ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾਂ ਤੋਂ ਮੰਗ ਕੀਤੀ ਕਿ ਉਹ ਵੱਡਾ ਦਿੱਲ ਦਿਖਾਉਣ ਅਤੇ ਭਾਰਤ-ਪਾਕਿ ਵੰਡ ਮੌਕੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ ‘ਸਵੈ-ਨਿਰਣੇ ਦਾ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ। ਜਥੇਬੰਦੀ ਦਾ ਕਹਿਣਾ ਹੈ ਕਿ ਪਿਛਲੇ 71 ਵਰਿਆਂ ਅੰਦਰ ਭਾਰਤੀ ਨਿਜ਼ਾਮ ਨੇ ਜਮਹੂਰੀਅਤ ਦੇ ਬੁਰਕੇ ਹੇਠ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੈ ਅਤੇ ਪੰਜਾਬ ਨਾਲ ਇੱਕ ਬਸਤੀ ਵਾਂਗ ਵਿਹਾਰ ਕੀਤਾ ਜਾਂਦਾ ਹੈ।
    ਦਲ ਖਾਲਸਾ ਵਲੋਂ ਬੀਤੇ ਕਲ ਹਮ-ਖਿਆਲੀ ਜਥੇਬੰਦੀਆਂ ਨਾਲ ਮਿਲਕੇ ਸਿੱਖਾਂ ਉਤੇ ਹੋਏ ਜ਼ੁਲਮਾਂ, ਬੇਇੰਸਾਫੀਆਂ ਅਤੇ ਵਧੀਕੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰੇ ਵਿਚ ਸ਼ਾਮਿਲ ਲੋਕਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਵੱਡੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉਤੇ ਲਿਖਿਆ ਸੀ ਕਿ 14 ਅਗਸਤ ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, 15 ਅਗਸਤ ਨੂੰ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ ਪਰ ਸਿੱਖ, ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫਸ ਗਏ।
    ਜਥੇਬੰਦੀ ਨੇ ਹਿੰਦੁਸਤਾਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਣ ਤੱਕ ਆਜ਼ਾਦੀ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਮੁੜ ਦੁਹਰਾਈ। ਜਥੇਬੰਦੀ ਨੇ ਸਪਸ਼ਟ ਕੀਤਾ ਕਿ 15 ਅਗਸਤ, 26 ਜਨਵਰੀ, ਤਿਰੰਗਾ ਸਿੱਖਾਂ ਲਈ ਬੇਗਾਨੇ ਹਨ।
    ਮੁਜ਼ਾਹਰੇ ਉਪਰੰਤ ਸੈਂਕੜੇ ਨੌਜਵਾਨਾਂ ਨੇ ਮਾਰਚ ਕੱਢਿਆ ਅਤੇ ਆਜ਼ਾਦੀ ਅਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜੀ ਵੀ ਕੀਤੀ।
    ਪਾਰਟੀ ਮੁਖੀ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸਿੱਖਾਂ ਦਾ ਸੰਘਰਸ਼ ਗੁਲਾਮੀ ਵਿਰੁੱਧ ਹੈ ਨਾ ਕਿ ਕਿਸੇ ਧਰਮ ਜਾਂ ਭਾਰਤ ਵਾਸੀਆਂ ਵਿਰੁੱਧ। ਉਹਨਾਂ ਕਿਹਾ ਕਿ ਸਿੱਖ ਆਪਣੀ ਕਿਸਮਤ ਦੇ ਮਾਲਕ ਆਪ ਬਨਣਾ ਲੋਚਦੇ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ। ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਗ-ਜ਼ਾਹਰ ਹੋ ਚੁੱਕੀ ਹੈ ਪਰ ਪੁਲਿਸ ਦਬਾਅ ਹੇਠ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸ ਉਤੇ ਕਾਰਵਈ ਕਰਨ ਤੋਂ ਘਬਰਾ ਰਹੀ ਹੈ ਕਿਉਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਉਸ ਮੌਕੇ ਦੇ ਡੀਜੀਪੀ ਸੁਮੇਧ ਸੈਣੀ ਦਾ ਨਾਂ ਸਿੱਧੇ ਤੌਰ ਉਤੇ ਸਾਹਮਣੇ ਆਇਆ ਹੈ । ਉਹਨਾਂ ਕਿਹਾ ਕਿ ਸਰਕਾਰ ਦੇ ਰਵਈਏ ਤੋਂ ਇਹ ਗੱਲ ਹੋਰ ਵੀ ਪੁਖਤਾ ਹੁੰਦੀ ਹੈ ਕਿ ਇਸ ਮੁਲਕ ਅੰਦਰ ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਲਈ ਇਨਸਾਫ ਦਾ ਗਲਾ ਘੁਟ ਦਿੱਤਾ ਜਾਂਦਾ ਹੈ।
    ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਵੰਡ ਮੌਕੇ ਸਿੱਖਾਂ ਨਾਲ ਧੋਖਾ ਹੋਇਆ ਸੀ ਅਤੇ ਬਾਅਦ ਦੇ ਸਾਲਾਂ ਦੌਰਾਨ ਭਾਰਤੀ ਸਟੇਟ ਵਲੋਂ ਸਿੱਖਾਂ ਨਾਲ ਕੀਤੇ ਵਤੀਰੇ ਅਤੇ ਵਾਪਰੀਆਂ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ । ਉਹਨਾਂ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਸਮੱਸਿਆਵਾਂ ਨੂੰ ਜਾਂ ਤਾਂ ਅਣਗੌਲਿਆ ਕਰੀ ਰਖਿਆ, ਜਾਂ ਇਸ ਨੂੰ ਅਮਨ-ਕਾਨੂੰਨ ਦਾ ਮਸਲਾ ਬਣਾਕੇ ਸਿੱਖਾਂ ਦਾ ਸਰੀਰਕ ਘਾਣ ਕੀਤਾ।
    ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 71 ਸਾਲ ਪਹਿਲਾਂ ਆਈ ਆਜ਼ਾਦੀ ਕੇਵਲ ਹਿੰਦੁਸਤਾਨੀਆਂ ਨੂੰ ਨਸੀਬ ਹੋਈ ਹੈ ਪਰ ਅਫਸੋਸ ਕਿ ਪੰਜਾਬ ਦੇ ਲੋਕਾਂ ਦੀ ਝੋਲੀ ਆਜ਼ਾਦੀ ਦੀ ਥਾਂ ਗੁਲਾਮੀ ਹੀ ਪਈ ਹੈ। ਉਹਨਾਂ ਕਿਹਾ ਕਿ ਹਿੰਦੁਸਤਾਨ ਨੇ ਸਿੱਖਾਂ ਨਾਲ ਦੁਰਵਿਹਾਰ ਕੀਤਾ, ਇਨਸਾਫ ਅਤੇ ਹੱਕਾਂ ਤੋਂ ਵਾਂਝਿਆ ਰੱਖਿਆ ਅਤੇ ਪੰਜਾਬ ਦੇ ਪਾਣੀਆਂ ਉਤੇ ਡਾਕਾ ਮਾਰਿਆ ।
    ਅੱਜ ਦੇ ਮੁਜ਼ਾਹਰੇ ਵਿੱਚ ਸ਼੍ਰੋ ਅਕਾਲੀ ਦਲ (ਅ), ਸਤਿਕਾਰ ਕਮੇਟੀ ਦਮਦਮੀ ਟਕਸਾਲ, ਦਸ਼ਮੇਸ਼ ਗੁਰਮਤਿ ਪ੍ਰਚਾਰ ਲਹਿਰ ਫਤਹਿਗੜ ਪੰਜਤੂਰ ਗੁਰਭੇਜ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਨਿਹੰਗ ਸਿੰਘ ਤਰਨਾ ਦਲ, ਸਤਿਕਾਰ ਕਮੇਟੀ ਧੱਲੇਕੇ, ਸੁਖਵਿੰਦਰ ਸਿੰਘ ਆਜ਼ਾਦ ਨੇ ਵੀ ਹਿੱਸਾ ਲਿਆ।
    ਇਸ ਰੋਸ ਮੁਜ਼ਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਹਰਦੀਪ ਸਿੰਘ ਮਹਿਰਾਜ, ਸੁਰਜੀਤ ਸਿੰਘ ਖਾਲਿਸਤਾਨੀ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ , ਜਸਵੀਰ ਸਿੰਘ ਖੰਡੂਰ, ਬਲਦੇਵ ਸਿੰਘ ਸਿਰਸਾ, ਰਣਬੀਰ ਸਿੰਘ, ਜਿਲਾ ਪ੍ਰਧਾਨ ਜਗਜੀਤ ਸਿੰਘ ਖੋਸਾ, ਅਕਾਲੀ ਦਲ (ਅ) ਵਲੋਂ ਜਥੇ ਬਲਰਾਜ ਸਿੰਘ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਅਵਤਾਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਹਿਸਾ ਲਿਆ।

    ਪਾਇਲ - ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਵਿੱਚ ਸਰਕਾਰ ਦਾ ਸਹਿਯੋਗ ਦੇਣ। ਉਹ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲਦ ਹੀ ਪੰਚਾਇਤ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਨੂੰ 50 ਫੀਸਦੀ ਸੀਟਾਂ ਦਿੱਤੀਆਂ ਜਾਣਗੀਆਂ, ਤਾਂ ਜੋ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਔਰਤਾਂ ਦੀ ਭਾਗੀਦਾਰੀ ਹੋਰ ਵਧਾਈ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਾਲ 2022 ਤੱਕ ਸੂਬੇ ਦੇ 60 ਫੀਸਦੀ ਪਿੰਡਾਂ ਵਿੱਚ ਸੀਵਰੇਜ ਦੀ ਸਹੂਲਤ ਮੁਹੱਈਆ ਕਰਾਉਣ ਦਾ ਟੀਚਾ ਮਿਥਿਆ ਗਿਆ ਹੈ।
    ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਗਿਆ ਅਤੇ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀਆਂ ਗੱਲਾਂ ਕਰਨ ਵਾਲੇ ਅਕਾਲੀਆਂ ਦੀ ਪੋਲ ਉਦੋਂ ਖੁੱਲ੍ਹੇਗੀ, ਜਦੋਂ ਬੇਅਦਬੀ ਘਟਨਾਵਾਂ ਸਬੰਧੀ ਜਸਟਿਸ ਰਣਜੀਤ ਸਿੰਘ ਗਿੱਲ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇਗੀ।
    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਦਿੱਤੇ ਰਾਇਸ਼ੁਮਾਰੀ-2020 ਦੇ ਸੱਦੇ ਨੂੰ ਨਕਾਰ ਦੇਣ। ਇਸ ਕਾਰਨ ਕਾਂਗਰਸ ਪਾਰਟੀ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਮੌਕੇ ਪੰਜਾਬ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ। ਉਨ੍ਹਾਂ ਪਿੰਡ ਈਸੜੂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਇੱਕ ਪਰਿਵਾਰਕ ਮੈਂਬਰ ਨੂੰ ਅਗਲੇ ਕੁਝ ਦਿਨਾਂ ਵਿੱਚ ਸਰਕਾਰੀ ਨੌਕਰੀ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਬਾਰੇ ਵੀ ਕਿਹਾ।

    ਪਾਇਲ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਈਸੜੂ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹੀ ਕੌਮਾਂ ਤਰੱਕੀ ਕਰਦੀਆਂ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸਾਲ ਆਜ਼ਾਦੀ ਦਿਹਾੜੇ ’ਤੇ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਭੁਪਿੰਦਰ ਸਿੰਘ ਈਸੜੂ ਦੀ ਯਾਦ ਵਿੱਚ ਕਾਨਫਰੰਸ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸ੍ਰੀ ਬਾਦਲ ਨੇ ਕਾਂਗਰਸ ਦੀ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਸ੍ਰੀ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਇਸ਼ਾਰੇ ’ਤੇ ਝੂਠੀ ਰਿਪੋਰਟ ਪੇਸ਼ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਸ਼ਹੀਦਾਂ ਦੇ ਸੁਪਨੇ ਹਾਲੇ ਤੱਕ ਸਾਕਾਰ ਨਹੀਂ ਹੋਏ। ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨਸ਼ਿਆਂ ਖ਼ਿਲਾਫ਼ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਝੂਠਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਪੰਜਾਬ ਵਿੱਚ ਕਿਸਾਨ ਪਹਿਲਾਂ ਨਾਲੋਂ ਵੱਧ ਕਰਜ਼ਈ ਹੋ ਗਏ ਹਨ ਤੇ ਖੁਦਕੁਸ਼ੀਆਂ ਕਰ ਰਹੇ ਹਨ। ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪਾੜੋ ਅਤੇ ਰਾਜ ਕਰੋ ਦੀ ਨੀਤੀ ਆਪਣਾਈ ਹੈ ਅਤੇ ਧਾਰਮਿਕ ਸਥਾਨਾਂ ਨੂੰ ਕਥਿਤ ਢਹਿ-ਢੇਰੀ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਦੋਸ਼ੀ ਦੱਸਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਕੋਝੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਕੋਲੋਂ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।

     

    ਸਿਆਟਲ - ਖ਼ਾਲਸਾ ਗੁਰਮਤਿ ਸੈਂਟਰ ਫ਼ੈਡਰਲਵੇਅ ਸਿਆਟਲ ਵਾਸ਼ਿੰਗਟਨ ਵਿਖੇ ਇੰਟਰਨੈਸ਼ਨਲ ਭਾਸ਼ਣ ਮੁਕਾਬਲਿਆਂ( International Sikh Youth Symposium) ਅਗਸਤ 2 ਤੋਂ ਅਗਸਤ 5 ਤੱਕ ਦਾ ਪ੍ਰੋਗਰਾਮ ਅੱਜ ਪੂਰੀ ਚੜ੍ਹਦੀ ਕਲ੍ਹਾ ਨਾਲ ਸਮਾਪਤ ਹੋਇਆ।ਇਸ ਵਿਚ ਭਾਗ ਲੈਣ ਵਾਲੇ ਬੱਚੇ ਆਪਣੇ ਪੂਰੇ ਪਰਿਵਾਰਾਂ ਸਮੇਤ ਕੈਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਐਟਲੈਨਟਾ ਜੌਰਜੀਆਂ, ਅਲਾਬਾਮਾ, ਬੇਕਰਸਫੀਲਡ, ਕੈਲੇਫੋਰਨੀਆਂ, ਬੰਰਮਿੰਗਟਨ, ਜੌਰਜੀਆ, ਬੈਫਲੋ- ਨਿਊਯਾਰਕ, ਨਿਆਗਰਾ ਫਾਲਜ਼-ਨਿਊਯਾਰਕ, ਸ਼ਾਰਲੈਟ, ਨੌਰਥ ਕੈਰੋਲੀਨਾ ਸ਼ਿਕਾਗੋ ਇਲੀਨੋਇਸ, ਸਿਨਸੈਨੀਟੀ, ਕਲੀਵਲੈਂਡ, ਕੋਲੰਬਸ, ਓਹਾਇਓ, ਡੈਲਸ, ਟੈਕਸਿਸ, ਮਿਸ਼ੀਗਨ, ਗਰੀਨਜ਼ਵਿਲ, ਸਾਊਥ ਕੈਰੋਲੀਨਾਲ, ਰੀਲੀਗ, ਨੌਰਥ ਕੈਰੋਲੀਨਾ, ਲੰਡਨ, ਓਨਰਟਾਰੀਓ, ਨਿਊਜਰਸੀ, ਨਿਊਯਾਰਕ, ਨੌਰਵਲਕ, ਸੀ.ਟੀ. ਪਿਟਸਬਰਗ, ਓਹਾਇਓ, ਰੌਚਸਟਰ, ਐਮ.ਐਲ. ਬੌਸਟਨ, ਸਾਇਰਾਕਰੂਜ਼, ਟੈਂਪਾ, ਫਲੋਰੀਡਾ, ਟੋਰੰਟੋ, ਵਿੰਡਸਰ ਅਤੇ ਵਾਸ਼ਿੰਗਟਨ ਸਟੇਟ ਦੇ ਕਈ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ।ਪ੍ਰੋਗਰਾਮ ਭਾਵੇਂ ਅਗਸਤ 2 ਦਿਨ ਸ਼ੁਕਰਵਾਰ ਨੂੰ ਸ਼ੁਰੂ ਹੋਣਾ ਸੀ ਪਰ ਭਾਗ ਲੈਣ ਵਾਲੇ ਬੱਚੇ ਪਰਿਵਾਰਾਂ ਸਮੇਤ ਬੁੱਧਵਾਰ ਸਵੇਰੇ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਵੀਰਵਾਰ ਵੀ ਦੇਰ ਰਾਤ ਤੱਕ ਸਾਰੇ ਪਰਿਵਾਰ ਦਾ ਪਹੁੰਚ ਗਏ ਸਨ।ਮਹਿਮਾਨਾਂ ਦਾ ਠਹਿਰਨ ਲਈ ਸਕੂਲ ਦੇ ਨਾਲ ਲੱਗਦੇ ਸ਼ਹਿਰ ਆਬਰਨ ਦੇ ਇੱਕ ਹੋਟਲ ਵਿਚ ਬੰਦੋਬਸਤ ਕੀਤਾ ਹੋਇਆ ਸੀ।ਜਿਸ ਲਈ ਪੰਥਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਰੋਲ ਨਿਭਾਉਣ ਵਾਲੇ ਸ. ਹਰਸ਼ਿੰਦਰ ਸਿੰਘ ਜੀ ਸੰਧੂ ਪ੍ਰਧਾਨ ਗੁਰਦੁਆਰਾ ਸੱਚਾ ਮਾਰਗ ਅਤੇ ਉਨ੍ਹਾਂ ਦੀ ਬੇਟੀ ਰੇਗੀ ਮਾਟੋ ਨੇ ਵੱਡਾ ਸਹਿਯੋਗ ਦਿੱਤਾ।ਇਸ ਪ੍ਰੋਗਰਾਮ ਵਿਚ ਕੁੱਲ 65 ਬੱਚਿਆਂ ਨੇ ਹਿੱਸਾ ਲਿਆ।
    ਖ਼ਾਲਸਾ ਗੁਰਮਤਿ ਸੈਂਟਰ ਦੇ ਪ੍ਰਬੰਧਕਾਂ ਨੇ ਸਾਰੇ ਪ੍ਰੋਗਰਾਮ ਨੂੰ ਬਹੁਤ ਹੀ ਬਰੀਕੀ ਨਾਲ ਤਰਤੀਬ ਦਿੱਤੀ ਹੋਈ ਸੀ।ਹਰ ਨਿੱਕੇ ਤੋਂ ਕੰਮ ਨੂੰ ਵੀ ਪੇਪਰ ਤੇ ਉੱਕਰਿਆ ਹੋਇਆ ਸੀ ਅਤੇ ਉਸ ਪ੍ਰਤੀ ਕਿਸੇ ਨਾ ਕਿਸੇ ਨੂੰ ਜੁੰਮੇਵਾਰੀ ਸੌਂਪੀ ਹੋਈ ਸੀ ਜਿਸ ਨਾਲ ਕੋਈ ਵੀ ਸੇਵਾਦਾਰ ਉਲਝਣ ਵਿਚ ਨਹੀਂ ਸੀ।ਹਰ ਕਿਸੇ ਨੂੰ ਆਪੋ ਆਪਣੇ ਕੰਮ ਅਤੇ ਸਮੇਂ ਬਾਰੇ ਪੂਰਾ ਪਤਾ ਸੀ।ਜਿਸ ਦੀ ਆਏ ਮਹਿਮਾਨਾਂ ਵਲੋਂ ਭਰਪੂਰ ਸ਼ਲਾਘਾ ਹੁੰਦੀ ਰਹੀ।
    ਸ਼ੁਰੂਆਤ ਵਿਚ ਪਹਿਲੇ ਦਿਨ ਸ਼ੁਕਰਵਾਰ ਸਵੇਰੇ ਨੂੰ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ ਅਤੇ ਫਿਰ ਡਾ. ਅਮਰਜੀਤ ਸਿੰਘ ਬੈਫਲੋ ਨਿਊਯਾਰਕ ਜੀ ਨੇ ਸਤਿਗੁਰੂ ਜੀ ਦੇ ਚਰਨਾ ਵਿਚ ਅਰਦਾਸ ਕੀਤੀ ਅਤੇ ਸ. ਕੁਲਦੀਪ ਸਿੰਘ ਜੀ ਨੇ ਭਾਸ਼ਣ ਮੁਕਾਬਲਿਆਂ ਦੇ ਨਿਯਮ ਸਾਂਝੇ ਕੀਤੇ।ਉਪਰੰਤ ਬੱਚਿਆ ਨੇ ਦਿੱਤੇ ਹੋਏ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।ਹਰ ਬੱਚੇ ਲਈ 5 ਤੋਂ 7 ਮਿੰਟ ਦਾ ਸਮਾਂ ਨਿਰਧਾਰਿਤ ਸੀ।ਸਮਾਂ ਪੂਰਾ ਹੋਣ ਤੋਂ ਕੁੱਝ ਸੈਕਿੰਡ ਪਹਿਲਾਂ ਸਾਹਮਣੇ ਰੱਖੀ ਲਾਈਟ ਜਗ ਪੈਂਦੀ ਸੀ ਜਿਸ ਤੋਂ ਬੱਚੇ ਨੂੰ ਸਮਾਂ ਸਮਾਪਤ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਸੀ।ਇਸ ਨਾਲ ਹਰ ਬੱਚਾ ਆਪਣਾ ਬਾਕੀ ਭਾਸ਼ਣ ਬਾਖ਼ੂਬੀ ਸਮੇਟਣ ਵਿਚ ਕਾਮਯਾਬ ਰਿਹਾ।ਨੰਨੇ ਮੁੰਨੇ ਬੱਚਿਆਂ ਵਲੋਂ ਪੂਰੇ ਆਤਮ ਵਿਸ਼ਵਾਸ ਨਾਲ ਦਿੱਤੇ ਭਾਸ਼ਣ ਦੀ ਆਈਆਂ ਸੰਗਤਾਂ ਵਲੋਂ ਲਗਾਤਾਰ ਸਰਾਹਨਾ ਹੁੰਦੀ ਰਹੀ।
    ਯਾਦ ਰਹੇ ਕਿ ਹਰ ਸਾਲ ਇਹ ਮੁਕਾਬਲੇ ਕਰਾਉਣ ਦੀ ਜੁਮੇਵਾਰੀ ਸ. ਕੁਲਦੀਪ ਸਿੰਘ ਜੀ ਨੇ ਸੰਭਾਲੀ ਹੋਈ ਹੈ ਜੋ ਕਿ ਕੋਲੰਬਸ ਓਹਾਇਓ ਕਰ ਕੇ ਜਾਣੇ ਜਾਂਦੇ ਹਨ ਪਰ ਅੱਜ ਕੱਲ੍ਹ ਟਾਂਪਾ ਫਲੋਰੀਡਾ ਵਿਚ ਰਹਿ ਰਹੇ ਹਨ।ਉਨ੍ਹਾਂ ਵਲੋਂ ਬਣਾਈ ਸੰਸਥਾ ‘ਸਿੱਖ ਯੂਥ ਅਲਾਇੰਸ ਆਫ਼ ਨੌਰਥ ਅਮੈਰੀਕਾ’ ਕਰ ਕੇ ਜਾਣੀ ਜਾਂਦੀ ਹੈ।
    ਸ਼ਾਮ ਨੂੰ ਮੁਕਾਬਲੇ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਸਨਮਾਨ ਲਈ ਆਬਰਨ ਸ਼ਹਿਰ ਦੇ ਗਰੀਨ ਰਿਵਰ ਕੁਮਿਨਟੀ ਕਾਲਜ ਦੇ ਹਾਲ ਵਿਚ ਇੱਕ ਖ਼ਾਸ ਡਿਨਰ ਪ੍ਰੋਗਰਾਮ ਰੱਖਿਆ ਗਿਆ ਸੀ।ਜਿਸ ਨੂੰ ਸ਼ੰਗਾਰਨ ਦਾ ਕੰਮ ਬੀਬੀ ਰਣਜੀਤ ਕੌਰ ਅਤੇ ਬੀਬੀ ਪਰਮਿੰਦਰ ਕੌਰ ਵਲੋਂ ਕੀਤਾ ਗਿਆ।ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਆਟਲ ਦੀ ਜਾਣੀ ਪਹਿਚਾਣੀ ਗਤਕਾ ਟੀਮ ‘ਰਣਜੀਤ ਅਖਾੜਾ' ਦੇ ਯੋਧਿਆ ਨੇ ਖ਼ੂਬ ਰੰਗ ਬੰਨਿਆ।ਉਪਰੰਤ ਭਾਗ ਲੈਣ ਆਏ ਬੱਚਿਆਂ ਨੂੰ ਪੂਰੇ ਸਤਿਕਾਰ ਨਾਲ ਹਾਲ ਵਿਚ ਲਿਜਾਇਆ ਗਿਆ।ਸਟੇਜ ਦਾ ਸਾਰਾ ਕੰਮ ਖਾਲਸਾ ਗੁਰਮਤਿ ਸੈਂਟਰ ਦੇ ਨੌਜਵਾਨ ਬੱਚਿਆਂ ਨੂੰ ਸੌਂਪਿਆ ਹੋਇਆ ਸੀ ਜਿਸ ਨੂੰ ਉਨ੍ਹਾਂ ਨੇ ਬਾਖ਼ੂਬੀ ਨਿਭਾਇਆ।ਇੱਕ ਇੱਕ ਬੱਚੇ ਨੂੰ ਮਹਿਮਾਨਾਂ ਦੇ ਰੂਬਰੂ ਕੀਤਾ ਗਿਆ।ਉਨ੍ਹਾਂ ਦੇ ਸ਼ੌਕ, ਉਨ੍ਹਾਂ ਦੀ ਮੰਜ਼ਿਲ ਕੀ ਹੈ ਅਤੇ ਕਿਸ ਕਿਸ ਤਰ੍ਹਾਂ ਦੇ ਖਾਣੇ ਨੂੰ ਪਸੰਦ ਕਰਦੇ ਹਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਖਾਲਸਾ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਵਲੋਂ ਇੱਕ ਝਲਕੀ ਪੇਸ਼ ਕੀਤੀ ਗਈ।ਜਿਸ ਵਿਚ ਉਨ੍ਹਾਂ ਨੇ ਪਾਟੋਧਾੜ ਹੋਈ ਕੌਮ ਦਾ ਬਾਂਦਰ ਕਿਵੇਂ ਲਾਭ ਲੈ ਜਾਂਦੇ ਹਨ ਦਾ ਸੁਨੇਹਾ ਦਿੱਤਾ ਜੋ ਕਿ ਹਰ ਵੱਡੇ ਛੋਟੇ ਲਈ ਸੀ।ਭਾਵੇਂ ਕਿ ਇਸ ਝਲਕੀ ਵਿਚ ਭਾਗ ਲੈਣ ਵਾਲੇ ਤਿੰਨੋ ਬੱਚਿਆਂ ਦੀ ਭੂਮਿਕਾ ਅਤਿਅੰਤ ਸਲਾਹੁਣਯੋਗ ਸੀ ਪਰ ਬਾਂਦਰ ਦਾ ਰੋਲ ਕਰਨ ਕਰਨ ਵਾਲਾ ਛੋਟਾ ਪਵਾਰ ਜੋ ਕਿ ਸਕੂਲ ਦਾ ਸਭ ਤੋਂ ਸ਼ਰਾਰਤੀ ਬੱਚਾ ਹੈ ਵਲੋਂ ਬੋਲਿਆ ਹਰ ਡਾਇਲਾਗ ਕਮਾਲ ਦਾ ਸੀ।ਗੁਰਸ਼ਬਦ ਸਿੰਘ ਅਤੇ ਉਨ੍ਹਾਂ ਦੀ ਭੈਣ ਜਸਲੀਨ ਕੌਰ ਜੀ ਨੇ ਤਬਲਾ ਵਜਾ ਕੇ ਖ਼ੂਬ ਰੰਗ ਬੰਨਿਆ।ਜਪਮਨ ਕੌਰ ਅਤੇ ਤ੍ਰੀਮਨ ਸਿੰਘ ਨੇ ਪੰਥ ਨੂੰ ਦਰਪੇਸ਼ ਮਸਲਿਆਂ ਤੇ ਚਾਨਣਾ ਪਾਉਦਿਆਂ ਨੌਜਵਾਨ ਪੀੜ੍ਹੀ ਨੂੰ ਹੱਲ ਲੱਭਣ ਲਈ ਪ੍ਰੇਰਿਆ।ਉਨ੍ਹਾਂ ਮਸਲਿਆਂ ਦੇ ਹੱਲ ਗੁਰਮਤਿ ਅਨੁਸਾਰ ਕਿਵੇਂ ਕੀਤੇ ਜਾ ਸਕਦੇ ਹਨ ਬਾਰੇ ਸ. ਕੁਲਦੀਪ ਸਿੰਘ ਜੀ ਨੇ ਖ਼ੁਲ੍ਹ ਕੇ ਚਾਨਣਾ ਪਾਇਆ।
    ਉਸ ਤੋਂ ਬਾਅਦ ਪੰਥ ਦੀ ਇੱਕ ਹੋਰ ਮਹਾਨ ਸਖਸ਼ੀਅਤ ਸ. ਅਮਨ ਸਿੰਘ ਭੂਟਾਨੀ ਜੋ ਕਿ ਇੱਕ ਉੱਚੇ ਅਹੁਦੇ ਐਕਸਪੀਡੀਆ ਦੇ ਪ੍ਰਧਾਨ ਹਨ ਨੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਆਪਣੀ ਕਾਮਯਾਬੀ ਦਾ ਸਾਰਾ ਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਿਆ।ਆਪਣੀ ਪ੍ਰਭਾਵਸ਼ੈਲੀ ਤਕਰੀਰ ਵਿਚ ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਉਹ ਕਿਵੇਂ ਅਤਿ ਮਹੱਤਵਪੂਰਨ ਸਿੱਖੀ ਅਸੂਲਾਂ ਨੂੰ ਅਪਣਾ ਕੇ ਇਸ ਮਿਆਰੀ ਅਹੁਦੇ ਤੇ ਪਹੁੰਚੇ ਹਨ।ਉਨ੍ਹਾਂ ਨੇ ਬੱਚਿਆਂ ਨਾਲ ਉਹ ਅੱਠ ਨੁਕਤੇ ਸਾਂਝੇ ਕੀਤੇ ਜੋ ਕਿ ਗੁਰਬਾਣੀ ਵਿਚ ਦਰਜ਼ ਹਨ ਅਤੇ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਤੋਂ ਸਿੱਖਣ ਨੂੰ ਮਿਲੇ ਸਨ।
    ਦੂਜੇ ਦਿਨ ਦਾ ਪ੍ਰੋਗਰਾਮ ਨੌਜਵਾਨ ਬੱਚਿਆਂ ਦੀ ਡੀਬੇਟ ਦਾ ਸੀ ਜਿਸ ਵਿਚ ਡਾ. ਸਤਪਾਲ ਸਿੰਘ ਵਲੋਂ ਸੁਆਲ ਕੀਤੇ ਜਾਂਦੇ ਸਨ ਅਤੇ ਉਨ੍ਹਾਂ ਨੇ ਨਿਰਧਾਰਿਤ ਸਮੇਂ ਅੰਦਰ ਰਹਿ ਕੇ ਜਵਾਬ ਦੇਣਾ ਹੁੰਦਾ ਸੀ।ਇਹ ਪ੍ਰੋਗਰਾਮ ਵੀ ਕਾਫ਼ੀ ਲੰਬਾ ਸਮਾਂ ਅਤੇ ਵਧੀਆ ਚੱਲਿਆ।ਕੌਮ ਨੂੰ ਸੁਨੇਹਾ ਦੇਣ ਲਈ ਮਿਲੇ ਆਖਰੀ ਸਮੇਂ ਵਿਚ ਵੀ ਕੁੱਝ ਬੱਚਿਆਂ ਨੇ ਬਹੁਤ ਕਮਾਲ ਦੇ ਸੁਝਾਅ ਦਿੱਤੇ।ਬਾਅਦ ਵਿਚ ਬੱਚਿਆਂ ਨੂੰ ਮੰਨੋਰੰਜਨ ਕਰਾਉਣ ਲਈ Wild Waves Theme & Water Park ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਵੱਖ ਵੱਖ ਰਾਈਡਾਂ ਦਾ ਅਨੰਦ ਮਾਣਿਆ।
    ਤੀਜੇ ਦਿਨ ਦੀ ਸ਼ੁਰੂਆਤ ਬੱਚਿਆਂ ਵਲੋਂ ਕੀਰਤਨ ਨਾਲ ਹੋਈ ਜਿਸ ਵਿਚ ਟਰੰਟੋ ਤੋਂ ਆਏ ਬੱਚਿਆਂ ਨੇ ਰਾਗਾਂ ਵਿਚ ਕੀਰਤਨ ਕਰ ਕੇ ਆਈਆਂ ਸੰਗਤਾ ਨੂੰ ਨਿਹਾਲ ਕੀਤਾ।ਉਪਰੰਤ ਸਾਰੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਉਮਰ ਦੇ ਲਿਹਾਜ ਨਾਲ ਪੰਜ ਗਰੁੱਪ ਬਣਾਏ ਗਏ ਸਨ ਅਤੇ ਹਰ ਗਰੁੱਪ ਵਿਚ ਪਹਿਲੇ, ਦੂਜੇ ਅਤੇ ਤੀਜਾ ਸਥਾਨ ਤੇ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕੁੱਝ ਅਲੱਗ ਇਨਾਮ ਦਿੱਤੇ ਗਏ ਜਿਸ ਵਿਚ ਕੁੱਝ ਨਕਦ ਰਾਸ਼ੀ ਵੀ ਸੀ।ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ।ਪਹਿਲਾਂ ਗਰੁੱਪ : ਪਹਿਲਾ ਸਥਾਨ ਮੰਨਅੰਜਨ ਕੌਰ ਓਹਾਇਓ, ਦੂਜਾ ਸਥਾਨ ਏਕਨੂਰ ਕੌਰ ਓਹਾਇਓ ਅਤੇ ਤੀਜਾ ਸਥਾਨ ਗੁਰਬਾਣੀ ਕੌਰ ਐਟਲੈਂਟਾ ਜੌਰਜੀਆ।ਦੂਜਾ ਗਰੁੱਪ : ਪਹਿਲਾ ਸਥਾਨ ਗੁਰਦਿੱਤ ਸਿੰਘ, ਖ਼ਾਲਸਾ ਗੁਰਮਤਿ ਸੈਂਟਰ ਸਿਆਟਲ, ਵਾਸ਼ਿੰਗਟਨ ਦੂਜਾ ਸਥਾਨ ਪਵਨ ਸਿੰਘ ਡੈਲਸ ਟੈਕਸਸ ਅਤੇ ਤੀਜਾ ਸਥਾਨ ਜਸਲੀਨ ਕੌਰ ਟੋਰੰਟੋ ਓਟਾਰੀਓ।ਤੀਜਾ ਗਰੁੱਪ : ਪਹਿਲਾ ਸਥਾਨ ਮੇਹਰਵਾਨ ਸਿੰਘ ਖ਼ਾਲਸਾ ਗੁਰਮਤਿ ਸੈਂਟਰ ਸਿਆਟਲ, ਵਾਸ਼ਿੰਗਟਨ, ਦੂਜਾ ਸਥਾਨ ਗੁਰਸਿਮਰ ਸਿੰਘ ਮਿਸ਼ੀਗਨ ਅਤੇ ਤੀਜਾ ਸਥਾਨ ਸਹਿਜ ਕੌਰ ਡੈਲਸ ਟੈਕਸਸ । ਚੌਥਾ ਗਰੁੱਪ : ਪਹਿਲਾ ਸਥਾਨ ਰੂਹਾਨੀ ਕੌਰ ਡੈਲਸ ਟੈਕਸਸ, ਦੂਜਾ ਸਥਾਨ ਗੁਰਮਿਹਰ ਕੌਰ ਨੌਰਥ ਕੈਰੋਲੀਨਾ ਅਤੇ ਤੀਜਾ ਸਥਾਨ ਜਸਜੀਵ ਸਿੰਘ ਮਿਸ਼ੀਗਨ।ਗਰੁੱਪ ਪੰਜਵਾਂ : ਪਹਿਲਾ ਸਥਾਨ ਸਿਮਰ ਕੌਰ ਐਟਲੈਂਟਾ ਜੌਰਜੀਆ, ਦੂਜਾ ਸਥਾਨ ਮਨਜੋਤ ਸਿੰਘ ਟੋਰੰਟੋ ਓਨਟਾਰੀਓ ਅਤੇ ਤੀਜਾ ਸਥਾਨ ਜਸਵੰਤ ਸਿੰਘ ਮਿਸ਼ੀਗਨ।ਅਖੀਰ ਵਿਚ ਸਿਰਦਾਰ ਜਸਮੀਤ ਸਿੰਘ ਜੀ ਨੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਧਨੰਵਾਦ ਕੀਤਾ।ਆਏ ਮਹਿਮਾਨਾਂ ਦੀ ਸੇਵਾ ਸੰਭਾਲ ਕਰਦਿਆਂ ਅਣਜਾਣੇ ਵਿਚ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਅਤੇ ਸੰਗਤਾਂ ਤੋਂ ਮੁਆਫ਼ੀ ਵੀ ਮੰਗੀ।
    ਦੂਰ ਦੁਰਾਡੇ ਤੋਂ ਆਈ ਸੰਗਤ ਨੂੰ ਏਅਰਪੋਰਟ ਤੋਂ ਚੁੱਕਣ, ਹੋਟਲ ਵਿਚ ਛੱਡਣ ਅਤੇ ਦੁਬਾਰਾ ਖਾਲਸਾ ਗੁਰਮਤਿ ਸੈਂਟਰ ਲਿਆਉਣ ਦੀ ਸੇਵਾ ਸ ਹੀਰਾ ਸਿੰਘ ਭੁੱਲਰ ਤੇ ਸਤਪਾਲ ਸਿੰਘ ਪੁਰੇਵਾਲ, ਹਰਨੇਕ ਸਿੰਘ ਫਗਵਾੜਾ, ਬੇਅੰਤ ਸਿੰਘ, ਅਜੈਬ ਸਿੰਘ, ਗੁਰਪ੍ਰੀਤ ਸਿੰਘ, ਨਵਜੀਤ ਸਿੰਘ, ਬੀਬੀ ਸੁੰਦਰ ਕੌਰ, ਹਰਗੋਬਿੰਦ ਸਿੰਘ ਅਤੇ ਕੁਲਵਿੰਦਰ ਸਿੰਘ ਪਵਾਰ ਜੀ ਨੇ ਬਹੁਤ ਹੀ ਪਿਆਰ ਤੇ ਜਿੰਮੇਵਾਰੀ ਨਾਲ ਨਿਭਾਈ। ਤਿੰਨ ਦਿਨ ਸੰਗਤਾਂ ਦੇ ਲੰਗਰ ਪਾਣੀ ਦੀ ਸੇਵਾ ਸਤਿੰਦਰ ਕੌਰ ਚਾਵਲਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ।ਹੋਰ ਸੇਵਾ ਸੰਭਾਲ ਵਿਚ ਸਕੂਲ ਦੇ ਸਾਰੇ ਟੀਮ ਮੈਂਬਰਾਂ ਜਿਨ੍ਹਾਂ ਵਿਚ ਸ.ਦਲਜੀਤ ਸਿੰਘ ਸੇਠੀ , ਰਣਜੀਤ ਕੌਰ, ਦੀਪ ਕੌਰ, ਡਾ. ਕੁਲਵੰਤ ਸਿੰਘ ਵੜੈਚ , ਸ.ਜੋਗਿੰਦਰ ਸਿੰਘ ਜੀ ਰੇਖੀ , ਸ. ਪਰਮਜੀਤ ਸਿੰਘ ਚਾਵਲਾ, ਮਲੀਨਾਂ ਕੌਰ, ਸ. ਸਤਪਾਲ ਸਿੰਘ ਭੁੱਲਰ, ਸ. ਕੁਰਵਿੰਦਰ ਸਿੰਘ ਪੰਨੂ, ਸ. ਜੋਗਾ ਸਿੰਘ ਨੇ ਅਤੇ ਹੋਰ ਵੀ ਬਹੁਤ ਸਾਰੇ ਟੀਮ ਮੈਬਰਾਂ ਨੇ ਸਾਥ ਦਿੱਤਾ। ਨਿਮਰਤਾ ਦੇ ਪੁੰਜ ਸ. ਜੋਗਿੰਦਰ ਸਿੰਘ ਰੇਖੀ ਜੀ ਨੇ ਤਿੰਨੇ ਦਿਨ ਬਾਥਰੂਮਾਂ ਨੂੰ ਸੰਗਤਾਂ ਵਾਸਤੇ ਸਾਫ ਰੱਖਣ ਦੀ ਸੇਵਾ ਆਪ ਕੀਤੀ।ਤਿੰਨ ਚਾਰ ਪਰਿਵਾਰਾਂ ਨੂੰ ਸੰਗਤਾਂ ਨੇ ਆਪਣੇ ਘਰ ਵਿੱਚ ਵੀ ਰੱਖ ਕੇ ਸੇਵਾ ਕੀਤੀ ਜਿਨ੍ਹਾਂ ਵਿਚ ਜੱਥੇਦਾਰ ਸ. ਦਲਜੀਤ ਸਿੰਘ, ਸ. ਜਗਜੀਤ ਸਿੰਘ ਤੇ ਬੀਬੀ ਸੁਖਵਿੰਦਰ ਕੌਰ ਦੁਬੱਈ ਵਾਲਿਆਂ, ਬੀਬੀ ਗੁਰਜੀਤ ਕੌਰ ਸੰਧੂ ਪਰਿਵਾਰ ਅਤੇ ਬੀਬੀ ਰਾਜੂ ਪਰਮਾਰ ਜੀ ਦੇ ਪਰਿਵਾਰ ਦਾ ਜਿਕਰ ਕਰਨਾ ਵੀ ਬਣਦਾ ਹੈ।ਸਾਡੀ ਕੌਮ ਦਾ ਭਵਿੱਖ ਖ਼ਾਲਸਾ ਗੁਰਮਤਿ ਸੈਂਟਰ ਦੇ ਨੌਜਵਾਨ ਬੱਚੇ ਤੇ ਬੱਚੀਆਂ ਨੇ ਵੀ ਸਾਰੇ ਦਿਨ ਬਹੁਤ ਸ਼ਾਨਦਾਰ ਰੋਲ ਨਿਭਾਇਆ।ਗੁਰੂ ਕਾ ਲੰਗਰ ਸਾਰੇ ਦਿਨ ਅਟੁਟ ਚੱਲਦਾ ਰਿਹਾ।

    ਅੱਜ ਸਿਆਸੀ ਗ਼ੁਲਾਮ ਜਥੇਦਾਰ ਨਾਲ ਸਬੰਧਤ ਇਕ ਹੈਰਾਨਕੁੰਨ ਬਿਆਨ ਪੜ੍ਹਿਆ, ਜਿਸ ਅਨਸਾਰ ਅਗਲੀ ਕਿਸੇ ਹੋਣ ਵਾਲੀ ਇਕੱਤ੍ਰਤਾ ਵਿਚ ਬੀਤੇ ਸਮੇ ਪੰਥ ਵਿਚੋ ਛੇਕੇ ਗਏ ਸਿੱਖਾਂ ਨੂੰ ਆਮ ਮੁਆਫੀ ਦਿੱਤੀ ਜਾਵੇਗੀ।
    ਕਾਸ਼ ਕਦੀ ਤੁਸੀਂ ਗੁਰੂ ਗ੍ਰੰਥ ਕੋਲੋਂ ਪੰਥ ਦੀ ਪ੍ਰੀਭਾਸ਼ਾ ਹੀ ਪੁੱਛ ਕੇ ਸਮਝ ਲੈਂਦੇ। ਤੁਸੀਂ ਤਾਂ ਆਪਣੀ ਬਣਾਈ ਰਹਿਤ ਮਰੀਯਾਦਾ ਵਿੱਚ ਲਿਖੇ ਅਨੁਸਾਰ ਲੰਗਾਹ, ਬਾਦਲ, ਸੁਖਬੀਰ ਵਰਗੇ (ਤਿਆਰ ਬਰ ਤਿਆਰ) ਸਿੰਘਾਂ ਦੇ ਸਮੂਹ ਨੂੰ ਹੀ ਪੰਥ ਸਮਝ ਬੈਠੇ, ਅਤੇ ਉਸ ਕਾਲਕਾ ਪੰਥ ਵਿਚੋਂ ਛੇਕ ਕੇ ਹੀ ਅਪਣਾ ਦਿਲ ਬਹਿਲਾਵਾ ਕਰੀ ਜਾਂਦੇ ਹੋ। ਮੈਂ ਪੁਛਣਾ ਚਾਹੁੰਦਾ ਹਾਂ ਜਿਹੜੇ ਪੰਥ ਵਿਚੋ ਤੁਸਾਂ ਕਿਸੇ ਨੂੰ ਛੇਕਿਆ ਹੈ ਇਹ ਦੱਸ ਸਕਦੇ ਹੋ ਉਹ ਕਿਹੜਾ ਪੰਥ ਹੈ ?
    ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
    ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਅਸਟਪਦੀਆ ਮਹਲਾ 1 ਪੰਨਾਂ 229
    ਮੇਰੇ ਖਿਆਲ ਤੁਸੀਂ ਆਪ ਭੀ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਦੇ ਖਾਲਸਾ ਪੰਥ ਵਿੱਚੋਂ ਤੁਸੀਂ ਕਿਸੇ ਗੁਰੂ ਗ੍ਰੰਥ ਦੇ ਖਾਲਸੇ ਨੂੰ ਨਹੀਂ ਛੇਕ ਸੱਕੇ। ਗੁਰੂ ਦਾ ਬਚਨ
    ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ॥ ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥3॥ ਮਹਲਾ 4 ਪੰਨਾਂ 42
    ਭਲਿਓ! ਇਹੋ ਜਿਹਾ ਡਰਾਮਾ ਤੁਸੀਂ ਪੰਜ ਛੇ ਸਾਲ ਪਹਿਲੇ ਭੀ ਕਰ ਕੇ ਦੇਖ ਚੁਕੇ ਹੋ, ਕੋਈ ਗੁਰੂ ਗ੍ਰੰਥ ਦੇ ਖਾਲਸੇ ਦਾ ਮੈਂਬਰ ਤੁਹਾਡੇ ਕੋਲ ਨਹੀਂ ਗਿਆ। ਬਲਕਿ ਜਿਸ ਸਰਨਾ ਜੀ ਦਾ ਜ਼ਿਕਰ ਹੁਣ ਆਇਆ ਹੈ, ਉਹੋ ਹੀ ਇਸ ਗਲ ਦੇ ਗਵਾਹ ਹਨ ਕਿ ਤੁਸਾਂ ਉਹਨਾ ਦੇ ਰਾਹੀਂ ਗੁਰੂ ਗ੍ਰੰਥ ਦੇ ਖਾਲਸੇ ਨੂੰ ਬੁਲਾਉਣ ਲਈ ਕੀ ਕੀ ਹੀਲੇ ਵਰਤੇ ਹਨ, ਇਸਦੇ ਪਰੂਫ ਮੇਰੇ ਕੋਲ ਹਨ। ਗੁਰੂ ਗ੍ਰੰਥ ਦਾ ਖਾਲਸਾ ਤਾਂ ਹਰ ਸਾਲ 29 ਜਨਵਰੀ ਨੂੰ ਕਾਲਕਾ ਪੰਥ ਤੋਂ ਮਿਲੀ ਆਜ਼ਾਦੀ ਦੀ ਖੁਸ਼ੀ ਮਨਾਉਂਦਾ ਹੈ।
    ਭਲਿਓ ਤੁਹਾਡੇ ਵਲੋਂ ਦਿਤੀ ਜਾਣ ਵਾਲੀ ਮੁਆਫੀ ਲਈ ਕਿਸੇ ਨਵੇਂ ਛੇਕੇ ਹੋਇ ਦੇ ਆਉਣ ਦੀ ਤਾਂ ਆਸ ਭਾਵੇਂ ਰਖੋ, ਜਿਸਨੂੰ ਤੁਸਾਂ ਅਜੇ ਤੱਕ ਪਰਖਿਆ ਨਾ ਹੋਵੇ, ਪਰ ਵਿਸ਼ਵਾਸ਼ ਕਰੋ ਗੁਰੂ ਗ੍ਰੰਥ ਦਾ ਖਾਲਸਾ ਕੇਵਲ ਗੁਰੂ ਗ੍ਰੰਥ ਦਾ ਹੈ, ਆਜ਼ਾਦ ਹੈ, ਉਸਨੂੰ ਤੁਹਾਡੇ ਛੇਕਣ ਛਕਾਉਣ ਦੀ ਕੋਈ ਪਰਵਾਹ ਨਹੀਂ, ਨਾ ਹੀ ਤੁਹਾਡੇ ਕਾਲਕਾ ਪੰਥ 'ਚ ਮੁੱੜ ਵਾਪਸੀ ਦੀ ਕੋਈ ਖੁਆਇਸ਼।
    ਗੁਰਸਿਖੀ ਦਾ ਰੂਪ ਦੇਖਿ, ਇਕਸ ਬਾਝੁ ਨ ਹੋਰਸੁ ਦੇਖੈ। ਭਾ: ਗੁ:

    ਪਟਿਆਲਾ - ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਰਜਿੰਦਰਾ ਹਸਪਤਾਲ ਵਿਖੇ ਈ.ਐਨ.ਟੀ. ਵਿਭਾਗ 'ਚ ਕੰਨ ਦਾ ਨਿਰੀਖਣ ਕਰਵਾਉਣ ਲਈ ਲਿਆਂਦਾ ਗਿਆ | ਜਿੱਥੇ ਭਾਈ ਰਾਜੋਆਣਾ ਦਾ ਈ.ਐਨ.ਟੀ. ਦੇ ਡਾਕਟਰ ਤੋਂ ਆਪਣੇ ਕੰਨ ਦਾ ਚੈੱਕਅਪ ਕਰਵਾਇਆ | ਇਸ ਦੌਰਾਨ ਭਾਈ ਰਾਜੋਆਣਾ ਨੇ ਮੀਡੀਆ ਦੇ ਨੁਮਾਇੰਦਿਆਂ ਨੂੰ ਇਕ ਦੋ ਪੰਨਿਆਂ ਦਾ ਪੱਤਰ ਦਿੱਤਾ ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਹ ਖ਼ਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ | ਭਾਈ ਰਾਜੋਆਣਾ ਇਸ ਪੱਤਰ 'ਚ ਲਿਖਿਆ ਸੀ ਕਿ ਖ਼ਾਲਿਸਤਾਨ ਪਿਛਲੇ 23 ਸਾਲਾ ਜੇਲ੍ਹ ਦੇ ਅਰਸੇ ਦੌਰਾਨ ਕੋਈ ਖ਼ਾਲਿਸਤਾਨ ਆਗੂ ਉਸ ਨੰੂ ਮਿਲਣ ਨਹੀਂ ਆਇਆ | ਉਨ੍ਹਾਂ ਲਿਖਿਆ ਸੀ ਕਿ ਉਹ ਮਹਿਸੂਸ ਕਰਦੇ ਹਨ ਖ਼ਾਲਿਸਤਾਨ ਦਾ ਸੰਘਰਸ਼ ਹਵਾ 'ਚ ਹੀ ਲੜਿਆ ਜਾ ਰਿਹਾ ਹੈ ਅਤੇ ਉਹ ਪਿਛਲੇ 34 ਸਾਲਾਂ ਤੋ ਖ਼ਾਲਸਾ ਪੰਥ ਨੂੰ ਗੁਮਰਾਹ ਕਰ ਰਹੇ ਹਨ | ਭਾਈ ਰਾਜੋਆਣਾ ਨੇ ਲਿਖਿਆ ਸੀ ਕਿ ਖਾਲਿਸਤਾਨੀਆ ਮਨੋਰਥ ਖ਼ਾਲਸਾ ਕੌਮ ਦੀ ਆਜ਼ਾਦੀ ਲੈਣਾ ਹੀ ਨਹੀਂ ਸਗੋਂ ਖ਼ਾਲਸਾ ਪੰਥ ਦੀ ਵੋਟ ਸ਼ਕਤੀ ਨੂੰ ਵੰਡ ਕੇ ਆਰਥਿਕ ਲੁੱਟ ਕਰਕੇ ਖ਼ਾਲਸਾ ਪੰਥ ਅਤੇ ਪੰਜਾਬ ਦੀਆਂ ਨੀਂਹਾਂ ਨੂੰ ਕਮਜ਼ੋਰ ਕਰਨਾ ਹੈ | ਭਾਈ ਰਾਜੋਆਣਾ ਨੇ ਪੱਤਰ ਦੇ ਅਖੀਰ 'ਚ ਸਮੁੱਚੇ ਖ਼ਾਲਸਾ ਪੰਥ ਅਤੇ ਖ਼ਾਸ ਕਰ ਨੌਜਵਾਨਾ ਨੂੰ ਬੇਨਤੀ ਕੀਤੀ ਕਿ ਇਸ ਖ਼ਾਲਿਸਤਾਨ ਦੇ ਸੰਘਰਸ਼ ਦੀ ਕੋਈ ਮੰਜ਼ਿਲ ਨਹੀਂ ਹੈ ਇਸ ਪ੍ਰਤੀ ਉਹ ਸੁਚੇਤ ਰਹਿਣ ਅਤੇ ਗੁਮਰਾਹ ਨਾ ਹੋਣ | ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਨੂੰ ਰਾਜੋਆਣਾ ਇਕ 2 ਮਈ ਨੂੰ ਪਿੱਠ ਦੇ ਇਲਾਜ ਦੇ ਲਈ ਪਹਿਲਾਂ ਵੀ ਰਜਿੰਦਰਾ ਹਸਪਤਾਲ ਵਿਖੇ ਲਿਆਇਆ ਗਿਆ ਸੀ |

    ਜਲੰਧਰ, (ਮੇਜਰ ਸਿੰਘ) - ਸਾਢੇ ਚਾਰ ਮਹੀਨੇ ਦੀ ਉਡੀਕ ਬਾਅਦ 11ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਦਾ ਪਹਿਲਾ ਪੰਜਾਬੀ ਚੈਪਟਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਜਾਰੀ ਕੀਤਾ ਹੈ, ਪਰ ਇਹ ਚੈਪਟਰ ਪਹਿਲਾਂ ਅੰਗਰੇਜ਼ੀ 'ਚ ਜਾਰੀ ਕੀਤੇ ਚੈਪਟਰ ਤੋਂ ਕਾਫ਼ੀ ਭਿੰਨ ਵੀ ਹੈ ਤੇ ਘੱਟ-ਵੱਧ ਵੀ | ਇਸ ਚੈਪਟਰ ਵਿਚ ਕਾਫ਼ੀ ਗਲਤੀਆਂ ਵੀ ਹਨ | ਪਤਾ ਲੱਗਾ ਹੈ ਕਿ ਸਕੂਲ ਸਿੱਖਿਆ ਬੋਰਡ ਪੰਜਾਬ ਸਕੂਲੀ ਸਿੱਖਿਆ ਲਈ ਪਾਠਕ੍ਰਮ ਅੰਗਰੇਜ਼ੀ ਵਿਚ ਤਿਆਰ ਕਰਵਾਉਂਦਾ ਹੈ ਤੇ ਫਿਰ ਪੰਜਾਬੀ ਵਿਚ ਅਨੁਵਾਦ ਕੀਤਾ ਜਾਂਦਾ ਹੈ | ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵੱਡੀ ਪੁਆੜੇ ਦੀ ਜੜ੍ਹ ਹੀ ਇਹ ਹੈ ਕਿ ਪੰਜਾਬ ਦੇ 90 ਫ਼ੀਸਦੀ ਵਿਦਿਆਰਥੀ ਪੰਜਾਬੀ ਮਾਧਿਅਮ ਪੜ੍ਹਨ ਵਾਲੇ ਹਨ ਤੇ ਉਨ੍ਹਾਂ ਲਈ ਪਾਠਕ੍ਰਮ ਅੰਗਰੇਜ਼ੀ ਵਿਚ ਤਿਆਰ ਕੀਤਾ ਜਾਂਦਾ ਹੈ | 11ਵੀਂ ਦੇ ਜਾਰੀ ਚੈਪਟਰ 'ਸਿੰਧ ਘਾਟੀ ਦੀ ਸੱਭਿਅਤਾ' ਦੀ ਭੂਮਿਕਾ 'ਚ ਅੰਗਰੇਜ਼ੀ ਵਿਚ 7 ਨੰਬਰ 'ਤੇ ਲਫਜ ਡੈਕਲੀਨ (ਪਤਨ) ਲਿਖਿਆ ਹੈ, ਪਰ ਪੰਜਾਬੀ 'ਚ 'ਪਤਨ ਤੇ ਦੇਣ' ਲਿਖਿਆ ਹੈ | ਅੰਗਰੇਜ਼ੀ ਤੇ ਪੰਜਾਬੀ 'ਚ ਬਹੁਭਾਂਤੀ ਪ੍ਰਸ਼ਨ, ਖ਼ਾਲੀ ਥਾਵਾਂ ਭਰੋ, ਸਹੀ-ਗਲਤ ਪ੍ਰਸ਼ਨ ਆਦਿ ਅਨੁਵਾਦ ਦੀ ਥਾਂ ਬਹੁਤ ਸਾਰੇ ਵੱਖ-ਵੱਖ ਹਨ | ਫਿਰ ਪ੍ਰਸ਼ਨਾਂ ਦੀ ਗਿਣਤੀ ਵੀ ਵੱਧ-ਘੱਟ ਹੈ | ਸਵਾਲ ਉੱਠਦਾ ਹੈ ਕਿ ਇਕੋ ਪਾਠਕ੍ਰਮ ਅੰਗਰੇਜ਼ੀ ਤੇ ਪੰਜਾਬੀ ਲਈ ਵੱਖ-ਵੱਖ ਕਿਵੇਂ ਹੋ ਗਿਆ | ਮਿਸਾਲ ਵਜੋਂ ਸਫਾ 10 'ਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੀ ਗਿਣਤੀ ਪੰਜਾਬੀ 'ਚ 11 ਅਤੇ ਅੰਗਰੇਜ਼ੀ ਵਿਚ 17 ਹੈ | ਇਸੇ ਤਰ੍ਹਾਂ 'ਵੱਡੇ ਉੱਤਰਾਂ ਵਾਲੇ ਪ੍ਰਸ਼ਨ' ਪੰਜਾਬੀ 'ਚ 9 ਅਤੇ ਅੰਗਰੇਜ਼ੀ ਵਿਚ 7 ਹਨ | ਜੇ ਚੈਪਟਰ ਇਕ ਹੈ ਤਾਂ ਪ੍ਰਸ਼ਨਾਂ ਦੀ ਗਿਣਤੀ ਵੱਧ-ਘੱਟ ਕਿਉਂ? ਪੰਜਾਬੀ ਦੇ ਭਾਗ-ਅ 'ਚ ਛੋਟੇ ਪ੍ਰਸ਼ਨਾਂ ਦੇ ਉੱਤਰਾਂ ਵਾਲੇ ਪ੍ਰਸ਼ਨ 'ਚ 11 ਨੰਬਰ ਸਵਾਲ ਹੈ ਕਿ 'ਸਿੰਧ ਘਾਟੀ ਦੀ ਸੱਭਿਅਤਾ ਦੀ ਧਾਰਮਿਕ ਦੇਣ ਕੀ ਸੀ?' ਪਰ ਕਮਾਲ ਦੀ ਗੱਲ ਹੈ ਕਿ ਇਸ ਦਾ ਅੰਗਰੇਜ਼ੀ ਭਾਗ 'ਚ ਸਵਾਲ ਹੈ ਕਿ 'ਕੀ ਸਿੰਧ ਘਾਟੀ ਦੀ ਸੱਭਿਅਤਾ ਦਾ ਪਤਨ ਅਚਾਨਕ ਹੋਇਆ ਸੀ'? ਇਸ ਤੋਂ ਅੱਗੇ 'ਇਕ ਵਾਕ ਵਾਲੇ ਛੋਟੇ ਪ੍ਰਸ਼ਨ' ਦੇ ਭਾਗ 'ਚ ਪੰਜਾਬੀ 'ਚ ਸਵਾਲ ਹੈ ਕਿ 'ਕਿਸ ਭਾਰਤੀ ਨੇ ਸਭ ਤੋਂ ਪਹਿਲਾਂ ਮਹਿੰਜੋਦੜੋ ਦੀ ਖ਼ੁਦਵਾਈ ਕੀਤੀ ਸੀ? ਪਰ ਅੰਗਰੇਜ਼ੀ 'ਚ ਇਹ ਸਵਾਲ ਹੈ ਕਿ 'ਉਨ੍ਹਾਂ ਦੋ ਭਾਰਤੀਆਂ ਦੇ ਨਾਂਅ ਦੱਸੋ ਜਿਨ੍ਹਾਂ ਹੜੱਪਾ ਤੇ ਮਹਿੰਜੋਦੜੋ ਦੀ ਸਭ ਤੋਂ ਪਹਿਲਾਂ ਖ਼ੁਦਵਾਈ ਕੀਤੀ ਸੀ' | ਇਸੇ ਤਰ੍ਹਾਂ 11 ਨੰਬਰ 'ਤੇ ਪੰਜਾਬੀ 'ਚ ਪ੍ਰਸ਼ਨ ਹੈ 'ਸਿੰਧ ਘਾਟੀ ਦੇ ਲੋਕਾਂ ਨਾਲ ਕਿਹੜੇ-ਕਿਹੜੇ ਦੇਸ਼ਾਂ ਦਾ ਸੰਪਰਕ ਸੀ?' ਪਰ ਇਸੇ ਨੰਬਰ 'ਤੇ ਅੰਗਰੇਜ਼ੀ 'ਚ ਸਵਾਲ ਹੈ ਕਿ 'ਸਿੰਧ ਘਾਟੀ ਸੱਭਿਅਤਾ ਦੇ ਤਿੰਨ ਮੁੱਖ ਪੜਾਵਾਂ ਬਾਰੇ ਜਾਣਕਾਰੀ ਦਿਓ' ਮਾਨ ਚਿੱਤਰ ਵਾਲੇ ਭਾਗ ਵਿਚ 9 ਸਥਾਨਾਂ ਦੇ ਨਾਂਅ ਲਿਖ ਕੇ ਨਕਸ਼ੇ 'ਚ ਪੰਜ ਸਥਾਨ ਵਿਖਾਉਣ ਲਈ ਕਿਹਾ ਹੈ, ਜਦਕਿ ਅੰਗਰੇਜ਼ੀ ਵਿਚ ਕਿਸੇ ਸਥਾਨ ਦਾ ਨਾਂਅ ਨਹੀਂ ਹੈ | ਅਨੁਵਾਦ 'ਚ ਏਨਾ ਫ਼ਰਕ ਕਿਵੇਂ ਹੋ ਗਿਆ | ਇਹ ਗੱਲ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ |
    11ਵੀਂ-12ਵੀਂ ਜਮਾਤ ਲਈ ਪਿਛਲੇ ਸਾਲ ਵਾਲਾ ਪਾਠਕ੍ਰਮ ਹੀ ਮੁੜ ਚਾਲੂ ਕਰਨ ਦੀ ਮੰਗ ਉੱਠੀ
    ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ ਬਣਾਉਣ ਲਈ ਕਾਇਮ ਛੇ ਮੈਂਬਰੀ ਕਮੇਟੀ ਸਾਹਮਣੇ 11ਵੀਂ-12ਵੀਂ ਜਮਾਤ ਦੇ ਇਤਿਹਾਸ ਦਾ ਪਾਠਕ੍ਰਮ ਇਸ ਸਾਲ ਲਈ ਪਿਛਲੇ ਸਾਲ ਵਾਲਾ ਹੀ ਲਾਗੂ ਕਰਨ ਦਾ ਮਾਮਲਾ ਮੁੜ ਫਿਰ ਜ਼ੋਰ ਨਾਲ ਉੱਠ ਖੜ੍ਹਾ ਹੋਇਆ ਹੈ ਤੇ ਕਮੇਟੀ ਦੀ 16 ਅਗਸਤ ਨੂੰ ਹੋਣ ਵਾਲੀ ਮੀਟਿੰਗ 'ਚ ਕੁਝ ਮੈਂਬਰਾਂ ਵਲੋਂ ਇਹ ਮਾਮਲਾ ਉਠਾਏ ਜਾਣ ਬਾਰੇ ਪਤਾ ਲੱਗਾ ਹੈ | ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਪਹਿਲੀ ਮੀਟਿੰਗ 'ਚ ਸਰਬਸੰਮਤੀ ਨਾਲ ਇਹ ਫ਼ੈਸਲਾ ਹੋਇਆ ਸੀ ਕਿ ਇਸ ਵਰ੍ਹੇ ਲਈ ਪਿਛਲਾ ਪਾਠਕ੍ਰਮ ਹੀ ਪੜ੍ਹਾਇਆ ਜਾਵੇ ਤੇ ਅਗਲੇ ਵਰ੍ਹੇ 2019-20 ਲਈ ਨਵਾਂ ਪਾਠਕ੍ਰਮ ਤਿਆਰ ਕੀਤਾ ਜਾਵੇਗਾ | ਇਸ ਫ਼ੈਸਲੇ ਉੱਪਰ ਸਭ ਦੇ ਦਸਤਖ਼ਤ ਵੀ ਹਨ | ਇਸ ਮੈਂਬਰ ਨੇ ਦੱਸਿਆ ਕਿ ਬਾਅਦ ਵਿਚ ਪੰਜਾਬ ਦੇ ਸਕੂਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਗ਼ੈਰ-ਰਸਮੀ ਗੱਲਬਾਤ ਵਿਚ ਵੀ ਇਹ ਗੱਲ ਪ੍ਰਵਾਨ ਕਰਵਾ ਲਈ ਕਿ ਨਵਾਂ ਪਾਠਕ੍ਰਮ ਹੀ ਲਾਗੂ ਕਰ ਲੈਂਦੇ ਹਾਂ | ਇਸ ਦਾ ਇਕ-ਇਕ ਚੈਪਟਰ ਜਾਰੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਫ਼ੈਸਲਾ ਬਦਲਣ ਬਾਰੇ ਕੋਈ ਸੋਚ-ਵਿਚਾਰ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਕਮੇਟੀ ਨੇ 11ਵੀਂ ਤੇ 12ਵੀਂ ਦੇ ਲਈ ਪਾਠਕ੍ਰਮ ਨੂੰ ਪ੍ਰਵਾਨਗੀ ਪਹਿਲਾਂ ਹੀ ਦੇ ਦਿੱਤੀ ਸੀ, ਪਰ ਪਤਾ ਨਹੀਂ ਬੋਰਡ ਵਲੋਂ ਇਸ ਨੂੰ ਜਾਰੀ ਕਿਉਂ ਨਹੀਂ ਕੀਤਾ ਗਿਆ | ਦੂਜੇ ਪਾਸੇ ਪਾਠਕ੍ਰਮ ਜਾਰੀ ਨਾ ਕਰਨ ਬਾਰੇ ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿੱਦਿਅਕ ਸੈਸ਼ਨ ਦਾ 4 ਮਹੀਨੇ ਦਾ ਸਮਾਂ ਤਾਂ ਲੰਘ ਚੁੱਕਾ ਤੇ ਅਜੇ ਤੱਕ ਪਾਠਕ੍ਰਮ ਦਾ ਕੋਈ ਪਤਾ ਨਹੀਂ | ਅਜਿਹੀ ਹਾਲਤ 'ਚ ਚੰਗੇ ਨੰਬਰ ਹਾਸਲ ਕਰਨ ਦਾ ਯਤਨ ਕਰਨ ਵਾਲੇ ਵਿਦਿਆਰਥੀ ਕੁੜਿੱਕੀ ਵਿਚ ਹਨ | ਖ਼ਾਸ ਕਰ 12ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਨੇ ਮੁਕਾਬਲੇ ਵਾਲੀਆਂ ਥਾਵਾਂ ਲਈ ਅਜੇ ਜਾਣਾ ਹੈ, ਉਨ੍ਹਾਂ ਨੂੰ ਵੱਧ ਹਰਜਾ ਪੁੱਜ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਜ਼ਿੱਦ ਛੱਡ ਕੇ ਇਸ ਸਾਲ ਲਈ ਪਹਿਲਾ ਪਾਠਕ੍ਰਮ ਹੀ ਲਾਗੂ ਕਰ ਦੇਣ |

    ਅੰਮਿ੍ਤਸਰ - ਪਾਕਿਸਤਾਨ 'ਚ ਹੋਈਆਂ ਕੌਮੀ ਤੇ ਅਸੈਂਬਲੀ ਚੋਣਾਂ 'ਚ ਜੇਤੂ ਰਹੇ ਹਿੰਦੂ ਉਮੀਦਵਾਰਾਂ ਸਮੇਤ ਘੱਟ ਗਿਣਤੀ ਭਾਈਚਾਰੇ ਲਈ ਰਾਖਵੀਂਆਂ ਸੀਟਾਂ ਤੋਂ ਨਵੇਂ ਚੁਣੇ ਗਏ ਸੰਸਦੀ ਮੈਂਬਰਾਂ ਵਲੋਂ ਭਲਕੇ ਆਪਣੇ ਅਹੁਦੇ ਲਈ ਸਹੁੰ ਚੁੱਕਣ 'ਤੇ ਘੱਟ-ਗਿਣਤੀ ਭਾਈਚਾਰੇ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਸਹੁੰ ਚੁੱਕ ਸਮਾਰੋਹ ਦੇ ਚੱਲਦਿਆਂ ਪੰਜਾਬ ਅਸੈਂਬਲੀ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਮੁਲਤਾਨ ਤੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਐਮ.ਪੀ.ਏ. ਐਲਾਨੇ ਗਏ ਸ: ਮਹਿੰਦਰਪਾਲ ਸਿੰਘ, ਸੂਬਾ ਖ਼ੈਬਰ ਪਖਤੂਨਖਵਾ ਅਸੈਂਬਲੀ 'ਚ ਜਮਾਤ ਉਲੇਮਾ-ਏ-ਇਸਲਾਮ (ਐਫ) ਪਾਰਟੀ ਵਲੋਂ ਕੋਹਾਟ ਤੋਂ ਸ: ਰਣਜੀਤ ਸਿੰਘ, ਪੀ.ਟੀ.ਆਈ. ਵਲੋਂ ਪਿਸ਼ਾਵਰ ਤੋਂ ਸ੍ਰੀ ਰਵੀ ਕੁਮਾਰ ਅਤੇ ਸੂਬਾ ਸਿੰਧ ਅਸੈਂਬਲੀ 'ਚ ਮੁਕੇਸ਼ ਕੁਮਾਰ ਚਾਵਲਾ, ਰਾਣਾ ਹਮੀਰ ਸਿੰਘ, ਨੰਦ ਕੁਮਾਰ ਗੋਕਲਾਨੀ, ਡਾ. ਲਾਲ ਚੰਦ ਉਕਰਾਨੀ, ਸੰਜੇ ਕੁਮਾਰ ਗੰਗਵਾਨੀ, ਬੀਬੀ ਮੰਗਲਾ ਸ਼ਰਮਾ ਨੇ ਐਮ.ਪੀ.ਏ. ਦੀ ਨਿਯੁਕਤੀ ਵਜੋਂ ਸਹੁੰ ਚੁੱਕੀ | ਜਦਕਿ ਸ੍ਰੀ ਲਾਲ ਚੰਦ ਮੱਲ੍ਹੀ, ਡਾ: ਰਮੇਸ਼ ਕੁਮਾਰ ਵਾਂਕਵਾਨੀ, ਡਾ: ਰਮੇਸ਼ ਲਾਲ ਸ਼ਾਹਦਾਕੋਟ, ਡਾ: ਦਰਸ਼ਨ ਲਾਲ ਪੁੰਸ਼ੀ, ਖੇਲ ਦਾਸ ਕੋਹਿਸਤਾਨੀ, ਜੈ ਪ੍ਰਕਾਸ਼ ਉਕਰਾਨੀ ਨੂੰ ਮੈਂਬਰ ਨੈਸ਼ਨਲ ਅਸੈਂਬਲੀ (ਐਮ.ਐਨ.ਏ.) ਵਜੋਂ ਸਹੁੰ ਚੁਕਾਈ ਗਈ | ਉਕਤ ਦੇ ਇਲਾਵਾ ਸੂਬਾ ਸਿੰਧ ਅਸੈਂਬਲੀ 'ਚ ਜਨਰਲ ਸੀਟ ਤੋਂ ਚੋਣ ਲੜਦਿਆਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਵੱਡੀ ਹਾਰ ਦੇ ਕੇ ਜੇਤੂ ਰਹੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਹਿੰਦੂ ਉਮੀਦਵਾਰ ਡਾ: ਮਹੇਸ਼ ਕੁਮਾਰ ਮਲਾਨੀ, ਪੀ.ਪੀ.ਪੀ. ਦੇ ਹੀ ਸੇਠ ਹਰੀ ਰਾਮ ਕਿਸ਼ੋਰੀ ਲਾਲ ਅਤੇ ਗਿਆਨ ਚੰਦ ਇਸਰਾਨੀ ਨੇ ਵੀ ਸਹੁੰ ਚੁੱਕੀ |

    ਚੰਡੀਗੜ੍ਹ - ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਗੋਲ਼ੀ ਕਾਂਡਾਂ ਦੀਆਂ ਘਟਨਾਵਾਂ ਦੀ ਜਾਂਚ ਮਗਰੋਂ ਤਿਆਰ ਕੀਤੀ ਗਈ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲੀਕ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਰਿਪੋਰਟ ਦਾ ਪਹਿਲਾ ਹਿੱਸਾ ਮੌਜੂਦ ਹੈ, ਪਰ ਬਾਕੀ ਰਿਪੋਰਟ ਹਾਲੇ ਤਿਆਰ ਨਹੀਂ ਹੋਈ।
    ਕੈਪਟਨ ਸਰਕਾਰ ਨੇ ਇਹ ਰਿਪੋਰਟ ਆਉਣ ਵਾਲੇ ਵਿਧਾਨ ਸਭਾ ਇਜਲਾਸ ਵਿੱਚ ਪੇਸ਼ ਕਰਨ ਦਾ ਐਲਾਨ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਰਿਪੋਰਟ ਲੀਕ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਤੇ ਬਿਆਨਾਂ ਰਾਹੀਂ ਰਿਪੋਰਟ ਦਾ ਕਾਫੀ ਹਿੱਸਾ ਪਹਿਲਾਂ ਹੀ ਮੁੱਖ ਮੰਤਰੀ ਲਈ ਨਮੋਸ਼ੀ ਦਾ ਕਾਰਨ ਬਣ ਰਿਹਾ ਸੀ।
    ਲੰਘੀ 30 ਜੂਨ ਨੂੰ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨਿੱਜੀ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਸੌਂਪੀ ਸੀ। ਉਸ ਸਮੇਂ ਰਣਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ 192 ਸਫ਼ਿਆਂ ਦੀ ਇਹ ਰਿਪੋਰਟ ਖ਼ੁਦ ਨਿੱਜੀ ਤੌਰ 'ਤੇ ਟਾਈਪ ਕਰਵਾਈ ਹੈ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਅਧਿਕਾਰੀਆਂ 'ਤੇ ਯਕੀਨ ਨਹੀਂ ਪਰ ਹੁਣ ਇਹ ਸਾਰੀ ਰਿਪੋਰਟ ਮੀਡੀਆ ਦੇ ਹੱਥਾਂ ਵਿੱਚ ਪਹੁੰਚ ਚੁੱਕੀ ਹੈ ਤੇ ਇਸ ਮਸਲੇ 'ਤੇ ਸਰਕਾਰ ਬੁਰੇ ਤਰੀਕੇ ਨਾਲ ਘਿਰ ਸਕਦੀ ਹੈ।
    ਪਿਛਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਤੇ ਗੋਲ਼ੀ ਕਾਂਡਾਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਇਸ ਰਿਪੋਰਟ 'ਤੇ ਅਕਾਲੀਆਂ ਨੇ ਕਾਫੀ ਸਵਾਲ ਚੁੱਕੇ ਹਨ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਵਿੱਚ ਉਹੀ ਲਿਖਿਆ ਹੈ ਜੋ ਉਨ੍ਹਾਂ ਦੇ ਦੋਸਤ ਅਮਰਿੰਦਰ ਸਿੰਘ ਨੇ ਲਿਖਣ ਨੂੰ ਕਿਹਾ ਸੀ।
    ਉਨ੍ਹਾਂ ਰਣਜੀਤ ਸਿੰਘ ਦੀ ਆਮ ਆਦਮੀ ਪਾਰਟੀ ਦੇ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਕਮਿਸ਼ਨ ਮੁਖੀ ਦੀ ਰਿਸ਼ਤੇਦਾਰੀ ਕੱਢਦਿਆਂ ਗੰਭੀਰ ਦੋਸ਼ ਲਾਏ ਸਨ। ਹੁਣ ਬੇਹੱਦ ਗੁਪਤ ਰਿਪੋਰਟ ਦਾ ਲੀਕ ਹੋਣਾ ਕੈਪਟਨ ਸਰਕਾਰ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਸਕਦਾ ਹੈ।

    ਰਾਜਵਿੰਦਰ ਸਿੰਘ ਰਾਹੀ
    ਪਿਛਲੇ ਕੁਛ ਸਮੇ ਤੋੰ ਜੋ ਅਾਮ ਅਾਦਮੀ ਪਾਰਟੀ ਦਾ ਕਲੇਸ਼ ਵਧਿਅਾ ਹੈ , ੳੁਸ ਸਬੰਧ ਚ ਭਗਵੰਤ ਮਾਨ ਨੇ ਦਿੱਲੀ ਦੀ ਲੀਡਰਸ਼ਿੱਪ ਦੇ ਹੱਕ ਵਿਚ ਸਟੈਂਡ ਲੈਂਦਿਅਾਂ ਜੋ ਵਿਚਾਰ ਪ੍ਰਗਟ ਕੀਤੇ ਹਨ, ੳੁਸ ਨਾਲ ੳੁਸ ਦੀ ਸ਼ਖਸ਼ੀਅਤ ਅਤੇ ਸਿਅਾਸੀ ਸਮਝ ਤੇ ਬੜੇ ਵੱਡੇ ਸੁਅਾਲ ਖੜੇ ਹੋ ਗੲੇ ਹਨ! ਮੈਂ ਭਗਵੰਤ ਨੂੰ ੨੦੧੭ ਦੇ ਚੋਣ ਦੰਗਲ ਦਾ ਮਹਾਂ ਨਾੲਿਕ ਕਿਹਾ ਸੀ! ਹੁਣ ਬਹੁਤ ਸਾਰੇ ਮਿੱਤਰ ਮੈਨੂੰ ਠਿੱਠ ਕਰ ਰਹੇ ਹਨ! ਪਰ ਮੈਂ ਅੱਜ ਵੀ ੳੁਸੇ ਗੱਲ ਤੇ ਖੜਾਂ ਹਾਂ, ਕਿੳੁਂ ੳੁਸ ਸਮੇਂ ਭਗਵੰਤ ਨੇ ਜੋ ਜਾਨ ਹੂਲਵਾਂ ਕੰਮ ਕਰਕੇ ਅੈਡੀ ਵੱਡੀ ਹਨੇਰੀ ਲਿਅਾਂਦੀ ਸੀ ੳੁਹ ਭੁੱਲਣ ਵਾਲੀ ਨਹੀੰ ਹੈ!

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com