ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਪੰਥਕ ਤਾਲਮੇਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਗੁਰਦੁਆਰਾ ਸਿੰਘ ਸਭਾ ਨਕੋਦਰ ਦੇ ਸਹਿਯੋਗ ਨਾਲ ਮਨਾਇਆ ਗਿਆ। ਅਰੰਭਤਾ ਗੁਰਮਤਿ ਸੰਗੀਤ ਸਿਖਿਆਰਥੀਆਂ ਅਤੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਦੇ ਜਥੇ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ। ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ।ਸੈਮੀਨਾਰ ਦੀ ਭੂਮਿਕਾ ਬੰਨਦਿਆਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ-ਪਿਆਰ ਅਤੇ ਪੰਥਕ ਗੁਰਮਤਾ ਕਰਨ ਦੀ ਵਿਧੀ ਹੈ। ਉਹਨਾਂ ਨੇ ਲਹਿਰ ਵਲੋਂ ਵਿਦਿਅਕ ਸੰਸਥਾਵਾਂ, ਮਾਂ ਬੋਲੀ ਅਤੇ ਗੁਰਬਾਣੀ ਦੀ ਕਸਵੱਟੀ'ਤੇ ਸਿੱਖ ਸਾਹਿਤ ਦੀ ਪਰਖ ਪ੍ਰਤੀ ਨਿਭਾਈ ਮੰਚ ਸੰਚਾਲਕ ਡਾ: ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਸਿੰਘ ਸਭਾ ਲਹਿਰ 19ਵੀਂ ਸਦੀ ਦੀ ਇਕ ਧਾਰਮਿਕ ਤੇ ਸੁਧਾਰਕ ਲਹਿਰ ਸੀ। ਇਹ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਤੋਂ ਵਿਲੱਖਣ ਸੀ ਅਤੇ ਇਸ ਨੇ ਸਿੱਖ ਜੀਵਨ ਦੀ ਮੁੜ ਸੁਰਜੀਤੀ ਕੀਤੀ। ਲਹਿਰ ਦੇ ਆਰੰਭ ਹੋਣ ਦਾ ਮੁੱਖ ਕਾਰਨ ਇਸਾਈਆਂ ਦੇ ਉਹ ਧਾਰਮਿਕ ਅੰਦੋਲਨ ਸਨ ਜੋ ਉਹਨਾਂ ਨੇ ਪੰਜਾਬ ਨੂੰ ਇਸਾਈ ਬਣਾਉਣ ਲਈ ਸੰਨ 1845-46 ਤੋਂ ਸ਼ੁਰੂ ਕਰ ਰੱਖੇ ਸਨ। ਸੰਨ 1849 ਵਿਚ ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਧਰਮ ਪਰਿਵਰਤਨ ਕਰਾਉਣ ਦੀ ਨੀਤੀ ਨੇ ਤੇਜ਼ੀ ਫੜੀ।
  ਡਾ: ਸਵਰਾਜ ਸਿੰਘ ਯੂ.ਐਸ.ਏ. ਨੇ ਕੁੰਜੀਵਤ ਭਾਸ਼ਨ ਵਿੱਚ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮੁਕੰਮਲ ਜੀਵਨ-ਜਾਚ ਦਾ ਸ੍ਰੋਤ ਹਨ। ਗੁਰੂ ਗ੍ਰੰਥ ਸਾਹਿਬ ਜੀ ਮਾਇਆ ਦੇ ਉਲਾਰ ਦਾ ਸੰਤੁਲਨ ਬਣਾਉਂਦੇ ਹਨ। ਅਰਥ-ਸ਼ਾਸ਼ਤਰ ਦੇ ਵਿਚਕਾਰ ਨੈਤਿਕਤਾ ਨੂੰ ਕੇਂਦਰ ਬਿੰਦੂ ਬਣਾਉਂਦੇ ਹਨ। ਕੇਵਲ ਸਰਮਾਏਦਾਰੀ ਮਨੁੱਖ ਨੂੰ ਮਨੁੱਖਹੀਣਤਾ ਵੱਲ ਧੱਕਦੀ ਹੈ। ਪੱਛਮੀ ਚਿੰਤਕਾਂ ਨੇ ਕਿਰਤ ਤੇ ਬਰਾਬਰ ਵੰਡ ਦਾ ਸਿਧਾਂਤ ਤਾਂ ਦਿੱਤਾ ਪਰ ਨਾਮ ਤੱੱੱਤ ਦੀ ਅਣਹੋਂਦ ਕਾਰਨ ਸਿਧਾਂਤ ਅਸਫ਼ਲ ਰਿਹਾ ਹੈ। ਧਰਮ ਸਬੰਧੀ ਮਾਰਕਸਵਾਦੀ ਵਿਚਾਰਧਾਰਾ ਦਾ ਰਵੱਈਆ ਨਾਂਹਪੱਖੀ ਰਿਹਾ ਹੈ।ਸ: ਜਸਪਾਲ ਸਿੰਘ ਕੌਮਾਂਤਰੀ ਪੱਤਰਕਾਰ ਨੇ ਸਿੰਘ ਸਭਾ ਲਹਿਰ ਦੀ ਦੇਣ ਦੀ ਅਹਿਮੀਅਤ ਨੂੰ ਸਾਂਝਾ ਕਰਦਿਆਂ ਕਿਹਾ ਕਿ ਮਾਣਮੱਤੀਆਂ ਲਹਿਰਾਂ ਨੂੰ ਭੁੱਲ ਜਾਣ ਕਰਕੇ ਹੀ ਸਮਾਜ ਭਟਕ ਰਿਹਾ ਹੈ। ਜਿਸ ਕਰਕੇ ਸਿੱਖ ਕੌਮ ਅਤੇ ਪੰਜਾਬ ਨੂੰ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸਮਾਜਿਕ ਵੰਗਾਰਾਂ ਸਾਹਮਣੇ ਹਾਰਨਾ ਪੈ ਰਿਹਾ ਹੈ। ਸੰਨ 1947 ਤੋਂ 1984 ਅਤੇ ਬਾਅਦ ਦੇ ਮਨੁੱਖਤਾ ਦੇ ਘਾਣ ਦੇ ਕਾਂਡਾਂ ਵਿਚ ਕਮਜ਼ੋਰ ਪਹੁੰਚਾਂ ਸਬੰਧੀ ਚਾਨਣਾ ਪਾਇਆ। ਉਹਨਾਂ ਕੌਮਾਂਤਰੀ ਭਾਈਚਾਰਕ ਸਾਂਝ ਸਿਰਜਣ ਦੇ ਨਮੂਨੇ ਨੂੰ ਪੇਸ਼ ਕੀਤਾ। ਉਹਨਾਂ ਸਿੱਖ ਧਰਮ ਅੰਦਰ ਪੁਜਾਰੀਵਾਦ ਵਲੋਂ ਜਾਤ-ਪਾਤ ਆਧਾਰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦੇ ਰਹੇ ਵਿਤਕਰੇ ਦੇ ਇਤਿਹਾਸ ਨੂੰ ਸਾਹਮਣੇ ਰੱਖਿਆ। ਜਿਸ ਦੀ ਅੱਜ ਦੇ ਦੌਰ ਵਿਚ ਨਿਖੇਧੀ ਕਰਨ ਲਈ 12 ਅਕਤੂਬਰ 2020 ਨੂੰ ਅਖੌਤੀ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੇ ਕਾਫਲੇ ਦੇ ਰੂਪ ਵਿਚ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ। ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਕਿਹਾ ਕਿ ਸਿੱਖ ਦਾ ਆਚਾਰ ਗੁਣਵੱਤਾ ਆਧਾਰਤ ਹੈ। ਸਿੱਖ ਖਰਾ ਸਿੱਕਾ ਹੈ। ਜੇ ਸਿੱਕੇ ਅੰਦਰ ਖੋਟ ਹੋਵੇ ਤਾਂ ਉਸ ਦੀ ਕੀਮਤ ਸਿਫ਼ਰ ਹੁੰਦੀ ਹੈ। ਉਹਨਾਂ ਅਜੋਕੀ ਕਿਸਾਨ ਮਜ਼ਦੂਰੀ ਸੰਘਰਸ਼ ਸਥਿਤੀ' ਤੇ ਬੋਲਦਿਆਂ ਕਿਹਾ ਕਿ ਮਨੁੱਖ-ਪੱਖੀ ਮਾਡਲ ਉਸਾਰਨ ਵਿਚ ਸਮਾਜ ਪਛੜਿਆ ਰਿਹਾ ਹੈ ਅਤੇ ਅੱਜ ਮਨੁੱਖਤਾ ਵਿਰੋਧੀ ਮਾਡਲ ਨੇ ਉਥਲ ਪੁਥਲ ਮਚਾਈ ਹੋਈ ਹੈ।ਭਾਈ ਸੁਖਜਿੰਦਰ ਸਿੰਘ ਜੀ ਗੁਰਮਤਿ ਪ੍ਰਚਾਰ ਕੇਂਦਰ ਨਵਾਂ ਸ਼ਹਿਰ ਨੇ ਕਿਹਾ ਕਿ ਇਤਿਹਾਸ ਕੌਮਾਂ ਦੀ ਜ਼ਿੰਦ ਜਾਨ ਹੋਇਆ ਕਰਦੇ ਹਨ। ਸਿੰਘ ਸਭਾ ਲਹਿਰ ਦੇ ਨਾਇਕ ਕੌਮ ਦੇ ਰਾਹ-ਦਸੇਰਾ ਹਨ ਅਤੇ ਉਹਨਾਂ ਨੂੰ ਕੌਮ ਵਿਚ ਨਿਰੰਤਰ ਸਤਿਕਾਰਤ ਥਾਂ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਤਸਵੀਰਾਂ ਲਾਇਬ੍ਰੇਰੀਆਂ ਅਤੇ ਘਰ-ਘਰ ਵਿਚ ਲੱਗਣੀਆਂ ਚਾਹੀਦੀਆਂ ਹਨ।ਸ: ਰਸ਼ਪਾਲ ਸਿੰਘ ਨੇ ਕਿਹਾ ਕਿ ਗੁਰੂ-ਕਾਲ ਤੋਂ ਪਹਿਲਾਂ ਵੀ ਤੇ ਬਾਅਦ ਵਿਚ ਵੀ ਸਮੇਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਅਛੂਤ ਸਮਝੇ ਜਾਂਦੇ ਲੋਕਾਂ ਦੇ ਵਿੱਦਿਆ ਪੜ੍ਹਨ, ਧਰਮ ਸਥਾਨਾਂ'ਤੇ ਜਾਣ, ਚੰਗਾ ਖਾਣ ਤੇ ਪਹਿਨਣ'ਤੇ ਪਾਬੰਦੀ ਲਾਈ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜ਼ਾਬਰ ਆਗੂਆਂ ਨੂੰ ਫ਼ਿਟਕਾਰਿਆ ਅਤੇ ਮਜ਼ਲੂਮਾਂ ਦੇ ਨਾਲ ਖੜ ਕੇ ਹੱਕ ਲੈਣ ਲਈ ਲਲਕਾਰਿਆ।
  ਸ: ਸਤਨਾਮ ਸਿੰਘ ਰਾਜਸਥਾਨੀ ਨੇ ਜਲਵਾਯੂ ਪਰਿਵਰਤਨ ਅਤੇ ਭੋਜਨ ਤੇ ਖ਼ੁਰਾਕ-ਪ੍ਰਣਾਲੀ ਨੂੰ ਮਾਇਆਧਾਰੀ ਜਗਤ ਵਲੋਂ ਪਈ ਚੁਣੌਤੀ ਸਬੰਧੀ ਕਿਹਾ ਕਿ ਹਵਾ, ਪਾਣੀ, ਮਿੱਟੀ ਅਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਬਿਨਾਂ ਜਿਊਣਾ ਅਸੰਭਵ ਹੈ। ਪਰ ਤ੍ਰਾਸਦੀ ਹੈ ਕਿ ਹਕੂਮਤਾਂ ਪੱਖਪਾਤੀ ਵਤੀਰੇ ਅਪਣਾ ਕੇ ਲੋਕ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਦੀਆਂ ਹਨ ਅਤੇ ਅਰਾਜਿਕਤਾ ਫੈਲਾਉਂਦੀਆਂ ਹਨ। ਇਹਨਾਂ ਸਾਰੇ ਹਾਲਾਤਾਂ ਪਿੱਛੇ ਸਮਾਜ ਦੀ ਬੀਤੇ ਵਿਚ ਧਾਰੀ ਖਾਮੋਸ਼ੀ ਨਮੋਸ਼ੀ ਦਾ ਕਾਰਨ ਬਣਦੀ ਹੈ।
  ਸ: ਸਵਰਨ ਸਿੰਘ ਰਾਣਾ ਵਿਸ਼ਵੀਕਰਨ ਦੇ ਦੌਰ ਵਿਚ ਅੱਜ ਵੀ ਸਿੱਖ ਫ਼ਲਸਫ਼ੇ ਨੂੰ ਚੁਣੌਤੀ ਹੈ ਕਿਉਕਿ ਸਿੱਖੀ ਫਲਸਫਾ ਰੂਹਾਨੀਅਤ ਨੂੰ ਸਰਵੋਤਮ ਮੰਨਦਾ ਹੈ ਤੇ ਦੂਜੇ ਪਾਸੇ ਰਾਜਨੀਤੀ ਅਤੇ ਵਪਾਰੀਕਰਨ ਮਨੁੱਖ ਨੂੰ ਕੇਵਲ ਖਪਤਕਾਰ ਬਣਾਉਂਦਾ ਹੈ। ਅੱਜ ਦੇ ਵਿਸ਼ਵੀਕਰਨ ਕੋੋਲ ਗੁਰੂ ਨਾਨਕ ਸਾਹਿਬ ਜੀ ਵਾਲੀ ਵਿਸ਼ਵ-ਦ੍ਰਿਸ਼ਟੀ ਨਹੀਂ ਹੈ। ਜਿਸ ਲਈ ਸਮੁੱਚੀ ਮਨੁੱਖਤਾ ਸੰਕਟ ਵੱਲ ਵਧ ਰਹੀ ਹੈ। ਸਿੱਖ ਕੌਮ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾਲ ਡੂੰਘੀ ਸਾਂਝ ਪਾਉਣੀ ਹੋਵੇਗੀ ਅਤੇ ਇਸ ਅੰਦਰ ਪਏ ਰਤਨਾਂ, ਹੀਰਿਆਂ, ਜਵਾਹਰਾਂ ਤੇ ਮਾਣਕਾਂ ਨੂੰ ਵਿਸ਼ਵ ਵਿੱਚ ਵੰਡਣ ਦੀ ਸੇਵਾ ਨਿਭਾਉਣੀ ਹੋਵੇਗੀ।
  ਸ: ਪਲਵਿੰਦਰ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨੇ ਲਹਿਰ ਦੇ ਮੋਢੀਆਂ ਵਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ' ਤੇ ਜ਼ੋਰ ਦਿੱਤਾ। ਖਾਲਸਾ ਰਾਜ ਦੇ ਪਤਨ ਤੋਂ ਬਾਅਦ ਸਿੱਖੀ ਨੂੰ ਢਾਅ ਲੱਗ ਰਹੀ ਸੀ। ਸਿੰਘ ਸਭਾ ਲਹਿਰ ਦਾ ਜ਼ਮਾਨਾ ਪੱਛਮੀ-ਵਿਦਿਆ ਦੇ ਪ੍ਰਵੇਸ਼ ਦਾ ਸੀ। ਸ: ਲਸ਼ਕਰ ਸਿੰਘ ਜੀ ਮੈਂਬਰ ਗੁਰਦੁਆਰਾ ਸਿੰਘ ਸਭਾ ਨਕੋਦਰ ਨੇ ਅਰਬ ਵਿਚ ਸਿੰਘ ਸਭਾ ਲਹਿਰ ਦੀ ਬਦੌਲਤ ਸਿੱਖੀ ਦੀ ਬਣੀ ਪਛਾਣ ਅਤੇ ਗੁਰਦੁਆਰਿਆਂ ਦੀ ਮਾਨਤਾ ਸਬੰਧੀ ਪ੍ਰਗਟਾਵਾ ਕੀਤਾ। ਸ: ਪ੍ਰੀਤਮ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੀਆਂ ਪ੍ਰਾਪਤੀਆਂ ਪ੍ਰਤੀ ਕਵਿਤਾ ਨਾਲ ਨਿਹਾਲ ਕੀਤਾ। ਅੰਤ ਵਿਚ ਅਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਨਾਲ ਸੰਪੰਨਤਾ ਹੋਈ।
  ਇਸ ਮੌਕੇ ਗੁਰਦੁਆਰਾ ਸਿੰਘ ਸਭਾ ਨਕੋਦਰ ਦੇ ਪ੍ਰਬੰਧਕ ਕਮੇਟੀ ਮੈਂਬਰ ਸ: ਮਨਮੋਹਨ ਸਿੰਘ, ਸ: ਭੁਪਿੰਦਰ ਸਿੰਘ, ਸ: ਇਕਬਾਲ ਸਿੰਘ, ਸ: ਕੁਲਵੰਤ ਸਿੰਘ, ਸ: ਅਮਰਪ੍ਰੀਤ ਸਿੰਘ, ਸ: ਭਗਵਾਨ ਸਿੰਘ, ਖੁਸ਼ਹਾਲ ਸਿੰਘ ,ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸ: ਸੁਜਾਨ ਸਿੰਘ ਅਤੇ ਸ: ਇੰਦਰਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਸੰਸਥਾਂਵਾਂ ਤੋਂ ਸ: ਪਲਵਿੰਦਰ ਸਿੰਘ ਗੜ੍ਹਸ਼ੰਕਰ, ਸ: ਅਮਰਜੀਤ ਸਿੰਘ ਨੂਰਮਹਿਲ, ਸ: ਜਸਤਿੰਦਰਪਾਲ ਸਿੰਘ ਨੂਰਮਹਿਲ, ਸ: ਜਤਿੰਦਰਪਾਲ ਸਿੰਘ ਗੜ੍ਹਸ਼ੰਕਰ, ਸ: ਜਸਪਾਲ ਸਿੰਘ ਦਸੂਹਾ, ਬੀਬੀ ਰਣਜੀਤ ਕੌਰ ਨਕੌਦਰ, ਬੀਬੀ ਸ਼ਰਨਜੀਤ ਕੌਰ ਨਕੋਦਰ, ਬੀਬੀ ਗੁਰਦੇਵ ਕੌਰ ਨਕੋਦਰ, ਸ: ਅਜੀਤ ਸਿੰਘ ਮਾਲੜੀ, ਬੀਬੀ ਜਸਵੀਰ ਕੌਰ ਮਹਿਤਪੁਰ, ਬੀਬੀ ਨੀਤੂ, ਭਾਈ ਸਤਨਾਮ ਸਿੰਘ ਮਹਿਤਪੁਰ, ਸ: ਬਖਸ਼ੀਸ਼ ਸਿੰਘ ਮਲਸੀਆਂ, ਸ: ਹਰਮਨਪ੍ਰੀਤ ਸਿੰਘ ਮਹਿਤਪੁਰ, ਸ: ਗੁਰਿੰਦਰ ਸਿੰਘ ਮਹਿਤਪੁਰ, ਸ: ਸਿਮਰ ਸਿੰਘ ਨਕੋਦਰ, ਸ: ਵਰਿੰਦਰਪਾਲ ਸਿੰਘ ਢੀਂਡਸਾ, ਸ: ਜਗੀਰ ਸਿੰਘ, ਬੀਬੀ ਸਿਮਰਨਜੀਤ ਕੌਰ, ਸ: ਸੁਖਦੇਵ ਸਿੰਘ ਸੁਲਤਾਨਪੁਰ ਲੋਧੀ, ਸ: ਇਸ਼ਮੀਤ ਸਿੰਘ, ਸ: ਬੋਹੜ ਸਿੰਘ ਤਰਨਤਾਰਨ, ਸ: ਹਰਜੀਤ ਸਿੰਘ ਫਿਰੋਜ਼ਪੁਰ, ਸ: ਜਸਬੀਰ ਸਿੰਘ ਨਕੋਦਰ, ਨਿਰਮਲ ਸਿੰਘ ਮਲਸੀਆਂ ਅਤੇ ਸਿੱਖ ਸੰਗਤਾਂ ਹਾਜ਼ਰ ਸਨ।

  ਫਤਹਿਗੜ੍ਹ ਸਾਹਿਬ - ਨਾਰਵੇ ਵਿੱਚ ਦਰਮਨ ਦੇ ਮਿਉਂਸਿਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਕਈ ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ ਦਸਤਾਰ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਆਪਣੀ ਮੰਗ ਮੰਨਵਾਉਣ ਲਈ ਸਫਲਤਾ ਹਾਸਲ ਕੀਤੀ ਹੈ। ਨਾਰਵੇ ਵਿਚ ਦਸਤਾਰ ਸਜਾਉਣ ਵਾਲਿਆਂ ਦਾ ਪਾਸਪੋਰਟ ਨਹੀਂ ਬਣਾਇਆ ਜਾਂਦਾ ਸੀ ਤੇ ਨਾਰਵੇ ਸਰਕਾਰ ਨੇ 2014 ਦੇ ਪਾਸਪੋਰਟ ਨਿਯਮਾਂ ਵਿਚ ਬਦਲਾਅ ਲਿਆਂਦੇ ਸਨ ਜਿਨ੍ਹਾਂ ਤਹਿਤ ਦਸਤਾਰ ਕੰਨ ਨੰਗੇ ਰੱਖ ਕੇ ਬੰਨ੍ਹਣੀ ਜ਼ਰੂਰੀ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਉੱਘੀ ਲੇਖਕਾ ਪਰਮਜੀਤ ਕੌਰ ਸਰਹਿੰਦ ਦੇ ਜਵਾਈ ਹਨ। ਸਰਹਿੰਦ ਵਿਚ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਨਾਰਵੇ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਕੰਨਾਂ ਤੋਂ ਦਸਤਾਰ ਚੁੱਕ ਕੇ ਪਾਸਪੋਰਟ ’ਤੇ ਫੋਟੋ ਲਵਾਉਣ ਲਈ ਕਾਨੂੰਨ ਪਾਸ ਕੀਤਾ ਸੀ। ਅੰਮ੍ਰਿਤਪਾਲ ਸਿੰਘ ਨੇ ਯੰਗ ਸਿੱਖ ਜਥੇਬੰਦੀ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਸਰਕਾਰ ਨਾਲ ਲਗਾਤਾਰ ਰਾਬਤਾ ਰੱਖਿਆ। ਉਨ੍ਹਾਂ ਦੇ ਸੰਘਰਸ਼ ਤੋਂ ਬਾਅਦ ਨਾਰਵੇ ਸਰਕਾਰ ਨੇ ਕਾਨੂੰਨ ਵਿਚ ਸੋਧ ਕਰ ਦਿੱਤੀ ਹੈ। ਨਵੇਂ ਕਾਨੂੰਨ ਅਨੁਸਾਰ ਸਿੱਖ ਭਾਈਚਾਰਾ ਪਾਸਪੋਰਟ ’ਤੇ ਫੋਟੋ ਲਵਾ ਸਕੇਗਾ। ਨਾਰਵੇ ਦੀ ਕਾਨੂੰਨ ਮੰਤਰੀ ਮੋਨਿਕਾ ਮੇਲਾਂਦ ਤੇ ਸੱਭਿਆਚਾਰਕ ਮੰਤਰੀ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਓਸਲੋ ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਕਪੂਰਥਲਾ ਦਾ ਜੰਮਪਲ ਹੈ ਤੇ ਉਹ ਪਿਛਲੇ ਸਮੇਂ ਇਸ ਮਸਲੇ ਸਬੰਧੀ ਭਾਰਤ ਆਏ ਸਨ ਅਤੇ ਭਾਰਤ ਸਰਕਾਰ ਨੂੰ ਇਸ ਸਬੰਧੀ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ।

  ਚੰਡੀਗੜ੍ਹ  - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਖਿਆ ਕਿ ਸੰਵੇਦਨਸ਼ੀਲ ਮੁੱਦਿਆਂ ’ਤੇ ਟਕਰਾਅ ਦੀ ਨੀਤੀ ਛੱਡ ਕੇ ਆਮ ਸਹਿਮਤੀ ਤੇ ਉਸਾਰੂ ਸਮਝੌਤੇ ਦੀ ਨੀਤੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦਾ ਅਕਸ ਨਹੀਂ ਵਿਗੜਨਾ ਚਾਹੀਦਾ। ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਸੂਬੇ ’ਚ ਕੱਲ੍ਹ ਇਸ ਗੱਲ ਦਾ ਉਤਸ਼ਾਹ ਸੀ ਕਿ ਕਿਸਾਨੀ ਦੇ ਹੱਕ ਵਿੱਚ ਅਕਾਲੀ ਲਹਿਰ ਅਸਲ ਵਿੱਚ ਪੰਥਕ ਲਹਿਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕਤੰਤਰੀ ਪੰਥਕ ਰਵਾਇਤਾਂ ਦੀ ਗੱਲ ਕਰਦੇ ਹਨ, ਉਨ੍ਹਾਂ ਲਈ ਇਹ ਵੇਖਣ ਵਾਲਾ ਵੱਡਾ ਮੌਕਾ ਸੀ। ਸ੍ਰੀ ਬਾਦਲ ਕਿਹਾ ਕਿ ਟਕਰਾਅ ਜਦੋਂ ਹਿੰਸਕ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖ਼ਤਰਨਾਕ ਹੋ ਸਕਦਾ ਹੈ ਜਿਸ ਨਾਲ ਦੇਸ਼ ਦਾ ਮਾਣ ਸਨਮਾਨ ਵੀ ਗੁਆਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਨ-ਸੁਵੰਨਤਾ ਦੀ ਹਰ ਹਾਲਤ ਵਿੱਚ ਨਾ ਸਿਰਫ ਰਾਖੀ ਕੀਤੀ ਚਾਹੀਦੀ ਹੈ ਸਗੋਂ ਹਰ ਵਿਅਕਤੀ ਜੋ ਦੇਸ਼ ਦੀ ਕਿਸਮਤ ਬਦਲਣ ’ਚ ਲੱਗਿਆ ਹੋਇਆ ਹੈ, ਉਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਸਹਿਕਾਰੀ ਸੰਘਵਾਦ ਦੇ ਸਨਮਾਨ ਦੀ ਜ਼ਰੂਰਤ ਇਕ ਪਾਸੇ ਹੈ ਜਦਕਿ ਲੋਕਤੰਤਰੀ ਬਗਾਵਤ ਦੂਸਰੇ ਪਾਸੇ ਹੈ। ਸਾਬਕਾ ਮੁੱਖ ਮੰਤਰੀ ਨੇ ਲੰਘੀ ਰਾਤ ਚੰਡੀਗੜ੍ਹ ਪੁਲੀਸ ਵੱਲੋਂ ਅਕਾਲੀ ਵਰਕਰਾਂ ਖਾਸ ਤੌਰ ’ਤੇ ਸ਼ਾਂਤੀਪੂਰਨ ਰੋਸ ਵਿਖਾਵਾ ਕਰ ਰਹੇ ਕਿਸਾਨਾਂ ਖ਼ਿਲਾਫ਼ ਧੱਕੇਸ਼ਾਹੀ ਕਰਨ ਨੂੰ ਬਹੁਤ ਹੀ ਹੈਰਾਨੀਜਨਕ ਤੇ ਬੇਲੋੜੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਸੁਣਾਉਣਾ ਹਰ ਕਿਸੇ ਦਾ ਬੁਨਿਆਦੀ ਹੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜਪਾਲ ਦੇ ਅਹੁਦੇ ’ਤੇ ਹੁੰਦੇ ਤਾਂ ਨੰਗੇ ਪੈਰ ਚੱਲ ਕੇ ਸ਼ਾਂਤੀਪੂਰਨ ਮੁਜ਼ਾਹਰਾ ਕਰਨ ਵਾਲਿਆਂ ਨੂੰ ਜਾ ਕੇ ਮਿਲਦੇ।

  ਚੰਡੀਗੜ੍ਹ - ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਬੀਤੇ ਦਿਨ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਰੋਲ ਰੋਕੋ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਪੰਜਾਬ ਦਾ ਪਿਛਲੇ 9 ਦਿਨਾਂ ਤੋਂ ਪੂਰੇ ਮੁਲਕ ਨਾਲੋਂ ਰੇਲ ਸੰਪਰਕ ਟੁੱਟਿਆ ਪਿਆ ਹੈ। ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਤੇ ਟੌਲ ਪਲਾਜ਼ੇ ਬੰਦ ਕਰਵਾ ਦਿੱਤੇ ਹਨ।

  ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ’ਚ ਬੀਤੇ ਦਿਨ 32 ਥਾਵਾਂ ’ਤੇ ਸ਼ੁਰੂ ਹੋਏ ਰੇਲ ਰੋਕੋ ਅੰਦੋਲਨ ਦਾ ਅੱਜ ਦੂਜੇ ਦਿਨ ’ਚ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਪੰਜ ਭਾਜਪਾ ਆਗੂਆਂ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ), ਸੁਨੀਤਾ ਗਰਗ (ਕੋਟਕਪੂਰਾ), ਅਰੁਣ ਨਾਰੰਗ (ਵਿਧਾਇਕ, ਅਬੋਹਰ) ਦੇ ਘਰਾਂ ਅਤੇ ਦੋ ਦਰਜਨ ਦੇ ਕਰੀਬ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਘਿਰਾਓ ਜਾਰੀ ਹੈ ਅਤੇ ਬਹੁਤ ਸਾਰੇ ਸ਼ਾਪਿੰਗ ਮਾਲ ਤੇ ਦਰਜਨਾਂ ਟੌਲ ਪਲਾਜ਼ੇ ਬੰਦ ਕਰਵਾ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਆਪਣੇ ਵਾਅਦੇ ਮੁਤਾਬਕ ਜਲਦੀ ਤੋਂ ਜਲਦੀ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕਰਨ। ਉਨ੍ਹਾਂ ਨਾਲ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਵੀ ਮਤਾ ਪਾ ਕੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
  ਡਾ. ਦਰਸ਼ਨ ਪਾਲ ਨੇ ਦੱਸਿਆ ਕਿ 6 ਅਕਤੂਬਰ ਨੂੰ ਹਰਿਆਣਾ ਦੀਆਂ 17 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਹਰਿਆਣਾ ਦੇ ਹਜ਼ਾਰਾਂ ਕਿਸਾਨ ਸਿਰਸਾ ’ਚ ਜਨਨਾਇਕ ਜਨਤਾ ਪਾਰਟੀ ਦੇ ਆਗੂ ਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਉਸ ਦੇ ਭਰਾ ਤੇ ਬਿਜਲੀ ਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦੇ ਘਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਲਾ ਰਹੇ ਹਨ।
  ਕਿਸਾਨਾਂ ਦੇ ਇਕੱਠਾਂ ਨੂੰ ਬਲਬੀਰ ਸਿੰਘ ਰਾਜੇਵਾਲ, ਉਂਕਾਰ ਸਿੰਘ ਅਗੋਲ, ਅਜਮੇਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਹਰਮੀਤ ਸਿੰਘ ਕਾਦੀਆਂ, ਜਗਦੇਵ ਸਿੰਘ, ਮਨਜੀਤ ਸਿੰਘ ਰਾਏ ਪ੍ਰਧਾਨ ਅਤੇ ਸਤਨਾਮ ਸਿੰਘ ਸਾਹਨੀ, ਕੁਲਵੰਤ ਸਿੰਘ ਸੰਧੂ, ਡਾਕਟਰ ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ, ਡਾ. ਦਰਸ਼ਨ ਪਾਲ, ਹਰਭਜਨ ਸਿੰਘ ਬੁੱਟਰ, ਬਲਦੇਵ ਸਿੰਘ ਨਿਹਾਲਗੜ੍ਹ, ਭੁਪਿੰਦਰ ਸਿੰਘ ਸਾਂਬਰ ਪ੍ਰਧਾਨ, ਨਿਰਭੈ ਸਿੰਘ ਢੁੱਡੀਕੇ, ਜਤਿੰਦਰ ਸਿੰਘ ਛੀਨਾ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਧਰਮਪਾਲ ਸੀਲ, ਇੰਦਰਜੀਤ ਸਿੰਘ ਕੋਟ ਬੁੱਢਾ, ਹਰਜੀਤ ਸਿੰਘ ਰਵੀ, ਹਰਜਿੰਦਰ ਸਿੰਘ ਟਾਂਡਾ, ਨਿਰਵੈਲ ਸਿੰਘ ਡਾਲੇਕੇ, ਬੋਘ ਸਿੰਘ ਮਾਨਸਾ, ਬਲਵਿੰਦਰ ਸਿੰਘ ਔਲਖ, ਸਤਨਾਮ ਸਿੰਘ ਬਹਿਰੂ ਪ੍ਰਧਾਨ, ਗੁਰਬਖ਼ਸ਼ ਸਿੰਘ ਬਰਨਾਲਾ, ਸਤਨਾਮ ਸਿੰਘ ਪਨੂੰ, ਸਰਵਣ ਸਿੰਘ ਪੰਧੇਰ, ਕੰਵਲਪ੍ਰੀਤ ਸਿੰਘ ਪੰਨੂ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਜ਼ੀਰਾ ਬੂਟਾ ਸਿੰਘ ਸ਼ਾਦੀਪੁਰ, ਬਲਦੇਵ ਸਿੰਘ ਸਿਰਸਾ, ਜੰਗਬੀਰ ਸਿੰਘ ਟਾਂਡਾ, ਮੁਕੇਸ਼ ਚੰਦਰ, ਹਰਪਾਲ ਸਿੰਘ ਸੰਘਾ, ਬਲਵੰਤ ਸਿੰਘ ਬਰਾਮਕੇ, ਕਿਰਪਾ ਸਿੰਘ ਨੱਥੂਵਾਲਾ ਨੇ ਸੰਬੋਧਨ ਕੀਤਾ।

  ਫ਼ਰੀਦਕੋਟ - ਬਹਿਬਲ ਗੋਲੀ ਕਾਂਡ ਵਿੱਚ ਮੁੱਖ ਮੁਲਜ਼ਮ ਤੋਂ ਵਾਅਦਾ ਮੁਆਫ਼ ਗਵਾਹ ਬਣੇ ਇੰਸਪੈਕਟਰ ਪ੍ਰਦੀਪ ਸਿੰਘ ਦਾ ਬਿਆਨ ਜਨਤਕ ਹੋਣ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਜਿਹੜਾ ਮਸਲਾ ਪੰਜਾਬ ਪੁਲੀਸ ਗੱਲਬਾਤ ਰਾਹੀਂ ਹੱਲ ਕਰ ਸਕਦੀ ਸੀ, ਉਸ ਲਈ ਪੁਲੀਸ ਨੇ ਬਿਨਾਂ ਕਾਰਨ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋ ਬੇਕਸੂਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇੰਸਪੈਕਟਰ ਪ੍ਰਦੀਪ ਸਿੰਘ ਘਟਨਾ ਵਾਲੇ ਦਿਨ ਬਹਿਬਲ ਕਲਾਂ ਧਰਨੇ ਵਿੱਚ ਮੌਜੂਦ ਸੀ ਅਤੇ ਉਸ ਸਮੇਂ ਉਹ ਮੋਗਾ ਦੇ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ ਦੇ ਰੀਡਰ ਵਜੋਂ ਨਿਯੁਕਤ ਸਨ। ਪ੍ਰਦੀਪ ਸਿੰਘ ਨੂੰ ਵਿਸ਼ੇਸ਼ ਜਾਂਚ ਟੀਮ ਨੇ ਪਹਿਲਾਂ ਬਹਿਬਲ ਕਾਂਡ ਵਿੱਚ ਮੁੱਖ ਮੁਲਜ਼ਮਾਂ ਵਿੱਚ ਸ਼ਾਮਿਲ ਕੀਤਾ ਸੀ ਪਰ ਬਾਅਦ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਨੇ ਵਾਅਦਾ ਮੁਆਫ਼ ਗਵਾਹ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ ਜਿਸ ‘ਤੇ ਸਥਾਨਕ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ 15 ਸਤੰਬਰ 2020 ਨੂੰ ਉਨ੍ਹਾਂ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਸੀ।
  ਆਪਣੇ 19 ਸਫ਼ਿਆਂ ਦੇ ਬਿਆਨ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਸ ਵੇਲੇ ਦੇ ਡੀ.ਜੀ.ਪੀ. ਸੁਮੇਧ ਸੈਣੀ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਹਦਾਇਤ ਕੀਤੀ ਸੀ ਕਿ ਬਹਿਬਲ ਕਲਾਂ ਸੜਕ ਤੋਂ ਧਰਨਾ ਹਰ ਹਾਲਤ ਵਿੱਚ ਚੁਕਵਾ ਦਿੱਤਾ ਜਾਵੇ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਗੋਲੀਆਂ ਵੀ ਚਲਾਈਆਂ ਜਾਣ। ਇੰਸਪੈਕਟਰ ਪ੍ਰਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਬਹਿਬਲ ਗੋਲੀ ਕਾਂਡ ਡੀ.ਜੀ.ਪੀ. ਸੁਮੇਧ ਸੈਣੀ ਅਤੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ ਦੇ ਕਥਿਤ ਗਲਤ ਰਵੱਈਏ ਕਾਰਨ ਵਾਪਰਿਆ। ਵਾਅਦਾ ਮੁਆਫ਼ ਗਵਾਹ ਨੇ ਇਹ ਵੀ ਖੁਲਾਸਾ ਕੀਤਾ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਨ ਤੋਂ ਬਾਅਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਪੁਲੀਸ ਲਾਈਨ ਲੁਧਿਆਣਾ ਵਿੱਚ ਉਨ੍ਹਾਂ ਸਾਰੇ ਅਫ਼ਸਰਾਂ ਦੀ ਮੀਟਿੰਗ ਬੁਲਾਈ ਸੀ ਜਿਸ ਵਿੱਚ ਉਸ ਨੇ ਬਹਿਬਲ ਕਲਾਂ ਵਿੱਚ ਚੱਲੀਆਂ ਗੋਲੀਆਂ ਦੀ ਸਚਾਈ ਨੂੰ ਛੁਪਾਊਣ ਲਈ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ-ਆਪਣਾ ਗੋਲੀ ਸਿੱਕਾ ਤੇ ਕਾਰਤੂਸ ਪੂਰੇ ਕਰ ਲੈਣ ਤਾਂ ਕਿ ਪੜਤਾਲ ਦੌਰਾਨ ਪੁਲੀਸ ਨਿਰਦੋਸ਼ ਸਾਬਿਤ ਹੋਵੇ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਚੰਡੀਗੜ੍ਹ ਪੁਲੀਸ ਦਰਮਿਆਨ ਅੱਜ ਪੰਜਾਬ ਦੀ ਹੱਦ ’ਤੇ ਦੋ ਥਾਈਂ ਜ਼ੀਰਕਪੁਰ ਅਤੇ ਮੁੱਲਾਂਪੁਰ ਵਾਲੇ ਪਾਸੇ ਜਬਰਦਸਤ ਝੜਪਾਂ ਹੋਈਆਂ। ਪੁਲੀਸ ਨੇ ਇਸ ਦੌਰਾਨ ਅਕਾਲੀ ਵਰਕਰਾਂ ’ਤੇ ਹਲਕਾ ਲਾਠੀਚਾਰਜ ਕੀਤਾ ਤੇ ਜਲ ਤੋਪਾਂ ਦੀ ਵੀ ਵਰਤੋਂ ਕੀਤੀ ਅਤੇ ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਦੋਵੇਂ ਪਾਸੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੋਈ ਸੀ। ਪੁਲੀਸ ਦੀ ਕਾਰਵਾਈ ਤੋਂ ਬਾਅਦ ਅਕਾਲੀਆਂ ਨੇ ਮੋਦੀ ਸਰਕਾਰ ’ਤੇ ਵੀ ਨਿਸ਼ਾਨਾ ਸੇਧਿਆ।
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਵਿਰੁੱਧ ਅਕਾਲ ਤਖਤ, ਕੇਸਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਏ ਮਾਰਚਾਂ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਯੂਟੀ ਪੁਲੀਸ ਨੇ ਪੰਜਾਬ ਪੁਲੀਸ ਦੀ ਮਦਦ ਨਾਲ ਚੰਡੀਗੜ੍ਹ ਨਾਲ ਲੱਗਦੀ ਹੱਦ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਸੀ। ਸੁਖਬੀਰ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਤੇ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਆਗੂ ਵੀ ਸਨ। ਤਿੰਨਾਂ ਤਖ਼ਤਾਂ ਤੋਂ ਸ਼ੁਰੂ ਹੋਇਆ ਮਾਰਚ ਦੇਰ ਸ਼ਾਮ ਪੌਣੇ ਨੌਂ ਵਜੇ ਦੇ ਕਰੀਬ ਚੰਡੀਗੜ੍ਹ ਦੀ ਹੱਦ ’ਤੇ ਪਹੁੰਚਿਆ। ਜ਼ੀਰਕਪੁਰ ਵਾਲੇ ਪਾਸੇ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠਲੇ ਵਫ਼ਦ ਦੀ ਯੂਟੀ ਪੁਲੀਸ ਦੇ ਅਫਸਰਾਂ ਤੇ ਮੁਲਾਜ਼ਮਾਂ ਨਾਲ ਬਹਿਸ ਚੱਲਦੀ ਰਹੀ ਤੇ ਅਕਾਲੀਆਂ ਵੱਲੋਂ ਚੰਡੀਗੜ੍ਹ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ।
  ਸ੍ਰੀਮਤੀ ਬਾਦਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਆਗੂ ਜ਼ੀਕਰਪੁਰ ਵਿੱਚ ਸੜਕ ’ਤੇ ਹੀ ਧਰਨਾ ਮਾਰ ਕੇ ਬੈਠ ਗਏ। ਅਕਾਲੀ ਆਗੂਆਂ ਤੇ ਪੁਲੀਸ ਅਫਸਰਾਂ ਦਰਮਿਆਨ ਤਿੱਖੀ ਬਹਿਸ ਤੋਂ ਬਾਅਦ ਪੁਲੀਸ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਭੂੰਦੜ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਹਿਰਾਸਤ ’ਚ ਲੈ ਲਿਆ ਤੇ ਉਸ ਤੋਂ ਬਾਅਦ ਅਕਾਲੀ ਵਰਕਰਾਂ ਨੇ ਜਦੋਂ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਤੋੜ ਦਿੱਤੇ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਅਕਾਲੀ ਦਲ ਦੀਆਂ ਮਹਿਲਾ ਆਗੂ ਵੀ ਪੁਲੀਸ ਦੇ ਲਾਠੀਚਾਰਜ ਦਾ ਸ਼ਿਕਾਰ ਹੋਈਆਂ।
  ਸੁਖਬੀਰ ਸਿੰਘ ਬਾਦਲ ਨੇ ਵੀ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਦੋਂ ਕਿਸਾਨਾਂ ਖ਼ਿਲਾਫ਼ ਕਾਨੂੰਨ ਲਿਆਂਦੇ ਤਾਂ ਪਾਰਟੀ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਅਤੇ ਐੱਨਡੀਏ ’ਚੋਂ ਵਾਪਸ ਆਉਣ ਦਾ ਫੈਸਲਾ ਵੀ ਕੀਤਾ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਮੋਦੀ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਾਏ। ਅਮਰਿੰਦਰ ਸਿੰਘ ’ਤੇ ਵੀ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਦੇ ਦੋਸ਼ ਲਾਏ। ਸ੍ਰੀ ਬਾਦਲ ਨੇ ਕਿਹਾ ਕਿ ਕਿਸੇ ਵੀ ਕਾਰਪੋਰੇਟ ਜਾਂ ਕੰਪਨੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਜਾਂ ਜਿਣਸਾਂ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਅਕਾਲੀਆਂ ਦੇ ਮਾਰਚ ਵਿੱਚ ਕੇਸਰੀ ਅਤੇ ਹਰੇ ਝੰਡੇ ਲਹਿਰਾਏ ਜਾ ਰਹੇ ਸਨ ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਗੱਲ ਨੂੰ ਉਭਾਰਿਆ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਰਾਤੀਂ ਦਸ ਵਜੇ ਸੜਕ ’ਤੇ ਧਰਨਾ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਜਿੰਨੀ ਦੇਰ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦੇਣ ਜਾਣ ਨਹੀਂ ਦਿੱਤਾ ਜਾਂਦਾ ਓਨੀ ਦੇਰ ਤੱਕ ਧਰਨਾ ਦਿੱਤਾ ਜਾਵੇਗਾ।

  ਅੰਮ੍ਰਿਤਸਰ - ਪਾਵਨ ਸਰੂਪ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਖਿਲਾਫ ਮੋਰਚਾ ਲਾ ਕੇ ਬੈਠੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਦਫਤਰ ਬਾਹਰ ਮੁੱਖ ਗੇਟ ਨੂੰ ਤਾਲਾ ਮਾਰ ਦਿੱਤਾ ਹੈ ਜਿਸ ਨਾਲ ਸ਼੍ਰੋਮਣੀ ਕਮੇਟੀ ਅਤੇ ਸਿੱਖ ਕਾਰਕੁਨਾਂ ਵਿਚਾਲੇ ਮੁੜ ਤਣਾਅ ਵਧਣ ਦੀ ਸੰਭਾਵਨਾ ਹੈ। ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਬਾਅਦ ਦੁਪਹਿਰ ਮੁੱਖ ਦਫਤਰ ਦੇ ਗੇਟ ਨੂੰ ਤਾਲਾ ਜੜਿਆ। ਫਿਲਹਾਲ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਮੋੜਵੀਂ ਕਾਰਵਾਈ ਨਹੀਂ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਆਖਿਆ ਕਿ ਉਹ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨਾਲ ਕਿਸੇ ਵੀ ਤਰ੍ਹਾਂ ਤਕਰਾਰ ਜਾਂ ਟਕਰਾਅ ਕਰਨ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਤਾਲਾ ਖੋਲ੍ਹਣ ਬਾਰੇ ਸਿੱਖ ਕਾਰਕੁਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵਲੋਂ ਇਥੇ ਉਚੀ ਆਵਾਜ਼ ਵਿਚ ਸਪੀਕਰ ਲਾ ਕੇ ਮੋਰਚੇ ’ਤੇ ਬੈਠੇ ਸਿੱਖਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਸਿੱਖ ਕਾਰਕੁਨਾਂ ਨੂੰ ਉਕਸਾਉਣ ਦਾ ਯਤਨ ਕਰ ਰਹੀ ਹੈ ਤਾਂ ਜੋ ਅਜਿਹੀ ਕਾਰਵਾਈ ਨੂੰ ਹੁੱਲੜਬਾਜ਼ੀ ਦਾ ਨਾਂ ਦੇ ਕੇ ਮੋਰਚੇ ਨੂੰ ਖਤਮ ਕਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਦੋਂ ਮੁੱਖ ਗੇਟ ਨੂੰ ਤਾਲਾ ਮਾਰਿਆ ਤਾਂ ਸ਼੍ਰੋਮਣੀ ਕਮੇਟੀ ਨੇ ਸਪੀਕਰ ਬੰਦ ਕਰ ਦਿੱਤੇ ਹਨ। ਧਰਨੇ ’ਤੇ ਬੈਠੇ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਮੋਰਚਾ 18ਵੇਂ ਦਿਨ ਵੀ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸੰਗਤ ਦੇ ਸ਼ੰਕੇ ਦੂਰ ਕਰਨ ਦੀ ਲੋੜ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ। ਇਸ ਲਈ ਉਹ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਯੋਗ ਅਗਵਾਈ ਦੇਣ। ਸ੍ਰੀ ਰੰਧਾਵਾ ਨੇ ਲਿਖਿਆ ਕਿ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਨਾਲੋਂ ਸਰੂਪਾਂ ਦੇ ਲਾਪਤਾ ਹੋਣ ਦੀ ਘਟਨਾ ਵਧੇਰੇ ਗੰਭੀਰ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਹੁਣ ਤਕ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ, ਜਿਸ ਕਾਰਨ ਸੰਗਤ ਵਿਚ ਭਾਰੀ ਰੋਸ ਹੈ।

  ਚੰਡੀਗੜ੍ਹ - ਪੰਜਾਬ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਅੰਦੋਲਨ ਦੌਰਾਨ ਰੇਲਾਂ ਦਾ ਚੱਕਾ ਜਾਮ ਕਰਨ ਦੇ ਪਹਿਲੇ ਦਿਨ ਸੂਬੇ ਵਿੱਚ ਰੇਲ ਮਾਰਗਾਂ ’ਤੇ ਕਿਸਾਨਾਂ ਤੋਂ ਬਿਨਾਂ ਕੁਝ ਹੋਰ ਦਿਖਾਈ ਨਹੀਂ ਦਿੱਤਾ। ਰੇਲਵੇ ਵਿਭਾਗ ਨੇ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਯਾਤਰੂ ਅਤੇ ਮਾਲ ਗੱਡੀਆਂ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀ ਹੈ ਪਰ ਕਿਸਾਨਾਂ ਦਾ ਅੰਦੋਲਨ ਅਣਮਿੱਥੇ ਸਮੇਂ ਦਾ ਹੋਣ ਕਾਰਨ ਰੇਲ ਵਿਭਾਗ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਹੈ।

  ਕਿਸਾਨ ਜਥੇਬੰਦੀਆਂ ਦੇ ਬੁਲਾਰੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 30 ਤੋਂ ਵੱਧ ਥਾਵਾਂ ’ਤੇ ਰੇਲ ਮਾਰਗਾਂ ਉਪਰ ਪੱਕੀ ਮੋਰਚਾਬੰਦੀ ਕੀਤੀ ਗਈ। ਕਿਸਾਨਾਂ ਦੇ ਇਸ ਅੰਦੋਲਨ ਸਦਕਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਬਾਕੀ ਪੂਰੇ ਭਾਰਤ ਨਾਲੋਂ ਪੂਰੀ ਤਰ੍ਹਾਂ ਨਾਲ ਕੱਟੇ ਗਏ। ਕਿਸਾਨਾਂ ਨੇ ਕਾਨੂੰਨਾਂ ਦਾ ਪੱਖ ਪੂਰਨ ਵਾਲਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਵੀ ਧਰਨੇ ਦਿੱਤੇ। ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ), ਸੁਨੀਤਾ ਗਰਗ (ਕੋਟਕਪੂਰਾ) ਅਤੇ ਅਰੁਣ ਨਾਰੰਗ (ਵਿਧਾਇਕ ਅਬੋਹਰ) ਆਦਿ ਦੇ ਘਰਾਂ ਅੱਗੇ ਰੋਸ ਧਰਨੇ ਸ਼ੁਰੂ ਕੀਤੇ ਗਏ। ਪੂੰਜੀਪਤੀਆਂ ਦੇ ਟਿਕਾਣਿਆਂ ਖਾਸ ਕਰ 15 ਤੋਂ ਵੱਧ ਥਾਵਾਂ ’ਤੇ ਟੋਲ ਪਲਾਜ਼ੇ ਬੰਦ ਕਰਕੇ ਟਰੈਫਿਕ ਨੂੰ ਬਿਨਾਂ ਫੀਸ ਤੋਂ ਲੰਘਣ ਲਈ ਰਾਤ-ਦਿਨ ਦੇ ਧਰਨੇ ਸ਼ੁਰੂ ਕੀਤੇ ਗਏ। ਕਿਸਾਨਾਂ ਨੇ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਕੰਪਨੀ ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਸ਼ਾਪਿੰਗ ਮਾਲਾਂ ਨੂੰ ਵੀ ਬੰਦ ਕੀਤਾ ਹੋਇਆ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਰੇਲ ਰੋਕੋ ਅੰਦੋਲਨ, ਭਾਜਪਾ ਆਗੂਆਂ ਦਾ ਬਾਈਕਾਟ, ਅਡਾਨੀਆਂ ਤੇ ਅੰਬਾਨੀਆਂ ਦੇ ਕਾਰੋਬਾਰਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਜਾਂ ਪੰਜਾਬ ਸਰਕਾਰ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਨਹੀਂ ਕਰਦੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਜਪਾ ਕਾਰਕੁਨਾਂ ਨੂੰ ਖੇਤੀ ਕਾਨੂੰਨਾਂ ਦੇ ਪੱਖ ’ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨ੍ਹੇ ਮੋਦੀ-ਭਗਤਾਂ ਨੂੰ ਥਾਂ-ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਲੇ ਕਾਨੂੰਨ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਾਰੰਟ ਹਨ। ਬੁਲਾਰਿਆਂ ਨੇ ਕਿਹਾ ਕਿ ਅਣਖੀਲੇ ਜੁਝਾਰੂ ਕਿਸਾਨ, ਮਜ਼ਦੂਰ ਤੇ ਸੰਘਰਸ਼ਸ਼ੀਲ ਲੋਕ ਲੰਬੇ ਸੰਘਰਸ਼ਾਂ ਦੀ ਝੜੀ ਲਾ ਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ। ਉਨਾਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕੀਤੀਆਂ ਜਾਣ, ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਖਿਲਾਫ਼ ਲਿਖਣ-ਬੋਲਣ ਵਾਲੇ ਕਵੀਆਂ, ਬੁੱਧੀਜੀਵੀਆਂ, ਵਕੀਲਾਂ, ਕਲਾਕਾਰਾਂ, ਲੇਖਕਾਂ ਉੱਤੇ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, 90 ਫ਼ੀਸਦੀ ਅੰਗਹੀਣ ਪ੍ਰੋ. ਜੀ ਐਨ ਸਾਈਂਬਾਬਾ, ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਸ਼ਾਂਤਮਈ ਅੰਦੋਲਨਕਾਰੀ ਆਗੂਆਂ ਸਮੇਤ ਸਾਰੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ‘ਕਿਸਾਨਾਂ ਦੇ ਨਾਂ ਸੱਦਾ’ ਪਰਚਾ ਦੋ ਲੱਖ ਦੀ ਗਿਣਤੀ ’ਚ ਛਾਪ ਕੇ ਘਰ-ਘਰ ਵੰਡਿਆ ਜਾ ਰਿਹਾ ਹੈ।

  ਕਿਸਾਨਾਂ ਦੇ ਇਕੱਠਾਂ ਨੂੰ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ, ਡਾ. ਦਰਸ਼ਨ ਪਾਲ, ਹਰਭਜਨ ਸਿੰਘ ਬੁੱਟਰ, ਬਲਦੇਵ ਸਿੰਘ ਨਿਹਾਲਗੜ੍ਹ, ਭੁਪਿੰਦਰ ਸਿੰਘ ਸਾਂਬਰ, ਨਿਰਭੈ ਸਿੰਘ ਢੁੱਡੀਕੇ, ਜਤਿੰਦਰ ਸਿੰਘ ਛੀਨਾ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਬਲਬੀਰ ਸਿੰਘ ਰਾਜੇਵਾਲ, ਅਜਮੇਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਸਾਹਨੀ, ਧਰਮਪਾਲ ਸੀਲ, ਇੰਦਰਜੀਤ ਸਿੰਘ ਕੋਟ ਬੁੱਢਾ, ਹਰਜੀਤ ਸਿੰਘ ਰਵੀ, ਹਰਜਿੰਦਰ ਸਿੰਘ ਟਾਂਡਾ, ਨਿਰਵੈਲ ਸਿੰਘ ਡਾਲੇਕੇ, ਬੋਘ ਸਿੰਘ ਮਾਨਸਾ, ਬਲਵਿੰਦਰ ਸਿੰਘ ਔਲਖ, ਸਤਨਾਮ ਸਿੰਘ ਬਹਿਰੂ, ਗੁਰਬਖ਼ਸ਼ ਸਿੰਘ ਬਰਨਾਲਾ, ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ, ਕੰਵਲਪ੍ਰੀਤ ਸਿੰਘ ਪੰਨੂ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਜੀਰਾ, ਬੂਟਾ ਸਿੰਘ ਸ਼ਾਦੀਪੁਰ, ਬਲਦੇਵ ਸਿੰਘ ਸਿਰਸਾ, ਜੰਗਬੀਰ ਸਿੰਘ ਟਾਂਡਾ, ਮੁਕੇਸ਼ ਚੰਦਰ, ਹਰਪਾਲ ਸਿੰਘ ਸੰਘਾ, ਬਲਵੰਤ ਸਿੰਘ ਬਰਾਮਕੇ ਅਤੇ ਕਿਰਪਾ ਸਿੰਘ ਨੱਥੂਵਾਲਾ ਆਦਿ ਸ਼ਾਮਲ ਹਨ।

  ਲਖਨਊ - ਬਾਬਰੀ ਮਸਜਿਦ ਢਾਹੁਣ ਦੇ ਕੇਸ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ 32 ਮੁਲਜ਼ਮਾਂ ਨੂੰ  ਬਰੀ ਕਰ ਦਿੱਤਾ। ਅਦਾਲਤ ਨੇ 2300 ਪੰਨਿਆਂ ਦੇ ਫ਼ੈਸਲੇ ’ਚ ਕਿਹਾ ਕਿ ਸੀਬੀਆਈ ਮੁਲਜ਼ਮਾਂ ਖਿਲਾਫ਼ ਕੋਈ ਪੁਖ਼ਤਾ ਸਬੂਤ ਪੇਸ਼ ਨਹੀਂ ਕਰ ਸਕੀ। ਕਰੀਬ 28 ਸਾਲ ਪੁਰਾਣੇ ਕੇਸ ਦਾ ਨਿਬੇੜਾ ਕਰਦਿਆਂ ਸੀਬੀਆਈ ਅਦਾਲਤ ਦੇ ਜੱਜ ਐੱਸ ਕੇ ਯਾਦਵ ਨੇ ਅਖ਼ਬਾਰਾਂ ਅਤੇ ਵੀਡੀਓ ਕੈਸੇਟਸ ਨੂੰ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ। ਅਦਾਲਤ ਮੁਤਾਬਕ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਆਗੂ ਅਸ਼ੋਕ ਸਿੰਘਲ ਬਾਬਰੀ ਮਸਜਿਦ ਢਾਂਚੇ ਨੂੰ ਬਚਾਊਣਾ ਚਾਹੁੰਦੇ ਸਨ ਕਿਊਂਕਿ ਅੰਦਰ ਭਗਵਾਨ ਰਾਮ ਦੀਆਂ ਮੂਰਤੀਆਂ ਪਈਆਂ ਸਨ। ਜੱਜ ਨੇ ਕਿਹਾ ਕਿ ਜਾਂਚ ਏਜੰਸੀ ਬਾਬਰੀ ਮਸਜਿਦ ਢਾਹੁਣ ਵਾਲੇ ਕਾਰ ਸੇਵਕਾਂ ਦੀ ਇਸ ਮਾਮਲੇ ’ਚ ਮੁਲਜ਼ਮ ਬਣਾਏ ਗਏ ਵਿਅਕਤੀਆਂ ਨਾਲ ਕੋਈ ਗੰਢ-ਤੁੱਪ ਸਾਬਿਤ ਨਹੀਂ ਕਰ ਸਕੀ। ਊਨ੍ਹਾਂ ਕਿਹਾ ਕਿ ਮਸਜਿਦ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਨਹੀਂ ਢਾਹਿਆ ਗਿਆ ਹੈ ਅਤੇ ਇਹ ਕਾਰਾ ਸਹਿਜ ਸੁਭਾਅ ਹੀ ਹੋ ਗਿਆ। ਜੱਜ ਨੇ ਸਾਰੇ ਮੁਲਜ਼ਮਾਂ ਨੂੰ 50-50 ਹਜ਼ਾਰ ਰੁਪਏ ਦੇ ਬਾਂਡ ਅਤੇ ਜਾਮਨੀ ਭਰਨ ਦੇ ਨਿਰਦੇਸ਼ ਦਿੱਤੇ। ਅਦਾਲਤ ’ਚ ਫ਼ੈਸਲਾ ਸੁਣਾਏ ਜਾਣ ਸਮੇਂ ਕੁਝ ਮੁਲਜ਼ਮਾਂ ਨੇ ਜੱਜ ਦੀ ਮੌਜੂਦਗੀ ’ਚ ‘ਜੈ ਸ੍ਰੀਰਾਮ’ ਦੇ ਨਾਅਰੇ ਵੀ ਲਗਾਏ। ਸ੍ਰੀ ਯਾਦਵ ਦਾ ਅੱਜ ਅਦਾਲਤ ’ਚ ਆਖਰੀ ਦਿਨ ਸੀ। ਊਹ ਪਹਿਲਾਂ ਹੀ 30 ਸਤੰਬਰ 2019 ’ਚ ਸੇਵਾਮੁਕਤ ਹੋ ਗਏ ਹਨ ਪਰ ਸੁਪਰੀਮ ਕੋਰਟ ਨੇ ਊਨ੍ਹਾਂ ਦੀ ਸੇਵਾ ਅੱਜ ਫ਼ੈਸਲਾ ਸੁਣਾਏ ਜਾਣ ਤੱਕ ਵਧਾ ਦਿੱਤੀ ਸੀ।

  ਇਹ ਕੇਸ ਅਯੁੱਧਿਆ ’ਚ ਵਿਵਾਦਤ ਢਾਂਚੇ ਨੂੰ 6 ਦਸੰਬਰ 1992 ਨੂੰ ਢਾਹੁਣ ਨਾਲ ਸਬੰਧਤ ਹੈ ਜਿਸ ਮਗਰੋਂ ਕਈ ਮਹੀਨਿਆਂ ਤੱਕ ਹੋਏ ਦੰਗਿਆਂ ਦੌਰਾਨ ਮੁਲਕ ਭਰ ’ਚ ਕਰੀਬ 2 ਹਜ਼ਾਰ ਵਿਅਕਤੀ ਮਾਰੇ ਗਏ ਸਨ। ਇਹ ਢਾਂਚਾ ‘ਕਾਰ ਸੇਵਕਾਂ’ ਨੇ ਢਾਹਿਆ ਸੀ ਜਿਨ੍ਹਾਂ ਦਾਅਵਾ ਕੀਤਾ ਸੀ ਕਿ ਅਯੁੱਧਿਆ ’ਚ ਪੁਰਾਤਨ ਰਾਮ ਮੰਦਰ ਦੀ ਥਾਂ ’ਤੇ ਮਸਜਿਦ ਊਸਾਰੀ ਗਈ ਸੀ।

  ਖੁੱਲ੍ਹੀ ਅਦਾਲਤ ’ਚ ਫ਼ੈਸਲਾ ਪੜ੍ਹਦਿਆਂ ਜੱਜ ਨੇ ਅਖ਼ਬਾਰਾਂ ਦੇ ਟੁੱਕੜਿਆਂ ਨੂੰ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਕਿਊਂਕਿ ਊਸ ਦੀਆਂ ਮੂਲ ਕਾਪੀਆਂ ਪੇਸ਼ ਨਹੀਂ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਤਸਵੀਰਾਂ ਦੇ ਨੈਗੇਟਿਵ ਨਹੀਂ ਦਿੱਤੇ ਗਏ ਸਨ।

  ਸੀਬੀਆਈ ਅਦਾਲਤ ਵੱਲੋਂ ਬਰੀ ਕੀਤੇ ਗਏ ਆਗੂਆਂ ’ਚ ਸਾਬਕਾ ਊਪ ਪ੍ਰਧਾਨ ਮੰਤਰੀ ਅਡਵਾਨੀ, ਸਾਬਕਾ ਕੇਂਦਰੀ ਮੰਤਰੀ ਜੋਸ਼ੀ ਅਤੇ ਊਮਾ ਭਾਰਤੀ, ਊੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ (ਜਿਨ੍ਹਾਂ ਦੇ ਕਾਰਜਕਾਲ ਦੌਰਾਨ ਢਾਂਚਾ ਢਾਹਿਆ ਗਿਆ ਸੀ), ਵਿਨੈ ਕਟਿਆਰ ਅਤੇ ਸਾਧਵੀ ਰਿਤੰਬਰਾ ਸ਼ਾਮਲ ਹਨ। ਮੰਦਰ ਦੀ ਊਸਾਰੀ ਲਈ ਬਣਾਏ ਗਏ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਵੀ ਮੁਲਜ਼ਮਾਂ ’ਚ ਸ਼ਾਮਲ ਸਨ। ਜੱਜ ਐੱਸ ਕੇ ਯਾਦਵ ਨੇ 16 ਸਤੰਬਰ ਨੂੰ 32 ਮੁਲਜ਼ਮਾਂ ਨੂੰ ਹਦਾਇਤ ਕੀਤੀ ਸੀ ਕਿ ਊਹ ਫ਼ੈਸਲੇ ਵਾਲੇ ਦਿਨ ਅਦਾਲਤ ’ਚ ਹਾਜ਼ਰ ਰਹਿਣ।

  ਬਚਾਅ ਪੱਖ ਦੇ ਵਕੀਲ ਵਿਮਲ ਕੁਮਾਰ ਸ੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਊਹ ਪਹਿਲਾਂ ਤੋਂ ਆਖਦੇ ਆ ਰਹੇ ਸਨ ਕਿ ਮੁਲਜ਼ਮਾਂ ਖਿਲਾਫ਼ ਕੋਈ ਸਬੂਤ ਨਹੀਂ ਹਨ ਅਤੇ ਤਤਕਾਲੀ ਕਾਂਗਰਸ ਸਰਕਾਰ ਦੇ ਪ੍ਰਭਾਵ ਹੇਠ ਸੀਬੀਆਈ ਨੇ ਊਨ੍ਹਾਂ ਨੂੰ ਝੂਠਾ ਫਸਾਇਆ ਸੀ। ਸੀਬੀਆਈ ਦੇ ਵਕੀਲ ਲਲਿਤ ਸਿੰਘ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਖਿਲਾਫ਼ ਅਪੀਲ ਦਾਖ਼ਲ ਕਰਨ ਬਾਰੇ ਊਹ ਆਪਣੇ ਕਾਨੂੰਨੀ ਵਿਭਾਗ ਨਾਲ ਵਿਚਾਰ ਵਟਾਂਦਰੇ ਮਗਰੋਂ ਕੋਈ ਫ਼ੈਸਲਾ ਲੈਣਗੇ। ਊਨ੍ਹਾਂ ਕਿਹਾ ਕਿ ਫ਼ੈਸਲੇ ਦੀ ਕਾਪੀ ਸੀਬੀਆਈ ਹੈੱਡਕੁਆਰਟਰ ਭੇਜੀ ਜਾਵੇਗੀ ਜਿਥੋਂ ਸੁਝਾਅ ਮਿਲਣ ਮਗਰੋਂ ਕੋਈ ਫ਼ੈਸਲਾ ਲਿਆ ਜਾਵੇਗਾ। ਊਮਾ ਭਾਰਤੀ (61) ਅਤੇ ਕਲਿਆਣ ਸਿੰਘ (88) ਕਰੋਨਾਵਾਇਰਸ ਕਾਰਨ ਹਸਪਤਾਲ ’ਚ ਦਾਖ਼ਲ ਹਨ ਜਿਸ ਕਾਰਨ ਊਹ ਫ਼ੈਸਲਾ ਸੁਣਾਏ ਜਾਣ ਸਮੇਂ ਅਦਾਲਤ ’ਚ ਹਾਜ਼ਰ ਨਹੀਂ ਸਨ। ਸ੍ਰੀ ਅਡਵਾਨੀ (92), ਨ੍ਰਿਤਿਆ ਗੋਪਾਲ ਦਾਸ ਅਤੇ ਸਤੀਸ਼ ਪ੍ਰਧਾਨ ਵੀ ਅਦਾਲਤ ’ਚ ਹਾਜ਼ਰ ਨਹੀਂ ਸਨ। ਕੇਂਦਰੀ ਏਜੰਸੀ ਨੇ ਅਦਾਲਤ ਅੱਗੇ ਸਬੂਤ ਵਜੋਂ 351 ਗਵਾਹਾਂ ਅਤੇ 600 ਦਸਤਾਵੇਜ਼ ਪੇਸ਼ ਕੀਤੇ ਸਨ। ਇਸ ਮਗਰੋਂ 48 ਵਿਅਕਤੀਆਂ ਖਿਲਾਫ਼ ਦੋਸ਼ ਤੈਅ ਕੀਤੇ ਗਏ ਸਨ ਪਰ ਕੇਸ ਚੱਲਣ ਦੌਰਾਨ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਸੀਬੀਆਈ ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮਾਂ ਨੇ ਸਾਜ਼ਿਸ਼ ਕਰਕੇ ‘ਕਾਰ ਸੇਵਕਾਂ’ ਨੂੰ 16ਵੀਂ ਸਦੀ ਦੀ ਮਸਜਿਦ ਢਾਹੁਣ ਲਈ ਭੜਕਾਇਆ।
  ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਅਤੇ ਸੀਨੀਅਰ ਵਕੀਲ ਜ਼ਫ਼ਰਯਾਬ ਜਿਲਾਨੀ ਨੇ ਕਿਹਾ ਹੈ ਕਿ ਬਾਬਰੀ ਮਸਜਿਦ ਢਾਹੁਣ ਦੇ ਕੇਸ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ। ਜਿਲਾਨੀ ਨੇ ਕਿਹਾ ਕਿ ਸੈਂਕੜੇ ਗਵਾਹਾਂ ਵੱਲੋਂ ਬਿਆਨ ਦਿੱਤੇ ਗਏ ਹਨ ਜਿਨ੍ਹਾਂ ਕਿਹਾ ਸੀ ਕਿ ਮੰਚ ’ਤੇ ਬੈਠੇ ਮੁਲਜ਼ਮਾਂ ਵੱਲੋਂ ਭੜਕਾਊ ਤਕਰੀਰਾਂ ਕੀਤੀਆਂ ਗਈਆਂ ਸਨ। ਊਨ੍ਹਾਂ ਕਿਹਾ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਬੂਤਾਂ ਨੂੰ ਅਣਗੌਲਿਆਂ ਕੀਤਾ ਹੈ। ਊਨ੍ਹਾਂ ਸੰਕੇਤ ਦਿੱਤਾ ਕਿ ਬੋਰਡ ਕੇਸ ’ਚ ਧਿਰ ਬਣ ਸਕਦਾ ਹੈ। ਬੋਰਡ ਦੇ ਇਕ ਹੋਰ ਸੀਨੀਅਰ ਮੈਂਬਰ ਮੌਲਾਨਾ ਖਾਲਿਦ ਰਾਸ਼ਿਦ ਫਿਰੰਗੀ ਮਹਾਲੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀਆਂ ਜਥੇਬੰਦੀਆਂ ਸੀਬੀਆਈ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਬਾਰੇ ਇਕੱਠਿਆਂ ਫ਼ੈਸਲਾ ਲੈਣਗੀਆਂ।

  ਨਵੀਂ ਦਿੱਲੀ - ਬਾਬਰੀ ਮਸਜਿਦ ਢਾਹੁਣ ਦੇ ਕੇਸ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਰੀ ਕੀਤੇ ਜਾਣ ਮਗਰੋਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ‘ਜੈ ਸ੍ਰੀ ਰਾਮ’ ਦਾ ਨਾਅਰਾ ਲਗਾਇਆ ਅਤੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ‘ਰਾਮ ਜਨਮਭੂਮੀ ਅੰਦੋਲਨ’ ਨੂੰ ਲੈ ਕੇ ਊਨ੍ਹਾਂ ਦੀ ਨਿੱਜੀ ਅਤੇ ਭਾਜਪਾ ਦੀ ਵਚਨਬੱਧਤਾ ਨੂੰ ਸਾਬਿਤ ਕਰਦਾ ਹੈ। ਸ੍ਰੀ ਅਡਵਾਨੀ ਨੇ ਇਕ ਵੀਡੀਓ ਸੁਨੇਹੇ ’ਚ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਬਹੁਤ ਅਹਿਮ ਦੱਸਿਆ। ਬਾਅਦ ’ਚ ਇਕ ਬਿਆਨ ਜਾਰੀ ਕਰਕੇ ਊਨ੍ਹਾਂ ਕਿਹਾ ਕਿ ਇਹ ਫ਼ੈਸਲਾ ਸੁਪਰੀਮ ਕੋਰਟ ਦੇ ਨਵੰਬਰ 2019 ਦੇ ਇਤਿਹਾਸਕ ਫ਼ੈਸਲੇ ਦੇ ਨਕਸ਼ੇ ਕਦਮ ’ਤੇ ਹੈ ਜਿਸ ਨੇ ਅਯੁੱਧਿਆ ’ਚ ਰਾਮ ਮੰਦਰ ਦੀ ਊਸਾਰੀ ਦੇ ਊਨ੍ਹਾਂ ਦੇ ਸੁਫਨੇ ਦਾ ਰਾਹ ਪੱਧਰਾ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਡਵਾਨੀ ਨੇ ਕਿਹਾ ਕਿ ਬਹੁਤ ਦਿਨਾਂ ਮਗਰੋਂ ਵਧੀਆ ਖ਼ਬਰ ਆਈ ਹੈ ਅਤੇ ‘ਜੈ ਸ੍ਰੀ ਰਾਮ’ ਦਾ ਨਾਅਰਾ ਗੁੰਜਾਇਆ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com