ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕਾਨ੍ਹਪੁਰ - ਕਾਨਪੁਰ ਦੇ ਇੱਕ ਸਿੱਖ ਵ‍ਿਅਕਤੀ ਨੇ ਅਮਰੀਕਾ ਦੇ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਦੀ ਸੁਰੱਖਿਆ ਵਿੱਚ ਤੈਨਾਤ ਗਾਰਡ ਦਸ‍ਤੇ ਵਿੱਚ ਥਾਂ ਪਾਕੇ ਦੇਸ਼ ਦਾ ਮਾਣ ਵਧਾਇਆ ਹੈ ।ਅੰਸ਼ਦੀਪ ਸਿੰਘ ਭਾਟੀਆ ਨੂੰ 1984 ਦੇ ਦੰਗਿਆਂ ਵੇਲੇ ਡੂੰਘੇ ਜ਼ਖ਼ਮ ਮਿਲੇ ਸਨ। ਜਿਸਦੇ ਬਾਅਦ ਉਨ੍ਹਾਂ ਦਾ ਪਰਿਵਾਰ ਪਹਿਲਾਂ ਲੁਧਿਆਣਾ ਅਤੇ ਫਿਰ ਅਮਰੀਕਾ ਵਿੱਚ ਸ਼ਿਫਟ ਹੋ ਗਿਆ ।1984 ਦੇ ਦੰਗਿਆਂ ਵਿੱਚ ਉਨ੍ਹਾਂ ਦੇ ਛੋਟੇ ਬੇਟੇ ਦੀ ਹੱਤ‍ਿਆ ਕਰ ਦਿੱਤੀ ਗਈ ਸੀ ਅਤੇ ਵੱਡੇ ਬੇਟੇ ਇੰਦਰ ਨੂੰ ਵੀ ਗੋਲੀਆਂ ਮਾਰੀਆਂ ਗਈਆਂ।ਪਰ ਉਹ ਬਚ ਗਏ।
    ਦੰਗਿਆਂ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਕਾਨਪੁਰ ਛੱਡ ਦਿੱਤਾ ਅਤੇ ਲੁਧਿਆਣਾ ਸ਼ਿਫਟ ਹੋ ਗਿਆ । ਪਰਿਵਾਰ ਜਦੋਂ ਅਮਰੀਕਾ ਚਲਾ ਗਿਆ ਤਾਂ ਅੰਸ਼ਦੀਪ ਨੇ ਅਮਰੀਕੀ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਦੇ ਸੁਰੱਖਿਆ ਗਾਰਡਾਂ ਵਿੱਚ ਸ਼ਾਮਿਲ ਹੋਣ ਦੀ ਠਾਣੀ।ਪਰ ਉਨ੍ਹਾਂ ਦੇ ਲਈ ਵੱਡੀ ਸਮੱਸ‍ਿਆ ਸੀ ਕਿ ਇਨ੍ਹਾਂ ਸੁਰੱਖਿਆ ਗਾਰਡਾਂ ਵਿੱਚ ਸ਼ਾਮਿਲ ਹੋਣ ਲਈ ਆਮ ਪਹਿਰਾਵਾ ਹੀ ਹੋਣਾ ਚਾਹੀਦਾ ਹੈ ।ਹਾਲਾਂਕਿ ਅੰਸ਼ਦੀਪ ਸਿੱਖ ਸਨ ਤਾਂ ਉਨ੍ਹਾਂ ਨੂੰ ਇਸ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਥੇ ਹੀ ਬਸ ਨਹੀਂ ਨਿਯੁਕਤੀ ਨੂੰ ਲੈ ਕੇ ਜਦੋਂ ਕੁੱਝ ਸ਼ਰਤਾਂ ਲਗਾਈਆਂ ਗਈਆਂ ਤਾਂ ਅੰਸ਼ਦੀਪ ਨੇ ਕੋਰਟ ਦਾ ਸਹਾਰਾ ਲਿਆ। ਲੰਬੀ ਲੜਾਈ ਲੜੀ ਅਤੇ ਅਖੀਰ ਸਫਲਤਾ ਉਸਦੀ ਝੋਲੀ ਵਿੱਚ ਆ ਹੀ ਗਈ।
    ਅੰਸ਼ਦੀਪ ਸਿੰਘ ਭਾਟੀਆ ਨੇ ਅਮਰੀਕੀ ਰਾਸ਼‍ਟਰਪਤੀ ਦੇ ਸੁਰੱਖਿਆ ਗਾਰਡਾਂ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਵੀ ਕਈ ਜਗ੍ਹਾ ਨੌਕਰੀ ਕੀਤੀ ,ਪਰ ਉਨ੍ਹਾਂ ਦੇ ਦਿਮਾਗ ਵਿੱਚ ਹਮੇਸ਼ਾ ਤੋਂ ਹੀ ਕੁੱਝ ਵੱਖ ਕਰਨ ਦਾ ਜੋਸ਼ ਤੇ ਜਨੂੰਨ ਸੀ । ਉਨ੍ਹਾਂ ਦੇ ਦਾਦਾ ਕੰਵਲਜੀਤ ਸਿੰਘ ਭਾਟੀਆ ਦੇ ਅਨੁਸਾਰ ਅੰਸ਼ਦੀਪ ਨੇ ਪਹਿਲਾਂ ਏਅਰਪੋਰਟ ਸਕ‍ਿਓਰਿਟੀ ਵਿੱਚ ਵੀ ਕੁੱਝ ਦਿਨਾਂ ਤੱਕ ਨੌਕਰੀ ਕੀਤੀ। ਇਸਦੇ ਬਾਅਦ ਅਮਰੀਕੀ ਰਾਸ਼‍ਟਰਪਤੀ ਦੇ ਸੁਰੱਖਿਆ ਗਾਰਡਾਂ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਟ੍ਰੇਨਿੰਗ ਹੋਈ।
    ਟ੍ਰੇਨਿੰਗ ਪੂਰੀ ਹੋਣ ਦੇ ਬਾਅਦ ਉਨ੍ਹਾ ਇਸ ਹਫਤੇ ਇੱਕ ਸਮਾਰੋਹ ਵਿੱਚ ਅਮਰੀਕੀ ਰਾਸ਼‍ਟਰਪਤੀ ਦੀ ਸੁਰੱਖਿਆ ਦੇ ਤੈਨਾਤ ਗਾਰਡ ਦਸ‍ਤੇ ਵਿੱਚ ਸ਼ਾਮਿਲ ਕਰ ਲਿਆ ਗਿਆ ,ਨਾਲ ਹੀ ਉਹ ਅਜਿਹੇ ਪਹਿਲੇ ਸਿੱਖ ਵ‍ਿਅਕਤੀ ਵੀ ਬਣ ਗਏ ਹਨ ,ਜੋ ਪੂਰੀ ਸ਼ਿਨਾਖ‍ਤ ਦੇ ਨਾਲ ਸੁਰੱਖਿਆ ਫਲੀਟ ਵਿੱਚ ਸ਼ਾਮਿਲ ਹੋਏ ਹਨ ।

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ।
    ਜਥੇਦਾਰ ਮੰਡ ਨੇ ਅੱਜ ਪੰਥਕ ਧਿਰਾਂ ਵੱਲੋਂ ਮੋਰਚਾ ਸਮਾਪਤ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਕਰਕੇ ਪੰਥਕ ਆਗੂ ਵੀ ਹੁਣ ਮੋਰਚੇ ਵਿੱਚ ਮੁੜ ਡਟ ਗਏ ਹਨ। ਮੁਤਵਾਜ਼ੀ ਜਥੇਦਾਰ ਮੰਡ ਨੇ ਸਪਸ਼ਟ ਆਖਿਆ ਕਿ ਇੱਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰਗਾੜੀ ਪੁੱਜ ਕੇ ਸਭ ਮੰਗਾਂ ਮੰਨੇ ਜਾਣ ਦਾ ਐਲਾਨ ਕਰਨਾ ਹੀ ਪੈਣਾ ਹੈ। ਵੇਰਵਿਆਂ ਅਨੁਸਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਨੇ ਮੁਤਵਾਜ਼ੀ ਜਥੇਦਾਰ ਮੰਡ ਨਾਲ ਮੀਟਿੰਗ ਕੀਤੀ। ਸੂਤਰ ਦੱਸਦੇ ਹਨ ਕਿ ਪੰਥਕ ਆਗੂਆਂ ਨੇ ਲਏ ਫ਼ੈਸਲੇ ਤੋਂ ਜਾਣੂ ਕਰਾਇਆ ਪਰ ਜਥੇਦਾਰ ਮੰਡ ਨੇ ਸਭ ਮੰਗਾਂ ਮੰਨੇ ਜਾਣ ਮਗਰੋਂ ਹੀ ਮੋਰਚਾ ਸਮਾਪਤ ਕਰਨ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਪੰਥਕ ਆਗੂਆਂ ਨੇ ਬੀਤੇ ਕੱਲ੍ਹ ਬਠਿੰਡਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਸੀ ਕਿ ਸਰਕਾਰ ਨੇ ਸਭ ਮੰਗਾਂ ਮੰਨ ਲਈਆਂ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਧਾਰਾ 161 ਤਹਿਤ ਕੇਸ ਬਣਾਏ ਜਾਣ ਲਈ ਆਖਿਆ ਜਾਵੇਗਾ।
    ਆਗੂਆਂ ਦਾ ਕਹਿਣਾ ਸੀ ਕਿ ਉਹ ਜਥੇਦਾਰ ਮੰਡ ਨੂੰ ਮੋਰਚਾ ਸਮਾਪਤ ਕਰਨ ਲਈ ਅਪੀਲ ਕਰਨਗੇ। ਮੁਤਵਾਜ਼ੀ ਜਥੇਦਾਰ ਮੰਡ ਦਾ ਕਹਿਣਾ ਸੀ ਕਿ ਪੰਥਕ ਆਗੂਆਂ ਦੀ ਭਾਵਨਾ ਮਾੜੀ ਨਹੀਂ ਸੀ ਅਤੇ ਨਾ ਹੀ ਉਹ ਮੋਰਚਾ ਸਮਾਪਤ ਕਰਾਉਣ ਦੀ ਭਾਵਨਾ ਰੱਖਦੇ ਸਨ ਬਲਕਿ ਪੰਥਕ ਧਿਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਖ਼ੁਦ ਆਖ ਚੁੱਕੇ ਹਨ ਕਿ ਬਰਗਾੜੀ ਕਾਂਡ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡੀਜੀਪੀ ਸ਼ਾਮਲ ਸਨ।
    ਪਤਾ ਲੱਗਾ ਹੈ ਕਿ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਇਨਸਾਫ਼ ਮੋਰਚਾ ਸਮਾਪਤ ਕਰਨ ਦੇ ਹੱਕ ਵਿੱਚ ਨਹੀਂ ਸਨ ਅਤੇ ਇਸੇ ਕਰਕੇ ਉਹ ਬੀਤੇ ਕੱਲ੍ਹ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਵੀ ਉਹ ਸ਼ਾਮਲ ਨਹੀਂ ਹੋਏ ਸਨ। ਅੱਜ ਜਥੇਦਾਰ ਮੰਡ ਵੱਲੋਂ ਪੰਥਕ ਆਗੂਆਂ ਦੀ ਗੱਲ ਨਾ ਮੰਨਣ ਮਗਰੋਂ ਕੈਪਟਨ ਸਰਕਾਰ ਮੁੜ ਸੰਕਟ ਵਿਚ ਘਿਰ ਗਈ ਹੈ। ਮੁਤਵਾਜ਼ੀ ਜਥੇਦਾਰ ਮੰਡ ਇਸ ਮਾਮਲੇ ‘ਤੇ ਪੂਰਨ ਸਟੈਂਡ ਲੈ ਗਏ ਹਨ, ਜਿਸ ਕਰਕੇ ਸਰਕਾਰ ਨੂੰ ਹੁਣ ਇਸ ਮਾਮਲੇ ’ਤੇ ਕੋਈ ਨਾ ਕੋਈ ਹੱਲ ਕੱਢਣਾ ਪਵੇਗਾ। ਮੰਡ ਦੇ ਸਟੈਂਡ ਮਗਰੋਂ ਪੰਥਕ ਆਗੂਆਂ ਨੂੰ ਵੀ ਮੋੜਾ ਕੱਟਣਾ ਪਿਆ ਹੈ। ਹੁਣ ਸਾਫ਼ ਹੋ ਗਿਆ ਹੈ ਕਿ ਬਰਗਾੜੀ ਮੋਰਚਾ ਜਾਰੀ ਰਹੇਗਾ।

    ਪਟਿਆਲਾ - ਪੰਜਾਬ ਦੇ ਪਹਿਲੇ ਪ੍ਰਮਾਣਿਕ ਸਾਈਕਲੋਪੀਡੀਆ ਵਜੋਂ ਜਾਣੇ ਜਾਂਦੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਨੂੰ ਮੁੜ ਛਾਪਣ ਲਈ ਆਖ਼ਰ ਭਾਸ਼ਾ ਵਿਭਾਗ ਪੰਜਾਬ ਨੇ ਫੈਸਲਾ ਲੈ ਹੀ ਲਿਆ ਹੈ| ਭਾਸ਼ਾ ਵਿਭਾਗ ਕੋਲ ਪੰਜਾਬ ਸਰਕਾਰ ਦੀ ਤਰਫੋਂ 2 ਕਰੋੜ ਰੁਪਏ ਦਾ ਬਜਟ ਪੁੱਜਿਆ ਹੈ| ਅਜਿਹੀ ਵਿੱਤੀ ਮਦਦ ਆਸਰੇ ਵਿਭਾਗ ਨੇ ਸਭ ਤੋਂ ਪਹਿਲਾਂ ਵਰ੍ਹਿਆਂ ਤੋਂ ਆਪਣੇ ਪੁਸਤਕ ਭੰਡਾਰ ’ਚੋਂ ਗਾਇਬ ਹੋਏ ‘ਮਹਾਨ ਕੋਸ਼’ ਨੂੰ ਛਾਪਣ ਦਾ ਤਹੱਈਆ ਕੀਤਾ ਹੈ| ਦੱਸਣਯੋਗ ਹੈ ਕਿ ਪਟਿਆਲਾ ਰਿਆਸਤ ਦੇ ‘ਮਹਿਕਮਾ ਪੰਜਾਬੀ’ ਮਗਰੋਂ ਇਸ ਦੁਰਲੱਭ ‘ਮਹਾਨ ਕੋਸ਼’ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪੰਜਾਬ ਨੂੰ ਦਿੱਤੇ ਗਏ ਸਨ| ਉਂਜ ‘ਮਹਾਨ ਕੋਸ਼’ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਵਿਤੀ ਮੱਦਦ ਜ਼ਰੀਏ 1926 ‘ਚ ਤਿਆਰ ਹੋਇਆ ਸੀ| ਪੁਰਾਣੇ ਸਮੇਂ ਇਸ ਕੋਸ਼ ‘ਤੇ 51 ਹਜ਼ਾਰ ਰੁਪਏ ਦਾ ਖਰਚ ਆਇਆ ਸੀ, ਜੋ ਖਰਚ ਪਟਿਆਲਾ ਰਿਆਸਤ ਨੇ ਓਟਿਆ ਸੀ| ਭਾਸ਼ਾ ਵਿਭਾਗ ਦੇ ਸੂਤਰਾਂ ਮੁਤਾਬਿਕ ਵਿਭਾਗ ਵੱਲੋਂ ਇਸ ਦੀ ਪ੍ਰੈੱਸ ਕਾਪੀ ਸੋਧ ਕੇ ਆਪਣੇ ਪੱਧਰ ‘ਤੇ ਮੁਕੰਮਲ ਕੀਤੀ ਹੋਈ ਸੀ, ਪਰ ਲੋੜੀਂਦੇ ਖਰਚੇ ਦੀ ਅਣਹੋਂਦ ਦੀ ਵਜ੍ਹਾ ਇਹ ਛਪਣ ਤੋਂ ਅਸਮਰੱਥ ਸੀ| ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 2 ਕਰੋੜ ਰੁਪਏ ਦੇ ਬਜਟ ਤੋਂ ਭਾਸ਼ਾ ਵਿਭਾਗ ਦਾ ਸਾਹ ਸੌਖਾ ਹੋ ਗਿਆ ਹੈ ਤੇ ਵਿਭਾਗ ਨੇ ਤਹੱਈਆ ਕੀਤਾ ਹੈ ਕਿ ਬਾਕੀ ਪ੍ਰਕਾਸ਼ਨਾਂ ਤੋਂ ‘ਮਹਾਨ ਕੋਸ਼’ ਨੂੰ ਪਹਿਲ ਦੇ ਆਧਾਰ ‘ਤੇ ਛਾਪਿਆ ਜਾਵੇ| ਉਨ੍ਹਾਂ ਦੱਸਿਆ ਕਿ ਮਹਾਨ ਕੋਸ਼ ਨੂੰ ਪੁਨਰ ਪ੍ਰਕਾਸ਼ਨਾਂ ਦੇ ਇਵਜ਼ ਜਲਦੀ ਹੀ ਕੰਟਰੌਲਰ ਪਿ੍ੰਟਿੰਗ ਪ੍ਰੈਸ ਵਿਭਾਗ ਕੋਲ ਭੇਜਿਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ‘ਚ ਉਹ ਭਲਕੇ ਸਕੱਤਰ, ਉਚੇਰੀ ਸਿੱਖਿਆ ਨੂੰ ਵੀ ਚੰਡੀਗੜ੍ਹ ਮਿਲਣ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਵਿਭਾਗ ਦੀ ਇੱਛਾ ਹੈ ਕਿ ਇਸ ਕੋਸ਼ ਦੇ ਅਗਲੇ ਅਡੀਸ਼ਨ ਲਈ 10 ਹਜ਼ਾਰ ਕਾਪੀਆਂ ਛਾਪੀਆਂ ਜਾਣ, ਪਰ ਅੰਤਿਮ ਪ੍ਰਵਾਨਗੀ ਉਚ ਅਥਾਰਟੀ ਹੀ ਦੇਵੇਗੀ| ਉਨ੍ਹਾਂ ਦੱਸਿਆ ਕਿ ਇਸ ਕੋਸ਼ ਦੀ ਪੁਨਰ ਛਪਾਈ ‘ਤੇ 50 ਲੱਖ ਦੇ ਕਰੀਬ ਖਰਚ ਆਉਣ ਦੀ ਸੰਭਾਵਨਾ ਹੈ|

    ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਅੱਜ ਆਪਣੇ ਚਮਕਦਾਰ ਕਰੀਅਰ ਦਾ ਅੰਤ ਕਰਦਿਆਂ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕਰ ਲਿਆ। ਸਰਦਾਰ ਨੇ ਕਿਹਾ ਕਿ ਉਹ ਸੰਨਿਆਸ ਸਬੰਧੀ ਅਧਿਕਾਰਤ ਐਲਾਨ ਸ਼ੁੱਕਰਵਾਰ ਨੂੰ ਕਰੇਗਾ। ਸਰਦਾਰ ਨੇ ਕਿਹਾ ਕਿ ਉਹ ਇਸ ਫ਼ੈਸਲੇ ਸਬੰਧੀ ਮੁੱਖ ਕੋਚ ਹਰਿੰਦਰ ਸਿੰਘ ਨੂੰ ਜਾਣੂ ਕਰਵਾ ਚੁੱਕਾ ਹੈ ਤੇ ਉਹ ਘਰੇਲੂ ਸਰਕਟ ’ਚ ਹਾਕੀ ਖੇਡਣੀ ਜਾਰੀ ਰੱਖੇਗਾ। ਸਰਦਾਰ ਮੁਤਾਬਕ ਉਹ ਪਿਛਲੇ 12 ਸਾਲਾਂ ਵਿੱਚ ਕਾਫ਼ੀ ਹਾਕੀ ਖੇਡ ਚੁੱਕਾ ਹੈ ਤੇ ਹੁਣ ਨੌਜਵਾਨ ਖਿਡਾਰੀਆਂ ਲਈ ਜ਼ਿੰਮੇਵਾਰੀ ਲੈਣ ਦਾ ਸਮਾਂ ਹੈ। ਇਸ ਦੌਰਾਨ ਹਾਕੀ ਇੰਡੀਆ ਵੱਲੋਂ ਕੌਮੀ ਕੈਂਪ ਲਈ ਐਲਾਨੀ 25 ਮੈਂਬਰੀ ਟੀਮ ’ਚੋਂ ਸਰਦਾਰ ਨੂੰ ਬਾਹਰ ਰੱਖਿਆ ਗਿਆ ਹੈ।
    ਸਾਬਕਾ ਕਪਤਾਨ ਸਰਦਾਰ ਸਿੰਘ ਨੇ ਕਿਹਾ ਕਿ ਉਸ ਨੇ ਹਾਕੀ ਨੂੰ ਅਲਵਿਦਾ ਆਖਣ ਦਾ ਫ਼ੈਸਲਾ ਏਸ਼ਿਆਈ ਖੇਡਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਹੀ ਲੈ ਲਿਆ ਸੀ। ਸਰਦਾਰ ਨੇ ਕਿਹਾ, ‘ਹਾਂ, ਮੈਂ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖਣ ਦਾ ਫ਼ੈਸਲਾ ਕੀਤਾ ਹੈ। ਮੈਂ ਆਪਣੇ ਕਰੀਅਰ ਦੌਰਾਨ ਕਾਫ਼ੀ ਹਾਕੀ ਖੇਡੀ ਹੈ। 12 ਸਾਲ ਦਾ ਅਰਸਾ ਬਹੁਤ ਲੰਮਾ ਹੁੰਦਾ ਹੈ। ਹੁਣ ਸਮਾਂ ਹੈ ਜਦੋਂ ਭਵਿੱਖ ਦੀ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ।’ ਸਰਦਾਰ ਨੇ ਕਿਹਾ ਕਿ ਉਸ ਨੇ ਇਹ ਵੱਡਾ ਫ਼ੈਸਲਾ ਚੰਡੀਗੜ੍ਹ ਰਹਿੰਦੇ ਆਪਣੇ ਪਰਿਵਾਰ, ਹਾਕੀ ਇੰਡੀਆ ਤੇ ਆਪਣੇ ਦੋਸਤਾਂ ਨਾਲ ਸਲਾਹ ਮਸ਼ਵਰੇ ਮਗਰੋਂ ਕੀਤਾ ਹੈ। ਸਰਦਾਰ ਨੇ ਕਿਹਾ ਹੁਣ ਹਾਕੀ ਤੋਂ ਅੱਗੇ ਸੋਚਣ ਦਾ ਸਮਾਂ ਹੈ। ਇਥੇ ਇਹ ਤੱਥ ਕਾਫ਼ੀ ਦਿਲਚਸਪ ਹੈ ਕਿ ਜਕਾਰਤਾ ਵਿੱਚ ਏਸ਼ਿਆਈ ਖੇਡਾਂ ਦੌਰਾਨ ਸਰਦਾਰ ਨੇ ਕਿਹਾ ਸੀ ਕਿ ਉਹਦੇ ਅੰਦਰ ਅਜੇ ਕਾਫ਼ੀ ਹਾਕੀ ਬਚੀ ਹੈ ਤੇ ਉਸ ਨੇ 2020 ਟੋਕੀਓ ਓਲੰਪਿਕ ਖੇਡਾਂ ਤਕ ਹਾਕੀ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ। ਚੇਤੇ ਰਹੇ ਕਿ ਭਾਰਤ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਿੱਚ ਨਾਕਾਮ ਰਹੀ ਸੀ ਤੇ ਟੀਮ ਨੂੰ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਸਰਦਾਰ ਦੀ ਵਧਦੀ ਉਮਰ ਦੇ ਚਲਦਿਆਂ ਹੁਣ ਉਸ ਦੀ ਖੇਡ ’ਚੋਂ ਪਹਿਲਾਂ ਵਾਲੀ ਫੁਰਤੀ ਗਾਇਬ ਹੁੰਦੀ ਜਾ ਰਹੀ ਸੀ। ਇਹੀ ਵਜ੍ਹਾ ਹੈ ਕਿ ਏਸ਼ਿਆਈ ਖੇਡਾਂ ਦੌਰਾਨ ਉਸ ਦੇ ਪ੍ਰਦਰਸ਼ਨ ਦੀ ਕਾਫ਼ੀ ਆਲੋਚਨਾ ਹੋਈ। ਹਾਕੀ ਇੰਡੀਆ ਵੱਲੋਂ ਅੱਜ ਕੌਮੀ ਕੈਂਪ ਲਈ ਐਲਾਨੇ 25 ਮੈਂਬਰੀ ਕੋਰ ਗਰੁੱਪ ਵਿੱਚ ਸਰਦਾਰ ਦਾ ਨਾਂ ਸ਼ਾਮਲ ਨਹੀਂ ਸੀ, ਜਿਸ ਤੋਂ ਇਨ੍ਹਾਂ ਅਫ਼ਵਾਹਾਂ ਨੂੰ ਜ਼ੋਰ ਮਿਲਿਆ ਹੈ ਕਿ ਸਾਬਕਾ ਕਪਤਾਨ ਨੂੰ ਸੰਨਿਆਸ ਲੈਣ ਲਈ ਮਜਬੂਰ ਕੀਤਾ ਗਿਆ ਹੈ। ਕੌਮੀ ਕੈਂਪ ਲਈ ਟੀਮ ’ਚੋਂ ਬਾਹਰ ਰੱਖੇ ਜਾਣ ਬਾਰੇ ਪੁੱਛੇ ਸਵਾਲ ਨੂੰ ਨਜ਼ਰਅੰਦਾਜ਼ ਕਰਦਿਆਂ ਸਰਦਾਰ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਪ੍ਰੈੱਸ ਕਾਨਫਰੰਸ ਕਰਕੇ ਸੰਨਿਆਸ ਸਬੰਧੀ ਅਧਿਕਾਰਤ ਐਲਾਨ ਕਰੇਗਾ।
    ਸਾਲ 2006 ਵਿੱਚ ਪਾਕਿਸਤਾਨ ਖ਼ਿਲਾਫ਼ ਸੀਨੀਅਰ ਟੀਮ ਵੱਲੋਂ ਆਪਣਾ ਪਲੇਠਾ ਮੁਕਾਬਲਾ ਖੇਡਣ ਵਾਲੇ ਸਰਦਾਰ ਨੇ ਕਿਹਾ, ‘ਸੰਨਿਆਸ ਦੇ ਫ਼ੈਸਲੇ ਪਿੱਛੇ ਫਿਟਨੈੱਸ ਕਾਰਨ ਨਹੀਂ ਹੈ। ਮੈਂ ਅਜੇ ਕੁਝ ਹੋਰ ਸਾਲਾਂ ਤਕ ਹਾਕੀ ਖੇਡਣ ਲਈ ਫਿੱਟ ਹਾਂ। ਪਰ ਹਰ ਚੀਜ਼ ਦਾ ਸਮਾਂ ਹੁੰਦਾ ਹੈ ਤੇ ਮੈਨੂੰ ਲਗਦਾ ਹੈ ਕਿ ਹੁਣ ਜ਼ਿੰਦਗੀ ’ਚ ਅੱਗੇ ਵਧਣ ਦਾ ਸਮਾਂ ਹੈ।’

    ਬਠਿੰਡਾ - ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅੱਜ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੂੰ ਤਿੰਨ ਦਿਨ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫ਼ੋਨ ’ਤੇ ਹੀ ਤਲਬ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੇ ਸਨਮੁੱਖ ਹੋ ਕੇ ਸ਼ਾਮ ਕਰੀਬ ਸਾਢੇ ਛੇ ਵਜੇ ਭੂੰਦੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਬੋਹਰ ਰੈਲੀ ’ਚ ‘ਬਾਦਸ਼ਾਹ ਦਰਵੇਸ਼’ ਆਖੇ ਜਾਣ ’ਤੇ ਮੁਆਫ਼ੀ ਮੰਗੀ। ਉਨ੍ਹਾਂ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਮੁਆਫ਼ੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਭੂੰਦੜ ਨੇ ਅਬੋਹਰ ’ਚ ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵਡਿਆਉਂਦਿਆਂ ‘ਬਾਦਸ਼ਾਹ ਦਰਵੇਸ਼’ ਤੱਕ ਆਖ ਦਿੱਤਾ ਸੀ। ਉਸ ਮਗਰੋਂ ਉਨ੍ਹਾਂ ਖ਼ਿਲਾਫ਼ ਬਾਜਾਖਾਨਾ ਅਤੇ ਸੋਹਾਣਾ ਦੇ ਪੁਲੀਸ ਥਾਣਿਆਂ ਵਿੱਚ ਸ਼ਿਕਾਇਤਾਂ ਵੀ ਦਰਜ ਹੋਈਆਂ ਸਨ। ਪੰਥਕ ਆਗੂਆਂ ਨੇ ਵੀ ਇਸ ਦੀ ਸਖ਼ਤ ਨੁਕਤਾਚੀਨੀ ਕੀਤੀ ਸੀ ਅਤੇ ਇਹ ਮਾਮਲਾ ਤੂਲ ਫੜਨ ਲੱਗਾ ਸੀ। ਤਖ਼ਤ ’ਤੇ ਪੇਸ਼ ਹੋਣ ਸਮੇਂ ਭੂੰਦੜ ਨਾਲ ਬਠਿੰਡਾ ਅਤੇ ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਾਜ਼ਰ ਸਨ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਨ੍ਹਾਂ ਆਖਿਆ ਕਿ ਉਹ ਅਕਸਰ ਹੀ ਸ੍ਰੀ ਬਾਦਲ ਨੂੰ ‘ਦਰਵੇਸ਼ ਸਿਆਸਤਦਾਨ’ ਨਾਲ ਸੰਬੋਧਨ ਕਰਦੇ ਹਨ ਪ੍ਰੰਤੂ ਅਬੋਹਰ ਰੈਲੀ ਵਿੱਚ ਉਨ੍ਹਾਂ ਅਨਜਾਣੇ ਵਿੱਚ ਹੀ ਸ੍ਰੀ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਨਾਲ ਸੰਬੋਧਨ ਕੀਤਾ ਜੋ ਉਨ੍ਹਾਂ ਦੀ ਭੁੱਲ ਸੀ ਅਤੇ ਇੰਜ ਨਹੀਂ ਕਹਿਣਾ ਚਾਹੀਦਾ ਸੀ। ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭੂੰਦੜ ਨੂੰ ਸਿੱਖ ਪਰੰਪਰਾ ਅਤੇ ਮਰਯਾਦਾ ਅਨੁਸਾਰ ਤਿੰਨ ਦਿਨ ਦੀ ਹੱਥੀਂ ਸੇਵਾ ਅਤੇ ਕੀਰਤਨ ਸੁਣਨ ਦੀ ਧਾਰਮਿਕ ਸੇਵਾ ਲਾਈ ਗਈ ਹੈ ਜਿਸ ਤਹਿਤ ਭੂੰਦੜ ਤਿੰਨ ਦਿਨ ਰੋਜ਼ਾਨਾ ਇੱਕ ਘੰਟਾ ਕੀਰਤਨ ਸੁਣਨਗੇ ਅਤੇ ਜੋੜਾ ਘਰ ਵਿੱਚ ਜੋੜੇ ਅਤੇ ਲੰਗਰ ਵਿੱਚ ਬਰਤਨ ਸਾਫ਼ ਕਰਨਗੇ। ਧਾਰਮਿਕ ਸਜ਼ਾ ਦੌਰਾਨ ਭੂੰਦੜ ਜਪੁਜੀ ਸਾਹਿਬ ਦੇ 11 ਪਾਠ ਵੀ ਕਰਨਗੇ। ਜਥੇਦਾਰ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਉਨ੍ਹਾਂ ਨੂੰ ਸਿੱਖ ਸੰਗਤ ਦੇ ਲਗਾਤਾਰ ਫ਼ੋਨ ਆ ਰਹੇ ਸਨ ਜਿਸ ਮਗਰੋਂ ਉਨ੍ਹਾਂ ਅੱਜ ਸਵੇਰੇ ਹੀ ਭੂੰਦੜ ਨੂੰ ਫ਼ੋਨ ਕਰਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਸੀ। ਸੰਸਦ ਮੈਂਬਰ ਭੂੰਦੜ ਨੇ ਆਖਿਆ ਕਿ ਉਹ 20 ਸਤੰਬਰ ਤੋਂ ਬਾਅਦ ਤਖ਼ਤ ਦਮਦਮਾ ਸਾਹਿਬ ’ਤੇ ਤਿੰਨ ਦਿਨ ਸੇਵਾ ਕਰਨਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਚੱਲ ਰਹੀਆਂ ਹਨ ਅਤੇ ਉਸ ਮਗਰੋਂ ਹੀ ਭੂੰਦੜ ਸਮਾਂ ਕੱਢਣਗੇ। ਚਰਚੇ ਇਸ ਗੱਲ ਦੇ ਵੀ ਹਨ ਕਿ ਤਖ਼ਤ ਤੋਂ ਭੂੰਦੜ ਨੂੰ ਤਲਬ ਕੀਤੇ ਜਾਣ ਦਾ ਵਿਧੀ ਵਿਧਾਨ ਠੀਕ ਨਹੀਂ ਜਾਪਦਾ ਹੈ ਕਿਉਂਕਿ ਤਲਬੀ ਫ਼ੋਨ ’ਤੇ ਹੀ ਕੀਤੀ ਗਈ ਹੈ। ਦੂਜੇ ਪਾਸੇ ਭੂੰਦੜ ਵੀ ਇਸ ਮਾਮਲੇ ਨੂੰ ਛੇਤੀ ਨਿਪਟਾਉਣਾ ਚਾਹੁੰਦੇ ਸਨ।

    ਚੰਡੀਗੜ੍ਹ - ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਤਿੰਨ ਮਹੀਨੇ ਦੇ ਵਾਧੇ ਲਈ ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਸਬੰਧੀ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਅਰੋੜਾ, ਜਿਨ੍ਹਾਂ 30 ਸਤੰਬਰ ਨੂੰ ਸੇਵਾਮੁਕਤ ਹੋਣਾ ਸੀ, ਦਾ ਹੁਣ ਕਾਰਜਕਾਲ 31 ਦਸੰਬਰ ਤੱਕ ਦਾ ਹੋਵੇਗਾ। ਸੂਬੇ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਦਰਮਿਆਨ ਚੱਲ ਰਹੀ ਰੱਸਾਕੱਸ਼ੀ ਦੀ ਖੇਡ ਵੀ ਹੁਣ ਤਿੰਨ ਮਹੀਨਿਆਂ ਲਈ ਮੁਲਤਵੀ ਹੋ ਗਈ ਹੈ। ਸ੍ਰੀ ਅਰੋੜਾ ਨੂੰ ਅਕਾਲੀ-ਭਾਜਪਾ ਸਰਕਾਰ ਨੇ ਅਕਤੂਬਰ 2015 ਵਿੱਚ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਪੈਦਾ ਹੋਏ ਮਾਹੌਲ ਉਪਰੰਤ ਡੀਜੀਪੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ। ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਮਗਰੋਂ ਵੀ ਸ੍ਰੀ ਅਰੋੜਾ ਨੂੰ ਇਸ ਵੱਕਾਰੀ ਅਹੁਦੇ ’ਤੇ ਕਾਇਮ ਰੱਖਿਆ ਗਿਆ। ਉਂਜ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਹੋਰ ਕਾਂਗਰਸ ਨੇਤਾਵਾਂ ਵੱਲੋਂ ਸ੍ਰੀ ਅਰੋੜਾ ਨੂੰ ਇਸ ਅਹੁਦੇ ’ਤੇ ਕਾਇਮ ਰੱਖਣ ਦਾ ਵਿਰੋਧ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡੀਜੀਪੀ ਦੇ ਸੇਵਾਕਾਲ ਵਿੱਚ ਵਾਧੇ ਖਿਲਾਫ਼ ਵੀ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਅੰਦਰਲੇ ਵਿਰੋਧ ਨੂੰ ਦਰਕਿਨਾਰ ਕਰ ਦਿੱਤਾ। ਇੱਥੋਂ ਤੱਕ ਕਿ ਸ੍ਰੀ ਅਰੋੜਾ ਦੇ ਸੇਵਾਕਾਲ ਵਿੱਚ ਵਾਧੇ ਤੋਂ ਪਹਿਲਾਂ ਸ਼ੁਰੂ ਹੋਈ ਪ੍ਰਕਿਰਿਆ ਸਬੰਧੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਨੂੰ ਭਿਣਕ ਨਹੀਂ ਸੀ ਪੈਣ ਦਿੱਤੀ ਗਈ।
    ਪੰਜਾਬ ਪੁਲੀਸ ਲਈ ਆਉਣ ਵਾਲੇ ਕਈ ਮਹੀਨੇ ਅਹਿਮ ਮੰਨੇ ਜਾ ਰਹੇ ਹਨ। ਬੇਅਦਬੀ ਅਤੇ ਗੋਲੀ ਕਾਂਡ ਦੀ ਪੜਤਾਲ ਲਈ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਮਾਮਲਾ ਕਠਿਨ ਪ੍ਰੀਖਿਆ ਦੇ ਬਰਾਬਰ ਹੈ। ਉਕਤ ਘਟਨਾਵਾਂ ਦੀ ਪੜਤਾਲ ਲਈ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ’ਤੇ ਅਧਾਰਿਤ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਇਸੇ ਤਰ੍ਹਾਂ ਸਾਬਕਾ ਡੀਜੀਪੀ ਤੇ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਪੁਲੀਸ ਅਧਿਕਾਰੀ ਸੁਮੇਧ ਸਿੰਘ ਸੈਣੀ ਸਮੇਤ 14 ਸੀਨੀਅਰ ਪੁਲੀਸ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੁਲੀਸ ਅਧਿਕਾਰੀਆਂ ਦਰਮਿਆਨ ਡੀਜੀਪੀ ਦਾ ਅਹੁਦਾ ਹਥਿਆਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਜੱਦੋ-ਜ਼ਹਿਦ ਚੱਲ ਰਹੀ ਸੀ। ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਦਾ ਨਾਮ ਹੁਣ ਤੱਕ ਮੋਹਰੀ ਦਾਅਵੇਦਾਰਾਂ ਵਿੱਚ ਮੰਨਿਆ ਜਾ ਰਿਹਾ ਸੀ। ਕਾਂਗਰਸ ਹਾਈ ਕਮਾਨ ਦੇ ਦਬਾਅ ਅਤੇ ਅਕਾਲੀਆਂ ਜਾਂ ਭਾਜਪਾ ਦੇ ਪ੍ਰਭਾਵ ਵਾਲੇ ਪੁਲੀਸ ਅਧਿਕਾਰੀ ਨੂੰ ਇਸ ਅਹੁਦੇ ਤੋਂ ਲਾਂਭੇ ਰੱਖਣ ਲਈ ਚਲਾਈ ਮੁਹਿੰਮ ਨੇ ਕਈ ਪੁਲੀਸ ਅਫ਼ਸਰਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਸੀ। ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਦੇ ਮੁਖੀ ਵਜੋਂ 1985 ਬੈਚ ਦੇ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਕੀਤੀ ਨਿਯੁਕਤੀ ਨੂੰ ਵੀ ਕਾਂਗਰਸ ਪਾਰਟੀ ਅੰਦਰਲੀ ਤਾਜ਼ਾ ਹਲਚਲ ਅਤੇ ਵਿਰੋਧੀ ਪਾਰਟੀਆਂ ਦੇ ਚਹੇਤੇ ਪੁਲੀਸ ਅਫ਼ਸਰਾਂ ਨੂੰ ਪਾਸੇ ਕਰਨ ਦੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

    ਚਰਨਜੀਤ ਭੁੱਲਰ, ਬਠਿੰਡਾ
    ਬਰਗਾੜੀ ਇਨਸਾਫ਼ ਮੋਰਚਾ ਹੁਣ ਪੰਥਕ ਧਿਰਾਂ ਨੇ ਸਮਾਪਤੀ ਦੇ ਰਾਹ ਪਾ ਲਿਆ ਹੈ, ਜੋ ਕੈਪਟਨ ਹਕੂਮਤ ਲਈ ਰਾਹਤ ਭਰੀ ਖ਼ਬਰ ਹੈ। ਪਹਿਲੀ ਜੂਨ 2018 ਤੋਂ ਸ਼ੁਰੂ ਹੋਇਆ ਇਨਸਾਫ਼ ਮੋਰਚਾ ਪੂਰੇ ਸੌ ਦਿਨਾਂ ਨੂੰ ਪਾਰ ਕਰ ਚੁੱਕਾ ਹੈ। ਆਖ਼ਰ ਹੁਣ ਪੰਥਕ ਆਗੂਆਂ ਨੇ ਇਸ ਨੂੰ ਸਮਾਪਤ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇੱਕ ਦੋ ਦਿਨਾਂ ਵਿੱਚ ਬਰਗਾੜੀ ਮੋਰਚੇ ਦੀ ਸਮਾਪਤੀ ਦਾ ਐਲਾਨ ਹੋ ਸਕਦਾ ਹੈ। ਮੁਤਵਾਜ਼ੀ ਜਥੇਦਾਰ ਅਤੇ ਪੰਥਕ ਆਗੂ ਮੋਰਚਾ ਸਮਾਪਤੀ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ ਓਵੇਂ ਹੀ ਖੜ੍ਹੀਆਂ ਹਨ। ਪੰਥਕ ਆਗੂਆਂ ਨੇ ਅੱਜ ਦੇਰ ਸ਼ਾਮ ਬਰਗਾੜੀ ਵਿੱਚ ਮੋਰਚਾ ਸਮਾਪਤ ਕਰਨ ਲਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨਾਲ ਲੰਮੀ ਮੁਲਾਕਾਤ ਕੀਤੀ।
    ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਮਾਨ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਬਾਲਿਆਂ ਵਾਲੀ ਨੇ ਅੱਜ ਬਠਿੰਡਾ ਵਿੱਚ ਬਰਗਾੜੀ ਮੋਰਚੇ ਨੂੰ ਸਮਾਪਤੀ ਵੱਲ ਵਧਾਉਣ ਬਾਰੇ ਦੱਸਿਆ। ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਰਗਾੜੀ ਮੋਰਚਾ ਜਿਹੜੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਉਹ ਤਕਰੀਬਨ ਪੂਰੀਆਂ ਹੋ ਗਈਆਂ ਹਨ, ਜਿਸ ਕਰਕੇ ਸਭ ਪੰਥਕ ਆਗੂ ਹੁਣ ਧਿਆਨ ਸਿੰਘ ਮੰਡ ਨੂੰ ਮੋਰਚਾ ਸਮਾਪਤ ਕਰਨ ਦੀ ਅਪੀਲ ਕਰਨਗੇ। ਸਿਮਰਨਜੀਤ ਮਾਨ ਨੇ ਦੱਸਿਆ ਕਿ ਬਰਗਾੜੀ ਕਾਂਡ ਦੇ ਸਭ ਮੁਲਜ਼ਮ ਫੜੇ ਜਾ ਚੁੱਕੇ ਹਨ ਅਤੇ ਗੋਲੀ ਕਾਂਡ ਦੇ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਸਿੱਖ ਬੰਦੀਆਂ ਦੀ ਰਿਹਾਈ ਲਈ ਰਾਜਪਾਲ ਅਤੇ ਰਾਸ਼ਟਰਪਤੀ ਨੂੰ ਧਾਰਾ 161 ਤਹਿਤ ਮੁਆਫ਼ੀ ਲਈ ਅਪੀਲ ਕੀਤੀ ਜਾਵੇਗੀ।
    ਰਾਜ ਸਰਕਾਰਾਂ ਨੂੰ ਇਹ ਮੁਆਫ਼ੀ ਦਾ ਕੇਸ ਬਣਾ ਕੇ ਭੇਜਣ ਲਈ ਆਖਿਆ ਜਾਵੇਗਾ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਗਰ ਧਾਰਾ 161 ਸੰਭਵ ਨਾ ਹੋ ਸਕਿਆ, ਤਾਂ ਉਹ ਪੈਰੋਲ ’ਤੇ ਰਿਹਾਈ ਦੀ ਮੰਗ ਕਰਨਗੇ। ਆਗੂਆਂ ਨੇ ਦੱਸਿਆ ਕਿ ਜਦੋਂ ਸਰਕਾਰ ਨੇ ਮੰਗਾਂ ਮੰਨ ਲਈਆਂ ਹਨ, ਤਾਂ ਮੋਰਚਾ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਥਕ ਆਗੂਆਂ ਦੇ ਫ਼ੈਸਲੇ ਤੋਂ ਇਨਸਾਫ਼ ਮੋਰਚਾ ਲਾਉਣ ਵਾਲੇ ਧਿਆਨ ਸਿੰਘ ਮੰਡ ਨੂੰ ਜਾਣੂ ਕਰਾਉਣਗੇ ਅਤੇ ਮੋਰਚਾ ਸਮਾਪਤ ਕੀਤੇ ਜਾਣ ਦੀ ਅਪੀਲ ਕੀਤੀ ਜਾਵੇਗੀ।
    ਸੂਤਰ ਆਖਦੇ ਹਨ ਕਿ ਹੁਣ ਗੇਂਦ ਮੰਡ ਦੇ ਪਾਲੇ ਵਿੱਚ ਹੈ। ਸੂਤਰ ਆਖਦੇ ਹਨ ਕਿ ਬਰਗਾੜੀ ਇਨਸਾਫ਼ ਮੋਰਚਾ ਦੀ ਪਹਿਲੀ ਮੰਗ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਦੀ ਸੀ ਪਰ ‘ਸਿੱਟ’ ਵੱਲੋਂ 10 ਡੇਰਾ ਪੈਰੋਕਾਰਾਂ ਨੂੰ ਕਾਂਡ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ, ਉਨ੍ਹਾਂ ਦੀ ਬਾਜਾਖਾਨਾ ਥਾਣੇ ਵਿੱਚ ਦਰਜ ਪੁਲੀਸ ਕੇਸਾਂ ’ਚੋਂ ਕਿਸੇ ਵਿੱਚ ਹਾਲੇ ਤੱਕ ਨਾਮਜ਼ਦਗੀ ਨਹੀਂ ਪਈ ਹੈ। ਪੰਥਕ ਆਗੂਆਂ ਨੇ ਤਸੱਲੀ ਜ਼ਾਹਿਰ ਕਰ ਦਿੱਤੀ ਹੈ। ਦੂਜੇ ਪਾਸੇ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਕੋਈ ਠੋਸ ਫ਼ੈਸਲਾ ਨਹੀਂ ਹੋਇਆ ਹੈ। ਪੰਥਕ ਆਗੂਆਂ ਵੱਲੋਂ ਅਚਨਚੇਤ ਮੋਰਚਾ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੰਥਕ ਆਗੂ ਆਖਦੇ ਹਨ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਸਿੱਖ ਮਸਲੇ ਹੱਲ ਹੋਏ ਹਨ। ਸ੍ਰੀ ਮਾਨ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਦੋਗਲੀ ਬਿਆਨਬਾਜ਼ੀ ਕਰ ਰਹੇ ਹਨ। ਹਿੰਦੂਆਂ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਸਿੱਖਾਂ ’ਤੇ ਜ਼ੁਲਮ ਕਰ ਰਹੇ ਹਨ। ਮਾਨ ਨੇ ਆਖਿਆ ਕਿ ਬਲਵਿੰਦਰ ਭੂੰਦੜ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿਣਾ ਨਿੰਦਣਯੋਗ ਹੈ ਅਤੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਦਲ ਖ਼ਾਲਸਾ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ 22 ਸਿੱਖ ਬੰਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਜਿਨ੍ਹਾਂ ’ਚੋਂ 22 ਪੰਜਾਬ ਦੀਆਂ ਜੇਲ੍ਹਾਂ ਵਿੱਚ ਅਤੇ 4 ਯੂਪੀ ਦੀਆਂ ਜੇਲ੍ਹਾਂ ਵਿੱਚ ਬੰਦ ਹਨ।

    ਅੰਮ੍ਰਿਤਸਰ, 10 ਸਤੰਬਰ

    ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਅੱਜ ਇਥੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਸਾਰਾ ਦਿਨ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਸ੍ਰੀ ਹਰਿਮੰਦਰ ਸਾਹਿਬ ਵਿਚ ਜਾਰੀ ਰਹੀ।
    ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਸਵੇਰੇ ਗੁਰਦੁਆਰਾ ਸ੍ਰੀ ਰਾਮਸਰ ਤੋਂ ਹਰਿਮੰਦਰ ਸਾਹਿਬ ਤਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਰਾਮਸਰ ਉਹ ਥਾਂ ਹੈ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਸੀ ਅਤੇ ਮੁੜ 1604 ਈਸਵੀ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ। ਉਸ ਵੇਲੇ ਗੁਰਦੁਆਰਾ ਰਾਮਸਰ ਤੋਂ ਪਾਵਨ ਬੀੜ ਨੂੰ ਬਾਬਾ ਬੁੱਢਾ ਜੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਏ ਸਨ। ਇਸੇ ਪ੍ਰੰਪਰਾ ਮੁਤਾਬਕ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਵੇਰ ਵੇਲੇ ਗੁਰਦੁਆਰਾ ਰਾਮਸਰ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਪਾਵਨ ਸਰੂਪ ਪਾਲਕੀ ਵਿਚ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਲਿਆਂਦਾ ਜਾਂਦਾ ਹੈ।
    ਅੱਜ ਨਗਰ ਕੀਰਤਨ ਸਮੇਂ ਅਰਦਾਸ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪਾਵਨ ਸਰੂਪ ਨੂੰ ਆਪਣੇ ਸਿਰ ਤੇ ਰੱਖ ਕੇ ਪਾਲਕੀ ਤਕ ਲਿਆਂਦਾ ਅਤੇ ਮੁੜ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਪੁੱਜੀਆਂ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਪੁੱਜੇ ਹੋਏ ਸਨ। ਨਗਰ ਕੀਰਤਨ ਚੌਂਕ ਕਰੋੜੀ, ਬਾਬਾ ਸਾਹਿਬ ਚੌਂਕ ਆਦਿ ਤੋਂ ਹੁੰਦਾ ਹੋਇਆ ਹਰਿਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਇਆ। ਰਸਤੇ ਵਿਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ। ਸਕੂਲੀ ਬੱਚਿਆਂ ਦੀਆਂ ਬੈਂਡ ਅਤੇ ਗਤਕਾ ਟੀਮਾਂ ਸ਼ਾਮਲ ਹੋਈਆਂ। ਸੰਗਤਾਂ ਜਾਪ ਕਰਦੀਆਂ ਹੋਈਆਂ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਨਗਰ ਕੀਰਤਨ ਦੇ ਰਸਤੇ ਵਿਚ ਵੀ ਵਿਸ਼ੇਸ਼ ਸਜਾਵਟ ਕੀਤੀ ਗਈ ਸੀ ਅਤੇ ਥਾਂ ਥਾਂ ਤੇ ਲੰਗਰ ਵੀ ਲਾਏ ਗਏ ਸਨ।
    ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਵਿਦੇਸ਼ ਵਿਚ ਵਸਦੀ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮਲੇਵਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨਗਰ ਕੀਰਤਨ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ, ਕਰਮਚਾਰੀ, ਸਿੱਖ ਸੰਗਤ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
    ਇਸ ਦੌਰਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਫੁਲਾਂ ਦੀ ਸਜਾਵਟ ਕੀਤੀ ਗਈ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਵਿਖੇ ਸੁੰਦਰ ਜਲੌਅ ਸਜਾਏ ਗਏ। ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਫੁੱਲਾਂ ਦੀ ਸਜਾਵਟ ਲਈ ਲਗਪਗ ਸੌ ਕੁਇੰਟਲ ਫੁੱਲ ਵਰਤੇ ਗਏ ਹਨ, ਜੋ ਭਾਰਤ ਸਮੇਤ ਵੱਖ ਵੱਖ ਮੁਲਕਾਂ ਤੋਂ ਮੰਗਵਾਏ ਹੋਏ ਸਨ।

    ਚੰਡੀਗੜ੍ਹ - ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਏਗਾ ਜਾਂ ਨਹੀਂ, ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਘੋਰ ਸੰਕਟ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦੇ ਦੇ ਕਈ ਟਕਸਾਲੀ ਲੀਡਰ ਵੀ ਕਹਿ ਚੁੱਕੇ ਹਨ ਕਿ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ। ਗਿਆਨੀ ਗੁਰਬਚਨ ਸਿੰਘ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਘਿਰੇ ਸੀ ਪਰ ਹੁਣ ਉਨ੍ਹਾਂ ਦੀ ਜਾਇਦਾਦ ਉੱਪਰ ਵੀ ਸਵਾਲ ਖੜ੍ਹੇ ਹੋ ਰਹੇ ਹਨ।
    ਇਹ ਮਾਮਲਾ ਗਰਮਾਉਣ ਮਗਰੋਂ ਗਿਆਨੀ ਗੁਰਬਚਨ ਸਿੰਘ ਰੂਪੋਸ਼ ਹੋ ਗਏ ਸੀ। ਉਹ ਦੋ ਹਫਤੇ ਵਿਦੇਸ਼ ਵਿੱਚ ਰਹਿਣ ਮਗਰੋਂ ਵਾਪਸ ਪਰਤ ਆਏ ਹਨ। ਸੋਮਵਾਰ ਨੂੰ ਲਗਪਗ ਦੋ ਹਫ਼ਤਿਆਂ ਮਗਰੋਂ ਉਹ ਸਿੱਖ ਸੰਗਤ ਵਿੱਚ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਕੁਝ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲਬਾਤ ਦਾ ਯਤਨ ਕੀਤਾ ਪਰ ਉਨ੍ਹਾਂ ਗੱਲਬਾਤ ਤੋਂ ਮਨ੍ਹਾ ਕਰ ਦਿੱਤਾ।
    ਦਰਅਸਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੇ ਇਸ ਉਪਰ ਹੋਈ ਬਹਿਸ ਦੌਰਾਨ ਗਿਆਨੀ ਗੁਰਬਚਨ ਸਿੰਘ ’ਤੇ ਵੀ ਗੰਭੀਰ ਇਲਜ਼ਾਮ ਲਾਏ ਗਏ ਸੀ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਵਿਧਾਨ ਸਭਾ ਵਿੱਚ ਇਲਜ਼ਾਮ ਲਾਇਆ ਗਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਆਮਦਨ ਤੋਂ ਵਧੇਰੇ ਜਾਇਦਾਦ ਬਣਾਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕ ਵੱਲੋਂ ਸੰਪਤੀ ਦੇ ਵੇਰਵੇ ਵੀ ਜਨਤਕ ਕੀਤੇ ਗਏ ਸੀ।
    ਇਸ ਮਗਰੋਂ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣਾ ਚਾਹੀਦਾ ਹੈ। ਸੋਸ਼ਲ ਮੀਡੀਆ ਉੱਪਰ ਵੀ ਗਿਆਨੀ ਗੁਰਬਚਨ ਸਿੰਘ ਖਿਲਾਫ ਮੁਹਿੰਮ ਜਾਰੀ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਵਿੱਚ ਵੀ ਗਿਆਨੀ ਗੁਰਬਚਨ ਸਿੰਘ ਨੂੰ ਬਦਲਣ ਦੀ ਚਰਚਾ ਹੈ ਪਰ ਸਹੀ ਸਮੇਂ ਦੀ ਉਡੀਕ ਹੈ। ਮੰਨਿਆ ਜਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਥਾਂ ਢੁਕਵੀਂ ਸ਼ਖ਼ਸੀਅਤ ਦੀ ਤਲਾਸ਼ ਜਾਰੀ ਹੈ।

    ਅਬੋਹਰ - ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਲਲਕਾਰਨ ਲਈ ਬਾਦਲਾਂ ਨੇ ਅਬੋਹਰ ਇਲਾਕੇ ਵਿਚ ਰੈਲੀ ਕੀਤੀ। ਇਸ ਮੌਕੇ ਬਾਦਲ ਦੀ ਸੱਜੀ ਬਾਂਹ ਮੰਨੇ ਬਲਵਿੰਦਰ ਭੂੰਦੜ ਨੇ ਖੀਰ ਵਿਚ ਉਸ ਸਮੇਂ ਸੁਆਹ ਭੁੱਖ ਦਿੱਤੀ ਜਦੋਂ ਉਸ ਨੇ ਵੱਡੇ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹਿ ਕੇ ਪੁਕਾਰਿਆ। ਬਾਦਸ਼ਾਹ ਦਰਵੇਸ਼ ਸ਼ਬਦ ਦਾ ਖਿਤਾਬ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੌਮ ਵੱਲੋਂ ਦਿੱਤਾ ਗਿਆ ਹੈ। ਇਸ ਲਈ ਭੂੰਦੜ ਵੱਲੋਂ ਦਿੱਤੇ ਇਸ ਖਿਤਾਬ ਨੇ ਬਾਦਲ ਦੀ ਸਿੱਖ ਵਿਰੋਧੀ ਸੋਚ ਨੂੰ ਸਾਹਮਣੇ ਲਿਆਂਦਾ ਹੈ ਅਤੇ ਨਾਲ ਦੀ ਨਾਲ ਬਾਦਲਾਂ ਵਿਰੁੱਧ ਤੂਫ਼ਾਨ ਪੈਦਾ ਕਰਨ ਦਾ ਸਬੱਬ ਵੀ ਬਣ ਗਿਆ ਹੈ।
    ਬੇਅਦਬੀ ਘਟਨਾਵਾਂ ਲਈ ਦੋਸ਼ੀ ਠਹਿਰਾਉਣ ਦੇ ਲੱਗ ਰਹੇ ਦੋਸ਼ਾਂ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ ਵਿੱਚ ਪੇਸ਼ ਹੋਈ ਰਿਪੋਰਟ ਅਨੁਸਾਰ ਬਾਦਲ ਸਰਕਾਰ ਅਤੇ ਪਰਿਵਾਰ ਦੀ ਸ਼ਮੂਲੀਅਤ ਸਾਹਮਣੇ ਆਉਣ ਕਰਕੇ ਪਰਿਵਾਰ ਦਾ ਲੋਕਾਂ ਵਿੱਚ ਵਿਚਰਨਾ ਹੁਣ ਔਖਾ ਹੋ ਗਿਆ ਹੈ? ਕਿਉਂਕਿ ਸੰਗਤਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ? ਇਸੇ ਲੜੀ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ''ਅਕਾਲੀਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਣ ਦੇਣਗੇ'' ਦੇ ਬਿਆਨ ਦਾ ਚੈਲੇਂਜ ਕਬੂਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਅਬੋਹਰ ਵਿਖੇ ''ਪੋਲ ਖੋਲ'' ਰੈਲੀ ਕੀਤੀ ਗਈ। ਉਸ ਰੈਲੀ ਵਿੱਚ ਉਸ ਸਮੇਂ ਮਾਹੌਲ ਤਨਾਅਪੂਰਣ ਬਣ ਗਿਆ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਸੰਗਤਾਂ ਨੇ ਬਾਦਲ ਪਿਓ-ਪੁੱਤਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ''ਗੁਰੂ ਦੇ ਸਿੰਘੋਂ ਸਮਝ ਜਾਓ ਬਾਦਲ ਜੁੰਡਲੀ ਨੂੰ ਵਾਪਸ ਭਜਾਓ'' ਅਤੇ ''ਜਿੱਥੇ ਗਿਆ ਸੌਦਾ ਸਾਧ ਉਥੇ ਭਜਾਓ ਜੀਜਾ-ਸਾਲਾ'' ਦੇ ਨਾਹਰੇ ਗੂੰਜਦੇ ਹੋਏ ਸੁਣਾਈ ਦਿੱਤੇ। ਇਸ ਮੌਕੇ ਉਹਨਾਂ ਦੇ ਨਾਲ ਬਖਸ਼ੀਸ਼ ਸਿੰਘ ਖਾਲਸਾ ਅਬੋਹਰ, ਜਸਵੀਰ ਸਿੰਘ ਗਿੱਲ, ਗੁਰਭੇਜ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬਖਸ਼ੀਸ਼ ਸਿੰਘ ਵਿਰਕ ਆਦਿ ਹਾਜਰ ਸਨ।
    ਦੂਜੇ ਪਾਸੇ ਬਠਿੰਡਾ ਵਿਖੇ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਉਣਾ ਸੀ ਪਰ ਸੰਗਤਾਂ ਵੱਲੋਂ ਵਿਰੋਧ ਕਰਨ ਦਾ ਪਤਾ ਲੱਗਣ ਤੇ ਹਰਸਿਮਰਤ ਬਾਦਲ ਵੱਲੋਂ ਬਠਿੰਡਾ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਉਹਨਾਂ ਦੀ ਜਗ੍ਹਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਏ ਜਿਹਨਾਂ ਦਾ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ ਅਤੇ ਸੁਰਿੰਦਰ ਸਿੰਘ ਨਥਾਣਾ ਦੀ ਅਗਵਾਈ ਵਿੱਚ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਹਾਲਾਤ ਉਸ ਸਮੇਂ ਤਨਾਅਪੂਰਣ ਬਣ ਗਏ ਜਦੋਂ ਭਾਰੀ ਤਦਾਦ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਇਹਨਾਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਹੀ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਝੁਕਾਨੀ ਦੇਕੇ ਵਰਕਰ ਗੁਰਦੁਆਰਾ ਸਾਹਿਬ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰੰਤੂ ਪਿਲਸ ਨੇ ਰੈਲੀ ਵਾਲੀ ਥਾਂ ਤੋਂ ਥੋੜੀ ਦੂਰ ਹੀ ਇਹਨਾ ਵਰਕਰਾਂ ਦੀ ਘੇਰਾਬੰਦੀ ਕਰ ਲਈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੁਲਸੀਆ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਐਲਾਨ ਕੀਤਾ ਕਿ ਗੁਰੂ ਦੇ ਦੋਖੀ ਬਾਦਲ ਪਰਿਵਾਰ ਦਾ ਪਿੰਡਾਂ ਵਿੱਚ ਹਰ ਥਾਂ ਘਿਰਾਓ ਕੀਤਾ ਜਾਵੇਗਾ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਗ੍ਰਹਿ ਮੰਤਰੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਸ ਸਮੇਂ ਦੇ ਗ੍ਰਹਿ ਮੰਤਰੀ ਡੀਜੀਪੀ ਸੁਮੇਧ ਸੈਣੀ ਸਿੱਧੇ ਤੌਰ ਤੇ ਜਿੰਮੇਵਾਰ ਹਨ, ਇਹਨਾਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।
    ਆਗੂਆਂ ਨੇ ਕਿਹਾ ਕਿ ਇਹ ਰੈਲੀਆਂ ਬਾਦਲ ਪਰਿਵਾਰ ਖਤਮ ਹੋ ਚੁੱਕੀ ਸ਼ਾਖ ਬਚਾਉਣ ਲਈ ਕਰ ਰਿਹਾ ਹੈ ਪਰ ਇਹਨਾਂ ਰੈਲੀ ਵਿੱਚ ਸਿੱਖ ਸੰਗਤਾਂ ਦੇ ਜਾਣ ਦੀ ਬਜਾਏ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸੌਦਾ ਸਾਧ ਦੇ ਚੇਲੇ ਹੀ ਸ਼ਾਮਲ ਹੋ ਰਹੇ ਹਨ। ਉਹਨਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਘਟਨਾਵਾਂ ਦੇ ਜਿੰੇਮਵਾਰ ਬਾਦਲ ਪਰਿਵਾਰ ਦੀਆਂ ਰੈਲੀਆਂ ਵਿੱਚ ਜਾਣ ਦੀ ਬਜਾਏ ਬਾਦਲ ਦਲੀਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਇਹਨਾਂ ਤੇ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਖਰਾਬ ਹੋਣ ਵਾਲੇ ਮਾਹੌਲ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com