ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਰਗਾੜੀ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਨਾਲ ਸੇਵਾਵਾਂ ਨਿਭਾ ਰਹੇ ਹਨ। ਮੋਰਚੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਦਿਨੀ ਡੇਰਾ ਸਿਰਸਾ ਮੁਖੀ ਦੇ ਹੱਕ ਵਿੱਚ ਦਿੱਤੇ ਅਪਣੇ ਬਿਆਨ ਤੋਂ ਪਾਸਾ ਪਲਟਦਿਆਂ ਮੁਆਫੀ ਮੰਗ ਲਈ ਹੈ।ਮੋਰਚੇ ਵਿੱਚ ਹੋਏ ਅਪਣੇ ਤਿੱਖੇ ਵਿਰੋਧ ਤੇ ਟਿੱਪਣੀ ਕਰਦਿਆਂ ਸੰਧਵਾਂ ਨੇ ਕਿਹਾ ਕਿ ਅੱਜ ਮੈਨੂੰ ਅਹਿਸਾਸ ਹੋਇਆ ਹੈ ਕਿ ਸਿੱਖ ਕੌਮ ਜਾਗਦੀ ਹੈ ਸੁੱਤੀ ਨਹੀ, ਇਸ ਲਈ ਮੈ ਅਪਣੇ ਕੀਤੇ ਦੀ ਹੱਥ ਜੋੜਕੇ ਮੁਆਫੀ ਮੰਗਦਾ ਹਾਂ।
    ਜਿਕਰਯੋਗ ਹੈ ਕਿ ਬੀਤੇ ਦਿਨੀ ਚੰਡੀਗੜ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਕੁਲਤਾਰ ਸੰਧਵਾਂ ਨੇ ਕਿਹਾ ਸੀ ਕਿ ਡੇਰੇ ਦੇ ਕੁੱਝ ਬੰਦੇ ਮਾੜੇ ਹੋ ਸਕਦੇ ਹਨ, ਪਰ ਡੇਰਾ ਮੁਖੀ ਦਾ ਕੋਈ ਕਸੂਰ ਨਹੀ, ਉਹਨਾਂ ਸਰਕਾਰ ਵੱਲੋਂ ਜਾਂਚ ਸੀ ਬੀ ਆਈ ਨੂੰ ਦੇਣ ਦੀ ਵੀ ਪ੍ਰੋੜਤਾ ਕੀਤੀ ਸੀ, ਪਰ ਮੋਰਚੇ ਵਿੱਚ ਆਕੇ ਉਹ ਦੋਨਾਂ ਗੱਲਾਂ ਤੋਂ ਬਿਲਕੁਲ ਹੀ ਪਲਟ ਗਏ। ਬਰਗਾੜੀ ਮੋਰਚੇ ਵਿੱਚ ਦੋ ਸੌ ਗੱਡੀਆਂ ਦੇ ਕਾਫਲੇ ਨਾਲ ਪਹੁੰਚੇ ਗੁਰਦਾਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਵਾਲੇ ਸੰਤ ਬਾਬਾ ਨਰਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਸਾਂ ਗੁਰੂ ਸਾਹਿਬਾਨਾਂ ਦੀ ਜੋਤ ਹੈ, ਕਿਉਂਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਵੱਲੋਂ ਖੁਦ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਸੌਂਪਕੇ ਜੁਗੋ ਜੁੱਗ ਅਟੱਲ ਗੁਰੂ ਹੋਣ ਦਾ ਮਾਣ ਦਿੱਤਾ ਗਿਆ ਸੀ,ਇਸ ਲਈ ਸਮੁੱਚਾ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਦਾ ਪਰਿਵਾਰ ਹੈ। ਉਹਨਾਂ ਕਿਹਾਂ ਗੁਰੂ ਸਾਹਿਬ ਨਿਰਵੈਰ ਹਨ, ਉਹ ਸਮਰੱਥ ਹੋਣ ਦੇ ਬਾਵਜੂਦ ਵੀ ਕਿਸੇ ਨਾਲ ਵੈਰ ਵਿਰੋਧ ਨਹੀ ਰੱਖਦੇ,ਪਰ ਜਿੰਨਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਨੂੰ ਕੀਤੇ ਦਾ ਫਲ ਜਰੂਰ ਮਿਲੇਗਾ।ਉਹਨਾਂ ਕਿਹਾ ਕਿ ਦੁਨੀਆਂ ਵਿੱਚ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਜਿੰਨਾਂ ਨੂੰ ਜਾਗਤ ਜੋਤ ਗੁਰੂ ਦਾ ਦਰਜਾ ਮਿਲਿਆ ਹੋਇਆ, ਹੋਰ ਕੋਈ ਵੀ ਅਜਿਹਾ ਗ੍ਰੰਥ ਨਹੀ ਜਿਸ ਨੂੰ ਇਹ ਦਰਜਾ ਮਿਲਿਆ ਹੋਵੇ।
    ਉਹਨਾਂ ਕਿਹਾ ਕਿ ਸਾਡਾ ਗੁਰੂ ਤਿੰਨ ਲੋਕਾਂ ਦਾ ਜਾਨਣਹਾਰਾ ਹੈ,ਜਿਸ ਗੁਰੂ ਗ੍ਰੰਥ ਸਾਹਿਬ ਅੱਗੇ ਦੁਨੀਆਂ ਦੀਆਂ ਬਾਦਸਾਹਤਾਂ ਛੋਟੀਆਂ ਪੈ ਜਾਂਦੀਆਂ ਹਨ, ਉਸ ਗੁਰੂ ਦੀ ਹਰ ਸਮੇ ਸੇਵਾ ਵਿੱਚ ਰਹਿਣਾ ਸਾਡਾ ਫਰਜ ਹੈ,ਇਸ ਲਈ ਹਰ ਇੱਕ ਗੁਰਦੁਆਰਾ ਸਾਹਿਬ ਅੰਦਰ ਪੰਜ ਸਿੱਖ ਗੁਰੂ ਦੀ ਸੇਵਾ ਵਿੱਚ ਹਰ ਸਮੇ ਹੋਣੇ ਚਾਹੀਦੇ ਹਨ, ਤਾਂ ਕਿ ਕੋਈ ਵੀ ਸਰਾਰਤੀ ਅਨਸਰ, ਅਜਿਹੀ ਘਿਨਾਉਣੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੰਥ ਦੀਆਂ ਤਿੰਨੇ ਮੰਗਾਂ ਮੰਨ ਕੇ ਕੌਂਮ ਨੂੰ ਇਨਸਾਫ ਦਿੱਤਾ ਜਾਵੇ।ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਮਹਿਲ ਸਿੰਘ ਸਿੰਘ ਚੰਡੀਗੜ੍ਹ,ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ,ਢਾਡੀ ਗੁਰਦੇਵ ਸਿੰਘ ਕੋਮਲ ਸ਼ਾਹਕੋਟ ਅਤੇ ਤਲਵੰਡੀ ਫੱਤੂ ਨਵੇਂ ਸਹਿਰ ਵਾਲੀਆਂ ਬੀਬੀਆਂ,ਦਰਸ਼ਨ ਸਿੰਘ ਸੀਵੀਆ,ਕਵੀਸ਼ਰ ਸੁਖਚੈਨ ਸਿੰਘ ਮੱਲਕੇ,ਖੁਸ਼ਪ੍ਰੀਤ ਕੌਰ ਤੇ ਜਸਲੀਨ ਕੌਰ, ਅਰਸਪ੍ਰੀਤ ਕੌਰ,ਨਵਕਿਰਨਪ੍ਰੀਤ ਕੌਰ,ਢਾਡੀ ਰਾਜਵਿੰਦਰ ਕੌਰ ਤਰਨਾ ਦਲ,ਢਾਡੀ ਅਮਰਜੀਤ ਸਿੰਘ ਦਾ ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ,ਕਵਿਤਾਵਾਂ ਰਾਹੀ ਹਾਜਰੀ ਲਗਵਾਈ।ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਵਾਂਦਰ ਨੇ ਨਿਭਾਈ।

    ਅੰਮ੍ਰਿਤਸਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਬਾਰੇ ਕੀਤੀ ਗੱਲ ਵਾਸਤੇ ਸਿੱਖ ਜਥੇਬੰਦੀਆਂ ਨੇ ਸ੍ਰੀ ਸਿੱਧੂ ਦੀ ਭਰਵੀਂ ਸ਼ਲਾਘਾ ਕੀਤੀ ਹੈ।
    ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਸਿੱਧੂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਦਾ ਮਾਮਲਾ ਉਠਾਇਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਸਿੱਧੂ ਦੇ ਪਾਕਿਸਤਾਨ ਜਾਣ ਦਾ ਵਿਰੋਧ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਉਹ ਆਪਣੇ ਦੋਸਤ ਦੀ ਤਾਜਪੋਸ਼ੀ ਵਿੱਚ ਨਿੱਜੀ ਤੌਰ ’ਤੇ ਹਿੱਸਾ ਲੈਣ ਗਏ ਸਨ, ਜਿੱਥੇ ਪਾਕਿਸਤਾਨੀ ਫ਼ੌਜ ਮੁਖੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਿੱਤਾ, ਜੋ ਸਿੱਖ ਪੰਥ ਲਈ ਸਕੂਨ ਵਾਲੀ ਗੱਲ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਦੇਣ ਦਾ ਬਿਆਨ ਸਿਰਫ਼ ਇਕ ਬਿਆਨ ਜਾਪਦਾ ਹੈ। ਜਦੋਂ ਇਹ ਅਮਲ ਵਿੱਚ ਆਵੇਗਾ, ਉਦੋਂ ਹੀ ਸ੍ਰੀ ਸਿੱਧੂ ’ਤੇ ਵਿਸ਼ਵਾਸ ਕੀਤਾ ਜਾ ਸਕੇਗਾ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਪਾਕਿਸਤਾਨ ਫ਼ੌਜ ਦੇ ਮੁਖੀ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਣ ਲਈ ਦਿੱਤੇ ਗਏ ਭਰੋਸੇ ਨੂੰ ਅਮਲ ਵਿੱਚ ਲਿਆਉਣ ਲਈ ਭਾਰਤ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂ ਵਿਰਸਾ ਸਿੰਘ ਬਹਿਲਾ ਨੇ ਗਲਵਕੜੀ ਪਾਉਣ ਦੀ ਹੋ ਰਹੀ ਆਲੋਚਨਾ ਬਾਰੇ ਆਖਿਆ ਕਿ ਇਹ ਸਿਰਫ਼ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਹੈ।

    ਨਿਊਯਾਰਕ  - ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਵਿਚ ਸ਼ਹੀਦ ਕੀਤੇ ਗਏ ਸਿੰਘਾਂ ਦੇ ਪਿੱਛੇ ਅਕਾਲੀ ਦਲ ਬਾਦਲ ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪੁਲੀਸ ਦੇ ਅਧਿਕਾਰੀਆਂ ਦਾ ਹੱਥ ਹੁਣ ਸਪਸ਼ਟ ਹੋ ਗਿਆ, ਜਿਸ ਕਰਕੇ 96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਮਰਥਨ ਨਾਲ ਬਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਅਕਾਲੀ ਦਲ ਬਾਦਲ ਦੇ ਲੀਡਰਾਂ ਦਾ ਅਮਰੀਕਾ ਵਿਚ ਆਉਣ ਦੇ ਤਿੱਖਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਜਦੋਂ ਹੀ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਿਊਯਾਰਕ ਦੇ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਵਿਚ ਬੋਲਣ ਲਈ ਪੁੱਜੇ ਤਾਂ ਉਨ੍ਹਾਂ ਦਾ ਸਿੱਖ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦਾ ਵਿਰੋਧ ਏਨਾ ਵਿਆਪਕ ਹੋ ਗਿਆ ਕਿ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਨਿਊਯਾਰਕ ਦੀ ਪੁਲੀਸ ਬੁਲਾਉਣੀ ਪਈ। ਪੁਲੀਸ ਦੇ ਦਖ਼ਲ ਨਾਲ ਹੀ ਮਨਜੀਤ ਸਿੰਘ ਜੀ ਕੇ ਕੁੱਝ ਸਮੇਂ ਲਈ ਸਟੇਜ ਤੇ ਬੋਲ ਸਕੇ।
    ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਹੀ ਮਨਜੀਤ ਸਿੰਘ ਜੀ ਕੇ ਦਾ ਇੱਥੇ ਆਉਣ ਬਾਰੇ ਪਤਾ ਲੱਗਾ ਤਾਂ ਸਿੱਖ ਸੰਗਤਾਂ ਨੇ ਉਸ ਦਾ ਵਿਰੋਧ ਕਰਨ ਦਾ ਬੀੜਾ ਚੁੱਕ ਲਿਆ, ਉਸ ਨੂੰ ਇਸ ਵੇਲੇ ਮੂੰਹ ਦੀ ਖਾਣੀ ਪਈ, ਉਨ੍ਹਾਂ ਕਿਹਾ ਕਿ ਇੱਥੇ ਬਾਦਲ ਦਲ ਦਾ ਕੋਈ ਵੀ ਲੀਡਰ ਆਵੇਗਾ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ, ਜਿਸ ਦੀ ਹੁੰਦੀ ਬੇਇੱਜ਼ਤੀ ਦਾ ਬਾਦਲ ਦਲ ਖ਼ੁਦ ਜ਼ਿੰਮੇਵਾਰ ਹੋਵੇਗਾ। ਹਿੰਮਤ ਸਿੰਘ ਨੇ ਕਿਹਾ ਕਿ ਬਾਦਲਕਿਆਂ ਨੇ ਮੁੱਢ ਕਦੀਮੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਅਖੌਤੀ ਪੰਥਕ ਮਖੌਟਾ ਪਾਕੇ ਸਿੱਖ ਸੰਗਤਾਂ ਨੂੰ ਹਮੇਸ਼ਾ ਬੁੱਧੂ ਬਣਾਇਆ, ਪਰ ਹੈਰਾਨੀ ਉਦੋਂ ਹੋਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿਰਸੇ ਵਾਲੇ ਅਸਾਧ ਦੇ ਚੇਲਿਆਂ ਨੇ ਪੋਸਟਰ ਤੱਕ ਲਾ ਦਿੱਤੇ, ਵਿਰੋਧ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਦੋ ਸਿੰਘ ਸ਼ਹੀਦ ਹੋ ਗਏ। ਪਰ ਉਸ ਵੇਲੇ ਅਣਪਛਾਤੀ ਪੁਲੀਸ ਤੇ ਪਰਚਾ ਦਰਜ ਕਰਕੇ ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕਦੇ ਪੁਲੀਸ ਵੀ ਅਣਪਛਾਤੀ ਹੋ ਸਕਦੀ ਹੈ? ਉਸ ਤੋਂ ਸਪਸ਼ਟ ਹੋ ਗਿਆ ਕਿ ਬਾਦਲ ਦਲ ਵੋਟਾਂ ਖ਼ਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਅੰਦਰੋਗਤੀ ਮਾਫ਼ ਕਰ ਗਿਆ ਹੈ। ਇਸ ਤੋਂ ਵੱਡੀ ਬਜਰ ਕੁਰਾਹਿਤ ਕੀ ਹੋ ਸਕਦੀ ਹੈ, ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲ ਦਲ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਦਬਾ ਲਈ ਸੀ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੱਤਾ ਤੇ ਸਪਸ਼ਟ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਬਾਦਲ ਦਲ ਦਾ ਹੀ ਹੱਥ ਸੀ, ਉਨ੍ਹਾਂ ਕਿਹਾ ਕਿ ਦੋਸ਼ੀ ਬਾਦਲ ਦਲ਼ੀਆਂ ਨੂੰ ਹੁਣ ਵਿਦੇਸ਼ਾਂ ਦੀ ਸਿੱਖ ਸੰਗਤ ਮੂੰਹ ਨਹੀਂ ਲਾਵੇਗੀ। ਉਹ ਜਦੋਂ ਵੀ ਵਿਦੇਸ਼ਾਂ ਵਿਚ ਆਉਂਦੇ ਹਨ ਇੱਥੇ ਵੀ ਸਿੱਖਾਂ ਨੂੰ ਦੁਫਾੜ ਕਰ ਜਾਂਦੇ ਹਨ। ਅਤੇ ਅਨੇਕਾਂ ਰੁਪਏ ਇਕੱਠੇ ਕਰਕੇ ਲੈ ਜਾਂਦੇ ਹਨ ਤੇ ਫਿਰ ਸਿੱਖ ਸੰਗਤਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਿਆਸਤਦਾਨਾਂ ਨੇ ਜੀ ਕੇ ਨੂੰ ਆਪਣੇ ਏਜੰਡੇ ਦਾ ਪ੍ਰਚਾਰ ਕਰਨ ਲਈ ਗੁਰਦੁਆਰਾ ਸਾਹਿਬਾਨਾਂ ਦੀ ਵਰਤੋਂ ਕਰਨ ਲਈ ਭੇਜਿਆ ਹੈ ਜਿਸ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ, ਇਸ ਵੇਲੇ ਸੁਰਜੀਤ ਸਿੰਘ ਕਲਾਰ ਸ਼੍ਰੋਮਣੀ ਅਕਾਲੀ ਦਲ (ਅ) , ਬਲਾਕਾ ਸਿੰਘ ਸਿੱਖ ਯੂਥ ਆਫ਼ ਅਮਰੀਕਾ, ਰਾਣਾ ਸਿੰਘ ਸਿੱਖ ਫਾਰ ਜਸਟਿਸ, ਬਲਜਿੰਦਰ ਸਿੰਘ ਦੋਆਬਾ ਸਿੱਖ ਐਸੋਸੀਏਸ਼ਨ, ਦੇ ਆਗੂਆਂ ਨੇ ਵੀ ਵਿਰੋਧ ਵਿਚ ਅਹਿਮ ਰੋਲ ਨਿਭਾਇਆ ਅਤੇ ਐਲਾਨ ਕੀਤਾ ਇਹ ਬਾਦਲ ਦਲ ਦੇ ਆਰਐਸਐਸ ਦੇ ਕਾਰਕੁੰਨਾਂ ਦਾ ਜਿੱਥੇ ਵੀ ਉਹ ਜਾਣਗੇ ਅਸੀਂ ਇਹਨਾਂ ਦਾ ਇਸ ਤੋਂ ਵੀ ਵਧ ਵਿਰੋਧ ਕਰਾਂਗੇ।

    ਲੰਡਨ, 19 ਅਗਸਤ
    ਬ੍ਰਿਟੇਨ ਸਰਕਾਰ ਨੇ ਪਿਛਲੇ ਹਫ਼ਤੇ ਲੰਡਨ ਦੇ ਟ੍ਰੈਫਾਲਗਰ ਸਕੁਏਰ ਵਿੱਚ ਗਰਮਖਿਆਲੀ ਸਿੱਖ ਧਿਰਾਂ ਵੱਲੋਂ ਕਰਵਾਈ ਖ਼ਾਲਿਸਤਾਨ ਪੱਖੀ ਰੈਲੀ ਦੇ ਮੁੱਦੇ ਨਾਲੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਸਿੱਖਜ਼ ਫਾਰ ਜਸਟਿਸ ਵੱਲੋਂ 12 ਅਗਸਤ ਨੂੰ ਕਰਵਾਈ ‘ ਰੈਫਰੰਡਮ 2020 ਲਈ ਲੰਡਨ ਅਹਿਦਨਾਮਾ’ ਰੈਲੀ ਤੋਂ ਪਹਿਲਾਂ ਭਾਰਤ ਨੇ ਬ੍ਰਿਟੇਨ ਸਰਕਾਰ ਨੂੰ ਖ਼ਬਰਦਾਰ ਕੀਤਾ ਸੀ ਕਿ ਹਿੰਸਾ, ਵੱਖਵਾਦ ਤੇ ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਗਰੁੱਪਾਂ ਨੂੰ ਪ੍ਰਦਰਸ਼ਨ ਦੀ ਖੁੱਲ੍ਹ ਦੇਣ ਤੋਂ ਪਹਿਲਾਂ ਦੁਵੱਲੇ ਸਬੰਧਾਂ ਬਾਰੇ ਸੋਚ ਲੈਣਾ ਚਾਹੀਦਾ ਹੈ। ਯੂਕੇ ਸਰਕਾਰ ਦੇ ਇਕ ਸੂਤਰ ਨੇ ਦੱਸਿਆ ‘‘ ਹਾਲਾਂਕਿ ਅਸੀਂ ਪ੍ਰਦਰਸ਼ਨ ਦੀ ਆਗਿਆ ਦਿੱਤੀ ਸੀ ਪਰ ਇਸ ਨੂੰ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਖੜੋਣ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਅਸੀਂ ਇਸ ਪੱਖੋਂ ਸਪਸ਼ਟ ਹਾਂ ਕਿ ਇਹ ਲੋਕਾਂ ਤੇ ਭਾਰਤ ਸਰਕਾਰ ਵਿਚਕਾਰ ਸਬੰਧਾਂ ਦਾ ਸਵਾਲ ਹੈ।’’ ਇਸ ਤੋਂ ਪਹਿਲਾਂ ਐਸਐਫਜੇ ਨੇ ਯੂਕੇ ਫੌਰੇਨ ਐਂਡ ਕਾਮਨਵੈਲਥ ਆਫਿਸ ਐਫਸੀਓ ਨੂੰ ਪੱਤਰ ਲਿਖ ਕੇ ‘ ਸਿੱਖਾਂ ਦੇ ਜਨਮਤ ਸੰਗ੍ਰਹਿ ਦੀ ਮੁਹਿੰਮ’ ਬਾਰੇ ਚਰਚਾ ਕਰਨ ਲਈ ਸਮਾਂ ਮੰਗਿਆ ਸੀ। ਐਫਸੀਓ ਨੇ ਕਿਹਾ ਕਿ ਉਹ ਸਾਰੀਆਂ ਸਬੰਧਤ ਧਿਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਮਤਭੇਦ ਗੱਲਬਾਤ ਰਾਹੀਂ ਸੁਲਝਾਉਣ ਲਈ ਹੱਲਾਸ਼ੇਰੀ ਦਿੰਦੀ ਹੈ। ਐਫਸੀਓ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਯੂਕੇ ਨੂੰ ਲੰਮੇ ਅਰਸੇ ਤੋਂ ਚਲੀ ਆ ਰਹੀ ਪਰੰਪਰਾ ’ਤੇ ਮਾਣ ਹੈ ਕਿ ਇਸ ਮੁਲਕ ਦੇ ਲੋਕ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟਾ ਸਕਦੇ ਹਨ। ਇਸ ਵਿੱਚ ਕਿਹਾ ਗਿਆ ‘‘ ਬ੍ਰਿਟੇਨ ਸਰਕਾਰ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਹੋਰਨੀਂ ਥਾਈਂ ਹੋਈਆਂ ਘਟਨਾਵਾਂ ਬਾਰੇ ਸਿੱਖ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਅਸੀਂ ਸਾਰੇ ਰਾਜਾਂ ਨੂੰ ਇਸ ਗੱਲ ਵਾਸਤੇ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਘਰੋਗੀ ਕਾਨੂੰਨਾਂ ਨੂੰ ਕੌਮਾਂਤਰੀ ਮਨੁੱਖੀ ਅਧਿਕਾਰਾਂ ’ਤੇ ਪੂਰੇ ਉਤਰਨ।’’ ਸਿੱਖਜ਼ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ‘‘ ਖਾਲਿਸਤਾਨ ਦੇ ਹੱਕ ਵਿੱਚ ਹੋਈ ਰੈਲੀ ਬਾਰੇ ਯੂਕੇ ਦੇ ਵਿਦੇਸ਼ ਮੰਤਰਾਲੇ ਦਾ ਹੁੰਗਾਰਾ ਬਹੁਤ ਹੀ ਉਤਸ਼ਾਹਪੂਰਨ ਹੈ ਅਤੇ ਅਸੀਂ ਰਾਇਸ਼ੁਮਾਰੀ ਲਈ ਸਿੱਖਾਂ ਦੇ ਹੱਕ ਦੇ ਮੁੱਦੇ ’ਤੇ ਵਿਦੇਸ਼ੀ ਸਰਕਾਰਾਂ ਨਾਲ ਰਾਬਤਾ ਜਾਰੀ ਰੱਖਾਂਗੇ ਤੇ ਮੰਗ ਕਰਦੇ ਰਹਾਂਗੇ ਕਿ ਪੰਜਾਬ ਦੇ ਰੁਤਬੇ ਨੂੰ ਤੈਅ ਕਰਨ ਲਈ ਰਾਇਸ਼ੁਮਾਰੀ ਕਰਵਾਈ ਜਾਵੇ।’’

    ਬਠਿੰਡਾ - ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਮੌੜ ਬੰਬ ਧਮਾਕੇ ਦੀ ਜਾਂਚ ਨੂੰ ਹੁਣ ਤਣ ਪੱਤਣ ਲਾਏਗੀ। ਸਿੱਟ ਲਈ ਬਰਗਾੜੀ ਕਾਂਡ ਮਗਰੋਂ ਹੁਣ ਮੌੜ ਧਮਾਕੇ ਦੀ ਜਾਂਚ ਨੂੰ ਆਖ਼ਰੀ ਮੋੜ ਤੱਕ ਲਿਜਾਣਾ ਮੁੱਖ ਏਜੰਡਾ ਹੈ। ਕਰੀਬ ਪੰਜ ਮਹੀਨੇ ਤੋਂ ਮੌੜ ਕਾਂਡ ਦੀ ਜਾਂਚ ਠੰਢੇ ਬਸਤੇ ਵਿੱਚ ਪਈ ਹੋਈ ਸੀ ਕਿਉਂਕਿ ਇਸ ਕਾਂਡ ਦੀ ਪੈੜ ਡੇਰਾ ਸਿਰਸਾ ਦੇ ਬੂਹੇ ਤੱਕ ਪੁੱਜ ਗਈ ਸੀ। ਪੰਜਾਬ ਪੁਲੀਸ ਦੇ ਮੁਖੀ ਨੇ ਹੁਣ ਮੌੜ ਕਾਂਡ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਦਾ ਅਚਨਚੇਤ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਮੁੜ ਬਠਿੰਡਾ ਜ਼ਿਲ੍ਹੇ ਵਿੱਚ ਤਬਾਦਲਾ ਕਰ ਦਿੱਤਾ ਹੈ। ਤਫ਼ਤੀਸ਼ੀ ਅਫ਼ਸਰ ਨੂੰ ਪਹਿਲਾਂ 19 ਮਾਰਚ ਨੂੰ ਥਾਣਾ ਦਿਆਲਪੁਰਾ (ਬਠਿੰਡਾ) ਤੋਂ ਬਦਲ ਕੇ ਸੀਆਈਏ ਸਟਾਫ਼ ਸਰਹਿੰਦ ਤਾਇਨਾਤ ਕਰ ਦਿੱਤਾ ਗਿਆ ਸੀ।
    ਪੰਜਾਬ ਪੁਲੀਸ ਵੱਲੋਂ ਮੌੜ ਕਾਂਡ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸ ਦੇ ਚੇਅਰਮੈਨ ਡੀਆਈਜੀ ਰਣਬੀਰ ਸਿੰਘ ਖੱਟੜਾ ਹਨ ਜਦੋਂ ਕਿ ਐਸਪੀ ਰਜਿੰਦਰ ਸਿੰਘ ਸੋਹਲ, ਡੀਐਸਪੀ ਸੁਲੱਖਣ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ ਦੇ ਮੈਂਬਰ ਹਨ। ਇੰਸਪੈਕਟਰ ਦਲਬੀਰ ਸਿੰਘ ਇਸ ਜਾਂਚ ਦੇ ਤਫ਼ਤੀਸ਼ੀ ਅਫ਼ਸਰ ਹਨ ਅਤੇ ਉਹ ਕਾਂਡ ਦੀ ਹਰ ਘੁਣਤਰ ਤੋਂ ਵਾਕਫ਼ ਹਨ। ਦਲਬੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਰੋਪੜ ਰੇਂਜ ਤੋਂ ਬਠਿੰਡਾ ਬਦਲੀ ਹੋ ਗਈ ਹੈ ਅਤੇ ਹਾਲੇ ਅਗਲੀ ਤਾਇਨਾਤੀ ਨਹੀਂ ਹੋਈ ਹੈ।
    ਉਧਰ ਡੀਆਈਜੀ ਰਣਬੀਰ ਸਿੰਘ ਖਟੜਾ ਦੀ 21 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਨਿੱਜੀ ਪੇਸ਼ੀ ਹੈ, ਜਿਨ੍ਹਾਂ ਨੂੰ ਹਾਈ ਕੋਰਟ ਨੇ 3 ਅਗਸਤ ਨੂੰ ਤਲਬ ਕੀਤਾ ਸੀ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਹੈ। ਇਸੇ ਦੌਰਾਨ 24 ਅਗਸਤ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਜਿੱਥੇ ਮੌੜ ਬੰਬ ਧਮਾਕੇ ਦੀ ਜਾਂਚ ਦਾ ਮੁੱਦਾ ਵੀ ਉੱਠ ਸਕਦਾ ਹੈ। ਇਨ੍ਹਾਂ ਹਾਲਾਤ ਵਿੱਚ ਮੌੜ ਧਮਾਕੇ ਦੀ ਜਾਂਚ ਨੂੰ ਕਿਸੇ ਤਣ ਪੱਤਣ ਲਾਉਣਾ ਸਰਕਾਰ ਦੀ ਮਜਬੂਰੀ ਜਾਪਣ ਲੱਗੀ ਹੈ।
    ਥਾਣਾ ਮੌੜ ਦੇ ਮੁੱਖ ਥਾਣਾ ਅਫ਼ਸਰ ਗੁਰਦੇਵ ਸਿੰਘ ਭੱਲਾ ਨੇ ਕਿਹਾ ਕਿ ਉਨ੍ਹਾਂ ਮੌੜ ਕਾਂਡ ਦੀ ਮਿਸਲ ਸਿੱਟ ਨੂੰ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 31 ਜਨਵਰੀ 2017 ਨੂੰ ਮੌੜ ਮੰਡੀ ਵਿੱਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਬੰਬ ਧਮਾਕੇ ’ਚ ਵਰਤੀ ਕਾਰ ਨੂੰ ਡੇਰਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਵਿਚ ਗੁਰਤੇਜ ਸਿੰਘ ਕਾਲਾ ਦੀ ਹਦਾਇਤ ’ਤੇ ਤਿਆਰ ਕਰਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮ ਨੂੰ ਗੁਰਤੇਜ ਕਾਲਾ ਦੇ ਹਿਸਾਰ ਵਿਚ ਹੋਣ ਦੀ ਸੂਹ ਮਿਲੀ ਸੀ।

    -ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਜਨਤਕ ਕਰਨ ਦੀ ਮੰਗ ਕੀਤੀ
    -ਦੋਵੇਂ ਰਿਪੋਰਟਾਂ ਇਕੱਠੀਆਂ ਵਿਧਾਨ ਸਭਾ ‘ਚ ਪੇਸ਼ ਕੀਤੀਆਂ ਜਾਣ: ਸ਼ਹੀਦ ਦੇ ਮਾਪੇ
    ਪਟਿਆਲਾ : ਪੰਜਾਬ ਵਿਚ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਬਹਿਬਲ ਕਲਾਂ ਵਿਖੇ ਵਾਪਰੇ ਪੁਲਿਸ ਗੋਲੀ ਕਾਂਡ ਵਿੱਚ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦੀ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਇਹੋ ਜਿਹੀ ਹੀ ਇੱਕ ਘਟਨਾ ਸਾਲ 1986 ਵਿੱਚ ਉਸ ਵੇਲੇ ਵਾਪਰੀ ਸੀ ਜਦੋਂ 2 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪਾਂ ਨੂੰ ਕੁਝ ਅਣਜਾਣ ਵਿਅਕਤੀਆਂ ਵੱਲੋਂ ਅਗਨ ਭੇਂਟ ਕਰ ਦਿੱਤਾ ਗਿਆ ਸੀ।

    ਸਿਡਨੀ- ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਇੱਕ ਨੌਜਵਾਨ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਵੀਡੀਓ ਇੱਥੇ ਵਾਇਰਲ ਹੋਈ ਹੈ ਜਿਸ ਦਾ ਪੁਲੀਸ ਨੇ ਵੀ ਨੋਟਿਸ ਲੈ ਲਿਆ ਹੈ।
    ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਪਾਰਕਲੀ ’ਚ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਚੱਲ ਰਹੇ ਲੜੀਵਾਰ ਦੀਵਾਨਾਂ ਵਿਰੁੱਧ ਕੁਝ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਅੱਜ ਆਖਰੀ ਦੀਵਾਨ ਵੇਲੇ ਗੁਰਦੁਆਰੇ ਸਾਹਮਣੇ ਮੁਜ਼ਾਹਰੇ ਦੌਰਾਨ ਇੱਕ ਨੌਜਵਾਨ ਸਿੱਖ ਨੇ ਮਾਈਕ ’ਤੇ ਢੱਡਰੀਆਂਵਾਲੇ ਨੂੰ ਮਾਰਨ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ।
    ਦੂਜੇ ਪਾਸੇ ਕਮੇਟੀ ਦੇ ਸਹਾਇਕ ਸਕੱਤਰ ਨਿਰਮਲ ਸਿੰਘ ਸੰਧਰ ਨੇ ਗੁਰਦੁਆਰੇ ’ਚ ਪੈਦਾ ਹੋਏ ਹਾਲਾਤ ਕਾਰਨ ਅਸਤੀਫ਼ਾ ਦੇ ਦਿੱਤਾ ਹੈ। ਗੁਰਦੁਆਰਾ ਕਮੇਟੀ ਨੂੰ ਦੀਵਾਨ ਚਲਾਉਣ ਲਈ ਪੁਲੀਸ ਦਾ ਸਹਿਯੋਗ ਲੈਣਾ ਪਿਆ। ਪੁਲੀਸ ਨੇ ਗੁਰਦੁਆਰੇ ’ਚ ਹਾਲਾਤ ਖਰਾਬ ਹੋਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
    ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਬਾਹਰਲੇ ਗੇਟ ਕੋਲ ਰੋਕ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਮੇਟੀ ਨੂੰ ਅਜਿਹੇ ਪ੍ਰਚਾਰਕ ਨਹੀਂ ਬੁਲਾਉਣੇ ਚਾਹੀਦੇ ਜਿਹੜੇ ਸਿੱਖਾਂ ’ਚ ਵੰਡੀਆਂ ਪਾਉਣ। ਦੂਜੇ ਪਾਸੇ ਢੱਡਰੀਆਂਵਾਲੇ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਜੇ ਕੁਝ ਗਲਤ ਪ੍ਰਚਾਰ ਕਰ ਰਹੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਕੋਲ ਪਹੁੰਚ ਕੀਤੀ ਜਾਣੀ ਚਾਹੀਦੀ ਹੈ।
    ਉਨ੍ਹਾਂ ਕਿਹਾ ਕਿ ਉਸ ’ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਵੀ ਕਿਸੇ ਤਣ ਪੱਤਣ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਨਾਂ ਦਾ ਮਾਹੌਲ ਰੌਲੇ ਰੱਪੇ ਕਾਰਨ ਖਰਾਬ ਹੀ ਰਿਹਾ। ਅੰਮ੍ਰਿਤ ਸੰਚਾਰ ਦੇ ਪ੍ਰਚਾਰ ਬਾਰੇ ਵੀ ਬਹੁਤੀਆਂ ਬੇਨਤੀਆਂ ਨਹੀਂ ਹੋ ਸਕੀਆਂ। ਉਨ੍ਹਾਂ ਅੰਮ੍ਰਿਤ ਛਕਣ ਵਾਲਿਆਂ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

    ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਇਕ ਸੇਵਾਮੁਕਤ ਸੈਨਿਕ ਅਧਿਕਾਰੀ ਦਾ ਸਨਮਾਨ ਬਹਾਲ ਕਰ ਦਿੱਤਾ ਹੈ ਜਿਹੜਾ 1984 ਵਿਚ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲਿਊ ਸਟਾਰ) ਦੀ ਅਗਵਾਈ ਕਰਨ ਵਾਲੇ ਸੈਨਿਕ ਅਧਿਕਾਰੀਆਂ ਵਿਚ ਸ਼ਾਮਿਲ ਸੀ ਅਤੇ ਉਸ ਨੂੰ ਕਥਿਤ ਮਾੜੇ ਵਿਵਹਾਰ ਦੇ ਦੋਸ਼ਾਂ ਤੋਂ ਮੁਕਤ ਕਰਨ ਦੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਉਸ ਨੂੰ ਸੇਵਾ ਮੁਕਤੀ ਪਿਛੋਂ ਲੈਫਟੀਨੈੱਟ ਕਰਨਲ ਦਾ ਰੈਂਕ ਦਿੱਤਾ ਹੈ | ਸੁਪਰੀਮ ਕੋਰਟ ਨੇ ਦਰਬਾਰ ਸਾਹਿਬ ਵਿਖੇ ਆਪਰੇਸ਼ਨ ਬਲਿਊ ਸਟਾਰ ਦੌਰਾਨ ਬਰਾਮਦ ਕੁਝ ਇਲੈਕਟਰਾਨਿਕ ਵਸਤਾਂ ਆਪਣੇ ਕੋਲ ਰੱਖਣ ਦੇ ਦੋਸ਼ ਵਿਚ ਮੇਜਰ (ਸੇਵਾਮੁਕਤ) ਕੁੰਵਰ ਅੰਬਰੇਸ਼ਵਰ ਸਿੰਘ ਨੂੰ 'ਝਾੜ ਪਾਉਣ ਦੀ ਸਜ਼ਾ' ਨੂੰ ਰੱਦ ਕਰਨ ਦੇ ਆਰਮਡ ਫੋਰਸਿਜ਼ ਟਿ੍ਬਿਊਨਲ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ | ਜਸਟਿਸ ਏ. ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਨ ਦੇ ਬੈਂਚ ਨੇ ਟਿ੍ਬਿਊਨਲ ਦੇ ਫ਼ੈਸਲੇ ਖਿਲਾਫ ਕੇਂਦਰ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਪਰ ਸਰਕਾਰ 'ਤੇ ਲਾਏ ਜੁਰਮਾਨੇ ਦੀ ਰਕਮ 10 ਲੱਖ ਤੋਂ ਘਟਾ ਕੇ ਇਕ ਲੱਖ ਕਰ ਦਿੱਤੀ | ਬੈਂਚ ਨੇ ਕਿਹਾ ਕਿ ਇਸ ਅਪੀਲ ਵਿਚ ਕੋਈ ਦਮ ਨਹੀਂ ਅਤੇ ਇਸ ਨੂੰ ਖਾਰਜ ਕੀਤਾ ਜਾਂਦਾ ਹੈ ਪਰ ਅਸੀਂ ਦੇਖਿਆ ਕਿ ਅਪੀਲ ਕਰਨ ਵਾਲੀ ਧਿਰ 'ਤੇ ਜੁਰਮਾਨੇ ਦੀ ਰਕਮ ਜ਼ਿਆਦਾ ਹੈ | ਅਸੀਂ ਇਸ ਨੂੰ ਘਟਾ ਕੇ ਇਕ ਲੱਖ ਰੁਪਏ ਕਰ ਦਿੱਤਾ ਹੈ | ਲਖਨਊ ਵਿਚ ਟਿ੍ਬਿਊਨਲ ਨੇ ਪਿਛਲੇ ਸਾਲ 11 ਅਗਸਤ ਨੂੰ ਮੇਜਰ ਕੁੰਵਰ ਨੂੰ ਦੋਸ਼ ਮੁਕਤ ਕਰ ਦਿੱਤਾ ਅਤੇ ਉਸ ਨੂੰ ਲੈਫਟੀਨੈੱਟ ਕਰਨ ਦਾ ਰੈਂਕ ਦੇਣ ਤੋਂ ਇਨਕਾਰ ਕਰਨ ਤੇ ਹੋਰ ਹਦਾਇਤਾਂ ਦੇਣ ਚੀਫ਼ ਆਫ ਆਰਮੀ ਸਟਾਫ ਵਲੋਂ ਦਿੱਤੇ ਹੁਕਮ ਨੂੰ ਰੱਦ ਕਰ ਦਿੱਤਾ ਸੀ | ਟਿ੍ਬਿਊਨਲ ਨੇ ਉਸ ਨੂੰ ਲੈਫ. ਕਰਨਲ ਦਾ ਰੈਂਕ ਦੇਣ ਅਤੇ ਦੂਸਰੇ ਸਾਰੇ ਲਾਭ ਦੇਣ ਦੀ ਹਦਾਇਤ ਕੀਤੀ ਸੀ ਜਿਹੜੇ ਉਸ ਦੇ ਬੈਚ ਵਾਲੇ ਅਧਿਕਾਰੀਆਂ ਨੂੰ ਮਿਲੇ ਸਨ | ਟਿ੍ਬਿਊਨਲ ਨੇ ਕਿਹਾ ਕਿ ਸਮੱਸਿਆ 8 ਜੂਨ 1984 ਨੂੰ ਉਸ ਸਮੇਂ ਸ਼ੁਰੂ ਹੋਈ ਜਦੋਂ ਕੁਝ ਸੈਨਿਕਾਂ ਨੇ ਦਰਬਾਰ ਸਾਹਿਬ ਅੰਦਰੋਂ ਚਾਰ ਇਲੈਕਟ੍ਰਾਨਿਕ ਵਸਤਾਂ, ਵੀਡੀਓ ਕੈਸੇਟ ਰਿਕਾਰਡਰ, ਇਕ ਥ੍ਰੀ ਇਨ ਵਨ ਮਿਊਜ਼ਕ ਸਿਸਟਮ, ਇਕ ਅਕਾਈ ਦਾ ਡੈੱਕ ਅਤੇ ਇਕ ਰੰਗਦਾਰ ਟੈਲੀਵੀਜ਼ਨ ਬਰਾਮਦ ਕੀਤਾ | ਇਹ ਵਸਤਾਂ ਲੈਫ. ਕਰਨਲ ਪਾਨੀਕਰ ਜਿਹੜਾ ਬਾਅਦ ਵਿਚ ਲੈਫ. ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ ਦੀ ਮੌਜੂਦਗੀ ਵਿਚ ਬਟਾਲੀਅਨ ਹੈਡਕੁਆਟਰ ਲਿਆਂਦੀਆਂ ਸਨ | ਬਿਨੇਕਾਰ ਮੁਤਾਬਿਕ ਸੈਨਿਕਾਂ ਨੇ ਇਹ ਵਸਤਾਂ ਯਾਦਗਾਰ ਵਜੋਂ ਰੱਖਣ ਲਈ ਬੇਨਤੀ ਕੀਤੀ ਸੀ ਜਿਸ ਨੂੰ ਲੈਫ. ਕਰਨਲ ਪਾਨੀਕਰ ਨੇ ਸਵੀਕਾਰ ਕਰ ਲਿਆ | ਟਿ੍ਬਿਊਨਲ ਨੇ ਕਿਹਾ ਕਿ ਲੈਫ. ਕਰਨਲ ਪਾਨੀਕਰ ਨੇ ਹੀ ਕੈਪਟਨ ਰਾਜੀਵ ਚੋਪੜਾ ਨੂੰ ਇਲੈਕਟ੍ਰਾਨਿਕ ਵਸਤਾਂ ਜਲੰਧਰ ਵਿਖੇ ਯੂਨਿਟ ਲਾਈਨਜ਼ ਵਿਖੇ ਲਿਆ ਕੇ ਰੱਖਣ ਦੀ ਹਦਾਇਤ ਕੀਤੀ ਸੀ | ਇਸ ਦਾ ਕਹਿਣਾ ਕਿ ਫ਼ੌਜ ਅਤੇ ਸਰਕਾਰ ਰੱਤੀ ਭਰ ਵੀ ਮੇਜਰ ਕੁੰਵਰ ਖਿਲਾਫ ਦੋਸ਼ ਸਾਬਤ ਵਿਚ ਨਾਕਾਮ ਰਹੀ ਅਤੇ ਲਗਦਾ ਹੈ ਕਿ ਮੇਜਰ ਕੁੰਵਰ 'ਤੇ ਮਨਮਰਜ਼ੀ ਨਾਲ ਕੇਸ ਚਲਾ ਕੇ ਸਜ਼ਾ ਦਿੱਤੀ ਗਈ ਹੈ | ਟਿ੍ਬਿਊਨਲ ਨੇ ਕਿਹਾ ਕਿ ਅਸਲ ਵਿਚ ਜਿਨ੍ਹਾਂ ਨੇ ਵਸਤਾਂ ਨੂੰ ਯਾਦਗਾਰ ਵਜੋਂ ਰੱਖਣ ਦਾ ਫ਼ੈਸਲਾ ਲਿਆ ਉਨ੍ਹਾਂ ਨੂੰ ਤਰੱਕੀ ਵੀ ਮਿਲੀ ਅਤੇ ਉਨ੍ਹਾਂ ਨੇ ਦੂਸਰੇ ਰੁਤਬੇ ਦਾ ਅਨੰਦ ਵੀ ਮਾਣਿਆਂ ਅਤੇ ਜਿਸ ਵਿਅਕਤੀ ਨੇ ਆਪਣੇ ਸੇਵਾ ਕਾਲ ਦੌਰਾਨ ਸਖਤ ਮਿਹਨਤ ਕੀਤੀ ਅਤੇ ਜਿਸ ਨੂੰ ਅਸ਼ੋਕ ਚੱਕਰ ਦੇਣ ਸਿਫਾਰਸ਼ ਕੀਤੀ ਸੀ ਨੂੰ ਬਿਨਾਂ ਕਿਸੇ ਕਾਰਨ ਦੁੱਖ ਝੱਲਣਾ ਪਿਆ | ਟਿ੍ਬਿਊਨਲ ਨੇ ਕੋਰਟ ਆਫ ਇਨਕੁਆਰੀ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਜਿਸ ਨੇ ਸਿੰਘ ਸਮੇਤ ਪੰਜ ਅਧਿਕਾਰੀਆਂ 'ਤੇ ਚਾਰ ਇਲੈਕਟ੍ਰਾਨਿਕ ਵਸਤਾਂ ਗੈਰਕਾਨੂੰਨੀ ਤੌਰ 'ਤੇ ਆਪਣੇ ਕੋਲ ਰੱਖਣ ਦਾ ਦੋਸ਼ ਲਾਇਆ ਸੀ |

    ਜਲੰਧਰ, (ਮੇਜਰ ਸਿੰਘ)- ਪਹਿਲੀ ਜੂਨ ਤੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਤੇ ਗਿਰਫਤਾਰ ਕਰਨ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੀ ਗਿ੍ਫਤਾਰੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਰੰਭ ਕੀਤੇ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਮੰਨੇ ਜਾਣ ਬਾਰੇ ਆਉਂਦੇ ਹਫਤੇ ਦੌਰਾਨ ਕਿਸੇ ਸਮੇਂ ਵੀ ਮੰਗਾਂ ਪੂਰੀਆਂ ਕੀਤੇ ਦਾ ਐਲਾਨ ਹੋਣਾ ਸੰਭਵ ਹੈ | ਉੱਚ ਪੱਧਰੀ ਸਰਕਾਰੀ ਸੂਤਰਾਂ ਅਨੁਸਾਰ ਬਰਗਾੜੀ ਇਨਸਾਫ ਮੋਰਚੇ ਦੇ ਅਹਿਮ ਆਗੂਆਂ ਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਵਿਚਕਾਰ ਸ਼ੁੱਕਰਵਾਰ ਸ਼ਾਮ ਨੂੰ ਹੋਈ ਅਹਿਮ ਮੀਟਿੰਗ ਵਿਚ ਸਰਕਾਰ ਵਲੋਂ ਮੰਗਾਂ ਪੂਰੀਆਂ ਕੀਤੇ ਜਾਣ ਦਾ ਸੰਕੇਤ ਦਿੱਤਾ ਗਿਆ ਹੈ | ਇਸ ਸਬੰਧੀ ਐਲਾਨ ਕਿਸੇ ਵੀ ਦਿਨ ਸੰਭਵ ਹੈ | ਪਤਾ ਲੱਗਾ ਹੈ ਕਿ ਉੱਚ ਪੱਧਰੀ ਸਰਕਾਰੀ ਵਫ਼ਦ ਵਲੋਂ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਗਿ੍ਫ਼ਤਾਰੀ ਅਤੇ ਬਹਿਬਲ ਕਲਾਂ 'ਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਪਰ ਗੋਲੀਆਂ ਵਰ੍ਹਾ ਕੇ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਤੇ ਕਈਆਂ ਨੂੰ ਜ਼ਖ਼ਮੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਲਈ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਜਾਵੇਗਾ | ਜਸਟਿਸ ਰਣਜੀਤ ਸਿੰਘ ਕਮਿਸ਼ਨਰ ਦੀ ਰਿਪੋਰਟ ਜਨਤਕ ਕਰਨ ਲਈ ਵਿਸ਼ਾਲ ਸਭਾ ਦਾ ਐਲਾਨ 24 ਅਗਸਤ ਤੋਂ ਸੱਦੇ ਜਾਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ | ਦੱਸਿਆ ਜਾਂਦਾ ਹੈ ਕਿ ਇਸ ਉੱਚ ਪੱਧਰੀ ਮੀਟਿੰਗ ਵਿਚ ਪੰਜਾਬ ਵਜ਼ਾਰਤ ਦੇ ਸੀਨੀਅਰ ਵਜ਼ੀਰ ਸ. ਤਿ੍ਪਤ ਰਾਜਿੰਦਰ ਸਿੰਘ ਬਾਜਾਵਾ ਤੇ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਹਾਜ਼ਰ ਸਨ | ਜਦਕਿ ਮੋਰਚੇ ਵਲੋਂ ਸ. ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਕੁੱਝ ਹੋਰ ਸੰਤ ਮਹਾਂਪੁਰਸ਼ ਸ਼ਾਮਿਲ ਹੋਣ ਬਾਰੇ ਦੱਸਿਆ ਜਾਂਦਾ ਹੈ ਵਰਨਣਯੋਗ ਹੈ ਕਿ ਸ. ਮਾਨ ਤੇ ਭਾਈ ਮੋਹਕਮ ਸਿੰਘ ਸਰਕਾਰ ਨਾਲ ਹੋਣ ਵਾਲੀ ਕਿਸੇ ਗਲਬਾਤ ਵਿਚ ਪਹਿਲੀ ਵਾਰ ਸ਼ਾਮਿਲ ਹੋਏ ਹਨ | ਸਮਝਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ 24 ਅਗਸਤ ਤੋਂ ਪਹਿਲਾਂ ਹੀ ਅਮਲ ਸ਼ੁਰੂ ਹੋ ਜਾਵੇਗਾ | ਇਹ ਵੀ ਪਤਾ ਲੱਗਾ ਹੈ ਕਿ ਮੰਗਾਂ ਮੰਨਣ ਬਾਰੇ ਕੁੱਝ ਸੀਨੀਅਰ ਵਜ਼ੀਰ ਬਰਗਾੜੀ ਵਿਖੇ ਚਲ ਰਹੇ ਧਰਨੇ ਵਿਚ ਹਾਜ਼ਰ ਹੋ ਕੇ ਐਲਾਨ ਕਰਨਗੇ ਅਤੇ ਕਮਿਸ਼ਨ ਦੀ ਸਿਫਾਰਸ਼ ਉਪਰ ਬਹਿਬਲ ਕਲਾਂ ਗੋਲੀ ਕਾਂਡ ਦੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਤੇ ਜ਼ਖ਼ਮੀਆਂ ਨੂੰ ਸਹਾਇਤਾ ਦਿੱਤੇ ਜਾਣ ਬਾਰੇ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਕ ਪੀੜਤਾਂ ਨੂੰ ਚੈੱਕ ਵੀ ਮੌਕੇ ਉੱਪਰ ਦਿੱਤੇ ਜਾਣਗੇ | ਪਤਾ ਲੱਗਾ ਹੈ ਕਿ ਸਿੱਖ ਬੰਦੀਆਂ ਦੀ ਰਿਹਾਈ ਤੇ ਬਾਹਰਲੇ ਸੂਬਿਆਂ 'ਚ ਪੰਜਾਬ ਦੀਆਂ ਜੇਲਾਂ 'ਚ ਬਦਲੀ ਬਾਰੇ ਵੀ ਸਰਕਾਰ ਨੇ ਸਰਗਰਮੀ ਸ਼ੁਰੂ ਕੀਤੀ ਹੋਈ ਹੈ ਤੇ ਇਸ ਬਾਰੇ ਵੀ ਉਸ ਦਿਨ ਦੱਸਿਆ ਜਾ ਸਕਦਾ ਹੈ ਪਤਾ ਲੱਗਾ ਹੈ ਕਿ ਮੋਰਚੇ ਦੇ ਆਗੂ ਵੀ ਸਰਕਾਰ ਵਲੋਂ ਮੰਗਾਂ ਪੂਰੀਆਂ ਕੀਤੇ ਜਾਣ ਬਾਰੇ ਕੀਤੀ ਜਾ ਰਹੀ ਕਾਰਵਾਈ ਤੋਂ ਪੂਰੀ ਤਰਾਂ ਸੰਤੁਸ਼ਟ ਹਨ | ਇਹ ਸੰਭਾਵਨਾ ਹੈ ਕਿ ਮੰਗਾ ਪੂਰੀਆਂ ਹੋਣ 'ਤੇ ਬਰਗਾੜੀ ਵਿਖੇ ਲੱਗਾ ਧਰਨਾ ਵੀ ਇਸੇ ਹਫਤੇ ਹਟਾਏ ਜਾਣ ਦਾ ਐਲਾਨ ਹੋ ਜਾਵੇਗਾ | ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਇਕ ਦੋ ਚੋਟੀ ਦੇ ਪੁਲਿਸ ਅਫਸਰਾਂ ਿਖ਼ਲਾਫ ਸਖਤ ਕਾਰਵਾਈ ਦਾ ਮਨ ਬਣਾ ਚੁੱਕੀ ਹੈ |

    ਕੋਚੀ – ਦੇਸ਼ ਦੇ ਦੱਖਣਾ ਸੂਬੇ ਕੇਰਲ ਵਿਚ ਬੀਤੇ ਕਈ ਦਿਨਾਂ ਤੋਂ ਜਾਰੀ ਬਾਰਿਸ਼ ਨੇ ਸੂਬੇ ਵਿਚ ਵੱਡੀ ਪੱਧਰ ਤੇ ਤਬਾਹ ਮਚਾਈ ਹੈ। ਇਥੇ ਸੜਕਾਂ ਜਿਥੇ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ, ਉਥੇ ਲੋਕਾਂ ਦੇ ਘਰ ਵੀ ਪਾਣੀ ਵਿਚ ਡੁੱਬ ਗਏ ਹਨ। ਇਸ ਦੌਰਾਨ ਕੇਰਲ ਵਿਚ ਹੜ੍ਹ ਕਾਰਨ ਮ੍ਰਿਤਕਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।
    ਇਸ ਦੌਰਾਨ ਦੁਨੀਆ ਵਿਚ ਕੁਦਰਤੀ ਕਰੋਪੀ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚ ਚੁੱਕੀ ਹੈ।
    ਇਕ ਪਾਸੇ ਜਿੱਥੇ ਕੇਰਲ ਭਿਆਨਕ ਹੜ੍ਹ ਦੀ ਚਪੇਟ ਵਿਚ ਹੈ, ਉਥੇ ਹੀ ਦੂਜੇ ਪਾਸੇ ਰਾਹਤ ਦੇ ਮਾਮਲੇ ਵਿਚ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ ਵਿਨਾਸ਼ਕਾਰੀ ਕੁਦਰਤੀ ਆਫ਼ਤ ਦੀ ਵਜ੍ਹਾ ਨਾਲ ਹੁਣ ਤੱਕ 324 ਲੋਕ ਜਾਨ ਗਵਾ ਚੁੱਕੇ ਹਨ। ਸੂਬੇ ਦੇ ਦੌਰੇ ਉੱਤੇ ਪੁੱਜੇ ਪੀਐਮ ਨਰੇਂਦਰ ਮੋਦੀ ਨੇ ਜਿੱਥੇ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ, ਜਿਸ ਉੱਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਨ ਨੇ 2000 ਕਰੋੜ ਦੀ ਨੁਕਸਾਨ ਦਾ ਹਵਾਲਾ ਦਿਤਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਨੇ ਵੀ ਕੇਰਲ ਦੀ ਹੜ੍ਹ ਨੂੰ ਰਾਸ਼ਟਰੀ ਆਫ਼ਤ ਐਲਾਨ ਕਰਣ ਦੀ ਮੰਗ ਕੀਤੀ ਹੈ।
    ਪਿਛਲੇ 100 ਸਾਲਾਂ ਦੀ ਸਭ ਤੋਂ ਭਿਆਨਕ ਹੜ੍ਹ ਦੀ ਚਪੇਟ ਵਿਚ ਆਏ ਕੇਰਲ ਵਿਚ ਹਾਲਾਤ ਦਾ ਜਾਇਜਾ ਲੈਣ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਕੇਰਲ ਲਈ 500 ਕਰੋੜ ਰੁਪਏ ਦੀ ਤੱਤਕਾਲ ਮਦਦ ਦਾ ਐਲਾਨ ਕੀਤਾ ਹੈ। 500 ਕਰੋੜ ਤੋਂ ਪਹਿਲਾਂ 100 ਕਰੋੜ ਦੀ ਐਡਵਾਂਸ ਰਕਮ ਦੇ ਭੁਗਤਾਨ ਦੀ ਘੋਸ਼ਣਾ ਗ੍ਰਹਿ ਮੰਤਰੀ ਦੁਆਰਾ ਇਸ ਦੇ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਿਕ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜਖ਼ਮੀਆਂ ਨੂੰ 50 ਹਜਾਰ ਰੁਪਏ ਦੀ ਮਦਦ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਐਲਾਨ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰ ਦੱਸਿਆ
    ਕਿ ਪੀਐਮ ਵਲੋਂ 2 ਹਜਾਰ ਕਰੋੜ ਰੁਪਏ ਦੀ ਤਤ‍ਕਾਲ ਮੰਗ ਕੀਤੀ ਗਈ ਸੀ, ਜਿਸ ਵਿਚੋਂ ਪੀਐਮ ਨੇ 500 ਕਰੋੜ ਦੀ ਰਾਸ਼ੀ ਦੀ ਮਦਦ ਦਾ ਐਲਾਨ ਕੀਤਾ। ਟਵੀਟ ਵਿਚ ਇਸ ਮਦਦ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ। ਸੀਐਮ ਪਿਨਾਰਾਈ ਵਿਜੈਨ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿਤੀ ਕਿ ਰਾਜ ਵਿਚ 19 ਹਜਾਰ 512 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕੇਰਲ ਵਿਚ ਸਾਰੀ ਸੰਭਾਵੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿਚ ਆਰਥਕ ਸਹਾਇਤਾ, ਅਨਾਜ ਅਤੇ ਦਵਾਈਆਂ ਦੀ ਸਹਾਇਤਾ ਸ਼ਾਮਿਲ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com