ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐੱਸ.ਏ.ਐੱਸ. ਨਗਰ (ਮੁਹਾਲੀ)  - ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਦੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰਨ ਅਤੇ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਪੁਲੀਸ ਵੱਲੋਂ ਗੋਲੀਆਂ ਚਲਾਉਣ ਦੇ ਗੰਭੀਰ ਦੋਸ਼ ਉਸ ਦਾ ਪਿੱਛਾ ਨਹੀਂ ਛੱਡ ਰਹੇ ਸੀ ਕਿ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਇੱਕ ਸੀਨੀਅਰ ਉੱਚ ਅਧਿਕਾਰੀ ਨੇ ਕੀਤੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਅਪਰਾਧਿਕ ਕੇਸ ਦਰਜ ਕਰਨ ਮਗਰੋਂ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਸੈਣੀ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲੀਸ ਦੀ ਇੱਕ ਟੀਮ ਅੱਜ ਸੁਮੇਧ ਸੈਣੀ ਦੀ ਸੈਕਟਰ-20 ਸਥਿਤ ਰਿਹਾਇਸ਼ ’ਤੇ ਪਹੁੰਚੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਪੁਲੀਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਨਹੀਂ, ਬਲਕਿ ਸਾਬਕਾ ਡੀਜੀਪੀ ਨੂੰ ਸੰਮਨ ਦੇਣ ਗਈ ਹੋਵੇ।
  ਇਸ ਸਬੰਧੀ ਕੋਈ ਵੀ ਸੀਨੀਅਰ ਜਾਂ ਜੂਨੀਅਰ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਉਧਰ, ਪੁਲੀਸ ਦੇ ਆਉਣ ਦੀ ਸੂਚਨਾ ਮਿਲਦੇ ਹੀ ਸੈਣੀ ਦੇ ਵਕੀਲ ਵੀ ਉੱਥੇ ਪਹੁੰਚ ਗਏ ਹਨ, ਪਰ ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸਾਬਕਾ ਡੀਜੀਪੀ ਇਸ ਸਮੇਂ ਆਪਣੀ ਕੋਠੀ ਵਿੱਚ ਸਨ ਜਾਂ ਚੰਡੀਗੜ੍ਹ ਤੋਂ ਬਾਹਰ।
  ਚੰਡੀਗੜ੍ਹ ਵਾਲੀ ਇਸ ਕੋਠੀ ਬਾਰੇ ਪਿਛਲੇ ਦਿਨੀਂ ਵੀ ਕਾਫ਼ੀ ਵਿਵਾਦ ਛਿੜਿਆ ਸੀ। ਕਿਹਾ ਜਾ ਰਿਹਾ ਹੈ ਕਿ ਸੁਮੈਧ ਸੈਣੀ ਵੱਲੋਂ ਇਹ ਕੋਠੀ ਗ਼ਲਤ ਤਰੀਕੇ ਨਾਲ ਖ਼ਰੀਦੀ ਗਈ ਹੈ। ਕੋਠੀ ਦੀ ਰੈਂਟ ਡੀਡ ਅਤੇ ਖ਼ਰੀਦ ਸਬੰਧੀ ਦਸਤਾਵੇਜ਼ਾਂ ਅਤੇ ਪੈਸਿਆਂ ਦਾ ਲੈਣ ਦੇਣ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ। ਮੁਲਤਾਨੀ ਕੇਸ ਵਿੱਚ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਬਲੈਂਕੇਟ ਬੇਲ ਮਿਲੀ ਹੋਈ ਹੈ।

  ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਬਕਾ ਆਗੂ ਅਮਨਜੋਤ ਕੌਰ ਰਾਮੂਵਾਲੀਆ ਸਮੇਤ ਪਾਰਟੀ ਦੇ ਹੋਰ ਸਾਬਕਾ ਆਗੂ ਦਿੱਲੀ ’ਚ ਇੱਕ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਸਿੱਖ ਤੇ ਹੋਰ ਵਰਗਾਂ ਦੇ ਚਿਹਰੇ ਪਾਰਟੀ ’ਚ ਸ਼ਾਮਲ ਕਰਕੇ ਆਪਣੀ ਤਿਆਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
  ਸਾਬਕਾ ਕੇਂਦਰੀ ਮੰਤਰੀ ਤੇ ਹੁਣ ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਐੱਮਐੱਲਸੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਭੁੱਲਰ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਮੈਂਬਰ ਵੀ ਰਹੀ ਹੈ ਤੇ ਉਨ੍ਹਾਂ ਦੇ ਭਾਜਪਾ ਵਿੱਚ ਜਾਣ ਦਾ ਕਦਮ ਹੈਰਾਨ ਕਰਨ ਵਾਲਾ ਮੰਨਿਆ ਜਾ ਰਿਹਾ ਹੈ। ਅਮਨਜੋਤ ਕੌਰ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਆਗੂ ਗੁਰਪ੍ਰੀਤ ਸਿੰਘ ਸ਼ਾਹਪੁਰ, ਚੰਦ ਸਿੰਘ ਚੱਠਾ ਤੇ ਬਲਜਿੰਦਰ ਸਿੰਘ ਡਕੋਹਾ ਨੇ ਵੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ’ਚ ਭਾਜਪਾ ਦਾ ਪੱਲਾ ਫੜ ਲਿਆ। ਪ੍ਰੀਤਮ ਸਿੰਘ ਤੇ ਸਾਬਕਾ ਟੀਵੀ ਐਂਕਰ ਚੇਤਨ ਮੋਹਨ ਜੋਸ਼ੀ ਵੀ ਭਾਜਪਾ ’ਚ ਅੱਜ ਸ਼ਾਮਲ ਹੋ ਗਏ। ਇਸ ਮੌਕੇ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅਜਿਹੇ ਆਗੂਆਂ ਦਾ ਭਾਜਪਾ ’ਚ ਸ਼ਾਮਲ ਹੋਣ ਤੋਂ ਸਾਫ਼ ਹੈ ਪੰਜਾਬ ’ਚ ਸਿਆਸੀ ਹਵਾ ਕਿਸ ਵੱਲ ਚੱਲ ਰਹੀ ਹੈ। ਉਨ੍ਹਾਂ ਕਿਸੇ ਧਿਰ ਦਾ ਨਾਂ ਲਏ ਬਿਨਾਂ ਕਿਹਾ ਕਿ ਦੇਸ਼ ’ਚ ਨਕਾਰੀਆਂ ਗਈਆਂ ਪਾਰਟੀਆਂ ਸੱਤਾ ਖ਼ਾਤਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਦਕਿ ਮੋਦੀ ਸਰਕਾਰ ਕੌਮੀ ਹਿੱਤਾਂ ਤੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ।

  ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਦੇ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਦੁਖੀ ਨਜ਼ਰ ਆਏ। ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮੂਵਾਲੀਆ ਨੇ ਕਿਹਾ ਕਿ ਉਸ ਦੀ ਧੀ ਨੇ ਪੇਕੇ ਪਰਿਵਾਰ ਸਮੇਤ ਪੰਜਾਬ ਅਤੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ ਹੈ। ਇਸ ਗਲਤੀ ਲਈ ਉਹ ਉਸ (ਅਮਨਜੋਤ) ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਨੇ ਆਪਣੀ ਧੀ ਨਾਲ ਸਾਰੇ ਸਬੰਧ ਤੋੜਨ ਦੀ ਗੱਲ ਵੀ ਆਖੀ। ਉਨ੍ਹਾਂ ਨੇ ਅਮਨਜੋਤ ਦੇ ਇਸ ਫ਼ੈਸਲੇ ਨੂੰ ਬੇਸਮਝੀ ਵਾਲਾ ਕਦਮ ਦੱਸਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਬਾਪ ਦੀ ਉਂਗਲ ਫੜ ਕੇ ਰਾਜਨੀਤੀ ਦਾ ਪਹਿਲਾ ਪਾਠ ਧੀ ਨੇ ਸਿੱਖਿਆ, ਉਸ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਰਾਇ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
  ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਦਾ ਨਾਂ ਸਕੂਲ ਸਮੇਂ ਤੋਂ ਅਮਨਜੋਤ ਕੌਰ ਗਿੱਲ ਰਿਹਾ ਹੈ ਅਤੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਸ ਨੇ ਆਪਣੇ ਨਾਮ ਨਾਲ ਰਾਮੂਵਾਲੀਆ ਲਿਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਸਿੱਧ ਕਵੀਸ਼ਰ ਹੋਣ ਦੇ ਨਾਲ-ਨਾਲ ਦੇਸ਼ਭਗਤ ਸਨ ਅਤੇ ਮਾਰਕਸਵਾਦੀ ਵਿਚਾਰਾਂ ਦੇ ਧਾਰਨੀ ਸਨ। ਦੇਸ਼ ਦੀ ਵੰਡ ਵੇਲੇ ਉਨ੍ਹਾਂ ਦੇ ਪਿਤਾ ਦੀ ਉਮਰ 31 ਸਾਲ ਸੀ, ਉਨ੍ਹਾਂ ਨੇ ਆਪਣੀ ਦੇਖ-ਰੇਖ ਵਿੱਚ ਰਾਮੂਵਾਲਾ ਪਿੰਡ ਦੇ ਮੁਸਲਮਾਨਾਂ ਨੂੰ ਫਾਜ਼ਿਲਕਾ ਵਿੱਚ ਸਹੀ ਸਲਾਮਤ ਪਹੁੰਚਾ ਕੇ ਸਰਹੱਦ ਪਾਰ ਕਰਵਾਈ ਸੀ। ਉਨ੍ਹਾਂ ਕਿਹਾ ਕਿ ਉਹ ਵੀ ਸਾਰੀ ਉਮਰ ਆਰਐੱਸਐੱਸ ਅਤੇ ਜਨਸੰਘ ਦੇ ਸਖ਼ਤ ਵਿਰੋਧੀ ਰਹੇ ਪਰ ਉਨ੍ਹਾਂ ਦੀ ਬੇਟੀ ਅਮਨਜੋਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਅੱਜ ਉਨ੍ਹਾਂ ਦੇ ਪਰਿਵਾਰ ਲਈ ਇਹ ਸਭ ਤੋਂ ਮਾੜਾ ਦਿਨ ਹੈ। ਬਲਵੰਤ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ 12 ਦਿਨ ਮਮਤਾ ਬੈਨਰਜੀ ਦੀ ਮਦਦ ਕੀਤੀ, ਪੱਛਮੀ ਬੰਗਾਲ ਵਿੱਚ ਭਾਜਪਾ ਨੇ ‘ਮਹਾਭਾਰਤ’ ਜਿੰਨਾ ਜ਼ੋਰ ਲਗਾਇਆ ਹੋਇਆ ਸੀ ਪਰ ਇਸਦੇ ਬਾਵਜੂਦ ਭਾਜਪਾ ਉੱਥੇ ਹਾਰ ਗਈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਯੂਪੀ ਚੋਣਾਂ ਜਿੱਤਣ ਲਈ ਪਹਿਲਾਂ ਤੋਂ ਵੀ ਵੱਧ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਦੇ ਪਰਿਵਾਰਾਂ ਵਿੱਚ ਫੁੱਟ ਪਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਇਸ ਫੁੱਟ ਦਾ ਲਾਹਾ ਲਿਆ ਜਾ ਸਕੇ। ਭਾਜਪਾ ਨੂੰ ਪਰਿਵਾਰ ਤੋੜਨ ਦੀ ਰਾਜਨੀਤੀ ਕਾਫ਼ੀ ਮਹਿੰਗੀ ਪਵੇਗੀ। ਉਨ੍ਹਾਂ ਨੇ ਆਪਣੀ ਧੀ ਨੂੰ ਭਵਿੱਖ ਆਪਣੇ ਨਾਮ ਨਾਲ ਰਾਮੂਵਾਲੀਆ ਸ਼ਬਦ ਲਿਖਣ ਤੋਂ ਵਰਜਦਿਆਂ ਕਿਹਾ ਕਿ ਉਹ ਵਿਆਹ ਤੋਂ ਬਾਅਦ ਉਸ ਦਾ ਹੁਣ ਰਾਮੂਵਾਲੀਆ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਲਿਹਾਜ਼ਾ ਹੁਣ ਉਹ ਸਿਆਸੀ ਮੈਦਾਨ ਵਿੱਚ ਅਮਨਜੋਤ ਕੌਰ ਵਜੋਂ ਵਿਚਰੇ ਕਿਉਂਕਿ ਹੁਣ ਰਾਮੂਵਾਲੀਆ ਪਰਿਵਾਰ ਨੇ ਵੀ ਅਮਨਜੋਤ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਉਂਜ ਉਨ੍ਹਾਂ ਨੇ ਆਪਣੀ ਧੀ ਨੂੰ ਕਿਸਾਨਾਂ ਤੋਂ ਜਨਤਕ ਮੁਆਫ਼ੀ ਮੰਗਣ ਦੀ ਵੀ ਸਲਾਹ ਦਿੱਤੀ।

  ਚੰਡੀਗੜ੍ਹ - ਪੰਜਾਬ ’ਚ ਲੰਮੇ ਅਰਸੇ ਮਗਰੋਂ ਸਰਕਾਰੀ ਸਕੂਲ ਮੁੜ ਖੁੱਲ੍ਹ ਗਏ ਹਨ ਜਿਨ੍ਹਾਂ ’ਚ ਬੱਚਿਆਂ ਦੀ ਹਾਜ਼ਰੀ ਕਿਤੇ ਭਰਵੀਂ ਅਤੇ ਕਿਤੇ ਘੱਟ ਰਹੀ। ਬਹੁਤੇ ਸਮਾਰਟ ਸਕੂਲਾਂ ਵਿੱਚ ਬੱਚਿਆਂ ਦਾ ਸਵਾਗਤ ਸਟਾਫ਼ ਨੇ ਤਾੜੀਆਂ ਮਾਰ ਕੇ ਕੀਤਾ। ਕਈ ਸਰਕਾਰੀ ਸਕੂਲ ਬੱਚਿਆਂ ਦੇ ਸਵਾਗਤ ’ਚ ਸਜਾਏ ਗਏ ਸਨ। ਅੰਦਾਜ਼ੇ ਮੁਤਾਬਕ ਸਰਕਾਰੀ ਸਕੂਲਾਂ ਵਿੱਚ ਅੱਜ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ 60 ਤੋਂ 70 ਫ਼ੀਸਦੀ ਤੱਕ ਰਹੀ ਹੈ। ਪੰਜਾਬ ਵਿੱਚ ਕਰੀਬ 19,500 ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚ ਲਗਪਗ 22 ਲੱਖ ਵਿਦਿਆਰਥੀ ਪੜ੍ਹਦੇ ਹਨ।
  ਮੁਹਾਲੀ ਦੇ ਇੱਕ ਸਕੂਲ ਅਧਿਆਪਕ ਹਰਪਾਲ ਸਿੰਘ ਬਾਜਕ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਅੱਜ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨਾਲ ਸਕੂਲ ਖੁੱਲ੍ਹੇ ਹਨ। ਫਾਜ਼ਿਲਕਾ ਦੇ ਪਿੰਡ ਚਾਨਣ ਵਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਬੱਚਿਆਂ ਦੇ ਸਵਾਗਤ ਵਿੱਚ ਸਜਾਇਆ ਹੋਇਆ ਸੀ ਅਤੇ ਸਕੂਲ ਕੈਂਪਸ ਵਿੱਚ ਚਾਰੇ ਪਾਸੇ ਗੁਬਾਰੇ ਲਾਏ ਗਏ ਸਨ। ਸਿੱਖਿਆ ਮਹਿਕਮੇ ਤਰਫੋਂ ਅੱਜ ਭੇਜੀਆਂ ਟੀਮਾਂ ਨੇ ਸਕੂਲਾਂ ਵਿੱਚ ਜਾਇਜ਼ਾ ਵੀ ਲਿਆ। ਪਟਿਆਲਾ ਦੇ ਪਿੰਡ ਟੌਹੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਪਹਿਲੇ ਦਿਨ ਹਾਜ਼ਰੀ 65 ਫ਼ੀਸਦੀ ਰਹੀ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਗਈ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਰਿਉਂਦ ਕਲਾਂ ਦੇ ਸਕੂਲ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਸਕੂਲ ਵਿੱਚ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ 90 ਫ਼ੀਸਦੀ ਹੋਣ ਦੀ ਗੱਲ ਆਖੀ ਹੈ।
  ਮੁਹਾਲੀ ਦੇ ਡੇਰਾਬੱਸੀ ਬਲਾਕ ਦੇ ਸਕੂਲਾਂ ਵਿੱਚ ਹਾਜ਼ਰੀ 67 ਫ਼ੀਸਦੀ ਰਹੀ ਜਦਕਿ ਪੰਡਵਾਲਾ ਸੈਂਟਰ ਦੇ ਸਕੂਲਾਂ ਵਿੱਚ ਹਾਜ਼ਰੀ 49 ਫ਼ੀਸਦੀ ਹੀ ਰਹੀ। ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਅਧਿਆਪਕਾਂ ਅਤੇ ਬੱਚਿਆਂ ਦੇ ਟੀਕਾਕਰਨ ਬਾਰੇ ਸਬੰਧਤ ਡੀਸੀ ਨੂੰ ਸੂਚਿਤ ਕੀਤਾ ਜਾਵੇ।
  ਲੁਧਿਆਣਾ ਦੇ ਭੈਣੀ ਬਰਿੰਗਾਂ ਸਕੂਲ ਵਿੱਚ ਅੱਜ ਹਾਜ਼ਰੀ 61 ਫੀਸਦੀ ਦੇ ਕਰੀਬ ਰਹੀ। ਪਤਾ ਲੱਗਾ ਹੈ ਕਿ ਸ਼ਹਿਰੀ ਸਕੂਲਾਂ ਵਿੱਚ ਮਾਪਿਆਂ ਨੇ ਛੋਟੇ ਬੱਚਿਆਂ ਨੂੰ ਹਾਲੇ ਸਕੂਲਾਂ ਵਿੱਚ ਭੇਜਣ ਤੋਂ ਗੁਰੇਜ਼ ਵੀ ਕੀਤਾ ਹੈ।
  ਸਕੂਲ ਪ੍ਰਬੰਧਕ ਕਾਫ਼ੀ ਚੌਕਸ ਦਿਖਾਈ ਦਿੱਤੇ ਕਿਉਂਕਿ ਜਦੋਂ ਕਰੋਨਾ ਦੀ ਦੂਜੀ ਲਹਿਰ ਆਈ ਤਾਂ ਉਦੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਇੱਕ ਸਕੂਲ ਦੇ ਕਰੀਬ 60 ਬੱਚੇ ਲਪੇਟ ਵਿੱਚ ਆ ਗਏ ਸਨ। ਗੁਰਦਾਸਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਮਸਾਣੀਆ ਦੀ ਲੈਕਚਰਾਰ ਸੁਖਜਿੰਦਰ ਕੌਰ ਦਾ ਕਹਿਣਾ ਸੀ ਕਿ ਅੱਜ ਇਕੱਲੇ ਅਧਿਆਪਕ ਨਹੀਂ, ਬੱਚੇ ਵੀ ਕਾਫ਼ੀ ਖ਼ੁਸ਼ ਸਨ।

  ਰੂਪਨਗਰ - ਇੱਥੇ ਗੁਰਮਤਿ ਵਿਚਾਰ ਮੰਚ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੰਚ ਦੇ ਮੈਂਬਰਾਂ ਵੱਲੋਂ ਸਿੱਧੂ ’ਤੇ ਸਿਰੋਪਾਓ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਗਏ।
  ਇਸ ਦੌਰਾਨ ਸੰਬੋਧਨ ਕਰਦਿਆਂ ਮੰਚ ਦੇ ਕਨਵੀਨਰ ਨਿਰਮਲ ਸਿੰਘ ਲੋਦੀਮਾਜਰਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾ ਨੇ ਸਿਰੋਪਾਓ ਦੀ ਹੋ ਰਹੀ ਬੇਅਦਬੀ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਕਾਫਲੇ ਦੇ ਰੂਪ ਵਿੱਚ ਅੰਮ੍ਰਿਤਸਰ ਪਹੁੰਚੇ ਸਨ ਤਾਂ ਉਨ੍ਹਾਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਸਿਰੋਪਾਓ ਦਿੱਤੇ ਗਏ ਸਨ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਆਪਣੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਗੁਰੂ ਘਰ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਭੁਲਾ ਕੇ ਉਨ੍ਹਾਂ ਦੇ ਗਲੇ ਵਿੱਚ ਪਾਏ ਸਿਰੋਪਿਆਂ ਨੂੰ ਉਲਾਰ ਕੇ ਲੋਕਾਂ ਵੱਲ ਸੁੱਟਦੇ ਵੇਖੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਗੁਰਮਤਿ ਵਿਚਾਰ ਮੰਚ ਵੱਲੋਂ ਸੰਗਤ ਨੂੰ ਨਾਲ ਲੈ ਕੇ ਸਥਾਨਕ ਬੇਲਾ ਚੌਕ ਵਿੱਚ ਮੁਜ਼ਾਹਰਾ ਕਰ ਕੇ ਇਸ ਗੱਲ ਖ਼ਿਲਾਫ਼ ਜਿੱਥੇ ਰੋਸ ਪ੍ਰਗਟਾਇਆ ਗਿਆ ਉੱਥੇ ਹੀ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
  ਮੰਚ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਾਹੀਂ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇੱਕ ਸ਼ਿਕਾਇਤ ਪੱਤਰ ਵੀ ਭੇਜਿਆ ਗਿਆ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਭੇਜੇ ਗਏ ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਇਹ ਮਰਿਆਦਾ ਕਾਇਮ ਕੀਤੀ ਜਾਵੇ ਕਿ ਸਿਰੋਪਾਓ ਸਿਰਫ਼ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਗੁਰੂ ਘਰਾਂ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਸੰਗਤ ਦੀ ਹਾਜ਼ਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਵੇ। ਇਸ ਮੌਕੇ ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਧਿਆਨ ਸਿੰਘ, ਬਦਨ ਸਿੰਘ, ਹਰਿੰਦਰ ਸਿੰਘ ਲੋਦੀਮਾਜਰਾ, ਬਲਵਿੰਦਰ ਸੈਣੀ ਸ਼ਾਮਪੁਰੀ ਤੇ ਜਸਕਰਨ ਸਿੰਘ ਆਦਿ ਸਮੇਤ ਸੰਗਤ ਹਾਜ਼ਰ ਸੀ।

  ਅੰਮ੍ਰਿਤਸਰ - ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਸਬੰਧੀ ਸੂਬਾ ਸਰਕਾਰ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਦਾ ਇੱਕ ਹੋਰ ਮੌਕਾ ਦਿੰਦਿਆਂ 11 ਅਗਸਤ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਭਾਈ ਮੰਡ ਨੇ ਆਪਣੇ ਸਾਥੀਆਂ ਸਮੇਤ ਪੰਜ ਪਿਆਰਿਆਂ ਦੇ ਰੂਪ ਵਿੱਚ 23 ਜੁਲਾਈ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ 2 ਅਗਸਤ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ ਪਰ ਇਨ੍ਹਾਂ ’ਚੋਂ ਕੋਈ ਵੀ ਹਾਜ਼ਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੇ ਬਰਗਾੜੀ ਮੋਰਚੇ ਦੌਰਾਨ ਸਰਕਾਰੀ ਨੁਮਾਇੰਦੇ ਬਣ ਕੇ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਹ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਸੰਗਤ ਨਾਲ ਕੀਤੇ ਵਾਅਦੇ ਤੋਂ ਭੱਜ ਗਈ ਹੈ ਅਤੇ ਹੁਣ ਤੱਕ ਨਿਆਂ ਨਹੀਂ ਮਿਲਿਆ। ਬੇਅਦਬੀ ਮਾਮਲੇ ਸਬੰਧੀ ਲਾਏ ਗਏ ਮੋਰਚੇ ਨਾਲ ਮਜ਼ਾਕ ਕਰਨ ਅਤੇ ਸਮੁੱਚੀ ਕੌਮ ਨਾਲ ਧੋਖਾ ਕਰਨ ਦੇ ਦੋਸ਼ ਹੇਠ ਇਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
  ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇੱਥੇ ਆਪਣਾ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਅਕਾਲ ਤਖ਼ਤ ’ਤੇ ਪੇਸ਼ ਹੋਣਾ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਵਿੱਚ ਗੁਰੂ ਦਾ ਭੈਅ ਅਤੇ ਸਤਿਕਾਰ ਨਹੀਂ ਹੈ। ਇਸ ਨਾਲ ਉਹ ਪਹਿਲਾਂ ਕੀਤੀ ਵਾਅਦਾਖ਼ਿਲਾਫ਼ੀ ਵੀ ਕਬੂਲ ਕਰ ਰਹੇ ਹਨ ਅਤੇ ਪਰੰਪਰਾਵਾਂ ਦੀ ਉਲੰਘਣਾ ਕਰਨ ਦਾ ਗੁਨਾਹ ਵੀ ਕਰ ਰਹੇ ਹਨ। ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਅਕਾਲ ਤਖ਼ਤ ਵੱਲੋਂ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਇਹ ਪੰਜ ਸਰਕਾਰੀ ਨੁਮਾਇੰਦੇ 11 ਅਗਸਤ ਨੂੰ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਦੇ ਸਕਦੇ ਹਨ। ਉਨ੍ਹਾਂ ਲਈ ਇਹ ਆਖ਼ਰੀ ਮੌਕਾ ਹੈ। ਇਸ ਤੋਂ ਬਾਅਦ ਸਿੱਖ ਪਰੰਪਰਾਵਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਾਲ ਪੰਜ ਪਿਆਰਿਆਂ ਵਜੋਂ ਬਾਬਾ ਹਿੰਮਤ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਗੁਰਸੇਵਕ ਸਿੰਘ ਅਤੇ ਬਾਬਾ ਨਛੱਤਰ ਸਿੰਘ ਵੀ ਹਾਜ਼ਰ ਸਨ।

  ਚੰਡੀਗੜ੍ਹ - 105 ਸਾਲਾਂ ਅਥਲੀਟ ਬੇਬੇ ਮਾਨ ਕੌਰ ਨੂੰ ਚੰਡੀਗੜ੍ਹ ਦੇ ਸੈਕਟਰ-25 ਵਿੱਚ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਦੋਵੇਂ ਪੁੱਤ ਗੁਰਦੇਵ ਸਿੰਘ ਤੇ ਮਨਜੀਤ ਸਿੰਘ ਅਤੇ ਧੀ ਅੰਮ੍ਰਿਤ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸ਼ਰਧਾਂਜਲੀ ਦੇਣ ਪਹੁੰਚੇ, ਜਦਕਿ ਦੇਸ਼ ਦਾ ਨਾਮ ਦੁਨਿਆ ਵਿੱਚ ਚਮਕਾਉਣ ਵਾਲੀ ਬੇਬੇ ਮਾਨ ਕੌਰ ਦੇ ਅੰਤਿਮ ਸੰਸਕਾਰ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ।

  ਲੰਡਨ - ਡੇਢ ਸਾਲ ਤੋਂ ਦੁਨੀਆ ਭਰ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਦਾ ਇਕ ਹੋਰ ਵੀ ਘਾਤਕ ਰੂਪ ਸਾਹਮਣੇ ਆ ਸਕਦਾ ਹੈ | ਬਿ੍ਟੇਨ ਦੇ ਵਿਗਿਆਨਕ ਸਲਾਹਕਾਰ ਸਮੂਹ ਫਾਰ ਐਮਰਜੈਂਸੀ ਦੀ ਇਕ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਵੇਂ ਵਾਇਰਸ ਕਾਰਨ ਮੌਤ ਦਰ 35% ਹੋ ਸਕਦੀ ਹੈ | ਇਸ ਸਮੂਹ 'ਚ ਸ਼ਾਮਿਲ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਵਾਇਰਸ ਬਹੁਤ ਲੰਮੇ ਸਮੇਂ ਤੱਕ ਰਹਿੰਦਾ ਹੈ, ਤਾਂ ਇਸ 'ਚ ਪਰਿਵਰਤਨ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ | ਇਹੀ ਕੁਝ ਬਿ੍ਟੇਨ 'ਚ ਹੋ ਰਿਹਾ ਹੈ | ਵਿਗਿਆਨੀਆਂ ਦਾ ਕਹਿਣਾ ਹੈ ਕਿ ਬਿ੍ਟੇਨ ਨੂੰ ਸਰਦੀਆਂ ਤੱਕ ਬੂਸਟਰ ਟੀਕਾ ਲਿਆਉਣਾ ਪਏਗਾ, ਵਾਇਰਸ ਦੇ ਨਵੇਂ ਰੂਪਾਂ ਨੂੰ ਵਿਦੇਸ਼ਾਂ ਤੋਂ ਆਉਣ ਤੋਂ ਰੋਕਣਾ ਪਏਗਾ ਅਤੇ ਉਨ੍ਹਾਂ ਜਾਨਵਰਾਂ ਨੂੰ ਵੀ ਮਾਰਨਾ ਪੈ ਸਕਦਾ ਹੈ ਜਿਨ੍ਹਾਂ 'ਚ ਵਾਇਰਸ ਹੋ ਸਕਦਾ ਹੈ | ਵਿਗਿਆਨੀਆਂ ਨੇ ਆਉਣ ਵਾਲੇ ਸਮਿਆਂ ਦੀਆਂ ਸੰਭਾਵਨਾਵਾਂ ਬਾਰੇ ਇਕ ਪੇਪਰ ਜਾਰੀ ਕੀਤਾ ਹੈ, ਜਿਸ 'ਚ ਇਸ 'ਸੁਪਰ-ਮਿਊਟੈਂਟ' ਰੂਪ ਦੇ ਖਤਰੇ ਬਾਰੇ ਦੱਸਿਆ ਗਿਆ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲਾ ਸਟ੍ਰੇਨ ਦੱਖਣੀ ਅਫਰੀਕਾ 'ਚ ਪਾਇਆ ਗਿਆ ਬੀਟਾ ਅਤੇ ਕੈਂਟ 'ਚ ਪਾਇਆ ਗਿਆ ਅਲਫ਼ਾ ਜਾਂ ਭਾਰਤ 'ਚ ਪਾਇਆ ਗਿਆ ਡੈਲਟਾ ਰੂਪ ਨੂੰ ਮਿਲ ਕੇ ਬਣਿਆ, ਤਾਂ ਇਹ ਟੀਕਿਆਂ ਨੂੰ ਵੀ ਬੇਅਸਰ ਕਰ ਦੇਵੇਗਾ | ਇਸ ਕਾਰਨ ਮੌਤ ਦਰ ਵਧਣ ਦੀ ਵੀ ਸੰਭਾਵਨਾ ਹੈ | ਹਾਲਾਂਕਿ, ਟੀਮ ਦਾ ਕਹਿਣਾ ਹੈ ਕਿ ਟੀਕੇ ਨੂੰ ਬੇਅਸਰ ਕਰਨ ਲਈ ਸਿਰਫ ਇਕ ਬਹੁਤ ਸ਼ਕਤੀਸ਼ਾਲੀ ਰੂਪ ਦੀ ਜ਼ਰੂਰਤ ਹੋਏਗੀ |

  ਕਾਲਾਂਵਾਲੀ -  ਸਿੱਖ ਮਰਯਾਦਾ ਨੂੰ ਪਾਸੇ ਕਰਕੇ ਭਾਜਪਾ ਆਗੂ ਨੂੰ ਰੋਕਣ ਲਈ ਕਿਸਾਨ ਯੂਨੀਅਨ ਨੇ ਗੁਰਦੁਆਰੇ ਅੱਗੇ ਧਰਨਾ ਲਾ ਦਿੱਤਾ। ਇੱਥੋਂ ਨੇੜਲੇ ਪਿੰਡ ਦਾਦੂ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਮਿਲਣ ਲਈ ਆਉਣਾ ਸੀ ਪਰ ਜਿਉਂ ਹੀ ਇਸ ਦੀ ਭਿਣਕ ਇਲਾਕੇ ਦੇ ਕਿਸਾਨਾਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਦਾਦੂ ਵਿੱਚ ਇਕੱਠੇ ਹੋਣੇ ਲੱਗੇ। ਕਿਸਾਨਾਂ ਨੇ ਭਾਜਪਾ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਤੇ ਥੋੜੇ ਹੀ ਸਮੇਂ ਵਿੱਚ ਪਿੰਡ ਦਾਦੂ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ। ਇਸ ਮਗਰੋਂ ਕਿਸਾਨਾਂ ਨੇ ਪਿੰਡ ਦੇ ਗੁਰਦੁਆਰੇ ਅੱਗੇ ਧਰਨਾ ਲਾ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
  ਕਿਸਾਨ ਆਗੂ ਲਖਵਿੰਦਰ ਸਿੰਘ ਔਲਖ, ਗੁਰਦਾਸ ਸਿੰਘ ਲੱਕੜਵਾਲੀ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਭਾਜਪਾ ਦੇ ਆਗੂਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਜੈ ਸਾਂਪਲਾ ਦੇ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨ ਦੀ ਸੂਹ ਮਿਲਦਿਆਂ ਹੀ ਵੱਡੀ ਗਿਣਤੀ ’ਚ ਕਿਸਾਨ ਆਪਣੇ ਪੱਧਰ ’ਤੇ ਇਕੱਠੇ ਹੋ ਗਏ। ਕਿਸਾਨਾਂ ਨੇ ਪਿੰਡ ਦਾਦੂ ਵਿੱਚ ਆਉਣ ਵਾਲੀਆਂ ਸਾਰੀਆਂ ਸੜਕਾਂ ਅਤੇ ਹੋਰ ਰਸਤਿਆਂ ’ਤੇ ਟਰੈਕਟਰ-ਟਰਾਲੀਆਂ ਲਾ ਕੇ ਰਾਹ ਬੰਦ ਕਰ ਦਿੱਤੇ ਤਾਂ ਜੋ ਕੋਈ ਵੀ ਬਾਹਰੋਂ ਪਿੰਡ ਵਿੱਚ ਦਾਖਲ ਨਾ ਹੋ ਸਕੇ। ਇਸ ਮੌਕੇ ਕਿਸਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਹਿੱਤ ਭਾਰੀ ਗਿਣਤੀ ਵਿਚ ਆਰਏਐੱਫ ਅਤੇ ਹਰਿਆਣਾ ਪੁਲੀਸ ਤੈਨਾਤ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਭਾਜਪਾ ਆਗੂ ਵਿਜੈ ਸਾਂਪਲਾ ਪਿੰਡ ਦਾਦੂ ਨਹੀਂ ਆਏ ਸਨ। ਆਗੂਆਂ ਨੇ ਕਿਹਾ ਕਿ ਉਹ ਦੇਰ ਰਾਤ ਤੱਕ ਧਰਨਾ ਜਾਰੀ ਰੱਖਣਗੇ।
  ਤਲਵੰਡੀ ਸਾਬੋ - ਪਿੰਡ ਦਾਦੂ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਜਾ ਰਹੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੂੰ ਤਲਵੰਡੀ ਸਾਬੋ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਭਾਜਪਾ ਆਗੂ ਦਾ ਰਾਹ ਰੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਲੱਗਦਿਆਂ ਹੀ ਭਾਰੀ ਪੁਲੀਸ ਫੋਰਸ ਨੇ ਧੱਕਾ-ਮੁੱਕੀ ਤੇ ਖਿੱਚ-ਧੂਹ ਕਰਕੇ ਕਿਸਾਨਾਂ ਨੂੰ ਰਸਤੇ ਵਿੱਚੋਂ ਹਟਾ ਕੇ ਵਿਜੈ ਸਾਂਪਲਾ ਨੂੰ ਲੰਘਾਇਆ ਤੇ ਪੁਲੀਸ ਭਾਜਪਾ ਆਗੂ ਨੂੰ ਸੁਰੱਖਿਅਤ ਹਰਿਆਣਾ ਦੀ ਹੱਦ ਤੱਕ ਛੱਡ ਕੇ ਆਈ। ਰੋਹ ਵਿੱਚ ਆਏ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਵਿਜੈ ਸਾਂਪਲਾ ਦਾ ਰੋੜੀ ਰੋਡ ਸਥਿਤ ਇੱਕ ਮੈਰਿਜ ਪੈਲੇਸ ਤੱਕ ਮੋਟਰਸਾਈਕਲਾਂ ’ਤੇ ਪਿੱਛਾ ਵੀ ਕੀਤਾ। ਕਿਸਾਨਾਂ ਦੀ ਅਗਵਾਈ ਕਰ ਰਹੇ ਬੀਕੇਯੂ (ਉਗਰਾਹਾਂ)ਦੇ ਬਲਾਕ ਪ੍ਰਧਾਨ ਬਿੰਦਰ ਸਿੰਘ ਜੋਗੇਵਾਲਾ ਨੇ ਕਿਹਾ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ ਆਗੂਆਂ, ਮੰਤਰੀਆਂ ਦਾ ਵਿਰੋਧ ਜਾਰੀ ਰਹੇਗਾ। ਕਿਸਾਨਾਂ ਨੇ ਅੱਜ ਵਿਰੋਧ ਮੌਕੇ ਪੁਲੀਸ ’ਤੇ ਕਥਿਤ ਲਾਠੀਚਾਰਜ ਕਰਨ ਦੇ ਦੋਸ਼ ਵੀ ਲਾਏ ਪਰ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਨੇ ਸਿੱਖਾਂ ਅਤੇ ਪੰਜਾਬੀਆਂ ਨਾਲ ਸਬੰਧਤ ਪੁਰਾਤਨ ਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਸਿੱਖ ਆਰਕਾਈਵਜ਼ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨੂੰ ਪਟਿਆਲਾ ਵਿੱਚ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚਿਊਟ’ ਬਹਾਦਰਗੜ੍ਹ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਦਾ ਖੁਲਾਸਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਅਤੇ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਮਗਰੋਂ ਕੀਤਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਬ-ਕਮੇਟੀ ਵੱਲੋਂ ਵਿਸਥਾਰਤ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਨੂੰ ਲਾਗੂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਲਈ ਸਿੱਖ ਆਰਕਾਈਵਜ਼ ਪ੍ਰਾਜੈਕਟ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਇਸ ਵਿੱਚ ਇੰਗਲੈਂਡ ਵਾਸੀ ਮਰਹੂਮ ਸਿੱਖ ਵਿਦਵਾਨ ਡਾ. ਦਰਸ਼ਨ ਸਿੰਘ ਦਾ ਅਹਿਮ ਯੋਗਦਾਨ ਹੈ। ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਹੇਠ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ, ਪਹਿਲੀ ਤੇ ਦੂਜੀ ਵਿਸ਼ਵ ਜੰਗ, ਆਜ਼ਾਦੀ ਦੀ ਜੰਗ ਲਈ ਵਿਦੇਸ਼ ਵਿੱਚ ਚੱਲੀ ਲਹਿਰ, ਦੇਸ਼ ਵੰਡ, ਸਾਕਾ ਨੀਲਾ ਤਾਰਾ ਆਦਿ ਨਾਲ ਸਬੰਧਤ ਅਹਿਮ ਦਸਤਾਵੇਜ਼ ਸੰਭਾਲੇ ਜਾਣਗੇ। ਐਜੂਕੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਵਿੱਦਿਅਕ ਅਦਾਰਿਆਂ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਸਬੰਧੀ ਫ਼ੈਸਲੇ ਲਏ ਗਏ।

  ਚੰਡੀਗੜ੍ਹ - ਬਹਿਬਲ ਕਲਾਂ ਗੋਲੀਕਾਂਡ ਵਿੱਚ ਗੋਲੀ ਲੱਗਣ ਕਰਕੇ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ, ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਅਤੇ ਅਜੀਤ ਸਿੰਘ ਨੇ ਇੱਥੇ ਪ੍ਰੈੱਸ ਕਾਨਫਰੰਸ ਕੀਤੀ। ਪੀੜਤ ਪਰਿਵਾਰ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਸਿਆਸੀ ਧਿਰਾਂ ਬੇਅਦਬੀ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਨਾਮ ’ਤੇ ਰਾਜਨੀਤੀ ਕਰ ਰਹੀਆਂ ਹਨ, ਜਿਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
  ਸੁਖਰਾਜ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਸਰਕਾਰ ਖ਼ਿਲਾਫ਼ ਬੇਅਦਬੀ ਸਬੰਧੀ ਬਹੁਤ ਟਵੀਟ ਕੀਤੇ ਅਤੇ ਫੇਸਬੁੱਕ ’ਤੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਜਿਸ ਦਿਨ ਤੋਂ ਹਾਈ ਕਮਾਂਡ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਹੈ, ਉਸ ਦਿਨ ਤੋਂ ਉਹ ਵੀ ਚੁੱਪ ਹੋ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਦੇ ਮੁੱਦੇ ਨੂੰ ਵਰਤ ਕੇ ਪ੍ਰਧਾਨਗੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਕਹਿ ਰਹੇ ਹਨ ਕਿ ਪੰਜਾਬ ਦੀ ਸੱਤਾ ਦਾ ਰਾਹ ਕੋਟਕਪੂਰਾ ਅਤੇ ਬਹਿਬਲ ਕਲਾਂ ਤੋਂ ਹੋ ਕੇ ਜਾਂਦਾ ਹੈ।
  ਪੀੜਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਕਈ ਵਾਰ ਜਾਂਚ ਕਮੇਟੀਆਂ ਬਣ ਚੁੱਕੀਆਂ ਹਨ ਪਰ ਜਾਂਚ ਦਾ ਸਿੱਟਾ ਕੋਈ ਨਹੀਂ ਨਿਕਲ ਸਕਿਆ। ਜਾਂਚ ਕਮੇਟੀਆਂ ਵੱਲੋਂ ਨਾਮਜ਼ਦ ਕੀਤੇ ਸਾਰੇ ਪੁਲੀਸ ਅਧਿਕਾਰੀਆਂ ਨੂੰ ਵਾਰੀ-ਵਾਰੀ ਕਰਕੇ ਕੇਸ ਦੀ ਜਾਂਚ ਵਿੱਚੋਂ ਬਾਹਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਨਾਮਜ਼ਦ ਕੀਤਾ ਜਾਵੇ। ਕੇਸ ਦੀ ਜਾਂਚ ਦੌਰਾਨ ਬਾਹਰ ਕੱਢੇ ਗਏ ਪੁਲੀਸ ਅਧਿਕਾਰੀਆਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com