ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਪਿਹੋਵਾ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਪੀਸੀ) ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਰੋਜ਼ਾਨਾ ਵਧ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ’ਤੇ ਹੁਣ ਸਿੱਖ ਜਥੇਬੰਦੀਆਂ ਚੁੱਪ ਨਹੀਂ ਰਹਿਣਗੀਆਂ। ਧਾਰਮਿਕ ਮਾਮਲਿਆਂ ਵਿੱਚ ਸਿਆਸੀ ਦਖ਼ਲਅੰਦਜ਼ੀ ਕਾਰਨ ਅਜਿਹੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜੇਕਰ ਸਮੇਂ ਰਹਿੰਦੇ ਰਾਜਨੀਤੀ ਨੇ ਧਰਮ ਵਿੱਚ ਦਖ਼ਲ ਬੰਦ ਨਹੀਂ ਕੀਤਾ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ।
    ਜਥੇਦਾਰ ਦਾਦੂਵਾਲ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿੱਚ ਸਵਾਗਤ ਸਮਾਗਮ ਦੌਰਾਨ ਕਿਹਾ ਕਿ ਪਿਛਲੀ ਕਮੇਟੀ ਨੇ ਸਿਰਫ਼ ਅਹੁਦੇ ਭਰਨ ਦਾ ਕੰਮ ਕੀਤਾ ਸੀ ਜਦਕਿ ਜ਼ਮੀਨੀ ਪੱਧਰ ’ਤੇ ਗੁਰੂ ਘਰਾਂ ਨੂੰ ਚਲਾਉਣ ਲਈ ਕੋਈ ਕੰਮ ਨਹੀਂ ਕੀਤਾ ਗਿਆ।
    ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇੱਕ ਸਾਲ ਦੇ ਅੰਦਰ ਸਾਰੇ ਗੁਰਦੁਆਰਿਆਂ ਅੰਦਰ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਨੂੰ ਪੂਰਾ ਕੀਤਾ ਜਾਵੇ। ਇਸ ਤਹਿਤ ਕਮੇਟੀ ਦੇ ਅਧੀਨ ਆਉਣ ਵਾਲੇ ਗੁਰਦੁਆਰਿਆਂ ਵਿੱਚ ਸੀਸੀਟੀਵੀ ਕੈਮਰੇ ਅਤੇ ਵਾਈ-ਫਾਈ ਲਾਏ ਜਾਣਗੇ, ਜਿਸ ਨਾਲ ਬੇਅਦਬੀ ਜਿਹੀ ਘਟਨਾਵਾਂ ’ਤੇ ਰੋਕ ਲਾਈ ਜਾ ਸਕੇਗੀ।
    ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਣਾ ਇੱਕ ਵੱਡੀ ਲਾਪ੍ਰਵਾਹੀ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਅਤੇ ਇਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਐੱਸਜੀਪੀਸੀ ਪ੍ਰਧਾਨ ਦੇ ਘਰ ਦੇ ਬਾਹਰ ਧਰਨਾ ਲਾ ਕੇ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ’ਤੇ ਪੰਜਾਬ ਤੋਂ ਹਰਿਆਣੇ ਵਿੱਚ ਆ ਕੇ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹਨ, ਉਹ ਇਸ ਗੱਲੋਂ ਅਣਜਾਣ ਹਨ ਕਿ ਉਨ੍ਹਾਂ ਦੀ ਕਰਮ ਭੂਮੀ ਸਿਰਸਾ ਹੈ ਅਤੇ ਉਹ ਦੋ ਦਹਾਕਿਆਂ ਤੋਂ ਸਿਰਸਾ ਵਿੱਚ ਸੇਵਾ ਕਰ ਰਹੇ ਹਨ ਤੇ ਅੱਗੇ ਵੀ ਇਥੇ ਹੀ ਸੇਵਾ ਨਿਭਾਉਂਦੇ ਰਹਿਣਗੇ।
    ਇਸ ਮੌਕੇ ਕੁਲਵੰਤ ਸਿੰਘ, ਸੁਖਦੇਵ ਸਿੰਘ ਵਿਰਕ, ਸ਼ੇਰ ਸਿੰਘ, ਗਿਆਨੀ ਤੇਜ਼ਪਾਲ ਸਿੰਘ, ਗਿਆਨੀ ਵਰਿਆਮ ਸਿੰਘ, ਪ੍ਰੀਤਮ ਸਿੰਘ ਮੱਲੀ, ਡਾ. ਜਸਵਿੰਦਰ ਸਿੰਘ, ਹਰਦੇਵ ਸਿੰਘ ਰਾਖੜਾ, ਕ੍ਰਿਪਾਲ ਸਿੰਘ ਬੇਦੀ ਆਦਿ ਮੌਜੂਦ ਸਨ।

    ਐੱਸਏਐੱਸ ਨਗਰ - ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਆਖਰਕਾਰ ਸੋਮਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮਟੌਰ ਥਾਣੇ ਵਿੱਚ ਪਹੁੰਚ ਗਏ। ਮੁਹਾਲੀ ਪੁਲੀਸ ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀਂ ਦੂਜਾ ਨੋਟਿਸ ਜਾਰੀ ਕੀਤਾ ਗਿਆ ਸੀ। ਸਾਬਕਾ ਡੀਜੀਪੀ ਅੱਜ ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਪਹੁੰਚੇ। ਉਹ ਸਿੱਧਾ ਥਾਣਾ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਕੁਰਸੀ ’ਤੇ ਬੈਠ ਗਏ।
    ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ’ਚੋਂ ਆਰਜ਼ੀ ਜ਼ਮਾਨਤ ਮਿਲਣ ਦੇ ਬਾਵਜੂਦ ਸਾਬਕਾ ਡੀਜੀਪੀ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਾਲਾ ਵਟਦੇ ਆ ਰਹੇ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਣ ਸਮੇਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ।

    ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟਿਸ਼ ਪਾਰਲੀਆਂਮੈਂਟ ਅੰਦਰ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਹਿੰਦੁਸਤਾਨ ਅੰਦਰ ਕਿਸਾਨ ਵਿਰੋਧੀ ਪਾਸ ਕੀਤੇ ਗਏ ਤਿੰਨ ਬਿਲਾਂ ਖਿਲਾਫ ਸਖਤ ਨੌਟਿਸ ਲੈਦੇਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਇਨ੍ਹਾਂ ਬਿਲਾਂ ਨੂੰ ਸੰਸਦ ਅੰਦਰ ਪਾਰਿਤ ਕਰਣ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਕੋਲੋਂ ਸਲਾਹ ਕਰਨੀ ਚਾਹੀਦੀ ਸੀ ਨਾ ਕਿ ਅਪਨੀ ਮਨਮਰਜੀ ਕਰਦਿਆਂ ਜਿਹੜਾ ਮਰਜੀ ਬਿਲ ਧੱਕੇ ਨਾਲ ਪੇਸ਼ ਕਰਕੇ ਪਾਰਿਤ ਕਰਨਾ । ਉਨ੍ਹਾਂ ਟੇਲੀਫੌਨ ਤੇ ਗਲਬਾਤ ਕਰਦਿਆਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਇਸ ਬਿਲ ਅੰਦਰ ਐਮਐਸਪੀ ਨਾਲ ਕੋਈ ਛੇੜਛਾੜ ਨਹੀ ਹੈ ਪਰ ਜਾਰੀ ਕੀਤੇ ਗਏ ਬਿਲ ਅੰਦਰ ਐਮਐਸਪੀ ਬਾਰੇ ਕੋਈ ਵੀ ਜਿਕਰ ਨਹੀ ਹੈ ।
    ਉਨ੍ਹਾਂ ਕਿਹਾ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪਰ ਉੱਥੇ ਕਿਸਾਨਾਂ ਦੇ ਹਾਲਾਤ ਠੀਕ ਨਹੀ ਹਨ, ਕਰਜੇ ਹੇਠ ਆ ਕੇ ਉਹ ਖੁਦਕੁਸ਼ੀਆਂ ਕਰ ਰਹੇ ਹਨ । ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਚੰਗੀ ਫਸਲ ਲਈ ਕਿਸਾਨਾਂ ਨੂੰ ਵਧੀਆ ਬੀਜ ਅਤੇ ਹੋਰ ਸਮਾਨ ਦੇਣ ਲਈ ਰਾਜ ਸਰਕਾਰਾਂ ਨਾਲ ਸਹਿਯੋਗ ਕਰੇ । ਜਦੋਂ ਕਿਸਾਨ ਚੰਗੀ ਫਸਲ ਦੀ ਪੈਦਾਵਰ ਕਰੇਗਾ ਤਦ ਹੀ ਦੇਸ਼ ਅੰਦਰ ਫੈਲੀ ਹਈ ਭੁਖਮਰੀ ਤੇ ਕਾਬੂ ਪਾਇਆ ਜਾ ਸਕਦਾ ਹੈ । ਪਰ ਸਰਕਾਰ ਤਾਂ ਉਨ੍ਹਾਂ ਦੇ ਉਲਟ ਚਲ ਰਹੀ ਹੈ ਪੈਦਾਵਰ ਕਿਸਾਨ ਕਰੇ ਤੇ ਉਸਦੀ ਕਮਾਈ ਵੱਡੇ ਸਰਮਾਏਦਾਰ ਕਰਨ ਇਹ ਕਿੱਥੋਂ ਦਾ ਇੰਸਾਫ ਹੈ..? ਇਸ ਮਾਮਲੇ ਅੰਦਰ ਕਿਸਾਨ ਜੋ ਵਿਰੋਧ ਕਰ ਰਹੇ ਹਨ ਇਹ ਉਨ੍ਹਾਂ ਦਾ ਹਕ ਬਣਦਾ ਹੈ ਕਿ ਕਿਸਾਨੀ ਕਿੱਤੇ ਖਿਲਾਫ ਹੋ ਰਹੇ ਧੱਕੇ ਲਈ ਉਹ ਅਪਣੀ ਅਵਾਜ ਚੁੱਕਣ । ਉਨ੍ਹਾਂ ਸਲਾਹ ਦਿੱਤੀ ਕਿ ਪੁਰੇ ਦੇਸ਼ ਦੇ ਕਿਸਾਨਾਂ ਨੂੰ ਇਕ ਚੰਗੀ ਲੀਡਰਸ਼ਿਪ ਅਧੀਨ ਇਕ ਜੱਥੇਬੰਦੀ ਕਾਇਮ ਕਰਕੇ ਇਸ ਮਸਲੇ ਨੂੰ ਵੱਡੇ ਪੱਧਰ ਤੇ ਚੁੱਕ ਕੇ ਇਸ ਕਿਸਾਨ ਵਿਰੋਧੀ ਬਿੱਲ ਨੂੰ ਵਾਪਿਸ ਕਰਵਾਉਣ ਲਈ ਰਣਨੀਤੀ ਉਲੀਕੀ ਜਾਏ । ਉਨ੍ਹਾਂ ਕਿਹਾ ਕਿ ਇਸ ਮਾਮਲੇ ਅੰਦਰ ਅਸੀ ਕਿਸਾਨਾਂ ਦੇ ਨਾਲ ਹਾਂ ਤੇ ਉਨ੍ਹਾਂ ਖਿਲਾਫ ਹੋ ਰਹੇ ਧੱਕੇ ਖਿਲਾਫ ਜੋ ਮਦਦ ਹੋਵੇਗੀ ਅਸੀ ਕਰਾਗੇਂ ।
    ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਅਤੇ ਐਨਡੀਏ ਨਾਲ ਅਕਾਲੀ ਦਲ ਦੇ ਤੋੜ ਵਿਛੋੜੇ ਬਾਰੇ ਕਿਹਾ ਕਿ ਇਸ ਬਾਰੇ ਹਾਲੇ ਕੂਝ ਵੀ ਕਹਿਣਾ ਠੀਕ ਨਹੀ ਆਣ ਵਾਲਾ ਸਮਾਂ ਹੀ ਦਸੇਗਾ ਕਿ ਇਹ ਫੈਸਲਾ ਕਿਸਾਨਾਂ ਦੇ ਹੱਕ ਵਿਚ ਲਿਆ ਗਿਆ ਹੈ ਜਾਂ ਅਪਣੀ ਗਿਰ ਰਹੀ ਸਾਖ ਨੂੰ ਬਚਾਉਣ ਲਈ ਮਜਬੂਰੀ ਵਿਚ ਲਿਆ ਗਿਆ ਹੈ ।
    ਜਿਕਰਯੋਗ ਹੈ ਕਿ ਨਵਾਂ ਬਿੱਲ ਛੋਟੇ ਕਿਸਾਨਾਂ ਦੀ ਲੁਟ ਖਸੁਟ ਦਾ ਮੌਕਾ ਦਿੰਦਾਂ ਹੈ । ਕਿਸਾਨ ਮੰਡੀ ਅੰਦਰ ਜਾਂ ਆਢਤੀ ਨੂੰ ਹੀ ਅਪਣੀ ਫਸਲ ਵੇਚ ਕੇ ਸੁੱਖ ਦਾ ਸਾਹ ਲੈਦਾਂ ਹੈ । ਹੁਣ ਇਹ ਨਿਯਮ ਲਾਗੂ ਹੋਣ ਤੇ ਹਰ ਜਗ੍ਹਾ ਤੇ ਸਰਮਾਏਦਾਰਾਂ ਦਾ ਕਬਜਾ ਹੋ ਜਾਏਗਾ ਜਿਸ ਅੰਦਰ ਛੋਟਾ ਕਿਸਾਨ ਮਾਰਿਆ ਜਾ ਸਕਦਾ ਹੈ ਕਿਉਕਿਂ ਦੇਸ਼ ਵਿੱਚ 86.21 ਪ੍ਰਤੀਸ਼ਤ ਕਿਸਾਨਾਂ ਕੋਲ 5 ਏਕੜ ਤੋਂ ਵੀ ਘੱਟ ਖੇਤੀ ਦੀ ਜਗ੍ਹਾ ਹੈ, ਕੀ ਅਜਿਹਾ ਕਿਸਾਨ ਕਾਰਪੋਰੇਟ ਠੇਕੇ ਦੇ ਵਿਰੁੱਧ ਅਦਾਲਤੀ ਮੁਕੱਦਮਾ ਲੜ ਸਕਦਾ ਹੈ.? ਜਿਹੜਾ ਕਿਸਾਨ ਪੇਟ ਭਰਨ ਲਈ ਲੜ ਰਿਹਾ ਹੈ, ਫਸਲਾਂ ਦੇ ਮੁੱਲ ਲਈ ਲੜ ਰਿਹਾ ਹੈ, ਕੀ ਉਹ ਵਕੀਲ ਦੀ ਫੀਸ ਵੀ ਅਦਾ ਕਰ ਸਕਦਾ ਹੈ?
    ਗੁਜਰਾਤ ਦੀ ਮਿਸਾਲ ਦਾ ਇਕ ਹਵਾਲਾ ਦੇਖੋ ਕਿ ਕਿਸ ਤਰ੍ਹਾਂ ਮੌਜੂਦਾ ਹਲਾਤਾਂ ਵਿੱਚ ਠੇਕੇਦਾਰੀ ਖੇਤੀ ਇੱਕ ਹਥਿਆਰ ਬਣ ਗਈ ਹੈ ਜਿਸ ਨਾਲ ਕਿਸਾਨਾਂ ਦੀ ਲੁੱਟ-ਖਸੁੱਟ ਅਤੇ ਲੁੱਟ ਨੂੰ ਹਵਾ ਦਿੱਤੀ ਜਾ ਸਕਦੀ ਹੈ। ਗੁਜਰਾਤ ਵਿੱਚ, ਪੈਪਸੀਕੋ ਕੰਪਨੀ ਨੇ ਕਈ ਕਿਸਾਨਾਂ ਉਪਰ ਅਪਣੇ ਚਿਪਸ (ਲੇਅਸ) ਵਿੱਚ ਲਗਣ ਵਾਲੇ ਆਲੂ ਉਗਾਉਣ ਵਿਰੁੱਧ ਮੁਕੱਦਮਾ ਕੀਤਾ ਹੋਇਆ ਹੈ ਅਤੇ ਠੇਕਿਆਂ ਵਿੱਚ ਬੱਝੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਫਸਾਇਆ ਜਾਵੇਗਾ । ਦੇਸ਼ ਦੇ ਪ੍ਰਧਾਨ ਮੰਤਰੀ ਖ਼ੁਦ ਉਨ੍ਹਾਂ ਕਿਸਾਨਾਂ ਦੀ ਰੱਖਿਆ ਨਹੀਂ ਕਰ ਸਕਦੇ । ਸੋਚਣ ਵਾਲੀ ਗਲ ਹੈ ਕਿ ਪੂਰੇ ਦੇਸ਼ ਵਿੱਚ 1 ਏਕੜ ਅਤੇ 2 ਏਕੜ ਰਕਬੇ ਵਾਲੇ ਇੱਕ ਕਿਸਾਨ ਨਾਲ ਅਜਿਹਾ ਹੀ ਵਾਪਰਦਾ ਹੈ, ਤਾਂ ਸਰਕਾਰ ਉਸਨੂੰ ਕਿਹੜੀ ਸੁਰੱਖਿਆ ਦੇਵੇਗੀ..?

    -ਗੁਰਤੇਜ ਸਿੰਘ
    ਸੰਤ ਭਿੰਡਰਾਂਵਾਲਿਆਂ ਅਤੇ ਲੋਂਗੋਵਾਲ ਵਲੋਂ ਮੈਨੂੰ ਧਰਮ ਯੁੱਧ ਮੋਰਚੇ ਦੇ ਸੰਚਾਲਨ ਵਿਚ ਮਦਦ ਕਰਨ ਲਈ ਰਾਜੀ ਕਰਨ ਤੋਂ ਛੇਤੀ ਬਾਅਦ ਮੈਂ ਇਹਨਾਂ ਦੋਵਾਂ ਆਗੂਆਂ ਨੂੰ ਉਹਨਾਂ ਦੀਆਂ ਮੰਗਾਂ ਦੇ ਵੱਖ-ਵੱਖ ਪੱਖਾਂ ਤੋਂ ਵਾਕਫ ਰੱਖਣ ਲਈ ਇਕ ਵਿਉਂਤ ਬਣਾਈ। ਮੈਂ ਚੰਡੀਗੜ੍ਹ ਵਿਖੇ ਆਪਣੀਆਂ ਸੇਵਾ ਮੁਕਤ ਅਤੇ ਵਿਦਵਾਨ ਸ਼ਖਸੀਅਤਾਂ ਨੂੰ, ਇਕ ਸਮੂਹ ਵਿਚ ਇਕੱਠਾ ਹੋਣ ਲਈ ਬੇਨਤੀ ਕੀਤੀ, ਤਾਂ ਜੋ ਇਹਨਾਂ ਮਸਲਿਆਂ ਨੂੰ ਚੰਗੀ ਤਰ੍ਹਾਂ ਛਾਣਿਆ ਜਾ ਸਕੇ। ਮੈਂ ਇਸ ਸਮੂਹ ਵਿਚ ਹੋਏ ਵਿਚਾਰ-ਵਟਾਂਦਰੇ ਦਾ ਨਤੀਜਾ ਦੋਹਾਂ ਸੰਤਾਂ ਦੇ ਸਾਹਮਣੇ ਰੱਖਿਆ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸੀ ਕਿ ਮੋਰਚੇ ਨੂੰ ਚਲਾਉਣ ਲਈ ਇਹਨਾਂ ਵਿਦਵਾਨਾਂ ਦੇ ਸਰੋਕਾਰਾਂ ਬਾਰੇ ਦੋਵੇਂ ਸੰਤ ਜਾਣ ਲੈਣ। ਇਸ ਸਮੂਹ ਨੇ ਜਲਦੀ ਹੀ ‘ਸਿੱਖ ਸਿਟੀਜ਼ਨ ਕੌਂਸਲ’ ਦੇ ਨਾਂ ਹੇਠ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿਚ ਜਿਹੜਾ ਮੁੱਦਾ ਇਸ ਸਮੂਹ ਵਲੋਂ ਚੁੱਕਿਆ ਗਿਆ, ਉਹ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਸੀ।

    ਪਟਿਆਲਾ - ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦੀ ਹੀ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨਾਲੋਂ ਵੀ ਨਾਤਾ ਤੋੜਣ ਦਾ ਸੰਕੇਤ ਅੱਜ ਇੱਥੇ ਬਹਾਦਰ ਵਿਖੇ ਦਲ ਦੀ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੇ। ਇਹ ਮੀਟਿੰਗ 1 ਅਕਤੂਬਰ ਨੂੰ ਰੱਖੇ ਗਏ ਕਿਸਾਨ ਮਾਰਚ ਦੀ ਤਿਆਰੀ ਨੂੰ ਲੈ ਕੇ ਰੱਖੀ ਗਈ ਸੀ। ਸ੍ਰੀ ਬਾਦਲ ਨੇ ਮੋਦੀ ਸਰਕਾਰ ਦੀ ਤਿੱਖੇ ਸ਼ਬਦਾਂ ’ਚ ਆਲੋਚਨਾ ਦੌਰਾਨ ਅਸਿੱਧੇ ਤੌਰ ’ਤੇ ਕਿਹਾ ਕਿ ਐੱਨਡੀਏ ਨੇ ਖੇਤੀ ਬਿੱਲਾਂ ਦੇ ਮਾਮਲੇ ’ਚ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨਾਲ ਅਗਾਊਂ ਰਜ਼ਾਮੰਦੀ ਨਹੀਂ ਲਈ ਗਈ ਹੈ। ਉਨ੍ਹਾਂ ਆਖਿਆ ਕਿ ਅਜਿਹੇ ਸਮੀਕਰਨਾਂ ਮਗਰੋਂ ਹੁਣ ਅਕਾਲੀ ਦਲ ਦੀ ਦਿੱਲੀ ਸਰਕਾਰ ਨਾਲ ਸਿੱਧੀ ਲੜਾਈ ਸ਼ੁਰੂ ਹੋ ਗਈ ਹੈ। ਪਹਿਲਾਂ ਮੰਚ ਤੋਂ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਹੁਣ ਕੇਂਦਰ ਸਰਕਾਰ ਨਾਲ ਅਕਾਲੀ ਦਲ ਦੀ ਸਿੱਧੀ ਆਰ-ਪਾਰ ਦੀ ਲੜਾਈ ਹੋ ਗਈ ਹੈ। ਮੰਚ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਦਲ ਨੂੰ ਹੁਣ ਐੱਨਡੀਏ ਗੱਠਜੋੜ ਨਾਲੋਂ ਵੀ ਨਾਤਾ ਤੋੜ ਲੈਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਦਰਬਾਰਾ ਸਿੰਘ ਗੁਰੂ', ਬੀਬੀ ਵਨਿੰਦਰ ਕੌਰ ਲੂੰਬਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸੁਖਬੀਰ ਸਿੰਘ ਖੱਟੜਾ, ਹਰਪਾਲ ਜੁਨੇਜਾ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ ਤੇ ਹੋਰ ਸ਼ਾਮਲ ਸਨ।

    ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਐਨ.ਡੀ.ਏ. ਛੱਡਣ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਾਦਲਾਂ ਲਈ ਰਾਜਸੀ ਮਜਬੂਰੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ, ਜਿਨ•ਾਂ ਕੋਲ ਖੇਤੀਬਾੜੀ ਬਿੱਲਾਂ ਉਤੇ ਭਾਜਪਾ ਵੱਲੋਂ ਦੋਸ਼ ਮੜੇ ਜਾਣ ਤੋਂ ਬਾਅਦ ਐਨ.ਡੀ.ਏ. ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ।
    ਆਪਣੇ ਪਹਿਲਾਂ ਵਾਲੇ ਬਿਆਨ ਵੱਲ ਧਿਆਨ ਦਿਵਾਉਂਦਿਆਂ, ਜਿਸ ਵਿੱਚ ਉਨ•ਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਐਨ.ਡੀ.ਏ. ਹੁਣ ਅਕਾਲੀਆਂ ਨੂੰ ਮੱਖਣ ਵਿੱਚੋਂ ਵਾਲ ਵਾਂਗ ਕੱਢ ਦੇਵੇਗੀ ਜੇਕਰ ਉਨ•ਾਂ ਖੁਦ ਹੀ ਇੱਜ਼ਤ ਨਾਲ ਗਠਜੋੜ ਨਾ ਛੱਡਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਵਿੱਚ ਕੋਈ ਵੀ ਨੈਤਿਕਤਾ ਸ਼ਾਮਲ ਨਹੀਂ ਹੈ। ਅਕਾਲੀਆਂ ਸਾਹਮਣੇ ਹੋਰ ਕੋਈ ਰਾਸਤਾ ਨਹੀਂ ਸੀ ਬਚਿਆ।
    ਹੁਣ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹ ਖੇਤੀਬਾੜੀ ਬਿੱਲਾਂ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਸਮਝਦੀ ਹੈ।
    ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਐਨ.ਡੀ.ਏ. ਨਾਲੋਂ ਤੋੜ-ਵਿਛੋੜਾ ਕਰਨ ਦਾ ਅਕਾਲੀ ਦਲ ਫੈਸਲਾ ਉਨ•ਾਂ ਵੱਲੋਂ ਬੋਲੇ ਜਾਂਦੇ ਝੂਠ ਅਤੇ ਬੇਇਮਾਨੀ ਦੀ ਕਹਾਣੀ ਦਾ ਅੰਤ ਹੈ ਜਿਸ ਦਾ ਸਿੱਟਾ ਬਿੱਲਾਂ ਦੇ ਮੁੱਦੇ ਉਤੇ ਉਨ•ਾਂ ਦੇ ਇਕੱਲੇ ਪੈ ਜਾਣ ਦੇ ਰੂਪ ਵਿੱਚ ਸਾਹਮਣੇ ਆਇਆ। ਉਨ•ਾਂ ਅੱਗੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਬਣ ਗਈ ਸੀ ਕਿਉਂ ਜੋ ਉਸ ਨੇ ਮੁੱਢਲੇ ਦੌਰ ਵਿੱਚ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਉਤੇ ਅਸੂਲਾਂ ਭਰਪੂਰ ਸਟੈਂਡ ਨਹੀਂ ਸੀ ਲਿਆ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਕੀਤੇ ਵਿਆਪਕ ਰੋਹ ਕਾਰਨ ਉਸ ਨੇ ਅਚਾਨਕ ਹੀ ਇਸ ਮੁੱਦੇ ਉਤੇ ਯੂ ਟਰਨ ਲੈ ਲਿਆ।
    ਮੁੱਖ ਮੰਤਰੀ ਨੇ ਸਾਫ ਕੀਤਾ ਕਿ ਹੁਣ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਝੂਠ, ਫਰੇਬ ਅਤੇ ਦੋਹਰੇ ਮਾਪਦੰਡਾਂ ਦਾ ਪਾਜ ਉਘੇੜ ਕੇ ਰੱਖ ਦਿੱਤਾ, ਤਾਂ ਅਕਾਲੀਆਂ ਕੋਲ ਐਨ.ਡੀ.ਏ. ਤੋਂ ਬਾਹਰ ਆਉਣ ਦਾ ਹੀ ਇਕੋ-ਇਕ ਰਾਹ ਬਚਿਆ ਸੀ। ਪਰ ਇਸ ਕਦਮ ਨਾਲ ਅਕਾਲੀਆਂ ਨੂੰ ਆਪਣਾ ਨੱਕ ਬਚਾਉਣ ਵਿੱਚ ਮੱਦਦ ਨਹੀਂ ਮਿਲੇਗੀ ਜਿਵੇਂ ਕਿ ਉਨ•ਾਂ ਦੀ ਉਮੀਦ ਸੀ ਕਿਉਂਕਿ ਹੁਣ ਅਕਾਲੀ ਖੁਦ ਨੂੰ ਵੱਡੇ ਸਿਆਸੀ ਤੂਫਾਨ ਵਿੱਚ ਘਿਰਿਆ ਪਾਉਣਗੇ ਅਤੇ ਉਨ•ਾਂ ਕੋਲ ਹੁਣ ਪੰਜਾਬ ਜਾਂ ਕੇਂਦਰ ਵਿੱਚ ਕਿਤੇ ਵੀ ਸਿਆਸੀ ਤੌਰ ਉਤੇ ਖੜ•ਨ ਯੋਗੀ ਥਾਂ ਨਹੀਂ ਬਚੀ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਹੋਰ ਅਕਾਲੀ ਆਗੂਆਂ ਵਿੱਚ ਕੋਈ ਵੀ ਸ਼ਰਮ ਬਚੀ ਹੈ ਤਾਂ ਉਨ•ਾਂ ਨੂੰ ਕੇਂਦਰ ਸਰਕਾਰ ਦੇ ਭਾਈਵਾਲ ਬਣ ਕੇ ਚੁੱਕੇ ਗਏ ਆਪਣੇ ਧੋਖਾਧੜੀ ਭਰਪੂਰ ਕਦਮਾਂ ਨੂੰ ਕਬੂਲ ਕਰ ਕੇ ਕਿਸਾਨਾਂ ਤੋਂ ਇਸ ਦੀ ਮਾਫੀ ਮੰਗਣੀ ਚਾਹੀਦੀ ਹੈ।

    ਬਰਨਾਲਾ - ਕੇਂਦਰੀ ਮੋਦੀ ਸਰਕਾਰ ਵੱਲੋਂ ਪਾਸ ਕਰਵਾਏ ਖੇਤੀ ਤੇ ਬਿਜਲੀ ਕਾਨੂੰਨਾਂ ਦੇ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ 'ਤੇ ਬਠਿੰਡਾ-ਦਿੱਲੀ ਟਰੈਕ ਉਪਰ ਲਗਾਤਾਰ ਤਿੰਨ ਦਿਨਾਂ ਤੋਂ ਡਟੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕੇਂਦਰੀ ਹਾਕਮਾਂ ਨੂੰ ਮੁੜ ਆਉਣ ਦੀ ਲਲਕਾਰ ਮਾਰਦਿਆਂ ਧਰਨਾ ਸਮਾਪਤ ਕੀਤਾ। ਇੱਥੇ ਤੀਸਰੇ ਦਿਨ ਦੇ ਧਰਨੇ ਨੂੰ ਸੰਬੋਧਨ ਕਰਨ ਪੁੱਜੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚਿਰਾਂ ਤੋਂ ਖੇਤੀ ਘਾਟੇਵੰਦ ਧੰਦਾ ਬਣੇ ਹੋਣ ਕਾਰਨ ਕਿਸਾਨੀ ਬੇਹੱਦ ਸੰਕਟ 'ਚ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਮੁੜ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾ, ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਵਿੰਦਰ ਕੌਰ ਬਿਦੂ, ਹਰਪ੍ਰੀਤ ਕੌਰ ਜੇਠੂਕੇ, ਕਮਲਜੀਤ ਕੌਰ, ਚਮਕੌਰ ਨੈਣੇਵਾਲ, ਕਨਵੀਨਰ ਜਰਨੈਲ ਬਦਰਾ, ਭਗਤ ਸਿੰਘ ਛੰਨਾ, ਬੁੱਕਣ ਸਿੰਘ ਸੱਦੋਵਾਲ, ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਦਰਸ਼ਨ ਸਿੰਘ ਭੈਣੀ ਮਹਿਰਾਜ, ਜੱਜ ਸਿੰਘ ਗਹਿਲ, ਸੁਖਦੇਵ ਸਿੰਘ ਭੋਤਨਾ, ਸੰਦੀਪ ਸਿੰਘ ਚੀਮਾ, ਮਲਕੀਤ ਸਿੰਘ ਹੇੜੀਕੇ ਨੇ ਵੀ ਸੰਬੋਧਨ ਕੀਤਾ।

    ਨਵੀਂ ਦਿੱਲੀ - ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ 1991 ਦੇ ਮੁਲਤਾਨੀ ਮਾਮਲੇ ਵਿੱਚ ਦਰਜ ਐੱਫਆਈਆਰ ਰੱਦ ਕਰਨ ਲਈ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ। ਉਸ ਦੀ ਕੇਸ ਰੱਦ ਕਰਨ ਬਾਰੇ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਸੈਣੀ ਦੀ ਪਟੀਸ਼ਨ ’ਤੇ ਸੁਣਵਾਈ ਲਈ ਪਹਿਲੀ ਅਕਤੂਬਰ ਦਾ ਦਿਨ ਤੈਅ ਕੀਤਾ ਹੈ।

     

    ਫ਼ਤਹਿਗੜ ਸਾਹਿਬ - ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋ ਚੁੱਕੇ 328 ਸਰੂਪਾਂ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਦੇ ਨਾਲ ਨਜਿੱਠਣ ਲਈ ਠੋਸ ਰਣਨੀਤੀ ਬਣਾਉਣ ਲਈ ਅੱਜ ਇੱਕ ਮੀਟਿੰਗ ਜਥਾ ਰੰਧਾਵਾ ਦੇ ਮੁੱਖ ਸਥਾਨ ’ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਇਸ ਲੜਾਈ ਨੂੰ ਤਕੜੇ ਹੋ ਕੇ ਲੜਨ ਲਈ ਵਿਚਾਰ-ਵਟਾਦਰਾਂ ਕੀਤਾ ਗਿਆ। ਇਸ ਤੋਂ ਇਲਾਵਾ 28 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਸਾਲਾਨਾ ਮੀਟਿੰਗ ਦੇ ਵਿਚ ਸ਼ਮੂਲੀਅਤ ਕਰਨ ਦੇ ਸਬੰਧ ਵਿਚ ਚਰਚਾ ਕੀਤੀ ਗਈ। ਪਿਛਲੇ 3 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਵਿਚ ਵਿਰੋਧੀ ਧਿਰ ਦਾ ਰੋਲ ਨਿਭਾਅ ਰਹੇ ਦਰਜਨ ਦੇ ਕਰੀਬ ਮੈਂਬਰਾਂ ਦੇ ਨਾਲ ਬਾਦਲ ਦਲ ਨੂੰ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਨਾਲ ਤੁਰੇ ਮੈਂਬਰਾਂ ਨੂੰ ਮਿਲ ਕੇ ਇਹ ਪਹਿਲੀ ਸਾਂਝੀ ਮੀਟਿੰਗ ਸੀ, ਜਿਸ ਵਿਚ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਮੈਂਬਰਾਂ ਦੀ ਬਣੀ ਇਹ ਇਕਸੁਰਤਾ ਬਾਦਲ ਦਲ ਲਈ ਆਉਣ ਵਾਲੇ ਦਿਨਾਂ ’ਚ ਸਿਰਦਰਦ ਬਣੇਗੀ। ਮੀਟਿੰਗ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਪਹਿਲੀ ਮੀਟਿੰਗ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਹਿਲਾ ਤੋਂ ਹੀ ਸਰਗਰਮ ਭੂਮਿਕਾ ਨਿਭਾਅ ਰਹੇ ਸੁਖਦੇਵ ਸਿੰਘ ਭੌਰ, ਅਮਰੀਕ ਸਿੰਘ ਸ਼ਾਹਪੁਰ, ਜਗਜੀਤ ਸਿੰਘ ਖਾਲਸਾ ਰਾਮਪੁਰਾ ਫੂਲ, ਸੁਰਜੀਤ ਸਿੰਘ ਆਦਿ ਪਿਛਲੇ ਲੰਮੇ ਸਮੇਂ ਤੋਂ ਡਟੇ ਹੋਏ ਹਨ ਅਤੇ ਹੁਣ ਇਸ ਵਿਚ ਵੱਡਾ ਵਾਧਾ ਹੋਇਆ ਹੈ ਤੇ ਜਦੋਂ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਜੁੜੇ ਹਨ ਤਾਂ ਇਸ ਧਿਰ ਨੂੰ ਸ਼੍ਰੋਮਣੀ ਕਮੇਟੀ ’ਚ ਹੋਰ ਤਾਕਤ ਮਿਲੀ ਹੈ। ਇਸ ਮੌਕੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ, ਜਸਵੰਤ ਸਿੰਘ ਪੁੜੈਲ, ਮਲਕੀਤ ਸਿੰਘ ਚੰਗਾਲ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਹੁਸੈਨਪੁਰੀ, ਮਿੱਠੂ ਸਿੰਘ, ਸਰਬੰਸ ਸਿੰਘ ਮਾਣਕੀ, ਜੈ ਪਾਲ ਸਿੰਘ ਮੰਡੀਆ ਤੇ ਹਰਦੇਵ ਸਿੰਘ ਹਾਜ਼ਰ ਸਨ।

    ਟੱਲੇਵਾਲ(ਬਰਨਾਲਾ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਪੰਜਾਬ ਬੰਦ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਬਰਨਾਲਾ ਵਿੱਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਅਤੇ ਵਪਾਰੀ ਵਰਗ ਵੱਲੋਂ ਮਿਲ ਕੇ ਬਰਨਾਲਾ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਦੁਕਾਨਦਾਰਾਂ, ਵਪਾਰੀਆਂ ਅਤੇ ਆੜ੍ਹਤੀਆਂ ਵੱਲੋਂ ਵੀ ਇਸ ਬੰਦ ਦਾ ਸਮਰਥਨ ਕਰਕੇ ਆਪਣੇ ਕਾਰੋਬਾਰ ਬੰਦ ਰੱਖੇ ਗਏ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅਤੇ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਅੱਜ ਸਫਲ ਹੋਇਆ ਹੈ। ਅੱਜ ਵਿੱਚ ਅੱਜ ਬਰਨਾਲਾ ਸ਼ਹਿਰ ਮੁਕੰਮਲ ਬੰਦ ਹੋਣ ਦੇ ਨਾਲ ਨਾਲ ਬਰਨਾਲਾ ਤੋਂ ਮੋਗਾ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਮਾਨਸਾ ਸਾਰੇ ਮਾਰਗ ਧਰਨਾ ਲਗਾ ਕੇ ਜਾਮ ਕੀਤੇ ਗਏ ਹਨ। ਕਿਸਾਨਾਂ ਦਾ ਸੰਘਰਸ਼ ਪੰਜਾਬ ਬੰਦ ਤੱਕ ਹੀ ਨਹੀਂ ਰੁਕੇਗਾ। ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿੱਲੀ ਵੱਲ ਵੀ ਕੂਚ ਕਰ ਸਕਦੇ ਹਨ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com