ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਪੰਜਾਬ ਮੰਤਰੀ ਮੰਡਲ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫ਼ੈਸਲਾ ਲਿਆ ਹੈ। ਕਈ ਦਿਨਾਂ ਦੀ ਜਕੋਤੱਕੀ ਮਗਰੋਂ ਪੰਜਾਬ ਕੈਬਨਿਟ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਲਿਆਉਣ ਦੇ ਫ਼ੈਸਲੇ ’ਤੇ ਅੱਜ ਮੋਹਰ ਲਾ ਦਿੱਤੀ ਹੈ। ਐਡਵੋਕੇਟ ਜਨਰਲ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਕਾਨੂੰਨੀ ਨੁਕਤੇ ਤੋਂ ਇਸ ਬਿੱਲ ਦਾ ਖਰੜਾ ਤਿਆਰ ਕਰਨ ਵਿੱਚ ਲੱਗੀ ਹੋਈ ਸੀ। ਇਸ ਦੌਰਾਨ ਪੰਜਾਬ ਕੈਬਨਿਟ ਨੇ ਹਰ ਤਬਕੇ ਨੂੰ ਖੁੱਲ੍ਹੇ ਗੱਫ਼ੇ ਦੇਣ ਦਾ ਐਲਾਨ ਕੀਤਾ ਹੈ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੇ ਫ਼ੈਸਲੇ ਨਾਲ ਪੰਜਾਬ ਦੇ ਰਾਜਪਾਲ ਨੂੰ ਭਾਰਤੀ ਸੰਵਿਧਾਨ ਦੀ ਧਾਰਾ 174 ਦੇ ਕਲਾਜ਼ (1) ਤਹਿਤ 15ਵੀਂ ਵਿਧਾਨ ਸਭਾ ਦਾ 13ਵਾਂ (ਵਿਸ਼ੇਸ਼) ਇਜਲਾਸ ਸੱਦਣ ਲਈ ਅਧਿਕਾਰਤ ਕੀਤਾ ਗਿਆ ਹੈ। ਬੇਸ਼ੱਕ ਇਸ ਬਿੱਲ ਦੀ ਰੂਪ-ਰੇਖਾ ਬਾਰੇ ਕੋਈ ਗੱਲ ਜ਼ਾਹਿਰ ਨਹੀਂ ਕੀਤੀ ਗਈ ਹੈ, ਪਰ ਭਾਰਤੀ ਸੰਵਿਧਾਨ ਦੀ ਸਮਵਰਤੀ ਸੂਚੀ ਦੇ ਵਿਸ਼ੇ ’ਤੇ ਰਾਜ ਸਰਕਾਰ ਨੂੰ ਕਾਨੂੰਨ ਬਣਾਉਣ ਦੇ ਮਿਲੇ ਅਧਿਕਾਰ ਦੀ ਵਰਤੋਂ ਕਰਕੇ, ਵਿਧਾਨ ਸਭਾ ਇਹ ਬਿੱਲ ਬਣਾ ਸਕਦੀ ਹੈ। ਉਂਜ ਬਿੱਲ ਨੂੰ ਅੰਤਿਮ ਪ੍ਰਵਾਨਗੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ।
    ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਖ ਚੁੱਕੇ ਹਨ ਕਿ ਪੰਜਾਬ ਸਰਕਾਰ ਸੰਘੀ ਢਾਂਚੇ ਦੇ ਵਿਰੋਧੀ ਅਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿਧਾਨਿਕ, ਕਾਨੂੰਨੀ ਅਤੇ ਹੋਰ ਸਾਰੇ ਤਰੀਕਿਆਂ ਰਾਹੀਂ ਮੂੰਹ ਤੋੜਵਾਂ ਜਵਾਬ ਦੇਵੇਗੀ। ਮੁੱਖ ਮੰਤਰੀ ਨੇ ਕਿਸਾਨ ਧਿਰਾਂ ਨਾਲ ਵੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਵਾਅਦਾ ਕੀਤਾ ਸੀ। 15ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ ਪਿਛਲੇ ਮਹੀਨੇ 28 ਸਤੰਬਰ ਨੂੰ ਸਮਾਪਤ ਹੋਇਆ ਹੈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਲਈ ਸਦਨ ਵਿੱਚ ਬਹੁਮਤ ਨਾਲ ਮਤਾ ਪਾਸ ਕੀਤਾ ਗਿਆ ਸੀ।
    ਮੀਟਿੰਗ ਦੌਰਾਨ ਲਏ ਹੋਰਨਾਂ ਫੈਸਲਿਆਂ ਵਿੱਚ ਪੰਜਾਬ ਕੈਬਨਿਟ ਨੇ ਕੋਵਿਡ ਸੰਕਟ ਦੇ ਮੱਦੇਨਜ਼ਰ, ਸੇਵਾ ਮੁਕਤ ਹੋ ਰਹੇ ਡਾਕਟਰਾਂ ਅਤੇ ਮੈਡੀਕਲ ਸਪੈਸ਼ਲਿਸਟਾਂ ਦੇ ਸੇਵਾ ਕਾਲ ਵਿੱਚ 31 ਦਸੰਬਰ ਤੱਕ 3 ਮਹੀਨਿਆਂ ਦੇ ਵਾਧੇ ਅਤੇ ਮੁੜ ਨੌਕਰੀ ’ਤੇ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਮੌਜੂਦਾ ਸਮੇਂ ਨੌਕਰੀ ਕਰ ਰਹੇ ਡਾਕਟਰਾਂ/ਸਪੈਸ਼ਲਿਸਟਾਂ ਦੀਆਂ ਸੇਵਾਵਾਂ ਹਾਲ ਦੀ ਘੜੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
    ਕੈਬਨਿਟ ਨੇ ਪੰਜਾਬ ਹੈਲਥ ਐਂਡ ਫੈਮਿਲੀ ਵੈੱਲਫੇਅਰ ਟੈਕਨੀਕਲ (ਗਰੁੱਪ ਸੀ) ਸਰਵਿਸ ਰੂਲਜ਼, 2016 ਵਿੱਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫੈਸਲੇ ਤਹਿਤ ਨਿਰਧਾਰਿਤ ਤਰੱਕੀ ਕੋਟਾ ਸਟਾਫ਼ ਨਰਸ ਦੀ ਆਸਾਮੀ ਸਬੰਧੀ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕੀਤਾ ਗਿਆ ਹੈ ਅਤੇ ਸਟਾਫ਼ ਨਰਸਾਂ ਦੀਆਂ ਪੱਕੀਆਂ ਮਨਜ਼ੂਰਸ਼ੁਦਾ 4216 ਅਸਾਮੀਆਂ ਘਟਾ ਕੇ 3577 ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਯੋਗ ਉਮੀਦਵਾਰਾਂ ਨੂੰ ਸਟਾਫ਼ ਨਰਸ ਦੀਆਂ ਖ਼ਾਲੀ ਅਸਾਮੀਆਂ ਅਤੇ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਹਵਾਲੇ ਕੀਤੀਆਂ 639 ਅਸਾਮੀਆਂ ਸਬੰਧੀ ਸਿੱਧੀ ਭਰਤੀ ਹਿੱਤ ਰੁਜ਼ਗਾਰ ਦੇ ਮੌਕੇ ਮਿਲਣਗੇ। ਇਸੇ ਤਰ੍ਹਾਂ ਸਿਹਤ ਵਿਭਾਗ ਦੀ ਡਾਇਲਸਿਸ ਟੈਕਨੀਸ਼ੀਅਨ ਦੀ ਅਸਾਮੀ ਸਬੰਧੀ ਵੀ ਨਿਯਮਾਂ ’ਚ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਗਈ। ਸਿੱਧੀ ਭਰਤੀ ਲਈ ਨਿਰਧਾਰਿਤ ਮੌਜੂਦਾ ਵਿਦਿਅਕ ਯੋਗਤਾ ਤੋਂ ਛੁੱਟ ਉਨ੍ਹਾਂ ਤਕਨੀਕੀ ਤੌਰ ’ਤੇ ਯੋਗ ਉਮੀਦਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਬੀ.ਐੱਸਸੀ. (ਡਾਇਲਸਿਸ ਟੈਕਨੀਸ਼ੀਅਨ) ਪਾਸ ਕੀਤੀ ਹੋਈ ਹੈ।
    ਕੈਬਨਿਟ ਨੇ ਝੁੱਗੀ ਝੌਂਪੜੀ ਵਾਲਿਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣ ਲਈ ‘ਪੰਜਾਬ ਸਲੱਮ ਡਵੈਲਅਰਜ਼ (ਪ੍ਰੋਪਰਾਇਟਰੀ ਰਾਈਟਸ) ਐਕਟ, 2020 ਦੇ ਨਿਯਮਾਂ ਨੂੰ ਨੋਟੀਫਾਈ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ, ਜਿਸ ਨਾਲ ਇਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਨੀਆਂ ਯਕੀਨੀ ਬਣਨਗੀਆਂ। ਕੈਬਨਿਟ ਨੇ ਐਰੋਪੋਨਿਕਸ/ਨੈੱਟ ਹਾਊਸ ਸਹੂਲਤਾਂ ਦੀ ਵਰਤੋਂ ਕਰਦਿਆਂ ਟਿਸ਼ੂ ਕਲਚਰ ਆਧਾਰਤ ਤਕਨਾਲੋਜੀ ਜ਼ਰੀਏ ਆਲੂ ਦੇ ਮਿਆਰੀ ਬੀਜ ਦੇ ਉਤਪਾਦਨ ਅਤੇ ਆਲੂ ਦੇ ਬੀਜ ਅਤੇ ਇਸ ਦੀਆਂ ਅਗਲੀਆਂ ਨਸਲਾਂ ਦੀ ਸਰਟੀਫਿਕੇਸ਼ਨ ਦਾ ਫ਼ੈਸਲਾ ਲਿਆ ਹੈ। ਇਸ ਵੇਲੇ ਸੂਬੇ ਵਿੱਚ ਇਕ ਲੱਖ ਹੈਕਟੇਅਰ ਰਕਬੇ ਵਿਚ ਆਲੂ ਦੀ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਨਾਲ ਆਲੂਆਂ ਦੇ 4 ਲੱਖ ਮੀਟ੍ਰਿਕ ਟਨ ਬੀਜ ਦੀ ਮੰਗ ਪੈਦਾ ਹੋਈ ਹੈ। ਵੱਡੇ ਦਰਿਆਵਾਂ ਦੀ ਨਿਰੰਤਰ ਸਾਫ-ਸਫਾਈ (ਡੀਸਿਲਟਿੰਗ) ਅਤੇ ਹੜ੍ਹਾਂ ਦੀ ਮਾਰ ਘਟਾਉਣ ਨੂੰ ਯਕੀਨੀ ਬਣਾਉਣ ਲਈ ਦਰਿਆਵਾਂ ਦੀ ਸਫ਼ਾਈ ਦੇ ਕੰਮ ਨੂੰ ਮਾਈਨਿੰਗ ਬਲਾਕ ਅਲਾਟ ਕਰਨ ਲਈ ਕੀਤੇ ਗਏ ਇਕਰਾਰਨਾਮਿਆਂ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਕੈਬਨਿਟ ਨੇ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਆਰਡੀਨੈਂਸ, 2020 ਨੂੰ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਬਿੱਲ ਵਜੋਂ ਪੇਸ਼ ਕਰਕੇ ਕਾਨੂੰਨ ਦਾ ਰੂਪ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਰੱਦ ਕੀਤੇ ਗਏ ਜਾਂ ਬਾਹਰ ਰਹਿ ਗਏ ਸਾਰੇ ਲਾਭਪਾਤਰੀਆਂ ਦੀ ਮੁੜ ਤਸਦੀਕ ਕਰਨ ਦੀ ਪ੍ਰਕਿਰਿਆ ਵਿਆਪਕ ਪੱਧਰ ‘ਤੇ ਅਰੰਭਣ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਖੇਤੀਬਾੜੀ ਜ਼ਮੀਨਾਂ ਦੇ ਕਬਜ਼ੇ ਵਾਲੇ ਕੁਝ ਖ਼ਾਸ ਵਰਗਾਂ ਨਾਲ ਸਬੰਧਤ ਵਿਅਕਤੀਆਂ ਨੂੰ ਮਾਲਕਾਨਾ ਹੱਕ ਦੇਣ ਦੀ ਕੋਸ਼ਿਸ਼ ਵਜੋ ਪੰਜਾਬ ਭੋਂਡੇਦਾਰ, ਬੂਟੇਮਾਰ, ਡੋਹਲੀਦਾਰ, ਇਨਸਾਰ ਮਿਆਦੀ, ਮੁਕਰਰੀਦਾਰ, ਮੰਢੀਮਾਰ, ਪਨਾਹ ਕਦਮੀ, ਸੌਂਜੀਦਾਰ (ਮਾਲਕੀ ਅਧਿਕਾਰੀ ਦੇਣਾ) ਬਿੱਲ, 2020 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਾਸ਼ਤਕਾਰ ਕਈ ਸਾਲਾਂ ਤੋਂ ਜ਼ਮੀਨ ਦੇ ਛੋਟੇ ਹਿੱਸਿਆਂ ’ਤੇ ਕਾਬਜ਼ ਹਨ ਅਤੇ ਪੀੜ੍ਹੀ-ਦਰ-ਪੀੜ੍ਹੀ ਆਪਣੇ ਅਧਿਕਾਰਾਂ ਦੇ ਵਾਰਸ ਬਣਦੇ ਹਨ।
    ਪੰਜਾਬ ਸਰਕਾਰ ਨੇ ਜ਼ਮੀਨ ’ਤੇ 12 ਸਾਲ ਤੋਂ ਵੱਧ ਸਮੇਂ ਤੋਂ ਕਾਬਜ਼ ਅਤੇ ਕਾਸ਼ਤ ਕਰ ਰਹੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਸਰਕਾਰ ਵੱਲੋਂ ਪੂਰਵ-ਨਿਰਧਾਰਤ ਵਾਜਬ ਕੀਮਤ ’ਤੇ ਜ਼ਮੀਨ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਸਰਕਾਰ ਵੱਲੋਂ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਰਜਿਸਟ੍ਰੇਸ਼ਨ ਐਕਟ, 1908 ਦੀ ਧਾਰਾ 19 ਵਿੱਚ ਕਲਾਜ਼ ‘ਏ’ ਦਾਖਲ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਕਲਾਜ਼ ਨਾਲ ਸੂਬੇ ਦੇ ਸਬ ਰਜਿਸਟਰਾਰ ਤੇ ਜੁਆਇੰਟ ਰਜਿਸਟਰਾਰ ਨੂੰ ਕਾਨੂੰਨੀ ਖਾਮੀਆਂ ਵਾਲੇ ਦਸਤਾਵੇਜ਼ਾਂ ਨੂੰ ਰਜਿਸਟਰ ਨਾ ਕਰਨ ਦਾ ਅਧਿਕਾਰ ਦੇਵੇਗੀ। ਪੰਜਾਬ ਵਜ਼ਾਰਤ ਨੇ ਲੈਂਡ ਰੈਵੇਨਿਊ ਐਕਟ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਕਾਲਜਾਂ ਨੂੰ 3.75 ਕਰੋੜ ਰੁਪਏ ਦੀ ਗਰਾਂਟ ਇਨ ਏਡ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ।
    ਪੰਜਾਬ ਕੈਬਨਿਟ ਨੇ ਐੱਸਸੀ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਾਉਣ ਲਈ ਡਾ.ਬੀ.ਆਰ.ਅੰਬੇਦਕਰ ਐੱਸਸੀ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਕੀਮ ਦਾ ਲਾਭ ਦੇਣ ਲਈ ਆਮਦਨੀ ਸਬੰਧੀ ਮਾਪਦੰਡ 2.5 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰਨ ਦਾ ਵੀ ਐਲਾਨ ਕੀਤਾ ਗਿਆ। ਨਵੀਂ ਸਕੀਮ ਅਗਲੇ ਅਕਾਦਮਿਕ ਸੈਸ਼ਨ 2021-22 ਤੋਂ ਲਾਗੂ ਹੋਵੇਗੀ। ਇਸ ਤਜਵੀਜ਼ ਨਾਲ ਸਰਕਾਰੀ ਖ਼ਜ਼ਾਨੇ ’ਤੇ 600 ਕਰੋੜ ਰੁਪਏ ਦਾ ਵਿੱਤੀ ਭਾਰ ਪੈਣ ਦਾ ਅਨੁਮਾਨ ਹੈ।
    ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਏਜੰਸੀਆਂ ਵਿਚਲੀਆਂ ਖ਼ਾਲੀ ਅਸਾਮੀਆਂ ਨੂੰ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਭਰਨ ਲਈ ਸੂਬਾ ਰੁਜ਼ਗਾਰ ਯੋਜਨਾ 2020-22 ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇੱਕ ਲੱਖ ਨੌਕਰੀਆਂ ਲਈ ਭਰਤੀ ਦਾ ਰਾਹ ਪੱਧਰਾ ਹੋਵੇਗਾ। ਇਹ ਭਰਤੀ ਕੇਂਦਰ ਸਰਕਾਰ ਦੇ ਤਨਖ਼ਾਹ ਸਕੇਲ ਅਨੁਸਾਰ ਕੀਤੀ ਜਾਵੇਗੀ। ਸਾਲ 2020-21 ਦੌਰਾਨ ਸਰਕਾਰੀ ਅਹੁਦਿਆਂ ’ਤੇ ਚੁਣੇ ਗਏ ਉਮੀਦਵਾਰਾਂ ਦੀ ਰਸਮੀ ਜੁਆਇਨਿੰਗ ਲਈ ਅਗਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕਰਨਗੇ। ਮਨਜ਼ੂਰ ਕੀਤੀ ਯੋਜਨਾ ਅਨੁਸਾਰ, ਸਾਰੇ ਵਿਭਾਗ ਭਰਤੀ ਦੀ ਅਗਲੇਰੀ ਪ੍ਰਕਿਰਿਆ ਲਈ 31 ਅਕਤੂਬਰ ਤੱਕ ਆਪਣੇ ਵਿਭਾਗ ਵਿਚਲੀਆਂ ਖ਼ਾਲੀ ਅਸਾਮੀਆਂ ਸਬੰਧੀ ਇਸ਼ਤਿਹਾਰ ਦੇ ਸਕਦੇ ਹਨ।
    ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ ਵਿੱਚ ਸਿੱਧੀ ਭਰਤੀ ਸਬੰਧੀ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਪੰਜਾਬ ਸਿਵਲ ਸਰਵਿਸਿਜ਼ (ਰਿਜ਼ਰਵੇਸ਼ਨ ਆਫ਼ ਪੋਸਟਸ ਫਾਰ ਵਿਮੈੱਨ) ਰੂਲਜ਼, 2020 ਨੂੰ ਮਨਜ਼ੂਰੀ ਦੇ ਦਿੱਤੀ ਜਿਸ ਤਹਿਤ ਮਹਿਲਾਵਾਂ ਨੂੰ ਸਰਕਾਰੀ ਅਸਾਮੀਆਂ ’ਤੇ ਸਿੱਧੀ ਭਰਤੀ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਵਿਚਲੀਆਂ ਗਰੁੱਪ-ਏ, ਬੀ, ਸੀ ਅਤੇ ਡੀ ਦੀਆਂ ਅਸਾਮੀਆਂ ਵਿੱਚ ਭਰਤੀ ਲਈ ਇਹ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਹੈ। ਪੰਜਾਬ ਕੈਬਨਿਟ ਨੇ ਪੰਜਾਬ ਸਿਵਲ ਸਕੱਤਰੇਤ (ਸਟੇਟ ਸਰਵਿਸਿਜ਼ ਕਲਾਸ-999) ਰੂਲਜ਼, 1976 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਸਿਵਲ ਸਕੱਤਰੇਤ ਵਿੱਚ ਲੀਗਲ ਕਲਰਕਾਂ ਦੀ ਭਰਤੀ ਲਈ ਕਲਰਕ (ਲੀਗਲ) ਕਾਡਰ ਦੀ ਸਿਰਜਣਾ ਕੀਤੀ ਜਾ ਸਕੇ। ਇਹ ਪ੍ਰਕਿਰਿਆ ਜਨਰਲ ਕਲਰਕ ਕਾਡਰ ਵਿੱਚੋਂ 100 ਅਸਾਮੀਆਂ ਬਾਹਰ ਕਰਕੇ ਸਿਰੇ ਚਾੜ੍ਹੀ ਜਾਵੇਗੀ।

    ਐੱਸ.ਏ.ਐੱਸ. ਨਗਰ (ਮੁਹਾਲੀ) - ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਧਾਰਾ 302, 364 ਸਮੇਤ ਹੋਰਨਾਂ ਸਖ਼ਤ ਧਾਰਾਵਾਂ ਤਹਿਤ ਦਰਜ ਕੇਸ ਰੱਦ ਕਰਨ ਦੇ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਵਿੱਚ ਹੋਈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰ ਕੇ ਤਿੰਨ ਹਫ਼ਤਿਆਂ ਅੰਦਰ ਆਪੋ-ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ ਤਾਂ ਜੋ ਇਸ ਕੇਸ ਦਾ ਨਿਬੇੜਾ ਕੀਤਾ ਜਾ ਸਕੇ। ਸੈਣੀ ਨੇ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਹੈ। ਸਾਬਕਾ ਡੀਜੀਪੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਮਟੌਰ ਥਾਣੇ ਵਿੱਚ 29 ਸਾਲਾਂ ਬਾਅਦ ਦਰਜ ਕੀਤਾ ਗਿਆ ਅਪਰਾਧਿਕ ਕੇਸ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ

    ਫ਼ਤਹਿਗੜ੍ਹ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਾਮ ਕਰੀਬ 7 ਵਜੇ ਪਿੰਡ ਤਰਖਾਣ ਮਾਜਰਾ ਅਤੇ ਜੱਲ੍ਹਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਸਬੰਧੀ ਪਿੰਡ ਤਰਖਾਣ ਮਾਜਰਾ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਲੌਂਗੋਵਾਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੁਲਜ਼ਮ ਨੂੰ ਕਾਬੂ ਕਰਨ ਵਾਲੇ ਮਨਜੋਤ ਸਿੰਘ ਦੀ ਸ਼ਲਾਘਾ ਕਰਦਿਆਂ ਉਸ ਨੂੰ ਸ਼੍ਰੋਮਣੀ ਕਮੇਟੀ ਵਿਚ ਉਸ ਦੀ ਵਿੱਦਿਅਕ ਯੋਗਤਾ ਮੁਤਾਬਕ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਕਸਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਜਾਂ ਨਸ਼ੇੜੀ ਕਿਹਾ ਜਾਂਦਾ ਹੈ ਜਦਕਿ ਇਸ ਦੇ ਪਿਛਲਾ ਸੱਚ ਸਾਹਮਣੇ ਲਿਆਉਣ ਦੀ ਲੋੜ ਹੈ। ਉਨ੍ਹਾਂ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਅੱਗੇ ਪਹਿਰੇਦਾਰੀ ਯਕੀਨੀ ਬਣਾਉਣ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਦੋ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਕਮੇਟੀਆਂ ਦੇ ਨਾਮ ਜਾਰੀ ਇੱਕ ਸੰਦੇਸ਼ ਵਿੱਚ ਉਨ੍ਹਾਂ ਨੂੰ ਗੁਰਦੁਆਰਾ ਸਾਹਿਬਾਨ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਅਪੀਲ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਸਮਾਜ ਵਿਰੋਧੀ ਅਨਸਰਾਂ ਤੋਂ ਬੇਅਦਬੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਨੂੰ ਦੇਖਦਿਆਂ ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਪਿੰਡਾਂ/ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਜਾਣ।

    ਅੰਮਿ੍ਤਸਰ- ਸਰਬੱਤ ਖ਼ਾਲਸਾ ਵਲੋਂ ਨਿਯੁਕਤ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੰਜਾਬ ਅਤੇ ਪੰਥ ਦੇ ਲਗਾਤਾਰ ਵਿਗੜ ਰਹੇ ਹਾਲਾਤ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਤੇ ਸਿੱਖ ਨੌਜਵਾਨਾਂ ਨੂੰ ਪੰਜਾਬ ਤੇ ਪੰਥ ਦੀ ਪਹਿਰੇਦਾਰੀ ਦੀ ਜ਼ਿੰਮੇਵਾਰੀ ਸੌਾਪਣ ਦਾ ਐਲਾਨ ਕਰਦਿਆਂ 'ਅਕਾਲ ਯੂਥ' ਨਾਂਅ ਦੀ ਜਥੇਬੰਦੀ ਗਠਿਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਰਸਮੀ ਐਲਾਨ 15 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜਾ ਸਿੰਘਾਂ ਵਲੋਂ ਅਰਦਾਸ ਕਰਕੇ ਕੀਤਾ ਜਾਵੇਗਾ¢ ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਵਲੋਂ ਜਾਰੀ ਬਿਆਨ 'ਚ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਕੌਮੀ ਸੰਸਥਾਵਾਂ ਤੇ ਕੌਮੀ ਆਗੂਆਂ ਵਲੋਂ ਨੌਜਵਾਨਾਂ ਪ੍ਰਤੀ ਨਿਭਾਏ ਗ਼ੈਰ ਜ਼ਿੰਮੇਵਾਰਾਨਾ ਰੋਲ ਕਾਰਨ ਸਿੱਖ ਨੌਜਵਾਨ ਨਿਰਾਸ਼ ਹੋ ਕੇ ਭਟਕ ਗਿਆ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਥ, ਪੰਜਾਬ ਤੇ ਲੋਕ ਹਿਤ ਲਈ ਸੇਵਾ ਸੌਾਪਣ ਲਈ ਉਸਾਰੂ ਸੋਚ ਦਾ ਧਾਰਨੀ ਬਣਾਉਣ ਅਤੇ ਇਕ ਮੰਚ 'ਤੇ ਇਕੱਠਾ ਕਰਨਾ ਸਮੇਂ ਦੀ ਮੰਗ ਹੈ¢ ਉਨ੍ਹਾਂ ਕਿਹਾ ਕਿ ਅਕਾਲ ਯੂਥ ਦੀ ਰਸਮੀ ਸਥਾਪਨਾ 15 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘਾਂ ਵਲੋਂ ਅਰਦਾਸ ਕਰਕੇ ਕੀਤੀ ਜਾਵੇਗੀ |

    ਮਾਨਸਾ - ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਰੇਲਵੇ ਲਾਈਨਾਂ ਉਪਰ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਫਿਲਹਾਲ ਇਕੱਲੀ ਜਥੇਬੰਦੀ ਦਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਦੂਜੀਆਂ ਧਿਰਾਂ ਵਲੋਂ ਕਿਸਾਨੀ ਸੰਘਰਸ਼ ਸਬੰਧੀ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਵਿਚਾਰਕੇ ਹੀ ਕੋਈ ਫੈਸਲਾ ਲਿਆ ਜਾਵੇਗਾ।
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਹੀ ਅੱਜ ਰੇਲਵੇ ਲਾਈਨਾਂ ਤੋਂ ਧਰਨੇ ਉਠਾ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕਿਸਾਨ ਹਿਤਾਂ ਲਈ ਕਾਫ਼ੀ ਸੋਚ ਵਿਚਾਰ ਕੇ ਹੀ ਲਿਆ ਗਿਆ ਹੈ।
    ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਬਾਕੀ ਸਾਰੇ ਸੰਘਰਸ਼ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆਂ ਕਿ ਰਿਲਾਇੰਸ ਦੇ ਪੰਪਾਂ, ਸ਼ਾਪਿੰਗ ਮਾਲ, ਥਰਮਲ ਪਲਾਂਟ, ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ, ਟੌਲ ਪਲਾਜ਼ਿਆ ਉਪਰ ਧਰਨੇ ਅਤੇ ਘਿਰਾਓ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਧਰਨੇ ਰੇਲਵੇ ਰਾਹੀਂ ਆਉਂਦੇ ਬਾਰਦਾਨੇ, ਕੋਲੇ, ਡੀਏਪੀ ਅਤੇ ਯੂਰੀਆ ਖਾਦ ਸਮੇਤ ਹੋਰ ਮੁਨੱਖੀ ਲੋੜਾਂ ਦੀ ਪੂਰਤੀ ਲਈ ਆਉਂਦੇ ਸਾਮਾਨ ਨੂੰ ਮੁੱਖ ਰੱਖਦਿਆਂ ਹੀ ਉਠਾਏ ਜਾ ਰਹੇ ਹਨ।

    ਜਿਲਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੀ ਘਟਨਾ ਨੂੰ 14 ਅਕਤੂਬਰ ਦਿਨ ਬੁੱਧਵਾਰ ਨੂੰ ਪੂਰੇ 5 ਸਾਲ ਹੋ ਜਾਣਗੇ। ਅੱਜ ਤੋਂ 5 ਸਾਲ ਪਹਿਲਾਂ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਨੇ ਸਰਕਾਰ ਜਾਂ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾ ਦੋ ਸਿੱਖ ਨੌਜਵਾਨਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ, ਜਦਕਿ ਅਨੇਕਾਂ ਨਿਰਦੋਸ਼ ਸਿੱਖ ਸੰਗਤਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਪੀੜਤ ਪਰਿਵਾਰ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਾਸਤੇ ਪਾ ਰਿਹਾ ਹੈ ਪਰ 5 ਸਾਲ ਦਾ ਅਰਸਾ ਬੀਤਣ ਤੋਂ ਬਾਅਦ ਵੀ ਅਜੇ ਅਜਿਹੀ ਕੋਈ ਸੰਭਾਵਨਾ ਨਜਰ ਆਉਂਦੀ ਦਿਖਾਈ ਨਹੀਂ ਦੇ ਰਹੀ। ਇਸ ਅਰਸੇ ਦੌਰਾਨ ਜਾਂਚ ਕਮਿਸ਼ਨ ਬਣੇ, ਵਿਸ਼ੇਸ਼ ਜਾਂਚ ਟੀਮਾਂ, ਸੀਬੀਆਈ ਅਤੇ ਪੁਲਿਸ ਨੇ ਆਪਣੇ ਤੌਰ ’ਤੇ ਡੂੰਘਾਈ ਨਾਲ ਜਾਂਚ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਪਰ ਨਾ ਤਾਂ ਦੋਸ਼ੀਆਂ ਦਾ ਅਜੇ ਤੱਕ ਵਾਲ ਵਿੰਗਾ ਹੋਇਆ ਤੇ ਨਾ ਹੀ ਪੀੜਤਾਂ ਦੇ ਜ਼ਖ਼ਮਾ ’ਤੇ ਮੱਲਮ ਲੱਗੀ! ਇਕ ਜਾਂਚ ਕਮਿਸ਼ਨ ਅਤੇ ਇਕ ਐਸਆਈਟੀ ਨੇ ਨਿਰਪੱਖ ਤੇ ਦਲੇਰਾਨਾ ਜਾਂਚ ਰਿਪੋਰਟ ਤਿਆਰ ਕਰਕੇ ਅਜਿਹੇ ਪ੍ਰਗਟਾਵੇ ਤੇ ਖੁਲਾਸੇ ਕੀਤੇ, ਜਿੰਨਾਂ ਨੂੰ ਪੜਨ-ਸੁਣਨ ਤੋਂ ਬਾਅਦ ਇੰਝ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਅਤੇ ਡੇਰੇਦਾਰਾਂ ਨੂੰ ਕਾਨੂੰਨ ਹੱਥ ’ਚ ਲੈਣ ਜਾਂ ਛਿੱਕੇ ਟੰਗਣ ਦੀ ਪੂਰੀ ਖੁੱਲ ਦਿੱਤੀ ਗਈ ਸੀ।
    1 ਜੂਨ 2015 ਨੂੰ ਜਿਲਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ’ਚੋਂ ਦਿਨ ਦਿਹਾੜੇ ਪਾਵਨ ਸਰੂਪ ਚੋਰੀ ਹੋਣਾ, ਨਰੇਗਾ ਕਰਮੀਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਵਲੋਂ ਦੋ ਸਿਰੋਂ ਮੋਨੇ ਦੋਸ਼ੀ ਸਮਝੇ ਜਾਂਦੇ ਨੌਜਵਾਨਾ ਦੇ ਸਕੱੈਚ ਜਾਰੀ ਕਰਨਾ, ਥਾਣਾ ਬਾਜਾਖਾਨਾ ਵਿਖੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ, ਕਿਸੇ ਵੀ ਸਿਰੋਂ ਮੋਨੇ ਨੌਜਵਾਨ ਨੂੰ ਜਾਂਚ ’ਚ ਸ਼ਾਮਲ ਕਰਨ ਦੀ ਬਜਾਇ ਇਨਸਾਫ ਮੰਗਣ ਵਾਲੇ ਪੰਥਦਰਦੀਆਂ ’ਚੋਂ ਲਗਭਗ 2 ਦਰਜਨ ਸਿੱਖ ਨੌਜਵਾਨਾ ਨੂੰ ਜਾਂਚ ਦੀ ਆੜ ’ਚ ਤਸ਼ੱਦਦ ਦਾ ਸ਼ਿਕਾਰ ਬਣਾਉਣਾ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੋਦਾ ਸਾਧ ਦੇ ਡੇਰਾ ਪ੍ਰੇਮੀਆਂ ਵਲੋਂ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ ’ਤੇ ਹੱਥ ਲਿਖਤ ਪੋਸਟਰ ਲਾ ਕੇ ਸਮੁੱਚੀ ਸਿੱਖ ਕੌਮ ਨੂੰ ਵੰਗਾਰਨ ਵਾਲੀ ਸ਼ਬਦਾਵਲੀ ਨਾਲ ਕਬੂਲ ਕਰ ਲੈਣਾ ਕਿ ਤੁਹਾਡਾ ਵੱਡਾ ਗੁਰੂ ਸਾਡੇ ਕਬਜੇ ’ਚ ਅਤੇ ਬਰਗਾੜੀ ਵਿੱਚ ਹੀ ਹੈ, ਲੱਭਣ ਵਾਲੇ ਨੂੰ ਸਾਡੇ ਡੇਰੇ ’ਚ 10 ਲੱਖ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕਰਨ, ਥਾਣਾ ਬਾਜਾਖਾਨਾ ਵਿਖੇ ਅਣਪਛਾਤਿਆਂ ਖਿਲਾਫ ਇਕ ਹੋਰ ਮਾਮਲਾ ਦਰਜ ਕਰਕੇ ਖਾਨਾਪੂਰਤੀ, ਬਾਦਲ ਸਰਕਾਰ ਅਤੇ ਉਸਦੀ ਪੁਲਿਸ ਵਲੋਂ ਸਭ ਕੁਝ ਅੱਖਾਂ ਬੰਦ ਕਰਕੇ ਬਰਦਾਸ਼ਤ ਕਰਨ ਜਾਂ ਨਜਰਅੰਦਾਜ ਕਰ ਦੇਣ ਦੀਆਂ ਗੱਲਾਂ ਦੀ ਚਰਚਾ ਚੱਲਦੀ ਰਹੀ ਪਰ 17 ਦਿਨਾ ਬਾਅਦ ਅਰਥਾਤ 12 ਅਕਤੂਬਰ ਨੂੰ ਡੇਰਾ ਪ੍ਰੇਮੀਆਂ ਵਲੋਂ ਬਰਗਾੜੀ ਵਿਖੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ, ਥਾਣਾ ਬਾਜਾਖਾਨਾ ਵਿਖੇ ਤੀਜਾ ਮਾਮਲਾ ਫਿਰ ਅਣਪਛਾਤਿਆਂ ਖਿਲਾਫ ਦਰਜ ਕਰਕੇ ਖਾਨਾਪੂਰਤੀ ਕਰਨ, ਦੇਸ਼ ਵਿਦੇਸ਼ ’ਚ ਰੋਸ ਫੈਲਣ ਤੋਂ ਬਾਅਦ 14 ਅਕਤੂਬਰ ਨੂੰ ਪਹਿਲਾਂ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਅਤੇ ਫਿਰ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀਆ ਅੱਤਿਆਚਾਰ ਢਾਹੁਣ, ਦੋ ਸਿੱਖ ਨੌਜਵਾਨਾ ਦੀ ਮੌਤ, 100 ਤੋਂ ਜਿਆਦਾ ਸਿੱਖ ਸੰਗਤਾਂ ਦੇ ਜਖ਼ਮੀ ਹੋਣ, ਇਸ ਵਾਰ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੀਆਂ ਘਟਨਾਵਾਂ ਸਬੰਧੀ ਪੁਲਿਸ ਵਲੋਂ ਸਿਟੀ ਥਾਣਾ ਕੋਟਕਪੂਰਾ ਅਤੇ ਥਾਣਾ ਬਾਜਾਖਾਨਾ ਵਿਖੇ ਸਿੱਖ ਸੰਗਤਾਂ ਖਿਲਾਫ ਹੀ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਕਰਨ ਵਰਗੀਆਂ ਘਟਨਾਵਾਂ ਦਾ ਜਿਕਰ ਮੀਡੀਏ ’ਚ ਵਿਸਥਾਰ ਸਹਿਤ ਪ੍ਰਕਾਸ਼ਿਤ ਹੁੰਦਾ ਰਿਹਾ।
    ਬਾਦਲ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ’ਚ ਐਸਆਈਟੀ ਦਾ ਗਠਨ ਕੀਤਾ, ਸੇਵਾਮੁਕਤ ਜਸਟਿਸ ਜੋਰਾ ਸਿੰਘ ਦੀ ਅਗਵਾਈ ’ਚ ਜਾਂਚ ਕਮਿਸ਼ਨ ਦਾ ਗਠਨ ਅਤੇ ਮਾਮਲਾ ਸੀਬੀਆਈ ਦੇ ਸਪੁਰਦ ਕਰਕੇ ਸੰਗਤਾਂ ਨੂੰ ਸ਼ਾਂਤ ਕਰਨ ਦੀ ਕੌਸ਼ਿਸ਼ ਕੀਤੀ ਪਰ ਤਿੰਨਾ ਏਜੰਸੀਆਂ ਦੀ ਜਾਂਚ ਨੂੰ ਪੀੜਤ ਪਰਿਵਾਰਾਂ, ਆਮ ਲੋਕਾਂ ਅਤੇ ਪੰਥਕ ਹਲਕਿਆਂ ’ਚ ਖਾਨਾਪੂਰਤੀ ਮੰਨਦਿਆਂ ਇਸ ਨੂੰ ਬਹੁਤੀ ਅਹਿਮੀਅਤ ਨਾ ਦਿੱਤੀ ਗਈ। ਕਿਉਂਕਿ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐੱਸਆਈਟੀ ਨੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ’ਚ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਤਾਂ ਥਾਣਾ ਬਾਜਾਖਾਨਾ ਵਿਖੇ 21 ਅਕਤੂਬਰ 2015 ਨੂੰ ਅਣਪਛਾਤੇ ਪੁਲਿਸੀਆਂ ਖਿਲਾਫ ਮਾਮਲਾ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਖੁਦ ਬਾਦਲ ਸਰਕਾਰ ਨੇ ਹੀ ਮੰਨਣ ਤੋਂ ਟਾਲਾ ਵੱਟ ਲਿਆ ਅਤੇ ਸੀਬੀਆਈ ਨੇ ਤਾਂ ਅਦਾਲਤ ’ਚ ਕਲੋਜਰ ਰਿਪੋਰਟ ਪੇਸ਼ ਕਰਦਿਆਂ ਦੋਸ਼ੀਆਂ ਨੂੰ ਬੇਕਸੂਰ ਠਹਿਰਾ ਕੇ ਪੰਥਕ ਹਲਕਿਆਂ ਸਮੇਤ ਆਮ ਲੋਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ। ਪੀੜਤ ਪਰਿਵਾਰ ਅਤੇ ਮੌਕੇ ਤੇ ਗਵਾਹ ਤਿੰਨ ਜਾਂਚ ਕਮਿਸ਼ਨਾ, ਤਿੰਨ ਵਿਸ਼ੇਸ਼ ਜਾਂਚ ਟੀਮਾ, ਸੀਬੀਆਈ ਅਤੇ ਪੁਲਿਸ ਵਲੋਂ ਸਮੇਂ ਸਮੇਂ ਪੁੱਛਗਿੱਛ ਲਈ ਬੁਲਾਏ ਜਾਣ ਵਾਲੀਆਂ ਥਾਵਾਂ ’ਤੇ ਬਿਆਨ ਦੇ ਦੇ ਕੇ ਅੱਕ ਅਤੇ ਥੱਕ ਗਏ, ਜਦੋਂ ਨਿਰਾਸ਼ਾ ਸਿਰ ਚੜ ਕੇ ਬੋਲਣ ਲੱਗੀ ਅਤੇ ਪੀੜਤ ਪਰਿਵਾਰ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋ ਗਏ ਤਾਂ ਉਨਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਦੇ ਕੰਮ ਕਾਰ ਤੋਂ ਇਨਸਾਫ ਮਿਲਣ ਦੀ ਵਿਰਲੀ ਕਿਰਨ ਦਿਖਾਈ ਦਿੱਤੀ ਪਰ ਅਕਾਲੀ ਦਲ ਬਾਦਲ ਦੇ ਆਗੂਆਂ, ਬਾਦਲ ਪਰਿਵਾਰ ਅਤੇ ਖਾਸ ਤੌਰ ’ਤੇ ਬਾਦਲ ਪਿਉ-ਪੁੱਤ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਜਾਂਚ ਦਾ ਵਿਰੋਧ ਕਰਨ ਵਾਲੀਆਂ ਕਾਰਵਾਈਆਂ ਨੇ ਪੀੜਤ ਪਰਿਵਾਰਾਂ, ਆਮ ਲੋਕਾਂ ਅਤੇ ਪੰਥਦਰਦੀਆਂ ਨੂੰ ਇਕ ਵਾਰ ਫਿਰ ਨਿਰਾਸ਼ ਕਰਨ ਵਾਲੀ ਕਸਰ ਨਾ ਛੱਡੀ।
    ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਵਲੋਂ ਤਿਆਰ ਕੀਤੀਆਂ ਜਾਂਚ ਰਿਪੋਰਟਾਂ ’ਚ ਸਪੱਸ਼ਟ ਹੋ ਚੁੱਕਾ ਹੈ ਕਿ ਬਾਦਲ ਸਰਕਾਰ ਵਲੋਂ ਸੋਦਾ ਸਾਧ ਦੀ ਫਿਲਮ ਸਿਨੇਮਾ ਘਰਾਂ ’ਚ ਚਲਾਉਣ ਦੀ ਇਜਾਜਤ ਨਾ ਦੇਣ ਦੇ ਰੋਸ ਵਜੋਂ ਸੋਦਾ ਸਾਧ ਦੇ ਡੇਰਾ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਕੇ ਬੇਅਦਬੀ ਕਾਂਡ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਪਹਿਲਾਂ 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ਹੱਥ ਲਿਖਤ ਭੜਕਾਉ ਪੋਸਟਰ ਲਾ ਕੇ ਸਿੱਖਾਂ ਨੂੰ ਗੰਦੀਆਂ ਗਾਲਾਂ ਕੱਢਣ ਵਾਲੀ ਕਰਤੂਤ ਵੀ ਡੇਰਾ ਪ੍ਰੇਮੀਆਂ ਦੀ ਹੀ ਸਾਹਮਣੇ ਆਈ। ਉਕਤ ਘਟਨਾ ਨਾਲ ਸਬੰਧਤ ਪੀੜਤ ਪਰਿਵਾਰਾਂ ਵਲੋਂ ਵਾਰ ਵਾਰ ਆਖਿਆ ਜਾ ਚੁੱਕਾ ਹੈ ਕਿ ਬਾਦਲ ਦਲ ਦੇ ਕਿਸੇ ਵੀ ਆਗੂ ਜਾਂ ਬਾਦਲ ਪਿਉ-ਪੁੱਤ ਵਲੋਂ ਇਕ ਵਾਰ ਵੀ ਡੇਰਾ ਪ੍ਰੇਮੀਆਂ ਖਿਲਾਫ ਬਿਆਨ ਜਾਰੀ ਕਰਨ ਜਾਂ ਦੋਸ਼ੀਆਂ ਨੂੰ ਸਜਾਵਾਂ ਦੇਣ ਸਬੰਧੀ ਬਿਆਨ ਤੱਕ ਜਾਰੀ ਕਰਨ ਦੀ ਜਰੂਰਤ ਹੀ ਨਾ ਸਮਝੀ ਗਈ। ਪੀੜਤ ਪਰਿਵਾਰਾਂ ਅਤੇ ਪੰਥਦਰਦੀਆਂ ਵਲੋਂ ਖੁਦ ਸੱਤਾਧਾਰੀ ਧਿਰ ਦੇ ਮੰਤਰੀਆਂ ਤੇ ਵਿਧਾਇਕਾਂ ਤੱਕ ਪਹੁੰਚ ਕਰਨ ਦੀ ਬਜਾਇ ਅਤੇ ਸੱਚਾਈ ਸਾਹਮਣੇ ਆ ਜਾਣ ਦੇ ਬਾਵਜੂਦ ਅਜੇ ਤੱਕ ਥਾਣਾ ਬਾਜਾਖਾਨਾ ਵਿਖੇ ਦਰਜ ਤਿੰਨ ਪੁਲਿਸ ਮਾਮਲਿਆਂ ’ਚ ਦੋਸ਼ੀਆਂ ਨੂੰ ਨਾਮਜਦ ਤੱਕ ਨਹੀਂ ਕੀਤਾ ਗਿਆ। ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨਾ ’ਚ ਸ਼ਾਮਲ ਕ੍ਰਮਵਾਰ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਤੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਅਦਾਲਤ ਅਤੇ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ’ਚ ਹੈਰਾਨੀ ਪ੍ਰਗਟਾਈ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਈ ਤਾਂ ਦੂਰ ਜਮਾਨਤਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ ਤੇ ਦੂਜੇ ਪਾਸੇ ਇੰਨੀਆਂ ਗੰਭੀਰ ਸਾਜਿਸ਼ਾਂ ਵਾਲੇ ਮਾਮਲਿਆਂ ’ਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਅਗਾਉਂ ਜਮਾਨਤਾਂ ਮਿਲਣ ਦੀਆਂ ਘਟਨਾਵਾਂ ਨਾਲ ਪੀੜਤ ਪਰਿਵਾਰਾਂ ਦਾ ਮਨੋਬਲ ਡਿੱਗਣਾ ਸੁਭਾਵਿਕ ਹੈ। ਅੱਜ 5 ਸਾਲ ਦਾ ਅਰਸਾ ਬੀਤਣ ਉਪਰੰਤ 14 ਅਕਤੂਬਰ ਵਾਲੇ ਦਿਨ ਨੇ ਪੀੜਤ ਪਰਿਵਾਰਾਂ ਦੇ ਜਖਮ ਇਕ ਵਾਰ ਫਿਰ ਹਰੇ ਕਰ ਦਿੱਤੇ ਹਨ ਤੇ ਪੀੜਤ ਪਰਿਵਾਰਾਂ ਦੀ ਹੁਣ ਇਕੋ ਇਕ ਮੰਗ ਇਹ ਰਹਿ ਗਈ ਹੈ ਕਿ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ਤੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਵਾਲੇ ਸਮੇਂ ਦੇ ਹਾਕਮਾਂ ਨਾਲ ਵੀ ਇਸ ਮਾਮਲੇ ’ਚ ਕੋਈ ਲਿਹਾਜ ਨਹੀਂ ਹੋਣੀ ਚਾਹੀਦੀ।
    ਗੁਰਿੰਦਰ ਸਿੰਘ ਮਹਿੰਦੀਰੱਤਾ
    ਪੱਤਰਕਾਰ ਕੋਟਕਪੂਰਾ।

    ਚੰਡੀਗੜ੍ਹ - ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ 34 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਸਿਹਤ ਵਿਭਾਗ ਵੱਲੋਂ ਲੰਘੇ ਇੱਕ ਦਿਨ ਦੌਰਾਨ 21736 ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 692 ਵਿਅਕਤੀਆਂ ਨੂੰ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਹੁਣ ਤੱਕ 1,25,211 ਵਿਅਕਤੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚੋਂ 1,13,105 ਸਿਹਤਯਾਬ ਹੋ ਚੁੱਕੇ ਹਨ ਤੇ 3894 ਵਿਅਕਤੀਆਂ ਦੀ ਮੌਤ ਹੋਈ ਹੈ। ਇੱਕ ਦਿਨ ਦੌਰਾਨ ਜ਼ਿਲ੍ਹਾ ਵਾਰ ਮੌਤਾਂ ਮੁਤਾਬਕ ਅੰਮ੍ਰਿਤਸਰ ਵਿੱਚ 6, ਲੁਧਿਆਣਾ ਵਿੱਚ 4, ਗੁਰਦਾਸਪੁਰ ਤੇ ਸੰਗਰੂਰ ਵਿੱਚ 3-3, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੁਹਾਲੀ, ਮੁਕਤਸਰ, ਪਟਿਆਲਾ, ਰੋਪੜ ਵਿੱਚ 2-2, ਬਰਨਾਲਾ, ਫਾਜ਼ਿਲਕਾ, ਮੋਗਾ, ਨਵਾਂਸ਼ਹਿਰ ਵਿੱਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ।

    ਪੜਿਆ ਹੋਵੈ ਗੁਨਹਗਾਰੁ ਤ ਓਮੀ ਸਾਧੁ ਨ ਮਾਰੀਐ।।
    ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ।।(ਗੁਰੂ ਨਾਨਕ ਸਾਹਿਬ)
    ਪੰਜਾਬੀ ਟ੍ਰਿਬਿਊਨ ਦੇ ਦਸਤਕ ਅੰਕ (11 ਅਕਤੂਬਰ 2020) ਵਿਚ ਕੁੱਝ ਇਹੋ ਜਿਹੇ ਲੇਖ ਛਪੇ , ਜਿਨ੍ਹਾਂ ਅੰਦਰ 12 ਅਕਤੂਬਰ 1920 ਨੂੰ ਅੰਮ੍ਰਿਤਸਰ ਵਾਪਰੀ ਘਟਨਾ , ਮਸੰਦਾਂ ਦੀ ਹਾਰ ਤੇ ਗੁਰੂ ਵਾਲਿਆਂ ਦੀ ਜਿੱਤ ਦੀ ਬਜਾਇ ਜਾਤ ਪਾਤੀ ਰੰਗਤ ਦੇ ਕੇ ਜੱਟ ਬਨਾਮ ਦਲਿਤ ਵਿਸ਼ਾ ਬਣਾਇਆ ਗਿਆ। ਇਹਨਾਂ ਲੇਖਾਂ ਵਿਚ ਇੱਕ ਲੇਖ , ਵਿਦਵਾਨ ਸੱਜਣ ਸਰਦਾਰ ਰਾਜਵਿੰਦਰ ਸਿੰਘ ਰਾਹੀ ਹੁਣਾ ਦਾ ਵੀ ਹੈ। ਲੇਖ ਦੀ ਸ਼ੁਰੂਆਤ ਭਾਵੇਂ ਜ਼ਰੂਰ ਸਿੱਖ ਦ੍ਰਿਸ਼ਟੀਕੋਣ ਤੋਂ ਹੁੰਦੀ ਹੈ ,ਪਰ ਅਖੀਰ ਤੱਕ ਪਹੁੰਚਦਾ ਇਹ ਅਖੌਤੀ ਜਾਤੀਵਾਦ ਅਧੀਨ ਦਲਿਤ ਸੋਚ ਵੱਲ ਉਲਾਰੂ ਹੋ ਜਾਂਦਾ ਹੈ , ਜਿਸਦੀ ਉਮੀਦ ਰਾਹੀ ਹੁਣਾ ਕੋਲੋਂ ਕਦੇ ਵੀ ਨਹੀਂ ਸੀ। ਆਪਾਂ ਸਿਰਫ਼ ਲੇਖ ਵਿਚਲੀਆਂ ਕੁੱਝ ਕੁ ਬਿਆਨੀਆਂ ਨੂੰ ਵਿਚਾਰਨ ਦਾ ਯਤਨ ਕਰਾਂਗੇ।
    ਰਾਹੀ ਜੀ ਲਿਖਦੇ ਹਨ ” ਇਸ ਘਟਨਾ ਨੇ ਦਲਿਤ ਵਰਗ ਦਾ ਸ੍ਰੀ ਦਰਬਾਰ ਸਾਹਿਬ ਵਿਚ ਮੁੜ ਦਾਖਲਾ ਖੋਲ੍ਹਿਆ। ਇਸ ਤੋਂ ਪਹਿਲਾਂ ਦਲਿਤ ਵਰਗ ਸ੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇਆਮ ਦਰਸ਼ਨ ਇਸ਼ਨਾਨ ਤੋਂ ਵਾਂਝਾ ਸੀ ਤੇ ਉਸ ਦਾ ਪ੍ਰਸਾਦਿ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ। ਇਹ ਹੀ ਨਹੀਂ, ਪਿਛਲੀ ਇੱਕ ਸਦੀ ਤੋਂ ਸਿੱਖ ਸਮਾਜ ਨੇ ਦਲਿਤ ਵਰਗ ਨੂੰ ਪਾਸੇ ਧੱਕ ਰੱਖਿਆ ਸੀ ਤੇ ਉਸ ਨਾਲ ਛੂਤ ਛਾਤ ਦੇ ਆਧਾਰ ਤੇ ਵਿਤਕਰਾ ਜ਼ੋਰਾਂ ਤੇ ਸੀ।”
    ਰਾਹੀ ਸਾਹਿਬ! ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਦਰਬਾਰ ਸਾਹਿਬ ਵਿਚ ਦਲਿਤ ਦਾ ਦਾਖਲਾ ਕਦੋਂ ਤੇ ਕਿਸਨੇ ਬੰਦ ਕੀਤਾ? ਇਹ ਪਛਾਣ ਕਿਵੇਂ ਕੀਤੀ ਜਾਂਦੀ ਸੀ ਕਿ ਮੱਥਾ ਟੇਕਣ ਵਾਲਾ ਦਲਿਤ ਹੈ ਜਾਂ ਕਿਸੇ ਹੋਰ ਬਰਾਦਰੀ ਨਾਲ ਸਬੰਧਿਤ ? ਦਰਬਾਰ ਸਾਹਿਬ ਦੀ ਹਦੂਦ ਵਿਚ ਬੁੰਗਾ ਮਜ਼੍ਹਬੀਆਂ 1834 ਸੰਮਤ ਵਿਚ ਬਣ ਚੁਕਾ ਸੀ। ਦਰਬਾਰ ਸਾਹਿਬ ਵਿਚ ਕਦੇ ਕੋਈ ਇੱਕ ਅੱਧ ਵਾਪਰੀ ਘਟਨਾ (ਜੇ ਹੋਵੇ ਤਾਂ) ਨੂੰ ਆਧਾਰ ਬਣਾ ਕੇ ਇਹ ਕਹਿਣਾ 'ਮੁੜ ਦਾਖਲਾ ਖੁੱਲ੍ਹਿਆ' , ਬਿਰਤਾਂਤਿਕ ਹਿੰਸਾ ਹੈ। ਦਰਬਾਰ ਸਾਹਿਬ ਦੇ ਖੁਲੇ ਦਰਸ਼ਨਾਂ ਤੇ ਕਦੇ ਵੀ ਪਾਬੰਦੀ ਨਹੀਂ ਸੀ। ਦੂਸਰਾ ਇਹ ਕਹਿਣਾ ' ਪ੍ਰਸਾਦਿ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ' , ਇਹ ਅਗਲੀ ਇਤਿਹਾਸਿਕ ਗ਼ਲਤੀ ਹੈ , ਜਦੋਂ ਕਿ ਹਕੀਕਤ ਇਹ ਹੈ ਕਿ ਜਿਨ੍ਹਾਂ ਨੂੰ ਅਖੌਤੀ ਮਹੰਤਾਂ ਦੁਆਰਾ , ਅਖੌਤੀ ਅਛੂਤ (ਜਿਨ੍ਹਾਂ ਲਈ ਰਾਹੀ ਜੀ ਦਲਿਤ ਸ਼ਬਦ ਵਰਤਦੇ ਹਨ) ਕਿਹਾ ਜਾਂਦਾ ਸੀ , ਉਨ੍ਹਾਂ ਦੀ ਅਰਦਾਸ ਵੀ ਕਰਦੇ ਸਨ ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਬੂਲ ਕਰਦੇ ਸਨ , ਸਵੇਰੇ 9 ਵਜੇ ਤੱਕ। ਰਾਹੀ ਸਾਹਬ ਨੇ ਜੋ ਸਿੱਖਾਂ ਦੇ ਸਿਰਾਂ ਤੇ ਇਸ ਘਟਨਾ ਤੋਂ ਇੱਕ ਸਦੀ ਪਹਿਲਾਂ ਦਲਿਤਾਂ ਨੂੰ ਧੱਕਣ ਦਾ ਦੋਸ਼ ਲਾਇਆ ਹੈ , ਕੀ ਉਹ ਕੋਈ ਐਸੀ ਘਟਨਾ ਬਾਰੇ ਦੱਸ ਸਕਦੇ ਹਨ ਜਦ ਸਿੱਖਾਂ ਨੇ ਇੰਝ ਕੀਤਾ ? ਹੋ ਸਕੇ ਤਾਂ ਸਿੱਖ ਦੀ ਪਰਿਭਾਸ਼ਾ ਦੀ ਰੌਸ਼ਨੀ ਵਿਚ ਇਸ ਬਾਰੇ ਦੱਸਣ।
    ਰਾਹੀ ਜੀ ਲਿਖਦੇ ਹਨ ” ਮਿਸਲ ਕਾਲ ਸਮੇਂ ਉਂਚ ਜਾਤੀ ਵਰਗ ਦਾ ਜ਼ਮੀਨਾਂ ਤੇ ਕਬਜਾ ਹੋ ਗਿਆ ਅਤੇ ਬਾਅਦ ਵਿਚ ਉਹ ਰਾਜ ਭਾਗ ਦੇ ਮਾਲਕ ਬਣ ਗਏ ਤਾਂ ਉਨ੍ਹਾਂ ਦੇ ਮਨਾਂ ਉੱਪਰ ਖ਼ੁਦਗ਼ਰਜ਼ੀ , ਸੁਆਰਥ , ਊਚ -ਨੀਚ , ਜਾਤ ਪਾਤ ਅਤੇ ਛੂਤ ਛਾਤ ਨੇ ਮੁਕੰਮਲ ਗ਼ਲਬਾ ਪਾ ਲਿਆ। ....ਗੈਰ ਸਿੱਖ ਦਲਿਤ ਨੂੰ ਤਾਂ ਉਨ੍ਹਾਂ ਨੇ ਕੀ ਉਂਚਾ ਚੁੱਕਣਾ ਸੀ ਸਗੋਂ ਸਿੱਖੀ ਨਾਲ ਜੁੜੇ ਦਲਿਤ ਵਰਗ ਨੂੰ ਵੀ ਉਸ ਦਰਜੇ ਤੱਕ ਪਿੱਛੇ ਧੱਕ ਦਿੱਤਾ ਸੀ ਜਿੱਥੋਂ ਗੁਰੂ ਸਾਹਿਬ ਨੇ ਕੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ' ਖ਼ਾਲਸਾ ਰਾਜ' ਵਿਚ ਵੀ ਦਲਿਤ ਨਾਲ ਉਹੀ ਸਲੂਕ ਕੀਤਾ ਜਾਂਦਾ ਸੀ ਜੋ ਬਾਕੀ ਹਿੰਦੂ ਸਮਾਜ ਵਿਚ ਉਸ ਨਾਲ ਕੀਤਾ ਜਾਂਦਾ ਸੀ।”
    ਵਿਦਵਾਨ ਲੇਖਕ ਨੇ ਜਾਤ ਪਾਤ ਦੀ ਜੜ੍ਹ ਮਿਸਲ ਕਾਲ ਅੰਦਰ ਗੱਡੀ ਹੈ , ਪਰ ਇਸ ਗੱਲ ਦੀ ਪ੍ਰੋੜ੍ਹਤਾ ਲਈ ਕੋਈ ਤੱਥ / ਘਟਨਾ ਨਹੀਂ ਦਿੱਤੀ। ਮਿਸਲ ਕਾਲ ਵਿਚ , ਜੱਸਾ ਸਿੰਘ ਕਲਾਲ ਨੂੰ ਸੁਲਤਾਨ ਉਲ ਕੌਮ ਦਾ ਖ਼ਿਤਾਬ ਮਿਲਿਆ। ਮਿਸਲ ਕਾਲ ਵਿਚ ਜੱਸਾ ਸਿੰਘ ਠੋਕਾ ਨੇ ਰਾਮਗੜ੍ਹੀਆ ਮਿਸਲ ਦੀ ਨੀਂਹ ਰੱਖੀ। ਮਿਸਲ ਕਾਲ ਵਿਚ ਦਰਬਾਰ ਸਾਹਿਬ ਦੀ ਹਦੂਦ ਅੰਦਰ ਜਿੱਥੇ ਹੋਰਨਾਂ ਨੂੰ ਬੁੰਗੇ ਉਸਾਰਨ ਦੀ ਇਜਾਜ਼ਤ ਮਿਲੀ ,ਉੱਥੇ ਬਰਾਬਰ ਹੀ ਮਜ਼੍ਹਬੀ ਸਿੰਘਾਂ ਨੂੰ ਬੁੰਗਾ ਉਸਾਰਨ ਦੀ ਜਗ੍ਹਾ ਮਿਲੀ ਤੇ ਬੁੰਗਾ ਬਣਿਆ। ਰਾਹੀ ਸਾਹਬ ਮਹਾਰਾਜਾ ਰਣਜੀਤ ਸਿੰਘ ਤੇ ਇਲਜ਼ਾਮ ਬਹੁਤ ਵੱਡਾ ਲਾਇਆ, ਤੁਹਾਡੇ ਤੋਂ ਇਸ ਇਲਜ਼ਾਮ ਦੇ ਤੱਥਾਂ ਦੀ ਉਡੀਕ ਰਹੇਗੀ, ਪਰ ਤੁਹਾਡੀ ਜਾਣਕਾਰੀ ਹਿਤ ਇਹਨਾਂ ਜ਼ਰੂਰ ਹੈ ਕਿ , ਤਰਖਾਣਾਂ, ਲੁਹਾਰਾਂ, ਘੁਮਿਆਰਾਂ, ਜੁਲਾਹਿਆਂ , ਕਲਾਲਾਂ , ਕਹਾਰਾਂ, ਮੋਚੀਆਂ ਤੱਕ ਨੂੰ ਨਵੀਂ ਜ਼ਮੀਨ ਦੇ ਕੇ ਕਿਸਾਨੀ ਖੇਤਰ ਵਿਚ ਲੈ ਕੇ ਆਉਣ ਦੇ ਪ੍ਰਮਾਣ ਮਿਲਦੇ ਹਨ। ਕਿਸਾਨਾਂ ਲਈ ਜੋ ਹਮਦਰਦੀ ਮਹਾਰਾਜਾ ਸਾਹਿਬ ਦੇ ਮਨ ਵਿਚ ਸੀ , ਉਸਦਾ ਪਤਾ ਉਸ ਵਕਤ ਦੇ ਫ਼ਰਮਾਨਾਂ ਨੂੰ ਪੜ੍ਹ ਕੇ ਲੱਗ ਜਾਂਦਾ ਹੈ। ਬਾਕੀ ਤੱਥਾਂ ਤੋਂ ਬਿਨਾਂ ਇਲਜ਼ਾਮ ਬਾਜੀ ਕਰਨੀ ਵਿਦਵਾਨਾਂ ਨਹੀਂ ਸੋਭਦੀ।
    ਰਾਹੀ ਜੀ ਲਿਖਦੇ ਹਨ ” ਇਸੇ ਦੌਰਾਨ ਆਰੀਆ ਸਮਾਜ ਨੇ ਦਲਿਤ ਵਰਗ ਨੂੰ ਸ਼ੁੱਧ ਕਰਕੇ ਹਿੰਦੂ ਧਰਮ ਵਿਚ ਸ਼ਾਮਲ ਕਰਨ ਦੀ ਮੁਹਿੰਮ ਚਲਾਈ। ਦਲਿਤ ਵਰਗ ਦੇ ਇਸ ਤਰ੍ਹਾਂ ਸਿੱਖ ਧਰਮ ਛੱਡਣ ਨਾਲ ਸਿੱਖਾਂ ਦੇ ਉਸ ਪਤਵੰਤੇ ਵਰਗ ਅੰਦਰ ਚਿੰਤਾ ਪੈਦਾ ਹੋ ਗਈ, ਜਿਨ੍ਹਾਂ ਨੇ ਪੱਛਮੀ ਵਿੱਦਿਆ ਪੜ੍ਹੀ ਹੋਈ ਸੀ ਤੇ ਜਿਨ੍ਹਾਂ ਤੇ ਆਧੁਨਿਕਤਾ ਦਾ ਪ੍ਰਭਾਵ ਸੀ। ਇਸ ਦੀ ਬਦੌਲਤ ਸਿੰਘ ਸਭਾ ਲਹਿਰ ਪੈਦਾ ਹੋਈ।”
    ਰਾਹੀ ਸਾਹਬ , ਸਿੰਘ ਸਭਾ ਲਹਿਰ 1873 ਵਿਚ ਸ਼ੁਰੂ ਹੋਈ, ਪਰ ਆਰੀਆ ਸਮਾਜ ਤੇ ਪੰਜਾਬ ਵਿਚ 1877 ਵਿਚ ਆਇਆ। ਕੀ ਆਰੀਆ ਸਮਾਜ ਵਿਚ ਸ਼ੁੱਧ ਹੋ ਕੇ ਗਏ ਦਲਿਤਾਂ ਨੂੰ ਹਿੰਦੂ ਸਮਾਜ ਵਿਚ ਪੂਰਾ ਮਾਣ ਸਤਿਕਾਰ ਮਿਲਿਆ? ਕਿੰਨੇ ਕੁ ਦਲਿਤ ਸਨ ਜੋ ਆਰੀਆ ਸਮਾਜੀ ਬਣੇ? ਫਿਰ ਤੁਸੀਂ ਇਸਾਈ ਬਣੇ ਦਲਿਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਅੰਗਰੇਜ਼ ਦੇ ਡੰਡੇ ਤੋਂ ਡਰਦਿਆਂ ਅਨੁਮਤੀ ਦੇਣ ਲਈ ਮਹੰਤਾਂ ਨਾਲ ਜੱਟ ਵੀ ਬੰਨ੍ਹ ਲਿਆ। ਕ੍ਰਿਪਾ ਕਰਕੇ ਉਸ ਘਟਨਾ ਦਾ ਜ਼ਿਕਰ ਕਰਨਾ ਜਦ ਜੱਟਾਂ ਨੇ ਕਿਸੇ ਦਲਿਤ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ। ਦਰਬਾਰ ਸਾਹਿਬ ਤੇ ਅਕਾਲ ਬੁੰਗੇ ਦੇ ਪੁਜਾਰੀਆਂ ਦੀਆਂ ਗ਼ਲਤ ਨੀਤੀਆਂ ਜੋ ਜਾਤ ਪਾਤ ਸਬੰਧੀ ਵੀ ਸਨ ਵਿਰੋਧਤਾ ਕਰਨ ਕਰਕੇ ਪਹਿਲਾ ਛੇਕਿਆ ਜਾਣ ਵਾਲਾ ਇਨਸਾਨ ਪ੍ਰੋ. ਗੁਰਮੁਖ ਸਿੰਘ ਜੱਟ ਬਰਾਦਰੀ ਨਾਲ ਸਬੰਧਿਤ ਸੀ। (ਪਾਠਕਾਂ ਕੋਲੋਂ ਮੁਆਫ਼ੀ ਮੰਗਦਾ ਹਾਂ , ਪ੍ਰੋਫੈਸਰ ਸਾਹਿਬ ਸਿਰਫ਼ ਗੁਰੂ ਦੇ ਸਿੱਖ ਸਨ)।
    ਰਾਹੀ ਜੀ ਲਿਖਦੇ ਹਨ ”ਭਾਵੇਂ ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਇਨਸਾਨ ਸ਼ੁੱਧ ਜਾਂ ਅਸ਼ੁੱਧ ਨਹੀਂ ਹੈ, ਫਿਰ ਵੀ ਸਿੰਘ ਸਭਾ ਵਾਲਿਆਂ ਨੇ ਜੱਟਾਂ ਦੀ ਕਰੋਪੀ ਤੋਂ ਬਚਣ ਲਈ ਆਰੀਆ ਸਮਾਜ ਦੀ ਤਰਜ਼ ਤੇ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ 'ਸ਼ੁੱਧ' ਕਰਨਾ ਸ਼ੁਰੂ ਕਰ ਦਿੱਤਾ।”
    ਵੈਸੇ ਗੁਰਮਤਿ ਦੇ ਸਿਧਾਂਤ ਵਿਚ ਇਨਸਾਨ ਦੇ ਸ਼ੁੱਧ ਅਸ਼ੁੱਧ ਹੋਣ ਜ਼ਿਕਰ ਹੈ , ਪਰ ਤੁਸੀਂ ਉਸਨੂੰ ਸਨਾਤਨੀ ਸ਼ੁੱਧਤਾ ਅਸ਼ੁੱਧਤਾ ਨਾਲ ਰਲਾ ਕੇ ਬੈਠ ਗਏ , ਜਿਸ ਕਾਰਨ ਤੁਸੀਂ ਇਸ ਤੋਂ ਇਨਕਾਰੀ ਹੋ ਗਏ। ਫਿਲਹਾਲ ਇੱਥੇ ਇਤਿਹਾਸ ਪਰਿਪੇਖ ਵਿਚ ਹੀ ਗੱਲ ਕਰ ਰਹੇ ਹੋਣ ਕਾਰਨ ਕਰਕੇ ਇਸ ਵਿਸ਼ੇ ਤੇ ਗੱਲ ਕਰਨੀ ਹੈ ਕਿ ਤੁਹਾਡੇ ਅਨੁਸਾਰ ਸਿੰਘ ਸਭੀਏ ਜੱਟਾਂ ਤੋਂ ਡਰਦੇ ਆਰੀਆ ਸਮਾਜ ਦੀ ਤਰਜ਼ ਤੇ ਪਾਹੁਲ ਦੇ ਕੇ ਸ਼ੁੱਧ ਕਰਨ ਲੱਗ ਪਏ। ਵੈਸੇ ਤੁਹਾਡਾ ਇਹ ਤੱਥ ਮੁੱਢੋਂ ਗ਼ਲਤ ਹੈ , ਸਿੱਖਾਂ ਵਿਚ ਸਿੱਖ ਧਰਮ ਤੋਂ ਪਤਿਤ ਹੋਇਆ ਲਈ ਸ਼ੁੱਧੀ ਲਹਿਰ ਸਿੰਘ ਸਭੀਆਂ ਨੇ ਨਹੀਂ ਸਗੋਂ ਡਾਕਟਰ ਜੈ ਸਿੰਘ ਨੇ ਸ਼ੁਰੂ ਕੀਤੀ ਸੀ। ਇਹਨਾਂ ਨੇ 'ਖ਼ਾਲਸਾ ਧਰਮ ਪ੍ਰਕਾਸ਼ਕ ਸ਼ੁੱਧੀ ਪੱਤਰ' ਵੀ ਸ਼ੁਰੂ ਕੀਤਾ।ਇਹਨਾਂ ਦਾ ਮਨੋਰਥ ਸਿੱਖ ਧਰਮ ਛੱਡ ਕੇ ਅਨਮਤੀ ਧਰਮਾਂ ਵੱਲ ਗਏ ਹਰ ਸੱਜਣ ਨੂੰ ਪ੍ਰੇਰ ਮੁੜ ਸਿੱਖ ਬਣਾਉਣਾ ਸੀ ਨਾ ਕਿ ਇਕੱਲੇ ਦਲਿਤਾਂ ਨੂੰ। ਬਾਕੀ ਇੱਕ ਗੱਲ ਸਿੰਘ ਸਭੀਏ ਹੀ ਸਨ , ਜਿਨ੍ਹਾਂ ਨੇ ਇਕੋ ਬਾਟੇ ਵਿਚੋਂ ਪਾਹੁਲ ਦੇ ਕੇ ਅਭੇਦ ਕਰਨਾ ਸ਼ੁਰੂ ਕੀਤਾ ਸੀ।ਰਾਹੀ ਸਾਹਬ ਸਿੱਖਾਂ ਤੇ ਰੋਸ ਕਰਨ ਦੀ ਬਜਾਇ ਇਹ ਦੱਸੋ ਕਿ ਕੀ ਦਲਿਤ ਬਰਾਦਰੀਆਂ ਵਿਚ ਜਾਤ ਪਾਤ ਹੈ ਕਿ ਨਹੀਂ? ਉਹ ਇੱਕ ਦੂਜੇ 'ਚ ਅਭੇਦ ਕਿਉਂ ਨਹੀਂ ਹੁੰਦੇ? ਪੰਜਾਬੀ ਸਮਾਜ ਵਿਚਲੇ ਪਾੜੇ ਨੂੰ ਸਿੱਖੀ ਆਭਾ ਮੰਡਲ ਵਿਚ ਵਾੜਨਾ ਬੇਈਮਾਨੀ ਹੈ।
    ਰਾਹੀ ਜੀ ਲਿਖਦੇ ਹਨ ”ਪਿੰਡ ਬਕਾਪੁਰ ਵਿਚ ਜੋ ਮੁਸਲਮਾਨ ਪਰਿਵਾਰ ਸਿੰਘ ਸਜਿਆ ਸੀ, ਉਸਨੂੰ ਪਿੰਡ ਦੇ ਜੱਟ ਭਾਈਚਾਰੇ ਨੇ ਪ੍ਰਵਾਨ ਨਾ ਕੀਤਾ , ਉਹ ਮੁਸਲੇ ਦੇ ਮੁਸਲੇ ਹੀ ਰਹੇ। ਇਹ ਪਰਿਵਾਰ ਸ੍ਰੀ ਅੰਮ੍ਰਿਤਸਰ ਰਹਿਣ ਲੱਗ ਪਿਆ , ਪਰ ਉਂਥੇ ਵੀ ਉਂਚ ਜਾਤੀ ਸਿੱਖਾਂ ਨੇ ਇਨ੍ਹਾਂ ਨੂੰ ਅਭੇਦ ਨਾ ਕੀਤਾ।”
    ਰਾਹੀ ਸਾਹਬ! ਬਕਾਪੁਰ ਦੇ ਵਿਚ 60 ਘਰ ਮੁਸਲਮਾਨਾਂ ਦੇ ਸਨ ਤੇ ਇੰਨੇ ਕੁ ਹੀ ਹਿੰਦੂਆਂ ਦੇ, ਸਿੱਖਾਂ ਦਾ ਘਰ ਹੋਣ ਦੀ ਕੋਈ ਸੋਅ ਨਹੀਂ ਮਿਲਦੀ। ਇੱਥੋਂ ਦੇ ਮੌਲਵੀ ਕਰੀਮ ਬਖ਼ਸ਼ ਤੇ ਉਸਦੇ ਪਰਿਵਾਰ ਨੂੰ ਪੰਥ ਦੇ ਆਦੇਸ਼ ਮੁਤਾਬਿਕ ਭਸੌੜ ਵਾਲੀ ਸਿੰਘ ਸਭਾ ਨੇ ਵਿਸ਼ੇਸ਼ ਸਮਾਗਮ ਕਰਕੇ ਸਿੱਖੀ ਅੰਦਰ ਅਭੇਦ ਕੀਤਾ ਸੀ। ਜੇ ਰਾਹੀ ਸਾਹਬ ਤੁਹਾਡੇ ਅਨੁਸਾਰ ਵੇਖੀਏ ਇਸ ਪਰਿਵਾਰ ਨੇ ਜੱਟਾਂ ਦੀ ਵਿਰੋਧਤਾ ਕਰਕੇ ਪਿੰਡ ਛਡਿਆ ਤਾਂ ਉਹ ਜੱਟ ਮੁਸਲਮਾਨ ਜਾਂ ਹਿੰਦੂ ਹੀ ਹੋ ਸਕਦੇ ਹਨ, ਸਿੱਖ ਤੇ ਇੱਥੇ ਹੈ ਨਹੀਂ ਸਨ। ਦੂਸਰਾ ਸਰਦਾਰ ਨਰੈਣ ਸਿੰਘ ਹੁਣਾ ਅਨੁਸਾਰ ਵੀ ਮੌਲਵੀ ਕਰੀਮ ਬਖ਼ਸ਼ ਤੋਂ ਲਖਮੀਰ ਸਿੰਘ ਬਣਿਆ ਸੱਜਣ ਅੰਮ੍ਰਿਤਸਰ ਕਿਸੇ ਡਰ ਕਰਕੇ ਨਹੀਂ ਸਗੋਂ ਆਪਣੇ ਆਪ ਨੂੰ ਸਿੱਖੀ ਵਿਚ ਉੱਚਿਆਂ ਚੁੱਕਣ ਲਈ ਆਇਆ। ਇੱਥੇ ਨਿਯਮ ਨਾਲ ਜਦ ਦਰਬਾਰ ਸਾਹਿਬ ਜੀ ਦਾ ਦਰਸ਼ਨੀ ਦਰਵਾਜ਼ਾ ਖੁੱਲਣਾ ਤਾਂ ਲਖਮੀਰ ਸਿੰਘ ਪ੍ਰਕਰਮਾ ਵਿਚ ਸੁਖਮਨੀ ਸਾਹਿਬ ਦਾ ਪਾਠ ਸਮਾਪਤ ਕਰ ਦਰਵਾਜ਼ੇ ਅੱਗੇ ਬੈਠਾ ਹੁੰਦਾ ਸੀ। 12 ਸਾਲ ਦੀ ਸਾਧਨਾਂ ਨੇ ਲਖਮੀਰ ਸਿੰਘ ਤੋਂ ਸੰਤ ਲਖਮੀਰ ਸਿੰਘ ਬਣਾ ਦਿੱਤਾ। ਭਾਈ ਵੀਰ ਸਿੰਘ , ਸੁੰਦਰ ਸਿੰਘ ਮਜੀਠੀਆ ਤੇ ਹੋਰ ਰਾਠ ਸਿੱਖ ਇਹਨਾਂ ਦੀ ਸੰਗਤ ਕਰਨਾ ਆਪਣਾ ਸੁਭਾਗ ਸਮਝਦੇ ਸਨ। ਵੱਡੇ ਵੱਡੇ ਅੰਮ੍ਰਿਤਸਰ ਦੇ ਹਿੰਦੂ ਇਹਨਾਂ ਨੂੰ ਨਮਸਕਾਰ ਕਰਦੇ ਸਨ , ਇਸੇ ਲਈ ਮਹਾਸ਼ਾ ਧਰਮ ਪਾਲ ਨੇ ਜਦ ਆਰੀਆ ਸਮਾਜ ਛੱਡਿਆ ਸੀ ਤਾਂ ਆਪਣੇ ਰਸਾਲੇ ਵਿਚ ਲਿਖਿਆ ਸੀ ਕਿ ' ਹਿੰਦੂ ਕੌਮ ਦਾ ਹਾਜ਼ਮਾ ਕਮਜ਼ੋਰ ਹੈ।ਇਹ ਮੁਸਲਮਾਨ ਨੂੰ ਹਜ਼ਮ ਨਹੀਂ ਕਰ ਸਕਦੀ, ਅਗਰ ਕਿਸੇ ਮੁਸਲਮਾਨ ਨੇ ਇਸਲਾਮ ਛੱਡਣਾ ਹੋਵੇ ਤਾਂ ਉਹ ਸਿੱਖ ਬਣੇ। ਸਿੱਖ ਕੌਮ ਦਾ ਹਾਜ਼ਮਾ ਜ਼ਬਰਦਸਤ ਹੈ।' ਰਾਹੀ ਸਾਹਬ ਲਖਮੀਰ ਸਿੰਘ ਹੁਣਾ ਦੀ ਅਭੇਦਤਾ ਦਾ ਸਰਟੀਫਿਕੇਟ ਕਿਸ ਤੋਂ ਭਾਲਦੇ ਹੋ , ਜਦ ਕੌਮ ਦੇ ਸਿਰਕੱਢ ਘਰਾਣੇ ਇਹਨਾਂ ਦੀ ਸੰਗਤ ਕਰਨਾ ਸੁਭਾਗ ਸਮਝਦੇ ਸਨ। ਖ਼ੁਦਾ ਦਾ ਵਾਸਤਾ , ਨਫ਼ਰਤ ਵਾਲੀ ਐਨਕ ਉਤਾਰ ਕੇ ਵੇਖੋ, ਸ਼ਾਇਦ ਸਹੀ ਤਸਵੀਰ ਦਿਸ ਜਾਵੇ।
    ਰਾਹੀ ਜੀ ਲਿਖਦੇ ਅੱਗੇ ਹਨ ” ਖ਼ਾਲਸਾ ਬਰਾਦਰੀ ਦਲਿਤ ਵਰਗ ਨੂੰ ਸਨਮਾਨ ਯੋਗ ਥਾਂ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਸਰਗਰਮ ਹੋ ਗਈ। ਇਸ ਨਾਲ ਸਾਂਝੇ ਪੰਜਾਬ ਦੇ ਦਲਿਤ ਵਰਗ ਅੰਦਰ ਉਤਸ਼ਾਹ ਦੀ ਇੱਕ ਤਰੰਗ ਪੈਦਾ ਹੋ ਗਈ। ਸਿੱਟੇ ਵਜੋਂ ਖ਼ਾਲਸਾ ਬਰਾਦਰੀ ਨੇ 10-11-12 ਅਕਤੂਬਰ 1920 ਨੂੰ ਸ੍ਰੀ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ ਵਿਚ ਤਿੰਨ ਰੋਜਾ ਦੀਵਾਨ ਰੱਖਿਆ। ....ਇਸ ਦੀਵਾਨ ਦਾ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਅਤੇ ਸ਼ਹਿਰ ਦੇ ਸਨਾਤਨੀ ਸਿੱਖਾਂ ਨੇ ਡਟਵਾਂ ਵਿਰੋਧ ਕੀਤਾ।ਪਰ ਖ਼ਾਲਸਾ ਕਾਲਜ ਦੇ ਕੁੱਝ ਪ੍ਰੋਫ਼ੈਸਰਾਂ ਤੇਜਾ ਸਿੰਘ , ਬਾਵਾ ਹਰਕਿਸ਼ਨ ਸਿੰਘ ਅਤੇ ਵਿਦਿਆਰਥੀਆਂ ਨੇ ਡਟਵੀਂ ਹਿਮਾਇਤ ਕੀਤੀ।”
    ਅਸਲ ਵਿਚ ਇਹ ਖ਼ਾਲਸਾ ਬਰਾਦਰੀ ਦਾ ਸਾਲਾਨਾ ਸਮਾਗਮ ਸੀ। ਇਸ ਸਮਾਗਮ ਦੇ ਮਨੋਰਥ ਤੇ ਸਹਿਯੋਗੀਆਂ ਬਾਰੇ ਪੰਥ ਸੇਵਕ ਪੈਂ੍ਰਸ ਵਿਚ ਨਿਕਲੇ ਇਸ਼ਤਿਹਾਰ ਤੋਂ ਲੱਗ ਜਾਂਦਾ ਜੋ ਭਾਈ ਮਤਾਬ ਸਿੰਘ ਹੁਣਾ ਛਪਵਾਇਆ ਸੀ।
    ' ਚੀਫ਼ ਖਾਲਸਾ ਦੀਵਾਨ, ਹੋਰ ਜੱਥੇ ਵੀ ਤਮਾਮ,
    ਗੁਣੀ ਗਿਆਨੀ ਮਿਲ ਆਇ ਦਰਸ ਦਿਖੌਣਗੇ।
    ਜ਼ਾਤ ਦਾ ਜੋ ਭੂਤ ਜਮਦੂਤ ਦੁਖਦਾਈ ਭਾਰਾ,
    ਏਕਤਾ ਦਾ ਮੰਤਰ ਫੂਕ ਝਟ ਹੀ ਉਡੌਣਗੇ।
    ਖ਼ਾਲਸਾ ਜੀ ਪੰਥ ਗੁਰੂ ਦਸਵੇਂ ਦਾ ਸਾਜਿਆ ਜੋ,
    ਇਸ ਦੇ ਅਕਾਲੀ ਝੰਡੇ ਹੇਠਾਂ ਸਭ ਲਿਔਣਗੇ।
    ਰਹਿਤੀਏ, ਰਮਦਾਸੀਏ ਤੇ ਮਜ਼੍ਹਬੀ ਜੋ ਹੋਰ ਜਾਤਾਂ,
    ਉਨ੍ਹਾਂ ਤਾਈਂ ਮੇਟ ਇਕੋ ਖ਼ਾਲਸਾ ਸਜੌਣਗੇ।
    ਜਿੱਥੇ ਪਿੱਛੇ ਰਹੇ ਭਰਾਵਾਂ ਨੂੰ ਖ਼ਾਲਸਾ ਪੰਥ ਵਿਚ ਅਭੇਦ ਕਰਨ ਲਈ ਭਾਈ ਮਤਾਬ ਸਿੰਘ ਦੀ ਜਥੇਬੰਦੀ ਕਾਰਜ ਕਰ ਰਹੀ ਸੀ , ਉੱਥੇ ਇਹਨਾਂ ਭਰਾਵਾਂ ਨੂੰ ਉਤਸ਼ਾਹ ਤੇ ਜੀਉ ਆਇਆਂ ਕਹਿਣ ਵਾਲੇ ਚੀਫ਼ ਖ਼ਾਲਸਾ ਦੀਵਾਨ , ਸਿੰਘ ਸਭੀਏ , ਸਿੱਖ ਲੀਗ ਆਦਿ ਹੋਰ ਜਥਿਆਂ ਨੂੰ ਰਾਹੀ ਸਾਹਬ ਨੇ ਵਿਸਾਰ ਦਿੱਤਾ।ਖ਼ਾਲਸਾ ਕਾਲਜ ਦੇ ਪ੍ਰੋਫੈਸਰਾਂ ਦੇ ਦੀਵਾਨ ਵਿਚ ਤਕਰੀਰਾਂ ਤੇ ਵਿਦਿਆਰਥੀਆਂ ਦੇ ਸੇਵਾ ਵਾਲੇ ਪੱਖ ਨੂੰ ਨਹੀਂ ਛੂਹਿਆ ਗਿਆ। ਸਿਰਫ਼ ਡਟਵੀਂ ਹਿਮਾਇਤ ਕਹਿ ਬੁੱਤਾ ਸਾਰ ਦਿੱਤਾ ਗਿਆ।
    ਰਾਹੀ ਜੀ ਫਿਰ ਲਿਖਦੇ ਹਨ ” ਇਸ ਤੋਂ ਬਾਅਦ ਸੰਗਤ ਸ੍ਰੀ ਅਕਾਲ ਤਖ਼ਤ 'ਤੇ ਪਹੁੰਚ ਗਈ। ਸਬੱਬ ਨਾਲ ਜਥੇਦਾਰ ਕਰਤਾਰ ਸਿੰਘ ਝੱਬਰ , ਜਥੇਦਾਰ ਤੇਜਾ ਸਿੰਘ ਭੁੱਚਰ , ਜਥੇਦਾਰ ਤੇਜਾ ਸਿੰਘ ਚੂਹੜਕਾਣਾ ਅਤੇ ਪੰਥ ਸੇਵਕ ਦੇ ਐਡੀਟਰ ਮਾਸਟਰ ਚੰਦਾ ਸਿੰਘ ਆਦਿ ਵੀ ਪਹੁੰਚ ਗਏ ਸਨ। ਉਨ੍ਹਾਂ ਨੇ ਪੁਜਾਰੀਆਂ ਨੂੰ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਲਈ ਕਿਹਾ , ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਗਰਮਾ ਗਰਮੀ ਤੋਂ ਬਾਅਦ ਪੁਜਾਰੀ ਸ੍ਰੀ ਅਕਾਲ ਛੱਡ ਕੇ ਭੱਜ ਗਏ।”
    ਰਾਹੀ ਸਾਹਬ ਨੇ ਸਾਰੀ ਘਟਨਾ ਹੀ ਬਦਲ ਕਿ ਰੱਖ ਦਿੱਤੀ ,ਇਸ ਨੂੰ ਇਤਿਹਾਸਕ ਬੇਈਮਾਨੀ ਕਿਹਾ ਜਾ ਸਕਦਾ ਹੈ। ਸਹੀ ਪ੍ਰਸੰਗ ਇਸ ਤਰ੍ਹਾਂ ਹੈ ਕਿ 12 ਅਕਤੂਬਰ 1920 ਨੂੰ ਖ਼ਾਲਸਾ ਬਰਾਦਰੀ ਵਾਲੇ ਪ੍ਰੇਮੀ ਜਲ੍ਹਿਆਂਵਾਲੇ ਬਾਗ ਵਿਚੋਂ ਸਮੇਤ ਖ਼ਾਲਸਾ ਕਾਲਜ ਦੇ ਕੁੱਝ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦਾ ਜਥਾ ਬਣਾ ਕੇ ਦਰਬਾਰ ਸਾਹਿਬ ਪੁੱਜੇ ਤਾਂ ਪੁਜਾਰੀਆਂ ਨੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਕਹਿਣ ਲੱਗੇ ਮਜ਼੍ਹਬੀ ਸਿੱਖਾਂ ਲਈ ਸਵੇਰੇ 9 ਵਜੇ ਤੱਕ ਦਾ ਸਮਾਂ ਮੁਕੱਰਰ ਹੈ। ਬਾਵਾ ਹਰਕਿਸ਼ਨ ਸਿੰਘ ਹੁਣਾ ਦੇ ਕਹਿਣ ਤੇ ਇੱਕ ਵਿਦਿਆਰਥੀ ਨੇ ਅਰਦਾਸ ਕੀਤੀ। ਪ੍ਰਸ਼ਾਦ ਅਜੇ ਵਰਤਣਾ ਹੀ ਸੀ ਕਿ ਕਰਤਾਰ ਸਿੰਘ ਝੱਬਰ , ਤੇਜਾ ਸਿੰਘ ਭੁੱਚਰ, ਤੇਜਾ ਸਿੰਘ ਚੂਹੜਕਾਣਾ ਤੇ ਚੰਦਾ ਸਿੰਘ ਮਾਸਟਰ ਵੀ ਗਏ। ਇਹਨਾਂ ਦੇ ਹੱਥਾਂ ਵਿਚ ਟਕੂਏ ਫੜੇ ਹੋਏ ਸਨ ਤੇ ਉਨ੍ਹਾਂ ਦਰਬਾਰ ਸਾਹਿਬ ਅੰਦਰ ਵੜਦਿਆਂ ਹੀ ਪੰਜ ਜੈਕਾਰੇ ਛੱਡੇ। ਜਦ ਝੱਬਰ ਨੂੰ ਪਤਾ ਲੱਗਾ ਕਿ ਅਰਦਾਸ ਪੁਜਾਰੀਆਂ ਨਹੀਂ ਕੀਤੀ ਤਾਂ ਉਸਨੇ ਸਿੰਘਾਂ ਨੂੰ ਪ੍ਰਸ਼ਾਦ ਵੰਡਣ ਤੋ ਰੋਕ ਕੇ ਸਿੱਧਾ ਮਹੰਤਾਂ ਨੂੰ ਸੰਬੋਧਨ ਹੋ ਕਿ ਪੁੱਛਿਆ, ਪੁਜਾਰੀ ਸਿੰਘੋ ! ਤੁਸੀਂ ਦੱਸੋ ਇਹ ਹਰਿਮੰਦਰ ਸਾਹਿਬ ਤੁਹਾਡੇ ਪਿਉ ਦਾਦੇ ਨੇ ਬਣਾਇਆ ਹੈ? ਗੁਰੂ ਮਹਾਰਾਜ ਜਾਂ ਕਿਸੇ ਹੋਰ ਗ੍ਰੰਥ ਵਿਚ ਲਿਖਿਆ ਹੋਵੇ ਕਿ ਖੱਤਰੀ , ਅਰੋੜੇ , ਰਾਮਗੜ੍ਹੀਏ ਆਦਿ ਆਉਣ ਤਾਂ ਦਰਬਾਰ ਸਾਹਿਬ ਪ੍ਰਸ਼ਾਦ ਚੜਾ ਸਕਦੇ ਹਨ ਤੇ ਅਮਕੀ ਜਾਤ ਦਾ ਪ੍ਰਸ਼ਾਦ ਦਰਬਾਰ ਸਾਹਿਬ ਪ੍ਰਵਾਨ ਨਹੀਂ। ਜਦ ਪੁਜਾਰੀਆਂ ਨੂੰ ਕੋਈ ਜਵਾਬ ਨ ਆਇਆ ਤਾਂ ਥੋੜੇ ਵਾਦ ਵਿਵਾਦ ਪਿੱਛੋਂ ਗੁਰੂ ਸਾਹਿਬ ਦੇ ਹੁਕਮ ਨੂੰ ਫ਼ੈਸਲੇ ਦੇ ਰੂਪ ਵਿਚ ਦੋਵੇਂ ਧਿਰਾਂ ਕਬੂਲ ਕਰਨ ਲਈ ਰਜ਼ਾਮੰਦ ਹੋ ਗਈਆਂ। ਗੁਰੂ ਸਾਹਿਬ ਨੇ ਸੋਰਠਿ ਮਹਲਾ 3 ਦੁਤੁਕੀ ਦੇ ਰੂਪ ਵਿਚ ' ਨਿਗੁਣਿਆਂ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ।।'(638) ਹੁਕਮ ਬਖਸ਼ਿਸ਼ ਕੀਤਾ , ਜਿਸਦਾ ਸਿੱਧਾ ਜਾ ਮਤਲਬ ਸੀ ਕਿ ਗੁਰੂ ਨੇ ਮਹੰਤਾਂ ਦੀ ਬਜਾਇ ਆਪਣੇ ਖਾਲਸੇ ਪੰਥ ਦੀ ਪਤ ਰੱਖੀ ਹੈ। ਹੈਂਡ ਪੁਜਾਰੀ ਨੇ ਕਿਹਾ ਸਾਧ ਸੰਗਤ ਜੀ ਅਸੀਂ ਇਸ ਧੁਰੋਂ ਆਏ ਹੁਕਮ ਅੱਗੇ ਸਿਰ ਝੁਕਾਂਦੇ ਹਾਂ। ਇਸ ਪ੍ਰਸ਼ਾਦ ਦਾ ਅਰਦਾਸਾ ਪਹਿਲਾਂ ਹੋ ਚੁੱਕਾ ਹੈ ਤੁਸੀਂ ਹੋਰ ਲਿਆਉ, ਅਸੀਂ ਅਰਦਾਸ ਕਰਾਂਗੇ। ਭਾਈ ਮਤਾਬ ਸਿੰਘ ਪ੍ਰਸ਼ਾਦ ਦਾ ਹੋਰ ਥਾਲ ਲੈ ਆਏ। ਪੁਜਾਰੀਆਂ ਅਰਦਾਸ ਕੀਤੀ ਤਾਂ ਹੁਕਮ ਤੋਂ ਬਾਅਦ ਝੱਬਰ ਦੇ ਕਹਿਣ ਤੇ ਸਭ ਤੋਂ ਪਹਿਲਾਂ ਪੁਜਾਰੀਆਂ ਨੂੰ ਹੀ ਪ੍ਰਸ਼ਾਦ ਦਿੱਤਾ ਗਿਆ। ਕੁੱਝ ਬਿਨਾਂ ਪ੍ਰਸ਼ਾਦ ਲਿਆ ਵੀ ਪੁਜਾਰੀ ਉਂਠੇ ਤਾਂ ,ਪੁੱਛਣ ਤੇ ਕਹਿਣ ਲੱਗੇ ਅਸੀਂ ਅਕਾਲ ਤਖਤ ਦੇ ਪੁਜਾਰੀ ਹਾਂ। ਝੱਬਰ ਨੇ ਸੰਗਤ ਨੂੰ ਕਿਹਾ ਪ੍ਰਸ਼ਾਦਿ ਲੈ ਕੇ ਚਲੇ ਨ ਜਾਣਾ , ਇਹ ਰਸਮ ਹੁਣ ਤਖ਼ਤ ਤੇ ਵੀ ਹੋਵੇਗੀ। ਜਦ ਸੰਗਤ ਤਖਤ ਤੇ ਪਹੁੰਚੀ ਤਾਂ ਪੁਜਾਰੀ ਤਖਤ ਨੂੰ ਖਾਲੀ ਛੱਡ ਕੇ ਪਹਿਲਾਂ ਹੀ ਖਿਸਕ ਗਏ ਸਨ। ਫਿਰ ਰਾਹੀ ਸਾਹਬ ਪਤਾ ਨਹੀਂ ਅਦ੍ਰਿਸ਼ ਪੁਜਾਰੀ ਕਿਥੋਂ ਪੈਦਾ ਕਰ , ਝਗੜਾ ਕਰਵਾ ਰਹੇ ਹਨ। ਝੱਬਰ ਦੇ ਵੱਡੇ ਰੋਲ ਨੂੰ ਵਿਦਵਾਨ ਲੇਖਕ ਨੇ ਪਤਾ ਨਹੀਂ ਕਿਉਂ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ?
    ਪਤਾ ਨਹੀਂ ਜਾਤ ਪਾਤ ਦੇ ਇਸ ਕੋਹੜ ਦੀ ਸਥਾਪਤੀ ਪਿਛਲੇ ਆਰੀਆ ਸਮਾਜੀ ਅਤੇ ਅੰਗਰੇਜ਼ ਸਰਕਾਰ ਦੇ ਯੋਗਦਾਨ ਨੂੰ ਰਾਹੀ ਸਾਹਬ ਕਿਉਂ ਵਿਸਾਰ ਦਿੰਦੇ ਹਨ। ਸਿੱਖੀ ਦੇ ਵਹਿੜੇ ਵਿਚ ਜੱਟਵਾਦ ਪਰਵਾਨ ਨਹੀਂ , ਇਸੇ ਤਰ੍ਹਾਂ ਦਲਿਤਵਾਦ ਵੀ ਪ੍ਰਵਾਨ ਨਹੀਂ। ਪੰਜਾਬੀ ਅਤੇ ਸਿੱਖੀ ਸਭਿਆਚਾਰ ਨੂੰ ਰਲਗੱਡ ਕਰਨਾ ਇਸ ਦਾ ਵੱਡਾ ਦੁਖਾਂਤ ਹੈ। ਅੱਜ ਲੋੜ ਹੈ ਗੁਰਮਤਿ ਨੂੰ ਅਪਣਾਅ ਕਿ ਭੇਦ-ਭਾਵ ਤੋਂ ਉੱਪਰ ਉਂਠਣ ਦੀ। ਵਾਦ ਸਿਰਫ਼ ਨਫ਼ਰਤ ਪੈਦਾ ਕਰਦਾ। 12 ਅਕਤੂਬਰ 1920 ਨੂੰ ਮਹੰਤਾਂ ਉੱਪਰ ਖ਼ਾਲਸਾ ਪੰਥ ਦੀ ਫਤਿਹ ਦੇ ਰੂਪ ਵਿਚ ਮਨਾਉਣਾ ਚਾਹੀਦਾ ਹੈ।
    ਜਾਤ-ਪਾਤ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਦੁਆਰਾ ਅੰਗਰੇਜ਼ੀ ਸਰਕਾਰ ਤੋਂ 1927 ਈਸਵੀ ਇਹ ਮੰਗ ਕਰਨਾ ਕਿ ਸਿੱਖ ਮਜ਼੍ਹਬ ਜਾਤਪਾਤ ਦੀ ਵੰਡ ਦੀ ਆਗਿਆ ਨਹੀਂ ਦਿੰਦਾ , ਇਸ ਵਾਸਤੇ ਸਰਕਾਰੀ ਕਾਗ਼ਜ਼ਾਂ ਵਿਚ ਸਿੱਖਾਂ ਦੀ ਕੋਈ ਜਾਤ ਪਾਤ ਨਾ ਲਿਖੀ ਜਾਵੇ।

    - ਬਲਦੀਪ ਸਿੰਘ ਰਾਮੂੰਵਾਲੀਆ
    ----------------------------------------------------------------

    ਮਸਲਾ ਬ੍ਰਾਹਮਣੀ-ਨਿਰਮਲਾ ਪੁਜਾਰੀਆਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਸੀ
    - ਡਾ. ਹਰਜਿੰਦਰ ਸਿੰਘ ਦਿਲਗੀਰ
    ਰਾਜਵਿੰਦਰ ਸਿੰਘ ਰਾਹੀ ਵੱਲੋਂ ਟ੍ਰਿਬਿਊਨ ਵਾਲੇ ਮਜ਼ਮੂਨ ਵਿਚ ਉਸ ਨੇ ਬਹੁਤ ਸਾਰੇ ਨੁਕਤੇ ਗ਼ਲਤ ਲਿਖੇ ਹਨ। ਬਹੁਤ ਸਾਰੇ ਨੁਕਤੇ ਤੋੜ ਮਰੋੜ ਕੇ ਲਿਖੇ ਹਨ। ਮੈਂ ਇੱਥੇ ਸਿਰਫ਼ ਇਕ ਨੁਕਤਾ ਹੀ ਲਵਾਂਗਾ। ਉਸ ਨੇ 1823 ਤੋਂ 1920 ਵਿਚਕਾਰ ਦਰਬਾਰ ਸਾਹਿਬ ਵਿਚ ਬ੍ਰਾਹਮਣੀ-ਨਿਰਮਲਿਆਂ ਦੀਆਂ ਐਂਟੀ-ਸਿੱਖ ਕਰਤੂਤਾਂ ਨੂੰ ਜੱਟਵਾਦ ਵਜੋਂ ਪੇਸ਼ ਕੀਤਾ ਹੈ। ਅਕਾਲੀ ਫੂਲਾ ਸਿੰਘ ਦੀ ਮੌਤ (1823) ਤੋਂ ਮਗਰੋਂ ਦਰਬਾਰ ਸਾਹਿਬ 'ਤੇ ਕਿਸੇ ਜੱਟ ਦਾ ਕੋਈ ਕਬਜ਼ਾ ਨਹੀਂ ਸੀ। ਇਸ ਦੇ ਸਰਬਰਾਹਾਂ ਵਿਚ ਇਕ ਰਾਮਗੜ੍ਹੀਆ ਸੀ; ਇਕ ਬ੍ਰਾਹਮਣ ਸੀ, ਇਕ ਖੱਤਰੀ ਸੀ ਤੇ ਸਿਰਫ਼ ਇਕ ਜੱਟ ਸੀ। ਚੇਰੇ ਰਹੇ ਕਿ ਭਾਈ ਮਹਿਤਾਬ ਸਿੰਘ ਬੀਰ (ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ) ਦੇ ਸਮਾਗਮ ਵਿਚ 11 ਅਕਤੂਬਰ ਨੂੰ ਸੁੰਦਰ ਸਿੰਘ ਮਜੀਠੀਆ ਪੁੱਜਾ ਸੀ ਜੋ ਜੱਟ ਸੀ; ਹਰਕਿਸ਼ਨ ਸਿੰਘ ਮਹਿਤਾ ਤੇ ਪੌ ਜੋਧ ਸਿੰਘ ਖੱਤਰੀ ਸਨ; 12 ਅਕਤੂਬਰ ਨੂੰ ਵੱਡਾ ਰੋਲ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਤੇ ਤੇਜਾ ਸਿੰਘ ਚੂਹੜਕਾਣਾ ਦਾ ਸੀ ਜੋ ਜੱਟ ਸਨ ਤੇ ਮਾਸਟਰ ਚੰਦਾ ਸਿੰਘ ਖੱਤਰੀ ਸੀ। ਦਲਿਤਾਂ ਦੇ ਹਿਮਾਇਤੀ ਬਹੁਤੇ ਜੱਟ ਜਾਂ ਖੱਤਰੀ ਸਨ; ਪਰ ਮਹੰਤਾਂ ਵਿਚੋਂ ਕੋਈ ਵੀ ਜੱਟ ਨਹੀਂ ਸੀ। ਇਹ ਮਸਲਾ ਬ੍ਰਾਹਮਣੀ-ਨਿਰਮਲਾ ਪੁਜਾਰੀਆਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਸੀ।

    ਫ਼ਰੀਦਕੋਟ -ਸਾਲ 2015 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਵਿਖੇ ਵਿਰੋਧ ਕਰ ਰਹੀ ਸਿੱਖ ਸੰਗਤ ਉਪਰ ਪੁਲਿਸ ਵਲੋਂ ਗੋਲੀ ਚਲਾਉਣ ਦੇ ਮਾਮਲੇ 'ਚ ਪੰਜਾਬ ਦੇ ਤੱਤਕਾਲੀ ਡੀ.ਜੀ.ਪੀ. ਸੁਮੇਧ ਸੈਣੀ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਇਕ ਪੱਤਰ ਲਿਖ ਕੇ ਥਾਣਾ ਕੋਟਕਪੂਰਾ 'ਚ ਦਰਜ ਮਾਮਲੇ 'ਚ ਬਾਕੀ ਦੋਸ਼ੀਆਂ ਤੋਂ ਇਲਾਵਾ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦਾ ਨਾਂਅ ਜੋੜਨ ਲਈ ਕਿਹਾ ਗਿਆ ਹੈ | ਇਸ ਗੱਲ ਦੀ ਪੁਸ਼ਟੀ ਸਰਕਾਰੀ ਵਕੀਲ ਰਜਨੀਸ਼ ਕੁਮਾਰ ਨੇ ਵੀ ਕੀਤੀ ਹੈ | ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਡੀ. ਜੀ. ਪੀ. ਨੂੰ ਬਹਿਬਲ ਕਲਾਂ ਗੋਲੀਕਾਂਡ 'ਚ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ | ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਪਹਿਲਾਂ ਤੋਂ ਹੀ ਨਾਮਜ਼ਦ ਹਨ | ਸਾਬਕਾ ਡੀ.ਜੀ.ਪੀ. ਸੈਣੀ ਨੂੰ ਪਹਿਲਾਂ ਹੀ ਅਦਾਲਤ ਵਲੋਂ ਗਿ੍ਫ਼ਤਾਰੀ ਸਬੰਧੀ ਰਾਹਤ ਮਿਲੀ ਹੋਈ ਹੈ, ਜਿਸ ਮੁਤਾਬਿਕ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ | ਮਾਣਯੋਗ ਅਦਾਲਤ ਵਲੋਂ ਦਿੱਤੀ ਇਸ ਰਾਹਤ 'ਤੇ ਚੱਲਦਿਆਂ ਸੁਮੇਧ ਸੈਣੀ ਦੀ ਗਿ੍ਫ਼ਤਾਰੀ ਅਜੇ ਸੰਭਵ ਨਹੀਂ ਪਰ ਇਹ ਦੇਖਣਾ ਹੋਵੇਗਾ ਕਿ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਇਸ ਮਾਮਲੇ 'ਚ ਸਵਾਲ ਜਵਾਬ ਲਈ ਬੁਲਾਉਂਦੀ ਹੈ ਕਿ ਨਹੀਂ | ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਹ ਮਾਮਲੇ ਆਪਸ 'ਚ ਜੁੜੇ ਹੋਏ ਹਨ ਤੇ ਇਨ੍ਹਾਂ 'ਚ ਪਹਿਲਾਂ ਦੋਸ਼ੀ ਵਜੋਂ ਨਾਮਜ਼ਦ ਐਸ.ਐਸ.ਪੀ. ਮੋਗਾ ਦੇ ਤਤਕਾਲੀਨ ਰੀਡਰ ਇੰਸਪੈਕਟਰ ਪਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਤੋਂ ਬਾਅਦ ਇਨ੍ਹਾਂ ਮਾਮਲਿਆਂ ਦੀ ਜਾਂਚ 'ਚ ਤੇਜ਼ੀ ਆਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਇੰਸਪੈਕਟਰ ਪਰਦੀਪ ਸਿੰਘ ਦੇ ਬਿਆਨ 'ਤੇ ਜਾਂਚ ਦੌਰਾਨ ਮਿਲੇ ਹੋਰ ਸਬੂਤਾਂ ਦੇ ਆਧਾਰ 'ਤੇ ਸਾਬਕਾ ਡੀ.ਜੀ.ਪੀ. ਨੂੰ ਨਾਮਜ਼ਦ ਕੀਤਾ ਗਿਆ ਹੈ |

    ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੌਜੂਦਾ ਕਿਸਾਨੀ ਸੰਕਟ ਨੂੰ ਹੱਲ ਕਰਨ ਵਾਸਤੇ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਯਤਨ ਕੀਤਾ ਜਾ ਰਿਹਾ ਹੈ। ਉਹ ਅੱਜ ਇੱਥੇ ਹਰਸਿਮਰਤ ਕੌਰ ਬਾਦਲ ਸਣੇ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਸਨ।
    ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ ਦੋਵਾਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕ ਆਪਣੇ ਆਪ ਨੂੰ ਲਾਵਾਰਿਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਖ਼ੁਦ ਕਿਸਾਨਾਂ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਮਸਲੇ ਨੂੰ ਲੈ ਕੇ ਦਿੱਲੀ ਜਾਣ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੀ ਬਣਾਈ ਕਮੇਟੀ ਬਾਰੇ ਕਿਹਾ ਕਿ ਇਹ ਕਮੇਟੀ ਕਿਸਾਨਾਂ ’ਤੇ ਦਬਾਅ ਪਾ ਕੇ ਉਨ੍ਹਾਂ ਨੂੰ ਮਨਾਉਣ ਲਈ ਬਣਾਈ ਗਈ ਹੈ।
    ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਬਾਰੇ ਉਨ੍ਹਾਂ ਕਿਹਾ ਕਿ ਇਹ ਕਮੇਟੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇਗੀ ਅਤੇ ਉਨ੍ਹਾਂ ਨੂੰ ਸਮਰਥਨ ਦੇਵੇਗੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੰਘਰਸ਼ ’ਚ ਕਿਸਾਨ ਜਥੇਬੰਦੀਆਂ ਦੇ ਨਾਲ ਲੱਗ ਕੇ ਪਿੱਛੇ ਚੱਲਣ ਨੂੰ ਤਿਆਰ ਹੈ।
    ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਾਸਤੇ ਤਿਆਰ ਹੈ। ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਨ ਲਈ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ। ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲ ਦਲ ਨੂੰ ਸ਼੍ਰੋਮਣੀ ਕਮੇਟੀ ਦੀ ਸੱਤਾ ਤੋਂ ਹਟਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਜਮਹੂਰੀਅਤ ’ਚ ਸਾਰਿਆਂ ਨੂੰ ਚੋਣ ਲੜਨ ਦਾ ਹੱਕ ਹੈ। ਭਾਜਪਾ ਵੱਲੋਂ ਇਕੱਲੇ ਵਿਧਾਨ ਸਭਾ ਚੋਣਾਂ ਲੜਨ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਆਪਣਾ ਇਹ ਸੁਫਨਾ ਵੀ ਪੂਰਾ ਕਰ ਲਵੇ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com