਸਕਦੀ ਹੈ। ਫਿਰ ਉਹ ਕਹਿੰਦੇ ਹਨ ਕਿ ਉਹ ਮੁਫਤ ਟੀਕਾ ਵੰਡਣਗੇ। ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਵੋਟਾਂ ਲਈ ਆਰਟੀਕਲ 370 ਬਾਰੇ ਗੱਲ ਕਰਨ ਦੀ ਲੋੜ ਪਈ ਹੈ।
  ਮਹਿਬੂਬਾ ਮੁਫਤੀ ਨੇ ਚੀਨ ਬਾਰੇ ਗੱਲ ਕਰਦਿਆਂ ਨੇ ਕਿਹਾ ਹੈ ਕਿ ਇਹ ਸੱਚ ਹੈ ਕਿ ਚੀਨ ਨੇ ਸਾਡੀ 1000 ਵਰਗ ਕਿਲੋਮੀਟਰ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਮੈਨੂੰ ਲਗਦਾ ਹੈ ਕਿ ਅਸੀਂ ਕਿਸੇ ਤਰ੍ਹਾਂ 40 ਕਿਲੋਮੀਟਰ ਜ਼ਮੀਨ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ। ਚੀਨ ਧਾਰਾ 370 ਅਤੇ ਜੰਮੂ ਕਸ਼ਮੀਰ ਬਾਰੇ ਵੀ ਗੱਲ ਕਰਦਾ ਹੈ। ਉਹ ਪੁੱਛਦਾ ਹੈ ਕਿ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਕਿਉਂ ਬਣਾਇਆ ਗਿਆ ਸੀ। ਆਰਟੀਕਲ 370 ਨੂੰ ਹਟਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਜੰਮੂ-ਕਸ਼ਮੀਰ ਬਾਰੇ ਜਿੰਨੀ ਚਰਚਾ ਹੋਈ ਓਨੀ ਕਦੇ ਵੀ ਨਹੀਂ ਹੋਈ।
  ਮਹੱਤਵਪੂਰਨ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮਿਲ ਕੇ ਇੱਕ ਫਰੰਟ ਬਣਾਇਆ ਹੈ। ਮਹਿਬੂਬਾ ਮੁਫਤੀ ਦੀ ਰਿਹਾਈ ਤੋਂ ਬਾਅਦ ਫਾਰੂਕ ਅਤੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ।

  ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਕਥਿਤ ਨਾਜਾਇਜ਼ ਵਿਦੇਸ਼ੀ ਫੰਡਾਂ ਦੇ ਕੇਸ ‘ਚ ਤਲਬ ਕੀਤਾ ਹੈ। ਰਣਇੰਦਰ ਸਿੰਘ ਨੂੰ 2016 ਦੇ ਸ਼ੁਰੂ ‘ਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਜਾਂ ਫੇਮਾ ਦੀ ਉਲੰਘਣਾ ਕਰਨ ‘ਤੇ ਬੁਲਾਇਆ ਗਿਆ ਸੀ।
  ਕਥਿਤ ਉਲੰਘਣ ਦੀ ਜਾਂਚ ਪਹਿਲਾਂ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਸੀ ਅਤੇ ਪੰਜਾਬ ਦੀ ਇਕ ਅਦਾਲਤ ‘ਚ ਮਾਮਲਾ ਦਾਇਰ ਕੀਤਾ ਗਿਆ ਸੀ। ਰਣਇੰਦਰ ਨੇ ਪਹਿਲਾਂ ਕਿਹਾ ਸੀ ਕਿ ਉਸ ਕੋਲ ਲੁਕਾਉਣ ਲਈ ਕੁੱਝ ਵੀ ਨਹੀਂ ਹੈ ਅਤੇ ਉਹ ਜਾਂਚ ‘ਚ ਸਹਿਯੋਗ ਕਰਨ ਲਈ ਤਿਆਰ ਹੈ। ਰਣਇੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੇ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਉਕਤ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।

  ਸਾਹਿਬਜਾਦਾ ਅਜੀਤ ਸਿੰਘ ਨਗਰ - ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੁਹਾਲੀ ਅਦਾਲਤ ਨੇ ਮੁੜ ਤਲਬ ਕੀਤਾ ਹੈ। ਸੈਣੀ ਨੂੰ ਸਿੱਟ ਕੋਲ 26 ਅਕਤੂਬਰ ਨੂੰ ਸਵੇਰੇ 11 ਵਜੇ ਹਾਜਰ ਹੋਣ ਲਈ ਕਿਹਾ ਹੈ। ਪਤਾ ਲੱਗਿਆ ਹੈ ਸੰਮਣਾਂ ਨੂੰ ਸੈਣੀ ਨੇ ਖੁਦ ਪ੍ਰਾਪਤ ਕੀਤਾ ਹੈ।
  ਦੂਜੇ ਪਾਸੇ ਮੁਹਾਲੀ ਅਦਾਲਤ ਵਿਚ ਸੈਣੀ ਦੀ ਜ਼ਮਾਨਤ ਰੱਦ ਕਰਨ ਬਾਰੇ ਸੁਣਵਾਈ ਅੱਗੇ ਟਲ ਗਈ ਹੈ। ਜਾਣਕਾਰੀ ਅਨੁਸਾਰ ਬੀਤੀ 11 ਮਈ ਨੂੰ ਮੁਹਾਲੀ ਅਦਾਲਤ ਨੇ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਸੀ ਅਤੇ ਅਦਾਲਤ ਨੇ ਸਾਬਕਾ ਡੀਜੀਪੀ ਨੂੰ ਆਦੇਸ਼ ਦਿੱਤੇ ਸੀ ਕਿ ਉਹ ਪੁਲੀਸ ਜਾਂਚ ਵਿੱਚ ਸ਼ਾਮਲ ਹੋਵੇ ਅਤੇ ਅਦਾਲਤ ਨੂੰ ਦੱਸੇ ਬਿਨਾਂ ਘਰ ਤੋਂ ਬਾਹਰ ਨਾ ਜਾਵੇ, ਬਸ਼ਰਤੇ ਉਨ੍ਹਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਨਾ ਹੋਵੇ। ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਸੁਮੇਧ ਸੈਣੀ ਨੇ ਅਦਾਲਤ ਅਤੇ ਸਿੱਟ ਨੂੰ ਦੱਸੇ ਬਿਨਾਂ ਘਰ ਤੋਂ ਗਾਇਬ ਹੋ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਚੇਤੇ ਰਹੇ ਜਦੋਂ ਸੈਣੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸੀ ਤਾਂ ਉਹ ਜ਼ੈੱਡ ਪਲੱਸ ਸੁਰੱਖਿਆ ਛੱਤਰੀ ਛੱਡ ਕੇ ਆਪਣੇ ਘਰੋਂ ਅਚਾਨਕ ਰੂਪੋਸ਼ ਹੋ ਗਿਆ ਸੀ। ਅੱਜ ਮੁਹਾਲੀ ਅਦਾਲਤ ਵਿੱਚ ਸਰਕਾਰ ਦੀ ਉਕਤ ਅਰਜ਼ੀ ’ਤੇ ਸੁਣਵਾਈ ਹੋਣੀ ਸੀ ਪ੍ਰੰਤੂ ਸਬੰਧਤ ਜੱਜ ਛੁੱਟੀ ’ਤੇ ਹੋਣ ਕਾਰਨ ਜ਼ਮਾਨਤ ਰੱਦ ਕਰਵਾਉਣ ਲਈ ਸਰਕਾਰ ਦੀ ਅਰਜ਼ੀ ’ਤੇ ਸੁਣਵਾਈ 27 ਅਕਤੂਬਰ ਤੱਕ ਅੱਗੇ ਟਲ ਗਈ ਹੈ। ਊਸੇ ਦਿਨ ਸੈਣੀ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਐੱਫਆਈਆਈ ਰੱਦ ਕਰਨ ਅਤੇ ਉਸ ਨੂੰ ਪੱਕੀ ਜ਼ਮਾਨਤ ਦੇਣ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ। ਹਾਲਾਂਕਿ ਅਦਾਲਤ ਨੇ ਸੈਣੀ ਦੀ ਜ਼ਮਾਨਤ ਮਨਜ਼ੂਰ ਕਰਨ ਸਮੇਂ ਇਹ ਵੀ ਹੁਕਮ ਦਿੱਤੇ ਸੀ ਕਿ ਉਹ ਜ਼ਮਾਨਤ ਸਮੇਂ ਦੌਰਾਨ ਕਿਸੇ ਨੂੰ ਧਮਕਾਉਣ ਜਾਂ ਲਾਲਚ ਦੇਣ ਦੀ ਕੋਸ਼ਿਸ਼ ਨਹੀਂ ਕਰਨਗੇ ਅਤੇ ਉਕਤ ਕੇਸ ਸਬੰਧੀ ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ ਪ੍ਰੰਤੂ ਸੈਣੀ ’ਤੇ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਨਾ ਦੇਣ ਅਤੇ ਗਵਾਹਾਂ ਨੂੰ ਧਮਕਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ’ਚ ਖਾੜਕੂ ਸਿੰਘ ਭਾਈ ਮਹਿੰਗਾ ਸਿੰਘ ਬੱਬਰ ਅਤੇ ਕੀਰਤਨੀਏ ਭਾਈ ਅਵਤਾਰ ਸਿੰਘ ਪਾਰੋਵਾਲ ਦੀ ਤਸਵੀਰ ਪੰਥਕ ਰਵਾਇਤਾਂ ਨਾਲ ਸਥਾਪਤ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਭਾਈ ਮਹਿੰਗਾ ਸਿੰਘ ਬੱਬਰ, ਖਾੜਕੂ ਜਥੇਬੰਦੀ ਬੱਬਰ ਖਾਲਸਾ ਨਾਲ ਸਬੰਧਤ ਸੀ ਅਤੇ ਜੂਨ 1984 ਨੂੰ ਫੌਜੀ ਹਮਲੇ ਤੋਂ ਪਹਿਲਾਂ ਮਾਰੇ ਗਏ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਹੋਰ ਉਸ ਵੇਲੇ ਦੇ ਅਹਿਮ ਆਗੂ ਸ਼ਾਮਲ ਹੋਏ ਸਨ। ਲੌਂਗੋਵਾਲ ਨੇ ਆਖਿਆ ਕਿ ਜੂਨ 1984 ਵਿੱਚ ਹੋਏ ਫੌਜੀ ਹਮਲੇ ਨੂੰ ਸਿੱਖ ਕੌਮ ਕਦੇ ਭੁੱਲ ਨਹੀਂ ਸਕਦੀ। ਇਸ ਹਮਲੇ ਦੌਰਾਨ ਭਾਈ ਮਹਿੰਗਾ ਸਿੰਘ ਬੱਬਰ ਅਤੇ ਕੀਰਤਨੀਏ ਭਾਈ ਅਵਤਾਰ ਸਿੰਘ ਪਾਰੋਵਾਲ ਸ਼ਹੀਦ ਹੋਏ ਸਨ। ਉਨ੍ਹਾਂ ਦੱਸਿਆ ਕਿ ਭਾਈ ਮਹਿੰਗਾ ਸਿੰਘ ਇਸ ਹਮਲੇ ਦੇ ਸਭ ਤੋਂ ਪਹਿਲੇ ਸ਼ਹੀਦ ਸਨ। ਉਨ੍ਹਾਂ ਦਾ ਸਸਕਾਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਹੀ ਕੀਤਾ ਗਿਆ ਸੀ ਅਤੇ ਉਹ ਖੁਦ ਵੀ ਉਸ ਮੌਕੇ ਸ਼ਾਮਲ ਸਨ। ਇਸ ਮੌਕੇ ਭਾਈ ਪਾਰੋਵਾਲ ਅਤੇ ਭਾਈ ਮਹਿੰਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਗਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਕੋਲੋਂ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਵੀ ਕੀਤੀ। ਦੂਜੇ ਪਾਸੇ ਅਖੰਡ ਕੀਰਤਨੀ ਜਥੇ ਨੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਦੀ ਤਸਵੀਰ ਲਾਉਣ ਦੀ ਸ਼ਲਾਘਾ ਕੀਤੀ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com