ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵਿਚ ਚੀਫ ਖਾਲਸਾ ਦੀਵਾਨ ਦੇ ਨੁਮਾਇੰਦੇ ਵਜੋਂ ਬਤੌਰ ਮੈਂਬਰ ਨਾਮਜ਼ਦ ਕਰਨ ਵਾਸਤੇ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੇ ਭਾਈ ਅਸ਼ੋਕ ਸਿੰਘ ਬਾਗੜੀਆ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਸਿਫਾਰਸ਼ ਪਟਨਾ ਸਾਹਿਬ ਦੇ ਜ਼ਿਲ੍ਹਾ ਜੱਜ ਨੂੰ ਭੇਜੀ ਗਈ ਹੈ, ਜੋ ਕਿ ਪ੍ਰਬੰਧਕੀ ਬੋਰਡ ਦੇ ਕਸਟੋਡੀਅਨ ਵੀ ਹਨ। ਖਾਲਾਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਮੁਤਾਬਕ ਦੀਵਾਨ ਦੇ ਨੁਮਾਇੰਦੇ ਭਾਈ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਮੈਂਬਰ ਸਨ ਪਰ ਬੀਤੇ ਦਿਨੀ ਉਨ੍ਹਾਂ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਮੈਂਬਰ ਦਾ ਇਹ ਅਹੁਦਾ ਖਾਲੀ ਹੋ ਗਿਆ ਸੀ। ਉਨ੍ਹਾਂ ਦੀ ਥਾਂ ’ਤੇ ਦੀਵਾਨ ਵਲੋਂ ਭਾਈ ਅਸ਼ੋਕ ਸਿੰਘ ਬਾਗੜੀਆ ਨੂੰ ਨਾਮਜ਼ਦ ਕਰਨ ਲਈ ਤਜਵੀਜ਼ ਭੇਜੇ ਗਈ ਹੈ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਅਪੀਲ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਾਨੂੰਨ ਲਿਆਉਣ ’ਚ ਜਾਣ-ਬੁੱਝ ਕੇ ਦੇਰੀ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਮੋਦੀ ਸਰਕਾਰ ਨਾਲ ਗੁੱਝੀ ਸਾਂਝ ਬੇਪਰਦ ਹੋ ਗਈ ਹੈ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਿਆ ਜਾਵੇ, ਪਰ ਹਾਲੇ ਤੱਕ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ’ਤੇ ਫਿਕਸ ਮੈਚ ਖੇਡ ਰਹੇ ਹਨ ਤੇ ਉਨ੍ਹਾਂ ਨੇ ਇਕ ਹਫਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਸੁਝਾਅ ਰੱਦ ਕਰ ਦਿੱਤਾ ਸੀ। ਹੁਣ ਜਦੋਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਤਾਂ ਉਹ ਇਕ ਵਾਰ ਫਿਰ ਤੋਂ ਇਹ ਕਹਿ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਇਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ। ਇਸ ਤੋਂ ਇਹੀ ਸਪੱਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਛੇਤੀ ਤੋਂ ਛੇਤੀ ਯਕੀਨੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਦੌਰਾਨ ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਅੰਨਤਾਦਾ ਦਾ ਦੁੱਖ ਸਮਝਣ ਅਤੇ ਉਨ੍ਹਾਂ ਦੇ ਨਿਆਂ ਦੇਣ ਦੇ ਰਾਹ ਵਿਚ ਰੁਕਾਵਟ ਨਾ ਬਣਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਨੂੰ ਕਿਸਾਨਾਂ ਦੀ ਆਵਾਜ਼ ਸੁਣਨ ਲਈ ਮਜਬੂਰ ਕਰ ਦੇਵੇਗਾ।

  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਫਿਕਸਡ ਮੈਚ' ਦੇ ਲਾਏ ਇਲਜ਼ਾਮਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਤਬਾਹ ਕਰਨ ਲਈ ਭਾਜਪਾ ਦੀ ਬੋਲੀ ਬੋਲਣ ਕਰਕੇ ਅਕਾਲੀਆਂ ਦੀ ਕਰੜੀ ਆਲੋਚਨਾ ਕੀਤੀ ਹੈ।
  ਮੁੱਖ ਮੰਤਰੀ ਨੇ ਆਖਿਆ ਕਿ ਭਾਜਪਾ ਨਾਲ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਸਾਰੇ 'ਫਿਕਸਡ ਮੈਚ' ਖੇਡਣ ਤੋਂ ਬਾਅਦ ਸੁਖਬੀਰ ਹੁਣ ਇਸ ਕਦਰ ਭਰਮ ਦਾ ਸ਼ਿਕਾਰ ਹੋ ਗਿਆ ਹੈ ਕਿ ਉਹ ਇਹ ਵੀ ਭੁੱਲ ਚੁੱਕਾ ਹੈ ਕਿ ਫਿਕਸਡ ਮੈਚ ਇਕੱਲਿਆਂ ਕਦੇ ਨਹੀਂ ਖੇਡਿਆ ਜਾ ਸਕਦਾ। ਕੈਪਟਨ ਨੇ ਕਿਹਾ ਕਿ ਜੇਕਰ ਕੋਈ ਫਿਕਸਡ ਮੈਚ ਖੇਡ ਰਿਹਾ ਹੈ ਤਾਂ ਉਹ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਕਾਲੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਨੂੰ ਬਚਾਅ ਕਰਨ ਦੀ ਘਟਨਾ ਇਸ ਗੱਲ ਦੀ ਤਾਜ਼ਾ ਉਦਾਹਰਣ ਹੈ। ਮੁੱਖ ਮੰਤਰੀ ਨੇ ਸੁਖਬੀਰ ਦੀ ਉਸ ਟਿੱਪਣੀ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਕਾਲੀ ਆਪਣੀ ਸਰਕਾਰ ਨੂੰ ਕੁਝ ਵੀ ਕਰਵਾਉਣ ਲਈ ਮਜਬੂਰ ਕਰ ਦੇਣਗੇ। ਇਸ ਤਰ੍ਹਾਂ ਅਕਾਲੀਆਂ ਨੇ ਖੁਦ ਹੀ ਮੰਨ ਲਿਆ ਕਿ ਉਹ ਕੇਂਦਰ ਵਿੱਚ ਕਿਸਾਨ ਵਿਰੋਧੀ ਕਾਨੂੰਨ ਨਾ ਲਿਆਉਣ ਲਈ ਮਨਾਉਣ ਵਿੱਚ ਕੇਂਦਰ ਸਰਕਾਰ ਨੂੰ ਮਨਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਬੇਤੁਕੇ ਬਿਆਨਾਂ ਅਤੇ ਝੂਠੇ ਦਾਅਵਿਆਂ ਨਾਲ ਆਪਣਾ ਅਤੇ ਆਪਣੀ ਪਾਰਟੀ ਨੂੰ ਹਾਸੇ ਦਾ ਪਾਤਰ ਬਣਾਇਆ ਹੈ।
  ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੂੰ ਸੁਝਾਅ ਦੇਣ ਵਾਲਾ ਸੁਖਬੀਰ ਕੌਣ ਹੁੰਦਾ ਹੈ ਜਿਸ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਸਾਡੇ ਨਾਲ ਖੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ’ਤੇ ਭਰੋਸਾ ਕਰਨਾ ਹੈ ਅਤੇ ਕਿਸ ’ਤੇ ਨਹੀਂ। ਕੈਪਟਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਕਾਹਲੀ ਵਿੱਚ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਜੋ ਉਲਟਾ ਕਿਸਾਨਾਂ ਦੇ ਖ਼ਿਲਾਫ਼ ਭੁਗਤ ਸਕਦਾ ਹੈ ਸਗੋਂ ਅਜਿਹੇ ਠੋਸ ਰਾਹ ਲੱਭੇ ਜਾਣਗੇ ਜੋ ਇਨ੍ਹਾਂ ਕੇਂਦਰ ਦੇ ਘਾਤਕ ਕਾਨੂੰਨਾਂ ਦਾ ਟਾਕਰਾ ਕਰਨ ਲਈ ਕਾਨੂੰਨੀ ਨਜ਼ਰੀਏ ਦੀ ਕਸੌਟੀ 'ਤੇ ਖਰੇ ਉੱਤਰਦੇ ਹੋਣਗੇ।

  ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਆਲਮੀ ਪੱਧਰ ’ਤੇ ਕਰੋਨਾਵਾਇਰਸ ਫੈਲਾਉਣ ਦੀ ਚੀਨ ਨੂੰ ਵੱਡੀ ਕੀਮਤ ਤਾਰਨੀ ਪਵੇਗੀ। ਕਰੋਨਾ ਦੇ ਇਲਾਜ ਮਗਰੋਂ ਮਿਲਟਰੀ ਹਸਪਤਾਲ ਤੋਂ ਵ੍ਹਾਈਟ ਹਾਊਸ ਪਹੁੰਚਣ ਦੇ 50 ਘੰਟਿਆਂ ਦੇ ਅੰਦਰ ਹੀ ਟਰੰਪ ਨੇ ਟਵਿੱਟਰ ’ਤੇ ਪੋਸਟ ਕੀਤੇ ਵੀਡੀਓ ’ਚ ਕਰੋਨਾ ਮਹਾਮਾਰੀ ਦੇ ਫੈਲਾਅ ਲਈ ਚੀਨ ਨੂੰ ਦੋਸ਼ੀ ਠਹਿਰਾਇਆ।
  ਉਨ੍ਹਾਂ ਕਿਹਾ ਕਿ ਇਹ ਚੀਨ ਦੀ ਗਲਤੀ ਸੀ ਅਤੇ ਇਸ ਦੀ ਵੱਡੀ ਕੀਮਤ ਉਸ ਨੂੰ ਤਾਰਨੀ ਪਵੇਗੀ। ਉਂਜ ਰਾਸ਼ਟਰਪਤੀ ਨੇ ਚੀਨ ਖਿਲਾਫ਼ ਉਠਾਏ ਜਾਣ ਵਾਲੇ ਕਦਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਟਰੰਪ ਪ੍ਰਸ਼ਾਸਨ ਨੇ ਪਿਛਲੇ ਕੁਝ ਮਹੀਨਿਆਂ ’ਚ ਚੀਨ ਖਿਲਾਫ਼ ਕਈ ਪਾਬੰਦੀਆਂ ਲਾਈਆਂ ਹਨ। ਉਧਰ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਬੁੱਧਵਾਰ ਨੂੰ ਕੋਵਿਡ-19 ਬਾਰੇ ਅੰਤਿਮ ਰਿਪੋਰਟ ਜਾਰੀ ਕੀਤੀ ਹੈ।
  ਕਾਂਗਰਸਮੈਨ ਬ੍ਰਾਇਨ ਮਾਸਟ ਨੇ ਦਾਅਵਾ ਕੀਤਾ ਕਿ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਝੂਠ ਬੋਲਿਆ ਅਤੇ ਵਾਇਰਸ ’ਤੇ ਪਰਦਾ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਮਹਾਮਾਰੀ ਫੈਲਣ ਤੋਂ ਰੋਕਣ ’ਚ ਚੀਨ ਦੇ ਨਾਕਾਮ ਰਹਿਣ ਕਾਰਨ ਲੱਖਾਂ ਜਾਨਾਂ ਤੇ ਨੌਕਰੀਆਂ ਚਲੀਆਂ ਗਈਆਂ ਅਤੇ ਅਰਥਚਾਰੇ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਅਜਿਹੀ ਕੋਈ ਕੋਤਾਹੀ ਨਾ ਹੋਵੇ।

  ਮੈਲਬੌਰਨ - ਆਸਟ੍ਰੇਲੀਆ 'ਚ ਸਿੱਖ ਧਰਮ ਆਸਟ੍ਰੇਲੀਆਈ ਬਿਊਰੋ ਆਫ਼ ਸਟੇਟਿਸਟਿਕਸ ਦੇ ਅੰਕੜਿਆਂ ਅਨੁਸਾਰ ਬਾਕੀ ਧਰਮਾਂ 'ਚੋਂ ਪੰਜਵੇਂ ਸਥਾਨ 'ਤੇ ਹੈ | 2016 ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਸਾਡਾ ਧਰਮ ਇੱਥੇ ਉੱਭਰ ਰਹੇ ਧਰਮਾਂ 'ਚ ਵਿਸ਼ੇਸ਼ ਸਥਾਨ ਰੱਖਦਾ ਹੈ | ਇਸ ਧਰਮ ਨੂੰ ਉਸ ਵੇਲੇ ਇਸਾਈ, ਇਸਲਾਮ, ਬੁੱਧ, ਹਿੰਦੂ ਤੋਂ ਬਾਅਦ ਪੰਜਵੇਂ ਸਥਾਨ 'ਤੇ ਅਹਿਮ ਮੰਨਿਆ ਗਿਆ ਹੈ | ਵਿਕਟੋਰੀਆ ਰਾਜ 'ਚ ਪਿਛਲੇ 5 ਸਾਲਾਂ 'ਚ ਸਿੱਖਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ | 2016 ਦੀ ਜਨਗਣਨਾ ਦੇ ਪ੍ਰਾਪਤ ਵੇਰਵਿਆਂ ਅਨੁਸਾਰ ਇੱਥੇ ਉਸ ਸਮੇਂ 52,762 ਸਿੱਖ ਸਨ | ਦੂਸਰਾ ਸਿੱਖ ਆਬਾਦੀ ਵਾਲੇ ਸ਼ਹਿਰ ਨਿਊ ਸਾਊਥ ਵੇਲਜ਼ ਹੈ ਜਿੱਥੇ 31,737 ਸਿੱਖ ਵਸਦੇ ਸਨ | ਕਵੀਂਸਲੈਂਡ 17,433 ਸਿੱਖਾਂ 'ਚ ਰਹਿਣ ਵਾਲਾ ਸ਼ਹਿਰ ਸੀ | ਬਾਕੀ ਰਾਜਾਂ 'ਚ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੈ | ਪਹਿਲੀ ਵਾਰ ਇਹ ਸਾਹਮਣੇ ਆਇਆ ਹੈ ਕਿ 30 ਫ਼ੀਸਦੀ ਆਸਟ੍ਰੇਲੀਆਈ ਲੋਕਾਂ ਨੇ ਕੋਈ ਵੀ ਧਾਰਮਿਕ ਮਾਨਤਾ ਘੋਸ਼ਿਤ ਨਹੀਂ ਕੀਤੀ ਸੀ | ਇਸਾਈ ਧਰਮ 'ਚ ਆਸਥਾ ਰੱਖਣ ਵਾਲੇ ਲੋਕਾਂ 'ਚ ਭਾਰੀ ਕਮੀ ਆਈ ਸੀ ਪਰ ਇਹ ਉਸ ਸਮੇਂ ਦਾ ਸਭ ਤੋਂ ਵੱਡਾ ਧਰਮ ਸੀ | ਪਿਛਲੀਆਂ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ 2006 'ਚ ਸਿੱਖ ਧਰਮ ਇੱਥੋਂ ਦੇ 20 ਧਰਮਾਂ 'ਚ ਸ਼ਾਮਿਲ ਨਹੀਂ ਸੀ | ਸਿੱਖ ਧਰਮ 'ਚ ਲੋਕ ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ 0.5 ਫ਼ੀਸਦੀ ਹੈ |

  ਜਤਿੰਦਰ ਪਨੂੰ

  -----


  ਸਾਲ 1967 ਦੀ ਗੱਲ ਹੈ, ਜਦੋਂ ਸਕੂਲ ਪੜ੍ਹਦੇ ਸਾਂ ਅਤੇ ਅਕਾਲੀ ਕਾਨਫਰੰਸ ਵਿਚ ਸੰਤ ਫਤਹਿ ਸਿੰਘ ਦਾ ਭਾਸ਼ਣ ਸੁਣਨ ਲਈ ਪੜ੍ਹਾਈ ਛੱਡ ਕੇ ਚਲੇ ਗਏ ਸਾਂ। ਸਕਿਓਰਿਟੀ ਉਦੋਂ ਬਹੁਤੀ ਨਹੀਂ ਸੀ ਹੁੰਦੀ ਤੇ ਜਦੋਂ ਸੰਤ ਦੀ ਕਾਰ ਆਈ ਤਾਂ ਸੰਤ ਤੋਂ ਵੱਧ ਉਸ ਦੀ ਕਾਰ ਵੇਖਣ ਦੇ ਚਾਅ ਵਿਚ ਹੋਰ ਨੇੜੇ ਜਾ ਪਹੁੰਚੇ ਸਾਂ। ਉਸ ਪੁਰਾਣੀ ਕਾਰ ਦੇ ਦਰਵਾਜ਼ੇ ਅਜੋਕੀਆਂ ਕਾਰਾਂ ਵਾਂਗ ਅੱਗੇ ਵੱਲ ਨਹੀਂ ਸੀ ਖੁੱਲ੍ਹਦੇ ਸਗੋਂ ਅਗਲਾ ਦਰਵਾਜ਼ਾ ਪਿਛਾਂਹ ਨੂੰ ਅਤੇ ਪਿਛਲਾ ਅਗਾਂਹ ਵੱਲ ਨੂੰ ਖੁੱਲ੍ਹ ਕੇ ਦੋਵੇਂ ਦਰਵਾਜ਼ੇ ਇੱਕ ਦੂਜੇ ਨਾਲ ਪਿੱਠ ਜਾ ਜੋੜਦੇ ਹੁੰਦੇ ਸਨ। ਵਾਹਵਾ ਭਾਰੇ ਸਰੀਰ ਵਾਲਾ ਸੰਤ ਦੋ ਜਣਿਆਂ ਦਾ ਆਸਰਾ ਲੈ ਕੇ ਕਾਰ ਤੋਂ ਬਾਹਰ ਨਿਕਿਲਆ ਤੇ ਉਨ੍ਹਾਂ ਦੋਵਾਂ ਨੇ ਉਸ ਨੂੰ ਸਟੇਜ ਉੱਤੇ ਵਿਛੀ ਦਰੀ ਉੱਤੇ ਜਾ ਬਿਠਾਇਆ।

  ਲੰਡਨ - ਖਾਲਸਾ ਏਡ ਦੇ ਰਵੀ ਸਿੰਘ ਕੋਰੋਨਾ ਤੋਂ ਸਿਹਤਯਾਬ ਹੋ ਕੇ ਘਰ ਵਾਪਿਸ ਆ ਗਏ ਹਨ¢ ਰਵੀ ਸਿੰਘ ਨੇ ਆਪਣੀ ਸਿਹਤਯਾਬੀ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਠੀਕ ਠਾਕ ਹਾਂ, ਉਨ੍ਹਾਂ ਆਪਣੇ ਲਈ ਦੁਆਵਾਂ ਕਰਨ ਵਾਲ਼ਿਆਂ ਦਾ ਧੰਨਵਾਦ ਵੀ ਕੀਤਾ ¢ ਰਵੀ ਸਿੰਘ ਨੇ ਕਿਹਾ ਕਿ ਉਹ ਹੁਣ ਕੋਰੋਨਾ ਤੋਂ ਮੁਕਤ ਹੈ ਅਤੇ ਉਨ੍ਹਾਂ ਦਾ ਜੀਵਨ ਆਮ ਵਾਂਗ ਹੋ ਗਿਆ ਹੈ ¢

  ਐੱਸ.ਏ.ਐੱਸ. ਨਗਰ,  - ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਮੂਹਰਲੀ ਕਤਾਰ ਦੇ ਆਗੂ ਅਤੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਆਪਣੇ ਝੰਡੇ ਹੇਠ ਲੜੇਗੀ ਅਤੇ ਇਨ੍ਹਾਂ ਚੋਣਾਂ 'ਚ ਵੇਦਾਂਤ ਅਤੇ ਯੋਗ ਉਮੀਦਵਾਰਾਂ ਨੂੰ ਉਤਾਰ ਕੇ ਸ਼੍ਰੋਮਣੀ ਕਮੇਟੀ ਦੀ ਡਿੱਗੀ ਸ਼ਾਖ ਨੂੰ ਸੁਧਾਰਨ ਲਈ ਤਰਜੀਹ ਦੇਵੇਗੀ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਉਤਾਰੇ ਜਾਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਸਿਆਸੀ ਅਹੁਦਾ ਨਹੀਂ ਦਿੱਤਾ ਜਾਵੇਗਾ, ਕਿਉਂਕਿ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਵਲੋਂ ਆਪਣੇ ਰਾਜਸੀ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਟੀ ਅੰਦਰ ਹਾਂ ਨਾਲ ਹਾਂ ਮਿਲਾਉਣ ਵਾਲਿਆਂ ਨੂੰ ਦੋਵੇਂ ਪਾਸੇ ਅਹੁਦਿਆਂ ਨਾਲ ਨਵਾਜ ਕੇ ਆਪਣੀ ਮਨਮਰਜ਼ੀ ਨਾਲ ਸ਼੍ਰੋਮਣੀ ਕਮੇਟੀ ਪਾਰਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਗਿਆ ਹੈ | ਇਹੀ ਕਾਰਨ ਹੈ ਕਿ ਅੱਜ ਸਿੱਖਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਭੂਮਿਕਾ 'ਤੇ ਸ਼ੱਕ ਕੀਤਾ ਜਾ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਮਾੜੀ ਕਾਰਗੁਜਾਰੀ ਕਾਰਨ ਪੂਰਾ ਸਿੱਖ ਪੰਥ ਨਿਰਾਸ਼ਾ ਦੇ ਆਲਮ 'ਚ ਹੈ |

  ਅੰਮ੍ਰਿਤਸਰ - ਕੇਂਦਰ ਸਰਕਾਰ ਵਲੋਂ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐੱਸ.ਐੱਸ. ਸਾਰੋਂ (ਸੇਵਾ ਮੁਕਤ) ਦੀ ਨਵੀਂ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਲੰਮੇ ਸਮੇਂ ਤੋਂ ਬਕਾਇਆ ਆਮ ਚੋਣਾਂ ਹੁਣ ਜਲਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਸਟਿਸ ਸਾਰੋਂ ਦੀ ਨਿਯੁਕਤੀ ਸਬੰਧੀ ਹੁਕਮ ਮੰਗਲਵਾਰ ਨੂੰ ਹੀ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਪਹਿਲਾਂ ਨਿਯੁਕਤ ਕੀਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਦਰਸ਼ਨ ਸਿੰਘ (ਸੇਵਾ ਮੁਕਤ) ਦੀ ਨਿਯੁਕਤੀ ਨੂੰ ਰੱਦ ਕਰਨ ਦੇ ਆਦੇਸ਼ ਵੀ ਸ਼ਾਮਲ ਹਨ। ਜਸਟਿਸ ਸਾਰੋਂ ਦੀ ਨਿਯੁਕਤੀ ਦੋ ਸਾਲਾਂ ਲਈ ਹੋਵੇਗੀ ਅਤੇ ਸੇਵਾ ਕਾਲ ਦਾ ਸਮਾਂ ਇਕ ਸਾਲ ਹੋਰ ਵਧਾਇਆ ਜਾ ਸਕਦਾ ਹੈ। ਇਸ ਨਵੀਂ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਬਕਾਇਆ ਆਮ ਚੋਣਾਂ ਜਲਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦਾ ਸਮਾਂ ਪੰਜ ਸਾਲ ਹੈ, ਪਰ ਇਹ ਚੋਣਾਂ ਨਾ ਹੋਣ ਕਾਰਨ 2011 ਤੋਂ ਚੁਣੇ ਹੋਏ ਨੁਮਾਇੰਦੇ ਹੀ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ ਅਤੇ ਚੁਣੇ ਗਏ ਹਾਊਸ ਦਾ ਕਾਰਜਕਾਲ ਪੰਜ ਸਾਲ ਦਾ ਸੀ, ਪਰ ਉਦੋਂ ਸਹਿਜਧਾਰੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਨਵੇਂ ਚੁਣੇ ਹਾਊਸ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ। ਅਦਾਲਤ ਵਲੋਂ ਫੈਸਲਾ ਹੋਣ ਤੱਕ ਪਿਛਲੇ ਹਾਊਸ ਨੂੰ ਹੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਮੁੜ 2016 ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਨਵੀਂ ਹੋਈ ਚੋਣ ਨੂੰ ਮਾਨਤਾ ਮਿਲੀ ਅਤੇ ਨਵਾਂ ਹਾਊਸ ਬਹਾਲ ਹੋਇਆ। ਪਰ ਇਸ ਦੌਰਾਨ ਪੰਜ ਸਾਲ ਦਾ ਸਮਾਂ ਲੰਘ ਚੁੱਕਾ ਸੀ। ਹੁਣ ਤਕ ਸ਼੍ਰੋਮਣੀ ਕਮੇਟੀ ਦੇ ਨਵੇਂ ਹਾਊਸ ਵਾਸਤੇ ਚੋਣਾਂ ਨਹੀਂ ਹੋਈਆਂ ਹਨ।
  ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿਚ 170 ਮੈਂਬਰ ਚੁਣੇ ਹੋਏ ਅਤੇ 15 ਨਾਮਜ਼ਦ ਮੈਂਬਰ ਹਨ। ਪੰਜ ਤਖਤਾਂ ਦੇ ਜਥੇਦਾਰ ਵੀ ਇਸ ਹਾਊਸ ਦੇ ਮੈਂਬਰ ਹਨ। ਮੌਜੂਦਾ ਹਾਊਸ ਵਿਚੋਂ 18 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਵਾਸਤੇ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।
  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁੁਰਦੁਆਰਾ ਚੋਣ ਕਮਿਸ਼ਨਰ ਦੀ ਨਵੀਂ ਨਿਯੁਕਤੀ ਦਾ ਸਵਾਗਤ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਲੋਂ 2016 ਵਿੱਚ ਨਵੇਂ ਹਾਊਸ ਨੂੰ ਮਾਨਤਾ ਮਿਲਣ ਮਗਰੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸਨ ਅਤੇ ਉਨ੍ਹਾਂ ਤੋਂ ਬਾਅਦ ਹੁਣ ਤਕ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਚਲੇ ਆ ਰਹੇ ਹਨ।

  ਮਾਨਸਾ - ਪੰਜਾਬ ਦੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਵਿਧਾਨ ਸਭਾ ਦਾ 15 ਅਕਤੂਬਰ ਤੱਕ ਵਿਸ਼ੇਸ਼ ਸੈਸ਼ਨ ਬੁਲਾਕੇ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਸੰਘਰਸ਼ੀ ਧਿਰਾਂ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ ਵਾਂਗ ਬਾਈਕਾਟ ਕਰਨਗੀਆਂ।
  ਇਸ ਤੋਂ ਪਹਿਲਾਂ ਇਨ੍ਹਾਂ ਜਥੇਬੰਦੀਆਂ ਨੇ ਮੀਟਿੰਗ ਵਿੱਚ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਰਾਕੇਸ਼ ਕੁਮਾਰ ਅੱਗਰਵਾਲ ਵੱਲੋਂ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਭੇਜੇ ਸੱਦਾ ਪੱਤਰ ਨੂੰ ਰੱਦ ਕਰਦਿਆਂ ਇਸ ਨੂੰ ਅਣਅਧਿਕਾਰਤ ਕਰਾਰ ਦਿੰਦਿਆਂ ਗੱਲਬਾਤ ਦਾ ਸੱਦਾ ਰੱਦ ਕਰ ਦਿੱਤਾ। ਜਥੇਬੰਦੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਅਜਮੇਰ ਸਿੰਘ ਲੱਖੋਵਾਲ ਨੂੰ ਉੰਨਾ ਚਿਰ ਤੱਕ ਮੀਟਿੰਗਾਂ 'ਚੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ, ਜਿੰਨਾਂ ਚਿਰ ਤੱਕ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਨੂੰ ਵਾਪਸ ਲੈਣ ਸਬੰਧੀ ਪੂਰਨ ਦਸਤਾਵੇਜ਼ ਸੰਘਰਸ਼ੀ ਜਥੇਬੰਦੀਆਂ ਸਾਹਮਣੇ ਪੇਸ਼ ਨਹੀਂ ਕੀਤੇ ਜਾਂਦੇ। ਜਥੇਬੰਦੀਆਂ ਨੇ ਰੇਲ ਰੋਕੂ ਅੰਦੋਲਨ,ਭਾਜਪਾ ਦਾ ਬਾਈਕਾਟ, ਟੌਲ-ਪਲਾਜ਼ਿਆਂ ਉਪਰ ਧਰਨੇ, ਰਿਲਾਇੰਸ ਪੰਪਾਂ ਦਾ ਬਾਈਕਾਟ, ਸੌਂਪਿੰਗ ਮਾਲਜ਼, ਅਡਾਨੀ ਸ਼ੋਲ ਗੁਦਾਮ ਦੇ ਪੁਆਇੰਟ ਵਧਾਕੇ ਲਗਾਤਾਰ ਹਫ਼ਤੇ ਲਈ ਇਸ ਅੰਦੋਲਨ ਨੂੰ ਪਹਿਲਾਂ ਤਰ੍ਹਾਂ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
  ਇਨ੍ਹਾਂ ਫੈਸਲਿਆਂ ਸਬੰਧੀ ਜਾਣਕਾਰੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ,ਭਾਰਤੀ ਕਿਸਾਨ ਯੂਨੀਅਨ(ਮਾਨਸਾ) ਬੋਘ ਸਿੰਘ ਅਤੇ ਕਿਸਾਨ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਵੱਲੋਂ ਮਾਨਸਾ ਸਥਿਤ ਇਸ ਪੱਤਰਕਾਰ ਨੂੰ ਫੋਨ ਜ਼ਰੀਏ ਮੀਟਿੰਗ ਸਮਾਪਤੀ ਤੋਂ ਤੁਰੰਤ ਬਾਅਦ ਦਿੱਤੀ ਗਈ।

  ਅੰਮ੍ਰਿਤਸਰ - ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਸਬੰਧੀ ਹਾਲੇ ਪੂਰਾ ਪਤਾ ਨਹੀਂ ਲਗ ਸਕਿਆ। ਲਗਪਗ 1100 ਪੰਨਿਆਂ ਦੀ ਇਹ ਰਿਪੋਰਟ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਹੀ ਸਾਬਕਾ ਸਿੱਖ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨੇ ਜਨਤਕ ਕਰ ਦਿੱਤੀ ਹੈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਦੇਰ ਸ਼ਾਮ ਆਪਣੀ ਵੈਬਸਾਈਟ ’ਤੇ ਅਪਲੋਡ ਕੀਤਾ ਗਿਆ।
  ਸਾਬਕਾ ਸਿੱਖ ਸੰਸਦ ਮੈਂਬਰ ਨੇ ਇਸ ਸਬੰਧ ਵਿਚ ਆਪਣੀ ਇਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਜਾਂਚ ਕਮਿਸ਼ਨ ਦੀ ਇਹ ਰਿਪੋਰਟ ਉਨ੍ਹਾਂ ਕੋਲ ਹੋਣ ਦਾ ਖੁਲਾਸਾ ਕੀਤਾ ਸੀ। ਇਸ ਵੀਡੀਓ ਵਿਚ ਉਨ੍ਹਾਂ ਦੱਸਿਆ ਸੀ ਕਿ ਰਿਪੋਰਟ ਦਾ ਅਧਿਐਨ ਕੀਤਾ ਗਿਆ ਹੈ ਅਤੇ ਇਸ ਨੂੰ ਕਾਨੂੰਨੀ ਨਜ਼ਰੀਏ ਨਾਲ ਵੀ ਵਾਚਿਆ ਜਾ ਰਿਹਾ ਹੈ। ਇਸ ਸਬੰਧ ਵਿਚ ਪੰਜ ਵਕੀਲਾਂ ਨੂੰ ਵੀ ਸਮੁੱਚੀ ਰਿਪੋਰਟ ਦਾ ਅਧਿਐਨ ਕਰਨ ਲਈ ਆਖਿਆ ਗਿਆ ਹੈ ਜਿਨ੍ਹਾਂ ਦੀ ਰਿਪੋਰਟ ’ਤੇ ਉਹ ਅਗਲੇਰੀ ਕਾਰਵਾਈ ਕਰਨਗੇ। ਅਤਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਇਸ ਜਾਂਚ ਕਮਿਸ਼ਨ ਦੀ ਕੋਈ ਪ੍ਰਣਾਲੀ ਨਿਸ਼ਚਿਤ ਨਹੀਂ ਕੀਤੀ ਗਈ ਜਿਸ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਅੰਤ੍ਰਿੰਗ ਕਮੇਟੀ ਮੈਂਬਰਾਂ ਆਦਿ ਨੂੰ ਇਸ ਜਾਂਚ ਤੋਂ ਬਾਹਰ ਰੱਖਿਆ ਗਿਆ ਹੈ ਜਦੋਂਕਿ 2014 ਤੋਂ ਲੈ ਕੇ ਹੁਣ ਤਕ ਦੇ ਸਾਰੇ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਵੀ ਇਸ ਲਈ ਜ਼ਿੰਮੇਵਾਰ ਹਨ।
  ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਵਿਚ ਇਹ ਕਿਧਰੇ ਵੀ ਸਾਬਤ ਕਰਨ ਦਾ ਯਤਨ ਨਹੀਂ ਕੀਤਾ ਗਿਆ ਕਿ ਇਹ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਹੈ ਜਾਂ ਨਹੀਂ। ਸਗੋਂ ਇਸ ਨੂੰ ਗਿਣਤੀ ਵਿਚ ਹੀ ਉਲਝਾਉਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਸਿੱਖ ਕੌਮ ਦਾ ਧਿਆਨ ਲਾਪਤਾ ਹੋਏ ਸਰੂਪਾਂ ਵੱਲ ਹੀ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਜਾਂਚ ਰਿਪੋਰਟ ਵਿਚ 2015-16 ਵਿਚ ਤਿੰਨ ਵਾਰ ਹੋਈ ਜਾਂਚ ਦਾ ਕੋਈ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਇਕ ਮੈਂਬਰ ਅਤੇ ਮੌਜੂਦਾ ਸਕੱਤਰ ਜਿਸ ਨੂੰ ਪਾਵਨ ਸਰੂਪ ਅਗਨ ਭੇਟ ਹੋਈ ਘਟਨਾ ਦੀ ਜਾਣਕਾਰੀ ਸੀ, ਦੇ ਬਿਆਨ ਸ਼ਾਮਲ ਨਹੀਂ ਕੀਤੇ ਗਏ। ਉਨ੍ਹਾਂ ਇਸ ਰਿਪੋਰਟ ਨੂੰ ਰੱਦ ਕਰਦਿਆਂ ਦੋਸ਼ ਲਾਇਆ ਕਿ ਇਹ ਜਾਂਚ ਰਿਪੋਰਟ ਸਿਰਫ ਸੰਗਤ ਨੂੰ ਗੁੰਮਰਾਹ ਕਰਨ ਵਾਲੀ ਹੈ। ਉਨ੍ਹਾਂ ਆਖਿਆ ਕਿ ਕਾਨੂੰਨੀ ਮਾਹਿਰਾਂ ਦੀ ਰਿਪੋਰਟ ਮਗਰੋਂ ਉਹ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰਨਗੇ।
  ਸਿੱਖ ਸੰਸਦ ਮੈਂਬਰ ਵਲੋਂ ਆਪਣੀ ਵੈਬਸਾਈਟ ’ਤੇ ਪਾਈ ਗਈ ਜਾਂਚ ਰਿਪੋਰਟ ਵਿਚ ਪਬਲੀਕੇਸ਼ਨ ਵਿਭਾਗ ਦੀਆਂ ਊਣਤਾਈਆਂ ਦਾ ਜ਼ਿਕਰ ਕੀਤਾ ਗਿਆ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com