ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਭਵਾਨੀਗੜ੍ਹ - ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਲਹਿਰ ਦੇ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਕਿਆਂ ਦੇ ਸ਼ਿਕੰਜੇ ਵਿੱਚੋਂ ਆਜ਼ਾਦ ਕਰਵਾਉਣਾ ਜ਼ਰੂਰੀ ਹੈ।

  ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਗੁਰੂ ਘਰਾਂ ਤੋਂ ਨਰੈਣੂ ਮਹੰਤਾਂ ਦੇ ਕਬਜ਼ੇ ਛੁਡਾਉਣ ਲਈ ਅਨੇਕਾਂ ਸ਼ਹੀਦੀਆਂ ਦੇਣ ਮਗਰੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਤ ਕੀਤੀ ਗਈ ਸੀ। ਪਰ ਜਦੋਂ ਤੋਂ ਇਸ ’ਤੇ ਬਾਦਲਕਿਆਂ ਦਾ ਕਬਜ਼ਾ ਹੋਇਆ ਹੈ ਉਦੋਂ ਤੋਂ ਹੀ ਪੰਥਕ ਵਿਰੋਧੀ ਸ਼ਕਤੀਆਂ ਨੇ ਇਸ ਪਰਿਵਾਰ ਰਾਹੀਂ ਸਿੱਖੀ ਸਿਧਾਂਤਾਂ ਨੂੰ ਵੱਡਾ ਖੋਰਾ ਲਾਇਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਕਥਿਤ ਤੌਰ ’ਤੇ ਬਾਦਲ ਸਰਕਾਰ ਵੱਲੋਂ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਗੁੰਮ ਕਰਨ ਵਾਲੀ ਘਟਨਾ ਵੀ ਬਹੁਤ ਨਿੰਦਣਯੋਗ ਤੇ ਇਨ੍ਹਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਬਾਦਲ ਪਰਿਵਾਰ ਨੇ ਹੀ ਰੋਕੀਆਂ ਹੋਈਆਂ ਹਨ।

  ਭਾਈ ਰਣਜੀਤ ਸਿੰਘ ਨੇ ਸੱਦਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਪੰਥਕ ਸੋਚ ਦੇ ਧਾਰਨੀ ਨੁਮਾਇੰਦਿਆਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਨੇ ਹਰ ਸਿੱਖ ਨੂੰ ਆਪਣੀਆਂ ਧਾਰਮਿਕ ਸੰਸਥਾਵਾਂ ਦਾ ਕੰਟਰੋਲ ਪੰਥ ਦੇ ਹਵਾਲੇ ਕਰਨ ਲਈ ਪਾਰਟੀਆਂ ਤੇ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਇਕਮੁੱਠ ਹੋਣ ਦੀ ਅਪੀਲ ਕੀਤੀ।

  ਇਸ ਮੌਕੇ ਸੰਗਤ ਵਿੱਚ ਮਲਕੀਤ ਸਿੰਘ, ਇੰਦਰਜੀਤ ਸਿੰਘ ਤੂਰ, ਜਗਮੀਤ ਸਿੰਘ ਬਲਿਆਲ, ਗੁਰਦੀਪ ਸਿੰਘ ਕਾਲਾਝਾੜ, ਰਜਿੰਦਰ ਸਿੰਘ ਛੰਨਾ ਅਤੇ ਮੇਜਰ ਸਿੰਘ ਝਨੇੜੀ ਆਦਿ ਤੋ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

  ਕੁਰਾਲੀ - ਅਕਾਲੀ ਦਲ (ਟਕਸਾਲੀ) ਵੱਲੋਂ ਐੱਸਜੀਪੀਸੀ ਚੋਣਾਂ ਵਿੱਚ ਬਾਦਲਾਂ ਨੂੰ ਘੇਰਨ ਤੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸਿਆਸਤ ਨੂੰ ਤੀਜੀ ਵੱਡੀ ਧਿਰ ਦੇਣ ਦੇ ਯਤਨਾਂ ਤਹਿਤ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਦੀ ਰਿਹਾਇਸ਼ ਸੁਲਤਾਨਪੁਰ ਟੱਪਰੀਆਂ ’ਚ ਹੋਈ।

  ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਇਸ ਮੀਟਿੰਗ ਵਿੱਚ ਮੁਹਿੰਦਰ ਸਿੰਘ ਹੁਸੈਨਪੁਰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ, ਸਾਹਿਬ ਸਿੰਘ ਬਡਾਲੀ ਮੱਖਣ ਸਿੰਘ ਨੰਗਲ, ਮਨਮੋਹਨ ਸਿੰਘ ਸੱਠਿਆਲਾ ਮਨਦੀਪ ਸਿੰਘ ਖਿਜ਼ਰਾਬਾਦ ਆਦਿ ਆਗੂ ਸ਼ਾਮਲ ਹੋਏ। ਆਗੂਆਂ ਵੱਲੋਂ ਐੱਸਜੀਪੀਸੀ ਚੋਣਾਂ ਨੂੰ ਤਰਜੀਹ ਦੇਣ ਤਿਆਰੀਆਂ ਕਰਨ ਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਸੰਗਠਿਤ ਕਰਨ ਲਈ ਮੈਂਬਰਸ਼ਿਪ ਕਰਨ ਦਾ ਫ਼ੈਸਲਾ ਕੀਤਾ ਗਿਆ।

  ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਗਿਆ।

  ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਨਿਯੁਕਤ ਗੁਰਦੁਆਰਾ ਚੋਣ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕੇਂਦਰ ਵੱਲੋਂ ਸੰਘੀ ਢਾਂਚੇ ਦੇ ਘਾਣ ’ਤੇ ਫ਼ਿਕਰ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਦੀ ਪਹਿਲੀ ਨਜ਼ਰ ਐੱਸਜੀਪੀਸੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਹੈ, ਉਸ ਮਗਰੋ ਅਸੈਂਬਲੀ ਚੋਣਾਂ ਲਈ ਤਿਆਰੀ ਕੀਤੀ ਜਾਵੇਗੀ।

  ਕੋਲਕਾਤਾ - ਪੱਛਮੀ ਬੰਗਾਲ ਵਿੱਚ ਰੋਸ ਮਾਰਚ ਦੌਰਾਨ ਭਾਜਪਾ ਆਗੂ ਦੇ ਸਿੱਖ ਸੁਰੱਖਿਆ ਗਾਰਡ ਦੀ ਕਥਿਤ ਧੂਹ-ਘੜੀਸ ਅਤੇ ਗ੍ਰਿਫ਼ਤਾਰੀ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸਿੱਖ ਵਿਅਕਤੀ ਦੀ ਰਿਹਾਈ ਅਤੇ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
  ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਪੁਲੀਸ ਵਲੋਂ ਸਿੱਖ ਵਿਅਕਤੀ ਦੀ ਪੱਗ ਖਿੱਚਣਾ ‘ਬੇਅਦਬੀ’ ਦਾ ਮਾਮਲਾ ਹੈ। ਊਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਊਨ੍ਹਾਂ ਕਿਹਾ ਕਿ ਊਨ੍ਹਾਂ ਨੂੰ ਇਸ ਘਟਨਾ ਕਾਰਨ ‘ਡੂੰਘੀ ਠੇਸ’ ਪੁੱਜੀ ਹੈ। ਰਾਜਪਾਲ ਨੇ ਟਵਿੱਟਰ ’ਤੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੇ ਵਫ਼ਦ ਨੇ ਸਿੱਖ ਦਸਤਾਰ ਬੇਅਬਦੀ ਮਾਮਲੇ ਸਬੰਧੀ ਪੱਤਰ ਸੌਂਪਿਆ ਅਤੇ ਬਲਵਿੰਦਰ ਸਿੰਘ ਲਈ ਨਿਆਂ ਦੀ ਮੰਗ ਕੀਤੀ। ਧਨਖੜ ਨੇ ਕਿਹਾ ਕਿ ਪੁਲੀਸ ਬਲ ਦੀ ਦੁਰਵਰਤੋਂ ਕੀਤੀ ਗਈ ਹੈ।
  ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਅੱਜ ਕਰੀਬ 12.30 ਵਜੇ ਕੋਲਕਾਤਾ ਪੁੱਜਿਆ ਅਤੇ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਮਿਲਣ ਲਈ ਹਾਵੜਾ ਪੁਲੀਸ ਸਟੇਸ਼ਨ ਪੁੱਜਿਆ। ਇਸ ਮਗਰੋਂ ਵਫ਼ਦ ਨੇ ਰਾਜਪਾਲ ਨੂੰ ਰਾਜ ਭਵਨ ਵਿੱਚ ਪੱਤਰ ਸੌਂਪਿਆ।
  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਵਿਅਕਤੀ ਨਾਲ ਕੀਤੇ ‘ਅਪਮਾਨਜਨਕ ਵਿਵਹਾਰ’ ’ਤੇ ਦੁੱਖ ਪ੍ਰਗਟਾਉਂਦਿਆਂ ਪੱਛਮੀ ਬੰਗਾਲ ਦੀ ਹਮਰੁਤਬਾ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਸਬੰਧਤ ਪੁਲੀਸ ਮੁਲਾਜ਼ਮ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਊਣ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕੀਤੀ ਜਾਵੇ।

  ਚੰਡੀਗੜ੍ਹ - ਕਿਸਾਨ ਕਾਨੂੰਨਾਂ ਦੇ ਵਿਰੋਧ 'ਚ ਰੇਲਵੇ ਲਾਈਨਾਂ 'ਤੇ ਡਟੇ ਕਿਸਾਨਾਂ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਇਸ ਦੇ ਮਾੜੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ। ਇਕ ਪਾਸੇ ਪੰਜਾਬ ਵਿਚ ਨਾ ਤਾਂ ਕੱਚਾ ਮਾਲ ਆ ਰਿਹਾ ਹੈ ਤੇ ਦੂਜੇ ਪਾਸੇ ਤਿਆਰ ਮਾਲ ਬਾਹਰ ਨਹੀਂ ਜਾ ਰਿਹਾ। ਉਧਰ ਕੋਲਾ ਨਾ ਆਉਣ ਕਾਰਨ ਥਰਮਲ ਪਲਾਂਟਾਂ ਦਾ ਕੋਲਾ ਖ਼ਤਮ ਹੋਣ ਦੇ ਕੰਢੇ ਪੁੱਜ ਗਿਆ ਹੈ। ਥਰਮਲ ਪਲਾਂਟਾਂ ਕੋਲ ਮਹਿਜ਼ ਇਕ ਤੋਂ ਦੋ ਦਿਨ ਦਾ ਕੋਲਾ ਹੀ ਰਹਿ ਗਿਆ ਹੈ। ਕੋਲੇ ਦੇ ਖ਼ਤਮ ਹੋਣ 'ਤੇ ਪੰਜਾਬ ਪੂਰੀ ਤਰ੍ਹਾਂ ਨਾਲ ਨੈਸ਼ਨਲ ਗਰਿੱਡ ਦੇ ਭਰੋਸੇ ਹੋ ਜਾਵੇਗਾ।
  ਪਾਵਰਕਾਮ ਦੇ ਚੇਅਰਮੈਨ ਏ ਵੇਣੂ ਪ੍ਰਸਾਦ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਵਿਚ 8000 ਮੈਗਾਵਾਟ ਦੀ ਮੰਗ ਹੈ। ਇਸ ਵਿਚੋਂ 2000 ਮੈਗਾਵਾਟ ਦਾ ਹੀ ਉਤਪਾਦਨ ਪੰਜਾਬ ਵਿਚ ਹੋ ਰਿਹਾ ਹੈ। ਬਾਕੀ ਦਾ ਨੈਸ਼ਨਲ ਗਰਿੰਡ ਤੋਂ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕੋਲਾ ਖ਼ਤਮ ਹੋਣ ਦੇ ਕੰਢੇ ਪੁੱਜ ਗਿਆ ਹੈ। ਉਤਪਾਦਨ ਬੰਦ ਹੋਣ ਦੀ ਸੂਰਤ ਵਿਚ ਪੰਜਾਬ ਵਿਚ ਪੂਰਨ ਰੂਪ ਨਾਲ ਨੈਸ਼ਨਲ ਗਰਿੱਡ ਦੇ ਭਰੋਸੇ ਹੋ ਜਾਵੇਗਾ। ਜਾਣਕਾਰੀ ਅਨੁਸਾਰ ਉਤਪਾਦਨ ਘੱਟ ਹੋਣ ਨਾਲ ਪਾਵਰਕਾਮ 6000 ਮੈਗਾਵਾਟ ਬਿਜਲੀ ਨੈਸ਼ਨਲ ਗਰਿੱਡ ਤੋਂ ਲੈ ਰਿਹਾ ਹੈ। ਜੇ ਇਕ ਦੋ ਦਿਨ ਵਿਚ ਕੋਲੇ ਦੀ ਸਪਲਾਈ ਸ਼ੁਰੂ ਨਾ ਹੋਈ ਤਾਂ ਪੂਰਨ ਰੂਪ 'ਚ ਨੈਸ਼ਨਲ ਗਰਿੱਡ ਤੋਂ ਹੀ ਬਿਜਲੀ ਖ਼ਰੀਦਣੀ ਪੈ ਸਕਦੀ ਹੈ।
  ਉਧਰ ਕਿਸਾਨਾਂ ਦੇ ਧਰਨੇ ਕਾਰਨ ਬਿਜਲੀ ਤੋਂ ਇਲਾਵਾ ਅਨਾਜ ਦੀ ਆਵਾਜਾਈ ਵੀ ਬਿਲਕੁਲ ਰੁਕ ਗਈ ਹੈ। ਪੰਜਾਬ ਦੇ ਗੁਦਾਮਾਂ ਵਿਚ ਇਸ ਵਲੇ 142.75 ਲੱਖ ਟਨ ਅਨਾਜ ਪਿਆ ਹੈ ਤੇ ਅਕਤੂਬਰ ਤੇ ਨਵੰਬਰ 'ਚ 175 ਲੱਖ ਟਨ ਚੌਲ ਹੋਰ ਆ ਜਾਵੇਗਾ ਜਿਸ ਨੂੰ ਹਰ ਹਾਲਤ ਵਿਚ ਢੱਕੇ ਹੋਏ ਗੁਦਾਮਾਂ ਵਿਚ ਰੱਖਣਾ ਪਵੇਗਾ। ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ ਉਦੋਂ ਤੋਂ ਪੂਰੇ ਦੇਸ਼ ਵਿਚ ਅਨਾਜ ਦੀ ਮੰਗ ਵੱਧ ਜਾਣ ਕਾਰਨ ਹਰ ਮਹੀਨੇ ਅੌਸਤਨ 27 ਲੱਖ ਟਨ ਅਨਾਜ ਦੀ ਆਵਾਜਾਈ ਦੂਜੇ ਸੂਬਿਆਂ ਵਿਚ ਹੋਈ ਹੈ। ਅਗਸਤ ਵਿਚ ਸਭ ਤੋਂ ਜ਼ਿਆਦਾ 29 ਲੱਖ ਟਨ ਅਨਾਜ ਭੇਜਿਆ ਗਿਆ।
  ਸਤੰਬਰ ਮਹੀਨੇ ਵਿਚ ਵੀ 891 ਸਪੈਸ਼ਲ ਟ੍ਰੇਨਾਂ ਦੂਜੇ ਸੂਬਿਆਂ ਨੂੰ ਗਈਆਂ ਹਨ ਪਰ ਅਕਤੂਬਰ ਮਹੀਨੇ ਦੇ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਇਕ ਵੀ ਸਪੈਸ਼ਲ ਟ੍ਰੇਨ ਨਹੀਂ ਲੱਗੀ ਹੈ। ਪੰਜਾਬ ਵਿਚ 24 ਸਤੰਬਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੈ ਜਦਕਿ ਕੋਲੇ ਦੀ ਕਮੀ ਦੇ ਚੱਲਦਿਆਂ ਜੀਵੀਕੇ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਆਪਣੇ ਇਕ-ਇਕ ਯੂਨਿਟ ਨੂੰ ਬੰਦ ਕਰ ਚੁੱਕੇ ਹਨ। ਜੇ ਦੋ ਤਿੰਨ ਦਿਨਾਂ ਵਿਚ ਕੋਲੇ ਦੀ ਸਪਲਾਈ ਸ਼ੁਰੂ ਨਾ ਹੋਈ ਤਾਂ ਪੰਜਾਬ ਵਿਚ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ।

  ਕੋਲਕਾਤਾ - ਪੱਛਮੀ ਬੰਗਾਲ ਦੇ ਹਾਵੜਾ ਵਿਖੇ ਸਟੇਟ ਸਕੱਤਰੇਤ ਵਿਖੇ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਸਿੱਖ ਵਿਅਕਤੀ ਦੀ ਪੁਲੀਸ ਵੱਲੋਂ ਕੁੱਟਮਾਰ ਅਤੇ ਪੱਗ ਲਾਹੁਣ ਖ਼ਿਲਾਫ਼ ਸਿੱਖਾਂ ਵਿੱਚ ਭਾਰੀ ਰੋਸ ਹੈ। ਇਸ ਕਾਰਨ ਅੱਜ ਸਿੱਖਾਂ ਨੇ ਕੋਲਕਾਤਾ ਵਿਚ ਰੋਸ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਦੀ ਰਾਤ 8 ਅਕਤੂਬਰ ਨੂੰ 43 ਸਾਲਾ ਬਲਵਿੰਦਰ ਸਿੰਘ ਨਾਲ ਵਾਪਰੀ ਇਸ ਘਟਨਾ ਨੂੰ ਖ਼ਿਲਾਫ਼ ਬੀਤੀ ਰਾਤ ਰੈਲੀ ਕੱਢੀ ਅਤੇ ਬੰਗਾਲੀ ਵਿੱਚ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। 8 ਅਕਤੂਬਰ ਨੂੰ ਭਾਜਪਾ ਦੇ ਮਾਰਚ ਦੌਰਾਨ ਪੁਲੀਸ ਨੂੰ ਬਲਵਿੰਦਰ ਸਿੰਘ ਕੋਲੋਂ ਗੋਲੀਆਂ ਨਾਲ ਭਰੀ ਪਿਸਤੌਲ ਮਿਲੀ ਸੀ। ਪ੍ਰਦਰਸ਼ਨਕਾਰੀਆਂ ਨੇ ਐਸਪਲੇਨੇਡ ਕਰਾਸਿੰਗ ਨੇੜੇ ਸੈਂਟਰਲ ਐਵੇਨਿਊ ਵਿਖੇ ਨਾਅਰੇਬਾਜ਼ੀ ਕਰਦਿਆਂ ਕਿਹਾ, "ਮੁੱਖ ਮੰਤਰੀ ਮਮਤਾ ਬੈਨਰਜੀ ਦੱਸੋ ਕਿ ਤੁਹਾਡੀ ਪੁਲੀਸ ਨੇ ਇੱਕ ਸਿੱਖ ਵਿਅਕਤੀ ਦੀ ਪੱਗ ਕਿਉਂ ਲਾਹੀ?" ਤੁਸੀਂ ਕਾਰਨ ਦੱਸੋ ਜਾਂ ਮੁੱਖ ਮੰਤਰੀ ਦੀ ਕੁਰਸੀ ਛੱਡੋ। ''

  ਪੇਸ਼ਾਵਰ - ਉੱਤਰ ਪੱਛਮੀ ਪਾਕਿਸਤਾਨ ਦੀ ਹਾਈ ਕੋਰਟ ਨੇ ਪੇਸ਼ਾਵਰ ਦੇ ਪ੍ਰਾਚੀਨ ਗੁਰਦੁਆਰੇ ਦੀ ਜ਼ਮੀਨ ਦੇ ਹਿੱਸੇ ਦੀ ਨਿਲਾਮੀ ’ਤੇ ਰੋਕ ਲਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਦੇਸ਼ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਪੇਸ਼ਾਵਰ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਇਹ ਫ਼ੈਸਲਾ ਸਾਹਿਬ ਸਿੰਘ ਦੁਆਰਾ ਆਪਣੇ ਵਕੀਲ ਰਾਹੀਂ ਦਾਇਰ ਕੀਤੀ ਗਈ ਰਿੱਟ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਤਾ। ਜਸਟਿਸ ਰੂਹੁਲ ਅਮੀਨ ਅਤੇ ਜਸਟਿਸ ਮੀਆਂ ਅਤਿਕ ਸ਼ਾਹ ਦੇ ਬੈਂਚ ਨੇ ਇਹ ਰੋਕ ਰੋਕ ਦਿੱਤੀ। ਸਾਹਿਬ ਸਿੰਘ ਨੇ ਆਪਣੀ ਪਟੀਸ਼ਨ ਵਿਚ ਗੁਰਦੁਆਰੇ ਦੀ ਜ਼ਮੀਨ ਦੀ ਨਿਲਾਮੀ ਨੂੰ ਚੁਣੌਤੀ ਦਿੱਤੀ ਸੀ। ਸੁਣਵਾਈ ਦੌਰਾਨ ਬੈਂਚ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਨਿਲਾਮੀ ਪ੍ਰਕਿਰਿਆ ਵਿੱਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

  ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਲੋਂ ਲੰਗਰ ਦੀ ਸੇਵਾ ਕਰਦੇ ਨੌਜੁਆਨਾਂ ਨੂੰ ਫੜ ਕੇ ਖਾੜਕੂ ਕਰਾਰ ਦੇਦੇਂ ਹੋਏ ਉਨ੍ਹਾਂ ਤੇ ਸੰਗੀਨ ਧਾਰਾਵਾਂ ਲਗਾ ਕੇ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਅਜ ਮਹਿੰਦਰਪਾਲ ਸਿੰਘ, ਲਵਪ੍ਰੀਤ ਅਤੇ ਗੁਰਤੇਜ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਮਾਣਯੋਗ ਜੱਜ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਮਹਿੰਦਰਪਾਲ ਸਿੰਘ ਤਿਹਾੜ੍ਹ ਜੇਲ ਦੀ 8 ਨੰ, ਲਵਪ੍ਰੀਤ ਅਤੇ ਗੁਰਤੇਜ ਮੰਡੋਲੀ ਜੇਲ੍ਹ ਅੰਦਰ ਬੰਦ ਹਨ । ਮਾਮਲੇ ਦੀ ਤਫਸ਼ੀਸ਼ ਕਰ ਰਹੇ ਸਪੈਸ਼ਲ ਸਟਾਫ ਵਲੋਂ ਅਜ ਵੀ ਅਦਾਲਤ ਅੰਦਰ ਚਾਰਜਸ਼ੀਟ ਦਾਖਿਲ ਨਹੀ ਕੀਤੀ ਗਈ ਅਤੇ ਹੋਰ ਵਾਧੂ ਸਮਾਂ ਮੰਗਿਆ ਗਿਆ ਜਿਸ ਤੇ ਅਦਾਲਤ ਵਲੋਂ ਉਨ੍ਹਾਂ ਨੂੰ ਹੋਰ ਸਮਾਂ ਦਿਦਿਆਂ ਨਾਮਜਦਾਂ ਦੀ ਕਸਟੱਡੀ ਰਿਮਾਂਡ ਵਿਚ ਵਾਧਾ ਕਰ ਦਿੱਤਾ ਗਿਆ ਹੈ । ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਭਾਈ ਪਰਮਜੀਤ ਸਿੰਘ ਵਲੋਂ ਇਸ ਤੇ ਇਤਰਾਜ ਕੀਤਾ ਗਿਆ ਕਿ ਪਹਿਲਾਂ ਹੀ ਬਹੁਤ ਸਮਾਂ ਨਿਕਲ ਚੁਕਿਆ ਹੈ ਤੇ ਹੋਰ ਸਮਾਂ ਕਿਉਂ ਦਿੱਤਾ ਜਾਏ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ ।

  ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਅੰਦਰ ਹੋਏ ਹਿੰਦੁ ਨੇਤਾਵਾਂ ਜਗਦੀਸ਼ ਗਗਨੇਜਾ ਅਤੇ ਅਮਿਤ ਅਰੋੜਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਅਤੇ ਹੋਰਾਂ ਨੂੰ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਤੋਂ ਵੀਡਿਓ ਕਾਨਫ੍ਰੇਸਿੰਗ ਰਾਹੀ ਮੌਹਾਲੀ ਦੀ ਐਨਆਈਏ ਦੀ ਅਦਾਲਤ ਅੰਦਰ ਬੀਤੇ ਦਿਨ ਪੇਸ਼ ਕੀਤਾ ਗਿਆ । ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਜ ਚਲੇ ਦੋਨੋਂ ਮਾਮਲੇਆਂ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਤਰੀਕ ਪਾ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਤੇ ਪਾਏ ਗਏ ਵੱਖ ਵੱਖ ਕੇਸਾਂ ਅੰਦਰ ਇਹ 136 ਵੀ ਪੇਸ਼ੀ ਹੈ ਤੇ ਜੱਗੀ ਤੇ ਦਰਜ਼ ਕੀਤੇ ਗਏ ਕਿਸੇ ਵੀ ਮਾਮਲੇ ਅੰਦਰ ਹਾਲੇ ਤਕ ਇਤਨੀਆਂ ਪੇਸ਼ੀਆਂ ਹੋ ਜਾਣ ਦੇ ਬਾਵਜੂਦ ਨਾ ਦੇ ਬਰਾਬਰ ਅਦਾਲਤੀ ਕਾਰਵਾਈ ਹੋਈ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ੇ ਬਣ ਚੁਕਿਆ ਹੈ, ਜੱਗੀ ਜੌਹਲ ਦੇ ਮਾਮਲੇ ਨੂੰ ਲਟਕਾਏ ਜਾਣ ਕਰਕੇ ਪਿਛਲੇ ਮਹੀਨੇ ਬਰਤਾਨਿਆ ਦੇ ਪ੍ਰਧਾਨਮੰਤਰੀ ਦੇ ਘਰ ਦੇ ਬਾਹਰ ਇਕ ਰੋਸ ਮੁਜਾਹਿਰਾ ਹੋਇਆ ਸੀ ਜਿਸ ਵਿਚ ਉਨ੍ਹਾਂ ਕੋਲੋਂ ਹਿੰਦੁਸਤਾਨ ਸਰਕਾਰ ਨਾਲ ਗਲਬਾਤ ਕਰਕੇ ਮਾਮਲੇ ਨੂੰ ਜਲਦ ਨਿਬੇੜਨ ਵਾਸਤੇ ਅਪੀਲ ਕੀਤੀ ਗਈ ਸੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਵੇਗੀ ।

   

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਬਰਤਾਨਿਆ ਅੰਦਰ ਸਿੱਖਾਂ ਵਿਰੁੱਧ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਲੈ ਕੇ ਉਲੀਕੀ ਗਈ ਮੁਹਿੰਮ ਤਹਿਤ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿੱਲ ਦੀ ਅਗਵਾਈ 'ਚ ਸਿੱਖ ਫੈਡਰੇਸ਼ਨ ਯੂ.ਕੇ. ਅਤੇ ਸਿੱਖ ਨੈੱਟਵਰਕ ਦੇ ਸਹਿਯੋਗ ਨਾਲ ਹੋਈ ਵਰਚੁਅਲ ਮੀਟਿੰਗ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ 40 ਤੋਂ ਵੱਧ ਸੰਸਦ ਮੈਂਬਰਾਂ ਤੋਂ ਇਲਾਵਾ ਸਿੱਖ ਆਗੂਆਂ ਨੇ ਹਿੱਸਾ ਲਿਆ ਸੀ । ਇਸ ਮੀਟਿੰਗ ਦੀ ਅਗਵਾਈ ਕਰ ਰਹੀ ਪ੍ਰੀਤ ਕੌਰ ਗਿਲ ਨੇ ਸਿੱਖ ਚੋਣ ਮਨੋਰਥ ਪੱਤਰ ਦੇ ਭਾਗ-4 'ਚ ਸਿੱਖਾਂ ਵਿਰੁੱਧ ਹੁੰਦੇ ਨਫ਼ਰਤੀ ਅਪਰਾਧਾਂ ਦੇ ਜ਼ਿਕਰ ਦੇ ਨਾਲ ਇਸ ਲਈ ਇਹ ਮੁਹਿੰਮ ਕਿਉਂ ਚਲਾਈ ਗਈ ਦੀ ਜਰੂਰਤ ਬਾਰੇ ਦਸਿਆ । ਉਨ੍ਹਾਂ ਵਲੋਂ ਦਸੇ ਗਏ ਵੇਰਵਿਆਂ ਤੇ ਵਰਚੁਅਲ ਮੀਟੀੰਗ ਵਿਚ ਹਿੱਸਾ ਲੈ ਰਹੇ ਸੰਸਦ ਮੈਂਬਰ ਅਤੇ ਹੋਰਾਂ ਨੇ ਅਪਣੇ ਵਿਚਾਰ ਰਖੇ । ਮਰਹੂਮ ਬਲਬੀਰ ਸਿੰਘ ਸੋਢੀ ਦੇ ਭਰਾ ਰਾਣਾ ਸਿੰਘ ਸੋਢੀ ਨੇ 9/11 ਤੋਂ ਹਮਲਿਆਂ ਤੋਂ ਬਾਅਦ 2001 'ਚ ਉਸ ਦੇ ਭਰਾਵਾਂ ਦੀ ਹੋਈ 5 ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਬਾਰੇ ਜਾਣਕਾਰੀ ਦਿੱਤੀ । ਜਸਵਿੰਦਰ ਸਿੰਘ ਨੇ ਸਿੱਖ ਰਿਪੋਰਟ ਦੇ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਾਂ ਖਿਲਾਫ ਹੁੰਦੇ ਨਸਲੀ ਅਪਰਾਧਾਂ ਵਿਚ ਪਿਛਲੇ 12 ਮਹੀਨੇਆਂ ਅੰਦਰ ਤਕਰੀਬਨ 60% ਦਾ ਵਾਧਾ ਹੋਇਆ ਹੈ ਜਿਨ੍ਹਾਂ ਨੂੰ ਦੇਖਦਿਆਂ ਸਰਕਾਰ ਵਲੌ ਕਿਸੇ ਕਿਸਮ ਦਾ ਉਪਰਾਲਾ ਨਹੀ ਕੀਤਾ ਗਿਆ । ਉਨ੍ਹਾਂ ਉਚੇਚੇ ਤੌਰ ਤੇ ਜਿਕਰ ਕਰਦਿਆਂ ਕਿਹਾ ਸਿੱਖਾਂ ਨਾਲ ਹੁੰਦੇ ਨਫ਼ਰਤੀ ਅਪਰਾਧਾਂ ਨੂੰ ਇਸਲਾਮੀ ਫੋਬੀਆ ਨਾਲ ਜੋੜ੍ਹ ਦਿੱਤਾ ਜਾਂਦਾ ਹੈ ਜਿਸ ਕਰਕੇ ਬਹੁਤੇ ਸਿੱਖਾਂ ਵਲੋਂ ਕੂਝ ਮਾਮਲੇਆਂ ਦੀ ਪੁਲਿਸ ਸ਼ਿਕਾਇਤ ਇਸ ਕਰਕੇ ਨਹੀ ਕੀਤੀ ਜਾਦੀਂ ਕਿ ਇਸ ਨਾਲ ਸਮੇਂ ਦੀ ਬਰਬਾਦੀ ਤੇ ਕੋਈ ਨਤੀਜਾ ਨਾ ਨਿਕਲਣਾ ਮੰਨਿਆ ਜਾਦਾਂ ਸੀ । ਜੇਕਰ ਸਾਰੇ ਮਾਮਲੇਆਂ ਦੀ ਪੁਲਿਸ ਸ਼ਿਕਾਇਤ ਹੋਈ ਹੁੰਦੀ ਤਾਂ ਇਹ ਅੰਕੜਾ ਬਹੁਤ ਵੱਧ ਸਕਦਾ ਸੀ । ਸਿੱਖ ਫੈਡਰੇਸ਼ਨ ਦੇ ਬੁਲਾਰੇ ਦਬਿੰਦਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਆਪਣੇ ਨਾਲ ਵਰਤੇ ਭਾਣੇ ਬਾਰੇ ਜਿਉਂਦਾ ਸਾੜ੍ਹਨ ਦੀ ਦਿੱਤੀ ਧਮਕੀ ਦੀ ਘਟਨਾ ਦਾ ਵੀ ਜ਼ਿਕਰ ਕੀਤਾ, ਉਨ੍ਹਾਂ ਇਹ ਵੀ ਦਸਿਆ ਕਿ ਕਿਸ ਤਰ੍ਹਾਂ ਧਮਕੀ ਦੇਣ ਵਾਲੇ ਨੂੰ ਬਾਅਦ 'ਚ ਮਾਨਸਿਕ ਰੋਗੀ ਐਲਾਨ ਦਿੱਤਾ ਗਿਆ ਸੀ । ਕਾਸਲ ਲੀਡਰ ਜਸ ਅਠਵਾਲ ਨੇ ਕਿਹਾ ਕਿ ਉਹ ਛੋਟੀ ਉਮਰ ਤੋਂ ਹੀ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦੇ ਆ ਰਹੇ ਹਨ । ਬਰਤਾਨਿਆ ਦੇ ਸੰਸਦ ਮੈਂਬਰ ਜੋ ਮੀਟੀੰਗ ਵਿਚ ਹਿੱਸਾ ਲੈ ਰਹੇ ਸਨ, ਨੇ ਇਸ ਮਾਮਲੇ ਵਿਚ ਅਪਣੇ ਵਿਚਾਰ ਦਿੰਦਿਆਂ ਪੁਛਿਆ ਕਿ ਇਸ ਤਰ੍ਹਾਂ ਦੇ ਵਾਪਰ ਰਹੇ ਮਾਮਲੇਆਂ ਅੰਦਰ ਉਹ ਕਿ ਕਰ ਸਕਦੇ ਹਨ, ਉਨ੍ਹਾਂ ਨੂੰ ਦਸਿਆ ਜਾਏ ਜਿਸ ਨਾਲ ਅਪਣੀ ਜਿੰਮੇਵਾਰੀ ਨਿਭਾ ਸਕਣ । ਸੰਸਦ ਮੈਂਬਰ ਸ੍ਰੀਮਤੀ ਸਿਮਕਿੰਸ ਨੇ ਕਿਹਾ ਕੀ “ਰੁਕਾਵਟਾਂ ਦੀ ਲੰਬੀ ਸੂਚੀ” ਕਾਰਨ ਸਾਰੇ ਨਫ਼ਰਤ ਦੇ ਜੁਰਮਾਂ ਦੀ “ਵੱਡੀ ਅੰਡਰਪੋਰਟਿੰਗ” ਹੋ ਰਹੀ ਹੈ। “ਅਸੀਂ ਜਾਣਦੇ ਹਾਂ ਕਿ ਨਫ਼ਰਤ ਦੇ ਅਪਰਾਧ ਦੇ ਕਾਰਨਾਂ ਦਾ ਨੁਕਸਾਨ ਹੈ,” ਅਤੇ “ਜੇ ਅਸੀਂ ਇਸ ਨੂੰ ਲੋਕਾਂ ਦੇ ਧਿਆਨ ਵਿਚ ਨਹੀਂ ਲਿਆਉਂਦੇ, ਤਾਂ ਕੁਝ ਵੀ ਨਹੀਂ ਬਦਲਦਾ ਹੈ । “ਜੇ ਅਸੀਂ ਕੁਝ ਨਹੀਂ ਕਹਿੰਦੇ, ਤਾਂ ਸਾਰੀ ਗੱਲ ਨਜ਼ਰ ਅੰਦਾਜ਼ ਕਰ ਦਿੱਤੀ ਜਾਂਦੀ ਹੈ। ਇੰਟੈਲੀਜੈਂਸ ਨੂੰ ਇਕੱਠਾ ਕਰਨਾ ਅਤੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ”। ਸ੍ਰੀਮਤੀ ਸਿਮਕਿੰਸ ਨੇ ਪੁਲਿਸ ਰਿਪੋਰਟਿੰਗ ਦੇ ਵਿਕਲਪ ਦੀ ਮੰਗ ਕਰਦੀਆਂ ਕਿਹਾ ਕਿ "ਇਹ ਉਹ ਜਾਣਕਾਰੀ ਪ੍ਰਾਪਤ ਨਹੀਂ ਕਰੇਗੀ ਜੋ ਸਾਨੂੰ ਕੋਈ ਫ਼ਰਕ ਲਿਆਉਣ ਦੀ ਲੋੜ ਹੈ."। ਮੀਟਿੰਗ 'ਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਅਨੰਦ, ਭਾਈ ਅਮਰੀਕ ਸਿੰਘ ਗਿੱਲ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਤੋਂ ਇਲਾਵਾ ਸਕਾਟਿਸ਼ ਨੈਸ਼ਨਲ ਪਾਰਟੀ, ਕੰਜ਼ਰਵੇਟਿਵ ਪਾਰਟੀ, ਲਿਬਰਲ ਡੈਮੋਕ੍ਰੇਟਿਕ ਪਾਰਟੀ, ਲੇਬਰ ਪਾਰਟੀ ਦੇ ਮੈਂਬਰਾਂ ਤੇ ਸ਼ੈਡੋ ਮੰਤਰੀ, ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ, ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਵੀ ਹਿੱਸਾ ਲਿਆ ।

  ਅੰਮ੍ਰਿਤਸਰ - ਅਕਾਲ ਤਖ਼ਤ ਨੇੜੇ ਉਸ ਵੇਲੇ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਤਲਖ਼ੀ ਹੋ ਗਈ, ਜਦੋਂ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਨੂੰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ।
  ਇਸ ਸਬੰਧੀ ਰੱਖੇ ਅਖੰਡ ਪਾਠ ਦੇ ਭੋਗ ਮਗਰੋਂ ਅਕਾਲ ਫੈਡਰੇਸ਼ਨ ਦੇ ਮੁਖੀ ਨਾਰਾਇਣ ਸਿੰਘ ਨੇ ਭਾਈ ਲੌਂਗੋਵਾਲ ਦੀ ਸ਼ਮੂਲੀਅਤ ’ਤੇ ਇਤਰਾਜ਼ ਕੀਤਾ।
  ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਦੌਰਾਨ ਲੋਗੋਵਾਲ ਤੇ ਹੋਰਾਂ ਨੂੰ ਮਹੀਨੇ ਲਈ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਨਾ ਹੋਣ ਲਈ ਆਖਿਆ ਗਿਆ ਹੈ ਅਤੇ ਅਤੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਦੂਜੇ ਪਾਸੇ ਲੌਂਗੋਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਖਿਆ ਕਿ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਮਹੀਨਾ ਕਿਸੇ ਵੀ ਸਮਾਗਮ ਵਿੱਚ ਨਾ ਬੋਲਣ ਵਾਸਤੇ ਆਖਿਆ ਹੈ। ਇਸ ਮਾਮਲੇ ’ਤੇ ਦੋਵਾਂ ਧਿਰਾਂ ਵਿਚਾਲੇ ਕੁਝ ਦੇਰ ਬਹਿਸ ਵੀ ਹੋਈ ਅਤੇ ਬਾਅਦ ਵਿੱਚ ਇਹ ਮਾਮਲਾ ਇਸ ਗੱਲ ’ਤੇ ਆ ਕੇ ਮੁੱਕਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਹੀ ਸਥਿਤੀ ਸਪੱਸ਼ਟ ਕੀਤੀ ਜਾਵੇਗੀ। ਇਸ ਦੌਰਾਨ ਭੋਗ ਮਗਰੋਂ ਭਾਈ ਸੁੱਖਾ ਤੇ ਭਾਈ ਜਿੰਦਾ ਦੇ ਪਰਿਵਾਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਪਹਿਲੀ ਵਾਰ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਦਲ ਖ਼ਾਲਸਾ, ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com