ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਮੁੰਬਈ ਵਿਚ ਇਕ ਵਿਅਕਤੀ ਵੱਲੋਂ ਦਰਬਾਰ ਸਾਹਿਬ ਦਾ ਵਿਸ਼ਾਲ ਮਾਡਲ ਬਣਾਉਣ ਅਤੇ ਉਸ ਕੋਲ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਾਉਣ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕਰਦਿਆਂ ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਮੁੰਬਈ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਮੁੰਬਈ ਦੇ ਪ੍ਰਮੁੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਦਾ ਸਖ਼ਤ ਵਿਰੋਧ ਕਰਨ।
  ਇਹ ਮਾਮਲਾ ਮੁੰਬਈ ਦੀ ਇਕ ਸਮਾਜ ਸੇਵੀ ਔਰਤ ਡਾ. ਰੁਪਿੰਦਰ ਕੌਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਸੀ, ਜਿਨ੍ਹਾਂ ਨੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਇਕ ਟੀਮ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸਿੱਖੀ ਨੂੰ ਢਾਹ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਪੜਤਾਲ ਕਰਾਈ ਜਾਵੇਗੀ। ਜੇਕਰ ਸ਼ਿਕਾਇਤ ਵਿਚ ਦਿੱਤੀ ਗਈ ਜਾਣਕਾਰੀ ਦਰੁਸਤ ਸਾਬਤ ਹੋਈ ਤਾਂ ਸ਼੍ਰੋਮਣੀ ਕਮੇਟੀ ਸਬੰਧਤ ਵਿਅਕਤੀ ਖਿਲਾਫ਼ ਢੁਕਵੀਂ ਕਾਰਵਾਈ ਕਰੇਗੀ। ਉਨ੍ਹਾਂ ਨੇ ਆਖਿਆ ਕਿ ਇਸ ਮਾਮਲੇ ਵਿਚ ਮਹਾਰਾਸ਼ਟਰ ਸਰਕਾਰ ਨੂੰ ਵੀ ਤੁਰੰਤ ਹੀ ਪੱਤਰ ਰਾਹੀਂ ਸੂਚਿਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੁੰਬਈ ਦੇ ਪ੍ਰਮੁੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਡਲ ਅਤੇ ਹੋ ਰਹੀ ਮਨਮਤ ਦਾ ਵਿਰੋਧ ਕਰਨ।

  • 26 ਸਾਲ ਬਾਅਦ ਮਿਲਿਆ ਇਨਸਾਫ਼ • ਅਦਾਲਤ ਨੇ 61-61 ਹਜ਼ਾਰ ਜੁਰਮਾਨਾ ਵੀ ਲਗਾਇਆ • ਤਿੰਨ ਹੋਰ ਪੁਲਿਸ ਮੁਲਾਜ਼ਮ ਬਰੀ
  ਐੱਸ. ਏ. ਐੱਸ. ਨਗਰ - ਇੱਥੋਂ ਦੀ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਐੱਨ. ਐੱਸ. ਗਿੱਲ ਦੀ ਅਦਾਲਤ ਨੇ ਸਤੰਬਰ 1992 'ਚ ਇਕ ਫ਼ਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਰਪਾਲ ਸਿੰਘ (15) ਵਾਸੀ ਪਿੰਡ ਪਾਲਾ ਜ਼ਿਲ੍ਹਾ ਅੰਮਿ੍ਤਸਰ ਦੇ ਕੇਸ 'ਚ ਥਾਣਾ ਬਿਆਸ ਦੇ ਸਾਬਕਾ ਮੁਖੀ ਰਘਵੀਰ ਸਿੰਘ ਅਤੇ ਐੱਸ. ਆਈ. ਦਾਰਾ ਸਿੰਘ ਨੂੰ ਧਾਰਾ 302 'ਚ ਉਮਰ ਕੈਦ ਤੇ ਧਾਰਾ 364 'ਚ 10-10 ਸਾਲ ਦੀ ਕੈਦ ਤੋਂ ਇਲਾਵਾ 61-61 ਹਜ਼ਾਰ ਰੁ: ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਜੁਰਮਾਨੇ ਦੀ ਰਕਮ 'ਚੋਂ 1 ਲੱਖ ਰੁ: ਮਿ੍ਤਕ ਦੀ ਮਾਂ ਬਲਵਿੰਦਰ ਕੌਰ ਨੂੰ ਬਤੌਰ ਹਰਜ਼ਾਨੇ ਵਜੋਂ ਦੇਣ ਦੇ ਹੁਕਮ ਸੁਣਾਏ ਹਨ | ਇਸ ਤੋਂ ਇਲਾਵਾ ਇਸ ਮਾਮਲੇ 'ਚ ਨਾਮਜ਼ਦ ਤਿੰਨ ਹੋਰਨਾਂ ਪੁਲਿਸ ਮੁਲਾਜ਼ਮਾਂ ਨਿਰਮਲਜੀਤ ਸਿੰਘ, ਜਸਵੀਰ ਸਿੰਘ ਤੇ ਪਰਮਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ |
  ਇਸ ਸਬੰਧੀ ਮਿ੍ਤਕ ਹਰਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਦੇ ਵਕੀਲ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ 1992 ਨੂੰ ਸਵੇਰੇ 5 ਵਜੇ ਦੇ ਕਰੀਬ ਹਰਪਾਲ ਸਿੰਘ ਜਿਸ ਦੀ ਉਮਰ ਕੇਵਲ 15 ਸਾਲ ਸੀ, ਅਚਾਨਕ ਘਰੋਂ ਲਾਪਤਾ ਹੋ ਗਿਆ ਸੀ | ਇਸੇ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਹਰਪਾਲ ਸਿੰਘ ਨੂੰ ਥਾਣਾ ਬਿਆਸ ਪੁਲਿਸ ਦੇ ਉਸ ਸਮੇਂ ਦੇ ਸਬ ਇੰਸਪੈਕਟਰ ਰਾਮ ਲੁਭਾਇਆ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਚੁੱਕਿਆ ਸੀ | ਜਿਸ ਨੇ ਕੁਝ ਸਮਾਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ | ਪੁਲਿਸ 4 ਦਿਨਾਂ ਤੱਕ ਹਰਪਾਲ ਸਿੰਘ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਦੇ ਬਾਵਜੂਦ ਪਰਿਵਾਰ ਕੋਲ ਇਸ ਬਾਰੇ ਮੁਕਰਦੀ ਰਹੀ | ਇਸ ਤੋਂ ਬਾਅਦ 18 ਸਤੰਬਰ 1992 ਨੂੰ ਪੁਲਿਸ ਨੇ ਇਕ ਐਫ਼. ਆਈ. ਆਰ. ਦਰਜ ਕਰਕੇ ਕਿਹਾ ਕਿ ਹਰਪਾਲ ਸਿੰਘ ਮੁਕਾਬਲੇ 'ਚ ਮਾਰਿਆ ਗਿਆ ਹੈ | ਪੁਲਿਸ ਦੀ ਕਹਾਣੀ ਮੁਤਾਬਿਕ ਹਰਪਾਲ ਸਿੰਘ ਤੇ ਹਰਜੀਤ ਸਿੰਘ ਇਕੱਠੇ ਸਨ, ਪੰ੍ਰਤੂ ਮੁਕਾਬਲੇ ਦੌਰਾਨ ਹਰਜੀਤ ਸਿੰਘ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ ਸੀ, ਜਦਕਿ ਕਰੀਬ 16 ਦਿਨਾਂ ਬਾਅਦ ਹਰਜੀਤ ਸਿੰਘ ਨੂੰ ਕਿਸੇ ਹੋਰ ਮੁਕਾਬਲੇ 'ਚ ਮਾਰਿਆ ਗਿਆ ਦਿਖਾ ਦਿੱਤਾ ਗਿਆ | ਐਡਵੋਕੇਟ ਬੈਂਸ ਮੁਤਾਬਿਕ ਹਰਪਾਲ ਸਿੰਘ ਦੀ ਲਾਸ਼ ਪਰਿਵਾਰ ਨੂੰ ਨਹੀਂ ਸੌਾਪੀ ਗਈ, ਉਲਟਾ ਪੁਲਿਸ ਨੇ ਹਰਪਾਲ ਸਿੰਘ ਦੀ ਲਾਸ਼ ਦਾ ਇਹ ਕਹਿ ਕੇ ਸਸਕਾਰ ਕਰ ਦਿੱਤਾ ਸੀ ਕਿ ਲਾਸ਼ ਨੂੰ ਕੋਈ ਲੈਣ ਲਈ ਨਹੀਂ ਆਇਆ | ਬੈਂਸ ਨੇ ਦੱਸਿਆ ਕਿ ਪੁਲਿਸ ਦੀ ਕਹਾਣੀ ਮੁਤਾਬਿਕ ਮੁਕਾਬਲੇ ਦੌਰਾਨ 217 ਗੋਲੀਆਂ ਚੱਲੀਆਂ ਸਨ ਤੇ ਹਰਪਾਲ ਸਿੰਘ ਕੋਲੋਂ ਏ. ਕੇ. 47 ਰਾਈਫਲ ਬਰਾਮਦ ਹੋਈ ਸੀ | ਉਧਰ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਹਰਪਾਲ ਸਿੰਘ ਦੇ ਸਿਰ 'ਚ 3 ਮੀਟਰ ਦੀ ਦੂਰੀ ਤੋਂ ਦੋ ਗੋਲੀਆਂ ਵੱਜੀਆਂ ਸਨ | ਇਥੇ ਹੀ ਬਸ ਨਹੀਂ ਇਸ ਮੁਕਾਬਲੇ 'ਚ ਨਾ ਤਾਂ ਪੁਲਿਸ ਦੀ ਗੱਡੀ 'ਤੇ ਕੋਈ ਗੋਲੀ ਲੱਗੀ ਸੀ ਤੇ ਨਾ ਹੀ ਕੋਈ ਪੁਲਿਸ ਕਰਮਚਾਰੀ ਹੀ ਜ਼ਖ਼ਮੀ ਹੋਇਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਦਾ ਕਹਿਣਾ ਸੀ ਕਿ ਇਸ ਮੁਕਾਬਲੇ ਦੌਰਾਨ ਸੀ. ਆਰ. ਪੀ. ਐਫ਼. ਦੀ ਇਕ ਟੁਕੜੀ ਵੀ ਉਨ੍ਹਾਂ ਦੇ ਨਾਲ ਸੀ, ਜਦਕਿ ਸੀ. ਆਰ. ਪੀ. ਐਫ਼. ਨੂੰ ਇਸ ਮਾਮਲੇ 'ਚ ਗਵਾਹ ਹੀ ਨਹੀਂ ਬਣਾਇਆ ਗਿਆ | ਇਸ ਤੋਂ ਇਲਾਵਾ ਪੁਲਿਸ ਕੋਲ ਇਸ ਮੁਕਾਬਲੇ ਸਬੰਧੀ ਨਾ ਤਾਂ ਕੋਈ ਰਿਕਾਰਡ ਸੀ ਤੇ ਨਾ ਹੀ ਪੁਲਿਸ ਥਾਣੇ ਦੇ ਮਾਲਖ਼ਾਨੇ 'ਚ ਉਸ ਮੁਕਾਬਲੇ ਦੌਰਾਨ ਚੱਲੇ ਅਸਲ੍ਹੇ ਦਾ ਕੋਈ ਰਿਕਾਰਡ ਮੌਜੂਦ ਸੀ | ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਹਰਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਇਨਸਾਫ਼ ਲਈ 1992 ਤੋਂ ਹੀ ਲੜਾਈ ਲੜ ਰਹੀ ਸੀ | ਐਡਵੋਕੇਟ ਬੈਂਸ ਮੁਤਾਬਿਕ ਪੰਜਾਬ 'ਚ ਪੁਲਿਸ ਵਲੋਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰਨ ਦਾ ਮਾਮਲਾ ਜਸਵੰਤ ਸਿੰਘ ਖਾਲੜਾ ਵਲੋਂ ਚੁੱਕਿਆ ਗਿਆ ਸੀ | ਇਹ ਮਾਮਲਾ ਵੀ ਉਸ ਸਮੇਂ ਸੁਰਖੀਆਂ 'ਚ ਰਿਹਾ ਸੀ |

  ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’ਤੇ ਲੱਗੇ ਦੋਸ਼ਾਂ ਸਬੰਧੀ ਲੰਮੀ ਚੁੱਪ ਤੋੜਦਿਆਂ ਆਖਿਆ ਕਿ ਇਹ ਦੋਸ਼ ਗ਼ਲਤ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਜੀਅ ਜੇਕਰ ਕਿਰਤ ਅਤੇ ਮਿਹਨਤ ਕਰ ਰਿਹਾ ਹੈ ਤਾਂ ਇਸ ਵਿਚ ਕੋਈ ਜੁਰਮ ਨਹੀਂ ਹੈ।
  ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰਨ ਸਮੇਂ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਾਇਆ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੀ ਆਮਦਨ ਤੋਂ ਵਧੇਰੇ ਜਾਇਦਾਦ ਬਣਾਈ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਇਕ ਬੇਟਾ ਹੋਟਲ ਦਾ ਕਾਰੋਬਾਰ ਕਰਦਾ ਹੈ ਤੇ ਮੰਡੀਆਂ ਵਿਚ ਠੇਕੇ ਲੈਂਦਾ ਹੈ। ਉਹ ਮਿਹਨਤ ਅਤੇ ਇਮਾਨਦਾਰੀ ਨਾਲ ਕਿਰਤ ਕਰਦਾ ਹੈ ਤੇ ਕਿਰਤ ਕਰਨਾ ਕੋਈ ਜੁਰਮ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਾਰੋਬਾਰ ਉਨ੍ਹਾਂ ਦੇ ਬੇਟੇ ਦਾ ਹੈ, ਜਿਸ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਬੁਨਿਆਦ ਦੋਸ਼ਾਂ ਨੂੰ ਚੁਣੌਤੀ ਦੇ ਸਕਦੇ ਹਨ।
  ਬਾਬਾ ਘਾਲਾ ਸਿੰਘ ਨਾਨਕਸਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਗ਼ਲਤੀ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਆਪਣੇ ਸਪੱਸ਼ਟੀਕਰਨ ਵਿਚ ਉਨ੍ਹਾਂ ਆਖਿਆ ਕਿ ਕਥਾ ਕਰਦਿਆਂ ਭੁਲੇਖੇ ਨਾਲ ਮਰਹੂਮ ਬੇਅੰਤ ਸਿੰਘ ਨੂੰ ਸ਼ਹੀਦ ਆਖਿਆ ਗਿਆ ਸੀ। ਇਸ ਸਬੰਧੀ ਉਨ੍ਹਾਂ ਮੀਡੀਆ ਰਾਹੀਂ ਵੀ ਭੁੱਲ ਸਵੀਕਾਰ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਅਕਾਲ ਤਖ਼ਤ ’ਤੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

  ਸੰਗਰੂਰ - ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂਦੇ-ਜਾਂਦੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਖ਼ਤਮ ਕਰਕੇ ਜਿਹੜਾ ਕਥਿਤ ਨਿਉਂਦਾ ਪਾ ਗਏ ਸਨ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਨਾ ਕਰਕੇ ਓਹੀ ਨਿਉਂਦਾ ਮੋੜ ਰਹੇ ਹਨ।
  ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ ਅਤੇ ਇੱਕ-ਦੂਜੇ ਦੇ ਹਲਕੇ ਵਿਚ ਰੈਲੀਆਂ ਦਾ ਆਦਾਨ-ਪ੍ਰਦਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹੀ ਕਾਰਨ ਹੈ ਕਿ ਵਿਧਾਨ ਸਭਾ ਵਿਚ ਜਾਂਚ ਰਿਪੋਰਟ ’ਤੇ ਬਹਿਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਬਾਦਲਾਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਅੱਡੀਆਂ ਝੋਲੀਆਂ ਦਾ ਮੁੱਖ ਮੰਤਰੀ ਨੇ ਕੋਈ ਮੁੱਲ ਨਹੀਂ ਪਾਇਆ।
  ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿਚ ਚੋਣ ਮਨੋਰਥ ਪੱਤਰ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਸਿੱਖਿਆ ਤੇ ਸਿਹਤ ਸਹੂਲਤਾਂ ਦੀ ਕੋਈ ਘਾਟ ਨਹੀਂ, ਦਿੱਲੀ ’ਚ ਬਿਜਲੀ 2.43 ਪੈਸੇ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਰਾਸ਼ਨ ਦੀ ਹੋਮ ਡਲਿਵਰੀ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ 120 ਪੰਨਿਆਂ ਦੇ ਚੋਣ ਮੈਨੀਫੈਸਟੋ ’ਚੋਂ ਅੱਧਾ ਪੰਨਾ ਵੀ ਪੂਰਾ ਨਹੀਂ ਕੀਤਾ। ਨਾ ਚਾਰ ਹਫ਼ਤੇ ’ਚ ਨਸ਼ਾ ਬੰਦ ਹੋਇਆ, ਨਾ ਘਰ ਘਰ ਨੌਕਰੀ ਮਿਲੀ, ਨਾ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ, ਨਾ ਬੁਢਾਪਾ ਪੈਨਸ਼ਨ 2500 ਰੁਪਏ ਹੋਈ ਅਤੇ ਨਾ ਕਿਸੇ ਨੌਜਵਾਨ ਨੂੰ ਸਮਾਰਟ ਫੋਨ ਮਿਲਿਆ ਹੈ।

  ਪ੍ਰਤੀਕ ਸਿੰਘ ਟਰਾਂਟੋ - ਇਥੇ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਇਸ ਸਾਲ ਜੂਨ ਮਹੀਨੇ ਦੌਰਾਨ ਬਰੈਂਪਟਨ ਵਿਚ ਹੋਈਆਂ ਵੱਖ ਵੱਖ ਲੜਾਈਆਂ ਵਿਚ ਸ਼ਾਮਲ ‘ਪੰਜਾਬੀ ਹੁੱਲੜਬਾਜ਼ਾਂ’ ’ਤੇ ਪੁਲੀਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਸ਼ੈਰੀਡਨ ਕਾਲਜ ਲਾਗੇ ਅਤੇ ਕੁਝ ਹੋਰ ਲੜਾਈਆਂ ਸਬੰਧੀ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਨੇ ਤਿੰਨ ਪੰਜਾਬੀ ਮੁੰਡਿਆਂ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਛੇ ਹੋਰਨਾਂ ’ਤੇ ਕੇਸ ਦਰਜ ਕਰਕੇ ਵਾਰੰਟ ਜਾਰੀ ਕੀਤੇ ਹਨ। ਹੁੱਲੜਬਾਜ਼ੀ ਕਾਰਨ ਪੰਜਾਬੀ ਭਾਈਚਾਰਾ ਚਿੰਤਾ ਤੇ ਨਮੋਸ਼ੀ ਵਿੱਚ ਹੈ ਅਤੇ ਇਸ ਨਾਲ ਪੁਲੀਸ ਲਈ ਸਰਦਰਦੀ ਵੀ ਵਧੀ ਹੈ। ਇਸ ਮਸਲੇ ਬਾਰੇ ਕੁਝ ਟਾਊਨ ਹਾਲ ਮੀਟਿੰਗਾਂ ਵੀ ਹੋਈਆਂ ਸਨ। ਪੁਲੀਸ ਉਦੋਂ ਦੀ ਲਗਾਤਾਰ ਇਨ੍ਹਾਂ ਘਟਨਾਵਾਂ ਦੀ ਘੋਖ ਕਰ ਰਹੀ ਹੈ। ਪੁਲੀਸ ਸੂਤਰਾਂ ਮੁਤਾਬਕ ਹੁਣ ਤੱਕ ਗੁਰਪ੍ਰੀਤ ਸਿੰਘ (31), ਲਵਪ੍ਰੀਤ ਸਿੰਘ (19) ਅਤੇ ਅਰਪਿੰਦਰ ਗਿੱਲ (20) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪਰਮਿੰਦਰ ਢਾਲੀ (30), ਜਤਿੰਦਰ ਚੀਮਾ (25), ਵਿਸ਼ਵਜੀਤ ਸਿੰਘ (21), ਉਪਿੰਦਰਜੀਤ ਸੰਧੂ (20), ਅੰਮ੍ਰਿਤਪਾਲ ਕੰਬੋਜ (21) ਅਤੇ ਰਾਜਾ ਵੜੈਚ (37) ’ਤੇ ਹਥਿਆਰ ਰੱਖਣ, ਧੋਖਾਧੜੀ, ਤੋੜਭੰਨ ਕਰਨ ਅਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਵਾਰੰਟ ਕੱਢੇ ਗਏ ਹਨ। ਪੁਲੀਸ ਕਾਂਸਟੇਬਲ ਪਰਮਿੰਦਰ ਸਿੱਧੂ ਮੁਤਾਬਕ ਉਕਤ ਮਾਮਲਿਆਂ ਦੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਸਹਿਯੋਗ ਦੇਣ ਲਈ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਪੁਲੀਸ ਦੀ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਅਜਿਹੀ ਹੁੱਲੜਬਾਜ਼ੀ ਨੂੰ ਨੱਥ ਪਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਮਾਮਲਾ ਹੱਲ ਕਰਨ ਲਈ ਤਿਆਰ ਹਨ।

  ਪਟਿਆਲਾ - ਅਕਾਲੀ ਦਲ ਤੇ ਕਾਂਗਰਸ ਦੀਆਂ 7 ਅਕਤੂਬਰ ਦੀਆਂ ਰੈਲੀਆਂ ਨੂੰ ਤਰਕਹੀਣ ਕਰਾਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਆਖਿਆ ਕਿ ਅਜਿਹੀ ਕਾਰਵਾਈ ਸਿਰਫ਼ ਬਰਗਾੜੀ ਮੋਰਚੇ ਤੋਂ ਸਿੱਖ ਸੰਗਤ ਦਾ ਧਿਆਨ ਮੋੜਨ ਲਈ ਗਿਣੀ-ਮਿੱਥੀ ਸਾਜ਼ਿਸ਼ ਹੈ, ਜਿਸ ਤੋਂ ਸਿੱਖ ਸੰਗਤ ਨੂੰ ਖ਼ਬਰਦਾਰ ਰਹਿੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਅਤੇ ਸਿੱਖ ਸ਼ਹੀਦਾਂ ਦੇ ਹੱਕ ਵਿੱਚ ਮੋਰਚੇ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।
  ਇੱਥੇ ਜਾਰੀ ਪ੍ਰੈੱਸ ਬਿਆਨ ਵਿਚ ਉਨ੍ਹਾਂ ਆਖਿਆ ਕਿ ਪਟਿਆਲਾ ਰੈਲੀ ਵਿਚ ਬਾਦਲਾਂ ਨੇ ਜਾਅਲੀ ਇਕੱਠ ਦਿਖਾਉਣ ਲਈ ਕਿਰਾਏ ’ਤੇ ਬਹਿਰੇ ਤਕ ਬੁੱਕ ਕਰ ਲਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ, ਕਮੇਟੀ ਅਧੀਨ ਚੱਲ ਰਹੇ ਵਿਦਿਅਕ ਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਅਕਤੂਬਰ ਨੂੰ ਕਿੱਲ੍ਹਿਆਂਵਾਲੀ ਵਿਚ ਕੀਤੀ ਜਾ ਰਹੀ ਸਰਕਾਰੀ ਰੈਲੀ ਵਾਸਤੇ ਕਾਂਗਰਸ ਵੱਲੋਂ ਵੀ ਸਰਕਾਰੀ ਕਰਮਚਾਰੀਆਂ ਤੇ ਪਟਵਾਰੀਆਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ ਤਾਂ ਜੋ ਵੱਡਾ ਇਕੱਠ ਵਿਖਾਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਵਿਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਾ ਪੰਜਾਬ ਸਿਰਫ਼ ਇਨ੍ਹਾਂ ਦੋਵਾਂ ਪਾਰਟੀਆਂ ਨਾਲ ਹੀ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀਆਂ ਬਰਗਾੜੀ ਮੋਰਚੇ ਤੋਂ ਲੋਕਾਂ ਦਾ ਧਿਆਨ ਮੋੜਨ ਦੀ ਸਾਜ਼ਿਸ਼ ਹੈ।

  ਮਜੀਠਾ - ਪਿੰਡ ਸ਼ਹਿਜ਼ਾਦਾ ਦੀ ਵਸਨੀਕ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਪੁਲੀਸ ਵੱਲੋਂ ਜ਼ਲੀਲ ਕੀਤਾ ਗਿਆ ਅਤੇ ਉਸ ਨੂੰ ਕੁੱਟ ਮਾਰ ਮਗਰੋਂ ਜੀਪ ਦੀ ਛੱਤ ’ਤੇ ਬਿਠਾ ਕੇ ਪੂਰੇ ਪਿੰਡ ’ਚ ਘੁਮਾਇਆ ਗਿਆ। ਇਸ ਮਗਰੋਂ ਪਿੰਡ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਚਵਿੰਡਾ ਦੇਵੀ ਬਾਈਪਾਸ ਮੋੜ ’ਤੇ ਉਸ ਨੂੰ ਜੀਪ ਤੋਂ ਹੇਠਾਂ ਸੁੱਟ ਦਿੱਤਾ ਗਿਆ। ਮਹਿਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਹੈ ਅਤੇ ਉਹ ਮਜੀਠਾ ੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਹ ਸਾਰੀ ਘਟਨਾ ਪਿੰਡ ਅਤੇ ਰਾਹ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ। ਪੀੜਤਾ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭੁੱਖ ਹੜਤਾਲ ਕਰਕੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਹਸਪਤਾਲ ’ਚ ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ 22 ਸਤੰਬਰ ਨੂੰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲੀਸ ਉਸ ਦੇ ਪਤੀ ਨੂੰ ਜਬਰੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ ਵਿੱਚ ਦਾਖ਼ਲ ਹੋਈ ਸੀ, ਜਿਸ ’ਤੇ ਉਸ ਨੇ ਪਰਿਵਾਰ ਸਮੇਤ ਵਿਰੋਧ ਕੀਤਾ ਤਾਂ ਪੁਲੀਸ ਅਧਿਕਾਰੀਆਂ ਨੇ ਉਸ ਦੀ ਕੁੱਟ ਮਾਰ ਕੀਤੀ ਸੀ। ਇਸ ਸਬੰਧ ਵਿੱਚ ਕੱਥੂਨੰਗਲ ਥਾਣੇ ’ਚ ਲਿਖਤੀ ਤੌਰ ’ਤੇ ਸ਼ਿਕਾਇਤ ਵੀ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨ ਫਿਰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲੀਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਉਸ ਦਾ ਪਤੀ ਜਦੋਂ ਘਰ ਨਾ ਮਿਲਿਆ ਤਾਂ ਪੁਲੀਸ ਨੇ ਜਸਵਿੰਦਰ ਕੌਰ ਨੂੰ ਜੀਪ ਦੀ ਛੱਤ ’ਤੇ ਸੁੱਟ ਲਿਆ। ਜਦੋਂ ਮੌਕੇ ’ਤੇ ਪਿੰਡ ਵਾਲੇ ਜਮਾਂ ਹੋ ਗਏ ਤਾਂ ਪੁਲੀਸ ਨੇ ਜੀਪ ਭਜਾ ਲਈ ਅਤੇ ਸਾਰੇ ਪਿੰਡ ਵਿੱਚ ਘੁੰਮਾ ਕੇ ਜ਼ਲੀਲ ਕੀਤਾ। ਮਜੀਠਾ ਦੇ ਡੀਐਸਪੀ ਨਿਰਲੇਪ ਸਿੰਘ, ਕੱਥੂਨੰਗਲ ਦੇ ਥਾਣਾ ਮੁਖੀ ਹਰਪ੍ਰੀਤ ਸਿੰਘ ਅਤੇ ਪੁਲੀਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਪੀੜਤਾ ਦਾ ਹਾਲ ਜਾਣਿਆ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਔਰਤ ਦੀ ਮੈਡੀਕਲ ਰਿਪੋਰਟ ਆਉਣ ਅਤੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
  ਦਿਹਾਤੀ ਪੁਲੀਸ ਦੇ ਐਸਐਸਪੀ ਪਰਮਪਾਲ ਸਿੰਘ ਨੇ ਆਖਿਆ ਕਿ ਸ਼ਹਿਜ਼ਾਦਾ ਪਿੰਡ ਵਿੱਚ ਵਾਪਰੀ ਘਟਨਾ ਦੀ ਜਾਂਚ ਐਸਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸਪੀ ਅਤੇ ਡੀਐਸਪੀ ਅਮਨਦੀਪ ਕੌਰ ਪੀੜਤ ਪਰਿਵਾਰ ਅਤੇ ਪੀੜਤ ਔਰਤ ਦੇ ਬਿਆਨ ਕਲਮਬੰਦ ਕਰਨਗੇ। ਉਸ ਦੇ ਬਿਆਨਾਂ ਅਤੇ ਐਮਐਲਆਰ ਰਿਪੋਰਟ ਦੇ ਆਧਾਰ ’ਤੇ ਪੁਲੀਸ ਨੇ ਅਣਪਛਾਤੇ ਪੁਲੀਸ ਕਰਮਚਾਰੀਆਂ ਖ਼ਿਲਾਫ਼ ਧਾਰਾ 323 ਹੇਠ ਕੇਸ ਦਰਜ ਕਰ ਲਿਆ ਹੈ। ਮੈਡੀਕਲ ਮੁਆਇਨੇ ਦੌਰਾਨ ਐਕਸਰੇਅ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵਧੀਕੀ ਨਹੀਂ ਹੋਵੇਗੀ ਅਤੇ ਨਿਆਂ ਮਿਲੇਗਾ। ਕਰਾਈਮ ਬਰਾਂਚ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਜੇਕਰ ਔਰਤ ਵੱਲੋਂ ਲਾਏ ਦੋਸ਼ਾਂ ਮੁਤਾਬਕ ਇਹ ਘਟਨਾ ਇਸੇ ਤਰ੍ਹਾਂ ਵਾਪਰੀ ਹੈ ਤਾਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

  ਬਹਾਦਰਜੀਤ ਸਿੰਘ
  ਰੂਪਨਗਰ, 25 ਸਤੰਬਰ
  ਧੋਖਾਧੜੀ ਦੇ ਕੇਸ ਵਿੱਚ ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਬੰਦ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ’ਤੇ ਲੁਧਿਆਣਾ ਦੇ ਆਰਐੱਸਐੱਸ ਆਗੂ ਰਵਿੰਦਰ ਗੁਸਾਈਂ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਥਿਤ ਅਤਿਵਾਦੀ ਰਮਨਦੀਪ ਸਿੰਘ ਬੱਗਾ ਉਰਫ ਕਨੇਡੀਅਨ ਨੇ ਆਪਣੇ ਦੋ ਸਾਥੀਆਂ ਨਾਲ ਅੱਜ ਸਵੇਰੇ ਹਮਲਾ ਕਰ ਦਿੱਤਾ। ਹਮਲੇ ਵਿੱਚ ਨਿਸ਼ਾਂਤ ਦੇ ਹੱਥ, ਮੋਢੇ ਅਤੇ ਛਾਤੀ ’ਤੇ ਸੱਟਾਂ ਵੱਜੀਆਂ ਹਨ। ਜਾਣਕਾਰੀ ਅਨੁਸਾਰ ਇਹ ਹਮਲਾ ਸਵੇਰੇ 8.45 ਵਜੇ ਉਸ ਸਮੇਂ ਕੀਤਾ ਗਿਆ ਜਦੋਂ ਨਿਸ਼ਾਂਤ ਆਪਣੀ ਚੱਕੀ ਵਿੱਚ ਸੌਂ ਰਿਹਾ ਸੀ। ਰਮਨਦੀਪ ਸਿੰਘ ਬੱਗਾ ਆਪਣੇ ਦੋ ਸਾਥੀਆਂ ਬਹਾਦਰ ਸਿੰਘ ਅਤੇ ਬਾਲਪ੍ਰੀਤ ਨਾਲ ਆਇਆ ਅਤੇ ਚੱਕੀ ਦੇ ਦਰਵਾਜ਼ਿਆਂ ਦੇ ਜਿੰਦਰੇ ਅਤੇ ਕੁੰਡੇ ਤੋੜ ਕੇ ਤਿੰਨੋਂ ਅੰਦਰ ਦਾਖ਼ਲ ਹੋ ਗਏ। ਇਸ ਤੋਂ ਬਾਅਦ ਨਿਸ਼ਾਂਤ ’ਤੇ ਲੋਹੇ ਦੀ ਕੜਛੀ ਦੇ ਡੰਡੇ ਅਤੇ ਤਿੱਖੇ ਕੀਤੇ ਚਮਚੇ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਜਿਸ ਸਮੇਂ ਹਮਲਾਵਰਾਂ ਨੇ ਨਿਸ਼ਾਂਤ ਸ਼ਰਮਾ ’ਤੇ ਹਮਲਾ ਕੀਤਾ ਉਸ ਸਮੇਂ ਉਹ ਇਹ ਕਹਿ ਰਹੇ ਸਨ ਕਿ ‘ਤੂੰ ਅੱਗੇ ਤੋਂ ਜਗਤਾਰ ਹਵਾਰੇ ਨੂੰ ਗਾਲ੍ਹਾਂ ਕੱਢੇਗਾ?’
  ਸ਼ਿਵ ਸੈਨਾ ਆਗੂ ਨੂੰ ਜ਼ਖ਼ਮੀ ਹਾਲਤ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿੱਚ ਲਿਆਂਦਾ ਗਿਆ ਜਿੱਥੋਂ ਇਲਾਜ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਲਿਆਂਦਾ ਗਿਆ। ਪਤਾ ਚੱਲਿਆ ਹੈ ਕਿ ਹੁਣ ਉਸ ਨੂੰ ਪਠਾਨਕੋਟ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਰੂਪਨਗਰ ਦੀ ਅਦਾਲਤ ਨੇ ਨਿਸ਼ਾਂਤ ਸ਼ਰਮਾ ਨੂੰ ਧੋਖਾਧੜੀ ਦੇ ਕੇਸ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਰੂਪਨਗਰ ਜੇਲ੍ਹ ਭੇਜਿਆ ਗਿਆ ਸੀ। ਇਸੇ ਦੌਰਾਨ ਸੂਤਰਾਂ ਅਨੁਸਾਰ ਪੁਲੀਸ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਨਿਸ਼ਾਂਤ ਸ਼ਰਮਾ ’ਤੇ ਹਮਲਾ ਹੋਣ ਦੇ ਖਦਸ਼ੇ ਬਾਰੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਪਰੰਤੂ ਜੇਲ੍ਹ ਪ੍ਰਸ਼ਾਸਨ ਨੇ ਕਥਿਤ ਤੌਰ ’ਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੱਥੇ ਜ਼ਿਕਰਯੋਗ ਹੈ ਕਿ ਨਿਸ਼ਾਂਤ ਸ਼ਰਮਾ ਨੇ ਬੱਬਰ ਖਾਲਸਾ ਦੇ ਕਾਰਕੁਨ ਜਗਤਾਰ ਸਿੰਘ ਹਵਾਰਾ ’ਤੇ ਚੰਡੀਗੜ੍ਹ ਵਿੱਚ ਅਦਾਲਤੀ ਪੇਸ਼ੀ ਸਮੇਂ ਹਮਲਾ ਕੀਤਾ ਸੀ।
  ਰੂਪਨਗਰ ਸਿਟੀ ਥਾਣੇ ਦੇ ਮੁਖੀ ਸੰਨੀ ਖੰਨਾ ਨੇ ਦੱਸਿਆ ਕਿ ਪੁਲੀਸ ਨੇ ਰਮਨਦੀਪ ਸਿੰਘ ਬੱਗਾ , ਬਹਾਦਰ ਸਿੰਘ ਅਤੇ ਬਾਲਪ੍ਰੀਤ ਤੋਂ ਇਲਾਵਾ ਜੇਲ੍ਹ ਮੁਲਾਜ਼ਮਾਂ ਹੈੱਡ ਵਾਰਡਰ ਮਲਕੀਤ ਸਿੰਘ, ਵਾਰਡਰ ਸੋਢੀ ਰਾਮ ਅਤੇ ਕਸ਼ਮੀਰ ਸਿੰਘ ਵਿਰੁੱਧ ਭਾਰਤੀ ਦੰਡਾਵਲ਼ੀ ਦੀ ਧਾਰਾ 307, 120-ਬੀ ਅਧੀਨ ਕੇਸ ਦਰਜ ਕਰ ਲਿਆ ਹੈ।
  ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਵੈਦ ਨੇ ਦੱਸਿਆ ਕਿ ਨਿਸ਼ਾਂਤ ਸ਼ਰਮਾ ਨੂੰ ਹਮਲੇ ਦੇ ਖਤਰੇ ਨੂੰ ਵੇਖਦਿਆਂ ਚੱਕੀ ਵਿੱਚ ਰੱਖਿਆ ਗਿਆ ਸੀ ਪਰੰਤੂ ਉਸ ’ਤੇ ਹਮਲਾ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਹੋਇਆ ਹੈ ਜਿਸ ਕਾਰਨ ਹੈੱਡ ਵਾਰਡਰ ਮਲਕੀਤ ਸਿੰਘ,ਵਾਰਡਰ ਸੋਢੀ ਰਾਮ ਅਤੇ ਕਸ਼ਮੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  ਬਠਿੰਡਾ - ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਏ ਮੌੜ ਬੰਬ ਧਮਾਕੇ ਜਿਸ ਵਿਚ ਪੰਜ ਬੱਚਿਆਂ ਸਮੇਤ ਸੱਤ ਜਣੇ ਮਾਰੇ ਗਏ ਸਨ, ਦੀ ਜਾਂਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੀ ਜਾਰੀ ਰੱਖੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਜਸਟਿਸ ਅਰੁਣ ਪਾਲੀ ਦੇ ਬੈਂਚ ਵੱਲੋਂ ਅੱਜ ‘ਸਿੱਟ’ ਦੀ ਜਾਂਚ ’ਤੇ ਤਸੱਲੀ ਜ਼ਾਹਿਰ ਕੀਤੀ ਅਤੇ ਸੀਬੀਆਈ ਜਾਂ ਐਨਆਈਏ ਜਾਂਚ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੌੜ ਧਮਾਕੇ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 21 ਅਗਸਤ ਨੂੰ ਸਿੱਟ ਦੀ ਖਿਚਾਈ ਕੀਤੀ ਸੀ ਅਤੇ ਜਾਂਚ ਦੀ ਪ੍ਰਗਤੀ ਸਬੰਧੀ ਮਹੀਨੇ ਅੰਦਰ ਸੀਲ ਬੰਦ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅੱਜ ‘ਸਿੱਟ’ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਹਾਈ ਕੋਰਟ ਵਿਚ ਪੇਸ਼ ਹੋਏ ਤੇ ਉਨ੍ਹਾਂ ਧਮਾਕੇ ਦੀ ਹੁਣ ਤੱਕ ਹੋਈ ਜਾਂਚ ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ ਪੇਸ਼ ਕੀਤੀ। ਅਦਾਲਤ ਨੇ ਅੱਜ ਸੀਲਬੰਦ ਲਿਫ਼ਾਫ਼ੇ ਵਿਚਲੀ ਰਿਪੋਰਟ ਵਾਚਣ ਮਗਰੋਂ ਫ਼ੈਸਲਾ ਸੁਣਾਇਆ ਕਿ ‘ਸਿੱਟ’ ਵੱਲੋਂ ਜਾਂਚ ਲਈ ਠੀਕ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਇਹ ਖੁੱਲ੍ਹ ਦੇ ਦਿੱਤੀ ਹੈ ਕਿ ਜੇ ਉਹ ਸਿੱਟ ਜਾਂਚ ਤੋਂ ਸੰਤੁਸ਼ਟ ਨਾ ਹੋਏ ਤਾਂ ਉਹ ਇਸੇ ਪਟੀਸ਼ਨ ਨੂੰ ਮੁੜ ਚਲਾ ਸਕਣਗੇ। ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਜੇ ਸਿੱਟ ਨੇ ਧਮਾਕੇ ਦੀ ਜਾਂਚ ਨੇੜ ਭਵਿੱਖ ਵਿਚ ਕਿਸੇ ਤਣ-ਪੱਤਣ ਨਾ ਲਾਈ ਤਾਂ ਉਹ ਮੁੜ ਹਾਈ ਕੋਰਟ ਬਹੁੜਣਗੇ। ਬੰਬ ਧਮਾਕੇ ਦੀ ਜਾਂਚ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਨੇ ਅੱਜ ਪਟੀਸ਼ਨ ਨਿਪਟਾ ਦਿੱਤੀ ਹੈ ਅਤੇ ਸਿੱਟ ਦੀ ਜਾਂਚ ਨੂੰ ਸਮਾਂਬੱਧ ਨਹੀਂ ਕੀਤਾ ਗਿਆ। ਸੂਤਰ ਆਖਦੇ ਹਨ ਕਿ ਸਿੱਟ ਉੱਪਰ ਹਾਈ ਕੋਰਟ ਦਾ ਵੀ ਦਬਾਓ ਸੀ ਜਿਸ ਕਰ ਕੇ ਲੰਘੇ ਮਹੀਨੇ ਸਿੱਟ ਨੇ ਮੌੜ ਧਮਾਕੇ ਦੀ ਜਾਂਚ ਵਿੱਚ ਕਾਫ਼ੀ ਹੱਥ ਪੈਰ ਮਾਰੇ ਹਨ। ਇਸੇ ਦੌਰਾਨ, ਤਲਵੰਡੀ ਸਾਬੋ ਦੀ ਅਦਾਲਤ ਨੇ ਮੌੜ ਬੰਬ ਧਮਾਕੇ ‘ਚ ਨਾਮਜ਼ਦ ਕੀਤੇ ਤਿੰਨ ਮੁੱਖ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਤੋਂ ਪਹਿਲਾਂ ਇਕ ਆਖ਼ਰੀ ਮੌਕਾ ਦਿੱਤਾ ਹੈ। ਜੇ 24 ਦਿਨਾਂ ਦੇ ਅੰਦਰ ਇਹ ਮੁਲਜ਼ਮ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਮੌੜ ਬੰਬ ਧਮਾਕੇ ਦੇ ਤਫ਼ਤੀਸ਼ੀ ਅਫ਼ਸਰ ਨੇ ਤਲਵੰਡੀ ਸਾਬੋ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ ਅਤੇ ਤਿੱਕੜੀ ਦੇ ਘਰਾਂ ਅੱਗੇ ਇਸ਼ਤਿਹਾਰ ਲਾਏ ਜਾਣ ਬਾਰੇ ਸੂਚਨਾ ਦਿੱਤੀ ਹੈ। ਦੱਸਣਯੋਗ ਹੈ ਕਿ ਅਦਾਲਤ ਨੇ 24 ਅਗਸਤ ਨੂੰ ਇਨ੍ਹਾਂ ਤਿੰਨੋਂ ਮੁਲਜ਼ਮਾਂ ਦੇ ਜਨਤਕ ਇਸ਼ਤਿਹਾਰ ਜਾਰੀ ਕਰ ਦਿੱਤੇ ਸਨ। ਤਲਵੰਡੀ ਸਾਬੋ ਅਦਾਲਤ ਨੇ ਹੁਣ ਅਗਲੀ ਤਰੀਕ 19 ਅਕਤੂਬਰ ਪਾਈ ਹੈ। ਤਿੰਨੋਂ ਮੁਲਜ਼ਮ ਉਦੋਂ ਤੋਂ ਹੀ ਰੂਪੋਸ਼ ਹਨ ਜਦੋਂ ਤੋਂ ਉਨ੍ਹਾਂ ਨੂੰ ਮੌੜ ਬੰਬ ਧਮਾਕੇ ਦੇ ਕੇਸ ਵਿਚ ਨਾਮਜ਼ਦ ਕੀਤਾ ਹੈ। ਦੱਸਣਯੋਗ ਹੈ ਕਿ ਮੌੜ ਬੰਬ ਧਮਾਕੇ ਦੇ ਸਬੰਧ ਵਿਚ ਫਰਵਰੀ 2018 ਵਿਚ ਹੀ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਲਈ ਇਸ ਤਿੱਕੜੀ ਤੋਂ ਗੁਰਤੇਜ ਕਾਲਾ ਨੂੰ ਫੜਨਾ ਸਭ ਤੋਂ ਅਹਿਮ ਹੈ। ਕਾਲਾ ਹੀ ਬੰਬ ਧਮਾਕੇ ਦੀ ਜਾਂਚ ਨੂੰ ਅੱਗੇ ਤੋਰ ਸਕਦਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਹੱਥ ਇਸ ਤਿੱਕੜੀ ’ਚੋਂ ਕਿਸੇ ਦੇ ਨੇੜੇ ਨਹੀਂ ਪੁੱਜੇ ਹਨ। ਜਾਂਚ ਟੀਮ ਨੂੰ ਇਹੋ ਹੈ ਕਿ ਇਹ ਤਿੱਕੜੀ ਕਿਸੇ ਡੇਰੇ ਵਿਚ ਛੁਪੀ ਹੋ ਸਕਦੀ ਹੈ ਜਿਸ ਕਰ ਕੇ ਗੁਆਂਢੀ ਸੂਬਿਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਮੌੜ ਮੰਡੀ ਵਿਚ ਬੰਬ ਧਮਾਕੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਹਕੀਕਤ ਵਿਚ ਜਾਂਚ ਟੀਮ ਨੂੰ ਕੋਈ ਠੋਸ ਸੂਹ ਹੱਥ ਨਹੀਂ ਲੱਗ ਰਹੀ ਹੈ।

  ਆਦਮਪੁਰ ਦੋਆਬਾ - ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਿਚ ਸੰਤ ਨਿਰੰਜਨ ਦਾਸ ਬੱਲਾਂ ਦੀ ਅਗਵਾਈ ’ਚ ਹੋਈ ਬੈਠਕ ਦੌਰਾਨ ਸਾਬਕਾ ਸਕੱਤਰ (ਸ਼੍ਰੋਮਣੀ ਕਮੇਟੀ) ਸੁਖਦੇਵ ਸਿੰਘ ਭੌਰ ਵੱਲੋਂ ਬਰਗਾੜੀ ਇਨਸਾਫ਼ ਮੋਰਚੇ ’ਚ ਸਟੇਜ ’ਤੇ ਬੋਲਦਿਆਂ ਡੇਰਾ ਬੱਲਾਂ ਅਤੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਬੋਲਣ ਅਤੇ ਦਲਿਤ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਖਿਮਾ ਜਾਚਨਾ ਮੰਗੀ ਗਈ।
  ਇਸ ਮੌਕੇ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਰਗਾੜੀ ਵਿਚ ਇਨਸਾਫ਼ ਮੋਰਚੇ ਦੌਰਾਨ ਬੋਲਦਿਆਂ ਅਚਾਨਕ ਸੰਤ ਰਾਮਾਨੰਦ ਬਾਰੇ ਜੋ ਅਪਮਾਨਜਨਕ ਸ਼ਬਦ ਬੋਲੇ ਗਏ, ਜਿਸ ਲਈ ਉਹ ਰਵਿਦਾਸੀਆ ਕੌਮ ਤੋਂ ਮੁਆਫ਼ੀ ਮੰਗਦੇ ਹਨ। ਇਸ ਮੌਕੇ ਸੰਤ ਸੁਰਿੰਦਰ ਦਾਸ ਕਠਾਰ ਅਤੇ ਬੈਠਕ ’ਚ ਆਏ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਾਰੇ ਸਮਾਜ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪ੍ਰੇਰਿਆ। ਇਸ ਮੌਕੇ ਹਰਚਰਨਜੀਤ ਸਿੰਘ ਧਾਮੀ, ਗਿਆਨੀ ਕੇਵਲ ਸਿੰਘ, ਰਣਜੀਤ ਸਿੰਘ ਗੀਗਨਵਾਲ, ਹਰਵਿੰਦਰ ਸਿੰਘ ਹਰਮੋਏ, ਗੁਰਪ੍ਰੀਤ ਸਿੰਘ ਖੁੱਡਾ, ਡਾ. ਕੁਲਵੰਤ ਕੌਰ, ਐਡਵੋਕੇਟ ਜਸਵਿੰਦਰ ਸਿੰਘ, ਸੰਤ ਲੇਖ ਰਾਜ ਨੂਰਪੁਰ, ਗੁਰਦੀਪ ਸਿੰਘ ਕਾਲਕਟ, ਗੁਰਚਰਨ ਸਿੰਘ ਬਸਿਆਲਾ, ਰਸ਼ਪਾਲ ਸਿੰਘ ਤੇ ਸਮਿੱਤਰ ਸਿੰਘ ਸੀਕਰੀ ਆਦਿ ਹਾਜ਼ਰ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com