ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਨਵੀਂ ਦਿੱਲੀ - ‘ਸਿੱਖਜ਼ ਫਾਰ ਜਸਟਿਸ’ ਵੱਲੋਂ ਲੰਡਨ ਵਿੱਚ ਕਰਵਾਈ ਜਾ ਰਹੀ ਰੈਲੀ ’ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇੱਕਮਤ ਹਨ। ਉਧਰ, ਖੁਫੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਪੰਜਾਬ ਇੰਟੈਲੀਜੈਂਸ ਅਤੇ ਆਈਬੀ ਵੱਲੋਂ ਗਰਮਦਲੀਆਂ ਤੇ ਖਾਲਿਸਤਾਨ ਦੇ ਹਮਾਇਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਸਜੇਐਫ ਦੀਆਂ ਗਤੀਵਿਧੀਆਂ ਪੰਜਾਬ ਲਈ ਨੁਕਸਾਨਦੇਹ ਹਨ। ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਫਰੰਡਮ ਦਾ ਵਿਰੋਧ ਕਰਦਿਆਂ ਆਖ ਚੁੱਕੇ ਹਨ ਕਿ ਪੰਜਾਬ ਵਾਸੀ ਇਸ ਦਾ ਹੁੰਗਾਰਾ ਨਹੀਂ ਭਰਨਗੇ। ਅਕਾਲੀ ਨੇਤਾਵਾਂ ਦੀ ਸੁਰ ਵੀ ਕੁੱਝ ਇਸੇ ਤਰ੍ਹਾਂ ਦੀ ਹੈ।
    ਦੂਜੇ ਪਾਸੇ ਭਾਰਤ ਦੇ ਵਿਰੋਧ ਦੇ ਬਾਵਜੂਦ ਬਰਤਾਨੀਆ ਨੇ 12 ਅਗਸਤ ਨੂੰ ਰੈਲੀ ਦੀ ਇਜਾਜ਼ਤ ਦੇਣ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ ਜਦੋਂ ਕਿ ਭਾਰਤ ਨੇ ਕਿਹਾ ਸੀ ਕਿ ਰੈਲੀ ਕਰਨ ਵਾਲੇ ਇਨ੍ਹਾਂ ਵੱਖਵਾਦੀਆਂ ਦਾ ਉਦੇਸ਼ ਭਾਰਤ ਵਿੱਚ ਖੇਤਰੀ ਅਖੰਡਤਾ ਨੂੰ ਠੇਸ ਪਹੁੰਚਾਉਣਾ ਹੈ। ਬਰਤਾਨੀਆ ਦੇ ਹਾਈ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧੀ ਕਿਹਾ ਸੀ ਕਿ ਬਰਤਾਨੀਆ ਦਾ ਕਾਨੂੰਨ ਲੋਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਪੂਰੀ ਆਜ਼ਾਦੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਪੁਲੀਸ ਕੋਲ ਸ਼ਕਤੀਆਂ ਹਨ ਕਿ ਉਹ ਨਫ਼ਰਤ ਫੈਲਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਹਿੰਸਕ ਮਾਹੌਲ ਪੈਦਾ ਕਰਨ ਵਾਲੀਆਂ ਕਾਰਵਾਈਆਂ ਨਾਲ ਨਿਪਟ ਸਕਦੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਭਾਰਤ ਨੇ ਇਸ ਰੈਲੀ ਨੂੰ ਵੱਖਵਾਦੀ ਕਾਰਵਾਈ ਗਰਦਾਨਦਿਆਂ ਇਸ ਦਾ ਉਦੇਸ਼ ਭਾਰਤ ਵਿਰੁੱਧ ਖੇਤਰੀ ਅਖੰਡਤਾ ਨੂੰ ਠੇਸ ਪਹੁੰਚਾਉਣਾ ਦੱਸਿਆ ਸੀ। ਬਰਤਾਨੀਆ ਨੇ ਪਹਿਲਾਂ ਹੀ ਭਾਰਤੀ ਦੀ ਇਸ ਰੈਲੀ ਨੂੰ ਰੋਕਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਜਦੋਂ ਕਿ ਬਰਤਾਨੀਆ ਦੀ ਖੱਬੇ ਪੱਖੀ ਗਰੀਨ ਪਾਰਟੀ ਨੇ ਇਸ ਰੈਲੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ।

    ਸਰੀ, 10 ਅਗਸਤ : ਕੈਨੇਡਾ ਦੀਆਂ ਤਿੰਨ ਵੱਡੀਆਂ ਫੈਡਰਲ ਪਾਰਟੀਆਂ ‘ਚ ਸ਼ੁਮਾਰ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਕੌਮੀ ਆਗੂ ਜਗਮੀਤ ਸਿੰਘ ਨੇ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮੌਜੂਦਾ ਸੰਸਦ ਮੈਂਬਰ ਕੈਨੇਡੀ ਸਟੂਅਰਟ ਵੈਨਕੂਵਰ ‘ਚ ਮੇਅਰ ਦੀ ਚੋਣ ਲਈ ਉਮੀਦਵਾਰ ਹਨ ਅਤੇ ਇਸੇ ਲਈ ਇਸ ਸੀਟ ਲਈ ਹੁਣ ਜਗਮੀਤ ਮੈਦਾਨ ‘ਚ ਉਤਰੇ ਹਨ।
    ਪੰਜਾਬੀ ਮੂਲ ਦੇ ਜਗਮੀਤ ਸਿੰਘ ਦਾ ਹਾਲ ਹੀ ‘ਚ ਵਿਆਹ ਹੋਇਆ ਹੈ ਅਤੇ ਦੋਵੇਂ ਪਤੀ-ਪਤਨੀ ਮਿਲ ਕੇ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ। ਭਾਵੇਂ ਕਿ ਜਗਮੀਤ ਪਿਛਲੇ ਸਾਲ ਐੱਨ. ਡੀ. ਪੀ. ਆਗੂ ਚੁਣੇ ਗਏ ਸਨ ਪਰ ਉਨਾਂ ਕੋਲ ਸੰਸਦ ‘ਚ ਬੈਠਣ ਲਈ ਮੈਂਬਰਸ਼ਿਪ ਦਾ ਅਹੁਦਾ ਨਹੀਂ ਹੈ। ਇਸੇ ਲਈ ਹੁਣ ਉਹ ਇਸ ਅਹੁਦੇ ਲਈ ਚੋਣ ਲੜਨ ਜਾ ਰਹੇ ਹਨ। ਬੀਤੇ ਦਿਨ ਜਗਮੀਤ ਦੇ ਚੋਣ ਪ੍ਰਚਾਰ ਦੌਰਾਨ ਉਨਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਜੋ ਲੋਕਾਂ ਨੂੰ ਚਾਹੀਦਾ ਹੈ , ਅਜਿਹਾ ਕੁੱਝ ਵੀ ਸਰਕਾਰ ਵਲੋਂ ਨਹੀਂ ਹੋ ਰਿਹਾ। ਇੱਥੇ ਹੀ ਬਸ ਨਹੀਂ ਜਗਮੀਤ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੀ ਨਿਕੰਮੀ ਸਰਕਾਰ ਦੱਸਿਆ।
    ਤੁਹਾਨੂੰ ਦੱਸ ਦਈਏ ਕਿ ਵਧੇਰੇ ਪੰਜਾਬੀ ਸਰੀ ‘ਚ ਰਹਿੰਦੇ ਹਨ ਅਤੇ ਬਰਨਬੀ ‘ਚ ਪੰਜਾਬੀਆਂ ਦੀ ਗਿਣਤੀ ਘੱਟ ਹੈ। ਹਾਲਾਂਕਿ ਜਗਮੀਤ ਨੂੰ ਯਕੀਨ ਹੈ ਕਿ ਲੋਕ ਉਸ ਨੂੰ ਮੌਕਾ ਦੇਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਦੇਖਣ ਵਾਲੀ ਗੱਲ ਇਹ ਹੈ ਕਿ ਟੋਰਾਂਟੋ (ਓਂਟਾਰੀਓ) ਇਲਾਕੇ ਦੇ ਵਸਨੀਕ ਜਗਮੀਤ ਬਿ੍ਰਟਿਸ਼ ਕੋਲੰੰਬੀਆ ਦੇ ਬਰਨਬੀ ‘ਚ ਲੋਕਾਂ ਨੂੰ ਪ੍ਰਭਾਵਿਤ ਕਰਨ ‘ਚ ਸਫਲ ਰਹਿੰਦੇ ਹਨ ਜਾਂ ਨਹੀਂ।
    ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕੈਨੇਡੀ ਨੇ ਜਗਮੀਤ ਪ੍ਰਤੀ ਵਫਾਦਾਰੀ ਵਜੋਂ ਇਹ ਅਹੁਦਾ ਖਾਲੀ ਕੀਤਾ ਹੈ ਕਿਉਂਕਿ ਉਹ ਵੀ ਐੱਨ. ਡੀ. ਪੀ. ਨਾਲ ਜੁੜੇ ਹਨ। ਕਿਹਾ ਜਾ ਰਿਹਾ ਹੈ ਕਿ ਜਗਮੀਤ ਸੰਸਦ ਦਾ ਮੈਂਬਰ ਬਣਨ ਲਈ ਕੋਈ ਸੌਖੀ ਸੀਟ ਚਾਹੁੰਦੇ ਸਨ ਅਤੇ ਇਸੇ ਲਈ ਉਹ ਇੱਥੋਂ ਖੜੇ ਹੋਏ ਹਨ। ਉਂਝ ਇਸ ਸੀਟ ਨੂੰ ਸੌਖੀ ਕਹਿਣਾ ਗਲਤ ਹੈ ਕਿਉਂਕਿ ਕੈਨੇਡੀ ਵੀ ਇੱਥੋਂ ਸਿਰਫ 600 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਨਾਂ ਚੋਣਾਂ ਦੇ ਨਤੀਜੇ ਨਾਲ ਇਹ ਵੀ ਦੇਖਿਆ ਜਾਵੇਗਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ‘ਚ ਜਗਮੀਤ ਨੂੰ ਕਿੰਨਾ ਕੁ ਪਸੰਦ ਕੀਤਾ ਜਾਵੇਗਾ। ਇਸ ਲਈ ਇਹ ਮੁਕਾਬਲਾ ਦੇਖਣਯੋਗ ਹੋਵੇਗਾ।

    ਨਵੀ ਦਿੱਲੀ - ਲੰਡਨ ਵਿੱਚ 12 ਅਗਸਤ ਨੂੰ ਹੋਣ ਵਾਲੀ ਰੈਲੀ ਖ਼ਿਲਾਫ਼ ਇੱਥੇ ਸਰਕਾਰੀ ਨੁਮਾਇੰਦੇ ਵਜੋਂ ਜਾਣੇ ਜਾਂਦੇ ਮਨਿੰਦਜੀਤ ਬਿੱਟੇ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਤਿੰਨ ਮੂਰਤੀ ਮਾਰਗ ਤੋਂ ਸ਼ੁਰੂ ਹੋ ਕੇ ਬਰਤਾਨਵੀ ਦੂਤਾਵਾਸ ਦੇ ਨੇੜੇ ਤੱਕ ਗਿਆ। ਉਨ੍ਹਾਂ ਨੂੰ ਦਿੱਲੀ ਪੁਲੀਸ ਬਰਤਾਨਵੀ ਕਮਿਸ਼ਨ ਵਿੱਚ ਲੈ ਗਈ ਜਿੱਥੇ ਉਨ੍ਹਾਂ ਹਾਈ ਕਮਿਸ਼ਨਰ ਸਰ ਡਾਮਿਨਿਕ ਏਸਕਵਿਥ ਨੂੰ ਯਾਦ ਪੱਤਰ ਸੌਂਪਿਆ, ਜਿਸ ਵਿੱਚ ਲੰਡਨ ਰੈਫਰੈਂਡਮ ਦੇ ਨਾਂ ’ਤੇ 12 ਅਗਸਤ ਨੂੰ ਹੋਣ ਵਾਲੀ ਰੈਲੀ ਦੀ ਨਿਖੇਧੀ ਕੀਤੀ ਗਈ।
    ਇਸ ਦੌਰਾਨ ਸ੍ਰੀ ਬਿੱਟਾ ਨੇ ਕਿਹਾ ਕਿ ਬਰਤਾਨਵੀ ਸਰਕਾਰ ਨੂੰ ਇਸ ਕਪਟਪੂਰਨ ਮੁਹਿੰਮ ਨੂੰ ਸ਼ੁਰੂ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਇਸ ਰੈਲੀ ਦੇ ਕਰਤਾ-ਧਰਤਾਵਾਂ ਨੂੰ ਸ਼ਾਂਤੀ ਭੰਗ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਹ ਰੈਲੀ 2020 ਦੇ ਰੈਫਰੰਡਮ ਬਾਰੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਜ਼ ਫਾਰ ਜਸਟਿਸ ਅਤੇ ਇਸ ਦੇ ਆਗੂਆਂ ਨੂੰ ਅਜਿਹੀਆਂ ਰੈਲੀਆਂ ਤੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਪੱਤਰ ਵਿੱਚ ਜ਼ਿਕਰ ਕੀਤਾ ਕਿ ਉਕਤ ਲੋਕ ਪੰਜਾਬ ਵਿੱਚ ਮੁੜ ਗੜਬੜ ਫੈਲਾਉਣ ਦੀ ਤਾਕ ਵਿੱਚ ਹਨ ਤੇ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਚੁਣੌਤੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਮਾ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਵੀ ਚੁੱਕੀਆਂ ਹੋਈਆਂ ਸਨ। ਉਨ੍ਹਾਂ ਬਰਤਾਨੀਆ ਦੇ ਢਿੱਲੇ ਰੁਖ਼ ’ਤੇ ਹੈਰਾਨੀ ਪ੍ਰਗਟਾਈ।
    ਉੱਧਰ, ਬਰਤਾਨਵੀ ਕਮਿਸ਼ਨ ਨੇ ਬਰਤਾਨੀਆ ਵਿੱਚ ਪ੍ਰਦਰਸ਼ਨ ਕਰਨ ਦੇ ਅਧਿਕਾਰ ਬਾਰੇ ਕਿਹਾ ਕਿ ਰੈਲੀ ਦੀ ਸਮੱਗਰੀ ’ਤੇ ਬਰਤਾਨਵੀ ਸੁਰੱਖਿਆ ਬਲਾਂ ਵੱਲੋਂ ਨਜ਼ਰ ਰੱਖੀ ਜਾਵੇਗੀ। ਬਰਤਾਨੀਆ ਦੇ ਬੁਲਾਰੇ ਮੁਤਾਬਕ ਬਰਤਾਨੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਦਰਸ਼ਨ ਕਰਨ ਅਤੇ ਆਪਣਾ ਦ੍ਰਿਸ਼ਟੀਕੋਣ ਰੱਖਣ ਦਾ ਅਧਿਕਾਰ ਹੈ, ਬਸ਼ਰਤੇ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਹੋਵੇ। ਜੇਕਰ ਕੋਈ ਪ੍ਰਦਰਸ਼ਨ ਕਾਨੂੰਨ ਦੀ ਅਣਦੇਖੀ ਕਰਦਾ ਹੈ ਤਾਂ ਪੁਲੀਸ ਕੋਲ ਵਿਆਪਕ ਸ਼ਕਤੀਆਂ ਹਨ ਜੋ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀਆਂ ਸਰਗਰਮੀਆਂ ਜਾਂ ਲੋਕ ਅਵਿਵਸਥਾ ਨਾਲ ਜਾਣਬੁੱਝ ਕੇ ਤਣਾਓ ਪੈਦਾ ਕਰਨ ਵਾਲਿਆਂ ਨਾਲ ਨਿਪਟ ਸਕੇ ਪਰ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਅਧਿਕਾਰ ਨੂੰ ਨਹੀਂ ਨਕਾਰਦੀਆਂ। ਇਹ ਪੁਲੀਸ ਦਾ ਅਪਰੇਸ਼ਨਲ ਮਾਮਲਾ ਹੈ ਕਿ ਉਹ ਆਪਣੀਆਂ ਤਾਕਤਾਂ ਦੀ ਵਰਤੋਂ ਤੇ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕਿਵੇਂ ਕਰੇ। ਭਾਰਤ ਸਰਕਾਰ ਵੱਲੋਂ ਉਕਤ ਰੈਲੀ ਨੂੰ ਭਾਰਤ ਵਿਰੋਧੀ ਕਰਾਰ ਦਿੱਤਾ ਗਿਆ ਹੈ।

    ਲੰਡਨ - ਸਥਾਨਕ ਮੇਅਰ ਸਾਦਿਕ ਖ਼ਾਨ ਨੇ ਟ੍ਰੈਫਲਗਰ ਸਕੁਏਅਰ ਵਿੱਚ ਹੋਣ ਜਾ ਰਹੀ ਖ਼ਾਲਿਸਤਾਨ ਪੱਖੀ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰੈਲੀ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਤਕ ਹੋਣੀ ਹੈ। ਹਾਲਾਂਕਿ, ਇਸੇ ਦਿਨ ਦੁਪਹਿਰ ਇੱਕ ਤੋਂ ਚਾਰ ਵਜੇ ਤਕ ਭਾਰਤ ਦੇ ਸਮਰਥਨ ਵਿੱਚ ਹੋਣ ਜਾ ਰਹੀ ਰੈਲੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ।
    'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਲੰਦਨ ਮੇਅਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਮਰਥਕ ਰੈਲੀ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਕੋਲ ਮਨਜ਼ੂਰੀ ਨਹੀਂ ਸੀ। ਖਾਲਿਸਤਾਨ ਸਮਰਥਕ ਰੈਲੀ, ਲੰਦਨ ਡੈਕਲੇਰੇਸ਼ਨ ਨੂੰ ਅਮਰੀਕਾ ਦੀ ਸੰਸਥਾ ਸਿੱਖ ਫਾਰ ਜਸਟਿਸ (SFJ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਰੈਲੀ ਦਾ ਮਕਸਦ ਪੰਜਾਬ ਦੀ ਆਜ਼ਾਦੀ ਲਈ 2020 ਨੂੰ ਇੱਕ ਗ਼ੈਰ ਰੁਕਾਵਟੀ ਲੋਕ ਰਾਇਸ਼ੁਮਾਰੀ ਦੀ ਮੰਗ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਰੈਲੀ ਨੂੰ ਸਾਬਕਾ ਸੰਸਦ ਜੌਰਜ ਗੈਲੋਵੇ ਵੀ ਸੰਬੋਧਨ ਕਰ ਜਾ ਰਹੇ ਹਨ।
    ਦੂਜੇ ਪਾਸੇ, ਭਾਰਤ ਦੇ ਸਮਰਥਨ ਵਿੱਚ ਹੋਣ ਵਾਲੀ ਰੈਲੀ ਦਾ ਪ੍ਰਚਾਰ ਮੁੱਖ ਤੌਰ 'ਤੇ ਫੇਸਬੁੱਕ ਰਾਹੀਂ ਹੀ ਕੀਤਾ ਗਿਆ ਹੈ। 'ਵੀ ਇੰਡੀਅਨਜ਼' ਨਾਂ ਦੇ ਸਮੂਹ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਉਹ ਐਤਵਾਰ ਨੂੰ ਟ੍ਰੈਫਲਗਰ ਸਕੁਏਅਰ 'ਤੇ ਹੀ ਭਾਰਤ ਦੀ ਆਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾਉਣ ਲਈ ਰੈਲੀ ਕਰਵਾ ਰਿਹਾ ਹੈ। ਇਹ ਗਰੁੱਪ ਛੇ ਮਹੀਨੇ ਪਹਿਲਾਂ ਹੀ ਬਣਾਇਆ ਗਿਆ ਹੈ।
    ਹਾਲਾਂਕਿ, ਇਸ ਸਮੂਹ ਦਾ ਕਹਿਣਾ ਹੈ ਕਿ ਰੈਲੀ ਨੂੰ ਆਜ਼ਾਦੀ-ਦਿਹਾੜੇ ਦਾ ਜਸ਼ਨ ਮਨਾਉ ਲਈ ਕੀਤਾ ਜਾ ਰਿਹਾ ਹੈ, ਪਰ ਗਰੁੱਪ ਦੇ ਕਨਵੀਨਰ ਮਨੋਜ ਖੰਨਾ ਨੇ ਕਿਹਾ ਕਿ ਇਹ ਰੈਲੀ ਸਿੱਖ ਫਾਰ ਜਸਟਿਸ ਦੀ ਰੈਲੀ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਜਦ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਤਾਂ ਖੰਨਾ ਨੇ ਕਿਹਾ ਕਿ ਅਸੀਂ ਕੁਝ ਵੀ ਰਸਮੀ ਤੌਰ 'ਤੇ ਨਹੀਂ ਕਰ ਰਹੇ। ਅਸੀਂ ਸਿਰਫ਼ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ। ਅਜਿਹਾ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਅਸੀਂ ਪੁਲਿਸ ਨੂੰ ਵੀ ਸਾਡੀ ਆਮਦ ਬਾਰੇ ਸੂਚਿਤ ਕਰ ਦਿੱਤਾ ਹੈ।


    ਚੰਡੀਗੜ੍ਹ, 11 ਅਗਸਤ
    ਜ਼ਿਲਾ ਫ਼ਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿੱਚ ਪੌਣੇ ਤਿੰਨ ਵਰ੍ਹੇ ਪਹਿਲਾਂ ਵਾਪਰੇ ਪੁਲੀਸ ਗੋਲੀ ਕਾਂਡ ਦੇ ਮਾਮਲੇ ਵਿੱਚ ਕੈਪਟਨ ਸਰਕਾਰ ਨੇ 4 ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕਰ ਕੇ ਨਵਾਂ ਮੋੜ ਦੇ ਦਿੱਤਾ ਹੈ। ਸਰਕਾਰ ਵੱਲੋਂ ਇਹ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਰਵਾਈ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ’ਤੇ ਅਧਾਰਿਤ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕੀਤੀ ਗਈ ਹੈ।
    ਬਾਜਾਖਾਨਾ ਥਾਣੇ ਵਿੱਚ 21 ਅਕਤੂਬਰ 2015 ਨੂੰ ਧਾਰਾ 302, 307, 34 ਆਈਪੀਸੀ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਐਫ.ਆਈ.ਆਰ. ਨੰਬਰ 130 ਵਿੱਚ ਮੋਗਾ ਦੇ ਤਤਕਾਲੀ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ (ਹੁਣ ਸੇਵਾ ਮੁਕਤ), ਫ਼ਾਜ਼ਿਲਕਾ ਦੇ ਤਤਕਾਲੀ ਐਸ.ਪੀ. (ਡੀ) ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਅਤੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਗੋਲੀ ਕਾਂਡ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਦੋ ਨੌਜਵਾਨਾਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਤੇ ਕਈ ਜਣੇ ਫੱਟੜ ਹੋਏ ਸਨ। ਅਹਿਮ ਤੱਥ ਇਹ ਹੈ ਕਿ 5 ਦਿਨ ਪਹਿਲਾਂ ਕੋਟਕਪੂਰਾ ਥਾਣੇ ਵਿੱਚ ਦਰਜ ਕੀਤੇ ਮਾਮਲੇ ਵਿੱਚ ਹਾਲ ਦੀ ਘੜੀ ‘ਅਣਪਛਾਤੀ ਪੁਲੀਸ’ ਹੀ ਦਰਸਾਈ ਗਈ ਹੈ। ਇਸ ਸਬੰਧ ਵਿੱਚ ਸਰਕਾਰ ਦਾ ਦਾਅਵਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਸੀਨੀਅਰ ਅਫ਼ਸਰਾਂ ਦੀ ਭੂਮਿਕਾ ਅਸਪੱਸ਼ਟ ਹੋਣ ਕਾਰਨ ਕਿਸੇ ਦਾ ਨਾਮ ਨਾਮਜ਼ਦ ਨਹੀਂ ਕੀਤਾ ਗਿਆ ਜਦੋਂ ਕਿ ਦੋਹਾਂ ਮਾਮਲਿਆਂ ਦੀ ਜਾਂਚ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਦੇ ਹਵਾਲੇ ਕੀਤੀ ਜਾ ਰਹੀ ਹੈ ਤੇ ਜਾਂਚ ਏਜੰਸੀ ਹੀ ਤਫ਼ਤੀਸ਼ ਦੌਰਾਨ ਸਬੰਧਤ ਮੁਲਜ਼ਮਾਂ ਦੇ ਨਾਮ ਨਾਮਜ਼ਦ ਕਰ ਸਕਦੀ ਹੈ।
    ਪੰਜਾਬ ਸਰਕਾਰ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮੱਦੇਨਜ਼ਰ ਹੀ ਲਾਡੋਵਾਲ ਦੇ ਤਤਕਾਲੀ ਐਸ.ਐਚ.ਓ. ਹਰਪਾਲ ਸਿੰਘ, ਐਸ.ਐਸ.ਪੀ. ਚਰਨਜੀਤ ਸਿੰਘ ਦੇ ਗੰਨਮੈਨਾਂ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਦੀ ਭੂਮਿਕਾ ਬਾਰੇ ਵੀ ਪੜਤਾਲ ਕੀਤੀ ਜਾਵੇਗੀ। ਸਾਲ 2015 ਵਿੱਚ ਬਰਗਾੜੀ ਪਿੰਡ ਵਿਖੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪੁਲੀਸ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਦੋ ਥਾਈਂ ਗੋਲੀ ਚਲਾਈ ਗਈ ਸੀ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬਹਿਬਲ ਕਲਾਂ ਕਾਂਡ ਸਬੰਧੀ 21 ਅਕਤੂਬਰ 2015 ਨੂੰ ਜੋ ਮਾਮਲਾ ਦਰਜ ਕੀਤਾ ਗਿਆ ਸੀ ਉਸ ਵਿੱਚ ‘ਅਣਪਛਾਤੀ ਪੁਲੀਸ’ ਵੱਲੋਂ ਗੋਲੀ ਚਲਾਉਣ ਦੀ ਗੱਲ ਕਹੀ ਗਈ ਸੀ। ਕੈਪਟਨ ਸਰਕਾਰ ਵੱਲੋਂ ਗਠਿਤ ਜਾਂਚ ਕਮਿਸ਼ਨ ਵੱਲੋਂ ਪਿਛਲੇ ਮਹੀਨੇ ਸੌਂਪੀ ਰਿਪੋਰਟ ਵਿੱਚ ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਭੂਮਿਕਾ ਸਬੰਧੀ ਤੱਥ ਸਾਹਮਣੇ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਸੀ ਹੋ ਰਹੀ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੰਜਾਬ ਪੁਲੀਸ ਵੱਲੋਂ ਕੋਟਕਪੂਰਾ ਥਾਣੇ ਵਿੱਚ 7 ਅਕਤੂਬਰ ਨੂੰ ਧਾਰਾ 307, 323, 341, 148, 149 ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਵਿੱਚ ਵੀ ਗੋਲੀ ਚਲਾਉਣ ਵਾਲੀ ਪੁਲੀਸ ਨੂੰ ‘ਅਣਪਛਾਤਾ’ ਹੀ ਕਿਹਾ ਗਿਆ ਹੈ। ਇਸ ਤੋਂ ਬਾਅਦ ਹਾਕਮ ਪਾਰਟੀ ਦੇ ਆਗੂਆਂ ਵਿੱਚ ਮੁੱਖ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਨਾ ਹੋਣ ਕਰ ਕੇ ਪੁਲੀਸ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ ਜਦੋਂ ਕਿ ਪੁਲੀਸ ਅਧਿਕਾਰੀਆਂ ਵੱਲੋਂ ਪੁਲੀਸ ਦਾ ਮਨੋਬਲ ਉੱਚਾ ਚੁੱਕਣ ਦੀ ਆੜ ਹੇਠ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਵੱਲੋਂ ਦੋਵੇਂ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ। ਸੂਤਰਾਂ ਦਾ ਦੱਸਣਾ ਹੈ ਕਿ ਤਾਜ਼ਾ ਘਟਨਾਕ੍ਰਮ ਸਿਆਸੀ ਦਬਾਅ ਹੇਠ ਹੀ ਵਾਪਰਿਆ ਹੈ। ਬਰਗਾੜੀ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਮੋਰਚਾ ਲਗਾਇਆ ਹੋਣ ਕਾਰਨ ਵੀ ਸਰਕਾਰ ’ਤੇ ਦਬਾਅ ਵਧ ਰਿਹਾ ਹੈ।

    ਗੜ੍ਹਸ਼ੰਕਰ -  ਇੱਥੇ ‘ਆਪ’ ਦੇ ਬਾਗ਼ੀ ਧੜੇ ਵੱਲੋਂ ਦਾਣਾ ਮੰਡੀ ਵਿੱਚ ਪਾਰਟੀ ਵਾਲੰਟੀਅਰ ਕਨਵੈਨਸ਼ਨ ਕਰਵਾਈ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਬਾਗ਼ੀ ਧੜੇ ਦੇ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ’ਚ ਲਏ ਫ਼ੈਸਲਿਆਂ ਤੋਂ ਟੱਸ ਤੋਂ ਮੱਸ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਹੈ ਤੇ ਕਰਦੇ ਰਹਿਣਗੇ, ਇਸ ਲਈ ਇੱਕ ਤਾਂ ਕੀ ਸੌ ਅਹੁਦੇ ਵੀ ਪੰਜਾਬ ਤੋਂ ਵਾਰ ਦੇਣਗੇ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਨੂੰ ਖ਼ੁਦਮੁਖਤਿਆਰੀ ਦੇਣ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਗ਼ਲਤ ਵੰਡ ਕੀਤੀ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਕੋਈ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ ਜਿੱਤੀ ਹੋਈ ਬਾਜ਼ੀ ਹਰਾਉਣ ਵਾਲਾ ਕਦਮ ਸੀ।
    ਇਸ ਮੌਕੇ ਉਨ੍ਹਾਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਅਕਾਲੀਆਂ ਦੀ ਨੀਤੀਆਂ ’ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਮਜ਼ਬੂਤ ਤੀਜਾ ਬਦਲ ਚਾਹੁੰਦੇ ਹਨ। ਇਸ ਦੀ ਮਿਸਾਲ ਬਠਿੰਡਾ ਰੈਲੀ ਦੇ ਆਪਮੁਹਾਰੇ ਇਕੱਠ ਤੋਂ ਮਿਲਦੀ ਹੈ। ਉਨ੍ਹਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਰਵਾਇਤੀ ਪਾਰਟੀਆਂ ਦੀ ਦੇਣ ਦੱਸਿਆ। ਵਿਧਾਇਕ ਨਾਜਰ ਸਿੰਘ ਮਾਨਾਸ਼ਾਹੀਆਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀਆਂ ਤੇ ਹੋਰਾਂ ਤੋਂ ਮੁਆਫ਼ੀ ਮੰਗਣਾ ਗ਼ਲਤ ਕਰਾਰ ਦਿੱਤਾ। ਵਿਧਾਇਕ ਕੰਵਰ ਸਿੰਘ ਸੰਧੂ ਨੇ ਬਠਿੰਡਾ ਵਿੱਚ ਪਾਸ ਮਤਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਫ਼ੈਸਲੇ ‘ਆਪ’ ਕਰਨ ਦੇ ਅਧਿਕਾਰ ਦਿੱਤੇ ਜਾਣ। ਇਸ ਮੌਕੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖ਼ਾਲਸਾ, ਜਗਦੇਵ ਸਿੰਘ ਕਮਾਲੂ, ਜਗਦੇਵ ਸਿੰਘ ਜੱਗਾ ਈਸੋਵਾਲ ਨੇ ਸੰਬੋਧਨ ਕੀਤਾ। ਇਸ ਦੌਰਾਨ ਕੁਝ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੇ ਕੁਝ ਨੇ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਨੂੰ ਕੋਸਿਆ। ਇਸ ਮੌਕੇ ਪਾਰਟੀ ਦੇ ਸਥਾਨਕ ਆਗੂਆਂ ਵਿੱਚ ਮਾਸਟਰ ਗੁਰਚਰਨ ਸਿੰਘ ਬਸਿਆਲਾ, ਚਰਨਜੀਤ ਚੰਨੀ, ਬਲਦੀਪ ਸਿੰਘ, ਕਮਲਜੀਤ ਕੁੱਕੜਾਂ ਆਦਿ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮਾਹਿਲਪੁਰ ਤੋਂ ਡਾ. ਹਰਮਿੰਦਰ ਸਿੰਘ ਅਤੇ ਸਥਾਨਕ ਆਗੂਆਂ ਦੀ ਅਗਵਾਈ ’ਚ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਤੇ ਬੈਨਰਾਂ ਨਾਲ ਸਥਾਨਕ ਵਿਧਾਇਕ ਤੇ ਸੁਖਪਾਲ ਖਹਿਰਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

    ਰੂਪਨਗਰ - ਸਿੱਖ ਕੌਮ ਦੀ ਪ੍ਰਫੁਲਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ’ਚੋਂ ਮੁਕਤ ਕਰਾਉਣਾ ਸਮੇਂ ਦੀ ਮੰਗ ਹੈ। ਇਹ ਵਿਚਾਰ ਅੱਜ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਆਗੂ ਭਾਈ ਰਣਜੀਤ ਸਿੰਘ ਨੇ ਨੌਜਵਾਨ ਆਗੂ ਸਤਵੀਰ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸਹਿਬ ਪੁਰਖਾਲੀ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਸਿੱਖ ਧਰਮ ਵਿਰੋਧੀ ਘਟਨਾਵਾਂ ਦੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ, ਜਦਕਿ ਜਦਕਿ ਉਸ ਸਮੇਂ ਬਾਦਲ ਸਰਕਾਰ ਹੀ ਸੱਤਾ ਵਿੱਚ ਸੀ। ਸ਼੍ਰੋਮਣੀ ਕਮੋਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਬਾਬਾ ਸੁਖਵਿੰਦਰ ਸਿੰਘ ਰਤਵਾੜਾਂ ਸਾਹਿਬ ਨੇ ਕਿਹਾ ਕਿ ਪੰਥਕ ਲਹਿਰ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਸਿੱਖ ਸੰਗਤ ਹੁਣ ਬਾਦਲਾਂ ਤੋਂ ਦੁਖੀ ਹੈ। ਗੁਰਵਿੰਦਰ ਸਿੰਘ ਡੂਮਛੇੜੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਦਲਾਂ ਖਿਲਾਫ਼ ਸਿੱਖ ਦੇ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਗੁਰਜੀਤ ਸਿੰਘ, ਮੇਜ਼ਰ ਸਿੰਘ ਪੁਰਖਾਲੀ,ਸੁਰਿੰਦਰ ਸਿੰਘ ਬਬਾਨੀ ਤੇ ਰਾਵਿੰਦਰ ਸਿੰਘ ਪੰਜ਼ੋਲਾ ਹਾਜ਼ਰ ਸਨ।

    ਪਟਿਆਲਾ - ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੌਨਸੂਨ ਸੈਸ਼ਨ ਵਿੱਚ ਬੋਲਦਿਆਂ ਭਾਰਤੀ ਸੰਸਦ ਨੂੰ ਪੰਜਾਬ ਲਈ ਅੰਦਰੂਨੀ ਖ਼ੁਦਮੁਖ਼ਤਿਆਰੀ ਲਈ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪਾਰਲੀਮੈਂਟ ਦਾ ਧਿਆਨ ਪੰਜਾਬ ਦੀ ਦਿਨੋਂ-ਦਿਨ ਬਦਤਰ ਹੋ ਰਹੀ ਆਰਥਕ ਤੇ ਸਮਾਜਕ ਹਾਲਤ ਵੱਲ ਦਿਵਾਇਆ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮਰ ਰਹੇ ਹਨ। ਡਾ. ਗਾਂਧੀ ਨੇ ਇਸ ਤੱਥ ’ਤੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਅੱਜ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਕਿ ਇੱਥੇ ਵਸਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਨੌਜਵਾਨਾਂ ਨੂੰ ਸਿੱਖਿਆ ਸਹੂਲਤਾਂ ਨਹੀਂ ਮਿਲ ਰਹੀਆਂ।
    ਉਨ੍ਹਾਂ ਇੱਥੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਖੇਤੀਬਾੜੀ ਦੇ ਟਿਕਾਊ ਨਾ ਰਹਿਣ ਕਰਕੇ ਤੇ ਨਾਕਸ ਉਦਯੋਗਿਕ ਵਿਕਾਸ ਕਾਰਨ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਪਰਵਾਸ ਦੀ ਦਰ ਵਧ ਗਈ ਹੈ। ਸੂਬੇ ਸਿਰ ਖੜ੍ਹੇ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੀ ਸਾਲਾਨਾ ਕਿਸ਼ਤ ਹੀ 25,000 ਕਰੋੜ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਦੂਜੇ ਸੋਮਿਆਂ ਦੇ ਮਾਲਕੀ ਹੱਕ ਖੋਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਆਪਣੀ ਮਿੱਟੀ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਨ ਦੀ ਬਲੀ ਦੇ ਕੇ ਦੇਸ਼ ਨੂੰ ਅਨਾਜ ਸੁਰੱਖਿਆ ਮੁਹੱਈਆ ਕਰਵਾਉਣ ਲਈ ਖ਼ੁਦ ਅਨੇਕਾਂ ਖ਼ਤਰਿਆਂ ਨੂੰ ਸਹੇੜ ਲਿਆ ਹੈ। ਸ੍ਰੀ ਗਾਂਧੀ ਨੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਕੋਲ ਹੁਣ ਸਮੱਸਿਆਵਾਂ ਦਾ ਇੱਕੋ-ਇਕ ਹੱਲ ਅੰਦਰੂਨੀ ਖ਼ੁਦਮੁਖ਼ਤਿਆਰੀ ਹੈ। ਇਸ ਨਾਲ ਸੂਬਾ ਆਪਣੇ ਲੋਕਾਂ ਦੀ ਭਲਾਈ ਲਈ ਆਪਣੇ ਮਸਲੇ ਖ਼ੁਦ ਨਜਿੱਠਣ ਦੇ ਸਮਰੱਥ ਹੋ ਸਕੇਗਾ।

    ਪਰਮਜੀਤ ਢੀਂਗਰਾ (ਡਾ.)
    94173-58120
    ਭਾਰਤ-ਪਾਕਿਸਤਾਨ ਵੰਡ ਇੱਕ ਅਜਿਹਾ ਨਾਸੂਰ ਹੈ ਜੋ ਸਦੀਆਂ ਤਕ ਰਿਸਦਾ ਰਹੇਗਾ। ਜਿਉਂ ਜਿਉਂ ਇਤਿਹਾਸ ਦੇ ਪੰਨੇ ਖੁੱਲ੍ਹਦੇ ਜਾਣਗੇ, ਨਵੇਂ ਨਵੇਂ ਸਵਾਲ ਪੈਦਾ ਹੁੰਦੇ ਰਹਿਣਗੇ। ਸਦੀਆਂ ਤੋਂ ਇਕੱਠੇ ਰਹਿੰਦੇ, ਇੱਕ ਦੂਜੇ ਨਾਲ ਵਰਤੋਂ ਵਿਹਾਰ ਵਿੱਚ ਸੰਵੇਦਨਾ ਪ੍ਰਗਟ ਕਰਦੇ ਲੋਕਾਂ ਵਿੱਚ ਰਾਤੋ ਰਾਤ ਨਫ਼ਰਤ ਦੀ ਹਨੇਰੀ ਕਿਵੇਂ ਝੁੱਲ ਗਈ ਕਿ ਉਹ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਇੱਕ ਦੂਜੇ ਨਾਲ ਸਬੰਧਾਂ ਵਿੱਚ ਆਏ ਨਿਘਾਰ ਦੀ ਨਿਸ਼ਾਨਦੇਹੀ ਇਤਿਹਾਸ ਨੂੰ ਘੋਖ ਕੇ ਹੀ ਕੀਤੀ ਜਾ ਸਕਦੀ ਹੈ।
    ਦਰਅਸਲ, ਹਿੰਦੂ-ਮੁਸਲਿਮ ਸਬੰਧ ਮੱਧ ਕਾਲ ਤੋਂ ਬੜੇ ਸਹਿਜ ਰੂਪ ਵਿੱਚ ਚੱਲੇ ਆ ਰਹੇ ਸਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਬਹੁਤ ਵੱਡੀ ਗਿਣਤੀ ਲੋਕ ਸੂਫ਼ੀ ਸੰਤਾਂ ਦੀ ਪ੍ਰੇਰਨਾ ਸਦਕਾ ਮੁਸਲਿਮ ਬਣੇ।

     ਜਸਵੰਤ ਸਿੰਘ ਜ਼ਫ਼ਰ, 96461-18209

    ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com