ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅੰਮ੍ਰਿਤਸਰ - ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਖਤ ਦੇ ਪੰਜ ਪਿਆਰਿਆਂ ਵੱਲੋਂ ਰਿਹਾਇਸ਼ ਖਾਲੀ ਕਰਨ ਦੇ ਆਦੇਸ਼ ਨੂੰ ਰੱਦ ਕਰਦਿਆਂ ਰਿਹਾਇਸ਼ ਖਾਲੀ ਕਰਨ ਤੋਂ ਨਾਂਹ ਕਰ ਦਿੱਤੀ ਹੈ।
    ਗਿਆਨੀ ਇਕਬਾਲ ਸਿੰਘ ਨੇ ਤਖ਼ਤ ਦੇ ਪੰਜ ਸਿੰਘ ਸਾਹਿਬਾਨ ਨੂੰ ਭੇਜੇ ਜਵਾਬੀ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਕਥਿਤ ਅਸਤੀਫ਼ੇ ਅਤੇ ਮਨਜ਼ੂਰੀ ਦਾ ਮਾਮਲਾ ਇਸ ਵੇਲੇ ਪਟਨਾ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਦੋਂ ਤੱਕ ਅਦਾਲਤ ਵੱਲੋਂ ਕੋਈ ਫ਼ੈਸਲਾ ਨਹੀਂ ਹੁੰਦਾ, ਉਹ ਤਖਤ ਸ੍ਰੀ ਪਟਨਾ ਸਾਹਿਬ ਦੇ ਕਾਨੂੰਨੀ ਤੌਰ ’ਤੇ ਜਥੇਦਾਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਨਿਰਣਾ ਕੀਤਾ ਹੋਇਆ ਹੈ ਕਿ ਅਜਿਹਾ ਕੋਈ ਵੀ ਮਾਮਲਾ, ਜੋ ਅਦਾਲਤ ਵਿੱਚ ਹੈ, ਉਸ ਬਾਰੇ ਪੰਜ ਸਿੰਘ ਸਾਹਿਬਾਨ ਕੋਈ ਫ਼ੈਸਲਾ ਨਹੀਂ ਕਰਨਗੇ। ਗਿਆਨੀ ਇਕਬਾਲ ਸਿੰਘ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ 3 ਮਾਰਚ, 2019 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਪ੍ਰਬੰਧਕ ਕਮੇਟੀ ਨੂੰ ਰਿਹਾਇਸ਼ ਖ਼ਾਲੀ ਕਰਾਉਣ ਸਬੰਧੀ ਮਾਮਲਿਆਂ ਦੀ ਜਾਣਕਾਰੀ ਸੰਗਤਾਂ ਦੀ ਕਚਹਿਰੀ 'ਚ ਰੱਖਦਿਆਂ ਪੰਜ ਸਿੰਘ ਸਾਹਿਬਾਨ ਨੇ ਲਿਖਿਆ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਭ ਸੰਗਤਾਂ ਅਤੇ ਤਮਾਮ ਮੀਡੀਆ ਦੀ ਹਾਜ਼ਰੀ ਵਿਚ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਜੋ ਕਿ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਨ ਕੀਤਾ ਗਿਆ ਅਤੇ ਅਗਲੇ ਪ੍ਰਬੰਧਾਂ ਲਈ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੂੰ ਬਤੌਰ ਜਥੇਦਾਰ ਆਦੇਸ਼ ਦਿੱਤਾ ਗਿਆ | ਇਸ ਸਬੰਧੀ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਦੁਆਰਾ ਨੰ. ਤਪਸ 36/ਈ 3058/2019 ਮਿਤੀ 05/03/ 2019 ਦਿੱਤਾ ਗਿਆ ਜਿਸ 'ਚ-ਬਾ-ਕਾਇਦਾ ਸਾਬਕਾ ਜਥੇਦਾਰ ਦਾ ਅਸਤੀਫ਼ਾ ਪ੍ਰਵਾਨ ਕਰਨ ਬਾਰੇ ਜ਼ਿਕਰ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਅਸਤੀਫ਼ਾ ਦਿੱਤਾ ਵੀ ਗਿਆ ਅਤੇ ਪ੍ਰਵਾਨ ਵੀ ਹੋਇਆ, ਜਿਸ 'ਤੇ ਹੁਣ ਬੇਲੋੜਾ ਵਿਵਾਦ ਪੈਦਾ ਕਰਨਾ ਅਣਉੱਚਿਤ ਹੈ ਅਤੇ ਤਖ਼ਤ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਹੈ | ਇਸ ਲਈ ਦੋਹਾਂ ਧਿਰਾਂ ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਪੰਥ ਦੇ ਵਡੇਰੇ ਹਿੋਤਾਂ ਨੂੰ ਮੁੱਖ ਰੱਖਦਿਆਂ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਖ਼ਤ ਸਾਹਿਬ ਵਿਚਲੀ ਰਿਹਾਇਸ਼ ਤੁਰੰਤ ਖ਼ਾਲੀ ਕਰ ਦੇਣ ਅਤੇ ਪ੍ਰਬੰਧਕ ਕਮੇਟੀ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਤੁਰੰਤ ਦੇ ਕੇ ਵਿਦਾ ਕਰੇ | ਦੋਹਾਂ ਧਿਰਾਂ ਨੂੰ ਆਦੇਸ਼ ਇਹ ਵੀ ਹੈ ਕਿ ਆਪਸੀ ਗੱਲਬਾਤ ਸਿੱਖੀ ਸਿਧਾਂਤਾਂ ਅਨੁਸਾਰ ਸਾਰਥਕ ਢੰਗ ਨਾਲ ਪਿਆਰ ਅਤੇ ਸਤਿਕਾਰ ਸਹਿਤ ਕੀਤੀ ਜਾਵੇ | ਪੰਜ ਸਿੰਘ ਸਾਹਿਬਾਨ ਵਿਚ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਗਿਆਨੀ ਰਾਜਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਗਿਆਨੀ ਦਿਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਸ਼ਾਮਿਲ ਸਨ |

    ਬੱਧਨੀ ਕਲਾਂ (ਮੋਗਾ) - ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਸਰਕਾਰ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਊਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਕੋਈ ਸਰਕਾਰ ਜਾਂ ਮੋਦੀ ਨਹੀਂ ਸਗੋਂ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀ ਚਲਾ ਰਹੇ ਹਨ। ਊਨ੍ਹਾਂ ਕਿਹਾ ਕਿ ਕਿਸਾਨਾਂ ਦਾ ਐੱਮਐੱਸਪੀ ਖ਼ਤਮ ਕਰਕੇ ਸਿੱਧਾ-ਸਿੱਧਾ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਬੱਧਨੀ ਕਲਾਂ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦੀ ਕੇਂਦਰ ’ਚ ਸਰਕਾਰ ਬਣੀ ਤਾਂ ਊਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਗੇ। ਇਥੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਵੀ ਹੋਈ ਤੇ ਪਿੰਡ ਲੋਪੋਂ (ਮੋਗਾ) ਮਗਰੋਂ ਜਗਰਾਓਂ ਦੇ ਪਿੰਡ ਚਕਰ, ਲੱਖਾ ਤੇ ਮਾਣੂਕੇ ਤੇ ਜੱਟਪੁਰਾ (ਰਾਏਕੋਟ) ਪੁੱਜੀ। ਟਰੈਕਟਰ ’ਤੇ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਰ ਸਨ ਜਦਕਿ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਊਸ ਟਰੈਕਟਰ ਨੂੰ ਚਲਾ ਰਹੇ ਸਨ।
    ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਅਤੇ ਐੱਫਸੀਆਈ ਦੀ ਖ਼ਰੀਦ ਪ੍ਰਣਾਲੀ ਨੂੰ ਖ਼ਤਮ ਕਰ ਦੇਣਗੇ ਜਿਸ ਨਾਲ ਕਿਸਾਨੀ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਤੇ ਕਿਸਾਨਾਂ ਦਾ ਲੱਕ ਤੋੜ ਕੇ ਦੇਸ਼ ’ਤੇ ਕਬਜ਼ਾ ਕੀਤਾ ਸੀ, ਉਸੇ ਤਰ੍ਹਾਂ ਮੋਦੀ ਸਰਕਾਰ ਵੀ ਦੇਸ਼ ਦੇ ਕੁਝ ਅਰਬਪਤੀਆਂ ਲਈ ਕਿਸਾਨਾਂ ਦਾ ਲੱਕ ਤੋੜਨ ਉੱਤੇ ਤੁਲੀ ਹੋਈ ਹੈ। ਊਨ੍ਹਾਂ ਕਿਹਾ,‘‘ਅੰਬਾਨੀ ਤੇ ਅਡਾਨੀ ਦੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਅੱਖ ਹੈ ਅਤੇ ਮੋਦੀ ਜੀ ਇਹ ਜ਼ਮੀਨਾਂ ਅੰਬਾਨੀ ਤੇ ਅਡਾਨੀ ਨੂੰ ਲੈ ਕੇ ਦੇਣਾ ਚਾਹੁੰਦੇ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਅੰਬਾਨੀਆਂ ਦਾ ਮੀਡੀਆ ਮੋਦੀ ਨੂੰ ਸਾਰਾ ਦਿਨ ਵਿਖਾਉਂਦਾ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਨੇ ਜ਼ਮੀਨ ਗ੍ਰਹਿਣ ਬਿੱਲ ਕਿਸਾਨਾਂ ਦੇ ਹੱਕ ਵਿਚ ਸੋਧਿਆ ਸੀ ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀਆਂ ਦੀ ਹਮਾਇਤ ਨਾਲ ਇਸ ਕਿਸਾਨ ਪੱਖੀ ਕਾਨੂੰਨ ਨੂੰ ਰੱਦ ਕਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਨੂੰ ਹੀ ਕੱਦੂਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰੰਤਰੀ ਨੂੰ ਸਵਾਲ ਕੀਤਾ ਕਿ ਕਰੋਨਾ ਦੇ ਦੌਰਾਨ ਖੇਤੀ ਆਰਡੀਨੈਂਸ ਲਿਆਉਣ ਦੀ ਕਾਹਲ ਕਿਉਂ ਕੀਤੀ ਗਈ। ‘ਮੋਦੀ ਜੀ ਆਖ ਰਹੇ ਹਨ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ ਤਾਂ ਫਿਰ ਦੇਸ਼ ਭਰ ਦਾ ਕਿਸਾਨ ਅੰਦੋਲਨ ਦੇ ਰਾਹ ਕਿਉਂ ਪਿਆ ਹੋਇਆ ਹੈ।’ ਪ੍ਰਧਾਨ ਮੰਤਰੀ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਊਨ੍ਹਾਂ ਨੋਟਬੰਦੀ ਅਤੇ ਜੀਐੱਸਟੀ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਵੱਡੇ ਸਨਅਤਕਾਰਾਂ ਨੂੰ ਤਾਂ ਰਾਹਤ ਦਿੱਤੀ ਗਈ ਪਰ ਗਰੀਬਾਂ ਅਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਇਸ ਮੌਕੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ’ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਅਤੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਘਰ ਵਿੱਚ ਬੰਦੀ ਬਣਾ ਦਿੱਤਾ ਜਾਂਦਾ ਹੈ।
    ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਜ਼ਿਆਦਾ ਦਿਨ ਨਹੀਂ ਚਲੇਗੀ। ਊਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ‘ਸਾਡੇ ਕੋਲ ਇਕੋ-ਇਕ ਚੀਜ਼ ਸੀ, ਉਹ ਸੀ ਐੱਮਐੱਸਪੀ ’ਤੇ ਫ਼ਸਲ ਦੀ ਖਰੀਦ ਪਰ ਊਸ ਨੂੰ ਅੱਜ ਸਾਡੇ ਕੋਲੋਂ ਖੋਹਿਆ ਜਾ ਰਿਹਾ ਹੈ।’
    ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਦੇਸ਼ ਭਰ ਦਾ ਕਿਸਾਨ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੈ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਦਿਆਂ ਰਾਏਕੋਟ ਦੇ ਨੇੜਲੇ ਪਿੰਡ ਜੱਟਪੁਰਾ ਰੈਲੀ ਅਤੇ ਜਗਰਾਉਂ ਦੇ ਪਿੰਡ ਚਕਰ, ਮਾਣੂੰਕੇ, ਲੱਖਾ ਵਿੱਚ ਸੰਬੋਧਨ ਕੀਤਾ। ਪਿੰਡ ਚਕਰ ਵਿੱਚ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਜੱਟਪੁਰਾ ਰੈਲੀ ਵਿੱਚ ਲੋਕ ਸਭਾ ਮੈਂਬਰ ਡਾ. ਅਮਰ ਨੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ। ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਹੁਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ, ਮੋਦੀ ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ, ਪਰ ਕਾਂਗਰਸ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ ਦੋ-ਤਿੰਨ ਅਰਬਪਤੀਆਂ ਨੂੰ ਹੀ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਕੇਂਦਰ ’ਚ ਕਾਂਗਰਸ ਸਰਕਾਰ ਆਉਣ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਜਗਰਾਉਂ ਦੇ ਪਿੰਡ ਚਕਰ ਵਿੱਚ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਅੱਗੇ ਤੋਂ ਵੀ ਨਾਲ ਖੜ੍ਹਨ ਦਾ ਵਾਅਦਾ ਕਰਦੀ ਹੈ।

    ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਘਾਤਕ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ,‘‘ਅਸੀਂ ਇਕਜੁੱਟ ਹੋ ਕੇ ਇਨ੍ਹਾਂ ਕਾਨੂੰਨਾਂ ਨੂੰ ਬਦਲ ਦੇਵਾਂਗੇ। ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਜੰਗ ਸ਼ੁਰੂ ਹੋ ਗਈ ਹੈ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸੋਚ ਕਿਸਾਨ, ਲੋਕ ਤੇ ਵਪਾਰਕ ਮਾਰੂ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਕਾਲੀ ਦਲ ’ਤੇ ਵਰ੍ਹਦਿਆਂ ਊਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਖੇਤੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਨੇ ਸਹਿਮਤੀ ਦਿੱਤੀ ਸੀ ਅਤੇ ਕੇਂਦਰੀ ਵਜ਼ਾਰਤਾਂ ਦੀਆਂ ਮੀਟਿੰਗਾਂ ’ਚ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਊਨ੍ਹਾਂ ਕਿਹਾ ਕਿ ਹੁਣ ਅਕਾਲੀ ਆਗੂਆਂ ਦੇ ਸੁਰ ਬਦਲ ਗਏ ਹਨ। ਸੁਖਬੀਰ ’ਤੇ ਨਿਸ਼ਾਨਾ ਕੱਸਦਿਆਂ ਕੈਪਟਨ ਨੇ ਕਿਹਾ ਕਿ ਊਹ ਪੰਜ ਸਵਾਲ ਪੁੱਛ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਭਾਜਪਾ ਤੇ ਅਕਾਲੀਆਂ ’ਤੇ ਕਦੇ ਵੀ ਵਿਸ਼ਵਾਸ ਨਾ ਕਰਨ ਕਿਊਂਕਿ ਦੋਵੇਂ ਹੀ ਧੋਖੇਬਾਜ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲਈ ਮੈਦਾਨ ਵਿੱਚ ਡੱਟਣਾ ਚਾਹੀਦਾ ਹੈ। ਊਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਐੱਮਐੱਸਪੀ ਵੀ ਕਾਂਗਰਸ ਨੇ ਹੀ ਸ਼ੁਰੂ ਕੀਤੀ ਸੀ।

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਇੱਕ ਉੱਚ ਤਾਕਤੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਜੋ ਦੇਸ਼ ਵਿੱਚ ਖੇਤਰੀ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਰਾਬਤਾ ਕਰਕੇ ਅਸਲ ਸੰਘੀ ਢਾਂਚਾ ਦੀ ਸਥਾਪਤੀ ਯਕੀਨੀ ਬਣਾਏਗੀ। ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਫ਼ੀ ਲੰਮੇ ਅਰਸੇ ਮਗਰੋਂ ਸੰਘਵਾਦ ਦੇ ਮੁੱਦੇ ’ਤੇ ਖੇਤਰੀ ਸਿਆਸੀ ਧਿਰਾਂ ਨੂੰ ਇੱਕੋ ਮੰਚ ’ਤੇ ਲਿਆਉਣ ਲਈ ਪੈਂਤੜਾ ਲਿਆ ਹੈ। ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਇਸ ਉੱਚ ਤਾਕਤੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਹੋਣਗੇ ਜਦਕਿ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਮਨਜਿੰਦਰ ਸਿੰਘ ਸਿਰਸਾ ਤੇ ਨਰੇਸ਼ ਗੁਜਰਾਲ ਮੈਂਬਰ ਹੋਣਗੇ। ਇਹ ਕਮੇਟੀ ਸੂਬਿਆਂ ਨੂੰ ਵਧੇਰੇ ਵਿੱਤੀ ਤੇ ਸਿਆਸੀ ਖ਼ੁਦਮੁਖ਼ਤਿਆਰੀ ਦੇਣ ਦੀ ਹਮਾਇਤ ਕਰਨ ਵਾਲੀਆਂ ਹੋਰਨਾਂ ਖੇਤਰੀ ਪਾਰਟੀਆਂ ਨਾਲ ਤਾਲਮੇਲ ਕਰੇਗੀ।
    ਸ੍ਰੀ ਸੁਖਬੀਰ ਬਾਦਲ ਨੇ ਕੋਰ ਕਮੇਟੀ ਨੂੰ ਦੱਸਿਆ ਕਿ ਦੇਸ਼ ਵਿੱਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ, ਕੇਂਦਰ ਵੱਲੋਂ ਹਾਲ ’ਚ ਲਏ ਫ਼ੈਸਲਿਆਂ ਕਾਰਨ ਬਣੇ ਖ਼ਤਰੇ ਦੇ ਮੱਦੇਨਜ਼ਰ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ’ਚ ਸੱਤਾਵਾਦੀ ਤੇ ਇੱਕਪਾਸੜ ਫ਼ੈਸਲਿਆਂ ਦੀ ਬਿਰਤੀ ਖ਼ਿਲਾਫ਼ ਸੰਘਰਸ਼ ’ਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ, ‘ਮੁਲਕ ਦਾ ਵਿਰਸਾ ਅਮੀਰ ਖੇਤਰੀ, ਸੱਭਿਆਚਾਰਕ, ਧਾਰਮਿਕ ਤੇ ਭਾਸ਼ਾਈ ਭਿੰਨਤਾ ਵਾਲਾ ਹੈ ਤੇ ਸਾਡੀ ਤਾਕਤ ਸਹਿਕਾਰੀ ਸੰਘਵਾਦ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਦੀ ਹੈ। ਰਾਜਾਂ ਨੂੰ ਵਧੇਰੇ ਤਾਕਤਾਂ ਦੇਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ, ਜਿਸ ਸਦਕਾ ਅਸੀਂ ਵਿਸ਼ਵ ਸ਼ਕਤੀ ਵਜੋਂ ਉਭਰਾਂਗੇ।’ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਜੰਮੂ ਅਤੇ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਦੀ ਵੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਪੰਜਾਬ ਤੇ ਜੰਮੂ ਕਸ਼ਮੀਰ ਵਿਚਕਾਰ ਸੱਭਿਆਚਾਰਕ, ਸਾਹਿਤਕ ਤੇ ਭਾਸ਼ਾਈ ਸਾਂਝ ਬਹੁਤ ਮਜ਼ਬੂਤ ਹੈ ਜਿਸਦੀਆਂ ਨੀਂਹਾਂ ਕਦੇ ਵੀ ਹਿਲਾਈਆਂ ਨਹੀਂ ਜਾ ਸਕਦੀਆਂ ਤੇ ਸਰਕਾਰ ਵੱਲੋਂ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿਚੋਂ ਬਾਹਰ ਕਰਨਾ ਇਸ ਪਵਿੱਤਰ ਭਾਸ਼ਾ ਨਾਲ ਘੋਰ ਅਨਿਆਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੰਮੂ ਅਤੇ ਕਸ਼ਮੀਰ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮੁੜ ਦਿਵਾਉਣ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸੰਘਰਸ਼ ਵਾਸਤੇ ਇੱਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਹੈ। ਇਸ ਕਮੇਟੀ ’ਚ ਨਿਰਮਲ ਸਿੰਘ ਕਾਹਲੋਂ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਹਨ।

    ਸਾਨ ਫਰਾਂਸਿਸਕੋ - ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਾਟੋਨੀਓ ਗੁਟਾਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਸਾਰੀ ਦੁਨੀਆ ਪ੍ਰਮਾਣੂ ਸ਼ਕਤੀਆਂ ਦਰਮਿਆਨ ਵਧ ਰਹੇ ਮੁਕਾਬਲੇ ਨਾਲ ਤਨਾਅ ਦੇ ਕਾਰਨ ਪ੍ਰਮਾਣੂ ਤਬਾਹੀ ਦੇ ਪਰਛਾਵੇਂ ਹੇਠ ਦਿਨ ਕਟੀ ਕਰ ਰਹੀ ਹੈ | ਸੰਯੁਕਤ ਰਾਸਟਰ ਦੇ ਮੁਖੀ ਗੁਟਾਰੇਸ ਨੇ ਪ੍ਰਮਾਣੂ ਹਥਿਆਰਾਂ ਦੇ ਕੁੱਲ ਖਾਤਮੇ ਲਈ ਹਾਲ ਹੀ ਦੇ ਅੰਤਰਰਾਸ਼ਟਰੀ ਦਿਵਸ ਦੀ ਯਾਦ ਵਿਚ ਇਕ ਉੱਚ ਪੱਧਰੀ ਬੈਠਕ ਵਿਚ ਕਿਹਾ ਕਿ ਪਰਮਾਣੂ ਹਥਿਆਰਾਂ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਦਾ ਵਿਕਾਸ ਰੁਕ ਗਿਆ ਹੈ ਅਤੇ ਇਸ ਦਾ ਮੁੱਦੇ ਤੋਂ ਪਿੱਛੇ ਹਟਣ ਦਾ ਖਤਰਾ ਬਣਿਆ ਹੋਇਆ ਹੈ | ਉਨ੍ਹ ਕਿਹਾ ਕਿ ਪ੍ਰਮਾਣੂ ਸ਼ਕਤੀ ਰੱਖਣ ਵਾਲੇ ਦੇਸ਼ਾਂ ਵਿਚਾਲੇ ਤਨਾਅ ਨੇ ਪਰਮਾਣੂ ਜ਼ੋਖਮ ਵਧਾਏ ਹਨ | ਉਦਾਹਰਣ ਦੇ ਤੌਰ 'ਤੇ ਗੁਟਾਰੇਸ ਨੇ ਟਰੰਪ ਪ੍ਰਸ਼ਾਸਨ ਅਤੇ ਚੀਨ ਵਿਚਾਲੇ ਵਧਦੇ ਵਿਵਾਦਾਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ | ਅਮਰੀਕਾ ਅਤੇ ਰੂਸ ਦੇ ਵਿਚਾਲੇ ਸਬੰਧ ਬਹੁਤ ਸੁਖਾਵੇਂ ਨਹੀਂ ਹਨ | ਪ੍ਰਮਾਣੂ ਹਥਿਆਰਬੰਦ ਦੇਸ਼ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਨੂੰ ਲੈ ਕੇ ਝਗੜੇ ਕਰ ਰਹੇ ਹਨ ਅਤੇ ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਵੀ ਚੱਲ ਰਿਹਾ ਹੈ ਅਤੇ ਉੱਤਰ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਬਾਰੇ ਸ਼ੇਖੀ ਮਾਰ ਰਿਹਾ ਹੈ | ਗੁਟਾਰੇਸ ਨੇ ਇਕੋ ਇਕ ਸੰਧੀ ਵੱਲ ਇਸ਼ਾਰਾ ਕੀਤਾ ਜੋ ਵਿਸ਼ਵ ਦੇ ਸਭ ਤੋਂ ਵੱਡੇ ਪਰਮਾਣੂ ਸਸ਼ਤਰਾਂ ਦੇ ਅਕਾਰ ਨੂੰ ਸੀਮਿਤ ਕਰਦੀ ਹੈ ਉਨ੍ਹਾਂ ਦਾ ਭਾਵ ਸੀ ਅਮਰੀਕਾ ਅਤੇ ਰੂਸ ਵਿਚਾਲੇ ਨਵੀਂ ਰਣਨੀਤਕ ਹਥਿਆਰਾਂ ਦੀ ਕਟੌਤੀ ਸੰਧੀ ਜੋ ਅਗਲੇ ਸਾਲ ਖਤਮ ਹੋਣ ਵਾਲੀ ਹੈ | ਉਨ੍ਹਾਂ ਕਿਹਾ ਇਹ ਲਾਜ਼ਮੀ ਹੈ ਕਿ ਦੋਵਾਂ ਦੇਸ਼ਾਂ ਨੇ ਵੱਧ ਤੋਂ ਵੱਧ ਪੰਜ ਸਾਲ ਬਿਨਾਂ ਦੇਰੀ ਕੀਤੇ ਇਸ ਨੂੰ ਵਧਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂ ਗੈਰ-ਪ੍ਰਸਾਰ ਸੰਧੀ ਜਾਂ ਐੱਨ.ਪੀ.ਟੀ. ਜਿਸ ਦੀ ਇਸ ਸਾਲ 50ਵੀਂ ਵਰ੍ਹੇਗੰਢ ਹੈ, ਪਰਮਾਣੂ ਹਥਿਆਰਬੰਦ ਅਤੇ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣੀ ਹੋਈ ਹੈ | ਇਸ ਦੇ ਲਾਗੂ ਹੋਣ ਦੀ ਪੰਜ ਸਾਲਾ ਸਮੀਖਿਆ ਨੂੰ ਕੋਰੋਨਾ ਕਾਰਨ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਗੁਟਾਰੇਸ ਨੇ ਆਪਣੀਆਂ 191 ਪਾਰਟੀਆਂ ਨੂੰ ਸੰਧੀ ਨੂੰ ਮਜਬੂਤ ਕਰਨ ਲਈ ਵਾਧੂ ਸਮੇਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ |

    ਅੰਮ੍ਰਿਤਸਰ - ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਸੰਸਦ ਭਵਨ ਦੇ ਬਾਹਰ ਵਿਰੋਧ ਕਰ ਰਹੇ ਪੰਜ ਗੁਰਸਿੱਖ ਨੌਜਵਾਨਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਕੇ ’ਤੇ ਜਾ ਕੇ ਥਾਪੜਾ ਦਿੱਤਾ ਅਤੇ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਰੋਪੜ ਜ਼ਿਲ੍ਹੇ ਨਾਲ ਸਬੰਧਤ ਇਹ ਗੁਰਸਿੱਖ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਸੰਸਦ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਹਨ। ਸ਼ੁੱਕਰਵਾਰ ਦਿੱਲੀ ਪੁੱਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਇਨ੍ਹਾਂ ਨੌਜਵਾਨਾਂ ਵੱਲੋਂ ਕਿਸਾਨ ਹੱਕ ਵਿੱਚ ਦਿੱਤੇ ਜਾ ਰਹੇ ਧਰਨੇ ਬਾਰੇ ਪਤਾ ਲੱਗਾ ਤਾਂ ਉਹ ਇਨ੍ਹਾਂ ਨੌਜਵਾਨਾਂ ਨੂੰ ਥਾਪੜਾ ਦੇਣ ਲਈ ਉੱਥੇ ਪਹੁੰਚ ਗਏ।
    ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਰਕਾਬਗੰਜ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਇਹ ਪੰਜ ਅੰਮ੍ਰਿਤਧਾਰੀ ਨੌਜਵਾਨ ਸੰਸਦ ਭਵਨ ਦੇ ਸਾਹਮਣੇ ਕਿਸਾਨਾਂ ਦੇ ਹਿੱਤਾਂ ਲਈ ਧਰਨੇ ’ਤੇ ਬੈਠੇ ਹੋਏ ਹਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਕਿਸਾਨ ਹਿੱਤਾਂ ਦੇ ਖ਼ਿਲਾਫ਼ ਹੈ, ਜਿਸ ਕਰਕੇ ਦੇਸ਼ ਦੇ ਕਿਸਾਨ ਸੰਘਰਸ਼ ਦੇ ਰਾਹ ’ਤੇ ਆ ਗਏ ਹਨ ਤੇ ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਵੀ ਸ਼ਾਂਤਮਈ ਢੰਗ ਨਾਲ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਜਾਇਜ਼ ਮੰਗ ਮੰਨਦਿਆਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਕਿਉਂਕਿ ਇਹ ਫ਼ੈਸਲਾ ਕਿਸਾਨੀ ਨੂੰ ਖਤਮ ਕਰਨ ਵਾਲਾ ਹੈ। ਦੇਸ਼ ਦੀ ਆਰਥਿਕਤਾ ਤੇ ਦੇਸ਼ ਦੀ ਜਨਤਾ ਦਾ ਵੱਡਾ ਹਿੱਸਾ ਕਿਸਾਨੀ ’ਤੇ ਨਿਰਭਰ ਹੈ। ਕਿਸਾਨੀ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ ਤੇ ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਇਹ ਚੰਗੀ ਗੱਲ ਹੈ ਕਿ ਸਿੱਖ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
    ਧਰਨੇ ’ਤੇ ਬੈਠੇ ਹਰਪ੍ਰੀਤ ਸਿੰਘ ਬਸੰਤ ਨੇ ਆਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਸਮਰਥਨ ਨਾਲ ਸੰਘਰਸ਼ ਨੂੰ ਹੋਰ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕਮੁੱਠ ਹੋ ਕੇ ਦਿੱਲੀ ਖ਼ਿਲਾਫ਼ ਲੜਾਈ ਲੜਨੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ, ਸਹਾਇਕ ਇੰਚਾਰਜ ਜਸਵੀਰ ਸਿੰਘ ਲੌਂਗੋਵਾਲ, ਭਾਈ ਅਵਤਾਰ ਸਿੰਘ, ਬਲਜੀਤ ਸਿੰਘ ਰਸ਼ੀਆ, ਕੁਲਵੰਤ ਸਿੰਘ, ਪ੍ਰਭੂ ਸਿੰਘ ਹਾਜ਼ਰ ਸਨ।

    ਨਵੀਂ ਦਿੱਲੀ - ਭਾਰਤ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਬਾਰੇ ਫ਼ੈਸਲਾ ਦੇਸ਼ ਵਿਚ ਕਰੋਨਾ ਦੇ ਹਾਲਾਤ ਤੇ ਪਾਬੰਦੀਆਂ ’ਚ ਛੋਟ ਦੇ ਆਧਾਰ ’ਤੇ ਲਿਆ ਜਾਵੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਇਹ ਟਿੱਪਣੀ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਸਬੰਧੀ ਪੇਸ਼ ਕੀਤੀ ਤਜਵੀਜ਼ ਦੇ ਮੱਦੇਨਜ਼ਰ ਕੀਤੀ ਹੈ। ਉਨ੍ਹਾਂ ਇਸ ਮੁੱਦੇ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੋਵਿਡ-19 ਦੇ ਮੱਦੇਨਜ਼ਰ ਇਹ ਲਾਂਘਾ ਬੰਦ ਕੀਤਾ ਗਿਆ ਸੀ। ਅਸੀਂ ਕੇਂਦਰੀ ਗ੍ਰਹਿ ਤੇ ਸਿਹਤ ਮੰਤਰਾਲੇ ਸਮੇਤ ਸਾਰੀਆਂ ਅਥਾਰਿਟੀਆਂ ਨਾਲ ਲਗਾਤਾਰ ਸੰਪਰਕ ’ਚ ਹਾਂ। ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਬਾਰੇ ਫ਼ੈਸਲਾ ਕਰੋਨਾਵਾਇਰਸ ਦੀ ਦੇਸ਼ ਵਿਚਲੀ ਸਥਿਤੀ ਤੇ ਪਾਬੰਦੀਆਂ ’ਚ ਦਿੱਤੀਆਂ ਜਾ ਰਹੀਆਂ ਰਾਹਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।’ ਸ੍ਰੀਵਾਸਤਵ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਵੱਲੋਂ ਅਜੇ ਬੁੱਢੀ ਰਾਵੀ ਨਦੀ ’ਤੇ ਪੁਲ ਬਣਾਇਆ ਜਾਣਾ ਹੈ ਜਿਸ ਦਾ ਉਸ ਨੇ ਪਿਛਲੇ ਸਾਲ ਵਾਅਦਾ ਕੀਤਾ ਸੀ।

    ਚੰਡੀਗੜ੍ਹ  - ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ 61 ਵਿਅਕਤੀਆਂ ਦੀ ਜਾਨ ਲੈ ਲਈ ਤੇ ਹੁਣ ਤੱਕ 3,562 ਵਿਅਕਤੀ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇੱਕ ਦਿਨ ਦੌਰਾਨ 1,106 ਸੱਜਰੇ ਮਾਮਲੇ ਸਾਹਮਣੇ ਆਏ ਹਨ ਤੇ ਪੀੜਤ ਵਿਅਕਤੀਆਂ ਦੀ ਕੁੱਲ ਗਿਣਤੀ 1,17,319 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਇੱਕ ਦਿਨ ’ਚ 25,313 ਸੈਂਪਲ ਲਏ ਗਏ। ਲੰਘੇ 24 ਘੰਟਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ 14, ਲੁਧਿਆਣਾ 10, ਜਲੰਧਰ, ਪਟਿਆਲਾ, ਕਪੂਰਥਲਾ 5-5, ਹੁਸ਼ਿਆਰਪੁਰ, ਫਾਜ਼ਿਲਕਾ ’ਚ 3-3, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਨਵਾਂਸ਼ਹਿਰ, ਸੰਗਰੂਰ, ਤਰਨ ਤਾਰਨ ਵਿੱਚ 2-2, ਫਰੀਦਕੋਟ, ਫਤਿਹਗੜ੍ਹ ਸਾਹਿਬ, ਰੋਪੜ ’ਚ 1-1 ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ’ਚੋਂ ਜ਼ਿਲ੍ਹਾ ਲੁਧਿਆਣਾ ਵਿੱਚ 130, ਮੁਹਾਲੀ 126, ਬਠਿੰਡਾ 113, ਅੰਮ੍ਰਿਤਸਰ 100, ਹੁਸ਼ਿਆਰਪੁਰ 83, ਜਲੰਧਰ 76, ਕਪੂਰਥਲਾ 69, ਗੁਰਦਾਸਪੁਰ 66, ਪਠਾਨਕੋਟ 61, ਪਟਿਆਲਾ 54, ਫਰੀਦਕੋਟ 29, ਤਰਨ ਤਾਰਨ 36, ਮਾਨਸਾ 32, ਰੋਪੜ ਤੇ ਫਤਿਹਗੜ੍ਹ ਸਾਹਿਬ 20-20, ਮੁਕਤਸਰ 21, ਸੰਗਰੂਰ 19, ਫਿਰੋਜ਼ਪੁਰ 17, ਮੋਗਾ 14, ਨਵਾਂ ਸ਼ਹਿਰ 11, ਬਰਨਾਲਾ ਵਿੱਚ 5 ਤੇ ਫਾਜ਼ਿਲਕਾ ਵਿੱਚ 4 ਮਾਮਲੇ ਸਾਹਮਣੇ ਆਏ ਹਨ।

    ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਨੇ ਆਪਣੇ ਪੁਰਾਣੇ ਭਾਈਵਾਲਾਂ ਖਿਲਾਫ਼ ਖੁੱਲ੍ਹੀ ਸਿਆਸੀ ਜੰਗ ਛੇੜ ਦਿੱਤੀ ਹੈ। ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਦੀ ਤਰਫ਼ਦਾਰੀ ਕਰਨ ਲਈ ਉਚੇਚੇ ਤੌਰ ’ਤੇ ਇੱਥੇ ਪਹੁੰਚੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦਾਅਵਾ ਕੀਤਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਰਹਿੰਦਿਆਂ ਕਦੇ ਵੀ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਨਹੀਂ ਕੀਤਾ।
    ਹਰਸਿਮਰਤ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਬਿੱਲਾਂ ਬਾਰੇ ਆਪਣਾ ਪੱਖ ਰੱਖਣ ਦੇ ਦਾਅਵਿਆਂ ਬਾਰੇ ਸ੍ਰੀ ਪੁਰੀ ਨੇ ਕਿਹਾ ਕਿ ਊਨ੍ਹਾਂ ਇਸ ਬਾਰੇ ਨਾ ਕਦੇ ਕੁਝ ਸੁਣਿਆ ਅਤੇ ਨਾ ਹੀ ਦੇਖਿਆ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 6 ਸਤੰਬਰ ਤੋਂ ਪਹਿਲਾਂ ਅਕਾਲੀ ਦਲ ਦੀ ਸੁਰ ਹੋਰ ਸੀ ਅਤੇ ਹਰਸਿਮਰਤ ਵੱਲੋਂ ਅਸਤੀਫ਼ਾ ਦੇਣ ਤੇ ਗੱਠਜੋੜ ’ਚੋਂ ਬਾਹਰ ਆਉਣ ਮਗਰੋਂ ਇਹ ਬਿਲਕੁਲ ਹੀ ਬਦਲ ਗਈ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ, ਜਥੇਬੰਦੀਆਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਅਤੇ ਉਨ੍ਹਾਂ ਦੇ ਸ਼ਕਤੀਕਰਨ ਨੂੰ ਧਿਆਨ ਵਿੱਚ ਰਖਦਿਆਂ ਇਸ ’ਚ ਸੋਧ ਕੀਤੀ ਗਈ ਹੈ। ‘ਜੇ ਕਿਸੇ ਨੂੰ ਹਾਲੇ ਵੀ ਕੋਈ ਇਤਰਾਜ਼ ਹੈ, ਤਾਂ ਉਹ ਸੂਬਾ ਭਾਜਪਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦਾ ਹੈ ਅਤੇ ਜੇ ਕੋਈ ਸੰਗਠਨ ਕੇਂਦਰ ਸਰਕਾਰ ਨਾਲ ਗੱਲ ਕਰਨਾ ਚਾਹੁੰਦਾ ਹੈ, ਤਾਂ ਸੂਬਾ ਭਾਜਪਾ ਉਸ ਦੀ ਗੱਲਬਾਤ ਕਰਵਾ ਸਕਦੀ ਹੈ।’ ਸ੍ਰੀ ਪੁਰੀ ਨੇ ਕਿਹਾ ਕਿ ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਮ ’ਤੇ ਸਿਆਸੀ ਨਾਟਕ ਕਰ ਰਹੇ ਹਨ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਪਿਛਲੇ ਤਿੰਨ ਮਹੀਨਿਆਂ ਤੋਂ ਇਨ੍ਹਾਂ ਆਰਡੀਨੈਂਸਾਂ ’ਤੇ ਮੋਦੀ ਸਰਕਾਰ ਨਾਲ ਸੀ, ਪਰ ਹੁਣ ਊਹ ਵੀ ਇਸ ਰਾਜਨੀਤਿਕ ਡਰਾਮੇ ਵਿਚ ਸ਼ਾਮਲ ਹੋ ਗਿਆ ਹੈ।
    ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ 2019 ਦੇ ਚੋਣ ਮੈਨੀਫੈਸਟੋ ਵਿੱਚ ਵੀ ਇਨ੍ਹਾਂ ਖੇਤੀ ਬਿੱਲਾਂ ਦਾ ਵੇਰਵਾ ਦਿੱਤਾ ਗਿਆ ਹੈ ਪਰ ਕਾਂਗਰਸ ਹੁਣ ਇਨ੍ਹਾਂ ਬਾਰੇ ਕਿਸਾਨਾਂ ਨੂੰ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਜ਼ੋਰ ਦੇ ਕੇ ਕਿਹਾ ਕਿ ਐੱਮਐੱਸਪੀ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਇਸ ਦਾ ਸਬੂਤ ਇਹ ਹੈ ਕਿ ਮੋਦੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਹਾੜੀ ਦੀਆਂ ਫ਼ਸਲਾਂ ਦੇ ਐੱਮਐੱਸਪੀ ਵਿੱਚ ਵਾਧਾ ਕੀਤਾ ਹੈ। ‘ਮੋਦੀ ਸਰਕਾਰ ਕਹਿ ਰਹੀ ਹੈ ਕਿ ਮੰਡੀਆਂ ਵਿਚ ਵੀ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਸਰਕਾਰ ਮੰਡੀਆਂ ਵਿਚ ਅਨਾਜ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ। ਪਰ ਕਾਂਗਰਸ, ‘ਆਪ’ ਅਤੇ ਅਕਾਲੀ ਦਲ ਵਾਰ-ਵਾਰ ਇਸ ਮੁੱਦੇ ’ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਸ੍ਰੀ ਪੁਰੀ ਨੇ ਕਿਹਾ ਕਿ ਕਾਂਗਰਸ ਵੱਲੋਂ ਟਰੈਕਟਰ ਸਾੜਨਾ ਅਤੇ ਭਾਜਪਾ ਦਫ਼ਤਰਾਂ ਵਿੱਚ ਦਾਖ਼ਲ ਹੋ ਕੇ ਨਾਅਰੇਬਾਜ਼ੀ ਕਰਨਾ ਜਨਤਕ ਗੁੰਡਾਗਰਦੀ ਹੈ। ਊਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਆਪਣਾ ਟਰੈਕਟਰ ਨਹੀਂ ਸਾੜਨਗੇ ਕਿਉਂਕਿ ਉਹ ਖੇਤੀ ਸਾਧਨਾਂ ਦੀ ਪੂਜਾ ਕਰਦੇ ਹਨ।
    ਭਾਜਪਾ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਵੀ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਸਵਾਮੀਨਾਥਨ ਰਿਪੋਰਟ ਦੇ ਆਧਾਰ ’ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਦਮ ਊਠਾਏ ਗਏ ਹਨ। ਊਨ੍ਹਾਂ ਕਿਹਾ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਤੈਅ ਕਰਦੀ ਹੈ। ਜੇ ਕਿਸੇ ਫ਼ਸਲ ਦਾ ਬਹੁਤ ਜ਼ਿਆਦਾ ਝਾੜ ਹੁੰਦਾ ਹੈ, ਤਾਂ ਇਸ ਦੇ ਬਾਜ਼ਾਰ ਦੀਆਂ ਕੀਮਤਾਂ ਵਿਚੋਲਿਆਂ ਵੱਲੋਂ ਘਟਾ ਦਿੱਤੀਆਂ ਜਾਂਦੀਆਂ ਹਨ, ਫਿਰ ਐੱਮਐੱਸਪੀ ਕਿਸਾਨਾਂ ਲਈ ਇਕ ਨਿਸ਼ਚਤ ਬੀਮੇ ਦੀ ਕੀਮਤ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਖ਼ਤਮ ਨਹੀਂ ਹੋਵੇਗਾ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਮਲਵਿੰਦਰ ਸਿੰਘ ਕੰਗ ਵੀ ਮੌਜੂਦ ਸਨ।

    ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਟਰੰਪ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਟਰੰਪ ਨੇ ਟਵੀਟ ਕੀਤਾ, ‘ਮੇਲਾਨੀਆ ਤੇ ਮੇਰੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅਸੀਂ ਤੁਰੰਤ ਇਕਾਂਤਵਾਸ ਤੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਅਸੀਂ ਇਸ ਦਾ ਇਕੱਠਿਆਂ ਸਾਹਮਣਾ ਕਰਾਂਗੇ।’ ਟਰੰਪ ਦੇ ਡਾਕਟਰ ਸੀਨ ਕੌਨਲੀ ਨੇ ਕਿਹਾ, ‘ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਦੋਵੇਂ ਤੰਦਰੁਸਤ ਹਨ ਅਤੇ ਇਲਾਜ ਦੌਰਾਨ ਉਨ੍ਹਾਂ ਵ੍ਹਾਈਟ ਹਾਊਸ ’ਚ ਆਪਣੇ ਘਰ ’ਚ ਰਹਿਣ ਦਾ ਹੀ ਫ਼ੈਸਲਾ ਕੀਤਾ ਹੈ।’ ਵ੍ਹਾਈਟ ਹਾਊਸ ਦੇ ਬਾਹਰ ਟਰੰਪ ਦੇ ਸਾਰੇ ਦੌਰੇ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਵ੍ਹਾਈਟ ਹਾਊਸ ਨੇ ਕਈ ਪ੍ਰੋਗਰਾਮ ਰੱਦ ਹੋਣ ਮਗਰੋਂ ਨਵਾਂ ਪ੍ਰੋਗਰਾਮ ਜਾਰੀ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ, ‘ਰਾਸ਼ਟਰਪਤੀ ਕੋਵਿਡ-19 ਸੰਵੇਦਨਸ਼ੀਲ ਬਜ਼ੁਰਗਾਂ ਦੀ ਹਮਾਇਤ ’ਚ ਇੱਕ ਫੋਨ ਕਾਲ ਦੀ ਮੇਜ਼ਬਾਨੀ ਕਰਨਗੇ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕੀਤਾ, ‘ਮੈਂ ਮੇਰੇ ਦੋਸਤ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’ ਇਸੇ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਡੋਨਲਡ ਟਰੰਪ ਤੇ ਮੇਲਾਨੀਆ ਦੇ ਜਲਦੀ ਸਿਹਤਯਾਬ ਹੋਣ ਲਈ ਸ਼ੁਭ ਕਾਮਨਾਵਾਂ ਭੇਜੀਆਂ ਹਨ।
    ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਦੇ ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋ ਹਫ਼ਤਿਆਂ ’ਚ ਚੌਥੀ ਵਾਰ ਕਰੋਨਾ ਟੈਸਟ ਕਰਵਾਇਆ ਹੈ। ਉਨ੍ਹਾਂ ਕਿਹਾ, ‘ਅਸੀਂ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਦੀ ਜਲਦ ਸਿਹਤਯਾਬੀ ਲਈ ਕਾਮਨਾ ਕਰਦੇ ਹਾਂ।’
    ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਕਰੋਨਾ ਹੋਣ ਮਗਰੋਂ ਅਮਰੀਕੀ ਅਤੇ ਏਸ਼ਿਆਈ ਸ਼ੇਅਰ ਬਾਜ਼ਾਰ ਡਿੱਗ ਗਏ। ਇਸ ਦੇ ਨਾਲ ਤੇਲ ਕੀਮਤਾਂ ਵੀ ਤਿੰਨ ਫ਼ੀਸਦੀ ਤੋਂ ਜ਼ਿਆਦਾ ਡਿੱਗ ਗਈਆਂ। ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਦੇ ਮੁਖੀ ਦੇ ਕਰੋਨਾ ਪਾਜ਼ੇਟਿਵ ਆਉਣ ਕਰਕੇ ਨਿਵੇਸ਼ਕਾਂ ’ਚ ਬੇਯਕੀਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਅਮਰੀਕੀ ਸ਼ੇਅਰ ਬਾਜ਼ਾਰ ਐੱਸਐਂਡਪੀ 500 ਅਤੇ ਡਾਓ ਦੋ ਫ਼ੀਸਦੀ ਤੋਂ ਜ਼ਿਆਦਾ ਤੱਕ ਡਿੱਗ ਗਿਆ ਸੀ ਪਰ ਬਾਅਦ ’ਚ ਇਹ ਥੋੜਾ ਉਪਰ ਆਉਣਾ ਸ਼ੁਰੂ ਹੋਇਆ। ਏਸ਼ੀਆ ’ਚ ਨਿਕੇਈ 225 ਇੰਡੈਕਸ ਸ਼ੁਰੂਆਤੀ ਚੜ੍ਹਤ ਤੋਂ ਬਾਅਦ 0.7 ਫ਼ੀਸਦੀ ਡਿੱਗਿਆ। ਭਾਰਤੀ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਬੰਦ ਰਹੇ ਜਿਸ ਕਾਰਨ ਟਰੰਪ ਦੀ ਖ਼ਬਰ ਦੇ ਅਸਰ ਦਾ ਪਤਾ ਨਹੀਂ ਲੱਗ ਸਕਿਆ।

     

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com