ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਹਾਥਰਸ (ਯੂਪੀ) - ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਹੋਈ 19 ਸਾਲਾ ਦਲਿਤ ਮਹਿਲਾ, ਜਿਸ ਦੀ ਮੰਗਲਵਾਰ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦਾ ਬੁੱਧਵਾਰ ਨੂੰ ਵੱਡੇ ਤੜਕੇ ਸਸਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਮੁਕਾਮੀ ਪੁਲੀਸ ਉੱਤੇ ਅੱਧੀ ਰਾਤ ਨੂੰ ਅੰਤਿਮ ਰਸਮਾਂ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਅਧਿਕਾਰੀਆਂ ਨੇ ਹਾਲਾਂਕਿ ਸਭ ਕੁਝ ‘ਪਰਿਵਾਰ ਦੀਆਂ ਇੱਛਾਵਾਂ’ ਮੁਤਾਬਕ ਹੀ ਕਰਨ ਦਾ ਦਾਅਵਾ ਕੀਤਾ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਵਿੱਚ 14 ਸਤੰਬਰ ਨੂੰ ਚਾਰ ਵਿਅਕਤੀਆਂ ਨੇ ਦਲਿਤ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਕੀਤਾ ਸੀ। ਮਹਿਲਾ ਨੂੰ ਪਹਿਲਾਂ ਏਐੈੱਮਯੂ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਵਿਗੜਨ ਮਗਰੋਂ ਉਸ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਤਬਦੀਲ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਨੂੰ ਊਸ ਨੇ ਆਖਰੀ ਸਾਹ ਲਏ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਫ਼ਦਰਜੰਗ ਹਸਪਤਾਲ ਤੋਂ ਮੰਗਲਵਾਰ ਰਾਤ ਨੂੰ ਮਹਿਲਾ ਦੀ ਲਾਸ਼ ਲੈ ਕੇ ਪਿੰਡ ਲਈ ਰਵਾਨਾ ਹੋ ਗਿਆ ਸੀ। ਪੀੜਤ ਪਰਿਵਾਰ ਦੇ ਇਕ ਜੀਅ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਪੁਲੀਸ ਉਨ੍ਹਾਂ ਤੋਂ ਪਹਿਲਾਂ ਹੀ ਲਾਸ਼ ਲੈ ਕੇ ਹਾਥਰਸ ਪਹੁੰਚ ਗਈ। ਪੀੜਤ ਮਹਿਲਾ ਦੇ ਪਿਤਾ ਨੇ ਇਸ ਖ਼ਬਰ ਏਜੰਸੀ ਨੂੰ ਅੱਜ ਸਵੇਰੇ ਦੱਸਿਆ, ‘ਲਗਪਗ ਢਾਈ ਤਿੰਨ ਵਜੇ ਦੇ ਕਰੀਬ ਸਸਕਾਰ ਕੀਤਾ ਗਿਆ।’ ਪੀਤੜਾ ਦੇ ਭਰਾ ਨੇ ਦੱਸਿਆ, ‘ਪੁਲੀਸ ਸਸਕਾਰ ਲਈ ਜਬਰਦਸਤੀ ਮ੍ਰਿਤਕ ਦੇਹ ਅਤੇ ਮੇਰੇ ਪਿਤਾ ਨੂੰ ਲੈ ਗਈ। ਮੇਰੇ ਪਿਤਾ ਹਾਥਰਸ ਪਹੁੰਚੇ ਤਾਂ ਪੁਲੀਸ ਉਨ੍ਹਾਂ ਨੂੰ ਫੌਰੀ ਆਪਣੇ ਨਾਲ (ਸਸਕਾਰ ਲਈ) ਲੈ ਗਈ।’ ਇਸ ਦੌਰਾਨ ਇਕ ਹੋਰ ਰਿਸ਼ਤੇਦਾਰ ਨੇ ਕਿਹਾ ਕਿ ਪੀੜਤ ਮਹਿਲਾ ਦੇ ਪਿਤਾ ਨਾਲ 30 ਤੋਂ 40 ਵਿਅਕਤੀ ਸਨ, ਇਨ੍ਹਾਂ ਵਿੱਚੋਂ ਬਹੁਤੇ ਰਿਸ਼ਤੇਦਾਰ ਤੇ ਆਂਢ ਗੁਆਂਢ ਦੇ ਲੋਕ ਸਨ। ਸਸਕਾਰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਵਿੱਚ ਚਾਂਦਪਾ ਪੁਲੀਸ ਸਟੇਸ਼ਨ ਅਧੀਨ ਆਊਂਦੇ ਬੂਲ ਗੜੀ ਪਿੰਡ ਨਜ਼ਦੀਕ ਕੀਤਾ ਗਿਆ।
    ਸਸਕਾਰ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਲਾਜ਼ਮ ਹਜੂਮ ਨੂੰ ਕਾਬੂ ਕਰਨ ਲਈ ਪੂਰੀ ਤਿਆਰੀ ਨਾਲ ਲੈਸ ਸਨ। ਸਸਕਾਰ ਮੌਕੇ ਘਰ ਵਿੱਚ ਹੀ ਮੌਜੂਦ ਪੀੜਤਾ ਦੀ ਇਕ ਰਿਸ਼ਤੇਦਾਰ ਨੇ ਕਿਹਾ ਕਿ ਸਾਰਾ ਕੁਝ ਇਸ ਕੇਸ ਨੂੰ ਰਫ਼ਾ ਦਫ਼ਾ ਕਰਨ ਲਈ ਕੀਤਾ ਜਾ ਰਿਹੈ। ਉਧਰ ਸੰਪਰਕ ਕਰਨ ’ਤੇ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਨੇ ਇਸ ਖ਼ਬਰ ਏਜੰਸੀ ਨੂੰ ਭੇਜੇ ਟੈਕਸਟ ਸੁਨੇਹੇ ’ਚ ਕਿਹਾ, ‘ਇਹ ਸਾਰੀ ਕਾਰਵਾਈ ਪਰਿਵਾਰ ਦੀ ਇੱਛਾ ਮੁਤਾਬਕ ਹੀ ਕੀਤੀ ਗਈ ਹੈ।’ ਇਸ ਦੌਰਾਨ ਬੂਲ ਗੜੀ ਪਿੰਡ ਦੇ ਮੁਕਾਮੀ ਲੋਕ ਅੱਜ ਸਵੇਰੇ 12 ਵਜੇ ਦੇ ਕਰੀਬ ਸੜਕਾਂ ’ਤੇ ਨਿਕਲ ਆਏ। ਇਨ੍ਹਾਂ ਵਿੱਚੋਂ ਕੁਝ ਨੇ ਮੁਕਾਮੀ ਚਾਂਦਪਾ ਪੁਲੀਸ ਸਟੇਸ਼ਨ ਨੇੜੇ ਜਦੋਂਕਿ ਬਾਕੀਆਂ ਨੇ ਹਾਥਰਸ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਕ ਟਵੀਟ ’ਚ ਕਿਹਾ, ‘ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਪੀੜਤਾ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਨਾ ਦੇਣਾ ਅਤੇ ਉਨ੍ਹਾਂ ਦੀ ਸਹਿਮਤੀ ਤੇ ਮੌਜੂਦਗੀ ਤੋਂ ਬਿਨਾਂ ਅੱਧੀ ਰਾਤ ਨੂੰ ਸਸਕਾਰ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ।’ ਬਸਪਾ ਮੁਖੀ ਨੇ ਮਗਰੋਂ ਇਕ ਹੋਰ ਟਵੀਟ ’ਚ ਕਿਹਾ ਕਿ ਚੰਗਾ ਹੁੰਦਾ ਜੇਕਰ ਸੁਪਰੀਮ ਕੋਰਟ ਇਸ ਗੰਭੀਰ ਕੇਸ ਦਾ ਖੁ਼ਦ ਨੋਟਿਸ ਲੈਂਦਿਆਂ ਵਾਜਬ ਕਾਰਵਾਈ ਲਈ ਆਖਦੀ। ਉਧਰ ਸਮਾਜਵਾਦੀ ਆਗੂ ਅਖਿਲੇਸ਼ ਯਾਦਵ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਹਾਥਰਸ ਘਟਨਾ ਨੂੰ ‘ਮੰਦਭਾਗੀ ਤੇ ਸਦਮੇ’ ਵਾਲੀ ਦੱਸਦਿਆਂ ਦਲਿਤ ਆਗੂਆਂ ਦੀ ‘ਚੁੱਪੀ’ ’ਤੇ ਉਜਰ ਜਤਾਇਆ ਹੈ। ਰਾਊਤ ਨੇ ਕਿਹਾ ਕਿ ਕੀ ਨਿਆਂ ਸਿਰਫ਼ ਉੱਘੀ ਹਸਤੀ ਜਾਂ ਅਭਿਨੇਤਰੀ ਲਈ ਹੀ ਮੰਗਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿੱਥੇ ਹੈ ਉਹ ਮੀਡੀਆ ਜਿਹੜਾ ਘਰ ਦੀ ਛੱਤ ਢਾਹੁਣ ਉੱਤੇ ਇਕ ਅਭਿਨੇਤਰੀ ਲਈ ਨਿਆਂ ਮੰਗ ਰਿਹਾ ਸੀ।
    ਹਾਥਰਸ ਸਮੂਹਿਕ ਬਲਾਤਕਾਰ ਤੇ ਹੱਤਿਆ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਸੀਬੀਆਈ ਜਾਂ ਸਿੱਟ ਹਵਾਲੇ ਕਰਨ ਦੀ ਮੰਗ ਕਰਦੀ ਇਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ। ਸਮਾਜਿਕ ਕਾਰਕੁਨ ਸਤਿਯਮ ਦੁਬੇ ਨੇ ਪਟੀਸ਼ਨ ਵਿੱਚ ਕੇਸ ਦੇ ਟਰਾਇਲ ਨੂੰ ਯੂਪੀ ਤੋਂ ਦਿੱਲੀ ਤਬਦੀਲ ਕਰਨ ਦੀ ਮੰਗ ਵੀ ਕੀਤੀ ਹੈ।
    ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਫੋਨ ’ਤੇ ਪੀੜਤਾ ਦੇ ਪਿਤਾ ਨੂੰ ਮਾਯੂਸੀ ’ਚ ਚਾਂਗਰਾ ਮਾਰਦਿਆਂ ਸੁਣਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਪੀੜਤ ਪਿਤਾ ਨੂੰ ਆਪਣੀ ਧੀ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਮੌਕੇ ਉਹ ਊਨ੍ਹਾਂ ਨਾਲ ਫੋਨ ’ਤੇ ਗੱਲ ਕਰ ਰਹੀ ਸੀ। ਕਾਂਗਰਸ ਆਗੂ ਨੇ ਲੜੀਵਾਰ ਟਵੀਟਾਂ ’ਚ ਕਿਹਾ, ‘ਉਹ ਮੈਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੂੰ ਆਪਣੇ ਬੱਚੇ ਲਈ ਸਿਰਫ਼ ਨਿਆਂ ਚਾਹੀਦਾ ਹੈ। ਬੀਤੀ ਰਾਤ ਪੀੜਤ ਪਿਤਾ ਤੋਂ ਆਪਣੀ ਧੀ ਨੂੰ ਇਕ ਆਖਰੀ ਵਾਰ ਘਰ ਲਿਜਾਣ ਤੇ ਉਹਦੀਆਂ ਅੰਤਿਮ ਰਸਮਾਂ ਕਰਨ ਦਾ ਮੌਕਾ ਵੀ ਖੋਹ ਲਿਆ ਗਿਆ।’ ਪ੍ਰਿਯੰਕਾ ਨੇ ਟਵੀਟ ਆਦਿੱਤਿਆਨਾਥ ਨੂੰ ਟੈਗ ਕਰਦਿਆਂ ਕਿਹਾ, ‘ਅਸਤੀਫ਼ਾ ਦੇਵੋ। ਤੁਹਾਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ। ਇਸੇ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਬਰ-ਜਨਾਹ ਪੀੜਤ ਦੇ ਜਬਰੀ ਸਸਕਾਰ ਨੂੰ ਯੂਪੀ ਸਰਕਾਰ ਦੀ ‘ਸ਼ਰਮਨਾਕ’ ਕਾਰਵਾਈ ਕਰਾਰ ਦਿੱਤਾ ਹੈ। ਰਾਹੁਲ ਨੇ ਹਿੰਦੀ ’ਚ ਕੀਤੇ ਟਵੀਟ ’ਚ ਕਿਹਾ, ‘ਇਹ ਸੂਬਾ ਸਰਕਾਰ ਦੀ ਦਲਿਤਾਂ ਨੂੰ ਦੱਬਣ ਤੇ ਸਮਾਜ ਵਿੱਚ ਉਨ੍ਹਾਂ ਦੀ ਥਾਂ ਵਿਖਾਉਣ ਦੀ ‘ਸ਼ਰਮਨਾਕ’ ਕਾਰਵਾਈ ਹੈ। ਸਾਡੀ ਲੜਾਈ ਇਸੇ ਨੀਚ ਸੋਚ ਖ਼ਿਲਾਫ਼ ਹੈ।’
    ਸੁਤੰਤਰਤਾ ਸੰਗਰਾਮ ਦੀ ਪਾਰਟੀ ਮਜਲਿਸ ਅਹਿਰਾਰ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਹਾਥਰਸ ਵਿੱਚ ਦਲਿਤ ਲੜਕੀ ਨਾਲ ਕੀਤੇ ਜਬਰ-ਜਨਾਹ ਦੇ ਮੁਲਜ਼ਮਾਂ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਫਾਂਸੀ ਦੇਣ ਦੀ ਮੰਗ ਕੀਤੀ ਹੈ। ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਉੱਤਰ ਪ੍ਰਦੇਸ਼ ‘ਚ ਧੀਆਂ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਤੇ ਸਰਕਾਰ ਤਮਾਸ਼ਬੀਨ ਬਣੀ ਹੋਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸਲਾਮੀ ਸ਼ਰੀਅਤ ‘ਚ ਹੁਕਮ ਦਿੱਤਾ ਗਿਆ ਹੈ ਕਿ ਜਬਰ-ਜਨਾਹ ਕਰਨ ਵਾਲੇ ਨੂੰ ਸਰੇ ਬਾਜ਼ਾਰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਮਾਵਾਂ, ਭੈਣਾਂ ਅਤੇ ਧੀਆਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ ਨਹੀਂ ਤਾਂ ਦਿਨ-ਬ-ਦਿਨ ਪਹਿਲਾਂ ਵਾਂਗ ਹੋਰ ਮਾਸੂਮ ਬੱਚੀਆਂ ਹੈਵਾਨੀਅਤ ਦੀ ਭੇਟ ਚੜ੍ਹਨਗੀਆਂ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਹਾਥਰਸ ਜਬਰ-ਜਨਾਹ ਤੇ ਹੱਤਿਆ ਕੇਸ ਵਿੱਚ ਸਬੰਧਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਆਖਣ ਮਗਰੋਂ ਮੁੱਖ ਮੰਤਰੀ ਨੇ ਕੇਸ ਦੀ ਜਾਂਚ ਲਈ ਤਿੰਨ ਮੈਂਬਰੀ ‘ਸਿਟ’ ਕਾਇਮ ਕਰ ਦਿੱਤੀ ਹੈ। ਸਿਟ ਨੂੰ 7 ਦਿਨਾਂ ’ਚ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਯੋਗੀ ਨੇ ਕੇਸ ਫਾਸਟ ਟਰੈਕ ਕੋਰਟ ਵਿਚ ਚਲਾਉਣ ਦੀ ਵੀ ਹਦਾਇਤ ਕੀਤੀ ਹੈ। ਗ੍ਰਹਿ ਸਕੱਤਰ ਭਗਵਾਨ ਸਰੂਪ ‘ਸਿੱਟ’ ਦੀ ਅਗਵਾਈ ਕਰਨਗੇ ਜਦੋਂਕਿ ਹੋਰਨਾਂ ਮੈਂਬਰਾਂ ’ਚ ਡੀਆਈਜੀ ਚੰਦਰਪ੍ਰਕਾਸ਼ ਤੇ ਸੂਬਾਈ ਹਥਿਆਰਬੰਦ ਕੌਂਸਟੈਬਲੁਰੀਜ਼ ਆਗਰਾ ਦੀ ਕਮਾਂਡੈਂਟ ਪੂਨਮ ਸ਼ਾਮਲ ਹੋੋੋਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਪੀੜਤ ਮਹਿਲਾ ਦੇ ਪਿਤਾ ਨਾਲ ਗੱਲਬਾਤ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਯਕੀਨ ਦਿਵਾਉਂਦਿਆਂ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।

    ਨਵੀਂ ਦਿੱਲੀ - ਭਾਜਪਾ ਆਗੂਆਂ ਨੇ ਬਾਬਰੀ ਕੇਸ ’ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਸਚਾਈ ਅਤੇ ਨਿਆਂ ਦੀ ਜਿੱਤ ਕਰਾਰ ਦਿੱਤਾ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਫ਼ੈਸਲਾ ਭਾਵੇਂ ਦੇਰੀ ਨਾਲ ਆਇਆ ਹੈ ਪਰ ਇਨਸਾਫ਼ ਦੀ ਜਿੱਤ ਹੋਈ ਹੈ। ਬਿਹਾਰ ਦੇ ਊਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਵੀਡੀਓ ਸੁਨੇਹੇ ’ਚ ਕਿਹਾ ਕਿ ਫ਼ੈਸਲੇ ਨਾਲ ਭਾਜਪਾ ਦਾ ਦਾਅਵਾ ਸਹੀ ਸਾਬਿਤ ਹੋਇਆ ਹੈ ਕਿ ਮਸਜਿਦ ਢਾਹੁਣ ਦੀ ਸਾਜ਼ਿਸ਼ ਪਹਿਲਾਂ ਤੋਂ ਨਹੀਂ ਘੜੀ ਗਈ ਸੀ। ਭਾਜਪਾ ਆਗੂ ਰਾਮ ਮਾਧਵ ਨੇ ਕਿਹਾ ਕਿ ਸਾਰਿਆਂ ਨੂੰ ਫ਼ੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਆਰਐੱਸਐੱਸ ਦੇ ਜਨਰਲ ਸਕੱਤਰ ਸੁਰੇਸ਼ ‘ਭੱਈਆਜੀ’ ਜੋਸ਼ੀ ਨੇ ਕਿਹਾ ਕਿ ਹੁਣ ਸਾਰੇ ਵਰਗਾਂ ਨੂੰ ਮੁਲਕ ਦੀ ਤਰੱਕੀ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ।
    ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ ਬਾਬਰੀ ਮਸਜਿਦ ਕੇਸ ਦਾ ਫ਼ੈਸਲਾ ਸੱਚ ਅਤੇ ਨਿਆਂ ਦੀ ਜਿੱਤ ਹੈ। ਪ੍ਰੀਸ਼ਦ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਅਦਾਲਤਾਂ ਨੂੰ ਨਿਆਂ ਦੇਣ ’ਚ 28 ਵਰ੍ਹੇ ਲੱਗ ਗਏ।
    ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਹੁਣ ਇਸ ਮਾਮਲੇ ਨੂੰ ਭੁਲਾ ਦੇਣ ਦੀ ਲੋੜ ਹੈ। ਊਨ੍ਹਾਂ ਕਿਹਾ ਕਿ ਜੇਕਰ ਬਾਬਰੀ ਮਸਜਿਦ ਢਾਹੀ ਨਾ ਗਈ ਹੁੰਦੀ ਤਾਂ ਅਯੁੱਧਿਆ ’ਚ ਰਾਮ ਮੰਦਰ ਦਾ ‘ਭੂਮੀ ਪੂਜਨ’ ਸੰਭਵ ਨਹੀਂ ਸੀ।
    ਸੀਪੀਐੱਮ ਨੇ ਬਾਬਰੀ ਕੇਸ ਦੇ ਫ਼ੈਸਲੇ ਨੂੰ ‘ਇਨਸਾਫ਼ ਦਾ ਮਜ਼ਾਕ’ ਕਰਾਰ ਦਿੱਤਾ ਹੈ। ਸੀਪੀਐੱਮ ਦੇ ਪੋਲਿਟ ਬਿਊਰੋ ਨੇ ਬਿਆਨ ’ਚ ਕਿਹਾ ਕਿ ਇਹ ਫ਼ੈਸਲਾ ਆਊਣ ’ਚ 28 ਵਰ੍ਹੇ ਲੱਗ ਗਏ ਪਰ ਫਿਰ ਵੀ ਇਨਸਾਫ਼ ਨਹੀਂ ਹੋਇਆ। ਊਨ੍ਹਾਂ ਕਿਹਾ ਕਿ ਮਸਜਿਦ ਢਾਹੁਣ ਵਾਲੀ ਥਾਂ ’ਤੇ ਮੌਜੂਦ ਭਾਜਪਾ, ਵੀਐੱਚਪੀ ਅਤੇ ਆਰਐੱਸਐੱਸ ਦੇ ਸਾਰੇ ਆਗੂਆਂ ਨੂੰ ਬੇਕਸੂਰ ਠਹਿਰਾ ਦਿੱਤਾ ਗਿਆ ਹੈ। ਊਨ੍ਹਾਂ ਮੁਤਾਬਕ ਸੁਪਰੀਮ ਕੋਰਟ ਨੇ ਪਿਛਲੇ ਸਾਲ ਅਯੁੱਧਿਆ ਬਾਰੇ ਦਿੱਤੇ ਫ਼ੈਸਲੇ ’ਚ ਮਸਜਿਦ ਨੂੰ ਢਾਹੁਣਾ ਕਾਨੂੰਨ ਦੀ ਘੋਰ ਊਲੰਘਣਾ ਕਰਾਰ ਦਿੱਤਾ ਸੀ ਪਰ ਹੁਣ ਲਖਨਊ ਅਦਾਲਤ ਨੂੰ ਮੁੱਖ ਸਾਜ਼ਿਸ਼ਘਾੜੇ ਦੋਸ਼ੀ ਨਹੀਂ ਮਿਲੇ ਹਨ। ਸੀਪੀਐੱਮ ਨੇ ਕਿਹਾ ਕਿ ਫ਼ੈਸਲੇ ਨਾਲ ਭਾਰਤ ਦੀ ਧਰਮ-ਨਿਰਪੱਖ ਅਤੇ ਜਮੂਹਰੀ ਮੁਲਕ ਵਾਲੀ ਦਿੱਖ ਨੂੰ ਖੋਰਾ ਲੱਗੇਗਾ।
    ਪਾਕਿਸਤਾਨ ਨੇ ਬਾਬਰੀ ਮਸਜਿਦ ਢਾਹੁਣ ਦੇ ਕੇਸ ’ਚ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰਨ ਦੀ ਨਿਖੇਧੀ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਕਿਹਾ ਕਿ ਇਤਿਹਾਸਕ ਮਸਜਿਦ ਨੂੰ ਢਾਹੁਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸ਼ਰਮਨਾਕ ਢੰਗ ਨਾਲ ਛੱਡ ਦਿੱਤਾ ਗਿਆ। ਊਨ੍ਹਾਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਊਹ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਅਤੇ ਊਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਏ। ਪਾਕਿਸਤਾਨੀ ਮੀਡੀਆ ਨੇ ਵੀ ਫ਼ੈਸਲੇ ਨੂੰ ‘ਵਿਵਾਦਤ’ ਕਰਾਰ ਦਿੱਤਾ ਹੈ। ਊਨ੍ਹਾਂ ਬਾਬਰੀ ਮਸਜਿਦ ਕੇਸ ਦੇ ਫ਼ੈਸਲੇ ਨੂੰ ਢੁੱਕਵੀਂ ਕਵਰੇਜ ਦਿੱਤੀ ਹੈ।

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਨੇ ਭਲਕ ਤੋਂ ਤਿੰਨਾਂ ਤਖ਼ਤਾਂ ਤੋਂ ਕੱਢੇ ਜਾ ਰਹੇ ਕਿਸਾਨ ਮਾਰਚ ਵਿਚ 40 ਹਜ਼ਾਰ ਵਾਹਨਾਂ ਵਿਚ ਲੱਖਾਂ ਲੋਕਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਹੈ। ਅਕਾਲ ਤਖ਼ਤ ਸਾਹਿਬ, ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਤੋਂ ਆਰੰਭ ਹੋਣ ਵਾਲਾ ਇਹ ਮਾਰਚ ਚੰਡੀਗੜ੍ਹ ਪੁੱਜੇਗਾ, ਜਿੱਥੇ ਅਕਾਲੀ ਦਲ ਦੀ ਲੀਡਰਸ਼ਿਪ ਹਾਲ ਹੀ ਵਿਚ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਾ ਇਕ ਮੰਗ ਪੱਤਰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ’ਤੇ ਪੰਜਾਬ ਦੇ ਰਾਜਪਾਲ ਨੂੰ ਸੌਂਪੇਗੀ।
    ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਤੋਂ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਕਰਨਗੇ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਪ੍ਰੇਮ ਸਿੰਘ ਚੰਦੂਮਾਜਰਾ ਕਰਨਗੇ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲਾ ਮਾਰਚ ਵਾਇਆ ਜਲੰਧਰ, ਫਗਵਾੜਾ, ਨਵਾਂਸ਼ਹਿਰ, ਰੋਪੜ, ਕੁਰਾਲੀ ਤੇ ਮੁੱਲਾਂਪੁਰ ਰਾਹੀਂ ਹੁੰਦਾ ਹੋਇਆ ਚੰਡੀਗੜ੍ਹ ਪੁੱਜੇਗਾ। ਤਲਵੰਡੀ ਸਾਬੋ ਤੋਂ ਸ਼ੁਰੂ ਹੋਣ ਵਾਲਾ ਮਾਰਚ ਮੌੜ, ਰਾਮਪੁਰਾ, ਤਪਾ, ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ, ਏਅਰਪੋਰਟ ਲਾਈਟ ਤੇ ਜ਼ੀਰਕਪੁਰ ਤੋਂ ਹੁੰਦਾ ਹੋਇਆ ਚੰਡੀਗੜ੍ਹ ਪੁੱਜੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਮਾਰਚ ਰੋਪੜ ਬਾਈਪਾਸ ’ਤੇ ਅਕਾਲੀ ਦਲ ਪ੍ਰਧਾਨ ਦੀ ਅਗਵਾਈ ਹੇਠ ਆ ਰਹੇ ਮਾਰਚ ਵਿਚ ਰਲ ਜਾਵੇਗਾ। ਡਾ. ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਤਲਵੰਡੀ ਸਾਬੋ ਤੋਂ ਮਾਰਚ ਸਵੇਰੇ 8.00 ਵਜੇ ਜਦੋਂਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸਵੇਰੇ 10.00 ਵਜੇ ਸ਼ੁਰੂ ਹੋਵੇਗਾ।

    ਚੰਡੀਗੜ੍ਹ - ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਖ਼ਿਲਾਫ਼ ਬੁੱਧੀਜੀਵੀਆਂ, ਵਕੀਲਾਂ, ਵਿਦਿਆਰਥੀ ਜਥੇਬੰਦੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ-17 ਵਿੱਚ ਮੋਮਬੱਤੀ ਮਾਰਚ ਕੀਤਾ। ਇਸ ਮੌਕੇ ਬੁੱਧੀਜੀਵੀਆਂ ਨੇ ਯੂਪੀ ਵਿੱਚ ਹੋਈ ਘਿਨੌਣੀ ਘਟਨਾ ਦੀ ਨਿੰਦਾ ਕਰਦਿਆਂ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਪੀੜਤਾ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
    ਇਸ ਮੌਕੇ ਪ੍ਰੋਫੈਸਰ ਮਨਜੀਤ ਸਿੰਘ, ਡਾ. ਪਿਆਰੇ ਲਾਲ ਗਰਗ, ਐਡਵੋਕੇਟ ਰਾਜੀਵ ਗੋਦਾਰਾ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਪ੍ਰੋ. ਸੁਖਦੇਵ ਸਿੰਘ ਸਿਰਸਾ, ਕਾਮਰੇਡ ਇੰਦਰਜੀਤ ਸਿੰਘ, ਵਿਦਿਆਰਥੀ ਆਗੂ ਕਨੂ ਪ੍ਰਿਆ, ਅਮਨ ਅਤੇ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਫੈਸਰ ਮਨਜੀਤ ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਯੂਪੀ ਪੁਲੀਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪੁਲੀਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕਰੇ ਤੇ ਕਾਨੂੰਨ ਦੇ ਘੇਰੇ ਵਿਚ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸੂਬੇ ਵਿੱਚ ਅਪਰਾਧਕ ਗਤੀਵਿਧੀਆਂ ’ਤੇ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਜਦਕਿ ਇਸ ਦੇ ਉਲਟ ਯੂਪੀ ਵਿੱਚ ਅਪਰਾਧਕ ਗਤੀਵਿਧੀਆਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਯੋਗੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
    ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਿੰਦੂਵਾਦੀ ਨੀਤੀਆਂ ਕਾਰਨ ਅਦਾਲਤਾਂ ਦਾ ਸਤਿਕਾਰ ਪਹਿਲਾਂ ਦੀ ਖ਼ਤਮ ਹੋ ਚੁੱਕਾ ਹੈ ਜਦਕਿ ਹੁਣ ਦੇਸ਼ ਵਿੱਚੋਂ ਕਾਨੂੰਨ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਪੀੜਤਾ ਦਾ ਕਾਹਲੀ ’ਚ ‘ਜਬਰੀ ਸਸਕਾਰ’ ਕੀਤੇ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਾਥਰਸ ਵਿੱਚ ਹੋਈ ਘਟਨਾ ਦੀ ਫਾਸਟ ਟਰੈਕ ਅਦਾਲਤ ਵਿੱਚ ਸੁਣਵਾਈ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਵਿਦਿਆਰਥੀ ਆਗੂ ਅਮਨ ਨੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਨਿਰਭਯਾ ਨਾਲ ਹੋਏ ਜਬਰ-ਜਨਾਹ ਅਤੇ ਹੁਣ ਹਾਥਰਸ ਵਿੱਚ ਹੋਈ ਘਟਨਾ ਤੋਂ ਸਾਬਿਤ ਹੋ ਗਿਆ ਹੈ ਕਿ ਭਾਰਤ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਅਮਨ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿਰੋਧੀ ਫ਼ੈਸਲੇ ਲੈਣ ਦੀ ਥਾਂ ਅਪਰਾਧਕ ਗਤੀਵਿਧੀਆਂ ’ਤੇ ਨੱਥ ਪਾਉਣ ਅਤੇ ਦੇਸ਼ ਨੂੰ ਵਿਕਾਸ ਦੀ ਰਾਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਚੰਡੀਗੜ੍ਹ ਅਤੇ ਹੋਰਨਾਂ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਦੇਸ਼ ਭਰ ਵਿੱਚ ਮੋਮਬੱਤੀ ਮਾਰਚ ਕੀਤੇ ਗਏ।

    ਅੰਮ੍ਰਿਤਸਰ - ਮਹਾਮਾਰੀ ਦਾ ਅਸਰ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ’ਤੇ ਵੀ ਪਿਆ ਹੈ। ਸਿੱਖ ਸੰਸਥਾ ਦਾ ਵਿੱਤੀ ਵਰ੍ਹੇ 2020-2021 ਲਈ ਲਗਭਗ 9 ਅਰਬ 81 ਕਰੋੜ 94 ਲੱਖ 80,500 ਰੁਪਏ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ। ਇਸ ਵਿਚ ਪਿਛਲੇ ਵਰ੍ਹੇ ਨਾਲੋਂ 18.51 ਫ਼ੀਸਦ ਕਟੌਤੀ ਕੀਤੀ ਗਈ ਹੈ। ਪਿਛਲੇ ਵਰ੍ਹੇ ਲਗਭਗ 12 ਅਰਬ 5 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਕਮੇਟੀ ਦੇ ਜਨਰਲ ਇਜਲਾਸ ਵਿਚ ਸੇਵਾ ਸਿੰਘ ਸੇਖਵਾਂ, ਕਰਨੈਲ ਸਿੰਘ ਪੰਜੌਲੀ, ਬੀਬੀ ਕਿਰਨਜੋਤ ਕੌਰ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਸੰਬੋਧਨ ਕਰਨ ਤੋਂ ਰੋਕਣ ਉਤੇ ਇਸ ਦੌਰਾਨ ਰੌਲਾ-ਰੱਪਾ ਵੀ ਪਿਆ। ਇਨ੍ਹਾਂ ਮੈਂਬਰਾਂ ਨੇ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਸਾਲਾਨਾ ਬਜਟ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਨਰਲ ਬੋਰਡ ਫੰਡ ਲਈ 57 ਕਰੋੜ ਰੁਪਏ, ਟਰੱਸਟ ਫੰਡ ਲਈ 37 ਕਰੋੜ 61 ਲੱਖ, ਵਿਦਿਆ ਫੰਡ ਲਈ 28 ਕਰੋੜ 44 ਲੱਖ, ਧਰਮ ਪ੍ਰਚਾਰ ਕਮੇਟੀ ਲਈ 58 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2 ਅਰਬ 15 ਕਰੋੜ ਰੁਪਏ, ਸੈਕਸ਼ਨ 85 ਦੇ ਗੁਰਦੁਆਰਿਆਂ ਲਈ 5 ਅਰਬ 77 ਕਰੋੜ ਰੁਪਏ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਾਸਤੇ 87 ਲੱਖ 80,500 ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਵਿਚ ਆ ਰਹੀਆਂ ਸ਼ਤਾਬਦੀਆਂ ਵਾਸਤੇ 3 ਕਰੋੜ 45 ਲੱਖ 70 ਹਜ਼ਾਰ ਰੁਪਏ ਰੱਖੇ ਗਏ ਹਨ। ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼ਤਾਬਦੀਆਂ, ਅੰਮ੍ਰਿਤਧਾਰੀ ਬੱਚਿਆਂ, ਕੁਦਰਤੀ ਆਫ਼ਤਾਂ, ਵਾਤਾਵਰਨ ਦੀ ਸ਼ੁੱਧਤਾ, ਕੁਦਰਤੀ ਖੇਤੀ ਅਤੇ ਵਿਦਿਅਕ ਅਦਾਰਿਆਂ ਨੂੰ ਵਧੇਰੇ ਪ੍ਰਫੁੱਲਤ ਕਰਨ ਸਣੇ ਕਈ ਹੋਰ ਭਲਾਈ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸ੍ਰੀ ਧਾਮੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਸ਼ਰਧਾਲੂਆਂ ਦੀ ਆਮਦ ਘਟ ਗਈ ਹੈ, ਜਿਸ ਦਾ ਅਸਰ ਗੋਲਕ ’ਤੇ ਹੋਇਆ ਹੈ। ਇਸ ਕਾਰਨ ਕਈ ਤਰ੍ਹਾਂ ਦੀ ਕਟੌਤੀ ਵੀ ਕੀਤੀ ਗਈ ਹੈ। ਸ੍ਰੀ ਲੌਂਗੋਵਾਲ ਨੇ ਵਿਛੜੇ ਆਗੂਆਂ ਲਈ ਸ਼ੋਕ ਮਤਿਆਂ ਤੋਂ ਇਲਾਵਾ 11 ਮਤੇ ਪੜ੍ਹੇ, ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿਚੋਂ ਬਾਹਰ ਕੀਤੇ ਜਾਣ ਦਾ ਨਿੰਦਾ ਮਤਾ ਪਾਸ ਕਰਦਿਆਂ ਭਾਰਤ ਸਰਕਾਰ ਕੋਲੋਂ ਭਾਸ਼ਾ ਬਿੱਲ ਵਿਚ ਪੰਜਾਬੀ ਨੂੰ ਮੁੜ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਚੰਡੀਗੜ੍ਹ ਵਿਚ ਵੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ’ਤੇ ਚਿੰਤਾ ਪ੍ਰਗਟ ਕਰਦਿਆਂ ਉਪਰਾਲੇ ਕਰਨ ਦੀ ਮੰਗ ਕੀਤੀ ਗਈ ਹੈ। ਕਮੇਟੀ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਹੈ। ਇਸ ਮੌਕੇ ਪਾਕਿਸਤਾਨ ਵਿਚ ਗੁਰਦੁਆਰਿਆਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਦੀ ਸਖ਼ਤ ਨਿੰਦਾ ਕਰਦਿਆਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਅਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਕਮੇਟੀ ਮੈਂਬਰਾਂ ਦਾ ਸਾਲਾਨਾ ਅਖ਼ਤਿਆਰੀ ਫੰਡ ਜੋ ਬੰਦ ਕਰ ਦਿੱਤਾ ਗਿਆ ਸੀ, ਨੂੰ ਮੁੜ ਸ਼ੁਰੂ ਕਰਦਿਆਂ ਦੋ ਲੱਖ ਰੁਪਏ ਪ੍ਰਤੀ ਮੈਂਬਰ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

    ਫ਼ਰੀਦਕੋਟ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ’ਚ ਅੱਜ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ, ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ, ਕਾਰੋਬਾਰੀ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਮੁਲਜ਼ਮ ਵਜੋਂ ਨਾਮਜ਼ਦ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ 14 ਅਕਤੂਬਰ 2015 ਸਵੇਰੇ ਬਹਿਬਲ ਕਲਾਂ ਵਿੱਚ ਗਿਆ ਸੀ ਤੇ ਜਿੱਥੇ ਸਿੱਖ ਸੰਗਤਾਂ ਬੇਅਦਬੀ ਖ਼ਿਲਾਫ਼ ਸ਼ਾਂਤਮਈ ਧਰਨੇ ’ਤੇ ਬੈਠੀਆਂ ਸਨ। ਪੜਤਾਲ ਰਿਪੋਰਟ ਅਨੁਸਾਰ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਕਥਿਤ ਤੌਰ ’ਤੇ ਕੁਝ ਪੁਲੀਸ ਅਧਿਕਾਰੀਆਂ ਤੇ ਸਿਆਸੀ ਆਗੂਆਂ ਨਾਲ ਸਾਜਬਾਜ ਹੋ ਕੇ ਸ਼ਾਂਤਮਈ ਧਰਨੇ ’ਤੇ ਜਬਰ ਢਾਹੁਣਾ ਸ਼ੁਰੂ ਕਰ ਦਿੱਤਾ। ਇੱਥੇ ਚੱਲੀ ਪੁਲੀਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 32 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਦੋ ਸਿੱਖ ਨੌਜਵਾਨਾਂ ਦੇ ਕਤਲ ਨੂੰ ਕਥਿਤ ਤੌਰ ’ਤੇ ਜਾਇਜ਼ ਠਹਿਰਾਉਣ ਲਈ ਧਰਨਾਕਾਰੀਆਂ ’ਤੇ ਹੀ ਇਰਾਦਾ ਕਤਲ ਤੇ ਪੁਲੀਸ ’ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਦਿੱਤਾ। ਜਾਂਚ ਟੀਮ ਨੇ ਪੜਤਾਲ ’ਚ ਦਾਅਵਾ ਕੀਤਾ ਹੈ ਕਿ ਪੁਲੀਸ ਦੀ ਜਿਪਸੀ ’ਚ ਗੋਲੀਆਂ ਧਰਨਾਕਾਰੀਆਂ ਵੱਲੋਂ ਨਹੀਂ ਮਾਰੀਆਂ ਗਈਆਂ ਸਨ ਬਲਕਿ ਪੁਲੀਸ ਅਧਿਕਾਰੀਆਂ ਨੇ ਖੁਦ ਨੂੰ ਬਚਾਉਣ ਲਈ ਜਿਪਸੀ ਵਿੱਚ ਖੁਦ ਗੋਲੀਆਂ ਮਾਰ ਕੇ ਝੂਠੀ ਗਵਾਹੀ ਤਿਆਰ ਕੀਤੀ। ਥਾਣਾ ਬਾਜਾਖਾਨਾ ਦੇ ਐੱਸਐੱਚਓ ਇਕਬਾਲ ਹੁਸੈਨ ਨੇ ਕਿਹਾ ਕਿ ਪੜਤਾਲ ਦੇ ਆਧਾਰ ’ਤੇ ਥਾਣੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਾਂਚ ਟੀਮ ਦੀ ਇਸ ਕਾਰਵਾਈ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਉਮਰਾਨੰਗਲ ਨੇ ਅਗਾਉਂ ਜ਼ਮਾਨਤ ਲੈਣ ਲਈ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਹਾਲ ਦੀ ਘੜੀ ਗ੍ਰਿਫ਼ਤਾਰ ਨਹੀਂ ਕਰ ਸਕਦੀ ਕਿਉਂਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਇੱਕ ਹਫ਼ਤੇ ਲਈ ਨੋਟਿਸ ਦੇਣਾ ਲਾਜ਼ਮੀ ਹੈ।

    ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟ ਉਮੀਦਵਾਰ ਜੋਅ ਬਾਇਡਨ ਦੀ ਚੋਣ ਮੁਹਿੰਮ ’ਚ ਹੁਣ ਸਿੱਖ ਭਾਈਚਾਰੇ ਨੂੰ ਖਿੱਚਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਇਸ ਰਾਹੀਂ ਘੱਟ ਗਿਣਤੀ ਅਮਰੀਕੀ ਸਿੱਖ ਭਾਈਚਾਰੇ ਅੱਗੇ ਬਣੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਅਹਿਦ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਨੂੰ ਪਛਾਣ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਅਮਰੀਕਾ ਵਿਚ ਕਰਨਾ ਪਿਆ ਹੈ। ਬਾਇਡਨ ਦੇ ਹਮਾਇਤੀਆਂ ਵੱਲੋਂ ‘ਸਿੱਖ ਅਮੈਰੀਕਨ ਫਾਰ ਬਾਇਡਨ’ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਤਵ ਸਕੂਲਾਂ ਵਿਚ ਅਮਰੀਕੀ ਸਿੱਖ ਨੌਜਵਾਨਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਿੱਖਾਂ ਨੂੰ ਕੌਮੀ ਔਸਤ ਨਾਲੋਂ ਦੁੱਗਣੀ ਦਰ ਉਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ 2017 ਤੋਂ ਬਾਅਦ ਅਜਿਹੇ ਮਾਮਲੇ ਵਧੇ ਹਨ। ਬਾਇਡਨ ਦੀ ਟੀਮ ਵੱਲੋਂ ਨਸਲਵਾਦ, ਸਭਿਆਚਾਰਕ ਪੱਖਪਾਤ ਜਿਹੇ ਮੁੱਦਿਆਂ ’ਤੇ ਕੰਮ ਕਰਨ ਦਾ ਭਰੋਸਾ ਸਿੱਖਾਂ ਨੂੰ ਦਿਵਾਇਆ ਜਾ ਰਿਹਾ ਹੈ। ‘ਸਿੱਖ ਅਮੈਰੀਕਨ ਨੈਸ਼ਨਲ ਲੀਡਰਸ਼ਿਪ ਕੌਂਸਲ’ ਦੀ ਮੈਂਬਰ ਤੇ ਉੱਘੀ ਨਾਗਰਿਕ ਹੱਕ ਕਾਰਕੁਨ ਕਿਰਨ ਕੌਰ ਗਿੱਲ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਖਪਾਤ ਤੇ ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਬਲਕਿ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਕੌਂਸਲ ਜੋਅ ਬਾਇਡਨ ਦੀ ਹਮਾਇਤ ਕਰ ਰਹੀ ਹੈ। ਇਕ ਹੋਰ ਕਾਰਕੁਨ ਵੈਲੈਰੀ ਕੌਰ ਨੇ ਕਿਹਾ ਕਿ ਸਿੱਖ ਧਰਮ ਸਨਮਾਨ, ਬਰਾਬਰੀ ਤੇ ਨਿਆਂ ਦੀ ਹਾਮੀ ਭਰਦਾ ਹੈ। ਬਾਇਡਨ ਆਪਣੀ ਚੋਣ ਮੁਹਿੰਮ ਵਿਚ ਇਨ੍ਹਾਂ ਹੀ ਪੱਖਾਂ ਉਤੇ ਧਿਆਨ ਕੇਂਦਰਤ ਕਰ ਰਹੇ ਹਨ। 

    ਚੰਡੀਗੜ੍ਹ - ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਤੋਂ ਪ੍ਰਭਾਵਿਤ 46 ਹੋਰਨਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਿਛਲੇ ਇੱਕ ਦਿਨ ਦੌਰਾਨ 1271 ਵਿਅਕਤੀ ਇਸ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਹਨ। ਇਸੇ ਤਰ੍ਹਾਂ 2033 ਵਿਅਕਤੀ ਇੱਕ ਦਿਨ ’ਚ ਸਿਹਤਯਾਬ ਵੀ ਹੋਏ ਹਨ। ਮੌਤਾਂ ਦੇ ਮਾਮਲੇ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਜਲੰਧਰ ਵਿੱਚ 8, ਮੁਹਾਲੀ ਵਿੱਚ 6, ਹੁਸ਼ਿਆਰਪੁਰ ਤੇ ਲੁਧਿਆਣਾ ਵਿੱਚ 6-6, ਗੁਰਦਾਸਪੁਰ ਵਿੱਚ 5, ਅੰਮ੍ਰਿਤਸਰ ਵਿੱਚ 4, ਕਪੂਰਥਲਾ, ਪਠਾਨਕੋਟ, ਤਰਨਤਾਰਨ ਵਿੱਚ 2-2, ਫਤਿਹਗੜ੍ਹ ਸਾਹਿਬ, ਬਠਿੰਡਾ, ਮਾਨਸਾ ਤੇ ਸੰਗਰੂਰ ਵਿੱਚ 1-1 ਵਿਅਕਤੀ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਵਿੱਚ 180, ਲੁਧਿਆਣਾ ਵਿੱਚ 138, ਮੁਹਾਲੀ ਵਿੱਚ 127, ਜਲੰਧਰ ਵਿੱਚ 101, ਗੁਰਦਾਸਪੁਰ ਵਿੱਚ 88, ਪਠਾਨਕੋਟ ਵਿੱਚ 79, ਪਟਿਆਲਾ ਵਿੱਚ 76, ਹੁਸ਼ਿਆਪੁਰ ਵਿੱਚ 72, ਬਠਿੰਡਾ ਵਿੱਚ 62, ਕਪੂਰਥਲਾ ਵਿੱਚ 49, ਫਰੀਦਕੋਟ 37, ਰੋਪੜ ਵਿੱਚ 36, ਨਵਾਂਸ਼ਹਿਰ ਵਿਚ 33, ਮੋਗਾ ਵਿੱਚ 30, ਸੰਗਰੂਰ ਵਿੱਚ 27, ਫਿਰੋਜ਼ਪੁਰ ਵਿੱਚ 19, ਮਾਨਸਾ ਵਿੱਚ 22, ਬਰਨਾਲਾ, ਤਰਨਤਾਰਨ, ਬਠਿੰਡਾ, ਫਾਜ਼ਿਲਕਾ ਤੇ ਮੁਕਤਸਰ ਵਿੱਚ 18-18, ਫਤਿਹਗੜ੍ਹ ਸਾਹਿਬ 23, ਕੇਸ ਸਾਹਮਣੇ ਆਏ ਹਨ।

    ਅੰਮ੍ਰਿਤਸਰ  - ਆਮ ਆਦਮੀ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਾ ਅਤੇ ਤਖ਼ਤ ਸਾਹਿਬਾਨ ਦੀ ਸਿਆਸੀ ਹਿੱਤਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ। ਇਸ ਸਬੰਧੀ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੁੰਦਾ ਸੀ, ਪਰ ਹੁਣ ਇਹ ਸਿਰਫ਼ ਇਕ ਪਰਿਵਾਰ ਦੀ ਕੰਪਨੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਉਹ ਪਹਿਲਾਂ ਵਕਾਲਤ ਕਰਦੇ ਰਹੇ ਹਨ ਤੇ ਹੁਣ ਜਦੋਂ ਲੋਕਾਂ ਨੇ ਭਾਰੀ ਰੋਸ ਪ੍ਰਗਟਾਇਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਇਸੇ ਲਈ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਭ ਲੈ ਕੇ ਸਿਆਸੀ ਤਾਕਤ ਹਾਸਲ ਕਰਨਾ ਚਾਹੁੰਦੇ ਹਨ। ਇਸ ਸਬੰਧ ਵਿਚ ਇਕ ਅਕਤੂਬਰ ਤੋਂ ਤਿੰਨਾਂ ਤਖ਼ਤਾਂ ਤੋਂ ਆਪਣੀ ਸਿਆਸੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਗੁਰੂ ਘਰ ਸਮੂਹ ਪੰਥ ਅਤੇ ਸੰਗਤ ਦੇ ਸਹਿਯੋਗ ਨਾਲ ਚੱਲਦੇ ਹਨ, ਪਰ ਅਕਾਲੀ ਦਲ ਵੱਲੋਂ ਇਨ੍ਹਾਂ ਪ੍ਰਬੰਧਾਂ ਅਤੇ ਸੋਮਿਆਂ ਦੀ ਨਿੱਜੀ ਸਿਆਸਤ ਵਾਸਤੇ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਗੁਰਮਰਿਆਦਾ ਖ਼ਿਲਾਫ਼ ਹੈ। ਉਨ੍ਹਾਂ ਮੰਗ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਦੀ ਨਿੱਜੀ ਹਿੱਤਾਂ ਲਈ ਵਰਤੋਂ ਕਰਨ ’ਤੇ ਰੋਕ ਲਾਈ ਜਾਵੇ।

    ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ੩੨੮ ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ੧੬ ਦੋਸ਼ੀਆਂ ਉੱਤੇ ਪਰਚਾ ਦਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਲਾਇਆ ਮੋਰਚਾ ੧੫ਵੇਂ ਦਿਨ ਵੀ ਜਾਰੀ ਰਿਹਾ। ਅੱਜ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਮੌਕੇ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ ਝਬਾਲ, ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਲਖਬੀਰ ਸਿੰਘ ਮਹਾਲਮ, ਭਾਈ ਤਰਲੋਚਨ ਸਿੰਘ ਸੋਹਲ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ, ਦਲ ਪੰਥ ਅਰਬਾਂ ਖਰਬਾਂ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨਿਹੰਗ, ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਨਰੈਣ ਸਿੰਘ ਨਿਹੰਗ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ ਅਤੇ ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਮੁਖੀ ਭਾਈ ਪ੍ਰਦੀਪ ਸਿੰਘ ਇਆਲੀ ਅਤੇ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਜਬਰਦਸਤ ਵਿਰੋਧ ਕੀਤਾ। ਨੌਜਵਾਨਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ ਜਿਨ੍ਹਾਂ ਉੱਤੇ ਲਿਖਿਆਂ ਸੀ ਕਿ "ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਸ਼ਰਮ ਕਰੋ, ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ੍ਹ ਵੀ ਮੋਏ, ੩੨੮ ਸਰੂਪ ਲਾਪਤਾ ਕਰਨ ਵਾਲੇ ੧੬ ਦੋਸ਼ੀ ਅਧਿਕਾਰੀਆਂ ਉੱਤੇ ਪਰਚਾ ਦਰਜ ਕਰੋ, ਕਿੱਥੇ ਹਨ ੩੨੮ ਪਾਵਨ ਸਰੂਪ, ਸ਼੍ਰੋਮਣੀ ਕਮੇਟੀ ਗਲਤ ਹੱਥਾਂ ਵਿੱਚ ਆਦਿ। ਦੋਹਾਂ ਧਿਰਾਂ ਵਿੱਚ ਟਕਰਾਅ ਵਾਲੀ ਸਥਿਤੀ ਨਾ ਬਣੇ ਇਸ ਕਰਕੇ ਦਫ਼ਤਰ ਦੇ ਅੰਦਰ-ਬਾਹਰ ਭਾਰੀ ਪੁਲਿਸ ਫ਼ੋਰਸ ਤਾਇਨਾਤ ਸੀ। ਸ਼੍ਰੋਮਣੀ ਕਮੇਟੀ ਨੇ ਟਾਸਕ ਫ਼ੋਰਸ ਵੀ ਵੱਡੀ ਗਿਣਤੀ ਵਿੱਚ ਲਾਈ ਹੋਈ ਸੀ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਸਤੀਫ਼ਾ ਦੇਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਹਲੂਣਿਆ ਕਿ ਦੋਸ਼ੀਆਂ 'ਤੇ ਪਰਚਾ ਦਰਜ ਕਰਵਾਉਣ ਲਈ ਇਜਲਾਸ 'ਚ ਆਵਾਜ਼ ਬੁਲੰਦ ਕਰੋ ਜਿਸ ਮਗਰੋਂ ੧੫ ਕਮੇਟੀ ਮੈਂਬਰਾਂ ਨੇ ਮੋਰਚੇ ਦਾ ਸਮਰਥਨ ਕੀਤਾ ਅਤੇ ਕਈ ਇਜਲਾਸ ਦਾ ਬਾਈਕਾਟ ਕਰਕੇ ਬਾਹਰ ਆ ਗਏ। ਸਾਰਾ ਦਿਨ ਮਾਹੌਲ ਤਣਾਅ-ਪੂਰਨ ਬਣਿਆ ਰਿਹਾ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਤਕ ਦੋਸ਼ੀਆਂ ਉੱਤੇ ਪਰਚੇ ਨਹੀਂ ਦਰਜ ਹੁੰਦੇ, ਇਹ ਮੋਰਚਾ ਜਾਰੀ ਰਹੇਗਾ। ਇਸ ਮੌਕੇ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ, ਗਿਆਨੀ ਦਿਲਬਾਗ ਸਿੰਘ ਵਲਟੋਹਾ ਝਾੜ ਸਾਹਿਬ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਜਗਜੀਤ ਸਿੰਘ ਖੋਸਾ, ਬਾਬਾ ਸ਼ਿੰਦਰ ਸਿੰਘ ਸਭਰਾਵਾਂ, ਢਾਡੀ ਫ਼ੌਜਾ ਸਿੰਘ ਸਾਗਰ, ਭਾਈ ਬਲਦੇਵ ਸਿੰਘ, ਭਾਈ ਮਲਕੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com