


ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ 'ਤੇ ਅਧਾਰਿਤ ਕਮਿਸ਼ਨ ਦੀ ਰਿਪੋਰਟ ਦੇ ਮੁੱਦੇ 'ਤੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਮਿਸ਼ਨ ਦੇ ਮੁਖੀ 'ਤੇ ਨਿਸ਼ਾਨਾ ਸੇਧਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਇੱਥੇ ਹੋਈ ਮੀਟਿੰਗ ਦੌਰਾਨ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੂੰ ਗੁਮਰਾਹ ਕਰਨ ਦੇ ਦੋਸ਼ ਲਾਉਂਦਿਆਂ ਫਰਜ਼ੀ ਸਬੂਤ ਤਿਆਰ ਕਰਨ ਅਤੇ ਝੂਠੀ ਗਵਾਹੀ ਦਿਵਾਉਣ ਦੇ ਦੋਸ਼ ਲਾਏ ਗਏ ਹਨ। ਕੋਰ ਕਮੇਟੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ ਵਿਚੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਸ੍ਰੀ ਰੰਧਾਵਾ ਅਤੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਰੰਧਾਵਾ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਸ੍ਰੀ ਬਾਦਲ ਸਿਹਤਯਾਬ ਨਾ ਹੋਣ ਦੇ ਬਾਵਜੂਦ ਕੋਰ ਕਮੇਟੀ ਦੀ ਮੀਟਿੰਗ 'ਚ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੀਟਿੰਗ ਵਿਚ ਮੌਜੂਦ ਸਨ। ਸੂਤਰਾਂ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਵਿਚ ਹੋਰ ਸਿਆਸੀ ਮੁੱਦੇ ਵੀ ਵਿਚਾਰੇ ਗਏ, ਪਰ ਚਰਚਾ ਦਾ ਮੁੱਖ ਵਿਸ਼ਾ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਬੇਅਦਬੀ ਮਾਮਲਿਆਂ ਦੀ ਪੜਤਾਲ ਸਬੰਧੀ ਪੇਸ਼ ਕੀਤੀਆਂ ਰਿਪੋਰਟਾਂ ਹੀ ਸਨ।
ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ਜਨਤਕ ਹੋਣ ਮਗਰੋਂ ਅਕਾਲੀ ਦਲ ਦੇ ਸੀਨੀਅਰ ਆਗੂ ਖਾਸ ਕਰ ਬਾਦਲ ਪਰਿਵਾਰ ਪੂਰੀ ਤਰ੍ਹਾਂ ਘਿਰ ਗਿਆ ਹੈ। ਸਰਕਾਰ ਦੇ ਫੈਸਲੇ ਮੁਤਾਬਕ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਹ ਰਿਪੋਰਟਾਂ ਪੇਸ਼ ਕੀਤੀਆਂ ਜਾਣੀਆਂ ਹਨ। ਅਕਾਲੀ ਦਲ ਨੇ ਸੈਸ਼ਨ ਦੌਰਾਨ ਹਿੰਮਤ ਸਿੰਘ ਵੱਲੋਂ ਕੀਤੇ ਤਾਜ਼ਾ ਖੁਲਾਸਿਆਂ ਨੂੰ ਉਭਾਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀਆਂ ਪੜਤਾਲੀਆਂ ਰਿਪੋਰਟਾਂ 'ਤੇ ਸਰਕਾਰ ਨੂੰ ਘੇਰਿਆ ਜਾ ਸਕੇ। ਸਿੱਖ ਜਥੇਬੰਦੀਆਂ ਵੱਲੋਂ ਅਕਾਲੀਆਂ ਖਾਸ ਕਰ ਬਾਦਲਾਂ ਨੂੰ ਇਨ੍ਹਾਂ ਪੜਤਾਲੀਆ ਰਿਪੋਰਟਾਂ ਦੇ ਅਧਾਰ 'ਤੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਧਾਨ ਸਭਾ ਵਿਚ ਜੇਕਰ ਇਨ੍ਹਾਂ ਰਿਪੋਰਟਾਂ 'ਤੇ ਬਹਿਸ ਹੁੰਦੀ ਹੈ ਤਾਂ ਅਕਾਲੀ ਦਲ ਨੂੰ ਨਮੋਸ਼ੀ ਝੱਲਣੀ ਪੈ ਸਕਦੀ ਹੈ। ਲਿਹਾਜ਼ਾ ਵਿਧਾਨ ਸਭਾ ਸੈਸ਼ਨ ਦਾ ਬਾਇਕਾਟ ਅਕਾਲੀ ਦਲ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ। ਉਂਜ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਹਿੰਮਤ ਸਿੰਘ ਦਾ ਗਵਾਹ ਵਜੋਂ ਮੁੱਕਰਨਾ ਵੱਡਾ ਮੁੱਦਾ ਹੈ ਤੇ ਇਸੇ ਅਧਾਰ 'ਤੇ ਪਹਿਲਾਂ ਵਾਂਗ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਰਿਪੋਰਟ ਨੂੰ ਨਿਸ਼ਾਨਾ ਬਣਾਇਆ ਜਾਵੇ। ਮੀਟਿੰਗ ਵਿਚ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਤੀਰਥ ਸਿੰਘ ਢਿੱਲੋਂ
‘ਰਾਗ ਨਾਦ ਸਬਦਿ ਸੋਹਣੇ’, ਗੁਰਬਾਣੀ ਦੀ ਇਸ ਪਾਵਨ ਤੁਕ ਵਿਚਲੇ ਰੂਹਾਨੀ ਸੁਨੇਹੇ ਨੂੰ ਸਾਕਾਰ ਕਰਨ ਅਤੇ ਗੁਰੂ ਨਾਨਕ ਦੇਵ ਵੱਲੋਂ ਤੰਤੀ ਸਾਜ਼ਾਂ ਨਾਲ ਸੰਗਤ ਦੀ ਝੋਲੀ ਪਾਈ ਕੀਰਤਨ ਦੀ ਪਰੰਪਰਾ ਦੀ ਬਹਾਲੀ ਲਈ ਲੁਧਿਆਣਾ ਦੇ ਨਾਲ ਲੱਗਦੇ ਇਤਿਹਾਸਕ ਪਿੰਡ ਜਵੱਦੀ ਕਲਾਂ ਵਿੱਚ ਸਥਿਤ ਜਵੱਦੀ ਟਕਸਾਲ ਦੀ ਦੇਣ ਉੱਤੇ ਸਮੁੱਚੇ ਕੀਰਤਨ ਅਤੇ ਸੰਗੀਤ ਪ੍ਰੇਮੀਆਂ ਨੂੰ ਮਾਣ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਭੂਮੀ ਉੱਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਸਚਖੰਡ ਵਾਸੀ ਸੰਤ ਸੁੱਚਾ ਸਿੰਘ ਨੇ 1985 ਵਿੱਚ ਸੇਵਾ ਆਰੰਭ ਕੀਤੀ। ਸੰਨ 1991 ਵਿਚ ਉਨ੍ਹਾਂ ਨੇ ‘ਵਿਸਮਾਦੁ ਨਾਦ’ ਸੰਸਥਾ ਬਣਾਈ। ਇਸ ਸੰਸਥਾ ਨੇ ਸਿੱਖ ਵਿਰਸੇ ਦੀ ਖੋਜ ਅਤੇ ਸੰਭਾਲ ਦੇ ਅਣਗੌਲੇ ਕਾਰਜ ਨੂੰ ਸੰਭਾਲਣ ਦਾ ਜ਼ਿੰਮਾ ਲਿਆ ।
ਅੰਮ੍ਰਿਤਸਰ - ਨਿਊਯਾਰਕ ਦੇ ਗੁਰਦੁਆਰੇ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ’ਤੇ ਹਮਲੇ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਖੇਧੀ ਕੀਤੀ ਹੈ। ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਮਨਜੀਤ ਸਿੰਘ ਜੀਕੇ ਵੱਲੋਂ ਜੇਲ੍ਹ ਵਿੱਚ ਬੰਦ ਸਿੱਖਾਂ ਦੀ ਰਿਹਾਈ, ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਤੇ ਸ਼ਿਲਾਂਗ ਵਿੱਚ ਸਿੱਖਾਂ ਨੂੰ ਉਜਾੜੇ ਤੋਂ ਬਚਾਉਣ ਤੇ ਹੋਰ ਕਈ ਮਾਮਲਿਆਂ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ।
ਉਨ੍ਹਾਂ ’ਤੇ ਹਮਲਾ ਕਰਨਾ ਨਿੰਦਣਯੋਗ ਹੈ। ਉਨ੍ਹਾਂ ਆਖਿਆ ਕਿ ਜੇਕਰ ਨਿਊਯਾਰਕ ਵਿੱਚ ਕੁਝ ਵਿਅਕਤੀਆਂ ਨੂੰ ਸ੍ਰੀ ਜੀਕੇ ਪ੍ਰਤੀ ਕੋਈ ਗ਼ਲਤਫਹਿਮੀ ਹੈ ਤਾਂ ਉਸ ਨੂੰ ਮਿਲ ਬੈਠ ਕੇ ਗੱਲਬਾਤ ਰਾਹੀਂ ਹੱਲ ਕਰਨ।
ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਕੇਰਲਾ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਦਸਵੰਧ ਵਿੱਚੋਂ ਹਿੱਸਾ ਕੱਢਣ ਅਤੇ ਪੀੜਤਾਂ ਦੀ ਸਹਾਇਤਾ ਕਰਨ।
ਆਗਰਾ - ਬਜਰੰਗ ਦਲ ਨੇ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਸਿਰ ਕੱਢਣ ਵਾਲੇ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬਜਰੰਗ ਦਲ ਨੇ ਇਹ ਐਲਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਬਾਜਵਾ ਨੂੰ ਗਲੇ ਮਿਲਣ ਅਤੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਜਾਣ ਦੇ ਕਾਰਨ ਕੀਤਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਬਜਰੰਗ ਦਲ ਦੇ ਆਗਰਾ ਜ਼ਿਲ੍ਹਾ ਪ੍ਰਧਾਨ ਸੰਜੇ ਜਾਟ ਨੇ ਸਿੱਧੂ ਦਾ ਸਿਰ ਵੱਢਣ ਵਾਲੇ ਵਿਅਕਤੀ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਵੀਡੀਓ ਵਿਚ ਬਜਰੰਗ ਦਲ ਦੇ ਨੇਤਾ ਪੰਜ ਲੱਖ ਰੁਪਏ ਦਾ ਚੈੱਕ ਵੀ ਦਿਖਾ ਰਹੇ ਹਨ ਅਤੇ ਇਹ ਐਲਾਨ ਕਰ ਰਹੇ ਹਨ ਕਿ ਉਹ ਇਹ ਚੈੱਕ ਉਸ ਵਿਅਕਤੀ ਨੂੰ ਦੇਣਗੇ ਜੋ ਨਵਜੋਤ ਸਿੰਘ ਸਿੱਧੂ ਦਾ ਸਿਰ ਵੱਢ ਕੇ ਉਨ੍ਹਾਂ ਕੋਲ ਲਿਆਵੇਗਾ। ਇਸ ਵਾਇਰਲ ਵੀਡੀਓ ਵਿਚ ਬਜਰੰਗ ਦਲ ਦੇ ਨੇਤਾ ਕਹਿੰਦੇ ਸੁਣਵਾਈ ਦੇ ਰਹੇ ਹਨ ਕਿ ਉਹ Îਇੱਕ ਗੱਦਾਰ ਹਨ ਅਤੇ ਉਨ੍ਹਾਂ ਨੇ ਜੋ ਕੀਤਾ ਉਸ ਲਈ ਇਨ੍ਹਾਂ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਹ ਦੁਸ਼ਮਨ ਦੇਸ਼ ਦੇ ਆਰਮੀ ਚੀਫ਼ ਨੂੰ ਗਲ ਨਾਲ ਕਿਵੇਂ ਲਗਾ ਸਕਦੇ ਹਨ ਜੋ ਸਾਡੇ ਜਵਾਨਾਂ ਦੀ ਮੌਤ ਦੇ ਲਈ ਜ਼ਿੰਮੇਵਾਰ ਹੈ। ਇਸ ਘਟਨਾ ਨਾਲ ਉਨ੍ਹਾਂ ਪਰਿਵਾਰਾਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਜਿਨ੍ਹਾਂ ਨੇ ਦੇਸ਼ ਦੇ ਸਰਹੱਦਾਂ ਦੀ ਸੁਰੱਖਿਆ ਵਿਚ ਅਪਣੇ ਬੇਟਿਆਂ ਨੂੰ ਖੋਹਿਆ ਹੈ। ਲੋਕ ਸਿੱਧੂ ਦੇ ਇਸ ਕਾਰੇ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਚੰਡੀਗੜ੍ਹ - ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ(ਸਿੱਟ) ਵੱਲੋਂ ਪਿੰਡ ਮੱਲਕੇ ਤੇ ਗੁਰੂਸਰ ਵਿੱਚ ਬੇਅਦਬੀ ਦੀਆਂ ਘਟਨਾਵਾਂ ਕੀਤੀ ਜਾ ਰਹੀ ਜਾਂਚ ਭਾਵੇਂ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ, ਪਰ ਸਿੱਟ ਦੀ ਜਾਂਚ ਨੂੰ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲਕੇ ਤੇ ਗੁਰੂਸਰ ਪਿੰਡਾਂ ਦੇ ਘੇਰੇ ਵਿੱਚ ਸਰਗਰਮ ਰਹੇ ਡੇਢ ਲੱਖ ਤੋਂ ਵਧ ਮੋਬਾਈਲ ਫੋਨਾਂ ਦੇ ਡੇਟਾ ਅਤੇ ਪਿੰਡ ਮੱਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੋਂ ਮਿਲੇ ਡੀਐਨਏ ਦੇ ਨਮੂਨਿਆਂ ਦੀ ਘੋਖ ਤੋਂ ਨਵੀਂ ਦਿਸ਼ਾ ਮਿਲੀ ਹੈ।
ਸ੍ਰੀ ਖਟੜਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ 30 ਨਵੰਬਰ 2015 ਨੂੰ ਸਿੱਟ ਦੀ ਕਾਇਮੀ ਤੋਂ ਹੀ ਇਸ ਮਾਮਲੇ ਦੀ ਜਾਂਚ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 4 ਨਵੰਬਰ 2015 ਨੂੰ ਪਿੰੰਡ ਮੱਲਕੇ ਤੋਂ ਇਕੱਤਰ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਗਾਂਧੀਨਗਰ (ਗੁਜਰਾਤ) ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘ਜਾਂਚ ਰਿਪੋਰਟ ਵਿੱਚ ਇਨ੍ਹਾਂ ਅੰਗਾਂ ‘ਤੇ ਚਾਰ ਜਣਿਆਂ ਦੀ ਉਂਗਲਾਂ ਦੇ ਨਿਸ਼ਾਨ ਅਤੇ ਦੋ ਵਾਲ ਮਿਲੇ ਹਨ। ਇਹ ਡੀਐਨਏ ਲਈ ਅਹਿਮ ਸਬੂਤ ਹਨ, ਜਿਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮਸ਼ਕੂਕਾਂ ਦੇ ਡੀਐਨਏ ਨਮੂਨਿਆਂ ਨਾਲ ਮੇਲਿਆ ਜਾਵੇਗਾ।’ ਯਾਦ ਰਹੇ ਕਿ 4 ਨਵੰਬਰ 2015 ਦੀ ਸਵੇਰ ਨੂੰ ਪਿੰਡ ਮੱਲਕੇ ’ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੰਡੇ ਹੋਏ ਮਿਲੇ ਸਨ। ਤਤਕਾਲੀਨ ਡੀਆਈਜੀ ਅਮਰ ਸਿੰਘ ਚਾਹਲ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਇਨ੍ਹਾਂ ਅੰਗਾਂ ਨੂੰ ਇਕੱਤਰ ਕੀਤਾ, ਜਿਨ੍ਹਾਂ ਨੂੰ ਮਗਰੋਂ ਇਸ ਮਾਮਲੇ ਵਿੱਚ ਕੇਸ ਪ੍ਰਾਪਰਟੀ ਵਜੋਂ ਜੋੜ ਦਿੱਤਾ ਗਿਆ।
ਸ੍ਰੀ ਖਟੜਾ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਐੱਚ.ਐਸ.ਬਰਾੜ, ਜੋ ਇਸੇ ਪਿੰਡ ਦੇ ਵਸਨੀਕ ਹਨ, ਨੂੰ ਇਸ ਆਸ ਨਾਲ ਪੁਲੀਸ ਪਾਰਟੀ ਦੇ ਨਾਲ ਗਾਂਧੀਨਗਰ ਲੈ ਕੇ ਗਏ ਤਾਂ ਕਿ ਕੁਝ ਡੀਐਨਏ ਨਮੂਨੇ ਇਕੱਤਰ ਕੀਤੇ ਜਾ ਸਕਣ। ਸ੍ਰੀ ਖਟੜਾ ਨੇ ਕਿਹਾ ਕਿ ਉਨ੍ਹਾਂ ਸ਼ੁਰੂਆਤ ਤੋਂ ਹੀ ਇਸ ਮਾਮਲੇ ਨੂੰ ਹੱਲ ਕਰਨ ਲਈ ਵਿਗਿਆਨਕ ਪਹੁੰਚ ਨੂੰ ਤਰਜੀਹ ਦਿੱਤੀ।
ਉਧਰ ਇਸ ਕੇਸ ਦਾ ਦਿਲਚਸਪ ਪਹਿਲੂ ਇਹ ਹੈ ਕਿ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਰਕਾਰ ਨੂੰ ਸੌਂਪੀ ਆਪਣੀ ਹਾਲੀਆ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ।
ਸ੍ਰੀ ਖਟੜਾ ਨੇ ਹਾਲਾਂਕਿ ਕਿਹਾ ਕਿ ਪਿਛਲੀ ਸਰਕਾਰ ਨੇ ਉਨ੍ਹਾਂ ’ਤੇ ਇਨ੍ਹਾਂ ਮਾਮਲਿਆਂ ਦੀ ਹਰ ਪੱਖ ਤੋਂ ਜਾਂਚ ਕਰਨ ਲਈ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਤਬਦੀਲੀ ਦੇ ਬਾਵਜੂਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾ ਸਿਰਫ਼ ਉਨ੍ਹਾਂ ਨਾਲ ਨਿਯਮਤ ਰਾਬਤਾ ਰੱਖ ਕੇ ਜਾਂਚ ਦੇ ਕਿਸੇ ਤਣ ਪੱਤਣ ਲੱਗਣ ਬਾਰੇ ਪੁੱਛਦੇ ਹਨ ਬਲਕਿ ਉਨ੍ਹਾਂ ਕੇਸਾਂ ਦਾ ਖੁਰਾ ਖੋਜ ਲਾਉਣ ਲਈ ਹਰ ਸੰਭਵ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਉਨ੍ਹਾਂ ਹਿੰਦੂ ਸੱਜੇ ਪੱਖੀਆਂ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਜਾਂਚ ਕੀਤੀ, ਪਰ ਉਨ੍ਹਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ।
ਬਠਿੰਡਾ - ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮੌੜ ਬੰਬ ਧਮਾਕੇ ਦੇ ਮਾਮਲੇ ਸਬੰਧੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਖਿਚਾਈ ਕੀਤੀ ਹੈ ਜਦੋਂਕਿ ਵਿਸ਼ੇਸ਼ ਜਾਂਚ ਟੀਮ ਨੇ ਤਫ਼ਤੀਸ਼ ਜਨਤਕ ਨਾ ਕਰਨ ਪਿੱਛੇ ਮਜਬੂਰੀ ਦੱਸੀ। ਅੱਜ ਸਿੱਟ ਦੇ ਚੇਅਰਮੈਨ ਡੀਆਈਜੀ ਰਣਬੀਰ ਸਿੰਘ ਖੱਟੜਾ ਅਦਾਲਤ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਏ ਅਤੇ ਜਾਂਚ ਦੀ ਪ੍ਰਗਤੀ ਤੋਂ ਜਾਣੂ ਕਰਾਇਆ। ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਿੱਟ ਨੂੰ ਚਾਰ ਹਫ਼ਤਿਆਂ ਵਿੱਚ ਵਿਸਥਾਰਤ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ ਅਤੇ ਜਾਂਚ ਰਿਪੋਰਟ ਬੰਦ ਲਿਫ਼ਾਫ਼ੇ ਵਿੱਚ ਦੇਣ ਲਈ ਆਖਿਆ ਹੈ। ਅਦਾਲਤੀ ਰੁਖ਼ ਤੋਂ ਜਾਪਦਾ ਹੈ ਕਿ ਮੌੜ ਧਮਾਕੇ ਦੀ ਜਾਂਚ ਹੁਣ ਸੀਬੀਆਈ ਨੂੰ ਦਿੱਤੇ ਜਾਣ ਦੇ ਆਸਾਰ ਘੱਟ ਗਏ ਹਨ।
ਦੱਸਣਯੋਗ ਹੈ ਕਿ ਪੰਜਾਬ ਚੋਣਾਂ ਦੇ ਪ੍ਰਚਾਰ ਦੌਰਾਨ 31 ਜਨਵਰੀ 2017 ਨੂੰ ਮੌੜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਕੀਤਾ ਗਿਆ ਸੀ, ਜਿਸ ਵਿੱਚ 7 ਜਣਿਆਂ ਦੀ ਮੌਤ ਹੋ ਗਈ ਸੀ ਅਤੇ 12 ਜਣੇ ਜ਼ਖ਼ਮੀ ਹੋ ਗਏ ਸਨ। ਮਾਮਲੇ ਦੀ ਜਾਂਚ ਹੁਣ ‘ਸਿੱਟ’ ਕਰ ਰਹੀ ਹੈ। ਪੰਜਾਬ ਪੁਲੀਸ ਦੇ ਮੁਖੀ ਨੇ ਹੁਣ ਵਿਸ਼ੇਸ਼ ਜਾਂਚ ਟੀਮ ਵਿੱਚ ਬਠਿੰਡਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੂੰ ਵੀ ਮੈਂਬਰ ਵਜੋਂ ਸ਼ਾਮਲ ਕਰ ਲਿਆ ਹੈ। ਵੇਰਵਿਆਂ ਅਨੁਸਾਰ ਹਾਈ ਕੋਰਟ ਨੇ ਇਸ ਗੱਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਘਟਨਾ ਤੋਂ ਡੇਢ ਵਰ੍ਹੇ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ।
ਮੁਲਜ਼ਮਾਂ ਨੂੰ ਨਾਮਜ਼ਦ ਕਰਨ ਦੇ ਛੇ ਮਹੀਨੇ ਮਗਰੋਂ ਵੀ ਪੁਲੀਸ ਦੇ ਹੱਥ ਖ਼ਾਲੀ ਹਨ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਵੱਲੋਂ ਮੌੜ ਧਮਾਕੇ ਦੀ ਜਾਂਚ ਸੀਬੀਆਈ ਨੂੰ ਦਿੱਤੇ ਜਾਣ ਸਬੰਧੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਅੱਜ ਸੁਣਵਾਈ ਸੀ। ਹਾਈ ਕੋਰਟ ਦੇ ਐਡਵੋਕੇਟ ਰਵਨੀਤ ਜੋਸ਼ੀ ਨੇ ਦੱਸਿਆ ਕਿ ਅੱਜ ਅਦਾਲਤ ਨੇ ‘ਸਿੱਟ’ ਨੂੰ ਕਾਫ਼ੀ ਫਿਟਕਾਰ ਲਾਈ ਹੈ ਅਤੇ ਜਾਂਚ ਦੀ ਪ੍ਰਗਤੀ ’ਤੇ ਨਾਖ਼ੁਸ਼ ਜ਼ਾਹਿਰ ਕੀਤੀ ਹੈ। ਸ੍ਰੀ ਜੋਸ਼ੀ ਨੇ ਦੱਸਿਆ ਕਿ ਸਿੱਟ ਚੇਅਰਮੈਨ ਨੇ ਅਦਾਲਤ ਵਿੱਚ ਪੱਖ ਰੱਖਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ ਅਤੇ ਤਫ਼ਤੀਸ਼ ਨੂੰ ਜਨਤਕ ਕੀਤੇ ਜਾਣ ਦਾ ਮੁਲਜ਼ਮਾਂ ਨੂੰ ਫ਼ਾਇਦਾ ਮਿਲ ਸਕਦਾ ਹੈ, ਜਿਸ ਮਗਰੋਂ ਅਦਾਲਤ ਨੇ ਜਾਂਚ ਰਿਪੋਰਟ ਬੰਦ ਲਿਫ਼ਾਫ਼ੇ ਵਿੱਚ ਦੇਣ ਲਈ ਆਖਿਆ ਹੈ। ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਅਗਲੀ ਪੇਸ਼ੀ 25 ਸਤੰਬਰ ਨੂੰ ਹੋਵੇਗੀ ਹੈ ਅਤੇ ‘ਸਿੱਟ’ ਚੇਅਰਮੈਨ ਅਗਲੀ ਪੇਸ਼ੀ ’ਤੇ ਵੀ ਨਿੱਜੀ ਤੌਰ ’ਤੇ ਪੇਸ਼ ਹੋਣਗੇ। ਸੂਤਰ ਦੱਸਦੇ ਹਨ ਕਿ ਹਾਈ ਕੋਰਟ ਦੀ ਝਿੜਕ ਮਗਰੋਂ ਹੁਣ ‘ਸਿੱਟ’ ਨੇ ਮੌੜ ਕਾਂਡ ਦੀ ਜਾਂਚ ਨੂੰ ਨੇਪਰੇ ਚਾੜ੍ਹਨ ਲਈ ਨਿਸ਼ਾਨੇ ਵਿੰਨ੍ਹ ਲਏ ਹਨ। ਹੁਣ ਇਹ ਜਾਂਚ ਕਿਸੇ ਤਣ ਪੱਤਣ ਲੱਗਣ ਦੀ ਸੰਭਾਵਨਾ ਬਣ ਗਈ ਹੈ।
ਚੰਡੀਗੜ੍ਹ - ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਅਹਿਮ ਗਵਾਹ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਤੋਂ ਪਾਸਾ ਵੱਟ ਗਿਆ ਹੈ। ਬੇਅਦਬੀ ਕਾਂਡ ਨਾਲ ਸਬੰਧਤ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸੋਮਵਾਰ ਨੂੰ ਹਿੰਮਤ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਦੋਸ਼ ਲਗਾਏ ਕਿ ਉਨ੍ਹਾਂ ਇਹ ਆਖਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ (ਹਿੰਮਤ ਸਿੰਘ) ਦੇ ਭਰਾ ਗਿਆਨੀ ਗੁਰਮੁਖ ਸਿੰਘ (ਤਤਕਾਲੀ ਜਥੇਦਾਰ ਤਖ਼ਤ ਦਮਦਮਾ ਸਾਹਿਬ) ਅਤੇ ਹੋਰ ਜਥੇਦਾਰਾਂ ’ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਦਬਾਅ ਪਾਇਆ ਸੀ, ਨੇ ਜਬਰੀ ਉਸ ਤੋਂ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਏ। ਉਧਰ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ਾਂ ਨੂੰ ਨਕਾਰਿਆ ਹੈ। ਜ਼ਿਕਰਯੋਗ ਹੈ ਕਿ ਹਿੰਮਤ ਸਿੰੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ’ਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ’ਚ ਭੂਮਿਕਾ ਦੇ ਦੋਸ਼ ਲਾਏ ਜਾਣ ਮਗਰੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਅਪਰੈਲ ’ਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰੇ ’ਚ ਤਬਦੀਲ ਕਰ ਦਿੱਤਾ ਸੀ। ਹੁਣ 3 ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ। ਹਿੰਮਤ ਸਿੰਘ ਨੇ ਕਿਹਾ ਕਿ ਉਸ ਨੂੰ ਮੰਤਰੀ ਰੰਧਾਵਾ ਤੋਂ ਸਰੀਰਕ ਨੁਕਸਾਨ ਦਾ ਖਦਸ਼ਾ ਹੋਣ ਕਰਕੇ ਉਹ ਛੁਪਿਆ ਹੋਇਆ ਸੀ। ਉਸ ਨੇ ਦੋਸ਼ ਲਗਾਏ ਕਿ ਬਿਆਨ ਪੜ੍ਹਨ ਤਕ ਦੀ ਇਜਾਜ਼ਤ ਨਹੀਂ ਦਿੱਤੀ ਗਈ। ‘ਬਿਆਨ ਅੰਗਰੇਜ਼ੀ ਅਤੇ ਪੰਜਾਬੀ ’ਚ ਸਨ। ਮੈਂ ਅੰਗਰੇਜ਼ੀ ਨਹੀਂ ਪੜ੍ਹ ਸਕਦਾ ਅਤੇ ਪੰਜਾਬੀ ਵਾਲਾ ਬਿਆਨ ਮੈਨੂੰ ਦਿਖਾਇਆ ਹੀ ਨਹੀਂ ਗਿਆ।’’ ਹਿੰਮਤ ਸਿੰਘ ਨੇ ਕਿਹਾ ਕਿ ਰਿਪੋਰਟ ’ਚ ਆਖਿਆ ਗਿਆ ਹੈ ਕਿ ਉਹ ਸਤੰਬਰ 2015 ’ਚ ਬਾਦਲਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਤਲਬ ਕੀਤੇ ਗਏ ਸਿੰਘ ਸਾਹਿਬਾਨ ਨਾਲ ਮੌਜੂਦ ਸੀ। ਉਸ ਮੁਤਾਬਕ ਕਮਿਸ਼ਨ ਦੀ ਰਿਪੋਰਟ ’ਚ ਉਸ ਦਾ ਨਾਮ ਗਵਾਹ ਵਜੋਂ ਦਰਸਾਇਆ ਗਿਆ ਹੈ ਜੋ 16 ਸਤੰਬਰ 2015 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੌਜੂਦ ਸੀ ਜਿਥੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਾਦਲਾਂ ਦੇ ਆਖਣ ’ਤੇ ਪੱਤਰ ਪੜ੍ਹਿਆ ਜਿਸ ’ਚ ਕਿਹਾ ਗਿਆ ਕਿ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮਾਮਲੇ ’ਚ ਮੁਆਫ਼ੀ ਮੰਗੀ ਹੈ ਅਤੇ ਸਾਰੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਦੇ ਸਮਾਜਿਕ ਬਾਈਕਾਟ ਦੇ ਜਾਰੀ ਹੁਕਮਨਾਮੇ ਨੂੰ ਵਾਪਸ ਲਿਆ ਜਾਵੇ। ਸੂਤਰਾਂ ਨੇ ਕਿਹਾ ਕਿ ਹਿੰਮਤ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਸੁਖਬੀਰ ਸਿੰਘ ਬਾਦਲ ਉਸ ਦੇ ਫੋਨ ਰਾਹੀਂ ਭਰਾ ਗਿਆਨੀ ਗੁਰਮੁਖ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹੁਕਮਨਾਮਾ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ। ਹਿੰਮਤ ਸਿੰਘ ਨੇ ਕਿਹਾ,‘‘ਮੈਨੂੰ ਬਿਆਨ ਬਾਰੇ ਅਖ਼ਬਾਰਾਂ ’ਚ ਪੜ੍ਹਨ ਮਗਰੋਂ ਪਤਾ ਲੱਗਿਆ ਪਰ ਮੈਂ ਉਸ ਤਰੀਕ ਨੂੰ ਨਾ ਤਾਂ ਬਾਦਲਾਂ ਨੂੰ ਮਿਲਣ ਗਿਆ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ’ਚ ਗਿਆ। ਮੇਰੇ ’ਤੇ ਰੰਧਾਵਾ ਨੇ ਚੰਡੀਗੜ੍ਹ ਆਉਣ ਅਤੇ 11 ਦਸੰਬਰ 2017 ਨੂੰ ਆਧਾਰਹੀਣ ਬਿਆਨਾਂ ’ਤੇ ਦਸਤਖ਼ਤ ਕਰਨ ਲਈ ਦਬਾਅ ਬਣਾਇਆ ਜਿਸ ਮਗਰੋਂ ਮੈਂ ਪਿਛਲੇ ਸਾਲ ਅਕਤੂਬਰ ’ਚ ਗ੍ਰੰਥੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਸਟਿਸ ਰਣਜੀਤ ਸਿੰਘ ਨੇ ਵੀ ਮੈਨੂੰ ਆਖਿਆ ਕਿ ਮੈਂ ਦਸਤਖ਼ਤ ਕੀਤੇ ਬਿਆਨ ਦਾ ਖ਼ੁਲਾਸਾ ਨਾ ਕਰਾਂ ਅਤੇ ਇਹੋ ਕਬੂਲ ਕਰਾਂ ਕਿ ਮੈਂ ਹੀ ਬਿਆਨ ਦਿੱਤਾ ਹੈ। ਮੈਂ ਕਦੇ ਬਾਦਲਾਂ ਨਾਲ ਨਹੀਂ ਮਿਲਿਆ ਪਰ ਜਦੋਂ ਮੈਂ ਅਸਤੀਫ਼ਾ ਦੇ ਦਿੱਤਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਮੇਰੇ ’ਤੇ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਦੋਸ਼ ਲਾਉਣ ਲਈ ਦਬਾਅ ਬਣਾਉਂਦਾ ਰਿਹਾ। ਉਹ ਵੱਟਸਐਪ ਅਤੇ ਫੋਨ ਕਾਲਾਂ ਕਰਦਾ ਰਿਹਾ ਜਿਸ ਨੂੰ ਤੁਸੀਂ ਮੇਰੇ ਕਾਲ ਰਿਕਾਰਡ ’ਚ ਵੀ ਦੇਖ ਸਕਦੇ ਹੋ। ਪੱਕਾ ਸਿੱਖ ਹੋਣ ਦੇ ਨਾਤੇ ਬੇਅਦਬੀ ਦੀਆਂ ਘਟਨਾਵਾਂ ਨਾਲ ਮੇਰਾ ਹਿਰਦਾ ਵੀ ਵਲੂੰਧਰਿਆ ਗਿਆ ਸੀ ਪਰ ਮੇਰੀ ਆਤਮਾ ਮੈਨੂੰ ਕਿਸੇ ’ਤੇ ਦੋਸ਼ ਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਜੋ ਬੇਕਸੂਰ ਹੈ।’’ ਉਸ ਨੇ ਕਮਿਸ਼ਨ ਦੇ ਚੇਅਰਮੈਨ ਅਤੇ ਸ੍ਰੀ ਰੰਧਾਵਾ ਨਾਲ ਬੈਠਕਾਂ ਦੀਆਂ ਤਸਵੀਰਾਂ ਵੀ ਦਿਖਾਈਆਂ। ਉਧਰ ਜਦੋਂ ਸ੍ਰੀ ਰੰਧਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ,‘‘ਹਿੰਮਤ ਸਿੰਘ ਮੇਰੇ ਸਮਰਥਕ ਰੁਪਿੰਦਰ ਸਿੰਘ ਨਾਲ ਮੈਨੂੰ ਦੋ ਵਾਰ ਮਿਲਿਆ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ। ਦਸਵੀਂ ਪਾਸ ਹੋਣ ਕਰਕੇ ਉਹ ਕਿਸੇ ਵੀ ਨੌਕਰੀ ਦੇ ਯੋਗ ਨਹੀਂ ਹੈ। ਉਂਜ ਮੈਂ ਉਸ ਨੂੰ ਸਹਾਇਤਾ ਦਾ ਵਾਅਦਾ ਕੀਤਾ ਸੀ ਪਰ ਹੁਣ ਮੈਨੂੰ ਨਹੀਂ ਪਤਾ ਕਿ ਉਹ ਆਧਾਰਹੀਣ ਦੋਸ਼ ਕਿਉਂ ਮੜ੍ਹ ਰਿਹਾ ਹੈ। ਕਮਿਸ਼ਨ ਮੂਹਰੇ ਪੇਸ਼ ਹੋਣ ਅਤੇ ਬਿਆਨ ਦੇਣ ’ਚ ਵੀ ਮੇਰੀ ਕੋਈ ਭੂਮਿਕਾ ਨਹੀਂ ਹੈ।’’ ਮੰਤਰੀ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਦੇ ਵੀਡਿਓ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਜਸਟਿਸ ਰਣਜੀਤ ਸਿੰਘ ਨੇ ਵੀ ਹਿੰਮਤ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੰਦਿਆਂ ਉਸ ਵੱਲੋਂ ਬਿਆਨਾਂ ਤੋਂ ਪਾਸਾ ਵੱਟਣ ’ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਆਪ ਮੁਹਾਰੇ ਹੀ ਕਮਿਸ਼ਨ ਕੋਲ ਆਇਆ ਸੀ ਅਤੇ ਸੱਤ ਪੰਨਿਆਂ ਦਾ ਦਸਤਖ਼ਤਾਂ ਵਾਲਾ ਬਿਆਨ ਦਿੱਤਾ ਸੀ ਜੋ ਰਿਪੋਰਟ ਨਾਲ ਨੱਥੀ ਹੈ। ‘ਮੈਂ ਉਸ ਨੂੰ ਕਿਸੇ ਖਿਲਾਫ਼ ਬਿਆਨ ਦੇਣ ਲਈ ਕਿਉਂ ਦਬਾਅ ਪਾਵਾਂਗਾ। ਮੈਂ ਤਾਂ ਉਸ ਨੂੰ ਤਲਬ ਵੀ ਨਹੀਂ ਕੀਤਾ ਸੀ। ਉਸ ਦੇ ਦਸਤਖ਼ਤਾਂ ਵਾਲਾ ਰਿਕਾਰਡ ਕੀਤਾ ਬਿਆਨ ਪੰਜਾਬੀ ਵਿੱਚ ਵੀ ਮੌਜੂਦ ਹੈ।’ ਉਨ੍ਹਾਂ ਕਿਹਾ ਕਿ ਭਰਾ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਤੋਂ ਬਹਾਲ ਕੀਤੇ ਜਾਣ ਕਰਕੇ ਹੋ ਸਕਦਾ ਹੈ ਕਿ ਹਿੰਮਤ ਸਿੰਘ ਨੇ ਬਿਆਨ ਬਦਲ ਲਿਆ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਨੇ ਉਨ੍ਹਾਂ ਨੂੰ 24 ਸਤੰਬਰ 2015 ਨੂੰ ਡੇਰਾ ਮੁਖੀ ਨੂੰ ਮੁਆਫ਼ੀਨਾਮੇ ਅਤੇ 16 ਅਕਤੂਬਰ 2015 ਨੂੰ ਮੁਆਫ਼ੀਨਾਮਾ ਵਾਪਸ ਲੈਣ ਸਬੰਧੀ ਗੁਰਮਤੇ ਦੀਆਂ ਕਾਪੀਆਂ ਵੀ ਦਿੱਤੀਆਂ ਸਨ।
ਉਜਾਗਰ ਸਿੰਘ
-ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ।
ਮੋਬਾ: 94178-13072
ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਸਿੱਖ ਸੇਵਾ ਦੀ ਵਿਰਾਸਤ 'ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ। ਸਿੱਖ ਆਪਣੀ ਫ਼ਿਰਾਕਦਿਲੀ, ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆ ਵਿਚ ਨਾਮਣਾ ਖੱਟ ਚੁੱਕੇ ਹਨ, ਕਿਉਂਕਿ ਸਿੱਖ ਆਪਣੇ ਧਰਮ ਪ੍ਰਤੀ ਵਚਨਬੱਧ ਹਨ। ਧਰਮ ਇਕ ਸਿੱਖ ਲਈ ਸਭ ਕੁਝ ਹੈ।
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਵੱਲੋਂ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਅੱਜ ਬਾਗੀ ਧਿਰ ਦੇ ਆਰਜ਼ੀ ਪ੍ਰਧਾਨ ਬਣ ਗਏ ਹਨ। ‘ਆਪ’ ਦੀ ਬਾਗੀ ਧਿਰ ਵੱਲੋਂ ਬਣਾਈ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਅੱਜ ਇਥੇ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵਿੱਚ ਸ੍ਰੀ ਖਹਿਰਾ ਨੂੰ ਪੰਜਾਬ ਦਾ ਆਰਜ਼ੀ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਗਿਆ। ਦੂਜੇ ਪਾਸੇ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬਾਗੀ ਧੜੇ ਨੂੰ ਝਟਕਾ ਦਿੰਦਿਆਂ ਸ੍ਰੀ ਖਹਿਰਾ ਨਾਲ ਖੜ੍ਹੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਥਾਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਚੀਫ ਵ੍ਹਿਪ ਨਿਯੁਕਤ ਕਰ ਦਿੱਤਾ ਹੈ। ਇਸੇ ਤਰ੍ਹਾਂ ਬਾਗੀ ਧਿਰ ਨਾਲ ਜੁੜੇ ਵਿਧਾਇਕ ਪਿਰਮਲ ਸਿੰਘ ਦੀ ਥਾਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵ੍ਹਿਪ ਨਿਯੁਕਤ ਕੀਤਾ ਹੈ। ਪਾਰਟੀ ਨਾਲ ਖੜ੍ਹੀ ਵਿਧਾਇਕ ਰੁਪਿੰਦਰ ਕੌਰ ਰੂਬੀ ਕੋਲ ਪਹਿਲਾਂ ਵਾਂਗ ਵ੍ਹਿਪ ਦਾ ਅਹੁਦਾ ਬਰਕਰਾਰ ਰਹੇਗਾ। ਸ੍ਰੀ ਚੀਮਾ ਨੇ ਇਨ੍ਹਾਂ ਨਵੀਆਂ ਨਿਯੁਕਤੀਆਂ ਬਾਰੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਵੀ ਲਿਖ ਦਿੱਤਾ ਹੈ।
ਉਧਰ ਖਹਿਰਾ ਦੇ ਬਾਗੀ ਧੜੇ ਨੇ ਜਲਦੀ ਹੀ ਆਪਣੀ ਸੂਬਾ ਕਾਰਜਕਾਰਨੀ ਕਮੇਟੀ ਬਣਾਉਣ ਸਮੇਤ ਜ਼ਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਬਾਗੀ ਧੜੇ ਦੀ ਪੀਏਸੀ ਦੀ ਅੱਜ ਇਥੇ ਹੋਈ ਮੀਟਿੰਗ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਸ੍ਰੀ ਖਹਿਰਾ ਨੂੰ ਆਪਣੇ ਧੜੇ ਦਾ ਆਰਜ਼ੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਵਿੱਚੋ ਪ੍ਰਵਾਨਗੀ ਲੈ ਕੇ ਇਹ ਅਹੁਦਾ ਸਾਂਭਣਗੇ। ਦੱਸਣਯੋਗ ਹੈ ਕਿ ਕੱਲ੍ਹ ਪੰਜਾਬ ਆਏ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਗੀ ਧਿਰ ਨਾਲ ਗੱਲਬਾਤ ਕਰਨ ਲਈ ਕੁਝ ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਸੀ ਅਤੇ ਲੋੜ ਪੈਣ ’ਤੇ ਖੁਦ ਵੀ ਸ੍ਰੀ ਖਹਿਰਾ ਨੂੰ ਮਿਲਣ ਦੀ ਹਾਮੀ ਭਰੀ ਸੀ। ਸ੍ਰੀ ਕੇਜਰੀਵਾਲ ਦੀ ਇਸ ਪਹਿਲਕਦਮੀ ਦਾ ਹੁੰਗਾਰਾ ਭਰਨ ਦੀ ਥਾਂ ਬਾਗੀ ਧੜੇ ਵੱਲੋਂ ਆਪਣਾ ਵੱਖਰਾ ਪ੍ਰਧਾਨ ਨਿਯੁਕਤ ਕਰਨ ਤੋਂ ਸੰਕੇਤ ਮਿਲੇ ਹਨ ਕਿ ਖਹਿਰਾ ਧੜਾ ਹੁਣ ਪਾਰਟੀ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹੈ ਅਤੇ ਵੱਖਰੇ ਤੀਜੇ ਸਿਆਸੀ ਬਦਲ ਲਈ ਢਾਂਚਾ ਤਿਆਰ ਕਰਨ ਦੀ ਤਾਕ ਵਿੱਚ ਹੈ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ ਵਿੱਚ ਹਨ ਅਤੇ ਉਹ ਜਲਦ ਹੀ ਤੀਸਰੀ ਧਿਰ ਉਸਾਰ ਕੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਤੋਂ ਨਿਜਾਤ ਦਿਵਾਉਣਗੇ। ਪੀਏਸੀ ਦੀ ਮੀਟਿੰਗ ਵਿੱਚ ਇਸ ਧਿਰ ਨਾਲ ਜੁੜੇ ਕੁੱਲ੍ਹ ਅੱਠ ਵਿਧਾਇਕਾਂ ਵਿੱਚੋਂ 6 ਵਿਧਾਇਕ ਸ੍ਰੀ ਖਹਿਰਾ, ਸ੍ਰੀ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਸ਼ਾਮਲ ਹੋਏ ਜਦਕਿ ਦੋ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਤੇ ਮਾਸਟਰ ਬਲਦੇਵ ਸਿੰਘ ਹਾਜ਼ਰ ਨਹੀਂ ਸਨ। ਸ੍ਰੀ ਖਹਿਰਾ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦਾ ਧੜਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰਨ ਦੇ ਫੈਸਲੇ ਨੂੰ ਰੱਦ ਕਰ ਚੁੱਕਾ ਹੈ, ਇਸ ਲਈ ਸ੍ਰੀ ਚੀਮਾ ਵੱਲੋਂ ਬੁਲਾਈ ਜਾ ਰਹੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਜੇ ਪਾਸੇ ਸ੍ਰੀ ਸੰਧੂ ਨੇ ਕਿਹਾ ਕਿ ਉਹ ਪਾਰਟੀ ਵਿੱਚ ਹਨ ਅਤੇ ‘ਆਪ’ ਨੂੰ ਮਜ਼ਬੂਤ ਕਰਨ ਲਈ ਹੀ ਸਰਗਰਮ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਜੇ ਸ੍ਰੀ ਕੇਜਰੀਵਾਲ ਗੱਲਬਾਤ ਲਈ ਸੱਦਣਗੇ ਤਾਂ ਪੀਏਸੀ ਫੈਸਲਾ ਕਰੇਗੀ ਕਿ ਗੱਲਬਾਤ ਦਾ ਸੱਦਾ ਕਬੂਲ ਕਰਨਾ ਹੈ ਜਾਂ ਨਹੀਂ।
ਲੌਂਗੋਵਾਲ - ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 33ਵੀਂ ਬਰਸੀ ਮੌਕੇ ਲੌਂਗੋਵਾਲ ਵਿੱਚ ਸ਼ਹੀਦੀ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਅਕਾਲੀ ਲੀਡਰਸ਼ਿਪ ਵੱਲੋਂ ਲੋਕਾਂ ਨੂੰ ਸੰਸਦੀ ਚੋਣਾਂ ਲਈ ਤਿਆਰ ਰਹਿਣ ਅਤੇ ਪੰਜਾਬ ’ਚੋਂ ਕਾਂਗਰਸ ਤੇ ‘ਆਪ’ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਪ੍ਰਣ ਲੈਣ ਦਾ ਸੱਦਾ ਦਿੱਤਾ। ਕਾਨਫਰੰਸ ਦੌਰਾਨ ਗਰਮੀ ਕਾਰਨ ਮੁੜਕੋ-ਮੁੜਕੀ ਹੋਈ ਅਕਾਲੀ ਲੀਡਰਸ਼ਿਪ ਨੇ ਸੰਤ ਲੌਂਗੋਵਾਲ ਦੀ ਬਰਸੀ ਮਨਾਉਣ ਲਈ ਤਰੀਕ ਬਦਲ ਕੇ ਅੱਗੇ ਪਾਉਣ ਦਾ ਐਲਾਨ ਵੀ ਕੀਤਾ। ਕਾਨਫਰੰਸ ਦੌਰਾਨ ਹਰਿਆਣਾ ਮਗਰੋਂ ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਅਕਾਲੀ ਦਲ ਵੱਲੋਂ ਸਿਆਸੀ ਪਿੜ ਵਿੱਚ ਕੁੱਦਣ ਦਾ ਐਲਾਨ ਕੀਤਾ ਗਿਆ।
ਲੌਂਗੋਵਾਲ ਵਿੱਚ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੇ ਮੈਦਾਨ ਵਿੱਚ ਹੋਈ ਸ਼ਹੀਦੀ ਕਾਨਫਰੰਸ ਦੌਰਾਨ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਂਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਇੱਕ ਮਹਾਨ ਇਨਸਾਨ ਸਨ, ਜਿਨ੍ਹਾਂ ਦਾ ਜੀਵਨ ਇੱਕ ਸੇਵਾ ਸੀ। ਸ੍ਰੀ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਕੀਤੇ ਧੋਖੇ ਕਾਰਨ ਹੀ ਸੰਤ ਲੌਂਗੋਵਾਲ ਦੀ ਸ਼ਹਾਦਤ ਹੋਈ। ਉਨ੍ਹਾਂ ਲੋਕਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਕਾਂਗਰਸ ਮੁਕਤ ਕਰਨਾ ਸੰਤ ਲੌਂਗੋਵਾਲ ਦਾ ਸੁਪਨਾ ਸੀ।
ਸ੍ਰੀ ਬਾਦਲ ਨੇ ਕਿਹਾ ਕਿ ਬਰਗਾੜੀ ਵਿੱਚ ਉਹ ਸ਼ਕਤੀਆਂ ਧਰਨਾ ਲਾਈ ਬੈਠੀਆਂ ਹਨ, ਜੋ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੀਆਂ ਹਨ। ਇਹ ਲੋਕ ਦਿਨ ਵੇਲੇ ਧਰਨੇ ਲਾਉਂਦੇ ਹਨ ਅਤੇ ਰਾਤ ਨੂੰ ਕਾਂਗਰਸੀਆਂ ਨਾਲ ਮੀਟਿੰਗਾਂ ਕਰਦੇ ਹਨ। ਉਨ੍ਹਾਂ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਲੋਚਨਾ ਕਰਦਿਆਂ ਕਿਹਾ ਕਿ ਸ੍ਰੀ ਖਹਿਰਾ ਕਿਸੇ ਵੀ ਪਾਰਟੀ ਵਿੱਚ ਟਿਕ ਨਹੀਂ ਸਕਦੇ। ਸ੍ਰੀ ਬਾਦਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਝੂਠ ਦਾ ਪੁਲੰਦਾ ਹੈ। ਸ੍ਰੀ ਬਾਦਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਬਾਜਵਾ ਨਾਲ ਜੱਫੀ ਪਾਉਣ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਸਿੱਧੂ ਨੂੰ ਕੁੱਝ ਪਤਾ ਨਹੀਂ ਹੈ ਕਿ ਕਿੱਥੇ ਕੀ ਕਰਨਾ ਹੈ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਗਰਮੀ ਦੇ ਮੱਦੇਨਜ਼ਰ ਸੰਤ ਲੌਂਗੋਵਾਲ ਦੀ ਬਰਸੀ ਦੀ ਤਰੀਕ ਬਦਲਣ ਸਬੰਧੀ ਰੱਖੇ ਪ੍ਰਸਤਾਵ ਨੂੰ ਪਾਰਟੀ ਪ੍ਰਧਾਨ ਨੇ ਪ੍ਰਵਾਨ ਕਰਦਿਆਂ ਨਵੀਂ ਤਰੀਕ ਬਾਰੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜ਼ਿਲ੍ਹਾ ਅਕਾਲੀ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਸੌਂਪੀ। ਇਸ ਸਬੰਧੀ ਮੰਚ ਸੰਚਾਲਣ ਕਰ ਰਹੇ ਪਾਰਟੀ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਕਾਂਝਲਾ ਨੇ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਪ੍ਰਵਾਨਗੀ ਵੀ ਲਈ। ਇਸ ਮੌਕੇ ਸ੍ਰੀ ਢੀਂਡਸਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਭੈਣ ਜਸਟਿਸ ਰਣਜੀਤ ਸਿੰਘ ਨੂੰ ਵਿਆਹੀ ਹੋਈ ਹੈ, ਇਸੇ ਕਾਰਨ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਲੀਕ ਹੋਈ ਹੈ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਬਲਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਬਾਬੂ ਪ੍ਰਕਾਸ਼ ਚੰਦ ਗਰਗ, ਸੰਤ ਬਲਵੀਰ ਸਿੰਘ ਘੁੰਨਸ, ਭਾਜਪਾ ਆਗੂ ਜਤਿੰਦਰ ਕਾਲੜਾ, ਵਿਨਰਜੀਤ ਸਿੰਘ ਗੋਲਡੀ ਤੇ ਮੁਹੰਮਦ ਉਵੈਸ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
The Sikh Spokesman Newspaper,
Toronto, Canada.
Published Every Thursday
Email : This email address is being protected from spambots. You need JavaScript enabled to view it.
www.sikhspokesman.com
Canada Tel : 905-497-1216
India : 94632 16267