ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਨਿਹੰਗ ਸਿੰਘ ਜਥੇਬੰਦੀਆਂ ਸਮੇਤ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਂ ਮੰਗ ਪੱਤਰ ਦਿੱਤਾ, ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਫਾਰਗ਼ ਕਰਨ ਦੀ ਮੰਗ ਕੀਤੀ। ਸਿੱਖ ਜਥੇਬੰਦੀਆਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ।
  ਸਿੱਖ ਜਥੇਬੰਦੀਆਂ ਅੱਜ ਇਸ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦੇਣ ਆਈਆਂ ਸਨ, ਪਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਸਿੱਖ ਸੰਸਥਾ ਖ਼ਿਲਾਫ਼ ਧਰਨਾ ਦੇਣ ਦਾ ਫ਼ੈਸਲਾ ਰੱਦ ਕਰ ਦਿੱਤਾ ਅਤੇ ਆਪਣੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਂ ਮੰਗ ਪੱਤਰ ਦਿੱਤਾ ਹੈ, ਜਿਸ ਨੂੰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਨੇ ਸੂਚਨਾ ਕੇਂਦਰ ਦੇ ਬਾਹਰ ਪ੍ਰਾਪਤ ਕੀਤਾ। ਮੰਗ ਪੱਤਰ ਦੇਣ ਵਾਲਿਆਂ ਵਿੱਚ ਨਿਹੰਗ ਜਥੇਬੰਦੀ ਤਰਨਾ ਦਲ ਮਿਸਲ ਸ਼ਹੀਦਾਂ ਬਾਜ ਸਿੰਘ ਦੇ ਮੁਖੀ ਬਾਬਾ ਨਰੈਣ ਸਿੰਘ, ਅਕਾਲ ਖ਼ਾਲਸਾ ਦਲ ਦੇ ਬਲਬੀਰ ਸਿੰਘ, ਰਣਜੀਤ ਸਿੰਘ, ਧਰਮ ਸਿੰਘ, ਸੁਧਾਰ ਕਮੇਟੀ ਪੰਜਾਬ ਦੇ ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਕਲਗੀਧਰ ਵੈੱਲਫੇਅਰ ਸੇਵਕ ਸੁਸਾਇਟੀ ਦੇ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਰਨੇਕ ਸਿੰਘ ਤੇ ਹੋਰ ਸ਼ਾਮਲ ਸਨ। ਇਸ ਤੋਂ ਪਹਿਲਾਂ ਇਹ ਸਿੱਖ ਆਗੂ ਇੱਥੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਕੱਠੇ ਹੋਏ ਅਤੇ ਅਰਦਾਸ ਕਰਨ ਮਗਰੋਂ ਹਰਿਮੰਦਰ ਸਾਹਿਬ ਮਾਰਚ ਕਰਦੇ ਹੋਏ ਪੁੱਜੇ। ਮੰਗ ਪੱਤਰ ਪ੍ਰਾਪਤ ਕਰਨ ਮਗਰੋਂ ਵਧੀਕ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਜਗਜੀਤ ਸਿੰਘ ਜੱਗੀ ਨੇ ਆਖਿਆ ਕਿ ਇਹ ਮੰਗ ਪੱਤਰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਗਲੀ ਕਾਰਵਾਈ ਲਈ ਸੌਂਪ ਦੇਣਗੇ।

  ਵੈਨਕੂਵਰ - ਕੈਨੇਡਾ ਦੀ ਤੀਜੀ ਵੱਡੀ ਪਾਰਟੀ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਦਾ ਨਾਮ ਬਰਨਬੀ ਲੋਕ ਸਭਾ ਉਪ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਅੱਜ ਰਸਮੀ ਤੌਰ ’ਤੇ ਐਲਾਨ ਦਿੱਤਾ ਗਿਆ ਹੈ। ਇਹ ਸੀਟ ਇਸੇ ਪਾਰਟੀ ਦੇ ਮੈਂਬਰ ਕੈਨੇਡੀ ਸਟੀਵਰਟ ਵੱਲੋਂ ਵੈਨਕੂਵਰ ਤੋਂ ਮੇਅਰ ਦੀ ਚੋਣ ਲੜਨ ਲਈ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਹੈ। ਇਸ ਤੋਂ ਪਹਿਲਾਂ ਜਗਮੀਤ ਸਿੰਘ ਓਂਟਾਰੀਓ ਸੂਬੇ ਤੋਂ ਵਿਧਾਇਕ ਸਨ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਰਹੇ। ਪਾਰਟੀ ਸਮਰਥਕਾਂ ਵੱਲੋਂ ਅੱਜ ਰਸਮੀ ਤੌਰ ’ਤੇ ਉਮੀਦਵਾਰ ਵਜੋਂ ਉਨ੍ਹਾਂ ਦੀ ਚੋਣ ਕੀਤੀ ਗਈ। ਇਸ ਮੌਕੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

  ਫ਼ਰੀਦਕੋਟ  - ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਰੋਕਣ ਲਈ ਸਿੱਖ ਜਥੇਬੰਦੀਆਂ ਦਿਨ ਚੱੜਦੇ ਹੀ ਫਰੀਦਕੋਟ-ਕੋਟਕਪੂਰਾ ਰੋਡ 'ਤੇ ਸਥਿਤ ਮਾਈ ਗੋਦੜੀ ਸਾਹਿਬ ਕੋਲ ਇਕੱਠੀਆਂ ਹੋਣੀਆਂ ਜਿਓ ਹੀ ਸੁਰੂ ਹੋਈਆਂ ਤਾਂ ਪੁਲਿਸ ਪ੍ਰਸ਼ਾਸਨ ਨੇ ਮਹਿਲਾ ਪੁਲਿਸ ਮੁਲਾਜਮਾਂ ਸਮੇਤ ਰਾਹ ਰੋਕਣ ਲਈ ਬੈਰੀਕੈਡ ਲਗਾ ਦਿੱਤਾ, ਅਕਾਲੀਆਂ ਦੀ ਰੈਲੀ ਰੋਕਣ ਲਈ ਅੱਗੇ ਵਧ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਸ਼ਹਿਰ ਦੇ ਬਾਹਰ ਹੀ ਰੋਕ ਦਿੱਤਾ, ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਤਕਰੀਬਨ 10 ਹਜ਼ਾਰ ਪੁਲਿਸ ਮੁਲਾਜ਼ਮ ਫ਼ਰੀਦਕੋਟ ਵਿੱਚ ਤਾਇਨਾਤ ਕੀਤੇ ਗਏ, ਹਾਲਾਂਕਿ ਜਥੇਬੰਦੀਆਂ ਕੋਟਕਪੂਰਾ ਰੋਡ 'ਤੇ ਲਗਾਏ ਗਏ ਬੈਰੀਕੇਡ ਨੂੰ ਤੋੜ ਕੇ ਅੱਗੇ ਵਧ ਗਈਆਂ ਪਰ ਸ਼ਹਿਰ ਅੰਦਰ ਵੜਨ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਕਰੀਬ ਦੋਂ ਘੰਟੇ ਪੁਲਿਸ ਅਤੇ ਜਥੇਬੰਦੀਆਂ ਵਿਚਾਲੇ ਕੋਟਕਪੂਰਾ ਰੋਡ 'ਤੇ ਤਿੱਖੀ ਬਹਿਸਬਾਜੀ ਚੱਲਦੀ ਰਹੀ, ਜਿਸ ਤੋਂ ਬਾਅਦ ਭੱੜਕੀਆਂ ਸਿੱਖ ਜਥੇਬੰਦੀਆਂ ਬਾਦਲ ਦਲ ਵੱਲ ਕੀਤੀ ਜਾ ਰਹੀ ਰੈਲੀ ਦਾ ਵਿਰੋਧ ਕਰਨ ਲਈ ਅੱਗੇ ਵੱਧੀਆਂ ਤਾਂ ਪੁਲਿਸ ਪ੍ਰਸ਼ਾਸਨ ਨੇ ਜਥੇਬੰਦੀਆਂ ਸਮੇਤ ਨੌਜਵਾਨਾਂ ਨੂੰ ਜੁਬਲੀ ਸਨਿਮੇ ਚੌਕ ਵਿਖੇ ਰੋਕਣ ਦੀ ਕੋਸਿਸ਼ ਕੀਤੀ ਪ੍ਰੰਤੂ ਜਥੇਬੰਦੀਆਂ ਦੇ ਆਗੂ ਹੱਥ ਨਾ ਆਏ ਅਤੇ ਨੌਜਵਾਨ ਗਰਮਜੋਸ਼ੀ ਨਾਲ ਸੜਕਾਂ ਤੇ ਬਾਦਲ ਸਰਕਾਰ ਵਿਰੋਧ ਨਾਅਰੇ ਲਾਉਂਦੇ ਅੱਗੇ ਵੱਧੇ ਫਿਰ ਪੁਲਿਸ ਪ੍ਰਸ਼ਾਸਨ ਨੇ ਕੋਤਵਾਲੀ ਚੌਕ ਵਿਖੇ ਭਾਰੀ ਪੁਲਿਸ ਬਲ ਸਮੇਤ ਜਥੇਬੰਦੀਆਂ ਨੂੰ ਰੋਕਣਾ ਚਾਹਿਆ ਤਾਂ ਹਲਕੀ ਝੜਪ ਨੌਜਵਾਨ ਨਾਲ ਹੋਈ, ਜਿੱਥੇ ਪੁਲਿਸ ਨੇ 7 ਦੇ ਕਰੀਬ ਨੌਜਵਾਨਾਂ ਨੂੰ ਫੜ ਕੇ ਥਾਣੇ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਲੋਹੇ ਲਾਖੇ ਹੋਏ ਜਥੇਬੰਦੀਆਂ ਦੇ ਆਗੁਆਂ ਨੇ ਤਰੁੰਤ ਰਿਹਾਈ ਦੀ ਮੰਗ ਕਰਦਿਆਂ ਕੋਤਵਾਲੀ ਚੌਕ ਨੂੰ ਘੇਰਾ ਪਾ ਕੇ ਥਾਣੇ ਮੂਹਰੇ ਧਰਨਾ ਲਗਾ ਦਿੱਤਾ ਅਤੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ, ਪੁਲਿਸ ਪ੍ਰਸ਼ਾਸਨ ਨੇ ਨੌਜਵਾਨਾਂ ਦੀ ਰਿਹਾਈ ਬੱਦਲੇ ਵਾਪਸ ਜਾਣ ਦੀ ਜਿਓ ਹੀ ਮੰਗ ਰੱਖੀ ਤਾਂ ਭੱੜਕੇ ਨੌਜਵਾਨ ਅਕਾਲੀ ਦਲ ਦੀ ਰੈਲੀ ਵੱਲ ਵੱਧਣ ਲਈ ਰੇਲਵੇ ਸਟੇਸ਼ਨ ਵਾਲੇ ਰੋਡ ਨੂੰ ਭੱਜ ਨਿੱਕਲੇ, ਪੁਲਿਸ ਨੇ ਪਿੱਛਾ ਕਰਦਿਆਂ ਨੌਜਵਾਨਾਂ ਨੂੰ ਰੋਕਣ ਲਈ ਬਥੇਰੇ ਹਾੜੇ ਕੱਢੇ ਪਰ ਜਥੇਬੰਦੀਆਂ ਰੈਲੀ ਦਾ ਵਿਰੋਧ ਕਰਨ 'ਤੇ ਅੜੀਆਂ ਰਹੀਆਂ, ਜਿਸ ਤੋਂ ਬਾਅਦ ਕੋਤਵਾਲੀ ਅੰਦਰ ਡੱਕੇ ਨੌਜਵਾਨ ਦੀ ਰਿਹਾਈ ਉਪਰੰਤ ਫਿਰ ਪੰਥਕ ਜਥੇਬੰਦੀਆਂ ਸਮੇਤ ਨੌਜਵਾਨ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰਨ ਲਈ ਸੜਕੋ ਸੜਕੀ ਭੱਜ ਨਿੱਕਲੇ, ਪਿੱਛੇ ਪਿੱਛੇ ਪੁਲਿਸ ਨੌਜਵਾਨਾਂ ਨੂੰ ਰੋਕਣ ਲਈ ਭੱਜਦੀ ਰਹੀ, ਪਰ ਨੌਜਵਾਨ ਪੁਲਿਸ ਦੇ ਹੱਥ ਨਾ ਆਏ ਅਤੇ ਰੈਲੀ ਵਾਲੀ ਥਾਂ 'ਤੇ ਜਾ ਕੇ ਬਾਦਲ ਸਰਕਾਰ ਵਿਰੋਧ ਨਾਅਰੇ ਲਾਏ।
  ਉਕਤ ਮੌਕੇ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰ ਰਹੀਆਂ ਪੰਥਕ ਜਥੇਬੰਦੀਆਂ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਭਾਣਾ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਰਣਜੀਤ ਸਿੰਘ ਵਾਂਦਰ, ਭਾਈ ਦਲੇਰ ਸਿੰਘ ਡੋਡ, ਕੁਲਦੀਪ ਸਿੰਘ ਖਾਲਸਾ, ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਜਸਕਰਨ ਸਿੰਘ, ਭਾਈ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ ਅਤੇ ਬਾਬਾ ਕੁਲਵਿੰਦਰ ਸਿੰਘ ਡੱਗੋ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਜਾਣਬੁੱਝ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਰੈਲੀਆਂ ਕਰ ਰਿਹਾ ਹੈ ਕਿਉਂਕਿ ਚੰਗਾ ਭਲਾ ਅਕਾਲੀ ਦਲ ਨੂੰ ਪਤਾ ਕਿ ਪੰਥਕ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਪ੍ਰੰਤੂ ਆਪਣੀ ਹੈਂਕੜ ਨਾ ਛੱਡ ਕੇ ਸਾਡੇ ਜਖਮਾਂ ਦੇ ਲੂਣ ਭੂੰਕਣ ਲਈ ਬਾਦਲ ਦਲ ਰੈਲੀ ਕਰ ਰਿਹਾ ਹੈ,ਜਿਸ ਦਾ ਸ਼ਾਮਮਈ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਪ੍ਰਸ਼ਾਸਨ ਨੇ ਪੰਜ ਥਾਂ ਸ਼ਹਿਰ ਭਰ 'ਚ ਬੈਰੀਕੇਡ ਕਰਕੇ ਜਥੇਬੰਦੀਆਂ ਨੂੰ ਰੋਕਣ ਦੀ ਕੋਸਿਸ਼ ਕੀਤੀ ਅਤੇ ਕੁਝ ਕੁ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਪ੍ਰੰਤੂ ਫਿਰ ਵੀ ਜਥੇਬੰਦੀਆਂ ਦੇ ਨੌਜਵਾਨਾਂ ਨੇ ਰੈਲੀ ਸਥਾਨ ਤੇ ਪਹੁੰਚ ਕੇ ਕੀਤੇ ਕੌਲ ਨੂੰ ਪੂਰਾ ਕਰ ਵਿਖਾਇਆ। ਦੱਸਣਯੌਗ ਹੈ ਕਿ ਦਿਨ ਚੱੜਦੇ ਹੀ ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਭਰ ੱਚ ਅਣਐਲਾਨੀ ਐਮਰਜੈਸ਼ੀ ਲਗਾ ਰੱਖੀ ਹੋਣ ਦੇ ਬਾਵਜੂਦ ਸਿੱਖ ਜਥੇਬੰਦੀਆਂ ਦੇ ਵੱਡੀ ਗਿਣਤੀ 'ਚ ਪੁੱਜੇ ਨੌਜਵਾਨਾਂ ਨੇ ਬਾਦਲ ਦਲ ਮੁਰਦਾਬਾਦ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜੇ ਕਾਂਗਰਸ ਸਰਕਾਰ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ, ਸਾਰਾ ਦਿਨ ਪੰਥਕ ਨੌਜਵਾਨਾਂ ਨੂੰ ਰੋਕਣ 'ਚ ਲੱਗੀ ਪੁਲਿਸ ਨੌਜਵਾਨਾਂ ਨੂੰ ਰੈਲੀ 'ਚ ਜਾਣ ਤੋਂ ਰੋਕਣ ਲਈ ਸੜਕੋ ਸੜਕੀ ਭੱਜਦੀ ਰਹੀ, ਪਰ ਸਿੰਘ ਹੱਥ ਨਾ ਆਏ ਅਤੇ ਗਰਮਜੋਸ਼ੀ ਨਾਲ ਅਕਾਲੀਆਂ ਦਾ ਡੱਟਵਾਂ ਵਿਰੋਧ ਕਰਦੇ ਰਹੇ,ਬੇਸ਼ੱਕ ਕੁਝ ਕੁ ਨੌਜਵਾਨਾ ਨੇ ਖਾਲਿਸਤਾਨ ਦੇ ਨਾਅਰੇ ਵੀ ਲਾਏ ਅਤੇ ਅਕਾਲੀਆਂ ਦੀਆਂ ਗੱਡੀਆਂ ਉੱਪਰ ਲੱਗੇ ਸਟੀਕਰ ਵੀ ਉਤਾਰੇ ਪਰ ਕੀਤੇ ਵੀ ਕੋਈ ਅਣਸੁਖਾਵੀ ਘਟਨਾ ਨਹੀ ਵਾਪਰੀ ।
  ਪੁਲਿਸ ਪ੍ਰਸ਼ਾਸਨ ਨੇ ਐਂਬੂਲੈਂਸ ਨੂੰ ਵੀ ਹਸਪਤਾਲ ਜਾਣ ਤੋਂ ਡੱਕਿਆ : ਫਰੀਦਕੋਟ-ਕੋਟਕਪੂਰਾ ਰੋਡ 'ਤੇ ਉਸ ਵੇਲੇ ਮਹੌਲ ਤਨਾਵਪੂਰਨ ਬਣ ਗਿਆ ਜਦੋਂ ਇੱਕ ਬੱਚੇ ਨੂੰ ਇਲਾਜ ਲਈ ਐਂਬੂਲੈਂਸ ਦੇ ਜਰੀਏ ਜਿਸ ਦੇ ਆਕਸੀਜਨ ਲੱਗੀ ਹੋਣ 'ਤੇ ਫਰੀਦਕੋਟ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਬੈਰੀਕੈਡ ਖੋਲਣ ਤੋਂ ਮਨਾ ਕਰ ਦਿੱਤਾ, ਜਿਸ ਤੋਂ ਸਿੱਖ ਜਥੇਬੰਦੀਆਂ ਭੱੜਕ ਪਈਆਂ ਅਤੇ ਐਬੂਲੈਂਸ ਨੂੰ ਜਾਣ ਦੇਣ ਦੀ ਮੰਗ ਕਰਨ ਲੱਗੀਆਂ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਰਸਤਾ ਖੋਲਣ ਤੋਂ ਸਾਫ ਮਨਾ ਕਰ ਦਿੱਤਾ, ਜਿਸਤੋਂ ਬਾਅਦ ਪੰਥਕ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਮਹੌਲ ਤਣਾਵਪੂਰਨ ਬਣ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਬੈਰੀਕੈਡ ਤੋੜ ਕੇ ਜਥੇਬੰਦੀਆਂ ਸ਼ਹਿਰ ਅੰਦਰ ਦਾਖਲ ਹੋ ਗਈਆਂ ਅਤੇ ਐਬੂਲੈਸ ਚਾਲਕ ਵਾਪਸ ਐਬੂਲੈਸ ਮੋੜ ਕੇ ਲੈ ਗਿਆ ।
  ਪੁਲਿਸ ਪ੍ਰਸ਼ਾਸਨ ਨੇ ਕੈਮਰਿਆਂ ਦੀ ਜਰੀਏ ਕੀਤੀ ਰਿਕਾਰਡ : ਪੰਥਕ ਜਥੇਬੰਦੀਆਂ ਵੱਲੋਂ ਬਾਦਲ ਦਲ ਦੀ ਰੈਲੀ ਦਾ ਵਿਰੋਧ ਜਿਓ ਹੀ ਸੁਰੂ ਕੀਤਾ ਗਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਮਹਿਲਾ ਪੁਲਿਸ ਮੁਲਾਜਮਾਂ ਸਮੇਤ ਪੁਲਿਸ ਦੇ ਹੋਰਨਾ ਮੁਲਾਜਮਾਂ ਦੇ ਜਰੀਏ ਕੈਮਰਿਆਂ ਨਾਲ ਰਿਕਾਡਿੰਗ ਸੁਰੂ ਕਰ ਦਿੱਤਾ ਅਤੇ ਹਰ ਇਕ ਸਬੋਧਨ ਕਰਨ ਵਾਲੇ ਵਿਅਕਤੀ ਦੀ ਸੁਰੂ ਤੋਂ ਲੈ ਕੇ ਸ਼ਾਮ ਤੱਕ ਰਿਕਾਡਡਿੰਗ ਦਾ ਕੰਮ ਜਾਰੀ ਰੱਖਿਆ,ਬੇਸ਼ੱਕ ਜਥੇਬੰਦੀਆਂ ਨੇ ਇਸ ਗੱਲ ਦਾ ਵੀ ਵਿਰੋਧ ਕੀਤਾ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਰਿਕਾਡਡਿੰਗ ਕਰਨ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਦੇ ਸਮਰੱਥਕ 'ਚ ਆਏ ਲੋਕਾਂ ਦੀ ਵੀ ਵੀਡੀਓ ਬਣਾ ਕੇ ਡਰਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਇਸ ਸਭ ਦੇ ਬਾਵਜੂਦ ਗਰਮਜੋਸ਼ੀ ਨਾਲ ਪੰਥਕ ਜਥੇਬੰਦੀਆਂ ਨੇ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।
  ਸੋਸਲ ਮੀਡੀਆਂ ਦੇ ਵੀਡੀਓ ਪਾਉਣ ਵਾਲਿਆਂ ਦਾ ਆਇਆ ਹੜ੍ਹ : ਜਿਓ ਹੀ ਪੁਲਿਸ ਪ੍ਰਸ਼ਾਸਨ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਸਵੇਰੇ ਤੋਂ ਤਣਾਵਪੂਰਨ ਬਣੇ ਮਹੌਲ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਬਹੁਤੇ ਨੌਜਵਾਨ ਸੋਸਲ ਮੀਡੀਆਂ 'ਤੇ ਲੋਕਾਂ ਨਾਲ ਪਲ ਪਲ ਦੀ ਜਾਣਕਾਰੀ ਸਾਂਝੀ ਕਰਨ ਲਈ ਸਾਰਾ ਦਿਨ ਮੋਬਾਇਲ ਤੇ ਅਪਡੇਟ ਰਹੇ ਅਤੇ ਪ੍ਰਦਰਸ਼ਨ ਕਰ ਰਹੀਆਂ ਜਥੇੰਬੰਦੀਆਂ ਦੇ ਵੀ ਬਹੁਤੇ ਆਗੂ ਆਪੋ ਆਪਣੇ ਮੋਬਾਇਲ 'ਤੇ ਸਾਰੀ ਜਾਣਕਾਰੀ ਬੋਲ ਕੇ ਸਾਝੀ ਕਰਦੇ ਹੋਏ ਵਿਖਾਈ ਦਿੱਤੇ,ਬੇਸ਼ੱਕ ਵੱਖ ਵੱਖ ਚੈਨਲਾ ਅਤੇ ਵੈਬ ਚੈਨਲਾ ਸਮੇਤ ਅਖਬਾਰਾਂ ਦੇ ਪੱਤਰਕਾਰ ਕਵਰੇਜ ਕਰਨ ਲਈ ਪੁੱਜੇ ਹੋਏ ਸਨ ਪ੍ਰੰਤੂ ਲੋਕ ਆਪ ਹੀ ਫੋਟੋਆਂ ਖਿੱਚ ਖਿੱਚ ਕੇ ਸਾਰੀ ਜਾਣਕਾਰੀ ਅਪਡੇਟ ਨਾਲੋ ਨਾਲ ਕਰ ਰਹੇ ਸਨ, ਸੈਲਫੀਆਂ ਲੈਣ ਵਾਲੇ ਨੌਜਵਾਨ ਦੀ ਵੱਡੀ ਤਦਾਦ ਵਿੱਚ ਪੁੱਜੇ ਹੋਏ ਸਨ ਜੋ ਪੰਥਕ ਜਥੇਬੰਦੀਆਂ ਦੇ ਆਗੂਆਂ ਸਮੇਤ ਨੌਜਵਾਨਾਂ ਨਾਲ ਸੈਲਫੀਆਂ ਲੈਂਦੇ ਦਿਖਾਈ ਦਿੱਤੇ, ਨਿੱਕੀ ਨਿੱਕੀ ਗੱਲ ਨੂੰ ਵਧਾ ਚੜਕੇ ਸੋਸਲ ਮੀਡੀਆਂ ਤੇ ਪਾਉਣ ਵਾਲਿਆਂ ਦਾ ਸਾਰਾ ਦਿਨ ਤਾਤਾਂ ਲੱਗ ਰਿਹਾ, ਕੁਝ ਕੁ ਨੌਜਵਾਨਾ ਨੇ ਖਾਲਿਸਤਾਨ ਦੇ ਜਿਓ ਹੀ ਨਾਅਰੇ ਲਾਉਣੇ ਸੁਰੂ ਕੀਤੇ ਤਾਂ ਸੋਸਲ ਮੀਡੀਆਂ ਤੇ ਫੋਟੋਆਂ ਅਪਲੋਡ ਕਰਨ ਵਾਲਿਆਂ ਨੇ ਇਕੋ ਗੱਲ ਨੂੰ ਵਧਾ ਚੜ ਕੇ ਪੇਸ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ।
  ਕੀ ਕਹਿੰਦੇ ਨੇ ਪੁਲਿਸ ਅਧਿਕਾਰੀ : ਅਜਿਹੇ ਪ੍ਰਬੰਧਾਂ 'ਤੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਬਹਾਲ ਰੱਖਿਆ ਗਿਆ ਹੈ।,ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਤੋਂ ਫ਼ਰੀਦਕੋਟ ਤਕ ਪੂਰੇ ਸੁਰੱਖਿਆ ਘੇਰੇ ਵਿੱਚ ਲਿਆਂਦਾ ਗਿਆ, ਆਈ ਜੀ ਛੀਨਾ ਨੇ ਕਿਹਾ ਕਿ ਜੇਕਰ ਕੋਈ ਵੀ ਪ੍ਰਦਰਸ਼ਨਕਾਰੀ ਕਾਨੂੰਨ ਹੱਥ ਵਿੱਚ ਲਵੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ,ਜ਼ਿਕਰਯੋਗ ਹੈ ਕਿ ਪੁਲਿਸ ਨੇ ਫ਼ਰੀਦਕੋਟ ਪ੍ਰਸ਼ਾਸਨ ਨੂੰ ਧਾਰਾ 144 ਲਾਉਣ ਦੀ ਸਿਫਾਰਸ਼ ਪਹਿਲਾਂ ਹੀ ਕਰ ਦਿੱਤੀ ਗਈ ਸੀ।

  ਨਰਿੰਦਰ ਪਾਲ ਸਿੰਘ
  ਗੁਰ ਸਿਧਾਂਤਾਂ ਤੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣ ਦੇ ਦੋਸ਼ਾਂ ਵਿੱਚ ਘਿਰੇ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਸੀ ਕਿ ਉਹ ਸਮਾਂ ਆਣ ਤੇ ਹਰ ਸਵਾਲ ਦਾ ਤੱਥਾਂ ਸਹਿਤ ਜਵਾਬ ਦੇਣਗੇ ।ਅਕਤੂਬਰ 2009 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਿਲਗੋਭਾ ਬਨਾਉਣ ਦੀ ਕੋਸ਼ਿਸ਼ਾਂ ਦੀ ਸ਼ੁਰੂਆਤ ਕਰਨ ਤੋਂ ਲੈਕੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ ਤੋਂ ਇਲਾਵਾ ਬਾਦਲਾਂ ਦੇ ਰਾਜਭਾਗ ਦੌਰਾਨ ਸਰਕਾਰੀ ਤੰਤਰ ਵਲੋਂ ਅੰਜ਼ਾਮ ਦਿੱਤੇ ਗਏ ਸਿੱਖਾਂ ਦੇ ਕਤਲੇਆਮ ਸਬੰਧੀ ਚੁੱਪ ਰਹਿਣ ਵਾਲੇ ਗਿਆਨੀ ਗੁਰਬਚਨ ਸਿੰਘ ,ਆਖਿਰ ਕਿਹੜੀ ਅਜੇਹੀ ਗਿੱਦੜ ਸਿੰਗੀ ਲੈਕੇ ਸਾਹਮਣੇ ਆ ਰਹੇ ਹਨ ਕਿ ਉਹ ਖੁਦ ਨੂੰ ਲੱਗੇ ਦੋਸ਼ਾਂ ਤੋਂ ਪਾਕਿ ਦਾਮਨ ਬਰੀ ਕਰ ਲੈਣਗੇ?ਆਪਣੇ ਹਰ ਸੰਗਤੀ ਸੰਬੋਧਨ ਦੌਰਾਨ ਕੌਮੀ ਏਕਤਾ ਤੇ ਇਕਜੁਟਤਾ ਦੀ ਖਾਹਿਸ਼ ਪ੍ਰਗਟਾਉਣ ਤੇ ਸੰਦੇਸ਼ ਦੇਣ ਵਾਲੇ ਗਿਆਨੀ ਜੀ ਕੀ ਇਸ ਦੋਸ਼ ਤੋਂ ਵੀ ਮੁਕਤ ਹੋ ਜਾਣਗੇ ਕਿ ਉਹ ਜਿਹੜੇ ਦੋਸ਼ਾਂ ਦਾ ਜਵਾਬ ਦੇਣ ਲਈ ਤਤਪਰ ਨਜਰ ਆਏ ਹਨ ਉਹ ਉਨ੍ਹਾਂ ਦੇ ਆਪਣੇ ਪ੍ਰੀਵਾਰ ਨਾਲ ਸਬੰਧਤ ਹਨ?ਇਹ ਚਰਚਾ ਪੰਥਕ ਹਲਕਿਆਂ ਵਿੱਚ ਆਮ ਸੁਣੀ ਜਾ ਰਹੀ ਹੈ।ਚਰਚਾ ਤਾਂ ਇਹ ਵੀ ਹੈ ਗਿਆਨੀ ਗੁਰਬਚਨ ਸਿੰਘ ਦਰਪੇਸ਼ ਸਵਾਲਾਂ ਤੇ ਖੁਦ ਉਪਰ ਉਠ ਰਹੀਆਂ ਉਂਗਲਾਂ ਦਾ ਜਵਾਬ ਵੀ ਆਪਣੇ ਸਿਆਸੀ ਮਾਲਕਾਂ ਨੂੰ ਖੁਸ਼ ਕਰਨ ਲਈ ਦੇ ਰਹੇ ਹਨ।ਜਿਥੋਂ ਤੀਕ ਸਾਲ 2009 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸੋਧਾਂ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਬਨਾਉਣ ਦੀਆਂ ਕੋਸ਼ਿਸ਼ਾਂ ਦਾ ਹੈ।
  ਗਿਆਨੀ ਗੁਰਬਚਨ ਸਿੰਘ ਇਨ੍ਹਾਂ ਕੋਸ਼ਿਸ਼ਾਂ ਤੋਂ ਉਦੋਂ ਤੀਕ ਇਨਕਾਰ ਕਰਦੇ ਰਹੇ ਹਨ ਜਦ ਤੀਕ ਜਨਵਰੀ 2010 ਵਿੱਚ ਸਭ ਕੁਝ ਸਾਹਮਣੇ ਨਹੀ ਆ ਗਿਆ ਤੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਮਨਾਉਣ ਦੇ ਮੁੱਦੇ ਤੇ ਵੀ ਕੌਮ ਪੂਰੀ ਤਰ੍ਹਾਂ ਦੋ ਫਾੜ ਨਹੀ ਹੋ ਗਈ ।ਇਨ੍ਹਾਂ ਦੋਸ਼ਾਂ ਤੋਂ ਵੀ ਗਿਆਨੀ ਗੁਰਬਚਨ ਸਿੰਘ ਹਰਗਿਜ਼ ਦੋਸ਼ ਮੁਕਤ ਨਹੀ ਹੋ ਸਕਣਗੇ ਕਿ ਉਨ੍ਹਾਂ ਨੇ ਭਾਈ ਜਸਪਾਲ ਸਿੰਘ ਸਿਧਵਾਂ ਚੌੜ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਲਈ ਪੀੜਤ ਪ੍ਰੀਵਾਰ ਨੂੰ ਇਨਸਾਫ ਦਾ ਯਕੀਨ ਦਿਵਾਇਆ ਸੀ ਜੋ 6 ਸਾਲ ਬੀਤ ਜਾਣ ਤੇ ਵੀ ਕਿਧਰੇ ਨਜਰ ਨਹੀਂ ਆ ਰਿਹਾ।ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਨੂੰ ਲੈਕੇ ਗਿਆਨੀ ਜੀ ਨੂੰ ਸਵਾਲ ਕਰਨ ਵਾਲਾ ਕੋਈ ਹੋਰ ਨਹੀ ਬਲਕਿ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਸੀ ।ਜਿਨ੍ਹਾਂ ਦੇ ਜਵਾਬ ਗਿਆਨੀ ਗੁਰਬਚਨ ਸਿੰਘ ਨੇ ਤਿੰਨ ਸਾਲਾਂ ਦੌਰਾਨ ਕਦੇ ਦੇਣੇ ਜਰੂਰੀ ਨਹੀ ਸਮਝੇ ।ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਮਾਮਲੇ ਵਿੱਚ ਵੀ ਖਾਮੋਸ਼ ਰਹੇ ਹਨ ।ਇਨਸਾਫ ਮੰਗ ਕਾਰਣ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖਾਂ ਦੇ ਪਰੀਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਹਿੰਮਤ ਗਿਆਨੀ ਗੁਰਬਚਨ ਸਿੰਘ ਅੱਜ ਤੀਕ ਵੀ ਨਹੀ ਜੁਟਾ ਸਕੇ ।ਜਿਕਰ ਕਰਨਾ ਬਣਦਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੇ 28 ਅਗਸਤ ਨੂੰ ਹੋਈ ਬਹਿਸ ਦੌਰਾਨ ਹੀ ਗਿਆਨੀ ਗੁਰਬਚਨ ਸਿੰਘ ਦੇ ਪੁਤਰ ਦੇ ਕਾਰੋਬਾਰ ਬਾਰੇ ਦੋਸ਼ ਇਕ ਵਿਧਾਇਕ ਨੇ ਲਾਏ ਸਨ ।ਜਿਨ੍ਹਾਂ ਨੂੰ ਆਮ ਸਿੱਖਾਂ ਨੇ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਪ੍ਰੰਤੂ 18-19 ਦਿਨ ਬੀਤ ਜਾਣ ਤੇ ਵੀ ਕਿਸੇ ਨੂੰ ਕੋਈ ਜਵਾਬ ਨਹੀ ਦਿਤਾ ਗਿਆ ।ਹਾਂ ਇਹ ਜਰੂਰ ਹੈ ਕਿ ਗਿਆਨੀ ਜੀ ਨੇ ਇਸ ਸਮੇਂ ਦੌਰਾਨ ਸੂਬੇ ਤੋਂ ਬਾਹਰਲੀਆਂ ਕੁਝ ਧਾਰਮਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ ਹੈ।ਉਨ੍ਹਾਂ ਦੀ ਗੈਰ ਹਾਜਰੀ ਵਿੱਚ ਹੀ ਬਾਦਲ ਦਲ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਸਾਬਕਾ ਮੁਖ ਮੰਤਰੀ ਲਈ ਸ਼ਬਦ ਬਾਦਸ਼ਾਹ ਦਰਵੇਸ਼ ਦੀ ਵਰਤੋਂ ਕਰਨ ਦਾ ਮਾਮਲਾ ਸਾਮਣੇ ਆਇਆ।ਤੇ ਫਿਰ ਉਹ ਵੀ ਸਮਾਂ ਆਇਆ ਜਦੋਂ ਸ੍ਰ:ਭੂੰਦੜ ਅਕਾਲ ਤਖਤ ਸਾਹਿਬ ਦੀ ਬਜਾਏ ਤਖਤ ਦਮਦਮਾ ਸਾਹਿਬ ਪੇਸ਼ ਹੋਏ ਤੇ ਬਣਦੀ ਤਨਖਾਹ ਲਵਾਕੇ ਸੁਰਖਰੂ ਹੋ ਗਏ ।
  ਹੁਣ ਗਿਆਨੀ ਗੁਰਬਚਨ ਸਿੰਘ ਕਹਿ ਰਹੇ ਹਨ ਕਿ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿੱਚ ਵਿਚਾਰਿਆ ਜਾਵੇਗਾ। ਹਕੀਕਤ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਭੂੰਦੜ ਦੀ ਤਲਵੰਡੀ ਸਾਬੋ ਤਖਤ ਤੇ ਪੇਸ਼ੀ ਲਈ ਅੱਗੇ ਆਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਬਾਦਲ ਦਲ ਆਗੂ ਹੀ ਦੋਸ਼ ਲਾ ਰਹੇ ਹਨ ਕਿ ਜਦੋਂ ਅਕਾਲ ਤਖਤ ਤੇ ਕੋਈ ਸੁਨਣ ਵਾਲਾ ਹੀ ਨਹੀ ਸੀ ਤਾਂ ਉਹ ਕੀ ਕਰਦੇ ?ਦਲ ਨੂੰ ਦਰਪੇਸ਼ ਮੁਸ਼ਕਿਲਾਂ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇ ਨਜਰ ਉਹ ਆਪਣੇ ਸੀਨੀਅਰ ਆਗੂ ਉਪਰ ਲਗ ਰਹੇ ਦੋਸ਼ਾਂ ਨੂੰ ਧੋਣ ਲਈ ਯਤਨ ਨਾ ਕਰਦੇ ?ਸਭਤੋਂ ਅਹਿਮ ਸਵਾਲ ਹੈ ਕਿ ਗਿਆਨੀ ਜੀ ਦੀ ਗੈਰ ਹਾਜਰੀ ਕਾਰਨ ਜੋ ਪ੍ਰੰਪਰਾ (ਕੌਮੀ ਮਸਲਿਆਂ ਦੇ ਹੱਲ )ਅਕਾਲ ਤਖਤ ਦੀ ਬਜਾਏ ਤਖਤ ਦਮਦਮਾ ਸਾਹਿਬ ਉਪਰ ਵਿਚਾਰੇ ਜਾਣ ਦੀ ਸ਼ੁਰੂ ਹੋਈ ਹੈ ਉਸ ਦਾ ਜਵਾਬ ਵੀ ਦੇ ਸਕਣਗੇ ? ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਗਿਆਨੀ ਜੀ ਉਪਰ ਆਪਣੇ ਸਿਆਸੀ ਮਾਲਕਾਂ ਦੀ ਇੱਛਾ ਪੂਰਤੀ ਲਈ ਕੀਤੇ ਫੈਸਲਿਆਂ ਦੇ ਦੋਸ਼ ਹਮੇਸ਼ਾ ਲਗਦੇ ਰਹੇ ਤੇ ਉਹ ਦਰਪੇਸ਼ ਕੌਮੀ ਮਸਲਿਆਂ ਪ੍ਰਤੀ ਜਵਾਬ ਦੇਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਤੇ ਚਲਦੇ ਰਹੇ ਹਨ ।ਆਉਣ ਵਾਲੇ ਦਿਨ੍ਹਾਂ ਵਿੱਚ ਗਿਆਨੀ ਗੁਰਬਚਨ ਸਿੰਘ ਆਪਣੇ ਉਪਰ ਲਗ ਰਹੇ ਕਿਹੜੇ ਕਿਹੜੇ ਦੋਸ਼ਾਂ ਦਾ ਜਵਾਬ ਸੰਗਤ ਸਾਹਮਣੇ ਰੱਖਣਗੇ ,ਇਹ ਤਾਂ ਸਮਾਂ ਹੀ ਦਸਣਗੇ ਲੇਕਿਨ ਇਹ ਜਰੂਰ ਮੰਨਿਆ ਜਾਵੇਗਾ ਕਿ ਗਿਆਨੀ ਗੁਰਬਚਨ ਸਿੰਘ ਉਸ ਵੇਲੇ ਹੀ ਬੋਲੇ ਜਦੋਂ ਉਂਗਲਾਂ ਉਨ੍ਹਾਂ ਦੇ ਪ੍ਰੀਵਾਰ ਵੱਲ ਉਠੀਆਂ ਹਨ?

  ਫ਼ਰੀਦਕੋਟ - ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਵਿੱਚ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਭਾਈਚਾਰੇ ਨੂੰ ਬਚਾਈ ਰੱਖਣ ਲਈ ਆਪਣੀ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕੱਟੜਪੰਥੀ ਉਨ੍ਹਾਂ ਨੂੰ ਰੈਲੀ ਵਿੱਚ ਮਾਰਨ ਲਈ ਆਏ ਸਨ ਅਤੇ ਸੂਚਨਾ ਮੁਤਾਬਕ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਜਾਂ ਧਮਕੀਆਂ ਤੋਂ ਉਹ ਡਰਨ ਤੇ ਘਬਰਾਉਣ ਵਾਲੇ ਨਹੀਂ ਹਨ। ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਖਾਲਸਾ ਪੰਥ ਵੱਲੋਂ ਨਕਾਰੇ ਗਏ ਕੁਝ ਅਨਸਰਾਂ ਵੱਲੋਂ ਪੰਜਾਬ ਨੂੰ 1980 ਦੇ ਦਹਾਕੇ ਵਾਲੇ ਕਾਲੇ ਦੌਰ ਵਿੱਚ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਰਮ ਖਿਆਲੀ ਆਗੂਆਂ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੂੰ ਕਾਂਗਰਸ ਦੀਆਂ ‘ਕਠਪੁਤਲੀਆਂ’ ਕਰਾਰ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ਮਗਰੋਂ ਬੇਅਦਬੀ ਦੀਆਂ 73 ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਪਾਰਟੀ ਵੱਲੋਂ ਸਿੱਖ ਗੁਰਧਾਮਾਂ ਅਤੇ ਸ੍ਰੋਮਣੀ ਕਮੇਟੀ ’ਤੇ ਕਬਜ਼ੇ ਲਈ ‘ਪਾੜੋ ਅਤੇ ਰਾਜ ਕਰੋ’ ਦਾ ਪੁਰਾਣਾ ਫਾਰਮੂਲਾ ਅਪਣਾਇਆ ਜਾ ਰਿਹਾ ਹੈ।
  ਬੇਦਅਬੀ ਕਾਂਡ ਤੋਂ ਵਾਪਰੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵਿਵਾਦਾਂ ’ਚ ਘਿਰੇ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਫਰੀਦਕੋਟ ਵਿੱਚ ਰੈਲੀ ਰੱਖੀ ਸੀ।
  ਇਸ ਦੌਰਾਨ ਅੱਜ ਗਰਮ ਧੜੇ ਦੇ ਤਿੰਨ ਸੌ ਤੋਂ ਵੱਧ ਸਿੱਖ ਆਗੂਆਂ ਤੇ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਪੰਥਕ ਧਿਰਾਂ ਨੂੰ ਕਰੀਬ ਦੋ ਘੰਟੇ ਤੱਕ ਰੋਕੀ ਰੱਖਿਆ। ਜਦੋਂ ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਥਕ ਧਿਰਾਂ ਨੇ ਆਖਰੀ ਬੈਰੀਕੇਡ ਵੀ ਪੁੱਟ ਦਿੱਤਾ ਅਤੇ ਰੈਲੀ ਵੱਲ ਵਧਣ ਵਧਣ ਲੱਗੇ। ਹਥਿਆਰਾਂ ਨਾਲ ਲੈਸ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਦੇ ਸ਼ਹਿਰ ਵਿੱਚ ਲੱਗੇ ਫਲੈਕਸ ਬੋਰਡ ਫਾੜ ਦਿੱਤੇ। ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਤੇ ਆਗੂਆਂ ਦੇ ਵਾਹਨ ਜਦੋਂ ਵਾਪਸ ਜਾਣ ਲੱਗੇ ਤਾਂ ਗਰਮ ਦਲੀਆਂ ਨੇ ਜੁਬਲੀ ਸਿਨੇਮਾ ਚੌਕ ਅਤੇ ਰੇਲਵੇ ਸਟੇਸ਼ਨ ਨੇੜੇ ਦੋ ਬੱਸਾਂ ਨੂੰ ਭੰਨ ਦਿੱਤਾ ਜਦੋਂ ਕਿ ਕੋਤਵਾਲੀ ਸਾਹਮਣੇ ਇੱਕ ਕਾਰ ਤੋੜ ਦਿੱਤੀ। ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਰੋਕਣ ਅਤੇ ਭੰਨ ਤੋੜ ਕਰਨ ਦੇ ਦੋਸ਼ੀਆਂ ਖਿਲਾਫ਼ ਪਰਚੇ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਬਰਗਾੜੀ-ਫਰੀਦਕੋਟ ਰੋਡ ਤੋਂ ਅਕਾਲੀ ਦਲ ਦੇ ਵਰਕਰ ਰੈਲੀ ਵਿੱਚ ਨਹੀਂ ਆ ਸਕਦੇ ਸੀ। ਇਸ ਸੜਕ ਤੋਂ ਇਲਾਵਾ ਕੋਈ ਵੀ ਸੜਕ ਅਜਿਹੀ ਨਹੀਂ ਸੀ ਜੋ ਫਰੀਦਕੋਟ ਆਉਂਦੀ ਹੋਵੇ। ਰੇਲਵੇ ਪੁਲ ਬਣਨ ਕਾਰਨ ਤਲਵੰਡੀ ਰੋਡ ਮੁਕੰਮਲ ਤੌਰ ’ਤੇ ਬੰਦ ਹੈ ਅਤੇ ਚਹਿਲ ਰੋਡ ਵਾਲੇ ਨਹਿਰਾਂ ਦਾ ਪੁਲ ਵੀ ਖਸਤਾ ਹਾਲ ਕਾਰਨ ਬੰਦ ਕੀਤਾ ਗਿਆ ਹੈ। ਇਸ ਲਈ ਅਕਾਲੀ ਦਲ ਨੂੰ ਫਿਰੋਜ਼ਪੁਰ ਅਤੇ ਮੁਕਤਸਰ ਵਾਲੇ ਪਾਸਿਆਂ ਤੋਂ ਫਰੀਦਕੋਟ ਆਉਣਾ ਪਿਆ। ਅਕਾਲੀ ਦਲ ਦੇ ਪ੍ਰਮੁੱਖ ਬੁਲਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਨਵਜੋਤ ਸਿੱਧੂ ‘ਤੇ ਨਿਸ਼ਾਨੇ ਸੇਧੇ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੇ ਬੇਅਦਬੀ ਕਾਂਡ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬੋਲਣ ਦੀ ਥਾਂ ਸਾਕਾ ਨੀਲਾ ਤਾਰਾ ਅਤੇ ‘84 ਦੇ ਦੰਗਿਆਂ ਬਾਰੇ ਬੋਲਣ ਨੂੰ ਹੀ ਪਹਿਲ ਦਿੱਤੀ। ਕਰੀਬ ਤਿੰਨ ਘੰਟੇ ਚੱਲੀ ਇਸ ਰੈਲੀ ਨੂੰ ਬਲਵਿੰਦਰ ਸਿੰਘ ਭੂੰਦੜ, ਬਿਕਰਮਜੀਤ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਬੀਬੀ ਜੰਗੀਰ ਕੌਰ, ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਮਨਤਾਰ ਸਿੰਘ ਬਰਾੜ ਨੇ ਸੰਬੋਧਨ ਕੀਤਾ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਇਸ ਰੈਲੀ ਵਿੱਚ ਰੋਕਾਂ ਦੇ ਬਾਵਜੂਦ ਰਿਕਾਰਡ ਤੋੜ ਇਕੱਠ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰੈਲੀ ਦੀ ਸਫ਼ਲਤਾ ਲਈ ਵਰਕਰ ਗੋਲਡ ਮੈਡਲ ਦੇ ਹੱਕਦਾਰ ਹਨ। ਇਸ ਰੈਲੀ ਨੂੰ ਭਾਜਪਾ ਆਗੂ ਰਜਿੰਦਰ ਕੁਮਾਰ ਭੰਡਾਰੀ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਲਖਵੀਰ ਸਿੰਘ ਅਰਾਈਆਂਵਾਲਾ, ਨਵਦੀਪ ਸਿੰਘ ਬੱਬੂ ਬਰਾੜ, ਦਲਜੀਤ ਸਿੰਘ, ਚਰਨਜੀਤ ਸਿੰਘ ਅਟਵਾਲਾ, ਸਿਕੰਦਰ ਸਿੰਘ ਮਲੂਕਾ ਆਦਿ ਨੇ ਵੀ ਸੰਬੋਧਨ ਕੀਤਾ।

  ਜੇਨੇਵਾ: ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਦੀ ਜੇਨੇਵਾ ਵਿਚ ਹੋਈ ਬੈਠਕ ਦੌਰਾਨ ਸਿੱਖ ਹਿਊਮਨ ਰਾਈਟਸ ਗਰੁੱਪ ਨੇ ਨਵੰਬਰ 1984 ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਐਲਾਨਣ ਦਾ ਮੁੱਦਾ ਚੁੱਕਿਆ। ਸਿੱਖ ਹਿਊਮਨ ਰਾਈਟਸ ਗਰੁੱਪ ਦੇ ਮੁਖੀ ਡਾ. ਝਸਦੇਵ ਸਿੰਘ ਰਾਏ ਨੇ ਬੈਠਕ ਵਿਚ ਲਿਖਤੀ ਬਿਆਨ ਪੜ੍ਹਦਿਆਂ ਕਿਹਾ ਕਿ ਨਸਲਕੁਸ਼ੀ ਬਾਰੇ ਉਨ੍ਹਾਂ ਦੀ ਸਮਝ ਮੁਤਾਬਕ ਕਤਲੇਆਮ ਵੀ ਨਸਲਕੁਸ਼ੀ ਦੇ ਜੁਰਮ ਵਿਚ ਆਉਂਦੇ ਹਨ।
  ਰਾਜਨਾਥ ਸਿੰਘ ਵਲੋਂ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਦਸਦਿਆਂ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਾਰਤੀ ਸਟੇਟ ਸਿੱਖ ਨਸਲਕੁਸ਼ੀ ਦੀ ਗੱਲ ਨੂੰ ਮੰਨ ਲਵੇ। ਹਲਾਂਕਿ ਭਾਰਤ ਸਰਕਾਰ ਵਾਰ-ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਮਿਲਣ ਦੀਆਂ ਕੋਸ਼ਿਸ਼ ਵਿਚ ਅੜਿੱਕਾ ਡਾਹ ਰਹੀ ਹੈ।

  ਮਾਮਲਾ ਬਾਬਾ ਘਾਲਾ ਸਿੰਘ ਵਲੋਂ ਬੇਅੰਤ ਸਿਹੁੰ ਨੂੰ ਸ਼ਹੀਦ ਕਹਿਣ ਦਾ
  ਸ੍ਰੀ ਅੰਮ੍ਰਿਤਸਰ -  ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸਿੱਖ ਕੌਮ ਦੀ ਨਾਮਵਰ ਸੰਪ੍ਰਦਾਇ ਨਾਨਕਸਰ ਕਲੇਰਾਂ ਦੀ ਸੰਪ੍ਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਦੀ ਭਰਵੀਂ ਸਟੇਜ ਤੋਂ ਬੇਅੰਤ ਸਿਹੁੰ ਦੇ ਪੋਤਰੇ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਤੇ ਹੋਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ ਬੇਅੰਤ ਸਿਹੁੰ ਨੂੰ ਬਾਬਾ ਘਾਲਾ ਸਿੰਘ ਵਲੋਂ ਸ਼ਹੀਦ ਆਖਣ ਦਾ ਮਾਮਲਾ ਗਰਮਾ ਗਿਆ ਹੈ। ਭਾਵੇਂ ਕਿ ਬਾਬਾ ਘਾਲਾ ਸਿੰਘ ਦੇ ਬਰਸੀ ਸਮਾਗਮ ਤੋਂ ਤੁਰੰਤ ਬਾਅਦ ਇੰਗਲੈਂਡ ਆਦਿ ਦੇਸ਼ਾਂ ਦੇ ਦੌਰੇ 'ਤੇ ਚਲੇ ਜਾਣ ਕਾਰਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਰੂਪੋਸ਼ ਹੋ ਜਾਣ ਕਾਰਨ, ਇਹ ਮਾਮਲਾ ਤੁਰੰਤ ਨਹੀਂ ਗਰਮਾਇਆ, ਪ੍ਰੰਤੂ ਵੀਡਿਓ ਵਾਇਰਲ ਹੋ ਜਾਣ ਤੋਂ ਬਾਅਦ ਮੂੰਹੋ-ਮੂੰਹ ਗੱਲਾਂ ਹੋਣੀਆ ਸ਼ੁਰੂ ਹੋ ਗਈਆਂ ਸਨ।
  ਪ੍ਰੰਤੂ ਸਿੱਧਾ ਵਿਰੋਧ ਕਿਸੇ ਧਿਰ ਵਲੋਂ ਦਰਜ ਨਹੀਂ ਕਰਾਇਆ ਗਿਆ। ਹੁਣ ਜਦੋਂ ਬਾਬਾ ਘਾਲਾ ਸਿੰਘ ਦੇਸ਼ ਪਰਤ ਰਹੇ ਹਨ ਤੇ ਗਿਆਨੀ ਗੁਰਬਚਨ ਸਿੰਘ ਵੀ ਸੰਗਤਾਂ 'ਚ ਵਿਚਰਨ ਲੱਗ ਪਏ ਹਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ 'ਅਕਾਲ ਪੁਰਖ ਕੀ ਮੌਜ' ਖਾਲਸਾ ਜਥੇਬੰਦੀ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਬਾਬਾ ਘਾਲ ਸਿੰਘ ਨੂੰ ਤਲਬ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਲਾਈ ਜਾਵੇ। ਬੇਅੰਤ ਸਿਹੁੰ ਸਿੱਖ ਨੌਜਵਾਨਾਂ ਦਾ ਕਾਤਲ ਹੈ। ਇਸ ਲਈ ਉਸ ਨੂੰ ਸ਼ਹੀਦ ਦਾ ਦਰਜਾ ਦੇਣਾ ਬਜਰ ਕੁਰਹਿਤ ਤੇ ਗੁਨਾਹ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
  ਭਾਈ ਪਰਮਜੀਤ ਸਿੰਘ ਨੇ ਦਸਿਆ ਕਿ ਉਹ ਇਕ ਵਫ਼ਦ ਨੂੰ ਲੈ ਕੇ ਨਾਨਕਸਰ ਸੰਪ੍ਰਦਾਇ ਦੇ ਸਾਰੇ ਸੰਤਾਂ ਨੂੰ ਮਿਲਣਗੇ ਅਤੇ ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਬਾਬਾ ਘਾਲਾ ਸਿੰਘ ਨੂੰ ਨਾਨਕਸਰ ਸੰਪ੍ਰਦਾਇ ਤੋਂ ਵੀ ਖਾਰਜ ਕੀਤਾ ਜਾਵੇ ਤਾਂ ਕਿ ਭਵਿੱਖ 'ਚ ਕੋਈ ਅਜਿਹੀ ਬਜਰ ਗ਼ਲਤੀ ਨਾ ਕਰ ਸਕੇ। ਉਧਰ ਇਸ ਸਬੰਧੀ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਸੁਖਜੀਤ ਸਿੰਘ ਖੋਸੇ, ਭਾਈ ਹਰਜਿੰਦਰ ਸਿੰਘ ਬਾਜੇਕੇ ਨੇ ਆਖਿਆ ਕਿ ਜਿਹੜੇ ਲੋਕ ਬੇਅੰਤ ਸਿਹੁੰ ਵਰਗੇ ਸਿੱਖਾਂ ਦੇ ਕਾਤਲ ਨੂੰ ਸ਼ਹੀਦ ਮੰਨਦੇ ਹਨ, ਉਨ੍ਹਾਂ ਲਈ ਸਿੱਖੀ 'ਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਕਤ ਆਗੂਆਂ ਨੇ ਬਾਬਾ ਘਾਲ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ 10 ਦਿਨਾਂ ਦੇ ਅੰਦਰ ਖ਼ੁਦ ਹੀ ਮਾਫ਼ੀ ਨਾ ਮੰਗੀ ਤਾਂ ਭਵਿੱਖ ਦੇ ਨਤੀਜਿਆਂ ਦੇ ਉਹ ਖੁਦ ਹੀ ਜੁੰਮੇਵਾਰ ਹੋਣਗੇ। ਭਾਈ ਸੁਖਵਿੰਦਰ ਸਿੰਘ ਨੇ ਆਖਿਆ ਕਿ ਨਾਨਕਸਰ ਸੰਪ੍ਰਦਾਇ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਹ ਬੇਅੰਤ ਸਿਹੁੰ ਨੂੰ ਸ਼ਹੀਦ ਮੰਨਦੀ ਹੈ?

  ਵਾਸ਼ਿੰਗਟਨ - ਅਮਰੀਕੀ ਕਾਂਗਰਸ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਭਾਰਤ ’ਚ ਹਿੰਦੂ ਰਾਸ਼ਟਰਵਾਦ ਦਾ ਉਭਾਰ ਹੋ ਰਿਹਾ ਹੈ ਜਿਸ ਕਾਰਨ ਮੁਲਕ ਦੇ ਧਰਮ ਨਿਰਪੱਖ ਕਿਰਦਾਰ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ਮੁਲਕ ’ਚ ਬਹੁ ਗਿਣਤੀ ਹਿੰਸਾ ਦੀਆਂ ਘਟਨਾਵਾਂ ਲਈ ਮੰਚ ਪ੍ਰਦਾਨ ਕਰ ਰਿਹਾ ਹੈ। ਆਪਣੀ ਰਿਪੋਰਟ ’ਚ ਕਾਂਗਰਸ ਖੋਜ ਸੇਵਾ (ਸੀਆਰਐਸ) ਨੇ ਗਊ ਰਾਖਿਆਂ, ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਿਆਂ ਸਮੇਤ ਧਰਮ ਨਾਲ ਪ੍ਰੇਰਿਤ ਹਿੰਸਾ ਦਾ ਜ਼ਿਕਰ ਕੀਤਾ ਹੈ। ਖੋਜੀ ਵਿੰਗ ਮੁਤਾਬਕ ਗ਼ੈਰ ਸਰਕਾਰੀ ਜਥੇਬੰਦੀਆਂ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਭਾਰਤ ਦੀ ਧਰਮਨਿਰਪੇਖ ਰਵਾਇਤ ਲਈ ਨੁਕਸਾਨਦੇਹ ਮੰਨੀਆਂ ਜਾਂਦੀਆਂ ਹਨ। ਸੀਆਰਐਸ ਦੀ ਇਹ ਰਿਪੋਰਟ ਨਾ ਤਾਂ ਅਮਰੀਕੀ ਕਾਂਗਰਸ ਦੀ ਅਧਿਕਾਰਤ ਰਿਪੋਰਟ ਹੈ ਅਤੇ ਨਾ ਹੀ ਇਹ ਕਾਂਗਰਸਮੈਨ ਦੇ ਵਿਚਾਰਾਂ ਨੂੰ ਦਰਸਾਉਂਦੀ ਹੈ। ਰਿਪੋਰਟ ‘ਭਾਰਤ: ਧਾਰਮਿਕ ਆਜ਼ਾਦੀ ਦੇ ਮੁੱਦੇ’ ਤਹਿਤ ਦੱਸਿਆ ਗਿਆ ਹੈ ਕਿ ਧਾਰਮਿਕ ਆਜ਼ਾਦੀ ਦਾ ਹੱਕ ਸੰਵਿਧਾਨ ਤਹਿਤ ਮਿਲਿਆ ਹੋਇਆ ਹੈ। ਇਹ ਰਿਪੋਰਟ ਭਾਰਤ ਅਤੇ ਅਮਰੀਕਾ ਦਰਮਿਆਨ 2+2 ਵਾਰਤਾ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੇ ਮੈਂਬਰਾਂ ਲਈ ਤਿਆਰ ਕੀਤੀ ਗਈ ਸੀ। ਕਈ ਕਾਨੂੰਨਘਾੜਿਆਂ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਬੇਨਤੀ ਕੀਤੀ ਸੀ ਕਿ ਵਾਰਤਾ ਦੌਰਾਨ ਧਾਰਮਿਕ ਆਜ਼ਾਦੀ ਦਾ ਮੁੱਦਾ ਭਾਰਤੀ ਆਗੂਆਂ ਨਾਲ ਉਠਾਇਆ ਜਾਵੇ।

  ਅੰਮ੍ਰਿਤਸਰ - ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਸੌਂਪ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਸਿਰਸਾ ਦੇ ਮੁਖੀ ਨਾਲ ਸਾਂਝ ਰੱਖ ਕੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ, ਸੰਗਤ ਨਾਲ ਵਿਸ਼ਵਾਸਘਾਤ ਕਰਨ, ਪੰਥਕ ਮਰਿਆਦਾ ਨੂੰ ਸਿਆਸੀ ਹਿੱਤਾਂ ਲਈ ਵਰਤਣ ਤੇ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਕਰਾਰ ਦਿੰਦਿਆਂ ਇਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦੀ ਅਪੀਲ ਕੀਤੀ। ਇਹ ਪੱਤਰ ਉਨ੍ਹਾਂ ਅਕਾਲ ਤਖਤ ਦੇ ਸਕੱਤਰੇਤ ’ਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਕੱਤਰ ਭੁਪਿੰਦਰ ਸਿੰਘ ਨੂੰ ਸੌਂਪਿਆ। ਜਥੇਦਾਰ ਫਿਲਹਾਲ ਇੱਥੇ ਨਹੀਂ ਹਨ। ਚਾਰ ਸਫ਼ਿਆਂ ਦੇ ਇਸ ਪੱਤਰ ਵਿੱਚ ਸ੍ਰੀ ਸਿੱਧੂ ਨੇ ਆਖਿਆ ਕਿ 2007 ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਦਸਵੇਂ ਗੁਰੂ ਦਾ ਸਵਾਂਗ ਰਚਾਇਆ ਸੀ, ਉਸ ਵੇਲੇ ਵੀ ਸੂਬੇ ’ਚ ਅਕਾਲੀ ਸਰਕਾਰ ਸੀ ਅਤੇ ਬੇਅਦਬੀ ਦੀਆਂ ਘਟਨਾਵਾਂ ਸਮੇਂ ਵੀ ਅਕਾਲੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਅਕਾਲ ਤਖ਼ਤ ਤੋਂ ਸਿੱਖ ਸੰਗਤ ਨੂੰ ਡੇਰਾ ਸਿਰਸਾ ਦੇ ਸਮਾਜਿਕ ਬਾਈਕਾਟ ਕਰਨ, ਉਸ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਆਦਿ ਦੇ ਹੁਕਮ ਜਾਰੀ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਸ ਸਾਲਾਂ ਵਿੱਚ ਜਦੋਂ ਵੀ ਅਕਾਲੀ ਸਰਕਾਰ ਸੱਤਾ ਵਿੱਚ ਸੀ ਤਾਂ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਦਰਜ ਐਫਆਈਆਰ ਦੀ ਜਾਂਚ ਪੂਰੀ ਨਹੀਂ ਹੋਈ ਅਤੇ ਨਾ ਹੀ ਪੁਲੀਸ ਨੇ ਉਸ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ।
  ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖ਼ਿਲਾਫ਼ ਇਸ ਲਈ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਗਈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਕੌਰ ਬਾਦਲ ਵਾਸਤੇ ਉਸ ਕੋਲੋਂ ਮਦਦ ਲਈ ਗਈ ਸੀ। ਇਸੇ ਤਰ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਤੇ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਮੁੜ ਉਸ ਤੋਂ ਮਦਦ ਲਈ ਗਈ। ਉਨ੍ਹਾਂ ਕਿਹਾ ਹੁਣ ਉਸ ਦੀ ਫਿਲਮ ਰਿਲੀਜ਼ ਕਰਾਉਣ ਲਈ ਅਕਾਲ ਤਖ਼ਤ ਤੋਂ ਉਸ ਨੂੰ ਮੁਆਫੀ ਦਿਵਾਈ ਗਈ ਹੈ। ਇਸ ਲਈ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਅਤੇ ਉਸ ਨੂੰ ਮੁਆਫੀ ਦੇਣ ਲਈ ਦਬਾਅ ਪਾਇਆ ਗਿਆ। ਸਤੰਬਰ 2015 ਨੂੰ ਉਸ ਨੂੰ ਮੁਆਫੀ ਦੇ ਦਿੱਤੀ ਗਈ ਅਤੇ ਅਗਲੇ ਦਿਨ ਉਸ ਦੀ ਫਿਲਮ ਐੱਮਐੱਸਜੀ ਰਿਲੀਜ਼ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਖਾਤਰ ਇਨ੍ਹਾਂ ਸਿੱਖ ਆਗੂਆਂ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਘਟਨਾਵਾਂ ਲਈ ਕਸੂਰਵਾਰਾਂ ਨੂੰ ਛੁਡਵਾਇਆ ਗਿਆ ਅਤੇ ਡੇਰਾ ਪ੍ਰੇਮੀਆਂ ਨੂੰ ਹੱਥ ਪਾਉਣ ਤੋਂ ਪੁਲੀਸ ਨੂੰ ਰੋਕਿਆ ਗਿਆ ਸੀ। ਲੋਕਾਂ ਵੱਲੋਂ ਇਸੇ ਦੇ ਰੋਸ ਵਿੱਚ ਕੋਟਕਪੁਰਾ ਨੇੜੇ ਬਹਿਬਲਕਲਾਂ ’ਚ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ’ਤੇ ਅਕਾਲੀ ਸਰਕਾਰ ਨੇ ਗੋਲੀ ਚਲਵਾਈ।

  ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਹੈ ਕਿ ਸੀਬੀਆਈ ਨੇ ਭਗੌੜੇ ਵਿਜੈ ਮਾਲਿਆ ਨੂੰ ਇੰਗਲੈਂਡ ਭੱਜਣ ’ਚ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ‘ਰੋਕ ਕੇ ਰੱਖਣ’ (ਡਿਟੇਨ) ਦੇ ਨੋਟਿਸ ਨੂੰ ‘ਸੂਚਨਾ ਦੇਣ’ (ਇਨਫਾਰਮ) ’ਚ ਬਦਲ ਕੇ ਮਾਲਿਆ ਨੂੰ ਮੁਲਕ ’ਚੋਂ ਭਜਾਉਣ ’ਚ ਸਹਾਈ ਬਣੀ। ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਹੋਣਾ ਸਮਝ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਮਾਲਿਆ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਇੰਗਲੈਂਡ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਇਸ ਮਗਰੋਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਸੀ। ਸ੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ,‘‘ਮਾਲਿਆ ਨੂੰ ਭਜਾਉਣ ’ਚ ਸੀਬੀਆਈ ਨੇ ਖਾਮੋਸ਼ੀ ਨਾਲ ਸਹਾਇਤਾ ਕੀਤੀ। ਸੀਬੀਆਈ ਸਿੱਧੇ ਪ੍ਰਧਾਨ ਮੰਤਰੀ ਅਧੀਨ ਆਉਂਦੀ ਹੈ। ਇਹ ਸਮਝ ਤੋਂ ਬਾਹਰ ਹੈ ਕਿ ਸੀਬੀਆਈ ਅਜਿਹੇ ਅਹਿਮ ਕੇਸ ਅਤੇ ਵਿਵਾਦਤ ਕੇਸ ’ਚ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਤੋਂ ਬਿਲਾਂ ਲੁੱਕਆਊਟ ਨੋਟਿਸ ਨੂੰ ਬਦਲ ਦੇਵੇਗੀ।’’ ਕਾਂਗਰਸ ਪ੍ਰਧਾਨ ਨੇ ਵੀਰਵਾਰ ਨੂੰ ਸ੍ਰੀ ਜੇਤਲੀ ’ਤੇ ਦੋਸ਼ ਲਾਇਆ ਸੀ ਕਿ ਉਹ ਮਾਲਿਆ ਨੂੰ ਲੰਡਨ ਭਜਾਉਣ ਲਈ ਦਿੱਤੇ ‘ਖੁੱਲ੍ਹੇ ਰਾਹ’ ਬਾਰੇ ਝੂਠ ਬੋਲ ਰਹੇ ਹਨ ਜਦਕਿ ਹਾਕਮ ਧਿਰ ਨੇ ਦਾਅਵਾ ਕੀਤਾ ਸੀ ਕਿ ਗਾਂਧੀ ਪਰਿਵਾਰ ਨੇ ਡੁੱਬਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਬਚਾਉਣ ਲਈ ਉਸ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਭਾਜਪਾ ਦੇ ਮੀਡੀਆ ਹੈੱਡ ਅਨਿਲ ਬਲੂਨੀ ਨੇ ਯੂਪੀਏ ਸਰਕਾਰ ਵੱਲੋਂ ਮਾਲਿਆ ਨੂੰ ਦਿੱਤੀ ਗਈ ਸਹਾਇਤਾ ਸਬੰਧੀ ਅੱਠ ਸਵਾਲ ਦਾਗ਼ੇ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਭਗੌੜੇ ਮਾਲਿਆ ਨੂੰ ਬੈਂਕਾਂ ਤੋਂ ਕਰਜ਼ੇ ਦਿਵਾਉਣ ਦੇ ਬਦਲੇ ਉਸ ਦੀ ਏਅਰਲਾਈਨਜ਼ ’ਚ ਮੁਫ਼ਤ ਸਫ਼ਰ ਕਰਦੇ ਸਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com