ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ 7 ਅਕਤੂਬਰ ਨੂੰ ਕੋਟਕਪੂਰਾ ਚੌਕ ਤੋਂ ਬਰਗਾੜੀ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਪ੍ਰੋਗਰਾਮ ’ਤੇ ਕਾਇਮ ਰਹਿੰਦਿਆਂ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਰੈਲੀਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।
  ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੇ ਗੰਢਤੁੱਪ ਕਰਕੇ 7 ਅਕਤੂਬਰ ਦੇ ਰੋਸ ਮਾਰਚ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਸਿਆਸੀ ਪਰਿਵਾਰਾਂ ਦੀ ਮਿਲੀਭੁਗਤ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਪੁਲੀਸ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਹੁਣ ਇਹ ਫ਼ੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਕਿ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰੈਲੀ ਵਿੱਚ ਸ਼ਾਮਲ ਹੋਣਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਵੱਲੋਂ ਕੀਤੀ ਜਾ ਰਹੀ ਪਟਿਆਲਾ ਰੈਲੀ ਵਿੱਚ ਅਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕੱਢੇ ਜਾਣ ਵਾਲੇ ਮਾਰਚ ਵਿੱਚ ਸ਼ਾਮਲ ਹੋਣਾ ਹੈ।
  ਸ੍ਰੀ ਖਹਿਰਾ ਨੇ ‘ਆਪ’ ਨਾਲ ਸਮਝੌਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਤੱਕ ਦਿੱਲੀ ਦੇ ਕਿਸੇ ਵੀ ਨੇਤਾ ਵੱਲੋਂ ਸੱਦਾ ਨਹੀਂ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਬਠਿੰਡਾ ਕਨਵੈਨਸ਼ਨ ਦੇ ਮਤਿਆਂ ਦੇ ਆਧਾਰ ’ਤੇ ਗੱਲਬਾਤ ਕਰਨ ਲਈ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ ਅਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਪ੍ਰੇਮ ਸ਼ਰਮਾ ’ਤੇ ਆਧਾਰਿਤ ਪੰਜ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਦਿੱਲੀ ਦੇ ਆਗੂਆਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਦੱਸਿਆ ਕਿ ਅੱਜ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਕਿਸਾਨੀ ਮਸਲਿਆਂ ਬਾਰੇ ਵੀ ਚਰਚਾ ਕੀਤੀ ਤੇ ਇਸ ਗੱਲ ਦਾ ਨੋਟਿਸ ਲਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨੀ ਮਸਲਿਆਂ ਨੂੰ ਅੱਖੋਂ-ਪਰੋਖੇ ਕੀਤਾ ਹੈ।
  ਵਿਧਾਇਕ ਕੰਵਰ ਸੰਧੂ ਨੇ ਆਖਿਆ ਕਿ ਇਸ ਸਬੰਧੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਸਿਰਫ਼ ਕਿਸਾਨੀ ਮਸਲਿਆਂ ਬਾਰੇ ਹੀ ਚਰਚਾ ਕੀਤੀ ਜਾਵੇ। ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ ਕਿਸਾਨ ਖ਼ੁਦਕੁਸ਼ੀਆਂ ਬਾਰੇ ਰਿਪੋਰਟ ਦਿੱਤੀ ਸੀ, ਪਰ ਸਰਕਾਰ ਨੇ ਨਾ ਤਾਂ ਇਸ ਰਿਪੋਰਟ ’ਤੇ ਬਹਿਸ ਕਰਵਾਈ ਅਤੇ ਨਾ ਹੀ ਰਿਪੋਰਟ ਵਿਚਲੀਆਂ ਸਿਫ਼ਾਰਸ਼ਾਂ ਮੰਨੀਆਂ।

  ਸ੍ਰੀ ਆਨੰਦਪੁਰ ਸਾਹਿਬ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ ਕਮੇਟੀ ਦੀ ਬੈਠਕ ਵਿੱਚ ਸਮੂਹ ਮੈਂਬਰਾਂ ਨੇ ਇੱਕਸੁਰਤਾ ਦੇ ਨਾਲ ਫ਼ੈਸਲਾ ਕੀਤਾ ਕਿ ਪਿਛਲੇ ਸਾਲ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਕੀਤੇ ਗਏ ਐਲਾਨ ਤਹਿਤ 34 ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ।
  ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਅਤੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਜਿਹੜੇ ਪਰਿਵਾਰਾਂ ਦੇ ਵਾਰਸਾਂ ਨੂੰ ਅਜੇ ਤੱਕ ਨੌਕਰੀ ਨਹੀਂ ਮਿਲ ਸਕੀ ਉਨ੍ਹਾਂ ਦੇ ਵਾਰਸਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸ਼ਹੀਦ ਸਿੰਘਾਂ ਦੇ 34 ਪਰਿਵਾਰ ਵਿਚੋਂ 12 ਨੂੰ ਹਾਲੇ ਤੱਕ ਨੌਕਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਕੇਸ 29 ਸਤੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
  ਜ਼ਿਕਰਯੋਗ ਹੈ ਕਿ 1982 ਵਿੱਚ ਧਰਮ ਯੁੱਧ ਮੋਰਚਾ ਲੱਗਿਆ ਸੀ, ਤਾਂ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਗ੍ਰਿਫ਼ਤਾਰ ਕੀਤੇ ਗਏ 34 ਸਿੰਘਾਂ ਨੂੰ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਜੇਲ੍ਹ ਲਿਜਾਇਆ ਜਾ ਰਿਹਾ ਸੀ, ਉਦੋਂ ਤਰਨ ਤਾਰਨ ਵਿੱਚ ਵਾਪਰੇ ਰੇਲ ਹਾਦਸੇ ਦੌਰਾਨ ਉਹ ਸਾਰੇ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇਣ ਦਾ ਫੈਸਲਾ ਹੋਇਆ ਸੀ ਅਤੇ ਜ਼ਿਆਦਾਤਰ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀ ਮਿਲ ਵੀ ਗਈ ਸੀ ਪਰ ਕੁਝ ਪਰਿਵਾਰ ਅਜੇ ਬਾਕੀ ਸਨ, ਜਿਨ੍ਹਾਂ ਬਾਰੇ ਹੁਣ ਫ਼ੈਸਲਾ ਕੀਤਾ ਗਿਆ ਹੈ।

  ਨਵੀਂ ਦਿੱਲੀ - ਭਾਰਤ ਨੇ ਪਾਕਿਸਤਾਨ ਨਾਲ ਅਮਰੀਕਾ ਵਿੱਚ ਹੋਣ ਵਾਲੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਦੇਖਦਿਆਂ ਅਮਰੀਕਾ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੀ ਗੱਲਬਾਤ 'ਤੇ ਵੀ ਰੋਕ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਸਿਤਾਨ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਬਹਾਲੀ ਲਈ ਮੁਲਾਕਾਤ ਕਰਨ ਦਾ ਐਲਾਨ ਕੀਤਾ ਸੀ। ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਸੀ ਕਿ 25 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਯੂਨਾਈਟਿਡ ਨੇਸ਼ਨਜ਼ ਦੀ 73ਵੀਂ ਜਨਰਲ ਅਸੈਂਬਲੀ ਵਿੱਚ ਭਾਰਤੀ ਵਿਦੇਸ਼ ਮੰਤਰੀ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ।
  ਉਨ੍ਹਾਂ ਇਹ ਵੀ ਦੱਸਿਆ ਸੀ ਕਿ ਇਸ ਮੌਕੇ ਸੁਸ਼ਮਾ ਸਵਰਾਜ, ਸ਼ਾਹ ਮਹਿਮੂਦ ਕੁਰੈਸ਼ੀ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਚੁੱਕਣਗੇ। ਬੁਲਾਰੇ ਨੇ ਦੱਸਿਆ ਸੀ ਕਿ ਇਸ ਬੈਠਕ ਬਾਰੇ ਫਿਲਹਾਲ ਭਾਰਤ ਨੇ ਆਪਣਾ ਏਜੰਡਾ ਤੈਅ ਨਹੀਂ ਕੀਤਾ, ਪਰ ਹੁਣ ਕਰਤਾਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀਆਂ ਇਨ੍ਹਾਂ ਸਾਰੀਆਂ ਸੰਭਾਵਨਾਵਾਂ ਉੱਪਰ ਫਿਰ ਤੋਂ ਰੋਕ ਲੱਗ ਗਈ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਪਾਕਿਸਤਾਨ ਦੇ ਦੋਹਰੇ ਮਾਪਦੰਡ ਉਜਾਗਰ ਹੋ ਗਏ ਹਨ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਹਿੰਸਕ ਵਾਰਦਾਤਾਂ ਕਰਕੇ ਹੀ ਭਾਰਤ ਹੁਣ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦੀ ਗੱਲ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਥਨੀ ਤੇ ਕਰਨੀ ਵਿੱਚ ਬਹੁਤ ਫਰਕ ਹੈ। ਬੁਲਾਰੇ ਨੇ ਪਾਕਿਸਤਾਨ ਵੱਲੋਂ ਅੱਤਵਾਦੀ ਬੁਰਹਾਨ ਵਾਨੀ ਦੇ ਨਾਂਅ 'ਤੇ ਡਾਕ ਟਿਕਟ ਜਾਰੀ ਕਰਨ 'ਤੇ ਵੀ ਇਤਰਾਜ਼ ਜਤਾਇਆ ਹੈ।
  ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖਿਆ ਪੱਤਰ ਮੀਡੀਆ ਵਿੱਚ ਜਾਰੀ ਹੋਣ ਤੋਂ ਬਾਅਦ ਭਾਰਤ ਨੇ ਵਿਦੇਸ਼ ਮੰਤਰੀਆਂ ਦੀ ਯੂਐਨ ਦੀ ਅਸੈਂਬਲੀ ਵਿੱਚ ਗੱਲਬਾਤ ਨੂੰ ਹਰੀ ਝੰਡੀ ਦੇ ਦਿੱਤੀ ਸੀ। ਪਰ ਅੱਜ ਤੇ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਵੱਖ-ਵੱਖ ਸਥਾਨਾਂ 'ਤੇ ਬੀਐਸਐਫ ਜਵਾਨ ਦਾ ਕਤਲ ਤੇ ਐਸਪੀਓਜ਼ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਨੇ ਘਾਟੀ ਵਿੱਚ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਹੈ। ਭਾਰਤ ਨੇ ਇਸ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਤਰਕ ਦਿੰਦਿਆਂ ਵਿਦੇਸ਼ ਮੰਤਰੀਆਂ ਦੀ ਇਹ ਮੁਲਾਕਾਤ ਰੱਦ ਕਰ ਦਿੱਤੀ ਹੈ।

  ਬਰਗਾੜੀ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 115ਵੇਂ ਦਿਨ ਭਾਰੀ ਬਾਰਸ ਦੇ ਬਾਵਜੂਦ ਵੀ ਬਰਗਾੜੀ ਦੀ ਦਾਣਾ ਮੰਡੀ ਵਿੱਚ ਕੁਦਰਤੀ ਕਹਿਰ ਨਾਲ ਦੋ ਚਾਰ ਹੁੰਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਖਾਲਸਾ ਪੰਥ ਹੁਣ ਇਨਸਾਫ ਤੋ ਅਵੇਸਲਾ ਨਹੀ ਹੋਵੇਗਾ। ਰਸਤੇ ਵਿੱਚ ਭਿਜਦੀਆਂ ਤੇ ਮੋਰਚੇ ਦੇ ਤਿੱਪ ਤਿੱਪ ਚਿਉਂ ਰਹੇ ਛਾਇਆਮਾਨ ਸੰਗਤ ਦੀ ਲਿਵ ਗੁਰੂ ਨਾਲੋਂ ਤੋੜਨ ਵਿੱਚ ਨਾਕਾਮ ਰਹਿ ਗਏ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਅਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੁਖੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਬਰਗਾੜੀ ਦੀ ਧਰਤੀ ਤੇ ਲੱਗਿਆ ਇਨਸਾਫ ਮੋਰਚਾ ਸਹੀ ਅਰਥਾਂ ਵਿੱਚ ਧਰਮ ਯੁੱਧ ਮੋਰਚਾ ਹੈ। ਉਹਨਾਂ ਕਿਹਾ ਕਿ ਗੁਰੂ ਦਾ ਸਿੱਖ ਸਭ ਕੁੱਝ ਬਰਦਾਸਤ ਕਰ ਸਕਦਾ ਹੈ, ਪਰ ਗੁਰਬਾਣੀ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕਰ ਸਕਦਾ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਅਜਿਹਾ ਕਲੰਕ ਹਨ ਜੋ ਪੀੜੀ ਦਰ ਪੀੜੀ ਨਾਲ ਹੀ ਰਹਿਣਗੀਆਂ, ਕਦੇ ਵੀ ਪਿੱਛਾ ਨਹੀ ਛੱਡਣਗੀਆਂ।
  ਉਹਨਾਂ ਕਿਹਾ ਕਿ ਮੋਰਚੇ ਦੀ ਗੱਲ ਹੁਣ ਸਾਰੀ ਦੁਨੀਆਂ ਵਿੱਚ ਚੱਲ ਪਈ ਹੈ, ਸਰਕਾਰ ਮੋਰਚੇ ਦੀਆਂ ਮੰਗਾਂ ਮੰਨਦੀ ਹੈ ਜਾ ਨਹੀ ਇਸ ਗੱਲ ਨਾਲ ਕੋਈ ਸਰੋਕਾਰ ਨਹੀ,ਸਿੱਖ ਪੰਥ ਇਨਸਾਫ ਲੈਣਾ ਜਾਣਦਾ ਹੈ, ਪ੍ਰੰਤੂ ਇਹਦੇ ਲਈ ਪੰਥ ਵਿੱਚ ਏਕਾ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਜਿੰਨਾਂ ਚਿਰ ਨਿਰੋਲ ਸਿੱਖਾਂ ਦੀ ਕੋਈ ਰਾਜਨੀਤਕ ਪਾਰਟੀ ਉੱਭਰ ਕੇ ਸਾਹਮਣੇ ਨਹੀ ਆਉਂਦੀ, ਓਨੀ ਦੇਰ ਸਿੱਖ ਪੰਥ ਨੂੰ ਖੱਜਲ ਖੁਆਰੀਆਂ ਦਾ ਸਹਮਣਾ ਕਰਨਾ ਪੈਦਾ ਰਹੇਗਾ। ਉਹਨਾਂ ਬਾਦਲਾਂ ਤੇ ਵਰਦਿਆਂ ਕਿਹਾ ਕਿ ਸਰਕਾਰ ਬਾਦਲਾਂ ਨੂੰ ਗਿਰਫਤਾਰ ਕਰੇ ਜਾ ਨਾ ਕਰੇ ਪਰ ਪੰਥ ਉਹਦੀ ਅਜਿਹੀ ਹਾਲਤ ਜਰੂਰ ਕਰ ਦੇਵੇਗਾ, ਕਿ ਜਿਸ ਤਰਾਂ ਕੇ ਪੀ ਐਸ ਗਿੱਲ ਦੀ ਮੌਤ ਤੇ ਕੋਈ ਭੋਗ ਪਾਉਣ ਵਾਲਾ ਗਰੰਥੀ ਤੇ ਕੀਰਤਨ ਕਰਨ ਵਾਲਾ ਰਾਗੀ ਨਹੀ ਸੀ ਮਿਲਦਾ, ਬਾਦਲ ਦੀ ਮੌਤ ਤੇ ਵੀ ਭੋਗ ਪਾਉਣ ਵਾਲਾ ਕੋਈ ਰਾਗੀ ਜਾਂ ਗ੍ਰੰਥੀ ਨਹੀ ਮਿਲੇਗਾ।
  ਉਹਨਾਂ ਕਿਹਾ ਕਿ ਬਾਦਲ ਦੇ ਗਲ਼ ਵਿੱਚ ਰੱਸਾ ਪੈ ਚੁੱਕਾ ਹੈ ਹੁਣ ਖਾਲਸਾ ਪੰਥ ਇਸ ਗੱਲ ਤੋ ਸੁਚੇਤ ਰਹੇ ਕਿ ਉਹਦਾ ਰੱਸਾ ਢਿੱਲਾ ਨਾ ਹੋ ਸਕੇ।ਉਹਨਾਂ ਮੋਰਚੇ ਵਿੱਚ ਹੋਏ ਇਕੱਠ ਦਾ ਜਿਕਰ ਕਰਦਿਆਂ ਕਿਹਾ ਕਿ ਭਾਵੇਂ ਕੱਲ੍ਹ ਦੀ ਲਗਾਤਾਰ ਬਾਰਸ ਹੋਣ ਕਰਕੇ ਸੰਗਤਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਪਰ ਮੈਨੂੰ ਭਾਰੀ ਬਾਰਸ ਦੇ ਵਿੱਚ ਪਹੁੰਚੀਆਂ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਚੋ ਖਾਲਸੇ ਦੇ ਭਵਿੱਖ ਚ ਭਰਪੂਰ ਚਾਨਣ ਦਿਖਾਈ ਦਿੰਦਾ ਹੈ।ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਪਰਤਾਪ ਸਿੰਘ ਨੇ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਰਕਾਰਾਂ ਹਮੇਸਾਂ ਅਪਣੇ ਫਾਇਦੇ ਹੀ ਤੱਕਦੀਆਂ ਹਨ, ਮੋਰਚੇ ਦੀ ਸਫਲਤਾ ਲਈ ਇਹ ਜਰੂਰੀ ਹੈ ਕਿ ਸਿੱੰਘ ਸਾਹਿਬ ਕਿਸੇ ਵੀ ਛਲਾਵੇ ਤੋਂ ਬਚ ਕੇ ਰਹਿਣ।ਸਾਬਕਾ ਫੈਡਰੇਸਨ ਆਗੂ ਭਾਈ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਸਾਰੀ ਕੌਮ ਇਨਸਾਫ ਮੋਰਚੇ ਤੋ ਅਗਵਾਈ ਭਾਲਦੀ ਹੈ।ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਫੈਡਰੇਸਨ ਆਗੂ ਭਾਈ ਸਰਬਜੀਤ ਸਿੰਘ ਸੋਹਲ ਨੇ ਵੀ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਕਥਾ ਕੀਰਤਨ ਦੁਆਰਾ ਆਪਣੀ ਹਾਜਰੀ ਭਰੀ ਓਥੇ ਆਈਆਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ।

  ਪ੍ਰੋ. ਬਲਵਿੰਦਰਪਾਲ ਸਿੰਘ 9815700916
  'ਮਨਮਰਜ਼ੀਆਂ' ਵਿਚ ਸਿੱਖ ਕਿਰਦਾਰ ਦੇ ਸਿਗਰੇਟ ਪੀਣ ਵਾਲੇ ਵਿਵਾਦ ਤੇ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਸਫਾਈ ਤੋਂ ਬਾਅਦ ਹੁਣ ਇਸ ਮਾਮਲੇ ਚ ਤਾਪਸੀ ਪੰਨੂ ਨੇ ਵੀ ਆਪਣੇ ਬਿਆਨ ਦਿੱਤੇ ਹਨ। 'ਮਨਮਰਜ਼ੀਆਂ' ਫਿਲਮ ਦਾ ਸੀਨ ਕਟਾਉਣ ਤੋਂ ਬਾਅਦ ਤਾਪਸੀ ਨੇ ਇਹ ਟਵੀਟ ਲਿਖਿਆ, ''ਮੈਨੂੰ ਯਕੀਨ ਹੈ ਕਿ ਸੀਨ ਹਟਾਉਣ ਤੋਂ ਬਾਅਦ ਕਈ ਸਿੱਖ ਸਿਗਰੇਟ ਨਹੀਂ ਪੀਣਗੇ। ਕੋਈ ਮਹਿਲਾ ਗੁਰਦੁਆਰੇ 'ਚ ਵਿਆਹ ਕਰਦੇ ਸਮੇਂ ਕਿਸੇ ਹੋਰ ਬਾਰੇ ਨਹੀਂ ਸੋਚੇਗੀ। ਇਸ ਨਾਲ ਜ਼ਰੂਰ ਵਾਹਿਗੁਰੂ ਨੂੰ ਮਾਣ ਹੋਵੇਗਾ ਅਤੇ ਸਾਡਾ ਧਰਮ ਸਭ ਤੋਂ ਪਵਿੱਤਰ ਬਣ ਜਾਵੇਗਾ।''
  ਫ਼ਿਲਮ 'ਚ ਅਭਿਸ਼ੇਕ ਬੱਚਨ ਲੰਡਨ ਤੋਂ ਅੰਮ੍ਰਿਤਸਰ ਵਿਆਹ ਕਰਵਾਉਣ ਪਰਤੇ ਇੱਕ ਪਤਿਤ ਸਿੱਖ, ਰੌਬੀ, ਦਾ ਕਿਰਦਾਰ ਨਿਭਾ ਰਹੇ ਹਨ। ਜਦੋਂ ਰੂਮੀ ਨਾਂ ਦੀ ਸਿੱਖ ਕੁੜੀ (ਤਾਪਸੀ ਪੰਨੂ) ਇੱਕ ਦ੍ਰਿਸ਼ ਵਿੱਚ ਰੌਬੀ ਨੂੰ ਆਖਦੀ ਹੈ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾਏਗੀ ਤਾਂ ਰੌਬੀ ਦੁਖੀ ਹੋ ਜਾਂਦਾ ਹੈ।
  ਇੱਥੇ ਰੌਬੀ ਆਪਣੀ ਪੱਗ ਲਾਹ ਕੇ ਨੌਕਰ ਨੂੰ ਫੜਾ ਦਿੰਦਾ ਹੈ ਅਤੇ ਸਿਗਰਟ ਪੀਂਦਾ ਹੈ।
  ਕਰੀਬ ਇਕ ਮਿੰਟ ਦਾ ਤੀਜਾ ਦ੍ਰਿਸ਼ ਉਸ ਵੇਲੇ ਦਾ ਹੈ, ਜਦੋਂ ਰੌਬੀ ਤੇ ਰੂਮੀ ਵਿਆਹ ਲਈ ਗੁਰਦੁਆਰੇ ਅੰਦਰ ਜਾ ਰਹੇ ਹੁੰਦੇ ਹਨ ਅਤੇ ਰੂਮੀ ਨੂੰ ਆਪਣੇ ਪ੍ਰੇਮੀ ਵਿੱਕੀ ਸੰਧੂ (ਵਿੱਕੀ ਕੌਸ਼ਲ) ਦੇ ਖਿਆਲ ਆਉਂਦੇ ਹਨ।
  ਫਿਲਮ ਸਭਿਆਚਾਰ ਨਾਲ ਜੁੜੇ ਲੋਕ ਕਿਸੇ ਧਰਮ ਨਾਲ ਜੁੜੇ ਨਹੀਂ ਹੁੰਦੇ।ਕਿਸੇ ਨਾਲ ਇਹਨਾਂ ਦੇ ਸੈਕਸ ਸੰਬੰਧ ਹੋ ਸਕਦੇ ਹਨ ਤੇ ਕੋਈ ਵੀ ਨਸ਼ਾ ਇਹ ਪੀ ਸਕਦੇ ਹਨ।ਜਿਸ ਨੂੰ ਇਹ ਮਾਡਰਨ ਦੁਨੀਆ ਕਹਿੰਦੇ ਹਨ ਅਸਲ ਵਿਚ ਇਹ ਦੁਨੀਆਂ ਪ੍ਰਦੂਸ਼ਣ ਨਾਲ ਭਰ ਦੁਨੀਆ ਹੁੰਦੀ ਹੈ ਜਿਥੇ ਸਾਡੇ ਵਰਗੇ ਸਾਧਾਰਨ ਪਰਿਵਾਰਾਂ ਦੀ ਤਰ੍ਹਾਂ ਰਿਸ਼ਤੇ ਨਹੀਂ ਹੁੰਦੇ।ਸਿਖ ਧਰਮ ਦਾ ਰਿਸ਼ਤਾ ਗੁਰੂ ਤੇ ਸਿਖ ਮਰਿਯਾਦਾ ਨਾਲ ਹੈ।ਗੁਰੂ ਨੇ ਹਰ ਨਸ਼ੇ ਤੋਂ ਸਿਖ ਨੂੰ ਵਰਜਿਆ ਹੈ।ਪਰ ਤੁਸੀਂ ਦੇਖ ਸਕਦੇ ਹੋ ਕਈ ਸਿਖ ਟਰਕ ਡਰਾਈਵਰ ਸ਼ਰਾਬ ,ਤਮਾਕੂ ਵੀ ਪੀਂਦੇ ਹਨ।ਪਰ ਇਸ ਦਾ ਅਰਥ ਨਹੀਂ ਕਿ ਇਹ ਨਸ਼ੇ ਸਿਖ ਲਈ ਵਰਜਿਤ ਨਹੀਂ।ਸਿਖ ਪੰਥ ਦਾ ਰੌਲ ਮਾਡਲ ਗੁਰੂ ਸਾਹਿਬਾਨ ਹਨ।ਟਰਕ ਡਰਾਈਵਰ ਜਾਂ ਫਿਲਮੀ ਕਲਾਕਾਰ ਨਹੀਂ।ਜੇਕਰ ਕੋਈ ਪੁਲੀਸ ਅਫਸਰ ਡਿਊਟੀ ਟਾਈਮ ਨਸ਼ਾ ਕਰਦਾ ਜਾਂ ਕਿਸੇ ਬਲਾਤਕਾਰ ਵਿਚ ਸ਼ਾਮਲ ਹੁੰਦਾ ਕੀ ਭਾਰਤੀ ਕਨੂੰਨ ਇਸ ਗਲ ਦੀ ਇਜਾਜਤ ਦੇਦਾ।ਫਿਰ ਭਾਰਤੀ ਕਨੂੰਨ ਠੀਕ ਹੈ ਜਾਂ ਪੁਲੀਸ ਅਫਸਰ।ਜੇ ਪੁਲੀਸ ਅਫਸਰ ਅਜਿਹਾ ਕਰਦਾ ਹੈ ਤਾਂ ਕੀ ਸਭ ਪੁਲੀਸ ਅਫਸਰਾਂ ਨੂੰ ਅਜਿਹਾ ਕਰਨਾ ਚਾਹੀਦਾ।ਜੇਕਰ ਕੋਈ ਫਿਲਮੀ ਕਲਾਕਾਰ ਸਮੈਕ ਲੈਂਦੀ ਹੈ ਤੇ ਡਾਨ ਨਾਲ ਮਿਲਕੇ ਕਰਾਈਮ ਕਰਦੀ ਹੈ ਤਾਂ ਕੀ ਤਾਪਸੀ ਪੰਨੂੰ ਲਈ ਉਹ ਰੋਲ ਮਾਡਲ ਬਣ ਜਾਣੀ ਚਾਹੀਦੀ ਹੈ।ਜੇ ਕਿਸੇ ਫਿਲਮੀ ਕਲਾਕਾਰ ਬੀਬੀ ਨੇ ਇਕ ਦਰਜਨ ਫਰੈਂਡ ਰਖੇ ਹਨ ਤੇ ਉਹ ਰੰਗੀਨ ਨਜ਼ਾਰੇ ਵੀ ਪਰਾਏ ਮਰਦਾਂ ਨਾਲ ਮਾਣਦੀ ਹੈ ਕਿ ਤਾਪਸੀ ਪੰਨੂੰ ਨੂੰ ਵੀ ਅਜਿਹਾ ਕਰ ਲੈਣਾ ਚਾਹੀਦਾ।ਜਿਹੋ ਜਿਹੀਆਂ ਬੇਹੂਦਗੀ ਗਲਾਂ ਤਾਪਸੀ ਕਰ ਰਹੀ ਹੈ ਉਹੋ ਜਿਹੇ ਅਨੇਕਾਂ ਤਰਕ ਉਸ ਦੇ ਜੁਆਬ ਵਿਚ ਘੜੇ ਜਾ ਸਕਦੇ ਹਨ।ਇਹ ਕੋਈ ਔਖੀ ਗਲ ਨਹੀਂ।ਅਸਲ ਵਿਚ ਇਹ ਫਿਲਮੀ ਸੰਸਾਰ ਜਾਣ ਬੁਝ ਕੇ ਅਜਿਹੇ ਵਿਵਾਦ ਖੜੇ ਕਰਕੇ ਆਪਣੀਆਂ ਫਿਲਮਾਂ ਪਰਮੋਟ ਕਰਦਾ ਹੈ।ਜਿਵੇ ਪੰਜਾਬੀ ਸਾਹਿਤ ਵਿਚ ਅਜਿਹੇ ਲੋਕ ਮਿਲ ਜਾਣਗੇ।ਪਰ ਸਾਰਾ ਪੰਜਾਬੀ ਸਾਹਿਤ ਸੰਸਾਰ ਗਲਤ ਨਹੀਂ ਕਿਹਾ ਜਾ ਸਕੇਗਾ।ਅਸਲ ਵਿਚ ਇਹ ਫਿਲਮੀ ਸੰਸਾਰ ਮਨੂੰਵਾਦੀ ਸਿਸਟਮ ਤੇ ਨਾਗਪੁਰੀ ਸਭਿਆਚਾਰ ਅਨੁਸਾਰ ਚਲ ਰਿਹਾ ਤਾਂ ਜੋ ਗੁਰੂ ਦਾ ਦਿਤਾ ਸਭਿਆਚਾਰ ਬਦਲਕੇ ਫਿਲਮੀ ਕਲਾਕਾਰਾਂ ਰਾਹੀਂ ਭਗਵਾਂ ਏਜੰਡਾ ਲਾਗੂ ਕਰਕੇ ਸਿਖ ਧਰਮ ਨੂੰ ਮਜਾਕ ਦਾ ਕੇਂਦਰ ਬਣਾਇਆ ਜਾ ਸਕੇ।ਪਰ ਸ੍ਰੋਮਣੀ ਕਮੇਟੀ ਤੇ ਦਿਲੀ ਗੁਰਦਆਰਾ ਪ੍ਰਬੰਧਕ ਕਮੇਟੀ ਕੋਈ ਐਕਸ਼ਨ ਪਲੈਨ ਨਹੀਂ ਬਣਾ ਸਕੀ।ਕੀ ਕਿਸੇ ਦੀ ਜੁਰਅਤ ਹੈ ਕਿ ਫਿਲਮਾਂ ਹਿੰਦੂ ਧਰਮ ਵਿਰੁਧ ਬਣ ਸਕਣ।ਅਸਲ ਵਿਚ ਸਿਖ ਧਾਰਮਿਕ ਲੀਡਰਸ਼ਿਪ ਢਿਲੀ ਹੈ ਸਿਧਾਂਤਹੀਣ ਹੈ।ਯਾਦ ਰਖਣਾ ਚਾਹੀਦਾ ਭਾਰਤੀ ਸੰਵਿਧਾਨ ਵਿਚ ਬੋਲਣ ਦੀ ਅਜ਼ਾਦੀ ਹੈ ਭੌਂਕਣ ਦੀ ਨਹੀਂ।ਤਾਪਸੀ ਪੰਨੂੰ ਸੰਵਿਧਾਨਕ ਅਜ਼ਾਦੀ ਦਾ ਗਲਤ ਫਾਇਦਾ ਨਾ ਉਠਾਏ।

  - ਮਲਕੀਤ ਸਿੰਘ ਭਵਾਨੀਗੜ੍ਹ
  ਪਰਦੇ ਤੇ ਬੋਲਦੀਆਂ ਤਸਵੀਰਾਂ ਨੂੰ ਆਏ ਬੇਸ਼ੱਕ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇਸ ਵਿੱਚ ਆ ਰਹੇ ਬਦਲਾਅ ਜੇ ਵੇਖੇ ਜਾਣ ਤਾਂ ਉਹਨਾਂ ਦੀ ਰਫਤਾਰ ਬਹੁਤ ਜ਼ਿਆਦਾ ਹੈ। ਬਦਲਾਅ ਸਿਰਫ ਅੰਦਰੂਨੀ ਢਾਂਚੇ ਵਿੱਚ ਹੀ ਨਹੀਂ ਬਦਲਾਅ ਪੇਸ਼ਕਾਰੀ ਕਰਨ ਦੇ ਦਾਇਰੇ ਵਿੱਚ ਵੀ ਬਹੁਤ ਆ ਗਏ ਹਨ। ਵਕਤ ਦੇ ਗੇੜ ਚ ਆਪਣੇ ਆਪ ਤੋਂ ਸਿਆਣਪ ਦੀ ਮਾਨਤਾ ਪ੍ਰਾਪਤ ਮਨੁੱਖ ਜਿੱਥੇ ਤੱਕ ਜਾ ਸਕਦਾ ਹੈ, ਜਾਣ ਦੀ ਕੋੋਸ਼ਿਸ਼ ਕਰ ਰਿਹਾ ਹੈ ਜਾ ਕਹਿ ਸਕਦੇ ਹਾਂ ਕਿ ਜਿੱਥੇ ਤੱਕ ਡਿੱਗ ਸਕਦਾ ਹੈ ਡਿੱਗਦਾ ਹੈ। ਇਹਨੂੰ ਭਾਵੇਂ ਆਪ ਮੁਹਾਰੇ ਚੱਲ ਰਿਹਾ ਪਾਣੀ ਜਾਣ ਲਵੋ ਜਾ ਕਿਸੇ ਕਮਾਨ ਵਿੱਚੋਂ ਸੋਚ ਸਮਝ ਕੇ ਛੱਡਿਆ ਤੀਰ, ਕਰਨਾ ਦੋਵਾਂ ਨੇ ਨੁਕਸਾਨ ਹੀ ਹੈ।ਬੰਨ੍ਹ ਲਾਏ ਬਿਨਾਂ ਪਾਣੀ ਨੇ ਰੁਕਨਾ ਨਹੀਂ ਤੇ ਆਂਉਂਦੇ ਤੀਰ ਅੱਗੇ ਹਿੱਕ ਡਾਹੇ ਬਿਨਾਂ ਕਮਾਨ ਵਾਲੇ ਹੱਥਾਂ ਨੂੰ ਕਾਂਬਾ ਨਹੀਂ ਛਿਡ ਸਕਦਾ। ਸ਼ੌਹਰਤ ਤੇ ਕਾਹਲ ਦੀ ਅਮੀਰੀ ਬੰਦੇ ਦੇ ਸੋਚਣ ਸਮਝਣ ਵਿੱਚ ਸਿਰਫ ਇਨਾਂ ਕੁ ਫਰਕ ਜਰੂਰ ਪਾ ਦਿੰਦੀ ਹੈ ਕਿ ਅੱਤ ਦਰਜੇ ਦੀ ਘਟੀਆ ਹਰਕਤ ਕਰਦੇ ਸਮੇਂ ਵੀ ਬੰਦਾ ਆਪਣੇ ਆਪ ਨੂੰ ਇਮਾਨਦਾਰ ਅਤੇ ਇੱਜ਼ਤਦਾਰ ਹੋਣ ਦਾ ਦਾਅਵਾ ਕਰਦਾ ਹੈ।ਦਲੀਲਾਂ ਦੀ ਪੰਡ ਵਿੱਚੋਂ ਰੁੱਗ ਭਰ ਭਰ ਵੰਡਣ ਦੀ ਦਲੇਰੀ ਉਹਦੇ ਵਿੱਚ ਸਹਿਜੇ ਹੀ ਵੇਖੀ ਜਾ ਸਕਦੀ ਹੈ।ਸਮੇਂ ਨਾਲ ਬਦਲਦੇ ਢੰਗਾਂ ਨੂੰ ਬੰਦੇ ਆਪੋ ਅਪਣੀ ਸਮਝ ਮੁਤਾਬਕ ਅਪਣਾਉਂਦੇ ਜਾ ਠੁਕਰਾਉਂਦੇ ਹਨ।ਵਿਰਲੇ ਇਹਨਾਂ ਢੰਗਾਂ ਨੂੰ ਆਪਣੀ ਅਸਲ ਵਿਰਾਸਤ ਦੀ ਛਾਂ ਹੇਠ ਰੱਖ ਕੇ ਵੇਖਦੇ ਹਨ, ਜਿਸ ਕਰਕੇ ਹੀ ਸ਼ਾਇਦ ਵਪਾਰੀ ਅਤੇ ਮਨੱਖ ਵਿੱਚ ਟਕਰਾਅ ਹੈ।
  ਜਿੱਥੇ ਵਪਾਰੀ ਲਈ ਮਨੁੱਖ ਤੋਂ ਵੱਧ ਜਰੂਰੀ ਵਪਾਰ ਬਣ ਜਾਵੇ ਉੱਥੇ ਉਹ ਮਹਿਜ ਕਹਿਣ ਲਈ ਮਨੁੱਖ ਹੋ ਸਕਦਾ ਹੈ ਪਰ ਅਮਲੋਂ ਨਹੀਂ।ਪਰਦੇ ਉੱਤੇ ਬੋਲਦੀਆਂ ਤਸਵੀਰਾਂ ਨੂੰ ਵੇਚਣ ਲਈ ਅਜਿਹੇ ਵਪਾਰੀ ਬਹੁਤ ਰਫਤਾਰ ਨਾਲ ਮਨੁੱਖ ਦੀਆਂ ਕਦਰਾਂ ਕੀਮਤਾਂ ਨਾਲ ਖੇਡ ਰਹੇ ਹਨ।ਭਾਵੇਂ ਕਿ ਅੱਜਕੱਲ੍ਹ ਜੋ ਵੀ ਵੇਖਣ ਨੂੰ ਮਿਲਦਾ ਹੈ ਉਹਦੇ ਵਿੱਚੋਂ ਬਹੁਤਾ ਰੱਦਣਯੋਗ ਹੀ ਹੈ ਕਿਉਂ ਜੋ ਉਸ ਵਿੱਚ ਦਿਨ ਪਰ ਦਿਨ ਗਿਰਾਵਟ ਆ ਰਹੀ ਹੈ ਜੋ ਕਿ ਸਾਡੇ ਜੀਵਨ ਜਿਉਣ ਦੀਆਂ ਪਰਿਭਾਸ਼ਵਾਂ ਵਿੱਚ ਦਖਲ ਦੇ ਰਹੀ ਹੈ।ਬਦਲ ਰਹੀ ਪਰਿਭਾਸ਼ਾ ਨੂੰ ਅਪਣਾਉਣ ਵਾਲੇ ਹੀ ਇਹਨਾਂ ਵਪਾਰੀਆਂ ਦੇ ਗਾਹਕ ਬਣਦੇ ਹਨ।ਪਹਿਲਾਂ ਇਹਨਾਂ ਹੀ ਵਪਾਰੀਆਂ ਨੇ ਹੌਲੀ ਹੌਲੀ ਕਰਕੇ ਪਰਦੇ ਉੱਤੋਂ ਪਰਦਾ ਚੱੁੁਕਿਆ, ਲੱਚਰਤਾ ਦੀ ਬਾਤ ਪਾਈ, ਲਗਾਤਾਰ ਪਾਉਂਦੇ ਗਏ ਅਤੇ ਲੁਕਵੇਂ ਹੁੰਗਾਰੇ ਹੌਲੀ ਹੌਲੀ ਸ਼ਰੇਆਮ ਹੋ ਗਏ।ਉਹਦੀਆਂ ਹੱਦਾਂ ਬੰਨੇ ਲੰਘਦੇ ਇਹ ਮਨ ਮਰਜੀ ਦੇ ਰੋਗ ਦੇ ਐਸੇ ਸ਼ਿਕਾਰ ਹੋ ਗਏ ਕਿ ਔਕਾਤ ਤੋਂ ਬਾਹਰ ਰਹਿਣਾ ਹੀ ਇਹਨਾਂ ਦਾ ਪੇਸ਼ਾ ਬਣ ਗਿਆ।ਫਿਰ ਇਸ ਪੇਸ਼ੇ ਵਿੱਚ ਇੱਕ ਨਵਾਂ ਰੋਗ ਪੈਦਾ ਹੋਇਆ ਜਿਸ ਵਿੱਚ ਕਿਰਦਾਰਾਂ ਦੀ ਢਾਹ ਭੰਨ ਹੋਣ ਲੱਗੀ।
  ਸਿੱਖਾਂ ਦੇ ਮਸਲੇ ਵਿੱਚ ਇਹ ਵਰਤਾਰਾ ਹੁਣ ਆਮ ਹੀ ਹੁੰਦਾ ਜਾ ਰਿਹਾ ਹੈ। ਹਰ ਦਿਨ ਕੋਈ ਛੇੜ ਛਾੜ ਵਾਲੀ ਹਰਕਤ ਦੀ ਖਬਰ ਆ ਰਹੀ ਹੈ।ਲੱਗਦਾ ਹੈ ਜਿਵੇਂ ਇਹ ਹਰਕਤਾਂ ਚੀਕ ਰਹੀਆਂ ਹੋਣ ਕਿ “ਅਸੀਂ ਦੱਸਦੇ ਹਾਂ ਤੁਸੀਂ ਕੌਣ ਹੋ”।ਪਹਿਲਾਂ ਕਾਬਜ ਜਮਾਤਾਂ ਨੇ ਸਿੱਧੇ ਰੂਪ ਵਿੱਚ ਨਸਲਕੁਸ਼ੀ ਦੇ ਪੈਂਤੜੇ ਅਪਣਾਏ ਜੋ ਹੁਣ ਤੀਕ ਵੀ ਵੱਖ ਵੱਖ ਢੰਗਾਂ ਰਾਹੀਂ ਅਪਣਾਏ ਜਾ ਰਹੇ ਹਨ। ਇਸ ਮਾਧਿਅਮ ਰਾਹੀਂ ਸਾਡੇ ਕਿਰਦਾਰ ਦੀ ਪੇਸ਼ਕਾਰੀ ਦਾ ਪੂਰਨ ਹੱਕ ਇਹਨਾਂ ਵਪਾਰੀਆਂ ਨੇ ਆਪਣੇ ਹੱਥ ਵਿੱਚ ਸਮਝ ਲਿਆ ਹੈ ਜਾ ਇਹਨਾਂ ਦੀ ਪਿੱਠ ਥਾਪੜਣ ਵਾਲੇ ਲੁਕਵੇਂ ਫਰੇਬੀ ਬੰਦਿਆਂ ਨੂੰ ਇਹ ਹਥਿਆਰ ਕੁਝ ਜ਼ਿਆਦਾ ਰਾਸ ਆ ਰਿਹਾ ਜਾਪਦਾ ਹੈ ਜਿਸ ਵਿੱਚੋਂ ਕਦੇ ‘ਨਾਨਕ ਨਾਮ ਜਹਾਜ ਹੈ’, ਕਦੇ ‘ਬੋਲੇ ਸੋ ਨਿਹਾਲ’, ਕਦੇ ‘ਨਾਨਕ ਸ਼ਾਹ ਫਕੀਰ’ ਵਰਗੀਆਂ ਫਿਲਮਾਂ ਅਤੇ ਹੁਣ ‘ਮਰਮਜੀਆਂ’ ਫਿਲਮ ਉਪਜੀ ਹੈ।ਸਿੱਖ ਦੇ ਕਿਰਦਾਰ ਨੂੰ ਪਰਦੇ ਤੇ ਕਿਵੇਂ ਵਿਖਾਉਣਾ ਇਸ ਗੱਲ ਦੀ ਸਮਝ ਤਾਂ ਦੂਰ ਦੀ ਗੱਲ ਹੈ ਭੈਅ ਵੀ ਤਕਰੀਬਨ ਖਤਮ ਹੋ ਗਿਆ ਹੈ।ਜਿਵੇਂ ਕਿਸੇ ਨੇ ਕਿਹਾ ਹੈ ਕਿ ਚੋਰੀ ਰਾਖੀ ਨਾਲ ਨਹੀਂ ਭੈਅ ਨਾਲ ਰੁਕਦੀ ਹੈ, ਇਹ ਵੀ ਇੱਕ ਤਰ੍ਹਾਂ ਦੀ ਚੋਰੀ ਹੀ ਹੈ। ਇਸ ਲਈ ਇੱਕਲਾ ਭੈਅ ਤਾਂ ਕੰਮ ਕਰ ਜਾਵੇਗਾ ਪਰ ਇੱਕਲੀ ਰਾਖੀ ਨਾਲ ਗੱਲ ਨਹੀਂ ਬਣਨੀ।ਫਿਲਮ ‘ਮਨਮਰਜੀਆਂ’ ਵਿੱਚ ਕਿਰਦਾਰ ਤੇ ਕੀਤੇ ਗਏ ਹਮਲੇ ਸੰਬੰਧੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚੱਲ ਰਹੀ ਹੈ।ਇਸ ਸੰਬੰਧੀ ਆਪਣੀ ਦਲੀਲਾਂ ਦੀ ਪੰਡ ਚੋਂ ਕੁਝ ਰੁੱਗ ‘ਅਨੁਰਾਗ ਕਸ਼ਿਅਪ’ ਨੇ ਵੀ ਸ਼ਰਾਰਤੀ ਅਤੇ ਫਰੇਬੀ ਭਰੇ ਲਹਿਜੇ ਵਿੱਚ ਭੇਜੇ ਹਨ। ਜਿਸ ਹਰਕਤ ਲਈ ਮਹਿਜ ਮੁਆਫੀ ਹੀ ਬਹੁਤ ਨਹੀਂ ਸੀ, ਉਸ ਹਰਕਤ ਦਾ ਇਹ ਬੰਦਾ ਕਿੰਨੇ ਹੰਕਾਰ ਨਾਲ ਪੱਖ ਪੂਰ ਰਿਹਾ ਹੈ ਇਹ ਉਹਦੇ ਬਿਆਨ ਦੀ ਇੱਕ ਇੱਕ ਗੱਲ ਵਿੱਚੋਂ ਝਲਕ ਰਿਹਾ ਹੈ।ਕੌਮ ਨਾਲੋਂ ਵੱਖ ਕਰਕੇ ਅਜਿਹੀਆਂ ਗੱਲਾਂ ਨੂੰ ਨਿੱਜੀ ਬੰਦਿਆਂ ਦੀਆਂ ਦਿਲਚਸਪੀਆਂ ਦੇ ਘੇਰੇ ‘ਚ ਬੰਨਣਾ ਬੇਹੱਦ ਕੱਚੀ ਦਲੀਲ ਹੈ।ਜੇਕਰ ਨਾਮ ਮਨਮਰਜੀਆਂ ਰੱਖ ਲਿਆ ਤਾਂ ਇਹ ਪ੍ਰਮਾਣ ਪੱਤਰ ਨਹੀਂ ਮਿਲ ਜਾਂਦਾ ਕਿ ਮਨਮਰਜੀਆਂ ਕੀਤੀਆਂ ਜਾਣ, ਉਹ ਵੀ ਨੀਚ ਦਰਜੇ ਦੀਆਂ।
  ਸਾਡੇ ਵਿਰਸੇ ਦੀ ਛਾਂ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਪ੍ਰਵਾਨਗੀ ਨਹੀਂ ਹੈ। ਇਹ ਗੱਲ ਭਲੀ ਭਾਂਤ ਇਹ ਵਪਾਰੀ ਜਗਤ ਵੀ ਸ਼ਾਇਦ ਜਾਣਦਾ ਹੋਵੇਗਾ ਕਿਉਂਕਿ ਇਹਨਾਂ ਦੀਆਂ ਗੱਲਾਂ ਵਿੱਚੋਂ ਉਹ ਅਨਜਾਣਪੁਣੇ ਦੀ ਝਲਕ ਕਿਤੇ ਵੀ ਨਹੀਂ ਹੈ ਪਰ ਜਿੱਦ ਕਰਨੇ ਦੀ ਝਲਕ ਵਾਰ ਵਾਰ ਪੈਂਦੀ ਰਹਿੰਦੀ ਹੈ।ਇਹ ਜਿੱਦ ਜਿਸ ਹੰਕਾਰ ਵਿੱਚੋਂ ਕੀਤੀ ਜਾ ਰਹੀ ਹੈ ਉਸ ਦੀਆਂ ਪਰਤਾਂ ਨੂੰ ਸਮਝਣ ਦੀ ਜਿੰਮੇਵਾਰੀ ਸਿੱਖ ਕੌਮ ਦੀ ਹੈ। ਨਾਲ ਹੀ ਸਾਡੀ ਇੱਕ ਵੱਡੀ ਜਿੰਮੇਵਾਰੀ ਸਾਡੇ ਅਮਲਾਂ ਤੇ ਝਾਤ ਪਾਉਣ ਦੀ ਵੀ ਹੈ, ਇਹ ਇਮਾਨਦਾਰੀ ਦੀ ਝਾਤ ਸਾਡੇ ਇਹ ਮਸਲੇ ਹੱਲ ਕਰ ਸਕਦੀ ਹੈ। ਸਾਡਾ ਅਸੀਂ ਹੋਣਾ ਬੇਹੱਦ ਜਰੂਰੀ ਹੈ ਜੇਕਰ ਇਸ ਲੜਾਈ ਦੀ ਸਮਝ ਬਣਾਉਣੀ ਹੈ ਅਤੇ ਮੈਦਾਨ ‘ਚ ਪੈਰ ਪਾਉਣੇ ਹਨ। ਜਿੰਨਾਂ ਸਮਾਂ ਅਸੀਂ ਅਸੀਂ ਨਹੀਂ ਹਾਂ ਉਨਾਂ ਸਮਾਂ ਭੁਲੇਖਿਆਂ ਅਤੇ ਖੱਜਲ ਖੁਆਰੀਆਂ ਤੋਂ ਬਿਨਾਂ ਕੁਝ ਨੀ ਖੱਟਿਆ ਜਾ ਸਕਦਾ।ਸਹੇ ਲੰਘ ਰਹੇ ਹਨ ਅਤੇ ਪਹੇ ਬਣਦੇ ਜਾ ਰਹੇ ਹਨ, ਇਹ ਜ਼ਿੰਮੇਵਾਰੀ ਹੁਣ ਸਾਡੀ ਹੈ ਕਿ ਕਿਵੇਂ ਸਹੇ ਅਤੇ ਪਹੇ ਦਾ ਹੱਲ ਲੱਭਣਾ ਹੈ।ਬੋਲਦੀਆਂ ਤਸਵੀਰਾਂ ਦੇ ਗਾਹਕ ਬਹੁਤ ਹਨ, ਅਤੇ ਬਹੁਤੇ ਇਹਨੂੰ ਜਿਸ ਪੱਖ ਤੋਂ ਵੇਖਦੇ ਹਨ ਉਹਨਾਂ ਕੋਲ ਇਹਦੀ ਗਹਿਰਾਈ ‘ਚ ਜਾਣ ਦਾ ਨਾ ਤੇ ਸਮਾਂ ਹੈ ਨਾ ਹੀ ਦਿਲਚਸਪੀ। ਇਹ ਵੱਡਾ ਫਾਇਦਾ ਇਸ ਕਿੱਤੇ ਦੇ ਵਪਾਰੀ ਨੂੰ ਹੈ ਜਿਸ ਦੀ ਮਿਹਰਬਾਨੀ ਨਾਲ ਉਹ ਦਿਨ ਪਰ ਦਿਨ ਆਪਣੀ ਰਫਤਾਰ ਤੇਜ ਕਰ ਰਿਹਾ ਹੈ। ਪਹਿਲਾਂ ਤੁਹਾਨੂੰ ਆਪਣੇ ਵਰਗਾ ਬਣਾ ਲਿਆ ਅਤੇ ਹੁਣ ਆਪਣੀ ਪੇਸ਼ਕਾਰੀ ਦੀ ਬੰਦੂਕ ਨੂੰ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਰਿਹਾ ਹੈ ਤੇ ਚਲਾ ਵੀ ਤੁਹਾਡੇ ਤੇ ਰਿਹਾ ਹੈ। ਜੇਕਰ ਇਸ ਵਰਤਾਰੇ ਦੀ ਸਹੀ ਸਮਝ ਬਣਾਉਣ ਵਿੱਚ ਅਸੀਂ ਕਾਮਯਾਬ ਨਾ ਹੋਏ ਅਤੇ ਸਾਡੇ ਹੁੰਗਾਰੇ ਲੈਣ ਵਿੱਚ ਇਹੋ ਜਿਹੀਆਂ ਬੋਲਦੀਆਂ ਤਸਵੀਰਾਂ ਕਾਮਯਾਬ ਹੋ ਗਈਆਂ ਤਾਂ ‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ’ ਵਾਲੀ ਸਥਿਤੀ ਵਿੱਚ ਅਸੀਂ ਪੂਰਨ ਤੌਰ ਤੇ ਸ਼ਾਮਿਲ ਹੋ ਜਾਵਾਂਗੇ।

  - ਪ੍ਰੋ. ਦਰਸ਼ਨ ਸਿੰਘ ਖ਼ਾਲਸਾ 
  ਇਹ ਠੀਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਸ਼੍ਰੋਮਣੀ ਕਮੇਟੀ ਸਮੇਤ ਬਹੁਤੀ ਥਾਂਈ ਗੁਰਦੁਆਰਿਆਂ ਵਿੱਚ ਗੁਰਮਤਿ ਤੋਂ ਅਨਜਾਣ ਚੌਧਰ ਦੇ ਭੁੱਖੇ ਦੌਲਤ ਅਤੇ ਡਾਂਗ ਦੇ ਜ਼ੋਰ ਨਾਲ ਪ੍ਰਬੰਧਕ ਆ ਗਏ, ਜਿਨ੍ਹਾਂ ਨੇ ਗੁਰਦੁਆਰੇ ਨੂੰ ਕੇਵਲ ਗੋਲਕ ਅਤੇ ਗੋਲਕ ਚੋਰਾਂ ਦਾ ਘਰ ਬਣਾ ਦਿੱਤਾ। ਭਾਈ ਗੁਰਦਾਸ ਨੇ ਏਥੋਂ ਤੱਕ ਕਹਿ ਦਿਤਾ ਕੇ “ਮੂਲਿ ਨ ਉਤਰੈ ਹਤਿਆ ਬੇਮੁਖ ਗੁਰਦੁਆਰੇ ॥17॥” ਪਰ ਐਸੇ ਪ੍ਰਬੰਧਕਾਂ ਨੇ ਅਪਣੀ ਜੁਗਤ 'ਤੇ ਪੜਦਾ ਰੱਖਣ ਲਈ ਅਤੇ ਗੋਲਕ ਵਧਾਉਣ ਲਈ ਕੇਵਲ ਸੰਗਤ ਇਕੱਠੀ ਕਰਨ ਵਾਲੇ ਪ੍ਰਚਾਰਕਾਂ ਨੂੰ ਸਟੇਜ ਦਿੱਤੀ, ਪਰ ਸੰਗਤ ਤੱਕ ਗੁਰਮਤਿ ਗਿਆਨ ਪਹੁੰਚਾਉਣ ਲਈ ਨਹੀਂ। ਉਨ੍ਹਾਂ ਨੂੰ ਰੋਜ਼ੀ ਲਈ ਲੋੜਵੰਦ ਗ੍ਰੰਥੀ ਅਤੇ ਪ੍ਰਚਾਰਕ ਭੀ ਮਿਲ ਗਏ ਜਿਨ੍ਹਾਂ ਨੇ ਸਭ ਕੁਛ ਜਾਣਦਿਆਂ ਭੀ ਗੁਰਬਾਣੀ ਦਾ ਗਿਆਨ ਸੋਝੀ ਸੰਗਤ ਤੱਕ ਪਹੁਚਾਉਣ ਦੀ ਥਾਵੇਂ ਗੁਰਮਤਿ ਪਖੋਂ ਚੁੱਪ ਅਤੇ ਪ੍ਰਬੰਧਕਾਂ ਦੀ ਖੁਸ਼ੀ ਵਿੱਚ ਹੀ ਅਪਣੇ 'ਰੋਟੀਆ ਕਾਰਣਿ ਪੂਰਹਿ ਤਾਲ ॥' ਵਜਾਏ। ਨਤੀਜਾ ਸੰਗਤਾਂ ਦੇ ਜੀਵਨ ਦਾ ਸਮਾਂ, ਸਰਮਾਇਆ ਅਤੇ ਗੁਰਦੁਆਰਾ ਸਟੇਜ ਸਭ ਕੁਛ ਬੇਅਰਥ ਹੋਂਦਾ ਗਿਆ।
  ਸਮਾਂ ਬੀਤਣ ਨਾਲ ਜਾਗਰਤੀ ਆਈ, ਆਪਣੇ ਨੁਕਸਾਨ ਦਾ ਅਹਿਸਾਸ ਤਾਂ ਹੋਇਆ, ਪਰ ਇਹ ਨਾ ਸੋਚਿਆ ਕਿ ਇਹ ਸਾਰਾ ਦੋਸ਼ ਗੁਰਦੁਆਰਿਆਂ ਦਾ ਨਹੀਂ, ਸਾਡੇ ਧਰਮ ਦੀ ਥਾਵੇਂ ਧੜਿਆਂ ਵਿੱਚ ਵੰਡੇ ਲੋਕਾਂ ਵਲੋਂ ਚੁਣੇ ਹੋਇ ਪ੍ਰਬੰਧਕਾਂ ਦਾ ਹੈ। ਆਏ ਦਿਨ ਗੁਰਦੁਆਰਿਆਂ ਵਿੱਚ ਪ੍ਰਬੰਧਕੀ ਧੜਿਆਂ ਦੀਆਂ ਲੜਾਈਆਂ ਜਿਹਨਾ ਕਾਰਨ ਲੋਕ ਗੁਰਦੁਆਰਿਆਂ ਤੋਂ ਨਾਸਤਕ ਹੋ ਰਹੇ ਹਨ।
  ਪਰ ਅਸੀਂ ਕਦੀ ਸੋਚਿਆ ਜੇ ਇਹ ਗੁਰਦੁਆਰਾ ਪ੍ਰਥਾ ਸਾਡੀ ਤੁਹਾਡੀ ਬਣਾਈ ਹੋਈ ਨਹੀਂ ਹੈ, ਗੁਰਦੁਆਰੇ ਸੰਗਤ ਰੂਪ ਵਿੱਚ ਮਿਲ ਬੈਠ ਕੇ ਗੁਰਮਤਿ ਵੀਚਾਰਨ ਦਾ ਕੇਂਦਰ ਬਣਾਏ ਗਏ ਸਨ। ਇਸ ਲਈ ਵੀਰੋ ਗੁਰਦੁਆਰੇ ਢਾਹੋ ਨਾ, ਮੂੰਹ ਨਾ ਮੋੜੋ, ਗੁਰਦੁਆਰਿਆਂ ਦੇ ਪ੍ਰਬੰਧ ਦਾ ਸੁਧਾਰ ਕਰੋ, ਫਿਰ ਦੇਖੋਗੇ ਗੁਰਦੁਆਰਿਆਂ ਵਿੱਚ ਸਟੇਜ ਤੋਂ ਗੁਰਬਾਣੀ ਗੁਰਮਤਿ ਦਾ ਸੱਚ ਸਮਝਣ ਸਮਝਾਉਣ ਵਾਲੇ ਕੀਰਤਨੀਏ, ਪ੍ਰਚਾਰਕ ਗ੍ਰੰਥੀ ਭੀ ਮਿਲਣਗੇ, ਗੁਰਦੁਆਰਿਆਂ ਵਿੱਚੋਂ ਗੁਰੂ ਨਾਨਕ ਦਾ ਸੁਪਨਾ ਸਾਕਾਰ ਹੋਵੇਗਾ।
  ਮੈ ਕੁੱਛ ਸਮੇ ਤੋਂ ਲਗਾਤਾਰ ਦੇਖ ਸੁਣ ਰਿਹਾ ਹਾਂ ਕਿ ਉਸ ਜਾਗਰਤੀ ਵਿੱਚੋਂ ਪੈਦਾ ਹੋਈ ਹੋਈ ਕਾਮਰੇਡੀ ਸੋਚ ਨੇ ਉਠਕੇ ਇਹ ਹਾਲ ਪਾਹਰਿਆ ਪਾਇਆ ਹੋਇਆ ਹੈ
  - ਗੁਰਦੁਆਰਿਆਂ ਦੀ ਕੋਈ ਲੋੜ ਨਹੀਂ,
  - ਰੱਬ ਅਤੇ ਗੁਰੂ ਪੁਜਾਰੀਆਂ ਦੀ ਕਾਢ ਹੈ,
  - ਬੱਸ ਕੁਦਰਤ ਹੀ ਰੱਬ ਹੈ,
  - ਗਿਆਨ ਹੀ ਗੁਰੂ ਹੈ।
  - ਗ੍ਰੰਥ ਦੀ ਪੂਜਾ, ਅਨਦਿਸਦੇ ਰੱਬ ਅੱਗੇ ਅਰਦਾਸਾਂ ਫਜ਼ੂਲ ਹਨ, ਹਾਲਾਂਕਿ ਆਪ ਇਹ ਸਭ ਕੁਛ ਕਰ ਰਹੇ ਲੋਕ ਹੀ ਦੂਜਿਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ।
  ਮੈਨੂੰ ਤੌਖ਼ਲਾ ਹੈ ਕਿ ਜੇ ਇਨ੍ਹਾਂ ਨੁਕਤਿਆਂ ਨੂੰ ਸਮਝਿਆ ਨਾ ਗਿਆ, ਜੇ ਇਸ ਸੋਚ ਨੂੰ ਠੱਲ ਨਾ ਪਈ ਤਾਂ ਗੁਰੂ ਅਤੇ ਰੱਬ ਦੀ ਬਾਤ ਖਾਮੋਸ਼ ਹੋ ਜਾਵੇਗੀ। ਰੋਜ਼ ਇਸ ਕਿਸਮ ਦੀਆਂ ਪੋਸਟਾਂ ਪੜ੍ਹ ਰਿਹਾ ਹਾਂ ਕਿ ਦੱਸੋ ਰੱਬ ਨੇ ਤੁਹਾਡਾ ਕੀ ਸਵਾਰਿਆ ਹੈ? ਤੁਸੀਂ ਆਪ ਸਭ ਕੁੱਛ ਕਰ ਸਕਦੇ ਹੋ, ਅਪਣੀਆਂ ਲੱਤਾਂ ਵਿੱਚ ਦਮ ਪੈਦਾ ਕਰੋ। ਜਿਹੜੇ ਰੱਬ ਨੂੰ ਨਹੀਂ ਮਨਦੇ, ਉਨ੍ਹਾਂ ਦੇ ਘਰ ਕਿਹੜੇ ਬੱਚੇ ਨਹੀਂ ਪੈਦਾ ਹੋਂਦੇ। ਜੇ ਰੱਬੀ ਹੋਂਦ ਅਤੇ ਭਰੋਸੇ ਦੀ ਗੱਲ ਨੂੰ ਪੁਜਾਰੀਆਂ ਦਾ ਢਕੌਂਜ ਆਖਿਆ ਜਾ ਰਿਹਾ ਹੈ, ਤਾਂ ਫਿਰ ਗੁਰੂ ਨੂੰ ਕੀ ਕਹੋਗੇ ਜਿਹੜਾ ਆਪ ਬਚਨ ਕਰਦਾ ਹੈ “ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥ ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥ ਜੋ ਤਿਸੁ ਭਾਵੈ ਸੋਈ ਕਰੇਇ ॥” ਬਸ ਇਉਂ ਗੁਰੂ ਦੀ ਸੋਚ ਨੂੰ ਚੈਲੰਜ ਕਰਕੇ ਕਾਮਰੇਡੀ ਸੋਚ ਪਸਰ ਜਾਵੇਗੀ।
  ਇਸ ਸਭ ਕੁੱਛ ਲਈ ਬੁਣੇ ਜਾ ਰਹੇ ਜਾਲ ਦੇ ਪਿੱਛੇ ਕਿਸ ਦੀ ਸੋਚ ਹੋ ਸਕਦੀ ਹੈ? ਬਹੁਤ ਕੁੱਛ ਐਸਾ ਸਾਹਮਣੇ ਦੇਖ ਰਿਹਾ ਹਾਂ ਜੋ ਕਿਸੇ ਦੇ ਮੰਦੇ ਬੋਲਾਂ ਤੋਂ ਡਰਦਾ ਖਾਮੋਸ਼ ਹੋ ਕੇ ਗੁਰਮਤਿ ਨਿਜ਼ਾਮ ਉਜੜਦਾ ਅੱਖੀ ਨਹੀਂ ਦੇਖ ਸਕਦਾ। ਮਜਬੂਰ ਹੋ ਗਿਆ ਹਾਂ ਕਿ ਵਾਰੀ ਵਾਰੀ ਸਭ ਕੁੱਛ ਤੁਹਾਡੇ ਸਾਹਮਣੇ ਖੋਲ੍ਹ ਕੇ ਰਖਦਾ ਜਾਵਾਂ, ਆਪਣਾ ਫਰਜ਼ ਅਦਾ ਕਰਾਂ, ਮਨ 'ਤੇ ਬੋਝ ਨਾ ਰੱਖਾਂ। ਪਹਿਰੇਦਾਰ ਦਾ ਕੰਮ ਹੈ, ਆਵਾਜ਼ ਦੇਣੀ, ਅੱਗੇ ਜਾਗ ਕੇ ਘਰ ਬਚਾਉਣਾ ਨਾ ਬਚਾਉਣਾ ਤੁਹਾਡੀ ਮਰਜ਼ੀ ਹੈ।
  ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
  ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥1॥

  23 ਸਤੰਬਰ 2018 ਨੂੰ 100ਵੇਂ ਵਰ੍ਹੇ ਤੇ ਵਿਸ਼ੇਸ਼

  - ਜੰਗ ਦੇ ਨਾਇਕ ਵਜੋਂ ਉੱਭਰੇ ਸਨ ਕੈਪਟਨ ਅਨੂਪ ਸਿੰਘ
  - ਨਵਜੀਵਨ ਸਿੰਘ ਧੌਲਾ, 9056160716
  ਅੱਜ ਅਸੀਂ ਉਸ ਲੜਾਈ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਵਿਚ ਸਿੱਖ ਫ਼ੌਜੀਆਂ ਨੇ ਦੁਸ਼ਮਣ ਦੇ ਮੁਕਾਬਲੇ ਵਿਚ ਰਵਾਇਤੀ ਹਥਿਆਰਾਂ ਨਾਲ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਇਹ ਲੜਾਈ ‘ਹਾਇਫ਼ਾ ਯੁੱਧ’ ਦੇ ਨਾਮ ਨਾਲ ਪ੍ਰਸਿੱਧ ਹੈ ਜੋ ਕਿ ਪਹਿਲੇ ਵਿਸ਼ਵ ਯੁੱਧ (1914-1918) ਦਾ ਹਿੱਸਾ ਸੀ। 23 ਸਤੰਬਰ 1918 ਦੀ ਇਸ ਲੜਾਈ ਨੇ ਨਵਾਂ ਦੇਸ਼ ਇਜ਼ਰਾਇਲ ਬਣਨ ਦਾ ਰਸਤਾ ਖੋਲ੍ਹ ਦਿੱਤਾ। ਅੱਜ ਤੱਕ 61ਵੀਂ ਕੈਵਲਰੀ ਬ੍ਰਿਗੇਡ 23 ਸਤੰਬਰ ਨੂੰ ਸਥਾਪਨਾ ਦਿਵਸ ਜਾਂ ਹਾਇਫਾ ਦਿਵਸ ਮਨਾਉਂਦੀ ਹੈ। ਇਜ਼ਰਾਇਲ ਵਿਚ ਵੀ 23 ਸਤੰਬਰ ਨੂੰ ਇਕ ਵਿਸ਼ੇਸ਼ ਸਮਾਗਮ ਕਰਕੇ ਸ਼ਹੀਦ ਹੋਏ ਸਿੱਖ ਅਤੇ ਹੋਰ ਭਾਰਤੀ ਫੌਜੀਆਂ ਨੂੰ ਸ਼ਰਧਾਜ਼ਲੀ ਦਿੱਤੀ ਜਾਂਦੀ ਹੈ।

  ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਪਾਕਿਸਤਾਨੀ ਡਾਕ ਤਾਰ ਵਿਭਾਗ ਵਲੋਂ ਭਾਰਤੀ ਕਬਜੇ ਹੇਠਲੇ ਕਸ਼ਮੀਰ ਵਿੱਚ ਸਰਕਾਰੀ ਤੰਤਰ ਵਲੋਂ ਕੀਤੇ ਜਾ ਰਹੇ ਜੁਲਮਾਂ ਬਾਰੇ 20 ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਇਕ ਇਕ ਟਿਕਟ ਸਾਲ 2000 ਵਿੱਚ ਕਸ਼ਮੀਰ ਵਿੱਚ ਅੰਜ਼ਾਮ ਦਿਤੇ ਗਏ ਚਿੱਟੀ ਸਿੰਘਪੁਰਾ ਕਤਲੇਆਮ ਦੀ ਵੀ ਹੈ।
  ਪਾਕਿਸਤਾਨ ਵੱਲੋਂ ਜਾਰੀ ਕੀਤੀਆਂ ਗਈਆਂ ਹਾਲੀਆ ਡਾਕ ਟਿਕਟਾ ਜੋ ਅੱਜ-ਕੱਲ੍ਹ ਚਰਚਾ ਵਿੱਚ ਹਨ। ਹੇਠਲੀ ਕਤਾਰ ਵਿੱਚ ਖਬਿਓਂ ਦੂਜੀ ਟਿਕਟ ਚਿੱਠੀ ਸਿੰਘਪੁਰਾ ਕਲਤੇਆਮ ਦੇ ਪੀੜਤਾਂ ਨੂੰ ਸਮਰਪਤ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਡਾਕ ਤਾਰ ਵਿਭਾਗ ਵਲੋਂ ਜਾਰੀ ਇਨ੍ਹਾਂ ਟਿਕਟਾਂ ਨੂੰ “ਭਾਰਤੀ ਕਬਜੇ ਹੇਠਲੇ ਕਸ਼ਮੀਰ’ ਵਿੱਚ ਭਾਰਤੀ ਫੌਜ ਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਕਸ਼ਮੀਰ ਦੀ ਅਜਾਦੀ ਲਈ ਲੜਨ ਵਾਲੇ ਅੱਤਵਾਦੀਆਂ ਖਿਲਾਫ ਕਾਰਵਾਈ ਦੀ ਲੜੀ ਤਹਿਤ ਵਰਤੇ ਗਏ ਸਾਧਨਾਂ, ਰਸਾਇਣ ਹਥਿਆਰ, ਬੱਚਿਆਂ ਤੇ ਔਰਤਾਂ ਤੇ ਅਤਿਆਚਾਰ, ਝੂਠੇ ਪੁਲਿਸ ਮੁਕਾਬਲੇ, ਸੰਘਰਸ਼ ਲੜਨ ਵਾਲਿਆਂ ਖਿਲਾਫ ਛੱਰਿਆਂ ਵਾਲੀਆਂ ਬੰਦੂਕਾਂ ਦੀ ਵਰਤੋਂ ਅਤੇ ਆਮ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਵਰਗੇ ਵਿਿਸ਼ਆਂ ਨੂੰ ਛੂਹਿਆ ਬਣਾਇਆ ਗਿਆ ਹੈ। ਇਨ੍ਹਾਂ ਵੀਹ ਟਿਕਟਾਂ ਵਿੱਚ ਇੱਕ ਟਿਕਟ ਕਸ਼ਮੀਰ ਦੇ ਚਿੱਟੀਸਿੰਘ ਪੁਰਾ ਵਿਖੇ ਸਾਲ 2000 ਵਿੱਚ ਅੰਜ਼ਾਮ ਦਿੱਤੇ ਗਏ 35 ਸਿੱਖਾਂ ਦੇ ਕਤਲੇਆਮ ਨੂੰ ਸਮਰਪਿਤ ਹੈ। ਬੇਘਰ ਬੱਚਿਆਂ ਦੇ ਸਿਰਲੇਖ ਹੇਠ ਛਾਪੀ ਤੇ ਜਾਰੀ ਕੀਤੀ ਟਿਕਟ ਉਪਰ ਚਿੱਟੀ ਸਿੰਘਪੁਰਾ ਦੇ ਉਨ੍ਹਾਂ ਰੌਂਦੇ ਵਿਲਕਦੇ ਸਿੱਖ ਬੱਚਿਆਂ ਦੀ ਤਸਵੀਰ ਹੈ। ਪਾਕਿਸਤਾਨ ਵਲੋਂ ਜਾਰੀ ਕੀਤੀਆਂ 8 ਰੁਪਏ ਪ੍ਰਤੀ ਟਿਕਟ ਦੀ ਲਾਗਤ ਵਾਲੀਆਂ ਇਨ੍ਹਾਂ ਡਾਕ ਟਿਕਟਾਂ ਨੂੰ ਭਾਰਤ ਸਰਕਾਰ ਤੇ ਇਸਦੀਆਂ ਏਜੰਸੀਆਂ ਜਿਸ ਤਰ੍ਹਾਂ ਮਰਜੀ ਪ੍ਰਭਾਸ਼ਿਤ ਕਰਨ ਪਰ ਇਹ ਜਰੂਰ ਹੈ ਕਿ ਇਨ੍ਹਾਂ ਟਿਕਟਾਂ ਰਾਹੀਂ ਪਾਕਿਸਤਾਨ ਸੰਸਾਰ ਸਾਹਮਣੇ ਇਹ ਸਿੱਧ ਜਰੂਰ ਕਰਦਾ ਨਜਰ ਆ ਰਿਹਾ ਹੈ ਕਿ ਕਸ਼ਮੀਰ ਦੀ ਅਜਾਦੀ ਦੀ ਮੁਸਲਮਾਨਾਂ ਵਲੋਂ ਲੜੀ ਜੰਗ ਵਿੱਚ ਸਰਕਾਰੀ ਤੰਤਰ ਸਿੱਖਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ।
  ਜ਼ਿਕਰਯੋਗ ਹੈ ਕਿ 20 ਮਾਰਚ 2000 ਨੂੰ ਤਤਕਾਲੀ ਅਮਰੀਕੀ ਪ੍ਰਧਾਨ ਮੰਤਰੀ ਬਿਲ ਕਲੰਿਟਨ ਦੀ ਭਾਰਤ ਫੇਰੀ ਮੌਕੇ ਭਾਰਤੀ ਫੌਜ ਦੀ ਵਰਦੀ ਵਿੱਚ ਆਏ ਲੋਕਾਂ ਨੇ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਸੀ। ਭਾਰਤੀ ਦਸਤਿਆਂ ਨੇ ਇਸ ਮਾਮਲੇ ਦੇ ਦੋਸ਼ ਵਿੱਚ ਪਾਕਿਸਤਾਨੀ ਦੱਸਦਿਆਂ ਜਿਹਨਾਂ ਲੋਕਾਂ ਨੂੰ ਪਥਰੀਬਲ ਵਿਖੇ ਮਾਰ-ਮੁਕਾਇਆ ਸੀ ਬਾਅਦ ਵਿੱਚ ਉਹਨਾਂ ਬਾਰੇ ਇਹ ਗੱਲ ਸਥਾਪਤ ਹੋ ਗਈ ਸੀ ਕਿ ਉਹ ਅਸਲ ਵਿੱਚ ਕਸ਼ਮੀਰੀ ਨੌਜਵਾਨ ਸਨ ਜਿਹਨਾਂ ਨੂੰ ਭਾਰਤੀ ਦਸਤਿਆਂ ਨੇ ਝੂਠੇ ਮੁਕਾਬਲੇ ਵਿੱਚ ਮਾਰਿਆ ਸੀ। ਸਿੱਖ ਧਿਰਾਂ, ਸਮੇਤ ਸਥਾਨਕ ਸਿੱਖਾਂ ਦੇ, ਇਸ ਮਾਮਲੇ ਲਈ ਭਾਰਤੀ ਦਸਤਿਆਂ ਅਤੇ ਏਜੰਸੀਆਂ ਨੂੰ ਜਿੰਮੇਵਾਰ ਠਹਿਰਾਉਂਦੀਆਂ ਹਨ।

  ਬਾਦਲਾਂ ਸਮੇਤ ਕੈਪਟਨ ਸਰਕਾਰ ਨੂੰ ਵੀ ਲੰਮੇਂ ਹੱਥੀਂ ਲੈਣ ਦੀ ਤਿਆਰੀ
  ਚੰਡੀਗੜ੍ਹ -  ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ 74ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿਚ ਫੈਡਰੇਸ਼ਨ ਦੇ ਸਾਬਕਾ ਅਹੁੱਦੇਦਾਰਾਂ, ਮੈਂਬਰਾਂ ਅਤੇ ਪੰਥਕ ਸੰਘਰਸ਼ ਵਿਚ ਸਮੇਂ ਸਮੇਂ ਸਿਰ ਆਪਣਾ ਯੋਗਦਾਨ ਪਾਉਣ ਵਾਲੇ ਸਤਿਕਾਰਤ ਮੈਂਬਰਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸਵੇਰੇ 11 ਵਜੇ ਦੇ ਕਰੀਬ ਆਰੰਭ ਹੋਈ ਫੈਡਰੇਸ਼ਨ ਦੇ ਇਸ ਸਮੇਲਨ ਵਿਚ ਸ. ਤਰਲੋਚਨ ਸਿੰਘ ਦਿੱਲੀ, ਸ. ਬੀਰ ਦਵਿੰਦਰ ਸਿੰਘ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਮਨਜੀਤ ਸਿੰਘ, ਸ ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਡਾ. ਭਗਵਾਨ ਸਿੰਘ, ਹਰਸਿਮਰਨ ਸਿੰਘ, ਵਕੀਲ ਜਸਵਿੰਦਰ ਸਿੰਘ, ਹਰਚੰਦ ਸਿੰਘ ਬਰਸਟ,ਸ. ਆਸ਼ੋਕ ਸਿੰਘ ਬਾਗੜੀਆ ਸਤਨਾਮ ਸਿੰਘ ਪਾਉਂਟਾ ਸਾਹਿਬ, ਹਰਭਜਨ ਸਿੰਘ ਬਰਾੜ, ਡਾ. ਸੁਖਦਿਆਲ ਸਿੰਘ ਅਤੇ ਰਾਕੇਸ਼ ਸਿੰਘ ਅਤੇ ਪ੍ਰੋ. ਸੂਬਾ ਸਿੰਘ ਨੇ ਆਪਣੇ ਆਪਣੇ ਵੀਚਾਰ ਪੇਸ਼ ਕੀਤੇ।

  ਇਸ ਮੌਕੇ ਬੁਲਾਰਿਆਂ ਵਲੋਂ ਜਿੱਥੇ ਬਾਦਲਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਦੀ ਗੱਲ ਚੱਲੀ ਉÎÎੱਥੇ ਬਰਗਾੜ੍ਹੀ ਵਿਚ ਚੱਲ ਰਹੇ ਪੰਥਕ ਮੌਰਚੇ ਵਿਚ ਵੱਧ ਤੋਂ ਵੱਧ ਹਾਜ਼ਰੀਆਂ ਭਰੀਆਂ ਜਾਣ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਲੋਂ ਪੰਜਾਬ ਦੇ ਮੋਜੂਦਾ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਗੱਲ ਦਾ ਖੁੱਲ੍ਹ ਕੇ ਜ਼ਿਕਰ ਹੋਇਆ ਕਿ ਜਵਾਹਰਕਾ ਵਿਖੇ ਅਤੇ ਬਰਗਾੜੀ ਕਾਂਡ ਵਿਚ ਬਾਦਲ ਪਰਿਵਾਰ ਕੇਂਦਰ ਸਰਕਾਰ ਅਤੇ ਮੋਜੂਦਾ ਕੈਪਟਨ ਸਰਕਾਰ ਦੀ ਪੂਰੀ ਸ਼ਮੂਲੀਅਤ ਹੈ। ਜਿੱਥੇ ਬਾਦਲਕੇ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਨਿਹੱਥੇ ਸਿੱਖਾਂ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਉÎÎÎੱਥੇ ਕੈਪਟਨ ਉਨ੍ਹਾਂ ਦੋਸ਼ੀ ਬਾਦਲਕਿਆਂ ਨੂੰ ਬਚਾਉਣ 'ਚ ਲਗਿਆ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰਾਂ ਸਰਕਾਰ ਦੇ ਵਕੀਲ ਹਾਈਕੋਰਟ ਵਿਚ ਪੇਸ਼ ਨਾ ਹੋ ਕੇ ਸ਼ਰੇਆਮ ਸਿੱਖਾਂ ਦੇ ਜਜਬਾਤਾਂ ਨਾਲ ਖੇਲਿਆ ਜਾ ਰਿਹਾ ਹੈ। ਇਸ ਲਈ ਪੰਥਕ ਧਿਰਾਂ ਵਲੋਂ ਵੀ ਆਪਣੀ ਪੈਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਮਾਗਮ ਦਾ ਸੰਚਾਲਨ ਕਰ ਰਹੇ ਇੰਜ. ਸਰਬਜੀਤ ਸਿੰਘ ਸੋਹਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ 6 ਮਤੇ ਪੜ੍ਹੇ ਜਿਸ ਨੂੰ ਮੋਜੂਦ ਪਤਵੰਤਿਆਂ ਨੇ ਜੈਕਾਰਿਆਂ ਦੀ ਗੂੰਜ 'ਚ ਹੱਥ ਖੜ੍ਹੇ ਕਰ ਕੇ ਪ੍ਰਵਾਨ ਕੀਤਾ । ਇਨ੍ਹਾਂ 6 ਮਤਿਆਂ ਵਿਚ ਮਤਾ ਨੰ:1ਅੱਜ ਦੀ ਇਹ ਇਕਤ੍ਰਤਾ ਮਹਿਸੂਸ ਕਰਦੀ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਸ ਦੀ ਸਥਾਪਨਾ 13 ਸਤੰਬਰ 1944 ਈਨੂੰ ਲਾਹੌਰ ਵਿਖੇ ਹੋਈ, ਉਸ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਪੰਥ ਦੀ ਚੜਦੀ ਕਲਾ ਲਈ ਯੋਗਦਾਨ ਪਾਇਆ ਅਤੇ ਪੰਥਕ ਸਿਆਸਤ ਵਿੱਚ ਮੂਹਰੇ ਹੋ ਕੇ ਅਗਵਾਈ ਕੀਤੀ। ਫੈਡਰੇਸ਼ਨ ਦਾ ਇਤਿਹਾਸ ਬੜਾ ਗੌਰਵਮਈ ਹੈ। ਫੈਡਰੇਸ਼ਨ ਦੇ ਨੇਤਾਵਾਂ ਨੇ ਸਮਾਜ ਦੇ ਹਰ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ। ਅਸੀਂ ਉਹਨਾਂ ਸਭ ਦੀ ਸ਼ਲਾਘਾ ਕਰਦੇ ਹਾਂ। ਮੌਜੂਦਾ ਹਾਲਤਾਂ ਵਿੱਚ ਬਾਦਲ ਪਰਿਵਾਰ ਵਲੋਂ ਫੈਡਰੇਸ਼ਨ ਨੂੰ ਸਿਆਸੀ ਖੇਤਰ ਵਿਚੋਂ ਮਨਫੀ ਕਰਨ ਲਈ ਜੋ ਚਾਲਾਂ ਚਲੀਆਂ ਅਤੇ ਚਲ ਰਹੇ ਹਨ ਬਹੁਤ ਹੀ ਨਿੰਦਣਯੋਗ ਹਨ ਜਿਸ ਦੀ ਬਦੋਲਤ ਅਕਾਲੀ ਦਲ ਨੂੰ ਵੀ ਇਹ ਖਮਿਆਜਾ ਭੁਗਤਣਾ ਪੈ ਰਿਹਾ ਹੈ।
  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ 13 ਸਤੰਬਰ 2019 ਈਨੂੰ ਆ ਰਹੀ ਹੈ, ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਮੁੱਚੇ ਗਰੁੱਪਾਂ ਨੂੰ ਬੇਨਤੀ ਕਰਦੇ ਹਾਂ ਕਿ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਅਤੇ ਗੰਭੀਰਤਾ ਨਾਲ ਸਾਰਿਆਂ ਵਲੋਂ ਰਲ ਕੇ ਮਨਾਈ ਜਾਵੇ। ਮਤਾ ਨੰ:2 ਵਿਚ ਕਿਹਾ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸਰਬ ਉੱਚ ਸੰਸਥਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੁਨੀਆਂ ਭਰ ਦੇ ਸਮੁਚੇ ਸਿੱਖਾਂ ਅੰਦਰ ਪੂਰਾ ਸਤਿਕਾਰ ਹੈ। ਜਿਥੇ ਸਮੇਂ ਦੀਆਂ ਸਰਕਾਰਾਂ ਨੇ ਸ਼੍ਰੀ ਅਕਾਲ ਤਖਤ ਦੀ ਸਰਵ ਉਚਤਾ ਨੂੰ ਖਤਮ ਕਰਨ ਲਈ ਨਾਪਾਕ ਹਮਲੇ ਕੀਤੇ ਉਥੇ ਬਾਦਲ ਦਲ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮੁਫਾਦਾਂ ਲਈ ਵਰਤਿਆ ਅਤੇ ਵਰਤ ਰਹੇ ਹਨ। ਬਾਦਲ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣੀ ਕਠਪੁਤਲੀ ਬਣਾ ਲਿਆ ਹੈ। ਇਹ ਮਸਲਾ ਬੜਾ ਗੰਭੀਰ ਹੈ । ਸਿੱਖ ਪੰਥ ਲਈ ਚਣੋਤੀ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਲਈ ਯਤਨ ਆਰੰਭਣੇ ਚਾਹੀਦੇ ਹਨ ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ, ਮਾਣ ਮਰਯਾਦਾ ਅਤੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕੇ। ਇਸੇ ਤਰਾਂ ਮਤਾ ਨੰ :3ਵਿਚ ਕਿਹਾ ਗਿਆ ਕਿ 98 ਸਾਲ ਪਹਿਲਾਂ ਪੰਥ ਦਰਦੀ ਸਿੱਖਾਂ ਨੇ 14 ਦਸੰਬਰ 1920 ਈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ। ਸਿੱਖ ਪੰਥ ਦੀ ਨੁਮਾਇਦਾ ਇਸ ਰਾਜਨੀਤਕ ਜਥੇਬੰਦੀ ਨੇ 20ਵੀਂ ਸਦੀ ਵਿੱਚ ਜਿੱਥੇ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਲੜਿਆ ਉਥੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ । ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਆਜ਼ਾਦੀ ਉਪਰੰਤ ਪੰਜਾਬੀ ਸੂਬਾ ਅਤੇ ਸਿੱਖ ਹੱਕਾਂ ਦੀ ਖਾਤਰ ਲੰਬਾ ਸਮਾਂ ਲੜਾਈ ਲੜੀ ਅਤੇ ਫਤਿਹ ਹਾਸਲ ਕੀਤੀ। ਮੌਜੂਦਾ ਸਮੇਂ ਦੌਰਾਨ ਸ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਸਿੱਖ ਹੱਕਾਂ ਦੀ ਰਾਖੀ ਕਰਨ ਵਾਲੀ ਇਸ ਸੰਸਥਾ ਦਾ ਰੂਪ ਕਮਜੋਰ ਹੀ ਨਹੀਂ ਕੀਤਾ ਸਗੋਂ ਪੰਥਕ ਸਰੂਪ ਦੀ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਦੀ ਇਕਤ੍ਰਤਾ ਇਨਾਂ੍ਹ ਬਾਦਲ ਦਲ ਦੇ ਆਗੂਆਂ ਦੀ ਇਨਾਂ੍ਹ ਨੀਤੀਆਂ ਦੀ ਨਿੰਦਾ ਕਰਦਾ ਹੈ। ਬਾਦਲ ਦਲ ਨੇ 2015 ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਸਿੱਖ ਦੁਸ਼ਮਣ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ ਕਰਵਾਉਣ ਅਤੇ ਜੋ ਹੋਰ ਬੱਜਰ ਗੁਨਾਹ ਕੀਤੇ ਹਨ ਉਸ ਦੇ ਮੱਦੇ ਨਜ਼ਰ ਬਾਦਲ ਦਲ ਦੀ ਇਸ ਲੀਡਰਸ਼ਿਪ ਤੋਂ ਅਕਾਲੀ ਦਲ ਦਾ ਪੰਥਕ ਰੂਪ-ਸਰੂਪ ਕਾਇਮ ਰੱਖਣ ਅਤੇ ਪੰਥ ਦੀ ਅਗਵਾਈ ਦੀ ਹੋਰ ਆਸ ਨਹੀਂ ਰੱਖੀ ਜਾ ਸਕਦੀ।
  ਅੱਜ ਦੀ ਇਕਤ੍ਰਤਾ ਮੰਗ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਵੇ। ਅੱਜ ਦੀ ਇਹ ਇਕਤ੍ਰਤਾ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦੀ ਹੈ ਬਾਦਲ ਦਲ ਦੇ ਰਾਜਸੀ ਬਦਲ ਲਈ ਯਤਨਸ਼ੀਲ ਹੋਈਏ ਤੇ ਰਲ ਕੇ ਹੰਭਲਾ ਮਾਰੀਏ। ਇਸੇ ਤਰਾ ਮਤਾ ਨੰ:4ਵਿਚ ਕਿਹਾ ਕਿ ਪਿਛਲੇ ਸਮਿਆਂ ਵਿੱਚ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਦੀ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ, ਸਿਆਸੀ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਅਤੇ ਪੰਜਾਬ ਸਮੇਤ ਭਾਰਤ ਦੀਆਂ ਜੇਲਾਂ੍ਹ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲਗਾਏ ਗਏ ਬਰਗਾੜੀ ਇਨਸਾਫ ਮੋਰਚੇ ਦੀ ਪੂਰਨ ਰੂਪ ਵਿੱਚ ਹਮਾਇਤ ਕਰਦੀ ਹੈ। ਅੱਜ ਦੀ ਇਹ ਪੰਥਕ ਇਕਤ੍ਰਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿੱਚ ਨਾਮਜ਼ਦ ਕੀਤੇ ਗਏ ਦੋਸ਼ੀ ਅਕਾਲੀ ਆਗੂਆਂ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਸਬੰਧੀ ਫੌਰੀ ਕਦਮ ਚੁੱਕੇ ਜਾਣ ਅਤੇ ਸਿੱਖ ਪੰਥ ਨੂੰ ਪੂਰਨ ਰੂਪ ਵਿੱਚ ਇਨਸਾਫ ਦੁਆਇਆ ਜਾਵੇ। ਮਤਾ ਨੰ :5 ਵਿਚ ਕਿਹਾ ਗਿਆ ਕਿਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਲਈ ਸੰਸਾਰ ਭਰ ਦੇ ਗੁਰੂ ਨਾਨਕ ਨਾਮਲੇਵਾਂ ਸਿੱਖਾਂ ਵਿੱਚ ਪੂਰਾ ਉਤਸ਼ਾਹ ਹੈ।
  ਪਾਕਿਸਤਾਨ ਸਰਕਾਰ ਵਲੋਂ ਪਹਿਲ ਕਦਮੀ ਕਰਦੇ ਹੋਏ ਗੁਰੁਦੁਆਰਾ ਕਰਤਾਰਪੁਰ ਸਾਹਿਬ ਨੂੰ ਪੰਜਾਬ ਤੋਂ ਲਾਘਾਂ ਦੇਣ ਲਈ ਕੀਤੇ ਗਏ ਹਾਂ ਪੱਖੀ ਰਵੱਈਏ ਦਾ ਸਵਾਗਤ ਕਰਦੀ ਹੈ। ਅਸੀਂ ਪੰਜਾਬ ਸਰਕਾਰ ਦੇ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਬੰਧੀ ਜ਼ਰੂਰੀ ਬਣਦੀ ਕਾਰਵਾਈ ਕਰਕੇ ਸਿੱਖ ਪੰਥ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ। ਆਖ਼ਰੀ ਮਤਾ ਨੰ:6 ਵਿਚ ਰਣਜੀਤ ਸਿੰਘ ਕਮਿਸ਼ਨ ਨੂੰ ਹਾਈਕੋਰਟ ਵਲੋਂ ਮਿਲੇ ਸਟੇਅ ਆਡਰ ਤੋਂ ਚਿੰਤਤ ਹੈ ਅਤੇ ਪੰਜਾਬ ਸਰਕਾਰ ਵਲੋਂ ਅਪਨਾਏ ਨਾ ਪੱਖੀ ਰਵੱਈਏ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਦੀ ਹੈ। ਅਸੀਂ ਇਸ ਗੰਭੀਰ ਮਸਲੇ ਪ੍ਰਤੀ ਸਮੁੱਚੇ ਪੰਥ ਨੂੰ ਸੂਚੇਤ ਹੋਣ ਲਈ ਅਪੀਲ ਕਰਦੇ ਹਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਇਸ ਸਬੰਧੀ ਰਲ ਕੇ ਕੋਈ ਯੋਗ ਰਾਹ ਕੱਢਿਆ ਜਾਵੇ ਤਾਂ ਜੋ ਕਮਿਸ਼ਨ ਦੀ ਰਿਪੋਰਟ ਰਾਹੀਂ ਨਾਮਜਦ ਕੀਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲ ਸਕੇ। ਇਸ ਮੌਕੇ ਸ. ਹਰਵਿੰਦਰ ਸਿੰਘ ਵਲੋਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿਚ ਅਮਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਜਸਵੀਰ ਸਿੰਘ, ਡਾ. ਹਰਪ੍ਰੀਤ ਸਿੰਘ, ਐਡਵੋਕੇਟ ਰਾਜਵੀਰ ਸਿੰਘ, ਤੇਜਿੰਦਰ ਸਿੰਘ ਪੂਨੀਆ ਅਤੇ ਹੋਰ ਨੋਜਵਾਨ ਵੱਡੀ ਗਿਣਤੀ ਵਿਚ ਮੋਜੂਦ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com