ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਹੁਸ਼ਿਆਰਪੁਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜ਼ਮੀਨ ਵਕਫ਼ ਬੋਰਡ ਦੇ ਨਾਂ ਕਰਨ ਦਾ ਵਿਰੋਧ ਕਰਦਿਆਂ ਇਹ ਮਸਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਗੱਲ ਆਖੀ ਹੈ। ਗੁਰਦੁਆਰਾ ਹਰੀਆਂਵੇਲਾਂ ਵਿੱਚ ਪਹੁੰਚੇ ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਨਾਂ ਦੀ ਜ਼ਮੀਨ ਗੁਰੂ ਘਰ ਦੀ ਹੀ ਰਹਿਣੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੱਕਰਗੜ੍ਹ ਦੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਏਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਲਾਪਤਾ ਸਰੂਪਾਂ ਸਬੰਧੀ ਪੜਤਾਲੀਆ ਰਿਪੋਰਟ ਦੇ ਜ਼ਰੂਰੀ ਅੰਸ਼ ਪਹਿਲਾਂ ਹੀ ਜਨਤਕ ਕੀਤੇ ਜਾ ਚੁੱਕੇ ਸਨ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ।

  ਅੰਮ੍ਰਿਤਸਰ - ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁੱਝ ਸਮੇਂ ਤੋ ਬਿਮਾਰ ਸਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌੰਗੋਵਾਲ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਸੁਖਜਿੰਦਰ ਸਿੰਘ ਦਾ ਚਲਾਣਾ ਸਿੱਖ ਕੌਮ ਲਈ ਵੱਡਾ ਘਾਟਾ ਹੈ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਸਵੇਰੇ ਅਕਾਲ ਤਖ਼ਤ ਵੱਲੋਂ ਲਾਈ ਗਈ ਸੇਵਾ ਨੂੰ ਪੂਰਾ ਕਰਨ ਲਈ ਗੁਰਦੁਆਰਾ ਸਾਰਾਗੜ੍ਹੀ ਤੋਂ ਹਰਿਮੰਦਰ ਸਾਹਿਬ ਤੱਕ ਵਿਰਾਸਤੀ ਮਾਰਗ ਵਿੱਚ ਝਾੜੂ ਮਾਰਿਆ। ਇਸ ਤੋਂ ਪਹਿਲਾਂ ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ ਕਰਵਾਇਆ ਗਿਆ, ਜਿਸ ਦੇ ਭੋਗ 9 ਅਕਤੂਬਰ ਨੂੰ ਪੈਣਗੇ। ਇਸ ਤੋਂ ਪਹਿਲਾਂ ਗੁਰਦੁਆਰਾ ਰਾਮਸਰ ਵਿਖੇ ਪੰਜ ਅਕਤੂਬਰ ਨੂੰ ਰਖਵਾਏ ਅਖੰਡ ਪਾਠ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੌਜੂਦਾ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਨੂੰ ਦੋ ਅਖੰਡ ਦੋ ਅਖੰਡ ਪਾਠ ਕਰਵਾਉਣ ਅਤੇ ਇਸ ਦੌਰਾਨ ਤਿੰਨ ਦਿਨ ਝਾੜੂ ਮਾਰਨ ਦੀ ਸੇਵਾ ਲਾਈ ਗਈ ਸੀ।

  ਐਸ.ਏ.ਐਸ. ਨਗਰ - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਦੀਆਂ ਕਿਸਾਨ ਰੈਲੀਆਂ ਨੂੰ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਕਿਸਾਨੀ ਮਸਲਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਉਨ੍ਹਾਂ ਕਿਹਾ ਕਿ 328 ਪਾਵਨ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਜਨਤਕ ਕੀਤੀ ਜਾਂਚ ਰਿਪੋਰਟ ਮਹਿਜ਼ ਖਾਨਾਪੂਰਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਬੈਨਰ ਹੇਠ ਜੋ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਲੜੇਗਾ, ਉਸ ਨੂੰ ਕੋਈ ਸਿਆਸੀ ਅਹੁਦਾ ਨਹੀਂ ਦਿੱਤਾ ਜਾਵੇਗਾ।

  ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਹਿੱਤ ਵਿੱਚ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਮੰਗਿਆ ਗਿਆ ਹੈ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੂੰ ਕਿਸਾਨੀ ਮੰਗਾਂ ਅਤੇ ਅੰਨਦਾਤਾ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਧੱਕੇਸ਼ਾਹੀ ਨਾਲ ਲਾਗੂ ਕੀਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਠੋਸ ਤਰੀਕੇ ਨਾਲ ਆਪਣੀ ਗੱਲ ਰੱਖਣੀ ਅਤੇ ਮਨਵਾਉਣੀ ਚਾਹੀਦੀ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਬਾਦਲ ਦਲ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਹਮਖ਼ਿਆਲੀ ਪਾਰਟੀਆਂ ਨਾਲ ਗੱਠਜੋੜ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਲਈ ਪਾਰਟੀ ਵਿੱਚ ਆਉਣ ਲਈ ਸਾਰੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਇੱਥੋਂ ਦੇ ਸੈਕਟਰ-82 ਵਿੱਚ ਪਾਰਟੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਕਮਿਸ਼ਨ ਦੀ ਨਿਯੁਕਤੀ ਨਾਲ ਐਸਜੀਪੀਸੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਇਹ ਚੋਣਾਂ ਉਨ੍ਹਾਂ ਦੀ ਪਾਰਟੀ ਲਈ ਮੁੱਢਲੀ ਪ੍ਰੀਖਿਆ ਹੋਵੇਗੀ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਲਈ ਬਾਦਲ ਜ਼ਿੰਮੇਵਾਰ ਹਨ। ਉਨ੍ਹਾਂ ਸਮੂਹ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਹੱਕ ਵਿੱਚ ਸਾਂਝੀ ਲੜਾਈ ਲੜੀ ਜਾਵੇ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਜਗਦੀਸ਼ ਗਰਚਾ, ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਜਸਟਿਸ ਨਿਰਮਲ ਸਿੰਘ, ਸੁਖਜਿੰਦਰ ਸਿੰਘ ਔਲਖ, ਦੇਸ ਰਾਜ ਧੁੱਗਾ, ਆਈਏਐਸ (ਸੇਵਾਮੁਕਤ) ਕੈਪਟਨ ਟੀਪੀਐਸ ਸਿੱਧੂ, ਭਾਈ ਮੋਹਕਮ ਸਿੰਘ ਵੀ ਹਾਜ਼ਰ ਸਨ।

  ਅੰਮ੍ਰਿਤਸਰ - ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਖਤ ਦੇ ਪੰਜ ਪਿਆਰਿਆਂ ਵੱਲੋਂ ਰਿਹਾਇਸ਼ ਖਾਲੀ ਕਰਨ ਦੇ ਆਦੇਸ਼ ਨੂੰ ਰੱਦ ਕਰਦਿਆਂ ਰਿਹਾਇਸ਼ ਖਾਲੀ ਕਰਨ ਤੋਂ ਨਾਂਹ ਕਰ ਦਿੱਤੀ ਹੈ।
  ਗਿਆਨੀ ਇਕਬਾਲ ਸਿੰਘ ਨੇ ਤਖ਼ਤ ਦੇ ਪੰਜ ਸਿੰਘ ਸਾਹਿਬਾਨ ਨੂੰ ਭੇਜੇ ਜਵਾਬੀ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਕਥਿਤ ਅਸਤੀਫ਼ੇ ਅਤੇ ਮਨਜ਼ੂਰੀ ਦਾ ਮਾਮਲਾ ਇਸ ਵੇਲੇ ਪਟਨਾ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਦੋਂ ਤੱਕ ਅਦਾਲਤ ਵੱਲੋਂ ਕੋਈ ਫ਼ੈਸਲਾ ਨਹੀਂ ਹੁੰਦਾ, ਉਹ ਤਖਤ ਸ੍ਰੀ ਪਟਨਾ ਸਾਹਿਬ ਦੇ ਕਾਨੂੰਨੀ ਤੌਰ ’ਤੇ ਜਥੇਦਾਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਨਿਰਣਾ ਕੀਤਾ ਹੋਇਆ ਹੈ ਕਿ ਅਜਿਹਾ ਕੋਈ ਵੀ ਮਾਮਲਾ, ਜੋ ਅਦਾਲਤ ਵਿੱਚ ਹੈ, ਉਸ ਬਾਰੇ ਪੰਜ ਸਿੰਘ ਸਾਹਿਬਾਨ ਕੋਈ ਫ਼ੈਸਲਾ ਨਹੀਂ ਕਰਨਗੇ। ਗਿਆਨੀ ਇਕਬਾਲ ਸਿੰਘ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ 3 ਮਾਰਚ, 2019 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਪ੍ਰਬੰਧਕ ਕਮੇਟੀ ਨੂੰ ਰਿਹਾਇਸ਼ ਖ਼ਾਲੀ ਕਰਾਉਣ ਸਬੰਧੀ ਮਾਮਲਿਆਂ ਦੀ ਜਾਣਕਾਰੀ ਸੰਗਤਾਂ ਦੀ ਕਚਹਿਰੀ 'ਚ ਰੱਖਦਿਆਂ ਪੰਜ ਸਿੰਘ ਸਾਹਿਬਾਨ ਨੇ ਲਿਖਿਆ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਭ ਸੰਗਤਾਂ ਅਤੇ ਤਮਾਮ ਮੀਡੀਆ ਦੀ ਹਾਜ਼ਰੀ ਵਿਚ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਜੋ ਕਿ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਅਤੇ ਅਗਲੇ ਪ੍ਰਬੰਧਾਂ ਲਈ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੂੰ ਬਤੌਰ ਜਥੇਦਾਰ ਆਦੇਸ਼ ਦਿੱਤਾ ਗਿਆ | ਇਸ ਸਬੰਧੀ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਦੁਆਰਾ ਨੰ. ਤਪਸ 36/ਈ 3058/2019 ਮਿਤੀ 05/03/ 2019 ਦਿੱਤਾ ਗਿਆ ਜਿਸ 'ਚ-ਬਾ-ਕਾਇਦਾ ਸਾਬਕਾ ਜਥੇਦਾਰ ਦਾ ਅਸਤੀਫ਼ਾ ਪ੍ਰਵਾਨ ਕਰਨ ਬਾਰੇ ਜ਼ਿਕਰ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਅਸਤੀਫ਼ਾ ਦਿੱਤਾ ਵੀ ਗਿਆ ਅਤੇ ਪ੍ਰਵਾਨ ਵੀ ਹੋਇਆ, ਜਿਸ 'ਤੇ ਹੁਣ ਬੇਲੋੜਾ ਵਿਵਾਦ ਪੈਦਾ ਕਰਨਾ ਅਣਉੱਚਿਤ ਹੈ ਅਤੇ ਤਖ਼ਤ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਹੈ | ਇਸ ਲਈ ਦੋਹਾਂ ਧਿਰਾਂ ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਪੰਥ ਦੇ ਵਡੇਰੇ ਹਿੋਤਾਂ ਨੂੰ ਮੁੱਖ ਰੱਖਦਿਆਂ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਖ਼ਤ ਸਾਹਿਬ ਵਿਚਲੀ ਰਿਹਾਇਸ਼ ਤੁਰੰਤ ਖ਼ਾਲੀ ਕਰ ਦੇਣ ਅਤੇ ਪ੍ਰਬੰਧਕ ਕਮੇਟੀ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਤੁਰੰਤ ਦੇ ਕੇ ਵਿਦਾ ਕਰੇ | ਦੋਹਾਂ ਧਿਰਾਂ ਨੂੰ ਆਦੇਸ਼ ਇਹ ਵੀ ਹੈ ਕਿ ਆਪਸੀ ਗੱਲਬਾਤ ਸਿੱਖੀ ਸਿਧਾਂਤਾਂ ਅਨੁਸਾਰ ਸਾਰਥਕ ਢੰਗ ਨਾਲ ਪਿਆਰ ਅਤੇ ਸਤਿਕਾਰ ਸਹਿਤ ਕੀਤੀ ਜਾਵੇ | ਪੰਜ ਸਿੰਘ ਸਾਹਿਬਾਨ ਵਿਚ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਗਿਆਨੀ ਰਾਜਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਗਿਆਨੀ ਦਿਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਸ਼ਾਮਿਲ ਸਨ |

  ਬੱਧਨੀ ਕਲਾਂ (ਮੋਗਾ) - ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਸਰਕਾਰ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਊਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਕੋਈ ਸਰਕਾਰ ਜਾਂ ਮੋਦੀ ਨਹੀਂ ਸਗੋਂ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀ ਚਲਾ ਰਹੇ ਹਨ। ਊਨ੍ਹਾਂ ਕਿਹਾ ਕਿ ਕਿਸਾਨਾਂ ਦਾ ਐੱਮਐੱਸਪੀ ਖ਼ਤਮ ਕਰਕੇ ਸਿੱਧਾ-ਸਿੱਧਾ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਬੱਧਨੀ ਕਲਾਂ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦੀ ਕੇਂਦਰ ’ਚ ਸਰਕਾਰ ਬਣੀ ਤਾਂ ਊਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਗੇ। ਇਥੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਵੀ ਹੋਈ ਤੇ ਪਿੰਡ ਲੋਪੋਂ (ਮੋਗਾ) ਮਗਰੋਂ ਜਗਰਾਓਂ ਦੇ ਪਿੰਡ ਚਕਰ, ਲੱਖਾ ਤੇ ਮਾਣੂਕੇ ਤੇ ਜੱਟਪੁਰਾ (ਰਾਏਕੋਟ) ਪੁੱਜੀ। ਟਰੈਕਟਰ ’ਤੇ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਰ ਸਨ ਜਦਕਿ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਊਸ ਟਰੈਕਟਰ ਨੂੰ ਚਲਾ ਰਹੇ ਸਨ।
  ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਅਤੇ ਐੱਫਸੀਆਈ ਦੀ ਖ਼ਰੀਦ ਪ੍ਰਣਾਲੀ ਨੂੰ ਖ਼ਤਮ ਕਰ ਦੇਣਗੇ ਜਿਸ ਨਾਲ ਕਿਸਾਨੀ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਤੇ ਕਿਸਾਨਾਂ ਦਾ ਲੱਕ ਤੋੜ ਕੇ ਦੇਸ਼ ’ਤੇ ਕਬਜ਼ਾ ਕੀਤਾ ਸੀ, ਉਸੇ ਤਰ੍ਹਾਂ ਮੋਦੀ ਸਰਕਾਰ ਵੀ ਦੇਸ਼ ਦੇ ਕੁਝ ਅਰਬਪਤੀਆਂ ਲਈ ਕਿਸਾਨਾਂ ਦਾ ਲੱਕ ਤੋੜਨ ਉੱਤੇ ਤੁਲੀ ਹੋਈ ਹੈ। ਊਨ੍ਹਾਂ ਕਿਹਾ,‘‘ਅੰਬਾਨੀ ਤੇ ਅਡਾਨੀ ਦੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਅੱਖ ਹੈ ਅਤੇ ਮੋਦੀ ਜੀ ਇਹ ਜ਼ਮੀਨਾਂ ਅੰਬਾਨੀ ਤੇ ਅਡਾਨੀ ਨੂੰ ਲੈ ਕੇ ਦੇਣਾ ਚਾਹੁੰਦੇ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਅੰਬਾਨੀਆਂ ਦਾ ਮੀਡੀਆ ਮੋਦੀ ਨੂੰ ਸਾਰਾ ਦਿਨ ਵਿਖਾਉਂਦਾ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਨੇ ਜ਼ਮੀਨ ਗ੍ਰਹਿਣ ਬਿੱਲ ਕਿਸਾਨਾਂ ਦੇ ਹੱਕ ਵਿਚ ਸੋਧਿਆ ਸੀ ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀਆਂ ਦੀ ਹਮਾਇਤ ਨਾਲ ਇਸ ਕਿਸਾਨ ਪੱਖੀ ਕਾਨੂੰਨ ਨੂੰ ਰੱਦ ਕਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਨੂੰ ਹੀ ਕੱਦੂਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰੰਤਰੀ ਨੂੰ ਸਵਾਲ ਕੀਤਾ ਕਿ ਕਰੋਨਾ ਦੇ ਦੌਰਾਨ ਖੇਤੀ ਆਰਡੀਨੈਂਸ ਲਿਆਉਣ ਦੀ ਕਾਹਲ ਕਿਉਂ ਕੀਤੀ ਗਈ। ‘ਮੋਦੀ ਜੀ ਆਖ ਰਹੇ ਹਨ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ ਤਾਂ ਫਿਰ ਦੇਸ਼ ਭਰ ਦਾ ਕਿਸਾਨ ਅੰਦੋਲਨ ਦੇ ਰਾਹ ਕਿਉਂ ਪਿਆ ਹੋਇਆ ਹੈ।’ ਪ੍ਰਧਾਨ ਮੰਤਰੀ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਊਨ੍ਹਾਂ ਨੋਟਬੰਦੀ ਅਤੇ ਜੀਐੱਸਟੀ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਵੱਡੇ ਸਨਅਤਕਾਰਾਂ ਨੂੰ ਤਾਂ ਰਾਹਤ ਦਿੱਤੀ ਗਈ ਪਰ ਗਰੀਬਾਂ ਅਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਇਸ ਮੌਕੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ’ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਅਤੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਘਰ ਵਿੱਚ ਬੰਦੀ ਬਣਾ ਦਿੱਤਾ ਜਾਂਦਾ ਹੈ।
  ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਜ਼ਿਆਦਾ ਦਿਨ ਨਹੀਂ ਚਲੇਗੀ। ਊਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ‘ਸਾਡੇ ਕੋਲ ਇਕੋ-ਇਕ ਚੀਜ਼ ਸੀ, ਉਹ ਸੀ ਐੱਮਐੱਸਪੀ ’ਤੇ ਫ਼ਸਲ ਦੀ ਖਰੀਦ ਪਰ ਊਸ ਨੂੰ ਅੱਜ ਸਾਡੇ ਕੋਲੋਂ ਖੋਹਿਆ ਜਾ ਰਿਹਾ ਹੈ।’
  ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਦੇਸ਼ ਭਰ ਦਾ ਕਿਸਾਨ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੈ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਦਿਆਂ ਰਾਏਕੋਟ ਦੇ ਨੇੜਲੇ ਪਿੰਡ ਜੱਟਪੁਰਾ ਰੈਲੀ ਅਤੇ ਜਗਰਾਉਂ ਦੇ ਪਿੰਡ ਚਕਰ, ਮਾਣੂੰਕੇ, ਲੱਖਾ ਵਿੱਚ ਸੰਬੋਧਨ ਕੀਤਾ। ਪਿੰਡ ਚਕਰ ਵਿੱਚ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਜੱਟਪੁਰਾ ਰੈਲੀ ਵਿੱਚ ਲੋਕ ਸਭਾ ਮੈਂਬਰ ਡਾ. ਅਮਰ ਨੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ। ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਹੁਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ, ਮੋਦੀ ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ, ਪਰ ਕਾਂਗਰਸ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ ਦੋ-ਤਿੰਨ ਅਰਬਪਤੀਆਂ ਨੂੰ ਹੀ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਕੇਂਦਰ ’ਚ ਕਾਂਗਰਸ ਸਰਕਾਰ ਆਉਣ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਜਗਰਾਉਂ ਦੇ ਪਿੰਡ ਚਕਰ ਵਿੱਚ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਅੱਗੇ ਤੋਂ ਵੀ ਨਾਲ ਖੜ੍ਹਨ ਦਾ ਵਾਅਦਾ ਕਰਦੀ ਹੈ।

  ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਘਾਤਕ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ,‘‘ਅਸੀਂ ਇਕਜੁੱਟ ਹੋ ਕੇ ਇਨ੍ਹਾਂ ਕਾਨੂੰਨਾਂ ਨੂੰ ਬਦਲ ਦੇਵਾਂਗੇ। ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਜੰਗ ਸ਼ੁਰੂ ਹੋ ਗਈ ਹੈ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸੋਚ ਕਿਸਾਨ, ਲੋਕ ਤੇ ਵਪਾਰਕ ਮਾਰੂ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਕਾਲੀ ਦਲ ’ਤੇ ਵਰ੍ਹਦਿਆਂ ਊਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਖੇਤੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਨੇ ਸਹਿਮਤੀ ਦਿੱਤੀ ਸੀ ਅਤੇ ਕੇਂਦਰੀ ਵਜ਼ਾਰਤਾਂ ਦੀਆਂ ਮੀਟਿੰਗਾਂ ’ਚ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਊਨ੍ਹਾਂ ਕਿਹਾ ਕਿ ਹੁਣ ਅਕਾਲੀ ਆਗੂਆਂ ਦੇ ਸੁਰ ਬਦਲ ਗਏ ਹਨ। ਸੁਖਬੀਰ ’ਤੇ ਨਿਸ਼ਾਨਾ ਕੱਸਦਿਆਂ ਕੈਪਟਨ ਨੇ ਕਿਹਾ ਕਿ ਊਹ ਪੰਜ ਸਵਾਲ ਪੁੱਛ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਭਾਜਪਾ ਤੇ ਅਕਾਲੀਆਂ ’ਤੇ ਕਦੇ ਵੀ ਵਿਸ਼ਵਾਸ ਨਾ ਕਰਨ ਕਿਊਂਕਿ ਦੋਵੇਂ ਹੀ ਧੋਖੇਬਾਜ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲਈ ਮੈਦਾਨ ਵਿੱਚ ਡੱਟਣਾ ਚਾਹੀਦਾ ਹੈ। ਊਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਐੱਮਐੱਸਪੀ ਵੀ ਕਾਂਗਰਸ ਨੇ ਹੀ ਸ਼ੁਰੂ ਕੀਤੀ ਸੀ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਇੱਕ ਉੱਚ ਤਾਕਤੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਜੋ ਦੇਸ਼ ਵਿੱਚ ਖੇਤਰੀ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਰਾਬਤਾ ਕਰਕੇ ਅਸਲ ਸੰਘੀ ਢਾਂਚਾ ਦੀ ਸਥਾਪਤੀ ਯਕੀਨੀ ਬਣਾਏਗੀ। ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਫ਼ੀ ਲੰਮੇ ਅਰਸੇ ਮਗਰੋਂ ਸੰਘਵਾਦ ਦੇ ਮੁੱਦੇ ’ਤੇ ਖੇਤਰੀ ਸਿਆਸੀ ਧਿਰਾਂ ਨੂੰ ਇੱਕੋ ਮੰਚ ’ਤੇ ਲਿਆਉਣ ਲਈ ਪੈਂਤੜਾ ਲਿਆ ਹੈ। ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਇਸ ਉੱਚ ਤਾਕਤੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਹੋਣਗੇ ਜਦਕਿ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਮਨਜਿੰਦਰ ਸਿੰਘ ਸਿਰਸਾ ਤੇ ਨਰੇਸ਼ ਗੁਜਰਾਲ ਮੈਂਬਰ ਹੋਣਗੇ। ਇਹ ਕਮੇਟੀ ਸੂਬਿਆਂ ਨੂੰ ਵਧੇਰੇ ਵਿੱਤੀ ਤੇ ਸਿਆਸੀ ਖ਼ੁਦਮੁਖ਼ਤਿਆਰੀ ਦੇਣ ਦੀ ਹਮਾਇਤ ਕਰਨ ਵਾਲੀਆਂ ਹੋਰਨਾਂ ਖੇਤਰੀ ਪਾਰਟੀਆਂ ਨਾਲ ਤਾਲਮੇਲ ਕਰੇਗੀ।
  ਸ੍ਰੀ ਸੁਖਬੀਰ ਬਾਦਲ ਨੇ ਕੋਰ ਕਮੇਟੀ ਨੂੰ ਦੱਸਿਆ ਕਿ ਦੇਸ਼ ਵਿੱਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ, ਕੇਂਦਰ ਵੱਲੋਂ ਹਾਲ ’ਚ ਲਏ ਫ਼ੈਸਲਿਆਂ ਕਾਰਨ ਬਣੇ ਖ਼ਤਰੇ ਦੇ ਮੱਦੇਨਜ਼ਰ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ’ਚ ਸੱਤਾਵਾਦੀ ਤੇ ਇੱਕਪਾਸੜ ਫ਼ੈਸਲਿਆਂ ਦੀ ਬਿਰਤੀ ਖ਼ਿਲਾਫ਼ ਸੰਘਰਸ਼ ’ਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ, ‘ਮੁਲਕ ਦਾ ਵਿਰਸਾ ਅਮੀਰ ਖੇਤਰੀ, ਸੱਭਿਆਚਾਰਕ, ਧਾਰਮਿਕ ਤੇ ਭਾਸ਼ਾਈ ਭਿੰਨਤਾ ਵਾਲਾ ਹੈ ਤੇ ਸਾਡੀ ਤਾਕਤ ਸਹਿਕਾਰੀ ਸੰਘਵਾਦ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੀ ਹੈ। ਰਾਜਾਂ ਨੂੰ ਵਧੇਰੇ ਤਾਕਤਾਂ ਦੇਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ, ਜਿਸ ਸਦਕਾ ਅਸੀਂ ਵਿਸ਼ਵ ਸ਼ਕਤੀ ਵਜੋਂ ਉਭਰਾਂਗੇ।’ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਜੰਮੂ ਅਤੇ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਦੀ ਵੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਪੰਜਾਬ ਤੇ ਜੰਮੂ ਕਸ਼ਮੀਰ ਵਿਚਕਾਰ ਸੱਭਿਆਚਾਰਕ, ਸਾਹਿਤਕ ਤੇ ਭਾਸ਼ਾਈ ਸਾਂਝ ਬਹੁਤ ਮਜ਼ਬੂਤ ਹੈ ਜਿਸਦੀਆਂ ਨੀਂਹਾਂ ਕਦੇ ਵੀ ਹਿਲਾਈਆਂ ਨਹੀਂ ਜਾ ਸਕਦੀਆਂ ਤੇ ਸਰਕਾਰ ਵੱਲੋਂ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿਚੋਂ ਬਾਹਰ ਕਰਨਾ ਇਸ ਪਵਿੱਤਰ ਭਾਸ਼ਾ ਨਾਲ ਘੋਰ ਅਨਿਆਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੰਮੂ ਅਤੇ ਕਸ਼ਮੀਰ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮੁੜ ਦਿਵਾਉਣ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸੰਘਰਸ਼ ਵਾਸਤੇ ਇੱਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਹੈ। ਇਸ ਕਮੇਟੀ ’ਚ ਨਿਰਮਲ ਸਿੰਘ ਕਾਹਲੋਂ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਹਨ।

  ਸਾਨ ਫਰਾਂਸਿਸਕੋ - ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਾਟੋਨੀਓ ਗੁਟਾਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਸਾਰੀ ਦੁਨੀਆ ਪ੍ਰਮਾਣੂ ਸ਼ਕਤੀਆਂ ਦਰਮਿਆਨ ਵਧ ਰਹੇ ਮੁਕਾਬਲੇ ਨਾਲ ਤਨਾਅ ਦੇ ਕਾਰਨ ਪ੍ਰਮਾਣੂ ਤਬਾਹੀ ਦੇ ਪਰਛਾਵੇਂ ਹੇਠ ਦਿਨ ਕਟੀ ਕਰ ਰਹੀ ਹੈ | ਸੰਯੁਕਤ ਰਾਸਟਰ ਦੇ ਮੁਖੀ ਗੁਟਾਰੇਸ ਨੇ ਪ੍ਰਮਾਣੂ ਹਥਿਆਰਾਂ ਦੇ ਕੁੱਲ ਖਾਤਮੇ ਲਈ ਹਾਲ ਹੀ ਦੇ ਅੰਤਰਰਾਸ਼ਟਰੀ ਦਿਵਸ ਦੀ ਯਾਦ ਵਿਚ ਇਕ ਉੱਚ ਪੱਧਰੀ ਬੈਠਕ ਵਿਚ ਕਿਹਾ ਕਿ ਪਰਮਾਣੂ ਹਥਿਆਰਾਂ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਦਾ ਵਿਕਾਸ ਰੁਕ ਗਿਆ ਹੈ ਅਤੇ ਇਸ ਦਾ ਮੁੱਦੇ ਤੋਂ ਪਿੱਛੇ ਹਟਣ ਦਾ ਖਤਰਾ ਬਣਿਆ ਹੋਇਆ ਹੈ | ਉਨ੍ਹ ਕਿਹਾ ਕਿ ਪ੍ਰਮਾਣੂ ਸ਼ਕਤੀ ਰੱਖਣ ਵਾਲੇ ਦੇਸ਼ਾਂ ਵਿਚਾਲੇ ਤਨਾਅ ਨੇ ਪਰਮਾਣੂ ਜ਼ੋਖਮ ਵਧਾਏ ਹਨ | ਉਦਾਹਰਣ ਦੇ ਤੌਰ 'ਤੇ ਗੁਟਾਰੇਸ ਨੇ ਟਰੰਪ ਪ੍ਰਸ਼ਾਸਨ ਅਤੇ ਚੀਨ ਵਿਚਾਲੇ ਵਧਦੇ ਵਿਵਾਦਾਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ | ਅਮਰੀਕਾ ਅਤੇ ਰੂਸ ਦੇ ਵਿਚਾਲੇ ਸਬੰਧ ਬਹੁਤ ਸੁਖਾਵੇਂ ਨਹੀਂ ਹਨ | ਪ੍ਰਮਾਣੂ ਹਥਿਆਰਬੰਦ ਦੇਸ਼ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਨੂੰ ਲੈ ਕੇ ਝਗੜੇ ਕਰ ਰਹੇ ਹਨ ਅਤੇ ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਵੀ ਚੱਲ ਰਿਹਾ ਹੈ ਅਤੇ ਉੱਤਰ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਬਾਰੇ ਸ਼ੇਖੀ ਮਾਰ ਰਿਹਾ ਹੈ | ਗੁਟਾਰੇਸ ਨੇ ਇਕੋ ਇਕ ਸੰਧੀ ਵੱਲ ਇਸ਼ਾਰਾ ਕੀਤਾ ਜੋ ਵਿਸ਼ਵ ਦੇ ਸਭ ਤੋਂ ਵੱਡੇ ਪਰਮਾਣੂ ਸਸ਼ਤਰਾਂ ਦੇ ਅਕਾਰ ਨੂੰ ਸੀਮਿਤ ਕਰਦੀ ਹੈ ਉਨ੍ਹਾਂ ਦਾ ਭਾਵ ਸੀ ਅਮਰੀਕਾ ਅਤੇ ਰੂਸ ਵਿਚਾਲੇ ਨਵੀਂ ਰਣਨੀਤਕ ਹਥਿਆਰਾਂ ਦੀ ਕਟੌਤੀ ਸੰਧੀ ਜੋ ਅਗਲੇ ਸਾਲ ਖਤਮ ਹੋਣ ਵਾਲੀ ਹੈ | ਉਨ੍ਹਾਂ ਕਿਹਾ ਇਹ ਲਾਜ਼ਮੀ ਹੈ ਕਿ ਦੋਵਾਂ ਦੇਸ਼ਾਂ ਨੇ ਵੱਧ ਤੋਂ ਵੱਧ ਪੰਜ ਸਾਲ ਬਿਨਾਂ ਦੇਰੀ ਕੀਤੇ ਇਸ ਨੂੰ ਵਧਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂ ਗੈਰ-ਪ੍ਰਸਾਰ ਸੰਧੀ ਜਾਂ ਐੱਨ.ਪੀ.ਟੀ. ਜਿਸ ਦੀ ਇਸ ਸਾਲ 50ਵੀਂ ਵਰ੍ਹੇਗੰਢ ਹੈ, ਪਰਮਾਣੂ ਹਥਿਆਰਬੰਦ ਅਤੇ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣੀ ਹੋਈ ਹੈ | ਇਸ ਦੇ ਲਾਗੂ ਹੋਣ ਦੀ ਪੰਜ ਸਾਲਾ ਸਮੀਖਿਆ ਨੂੰ ਕੋਰੋਨਾ ਕਾਰਨ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਗੁਟਾਰੇਸ ਨੇ ਆਪਣੀਆਂ 191 ਪਾਰਟੀਆਂ ਨੂੰ ਸੰਧੀ ਨੂੰ ਮਜਬੂਤ ਕਰਨ ਲਈ ਵਾਧੂ ਸਮੇਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ |

  ਅੰਮ੍ਰਿਤਸਰ - ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਸੰਸਦ ਭਵਨ ਦੇ ਬਾਹਰ ਵਿਰੋਧ ਕਰ ਰਹੇ ਪੰਜ ਗੁਰਸਿੱਖ ਨੌਜਵਾਨਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਕੇ ’ਤੇ ਜਾ ਕੇ ਥਾਪੜਾ ਦਿੱਤਾ ਅਤੇ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਰੋਪੜ ਜ਼ਿਲ੍ਹੇ ਨਾਲ ਸਬੰਧਤ ਇਹ ਗੁਰਸਿੱਖ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਸੰਸਦ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਹਨ। ਸ਼ੁੱਕਰਵਾਰ ਦਿੱਲੀ ਪੁੱਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਇਨ੍ਹਾਂ ਨੌਜਵਾਨਾਂ ਵੱਲੋਂ ਕਿਸਾਨ ਹੱਕ ਵਿੱਚ ਦਿੱਤੇ ਜਾ ਰਹੇ ਧਰਨੇ ਬਾਰੇ ਪਤਾ ਲੱਗਾ ਤਾਂ ਉਹ ਇਨ੍ਹਾਂ ਨੌਜਵਾਨਾਂ ਨੂੰ ਥਾਪੜਾ ਦੇਣ ਲਈ ਉੱਥੇ ਪਹੁੰਚ ਗਏ।
  ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਰਕਾਬਗੰਜ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਇਹ ਪੰਜ ਅੰਮ੍ਰਿਤਧਾਰੀ ਨੌਜਵਾਨ ਸੰਸਦ ਭਵਨ ਦੇ ਸਾਹਮਣੇ ਕਿਸਾਨਾਂ ਦੇ ਹਿੱਤਾਂ ਲਈ ਧਰਨੇ ’ਤੇ ਬੈਠੇ ਹੋਏ ਹਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਕਿਸਾਨ ਹਿੱਤਾਂ ਦੇ ਖ਼ਿਲਾਫ਼ ਹੈ, ਜਿਸ ਕਰਕੇ ਦੇਸ਼ ਦੇ ਕਿਸਾਨ ਸੰਘਰਸ਼ ਦੇ ਰਾਹ ’ਤੇ ਆ ਗਏ ਹਨ ਤੇ ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਵੀ ਸ਼ਾਂਤਮਈ ਢੰਗ ਨਾਲ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਜਾਇਜ਼ ਮੰਗ ਮੰਨਦਿਆਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਕਿਉਂਕਿ ਇਹ ਫ਼ੈਸਲਾ ਕਿਸਾਨੀ ਨੂੰ ਖਤਮ ਕਰਨ ਵਾਲਾ ਹੈ। ਦੇਸ਼ ਦੀ ਆਰਥਿਕਤਾ ਤੇ ਦੇਸ਼ ਦੀ ਜਨਤਾ ਦਾ ਵੱਡਾ ਹਿੱਸਾ ਕਿਸਾਨੀ ’ਤੇ ਨਿਰਭਰ ਹੈ। ਕਿਸਾਨੀ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ ਤੇ ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਇਹ ਚੰਗੀ ਗੱਲ ਹੈ ਕਿ ਸਿੱਖ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
  ਧਰਨੇ ’ਤੇ ਬੈਠੇ ਹਰਪ੍ਰੀਤ ਸਿੰਘ ਬਸੰਤ ਨੇ ਆਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਸਮਰਥਨ ਨਾਲ ਸੰਘਰਸ਼ ਨੂੰ ਹੋਰ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕਮੁੱਠ ਹੋ ਕੇ ਦਿੱਲੀ ਖ਼ਿਲਾਫ਼ ਲੜਾਈ ਲੜਨੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ, ਸਹਾਇਕ ਇੰਚਾਰਜ ਜਸਵੀਰ ਸਿੰਘ ਲੌਂਗੋਵਾਲ, ਭਾਈ ਅਵਤਾਰ ਸਿੰਘ, ਬਲਜੀਤ ਸਿੰਘ ਰਸ਼ੀਆ, ਕੁਲਵੰਤ ਸਿੰਘ, ਪ੍ਰਭੂ ਸਿੰਘ ਹਾਜ਼ਰ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com